Wednesday, May 20, 2026
Home Blog Page 2249

ਮੁੱਖ ਮੰਤਰੀ ਨੇ ਮਾਰਕਫੈੱਡ ਨੂੰ ਖਪਤਕਾਰਾਂ ਦੇ ਵੱਡੇ ਵਰਗ ਤੱਕ ਪਹੁੰਚ ਲਈ ਬਹੁਪੱਖੀ ਮਾਰਕੀਟਿੰਗ ਮੁਹਿੰਮ ਸ਼ੁਰੂ ਕਰਨ ਲਈ ਆਖਿਆ

0

ਸੂਬੇ ਦੇ ਮੋਹਰੀ ਸਹਿਕਾਰੀ ਅਦਾਰੇ ਦਾ ਨਵੇਂ ਵਰ੍ਹੇ ਦਾ ਕੈਲੰਡਰ ਕੀਤਾ ਜਾਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਪ੍ਰਮੁੱਖ ਸਹਿਕਾਰੀ ਅਦਾਰੇ ਮਾਰਕਫੈੱਡ ਨੂੰ ਬਹੁਪੱਖੀ ਮਾਰਕੀਟਿੰਗ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਸੂਬੇ ਵਿੱਚ ਹੀ ਨਹੀਂ, ਸਗੋਂ ਦੇਸ਼ ਤੇ ਵਿਦੇਸ਼ਾਂ ਦੀ ਮੰਡੀ ਵਿੱਚ ਵੀ ਖਪਤਕਾਰਾਂ ਦੇ ਵੱਡੇ ਹਿੱਸੇ ਨੂੰ ਮਿਆਰੀ ਉਤਪਾਦ ਮੁਹੱਈਆ ਕੀਤੇ ਜਾ ਸਕਣ। ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿੱਚ ਆਪਣੇ ਦਫ਼ਤਰ ਵਿਖੇ ਸੋਮਵਾਰ ਨੂੰ ਮਾਰਕਫੈੱਡ ਦਾ ਕੈਲੰਡਰ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਹਿਕਾਰੀ ਖੇਤਰ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਅਧਿਕਾਰੀਆਂ ਨੂੰ ਮਾਰਕਫੈੱਡ ਵੱਲੋਂ ਪਹਿਲਾਂ ਤੋਂ ਬਣਾਏ ਜਾ ਰਹੇ ਜਾਂ ਨਵੇਂ ਲਿਆਂਦੇ ਜਾ ਰਹੇ ਉਤਪਾਦਾਂ ਦੀ ਮਕਬੂਲੀਅਤ ਲਈ ਹੋਰ ਸੰਭਾਵਨਾਵਾਂ ਤਲਾਸ਼ਣ ਲਈ ਆਖਿਆ। ਭਗਵੰਤ ਮਾਨ ਨੇ ਕਿਹਾ ਕਿ ਲੱਖਾਂ ਲੋਕਾਂ ਦਾ ਭਰੋਸਾ ਜਿੱਤਣ ਵਾਲੇ ਉਤਪਾਦਾਂ ਨਾਲ ਘਰ-ਘਰ ਵਿੱਚ ਜਾਣੇ-ਪਛਾਣੇ ਬਰਾਂਡ ‘ਸੋਹਣਾ’ ਦੇ ਹੋਰ ਜ਼ਿਆਦਾ ਵਿਕਾਸ ਦੀਆਂ ਵਿਸ਼ਾਲ ਸੰਭਾਵਨਾਵਾਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਮੋਹਰੀ ਸਹਿਕਾਰੀ ਅਦਾਰਿਆਂ ਨੇ ਘਰੇਲੂ ਬਾਜ਼ਾਰ ਵਿੱਚ ਜ਼ਿਕਰਯੋਗ ਹਾਜ਼ਰੀ ਦਰਜ ਕਰਵਾਈ ਹੈ, ਜਦੋਂ ਕਿ ‘ਸੋਹਣਾ’ ਦੇ ਉਤਪਾਦਾਂ ਨੇ ਪੇਂਡੂ ਤੇ ਖੇਤਰੀ ਬਾਜ਼ਾਰ ਉਤੇ ਪੂਰੀ ਤਰ੍ਹਾਂ ਕਾਬਜ਼ ਹੋਣ ਤੋਂ ਬਾਅਦ ਘਰੇਲੂ ਤੇ ਵਿਦੇਸ਼ੀ ਮੰਡੀ ਵਿੱਚ ਵੀ ਆਪਣੀ ਜਗ?ਹਾ ਬਣਾਈ ਹੈ ਅਤੇ ਇਸ ਦੇ ਉਤਪਾਦਾਂ ਦੀ ਵਿਕਰੀ ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਲਗਾਤਾਰ ਵਧ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਘਿਉ, ਰਿਫਾਇੰਡ ਤੇਲ, ਚਟਣੀਆਂ, ਬਾਸਮਤੀ ਚੌਲਾਂ ਅਤੇ ਹੋਰ ਉਤਪਾਦਾਂ ਨਾਲ ਮਾਰਕਫੈੱਡ ਨੇ ਬਾਜ਼ਾਰ ਵਿੱਚ ਆਪਣੀ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਮੋਹਰੀ ਮਾਲਾਂ, ਸਟੋਰਾਂ, ਆਊਟਲੈੱਟਾਂ ਤੇ ਮੈਗਾ ਮਾਰਕੀਟਾਂ ਵਿੱਚ ਆਪਣੇ ਪ੍ਰਮੁੱਖ ਉਤਪਾਦਾਂ ਦੀ ਵਿਕਰੀ ਵਧਾਉਣ ਤੋਂ ਇਲਾਵਾ ਬਰਾਮਦ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਾਰਜਕੁਸ਼ਲ ਮਾਰਕੀਟਿੰਗ ਨੈੱਟਵਰਕ ਵਿਕਸਤ ਕਰਨ ਦੀ ਲੋੜ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਵਿਕਰੀ ਵਿੱਚ ਵੱਡੇ ਪੱਧਰ ਉਤੇ ਵਾਧਾ ਕਰਨ ਲਈ ਢੁਕਵੀਂ ਇਸ਼ਤਿਹਾਰ-ਕਮ-ਮਾਰਕੀਟਿੰਗ ਮੁਹਿੰਮ ਰਾਹੀਂ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਲਈ ਸਮਾਂਬੱਧ ਐਕਸ਼ਨ ਪਲਾਨ ਤਿਆਰ ਕਰਨ ਲਈ ਆਖਿਆ। ਭਗਵੰਤ ਮਾਨ ਨੇ ਕਿਹਾ ਕਿ ਮਾਰਕਫੈੱਡ ਦੀ ਮਾਰਕੀਟਿੰਗ ਟੀਮ ਨੂੰ ਇਸ ਸਹਿਕਾਰੀ ਅਦਾਰੇ ਦੇ ਮਿਆਰੀ ਤੇ ਲੰਮੇ ਸਮੇਂ ਤੋਂ ਪਰਖੇ ਗਏ ਉਤਪਾਦਾਂ ਦੀ ਵਿਕਰੀ ਨੂੰ ਸਿਖ਼ਰ ਉਤੇ ਲੈ ਕੇ ਜਾਣ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕਰਦਿਆਂ ਮਾਰਕਫੈੱਡ ਦੇ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਤਸ਼ਾਹ ਨਾਲ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਆਖਿਆ।

ਆਪ ਸਰਕਾਰ ਦੇ ਫੈਸਲੇ ਪ੍ਰਸ਼ਾਸਨਿਕ ਪਤਨ ਦਾ ਕਾਰਣ ਬਣ ਰਹੇ ਹਨ : ਸੁਖਬੀਰ ਸਿੰਘ ਬਾਦਲ

0

ਕਾਂਗਰਸੀਆਂ ਨੂੰ ਆਖਿਆ ਕਿ ਉਹ ਰਾਹੁਲ ਗਾਂਧੀ ਤੋਂ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਅਤੇ 1984 ਦੇ ਸਿੱਖ ਕਤਲੇਆਮ ਵਿਚ ਉਹਨਾਂ ਦੇ ਪਰਿਵਾਰ ਦੀ ਭੂਮਿਕਾ ਦੇ ਨਾਲ ਨਾਲ ਐਸ ਵਾਈ ਐਲ ਨਹਿਰ ਬਾਰੇ ਸਟੈਂਡ ਪੁੱਛਣ
ਪੰਜਾਬੀ ਖ਼ਬਰਸਾਰ ਬਿਉਰੋ
ਸ਼੍ਰੀ ਮੁਕਤਸਰ ਸਾਹਿਬ/ਮਲੋਟ, 9 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਆਪਣੇ ਬੇਹੂਦਾ ਫੈਸਲਿਆਂ ਨਾਲ ਪੰਜਾਬ ਵਿਚ ਹਫੜਾ ਦਫੜੀ ਦਾ ਮਾਹੌਲ ਪੈਦਾ ਕਰ ਰਹੀ ਹੈ ਜਿਸ ਕਾਰਨ ਪ੍ਰਸ਼ਾਸਨ ਦਾ ਪਤਨ ਹੋ ਰਿਹਾ ਹੈ।ਅੱਜ ਇਥੇ ਮਾਘੀ ਮੇਲੇ ਦੀ ਤਿਆਰੀ ਸਬੰਧੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਪੀ ਐਸ ਅਫਸਰਾਂ ਨੂੰ ਸਮੂਹਿਕ ਛੁੱਟੀ ਲੈਣ ਲਈ ਮਜਬੂਰ ਕਰਨ ਵਾਸਤੇ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਨਜਿੱਠਣਾ ਸਭ ਤੋਂ ਜ਼ਰੂਰੀ ਹੈ ਪਰ ਅਜਿਹਾ ਕਰਦਿਆਂ ਨਿਯਮਾਂ ਤੇ ਪ੍ਰਕਿਰਿਆਵਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸਰਕਾਰ ਨੇ ਪ੍ਰਸ਼ਾਸਨਿਕ ਨਿਯਮਾਂ ਮੁਤਾਬਕ ਸਮਰਥ ਅਥਾਰਟੀ ਤੋਂ ਪ੍ਰਵਾਨਗੀ ਲਏ ਬਗੈਰ ਹੀ ਅਫਸਰਾਂ ਖਿਲਾਫ ਕਾਰਵਾਈ ਕੀਤੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।ਸ: ਬਾਦਲ ਨੇ ਕਿਹਾ ਕਿ ਮਾਲ ਅਫਸਰ ਵੀ ਪੀ ਸੀ ਐਸ ਐਸੋਸੀਏਸ਼ਨ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਸਮੂਹਿਕ ਛੁੱਟੀ ’ਤੇ ਚਲੇ ਗਏ ਹਨ। ਮਾਲ ਅਫਸਰ ਐਸੋਸੀਏਸ਼ਨ ਨੇ ਵੀ ਸਰਕਾਰ ’ਤੇ ਵਸੂਲੀਆਂ ਵਾਲਾ ਰਵੱਈਆ ਅਪਣਾਉਣ ਦੇ ਦੋਸ਼ ਲਗਾਏ ਹਨ ਜਿਹਨਾਂ ਦੀ ਨਿਰਪੱਖ ਜਾਂਚ ਹੋਣਾ ਚਾਹੀਦੀ ਹੈ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਇਹਨਾਂ ਮਾੜੇ ਹਾਲਾਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਸੂਬੇ ਵਿਚ ਮੁੱਖ ਮੰਤਰੀ ਤੇ ਅਫਸਰਸਾਹੀ ਵਿਚਾਲੇ ਸੰਪਰਕ ਟੁੱਟ ਗਿਆ ਜਾਪਦਾ ਹੈ। ਅਜਿਹਾ ਇਸ ਕਾਰਨ ਹੈ ਕਿਉਂਕਿ ਮੁੱਖ ਮੰਤਰੀ ਸੂਬੇ ਵਿਚੋਂ ਲੰਬਾ ਸਮਾਂ ਗਾਇਬ ਰਹਿੰਦੇ ਹਨ ਤੇ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਸ੍ਰੀ ਅਰਵਿੰਦ ਕੇਜਰੀਵਾਲ ਦੀ ਜੁੰਡਲੀ ਹਵਾਲੇ ਕਰ ਦਿੱਤਾ ਹੈ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਕੱਲ੍ਹ ਪੰਜਾਬ ਵਿਚ ਦਾਖਲ ਹੋਣ ਬਾਰੇ ਸਵਾਲ ਦੇ ਜਵਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਖੁਸ਼ ਕਰਨ ਵਾਸਤੇ ਇਕ ਦੂਜੇ ਦੇ ਉਪਰ ਡਿੱਗ ਰਹੇ ਹਨ। ਉਹਨਾਂ ਕਿਹਾ ਕਿ ਬਜਾਏ ਅਜਿਹੀ ਸਸਤੀ ਸ਼ੋਹਰਤ ਵਿਚ ਲੱਗਣ ਦੇ ਉਹਨਾਂ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਤੋਂ ਕਦੇ ਵੀ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਅਤੇ 1984 ਦੇ ਸਿੱਖ ਕਤਲੇਆਮ ਵਿਚ ਉਹਨਾਂ ਦੇ ਪਰਿਵਾਰ ਦੀ ਭੂਮਿਕਾ ਬਾਰੇ ਸਵਾਲ ਕਿਉਂ ਨਹੀਂ ਪੁੱਛੇ। ਸ: ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪੰਜਾਬ ਵਿਚ ਆਪਣੇ ਮਾਰਚ ਦੌਰਾਨ ਐਸ ਵਾਈ ਐਲ ਬਾਰੇ ਵੀ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਪੰਜਾਬ ਦਾ ਪਾਣੀ ਖੋਹ ਕੇ ਰਾਜਸਥਾਨ ਨੂੰ ਦੇਣ ਤੇ ਫਿਰ ਐਸ ਵਾਈ ਐਲ ਨਹਿਰ ਦੀ ਉਸਾਰੀ ਦੇ ਹੁਕਮ ਦੇਣ ਵਿਚ ਉਹਨਾਂ ਦੇ ਪਰਿਵਾਰ ਦੀ ਭੂਮਿਕਾ ਲਈ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।ਇਕ ਹੋਰ ਸਵਾਲ ਦੇ ਜਵਾਬ ਵਿਚ ਸ: ਬਾਦਲ ਨੇ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਅਤੇ ਰਾਜਸਥਾਨ ਦੀ ਗਹਿਲੋਤ ਸਰਕਾਰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਵਾਸਤੇ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਥੇ ਹਰਿਆਣਾ ਦੀ ਮੌਜੂਦਾ ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਵੱਖਰੀ ਕਮੇਟੀ ਬਣਾਉਣ ਦੇ ਫੈਸਲੇ ਨੂੰ ਲਾਗੂ ਕੀਤਾ ਹੈ, ਉਥੇ ਹੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸੂਬੇ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੇ ਰਾਹ ਪਏ ਹੋਏ ਹਨ।

ਅਧਿਕਾਰੀਆਂ ਤੇ ਮੁਲਾਜਮਾਂ ਦੀ ਹੜਤਾਲ, ਬਠਿੰਡਾ ਦੇ ਮਿੰਨੀ ਸਕੱਤਰੇਤ ’ਚ ਚੁੱਪ ਪਸਰੀ ਰਹੀ

0

ਠੰਢ ਦੇ ਮੌਸਮ ’ਚ ਦੂਰ-ਦੁਰਾਡੇ ਤੋਂ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਹੋਣਾ ਪਿਆ ਖੱਜਲਖੁਆਰ
ਪੂਰਾ ਹਫ਼ਤਾ ਛੁੱਟੀ ਵਾਲਾ ਰਹੇਗਾ ਮਾਹੌਲ
ਸੁਖਜਿੰਦਰ ਮਾਨ
ਬਠਿੰਡਾ, 9 ਜਨਵਰੀ : ਵਿਜੀਲੈਂਸ ਵਲੋਂ ਆਈ.ਏ.ਐਸ ਅਤੇ ਪੀ.ਸੀ.ਐਸ ਅਫ਼ਸਰਾਂ ਵਿਰੁਧ ਕਥਿਤ ਭ੍ਰਿਸਟਾਚਾਰ ਦੇ ਦੋਸ਼ਾਂ ਹੇਠ ਕੀਤੀ ਕਾਰਵਾਈ ਸਰਕਾਰ ਨੂੰ ਭਾਰੀ ਪੈਂਦੀ ਜਾਪ ਰਹੀ ਹੈ। ਆਰਟੀਏ ਲੁਧਿਆਣਾ ਨਰਿੰਦਰ ਸਿੰਘ ਅਤੇ ਆਈਏਐਸ ਨੀਲਿਮਾ ਨੂੰ ਗ੍ਰਿਫਤਾਰ ਕਰਨ ਦੇ ਵਿਰੁਧ ਬੀਤੇ ਕੱਲ ਪੀਸੀਐਸ ਅਫ਼ਸਰਾਂ ਵਲੋਂ ਹਫ਼ਤਾਭਰ ਲਈ ਸਮੂਹਿਕ ਛੁੱਟੀ ਲੈਣ ਦੇ ਫੈਸਲੇ ਤੋਂ ਬਾਅਦ ਅੱਜ ਦੋ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲੇ ਸਰਕਾਰੀ ਦਫ਼ਤਰਾਂ ਵਿਚ ਸੁੰਨ-ਸਰਾਂ ਪਸਰੀ ਰਹੀ। ਗੌਰਤਲਬ ਹੈ ਕਿ ਪੀਸੀਐਸ ਦੀ ਹਿਮਾਇਤ ਵਿਚ ਹੀ ਮਾਲ ਅਫ਼ਸਰ ਐਸੋਸੀਏਸ਼ਨ ਅਤੇ ਜ਼ਿਲ੍ਹਾ ਦਫ਼ਤਰ ਮੁਲਾਜਮ ਯੂਨੀਅਨ ਵੀ ਸ਼ਾਮਲ ਹੋ ਗਈ ਹੈ ਤੇ ਉਨ੍ਹਾਂ ਵਲੋਂ ਵੀ ਪੰਜ ਦਿਨਾਂ ਦੀ ਸਮੂਹਿਕ ਛੁੱਟੀ ਲੈ ਲਈ ਗਈ ਹੈ। ਜਿਸਤੋਂ ਬਾਅਦ ਸਥਾਨਕ ਮਿੰਨੀ ਸਕੱਤਰੇਤ ਦੇ ਜਿਆਦਾਤਰ ਦਫ਼ਤਰਾਂ ਵਿਚ ਜਿੰਦਰੇ ਲੱਗੇ ਨਜ਼ਰ ਆਏ। ਇਸ ਦੌਰਾਨ ਰਜਿਸਟਰੀਆਂ ਤੋਂ ਲੈ ਕੇ ਸਰਟੀਫਿਕੇਟਾਂ, ਆਰਮਜ਼ ਲਾਇਸੈਂਸਾਂ, ਤਹਿਸੀਲਦਾਰਾਂ, ਐਸ.ਡੀ.ਐਮਜ਼ ਅਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿਚ ਲੱਗਣ ਵਾਲੀਆਂ ਅਦਾਲਤਾਂ ਦਾ ਕੰਮਕਾਜ਼ ਵੀ ਠੱਪ ਰਿਹਾ। ਠੰਢ ਦੇ ਇਸ ਮੌਸਮ ਵਿਚ ਦੂਰ-ਦੁਰਾਡੇ ਤੋਂ ਆਏ ਲੋਕਾਂ ਨੂੰ ਮੁਲਾਜਮ ਨਾ ਮਿਲਣ ਕਾਰਨ ਖੱਜਲਖੁਆਰੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਆਰਟੀਏ ਦਫ਼ਤਰ ਵਿਚ ਪੁੱਜੇ ਮਾਨਸਾ ਤੋਂ ਇੱਕ ਟ੍ਰਾਂਸਪੋਟਰ ਨੇ ਦਸਿਆ ਕਿ ਮੁਲਾਜਮਾਂ ਤੇ ਅਧਿਕਾਰੀਆਂ ਦੇ ਛੁੱਟੀ ’ਤੇ ਚਲੇ ਜਾਣ ਕਾਰਨ ਸਾਰੇ ਕੰਮ ਰੁਕ ਗਏ ਹਨ। ਤਹਿਸੀਲ ਦਫ਼ਤਰਾਂ ਵਿਚ ਵੀ ਛੁੱਟੀ ਲਏ ਜਾਣ ਕਾਰਨ ਰਜਿਸਟਰੀਆਂ ਦਾ ਕੰਮ ਵੀ ਬੰਦ ਰਿਹਾ। ਹਾਲਾਂਕਿ ਸੁਵਿਧਾ ਕੇਂਦਰ ਖੁੱਲੇ ਰਹੇ ਪ੍ਰੰਤੂ ਅਗਲੀ ਕਾਰਵਾਈ ਜੋਕਿ ਤਹਿਸੀਲਦਾਰਾਂ ਅਤੇ ਹੋਰਨਾਂ ਉਚ ਅਧਿਕਾਰੀਆਂ ਵਲੋਂ ਕੀਤੀ ਜਾਣੀ ਹੁੰਦੀ ਹੈ, ਉਹ ਵੀ ਨਾ ਹੋ ਸਕੀ। ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਦਸਤਾਵੇਜ਼ਾਂ ਤੋਂ ਖ਼ਾਲੀ ਮੁੜਣਾ ਪਿਆ। ਮਨਿਸਟਰੀਅਲ ਮੁਲਾਜਮ ਯੂਨੀਅਨ ਦੇ ਸੂਬਾਈ ਆਗੂ ਮੇਘ ਸਿੰਘ ਧਾਲੀਵਾਲ ਨੇ ਮੁਲਾਜਮਾਂ ਤੇ ਅਧਿਕਾਰੀਆਂ ਵਲੋਂ ਇਸ ਫੈਸਲੇ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਧੱਕੇਸ਼ਾਹੀ ਕਾਰਨ ਅਫ਼ਸਰਾਂ ਅਤੇ ਮੁਲਾਜਮਾਂ ਵਿਚਕਾਰ ਦਹਿਸ਼ਤ ਦਾ ਮਾਹੌਲ ਹੈ। ਮੁਲਾਜਮ ਆਗੂ ਨੇ ਕਿਹਾ ਕਿ ਉਹ ਭ੍ਰਿਸਟਾਚਾਰ ਵਿਰੋਧੀ ਮੁਹਿਮ ਵਿਚ ਸਰਕਾਰ ਦੇ ਨਾਲ ਹਨ ਪ੍ਰੰਤੂ ਜਿਸ ਵਿਰੁਧ ਕਾਰਵਾਈ ਕੀਤੀ ਜਾਂਦੀ ਹੈ, ਉਹ ਨਿਯਮਾਂ ਤਹਿਤ ਹੋਵੇ।

ਬਠਿੰਡਾ ਪੰਜਾਬ ’ਚ ਮੁੜ ਸਭ ਤੋਂ ਠੰਢਾ, ਲੋਕ ਘਰਾਂ ਅੰਦਰ ਰਹਿਣ ਲਈ ਮਜਬੂਰ

0

ਠੰਢ ਦੇ ਨਾਲ-ਨਾਲ ਸਾਰਾ ਦਿਨ ਧੁੰਦ ਦੀ ਚਾਦਰ ਵੀ ਛਾਈ ਰਹੀ
ਸੁਖਜਿੰਦਰ ਮਾਨ
ਬਠਿੰਡਾ, 9 ਜਨਵਰੀ : ਬਠਿੰਡਾ ਨੇ ਅੱਜ ਮੁੜ ਠੰਢ ਵਾਲਾ ਰਿਕਾਰਡ ਤੋੜ ਦਿੱਤਾ। ਸੂਬੇ ਦੇ ਬਾਕੀ ਸਮੂਹ ਜ਼ਿਲ੍ਹਿਆਂ ਦੇ ਮੁਕਾਬਲੇ ਸੋਮਵਾਰ ਨੂੰ ਬਠਿੰਡਾ ਪੱਟੀ ’ਚ ਰਿਕਾਰਡ ਤੋੜ ਠੰਢ ਰਹੀ। ਮੌਸਮ ਵਿਭਾਗ ਵਲੋਂ ਦਿੱਤੇ ਅੰਕੜਿਆਂ ਮੁਤਾਬਕ ਬਠਿੰਡਾ ’ਚ ਅੱਜ ਤਾਪਮਾਨ 2 ਸੈਲੀਅਸ ਡਿਗਰੀ ਤੱਕ ਪਹੁੰਚ ਗਿਆ, ਜੋਕਿ ਸ਼ਿਮਲਾ ਦੇ ਬਰਾਬਰ ਹੀ ਸੀ। ਠੰਢ ਦੇ ਨਾਲ-ਨਾਲ ਅੱਜ ਸਾਰਾ ਦਿਨ ਧੁੰਦ ਦੀ ਚਾਦਰ ਵੀ ਛਾਈ ਰਹੀ ਅਤੇ ਕੋਹਰੇ ਨੇ ਵੀ ਲੋਕਾਂ ਉਪਰ ਪ੍ਰਭਾਵ ਪਾਇਆ। ਧੁੰਦ ਦੇ ਕਾਰਨ ਵਿਜੀਬਿਲਟੀ ਵੀ ਨਾਮਾਤਰ ਹੀ ਰਹੀ, ਜਿਸ ਕਾਰਨ ਜਿਆਦਾਤਰ ਲੋਕ ਸੜਕ ਹਾਦਸਿਆਂ ਤੋਂ ਬਚਦੇ ਸੜਕਾਂ ’ਤੇ ਵਹੀਕਲ ਨਿਕਲਣ ਤੋਂ ਬਚਦੇ ਰਹੇ। ਉਂਜ ਵੀ ਠੰਢ ਦੇ ਮੌਸਮ ਚੱਲਦਿਆਂ ਆਮ ਲੋਕ ਸਾਰਾ ਦਿਨ ਰਜਾਈਆਂ ’ਚ ਵੜ ਕੇ ਰਹਿਣ ਲਈ ਮਜਬੂਰ ਹੋਏ ਰਹੇ। ਸਰਕਾਰੀ ਦਫ਼ਤਰਾਂ ’ਚ ਵੀ ਠੰਢ ਦਾ ਪ੍ਰਛਾਵਾ ਦੇਖਣ ਨੂੰ ਮਿਲਿਆ ਤੇ ਸੁੰਨ ਛਾਈ ਰਹੀ। ਅੰਕੜਿਆਂ ਮੁਤਾਬਕ ਬਠਿੰਡਾ ਦਾ ਤਾਪਮਾਨ ਅੱਜ ਵੱਧ ਤੋਂ ਵੱਧ 11.6 ਸੈਲਸੀਅਸ ਡਿਗਰੀ ਰਿਹਾ, ਜੋਕਿ ਬੀਤੇ ਕੱਲ ਦੇ ਮੁਕਾਬਲੇ 2.4 ਘੱਟ ਸੀ। ਇਸੇ ਤਰ੍ਹਾਂ ਇਸ ਇਲਾਕੇ ਦਾ ਘੱਟ ਤੋਂ ਘੱਟ ਤਾਪਮਾਨ ਵੀ 2 ਸੈਲਸੀਅਸ ਡਿਗਰੀ ਤੱਕ ਪੁੱਜ ਗਿਆ, ਜੋਕਿ ਬੀਤੇ ਕੱਲ ਦੇ ਮੁਕਾਬਲੇ 1.4 ਘੱਟ ਸੀ। ਗੌਰਤਲਬ ਹੈ ਕਿ ਬੇਸ਼ੱਕ ਠੰਢ ਅਤੇ ਧੁੰਦ ਦਾ ਮੌਸਮ 14 ਦਸੰਬਰ ਤੋਂ ਚੱਲ ਰਿਹਾ ਹੈ ਪ੍ਰੰਤੂ ਨਵੇਂ ਸਾਲ ਦੇ ਪਹਿਲੇ ਤਿੰਨ ਦਿਨ ਬਠਿੰਡਾ ਦਾ ਤਾਪਮਾਨ ਲਗਭਗ 0 ਡਿਗਰੀ ਦੇ ਬਰਾਬਰ ਤੱਕ ਪੁੱਜ ਗਿਆ ਸੀ। ਹਾਲਾਂਕਿ ਇਸਤੋਂ ਬਾਅਦ ਵੀ ਠੰਢ ਨਹੀਂ ਘਟੀ ਅਤੇ 4 ਜਨਵਰੀ ਤੋਂ ਲੈ ਕੇ 8 ਜਨਵਰੀ ਤੱਕ ਹੇਠਲਾਂ ਤਾਪਮਾਨ 4 ਡਿਗਰੀ ਤੋਂ ਘੱਟ ਹੀ ਰਿਹਾ। ਪ੍ਰੰਤੂ ਅੱਜ ਮੁੜ ਘਟੇ ਤਾਪਮਾਨ ਨੇ ਇਸ ਮੈਦਾਨੀ ਇਲਾਕੇ ਨੂੰ ਪਹਾੜਾਂ ਤੋਂ ਵੀ ਠੰਢਾ ਕਰ ਦਿੱਤਾ। ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਆਉਣ ਵਾਲੇ ਦਿਨਾਂ ’ਚ ਮਾਘੀ ਤੱਕ ਠੰਡ ਦੇ ਘਟਣ ਦੀ ਕੋਈ ਸੰਭਾਵਨਾ ਨਹੀਂ ਜਦੋਂਕਿ ਲਗਾਤਾਰ ਧੁੰਦ ਪੈਣ ਦੀ ਚੇਤਾਵਨੀ ਜਰੂਰ ਦਿੱਤੀ ਗਈ ਹੈ। ਧੂੰਦ ਦੇ ਨਾਲ-ਨਾਲ ਕੋਹਰਾ ਵੀ ਵਧ ਸਕਦਾ ਹੈ, ਜਿਹੜਾ ਸਬਜੀਆਂ ਦੀਆਂ ਫ਼ਸਲਾਂ ਲਈ ਘਾਤਕ ਹੋ ਸਕਦਾ ਹੈ। ਹਾਲਾਂਕਿ ਠੰਢ ਕਣਕ ਅਤੇ ਕਿੰਨੂ ਆਦਿ ਦੀ ਫ਼ਸਲ ਲਈ ਚੰਗੀ ਮੰਨੀ ਜਾ ਰਹੀ ਹੈ। ਦੂਜੇ ਪਾਸੇ ਠੰਢ ਦੇ ਜਿਆਦਾ ਵਧਣ ਕਾਰਨ ਹਸਪਤਾਲਾਂ ਵਿਚ ਖੰਘ, ਜੁਖ਼ਾਮ, ਬੁਖਾਰ, ਸਾਹ, ਦਮੇ ਅਤੇ ਦਿਲ ਦੇ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਵੀ ਵਧਣ ਲੱਗੀ ਹੈ। ਇਸਤੋਂ ਇਲਾਵਾ ਛੋਟੇ ਬੱਚਿਆਂ ਅਤੇ ਬਜੁਰਗਾਂ ਲਈ ਵੀ ਇਹ ਠੰਢ ਕਿਸੇ ਆਫ਼ਤ ਤੋਂ ਘੱਟ ਨਹੀਂ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦਸਿਆ ਕਿ ਪਹਿਲਾਂ ਤੋਂ ਹੀ ਉਕਤ ਬੀਮਾਰੀਆਂ ਦੇ ਮਰੀਜ਼ ਚੱਲੇ ਆ ਰਹੇ ਲੋਕਾਂ ਲਈ ਵਿਸ਼ੇਸ ਪ੍ਰਹੇਜ਼ ਰੱਖਣ ਦੀ ਜਰੂਰਤ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਠੰਡ ਦੇ ਮੌਸਮ ਕਾਰਨ ਸਿਹਤ ਸਬੰਧੀ ਕੋਈ ਵੀ ਸਮੱਸਿਆ ਹੋਣ ’ਤੇ ਨਜ਼ਦੀਕੀ ਹਸਪਤਾਲ ਸੰਪਰਕ ਕੀਤਾ ਜਾਵੇ । ਉਧਰ ਸਹਾਰਾ ਜਨ ਸੇਵਾ ਵਲੋਂ ਸ਼ਹਿਰ ’ਚ ਗਰੀਬਾਂ ਨੂੰ ਠੰਢ ਤੋਂ ਬਚਾਉਣ ਲਈ ਕੰਬਲ ਵੰਡਣ ਅਤੇ ਅੱਗ ਬਾਲਣ ਲਈ ਲੱਕੜਾਂ ਦਾ ਪ੍ਰਬੰਧ ਕੀਤਾ ਜਾ ਰਿਹਾ। ਸੰਸਥਾ ਦੇ ਪ੍ਰਧਾਨ ਵਿਜੇ ਗੋਇਲ ਨੇ ਦਸਿਆ ਕਿ ਜ਼ਰੂਰੀ ਹੈ ਕਿ ਸ਼ਹਿਰ ‘ਚ ਵਸਦੇ ਬੇਘਰੇ ਅਤੇ ਲੋੜਵੰਦਾਂ ਨੂੰ ਇਸ ਸਰਦੀਆਂ ਦੇ ਮੌਸਮ ਦੌਰਾਨ ਗਰਮ ਰੱਖਣ ਲਈ ਲੋੜੀਂਦੇ ਸਾਧਨ ਮੁਹੱਈਆ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਸ਼ਹਿਰ ਦੇ ਕਿਸੇ ਵੀ ਹਿੱਸੇ ਵਿਚ ਪਏ ਬੇਸਹਾਰਿਆਂ ਨੂੰ ਰੈਣ-ਬਸੇਰਿਆਂ ਵਿਚ ਭੇਜਿਆ ਜਾ ਰਿਹਾ।

ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਜਟਾਣਾ ਦੀ ਅਗਵਾਈ ਚ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 9 ਜਨਵਰੀ: ਆਉਣ ਵਾਲੇ ਸਮੇਂ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਤਲਵੰਡੀ ਸਾਬੋ ਦੀਆਂ ਚੋਣਾਂ ਨੂੰ ਲੈ ਕੇ ਰਾਜਸੀ ਸਰਗਰਮੀਆਂ ਨੂੰ ਤੇਜ਼ ਕਰਨ ਦਾ ਮੁੱਢ ਬੰਨਦਿਆਂ ਅੱਜ ਕਾਂਗਰਸ ਦੇ ਆਗੂਆਂ ਦੀ ਇੱਕ ਮੀਟਿੰਗ ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਜਿਲ੍ਹਾ ਪ੍ਰਧਾਨ ਬਠਿੰਡਾ (ਦਿਹਾਤੀ) ਦੀ ਅਗਵਾਈ ਹੇਠ ਕਾਂਗਰਸੀ ਆਗੂ ਸਰਬਜੀਤ ਸਿੰਘ ਮਾਨਸ਼ਾਹੀਆ ਦੇ ਗ੍ਰਹਿ ਵਿਖੇ ਹੋਈ, ਜਿਸ ਵਿੱਚ ਸੀਨ:ਕਾਂਗਰਸੀ ਆਗੂ ਬਲਵੀਰ ਸਿੰਘ ਸਿੱਧੂ ਨੇ ਵਿਸ਼ੇਸ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਜਟਾਣਾ ਨੇ ਪਿਛਲੇ ਦਿਨੀਂ ਕਾਰਜਕਾਲ ਪੂਰਾ ਕਰ ਚੁੱਕੀ ਨਗਰ ਕੌਂਸਲ ਤਲਵੰਡੀ ਸਾਬੋ ਦੇ ਕੌਂਸਲਰਾਂ ਨੂੰ ਜਿੱਥੇ ਵਧੀਆ ਕੰਮਕਾਜ ਲਈ ਵਧਾਈ ਦਿੱਤੀ ਉੱਥੇ ਆਗਾਮੀ ਚੋਣਾਂ ਲੜਨ ਲਈ ਵਿਉਂਤਬੰਦੀ ਉਲੀਕਣ ਸਬੰਧੀ ਵੀਚਾਰ ਵਟਾਂਦਰਾ ਵੀ ਕੀਤਾ।ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਜਟਾਣਾ ਨੇ ਕਿਹਾ ਕਿ ਪਿਛਲੇ ਪੰਜ ਸਾਲ ਨਗਰ ਕੌਂਸਲ ਤਲਵੰਡੀ ਸਾਬੋ ਦੀ ਅਗਵਾਈ ਕਰਦਿਆਂ ਕਾਂਗਰਸੀ ਕੌਂਸਲਰਾਂ ਨੇ ਆਪੋ ਆਪਣੇ ਵਾਰਡਾਂ ਚ ਰਿਕਾਰਡਤੋੜ ਵਿਕਾਸ ਕਾਰਜ ਕਰਵਾਏ ਕਿਉਂਕਿ ਕਾਂਗਰਸ ਸਰਕਾਰ ਸਮੇਂ ਇਤਿਹਾਸਿਕ ਨਗਰ ਤਲਵੰਡੀ ਸਾਬੋ ਲਈ ਵੱਡੀ ਮਾਤਰਾ ਚ ਫੰਡ ਮੁਹੱਈਆ ਕਰਵਾਏ ਗਏ ਜਦੋਂਕਿ ਪਿਛਲੇ ਨੌ ਮਹੀਨਿਆਂ ਚ ਆਮ ਆਦਮੀ ਪਾਰਟੀ ਸਰਕਾਰ ਨੇ ਸ਼ਹਿਰ ਦੇ ਵਿਕਾਸ ਲਈ ਇੱਕ ਰੁਪਿਆ ਵੀ ਫੰਡ ਨਹੀ ਦਿੱਤਾ ਜਿਸ ਕਾਰਣ ਵਿਕਾਸ ਕਾਰਜ ਵੱਡੇ ਪੱਧਰ ਤੇ ਪ੍ਰਭਾਵਿਤ ਹੋਏ ਅਤੇ ਹੁਣ ਉਸਦਾ ਹਿਸਾਬ ਲੋਕ ਚੋਣਾਂ ਚ ਆਮ ਆਦਮੀ ਪਾਰਟੀ ਤੋਂ ਮੰਗਣਗੇ। ਜਟਾਣਾ ਨੇ ਕਿਹਾ ਕਿ ਆਗਾਮੀ ਚੋਣਾਂ ਚ ਪਹਿਲਾਂ ਵਾਂਗ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ਚ ਉਤਾਰਾਂਗੇ ਅਤੇ ਕੀਤੇ ਕੰਮਾਂ ਦੇ ਆਧਾਰ ਤੇ ਵੋਟ ਮੰਗ ਕੇ ਲੋਕਾਂ ਦੇ ਸਹਿਯੋਗ ਨਾਲ ਫਿਰ ਤੋਂ ਨਗਰ ਕੌਂਸਲ ਚੋਣਾਂ ਜਿੱਤਾਂਗੇ। ਇਸ ਮੌਕੇ ਬਲਵੀਰ ਸਿੰਘ ਸਿੱਧੂ ਤੋਂ ਇਲਾਵਾ ਰਣਜੀਤ ਸੰਧੂ ਨਿੱਜੀ ਸਹਾਇਕ,ਲਖਵਿੰਦਰ ਸਿੰਘ ਲੱਕੀ ਜਿਲ੍ਹਾ ਪ੍ਰਧਾਨ ਯੂਥ ਕਾਂਗਰਸ,ਹਰਬੰਸ ਸਿੰਘ ਸਾਬਕਾ ਕਾਰਜਕਾਰੀ ਪ੍ਰਧਾਨ ਨਗਰ ਕੌਂਸਲ,ਕ੍ਰਿਸ਼ਨ ਭਾਗੀਵਾਂਦਰ ਪ੍ਰਧਾਨ ਬਲਾਕ ਕਾਂਗਰਸ,ਦਵਿੰਦਰ ਸਿੰਘ ਸੂਬਾ,ਲੀਲਾ ਸਿੰਘ,ਰਣਧੀਰ ਸਿੰਘ ਗੋਗਾ,ਬੱਬੀ ਚੱਠਾ,ਚਿੰਟੂ ਜਿੰਦਲ ਅਤੇ ਰੂਬੀ ਸ਼ਰਮਾਂ ਆਦਿ ਆਗੂ ਮੌਜੂਦ ਸਨ।

ਕਾਂਗਰਸ ਨੂੰ ਝਟਕਾ, ਕਈ ਆਗੂ ਹੋਏ ਭਾਜਪਾ ’ਚ ਸ਼ਾਮਲ

0

ਸੁਖਜਿੰਦਰ ਮਾਨ
ਬਠਿੰਡਾ, 9 ਜਨਵਰੀ: ਭਾਜਪਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਅੱਜ ਸਥਾਨਕ ਦਾਣਾ ਮੰਡੀ ਵਿਖੇ ਹੋਈ ਮੀਟਿੰਗ ਦੌਰਾਨ ਮਾਰਕੀਟ ਕਮੇਟੀ ਮੈਂਬਰ ਅਤੇ ਕਾਂਗਰਸ ਦੇ ਵਾਰਡ ਇੰਚਾਰਜ ਰਮੇਸ਼ ਕੁਮਾਰ ਮੇਸ਼ਾ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਰਮੇਸ਼ ਕੁਮਾਰ ਮੇਛਾ ਨੇ ਕਿਹਾ ਕਿ ਕਾਂਗਰਸ ਆਪਣਾ ਜਨ ਆਧਾਰ ਖੋ ਚੁੱਕੀ ਹੈ। ਵੰਡੀ ਹੋਈ ਕਾਂਗਰਸ ਨੂੰ ਪੂਰੀ ਤਰ੍ਹਾਂ ਲੋਕਾਂ ਨੇ ਨਕਾਰ ਦਿੱਤਾ ਹੈ ਅਤੇ ਲੋਕਾਂ ਕੋਲ ਸਿਰਫ਼ ਭਾਜਪਾ ਹੀ ਇੱਕੋ ਇੱਕ ਵਿਕਲਪ ਬਚਿਆ ਹੈ। ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਜੋ ਬਦਲਾਅ ਦੇ ਖੋਖਲੇ ਦਾਅਵੇ ਕਰ ਰਹੀ ਸੀ, ਉਹ ਸਭ ਦੀ ਫੂਕ ਨਿਕਲ ਗਈ ਹੈ। ਦਸ ਮਹੀਨਿਆਂ ਦੇ ਅਰਸੇ ਵਿੱਚ ਤਿੰਨ ਵਾਰ ਕੈਬਨਿਟ ਮੰਤਰੀ ਬਦਲਣਾ ਇਸ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਨੂੰ ਹੀ ਚੁਣਨਗੇ। ਇਸ ਦੇ ਨਾਲ ਹੀ ਵਾਰਡ ਨੰਬਰ 19, ਸੰਜੇ ਨਗਰ, ਅਮਰਪੁਰਾ ਬਸਤੀ, ਬਸੰਤ ਵਿਹਾਰ, ਬਾਬਾ ਦੀਪ ਸਿੰਘ ਨਗਰ, ਸੁਰਖਪੀਰ ਰੋਡ, ਗੋਪਾਲ ਨਗਰ, ਭੈਣੀ ਪਿੰਡ ਅਤੇ ਹੋਰ ਇਲਾਕਿਆਂ ਵਿੱਚ ਸੈਂਕੜੇ ਲੋਕ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਸੀਨੀਅਰ ਆਗੂ ਰੁਪਿੰਦਜੀਤ ਸਿੰਘ ਅਤੇ ਵਰਿੰਦਰ ਸ਼ਰਮਾ ਆਦਿ ਵੀ ਹਾਜ਼ਰ ਰਹੇ।

ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਵੱਡੇ ਉਦਯੋਗਪਤੀ ਅਤੇ ਸਰਮਾਏਦਾਰ ਦੂਸਰੇ ਸੂਬਿਆਂ ਵਿੱਚ ਕਰ ਰਹੇ ਹਨ ਨਿਵੇਸ਼: ਅਸ਼ਵਨੀ ਸ਼ਰਮਾ

0

ਪੰਜਾਬ ਦੇ ਥਰਮਲ ਪਲਾਂਟ ਬੰਦ ਹੋਣ ਕਿਨਾਰੇ, ਚੰਦ ਦਿਨਾਂ ਦਾ ਬਚਿਆ ਕੋਲਾ: ਸ਼ਰਮਾ
ਰਵੀਪ੍ਰੀਤ ਸਿੰਘ ਸਿੱਧੂ ਨੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਭਾਲਿਆ ਜ਼ਿਲ੍ਹਾ ਪ੍ਰਧਾਨ ਦਾ ਅਹੁੱਦਾ
ਸੁਖਜਿੰਦਰ ਮਾਨ
ਬਠਿੰਡਾ, 9 ਜਨਵਰੀ: ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਦੀ ਆਪ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਹਰ ਫਰੰਟ ‘ਤੇ ਫੇਲ ਹੋ ਚੁੱਕੀ ਹੈ, ਜਿਸਦੇ ਚੱਲਦੇ ਉਦਯੋਗਪਤੀ ਵੀ ਪੰਜਾਬ ਵਿੱਚੋਂ ਆਪਣਾ ਨਿਵੇਸ਼ ਸਮੇਟ ਕੇ ਦੂਸਰੇ ਸੂਬਿਆਂ ਵਿੱਚ ਨਿਵੇਸ਼ ਕਰ ਰਹੇ ਹਨ, ਜੋ ਪੰਜਾਬ ਲਈ ਵੱਡੇ ਖਤਰੇ ਦੀ ਘੰਟੀ ਹੈ। ਅੱਜ ਇੱਥੇ ਜਿਲ੍ਹਾ ਬਠਿੰਡਾ ਦਿਹਾਤੀ ਭਾਜਪਾ ਦੇ ਨਵਨਿਯੁਕਤ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਲਈ ਪੁੱਜੇ ਸ਼੍ਰੀ ਸ਼ਰਮਾ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ। ਇਸ ਮੌਕੇ ਤਾਜ਼ਪੋਸ਼ੀ ਸਮਾਗਮਾਂ ਵਿਚ ਵਿਸੇਸ ਤੌਰ ’ਤੇ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਤੇ ਗੁਰਪ੍ਰੀਤ ਸਿੰਘ ਕਾਂਗੜ, ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ, ਦਿਆਲ ਸੋਢੀ, ਜਗਦੀਪ ਸਿੰਘ ਨਕਈ ਤੋਂ ਇਲਾਵਾ ਸੂਬਾ ਮੀਡੀਆ ਸਕੱਤਰ ਸੁਨੀਲ ਸਿੰਗਲਾਂ, ਸੀਨੀਅਰ ਆਗੂ ਮੋਹਨ ਲਾਲ ਗਰਗ, ਰਾਜ ਨੰਬਰਦਾਰ, ਨਰਿੰਦਰ ਮਿੱਤਲ, ਜਸਵੀਰ ਸਿੰਘ ਮਹਿਰਾਜ਼, ਪ੍ਰਦੀਪ ਗਰਗ ਇੰਚਾਰਜ ਬਠਿੰਡਾ ਦਿਹਾਤੀ ਆਦਿ ਲੀਡਰਸ਼ਿਪ ਵੀ ਪੁੱਜੀ ਹੋਈ ਸੀ। ਇਸ ਮੌਕੇ ਬੋਲਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਜਾਨ ਮਾਲ ਰਾਖੀ ਕਰਨ ਵਿੱਚ ਨਾਕਾਮ ਸਾਬਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਗੈੰਗਸਟਰਾਂ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਹੌਸਲੇ ਬੁਲੰਦ ਹਨ। ਸ਼ਰੇਆਮ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਫਿਰੋਤੀਆਂ ਨਾ ਦੇਣ ਵਾਲਿਆਂ ਦੇ ਕਤਲ ਹੋ ਰਹੇ ਹਨ। ਸਰੇਆਮ ਲੁੱਟਾਂ ਖੋਹਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੱਲ ਵੀ ਫਗਵਾੜਾ ਵਿਖੇ ਲੁਟੇਰਿਆਂ ਨੇ ਸਾਡੇ ਇੱਕ ਬਹਾਦਰ ਪੁਲਿਸ ਮੁਲਾਜ਼ਮ ਦਾ ਕਤਲ ਕਰ ਦਿੱਤਾ, ਪਰ ਪੰਜਾਬ ਸਰਕਾਰ ਹੱਥ ਤੇ ਹੱਥ ਧਰੀ ਬੈਠੀ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਹੋਣ ਦੀ ਕਗਾਰ ‘ਤੇ ਹਨ, ਕਿਉਂਕਿ ਉਹਨਾਂ ਕੋਲ ਸਿਰਫ਼ ਚੰਦ ਦਿਨਾਂ ਦਾ ਕੋਲਾ ਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਸੂਬਾ ਸਰਕਾਰ ਦੇ ਪੀਸੀਐਸ ਅਤੇ ਆਈਏਐਸ ਅਫਸਰਾਂ ਨੇ ਸਰਕਾਰ ਦੇ ਹੀ ਖ਼ਿਲਾਫ਼ ਮੋਰਚਾ ਖੋਲਿਆ ਹੋਵੇ। ਉਹਨਾਂ ਕਿਹਾ ਕਿ ਆਉਣ ਵਾਲੀਆਂ ਪੰਜਾਬ ਦੀਆਂ ਸਥਾਨਕ ਚੋਣਾ ਅਤੇ ਲੋਕਾਂ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ, ਭਾਜਪਾ ਇਹਨਾਂ ਚੋਣਾ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਇਸਤੋਂ ਪਹਿਲਾਂ ਸਮੁੱਚੀ ਭਾਜਪਾ ਲੀਡਰਸ਼ਿਪ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਏ। ਇਸ ਉਪਰੰਤ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਸਮਾਗਮ ਵਿੱਚ ਪੁੱਜਣ ‘ਤੇ ਜਿਲਾ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਤੇ ਜਿਲੇ ਦੀ ਸਮੁੱਚੀ ਲੀਡਰਸ਼ਿਪ ਨੇ ਸਵਾਗਤ ਕੀਤਾ।

ਕਦਮ ਵੈੱਲਫੇਅਰ ਸੁਸਾਇਟੀ ਭੋਖੜਾ ਵੱਲੋਂ ਸਿਲਾਈ ਕਟਾਈ ਦਾ ਕੋਰਸ ਪੂਰਾ ਹੋਣ ਤੇ ਲੜਕੀਆਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੰਡੀਆਂ 

0
ਪੰਜਾਬੀ ਖ਼ਬਰਸਾਰ ਬਿਉਰੋ 
ਬਠਿੰਡਾ, 9 ਜਨਵਰੀ: ਸਮਾਜ ਸੇਵੀ ਕੰਮਾਂ ਵਿੱਚ ਕੰਮ ਕਰ ਰਹੀ ਕਦਮ ਵੈਲਫੇਅਰ ਸੁਸਾਇਟੀ ਰਜਿ. ਭੋਖੜਾ ਬਠਿੰਡਾ ਵੱਲੋਂ ਲੜਕੀਆਂ ਲਈ ਸਿਲਾਈ ਕਟਾਈ ਦਾ ਕੋਰਸ 1 ਜੁਲਾਈ 2022 ਤੋਂ ਸ਼ੁਰੂ ਕਰਕੇ 31 ਦਸੰਬਰ 2022 ਤੱਕ ਗਿਆ ਸੀ। ਇਹ ਕੋਰਸ ਪੂਰਾ ਹੋਣ ਤੇ ਅੱਜ ਸਾਰੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਸਿਲਾਈ ਮਸ਼ੀਨਾਂ ਵੰਡ ਸਮਾਰੋਹ ਵਿੱਚ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਜੰਟ ਸਿੰਘ ਸਿਵੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ 25 ਦੇ ਕਰੀਬ ਸਿਖਿਆਰਥੀਆਂ ਨੂੰ ਸਿਲਾਈ ਕਟਾਈ ਕੋਰਸ ਪੂਰਾ ਕਰਨ ’ਤੇ ਸਰਟੀਫਿਕੇਟ ਅਤੇ ਮਸ਼ੀਨਾਂ ਵੰਡੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਦਮ ਵੈਲਫੇਅਰ ਸੋਸਾਇਟੀ ਰਜਿ. ਭੋਖੜਾ ਬਠਿੰਡਾ ਦੇ ਪ੍ਰੈਜ਼ੀਡੈਂਟ ਬਲਕਾਰ ਸਿੰਘ ਨੇ ਦੱਸਿਆ ਕਿ ਕਦਮ ਵੈਲਫੇਅਰ ਸੋਸਾਇਟੀ ਜੋ ਕਿ ਔਰਤਾਂ ਅਤੇ ਲੜਕੀਆਂ ਲਈ ਵੱਖ-ਵੱਖ ਕੋਰਸ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ, ਨੇ ਲੜਕੀਆਂ ਲਈ ਸਿਲਾਈ ਕਟਾਈ ਦਾ ਕੋਰਸ  1 ਜੁਲਾਈ ਤੋਂ ਸ਼ੁਰੂ ਕੀਤਾ ਗਿਆ ਸੀ. ਉਨ੍ਹਾਂ ਦੱਸਿਆ ਕਿ ਇਸ ਕੋਰਸ ਦਾ ਸਮਾਂ 6 ਮਹੀਨੇ ਦਾ ਸੀ ਅਤੇ 6ਮਹੀਨੇ ਪੂਰੇ ਹੋਣ ਤੇ ਕੋਰਸ ਪਾਸ ਕਰਨ ਵਾਲੀਆਂ ਸਾਰੀਆਂ ਲੜਕੀਆਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਬਠਿੰਡਾ ਵਿੱਚ ਵੱਖ-ਵੱਖ ਥਾਵਾਂ ‘ਤੇ ਔਰਤਾਂ ਅਤੇ ਲੜਕੀਆਂ ਲਈ ਵੱਖ-ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ।ਉਨ੍ਹਾਂ ਸਮੂਹ ਲੋੜਵੰਦਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਨ੍ਹਾਂ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਤੇ ਸੋਸਾਇਟੀ ਮੈਂਬਰ ਗੁਰਮੀਤ ਸਿੰਘ ਤੋਂ ਇਲਾਵਾ ਬੂਟਾ ਸਿੰਘ ਸਿਵੀਆਂ, ਰਾਮ ਸਿੰਘ ਮਾਨ ਨੇਹੀਆਂ ਵਾਲਾ, ਮੈਂਬਰ ਜਿੰਦਰ ਸਿੰਘ, ਸਾਬਕਾ ਸਰਪੰਚ ਡੋਗਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

ਸਰਹਿੰਦ ਨਹਿਰ ਪੱਕੀ ਕਰਨ ਦੇ ਵਿਰੁੱਧ ਮੈਦਾਨ ਵਿੱਚ ਨਿੱਤਰਿਆ ਸੰਯੁਕਤ ਕਿਸਾਨ ਮੋਰਚਾ

ਪੰਜਾਬੀ ਖ਼ਬਰਸਾਰ ਬਿਉਰੋ 
ਬਠਿੰਡਾ, 9 ਜਨਵਰੀ: ਸਰਹੰਦ ਫੀਡਰ ਨਹਿਰ ਪੱਕੀ ਕਰਨ ਦੇ ਮਸਲੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵਿੱਢੇ ਸੰਘਰਸ਼ ਤੋਂ ਬਾਅਦ ਹੁਣ ਸੰਯੁਕਤ ਕਿਸਾਨ ਮੋਰਚੇ ਦੀਆਂ ਦੂਜੀਆਂ ਧਿਰਾਂ ਵੀ ਮੈਦਾਨ ਵਿੱਚ ਨਿੱਤਰ ਆਈਆਂ ਹਨ। ਅੱਜ ਇਸ ਸਬੰਧ ਵਿੱਚ ਮੋਰਚੇ ਦੇ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਮਰਜੀਤ ਹਨੀ, ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਸੂਬਾ ਮੀਤ ਪ੍ਰਧਾਨ ਗੁਰਿੰਦਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਦਾਰਾ ਸਿੰਘ ਨੈਬ ਸਿੰਘ ਆਦਿ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਇੱਕ ਮੰਗ ਪੱਤਰ ਵੀ ਦਿੱਤਾ ਗਿਆ।  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਮਰਜੀਤ ਹਨੀ ਨੇ ਪੰਜਾਬ ਸਰਕਾਰ ‘ ਤੇ ਦੋਸ਼ ਲਾਉਦੇ ਹੋਏ ਕਿਹਾ ਆਪਣੇ ਸੂਬੇ ਦੇ ਪੈਸਿਆਂ ਨਾਲ ਨਹਿਰਾਂ ਪੱਕੀਆਂ ਕਰਕੇ ਦੂਜੇ ਸੂਬਿਆਂ ਨੂੰ ਪਾਣੀ ਦੇ ਰਿਹਾ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਸਰਹੰਦ ਨਹਿਰ ਨੂੰ ਪੱਕੀ ਕਰਨ ਦੇ ਨਾਲ ਲੋਕਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋਣਾ ਹੈ ਅਤੇ ਮਾਲਵਾ ਨਾਲ ਸਬੰਧਤ ਲੋਕਾਂ ਨੂੰ ਸਾਫ ਪਾਣੀ ਵੀ ਨਹੀਂ ਮਿਲੇਗਾ ਕਿਉਂਕਿ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ । ਆਗੂਆਂ ਨੇ ਮੰਗ ਕੀਤੀ ਕਿ ਪਿੰਡਾਂ ਨੂੰ ਪਾਣੀ ਪਹੁੰਚਾਉਣ ਲਈ ਸਰਕਾਰ ਕੱਸੀਆਂ ਸੂਏ ਦੀ ਸਫਾਈ ਕਰੇ ਅਤੇ ਨਵੇਂ ਸਿਰੇ ਤੋਂ ਨਹਿਰੀ ਖਾਲ ਬਣਾਏ ਜਾਣ।  ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਨਹਿਰ ਪੱਕੀ ਕਰ ਤੋਂ ਨਾ ਰੋਕੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਮਰਜੀਤ ਹਨੀ ਦੱਸਿਆ ਕਿ ਇਸ ਤੋਂ ਪਹਿਲਾਂ ਜੋ ਬਠਿੰਡਾ ਵਿੱਚ ਨਹਿਰ ਪੱਕੀ ਹੋ ਚੁੱਕੀ ਹੈ ਇਸ ਨੂੰ ਲੈ ਕੇ 12 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਬਠਿੰਡਾ ਦੀ ਜਰੂਰੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿੱਚ ਸੱਦੀ ਹੈ ਜਿਸ ਵਿਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਣਾ ਹੈ।

ਵਿਜੀਲੈਂਸ ਵੱਲੋਂ ਰਜਿਸਟਰੀ ਕਲਰਕ ਨੂੰ ਬਲੈਕਮੇਲ ਕਰਦੇ ਪੱਤਰਕਾਰ ਸਹਿਤ ਦੋ ਪ੍ਰਾਪਰਟੀ ਡੀਲਰ ਕਾਬੂ

0
ਵੀਡੀਓ ਬਣਾ ਕੇ ਮੰਗੇ ਸਨ ਢਾਈ ਲੱਖ, 50,000 ਰੁਪਏ ਦੀ ਕਰ ਚੁੱਕੇ ਸਨ ਜ਼ਬਰੀ ਵਸੂਲੀ 
ਪੰਜਾਬੀ ਖ਼ਬਰਸਾਰ ਬਿਉਰੋ 
ਚੰਡੀਗੜ੍ਹ, 9 ਜਨਵਰੀ: ਪੱਤਰਕਾਰੀ ਦੀ ਆੜ ਵਿੱਚ ਤਹਿਸੀਲ ਦੇ ਰਜਿਸਟਰੀ ਕਲਰਕ ਨੂੰ ਬਲੈਕਮੇਲ ਕਰਦੇ ਇਕ ਪੱਤਰਕਾਰ ਸਹਿਤ ਵਿਜੀਲੈਂਸ ਬਿਊਰੋ ਨੇ ਦੋ ਪ੍ਰਾਪਰਟੀ ਡੀਲਰਾਂ ਨੂੰ ਕਾਬੂ ਕੀਤਾ ਹੈ। ਕਥਿਤ ਦੋਸ਼ੀਆ ਵੱਲੋਂ ਕਲਰਕ ਦੀ ਕਥਿਤ ਪੈਸੇ ਲੈਂਦੇ ਦੀ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ। ਪੰਜ ਲੱਖ ਮੰਗਣ ਤੋਂ ਬਾਅਦ ਅਖੀਰ ਢਾਈ ਲੱਖ ਵਿੱਚ ਸੌਦਾ ਵੀ ਹੋ ਗਿਆ ਸੀ ਤੇ ਕਥਿਤ ਦੋਸ਼ੀ 50 ਹਜ਼ਾਰ ਰੁਪਏ ਵਸੂਲ ਵੀ ਚੁੱਕੇ ਸਨ ਤੇ ਅੱਜ ਡੇਢ ਲੱਖ ਲੈਂਦੇ ਹੋਏ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਰ ਲਏ ਗਏ। ਕਥਿਤ ਦੋਸ਼ੀਆਂ ਦੀ ਪਹਿਚਾਣ ਨਾਭਾ ਦੇ ਪ੍ਰਾਪਰਟੀ ਏਜੰਟ ਉਮਰਦੀਨ ਅਤੇ ਸਲੀਮ ਤੋਂ ਇਲਾਵਾ ਇੱਕ ਨਿੱਜੀ ਚੈਨਲ ਦੇ ਰਿਪੋਰਟਰ ਰੁਪਿੰਦਰ ਕੁਮਾਰ ਉਰਫ਼ ਡਿੰਪਲ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਰੁਪਿੰਦਰ ਸਿੰਘ ਬਤੌਰ ਰਜਿਸਟਰੀ ਕਲਰਕ ਨਾਭਾ ਤਹਿਸੀਲ ਵਿਚ ਲੱਗਿਆ ਹੋਇਆ ਸੀ। ਇਸ ਦੌਰਾਨ ਉਸਦੇ ਕੋਲ ਪ੍ਰਾਪਰਟੀ ਡੀਲਰ ਉਮਰਦੀਨ ਅਤੇ ਸਲੀਮ ਆਉਂਦੇ ਜਾਂਦੇ ਸਨ। ਇਕ ਦਿਨ ਕਥਿਤ ਦੋਸ਼ੀਆ ਨੇ ਪੱਤਰਕਾਰ ਰੁਪਿੰਦਰ ਡਿੰਪਲ ਨਾਲ ਮਿਲਕੇ 500 ਰੁਪਏ ਦੀ ਕਥਿਤ ਰਿਸ਼ਵਤ ਲੈਂਦੇ ਹੋਏ ਦੀ ਵੀਡੀਓ ਬਣਾ ਲਈ। ਇਸਦੇ ਇਲਾਜ ਵਜੋਂ ਵੀਡੀਓ ਵਾਇਰਲ ਨਾ ਕਰਨ ਅਤੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਨਾ ਕਰਨ ਬਦਲੇ 5,00,000 ਰੁਪਏ ਮੰਗ ਰਹੇ ਹਨ।ਸ਼ਿਕਾਇਤਕਰਤਾ ਨੇ ਸਪੱਸ਼ਟ ਕੀਤਾ ਕਿ ਉਸ ਨੇ ਰਜਿਸਟਰੀ ਦੌਰਾਨ ਕੋਈ ਵੀ ਰਿਸ਼ਵਤ ਨਹੀਂ ਲਈ, ਜਿਸ ਵਿੱਚ ਉਮਰਦੀਨ ਇੱਕ ਗਵਾਹ ਸੀ ਬਲਕਿ ਉਹ ਇੱਕ ਵਿਅਕਤੀ ਨੂੰ ਛੋਟੇ ਨੋਟ ਦੇਣ ਬਦਲੇ ਉਸ ਕੋਲੋਂ 500 ਰੁਪਏ ਵਾਪਸ ਲੈ ਰਿਹਾ ਸੀ। ਇਸ ਦੌਰਾਨ ਉਕਤ ਮੁਲਜ਼ਮ ਨੇ ਉਸ ਤੋਂ ਪੈਸੇ ਵਸੂਲਣ ਦੇ ਇਰਾਦੇ ਨਾਲ ਆਪਣੇ ਮੋਬਾਈਲ ਨਾਲ ਵੀਡੀਓ ਬਣਾ ਲਈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਸੌਦਾ 2,50,000 ਰੁਪਏ ਵਿੱਚ ਤੈਅ ਹੋਇਆ ਹੈ ਅਤੇ ਉਕਤ ਮੁਲਜ਼ਮ ਉਮਰਦੀਨ ਉਸ ਤੋਂ ਪਹਿਲੀ ਕਿਸ਼ਤ ਵਜੋਂ 50,000 ਰੁਪਏ ਵੀ ਲੈ ਚੁੱਕਾ ਹੈ।
ਉਪਰੋਕਤ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਉਰੋ ਦੇ ਉਡਣ ਦਸਤਾ ਪੰਜਾਬ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਉਮਰਦੀਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਸਰੀ ਕਿਸ਼ਤ ਵਜੋਂ 1,50,000 ਰੁਪਏ ਦੀ ਜਬਰੀ ਵਸੂਲੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਕੋਲੋਂ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਵਜੋਂ ਲਏ 50,000 ਰੁਪਏ ਵਿੱਚੋਂ 40,000 ਰੁਪਏ ਵੀ ਬਰਾਮਦ ਕਰ ਲਏ। ਇਸ ਉਪਰੰਤ ਉਕਤ ਮਾਮਲੇ ਦੇ ਹੋਰ ਸਹਿ-ਮੁਲਜ਼ਮ ਸਲੀਮ ਅਤੇ ਰੁਪਿੰਦਰ ਕੁਮਾਰ ਉਰਫ਼ ਡਿੰਪਲ ਨੂੰ ਵੀ ਨਾਭਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।ਉਹਨਾਂ ਅੱਗੇ ਦੱਸਿਆ ਕਿ ਇਸ ਸਬੰਧੀ ਆਈ.ਪੀ.ਸੀ. ਦੀ ਧਾਰਾ 419, 420, 384, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਤਹਿਤ ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਐਸ.ਏ.ਐਸ.ਨਗਰ, ਪੰਜਾਬ ਵਿਖੇ ਐਫ.ਆਈ.ਆਰ. ਨੰ. 02 ਮਿਤੀ 08-01-2023 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Our Visitor

1909036