192 ਪੁਲਿਸ ਪਾਰਟੀਆਂ ਨੇ ਅਰਸ਼ ਡੱਲਾ ਨਾਲ ਜੁੜੇ 232 ਵਿਅਕਤੀਆਂ ਦੇ ਟਿਕਾਣਿਆਂ ਦੀ ਕੀਤੀ ਤਲਾਸ਼ੀ
ਮੁੱਖ ਮੰਤਰੀ ਭਗਵੰਤ ਦੀ ਸੋਚ ਮੁਤਾਬਕ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੀ ਦਿਸ਼ਾ ਵਿੱਚ ਗੈਂਗਸਟਰ-ਅੱਤਵਾਦੀ ਗਠਜੋੜ ‘ਤੇ ਸਖ਼ਤੀ ਨਾਲ ਸ਼ਿਕੰਜਾ ਕੱਸਣ ਦੇ ਹਿੱਸੇ ਵਜੋਂ ਕੀਤੀ ਗਈ ਕਾਰਵਾਈ : ਡੀਜੀਪੀ ਗੌਰਵ ਯਾਦਵ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 7 ਜਨਵਰੀ: ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਗੈਂਗਸਟਰ-ਅੱਤਵਾਦੀ ਗਠਜੋੜ ਵਿਰੁੱਧ ਵੱਡੇ ਪੱਧਰ ‘ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਸ਼ਨੀਵਾਰ ਸਵੇਰੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ‘ਤੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ। ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਚੱਲ ਰਹੇ ਕੇਸਾਂ ਵਿੱਚ ਮੋਗਾ ਜਿਲੇ ਦੇ ਪਿੰਡ ਡੱਲਾ ਦੇ ਅਰਸ਼ ਡੱਲਾ ਨਾਲ ਸਬੰਧਤ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਸ ਆਪ੍ਰੇਸ਼ਨ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ‘ਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਗੱਠਜੋੜ ਨੂੰ ਨੇਸਤ -ਓ-ਨਾਬੂਤ ਕਰਨਾ ਸੀ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਅੱਜ ਦੀ ਤਲਾਸ਼ੀ ਮੁਹਿੰਮ ਹਾਲ ਹੀ ਵਿੱਚ ਅਰਸ਼ ਡੱਲਾ ਦੀ ਹਮਾਇਤ ਵਾਲੇ ਮਾਡਿਊਲਾਂ ’ਚ ਸ਼ਾਮਲ ਕਈ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਵਿੱਚ ਪੁਲਿਸ ਦਾ ਖੌਫ਼ ਪੈਦਾ ਕੀਤਾ ਜਾ ਸਕੇ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਕੀਤੀ ਜਾ ਸਕੇ। ਇਹ ਅਪਰੇਸ਼ਨ ਸੂਬੇ ਭਰ ਦੇ ਸਾਰੇ ਜਿਲਿਆਂ ਵਿੱਚ ਇੱਕੋ ਸਮੇਂ ਚਲਾਇਆ ਗਿਆ। ਤਲਾਸ਼ੀ ਮੁਹਿੰਮ ਦੌਰਾਨ 192 ਪੁਲਿਸ ਪਾਰਟੀਆਂ ਨੇ ਅਰਸ਼ ਡੱਲਾ ਨਾਲ ਜੁੜੇ ਲਗਭਗ 232 ਵਿਅਕਤੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਕੀਤੀ।ਘੇਰਾਬੰਦੀ ਅਤੇ ਸਰਚ ਆਪਰੇਸ਼ਨ ਦੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਹੋਰ ਪੜਤਾਲ ਲਈ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨਾਂ ਦੇ ਕਬਜੇ ਚੋਂ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ ਹੈ, ਜਿਸ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਤਲਾਸ਼ੀ ਮੁਹਿੰਮ ਦੌਰਾਨ ਇਲੈਕਟਰਾਨਿਕ ਯੰਤਰਾਂ ੋਂ ਡਾਟਾ ਇਕੱਠਾ ਕੀਤਾ ਗਿਆ, ਅਸਲਾ ਲਾਇਸੈਂਸਾਂ ਦੀ ਜਾਂਚ ਕੀਤੀ ਗਈ, ਅਸਲਿਆਂ ਦੀ ਸੋਰਸਿੰਗ ਦਾ ਪਤਾ ਲਗਾਇਆ ਗਿਆ, ਵਿਦੇਸ਼ੀ ਮੂਲ ਦੇ ਪਰਿਵਾਰਕ ਮੈਂਬਰਾਂ ਦੇ ਯਾਤਰਾ ਸਬੰਧੀ ਵੇਰਵੇ ਇਕੱਠੇ ਕੀਤੇ ਗਏ, ਵਿਦੇਸ਼ਾਂ ਅਤੇ ਵੈਸਟਰਨ ਯੂਨੀਅਨ ਤੋਂ ਬੈਂਕਾਂ ਦੇ ਲੈਣ-ਦੇਣ ਅਤੇ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਗਏ, ਜੋ ਹੋਰ ਵੀ ਡੰਘਾਈ ਨਾਲ ਪੜਤਾਲੇ ਜਾ ਰਹੇ ਹਨ। ਪੁਲਿਸ ਅਨੁਸਾਰ ਕੈਨੇਡਾ ਸਥਿਤ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਇੱਕ ਗੈਂਗਸਟਰ ਤੋਂ ਬਣਿਆ ਅੱਤਵਾਦੀ ਹੈ, ਜੋ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਅਤੇ ਪੰਜਾਬ ਪੁਲਿਸ ਵੱਲੋਂ ਮੋਸਟ ਵਾਂਟੇਡ ਅਪਰਾਧੀ ਹੈ। ਉਹ ਇੱਕ ਸ੍ਰੇਣੀ-ਏ ਗੈਂਗਸਟਰ ਤੋਂ ਬਣਿਆ ਅੱਤਵਾਦੀ ਹੈ ਅਤੇ ਇੱਕ ਪਾਬੰਦੀਸੁਦਾ ਅੱਤਵਾਦੀ ਸੰਗਠਨ ਕੇ.ਟੀ.ਐਫ਼. ਦਾ ਕਾਰਕੰੁਨ ਹੈ। ਸਾਲ 2020 ਵਿੱਚ, ਉਹ ਆਪਣੇ ਇੱਕ ਸਾਥੀ ਸੁੱਖਾ ਲੰਮੇ ਦਾ ਕਤਲ ਕਰਨ ਤੋਂ ਬਾਅਦ ਕੈਨੇਡਾ ਫਰਾਰ ਹੋ ਗਿਆ ਸੀ। ਕੈਨੇਡਾ ਵਿੱਚ ਬੈਠ ਕੇ ਹੀ ਉਹ ਪੰਜਾਬ ਵਿੱਚ ਫਿਰੌਤੀ, ਹੱਤਿਆਵਾਂ ਅਤੇ ਹੋਰ ਦਹਿਸ਼ਤੀ ਅਪਰਾਧਾਂ ਵਿੱਚ ਸ਼ਾਮਲ ਗੈਂਗਸਟਰਾਂ ਦਾ ਨੈੱਟਵਰਕ ਚਲਾਉਂਦਾ ਸੀ। ਉਹ ਮਨੀਲਾ, ਮਲੇਸ਼ੀਆ, ਕੈਨੇਡਾ ਅਤੇ ਪਾਕਿਸਤਾਨ ਸਥਿਤ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਨਾਂ ਅਪਰਾਧਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਉਸ ਵਿਰੁੱਧ ਕਤਲ, ਲੁੱਟ-ਖੋਹ, ਡਕੈਤੀ, ਫਿਰੌਤੀ, ਫਿਰੌਤੀ ਅਤੇ ਦਹਿਸ਼ਤ ਫੈਲਾਉਣ ਸਬੰਧੀ 35 ਐਫਆਈਆਰਜ਼ ਦਰਜ ਹਨ। ਉਸ ਦੀ ਸ਼ਮੂਲੀਅਤ ਪੰਜਾਬ ਦੇ ਸਰਹੱਦੀ ਰਾਜ ਵਿੱਚ ਹੋਈਆਂ ਕਈ ਮਿੱਥਕੇ ਕੀਤੀਆਂ ਹੱਤਿਆਵਾਂ ਵਿੱਚ ਵੀ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਜਾਂ ਗੈਰ ਕਾਨੂੰਨੀ ਢੰਗ ਨਾਲ ਦਰਾਮਦ ਕੀਤੇ ਆਰਡੀਐਕਸ, ਆਈਈਡੀ, ਏਕੇ-47 ਅਤੇ ਹੋਰ ਹਥਿਆਰਾਂ ਅਤੇ ਗੋਲੀ ਸਿੱਕਾ ਨੂੰ ਰਾਜ ਵਿੱਚ ਵੱਖ ਵੱਖ ਮਾਡਿਊਲਾਂ ਨੂੰ ਸਪਲਾਈ ਕਰਨ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਸੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਰਸ਼ ਡੱਲਾ ਦੀ ਕੈਨੇਡਾ ਤੋਂ ਹਵਾਲਗੀ ਲਈ ਪ੍ਰਕਿਰਿਆ ਪਹਿਲਾਂ ਹੀ ਜਾਰੀ ਹੈ ਅਤੇ ਜਲਦੀ ਹੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ। ਜਿਕਰਯੋਗ ਹੈ ਕਿ ਅਰਸ਼ ਡੱਲਾ ਖਿਲਾਫ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਇਸ ਦੀ ਜ਼ੋਰਦਾਰ ਢੰਗ ਨਾਲ ਪੈਰਵੀ ਕੀਤੀ ਜਾ ਰਹੀ ਹੈ।
ਗੈਂਗਸਟਰ ਅਰਸ਼ ਡੱਲਾ ਨਾਲ ਜੁੜੇ ਵਿਅਕਤੀਆਂ ‘ਤੇ ਪੰਜਾਬ ਪੁਲਿਸ ਵੱਲੋਂ ਸੂਬਾ ਪੱਧਰੀ ਛਾਪੇਮਾਰੀ
ਫ਼ੌਜਾ ਸਿੰਘ ਸਰਾਰੀ ਨੇ ਦਿੱਤਾ ਅਸਤੀਫ਼ਾ, ਡਾ. ਬਲਬੀਰ ਬਣੇ ਕੈਬਨਿਟ ਮੰਤਰੀ
ਕਈ ਮੰਤਰੀਆਂ ਦੇ ਵਿਭਾਗਾਂ ’ਚ ਕੀਤਾ ਫ਼ੇਰਬਦਲ
ਮੁੱਖ ਮੰਤਰੀ ਨੇ ਨਵੇਂ ਮੰਤਰੀ ਨੂੰ ਵਧਾਈ ਦਿੱਤੀ
ਹਾਲੇ ਵੀ ਮੰਤਰੀ ਮੰਡਲ ਦੇ ਤਿੰਨ ਅਹੁੱਦੇ ਖਾਲੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਜਨਵਰੀ: ਪਿਛਲੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਪੰਜਾਬ ਕੈਬਨਿਟ ਦੇ ਫ਼ੇਰਬਦਲ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਿੱਧੇ ਢੰਗ ਨਾਲ ਚਰਚਿਤ ਮੰਤਰੀ ਫ਼ੌਜਾ ਸਿੰਘ ਸਰਾਰੀ ਦਾ ਅਸਤੀਫ਼ਾ ਲੈ ਲਿਆ, ਉਥੇ ਪਟਿਆਲਾ ਤੋਂ ਜਿੱਤੇ ਪਾਰਟੀ ਆਗੂ ਡਾ ਬਲਵੀਰ ਸਿੰਘ ਨੂੰ ਬਤੌਰ ਕੌਬਨਿਟ ਮੰਤਰੀ ਵਜੋਂ ਰਾਜਪਾਲ ਨੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਅੱਜ ਫ਼ੇਰਬਦਲ ਤੋਂ ਬਾਅਦ ਵੀ ਮਾਨ ਮੰਤਰੀ ਮੰਡਲ ਦੀ ਗਿਣਤੀ ਪਹਿਲਾਂ ਜਿੰਨੀ ਹੀ ਹੈ, ਭਾਵ 15 ਮੰਤਰੀ ਹਨ। ਜਦੋਂਕਿ ਨਿਯਮਾਂ ਤਹਿਤ ਮੁੱਖ ਮੰਤਰੀ ਸਹਿਤ ਪੰਜਾਬ ਕੈਬਨਿਟ ਵਿਚ 18 ਮੰਤਰੀ ਬਣ ਸਕਦੇ ਹਨ। ਜਿਸਦੇ ਚੱਲਦੇ ਆਉਣ ਵਾਲੇ ਸਮਂੇ ਵਿਚ ਕੁੱਝ ਹੋਰ ਵਿਧਾਇਕਾਂ ਨੂੰ ਅਡਜਸਟ ਕੀਤਾ ਜਾ ਸਕਦਾ ਹੈ। ਹਾਲਾਂਕਿ ਕੈਬਨਿਟ ਮੰਤਰੀ ਦੇ ਅਹੁੱਦੇ ਲਈ ਇੱਕ ਵੱਡੀ ਦਾਅਵੇਦਾਰ ਤਲਵੰਡੀ ੋਸਾਬੋ ਹਲਕੇ ਤੋਂ ਦੂਜੀ ਵਾਰ ਦੀ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਨੂੂੰ ਪਾਰਟੀ ਦੇ ਚੀਫ਼ ਵਿੱਪ ਹੋਣ ਦੀ ਹੈਸੀਅਤ ਵਿਚ ਮੰਤਰੀ ਦਾ ਰੈਂਕ ਦਿੱਤਾ ਗਿਆ ਹੈ। ਉਧਰ ਨਵੇਂ ਬਣੇ ਮੰਤਰੀ ਡਾ. ਬਲਬੀਰ ਨੂੰ ਨਵੀਂ ਜ਼ਿੰਮੇਵਾਰੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ ਹੈ। ਇਸਦੇ ਨਾਲ ਹੀ ਉਨ੍ਹਾਂ ਅੱਧੀ ਦਰਜ਼ਨ ਮੰਤਰੀਆਂ ਦੇ ਵਿਭਾਗਾਂ ਵਿਚ ਵੀ ਤਬਦੀਲੀ ਕੀਤੀ ਹੈ। ਚੇਤਨ ਸਿੰਘ ਜੋੜੇਮਾਜ਼ਰਾ ਤੋਂ ਸਿਹਤ ਵਿਭਾਗ ਵਾਪਸ ਲੈ ਕੇ ਹੁਣ ਨਵਂੇ ਬਣੇ ਮੰਤਰੀ ਡਾ. ਬਲਬੀਰ ਨੂੰ ਇਹ ਵਿਭਾਗ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮਾਈਨਿੰਗ ਵਿਭਾਗ ਮੀਤ ਹੇਅਰ, ਗਗਨ ਅਨਮੋਲ ਮਾਨ ਨੂੰ ਪ੍ਰਾਹੁਣਾਚਾਰੀ, ਉਚੇਰੀ ਸਿੱਖਿਆ ਵਿਭਾਗ ਹਰਜੌਤ ਸਿੰਘ ਬੈਂਸ ਨੂੰ ਦਿੱਤਾ ਗਿਆ ਹੈ ਤੇ ਉਨ੍ਹਾਂ ਕੋਲੋ ਜੇਲ੍ਹ ਵਿਭਾਗ ਦੀ ਜਿੰਮੇਵਾਰੀ ਖੁੱਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਾਲ ਲਈ ਹੈ। ਜਿਕਰਯੋਗ ਹੈ ਕਿ ਵਿਰੋਧੀ ਧਿਰਾਂ ਵਲੋਂ ਫ਼ੌਜਾ ਸਿੰਘ ਸਰਾਰੀ ਉਪਰ ਭ੍ਰਿਸ਼ਟਾਚਾਰ ਦੇ ਲਗਾਤਾਰ ਦੋਸ਼ ਲਗਾਉਂਦਿਆਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ। ਫ਼ੌਜਾ ਸਿੰਘ ਦੀ ਮੰਤਰੀ ਹੁੰਦੇ ਸਮਂੇ ਇੱਕ ਆਡੀਓ ਵੀ ਵਾਈਰਲ ਹੋਈ ਸੀ, ਜਿਸ ਕਾਰਨ ਇਹ ਵਿਵਾਦ ਉੱਠਿਆ ਸੀ।
ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਅਤੇ ਬੀਐਸਐਫ ਨਾਲ ਸਾਂਝੇ ਅਪਰੇਸਨ ਵਿੱਚ ਫਾਜ਼ਿਲਕਾ ਤੋਂ 31 ਕਿਲੋ ਹੈਰੋਇਨ ਨਾਲ ਇੱਕ ਫੌਜੀ ਜਵਾਨ ਨੂੰ ਉਸਦੇ ਸਾਥੀ ਸਮੇਤ ਕੀਤਾ ਗਿਰਫਤਾਰ
ਗਿਰਫਤਾਰ ਕੀਤੇ ਨਸਾ ਤਸਕਰ ਭਾਰਤ-ਪਾਕਿ ਸਰਹੱਦ ਰਾਹੀਂ ਤਸਕਰੀ ਰਾਹੀਂ ਲਿਆਂਦੀ ਨਸ਼ਿਆਂ ਦੀ ਖੇਪ ਹਾਸਲ ਕਰਨ ਉਪਰੰਤ ਭੱਜਣ ਦੀ ਕਰ ਰਹੇ ਸਨ ਕੋਸ਼ਿਸ਼ : ਡੀਜੀਪੀ ਗੌਰਵ ਯਾਦਵ
ਪੰਜਾਬੀ ਖ਼ਬਰਸਾਰ ਬਿਉਰੋ
ਫਾਜ਼ਿਲਕਾ, 7 ਜਨਵਰੀ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸਾ-ਨਿਰਦੇਸਾਂ ‘ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜੰਗ ਤਹਿਤ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ, ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਅਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨਾਲ ਅੰਜਾਮ ਦਿਤੇ ਸਾਂਝੇ ਆਪਰੇਸ਼ਨ ਵਿੱਚ ਇੱਕ ਫੌਜੀ ਨੂੰ ਉਸਦੇ ਸਾਥੀ ਸਣੇ , ਹੈਰੋਇਨ ਦੇ 29 ਪੈਕਟ, ਜਿਨਾਂ ਦਾ ਵਜ਼ਨ 31.02 ਕਿਲੋ ਬਣਦਾ ਹੈ, ਸਮੇਤ ਗਿਰਫ਼ਤਾਰ ਕੀਤਾ।ਇਹ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸਨੀਵਾਰ ਨੂੰ ਇੱਥੇ ਦੱਸਿਆ ਕਿ ਪਠਾਨਕੋਟ ਵਿੱਚ ਸਿਪਾਹੀ ਵਜੋਂ ਤਾਇਨਾਤ 26 ਸਾਲਾ ਫੌਜੀ ਜਵਾਨ ਨੂੰ ਉਸਦੇ ਸਾਥੀ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਮਹਾਲਮ ਜ਼ਿਲਾ ਫਾਜ਼ਿਲਕਾ , ਸਮੇਤ ਗਿ?ਰਫਤਾਰ ਕੀਤਾ ਗਿਆ ਹੈ। ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਨੇ ਉਕਤ ਦੋਸ਼ੀਆਂ ਕੋਲੋਂ 1 ਹੁੰਡਈ ਵਰਨਾ ਕਾਰ (ਯੂਪੀ 80 ਸੀਡੀ 0023) ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਡੀਜੀਪੀ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਅਤੇ ਬੀਐਸਐਫ ਦੇ ਨਾਲ ਇੱਕ ਇਕ ਪੂਰਨ ਤਾਲਮੇਲ ਵਾਲੀ ਕਾਰਵਾਈ ਤਹਿਤ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਫਾਜ਼ਿਲਕਾ ਪੁਲਿਸ ਨੇ ਸਦਰ ਫਾਜ਼ਿਲਕਾ ਦੇ ਖੇਤਰ ਵਿੱਚ ਘੇਰਾਬੰਦੀ ਕੀਤੀ ਅਤੇ ਤਲਾਸੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਇਕ “ਵਰਨਾ ਕਾਰ ਦੀ ਚੈਕਿੰਗ ਕਰਨ ‘ਤੇ, ਇੱਕ ਸਵਾਰ ਨੇ ਆਈਡੀ ਕਾਰਡ ਦਿਖਾਉਂਦੇ ਹੋਏ ਖ਼ੁਦ ਨੂੰ ਭਾਰਤੀ ਫੌਜ ਦਾ ਜਵਾਨ ਦੱਸਿਆ ਅਤੇ ਜਦੋਂ ਪੁਲਿਸ ਨੇ ਵਾਹਨ ਦੀ ਜਾਂਚ ਕਰਨ ਲਈ ਜੋਰ ਪਾਇਆ ਤਾਂ ਉਹ ਕਾਰ ਭਜਾਕੇ ਲਿਜਾਣ ਵਿੱਚ ਕਾਮਯਾਬ ਹੋ ਗਏ। ਉਨਾਂ ਕਿਹਾ ਕਿ ਪੁਲਿਸ ਟੀਮਾਂ ਨੇ ਤੁਰੰਤ ਸਾਰੇ ਨਾਕਿਆਂ ਨੂੰ ਮਜਬੂਤ ਕੀਤਾ ਅਤੇ ਗਾਗਨਕੇ-ਸਮਸਾਬਾਦ ਰੋਡ ਨਕਾਬੰਦੀ ਕਰਕੇ ਦੋਸ਼ੀਆ ਨੂੰ ਕਾਬੂ ਕਰਨ ‘ਚ ਕਾਮਯਾਬੀ ਹਾਸਿਲ ਕੀਤੀ। ਉਨਾਂ ਦੱਸਿਆ ਕਿ ਪੁਲੀਸ ਟੀਮਾਂ ਨੇ ਗੱਡੀ ਦੀ ਚੈਕਿੰਗ ਕਰਨ ’ਤੇ ਕਾਰ ਵਿੱਚੋਂ 29 ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਡੀਜੀਪੀ ਨੇ ਦੁਹਰਾਇਆ ਕਿ ਪੰਜਾਬ ਪੁਲਿਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜੋਂ ਪੁੱਟਣ ਲਈ ਵਚਨਬੱਧ ਹੈ। ਡੀਆਈਜੀ ਫਿਰੋਜਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਦੋਸੀ ਪਾਈਪ ਦੀ ਮਦਦ ਨਾਲ ਸਰਹੱਦੀ ਕੰਡਿਆਲੀ ਤਾਰ ਤੋੰ ਪਾਰ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਭੇਜੀ ਗਈ ਨਸ਼ਿਆਂ ਦੀ ਖੇਪ ਬਰਾਮਦ ਕਰਕੇ ਸਰਹੱਦੀ ਜ਼ਿਲੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਵਿਚ ਸਨ। ਉਨਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਐਫ.ਆਈ.ਆਰ ਨੰ. 7 ਮਿਤੀ 07.01.2023 ਨੂੰ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21-ਸੀ, 23 ਅਤੇ 29 ਅਧੀਨ ਥਾਣਾ ਸਦਰ ਫਾਜ਼ਿਲਕਾ ਵਿਖੇ ਕੇਸ ਦਰਜ ਕੀਤਾ ਗਿਆ ਹੈ
ਬ੍ਰਮ ਸ਼ੰਕਰ ਜਿੰਪਾ ਵੱਲੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਪਾਣੀ ਸੁਧਾਰ ਲਈ ਕੇਂਦਰ ਤੋਂ ਫੰਡਾਂ ਦੀ ਮੰਗ
ਭੋਪਾਲ ਵਿਖੇ ਕੌਮੀ ਕਾਨਫਰੰਸ ’ਵਾਟਰ ਵਿਜ਼ਨ 2047’ ਵਿਚ ਕੀਤੀ ਸ਼ਿਰਕਤ
ਮੁੱਖ ਮੰਤਰੀ ਭਗਵੰਤ ਮਾਨ ਸਿਆਸਤ ਵਿਚ ਆਉਣ ਤੋਂ ਪਹਿਲਾਂ ਵੀ ਪੰਜਾਬ ਵਾਸੀਆਂ ਲਈ ਫਿਕਰਮੰਦ ਸਨ: ਜਿੰਪਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਜਨਵਰੀ:ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਪਾਣੀ ਦੀ ਕੁਆਲਿਟੀ ਦੇ ਸੁਧਾਰ ਲਈ ਕੇਂਦਰ ਸਰਕਾਰ ਪੰਜਾਬ ਨਾਲ ਸਹਿਯੋਗ ਕਰੇ ਅਤੇ ਕੇਂਦਰੀ ਫੰਡਾਂ ’ਚੋਂ ਇੱਕ ਵੱਡਾ ਹਿੱਸਾ ਇਨ੍ਹਾਂ ਇਲਾਕਿਆਂ ਦੇ ਪਾਣੀ ਸੁਧਾਰ ਲਈ ਜਾਰੀ ਕਰੇ। ਜਿੰਪਾ ਨੇ ਇਹ ਮੰਗ ਭੋਪਾਲ ਵਿਖੇ ਕੌਮੀ ਕਾਨਫਰੰਸ ’ਵਾਟਰ ਵਿਜ਼ਨ 2047’ ਵਿਚ ਆਪਣੇ ਸੰਬੋਧਨ ਦੌਰਾਨ ਕੀਤੀ ਜਿੱਥੇ ਗਜੇਂਦਰ ਸ਼ੇਖਾਵਤ ਸਮੇਤ ਵੱਖ-ਵੱਖ ਸੂਬਿਆਂ ਦੇ ਮੰਤਰੀ ਹਾਜ਼ਰ ਸਨ। ਭੋਪਾਲ ਵਿਖੇ ਹੋਈ ਇਹ ਆਪਣੀ ਤਰ੍ਹਾਂ ਦੀ ਅਜਿਹੀ ਪਹਿਲੀ ਕਾਨਫਰੰਸ ਸੀ ਜਿਸ ਵਿਚ ਕਈ ਸੂਬਿਆਂ ਦੇ ਮੰਤਰੀਆਂ, ਮਾਹਰਾਂ ਅਤੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ ਅਤੇ ਪਾਣੀ ਦੀ ਯੋਗ ਵਰਤੋਂ ਅਤੇ ਇਸ ਦੇ ਹੋਰ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ-ਚਰਚਾ ਕੀਤੀ। ਆਪਣੇ ਸੰਬੋਧਨ ਦੌਰਾਨ ਜਿੰਪਾ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਬੇਹਤਰ ਕੁਆਲਿਟੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਹੁਤ ਗੰਭੀਰ ਹੈ ਅਤੇ ਇਸ ਪਾਸੇ ਯੋਗ ਯਤਨ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਪੀਣ ਵਾਲੇ ਸਾਫ ਪਾਣੀ ’ਤੇ ਸਰਕਾਰ ਨੇ ਖਾਸ ਤਵੱਜੋਂ ਦਿੱਤੀ ਹੈ। ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਭਗਵੰਤ ਮਾਨ ਦੀ ਪੰਜਾਬ ਦੇ ਲੋਕਾਂ ਪ੍ਰਤੀ ਫਿਕਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਭਗਵੰਤ ਮਾਨ ਸਿਆਸਤ ਵਿਚ ਆਏ ਵੀ ਨਹੀਂ ਸੀ ਉਹ ਉਦੋਂ ਵੀ ਉਨ੍ਹਾਂ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਚੁੱਕਦੇ ਸਨ ਜਿੱਥੇ ਜਿੱਥੇ ਪੀਣ ਵਾਲੇ ਸ਼ੁੱਧ ਪਾਣੀ ਨਾਲ ਲੋਕ ਜੂਝ ਰਹੇ ਸਨ।ਜਿੰਪਾ ਨੇ ਕਿਹਾ ਕਿ ਜਿਵੇਂ ਹੀ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਿਚ ਸਰਕਾਰ ਬਣੀ ਤਾਂ ਉਨ੍ਹਾਂ ਨੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੀ ਡਿਊਟੀ ਲਗਾਈ ਕਿ ਅਜਿਹੇ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਤੱਕ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ ਜਿੱਥੇ ਜ਼ਮੀਨੀ ਪਾਣੀ ਸ਼ੁੱਧ ਅਤੇ ਪੀਣਯੋਗ ਨਹੀਂ ਹੈ। ਅਜਿਹੇ ਸਾਰੇ ਇਲਾਕਿਆਂ ਦੇ ਬੰਦ ਪਏ ਆਰ.ਓ. ਦੋਬਾਰਾ ਚਲਵਾਏ ਗਏ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਾਲ ਨਾ ਜੂਝਣਾ ਪਵੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਹੀ ਪੰਜਾਬ ਦੇ 34.26 ਲੱਖ ਪੇਂਡੂ ਘਰਾਂ ’ਚੋਂ 34.24 ਲੱਖ ਘਰਾਂ ਵਿਚ ਪਾਈਪਾਂ ਰਾਹੀਂ ਪੀਣਯੋਗ ਪਾਣੀ ਪਹੁੰਚਾ ਦਿੱਤਾ ਗਿਆ ਹੈ ਅਤੇ ਇਹ ਦਰ 99.94 ਫੀਸਦੀ ਬਣਦੀ ਹੈ।ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਪਾਣੀ ਦੀ ਕੁਆਲਿਟੀ ਦਾ ਜ਼ਿਕਰ ਕਰਦਿਆਂ ਜਿੰਪਾ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਨਾਲ ਲੱਗਦੇ ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ ਅਤੇ ਹੋਰ ਵੀ ਕਈ ਜ਼ਿਲ੍ਹੇ ਜਿਵੇਂ ਬਠਿੰਡਾ ਦੇ ਕਈ ਇਲਾਕਿਆਂ ਦਾ ਜ਼ਮੀਨੀ ਪਾਣੀ ਪੀਣਯੋਗ ਨਹੀਂ ਹੈ। ਪਾਣੀ ਵਿਚ ਹੈਵੀ ਮੈਟਲ ਅਤੇ ਯੂਰੇਨੀਅਮ ਵਰਗੇ ਤੱਤ ਪਾਏ ਜਾ ਰਹੇ ਹਨ ਜਿਸ ਕਰਕੇ ਬਹੁਤ ਸਾਰੇ ਲੋਕ ਕੈਂਸਰ ਨਾਲ ਜੂਝ ਰਹੇ ਹਨ। ਛੋਟੇ-ਛੋਟੇ ਬੱਚਿਆਂ ਦੇ ਵਾਲ ਸਫੇਦ ਹੋ ਰਹੇ ਹਨ ਅਤੇ ਹੋਰ ਵੀ ਕਈ ਬਿਮਾਰੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿਚ ਮਾਨ ਸਰਕਾਰ ਬਹੁਤ ਸਾਰਾ ਕੰਮ ਕਰ ਰਹੀ ਹੈ ਅਤੇ ਪਾਣੀ ਸੁਧਾਰ ਲਈ ਪੰਜਾਬ ’ਚ ਸਥਾਪਤ ਲੈਬੋਟਰੀਆਂ ਅਤੇ ਹੋਰ ਸਾਧਨਾਂ ਰਾਹੀਂ ਵੱਡੇ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਹਾਲੇ ਹੋਰ ਵੀ ਯਤਨਾਂ ਦੀ ਲੋੜ ਹੈ।ਸੈਮੀਨਾਰ ਦੀ ਥੀਮ ’ਵਾਟਰ ਵਿਜ਼ਨ 2047’ ਬਾਬਤ ਬੋਲਦਿਆਂ ਜਿੰਪਾ ਨੇ ਕਿਹਾ ਕਿ ਅਗਲੇ 25 ਸਾਲਾਂ ਲਈ ਪਾਣੀ ਸਬੰਧੀ ਇਕ ਖਾਕਾ ਤਿਆਰ ਕਰਨਾ ਅਤੇ ਭਵਿੱਖ ਲਈ ਸੋਚਣਾ ਬਹੁਤ ਜ਼ਰੂਰੀ ਤੇ ਅਹਿਮ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦੀ ਸਭ ਤੋਂ ਅਹਿਮ ਨਿਆਮਤ ਪਾਣੀ ਬਾਰੇ ਇਸ ਤਰ੍ਹਾਂ ਦੀ ਪਹਿਲਕਦਮੀ ਕੌਮੀ ਪੱਧਰ ’ਤੇ ਪਹਿਲਾਂ ਕਦੇ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਾਣੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਲੋਕਾਂ ਨੂੰ ਵੀ ਇਸ ਦੀ ਵਰਤੋਂ ਬਾਰੇ ਗੰਭੀਰ ਹੋਣਾ ਪਵੇਗਾ। ਉਨ੍ਹਾਂ ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ਇਸ ਸੈਮੀਨਾਰ ਲਈ ਕੀਤੀ ਪਹਿਲਕਦਮੀ ਦਾ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ ਕੇਂਦਰ ਸਰਕਾਰ ਪੰਜਾਬ ਦੀਆਂ ਮੰਗਾਂ ਲਈ ਵੀ ਸਹਿਯੋਗ ਕਰੇਗੀ।ਇਸ ਦੌਰਾਨ ਪੰਜਾਬ ਦੀਆਂ ਜਲ ਸਪਲਾਈ ਸਕੀਮਾਂ ਬਾਬਤ ਇਕ ਪੇਸ਼ਕਾਰੀ ਵੀ ਦਿੱਤੀ ਗਈ ਜਿਸ ਵਿਚ ਦਰਸਾਇਆ ਗਿਆ ਕਿ ਪੰਜਾਬ ਸੂਬਾ ਦੇਸ਼ ਦੇ ਉਨ੍ਹਾਂ ਮੋਹਰੀ ਸੂਬਿਆਂ ਵਿਚ ਸ਼ਾਮਲ ਹੈ ਜਿੱਥੇ ਨਹਿਰੀ/ਦਰਿਆਈ ਪਾਣੀਆਂ ਨੂੰ ਸੋਧ ਕੇ ਲੋਕਾਂ ਦੇ ਪੀਣ ਲਈ ਘਰ-ਘਰ ਪਹੁੰਚਾਇਆ ਜਾ ਰਿਹਾ ਹੈ।ਇਸ ਮੌਕੇ ਪੰਜਾਬ ਦੀ ਸੀਨੀਅਰ ਆਈ.ਏ.ਐਸ. ਅਧਿਕਾਰੀ ਵਿਨੀ ਮਹਾਜਨ ਵੀ ਹਾਜ਼ਰ ਸਨ, ਜੋ ਕੇਂਦਰੀ ਜਲ ਸ਼ਕਤੀ ਮੰਤਰਾਲੇ ਵਿਚ ਸਕੱਤਰ ਹਨ। ਪੰਜਾਬ ਵਫਦ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਮੁੱਖ ਇੰਜੀਨੀਅਰ ਜੇਜੇ ਗੋਇਲ ਅਤੇ ਨਿਗਰਾਨ ਇੰਜੀਨੀਅਰ ਰਜੇਸ਼ ਦੂਬੇ ਵੀ ਸ਼ਾਮਲ ਸਨ।
ਮਾਨਸਾ ਲੋਹੜੀ ਮੇਲੇ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲ੍ਹੋਂ 31 ਹੋਣਹਾਰ ਧੀਆਂ ਦਾ ਸਨਮਾਨ
ਸੁਖਵਿੰਦਰ ਸੁੱਖੀ ਸਮੇਤ ਦਰਜਨਾਂ ਕਲਾਕਾਰਾਂ ਨੇ ਅਪਣੇ ਗੀਤਾਂ ਰਾਹੀਂ ਧੀਆਂ ਨੂੰ ਕੀਤਾ ਉਤਸ਼ਾਹਿਤ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 7 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲ੍ਹੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਨਸਾ ਖੁਰਦ ਵਿਖੇ ਕਰਵਾਏ ਗਏ 18 ਵੇਂ ਲੋਹੜੀ ਮੇਲੇ ਦੌਰਾਨ 31 ਹੋਣਹਾਰ ਧੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲ੍ਹੋਂ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ।ਉਨ੍ਹਾਂ ਮਾਣ ਮਹਿਸੂਸ ਕੀਤਾ ਕਿ ਸਾਡੀਆਂ ਲੜਕੀਆਂ ਨੇ ਹਰ ਖੇਤਰ ਚ ਅਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਕੇ ਅਪਣੀ ਸਥਾਪਤੀ ਦਾ ਲੋਹਾ ਮਨਵਾਇਆ ਹੈ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ ਵਿਜੈ ਸਿੰਗਲਾ ਵਿਧਾਇਕ ਹਲਕਾ ਮਾਨਸਾ, ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ,ਬਲਦੀਪ ਕੌਰ ਡਿਪਟੀ ਕਮਿਸ਼ਨਰ ਅਤੇ ਡਾ ਨਾਨਕ ਸਿੰਘ ਐੱਸ ਐੱਸ ਪੀ ਨੇ ਵੀ ਸਭਿਆਚਾਰ ਚੇਤਨਾ ਮੰਚ ਦੀ ਪ੍ਰਸ਼ੰਸਾ ਕੀਤੀ ਜੋ ਪਿਛਲੇ ਦੋ ਦਹਾਕਿਆਂ ਤੋਂ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਿਹਾ। ਉਨ੍ਹਾਂ ਕਿਹਾ ਕਿ ਅਠਾਰਾਂ ਵਰ੍ਹਆਂ ਤੋਂ ਲਗਾਤਾਰ ਧੀਆਂ ਲਈ ਪ੍ਰੇਰਨਾ ਸਰੋਤ ਬਣ ਰਹੇ ਲੋਹੜੀ ਮੇਲੇ ਨੂੰ ਲਗਾਤਾਰ ਜਾਰੀ ਰੱਖਣਾ, ਵੱਡਾ ਕਾਰਜ ਹੈ। ਲੋਹੜੀ ਮੇਲੇ ਲਈ ਵਿਸ਼ੇਸ਼ ਸਹਿਯੋਗ ਦੇਣ ਵਾਲੇ ਸੰਤ ਪ੍ਰਸ਼ੋਤਮ ਦਾਸ ,ਮੰਚ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ, ਕੋਆਰਡੀਨੇਟਰ ਬਲਰਾਜ ਨੰਗਲ ਅਤੇ ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਹਰਦੀਪ ਸਿੱਧੂ ਨੇ ਮਾਣ ਮਹਿਸੂਸ ਕੀਤਾ ਕਿ ਵਰ੍ਹ?ਆਂ ਪਹਿਲਾ ਲੋਹੜੀ ਮੇਲੇ ਦੌਰਾਨ ਸਨਮਾਨਿਤ ਹੋਈਆਂ 1000 ਤੋਂ ਵੱਧ ਹੋਣਹਾਰ ਧੀਆਂ ਅੱਜ ਵੱਖ ਵੱਖ ਉਚ ਪਦਵੀਆਂ ’ਤੇ ਕੰਮ ਕਰਦਿਆਂ ਹੋਰਨਾਂ ਧੀਆਂ ਲਈ ਪ੍ਰੇਰਨਾ ਸਰੋਤ ਬਣੀਆਂ ਹਨ।
ਲੋਹੜੀ ਮੇਲੇ ਦੌਰਾਨ ਪ੍ਰਸਿੱਧ ਕਲਾਕਾਰ ਸੁਖਵਿੰਦਰ ਸੁੱਖੀ ਨੇ ‘‘ਮੇਰੇ ਵੰਗਾਂ ਮੇਚ ਨਾ ਆਈਆਂ’’, ਲੋਹੜੀ ਸਬੰਧੀ ਗੀਤ ਸੰਗੀਤ, ਲੋਕ ਤੱਥ ਅਤੇ ਉਧਮ ਆਲਮ ਨੇ ਜਸ਼ਨੇ ਲੋਹੜੀ,ਕਦੇ ਮੇਰੇ ਬਾਪੂ ਨੂੰ ਲਹੌਰ ਨੀ ਭੁਲਿਆ ਅਤੇ ਹੋਰ ਖੂਬਸੂਰਤ ਗੀਤਾਂ ਨਾਲ ਖੂਬ ਰੰਗ ਬੰਨਿਆਂ, ਰਮਨਦੀਪ ਮੰਗਾ,ਅੰਮ੍ਰਿਤਪਾਲ ਸਿੰਘ ਨੇ ਗੀਤਾਂ ਅਤੇ ਚਾਚੀ ਲੁਤਰੋ ਨੇ ਹਾਸਰਸ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਮਾਲਵਾ ਪਬਲਿਕ ਸਕੂਲ ਖਿਆਲਾ ਕਲਾਂ, ਬਹਿਣੀਵਾਲ, ਝੰਡੂਕੇ,ਬਣਾਂਵਾਲੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਖੂਬ ਰੰਗ ਬੰਨਿਆ।
ਅੱਜ ਸਨਮਾਨਿਤ ਕੀਤੀਆਂ ਧੀਆਂ ਚ ਡਾ ਵੀਰਪਾਲ ਕੌਰ ਮਾਨਸਾ, ਸਮਾਜ ਖੇਤਰ ਚ ਲੋੜਵੰਦ ਔਰਤਾਂ ਦਾ ਸਹਾਰਾ ਬਣ ਰਹੀ ਜੀਤ ਦਹੀਆ,ਮੈਡੀਕਲ ਐਂਟਰੈਂਸ ਟੈਸਟ(ਨੀਟ) ਦੌਰਾਨ ਆਲ ਇੰਡੀਆ ਪੱਧਰ ’ਤੇ 173 ਵਾਂ ਰੈਂਕ ਪ੍ਰਾਪਤ ਕਰਨ ਵਾਲੀ ਦੇਵਿਕਾ ਅਨੰਦ, ਆਰਥਿਕ ਤੰਗੀਆਂ ਤੁਰਸ਼ੀਆਂ ਦੌਰਾਨ ਮਿਹਨਤ ਮਜ਼ਦੂਰੀਆਂ ਕਰਕੇ ਥਾਣੇਦਾਰ ਬਣੀ ਸਵਰਨ ਕੌਰ ਬਰਨਾਲਾ, ਲੋੜਵੰਦ ਵਿਦਿਆਰਥੀਆਂ ਲਈ ਸਹਾਰਾ ਬਣੀ ਅਧਿਆਪਕਾ ਮਨਪ੍ਰੀਤ ਕੌਰ,ਕਬੱਡੀ ਚ ਨੈਸ਼ਨਲ ਪੱਧਰ ਦੀ ਖਿਡਾਰਣ ਅਤੇ ਲਵਲੀ ਯੂਨੀਵਰਸਿਟੀ ਜਲੰਧਰ ਦੀ ਕੋਚ ਰਹੀ ਮੁਖਤਿਆਰ ਕੌਰ ਅਤਲਾ ਕਲਾਂ,ਸੈਂਟਰ ਹੈੱਡ ਟੀਚਰ ਦਾ ਟੈਸਟ ਪਾਸ ਕਰਕੇ ਜ਼ਿਲ੍ਹਾ ਮਾਨਸਾ ਚੋਂ ਮੋਹਰੀ ਰਹੀਂ ਬਿੰਦਰ ਕੌਰ ਆਲੀਕੇ, ਸੁੰਦਰ ਲਿਖਾਈ ਚ ਸਲੋਗਨ ਮੁਕਾਬਲੇ ਦੌਰਾਨ ਰਾਜ ਪੱਧਰ ’ਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਨੰਗਲ ਕਲਾਂ ਸਕੂਲ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ,ਦਸਵੀਂ ਦੀ ਪੜ੍ਹਾਈ ਦੇ ਨਾਲ ਨਾਲ ਮਾਨਸਾ ਵਿਖੇ ਆਟੋ ਚਲਾ ਕੇ ਪਰਿਵਾਰ ਦਾ ਸਹਾਰਾ ਬਣਨ ਵਾਲੀ ਮਨਪ੍ਰੀਤ ਕੌਰ ਪੁੱਤਰੀ ਬਿੱਕਰ ਸਿੰਘ ਮਾਨਸਾ,ਸਟੇਟ ਖੇਡਾਂ-2022 ਦੌਰਾਨ ਨੈੱਟਬਾਲ ਚ ਗੋਲਡ ਮੈਡਲ ਪ੍ਰਾਪਤ ਸਿਮਰਜੀਤ ਕੌਰ ਖਾਰਾ, ਸਟੇਟ ਪ੍ਰਾਇਮਰੀ ਖੇਡਾਂ ਦੌਰਾਨ ਰੋਪ ਸਕੇਪਿੰਗ ਚ ਗੋਲਡ ਮੈਡਲ ਹਾਸਲ ਕਰਨ ਵਾਲੀ ਬੱਚੀ ਖੁਸ਼ਪ੍ਰੀਤ ਕੌਰ ਖੁਡਾਲ ਕਲਾਂ,ਸਟੇਟ ਪ੍ਰਾਇਮਰੀ ਖੇਡਾਂ ਦੌਰਾਨ ਦੂਸਰਾ ਸਥਾਨ ਹਾਸਲ ਕਰਨ ਵਾਲੀ ਕਬੱਡੀ ਟੀਮ ਦੀ ਕੈਪਟਨ ਕਾਜਲ ਬਹਿਣੀਵਾਲ, ਬਾਰਵੀਂ ਜਮਾਤ ਚੋਂ ਰਾਜ ਭਰ ਚ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਅਰਸ਼ਪ੍ਰੀਤ,ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਰਮਨਪ੍ਰੀਤ ਕੌਰ ਆਲਮਪੁਰ ਮੰਦਰਾਂ,ਦਸਵੀਂ ਚ ਸੌ ਫੀਸਦੀ ਨੰਬਰ ਹਾਸਲ ਕਰਨ ਵਾਲੀ ਵਿਦਿਆਰਥਣ ਕੋਮਲ ਸਿੰਗਲਾ ਭੀਖੀ,ਆਟੋ ਚਲਾ ਕੇ ਹੋਰਨਾਂ ਲੜਕੀਆਂ ਲਈ ਪ੍ਰੇਰਨਾ ਬਣੀ ਮਨਪ੍ਰੀਤ ਕੌਰ ਮਾਨਸਾ ਤੋਂ ਇਲਾਵਾ ਸਿੱਖਿਆ, ਸਭਿਆਚਾਰ, ਖੇਡਾਂ ਚ ਸਟੇਟ,ਨੈਸ਼ਨਲ ਪੱਧਰ ਤੱਕ ਪ੍ਰਾਪਤੀਆਂ ਕਰਨ ਵਾਲੀਆਂ ਸੰਦੀਪ ਕੌਰ ਦਿਆਲਪੁਰਾ,ਅਮਨਪ੍ਰੀਤ ਵਰਮਾ ਮਾਨਸਾ,ਚਰਨਜੀਤ ਕੌਰ ਬਰੇਟਾ, ਸੁਖਮਨੀ ਮਾਨ,ਰਮਨਪ੍ਰੀਤ ਕੌਰ ਬੁਰਜ ਹਰੀ,ਮਨਪ੍ਰੀਤ ਕੌਰ ਬੁਰਜ ਹਰੀ, ਦੀਸ਼ਾ ਰਾਣੀ ਕੁਲਰੀਆਂ,ਕਮਲਜੀਤ ਕੌਰ,ਮਨਪ੍ਰੀਤ ਕੌਰ ਮੰਡੇਰ,ਹਰਗੁਣ ਮਾਨਸਾ, ਰੋਮਨਪੁਨੀਤ ਕੌਰ ਦਾਤੇਵਾਸ, ਬਖਸ਼ਦੇਵ ਕੌਰ ਦਰੀਆਪੁਰ,ਗੁਰਪ੍ਰੀਤ ਕੌਰ ਦਰੀਆਪੁਰ,ਸੁਮਨਪ੍ਰੀਤ ਕੌਰ ਦਿਆਲਪੁਰਾ, ਜੈਸਮੀਨ ਕੌਰ ਫੁਲੂਵਾਲਾ ਡੋਡ,ਹੁਸਨਪ੍ਰੀਤ ਕੌਰ ਦਾਤੇਵਾਸ ਸ਼ਾਮਲ ਹਨ।ਇਸ ਤੋ ਇਲਾਵਾ ਪਰਾਲੀ ਵਿਸ਼ੇ ’ਤੇ ਚਰਚਿਤ ਕਵੀਸ਼ਰੀ ਪੇਸ਼ ਕਰਨ ਵਾਲੀਆਂ ਮਾਲਵਾ ਪਬਲਿਕ ਸਕੂਲ ਖਿਆਲਾ ਕਲਾਂ ਦੇ ਲੜਕੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਮੰਚ ਦੇ ਕੋਆਰਡੀਨੇਟਰ ਬਲਰਾਜ ਨੰਗਲ ਨੇ ਅਪਣੀ ਸਵਰਗੀ ਪਤਨੀ ਸ੍ਰੀਮਤੀ ਕੁਲਵਿੰਦਰ ਕੌਰ ਨੂੰ ਸਮਰਪਿਤ ਕੀਤੇ।ਲੋਹੜੀ ਮੇਲੇ ਦੇ ਪ੍ਰਬੰਧਾਂ ਲਈ ਮੰਚ ਦੇ ਸੀਨੀਅਰ ਆਗੂਆਂ ਸਰਬਜੀਤ ਕੌਸ਼ਲ, ਪ੍ਰਿਤਪਾਲ ਸਿੰਘ, ਕਮਲਜੀਤ ਮਾਲਵਾ,ਦਰਸ਼ਨ ਜਿੰਦਲ, ਅਸ਼ੋਕ ਬਾਂਸਲ, ਬਲਜਿੰਦਰ ਸੰਗੀਲਾ,ਕੇਵਲ ਸਿੰਘ,ਕ੍ਰਿਸ਼ਨ ਗੋਇਲ,ਮੋਹਨ ਲਾਲ,ਜਸਪਾਲ ਦਾਤੇਵਾਸ,ਵਿਜੈ ਕੁਮਾਰ ਜਿੰਦਲ ਨੇ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਇਸ ਮੌਕੇ ਫਾਈਨਟੋਨ ਕੰਪਨੀ ਦੇ ਮਾਲਕ ਰਾਜਿੰਦਰ ਸਿੰਘ,ਗੁਰਪ੍ਰੀਤ ਸਿੰਘ ਭੁੱਚਰ, ਰਮੇਸ਼ ਖਿਆਲਾ,ਡਿਪਟੀ ਡੀਈਓ ਗੁਰਲਾਭ ਸਿੰਘ, ਯੂਥ ਅਫਸਰ ਡਾ ਸੰਦੀਪ ਘੰਡ,ਜਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ,ਹਰਪ੍ਰੀਤ ਬਹਿਣੀਵਾਲ,ਕਮਲਪ੍ਰੀਤ ਕੌਰ,ਪਿੰਡ ਕਮੇਟੀ ਮੈਂਬਰ ਨਵਜੋਤ ਮਾਨਸ਼ਾਹੀਆ, ਹਰਜੀਵਨ ਮਾਨਸ਼ਾਹੀਆ, ਗੁਰਪ੍ਰੀਤ ਸਿੰਘ ਨਹਿਰੂ, ਕਰਤਾਰ ਸਿੰਘ ਮਾਨਸ਼ਾਹੀਆ, ਗੁਰਪਿੰਦਰ ਮਾਨਸ਼ਾਹੀਆ, ਜਸਪ੍ਰੀਤ ਸਿੰਘ ਮਾਨਸ਼ਾਹੀਆ, ਸ਼ਿਵਰਾਜ ਸਿੰਘ ਮਾਨਸ਼ਾਹੀਆ, ਮਨਦੀਪ ਸਿੰਘ, ਸੁਖਦੀਪ ਸਿੰਘ, ਅੰਗਰੇਜ਼ ਸਿੰਘ, ਸੁਖਪਾਲ ਸਿੰਘ, ਖੁਸ਼ਦੀਪ ਸਿੰਘ ਹਾਜ਼ਰ ਸਨ।
ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਹਲਕਾ ਵਿਧਾਇਕ ਨੂੰ ਦਿੱਤਾ ਮੰਗ-ਪੱਤਰ
ਠੇਕਾ ਮੁਲਾਜ਼ਮਾਂ ਦੀਆਂ ਛਾਂਟੀਆਂ ਤੁਰੰਤ ਰੱਦ ਕਰਨ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਵੱਲੋੰ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਵਿਭਾਗਾਂ ਵਿੱਚੋਂ ਠੇਕਾ ਮੁਲਾਜ਼ਮਾਂ ਦੀਆਂ ਕੀਤੀਆਂ ਜਾ ਰਹੀਆਂ ਛਾਂਟੀਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਨੂੰ ਲੈਕੇ ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਪ੍ਰਧਾਨ ਜਗਰੂਪ ਸਿੰਘ ਅਤੇ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਦੀ ਅਗਵਾਈ ਵਿੱਚ ਹਲਕਾ ਵਿਧਾਇਕ ਮਾ.ਜਗਸੀਰ ਸਿੰਘ ਦੇ ਘਰ ਜਾਕੇ ਉਹਨਾਂ ਦੇ ਭਰਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਹਾਜ਼ਿਰ ਆਗੂਆਂ ਨੇ ਸਮੂਹ ਸਰਕਾਰੀ ਵਿਭਾਗਾਂ ਵਿੱਚ ਬਾਹਰੋਂ ਨਵੀਂ ਸਿੱਧੀ ਭਰਤੀ ਕਰਨ ਦੇ ਨਾਂ ਹੇਠ ਵਿਭਾਗਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਦੀਆਂ ਛਾਂਟੀਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਤਰਾਂ ਨਵੀਆਂ-ਨਵੀਆਂ ਕਮੇਟੀਆਂ ਦਾ ਗਠਨ ਕਰਕੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮਸਲੇ ਨੂੰ ਲੈਕੇ ਧੋਖੇ ਭਰਿਆ ਦੰਭ ਕਰਕੇ ਸਮਾਂ ਲੰਘਾ ਰਹੀ ਹੈ,ਦੂਜੇ ਪਾਸੇ ਸਰਕਾਰ ਡੀ.ਸੀ.ਦਫ਼ਤਰ ਬਰਨਾਲਾ,ਵੇਰਕਾ ਮਿਲਕ ਪਲਾਂਟਾਂ,ਸਿਹਤ ਵਿਭਾਗ ਅਤੇ ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਦੀਆਂ ਛਾਂਟੀਆਂ ਕਰ ਰਹੀ ਹੈ ਅਤੇ 21 ਦਸੰਬਰ ਨੂੰ ਮੋਰਚੇ ਦੇ ਸੂਬਾਈ ਆਗੂਆਂ ਨਾਲ਼ ਸਬ-ਕਮੇਟੀ ਵੱਲੋਂ ਕੀਤੀ ਮੀਟਿੰਗ ਵਿੱਚ ਹੋਏ ਫੈਸਲਿਆਂ ਤੋਂ ਭੱਜ ਰਹੀ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਆਪ ਸਰਕਾਰ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚੋਂ ਬਾਹਰ ਕਰਨ ਦੇ ਰਾਹ ਪਈ ਹੋਈ ਹੈ ਇਸ ਹੱਲੇ ਨੂੰ ਰੋਕਣ ਲਈ ਠੇਕਾ ਮੁਲਾਜ਼ਮਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਦੂਸਰਾ ਕੋਈ ਰਾਹ ਨਹੀਂ ਹੈ,ਜੇਕਰ ਪੰਜਾਬ ਸਰਕਾਰ ਨੇ ਠੇਕਾ ਮੁਲਾਜ਼ਮਾਂ ਦੀਆਂ ਕੀਤੀਆਂ ਜਾ ਰਹੀਆਂ ਛਾਂਟੀਆਂ ਨੂੰ ਤੁਰੰਤ ਪ੍ਰਭਾਵ ਨਾਲ਼ ਰੱਦ ਨਾ ਕੀਤਾ ਤਾਂ 21 ਜਨਵਰੀ ਨੂੰ ਬਰਨਾਲਾ ਵਿਖੇ ਤਰਕਸ਼ੀਲ ਭਵਨ ਵਿੱਚ ਠੇਕਾ ਮੁਲਾਜ਼ਮਾਂ ਦੀ ਹੋ ਰਹੀ ਸੂਬਾ ਪੱਧਰੀ ਕਨਵੈਨਸ਼ਨ ਵਿੱਚ ਅਗਲੇ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ,ਇਸ ਸਮੇਂ ਹਾਜ਼ਿਰ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿੱਚ ਬਾਹਰੋਂ ਸਿੱਧੀ ਭਰਤੀ ਕਰਨ ਤੋਂ ਪਹਿਲਾਂ ਵਿਭਾਗਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ,ਸਮੂਹ ਸਰਕਾਰੀ ਵਿਭਾਗਾਂ ਵਿੱਚੋਂ ਠੇਕਾ ਮੁਲਾਜ਼ਮਾਂ ਦੀਆਂ ਕੀਤੀਆਂ ਰਹੀਆਂ ਛਾਂਟੀਆਂ ਨੂੰ ਤੁਰੰਤ ਪ੍ਰਭਾਵ ਨਾਲ਼ ਰੱਦ ਕਰਕੇ ਛਾਂਟੀ ਕੀਤੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੇ ਬਹਾਲ ਕੀਤਾ ਜਾਵੇ।
ਹੱਕਾਂ ਦੀ ਪ੍ਰਾਪਤੀ ਲਈ ਠੇਕਾ ਕਾਮਿਆਂ ਨੇ ਦਿੱਤੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਯਾਦ ਪੱਤਰ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 7 ਜਨਵਰੀ: ਅਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਮੁਤਾਬਕ ਠੇਕਾ ਮੁਲਾਜ਼ਮਾਂ ਵਲੋਂ ਵੱਖ ਵੱਖ ਥਾਵਾਂ ਤੇ ਸਾਂਝੇ ਵਿਸ਼ਾਲ ਇਕੱਠ ਅਤੇ ਰੈਲੀਆਂ ਕਰਕੇ ਲੋਕਾਂ ਸਾਹਮਣੇ ਠੇਕਾ ਮੁਲਾਜਮਾਂ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੀ ਧੱਕੇਸ਼ਾਹੀ ਦਾ ਜ਼ਿਕਰ ਕਰਦਿਆਂ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਰਿਹਾਇਸ਼ਾਂ ਤੱਕ ਮਾਰਚ ਕਰਕੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਦਾ ਇੱਕ ਹੋਰ ਯਾਦ ਪੱਤਰ ਦਿੱਤਾ ਗਿਆ। ਇਨ੍ਹਾਂ ਯਾਦ ਪੱਤਰਾਂ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਵਖ ਵਖ ਵਿਭਾਗਾਂ ਵਿਚ ਲੰਬੇ ਅਰਸੇ ਤੋਂ ਕੰਮ ਕਰਦੇ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਦੀ ਜ਼ਬਰੀ ਛਾਂਟੀ ਬੰਦ ਕਰਕੇ ਛਾਂਟੀ ਕੀਤੇ ਕਾਮਿਆਂ ਨੂੰ ਮੁੜ ਕੰਮ ਤੇ ਰੱਖੇ, ਸਰਕਾਰੀ ਵਿਭਾਗਾਂ ਦੀ ਬੇਰਹਿਮ ਨਾਲ ਲੁੱਟ ਕਰ ਰਹੇ ਲੋਟੂ ਠੇਕੇਦਾਰਾਂ ਕੰਪਨੀਆਂ ਅਤੇ ਸੁਸਾਇਟੀਆਂ ਨੂੰ ਵਿਭਾਗਾਂ ਵਿਚੋਂ ਬਾਹਰ ਕੱਢ ਕੇ ਸਮੂਹ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਲਿਆ ਕੇ ਰੈਗੂਲਰ ਕਰੇ, ਗੁਜ਼ਾਰੇ ਨੂੰ ਅਧਾਰ ਮੰਨ ਕੇ ਉਜ਼ਰਤਾਂ ਤਹਿ ਕਰੇ, ਪੱਕੇ ਕੰਮ ਖੇਤਰ ਵਿੱਚ ਪੱਕੇ ਰੋਜ਼ਗਾਰ ਦੀ ਨੀਤੀ ਨੂੰ ਲਾਗੂ ਕਰੇ। ਅਜ ਪੰਜਾਬ ਭਰ ਵਿੱਚ ਜਿਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਯਾਦ ਪੱਤਰ ਦਿੱਤੇ ਗਏ ਉਨ੍ਹਾਂ ਵਿੱਚ ਬਰਨਾਲਾ ਤੋਂ ਮੰਤਰੀ ਮੀਤ ਹੇਅਰ, ਆਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ,ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ,ਵਿਧਾਇਕ ਨਿਹਾਲ ਸਿੰਘ ਵਾਲਾ (ਮੋਗਾ)ਮਨਜੀਤ ਸਿੰਘ ਬਿਲਾਸਪੁਰ, ਫਰੀਦਕੋਟ ਵਿਧਾਇਕ (ਸਪੀਕਰ) ਕੁਲਤਾਰ ਸੰਧਵਾਂ,ਜਗਰਾਉਂ ਤੋ ਵਿਧਾਇਕ ਸਰਬਜੀਤ ਕੌਰ ਮਾਣੂਕੇ,ਸੁਨਾਮ ਤੋਂ ਵਿਧਾਇਕ ਅਮਨ ਅਰੋੜਾ,ਜੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ,ਸੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਭੁੱਚੋ ਤੋਂ ਵਿਧਾਇਕ ਜਗਸੀਰ ਮਾਸਟਰ ਆਦਿ ਆਦਿ ਪ੍ਰਮੁੱਖ ਸਨ। ਮੋਰਚੇ ਦੇ ਆਗੂਆਂ ਸ੍ਰੀ ਵਰਿੰਦਰ ਸਿੰਘ ਮੋਮੀ, ਪਵਨਦੀਪ ਸਿੰਘ,ਬਲਿਹਾਰ ਸਿੰਘ ਕਟਾਰੀਆ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ, ਸਿਮਰਨਜੀਤ ਸਿੰਘ ਨੀਲੋਂ, ਰਮਨਪ੍ਰੀਤ ਕੌਰ ਮਾਨ, ਜਸਪ੍ਰੀਤ ਸਿੰਘ ਗਗਨ ਅਤੇ ਸੁਰਿੰਦਰ ਕੁਮਾਰ, ਸੰਦੀਪ ਖਾਨ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਠੇਕਾ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕਰਦੀ ਤਾਂ ਠੇਕਾ ਮੁਲਾਜ਼ਮਾਂ ਕੋਲ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੋਂ ਬਗ਼ੈਰ ਹੋਰ ਕੋਈ ਚਾਰਾ ਨਹੀਂ ਜਿਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ।
ਕਾਰ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ’ਚ ਨੌਜਵਾਨ ਦੀ ਮੌਤ
ਪ੍ਰਵਾਰ ਨੇ ਇਨਸਾਫ਼ ਲਈ ਐਸ.ਐਸ.ਪੀ ਦਫ਼ਤਰ ਅੱਗੇ ਲਗਾਇਆ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ: ਬਠਿੰਡਾ ਦੇ ਲਾਈਨੋਂਪਾਰ ਇਲਾਕੇ ਨੂੰ ਜੋੜਣ ਵਾਲੇ ਰੇਲਵੇ ਓਵਰ ਬ੍ਰਿਜ ’ਤੇ ਬੀਤੀ ਰਾਤ ਕਾਰ ਅਤੇ ਬੁਲਟ ਮੋਟਰਸਾਈਕਲ ਦੀ ਹੋਈ ਟੱਕਰ ਵਿਚ ਬਲਵਿੰਦਰ ਸਿੰਘ ਨਾਂ ਦੇ ਇਕ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ਵਿਚ ਇਨਸਾਫ਼ ਲੈਣ ਲਈ ਅੱਜ ਪੀੜਤ ਪਰਿਵਾਰ ਵਲੋਂ ਜਿਲ੍ਹਾ ਪੁਲਿਸ ਮੁੱਖੀ ਬਠਿੰਡਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਹ ਹਾਦਸਾ ਨਹੀਂ ਬਲਕਿ ਬਲਵਿੰਦਰ ਨੂੰ ਤਿੰਨ-ਚਾਰ ਵਾਰ ਟੱਕਰ ਮਾਰ ਕੇ ਮਾਰਿਆ ਗਿਆ ਹੈ, ਪਰਿਵਾਰ ਨੇ ਇਨਸਾਫ਼ ਨਾ ਮਿਲਣ ਤੇ ਲਾਸ਼ ਦਾ ਸਸਕਾਰ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ, ਜਦੋਂ ਕਿ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦੇ ਰਹੇ ਹਨ। ਦੱਸਣਾ ਬਣਦਾ ਹੈ ਕਿ ਬੀਤੇ ਰਾਤ ਬਠਿੰਡਾ ਦੇ ਰੇਲਵੇ ਓਵਰ ਬ੍ਰਿਜ ਤੇ ਇਕ ਮੋਟਰਸਾਈਕਲ ਕਾਰ ਦੀ ਟੱਕਰ ਨਾਲ 32 ਸਾਲਾ ਨੌਜਵਾਨ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ । ਮ੍ਰਿਤਕ ਨੌਜਵਾਨ ਜੋ ਕਿ ਇਕ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਹੈ ਆਪਣੇ ਦੋ ਸਾਥੀਆਂ ਨਾਲ ਘਰ ਜਾ ਰਿਹਾ ਸੀ ਤਾਂ ਉਹ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਇਕਲ ਵਿੱਚ ਟੱਕਰ ਮਾਰ ਦਿੱਤੀ ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ ਅਤੇ ਉਸਦੇ 2 ਸਾਥੀ ਗੰਭੀਰ ਜ਼ਖਮੀ ਹੋ ਗਏ। ਪਰਿਵਾਰਿਕ ਮੈਂਬਰਾਂ ਨੇ ਇਨਸਾਫ ਨਾ ਮਿਲਦਾ ਦੇਖ ਜਿਲ੍ਹਾ ਪੁਲੀਸ ਮੁੱਖੀ ਦੇ ਦਫਤਰ ਅੱਗੇ ਹੰਗਾਮਾ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵਿਰੁਧ ਜੰਮ ਕੇ ਨਾਅਰੇਬਾਜ਼ੀ ਕੀਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਾਰ ਚਲਾਉਣ ਵਾਲਾ ਰਾਜਨੀਤਿਕ ਆਗੂਆਂ ਦਾ ਖ਼ਾਸ ਹੈ ਜਿਸ ਕਰਕੇ ਉਸ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ, ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਵਿਚ ਕਾਰ ਸਵਾਰ ਨੇ ਤਿੰਨ ਵਾਰ ਟੱਕਰ ਮਾਰ ਕੇ ਨੌਜਵਾਨ ਨੂੰ ਮਾਰਿਆ ਹੈ ਇਸ ਕਰਕੇ ਉਸ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਉਧਰ ਡੀਐਸਪੀ ਵਿਸਵਜੀਤ ਸਿੰਘ ਮਾਨ ਨੇ ਕਿਹਾ ਕਿ ਪ੍ਰਵਾਰ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ ਗਿਆ ਹੈ ਤੇ ਜਲਦੀ ਹੀ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਡੀ.ਟੀ.ਐੱਫ. ਵੱਲੋਂ ਕੇਂਦਰ ਸਰਕਾਰ ਤੋਂ ਘੱਟ ਗਿਣਤੀਆਂ ਦੇ ਵਜ਼ੀਫੇ ਬਹਾਲ ਕਰਨ ਦੀ ਮੰਗ
ਡੀ ਟੀ ਐੱਫ ਨੇ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 6 ਜਨਡਰੀ: ਕੇਂਦਰ ਸਰਕਾਰ ਦੁਆਰਾ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਪੜ੍ਹਦੇ ਘੱਟ ਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਦੇ ਵਜ਼ੀਫੇ ਬੰਦ ਕੀਤੇ ਜਾਣ ਖ਼ਿਲਾਫ਼ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਬਠਿੰਡਾ ਵੱਲੋਂ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ, ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ, ਸੂਬਾ ਕਮੇਟੀ ਮੇਂਬਰ ਬੂਟਾ ਸਿੰਘ ਰੋਮਾਣਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਸਰਕਾਰ ਵੱਲ ਵਜ਼ੀਫੇ ਬਹਾਲ ਕਰਨ ਦਾ ਮੰਗ ਪੱਤਰ ਭੇਜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੇਲ ਸਿੰਘ ਮਲਕਾਣਾ,ਹਰਜਿੰਦਰ ਸੇਮਾ, ਅਮਰਦੀਪ ਸਿੰਘ, ਗੁਰਪਾਲ ਸਿੰਘ,ਨਰਿੰਦਰ ਸਿੰਘ ਬੱਲੂਆਣਾ ਨੇ ਦੱਸਿਆ ਕਿ ਸਾਲ 2022-23 ਤੋਂ ਪਹਿਲੀ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਘੱਟ ਗਿਣਤੀਆਂ ( ਸਿੱਖ, ਬੋਧੀ, ਮੁਸਲਿਮ, ਇਸਾਈ, ਪਾਰਸੀ, ਜੈਨ ) ਨਾਲ ਸਬੰਧਤ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜ਼ੀਫੇ ਵਿੱਚੋਂ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਘੱਟ ਗਿਣਤੀਆਂ ਨਾਲ਼ ਸਬੰਧਿਤ ਵਿਦਿਆਰਥੀਆਂ ਦੇ ਵਜ਼ੀਫੇ ਨੂੰ ਬੰਦ ਕਰ ਦਿੱਤਾ ਗਿਆ ਹੈ, ਜੋ ਕਿ ਭਾਜਪਾ ਸਰਕਾਰ ਦੀ ਘੱਟ ਗਿਣਤੀਆਂ ਵਿਰੋਧੀ ਫਾਸ਼ੀਵਾਦੀ ਵਿਚਾਰਧਾਰਾ ਤਹਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਵੀਂ ਸਿੱਖਿਆ ਨੀਤੀ-2020 ਵਿੱਚ ਵੀ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇਣ ਦਾ ਕੋਈ ਵੀ ਜਿਕਰ ਨਹੀਂ ਹੈ, ਜਿਹੜਾ ਕਿ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕਰਨ ਅਤੇ ਨਿੱਜੀਕਰਨ ਵੱਲੋਂ ਲੈਕੇ ਜਾਣ ਦਾ ਏਜੰਡਾ ਹੈ। ਇਸ ਨਾਲ ਪਹਿਲਾਂ ਤੋਂ ਹੀ ਸਿੱਖਿਆ ਖੇਤਰ ਵਿੱਚ ਪੱਛੜੀਆਂ ਹੋਈਆਂ ਸ਼੍ਰੇਣੀਆਂ ਹੋਰ ਪੱਛੜ ਜਾਣ ਦਾ ਖਤਰਾ ਬਣ ਗਿਆ ਹੈ। ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲਾ, ਘੱਟ ਗਿਣਤੀ ਮਾਮਲਿਆਂ ਸਬੰਧੀ ਮੰਤਰਾਲਾ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਵੱਲ ਭੇਜੇ ਜਾ ਰਹੇ ਮੰਗ ਪੱਤਰ ਰਾਹੀਂ ਪਹਿਲੀ ਤੋਂ ਅੱਠਵੀਂ ਜਮਾਤ ਦੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ, ਪਹਿਲੀ ਤੋਂ ਬਾਰਵੀਂ ਜਮਾਤ ਦੇ ਜਨਰਲ ਵਰਗ ਦੇ ਕਮਜ਼ੋਰ ਆਰਥਿਕਤਾ ਵਾਲੇ ਵਿਦਿਆਰਥੀਆਂ ਲਈ ਵੀ ਵਿਸ਼ੇਸ਼ ਵਜੀਫੇ, ਵਜ਼ੀਫਾ ਅਪਲਾਈ ਕਰਨ ਦੀ ਪ੍ਰਕਿਰਿਆ ਅਸਾਨ ਕਰਨ, ਆਮਦਨ ਅਤੇ ਜਾਤੀ ਸਰਟੀਫਿਕੇਟ ਦੀ ਥਾਂ ਪੁਰਾਣਾ ਸਵੈ ਘੋਸ਼ਣਾ ਵਾਲਾ ਚਲਨ ਬਹਾਲ ਕਰਨ ਦੀ ਮੰਗ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਇੰਨ੍ਹਾਂ ਸ਼੍ਰੇਣੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਵਿੱਚ ਸੌਖ ਹੋ ਸਕੇ।ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਦਵਿੰਦਰ ਸਿੰਘ,ਸੁਰੇਸ਼ ਕੁਮਾਰ, ਜਤਿੰਦਰ ਕੁਮਾਰ ਨੇ ਦੱਸਿਆ ਕਿ ਇਸ ਦੇ ਨਾਲ਼ ਹੀ ਇੱਕ ਮੰਗ ਪੱਤਰ ਪੰਜਾਬ ਸਰਕਾਰ ਵੱਲ ਵੀ ਭੇਜਿਆ ਜਾਵੇਗਾ ਜਿਸ ਰਾਹੀਂ ਬਾਕੀ ਮੰਗਾਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੁਫ਼ਤ ਸਾਈਕਲ ਅਤੇ ਪ੍ਰੀ ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਦੀਆਂ ਮੰਗਾਂ ਨੂੰ ਸ਼ਾਮਲ ਕੀਤਾ ਗਿਆ ਹੈ ।
ਗਿਆਨ ਦੀਪ ਵੈੱਲਫੇਅਰ ਸੁਸਾਇਟੀ ਨੇ ਲੜਕੀਆਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੰਡੀਆਂ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ : ਸਮਾਜ ਸੇਵੀ ਕੰਮਾਂ ਵਿੱਚ ਕੰਮ ਕਰ ਰਹੀ ਗਿਆਨ ਦੀਪ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਲੜਕੀਆਂ ਲਈ ਸਿਲਾਈ ਕਢਾਈ ਦਾ ਕੋਰਸ 1 ਜੁਲਾਈ ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਕੋਰਸ ਦੇ ਆਖ਼ਰੀ ਦਿਨ ਆਮ ਆਦਮੀ ਪਾਰਟੀ ਜ਼ਿਲ੍ਹਾ ਉਪ ਪ੍ਰਧਾਨ ਅਮਰਪਾਲ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ 25 ਦੇ ਕਰੀਬ ਸਿਖਿਆਰਥੀਆਂ ਨੂੰ ਸਿਲਾਈ ਕਟਾਈ ਕੋਰਸ ਪੂਰਾ ਕਰਨ ’ਤੇ ਸਰਟੀਫਿਕੇਟ ਅਤੇ ਮਸ਼ੀਨਾਂ ਵੰਡੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਿਆਨ ਦੀਪ ਵੈਲਫੇਅਰ ਸੋਸਾਇਟੀ ਬਠਿੰਡਾ ਦੀ ਪ੍ਰਧਾਨ ਰੇਣੂ ਬਾਲਾ ਨੇ ਦੱਸਿਆ ਕਿ ਗਿਆਨ ਦੀਪ ਵੈਲਫੇਅਰ ਸੋਸਾਇਟੀ ਜੋ ਕਿ ਔਰਤਾਂ ਅਤੇ ਲੜਕੀਆਂ ਲਈ ਵੱਖ-ਵੱਖ ਕੋਰਸ ਕਰਵਾਉਣ ਲਈ 12 ਸਾਲਾਂ ਤੋਂ ਕੰਮ ਕਰ ਰਹੀ ਹੈ, ਨੇ ਲੜਕੀਆਂ ਲਈ ਸਿਲਾਈ ਕਟਾਈ ਦਾ ਕੋਰਸ 1 ਜੁਲਾਈ ਤੋਂ ਸ਼ੁਰੂ ਕੀਤਾ ਗਿਆ ਸੀ. ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਇਹ ਕੋਰਸ ਪਾਸ ਕਰਨ ਵਾਲੀਆਂ ਸਾਰੀਆਂ ਲੜਕੀਆਂ ਅਤੇ ਔਰਤਾਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਬਠਿੰਡਾ ਵਿੱਚ ਵੱਖ-ਵੱਖ ਥਾਵਾਂ ’ਤੇ ਔਰਤਾਂ ਅਤੇ ਲੜਕੀਆਂ ਲਈ ਵੱਖ-ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ।ਉਨ੍ਹਾਂ ਸਮੂਹ ਲੋੜਵੰਦਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਨ੍ਹਾਂ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।





