Thursday, May 21, 2026
Home Blog Page 2231

ਮੁੱਖ ਮੰਤਰੀ ਨੇ ਬੰਬਈ ਸਟਾਕ ਐਕਸਚੇਂਜ ਦਾ ਕੀਤਾ ਦੌਰਾ, ਨਿਵੇਸ਼ ਲਈ ਪੰਜਾਬ ਨੂੰ ਸਭ ਤੋਂ ਪਸੰਦੀਦਾ ਸੂਬੇ ਵਜੋਂ ਦਰਸਾਇਆ

ਸਟਾਕ ਐਕਸਚੇਂਜ ਵਿੱਚ ਮਾਰਕੀਟ ਖੁੱਲ੍ਹਣ ਦਾ ਸੰਕੇਤ ਘੰਟੀ ਵਜਾਉਣ ਦੀ ਰਸਮ ਨਿਭਾਈ
ਉੱਦਮੀਆਂ ਨੂੰ ਵਿਕਾਸ ਲਈ ਸਨਅਤ ਪੱਖੀ ਮਾਹੌਲ ਦਾ ਲਾਹਾ ਲੈਣ ਦੀ ਕੀਤੀ ਅਪੀਲ
ਪੰਜਾਬੀ ਖ਼ਬਰਸਾਰ ਬਿਉਰੋ
ਮੁੰਬਈ, 24 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ.ਐਸ.ਈ.) ਦਾ ਦੌਰਾ ਕੀਤਾ ਅਤੇ ਸੂਬੇ ਨੂੰ ਦੇਸ਼ ਭਰ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਦਰਸਾਇਆ।ਮੁੱਖ ਮੰਤਰੀ ਨੇ ਅੱਜ ਇੱਥੇ ਬੀ.ਐਸ.ਈ. ਵਿਖੇ ਘੰਟੀ ਵਜਾਉਣ (ਮਾਰਕੀਟ ਖੁੱਲ੍ਹਣ ਦਾ ਸੰਕੇਤ) ਦੀ ਰਸਮ ਅਦਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਨੂੰ ਕਾਰੋਬਾਰ ਲਈ ਅਥਾਹ ਮੌਕਿਆਂ ਦੀ ਧਰਤੀ ਵਜੋਂ ਦਰਸਾਇਆ ਅਤੇ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਤੇਜ਼ੀ ਨਾਲ ਉੱਭਰ ਰਹੇ ਪੰਜਾਬ ਵਿੱਚ ਨਿਵੇਸ਼ ਕਰਨ ਨਾਲ ਉੱਦਮੀਆਂ ਨੂੰ ਵਡੇਰਾ ਲਾਭ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸੰਪੂਰਨ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਹੈ, ਜੋ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਖ਼ੁਸ਼ਹਾਲੀ ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ।ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਆਪਣੇ ਕਾਰੋਬਾਰ ਨੂੰ ਫੈਲਾਉਣ ਲਈ ਵਧੀਆ ਬੁਨਿਆਦੀ ਢਾਂਚੇ, ਢੁਕਵੀਂ ਬਿਜਲੀ ਸਪਲਾਈ, ਹੁਨਰਮੰਦ ਮਨੁੱਖੀ ਵਸੀਲਿਆਂ ਅਤੇ ਬਿਹਤਰੀਨ ਉਦਯੋਗਿਕ ਤੇ ਕੰਮਕਾਜੀ ਸੱਭਿਆਚਾਰ ਨਾਲ ਭਰਪੂਰ ਅਨੁਕੂਲ ਮਾਹੌਲ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਸਨਅਤਕਾਰਾਂ ਦਾ ਪੰਜਾਬ ਵਿੱਚ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਨਵੀਆਂ ਖੋਜਾਂ ਲਈ ਹਮੇਸ਼ਾ ਤਿਆਰ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਦਾ ਉਦਯੋਗਿਕ ਧੁਰਾ ਬਣ ਕੇ ਉਭਰੇਗਾ।ਅਗਲੇ ਮਹੀਨੇ ਐਸ.ਏ.ਐਸ.ਨਗਰ ਵਿਖੇ ਹੋਣ ਵਾਲੇ ਪੰਜਾਬ ਨਿਵੇਸ਼ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸਨਅਤਕਾਰਾਂ ਨੂੰ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 23-24 ਫਰਵਰੀ ਨੂੰ ਹੋਣ ਵਾਲਾ ਇਹ ਸੰਮੇਲਨ ਮੀਲ ਦਾ ਪੱਥਰ ਸਾਬਤ ਹੋਵੇਗਾ, ਜਿਹੜਾ ਸੂਬੇ ਦੇ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਵੱਡ-ਆਕਾਰੀ ਸਮਾਗਮ ਦੇ ਪ੍ਰਬੰਧਾਂ ਨੂੰ ਪਹਿਲਾਂ ਹੀ ਅੰਤਿਮ ਰੂਪ ਦੇ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਸਨਅਤੀਕਰਨ ਨੂੰ ਹੁਲਾਰਾ ਦੇਣ ਦਾ ਮੁੱਖ ਮੰਤਵ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹ ਕੇ ਪੜ੍ਹੀ-ਲਿਖੀ ਜਵਾਨੀ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਰੋਕਣਾ ਹੈ।ਇਸ ਮੌਕੇ ਬੀਐਸਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰਮਨ ਆਰ ਨੇ ਮੁੱਖ ਮੰਤਰੀ ਦੀ ਸਨਮਾਨ ਕੀਤਾ।

ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਡੀਸੀ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਯਾਦ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ : ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਅਧਿਆਪਕਾਂ ਦੀਆਂ ਵਿੱਤੀ ਅਤੇ ਭਖਦੀਆਂ ਮੰਗਾਂ ਦੇ ਲਈ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਦਿੱਤੇ ਜਾਣ ਵਾਲੇ ਮੰਗ ਪੱਤਰ ਦੇ ਪ੍ਰੋਗਰਾਮ ਤਹਿਤ ਅੱਜ ਡੀ.ਟੀ. ਐੱਫ ਬਠਿੰਡਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਪੁੱਜੇ ਅਧਿਆਪਕਾਂ ਨੇ ਆਮ ਆਦਮੀ ਦੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਮਿੰਨੀ ਸਕੱਤਰੇਤ ਵਿਖੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੰਗਾਂ ਦਾ ਜਲਦ ਤੋਂ ਜਲਦ ਹੱਲ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ , ਸਕੱਤਰ ਜਸਵਿੰਦਰ ਸਿੰਘ , ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਅਤੇ ਮੀਤ ਪ੍ਰਧਾਨ ਵਿਕਾਸ ਗਰਗ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਭਾਂਵੇ ਆਪਣੇ ਆਪ ਨੂੰ ਲੋਕਾਂ ਦੀ ਸਰਕਾਰ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਅਧਿਆਪਕਾਂ ਦੀਆਂ ਮੰਗਾਂ ਪਿਛਲੀ ਸਰਕਾਰ ਸਮੇਂ ਤੋਂ ਓਸੇ ਤਰ੍ਹਾਂ ਖੜੀਆਂ ਹਨ। ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ ਵਿੱਚ ਮੰਤਰੀਆਂ ਵੱਲੋਂ ਮੰਗਾਂ ਦੇ ਹੱਲ ਕਰਨ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਵਫ਼ਾ ਨਹੀ ਕੀਤੇ ਜਾਂਦੇ । ਇਸ ਸਮੇਂ ਜਿਲ੍ਹਾ ਮੀਤ ਪ੍ਰਧਾਨ ਵਿਕਾਸ ਗਰਗ, ਪ੍ਰੈਸ ਸਕੱਤਰ ਗੁਰਪ੍ਰੀਤ ਖੇਮੂਆਣਾ, ਵਿੱਤ ਸਕੱਤਰ ਅਨਿਲ ਭੱਟ ਅਤੇ ਜ਼ਿਲ੍ਹਾ ਜੱਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਲੰਗੜਾ ਪੇਅ ਕਮਿਸ਼ਨ ਮੁਲਾਜ਼ਮਾਂ ਉੱਪਰ ਥੋਪ ਕੇ ਜਿੱਥੇ ਅਧਿਆਪਕਾਂ ਸਮੇਤ ਸਮੁੱਚੇ ਮੁਲਾਜ਼ਮਾਂ ਨੂੰ ਵਿੱਤੀ ਨੁਕਸਾਨ ਕੀਤਾ ਹੈ ਉੱਥੇ ਪੇਂਡੂ ਭੱਤੇ ਸਮੇਤ 37 ਪ੍ਰਕਾਰ ਦੇ ਮਿਲਦੇ ਹੋਰ ਭੱਤੇ ਕੱਟ ਕੇ ਮੁਲਾਜ਼ਮਾਂ ਦੀ ਪਿੱਠ ਵਿੱਚ ਛੁਰਾ ਮਾਰਿਆ । ਓਹਨਾ ਕਿਹਾ ਇਹਨਾਂ ਮੰਗਾਂ ਤੋਂ ਬਿਨਾ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਉਪਰ ਨਵੀਂ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਨ ਲਾਗੂ ਕਰਨਾ, 119%ਡੀ. ਏ.ਦਾ ਬਕਾਇਆ ਜਾਰੀ ਕਰਨ , ਹਰ ਤਰਾਂ ਦੇ ਕੱਚੇ ਅਧਿਆਪਕਾਂ , ਸਮੇਤ ਕੰਪਿਊਟਰ ਅਧਿਆਪਕਾਂ ਅਤੇ ਐੱਨ ਐੱਸ ਕਿਊ ਐੱਫ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ਼ ਕਰਦੇ ਹੋਏ ਪੱਕੇ ਕਰਨ,ਪਰਖ ਕਾਲ ਦਾ ਸਮਾਂ 3 ਸਾਲ ਤੋਂ ਘਟਾਕੇ 2 ਸਾਲ ਕਰਨ,180 ਈ. ਟੀ. ਟੀ. ਅਧਿਆਪਕਾਂ ’ਤੇ ਕੇਂਦਰੀ ਪੇਅ ਸਕੇਲ ਦਾ ਫੈਸਲਾ ਵਾਪਿਸ ਲੈਣ , ਨਵੀਂ ਸਿੱਖਿਆ ਨੀਤੀ 2020 ਜੋ ਰੁਜਗਾਰ ਦਾ ਉਜਾੜਾ ਕਰਦੀ ਹੈ ਅਤੇ ਸਕੂਲਾਂ ਨੂੰ ਮਰਜ ਕਰਕੇ ਕਾਰਪੋਰੇਟ ਘਰਾਣਿਆਂ ਲਈ ਲੁੱਟ ਦਾ ਰਾਹ ਖੋਲ੍ਹਦੀ ਹੈ ਨੂੰ ਰੱਦ ਕਰਵਾਉਣ, O4L ਡਿਗਰੀਆਂ ਵਾਲੇ ਅਧਿਆਪਕਾਂ ਨੂੰ ਰੈਗੂਲਰ ਕਰਨ,ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਕਰਕੇ ਪੀ.ਟੀ.ਆਈ.ਅਤੇ ਡੀ.ਪੀ.ਈ., ਅਤੇ ਫਿਜੀਕਲ ਲੈਕਚਰਾਰ ਭਰਤੀ ਕਰਨ,ਬੀ.ਪੀ.ਈ.ਓ ਦਫ਼ਤਰਾਂ ਚ ਲਾਏ ਪੀ.ਟੀ.ਆਈ ਅਧਿਆਪਕਾਂ ਨੂੰ ਸਕੂਲ ਚ ਭੇਜਣ ਅਤੇ ਪੀ.ਟੀ.ਆਈ. ਦੇ ਲੈਫ਼ਟ ਆਉਟ ਪ੍ਰਮੋਸ਼ਨਾਂ ਕੀਤੀਆਂ ਜਾਣ ,ਆਨ ਲਾਈਨ ਸਿੱਖਿਆ ਪ੍ਰਣਾਲੀ ਤਹਿਤ ਟੈਸਟ ਲੈਣੇ ਬੰਦ ਕਰਨ, ਖ਼ਾਨ ਅਕੈਡਮੀ ਇੰਗਲਿਸ਼ ਬੂਸਟਰ ਕਲੱਬ, ਰੀਡ ਟੂ ਮੀ ਐਪਬੰਦ ਕਰਨ , ਜਿਲ੍ਹਾ ਪ੍ਰੀਸ਼ਦ ਅਧਿਆਪਕਾਂ ਦੀਆਂ ਪੇਅ ਅਨਾਮਲੀ ਦੂਰ ਕਰਕੇ ਤਨਖਾਹ ਵਿਚ ਸੋਧ ਕਰਨ , ਠੇਕਾ ਅਧਾਰਤ ਅਧਿਆਪਕਾਂ ਨੂੰ ਠੇਕਾ ਕਾਲ ਦੌਰਾਨ ਸੇਵਾ ਬਦਲੇ ਬਣਦੀਆਂ ਛੁੱਟੀਆਂ ਦੇ ਲਾਭ ਦੇਣ ਜਿਹੀਆਂ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਜਿਨਾਂ ਨੂੰ ਪੰਜਾਬ ਸਰਕਾਰ ਲਗਾਤਾਰ ਟਾਲ ਮਟੋਲ ਜਰੀਏ ਠੰਡੇ ਬਸਤੇ ਵਿਚ ਪਾ ਰਹੀ ਹੈ। ਸਿੱਖਿਆ ਮੰਤਰੀ ਸਮੇਤ ਉੱਚ ਅਧਿਕਾਰੀਆਂ ਨਾਲ ਸਮੇਂ ਸਮੇਂ ਤੇ ਜਥੇਬੰਦੀ ਦੀਆਂ ਹੋਈਆਂ ਮੀਟਿੰਗਾਂ ਵਿੱਚ ਉਕਤ ਮੰਗਾਂ ਲਗਾਤਾਰ ਉਠਾਈਆਂ ਗਈਆਂ ਹਨ ਪਰ ਸਰਕਾਰ ਵੱਲੋਂ ਇਹਨਾਂ ਮੰਗਾਂ ਪ੍ਰਤਿ ਮੂੰਹ ਬੰਦ ਕੀਤਾ ਹੋਇਆ ਹੈ। ਅੱਜ ਪੂਰੇ ਪੰਜਾਬ ਵਿਚ ਇਹਨਾਂ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਨੂੰ ਡੀ. ਸੀ. ਰਾਹੀਂ ਯਾਦ ਪੱਤਰ ਭੇਜੇ ਜਾ ਰਹੇ ਜੇਕਰ ਇਹਨਾਂ ਮੰਗਾਂ ਦਾ ਸਰਕਾਰ ਵੱਲੋਂ ਨਿਪਟਾਰਾ ਜਲਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦੇ ਖਿਲਾਫ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ।ਆਗੂਆਂ ਨੇ ਕਿਹਾ ਕਿਹਾ ਕਿ ਅੱਜ ਦੇ ਪ੍ਰੋਗਰਾਮ ਅਗਲੇ ਦਿਨਾਂ ਦੇ ਸੰਘਰਸ਼ ਦੀਆਂ ਤਿਆਰੀਆਂ ਵਜੋਂ ਹਨ।ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਭੁਪਿੰਦਰ ਮਾਈਸਰਖਾਨਾ, ਰਜਿੰਦਰ ਕੌਰ , ਅਮਰਿੰਦਰ ਭਾਈਰੂਪਾ, ਅਸਵਨੀ ਕੁਮਾਰ ਭੁੱਚੋ, ਭੋਲਾ ਰਾਮ ਤਲਵੰਡੀ , ਨਵਚਰਨਪ੍ਰੀਤ ਅਤੇ ਬਲਜਿੰਦਰ ਕੌਰ ਨੇ ਵੀ ਸੰਬੋਧਨ ਕੀਤਾ।

ਸ਼੍ਰੀ ਸਤਿਗੁਰੂ ਰਵਿਦਾਸ ਨਗਰ ਕੀਰਤਨ ਕਮੇਟੀ ਦੀ ਮੀਟਿੰਗ ਹੋਈ

0

ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ : ਸਥਾਨਕ ਟੀਚਰਜ਼ ਹੋਮ ਵਿਖੇ ਜਸਵੀਰ ਸਿੰਘ ਮਹਿਰਾਜ ਦੀ ਪ੍ਰਧਾਨਗੀ ਹੇਠ ਸ਼੍ਰੀ ਸਤਿਗੁਰੂ ਰਵਿਦਾਸ ਨਗਰ ਕੀਰਤਨ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਰਵਿਦਾਸ ਸਮਾਜ ਨਾਲ ਜੁੜੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਆਗੂਆਂ ਸਮੇਤ ਪਤਵੰਤੇ ਸੱਜਣ ਸ਼ਾਮਿਲ ਹੋਏ। ਮੀਟਿੰਗ ਦੌਰਾਨ ਸੰਤ ਮਾਰਗ ਦਰਸ਼ਕ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 4 ਫਰਵਰੀ ਨੂੰ ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧ ਵਿਚ ਸਮਾਜ ਦੇ ਵੱਖ ਵੱਖ ਇਲਾਕਿਆਂ ਦੇ ਬੁੱਧੀਜੀਵੀਆਂ ਨੂੰ ਸ਼ਾਮਲ ਕਰਕੇ ਵਰਕਿੰਗ ਕਮੇਟੀ ਬਣਾਈ ਗਈ। ਜਿਸਦੇ ਤਹਿਤ ਸਰਬਸੰਮਤੀ ਨਾਲ ਜਸਵੀਰ ਸਿੰਘ ਮਹਿਰਾਜ ਨੂੰ ਮੁੱਖ ਕਨਵੀਨਰ ਨਿਯੁਕਤ ਕੀਤਾ ਗਿਆ, ਇਸ ਤੋਂ ਇਲਾਵਾ ਸ੍ਰੀ ਗੋਰੀ ਸ਼ੰਕਰ, ਸ੍ਰੀ ਦੇਸਰਾਜ ਛੱਤਰੀਵਾਲਾ, ਸ੍ਰੀ ਨੰਦ ਲਾਲ ਸਰੋਆ, ਹਰਪਾਲ ਪਾਲਾ, ਓਮਪ੍ਰਕਾਸ਼ ਡਡੀਆ ਨੂੰ ਕਨਵੀਨਰ ਅਤੇ ਲਛਮਣ ਸਿੰਘ ਮਲੂਕਾ, ਪਰਦੀਪ ਸੋਨੂੰ, ਪਵਨ ਕੁਮਾਰ ਸਰਵਾਲ, ਤਾਰਾ ਚੰਦ ਖਾੜਿਆ, ਬਲਬੀਰ ਸਿੰਘ ਮੰਡੀਕਲਾਂ, ਨੰਦ ਲਾਲ ਨਰੇਸ਼ ਕੁਮਾਰ ਨਿੱਕਾ ਆਦਿ ਸਹਾਇਕ ਕਨਵੀਨਰ ਹੋਣਗੇ। ਮੀਟਿੰਗ ਦੌਰਾਨ ਕਾਰਜਕਾਰੀ ਸੀਨੀਅਰ ਮੈਂਬਰਾਂ ਵਿੱਚ ਮਦਨ ਮੋਹਨ ਗੋਠਵਾਲ, ਦੁਲੀਚੰਦ ਕਿਲਾਨੀਆ ਸ਼ਾਮਲ ਹਨ। ਬਿੰਦਰ ਸਿੰਘ ਬੜਬੜ , ਮੋਹਿਤ ਕੁਮਾਰ ਕ੍ਰਿਸ਼ਨ ਕੁਮਾਰ, ਰਾਜ ਕੁਮਾਰ ਰਾਜੂ, ਗੌਰਵ ਕੁਮਾਰ ਅਬਦੁਲ, ਰਾਜਨ, ਧਨੁਸ਼, ਸੰਜੇਦਾਸ, ਰਾਜੀਵ ਕੁਮਾਰ, ਪਵਨ ਕੁਮਾਰ ਢੋਸੀਵਾਲ, ਦੀਪਕ ਕੁਮਾਰ, ਲਲਿਤ ਸੂਰਜ ਸੰਦੀਪ ਕੁਮਾਰ ਜਤਿੰਦਰ ਜੀਤੂ, ਧਰਮ ਵੀਰ ਆਦਿ ਸ਼ਾਮਲ ਸਨ।

ਮੁੱਖ ਮੰਤਰੀ ਨੂੰ ਮਿਲਣ ਲਈ ਡੀਸੀ ਨੂੰ ਦਿੱਤਾ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ : 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਬਠਿੰਡਾ ਆ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਆਪਣੀਆ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਣ ਲਈ ਇਜਾਜ਼ਤ ਦੇਣ ਲਈ ਅੱਜ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਪੰਜਾਬ ਵੱਲੋ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸੌਕਤ ਅਹਿਮਦ ਪਰੇ ਨੂੰ ਪੱਤਰ ਸੌਂਪਿਆ ਗਿਆ। ਇਸ ਮੌਕੇ ਯੂਨੀਅਨ ਪੰਜਾਬ ਦੇ ਵਾਇਸ ਪ੍ਰਧਾਨ ਸੁਰਿੰਦਰ ਸਿੰਘ ਫਾਜ਼ਿਲਕਾ, ਜਿੱਲਾ ਪ੍ਰਧਾਨ ਬੇਅੰਤ ਸਿੰਘ ਤੇ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿੱਚ ਨਿਗੂਣੇ ਮਾਣ ਭੱਤੇ ਉੱਪਰ ਪਿੰਡਾ ਵਿੱਚ ਪਾਣੀ ਦੀ ਸਪਲਾਈ ਦੀ ਦਰੁਸਤੀ ਲਈ ਅਤੇ ਪਿੰਡਾਂ ਨੂੰ ਖੁਲੇ ਵਿੱਚ ਛੌਚ ਮੁਕਤੀ ਲਈ ਕੰਮ ਕਰ ਕਰ ਰਹੇ ਅਤੇ ।ਇਸ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋ ਕੁਝ ਮਾਸਟਰ ਮੋਟੀਵੇਟਰਾਂ ਅਤੇ ਮੋਟੀਵੇਟਰਾਂ ਨੂੰ ਕੰਮ ਨਹੀ ਦਿੱਤਾ ਜਾ ਰਿਹਾ ।ਜਿਸ ਕਰਕੇ ਉਹ ਆਪਣੀ ਪੱਕੀ ਤਨਖਾਹ ਲਈ ਅਤੇ ਛਾਂਟੀ ਵਿਰੁੱਧ ਸਰਕਾਰ ਤੱਕ ਆਪਣੀਆ ਮੰਗਾ ਪਹੁੰਚਾਉਣ ਲਈ ਸ਼ਾਂਤਮਈ ਸਘੰਰਸ ਕਰ ਰਹੇ ਹਨ।

ਕਿਸਾਨ ਮਹਾਂਪੰਚਾਇਤ ਦੀਆਂ ਤਿਆਰੀਆਂ ਮੁਕੰਮਲ: ਸਿੰਗਾਰਾ ਸਿੰਘ ਮਾਨ

ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ : 26 ਜਨਵਰੀ ਨੂੰ ਜੀਂਦ (ਹਰਿਆਣਾ)ਵਿਖੇ ਹੋ ਰਹੀ ਕਿਸਾਨ ਮਹਾਂਪੰਚਾਇਤ ਵਿੱਚ ਪਹੁੰਚਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਸੰਬੰਧੀ ਪ੍ਰਧਾਨ ਬਿਆਨ ਜਾਰੀ ਕਰਦਿਆ ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਅਤੇ ਪ੍ਰਧਾਨ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਰੀਬ 200 ਪਿੰਡਾਂ ਵਿਚ ਮੋਟਰਸਾਈਕਲ ਮਾਰਚ, ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ।ਔਰਤ ਆਗੂਆਂ ਵੱਲੋਂ ਔਰਤਾਂ ਦੀਆਂ ਵੱਖਰੀਆਂ ਮੀਟਿੰਗਾਂ ਕਰਵਾਈਆਂ ਜਾ ਚੁੱਕੀਆਂ ਹਨ ।ਪਿੰਡਾਂ ਵੱਲੋਂ ਵੱਡੀਆਂ ਬੱਸਾਂ, ਛੋਟੀਆਂ ਬੱਸਾਂ ਅਤੇ ਛੋਟੇ ਵੱਡੇ ਸਾਧਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਨ੍ਹਾਂ ਰਾਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਔਰਤਾਂ ਜੀਵ ਮਹਾ ਪੰਚਾਇਤ ਵਿੱਚ ਸ਼ਾਮਲ ਹੋਣਗੇ

ਬਠਿੰਡਾ ’ਚ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਚਾਰ ਥਾਵਾਂ ’ਤੇ ਲਿਖੇ ‘ਖ਼ਾਲਿਸਤਾਨ-ਜਿੰਦਾਬਾਦ’ ਦੇ ਨਾਅਰੇ

0

ਨਾਅਰੇ ਲਿਖਣ ਤੋਂ ਬਾਅਦ ਸਿੱਖਜ਼ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਨੇ ਵੀਡੀਓ ਜਾਰੀ ਕਰਕੇ ਭਗਵੰਤ ਮਾਨ ਨੂੰ ਦਿੱਤੀ ਧਮਕੀ
ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ : ਬਠਿੰਡਾ ’ਚ ਸੂਬਾ ਪੱਧਰੀ ਮਨਾਏ ਜਾ ਰਹੇ ਗਣਤੰਤਰਤਾ ਦਿਵਸ ਤੋਂ ਇੱਕ ਦਿਨ ਪਹਿਲਾਂ ਬੀਤੀ ਰਾਤ ਸ਼ਹਿਰ ਦੀਆਂ ਚਾਰ ਥਾਵਾਂ ’ਤੇ ਖਾਲਿਸਤਾਨ-ਜਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਸਿੱਖਜ਼ ਫ਼ਾਰ ਜਸਟਿਸ ਨਾਂ ਦੀ ਜਥੈਬੰਦੀ ਦੇ ਗੁਰਪਤਵੰਤ ਸਿੰਘ ਪੰਨੂੰ ਵਲੋਂ ਇੰਨ੍ਹਾਂ ਨਾਅਰਿਆਂ ਦੀ ਜਿੰਮੇਵਾਰੀ ਲੈਂਦਿਆਂ ਬਠਿੰਡਾ ਦੇ ਖੇਡ ਸਟੇਡੀਅਮ ’ਚ ਕੌਮੀ ਝੰਡਾ ਲਹਿਰਾਉਣ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਧਮਕੀ ਦਿੱਤੀ ਹੈ ਤੇ ਇਸਦੇ ਨਾਲ ਹੀ ਲੋਕਾਂ ਨੂੰ ਵੀ ਇਸ ਸਮਾਗਮ ਵਿਚਨਾ ਪੁੱਜਣ ਲਈ ਕਿਹਾ ਹੈ। ਸ਼ਹਿਰ ਦੀ ਐਨਐਫਐਲ ਕਾਲੋਨੀ , ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਮਾਤਾ ਕਾਲੀ ਭੈਰਵ ਮੰਦਰ ਅਤੇ ਸੀਆਈਐਸਐਫ ਕੈਂਪ ਦੀਆਂ ਕੰਧਾਂ ’ਤੇ ਇੰਨ੍ਹਾਂ ਲਿਖੇ ਨਾਅਰਿਆਂ ਵਿਚ ਭਗਵੰਤ ਮਾਨ ਦਾ ਵੀ ਮਹਰੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਰ੍ਹਾਂ ਹਸ਼ਰ ਕਰਨ ਦੀ ਧਮਕੀ ਦਿੱਤੀ ਗਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਵਲੋਂ ਨਾਅਰੇ ਲਿਖਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਤੇ ਨਾਲ ਹੀ ਮੁੱਖ ਮੰਤਰੀ ਦੀ ਆਮਦ ਨੂੰ ਦੇਖਦਿਆਂ ਸ਼ਹਿਰ ਅਤੇ ਹੋਰਨਾਂ ਥਾਵਾਂ ’ਤੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਵੀ ਹੋਰ ਚੌਕਸ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਬਠਿੰਡਾ ਵਿਚ ਕਰੀਬ ਦੋ ਮਹੀਨਿਆਂ ਵਿਚ ਗਰਮ ਖਿਆਲੀ ਨਾਅਰੇ ਲਿਖਣ ਦੀ ਇਹ ਦੂਜੀ ਘਟਨਾ ਹੈ, ਇਸਤੋਂ ਪਹਿਲਾਂ ਵੀ ਥਰਮਲ ਪਲਾਂਟ ਦੇ ਕੋਲੋ ਗੁਜ਼ਰਦੀ ਰੇਲਵੇ ਲਾਈਨ ਨਜਦੀਕ ਸਰਕਾਰੀ ਕੁਆਟਰਾਂ ਦੀਆਂ ਕੰਧਾਂ ਉਪਰ 19 ਨਵੰਬਰ 2022 ਨੂੰ ਅਜਿਹੇ ਨਾਅਰੇ ਲਿਖੇ ਗਏ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਸ਼ਰਾਰਤੀ ਅਨਸਰਾਂ ਵਲੋਂ ਇਹ ਨਾਅਰੇ ਅਜਿਹੀਆਂ ਸੁੰਨ-ਸਰਾ ਥਾਵਾਂ ’ਤੇ ਲਿਖੇ ਜਾਂਦੇ ਹਨ, ਜਿੱਥੇ ਸੀਸੀਟੀਵੀ ਅਤੇ ਗਸ਼ਤ ਆਦਿ ਨਹੀਂ ਹੁੰਦੀ ਹੈ। ਐਸਐਸਪੀ ਜੇ ਏਲੈਂਚੇਜਿਅਨ ਨੇ ਕਿਹਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਿੱਥੇ ਇਹ ਨਾਅਰੇ ਲਿਖੇ ਹੋਏ ਸਨ, ਉਹ ਮਿਟਾ ਦਿੱਤੇ ਗਏ ਹਨ ਤੇ ਮੁਲਜਮਾਂ ਦਾ ਪਤਾ ਕਰਨ ਲਈ ਆਸ-ਪਾਸ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ, ਉਨ੍ਹਾਂ ਜ਼ਿਲ੍ਹਾਂ ਵਾਸੀਆਂ ਨੂੰ ਪੁਲਿਸ ’ਤੇ ਭਰੋਸਾ ਕਰਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਬਠਿੰਡਾ ’ਚ ਡਿਪਟੀ ਕਮਿਸ਼ਨਰ ਨੇ ਫ਼ੁੱਲ ਡਰੈੱਸ ਰਿਹਰਸਲ ਦਾ ਲਿਆ ਜਾਇਜ਼ਾ

0

ਮੁੱਖ ਮੰਤਰੀ ਭਗਵੰਤ ਮਾਨ ਲਹਿਰਾਉਣਗੇ ਬਠਿੰਡਾ ਦੇ ਸਟੇਡੀਅਮ ’ਚ ਤਿਰੰਗਾ
ਵੱਖ-ਵੱਖ ਸਕੂਲੀ ਬੱਚਿਆਂ ਵਲੋਂ ਪੇਸ਼ ਕੀਤਾ ਗਿਆ ਸੱਭਿਆਚਾਰਕ ਪ੍ਰੋਗਰਾਮ
ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ : ਦੇਸ਼ ਦੇ 74ਵੇਂ ਗਣਤੰਤਰਤਾ ਦਿਵਸ ਮੌਕੇ 26 ਜਨਵਰੀ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਸਬੰਧੀ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਫ਼ੁੱਲ ਡਰੈੱਸ ਰਿਹਰਸਲ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ ਲਿਆ ਗਿਆ। ਉਨਾਂ ਦੱਸਿਆ ਕਿ 74ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਫੁੱਲ ਡਰੈੱਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ, ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪਲਵੀ ਚੌਧਰੀ ਅਤੇ ਪਰੇਡ ਕਮਾਂਡਰ ਦਰਪਣ ਆਹਲੂਵਾਲੀਆ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।ਇਸ ਉਪਰੰਤ ਪਰੇਡ ਕਮਾਂਡਰ ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਮਾਰਚ ਪਾਸਟ ਕੀਤਾ ਗਿਆ। ਮਾਰਚ ਪਾਸਟ ਵਿੱਚ ਸ਼ਾਮਲ ਟੁਕੜੀਆਂ ਵਲੋਂ ਮੁੱਖ ਮਹਿਮਾਨ ਤੇ ਕੌਮੀ ਤਿਰੰਗੇ ਨੂੰ ਸਲਾਮੀ ਵੀ ਦਿੱਤੀ ਗਈ। ਇਸ ਮੌਕੇ ਪੁਲਿਸ ਤੇ ਆਰਮੀ ਬੈਂਡ ਵਲੋਂ ਵੀ ਮਨਮੋਹਿਕ ਧੁੰਨਾਂ ਰਾਹੀਂ ਬੈਂਡ ਦੀ ਸੇਵਾ ਨਿਭਾਈ ਗਈ। ਰਿਹਰਸਲ ਮੌਕੇ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵਲੋਂ ਪੀਟੀ ਸ਼ੋਅ, ਗੱਤਕਾ, ਮਲਵਈ ਗਿੱਧਾ, ਗਿੱਧਾ ਅਤੇ ਭੰਗੜੇ ਤੋਂ ਇਲਾਵਾ ਦੇਸ਼ ਭਗਤੀ ਨਾਲ ਸਬੰਧਤ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਵੱਲੋਂ ਗਣਤੰਤਰ ਦਿਵਸ ਸਬੰਧੀ ਚੱਲ ਰਹੀਆਂ ਤਿਆਰੀਆਂ ਬਾਰੇ ਰੀਵਿਊ ਮੀਟਿੰਗ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮਾਗਮ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਵੀ ਕੀਤੀ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀਰਾਹੁਲ, ਸਿਖਲਾਈ ਅਧੀਨ (ਆਈਏਐਸ) ਅਧਿਕਾਰੀ ਮੈਡਮ ਮਾਨਸੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰਪੀ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸਾਰੰਗ ਪ੍ਰੀਤ ਸਿੰਘ ਔਜਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨਾਂ ਦੇ ਨੁਮਾਇੰਦੇ ਮੌਜੂਦ ਸਨ।

ਜਗਦੀਪ ਨਕੱਈ ਦੇ ਨਿਵਾਸ ਸਥਾਨ ਤੇ ਪਹੁੰਚੇ ਕੇਂਦਰੀ ਮੰਤਰੀ ਗੇਜੇਂਦਰ ਸੇਖਾਵਤ

0

ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਵਰਕਰਾਂ ਨਾਲ ਕੀਤੀਆਂ ਮੀਟਿੰਗਾਂ
ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ : ਬਠਿੰਡਾ ਲੋਕ ਸਭਾ ਹਲਕੇ ਵਿਚ ਭਾਜਪਾ ਆਗੂਆਂ ਨਾਲ ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਨ ਦੋ ਰੋਜ਼ਾ ਦੌਰੇ ’ਤੇ ਪੁੱਜੇ ਕੇਂਦਰੀ ਮੰਤਰੀ ਅਤੇ ਭਾਜਪਾ ਪੰਜਾਬ ਦੇ ਇੰਚਾਰਜ ਗੇਜੇਂਦਰ ਸਿੰਘ ਸੇਖਾਵਤ ਅੱਜ ਰਾਮਪੁਰਾ ਫੂਲ ਵਿਖੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਦੇ ਨਿਵਾਸ ਸਥਾਨ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਵਿਰੋਧੀ ਧਿਰਾਂ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਝੂਠਾਂ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਕੋਈ ਨਫਰਤ ਨਹੀਂ ਫੈਲਾ ਰਹੀ, ਬਲਕਿ ਹਰ ਫਿਰਕੇ ਦੇ ਲੋਕਾਂ, ਦੇਸ਼ ਦੀਆਂ ਮੂਲ ਸਮੱਸਿਆਵਾਂ, ਗਰੀਬੀ ਅਤੇ ਬੇਰੁਜਗਾਰੀ ਦੀ ਜੜ੍ਹ ਨੂੰ ਫੜ ਕੇ ਦੇਸ਼ ਨੂੰ ਹਰਿਆਲੀ ਅਤੇ ਖੁਸ਼ਹਾਲੀ ਵੱਲ ਲੈ ਕੇ ਜਾ ਰਹੀ ਹੈ। ਸ਼੍ਰੀ ਸੇਖਾਵਤ ਨੇ ਇਸ ਦੌਰਾਨ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਜਿੰਮੇਵਾਰੀਆਂ ਸੋਂਪੀਆਂ। ਜਿਸ ਨਾਲ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾ ਸਕੇ। ਭਾਜਪਾ ਪੰਜਾਬ ਦੇ ਉੱਪ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਸ਼੍ਰੀ ਸੇਖਾਵਤ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਦਾ ਕੁਨਬਾ ਹੀ ਨਹੀਂ ਵਧ ਰਿਹਾ ਬਲਕਿ ਪੰਜਾਬ ਦਾ ਆਉਣ ਵਾਲਾ ਭਵਿੱਖ ਤੈਅ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਜਰਨਲ ਸਕੱਤਰ , ਸਾਬਕਾ ਜਿਲ੍ਹਾ ਪ੍ਰਧਾਨ ਭਾਰਤ ਭੂਸ਼ਨ , ਸੰਦੀਪ ਸਿੰਘ ਸਨੀ ਰਾਮਪੁਰਾ ਜਿਲ੍ਹਾ ਮੀਤ ਪ੍ਰਧਾਨ, ਮਾਨਵ ਸਿੰਘ, ਭੂਰਾ ਸਿੰਘ ਬੁਰਜ ਗਿੱਲ, ਮੇਜਰ ਸਿੰਘ ਅਤੇ ਹੋਰ ਹਾਜਰ ਸਨ।

ਲੋਕ ਭਲਾਈ ਸਕੀਮਾਂ ਦਾ ਜ਼ਮੀਨੀ ਪੱਧਰ ਤੇ ਵੱਧ ਤੋਂ ਵੱਧ ਲੋਕਾਂ ਨੂੰ ਲਾਹਾ ਦੇਣਾ ਬਣਾਇਆ ਜਾਵੇ ਯਕੀਨੀ : ਗਜੇਂਦਰ ਸਿੰਘ ਸ਼ੇਖਾਵਤ

0

ਕੇਂਦਰੀ ਕੈਬਨਿਟ ਮੰਤਰੀ ਨੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੇ ਸਰਕਾਰੀ ਯੋਜਨਾਵਾਂ ਸਬੰਧੀ ਕੀਤੀ ਸਮੀਖਿਆ ਬੈਠਕ
ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ : ਕੇਂਦਰੀ ਕੈਬਨਿਟ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਅੱਜ ਬਾਅਦ ਦੁਪਿਹਰ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਤੇ ਸਰਕਾਰੀ ਯੋਜਨਾਵਾਂ ਸਬੰਧੀ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਅੰਦਰ ਚੱਲ ਰਹੀਆਂ ਯੋਜਨਾਵਾਂ ਬਾਰੇ ਜਿੱਥੇ ਜਾਣਕਾਰੀ ਹਾਸਲ ਕੀਤੀ ਉੱਥੇ ਹੀ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਤੋਂ ਪਹਿਲਾਂ ਕੇਂਦਰੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਇੱਥੇ ਪਹੁੰਚਣ ਤੇ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਨਰ ਨਾਲ ਸਨਮਾਨਿਤ ਵੀ ਕੀਤਾ ਗਿਆ। ਕੇਂਦਰੀ ਮੰਤਰੀ ਸ਼੍ਰੀ ਸ਼ੇਖਾਵਤ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਤੇ ਸਰਕਾਰੀ ਯੋਜਨਾਵਾਂ ਦਾ ਜ਼ਮੀਨੀ ਪੱਧਰ ਤੇ ਵੱਧ ਤੋਂ ਵੱਧ ਲੋਕਾਂ ਨੂੰ ਲਾਹਾ ਦੇਣਾ ਯਕੀਨੀ ਬਣਾਉਣ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਨ੍ਹਾਂ ਸਕੀਮਾਂ ਤੋਂ ਵਾਝਾਂ ਨਾ ਰਹਿ ਸਕੇ। ਉਨ੍ਹਾਂ ਖ਼ਾਸ ਤੌਰ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਸਬੰਧਤ ਸਕੀਮਾਂ ਤੋਂ ਇਲਾਵਾ ਪਲਾਸਟਿਕ ਵੇਸਟ ਦੀ ਸਾਂਭ-ਸੰਭਾਲ, ਪ੍ਰਧਾਨ ਮੰਤਰੀ ਆਵਾਸ ਯੋਜਨਾ ਆਦਿ ਸਕੀਮਾਂ ਦੀ ਸਮੀਖਿਆ ਕਰਦਿਆਂ ਯੋਗ ਲੋਕਾਂ ਤੱਕ ਇਨ੍ਹਾਂ ਦਾ ਲਾਭ ਦੇਣ ਬਾਰੇ ਕਿਹਾ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅੰਦਰ ਚੱਲ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਤੇ ਯੋਜਨਾਵਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਏਡੀਸੀ(ਜਨਰਲ) ਮੈਡਮ ਪਲਵੀ ਚੌਧਰੀ,ਏਡੀਸੀ (ਵਿਕਾਸ) ਰੁਪਿੰਦਰਪਾਲ ਸਿੰਘ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ (ਜਨਰਲ) ਸਾਰੰਗਪ੍ਰੀਤ ਸਿੰਘ ਔਜਲਾ, ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਸਿੰਘ ਅਰਸ਼ੀ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਇੰਦਰਜੀਤ ਸਿੰਘ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਪੰਜਾਬ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਂਗੜ, ਮੀਤ ਪ੍ਰਧਾਨ ਜਗਦੀਪ ਨਕੱਈ, ਸ੍ਰੀ ਸ਼ੁਭਾਸ ਸ਼ਰਮਾ, ਸ੍ਰੀ ਅਸ਼ੋਕ ਭਾਰਤੀ, ਸ੍ਰੀ ਦਿਆਲ ਸੋਢੀ, ਸ੍ਰੀ ਰਾਜ ਨੰਬਰਦਾਰ, ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਰਵੀਪ੍ਰੀਤ ਸਿੱਧੂ ਅਤੇ ਸ੍ਰੀ ਸੁਨੀਲ ਸਿੰਗਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।

ਸਿੱਖ ਬੰਦੀਆਂ ਦੀ ਰਿਹਾਈ ਲਈ ਇਨਸਾਫ਼ ਮੋਰਚੇ ਵਲੋਂ ਗਣਤੰਤਰਤਾ ਦਿਵਸ ਦੇ ਬਾਈਕਾਟ ਦੀ ਅਪੀਲ

0

ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ : ਸਿੱਖ ਬੰਦੀਆਂ ਦੀ ਰਿਹਾਈ ਲਈ ਲੰਘੀ 7 ਜਨਵਰੀ ਤੋਂ ਚੰਡੀਗੜ੍ਹ ਦੀ ਹੱਦ ’ਤੇ ਕੌਮੀ ਇਨਸਾਫ਼ ਮੋਰਚੇ ਦੇ ਝੰਡੇ ਹੇਠ ਚੱਲ ਰਹੇ ਸੰਘਰਸ਼ ਨੂੰ ਅਣਗੋਲਿਆ ਕਰਨ ਦੇ ਰੋਸ਼ ਵਜੋਂ ਮੋਰਚੇ ਦੇ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ 26 ਜਨਵਰੀ ਦੇ ਗਣਤੰਤਰਤਾ ਦਿਵਸ ਦੇ ਬਾਈਕਾਟ ਦੀ ਅਪੀਲ ਕੀਤੀ ਹੈ। ਸਥਾਨਕ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨਾਈਟਿਡ ਅਕਾਲੀ ਦਲ ਦੇ ਚੇਅਰਮੈਨ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਸਿੱਖਾਂ ਨੂੰ ਜਲੀਲ ਕਰਨ ਲਈ ਕਾਨੂੰਨ ਮੁਤਾਬਕ ਬਣਦੀਆ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀਆਂ ਰਿਹਾਈਆਂ ਨਹੀਂ ਕੀਤੀਆਂ ਜਾ ਰਹੀਆਂ। ਇਸੇ ਤਰ੍ਹਾਂ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਗੋਲੀ ਕਾਂਡ ਦੇ ਹੁਕਮ ਦੇਣ ਦੇ ਮਾਮਲੇ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਮੁਤਾਬਕ ਤਤਕਾਲੀ ਸਰਕਾਰ ਵਿਚ ਸ਼ਾਮਲ ਆਗੂਆਂ ਨੂੰ ਗਿਰਫ਼ਤਾਰ ਕਰਨ ਵਿਚ ਢਿਲ- ਮੱਠ ਕੀਤੀ ਜਾ ਰਹੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 24 ਘੰਟਿਆਂ ਵਿੱਚ ਇਨਸਾਫ਼ ਦੇਣ ਦੇ ਵਾਅਦੇ ਕੀਤੇ ਗਏ ਸਨ ਪ੍ਰੰਤੂ ਪੰਜਾਬ ਦੇ ਵਿਚ ਇਸ ਸਬੰਧ ਵਿਚ ਕਾਰਵਾਈ ਤਾਂ ਕੀ ਕਰਨੀ ਸੀ, ਬਲਕਿ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਈਲ ਵੀ ਕੇਜਰੀਵਾਲ ਸਰਕਾਰ ਕੋਲ ਪਈ ਹੈ। ਸਿੱਖ ਆਗੂਆਂ ਨੇ ਕੌਮੀ ਇਨਸਾਫ ਮੋਰਚੇ ਵਲੋਂ 26 ਜਨਵਰੀ ਨੂੰ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਪੰਜਾਬ ਦੇ ਸਾਰੇ ਭਾਈਚਾਰਿਆਂ ਹਿੰਦੂ ਭਾਈਚਾਰਾ, ਦਲਿਤ ਭਾਈਚਾਰੇ ਸਮੇਤ ਸਾਰੇ ਕਿੱਤਿਆਂ ਅਤੇ ਵਰਗਾਂ ਨੂੰ ਕਿਸਾਨਾਂ ,ਮਜਦੂਰਾਂ, ਦੁਕਾਨਦਾਰਾਂ, ਵਪਾਰੀਆਂ, ਮੁਲਾਜਮਾ, ਸਾਬਕਾ ਫੌਜੀਆਂ, ਰਿਟਾਇਰਡ ਮੁਲਾਜਮਾ ਸਮੇਤ ਸਮੁੱਚੇ ਪੰਜਾਬੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਸਦੇ ਨਾਲ ਹੀ ਮੋਦੀ ਅਤੇ ਮਾਨ ਸਰਕਾਰਾਂ ਨੂੰ ਇਨਸਾਫ ਦੇਣ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ 4 ਫਰਵਰੀ ਨੂੰ ਧੂਰੀ ਵਿਖੇ ਮੁੱਖ ਮੰਤਰੀ ਦੇ ਹਲਕੇ ਵਿੱਚ ਮਾਰਚ ਕੀਤਾ ਜਾਵੇਗਾ। ਇਸ ਮੌਕੇ ਸੁਖਮੰਦਰ ਸਿੰਘ ਭਾਗੀਵਾਂਦਰ ,ਜਗਜੀਤ ਸਿੰਘ ਸਿੱਧੂ, ਮੇਜਰ ਸਿੰਘ ਮਲੂਕਾ, ਰਮਨਦੀਪ ਸਿੰਘ ਰਮੀਤਾ ਆਦਿ ਹਾਜ਼ਿਰ ਸਨ।

Our Visitor

1909583