Wednesday, May 20, 2026
Home Blog Page 2252

ਭਾਜਪਾ ਆਗੂਆਂ ਵਲੋਂ ਬਠਿੰਡਾ ਪੁੱਜਣ ’ਤੇ ਸੂਬਾ ਜਨਰਲ ਸਕੱਤਰ ਮੌਨਾ ਜੈਸਵਾਲ ਦਾ ਕੀਤਾ ਭਰਵਾਂ ਸਵਾਗਤ

0

ਹਰ ਵਰਕਰ ਦਾ ਸਨਮਾਨ ਕਰਨਾ ਭਾਜਪਾ ਦਾ ਸੰਕਲਪ : ਮੌਨਾ ਜੈਸਵਾਲ
ਭਾਜਪਾ ਦੀ ਲੋਕ ਭਲਾਈ ਨੀਤੀ ਨਾਲ ਦੇਸ਼ਵਾਸੀਆਂ ਨੂੰ ਪਹੁੰਚਿਆ ਫਾਇਦਾ :- ਸਰੂਪ ਚੰਦ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ : ਪੰਜਾਬ ਭਾਜਪਾ ਦੀ ਨਵ-ਨਿਯੁਕਤ ਕਾਰਜਕਾਰਨੀ ਕਮੇਟੀ ਵਿੱਚ ਪਹਿਲੀ ਵਾਰ ਬਣੇ ਮਹਿਲਾ ਜਨਰਲ ਸਕੱਤਰ ਤੇ ਜ਼ੋਨਲ ਇੰਚਾਰਜ ਮੌਨਾ ਜੈਸਵਾਲ ਦਾ ਅੱਜ ਬਠਿੰਡਾ ਪੁੱਜਣ ’ਤੇ ਬੀਬੀ ਵਾਲਾ ਰੋਡ ’ਤੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਭਾਜਪਾ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਭਾਜਪਾ ਦੀ ਸੂਬਾ ਜਨਰਲ ਸਕੱਤਰ ਮੌਨਾ ਜੈਸਵਾਲ ਨੇ ਜ਼ਿਲ੍ਹਾ ਟੀਮ ਦਾ ਧੰਨਵਾਦ ਕਰਦਿਆਂ ਸਮੂਹ ਵਰਕਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਮਰ ਕੱਸਣ ਦਾ ਸੱਦਾ ਦਿੱਤਾ। ਸ਼੍ਰੀਮਤੀ ਜੈਸਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀਵਲੋਂ ਪੰਜਾਬ ਚ ਲਿਆਂਦੇ ਖੂਨੀ ਬਦਲਾਅ ਤੋਂ ਲੋਕ ਦੁਖੀ ਹੋ ਗਏ ਹਨ। ਹਰ ਵਾਅਦੇ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਆਮ ਆਦਮੀ ਪਾਰਟੀ ਤੋਂ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਅਤੇ ਅਕਾਲੀ ਦਲ ਆਪਣੀਆਂ ਕਰਤੂਤਾਂ ਕਾਰਨ ਪਛੜ ਗਏ ਹਨ। ਜਿਸਦੇ ਚੱਲਦੇ ਅੱਜ ਸੂਬੇ ਦੇ ਲੋਕ ਚੰਗੇ ਸ਼ਾਸਨ ਲਈ ਪੰਜਾਬ ਦੀ ਸੱਤਾ ਭਾਜਪਾ ਨੂੰ ਸੌਂਪਣਾ ਚਾਹੁੰਦੇ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਮਹਿਲਾ ਆਗੂ ਨੂੰ ਜੀ ਆਇਆ ਕਹਿੰਦਿਆਂ ਦਾਅਵਾ ਕੀਤਾ ਕਿ ਭਾਜਪਾ ਸਭ ਦੇ ਵਿਕਾਸ ਵਿੱਚ ਵਿਸ਼ਵਾਸ ਰੱਖਣ ਵਾਲੀ ਪਾਰਟੀ ਹੈ। ਉਨ੍ਹਾਂ ਮੌਨਾ ਜੈਸਵਾਲ ਨੂੰ ਭਰੋਸਾ ਦਿਵਾਇਆ ਕਿ ਉਹ ਆਪ ਆਗਾਮੀ ਲੋਕ ਸਭਾ ਚੋਣਾਂ ਵਿਚ ਬਠਿੰਡਾ ਸੀਟ ਨੂੰ ਜਿਤਾਉਣ ਲਈ ਸਾਰੇ ਵਰਕਰਾਂ ਨਾਲ ਦਿਨ ਰਾਤ ਕੰਮ ਕਰਨਗੇ ਅਤੇ ਪ੍ਰਧਾਨ ਮੰਤਰੀ ਦੇ ਟੀਚੇ ਨੂੰ ਸਾਕਾਰ ਕਰਦੇ ਹੋਏ ਤੀਜੀ ਵਾਰ ਲੋਕ ਸਭਾ ਵਿਚ ਬਹੁਮਤ ਨਾਲ ਸਰਕਾਰ ਬਣਾਉਣਗੇ। ਇਸ ਮੌਕੇ ਵੱਡੀ ਗਿਣਤੀ ਚ ਵਰਕਰ ਹਾਜਰ ਸਨ।

ਪੰਜਾਬ ਦੇ ਹਿੱਤਾਂ ਲਈ ਸੂਬਾ ਸਰਕਾਰ ਹਮੇਸ਼ਾਂ ਆਮ ਲੋਕਾਂ ਨਾਲ ਖੜ੍ਹੀ ਹੈ : ਕੁਲਦੀਪ ਧਾਲੀਵਾਲ

0

ਸੂਬਾ ਸਰਕਾਰ ਰੋਜ਼ਗਾਰ, ਸਿਹਤ, ਸਿੱਖਿਆ ਤੇ ਵਪਾਰ ਨੂੰ ਦੇਵੇਗੀ ਪਹਿਲ
ਸੂਬੇ ਦੇ 500 ਪਿੰਡਾਂ ਨੂੰ ਜਲਦ ਬਣਾਇਆ ਜਾਵੇਗਾ ਸਮਾਰਟ ਪਿੰਡ
ਸ਼ਹਿਰਾਂ ਵਰਗੀਆਂ ਮਿਲਣਗੀਆਂ ਪਿੰਡਾਂ ਚ ਸਾਰੀਆਂ ਸੁੱਖ-ਸਹੂਲਤਾਂ
ਐਨਆਰਆਈਜ਼ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ : ਸੂਬੇ ਦੇ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵਲੋਂ ਪਹਿਲੇ ਪੜ੍ਹਾਅ ਤਹਿਤ ਪੰਜਾਬ ਦੇ 500 ਪਿੰਡਾਂ ਨੂੰ ਜਲਦ ਸਮਾਰਟ ਪਿੰਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ ਤੇ ਖੇਡਾਂ ਤੋਂ ਇਲਾਵਾ ਹੋਰ ਵੀ ਜਿੰਨ੍ਹੀਆਂ ਸੁੱਖ-ਸਹੂਲਤਾਂ ਸ਼ਹਿਰਾਂ ਚ ਮਿਲਦੀਆਂ ਹਨ, ਉਹ ਜਲਦ ਹੀ ਪਿੰਡਾਂ ਵਿੱਚ ਮਿਲਣਗੀਆਂ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਐਨਆਰਆਈਜ਼ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਬਠਿੰਡਾ ’ਚ ਪੁੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਿਛਲੇ 3-4 ਹਫ਼ਤਿਆਂ ਤੋਂ ਐਨਆਰਆਈਜ਼ ਦੀਆਂ ਸਮੱਸਿਆਵਾਂ ਨੂੰ ਸੁਣ ਰਹੀ ਹੈ। ਉਨ੍ਹਾਂ ਕਿਹਾ ਕਿ ਐਨਆਰਆਈਜ਼ ਦੇ ਕਰੀਬ 650 ਕੇਸ ਵੱਖ-ਵੱਖ ਜ਼ਿਲ੍ਹਿਆਂ ਦੇ ਉੱਚ ਅਧਿਕਾਰੀਆਂ ਨੂੰ ਸੌਂਪੇ ਹੋਏ ਹਨ, ਜਿਨ੍ਹਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਠਿੰਡਾ ਵਿਖੇ ਅਪ੍ਰੈਲ ਚ ਦੁਬਾਰਾ ਫ਼ੇਰ ਐਨਆਰਆਈਜ਼ ਦੀਆਂ ਸਮੱਸਿਆਵਾਂ ਨੂੰ ਸੁਨਣ ਲਈ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ।
ਇਸ ਮੌਕੇ ਸ. ਧਾਲੀਵਾਲ ਨੇ ਕਿਹਾ ਕਿ ਬਾਹਰਲੇ ਦੇਸ਼ਾਂ ਵਿੱਚ ਪੰਜਾਬੀਆਂ ਨੇ ਆਪਣੀ ਹੱਡ ਤੋੜ ਮਿਹਨਤ ਸਦਕਾ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ਅਤੇ ਪੜ੍ਹ-ਲਿਖ ਕੇ ਉੱਚ ਅਹੁੱਦਿਆਂ ਤੇ ਪਹੁੰਚੇ ਹਨ ਤੇ ਆਪਣੇ ਦੇਸ਼, ਪੰਜਾਬ ਅਤੇ ਪਰਿਵਾਰ ਨੂੰ ਬੁਲੰਦੀਆਂ ਤੇ ਲੈ ਕੇ ਗਏ ਹਨ। ਉਨ੍ਹਾਂ ਕਿਹਾ ਕਿ ਜੋ-ਜੋ ਪੰਜਾਬ ਬਾਹਰ ਵਸਦੇ ਹਨ ਉਹ ਆਪਣੇ ਪਿੰਡ ਦੇ ਵਿਕਾਸ ਲਈ ਕੁਝ ਨਾ ਕੁਝ ਸਹਿਯੋਗ ਜ਼ਰੂਰ ਦੇਣ।  ਇਸ ਮੌਕੇ ਉਨ੍ਹਾਂ ਸਮੂਹ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਹੱਲ ਕਰਨ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਆਮ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਭ ਮਸਲੇ ਹੱਲ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਰੋਜ਼ਗਾਰ, ਸਿਹਤ, ਸਿੱਖਿਆ ਅਤੇ ਵਪਾਰ ਨੂੰ ਪਹਿਲ ਦੇਵੇਗੀ।ਇਸ ਮੌਕੇ ਵਿਧਾਇਕ ਮੌੜ ਸ. ਸੁਖਵੀਰ ਸਿੰਘ ਮਾਈਸਰਖ਼ਾਨਾ, ਚੇਅਰਮੈਨ ਸੂਗਰਫੈਡ ਪੰਜਾਬ ਸ੍ਰੀ ਨਵਦੀਪ ਜੀਦਾ, ਜਿਲ੍ਹਾ ਪੁਲਿਸ ਮੁਖੀ ਸ਼੍ਰੀ ਜੇ. ਇਲਨਚੇਲੀਅਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਆਰਪੀ ਸਿੰਘ, ਉਪ ਮੰਡਲ ਮੈਜਿਸਟਰੇਟ ਰਾਮਪੁਰਾ ਸ਼੍ਰੀ ਓਮ ਪ੍ਰਕਾਸ਼, ਜ਼ਿਲ੍ਹਾ ਮਾਲ ਅਫ਼ਸਰ ਸ. ਬਲਕਰਨ ਸਿੰਘ ਮਾਹਲ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।

ਸਵਿਫਟ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਕੋਲੋ 2 ਕਿਲੋਗ੍ਰਾਮ ਅਫੀਮ ਬਰਾਮਦ

0

ਐਨਡੀਪੀਐਸ ਐਕਟ ਤਹਿਤ ਕੀਤਾ ਮੁਕੱਦਮਾ ਦਰਜ਼ਾ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ : ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਜੇ. ਇਲਨਚੇਲੀਅਨ ਦੀ ਅਗਵਾਈ ਹੇਠ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਥਾਣਾ ਦਿਆਲਪੁਰਾ ਦੀ ਪੁਲਿਸ ਵਲੋਂ ਪਿੰਡ ਚੰਡੀਪੁਰਾ ਦੇ ਨਜਦੀਕ ਇੱਕ ਸਵਿਫ਼ਟ ਕਾਰ ਵਿਚ ਸਵਾਰ ਚਾਰ ਨੌਜਵਾਨਾਂ ਕੋਲੋ ਦੋ ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਇਸ ਮੌਕੇ ਕਾਰ ਚ ਸਵਾਰ ਚਾਰ ਨੌਜਵਾਨ ਧੀਰਜ ਕੁਮਾਰ ਅਤੇ ਲਵ ਕੁਮਾਰ ਯਾਦਵ ਵਾਸੀ ਪਿੰਡ ਬਿਕਰਮਪੁਰ ਜ਼ਿਲ੍ਹਾ ਭੋਜਪੁਰ ਬਿਹਾਰ, ਸ਼ਿਵਾ ਯਾਦਵ ਅਤੇ ਅਜੈ ਕੁਮਾਰ ਵਾਸੀ ਚਕਰਹੀ ਜ਼ਿਲ੍ਹਾ ਭੋਜਪੁਰ ਬਿਹਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਉੱਤੇ ਮੁਕੱਦਮਾ ਦਰਜ ਕਰਕੇ ਪੁਛਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਢਲੀ ਪੁਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਬਿਹਾਰ ਤੋ ਅਫੀਮ ਲੈ ਕੇ ਜ਼ਿਲ੍ਹਾ ਮੋਗਾ ਵਿਖੇ ਵੱਖ-ਵੱਖ ਥਾਵਾ ਤੇ ਵੇਚਣ ਜਾ ਰਹੇ ਸਨ।

ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ’ਚ ਭਾਜਪਾ ਦੇ ਆਗੂਆਂ ਦੀ ਹੋਈ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ: ਅੱਜ ਵਿਧਾਨ ਸਭਾ ਹਲਕਾ ਮੌੜ ਦੇ ਭਾਜਪਾ ਆਗੂਆਂ ਦੀ ਇੱਕ ਮੀਟਿੰਗ ਸੂਬੇ ਦੇ ਉਪ ਪ੍ਰਧਾਨ ਅਤੇ ਹਲਕਾ ਇੰਚਾਰਜ਼ ਦਿਆਲ ਸੋਢੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਨਵ -ਨਿਯੁਕਤ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਰਵੀਪ੍ਰੀਤ ਸਿੰਘ ਸਿੱਧੂ ਵਿਸੇਸ ਤੌਰ ’ਤੇ ਪੁੱਜੇ। ਜਿੱਥੇ ਹਲਕਾ ਮੌੜ ਦੀ ਜੱਥੇਬੰਦੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੀਟਿੰਗ ਦੌਰਾਨ ਪਾਰਟੀ ਵਰਕਰਾਂ ਨੂੰ ਸੰਗਠਨ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਰਵੀਪ੍ਰੀਤ ਸਿੱਧੂ ਅਤੇ ਸੂਬਾ ਉੱਪ ਪ੍ਰਧਾਨ ਦਿਆਲ ਸੋਢੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੂੰ ਬੂਥ ਲੈਵਲ ਤੱਕ ਮਜ਼ਬੂਤ ਕਰਨ ਲਈ ਪਾਰਟੀ ਵੱਲੋਂ ਜੋ ਵਿਉਂਤਬੰਦੀ ਕੀਤੀ ਗਈ ਹੈ ਉਸ ਅਨੁਸਾਰ ਸੰਗਠਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਜਲਦੀ ਸੂਬਾ ਹਾਈ ਕਮਾਨ ਨਾਲ ਸਲਾਹ – ਮਸ਼ਵਰਾ ਕਰਕੇ ਜ਼ਿਲੇ ਦੀ ਨਵੀਂ ਟੀਮ ਅਤੇ ਨਵੇਂ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕਰਕੇ ਲਿਸਟ ਯਾਰੀ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਦਾ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ ਜਿਸ ਕਰਕੇ ਅੱਜ ਸੂਬੇ ਵਿਚ ਜਗਾਂ -ਜਗਾਂ ਤੇ ਧਰਨੇ ਲੱਗੇ ਹੋਏ ਹਨ। ਪਾਰਟੀ ਵਰਕਰਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਘਰ -ਘਰ ਜਾਣਕਾਰੀ ਦੇਣ ਲਈ ਲੋਕਾਂ ਨਾਲ ਸੰਪਰਕ ਕਰਕੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਤੇ ਜ਼ਿਲ੍ਹਾ ਜਨਰਲ ਸਕੱਤਰ ਮੇਜਰ ਬਰਾੜ, ਕਰਮਪਾਲ ਭੁੱਲਰ, ਹਰਸ਼ ਗੋਇਲ, ਬਲਵੀਰ ਚੰਦ ਜ਼ਿਲ੍ਹਾ ਉਪ ਪ੍ਰਧਾਨ, ਜੀਵਨ ਗਰਗ,ਰੇਸ਼ਮ ਸਿੰਘ, ਦੀਪੀ ਸ਼ਰਮਾ ਤਿੰਨੋ ਸਰਕਲ ਪ੍ਰਧਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।

ਦਿੱਲੀ ਅਕਾਲੀ ਦਲ ਦੇ ਪ੍ਰਧਾਨ ਨੇ ਤਰਲੋਚਨ ਸਿੰਘ ਨੂੰ ਗੁਰੂ ਇਤਿਹਾਸ ਅਤੇ ਵਿਚਾਰਧਾਰਾ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੀਤੀ ਸਖ਼ਤ ਆਲੋਚਨਾ

0
ਪੰਜਾਬੀ ਖ਼ਬਰਸਾਰ ਬਿਉਰੋ 
ਨਵੀਂ ਦਿੱਲੀ, 7 ਜਨਵਰੀ – ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਉਪਰ ਗੁਰੂ ਇਤਿਹਾਸ ਅਤੇ ਵਿਚਾਰਧਾਰਾ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਉਂਦਿਆਂ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ ਪਰਮਜੀਤ ਸਿੰਘ ਸਰਨਾ ਨੇ ਉਨ੍ਹਾਂ ਉਪਰ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਇੱਥੇ ਜਾਰੀ ਇੱਕ ਬਿਆਨ ਵਿੱਚ ਸ: ਸਰਨਾ ਨੇ ਕਿਹਾ ਕਿ ਤਰਲੋਚਨ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਸਰਬ-ਵਿਆਪਕ ਮਿਸ਼ਨ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਜਿੱਥੇ ਵੀ ਰਿਹਾ, ਮਨੁੱਖਤਾ ਨੂੰ ਸਮਰਪਿਤ ਰਿਹਾ। ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਆਮ ਲੋਕਾਂ ਨੂੰ ਅਗਿਆਨਤਾ, ਖਾਲੀ ਰਸਮਾਂ, ਵਹਿਮਾਂ-ਭਰਮਾਂ, ਜਾਤ-ਪਾਤ ਅਤੇ ਜਮਾਤੀ ਵਿਤਕਰੇ ਅਤੇ ਧਾਰਮਿਕ ਕੱਟੜਤਾ ਤੋਂ ਬਾਹਰ ਕੱਢਣ ਲਈ ਵੱਧ ਤੋਂ ਵੱਧ ਯਾਤਰਾਵਾਂ ਕੀਤੀਆਂ। ਇਸੇ ਲਈ ਗੁਰੂ ਨਾਨਕ ਸਾਹਿਬ ਨੂੰ ਸ਼ਰਧਾ ਨਾਲ ਜਗਤ ਗੁਰੂ ਕਿਹਾ ਜਾਂਦਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ: ਸਰਨਾ ਨੇ ਤਰਲੋਚਨ ਸਿੰਘ ਨੂੰ ਦਸਤਾਰਧਾਰੀ ਹਿੰਦੂਤਵੀ ਆਗੂ ਕਰਾਰ ਦਿੰਦਿਆਂ ਸਵਾਲ ਕੀਤਾ ਕਿ ਉਸ ਨੇ ਪਿਛਲੇ ਸਮੇਂ ਦੌਰਾਨ ਅਰਬ ਜਗਤ ਵਿੱਚ ਗੁਰੂ ਸਾਹਿਬ ਦੀ ਬਗਦਾਦ ਫੇਰੀ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਿਉੰ ਕੀਤੀ ਅਤੇ ਉਸ ਨੇ ਗੁਰੂ ਸਾਹਿਬ ਨੂੰ ਰਾਸ਼ਟਰਵਾਦੀ ਵਜੋਂ ਪੇਸ਼ ਕਰਨ ਦੀ ਘਿਨਾਉਣੀ ਕੋਸ਼ਿਸ਼ ਕਿਉੰ ਕੀਤੀ।ਦਿੱਲੀ ਅਕਾਲੀ ਦਲ ਦੇ ਪ੍ਰਧਾਨ ਨੇ ਗੁਰੂ ਨਾਨਕ ਸਾਹਿਬ ਨੂੰ ਹਿੰਦੁਸਤਾਨ ਸ਼ਬਦ ਦਾ ਖੋਜੀ ਦੱਸਣ ਵਾਲੇ ਸਾਬਕਾ ਰਾਜ ਸਭਾ ਮੈਂਬਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਤਰਲੋਚਨ ਸਿੰਘ ਸਿਰਫ ਆਪਣੇ ਹਿੰਦੂਤਵ ਆਕਾਵਾਂ ਨੂੰ ਖੁਸ਼ ਕਰਨਾ ਚਾਹੁੰਦੇ ਹਨ। ਹਿੰਦੋਸਤਾਨ ਸ਼ਬਦ ਦੀ ਉਤਪਤੀ ਫ਼ਾਰਸੀ ਵਿੱਚ ਹੋਈ ਸੀ ਅਤੇ ਇਹ ਸਿੰਧੂ ਨਦੀ ਨਾਲ ਜੁੜਿਆ ਹੋਇਆ ਹੈ ਜਿਸ ਨੇ ਗੁਰੂ ਕਾਲ ਤੋਂ ਹਜ਼ਾਰਾਂ ਸਾਲ ਪਹਿਲਾਂ ਦੀ ਤਾਰੀਖ ਦਿੱਤੀ ਸੀ। ਤਰਲੋਚਨ ਸਿੰਘ ਇਸ ਕਰਕੇ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ ਕਿਉੰਕਿ ਉਹ ਸੂਬੇ ਦੇ ਰਾਜਪਾਲ ਦਾ ਅਹੁਦਾ ਹਾਸਲ ਕਰਨ ਵਿੱਚ ਨਾਕਾਮ ਰਹੇ ਹਨ। ਉਨ੍ਹਾਂ ਦੀ ਨਿਰਾਸ਼ਾ ਨੇ ਉਨ੍ਹਾਂ ਨੂੰ 90 ਸਾਲ ਦੀ ਉਮਰ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਜਾਣ ਲਈ ਮਜਬੂਰ ਕਰ ਦਿੱਤਾ ਹੈ। ਜਿਸਦੇ ਚਲਦੇ ਉਹ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਰਬ-ਵਿਆਪਕ ਮਿਸ਼ਨ ਨੂੰ ਰਾਸ਼ਟਰਵਾਦ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗੌਰਤਲਬ ਹੈ ਕਿ ਪਰਮਜੀਤ ਸਿੰਘ ਸਰਨਾ ਦੀਆਂ ਇਹ ਤਿੱਖੀਆਂ ਟਿੱਪਣੀਆਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ 90 ਸਾਲਾ ਸਾਬਕਾ ਚੇਅਰਮੈਨ ਵੱਲੋਂ ਗੁਰੂ ਸਾਹਿਬ ਦੀ ਉਦਾਸੀ ਨੂੰ ਕੌਮੀ ਏਕਤਾ ਦਾ ਪ੍ਰਾਜੈਕਟ ਦੱਸੇ ਜਾਣ ਤੋਂ ਬਾਅਦ ਆਈਆਂ ਹਨ।

ਪੰਜਾਬ ਸਰਕਾਰ ਨੇ ਠੰਢ ਕਾਰਨ ਪਹਿਲੀ ਜਮਾਤ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਲਈ 14 ਜਨਵਰੀ ਤੱਕ ਛੁੱਟੀਆਂ ਵਧਾਈਆਂ

0

ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 6 ਜਨਵਰੀ: ਪੰਜਾਬ ਸਰਕਾਰ ਨੇ ਸੂਬੇ ਵਿੱਚ ਕੜਾਕੇ ਦੀ ਠੰਡ ਅਤੇ ਧੁੰਦ ਬਰਕਰਾਰ ਰਹਿਣ ਕਾਰਨ ਰਾਜ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਪਹਿਲੀ ਜਮਾਤ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਲਈ 14 ਜਨਵਰੀ 2023 ਤੱਕ ਛੁੱਟੀਆਂ ਵਧਾ ਦਿੱਤੀਆਂ ਹਨ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬੇ ਦੇ ਸਾਰੇ ਸਕੂਲ ਦੀਆਂ ਅੱਠਵੀਂ ਜਮਾਤ ਤੋਂ 12 ਜਮਾਤ ਦੀਆਂ ਕਲਾਸਾਂ ਪਹਿਲਾਂ ਐਲਾਨੇ ਅਨੁਸਾਰ 9 ਜਨਵਰੀ 2023 ਨੂੰ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਦੱਸਿਆਂ ਕਿ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਕੂਲਾਂ ਦੇ ਅਧਿਆਪਕ 9 ਜਨਵਰੀ 2023 ਤੋਂ ਸਕੂਲਾਂ ਵਿੱਚ ਹਾਜ਼ਰ ਰਹਿਣਗੇ ਅਤੇ ਸਾਰੇ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ 3 ਵਜੇ ਤੱਕ ਹੋਵੇਗਾ।

ਕੇਂਦਰੀ ਯੂਨੀਵਰਸਿਟੀ ਚ”ਸ਼੍ਰੀ ਗੁਰੂ ਗੋਬਿੰਦ ਸਿੰਘ ਜੀ:ਜੀਵਨ,ਸਮਾਂ ਅਤੇ ਸਿੱਖਿਆਵਾਂ” ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਕਰਵਾਇਆ

0

ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ: ਗੁਰੂ ਗੋਬਿੰਦ ਸਿੰਘ ਜੀ ਦੇ 356ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵੀਰਵਾਰ ਨੂੰ ‘ਸ਼੍ਰੀ ਗੁਰੂ ਗੋਬਿੰਦ ਸਿੰਘ ਜੀ: ਜੀਵਨ, ਸਮਾਂ ਅਤੇ ਸਿੱਖਿਆਵਾਂ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਆਯੋਜਿਤ ਇਸ ਪ੍ਰੋਗਰਾਮ ਦਾ ਸੰਚਾਲਨ ਸੀਯੂਪੀਬੀ ਦੇ ਪੰਜਾਬੀ ਵਿਭਾਗ ਅਤੇ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਨੌਜਵਾਨ ਸਿੱਖ ਇਤਿਹਾਸਕਾਰ, ਲੇਖਕ ਅਤੇ ਪੰਜਾਬੀ ਗਲੋਬਲ ਫਾਊਂਡੇਸ਼ਨ, ਓਡੀਸ਼ਾ ਦੇ ਪ੍ਰਧਾਨ ਸ਼੍ਰੀ ਅਬਿਨਾਸ਼ ਮਹਾਪਾਤਰਾ ਨੇ ਮਹਿਮਾਨ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਨਾਲ ਨਾਲ ਪਿੰਡ ਘੁੱਦਾ ਤੋਂ ਆਏ ਪਤਵੰਤੇ ਸੱਜਣਾਂ ਨੇ ਭਾਗ ਲਿਆ।ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਬਿਨਾਸ਼ ਮਹਾਪਾਤਰਾ ਨੇ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਕਿਹਾ ਕਿ ਉਹਨਾਂ ਦੀਆਂ ਸਿਖਿਆਵਾਂ ਨੇ ਮਨੁੱਖ ਨੂੰ ਧਾਰਮਿਕਤਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਖੜੇ ਰਹਿਣ ਲਈ ਪ੍ਰੇਰਿਆ ਹੈ। ਗੁਰੂ ਜੀ ਨੇ ਉਸ ਸਮੇਂ ਦੇ ਮੁਗਲ ਸ਼ਾਸਕਾਂ ਦੇ ਅਨਿਆਂ ਵਿਰੁੱਧ ਲੜਦੇ ਹੋਏ ਆਪਣਾ ਜੀਵਨ ਮਨੁੱਖਤਾ ਦੇ ਭਲੇ ਲਈ ਲਗਾ ਦਿੱਤਾ ਸੀ। ਸ੍ਰੀ ਮਹਾਪਾਤਰਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ “ਸਰਬੰਸ ਦਾਨੀ” ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਜ਼ੁਲਮ ਵਿਰੁੱਧ ਲੜਦਿਆਂ ਆਪਣੀ ਸਾਰਾ ਵੰਸ਼ (ਪਿਤਾ, ਮਾਤਾ ਅਤੇ ਚਾਰ ਜਵਾਨ ਪੁੱਤਰਾਂ) ਦੀ ਕੁਰਬਾਨੀ ਦਿੱਤੀ ਸੀ। ਗੁਰੂ ਸਾਹਿਬ ਦਾ ਜੀਵਨ ਫਲਸਫਾ ਪਿਆਰ ‘ਤੇ ਕੇਂਦ੍ਰਿਤ ਹੈ ਅਤੇ ਇਹ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਅਤੇ ਸਾਰਿਆਂ ਨਾਲ ਸਮਾਨਤਾ ਨਾਲ ਪੇਸ਼ ਆਉਣ ਦਾ ਸਬਕ ਸਿਖਾਉਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਮਹਾਨ ਯੋਧਾ, ਦਾਰਸ਼ਨਿਕ, ਕਵੀ ਅਤੇ ਆਗੂ ਸਨ। ਉਨ੍ਹਾਂ ਨੇ 1699 ਈ. ਵਿਚ ਨਿਰਦੋਸ਼ ਲੋਕਾਂ ਨੂੰ ਧਾਰਮਿਕ ਅਤਿਆਚਾਰ ਤੋਂ ਬਚਾਉਣ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਆਪਣੇ ਪੈਰੋਕਾਰਾਂ ਨੂੰ ਸੰਤ-ਸਿਪਾਹੀ (ਸੰਤ ਦਾ ਮਨ ਅਤੇ ਇੱਕ ਸਿਪਾਹੀ ਦੀ ਸ਼ਕਤੀ) ਬਣਨ ਲਈ ਪ੍ਰੇਰਿਤ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ, ਅਰਬੀ, ਫ਼ਾਰਸੀ, ਬ੍ਰਜ ਅਤੇ ਪੰਜਾਬੀ ਆਦਿ ਕਈ ਭਾਸ਼ਾਵਾਂ ਵਿੱਚ ਬਾਣੀ ਰਚਨਾ ਕੀਤੀ ਹੈ। ਉਹਨਾਂ ਦੱਸਿਆ ਕਿ ਸਿੱਖਾਂ ਦੇ ਰੋਜ਼ਾਨਾ ਦੇ ਨਿਤਨੇਮ ਦੀਆਂ ਤਿੰਨ ਬਾਣੀਆਂ ਜਾਪੁ ਸਾਹਿਬ, ਤ੍ਵਪ੍ਰਸਾਦਿ ਸਵੱਯੇ ਅਤੇ ਬੇਨਤੀ ਚੌਪਈ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਰਚਨਾ ਹਨ ਅਤੇ ਸਿੱਖ ਅਰਦਾਸ ਦਾ ਪਹਿਲਾ ਹਿੱਸਾ ਵੀ ਗੁਰੂ ਸਾਹਿਬ ਦੀ ਰਚਨਾ ਹੈ। ਗੁਰੂ ਗੋਬਿੰਦ ਸਾਹਿਬ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਤਮ ਰੂਪ ਦਿੱਤਾ ਅਤੇ ਜੋਤੀ-ਜੋਤਿ ਸਮਾਉਣ ਵੇਲੇ ਇਸ ਨੂੰ ਸਿੱਖ ਧਰਮ ਦੇ ਮੁਢਲੇ ਗ੍ਰੰਥ ਅਤੇ ਸਦੀਵੀ ਗੁਰੂ ਦਾ ਦਰਜ ਦਿੱਤਾ। ਸ੍ਰੀ ਅਬਿਨਾਸ਼ ਮਹਾਪਾਤਰਾ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਜਿਵੇਂ ਬਚਿੱਤਰ ਨਾਟਕ, ਜ਼ਫ਼ਰਨਾਮਾ, ਚੰਡੀ ਦੀ ਵਾਰ, ਚੰਡੀ ਚਰਿਤਰ ਆਦਿ ਸਾਨੂੰ ਸੱਚ ਦੇ ਮਾਰਗ ਤੇ ਚੱਲਣ, ਅਕਾਲ ਪੁਰਖ ਵਿੱਚ ਵਿਸ਼ਵਾਸ਼ ਰੱਖਣ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਦਾ ਸੰਦੇਸ਼ ਦਿੱਤਾ ਹੈ।
ਵਾਈਸ ਚਾਂਸਲਰ, ਪ੍ਰੋ: ਰਾਘਵੇਂਦਰ ਪੀ. ਤਿਵਾਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਧਿਆਤਮਕ ਆਗੂ, ਸੈਨਾਪਤੀ ਤੇ ਅਮਰ ਸਾਹਿਤਕਾਰ ਦੱਸਦੇ ਹੋਏ ਸਾਰਿਆਂ ਨੂੰ ਖਾਲਸਾ ਪੰਥ ਦੀ ਮਰਿਆਦਾ ਦੀ ਪਾਲਣਾ ਕਰਦੇ ਹੋਏ ਹਿੰਮਤ ਅਤੇ ਬਹਾਦਰੀ ਨਾਲ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਗੁਰੂ ਸਾਹਿਬ ਦੀ ਇੱਕ ਪ੍ਰਸਿੱਧ ਬਾਣੀ ਦੀਆਂ ਇਹ ਸਤਰਾਂ, “ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ। ਨ ਡਰੋ ਅਰਿ ਸੋ ਜਬ ਜਾਇ ਲਰੇ ਨਿਸਚੈ ਕਰਿ ਅਪੁਨੀ ਜੀਤ ਕਰੋ” ਦੇ ਹਵਾਲੇ ਨਾਲ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਮਨੁੱਖ ਨੂੰ ਚੰਗੇ ਕੰਮ ਕਰਦੇ ਹੋਏ ਨਿਡਰ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੰਦੇਸ਼ ਦਿੱਤਾ, ਜੋ ਮੌਜੂਦਾ ਸੰਘਰਸ਼-ਗ੍ਰਸਤ ਸੰਸਾਰ ਵਿੱਚ ਸਭ ਤੋਂ ਵੱਧ ਪ੍ਰਸੰਗਿਕ ਹਨ।ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ: ਹਰਪਾਲ ਸਿੰਘ ਪੰਨੂ, ਚੇਅਰ ਪ੍ਰੋਫੈਸਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੇਅਰ ਦੇ ਸਵਾਗਤੀ ਭਾਸ਼ਣ ਨਾਲ ਹੋਈ। ਡਾ. ਰਮਨਪ੍ਰੀਤ ਕੌਰ ਨੇ ਪ੍ਰੋਗਰਾਮ ਦੇ ਵਿਸ਼ੇ ‘ਤੇ ਚਾਨਣਾ ਪਾਇਆ ਅਤੇ ਮੰਚ ਦਾ ਸੰਚਾਲਨ ਕੀਤਾ। ਅੰਤ ਵਿੱਚ, ਡਾ. ਵਿਪਲ ਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕੰਟਰੋਲਰ ਪਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ, ਅਤੇ ਡੀਨ ਸਕੂਲ ਭਾਸ਼ਾਵਾ, ਸਾਹਿਤ ਤੇ ਸਭਿਆਚਾਰ ਅਤੇ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ: ਜ਼ਮੀਰ ਪਾਲ ਕੌਰ ਵੀ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਮੁਖੀ, ਅਧਿਕਾਰੀ, ਅਧਿਆਪਕ, ਨਾਨ-ਟੀਚਿੰਗ ਸਟਾਫ਼, ਖੋਜਾਰਥੀ ਅਤੇ ਵਿਦਿਆਰਥੀ ਸ਼ਾਮਲ ਹੋਏ।

ਬਠਿੰਡਾ ਨਹਿਰ ਨੂੰ ਪੱਕੇ ਕਰਨ ਦੇ ਮੁੱਦੇ ਨੂੰ ਲੈ ਕੇ ਕਿਸਾਨ ਹੋਏ ਆਹਮੋ-ਸਾਹਮਣੇ

ਕਿਸਾਨ ਜਥੇਬੰਦੀ ਨਹਿਰ ਦੇ ਤਲ ਨੂੰ ਕੱਚਾ ਰੱਖਣ ਅਤੇ ਦੂਜੇ ਕਿਸਾਨ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਅੜੇ
ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦੋਨਾਂ ਧਿਰਾਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ
ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ : ਪਿੰਡ ਤਿਉਣਾ ਤੋਂ ਰਾਏਕੇ ਤਕ ਪੱਕੀ ਕੀਤੀ ਜਾ ਰਹੀ ਬਠਿੰਡਾ ਨਹਿਰ ਦੇ ਮਸਲੇ ਨੂੰ ਲੈ ਕੇ ਕਿਸਾਨ ਹੀ ਆਹਮੋ-ਸਾਹਮਣੇ ਹੋ ਗਏ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੀ ਅਗਵਾਈ ਵਾਲੀ ਕਿਸਾਨ ਜਥੇਬੰਦੀ ਜਿੱਥੇ ਇਸ ਨਹਿਰ ਦੇ ਤਲ ਨੂੰ ਕੰਕਰੀਟ ਨਾਲ ਪੱਕਾ ਕਰਨ ਦਾ ਵਿਰੋਧ ਕਰ ਰਹੀ ਹੈ ਜਦੋਂਕਿ ਦਰਜ਼ਨ ਦੇ ਕਰੀਬ ਪਿੰਡਾਂ ਦੇ ਕਿਸਾਨ ਟੇਲ ਤੱਕ ਪਾਣੀ ਨਾ ਪਹੁੰਚਣ ਕਾਰਨ ਨਹਿਰ ਦੇ ਤਲ ਨੂੰ ਪੱਕਾ ਕਰਨ ਦੀ ਮੰਗ ’ਤੇ ਅੜ ਗਏ ਹਨ। ਇਸ ਮਸਲੇ ਨੂੰ ਲੈ ਕੇ ਅੱਜ ਦੋਨਾਂ ਧਿਰਾਂ ਵਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਉਚ ਅਧਿਕਾਰੀਆਂ ਅੱਗੇ ਅਪਣਾ ਪੱਖ ਰੱਖਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਨੇ ਦਾਅਵਾ ਕੀਤਾ ਕਿ ‘‘ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗ ਰਿਹਾ ਹੈ ਤੇ ਇੱਥੋਂ ਤੱਕ ਕਿ ਪੀਣ ਵਾਲਾ ਪਾਣੀ ਵੀ ਜਹਿਰੀਲਾ ਹੋ ਰਿਹਾ ਹੈ, ਜਿਸਦੇ ਚੱਲਦੇ ਜਥੇਬੰਦੀ ਚਾਹੁੰਦੀ ਹੈ ਕਿ ਨਹਿਰ ਦੇ ਥੱਲੇ ਨੂੰ ਕੰਕਰੀਟ ਨਾਲ ਪੱਕਾ ਕਰਨ ਦੀ ਬਜਾਏ ਇੱਟਾਂ ਦਾ ਬੈਡ ਲਗਾ ਦਿੱਤਾ ਜਾਵੇ ਤਾਂ ਕਿ ਨਹਿਰੀ ਪਾਣੀ ਧਰਤੀ ਵਿਚ ਰੀਚਾਰਜ ਹੁੰਦਾ ਰਹੇ। ਜਿਸਦੇ ਨਾਲ ਇਲਾਕੇ ਵਿਚ ਧਰਤੀ ਹੇਠਲੇ ਪਾਣੀ ਵਿਚ ਵੀ ਗੁਣਵੰਤਾ ਬਣੀ ਰਹੇ। ਇਸ ਮੰਗ ਨੂੰ ਲੈਕੇ ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਵੀ ਮਿਲ ਕੇ ਮੰਗ ਕੀਤੀ ਕਿ ਨਹਿਰ ਥੱਲੇ ਨੂੰ ਪੱਕਾ ਨਾ ਕੀਤਾ ਜਾਵੇ। ਹਾਲਾਂਕਿ ਕਿਸਾਨ ਆਗੂਆਂ ਨੇ ਇਸ ਮੌਕੇ ਇਹ ਵੀ ਕਿਹਾ ਕਿ ਉਹ ਨਹਿਰ ਨੂੰ ਪੱਕੀ ਕਰਨ ਦੇ ਹੱਕ ਵਿਚ ਹਨ। ਦੂਜੇ ਪਾਸੇ ਇਸ ਨਹਿਰ ’ਤੇ ਪੈਣ ਵਾਲੇ ਪਿੰਡ ਪਿਓਰੀ ਦੇ ਸਰਪੰਚ ਛਿੰਦਰ ਸਿੰਘ ਨੇ ਕਿਹਾ ਕਿ ਦਰਜ਼ਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਵਲੋਂ ਕਾਫ਼ੀ ਜਦੋਜਹਿਦ ਤੋਂ ਬਾਅਦ ਇਸ ਨਹਿਰ ਨੂੰ ਪੱਕਿਆ ਕਰਨ ਦਾ ਪ੍ਰੋਜੈਕਟ ਪਾਸ ਕਰਵਾਇਆ ਹੈ। ਕਿਸਾਨ ਜਸਪਾਲ ਸਿੰਘ ਨੇ ਕਿਹਾ ਕਿ ਇਸ ਨਹਿਰ ਦੀ ਹਾਲਾਤ ਖਸਤਾ ਹੋਣ ਕਾਰਨ ਟੇਲਾਂ ’ਤੇ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ ਤੇ ਇਹ ਤਾਂ ਹੀ ਸੰਭਵ ਹੈ ਕਿ ਜੇਕਰ ਨਹਿਰ ਕੰਢਿਆ ਅਤੇ ਹੇਠਾਂ ਤੋਂ ਕੰਕਰੀਟ ਦੀ ਬਣੀ ਹੋਵੇ। ਇਸ ਮੌਕੇ ਹੋਰਨਾਂ ਕਿਸਾਨਾਂ ਨੇ ਵੀ ਇਹ ਮਾਈਨਰ 30-35 ਸਾਲ ਬਣਿਆ ਹੋਣ ਕਾਰਨ ਬੁਰੀ ਤਰ੍ਹਾਂ ਟੁੱਟ ਗਿਆ ਹੈ ਤੇ ਹੁਣ ਇਸ ਕਾਰਨ ਪਿਉਰੀ, ਥਰਾਜ, ਰਾਏਕੇ, ਲਾਲਬਾਈ ਸਹਿਤ ਅੱਧੀ ਦਰਜ਼ਨ ਪਿੰਡਾਂ ਵਿਚ ਟੇਲਾਂ ’ਤੇ ਪਾਣੀ ਨਹੀਂ ਪਹੁੰਚ ਰਿਹਾ। ਉਨਾਂ ਦੋਸ਼ ਲਾਇਆ ਕਿ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਸਰਹਿੰਦ ਨਹਿਰ ਨੂੰ ਪੱਕਾ ਕਰਨ ਵਿਚ ਅੜਿੱਕਾ ਡਾਹ ਰਹੇ। ਇੰਨਾਂ ਕਿਸਾਨਾਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਨੇ ਪ੍ਰੋਜੈਕਟ ਬਣਾਇਆ ਹੈ, ਉਸਨੂੰ ਉਸੇ ਤਰ੍ਹਾਂ ਪੂਰਾ ਕੀਤਾ ਜਾਵੇ।

ਬਠਿੰਡਾ-ਮਲੋਟ ਰੋਡ ’ਤੇ ਤੇਜ਼ ਰਫ਼ਤਾਰ ਕਾਰ ਡਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੱਸ ਨਾਲ ਟਕਰਾਈ

0

ਦੋ ਨੌਜਵਾਨਾਂ ਦੀ ਹੋਈ ਮੌਤ,ਤਿੰਨ ਜ਼ਖ਼ਮੀ
ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ: ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਪੰਜ ਵਜੇਂ ਬਠਿੰਡਾ-ਮਲੋਟ ਰੋਡ ਦੇ ਪਿੰਡ ਬੱਲੂਆਣਾ ਕੋਲ ਕਾਰ ਅਤੇ ਬੱਸ ਵਿਚਕਾਰ ਵਾਪਰੇ ਦਰਦਨਾਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋਣ ਅਤੇ ਤਿੰਨ ਦੇ ਜਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਸੂਚਨਾ ਮੁਤਾਬਕ ਕਾਰ ਕਾਫ਼ੀ ਤੇਜ ਗਤੀ ਵਿਚ ਹੋਣ ਕਾਰਨ ਡਰਾਈਵਰ ਦਾ ਸੰਤੁਲਣ ਵਿਗੜ ਗਿਆ ਅਤੇ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਦੂਜੇ ਪਾਸੇ ਆ ਰਹੀ ਬੱਸ ਵਿਚ ਜਾ ਵੱਜੀ। ਇਸ ਘਟਨਾ ਵਿਚ ਕਾਰ ਬੁਰੀ ਤਰ੍ਹਾਂ ਟੁੱਟ ਗਈ ਅਤੇ ਕਾਰ ਦੇ ਡਰਾਈਵਰ ਸਹਿਤ ਇੱਕ ਹੋਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਅਮਿੱਤ ਕੁਮਾਰ (25) ਪੁੱਤਰ ਕ੍ਰਿਸ਼ਨ ਲਾਲ ਅਤੇ ਡਰਾਈਵਰ ਕਮਲਦੀਪ ਸਿੰਘ(32) ਵਾਸੀ ਅਬੋਹਰ ਦੇ ਤੌਰ ’ਤੇ ਹੋਈ ਹੈ। ਜਦੋਂਕਿ ਜਖ਼ਮੀਆਂ ਵਿੱਚ ਲਵਲੀ (28) ਪੁੱਤਰ ਹੁਕਮ ਚੰਦ , ਦੀਪਕ ਕੁਮਾਰ ( 27) ਪੁੱਤਰ ਲੇਖ ਰਾਜ, ਤੁਰਣ ਕੁਮਾਰ ( 30) ਪੁੱਤਰ ਅਸ਼ਵਨੀ ਕੁਮਾਰ ਨਿਵਾਸੀ ਅਬੋਹਰ ਦੇ ਤੌਰ ’ਤੇ ਹੋਈ ਹੈ। ਜਿੰਨਾ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਤਾ ਲੱਗਿਆ ਹੈ ਕਿ ਘਟਨਾਗ੍ਰਸਤ ਵੈਗਨਰ ਕਾਰ ਮਲੋਟ ਸਾਈਡ ਤੋਂ ਬਠਿੰਡਾ ਵੱਲ ਆ ਰਹੀ ਸੀ ਤੇ ਜਦੋਂਕਿ ਬੱਸ ਬਠਿੰਡਾ ਤੋਂ ਦੂਜੀ ਸਾਈਡ ਜਾ ਰਹੀ ਸੀ। ਦੁਰਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਦੀ ਟੀਮ ਅਤੇ 108 ਐਂਬੂਲੈਂਸ ਮੌਕੇ ’ਤੇ ਪੁੱਜ ਗਈ।

ਟਰਾਂਸਪੋਰਟਰਾਂ ਤੋਂ ਰਿਸ਼ਵਤ ਲੈਣ ਵਾਲਾ ਲੁਧਿਆਣਾ ਦਾ ਆਰਟੀਏ ਨਰਿੰਦਰ ਧਾਲੀਵਾਲ ਵਿਜੀਲੈਂਸ ਵੱਲੋਂ ਗ੍ਰਿਫਤਾਰ

0

ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਹੋਈ ਕਾਰਵਾਈ
ਆਰ.ਟੀ.ਏ. ਧਾਲੀਵਾਲ ਨਿੱਜੀ ਵਿਅਕਤੀਆਂ ਰਾਹੀਂ ਕਰਦਾ ਸੀ ਰਿਸ਼ਵਤ ਵਸੂਲੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 6 ਜਨਵਰੀ : ਸੂਬੇ ਵਿੱਚ ਫ਼ੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿੰਮ ਤਹਿਤ ਅੱਜ ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿਖੇ ਬਤੌਰ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਵਜੋਂ ਤਾਇਨਾਤ ਪੰਜਾਬ ਸਿਵਲ ਸਰਵਿਸਿਜ (ਪੀ.ਸੀ.ਐਸ.) ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਨੂੰ ਸੰਗਠਿਤ ਅਪਰਾਧ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਜੋ ਨਿੱਜੀ ਵਿਅਕਤੀਆਂ ਰਾਹੀਂ ਟਰਾਂਸਪੋਰਟਰਾਂ ਤੋਂ ਰਿਸ਼ਵਤ ਵਸੂਲਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਪਰ 18.11.2022 ਨੂੰ ਦਰਜ ਕਰਵਾਈ ਸ਼ਿਕਾਇਤ ਦੀ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਉਹ ਹਰ ਮਹੀਨੇ ਲੁਧਿਆਣਾ ਵਿਖੇ ਵੱਖ-ਵੱਖ ਟਰਾਂਸਪੋਰਟਰਾਂ ਤੋਂ ਉਨਾਂ ਦੇ ਵਾਹਨਾਂ ਦੇ ਚਲਾਨ ਜਾਰੀ ਨਾ ਕਰਨ ਬਦਲੇ ਕੁੱਝ ਨਿੱਜੀ ਵਿਅਕਤੀਆਂ ਰਾਹੀਂ ਰਿਸ਼ਵਤ ਵਸੂਲਦਾ ਸੀ। ਉਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਸਤਨਾਮ ਸਿੰਘ ਧਵਨ ਵਾਸੀ ਪਿੰਡ ਮਾਣਕਵਾਲ, ਜਿਲਾ ਲੁਧਿਆਣਾ ਨੇ ਉਕਤ ਆਰ.ਟੀ.ਏ. ਨਾਲ ਜੁੜੇ ਪੰਜਾਬ ਹੋਮ ਗਾਰਡਜ (ਪੀ.ਐਚ.ਜੀ.) ਵਲੰਟੀਅਰ ਬਹਾਦਰ ਸਿੰਘ ਦੀਆਂ ਵੀਡੀਓ ਕਲਿੱਪਾਂ ਸਮੇਤ ਇਸ ਹੈਲਪਲਾਈਨ ‘ਤੇ ਆਰ.ਟੀ.ਏ. ਲੁਧਿਆਣਾ ਦੇ ਖਿਲਾਫ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ।
ਵਿਜੀਲੈਂਸ ਦੀ ਟੀਮ ਨੇ ਉਪਰੋਕਤ ਸ਼ਿਕਾਇਤ ਵਿਚਲੇ ਸਬੂਤਾਂ ਅਤੇ ਤੱਥਾਂ ਦੀ ਤਸਦੀਕ ਕੀਤੀ ਜੋ ਸਹੀ ਪਾਈ ਗਈ ਹੈ। ਉਕਤ ਜਾਂਚ ਵਿੱਚ ਪਾਇਆ ਗਿਆ ਕਿ ਆਰ.ਟੀ.ਏ. ਨਰਿੰਦਰ ਸਿੰਘ ਧਾਲੀਵਾਲ ਉਨਾਂ ਦੇ ਵਾਹਨਾਂ ਦੇ ਚਲਾਨ ਨਾ ਜਾਰੀ ਕਰਨ ਲਈ ਵੱਖ-ਵੱਖ ਟਰਾਂਸਪੋਰਟਰਾਂ ਤੋਂ ਕੁਝ ਨਿੱਜੀ ਵਿਅਕਤੀਆਂ ਰਾਹੀਂ ਮਹੀਨਾਵਾਰ ਰਿਸ਼ਵਤ ਦੀ ਰਕਮ ਵਸੂਲਦਾ ਸੀ। ਪਤਾ ਲੱਗਾ ਹੈ ਕਿ ਦਸੰਬਰ ਮਹੀਨੇ ਵਿਚ ਉਸ ਨੇ 4 ਲੱਖ ਰੁਪਏ ਰਿਸ਼ਵਤ ਦੀ ਰਕਮ ਪ੍ਰਾਪਤ ਕੀਤੀ ਜਿਸ ਵਿਚੋਂ 1,70,000 ਰੁਪਏ ਖੁਦ ਵਰਤੇ ਅਤੇ ਬਾਕੀ 2,30,000 ਰੁਪਏ ਦੀ ਰਿਸ਼ਵਤ ਦੀ ਰਕਮ ਹੋਮ ਗਾਰਡ ਵਲੰਟੀਅਰ ਬਹਾਦਰ ਸਿੰਘ ਨੂੰ ਸੌਂਪ ਦਿੱਤੀ। ਪੜਤਾਲ ਦੌਰਾਨ ਹੋਮ ਗਾਰਡ ਵਲੰਟੀਅਰ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਹ ਆਰ.ਟੀ.ਏ. ਦਾ ਅਧੀਨ ਕਰਮਚਾਰੀ (ਮਾ-ਤਹਿਤ) ਹੈ ਅਤੇ ਉਸਨੂੰ ਆਰਟੀਏ ਦੇ ਹੁਕਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ ਉਹ 2,30,000 ਰੁਪਏ ਦੀ ਰਿਸ਼ਵਤ ਦੀ ਰਕਮ ਪੇਸ਼ ਕਰ ਸਕਦਾ ਹੈ। ਇਸ ਸਬੰਧੀ ਐਫ.ਆਈ.ਆਰ ਨੰ. 01 ਮਿਤੀ 6.1.2023 ਨੂੰ ਆਰ.ਟੀ.ਏ. ਨਰਿੰਦਰ ਸਿੰਘ ਧਾਲੀਵਾਲ ਅਤੇ ਹੋਰਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ, 8 ਅਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ ਤਹਿਤ ਵਿਜੀਲੈਂਸ ਬਿਓਰੋ ਰੇਂਜ ਦੇ ਥਾਣਾ ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਅੱਜ ਪੀ.ਐਚ.ਜੀ. ਬਹਾਦਰ ਸਿੰਘ ਨੇ ਦੋਸ਼ੀ ਆਰ.ਟੀ.ਏ. ਵਲੋਂ ਸੌਪੀ 2,30,000 ਰੁਪਏ ਦੀ ਰਿਸ਼ਵਤ ਦੀ ਰਕਮ ਵੀ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਅੱਜ ਵਿਜੀਲੈਂਸ ਬਿਊਰੋ ਦੇ ਦਫਤਰ ਵਿੱਚ ਪੇਸ਼ ਕਰ ਦਿੱਤੀ। ਉਸ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Our Visitor

1908887