ਪਰਮਬੰਸ ਸਿੰਘ ਰੋਮਾਣਾ ਜਨਰਲ ਸਕੱਤਰ ਨੂੰ ਯੂਥ ਵਿੰਗ ਅਤੇ ਪਾਰਟੀ ਦੇ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਦੀ ਜਿੰਮੇਵਾਰੀ ਸੌਂਪੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ 23 ਜਨਵਰੀ—ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਜਥੇਬੰਦਕ ਅੰਦਰ ਅਹਿਮ ਨਿਯੁਕਤੀਆਂ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਹਨ। ਅੱਜ ਜਾਰੀ ਸੂੁਚੀ ਅਨੁਸਾਰ ਸ.ਚਰਨਜੀਤ ਸਿੰਘ ਬਰਾੜ ਨੂੰ ਆਪਣਾ ਸਿਆਸੀ ਸਕੱਤਰ ਨਿਯੁਕਤ ਕੀਤਾ ਹੈ। ਉਹ ਪਾਰਟੀ ਪ੍ਰਧਾਨ ਦੇ ਦਫਤਰ ਦੇ ਕੰਮ ਦੇ ਨਾਲ-ਨਾਲ ਸਪੋਕਸਮੈਨ ਅਤੇ ਮੀਡੀਆ ਕੋਆਰਡੀਨੇਟਰ ਵੀ ਹੋਣਗੇ। ਇਸੇ ਤਰਾਂ ਸ. ਪਰਮਬੰਸ ਸਿੰਘ ਰੋਮਾਣਾ ਜਨਰਲ ਸਕੱਤਰ ਨੂੰ ਯੂਥ ਵਿੰਗ, ਸ਼?ਰੋਮਣੀ ਅਕਾਲੀ ਦਲ ਅਤੇ ਪਾਰਟੀ ਦੇ ਸ਼ੋਸ਼ਲ ਮੀਡੀਆ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਸ. ਗੁਰਪ੍ਰੀਤ ਸਿੰਘ ਰਾਜੂਖੰਨਾਂ ਨੂੰ ਐਸ.ਓ.ਆਈ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਸ. ਅਰਸ਼ਦੀਪ ਸਿੰਘ ਕਲੇਰ ਐਡਵੋਕੇਟ ਨੂੰ ਪਾਰਟੀ ਦਾ ਲੀਗਲ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸੇ ਤਰਾਂ ਸ. ਨਛੱਤਰ ਸਿੰਘ ਗਿੱਲ ਨੂੰ ਦੁਬਾਰਾ ਤੋਂ ਪਾਰਟੀ ਦੇ ਆਈ.ਟੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ।
ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਵਿੱਚ ਅਹਿਮ ਨਿਯੁਕਤੀਆਂ, ਚਰਨਜੀਤ ਸਿੰਘ ਬਰਾੜ ਬਣੇ ਸਿਆਸੀ ਸਕੱਤਰ
ਐਮੀਨੈਂਸ ਸਕੂਲਾਂ ’ਚ ਜੌਗਰਫ਼ੀ ਵਿਸ਼ਾ ਚਾਲੂ ਕਰਨ ਦੀ ਕੀਤੀ ਮੰਗ
ਜੌਗਰਫ਼ੀ ਟੀਚਰਜ਼ ਯੂਨੀਅਨ ਨੇ ਮੀਟਿੰਗ ਵਿੱਚ ਲਿਆ ਫੈਸਲਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 23 ਜਨਵਰੀ: ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਜੱਥੇਬੰਦੀ ਦੇ ਸੂਬਾ ਪ੍ਰਧਾਨ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ ਅਤੇ ਮੀਤ ਪ੍ਰਧਾਨ ਲੈਕਚਰਾਰ ਨਰੇਸ ਸਲੂਜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਪੰਜਾਬ ਦੇ ਕੁੱਲ 2026 ਸੀਨੀਅਰ ਸੈਕੰਡਰੀ ਲਈ ਲੈਕਚਰਾਰਾਂ ਦੀਆਂ ਕੁੱਲ ਮੰਨਜ਼ੂਰਸ਼ੁਦਾ 13252 ਆਸਾਮੀਆਂ ਵਿੱਚੋਂ ਭੂਗੋਲ ਵਿਸ਼ੇ ਦੇ ਲੈਕਚਰਾਰਾਂ ਦੀਆਂ ਕੇਵਲ 357 ਮੰਨਜ਼ੂਰ ਆਸਾਮੀਆਂ ਹੋਣ ਕਰਕੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅੱਖੋ ਪਰੋਖੇ ਕੀਤੇ ਜਾਣ ਤੇ ਇਸ ਵਿਤਕਰੇ ਨੂੰ ਦੂਰ ਕਰਵਾਉਣ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਅਪਗ੍ਰੇਡ ਕੀਤੇ ਜਾ ਰਹੇ 117 ਐਮੀਨੈਂਸ ਸਕੂਲਾਂ ਵਿੱਚ ਜੌਗਰਫ਼ੀ ਵਿਸ਼ਾ ਚਾਲੂ ਕਰਵਾਉਣ ਬਾਰੇ ਵੀ ਚਰਚਾ ਹੋਈ। ਜੱਥੇਬੰਦੀ ਦੇ ਸੂਬਾ ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਮੌਜ਼ੂਦਾ ਸਮੇਂ ਜੌਗਰਫ਼ੀ ਲੈਕਚਰਾਰਾਂ ਦੀਆਂ ਮੰਨਜ਼ੂਰਸ਼ੁਦਾ 357 ਆਸਾਮੀਆਂ ਵਿੱਚੋਂ ਵੀ 130 ਆਸਾਮੀਆਂ ਖਾਲੀ ਪਈਆਂ ਹਨ ਅਤੇ ਇਹਨਾਂ ਨੂੰ ਵੀ ਜਾਣ ਬੁੱਝ ਕੇ ਈ-ਪੰਜਾਬ ਪੋਰਟਲ ’ਤੇ ਦਰਸਾਇਆ ਹੀ ਨਹੀਂ ਜਾ ਰਿਹਾ। ਜਿਸ ਨਾਲ ਇਹਨਾਂ ਨੂੰ ਭਰਨ ਦਾ ਕੰਮ ਰੁਕਿਆ ਹੋਇਆ ਹੈ। ਜੱਥੇਬੰਦੀ ਦੇ ਖਜਾਨਚੀ ਚਮਕੌਰ ਸਿੰਘ ਮੋਗਾ ਨੇ ਦੱਸਿਆ ਕਿ ਜੌਗਰਫ਼ੀ ਵਿਸ਼ੇ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਤੁਲਨਾ ਵਿੱਚ ਹਿਊਮਨਟੀਜ਼ ਗਰੁੱਪ ਦੇ ਵਿਸ਼ੇ ਇਤਿਹਾਸ ਦੀਆਂ 1448, ਰਾਜਨੀਤੀ ਸ਼ਾਸ਼ਤਰ ਦੀਆਂ 1425 ਅਤੇ ਅਰਥ-ਸ਼ਾਸ਼ਤਰ ਦੀਆ 1193 ਆਸਾਮੀਆਂ ਮੰਨਜੂਰ ਹਨ। ਮੀਟਿੰਗ ਦੌਰਾਨ ਜੱਥੇਬੰਦੀ ਦੇ ਆਗੂ ਤੇਜਵੀਰ ਸਿੰਘ ਅਤੇ ਮੈਡਮ ਅਮਨਦੀਪ ਕੌਰ ਨੇ ਤੱਥ ਤੇ ਅੰਕੜੇ ਪੇਸ਼ ਕੀਤੇ ਕਿ ਪੰਜਾਬ ਦੇ ਮੁਕਾਬਲੇ ਗੁਆਂਢੀ ਰਾਜ ਹਰਿਆਣਾ ਨੇ 2012 ਵਿੱਚ ਜੌਗਰਫ਼ੀ ਵਿਸ਼ੇ ਦੇ 710 ਲੈਕਚਰਾਰਾਂ ਅਤੇ ਰਾਜਸਥਾਨ ਸਰਕਾਰ ਵੱਲੋਂ ਸਾਲ 2022 ਵਿੱਚ ਸਿੱਧੀ ਭਰਤੀ ਰਾਹੀਂ 793 ਜੌਗਰਫ਼ੀ ਲੈਕਚਰਾਰਾਂ ਨੂੰ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਮੰਗ ਕੀਤੀ ਗਈ ਇਸ ਵਿਸ਼ੇ ਦੀਆਂ ਦੀ ਆਸਾਮੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਅਪਗ੍ਰੇਡ ਕੀਤੇ ਗਏ 117 ਐਮੀਨੈਂਸ ਸਕੂਲਾਂ ਵਿੱਚ ਜੌਗਰਫ਼ੀ ਲੈਕਚਰਾਰ ਦੀ ਆਸਾਮੀ ਦੇ ਕੇ ਵਿਦਿਆਰਥੀਆਂ ਨੂੰ ਇਹ ਵਿਸ਼ਾ ਪੜ੍ਹਨ ਦੀ ਸਹੂਲਤ ਦਿੱਤੀ ਜਾਵੇ ਅਤੇ ਖਾਲੀ ਪਈਆਂ 130 ਆਸਾਮੀਆਂ ਨੂੰ ਈ-ਪੰਜਾਬ ਪੋਰਟਲ ਦਰਸਾ ਕੇ ਪਦਉੱਨਤੀ ਅਤੇ ਸਿੱਧੀ ਭਰਤੀ ਲਈ ਭਰਿਆ ਜਾਵੇ ਅਤੇ ਇਹ ਵਿਸ਼ਾ ਪੜ੍ਹਾਏ ਜਾਣ ਵਾਲੇ ਸਕੂਲਾਂ ਵਿੱਚ ਜੌਗਰਫ਼ੀ ਲੈਬ ਦੇ ਪ੍ਰਬੰਧ ਕੀਤੇ ਜਾਣ। ਇਸ ਸੰਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਪ੍ਰੁਮੁੱਖ ਸਿੱਖਿਆ ਸਕੱਤਰ ਪੰਜਾਬ ਸਰਕਾਰ ਜਸਪ੍ਰੀਤ ਤਲਵਾੜ ਅਤੇ ਡੀ.ਪੀ.ਆਈ (ਸੈ.ਸਿੱ.) ਤੇਜਦੀਪ ਸਿੰਘ ਸੈਣੀ ਨੂੰ ਪੱਤਰ ਲਿਖੇ ਜਾਣ। ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਬਠਿੰਡਾ ਸ਼ੰਕਰ ਲਾਲ ਤੇ ਜਿਲ੍ਹਾ ਪ੍ਰਧਾਨ ਮੋਗਾ ਜਤਿੰਦਰ ਸਿੰਘ ਤੋਂ ਇਲਾਵਾ ਲੈਕਚਰਾਰਾਂ ਖਰੈਤ ਚੰਦ, ਭੁਪਿੰਦਰ ਕੌਰ, ਸ਼ਵਿੰਦਰ ਕੌਰ, ਭਗਵਾਨ ਸਿੰਘ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਵੀਰ ਸਿੰਘ, ਪੂਨਮ ਬਾਘਲਾ, ਮਨਜੀਤ ਸਿੰਘ, ਸਰਬਜੀਤ ਕੌਰ, ਗੁਰਪ੍ਰੀਤ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਅਮਨਪ੍ਰੀਤ ਸਿੰਘ, ਅਮਰਜੀਤ ਕੌਰ, ਮੋਨਿਕਾ ਸ਼ਰਮਾ, ਕਮਲਜੀਤ ਕੌਰ, ਰਵਿੰਦਰ ਕੌਰ, ਦਵਿੰਦਰ ਸਿੰਘ, ਰੀਟਾ ਰਾਣੀ, ਸੁਖਪ੍ਰੀਤ ਸਿੰਘ, ਸੁਖਵਿੰਦਰ ਸਿੰਘ ਅਤੇ ਜਗਸੀਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਮੁੱਖ ਮੰਤਰੀ ਦੇ ਕਾਲਿਆਂ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਦੀ ਸਫਲਤਾ ਲਈ ਮਜ਼ਦੂਰਾਂ ਕੀਤੀ ਰੈਲੀ
ਹਰ ਘਰ ਸੁਨੇਹਾ ਦੇਣ ਲਈ ਮਜ਼ਦੂਰ ਜੱਥਾ ਕੀਤਾ ਤਿਆਰ
ਪੰਜਾਬੀ ਖ਼ਬਰਸਾਰ ਬਿਉਰੋ
ਗੋਨਿਆਣਾ , 23 ਜਨਵਰੀ : ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 26 ਜਨਵਰੀ ਨੂੰ ਬਠਿੰਡਾ ਵਿਖੇ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਲੇ ਝੰਡਿਆਂ ਨਾਲ ਹੋ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਮਜ਼ਦੂਰਾਂ ਦੀ ਭਰਵੀ ਸਮੂਲੀਅਤ ਕਰਵਾਉਣ ਲਈ ਪਿੰਡ ਮਹਿਮਾ ਸਰਜਾ ਦੀ ਦਾਣਾ ਮੰਡੀ ਵਿੱਚ ਮਜ਼ਦੂਰਾਂ ਦੀ ਰੈਲੀ ਕੀਤੀ ਗਈ । ਰੈਲੀ ਨੂੰ ਸਬੋਧਨ ਕਰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਿਲਾ ਕਨਵੀਨਰ ਮਾਸਟਰ ਸੇਵਕ ਨੇ ਕਿਹਾ ਕਿ ਮਜ਼ਦੂਰਾਂ ਦੇ ਸਾਂਝੇ ਮੋਰਚੇ ਵੱਲੋਂ ਕੀਤੇ ਸੰਘਰਸ਼ ਦੇ ਦਬਾਅ ਅਧੀਨ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾ ਕਰਨ ਲਈ ਰੱਖੀਆਂ ਮੀਟਿੰਗਾਂ ਚ ਸ਼ਾਮਲ ਹੋਣ ਤੋਂ ਮੁੱਖ ਮੰਤਰੀ ਵਾਰ- ਵਾਰ ਟਾਲਾ ਵੱਟਕੇ ਦਲਿਤ ਮਜ਼ਦੂਰ ਨਾਲ ਵਿਤਕਰੇਬਾਜ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਸ਼ੇਸ਼ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਜ਼ਦੂਰ ਵਿਰੋਧੀ ਮਾਨਸਿਕਤਾ ਕਾਰਨ ਦਲਿਤ ਮਜ਼ਦੂਰਾਂ ਦਾ ਕਿਸੇ ਵੀ ਥਾਂ ’ਤੇ ਮਾਣ ਸਤਿਕਾਰ ਨਹੀਂ । ਉਹ ਸਰਕਾਰੀ ਦਫਤਰਾਂ ਵਿੱਚ ਖੱਜਲ ਖੁਆਰ ਹੋ ਰਹੇ ਹਨ । ਉਨਾਂ ਕਿਹਾ ਕਿ ਮਜ਼ਦੂਰ ਮੰਗਾਂ ਪ੍ਰਤੀ ਮੁੱਖ ਮੰਤਰੀ ਦੇ ਨਾਂਹ ਪੱਖੀ ਰਵੱਈਆ ਨੂੰ ਦੇਖਦੇ ਹੋਏ ਜੱਥੇਬੰਦੀਆਂ ਵੱਲੋਂ 26 ਜਨਵਰੀ ਨੂੰ ਬਠਿੰਡਾ ਵਿਖੇ ਕਾਲੇ ਝੰਡਿਆਂ ਨਾਲ ਹੋ ਰਹੇ ਤਿੱਖੇ ਵਿਰੋਧ ਵਿੱਚ ਮਜ਼ਦੂਰਾਂ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਲੋੜ ਹੈ । ਉਨਾਂ ਐਲਾਨ ਕੀਤਾ ਕਿ 700 ਰੁਪਏ ਮਨਰੇਗਾ ਦਿਹਾੜੀ ਕਰਵਾਉਣ, ਰਿਹਾਇਸ਼ੀ ਪਲਾਟ ਲੈਣ, ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ ਕਰਵਾਉਣ, ਪੱਕਾ ਰੁਜ਼ਗਾਰ ਲੈਣ, ਚੋਣਾਂ ਦੌਰਾਨ ਐਲਾਨੀਆਂ ਗਰੰਟੀਆਂ ਲਾਗੂ ਕਰਾਉਣ, ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਦੀ ਵੰਡ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ’ਚ ਵੰਡਾਉਣ ਆਦਿ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਹਰ ਹਾਲਤ ਜਾਰੀ ਰੱਖਿਆ ਜਾਵੇਗਾ। ਜੇਕਰ ਸਰਕਾਰ ਦੀ ਮਜ਼ਦੂਰਾਂ ਪ੍ਰਤੀ ਬੇਰੁਖੀ ਇਸੇ ਤਰਾਂ ਜਾਰੀ ਰਹੀ ਤਾਂ 9 ਫਰਵਰੀ ਨੂੰ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਜਾਵੇਗਾ ਅਤੇ ਮਾਰਚ ਮਹੀਨੇ ਸਰਕਾਰ ਵਿਰੁੱਧ ਪੱਕਾ ਮੋਰਚਾ ਲਾਇਆ ਜਾਵੇਗਾ । ਰੈਲੀ ਵਿੱਚ ਸਵਰਨ ਸਿੰਘ , ਹੰਸਾ ਸਿੰਘ ਤੇ ਪੰਮਾ ਸਿੰਘ ਅਦਿ ਆਗੂ ਵੀ ਸ਼ਾਮਲ ਸਨ।
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਵੱਲੋਂ 66 ਕੇ.ਵੀ ਸਬ-ਸਟੇਸ਼ਨ ਦਾਨੇਵਾਲਾ ਦਾ ਉਦਘਾਟਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 23 ਜਨਵਰੀ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਸੁਨਿਸਚਿਤ ਕਰਨ ਦੇ ਉਦੇਸ਼ ਨਾਲ ਸਥਾਪਤ ਕੀਤੇ ਗਏ 66 ਕੇ.ਵੀ ਸਬ-ਸਟੇਸ਼ਨ ਦਾਨੇਵਾਲਾ ਦਾ ਉਦਘਾਟਨ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਸਬ ਸਟੇਸ਼ਨ ਲਈ ਗਰਿੱਡ ਨੂੰ ਤਿਆਰ ਕਰਨ ਵਿੱਚ ਕਰੀਬ 3.5 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਨਾਲ ਇਲਾਕੇ ਦੇ ਲਗਭਗ 500 ਖਪਤਕਾਰਾਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਦੱਸਿਆ ਕਿ ਨਵੇਂ ਬਣੇ 66 ਕੇਵੀ ਸਬ-ਸਟੇਸ਼ਨ ਦਾਨੇਵਾਲਾ ਤੋਂ ਪੰਜ ਨੰਬਰ 11 ਕੇਵੀ ਫੀਡਰ ਨਿਕਲਦੇ ਹਨ। ਜਿਸ ਤੋਂ ਪਿੰਡ ਦਾਨੇਵਾਲਾ, ਪਿੰਡ ਘੁਮਿਆਰਾ ਅਤੇ ਪਿੰਡ ਛਾਪਿਆਵਾਲੀ ਦੇ ਘਰਾਂ ਅਤੇ ਖੇਤਾਂ ਲਈ ਬਿਜਲੀ ਸਪਲਾਈ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਸਦੇ ਨਾਲ ਹੀ ਮਲੋਟ ਦੇ ਫੋਕਲ ਪੁਆਇੰਟ ਵਿੱਚ ਮੌਜੂਦ ਸਨਅਤਾਂ ਨੂੰ ਵੀ ਨਿਰਵਿਘਣ ਦੁੱਧ ਦੀ ਸਪਲਾਈ ਚਲੇਗੀ ਅਤੇ ਪਿੰਡ ਰਥੜਿਆ, ਪਿੰਡ ਘੁਮਿਆਰਾ ਤੇ ਪਿੰਡ ਦਾਨੇਵਾਲਾ ਦੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ। ਇਸ ਮੌਕੇ ਮੌਜੂਦ ਰਹੇ ਚੀਫ਼ ਇੰਜੀਨੀਅਰ ਵੈਸਟ ਜੋਨ ਬਠਿੰਡਾ ਇੰਜੀ. ਪੁਨਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੀਐਸਪੀਸੀਐਲ ਨੂੰ ਲਗਾਤਾਰ ਖਪਤਕਾਰਾਂ ਨੂੰ ਬੇਹਤਰੀਨ ਅਤੇ ਨਿਰਵਿਘਨ ਬਿਜਲੀ ਦੀਆਂ ਸੇਵਾਵਾਂ ਦੇਣ ਵਾਸਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਆਉਂਦੇ ਦਿਨਾਂ ਦੌਰਾਨ ਹੋਰ ਵੀ ਸੁਧਾਰ ਦੇਖਣ ਨੂੰ ਮਿਲਣਗੇ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅੰਤਰ ਸਕੂਲ ਯੁਵਕ ਮੇਲੇ ਦਾ ਆਯੋਜਿਨ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਵੱਲੋਂ ਸਥਾਨਕ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿਖੇ ਅੰਤਰ ਸਕੂਲ ਯੁੁਵਕ ਮੇਲੇ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ਜਿਲੇ ਦੇ 20 ਸਕੂਲਾਂ ਦੇ ਲੱਗਪੱਗ 200 ਵਿਦਿਆਰਥੀਆਂ ਨੇ ਭਾਗ ਲਿਆ। ਇਸ ਯੁਵਕ ਮੇਲੇ ਵਿੱਚ ਕਵਿਤਾ ਜੂਨੀਅਰ ਅਤੇ ਸੀਨੀਅਰ ਗਰੁੱਪ ਮੁੁਕਾਬਲੇ, ਕਵਿਸ਼ਰੀ ਮੁਕਾਬਲੇ, ਕੁਇਜ ਮੁਕਾਬਲਾ ਅਤੇ ਦਸਤਾਰ ਦੇ ਜੂਨੀਅਰ ਤੇ ਸੀਨੀਅਰ ਲੜਕੇ ਅਤੇ ਲੜਕੀਆਂ ਦੇ ਮੁੁਕਾਬਲੇ ਕਰਵਾਏ ਗਏ। ਕਵਿਤਾ ਜੂਨੀਅਰ ਗਰੁੱਪ ਵਿੱਚ ਗੁਰਪਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਬੁਰਜ ਡੱਲਾ ਪਹਿਲਾਂ ਸਥਾਨ, ਗੁਨਤਾਸ ਕੌਰ ਸਮਰਹਿਲ ਕੰਨਵੈਂਟ ਸਕੂਲ ਬਠਿੰਡਾ ਦੂਸਰਾ ਸਥਾਨ ਅਤੇ ਜੰਗੀਰ ਸਿੰਘ ਸੈਂਟ ਸਟੀਫਨ ਇੰਨਟਰਨੈਸਨਲ ਸਕੂਲ ਚੌਕੇ ਨੇ ਤੀਜਾ ਸਥਾਨ ਹਾਸਿਲ ਕੀਤਾ ਜਦੋਂ ਕਿ ਸੀਨੀਅਰ ਗਰੁੱਪ ਵਿੱਚ ਰੇਸਮਾ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲੀ ਨਿਹਾਲ ਸਿੰਘ ਨੇ ਪਹਿਲਾਂ ਸਥਾਨ, ਜਸਲੀਨ ਕੌਰ ਲਿਟਲ ਫਲਾਵਰ ਪਬਲਿਕ ਸਕੂਲ ਬਠਿੰਡਾ ਦੂਸਰਾ ਸਥਾਨ ਅਤੇ ਸਿਮਰਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਕਵਿਸ਼ਰੀ ਮੁੁਕਾਬਲੇ ਵਿੱਚ ਰਮਨਪ੍ਰੀਤ ਕੌਰ, ਨਿਸ਼ੂ ਕੌਰ ਸਰਕਾਰੀ ਹਾਈ ਸਕੂਲ ਭੈਣੀ ਨੇ ਪਹਿਲਾਂ ਸਥਾਨ, ਗੁਰਮੀਨ ਕੌਰ, ਜੋਤੀ ਰਾਣੀ ਸਰਕਾਰੀ ਹਾਈ ਸਕੂਲ ਸਰਦਾਰਗੜ ਨੇ ਦੂਸਰਾ ਸਥਾਨ ਅਤੇ ਡੌਲੀ, ਰੇਖਾ ਤੇ ਤਾਨੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤ ਮੰਡੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਇਜ ਮੁੁਕਾਬਲੇ ਵਿੱਚ ਸਬਨਮ, ਅਮਨਪ੍ਰੀਤ ਕੌਰ ਗੁਰੂ ਕਾਸ਼ੀ ਪਬਲਿਕ ਸਕੂਲ ਬਠਿੰਡਾ ਨੇ ਪਹਿਲਾਂ ਸਥਾਨ, ਗੁਰਕੀਰਤ ਸਿੰਘ, ਤਨਵੀਰ ਸਿੰਘ ਸੰਤ ਕਬੀਰ ਕੰਨਵੈਂਟ ਸਕੂਲ ਭੁੱਚੋ ਨੇ ਦੂਸਰਾ ਸਥਾਨ ਅਤੇ ਅਮਾਨਤ, ਸਗਨਦੀਪ ਕੌਰ ਪੁਲੀਸ ਪਬਲਿਕ ਸਕੂਲ ਬਠਿੰਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦਸਤਾਰ ਮੁੁਕਾਬਲੇ ਸੀਨੀਅਰ ਗਰੁੱਪ ਵਿੱਚ ਲਿਟਲ ਫਲਾਵਰ ਪਬਲਿਕ ਸਕੂਲ ਬਠਿੰਡਾ ਦੇ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ, ਸਤਨਾਮ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ ਜਦੋਂ ਦਸ਼ਮੇਸ ਗਰਲਜ ਸੀਨੀਅਰ ਸੈਕੰਡਰੀ ਸਕੂਲ ਬਾਦਲ ਦੀਆਂ ਵਿਦਿਆਰਥਣਾ ਪ੍ਰਨੀਤ ਕੌਰ, ਸਿਮਰਜੀਤ ਕੌਰ ਅਤੇ ਖੁਸ਼ਮਨ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।ਵੱਖ ਵੱਖ ਮੁੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ । ਨਾਲ ਹੀ ਨੈਤਿਕ ਸਿੱਖਿਆ ਇਮਤਿਹਾਨ (ਸਕੂਲ) 2022 ਦੇ ਜੇਤੂ ਵਿਦਿਆਰਥੀਆਂ ਅਤੇ ਮੈਰਿਟ ਪੋਜੀਸਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। । ਖੇਤਰ ਬਠਿੰਡਾ ਦੀ ਟੀਮ ਵਿੱਚ ਸ. ਬਲਵੰਤ ਸਿੰਘ ਮਾਨ, ਬਲਵੰਤ ਸਿੰਘ ਕਾਲਝਰਾਣੀ, ਡਾ ਗੁਰਜਿੰਦਰ ਸਿੰਘ ਰੋਮਾਣਾ, ਇਕਬਾਲ ਸਿੰਘ ਕਾਉਣੀ, ਸੁਰਿੰਦਰਪਾਲ ਸਿੰਘ ਬੱਲੂਆਣਾ, ਪ੍ਰੋ ਗਗਨਦੀਪ ਸਿੰਘ, ਵਿਦਿਆਰਥੀ ਅਕਾਸ਼ਦੀਪ ਸਿੰਘ, ਮੈਡਮ ਪਵਿੱਤਰ ਕੌਰ ਨੇ ਸੇਵਾ ਨਿਭਾਈ।
26 ਦੀ ਜੀਂਦ ਮਹਾਂ ਪੰਚਾਇਤ ਰੈਲੀ ਦੀਆਂ ਤਿਆਰੀਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਵਿੱਢੀ ਮੁਹਿੰਮ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਅਤੇ ਹੋਰ ਆਗੂਆਂ ਨੇ 26 ਜਨਵਰੀ ਨੂੰ ਜੀਦ ਵਿਖੇ ਹੋਣ ਜਾ ਰਹੀ ਮਹਾਂਪੰਚਾਇਤ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਕਿ ਇਸ ਮਹਾਂਪੰਚਾਇਤ ਨੂੰ ਸਫ਼ਲ ਬਣਾਉਣ ਲਈ ਉੱਤਰੀ ਭਾਰਤ ਦੇ 6 ਸੂਬਿਆਂ ਦੀਆਂ ਕਿਸਾਨਾਂ ਜਥੇਬੰਦੀਆਂ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੈਬੰਦੀ ਦੇ ਝੰਡੇ ਹੇਠ ਵੀ ਕਰੀਬ 50 ਹਜ਼ਾਰ ਕਿਸਾਨਾਂ ਦਾ ਵੱਡਾ ਕਾਫ਼ਲਾ ਪੁੱਜ ਰਿਹਾ ਹੈ। ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਬੇਸ਼ੱਕ ਕੇਂਦਰ ਸਰਕਾਰ ਨੇ ਇੱਕ ਸਾਲ ਚੱਲੇ ਕਿਸਾਨ ਮੋਰਚੇ ਦੇ ਦਬਾਅ ਹੇਠ ਤਿੰਨ ਕਾਲੇ ਕਾਨੂੰਨ ਵਾਪਸ ਜਰੂਰ ਲੈ ਲਏ ਸਨ ਪ੍ਰੰਤੂ ਹਾਲੇ ਤੱਕ ਬਾਕੀ ਮੰਗਾਂ ਨੂੰ ਪੂਰਾ ਨਹੀਂ ਕੀਤਾ। ਇੰਨ੍ਹਾਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਨੇ ਦਸਿਆ ਕਿ 23 ਫਸਲਾਂ ’ਤੇ ਐੱਮ ਐੱਸ ਪੀ ਦੇਣਾ; ਲਖੀਮਪੁਰਖੀਰੀ ਨਾਲ ਸਬੰਧਤ ਕੇਸ ਚ ਕੇਂਦਰੀ ਮੰਤਰੀ ਅਜੈ ਟੈਣੀ ਨੂੰ ਮੰਤਰੀ ਮੰਡਲ ਚੋ ਬਰਖਾਸਤ ਕਰਕੇ ਗਿਰਫ਼ਤਾਰ ਕਰਨਾ ਅਤੇ ਕਿਸਾਨ ਆਗੂਆਂ ਉੱਪਰ ਬਣਾਏ ਗਏ ਕਤਲ ਕੇਸ ਵਾਪਸ ਕਰਨਾ; ਸ਼ਹੀਦ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜਾ ਦੇਣਾ; ਮੁਲਕ ਭਰ ਅੰਦਰ ਇਸ ਸੰਘਰਸ਼ ਨਾਲ ਸਬੰਧਤ ਸਾਰੇ ਕੇਸ ਵਾਪਸ ਕਰਨਾ; ਮੁਲਕ ਭਰ ਦੇ ਕਿਸਾਨਾਂ ਤੋਂ ਸਾਰਾ ਕਰਜ਼ਾ ਖਤਮ ਕਰਨਾ; 60 ਸਾਲ ਤੋਂ ਵੱਧ ਉੱਮਰ ਦੇ ਕਿਸਾਨਾਂ ਨੂੰ ਪੈਨਸ਼ਨ ਦੇਣਾ; ਬਿਜਲੀ ਬਿੱਲ 2020 ਵਾਪਸ ਲੈਣਾ ਅਤੇ ਸਾਰੀਆਂ ਖੇਤੀ ਫਸਲਾਂ ਦਾ ਬੀਮਾ ਯਕੀਨੀ ਕਰਨਾ ਸ਼ਾਮਲ ਹੈ। ਇਸ ਮਹਾਂਪੰਚਾਇਤ ਲਈ 26 ਜਨਵਰੀ ਦਾ ਹੀ ਦਿਨ ਚੁਣਨ ’ਤੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਅੱਜ ਤੋਂ 2 ਵਰੇ ਪਹਿਲਾਂ 26 ਜਨਵਰੀ 2021 ਨੂੰ ਮੋਦੀ ਹਕੂਮਤ ਨੇ ਫਿਰਕੂ ਪੱਤਾ ਖੇਡ ਦਿਆਂ ਸੰਘਰਸ਼ ਤੋਂ ਪਰਾਈਆਂ ਫਿਰਕੂ ਸ਼ਕਤੀਆਂ ਨਾਲ ਨੰਗੀ ਚਿੱਟੀ ਸਾਂਠਗਾਂਠ ਕਰਦਿਆਂ ਸੰਘਰਸ਼ ਨੂੰ ਕੁਚਲਨ ਦੀ ਸਾਜਿਸ ਰਚੀ ਸੀ ਜੋ ਕਿ ਕਿਸਾਨ ਜਨਤਾ ਦੀ ਤਾਕਤ ਦੇ ਜ਼ੋਰ ਅਤੇ ਕਿਸਾਨ ਸੰਘਰਸ਼ ਅੰਦਰਲੀਆਂ ਅਹਿਮ ਕਿਸਾਨ ਜਥੇਬੰਦੀਆਂ ਦੀ ਦਰੁਸਤ ਪੁਹੰਚ ਤੇ ਦਮਖਮ ਦੇ ਜ਼ੋਰ ਨਕਾਮ ਕਰ ਦਿੱਤੀ ਗਈ ਸੀ, ਜਿਸਦੇ ਚੱਲਦੇ ਉਕਤ ਦਿਨ ਜੀਂਦ ਦੀ ਕਿਸਾਨ ਮਹਾਂ ਪੰਚਾਇਤ ਅੰਦਰ ਸੰਯੁਕਤ ਕਿਸਾਨ ਮੋਰਚੇ ਨੂੰ ਹੋਰ ਮਜਬੂਤ ਕਰਨ;ਪੰਜਾਬ ਹਰਿਆਣਾ ਦੇ ਕਿਸਾਨਾਂ ਦੀ ਏਕਤਾ ਨੂੰ ਹੋਰ ਮਜਬੂਤ ਕਰਨ ਤੇ ਮੋਦੀ ਹਕੂਮਤ ਦੇ ਫਿਰਕੂ-ਫਾਸ਼ੀ ਮਨਸੂਬਿਆਂ ਨੂੰ ਨਕਾਮ ਕਰਨ ਦਾ ਅਹਿਦ ਲਿਆ ਜਾਵੇਗਾ । ਮਹਾਂ ਪੰਚਾਇਤ ਲਈ ਤਿਆਰੀਆਂ ਦੀ ਗੱਲ ਕਰਦਿਆਂ,ਜਥੇਬੰਦੀ ਦੇ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਾਡੀ ਜਥੇਬੰਦੀ ਵੱਲੋਂ ਇਹਨਾਂ ਤਿਆਰੀਆਂ ਲਈ ਵਿਸ਼ਾਲ ਕਿਸਾਨ ਮੀਟਿੰਗਾਂ, ਰੈਲੀਆਂ, ਮੋਟਰਸਾਈਕਲ ਮਾਰਚਾਂ ਤੇ ਨੁੱਕੜ ਨਾਟਕਾਂ ਦੇ ਰੂਪ ਚ ਵਿਸ਼ਾਲ ਮੁਹਿਮ ਜਥੇਬੰਦ ਕੀਤੀ ਗਈ ਹੈ।
ਹਿਮਾਚਲ ਦੀ ਤਰਜ਼ ’ਤੇ ਪੰਜਾਬ ’ਚ ਬਾਹਰੀ ਵਿਅਕਤੀਆਂ ’ਤੇ ਜਾਇਦਾਦ ਖ਼ਰੀਦਣ ਦੀ ਰੋਕ ਸਬੰਧੀ ਕਾਂਗਰਸ ਨੇ ਪ੍ਰਾਈਵੇਟ ਲਿਆਉਣ ਲਈ ਸਪੀਕਰ ਤੋਂ ਮੰਗੀ ਇਜ਼ਾਜਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਜਨਵਰੀ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸ ਦੇ ਸੀਨੀਅਰ ਵਿਧਾਇਕ ਅਤੇ ਸਾਬਕਾ ਲੀਡਰ ਵਿਰੋਧੀ ਧਿਰ ਸੁਖਪਾਲ ਸਿੰਘ ਖ਼ਹਿਰਾ ਨੇ ਹਿਮਾਚਲ ਪ੍ਰਦੇਸ਼ ਦੀ ਤਰਜ਼ ’ਤੇ ਪੰਜਾਬ ਵਿਚ ਵੀ ਬਾਹਰੀ ਸੂਬਿਆਂ ਦੇ ਵਿਅਕਤੀਆਂ ਉਪਰ ਜਾਇਦਾਦ ਦੀ ਖ਼ਰੀਦੋ-ਫ਼ਰੌਖਤ ਦੀ ਰੋਕ ਲਗਾਉਣ ਸਬੰਧੀ ਵਿਧਾਨ ਸਭਾ ਦੇ ਆਗਾਮੀ ਸ਼ੈਸਨ ਵਿਚ ਪ੍ਰਾਈਵੇਟ ਬਿੱਲ ਲਿਆਉਣ ਦੀ ਇਜ਼ਾਜਤ ਮੰਗੀ ਹੈ। ਅੱਜ ਇਸ ਸਬੰਧ ਵਿਚ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਦੇ ਨਾਲ ਮਿਲਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਇੱਕ ਪੱਤਰ ਸੌਪਦਿਆਂ ਸ: ਖ਼ਹਿਰਾ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਬਿਹਤਰ ਰੋਜ਼ੀ-ਰੋਟੀ ਦੀ ਭਾਲ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਪਰਵਾਸ ਕੀਤਾ ਹੈ। ਜੇਕਰ ਮੋਟੇ ਤੌਰ ’ਤੇ ਅੰਦਾਜ਼ਾ ਲਗਾਇਆ ਜਾਵੇ ਤਾਂ ਪੰਜਾਬ ਦੀ ਕੁੱਲ 2.75 ਕਰੋੜ ਦੀ ਆਬਾਦੀ ਦਾ ਛੇਵਾਂ ਹਿੱਸਾ, ਭਾਵ ਸਾਡੇ 50 ਲੱਖ ਦੇ ਕਰੀਬ ਲੋਕ ਵਿਦੇਸ਼ਾਂ ਵਿਚ ਜਾ ਵਸੇ ਹਨ। ਵੱਡੇ ਪੱਧਰ ’ਤੇ ਪਰਵਾਸ ਦੇ ਇਸ ਰੁਝਾਨ ਕਾਰਨ ਪੰਜਾਬ ਨੇ ਨਾ ਸਿਰਫ਼ ਆਪਣੇ ਵਧੀਆ ਪੜ੍ਹੇ-ਲਿਖੇ, ਸਿੱਖਿਅਤ ਅਤੇ ਹੁਨਰਮੰਦ ਮਨੁੱਖੀ ਵਸੀਲੇ ਗੁਆ ਦਿੱਤੇ ਹਨ, ਸਗੋਂ ਇਸਨੇ ਸਾਡੇ ਸੂਬੇ ਦੀ ਆਰਥਿਕਤਾ ਨੂੰ ਵੀ ਖੋਖਲਾ ਕਰ ਦਿੱਤਾ ਹੈ।
ਪੰਜਾਬ ਉਪਰ ਨਕਾਰਾਤਮਕ ਵਿੱਤੀ ਪ੍ਰਭਾਵ ਤੋਂ ਇਲਾਵਾ, ਇੰਨੇ ਵੱਡੇ ਪੱਧਰ ’ਤੇ ਆਬਾਦੀ ਦੇ ਜਾਣ ਨਾਲ ਜਨਸੰਖਿਆ ਦੀ ਸਥਿਤੀ ਵਿਚ ਵੀ ਭਾਰੀ ਤਬਦੀਲੀ ਸ਼ੁਰੂ ਕੀਤੀ ਹੈ। ਇਸ ਸਿਲਸਿਲੇ ਵਿਚ ਪੰਜਾਬੀਆਂ ਦੀ ਪਛਾਣ ਗੰਭੀਰ ਖ਼ਤਰੇ ਵਿਚ ਹੈ, ਕਿਉਂਕਿ ਸਾਡੇ ਸੂਬੇ ਵਿਚ ਲੱਖਾਂ ਗੈਰ-ਪੰਜਾਬੀ ਪੱਕੇ ਤੌਰ ’ਤੇ ਰਹਿਣ ਲੱਗ ਪਏ ਹਨ। ਉਪਰੋਕਤ ਜ਼ਿਕਰ ਕੀਤੇ ਜਨਸੰਖਿਆ ਦੇ ਸੰਕਟ ਤੋਂ ਇਲਾਵਾ, ਸਾਡੇ ਨੌਜਵਾਨਾਂ ਦੇ ਦੂਜੇ ਦੇਸ਼ਾਂ ਵਿੱਚ ਪਰਵਾਸ ਕਾਰਨ ਕੇਂਦਰੀ ਸੇਵਾਵਾਂ ਅਤੇ ਹਥਿਆਰਬੰਦ ਬਲਾਂ ਵਿੱਚ ਪੰਜਾਬੀਆਂ ਦੀ ਗਿਣਤੀ ਵਿੱਚ ਆਈ ਤੇਜ਼ੀ ਨਾਲ ਗਿਰਾਵਟ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਗੈਰ-ਪੰਜਾਬੀਆਂ ਦੇ ਰੁਜ਼ਗਾਰ ਦੇ ਮੌਕਿਆਂ ਲਈ ਆਪਣੇ ਸੂਬੇ ਵਿੱਚ ਆਉਣ ਦੇ ਵਿਰੁੱਧ ਨਹੀਂ ਹਨ ਪ੍ਰੰਤੂ ਉਨ੍ਹਾਂ ਦਾ ਪੰਜਾਬ ਵਿੱਚ ਪੱਕੇ ਤੌਰ ’ਤੇ ਵਸਣਾ, ਵਾਹੀਯੋਗ ਜ਼ਮੀਨਾਂ ਦੇ ਮਾਲਕ ਬਣਨਾ, ਪੱਕੇ ਵੋਟਰ ਬਣਨਾ ਆਦਿ ਸਾਡਾ ਮੁੱਦਾ ਹੈ, ਜਿਸ ਨਾਲ ਪੰਜਾਬੀਆਂ ਦੀ ਵਿਸ਼ੇਸ਼ ਪਛਾਣ ਖਤਰੇ ਵਿਚ ਪੈਂਦੀ ਹੈ। ਜਿਸਦੇ ਚੱਲਦੇ ਜੇਕਰ ਇਸ ਰੁਝਾਨ ਨੂੰ ਤੁਰੰਤ ਜੜ੍ਹੋਂ ਨਾ ਪੁੱਟਿਆ ਗਿਆ ਤਾਂ ਅਗਲੇ 20-25 ਸਾਲਾਂ ਵਿੱਚ ਪੰਜਾਬੀਆਂ ਖਾਸ ਕਰਕੇ ਸਿੱਖ ਆਪਣੀ ਮਾਤ ਭੂਮੀ ਵਿੱਚ ਘੱਟ ਗਿਣਤੀ ਬਣ ਜਾਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹੀ ਕਾਰਨ ਸੀ ਕਿ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਰਾਜਸਥਾਨ ਆਦਿ ਸੂਬਿਆਂ ਨੇ ਆਪਣੀ ਪਛਾਣ ਅਤੇ ਹੋਂਦ ਦੀ ਰਾਖੀ ਲਈ, ਬਾਹਰੀ ਲੋਕਾਂ ਨੂੰ ਖੇਤੀ ਵਾਲੀ ਜ਼ਮੀਨ ਖਰੀਦਣ ਤੋਂ ਰੋਕਣ ਲਈ ਆਪਣੇ-ਆਪਣੇ ਸੂਬਿਆਂ ਵਿਚ ਕਾਨੂੰਨ ਪਾਸ ਕੀਤੇ ਅਤੇ ਉਹ ਆਪਣੇ ਸੂਬਿਆਂ ਦੇ ਪੱਕੇ ਨਿਵਾਸੀ ਬਣ ਸਕਣ। ਜਿਸਦੇ ਚੱਲਦੇ ਇਸ ਸਬੰਧ ਵਿੱਚ ਉਹ ਹਿਮਾਚਲ ਪ੍ਰਦੇਸ਼ ਕਿਰਾਏਦਾਰੀ ਐਕਟ, 1972 ਦੀ ਉਪਰੋਕਤ ਧਾਰਾ 118 ਦਾ ਹਵਾਲਾ ਦੇ ਰਿਹਾ ਹਾਂ ਤਾਂ ਜੋ ਸਾਰੇ ਗੈਰ-ਪੰਜਾਬੀਆਂ ਨੂੰ ਪੰਜਾਬ ਵਿੱਚ ਖੇਤੀਬਾੜੀ ਜ਼ਮੀਨ ਖਰੀਦਣ ਤੋਂ ਰੋਕਿਆ ਜਾ ਸਕੇ। ਹਿਮਾਚਲ ਪ੍ਰਦੇਸ਼ ਦੇ ਉਕਤ ਐਕਟ ਦੇ ਅਨੁਸਾਰ ਕਾਨੂੰਨ ਦੀ ਉਚਿਤ ਪ੍ਰਕਿਰਿਆ ਦੀ ਪਾਲਣਾ ਕਰਨ ਤੋਂ ਬਾਅਦ ਉਦਯੋਗ ਸਥਾਪਤ ਕਰਨ ਜਾਂ ਖੇਤੀਬਾੜੀ ਜ਼ਮੀਨ ਖਰੀਦਣ ਦੀਆਂ ਤਜਵੀਜ਼ਾਂ ਹਨ। ਸ: ਖ਼ਹਿਰਾ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਸ ਵੱਲੋਂ ਪੇਸ਼ ਕੀਤੇ ਪ੍ਰਾਈਵੇਟ ਮੈਂਬਰ ਬਿੱਲ ਨੂੰ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਹਿਮਾਚਲ ਪ੍ਰਦੇਸ਼ ਵਾਂਗ ਕਾਨੂੰਨ ਬਣਾਉਣ ਲਈ ਪੇਸ਼ ਕੀਤਾ ਜਾਵੇ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਪਛਾਣ ਅਤੇ ਹੋਂਦ ਸੁਰੱਖਿਅਤ ਹੋ ਸਕੇ।
ਬਠਿੰਡਾ ਨਗਰ ਨਿਗਮ ’ਚ ਉਥਲ ਪੁਥਲ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਕੋਂਸਲਰਾਂ ਦੀ ਮੀਟਿੰਗ ਸੱਦੀ
ਕੀਤਾ ਦਾਅਵਾ ਬਠਿੰਡਾ ਸ਼ਹਿਰੀ ਹਲਕੇ ’ਚ ਪਾਰਟੀ ਦੀ ਮਜਬੂਤੀ ਲਈ ਬੁਲਾਏ ਸਨ ਆਗੂ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ :-ਬਠਿੰਡਾ ਨਗਰ ਨਿਗਮ ਅੰਦਰ ਕਾਂਗਰਸ ਪਾਰਟੀ ’ਚ ਨਵਾਂ ਮੇਅਰ ਬਣਾਉਣ ਨੂੰ ਲੈ ਕੇ ਚੱਲ ਰਹੀ ਸਿਆਸੀ ਕਸ਼ਮਕਸ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਠਿੰਡਾ ਸ਼ਹਿਰ ਨਾਲ ਸਬੰਧਤ ਅਕਾਲੀ ਕੋਂਸਲਰਾਂ ਦੀ ਪਿੰਡ ਬਾਦਲ ਵਿਖੇ ਮੀਟਿੰਗ ਸੱਦੀ ਗਈ। ਇਸਤੋਂ ਇਲਾਵਾ ਕਾਂਗਰਸ ਦੇ ਅਕਾਲੀ ਪਿਛੋਕੜ ਵਾਲੇ ਕੁੱਝ ਕੋਂਸਲਰਾਂ ਨੂੰ ਅਕਾਲੀ ਆਗੂਆਂ ਵਲੋਂ ਫ਼ੋਨ ਆਉਣ ਦੀ ਵੀ ਚਰਚਾ ਹੈ। ਹਾਲਾਂਕਿ ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਮੀਟਿੰਗ ਨਿਗਮ ਦੇ ਕਿਸੇ ਮੁੱਦੇ ਨਾਲ ਸਬੰਧਤ ਨਹੀਂ ਸੀ, ਬਲਕਿ ਇਸ ਵਿਚ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਨੂੰ ਮਜਬੂਤ ਕਰਨ ਲਈ ਚਰਚਾਵਾਂ ਕੀਤੀਆਂ ਗਈਆਂ। ਪ੍ਰੰਤੂ ਅਕਾਲੀਆਂ ਦੇ ਇਸ ਤਰਕ ਦੇ ਬਾਵਜੂਦ ਮੀਟਿੰਗ ਦੀ ‘ਟਾਈਮਿੰਗ’ ਨੂੰ ਲੈ ਕੇ ਸ਼ਹਿਰ ਦੀ ਸਿਆਸਤ ਵਿਚ ਰੁਚੀ ਰੱਖਣ ਵਾਲੇ ਲੋਕ ਇਸ ਮੀਟਿੰਗ ਦੇ ਆਪੋ-ਆਪਣੀ ਸਮਝ ਮੁਤਾਬਕ ਨਤੀਜ਼ੇ ਕੱਢ ਰਹੇ ਹਨ। ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਤੇ ਹੁਣ ਉਨ੍ਹਾਂ ਵਲੋਂ ਬਠਿੰਡਾ ਨਿਗਮ ਦੇ ਕਾਂਗਰਸੀ ਮੇਅਰ ਅਤੇ ਹੋਰਨਾਂ ਕੋਂਸਲਰਾਂ ਨੂੰ ਅਪਣੇ ਪਾਲੇ ਵਿਚ ਲਿਆਉਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਜਦੋਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਦੀ ਅਗਵਾਈ ਹੇਠ ਕਾਂਗਰਸੀਆਂ ਵਲੋਂ ਸ: ਬਾਦਲ ਦੇ ਨਜਦੀਕੀ ਮੰਨੀ ਜਾਂਦੇ ਮਹਿਲਾ ਮੇਅਰ ਰਮਨ ਗੋਇਲ ਨੂੰ ਕੁਰਸੀ ਤੋਂ ਉਤਾਰਨ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਇਸਦੇ ਚੱਲਦੇ 50 ਮੈਂਬਰੀ ਨਿਗਮ ਦੇ ਜਨਰਲ ਹਾਊਸ ਵਿਚ ਇਕੱਲੇ-ਇਕੱਲੇ ਮੈਂਬਰ ਦੀ ਅਹਿਮ ਭੂਮਿਕਾ ਬਣੀ ਹੋਈ ਹੈ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਹੇ ਸਰੂਪ ਸਿੰਗਲਾ ਨੇ ਹਾਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਦੋਸ਼ ਲਗਾਉਂਦਿਆਂ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ ਕਿ ਬਾਦਲ ਪ੍ਰਵਾਰ ਨੇ ਪਾਰਟੀ ਦੀ ਬਜਾਏ ਪ੍ਰਵਾਰਵਾਦ ਨੂੰ ਤਰਜੀਹ ਦਿੰਦਿਆਂ ਮਨਪ੍ਰੀਤ ਸਿੰਘ ਬਾਦਲ ਦੀ ਸਿਆਸੀ ਤੌਰ ’ਤੇ ਇਮਦਾਦ ਕੀਤੀ ਹੈ। ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਲੋਕ ਸਭਾ ਚੋਣਾਂ ਲੜਣ ਵਾਲੇ ਰਾਜਾ ਵੜਿੰਗ ਨੇ ਵੀ ਅਜਿਹੇ ਦੋਸ਼ ਲਗਾਏ ਸਨ। ਜਿਸਦੇ ਚੱਲਦੇ ਆਮ ਲੋਕਾਂ ਵਿਚ ਸਿਆਸੀ ਤੌਰ ’ਤੇ ਵਿਛੜੇ ਹੋਏ ਦੋਨਾਂ ਬਾਦਲ ਪ੍ਰਵਾਰਾਂ ਵਿਚਕਾਰ ਇੱਕ ਸਮਝ ਪੈਦਾ ਹੋਣ ਦੀ ਚਰਚਾ ਚੱਲਦੀ ਆ ਰਹੀ ਹੈ, ਹਾਲਾਂਕਿ ਦੋਨੋਂ ਪ੍ਰਵਾਰ ਇਸ ਚਰਚਾ ਨੂੰ ਨਿਰਮੂਲ ਸਿਆਸੀ ਸਗੂਫ਼ੇ ਕਰਾਰ ਦਿੰਦੇ ਆ ਰਹੇ ਹਨ। ਉਧਰ ਇੰਨ੍ਹਾਂ ਸਿਆਸੀ ਚਰਚਾਵਾਂ ਨੂੰ ਰੱਦ ਕਰਦਿਆਂ ਅੱਜ ਦੀ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਦਸਿਆ ਕਿ ਇਸ ਮੀਟਿੰਗ ਵਿਚ ਇਕੱਲੇ ਕੋਂਸਲਰ ਹੀ ਨਹੀਂ ਸਨ, ਬਲਕਿ ਸ਼ਹਿਰ ਦੇ ਸਮੂਹ ਅਕਾਲੀ ਅਹੁੱਦੇਦਾਰ ਵੀ ਮੌਜੂਦ ਸਨ ਤੇ ਇਸ ਦੌਰਾਨ ਨਿਗਮ ਦੇ ਮਾਮਲੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਤੇ ਸਿਰਫ਼ ਪਾਰਟੀ ਨੂੰ ਹਲਕੇ ਵਿਚ ਮਜਬੂਤ ਕਰਨ ਸਬੰਧੀ ਪ੍ਰਧਾਨ ਨੇ ਨੁਕਤੇ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਦੌਰਾਨ ਸੀਨੀਅਰ ਆਗੂਆਂ ਅਤੇ ਕੌਂਸਲਰਾਂ ਨੂੰ ਆਉਣ ਵਾਲੀ ਲੋਕ ਸਭਾ ਚੋਣ ਲਈ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਬੂਥ ਪੱਧਰੀ ਕਮੇਟੀਆਂ ਬਣਾ ਕੇ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਮੀਟਿੰਗ ਵਿਚ ਨਗਰ ਨਿਗਮ ਬਠਿੰਡਾ ਦੇ ਪਹਿਲੇ ਮੇਅਰ ਰਹੇ ਬਲਜੀਤ ਸਿੰਘ ਬੀੜ ਬਹਿਮਣ, ਸੀਨੀਅਰ ਆਗੂ ਮੋਹਿਤ ਗੁਪਤਾ, ਦਲਜੀਤ ਸਿੰਘ ਬਰਾੜ, ਚਮਕੌਰ ਸਿੰਘ ਮਾਨ, ਨਿਰਮਲ ਸਿੰਘ ਸੰਧੂ, ਹਰਪਾਲ ਸਿੰਘ ਢਿੱਲੋਂ ਐਮ ਸੀ, ਮੱਖਣ ਸਿੰਘ ਠੇਕੇਦਾਰ ਐਮ ਸੀ,ਰਣਦੀਪ ਸਿੰਘ ਰਾਣਾ ਐਮ ਸੀ, ਹਰਜਿੰਦਰ ਸਿੰਘ ਛਿੰਦਾ ਐਮ ਸੀ ਅਤੇ ਕੌਂਸਲਰ ਸ਼ੈਰੀ ਗੋਇਲ, ਪ੍ਰੈਸ ਸਕੱਤਰ ਡਾਕਟਰ ਓਮ ਪ੍ਰਕਾਸ਼ ਸ਼ਰਮਾ ਆਦਿ ਮੌਜੂਦ ਸਨ।
ਬਾਕਸ
ਕਾਂਗਰਸ ਦੇ ਦਲਿਤ ਭਾਈਚਾਰੇ ਦੇ ਕੋਂਸਲਰਾਂ ਨੇ ਵੀ ਮੰਗਿਆ ਆਪਣਾ ਹੱਕ
ਬਠਿੰਡਾ: ਉਧਰ ਨਿਗਮ ਵਿਚ ਸਿਆਸੀ ਕਸ਼ਮਕਸ਼ ਦੌਰਾਨ ਕਾਂਗਰਸ ਪਾਰਟੀ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਕੋਂਸਲਰਾਂ ਨੇ ਅਪਣਾ ਹੱਕ ਮੰਗਿਆ ਹੈ। ਪਾਰਟੀ ਦੇ ਬਲਾਕ ਪ੍ਰਧਾਨ ਅਤੇ ਕੋਂਸਲਰ ਹਰਵਿੰਦਰ ਸਿੰਘ ਲੱਡੂ ਨੇ ਕਿਹਾ ਕਿ ਨਿਗਮ ਦੇ ਤਿੰਨ ਅਹੁੱਦੇ ਹਨ ਤੇ ਉਨ੍ਹਾਂ ਦੇ ਭਾਈਚਾਰੇ ਨੂੰ ਵੀ ਨੁਮਾਇੰਦਗੀ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਦੋ ਸਾਲ ਪਹਿਲਾਂ ਨਿਗਮ ਦੇ ਅਹੁੱਦੇਦਾਰਾਂ ਦੀ ਚੋਣ ਸਮੇਂ ਉਨ੍ਹਾਂ ਨੂੰ ਬਿਲਕੁੱਲ ਅਣਗੋਲਿਆ ਕਰ ਦਿੱਤਾ ਸੀ।
ਮੁੱਖ ਮੰਤਰੀ ਦਾ ਕਾਲੇ ਝੰਡਿਆ ਨਾਲ ‘‘ਸੁਆਗਤ ’’ ਲਈ ਮਜ਼ਦੂਰ ਜੱਥੇਬੰਦੀਆਂ ਕੀਤੀ ਠੋਸ ਵਿਉਂਤਬੰਦੀ
26 ਜਨਵਰੀ ਨੂੰ ਹੋਵੇਗਾ ਜਚਕੇ ਤਿੱਖਾ ਪ੍ਰਦਰਸ਼ਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,22 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਜ਼ਦੂਰ ਮੰਗਾਂ ਦੇ ਹੱਲ ਲਈ ਰੱਖੀਆਂ ਮੀਟਿੰਗਾਂ ਵਿੱਚ ਵਾਰ-ਵਾਰ ਗੈਰਹਾਜ਼ਰ ਰਹਿਕੇ ਹਾਸੀਏ ’ਤੇ ਧੱਕੇ ਦਲਿਤ ਮਜ਼ਦੂਰਾਂ ਦੇ ਕੀਤੇ ਜਾ ਰਹੇ ਨਿਰਾਦਰ ਅਤੇ ਮਜ਼ਦੂਰ ਆਗੂਆਂ ਨੂੰ ਮੀਟਿੰਗ ਨਾ ਦੇਣ ਦੀ ਫੜੀ ਜਿੱਦ ਦਾ ਡਟਵਾ ਵਿਰੋਧ ਕਰਨ ਲਈ ਜਿਲਾ ਬਠਿੰਡਾ ਦੀਆਂ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 26 ਜਨਵਰੀ ਨੂੰ ਬਠਿੰਡਾ ਵਿਖੇ ‘‘ਮੁੱਖ ਮੰਤਰੀ ਹਾਜ਼ਰ ਹੋ ’’ ਦੇ ਬੈਨਰ ਹੇਠ ਮੁੱਖ ਮੰਤਰੀ ਦਾ ਕਾਲੇ ਝੰਡਿਆਂ ਨਾਲ ਜਬਰਦਸਤ ਵਿਰੋਧ ਕਰਨ ਦੇ ਉਲੀਕੇ ਪ੍ਰੋਗਰਾਮ ਵਿੱਚ ਮਜ਼ਦੂਰ ਦੀ ਪਰਿਵਾਰਾਂ ਸਮੇਤ ਸਮੂਲੀਅਤ ਕਰਵਾਉਣ ਲਈ ਮੀਟਿੰਗ ਵਿੱਚ ਠੋਸ ਵਿਉਂਤਬੰਦੀ ਕੀਤੀ ਗਈ । ਅੱਜ ਜਿਲਾ ਬਠਿੰਡਾ ਦੀਆਂ ਮਜ਼ਦੂਰ ਜੱਥੇਬੰਦੀਆ ਦੇ ਆਗੂ ਸੁਖਜੀਵਨ ਸਿੰਘ ਮੌੜ ਚੜਤ ਸਿੰਘ ( ਮਜ਼ਦੂਰ ਮੁਕਤੀ ਮੋਰਚਾ ) ਮਲਕੀਤ ਸਿੰਘ ਸੇਲਵਰਹਾ ( ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ) ਦਿਹਾਤੀ ਮਜ਼ਦੂਰ ਸਭਾ ਪੰਜਾਬ ( ਪ੍ਰਕਾਸ਼ ਸਿੰਘ ਨੰਦਗੜ ਤੇ ਮੱਖਣ ਸਿੰਘ ਤਲਵੰਡੀ ) ਪੰਜਾਬ ਖੇਤ ਮਜ਼ਦੂਰ ਸਭਾ ( ਸੁਰਜੀਤ ਸਿੰਘ ਸਰਦਾਰਗੜ ) ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ( ਅਮੀ ਲਾਲ ) ਪੰਜਾਬ ਖੇਤ ਮਜ਼ਦੂਰ ਯੂਨੀਅਨ ( ਜੋਰਾ ਸਿੰਘ ਨਸਰਾਲੀ ) ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ( ਮੇਜਰ ਸਿੰਘ ਖਿਆਲੀ ਵਾਲਾ ਆਦਿ ਆਗੂਆਂ ਦੀ ਮੀਟਿੰਗ ਟੀਚਰ ਹੋਮ ਬਠਿੰਡਾ ਵਿਖੇ ਕੁਲਵੰਤ ਸਿੰਘ ਸੇਲਵਰਹਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਸਰਕਾਰ ਵਿਰੁੱਧ ਚੱਲ ਰਹੀ ਪਰਦਾਫਾਸ ਮੁਹਿੰਮ ਅੱਜ ਤੋਂ ਮੁੱਖ ਰੂਪ ਵਿੱਚ 26 ਜਨਵਰੀ ਨੂੰ ਬਠਿੰਡਾ ਵਿੱਚ ਮੁੱਖ ਮੰਤਰੀ ਦਾ ਕਾਲੇ ਝੰਡਿਆ ਨਾਲ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਨੂੰ ਸਫਲ ਕਰਨ ’ਤੇ ਕੇਂਦਰਿਤ ਹੋਵੇਗੀ । ਠੋਸ ਵਿਉਂਤਬੰਦੀ ਨੂੰ ਅਨੁਸਾਰ ਪਿੰਡ ਪਿੰਡ ਮੀਟਿੰਗਾ ਰੈਲੀਆ ਤੇ ਨੁਕੜ ਸੰਪਰਕ ਕਰਕੇ ‘ ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆ ਦੇ ਵਿਹੜੇ ‘ ਗੀਤ ਗਾਉਣ ਵਾਲੇ ਭਗਵੰਤ ਮਾਨ ਦੀ ਮਜ਼ਦੂਰਾਂ ਨਾਲ ਮੀਟਿੰਗਾਂ ਕਰਨ ਦਾ ਸਮਾ ਦੇਕੇ ਵਾਰ ਵਾਰ ਮੁੱਕਰਨ ਦੀ ਮਜ਼ਦੂਰ ਵਿਰੋਧੀ ਮਾਨਸਿਕਤਾ ਨੂੰ ਜੱਗ ਜਾਹਰ ਕੀਤਾ ਜਾਵੇਗਾ । ਇਸ ਮੁਹਿੰਮ ਨੂੰ ਸਫਲ ਕਰਨ ਲਈ ਆਗੂਆਂ ਨੂੰ ਤਾਇਨਾਤ ਕੀਤਾ ਗਿਆ । ਉਨਾਂ ਕਿਹਾ ਕਿ ਮਜ਼ਦੂਰ ਜੱਥੇਬੰਦੀਆਂ ਤਿੱਖਾ ਵਿਰੋਧ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ’ਤੇ ਮਜ਼ਦੂਰਾਂ ਨਾਲ? ਤੁਰੰਤ ਮੀਟਿੰਗ ਕਰਨ ਲਈ ਦਬਾਅ ਲਾਮਬੰਦ ਕਰਨਗੀਆ । ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ 9 , 10 ਤੇ 11ਫਰਵਰੀ ਨੂੰ ਪੰਜਾਬ ਭਰ ਚ ਮੰਤਰੀਆਂ ਦੇ ਘਰਾਂ ਵੱਲ ਕੀਤੇ ਜਾ ਰਹੇ ਰੋਸ ਮਾਰਚਾਂ ਵਿੱਚ ਵੀ ਹਜਾਰਾਂ ਮਜ਼ਦੂਰ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ । ਮਜ਼ਦੂਰ ਆਗੂਆਂ ਨੇ ਕਿਹਾ ਕਿ ਸਾਂਝਾ ਮੋਰਚਾ ਪੰਜਾਬ ਵੱਲੋਂ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦੀ ਗਰੰਟੀ ਕਰਨ, ਦਿਹਾੜੀ 700 ਰੁਪਏ ਕਰਨ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਸਸਤੇ ਭਾਅ ਠੇਕੇ ’ਤੇ ਦੇਣ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ, ਕੱਟੇ ਪਲਾਟਾਂ ਦੇ ਕਬਜ਼ੇ ਦੇਣ, ਮਜ਼ਦੂਰਾਂ ਤੇ ਗਰੀਬ ਕਿਸਾਨਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਖ਼ਤਮ ਕਰਨ, ਪੈਨਸ਼ਨ ਦੀ ਰਕਮ ਪੰਜ ਹਜ਼ਾਰ ਰੁਪਏ ਮਹੀਨਾ ਕਰਨ, ਦਲਿਤਾਂ ’ਤੇ ਜ਼ਬਰ ਬੰਦ ਕਰਨ ਅਤੇ ਅੰਦੋਲਨਾਂ ਦੌਰਾਨ ਮਜ਼ਦੂਰਾਂ ਕਿਸਾਨਾਂ ’ਤੇ ਦਰਜ਼ ਕੇਸ ਵਾਪਿਸ ਲੈਣ ਆਦਿ ਮੰਗਾਂ ਨੂੰ ਮਜ਼ਦੂਰ ਜਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਬਦਲਾਅ ਦਾ ਝਾਂਸਾ ਦੇ ਕੇ ਸਤਾ ’ਚ ਆਈ ਆਪ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਮਜ਼ਦੂਰਾਂ ਦੇ ਹੱਕੀ ਮਸਲੇ ਹੱਲ ਕਰਨੇ ਤਾਂ ਦੂਰ ਉਹਨਾਂ ਨੂੰ ਸੁਣਨ ਤੋਂ ਇਨਕਾਰੀ ਹੋ ਰਹੇ ਹਨ।
ਪੰਜਾਬ ਪੁਲਿਸ ਨੇ ਬੀ.ਐਸ.ਐਫ. ਨਾਲ ਸਾਂਝੇ ਆਪ੍ਰੇਸ਼ਨ ਤਹਿਤ ਅੰਮ੍ਰਿਤਸਰ ਵਿੱਚ 5 ਕਿਲੋ ਹੈਰੋਇਨ ਨਾਲ ਲੱਦਿਆ ਹਾਈਟੈਕ ਡਰੋਨ ਕੀਤਾ ਢੇਰ
ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਬਰਾਮਦ ਕੀਤਾ ਗਿਆ ਇਹ ਛੇਵਾਂ ਡਰੋਨ ਹੈ: ਡੀਜੀਪੀ ਗੌਰਵ ਯਾਦਵ
ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ, 22 ਜਨਵਰੀ:ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਜਾਰੀ ਜੰਗ ਤਹਿਤ ਇੱਕ ਹੋਰ ਵੱਡੀ ਸਫਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਬਾਰਡਰ ਚੌਂਕੀ (ਬੀ.ਓ.ਪੀ.) ਕੱਕੜ ਦੇ ਖੇਤਰ ਵਿੱਚ ਚਲਾਈ ਤਲਾਸ਼ੀ ਮੁਹਿੰਮ ਤਹਿਤ 5 ਕਿਲੋ ਹੈਰੋਇਨ ਨਾਲ ਲੱਦੇ ਇੱਕ ਆਧੁਨਿਕ ਹੈਕਸਾਕਾਪਟਰ ਡਰੋਨ ਨੂੰ ਢੇਰ ਕਰ ਦਿੱਤਾ ਹੈ । ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਨਸ਼ਟ ਕੀਤਾ ਗਿਆ ਇਹ ਛੇਵਾਂ ਡਰੋਨ ਹੈ। ਉਨਾਂ ਦੱਸਿਆ ਕਿ 10 ਲੱਖ ਰੁਪਏ ਦੀ ਕੀਮਤ ਵਾਲੇ ਇਸ ਹਾਈਬਿਰਡ 6-ਵਿੰਗਡ ਡਰੋਨ ਨੂੰ ਅਮਰੀਕਾ ਅਤੇ ਚੀਨ ਵਿੱਚ ਤਿਆਰ ਕੀਤੇ ਪੁਰਜਿਆਂ ਨਾਲ ਅਸੈਂਬਲ ਕੀਤਾ ਗਿਆ ਅਤੇ ਇਹ ਲੰਬੇ ਸਮੇਂ ਤੱਕ ਚੱਲਣ ਵਾਲੇ ਬੈਟਰੀ ਬੈਕਅਪ ਅਤੇ ਇਨਫਰਾਰੈੱਡ ਅਧਾਰਤ ਨਾਈਟ ਵਿਜ਼ਨ ਕੈਮਰਾ ਅਤੇ ਜੀ.ਪੀ.ਐਸ. ਸਿਸਟਮ ਸਮੇਤ ਹਾਈ-ਟੈਕ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਭਾਰਤ-ਪਾਕਿ ਸਰਹੱਦ ‘ਤੇ ਡਰੋਨ ਦੀ ਹਲਚਲ ਨੂੰ ਦੇਖਦਿਆਂ, ਅੰਮਿਰਤਸਰ ਦਿਹਾਤੀ ਜਿਲੇ ਦੀਆਂ ਪੁਲਿਸ ਟੀਮਾਂ ਨੇ ਤੁਰੰਤ ਬੀਐਸਐਫ ਨਾਲ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਸਾਂਝੇ ਤੌਰ ‘ਤੇ ਪਿੰਡ ਕੱਕੜ , ਜੋ ਭਾਰਤ-ਪਾਕਿ ਸਰਹੱਦ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ’ਤੇ ਹੈ, ਦੇ ਖੇਤਰ ਵਿੱਚ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਚਲਾਈ। ਉਨਾਂ ਕਿਹਾ ਕਿ ਪੁਲਿਸ ਟੀਮਾਂ ਨੇ ਡਰੋਨ ਨੂੰ ਢੇਰ ਕਰਨ ਲਈ ਏ.ਕੇ.-47 ਤੋਂ ਲਗਭਗ 12 ਬਰਸਟ ਫਾਇਰ ਕੀਤੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਅੰਮਿ?ਰਤਸਰ ਦਿਹਾਤੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ । ਉਨਾਂ ਕਿਹਾ ਕਿ ਡਰੋਨ ਰਾਹੀਂ ਇਸ ਖੇਪ ਭੇਜਣ ਵਾਲੇ ਪਾਕਿ ਸਮੱਗਲਰਾਂ ਅਤੇ ਉਨਾਂ ਦੇ ਭਾਰਤੀ ਸਾਥੀਆਂ , ਜਿਨਾਂ ਨੇ ਡਰੋਨ ਰਾਹੀਂ ਭੇਜੀ ਹੈਰੋਇਨ ਦੀ ਇਹ ਖੇਪ ਪ੍ਰਾਪਤ ਕਰਨੀ ਸੀ, ਬਾਰੇ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ । ਇਸੇ ਦੌਰਾਨ ਥਾਣਾ ਲੋਪੋਕੇ ਅੰਮਿਰਤਸਰ ਦਿਹਾਤੀ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21, 23 ਅਤੇ 28 ਅਤੇ ਏਅਰਕ੍ਰਾਫਟ ਐਕਟ ਦੀਆਂ ਧਾਰਾਵਾਂ 10, 11 ਅਤੇ 12 ਤਹਿਤ ਮੁਕੱਦਮਾ ਨੰਬਰ 12 ਮਿਤੀ 22/1/2023 ਦਰਜ ਕੀਤਾ ਗਿਆ ਹੈ।




