ਉਚ ਪੱਧਰੀ ਮੀਟਿੰਗ ਵਿਚ ਸੂਬੇ ਦੀਆਂ ਤਿਆਰੀਆਂ ਦਾ ਜਾਇਜ਼ਾ
ਲੋਕਾਂ ਨੂੰ ਜਨਤਕ ਥਾਵਾਂ ’ਤੇ ਮਾਸਕ ਪਾਉਣ ਦੀ ਅਪੀਲ
ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਪ੍ਰਬੰਧਾਂ ਦਾ ਲਗਾਤਾਰ ਜਾਇਜ਼ਾ ਲੈਣ ਲਈ ਆਖਿਆ
ਸੂਬਾ ਪੱਧਰੀ ਕੋਵਿਡ ਕੰਟਰੋਲ ਰੂਮ ਹੋਵੇਗਾ ਸਥਾਪਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਕੋਵਿਡ ਮਹਾਮਾਰੀ ਦੀ ਤਾਜ਼ਾ ਲਹਿਰ ਦੇ ਮੱਦੇਨਜ਼ਰ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿਚ ਮੁੱਖ ਮੰਤਰੀ ਨੇ ਕੋਵਿਡ ਸਬੰਧੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ ਦੌਰਾਨ ਸੂਬਾ ਸਰਕਾਰ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਕੋਵਿਡ ਵਾਇਰਸ ਦੇ ਫੈਲਾਅ ਨੂੰ ਰੋਕਣ ਅਤੇ ਹਰੇਕ ਵਿਅਕਤੀ ਦੀ ਸਿਹਤ ਦੀ ਰਾਖੀ ਲਈ ਜ਼ੋਰ ਦਿੰਦੇ ਹੋਏ ਸਾਰੀਆਂ ਵਿਦਿਅਕ ਸੰਸਥਾਵਾਂ, ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਅਤੇ ਅੰਦਰੂਨੀ ਤੇ ਬਾਹਰੀ ਇਕੱਠਾਂ, ਮਾਲਜ਼, ਜਨਤਕ ਥਾਵਾਂ ਆਦਿ ਵਿਚ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਅਨੁਕੂਲ ਇਹਤਿਆਤੀ ਕਦਮਾਂ ਜਿਵੇਂ ਕਿ ਸਮਾਜਿਕ ਦੂਰੀ, ਜਨਤਕ ਥਾਵਾਂ ਉਤੇ ਨਾ ਥੁੱਕਣ ਅਤੇ ਹੋਰ ਸਾਵਧਾਨੀਆਂ ਦੀ ਵਰਤੋਂ ਦੀ ਪੂਰੀ ਪਾਲਣਾ ਕੀਤੀ ਜਾਵੇ। ਭਗਵੰਤ ਮਾਨ ਨੇ ਸਿਹਤ ਵਿਭਾਗ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਕਿ ਜੇਕਰ ਕਿਸੇ ਵਿਅਕਤੀ ਵਿਚ ਕਰੋਨਾ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਕੋਵਿਡ ਟੈਸਟ ਕਰਵਾਉਣ ਦੇ ਨਾਲ-ਨਾਲ ਇਸ ਨਾਲ ਸਬੰਧਤ ਸਾਵਧਾਨੀਆਂ ਵੀ ਵਰਤੀਆਂ ਜਾਣ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਵੀ ਆਪੋ-ਆਪਣੇ ਜ਼ਿਲ੍ਹਿਆਂ ਵਿਚ ਪ੍ਰਬੰਧਾਂ ਦਾ ਲਗਾਤਾਰ ਜਾਇਜ਼ਾ ਲੈਣ ਲਈ ਆਖਿਆ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਸਥਿਤੀ ਨਾਲ ਨਿਪਟਣ ਲਈ ਪੰਜਾਬ ਸਰਕਾਰ ਸੂਬਾ ਪੱਧਰੀ ਕੰਟਰੋਲ ਰੂਮ ਸਥਾਪਤ ਕਰੇਗੀ। ਕੋਵਿਡ ਟੈਸਟ ਕਰ ਰਹੇ ਸਾਰੇ ਹਸਪਤਾਲਾਂ, ਲੈਬਾਰਟਰੀਆਂ, ਕੁਲੈਕਸ਼ਨ ਸੈਂਟਰਾਂ ਨੂੰ ਪੰਜਾਬ ਸਰਕਾਰ ਦੇ ਕੋਵਾ ਪੋਰਟਲ ਉਤੇ ਕੋਵਿਡ ਟੈਸਟਾਂ ਦੀਆਂ ਪਾਜ਼ੇਟਿਵ ਤੇ ਨੈਗੇਟਿਵ ਰਿਪੋਰਟਾਂ ਅਪਲੋਡ ਕੀਤੀਆਂ ਜਾਣ ਅਤੇ ਇਸ ਤੋਂ ਇਲਾਵਾ ਸਬੰਧਤ ਜ਼ਿਲ੍ਹਾ ਤੇ ਸੂਬਾ ਪੱਧਰ ਦੇ ਕੋਵਿਡ-19 ਸੈੱਲ ਨੂੰ ਟੈਸਟਾਂ ਬਾਰੇ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਕੋਵਿਡ-19 ਦੀ ਦੂਜੀ ਖੁਰਾਕ ਅਤੇ ਇਹਤਿਆਤੀ ਖੁਰਾਕ ਲਗਵਾਉਣ ਤੋਂ ਰਹਿੰਦੀ ਹੈ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਇਹ ਖੁਰਾਕ ਲੈ ਲੈਣੀ ਚਾਹੀਦੀ ਹੈ। ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਆਖਿਆ ਕਿ ਇਸ ਸਬੰਧ ਵਿਚ ਸਰਕਾਰ ਦੇ ਫੈਸਲੇ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਇਸ ਦਾ ਅਮਲ ਕਰਵਾਇਆ ਜਾਵੇ।
ਮੁੱਖ ਮੰਤਰੀ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਕੰਮਾਂ ਉਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਹੁਣ ਤੱਕ 2 ਕਰੋੜ 10 ਲੱਖ 80 ਹਜ਼ਾਰ ਸੈਂਪਲ ਲਏ ਜਾ ਚੁੱਕੇ ਹਨ ਅਤੇ ਔਸਤਨ ਰੋਜ਼ਾਨਾ 2500 ਆਰ.ਟੀ.-ਪੀ.ਸੀ.ਆਰ. ਅਤੇ ਆਰ.ਏ.ਟੀ. ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰੇਕ ਸਬ-ਡਿਵੀਜ਼ਨਲ ਹਸਪਤਾਲ ਵਿੱਚ ਇਹ ਟੈਸਟ ਹਰੇਕ ਸ਼ਨਿੱਚਰਵਾਰ ਤੇ ਐਤਵਾਰ ਨੂੰ ਵੀ ਕੀਤੇ ਜਾਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਕੋਰੋਨਾ ਦੀ ਪਾਜ਼ੇਟੀਵਿਟੀ ਦਰ 0.02 ਫੀਸਦੀ ਰਹੀ ਅਤੇ ਪਿਛਲੇ ਦੋ ਮਹੀਨਿਆਂ ਤੋਂ ਪਾਜ਼ੇਟੀਵਿਟੀ ਦਰ 0.1 ਫੀਸਦੀ ਤੋਂ ਵੀ ਘੱਟ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਲਈ ਆਕਸੀਜਨ ਦੀ ਵਿਵਸਥਾ ਵਾਲੇ ਰਾਖਵੇਂ ਲੈਵਲ-2 ਬੈੱਡਾਂ ਦੀ ਗਿਣਤੀ 790 ਹੈ ਅਤੇ ਲੋੜ ਪੈਣ ਉਤੇ ਬੱਚਿਆਂ ਲਈ 324 ਆਈ.ਸੀ.ਯੂ. ਬੈੱਡ ਵੀ ਉਪਲਬਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਲੋੜ ਪੈਣ ਉਤੇ 3518 ਹੋਰ ਲੈਵਲ-2 ਅਤੇ 142 ਹੋਰ ਆਈ.ਸੀ.ਯੂ. ਬੈੱਡ ਮੁਹੱਈਆ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਜ਼ਰੂਰਤ ਹੋਣ ਉਤੇ 14701 ਲੈਵਲ-2 ਅਤੇ 3132 ਲੈਵਲ-3 ਬੈੱਡ ਉਪਲਬਧ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਵਿੱਚ 23 ਲਿਕੁਅਡ ਮੈਡੀਕਲ ਆਕਸੀਜਨ (ਐਲ.ਐਮ.ਓ.) ਸਟੋਰੇਜ਼ ਟੈਂਕ (ਐਮ.ਜੀ.ਪੀ.ਐਸ. ਸਮੇਤ) ਲਗਾ ਦਿੱਤੇ ਗਏ ਹਨ ਅਤੇ 87 ਪ੍ਰੈਸ਼ਰ ਸਵਿੰਗ ਅਬਸੌਰਪਸ਼ਨ ਪਲਾਂਟ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਹਸਪਤਾਲਾਂ ਵਿੱਚ ਸਰਦੀ-ਜ਼ੁਕਾਮ, ਬਿਮਾਰੀ, ਸਾਹ ਲੈਣ ਵਿੱਚ ਦਿੱਕਤ ਅਤੇ ਲਾਗ ਤੋਂ ਪੀੜਤ ਮਰੀਜ਼ਾਂ ਦੀ ਟੈਸਟਿੰਗ ਵਧਾਉਣ ਲਈ ਅਧਿਕਾਰੀਆਂ ਨੂੰ ਕਿਹਾ ਗਿਆ ਹੈ। ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕੋਵਿਡ ਪਾਜ਼ੇਟਿਵ ਆਉਣ ਵਾਲੇ ਸਾਰੇ ਮਰੀਜ਼ਾਂ ਦੀ ਸਮੁੱਚੀ ਜੀਨੋਮ ਸਿਕੁਐਂਸਿੰਗ (ਕੋਰੋਨਾ ਦੇ ਵਿਸ਼ਾਣੂ ਦੀ ਉਤਪੱਤੀ) ਦਾ ਪਤਾ ਲਾਉਣਾ ਵੀ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਇਸ ਗੱਲ ਉਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਹੁਣ ਤੱਕ 98 ਫੀਸਦੀ ਤੋਂ ਵੱਧ ਆਬਾਦੀ ਨੂੰ ਕੋਵਿਡ-19 ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ 86 ਫੀਸਦੀ ਆਬਾਦੀ ਦੇ ਦੂਜੀ ਖੁਰਾਕ ਵੀ ਲੱਗ ਚੁੱਕੀ ਹੈ ਪਰ ਉਨ੍ਹਾਂ ਫਿਰ ਵੀ ਲੋਕਾਂ ਨੂੰ ਕਿਹਾ ਕਿ ਸਾਨੂੰ ਨਵੀਂ ਲਹਿਰ ਦੇ ਫੈਲਾਅ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਰਹਿਣਾ ਚਾਹੀਦਾ ਹੈ।
ਕੋਵਿਡ ਮਹਾਮਾਰੀ ਦੀ ਤਾਜ਼ਾ ਲਹਿਰ ਨਾਲ ਨਿਪਟਣ ਲਈ ਸੂਬਾ ਸਰਕਾਰ ਦੀਆਂ ਪੁਖ਼ਤਾ ਤਿਆਰੀਆਂ-ਮੁੱਖ ਮੰਤਰੀ
ਪੰਜਾਬ ਸਰਕਾਰ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੂਰੀ ਤਰਾ ਵਚਨਵੱਧ- ਕੁਲਤਾਰ ਸਿੰਘ ਸੰਧਵਾਂ
ਵੱਖ ਵੱਖ ਇਲਾਕਿਆਂ ਵਿੱਚੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 23 ਦਸੰਬਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੂਰੀ ਤਰਾ ਵਚਨਵੱਧ ਹੈ। ਅੱਜ ਏਥੇ ਆਪਣੇ ਸਰਕਾਰੀ ਨਿਵਾਸ ਸਥਾਨ ’ਤੇ ਸੂਬੇ ਭਰ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਦੀਆਂ ਜਾਇਜ ਸਮੱਸਿਆਵਾਂ ਨੂੰ ਸਮੇਂਬੱਧ ਸੀਮਾਂ ਵਿੱਚ ਹੱਲ ਕਰਨ ਲਈ ਪਹਿਲ ਦਿੱਤੀ ਜਾ ਰਹੀ ਹੈ ਅਤੇ ਇਸ ਸਬੰਧ ਵਿੱਚ ਕਿਸੇ ਨੂੰ ਵੀ ਰੱਤੀ ਭਰ ਵੀ ਪ੍ਰੇਸ਼ਾਨ ਨਹੀਂ ਹੁਣ ਦਿੱਤਾ ਜਾਵੇਗਾ। ਇਸ ਦੌਰਾਨ ਸ. ਸੰਧਵਾਂ ਨੂੰ ਦੂਰ-ਦੁਰਾਜ ਤੋਂ ਆਏ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਜਿਨਾਂ ਵਿੱਚੋਂ ਕਈ ਉਨਾਂ ਨੇ ਮੌਕੇ ’ਤੇ ਹੀ ਹੱਲ ਕਰਵਾ ਦਿੱਤੀਆਂ।
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗਿਆ ਅਸਤੀਫਾ
ਕਿਹਾ ਕਿ ਮੁੱਖ ਮੰਤਰੀ ਪੰਜਾਬ ਤੋਂ ਇੰਡਸਟਰੀ ਦੀ ਉਡਾਰੀ ਦੀ ਆਪ ਪ੍ਰਧਾਨਗੀ ਕਰ ਕੇ ਸੂਬੇ ਨੁੰ ਬਰਬਾਦੀ ਦੇ ਰਾਹ ਤੋਰ ਰਹੇ ਹਨ
ਰਾਜਪਾਲ ਨੂੰ 300 ਕਰੋੜ ਰੁਪਏ ਦੇ ਇਸ਼ਤਿਹਾਰ ਘੁਟਾਲੇ ਦੀ ਜਾਂਚ ਦੇ ਹੁਕਮ ਦੇਣ ਦੀ ਕੀਤੀ ਅਪੀਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਜੇਕਰ ਉਹ ਸੱਚਮੁੱਚ ਪੰਜਾਬ ਦੇ ਹਿੱਤਾਂ ਨੂੰ ਦਿਲੋਂ ਚਾਹੁੰਦੇ ਹਨ ਤਾਂ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਆਪ ਸੂਬੇ ਤੋਂ ਇੰਡਸਟਰੀ ਦੀ ਉਡਾਰੀ ਦੀ ਪ੍ਰਧਾਨਗੀ ਕਰ ਕੇ ਸੂਬੇ ਨੂੰ ਤਬਾਹੀ ਦੇ ਰਾਹ ਤੋਰ ਰਹੇ ਹਨ ਅਤੇ 300 ਕਰੋੜ ਰੁਪਏ ਦੇ ਇਸ਼ਤਿਹਾਰ ਘੁਟਾਲੇ ਵਰਗੇ ਘੁਟਾਲੇ ਕਰ ਰਹੇ ਹਨ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਹੱਥੋਂ ਬਾਹਰ ਹੋ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਵਿਚ ਖਾਨਾਜੰਗੀ ਛਿੜ ਗਈ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਸ੍ਰੀ ਭਗਵੰਤ ਮਾਨ ਸਿਰਫ ਅਸਤੀਫਾ ਹੀ ਦੇ ਸਕਦੇ ਹਨ ਅਤੇ ਆਪ ਨੂੰ ਪੰਜਾਬੀਆਂ ਤੋਂ ਨਵੇਂ ਸਿਰੇ ਤੋਂ ਫਤਵਾ ਲੈਣ ਵਾਸਤੇ ਆਖ ਸਕਦੇ ਹਨ।ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 9 ਮਹੀਨੇ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਮਾੜਾ ਸਮਾਂ ਰਿਹਾ ਹੈ। ਉਹਨਾਂ ਕਿਹਾ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ ਤੇ ਖਾਸ ਤੌਰ ’ਤੇ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਰੋਜ਼ਾਨਾ ਆਧਾਰ ’ਤੇ ਫਿਰੌਤੀ ਦੇਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਉਦਯੋਗਪਤੀ ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਪਹੁੰਚ ਕਰ ਕੇ ਸੂਬੇ ਵਿਚ ਨਿਵੇਸ਼ ਦੀ ਇੱਛਾ ਪ੍ਰਗਟਾ ਰਹੇਹਨ। ਉਹਨਾਂ ਕਿਹਾ ਕਿ ਯੂ ਪੀ ਦੇ ਮੁੱਖ ਮੰਤਰੀ ਨੇ ਆਪ ਇਹ ਗੱਲ ਉਹਨਾਂ ਨੂੰ ਦੱਸੀ ਹੈ ਤੇ ਕਿਹਾ ਹੈ ਕਿ ਉਦਯੋਗਪਤੀ ਯੂ ਪੀ ਸ਼ਿਫਟ ਹੋਣਾ ਚਾਹੁੰਦੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਪੰਜਾਬ ਹੁਣ ਸੁਰੱਖਿਅਤ ਨਹੀਂ ਰਿਹਾ। ਉਹਨਾਂ ਕਿਹਾਕਿ ਪਿਛਲੇ ਇਕ ਸਾਲ ਤੋਂ ਪੰਜਾਬ ਵਿਚ ਕੋਈ ਉਦਯੋਗ ਨੀਤੀ ਵੀ ਨਹੀਂ ਹੈ। ਉਹਨਾਂ ਕਿਹਾਕਿ ਪੰਜਾਬ ਵਿਚੋਂ ਉਦਯੋਗ ਦੀ ਉਡਾਰੀ ਕਾਰਨ ਵੱਡੀ ਪੱਧਰ ’ਤੇ ਬੇਰੋਜ਼ਗਾਰੀ ਪੈਦਾ ਹੋਵੇਗੀ ਤੇ ਇਸ ਨਾਲ ਖਾਨਾਜੰਗੀ ਛਿੜੇਗੀ। ਸ:ਬਾਦਲ ਨੇ ਕਿਹਾ ਕਿ ਸੂਬਾ ਵਿੱਤੀ ਐਮਰਜੰਸੀ ਦੀ ਕਗਾਰ ’ਤੇ ਖੜ੍ਹਾ ਹੈ। ਉਹਨਾਂ ਕਿਹਾ ਕਿ ਸੂਬੇ ਨੇ ਪਿਛਲੇ 9 ਮਹੀਨਿਆਂ ਵਿਚ 30 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਪਰ ਇਸ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਲਈ ਕੱਖ ਨਹੀਂ ਹੈ। ਉਹਨਾਂ ਕਿਹਾ ਕਿ ਜੀ ਐਸ ਟੀ, ਅਸ਼ਟਾਮ ਡਿਊਟੀ ਤੇ ਜ਼ਮੀਨੀ ਮਾਲੀਆ ਹੇਠਾਂ ਆ ਗਿਆਹੈ ਤੇ ਬੁਨਿਆਦੀ ਢਾਂਚੇ ਵਿਚ ਕੋਈ ਨਿਵੇਸ਼ ਨਹੀਂ ਹੋ ਰਿਹਾ ਤੇ ਮਾਲੀਆ ਖਰਚ ਵੱਧ ਗਿਆ ਹੈ। ਉਹਨਾਂ ਕਿਹਾ ਕਿ 300 ਕਰੋੜ ਰੁਪਏ ਦੇ ਇਸ਼ਤਿਹਾਰ ਘੁਟਾਲੇ ਜਿਸਤਹਿਤ ਸਰਕਾਰ ਨੇ ਆਪ ਦਾ ਸਿਆਸੀ ਸੁਨੇਹਾ ਗੁਜਰਾਤ ਸਮੇਤ ਦੇਸ਼ ਭਰਵਿਚ ਪਹੁੰਚਾਉਣ ਲਈ ਪੈਸਾ ਬਰਬਾਦ ਕੀਤਾ, ਸਮੇਤ ਵਾਰ ਵਾਰ ਘੁਟਾਲੇ ਹੋ ਰਹੇ ਹਨ। ਉਹਨਾਂ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇਣ ਅਤੇ ਆਮ ਆਦਮੀ ਪਾਰਟੀਤੋਂ 300 ਕਰੋੜ ਰੁਪਏ ਵਸੂਲੇ ਜਾਣ।ਸ: ਬਾਦਲ ਨੇ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਸਾਰੀ ਸਰਕਾਰ ਆਪ ਹਾਈਕਮਾਂਡ ਹਵਾਲੇ ਕਰ ਦਿੱਤੀਹੈ। ਉਹਨਾਂ ਕਿਹਾ ਕਿ ਪਹਿਲਾਂ ਆਪ ਹਾਈ ਕਮਾਂਡ ਨੇ ਪੰਜਾਬ ਦਾ ਸਾਰਾ ਸ਼ਰਾਬ ਕਾਰੋਬਾਰ ਦਿੱਲੀ ਤੋਂ ਆਪਣੇ ਚਹੇਤਿਆਂਹਵਾਲੇ ਕਰ ਕੇ 500 ਕਰੋੜ ਰੁਪਏ ਦਾ ਘੁਟਾਲਾ ਕੀਤਾ ਤੇ ਹੁਣ ਇਸਨੇ ਪੰਜਾਬ ਵਿਚ ਰੀਅਲ ਅਸਟੇਟ ਕਾਰੋਬਾਰ ’ਤੇ ਕਬਜ਼ਾ ਕਰ ਲਿਆ ਹੈ ਤੇ ਸਾਬਕਾ ਐਡੀਸ਼ਨਲ ਚੀਫ ਸੈਕਟਰੀਤੇ ਅਰਵਿੰਦ ਕੇਜਰੀਵਾਲ ਦੇ ਚਹੇਤੇ ਸਤਿਆ ਗੋਪਾਲ ਨੂੰ ਰੇਰਾ ਪੰਜਾਬ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਕੇਜਰੀਵਾਲ ਨੇ ਕਿਵੇਂ ਪੰਜਾਬ ਅਤੇ ਇਸਦੇ ਸਰੋਤ ਆਪਣੇ ਕਬਜ਼ੇ ਅਧੀਨ ਲਏ ਹਨ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਰਾ ਸੂਬਾ ਪ੍ਰਸ਼ਾਸਨ ਦੀ ਅਣਹੋਂਦ ਕਾਰਨ ਲੜਖੜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਦੀ ਬਿਜਲੀ ਕੰਪਨੀ ਪੀ ਐਸ ਪੀ ਸੀ ਐਲ ਆਪ ਸਰਕਾਰ ਦੇ ਕੁਪ੍ਰਬੰਧਨ ਕਾਰਨ ਕੰਗਾਲ ਹੋਣ ਕੰਢੇ ਪਹੁੰਚ ਗਈ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਪੀ ਐਸ ਪੀ ਸੀ ਐਲ ਨੂੰ ਸਬਸਿਡੀ ਦੇ 22000 ਕਰੋੜ ਰੁਪਏ ਦੇਣ ਵਿਚ ਨਾਕਾਮ ਰਹੀ ਹੈ ਅਤੇ ਹੁਣ ਪਾਵਰਕਾਮ ਕਰਜ਼ੇ ਲੈਣ ਲਈ ਮਜਬੂਰ ਹੋਇਆ ਹੈ। ਉਹਨਾਂ ਕਿਹਾ ਕਿ ਇਸੇ ਕਾਰਨ ਵਾਰ ਵਾਰ ਬਿਜਲੀ ਕੱਟ ਲੱਗ ਰਹੇ ਹਨ ਤੇ ਬਿਜਲੀ ਸਪਲਾਈ ਪ੍ਰਭਾਵਤ ਹੋ ਰਹੀਹੈ ਕਿਉਂਕਿ ਕੰਪਨੀ ਕੋਲ ਰੂਟੀਨ ਮੁਰੰਮਤ ਵਾਸਤੇ ਵੀ ਫੰਡ ਨਹੀਂ ਹਨ। ਸ: ਬਾਦਲ ਨੇ ਕਿਹਾ ਕਿ ਇਸ ਸਭ ਕਾਰਨ ਪੰਜਾਬ ਅਸਥਿਰ ਕਰਨ ਦਾ ਆਧਾਰ ਤਿਆਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਇਹਨਾਂ ਹਾਲਾਤਾਂ ਦਾ ਲਾਭ ਲੈਣ ਦੀ ਝਾਕ ਵਿਚ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਇਕ ਗੜਬੜ ਵਾਲਾ ਸੂਬਾ ਬਣਦਾ ਹੈ ਤਾਂ ਇਸ ਨਾਲ ਦੇਸ਼ ਦੀ ਸ਼ਾਂਤੀ ਭੰਗ ਹੋਵੇਗੀ। ਉਹਨਾਂ ਕਿਹਾਕਿ ਅਤਿਵਾਦ ਦੇ ਕਾਰਨ ਪੰਜਾਬ ਦੋ ਦਹਾਕੇ ਪਛੜ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਅਜਿਹੇ ਹਾਲਾਤ ਮੁੜ ਬਣਨ ਨਹੀਂ ਦੇ ਸਕਦੇ। ਉਹਨਾਂ ਕਿਹਾ ਕਿ ਇਸੇ ਲਈ ਚੰਗਾ ਇਹੋ ਹੈ ਕਿ ਸ੍ਰੀ ਭਗਵੰਤ ਮਾਨ ਅਸਤੀਫਾ ਦੇ ਦੇਣ ਤਾਂ ਜੋ ਪੰਜਾਬੀ ਨਵੇਂ ਸਿਰੇ ਤੋਂ ਫਤਵਾ ਦੇ ਸਕਣ।
ਕੈਬਨਿਟ ਸਬ-ਕਮੇਟੀ ਵੱਲੋਂ ਟਰੱਕ ਆਪ੍ਰੇਟਰਾਂ ਨਾਲ ਮੀਟਿੰਗ, ਸਾਰਥਕ ਹੱਲ ਕੱਢਣ ਦਾ ਭਰੋਸਾ
ਵਿੱਤ ਮੰਤਰੀ ਵੱਲੋਂ ਸਕੱਤਰ ਟਰਾਂਸਪੋਰਟ ਦੀ ਅਗਵਾਈ ਵਿੱਚ ਕਮੇਟੀ ਗਠਤ
ਉਦਯੋਗ ਵਿਭਾਗ, ਟਰੱਕ ਆਪ੍ਰੇਟਰਾਂ ਤੇ ਹੋਰਨਾਂ ਭਾਈਵਾਲਾਂ ਨਾਲ ਗੱਲਬਾਤ ਪਿੱਛੋਂ 31 ਜਨਵਰੀ ਨੂੰ ਰਿਪੋਰਟ ਸੌਂਪੇਗੀ ਕਮੇਟੀ
ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਢੋਆ-ਢੁਆਈ ਸਬੰਧੀ ਢੁਕਵੀਂ ਨੀਤੀ ਬਣਾਉਣ ਲਈ ਟਰੱਕ ਆਪ੍ਰੇਟਰਾਂ ਦੇ ਸੁਝਾਅ ਲੈਣ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਦਸੰਬਰ:ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕੈਬਨਿਟ ਸਬ-ਕਮੇਟੀ, ਜਿਸ ਵਿੱਚ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਉਚੇਚੇ ਤੌਰ ‘ਤੇ ਸ਼ਾਮਲ ਹੋਏ, ਨੇ ਅੱਜ ਟਰੱਕ ਆਪ੍ਰੇਟਰਾਂ ਦੀਆਂ ਮੰਗਾਂ ਨੂੰ ਲੈ ਕੇ ਨੁਮਾਇੰਦਿਆਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਕੈਬਨਿਟ ਮੰਤਰੀਆਂ ਨੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਵਚਨਬੱਧ ਹੈ, ਇਸ ਲਈ ਉਨ੍ਹਾਂ ਦੀਆਂ ਮੰਗਾਂ ਬਾਰੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।ਵਿੱਤ ਮੰਤਰੀ ਐਡਵੋਕੇਟ ਚੀਮਾ ਨੇ ਟਰਾਂਸਪੋਰਟ ਵਿਭਾਗ ਦੇ ਸਕੱਤਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕਰਦਿਆਂ ਨਿਰਦੇਸ਼ ਦਿੱਤੇ ਕਿ ਇਹ ਕਮੇਟੀ ਉਦਯੋਗ ਵਿਭਾਗ, ਟਰੱਕ ਆਪ੍ਰੇਟਰਾਂ ਤੇ ਹੋਰਨਾਂ ਭਾਈਵਾਲਾਂ ਨਾਲ ਹਰ ਪਹਿਲੂ ‘ਤੇ ਗੱਲ ਕਰਕੇ 31 ਜਨਵਰੀ ਨੂੰ ਆਪਣੀ ਰਿਪੋਰਟ ਸੌਂਪੇ। ਉਨ੍ਹਾਂ ਟਰੱਕ ਉਪਰੇਟਰਾਂ ਨੂੰ ਵੀ ਸੁਝਾਅ ਦਿੱਤਾ ਕਿ ਉਹ ਕਮੇਟੀ ਨਾਲ ਗੱਲਬਾਤ ਲਈ ਕੁਝ ਮੈਂਬਰਾਂ ਤੇ ਆਧਾਰਤ ਇੱਕ ਐਕਸ਼ਨ ਕਮੇਟੀ ਬਨਾਉਣ ਤਾਂ ਜੋ ਗੱਲਬਾਤ ਰਾਹੀਂ ਕਿਸੇ ਸਾਰਥਕ ਨਤੀਜੇ ‘ਤੇ ਪਹੁੰਚਿਆ ਜਾ ਸਕੇ।ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਕਿਹਾ ਕਿ ਵਿਭਾਗ ਦੀ ਢੋਆ-ਢੁਆਈ ਸਬੰਧੀ ਨੀਤੀ ਬਣਾਉਣ ਵੇਲੇ ਟਰੱਕ ਆਪ੍ਰੇਟਰਾਂ ਦੇ ਸੁਝਾਅ ਲਏ ਜਾਣ ਤਾਂ ਜੋ ਪੰਜਾਬ ਅਤੇ ਲੋਕ-ਪੱਖੀ ਢੁਕਵੀਂ ਨੀਤੀ ਹੋਂਦ ਵਿੱਚ ਆ ਸਕੇ।
ਜੀ.ਓ.ਜੀ. ਦੇ ਮਸਲਿਆਂ ਦੇ ਨਿਪਟਾਰੇ ਲਈ ਵੀ ਕਮੇਟੀ ਬਣਾਈ
ਇਸੇ ਤਰ੍ਹਾਂ ਦੂਜੀ ਮੀਟਿੰਗ ਦੌਰਾਨ ਕੈਬਨਿਟ ਸਬ-ਕਮੇਟੀ ਨੇ ਜੀ.ਓ.ਜੀ. ਦੇ ਮਸਲਿਆਂ ਦੇ ਨਿਪਟਾਰੇ ਲਈ ਵੀ 10 ਮੈਂਬਰੀ ਕਮੇਟੀ ਬਣਾਉਣ ਦੀ ਹਦਾਇਤ ਕੀਤੀ। ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਨਿਰਦੇਸ਼ ਦਿੱਤੇ ਕਿ ਸਕੱਤਰ ਤੇ ਡਾਇਰੈਕਟਰ ਰੱਖਿਆ ਸੇਵਾਵਾਂ, ਵਿੱਤ ਵਿਭਾਗ ਤੋਂ ਇੱਕ ਨੁਮਾਇੰਦੇ ਅਤੇ ਜੀ.ਓ.ਜੀ. ਦੇ 7 ਮੈਂਬਰਾਂ ਵਾਲੀ ਇਹ ਕਮੇਟੀ ਵੱਖ-ਵੱਖ ਪਹਿਲੂਆਂ ‘ਤੇ ਗੱਲਬਾਤ ਕਰਕੇ 30 ਦਿਨਾਂ ਵਿੱਚ ਰਿਪੋਰਟ ਦੇਵੇਗੀ।
ਪੰਜਾਬ ਦੇ ਲੋਕਪਾਲ ਵੱਲੋਂ ਕਲਾ ਦੇ ਉੱਚਤਮ ਮਾਪਦੰਡ ਅਪਨਾਉਣ ਦੀ ਕਲਾਕਾਰਾਂ ਨੂੰ ਅਪੀਲ
ਮਨੁੱਖ ਦੇ ਵਿਕਾਸ ਵਿੱਚ ਕਲਾ ਦੀ ਭੂਮਿਕਾ ਅਹਿਮ- ਜਸਟਿਸ ਵਿਨੋਦ ਕੁਮਾਰ ਸ਼ਰਮਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਦਸੰਬਰ: ਪੰਜਾਬ ਦੇ ਲੋਕਪਾਲ ਜਸਟਿਸ (ਸੇਵਾਮੁਕਤ) ਵਿਨੋਦ ਕੁਮਾਰ ਸ਼ਰਮਾ ਨੇ ਕਲਾ ਦੇ ਉੱਚਤਮ ਮਾਪਦੰਡ ਅਪਨਾਉਣ ਅਤੇ ਲੋਕਾਂ ਨੂੰ ਮਿਆਰੀ ਕਲਾ ਮੁਹੱਈਆ ਕਰਵਾਉਣ ਦੀ ਕਲਾਕਾਰਾਂ ਨੂੰ ਅਪੀਲ ਕੀਤੀ ਹੈ ਤਾਂ ਜੋ ਲੋਕਾਂ ਦੇ ਬੌਧਿਕ ਪੱਧਰ ਨੂੰ ਹੋਰ ਉੱਚ ਉਠਾਇਆ ਜਾ ਸਕੇ। ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸਰਗਮ ਸੋਸਾਇਟੀ ਆਫ ਇੰਡੀਅਨ ਮਿਊਜਕਿ ਐਂਡ ਆਰਟ (ਰਜਿ.) ਅਤੇ ਆਰੀਅਨਜ ਗਰੁੱਪ ਆਫ ਕਾਲਜਿਜ ਵੱਲੋਂ ਬੀਤੀ ਸ਼ਾਮ ਪੰਜਾਬ ਕਲਾ ਭਵਨ ਵਿੱਚ ਇੱਕ ਸੰਗੀਤਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਸ਼ਰਮਾ ਨੇ ਕਿਹਾ ਕਿ ਮਨੁੱਖ ਦਾ ਸਾਹਿਤ ਅਤੇ ਕਲਾ ਨਾਲ ਅਨਿੱੜਵਾਂ ਰਿਸ਼ਤਾ ਹੈ ਅਤੇ ਇਹ ਮਨੁੱਖ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਕਰਕੇ ਆਵਾਮ ਨੂੰ ਉਚਤਮ ਕਲਾਕ੍ਰਿਤਾ ਮੁਹੱਈਆ ਕਰਵਾਉਣ ਦੇ ਵਾਸਤੇ ਸਾਹਿਤਕਾਰਾਂ ਅਤੇ ਕਲਾਕਾਰਾਂ ਦੀ ਜ਼ਿੰਮੇਂਵਾਰੀ ਹੋਰ ਵੀ ਵਧ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਹ ਇੱਕ ਉੱਤਮ ਭਾਸ਼ਣਕਾਰ ਸਨ ਜਿਨ੍ਹਾਂ ਨੂੰ ਆਪਣੀਆਂ ਕਵਿਤਾਵਾਂ ਲਈ ਵੀ ਯਾਦ ਕੀਤਾ ਜਾਂਦਾ ਹੈ।ਐਡਵੋਕੇਟ ਸਤਿਆ ਪਾਲ ਜੈਨ ਨੇ ਸਰਗਮ ਸੋਸਾਇਟੀ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਅਟਲ ਜੀ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਾਰਤ ਨੂੰ ਮਜ਼ਬੂਤ ਅਤੇ ਵਿਕਸਤ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਇਸ ਮੌਕੇ ਤਿੰਨ ਗਾਇਕਾਂ ਨੇ ਅਟਲ ਜੀ ਦੀ ਯਾਦ ਵਿੱਚ ਕਵਿਤਾਵਾਂ ਸੁਣਾਈਆਂ।ਇਸ ਮੌਕੇ ਐਡਵੋਕੇਟ ਸੱਤਿਆ ਪਾਲ ਜੈਨ, ਵਧੀਕ ਸਾਲਿਸਟਰ ਜਨਰਲ, ਭਾਰਤ ਸਰਕਾਰ, ਸ੍ਰੀਮਤੀ ਸ਼ਸ਼ੀ ਪ੍ਰਭਾ, ਏ.ਡੀ.ਜੀ.ਪੀ., ਪੰਜਾਬ ਅਤੇ ਸ੍ਰੀ ਐਸ.ਕੇ ਪਾਨੀਗ੍ਰਹੀ, ਫੀਲਡ ਜਨਰਲ ਮੈਨੇਜਰ, ਪੰਜਾਬ ਨੈਸ਼ਨਲ ਬੈਂਕ, ਡਾ: ਅੰਸੂ ਕਟਾਰੀਆ, ਪ੍ਰਧਾਨ, ਸਰਗਮ ਸੁਸਾਇਟੀ ਅਤੇ ਚੇਅਰਮੈਨ, ਆਰੀਅਨਜ ਗਰੁੱਪ ਆਫ ਕਾਲਜਿਜ, ਰਾਜਪੁਰਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਡਾ: ਅੰਸੂ ਕਟਾਰੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਗਮਾਡਾ ਵੱਲੋਂ ਅਣ-ਅਧਿਕਾਰਤ ਉਸਾਰੀਆਂ ਖ਼ਿਲਾਫ਼ ਮੁਹਿੰਮ ਤੇਜ਼
ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ: ਅਮਨ ਅਰੋੜਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਦਸੰਬਰ: ਪੰਜਾਬ ਦੇ ਮਾਡਲ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਨੇ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਇਲਾਕਿਆਂ ਵਿੱਚ ਅਣ-ਅਧਿਕਾਰਤ ਉਸਾਰੀਆਂ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਹ ਮੁਹਿੰਮ ਪਿਛਲੇ ਮਹੀਨੇ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਗਈ ਸੀ।ਸਥਾਨਕ ਵਿਧਾਇਕ ਸ੍ਰੀ ਕੁਲਵੰਤ ਸਿੰਘ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ 19 ਨਵੰਬਰ ਨੂੰ ਹੋਈ ਮੀਟਿੰਗ ਦੌਰਾਨ ਅਣ-ਅਧਿਕਾਰਤ ਉਸਾਰੀਆਂ ਅਤੇ ਕਬਜ਼ਿਆਂ ਦਾ ਮਾਮਲਾ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਕੈਬਨਿਟ ਮੰਤਰੀ ਨੇ ਅਣ-ਅਧਿਕਾਰਤ ਉਸਾਰੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਗਮਾਡਾ ਦੇ ਅਧਿਕਾਰੀਆਂ ਨੂੰ ਐਸ.ਏ.ਐਸ.ਨਗਰ ਵਿੱਚ ਵੱਧ ਰਹੀਆਂ ਨਾਜਾਇਜ਼ ਉਸਾਰੀਆਂ ਅਤੇ ਕਬਜ਼ਿਆਂ ਨੂੰ ਰੋਕਣ ਲਈ ਤੁਰੰਤ ਮੁਹਿੰਮ ਵਿੱਢਣ ਦੇ ਹੁਕਮ ਦਿੱਤੇ ਸਨ।ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਗਮਾਡਾ ਦੇ ਰੈਗੂਲੇਟਰੀ ਵਿੰਗ ਨੇ ਲੜੀਵਾਰ ਮੁਹਿੰਮ ਚਲਾ ਕੇ ਵੱਖ-ਵੱਖ ਖੇਤਰਾਂ ’ਚੋਂ ਅਣ-ਅਧਿਕਾਰਤ ਉਸਾਰੀਆਂ ਢਾਹ ਦਿੱਤੀਆਂ ਹਨ। ਗਮਾਡਾ ਨੇ ਪਿੰਡ ਝਾਮਪੁਰ ਵਿਖੇ ਨੀਂਹ ਜਾਂ ਪਲਿੰਥ ਪੱਧਰ ’ਤੇ ਘੱਟੋ-ਘੱਟ 50 ਢਾਂਚੇ ਅਤੇ ਕੁਝ ਸੁਪਰਸਟਰੱਕਚਰ ਨੂੰ ਹਟਾਉਣ ਤੋਂ ਇਲਾਵਾ ਸੈਕਟਰ-87 ਵਿੱਚ ਇੱਕ ਕਨਾਲ ਖੇਤਰ ‘ਚ ਬਣੇ ਚਾਰ ਅਣ-ਅਧਿਕਾਰਤ ਆਰਜ਼ੀ ਢਾਂਚੇ ਢਾਹੇ ਹਨ। ਇਸ ਤੋਂ ਇਲਾਵਾ ਬਲੌਂਗੀ ਵਿਖੇ ਸੁਪਰਸਟਰਕੱਚਰ ਵਾਲੇ ਚਾਰ ਅਣ-ਅਧਿਕਾਰਤ ਉਸਾਰੀ ਅਧੀਨ ਮਕਾਨਾਂ ਨੂੰ ਢਾਹਿਆ ਗਿਆ ਹੈ। ਇਸ ਦੇ ਨਾਲ ਹੀ ਲਗਭਗ ਤਿੰਨ ਏਕੜ ਵਿੱਚ ਬਣੇ 12 ਗ਼ੈਰ-ਕਾਨੂੰਨੀ ਸੂਰ ਫਾਰਮਾਂ ਅਤੇ ਪੋਲਟਰੀ ਫਾਰਮਾਂ ਨੂੰ ਵੀ ਹਟਾਇਆ ਗਿਆ ਹੈ।ਮੋਹਾਲੀ ਦੇ ਵਸਨੀਕਾਂ ਅਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਅਣ-ਅਧਿਕਾਰਤ ਉਸਾਰੀਆਂ ਨਾ ਕਰਨ ਦੀ ਅਪੀਲ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪਰ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਪੰਜਾਬ ਵਿਚ ਉਦਯੋਗ ਪੱਖੀ ਮਾਹੌਲ ਸਦਕਾ ਨੌਂ ਮਹੀਨਿਆਂ ’ਚ 30,000 ਕਰੋੜ ਰੁਪਏ ਦਾ ਨਿਵੇਸ਼ ਹੋਇਆ-ਮੁੱਖ ਮੰਤਰੀ
ਮੁੱਖ ਮੰਤਰੀ ਨੇ ਮਾਰਕਫੈੱਡ ਦੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ
ਹੁਣ ਤੱਕ 21404 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ
ਨਵੇਂ ਸਾਲ ਉਤੇ ਮਾਸਟਰ ਕਾਡਰ ਦੇ 3000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਐਲਾਨ
ਮਾਰਕਫੈੱਡ ਤੇ ਵੇਰਕਾ ਦਾ ਬਾਹਰੀ ਮੁਲਕਾਂ ਵਿਚ ਕਾਰੋਬਾਰ ਵਧਾਉਣ ਲਈ ਯਤਨ ਜਾਰੀ
ਪੰਜਾਬੀ ਖ਼ਬਰਸਾਰ ਬਿਉਰੋ
ਪੰਜਾਬ, 23 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਦਯੋਗ ਪੱਖੀ ਮਾਹੌਲ ਅਤੇ ਕਾਰੋਬਾਰ ਨੂੰ ਸੁਖਾਲਾ ਕਰਨ ਦੀਆਂ ਨੀਤੀਆਂ ਸਦਕਾ ਪਿਛਲੇ 9 ਮਹੀਨਿਆਂ ਵਿਚ ਸੂਬੇ ਵਿਚ 30,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਿਸ ਨਾਲ ਹਜ਼ਾਰਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਅੱਜ ਇੱਥੇ ਮਿਊਂਸਪਲ ਭਵਨ ਵਿਖੇ ਮਾਰਕਫੈੱਡ ਵਿਚ ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਅਤੇ ਨਵੇਂ ਉਤਪਾਦਾਂ ਦੀ ਸ਼ੁਰੂਆਤ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਟਾਟਾ ਸਟੀਲ, ਵਰਬੀਓ, ਫਰੇਡਨਬਰਗ, ਸਨਾਥਨ ਟੈਕਸਟਾਈਲ ਵਰਗੇ ਵੱਡੇ ਉਦਯੋਗ ਘਰਾਣਿਆਂ ਨੇ ਸਾਡੀਆਂ ਉਦਯੋਗਿਕ ਨੀਤੀਆਂ ਵਿਚ ਵਿਸ਼ਵਾਸ ਪ੍ਰਗਟਾਉਂਦੇ ਹੋਏ ਨਿਵੇਸ਼ ਕਰਨ ਲਈ ਇਕਰਾਰਨਾਮੇ ਕੀਤੇ ਜਿਸ ਨਾਲ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਹਾਸਲ ਹੋਣਗੀਆਂ। ਹਾਲ ਹੀ ਵਿਚ ਹੈਦਰਾਬਾਦ ਵਿਚ ਉਦਯੋਗਪਤੀਆਂ ਨਾਲ ਹੋਈਆਂ ਮੀਟਿੰਗਾਂ ਦਾ ਜ਼ਿਕਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਤੇ ਖੇਤੀਬਾੜੀ ਨਾਲ ਜੁੜੇ ਉਥੇ ਦੇ ਉੱਦਮੀਆਂ ਨੇ ਪੰਜਾਬ ਵਿਚ ਨਿਵੇਸ਼ ਲਈ ਦਿਲਚਸਪੀ ਦਿਖਾਈ ਹੈ ਜਿਸ ਨਾਲ ਸੂਬੇ ਦੇ ਉਦਯੋਗਿਕ ਖੇਤਰ ਨੂੰ ਹੋਰ ਮਜ਼ਬੂਤੀ ਮਿਲੇਗੀ। ਮੁੱਖ ਮੰਤਰੀ ਨੇ ਕਿਹਾ, “ਨੀਅਤਾਂ ਨੂੰ ਮੁਰਾਦਾਂ ਹੁੰਦੀਆਂ ਹਨ। ਹੁਣ ਉਦਯੋਗਪਤੀਆਂ ਨੂੰ ਸੂਬੇ ਵਿਚ ਨਿਵੇਸ਼ ਕਰਨ ਲਈ ਭ੍ਰਿਸ਼ਟਾਚਾਰੀ ਅਤੇ ਗੁੰਝਲਦਾਰ ਪ੍ਰਕਿਰਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜਿਸ ਕਰਕੇ ਉਦਯੋਗਪਤੀ ਪੰਜਾਬ ਆ ਰਹੇ ਹਨ। ਅਸੀਂ ਰਿਸ਼ਵੋਤਖੋਰੀ ਬੰਦ ਕੀਤੀ, ਉਦਯੋਗ ਲਈ ਨਿਰਵਿਘਨ ਬਿਜਲੀ ਦੀ ਸਪਲਾਈ ਅਤੇ ਸੁਖਾਵਾਂ ਮਾਹੌਲ ਦਿੱਤਾ ਜਿਸ ਕਰਕੇ ਸਾਡੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ। ਦੂਜੇ ਪਾਸੇ ਪਿਛਲੀਆਂ ਸਰਕਾਰਾਂ ਦੇ ਸਮੇਂ ਉਦਯੋਗ ਸਥਾਪਤ ਕਰਨ ਲਈ ਪਹਿਲਾਂ ਸਿਆਸੀ ਰਸੂਖ ਵਾਲੇ ਪਰਿਵਾਰਾਂ ਨਾਲ ਹਿੱਸਾਪੱਤੀ ਤੈਅ ਕਰਨੀ ਪੈਂਦੀ ਸੀ ਜਿਸ ਨਾਲ ਪੰਜਾਬ ਨੂੰ ਬਹੁਤ ਨੁਕਸਾਨ ਸਹਿਣਾ ਪਿਆ।”ਪੰਜਾਬ ਦਾ ਮਾਹੌਲ ਖਰਾਬ ਹੋਣ ਦਾ ਰੌਲਾ ਪਾਉਣ ਵਾਲੇ ਵਿਰੋਧੀਆਂ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂ ਕਦੇ ਸੰਸਦ ਵਿਚ ਜਾਂ ਜਨਤਕ ਸਮਾਗਮਾਂ ਵਿਚ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾ ਰਹੇ ਹਨ ਕਿਉਂਕਿ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਸੂਬੇ ਨੂੰ ਲੁੱਟਣ ਵਾਲੇ ਮਨਸੂਬਿਆਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰਾਂ ਨੇ ਗੈਂਗਸਟਰਵਾਦ, ਰੇਤ ਮਾਫੀਆ, ਬੱਸ ਮਾਫੀਆ ਦੀ ਪੁਸ਼ਤਪੁਨਾਹੀ ਕੀਤੀ ਅਤੇ ਅਸੀਂ ਇਸ ਮਾਫੀਏ ਦਾ ਸਫਾਇਆ ਕਰਕੇ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਬੀਜੇ ਕੰਡੇ ਚੁਗ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ‘ਯੋਗ ਨੌਜਵਾਨਾਂ ਨੂੰ ਰੁਜ਼ਗਾਰ’ ਦੇਣ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਸੂਬਾ ਸਰਕਾਰ ਨੇ 9 ਮਹੀਨਿਆਂ ਵਿਚ 21404 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਦੇ ਦਿੱਤੇ ਹਨ ਅਤੇ ਹੋਰ ਵੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੀ ਭਰਤੀ ਪ੍ਰਕਿਰਿਆ ਨਿਰੋਲ ਮੈਰਿਟ ਆਧਾਰ ਉਤੇ ਕੀਤੀ ਗਈ ਹੈ। ਇਕ ਹੋਰ ਖੁਸ਼ੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਨਵੇਂ ਸਾਲ ਮੌਕੇ ਮਾਸਟਰ ਕਾਡਰ ਦੇ 3000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ ਜਿਸ ਨਾਲ ਸਾਡੀ ਸਕੂਲ ਸਿੱਖਿਆ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਹੋਇਆ ਹੈ ਕਿ ਪੁਲੀਸ ਵਿਭਾਗ ਵਿਚ ਹਰੇਕ ਸਾਲ 1800 ਕਾਂਸਟੇਬਲ ਅਤੇ 300 ਸਬ ਇੰਸਪੈਕਟਰ ਭਰਤੀ ਕਰਨ ਦਾ ਇਤਿਹਾਸਕ ਫੈਸਲਾ ਲਿਆ ਗਿਆ ਅਤੇ ਪ੍ਰੀਖਿਆਵਾਂ ਦੀਆਂ ਤਰੀਕਾਂ ਵੀ ਤੈਅ ਕਰ ਦਿੱਤੀਆਂ ਗਈਆਂ ਹਨ ਜਿਸ ਨਾਲ ਹੁਣ ਨੌਜਵਾਨਾਂ ਨੂੰ ਤਿਆਰੀ ਕਰਨ ਦਾ ਸਮਾਂ ਮਿਲੇਗਾ।
ਸਿੱਖਿਆ ਨੂੰ ਤਰਜੀਹੀ ਖੇਤਰ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਸੂਬੇ ਵਿਚ ਭਲਕੇ 24 ਦਸੰਬਰ ਨੂੰ ਸਰਕਾਰੀ ਸਕੂਲਾਂ ਵਿਚ ਅਧਿਆਪਕ-ਮਾਪੇ ਮਿਲਣੀ ਕਰਵਾਈ ਜਾ ਰਹੀ ਹੈ ਜਿਸ ਨਾਲ ਮਾਪਿਆਂ ਨੂੰ ਅਧਿਆਪਕਾਂ ਪਾਸੋਂ ਆਪਣੇ ਬੱਚੇ ਦੀ ਸ਼ਖਸੀਅਤ ਬਾਰੇ ਵਿਸਥਾਰ ਵਿਚ ਜਾਣਨ ਦਾ ਮੌਕਾ ਮਿਲੇਗਾ। ਮੁੱਖ ਮੰਤਰੀ ਨੇ ਸਮੂਹ ਮਾਪਿਆਂ ਨੂੰ ਇਸ ਮਿਲਣੀ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਥਾਪਤ ਕੀਤੇ ਜਾ ਰਹੇ ‘ਸਕੂਲ ਆਫ਼ ਐਮੀਨੈਂਸ’ ਨਾਲ ਨੌਵੀਂ ਤੇ ਦਸਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਮਨਪਸੰਦ ਕਿੱਤੇ ਚੁਣਨ ਲਈ ਤਿਆਰੀ ਕਰਵਾਈ ਜਾਵੇਗੀ।ਸੂਬੇ ਵਿਚ ਸਥਾਪਤ ਕੀਤੇ 100 ਆਮ ਆਦਮੀ ਕਲੀਨਿਕਾਂ ਰਾਹੀਂ ਆਮ ਲੋਕਾਂ ਨੂੰ ਮਿਲ ਰਹੇ ਮੁਫ਼ਤ ਇਲਾਜ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 26 ਜਨਵਰੀ, 2023 ਤੱਕ ਇਨ੍ਹਾਂ ਕਲੀਨਿਕਾਂ ਦੀ ਗਿਣਤੀ 350 ਕੀਤੀ ਜਾ ਰਹੀ ਹੈ ਅਤੇ 31 ਮਾਰਚ, 2023 ਤੱਕ 750 ਆਮ ਆਦਮੀ ਕਲੀਨਿਕ ਸਥਾਪਤ ਹੋ ਜਾਣਗੇ ਜਿਸ ਨਾਲ ਪੰਜਾਬ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮੁਫ਼ਤ ਤੇ ਬਿਹਤਰ ਇਲਾਜ ਹਾਸਲ ਹੋਵੇਗਾ।ਮਾਰਕਫੈੱਡ ਅਤੇ ਵੇਰਕਾ ਨੂੰ ਸੂਬੇ ਦੀ ਸਹਿਕਾਰਤਾ ਦਾ ਧੁਰਾ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਾਲੇ ਮੁਲਕਾਂ ਵਿਚ ਇਨ੍ਹਾਂ ਅਦਾਰਿਆਂ ਦਾ ਕਾਰੋਬਾਰ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਕਿਉਂਕਿ ਪਰਵਾਸੀ ਪੰਜਾਬੀ ਆਪਣੇ ਸੂਬੇ ਵਿਚ ਬਣੇ ਉਤਪਾਦ ਨੂੰ ਬਹੁਤ ਪਸੰਦ ਕਰਦੇ ਹਨ। ਮੁੱਖ ਮੰਤਰੀ ਨੇ ਅੱਜ ਮਾਰਕਫੈੱਡ ਵੱਲੋਂ ਤਿਆਰ ਕੀਤੇ ਉਤਪਾਦ ਜਿਨ੍ਹਾਂ ਵਿਚ ਕੱਪੜੇ ਧੋਣ ਵਾਲਾ ਸਾਬਣ ਤੇ ਸਰਫ਼, ਨਹਾਉਣ ਵਾਲਾ ਸਾਬਣ, ਹੈਂਡਵਾਸ਼ ਨੂੰ ਵੀ ਲਾਂਚ ਕੀਤਾ। ਇਸ ਮੌਕੇ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ, ਵਧੀਕ ਮੁੱਖ ਸਕੱਤਰ ਸਹਿਕਾਰਤਾ ਅਨੁਰਾਗ ਅਗਰਵਾਲ ਅਤੇ ਐਮ.ਡੀ. ਮਾਰਕਫੈੱਡ ਰਾਮਵੀਰ ਵੀ ਹਾਜ਼ਰ ਸਨ।
ਜੀਰਾ ਸ਼ਰਾਬ ਫੈਕਟਰੀ ਖਿਲਾਫ਼ ਚੱਲ ਰਹੇ ਸੰਘਰਸ਼ ਤੇ ਜਬਰ ਢਾਹੁਣ ਦੀ ਨਿਖੇਧੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 23 ਦਸੰਬਰ: ਜੀਰਾ ਵਿਖੇ ਸ਼ਰਾਬ ਫੈਕਟਰੀ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਅਤੇ ਹਵਾ ਨੂੰ ਪ੍ਰਦੂਸ਼ਿਤ ਕੀਤੇ ਜਾਣ ਖ਼ਿਲਾਫ਼ ਪੀੜਿਤ ਲੋਕਾਂ ਦੇ ਚੱਲ ਰਹੇ ਸੰਘਰਸ਼ ਉਪਰ ਅਦਾਲਤੀ ਫੈਸਲੇ ਦੇ ਬਹਾਨੇ ਹੇਠ ਪੁਲਿਸ ਵੱਲੋਂ ਢਾਹੇ ਜ਼ਬਰ ਦੀ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ. ਐਲ.ਕੰਟਰੈਕਚੂਅਲ ਵਰਕਰਜ਼ ਯੂਨੀਅਨ ਪੰਜਾਬ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।ਪ੍ਰੈੱਸ ਬਿਆਨ ਜਾਰੀ ਕਰਦਿਆਂ ਗੁਰਵਿੰਦਰ ਸਿੰਘ ਪੰਨੂ, ਹਰਜੀਤ ਸਿੰਘ, ਖੁਸ਼ਦੀਪ ਸਿੰਘ, ਬਲਜਿੰਦਰ ਸਿੰਘ ਲੋਪੋਂ ਨੇ ਕਿਹਾ ਕਿ ਸੂਬੇ ਵਿਚਲੀ ਆਪ ਸਰਕਾਰ ਵੀ ਸੰਘਰਸ਼ੀਲ ਲੋਕਾਂ ਤੇ ਨੰਗਾ ਚਿੱਟਾ ਪੁਲਸੀ ਜਬਰ ਢਾਅ ਕੇ ਪਹਿਲੀਆਂ ਆਕਾਲੀ ਭਾਜਪਾ ਤੇ ਕਾਂਗਰਸੀ ਸਰਕਾਰਾਂ ਵਾਲੇ ਜਾਬਰ ਰਾਹ ਤੁਰ ਪਈ ਹੈ। ਸਰਕਾਰ ਨੇ ਇਹ ਜਬਰ ਕਰਕੇ ਜਿੱਥੇ ਪਹਿਲੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਲੋਕ ਦੋਖੀ ਵਿਕਾਸ ਮਾਡਲ ਨੂੰ ਸੂਬੇ ਸਿਰ ਮੜ੍ਹਨਾ ਜਾਰੀ ਰੱਖਣ ਨੂੰ ਝੰਡੀ ਦੇ ਦਿੱਤੀ ਹੈ, ਉਥੇ ਸਨਅਤਕਾਰਾਂ ਦੇ ਬੋਲ ਪੁਗਾ ਕੇ ਦੇਸੀ ਵਿਦੇਸ਼ੀ ਧਨ ਲੁਟੇਰਿਆਂ ਦੀ ਮਿਹਰ ਮਾਣ ਰਹੀ ਭਾਜਪਾ ਤੋਂ ਮੂਹਰੇ ਨਿਕਲਣ ਦੀ ਦੌੜ ਦੌੜ ਰਹੀ ਹੈ। ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ. ਐਲ.ਕੰਟਰੈਕਚੂਅਲ ਵਰਕਰਜ਼ ਯੂਨੀਅਨ ਪੰਜਾਬ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਹੈ ਕਿ ਇਸ ਜਬਰ ਖਿਲਾਫ਼ ਧੜੱਲੇ ਨਾਲ ਸੰਘਰਸ਼ ਜਾਰੀ ਰੱਖਿਆ ਜਾਵੇ ਅਤੇ ਸੰਘਰਸ਼ਸ਼ੀਲ ਸੰਗਠਨ ਇਸ ਸੰਘਰਸ਼ ਦੀ ਡੱਟਵੀ ਹਿਮਾਇਤ ਵਿੱਚ ਆਉਣ। ਓਹਨਾਂ ਅੱਗੇ ਕਿਹਾ ਕਿ ਇਹ ਸ਼ਰਾਬ ਫੈਕਟਰੀ ਆਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੀ ਹੈ। ਜਿਸਦਾ ਗੰਦ ਮੰਦ ਧਰਤੀ ਵਿੱਚ ਪਾਏ ਜਾਣ ਨਾਲ ਧਰਤੀ ਹੇਠਲਾ ਪਾਣੀ ਮਨੁੱਖ ਲਈ ਤੇ ਪਸ਼ੂ ਪੰਛੀਆਂ ਲਈ ਜ਼ਹਿਰੀ ਹੋ ਚੁੱਕਾ ਹੈ ਅਤੇ ਉਸ ਦੇ ਧੂੰਏਂ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਪੰਜਾਬ ਸਰਕਾਰ ਤੇ ਅਧਿਕਾਰੀ ਇਸ ਸਨਅਤਕਾਰ ਨੂੰ ਇਹ ਸਭ ਕਰਨ ਦੀ ਖੁੱਲ ਹੀ ਨਹੀਂ ਦੇ ਰਹੇ ਸਗੋਂ ਵੀਹ ਕਰੋੜ ਰੁਪਏ ਮੁਆਵਜ਼ੇ ਵਜੋਂ ਅਤੇ ਫੈਕਟਰੀ ਨੂੰ ਹੋਰ ਵੱਡੀ ਕਰਨ ਦੇ ਲਸੰਸ ਦੇ ਕੇ ਸਨਮਾਨ ਰਹੀ ਹੈ। ਜੋਨ ਬਠਿੰਡਾ ਦੇ ਆਗੂ ਜਗਜੀਤ ਸਿੰਘ ਬਰਾੜ, ਇਕਬਾਲ ਸਿੰਘ ਪੂਹਲਾ, ਕਰਮਜੀਤ ਸਿੰਘ ਦਿਓਣ, ਰਾਮਵਰਨ,ਰੁਪਿੰਦਰ ਸਿੰਘ, ਸੰਦੀਪ ਕੁਮਾਰ, ਗੋਰਾ ਭੁੱਚੋ ਨੇ ਕਿਹਾ ਕਿ ਗਿਰਫ਼ਤਾਰ ਕੀਤੇ ਸੰਘਰਸ਼ੀਲ ਲੋਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਫੈਕਟਰੀ ਸਮੇਤ ਹਵਾ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਪ੍ਰਦੂਸ਼ਣ ਮੁਕਤ ਤੇ ਰੁਜ਼ਗਾਰ ਮੁਖੀ ਸਨਅਤਾਂ ਸਰਕਾਰੀ ਖੇਤਰ ਵਿੱਚ ਲਾਈਆਂ ਜਾਣ। ਲੋਕ ਦੋਖੀ ਵਿਕਾਸ ਮਾਡਲ ਦਾ ਰਾਹ ਰੱਦ ਕਰਕੇ ਲੋਕ ਪੱਖੀ ਹਕੀਕੀ ਵਿਕਾਸ ਦੀਆਂ ਨੀਤੀਆਂ ਤੇ ਕਨੂੰਨ ਬਣਾਏ ਜਾਣ।ਰੋਸ ਪ੍ਰਗਟਾਉਣ ਦੇ ਜਮਹੂਰੀ ਹੱਕ ਨੂੰ ਕੁਚਲਣ ਵਾਲੇ ਜਾਬਰ ਪੁਲਸ ਅਧਿਕਾਰੀਆਂ ਖ਼?ਲਾਫ਼ ਕਾਰਵਾਈ ਕੀਤੀ ਜਾਵੇ।
ਭਾਕਿਯੂ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਹੋਈ
ਪੰਜਾਬੀ ਖ਼ਬਰਸਾਰ ਬਿਉਰੋ
ਸ਼੍ਰੀ ਮੁਕਤਸਰ ਸਾਹਿਬ, 23 ਦਸੰਬਰ: ਭਾਕਿਯੂ ਏਕਤਾ ਉਗਰਾਹਾਂ ਗਿੱਦੜਬਾਹਾ ਬਲਾਕ ਦੀ ਮੀਟਿੰਗ ਬਿੱਟੂ ਮੱਲਣ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਗੁਪਤਸਰ ਛੱਤੇਆਣਾ ਵਿਖੇ ਹੋਈ। ਜਿਸ ਵਿਚ ਪੰਜਾਬ ਦੀ ਆਪ ਸਰਕਾਰ ਵੱਲੋਂ ਹਾਈਕੋਰਟ ਦੇ ਬਹਾਨੇ ਹੇਠ ਪ੍ਰਦੂਸ਼ਣ ਦਾ ਗੜ੍ਹ ਬਣੀ ਜ਼ੀਰਾ ਸਰਾਬ ਫੈਕਟਰੀ ਬੰਦ ਕਰਾਉਣ ਲਈ ਪੀੜਤ ਲੋਕਾਂ ਦੇ ਸ਼ਾਂਤਮਈ ਧਰਨੇ ਨੂੰ ਪੁਲਸੀ ਜ਼ਬਰ ਰਾਹੀਂ ਉਠਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ 25 ਦਸੰਬਰ ਨੂੰ ਕਾਫ਼ਲਿਆਂ ਦੇ ਰੂਪ ਵਿੱਚ ਜ਼ੀਰਾ ਸਰਾਬ ਫੈਕਟਰੀ ਬੰਦ ਕਰਾਉਣ ਲਈ ਪਹੁੰਚਣ ਦਾ ਸੱਦਾ ਦਿੱਤਾ। ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਬਲਾਕ ਪ੍ਰਧਾਨ ਬਿੱਟੂ ਮੱਲਣ ਨੇ ਦੱਸਿਆ ਕਿ 14 ਨਾਮਜ਼ਦ ਆਗੂਆਂ ਸਮੇਤ 125 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ 60 ਤੋਂ ਵੱਧ ਗਿਰਫ਼ਤਾਰੀਆਂ ਵੀ ਕੀਤੀਆਂ ਗਈਆਂ ਸਨ। ਜਿਨ੍ਹਾਂ ਵਿੱਚ ਔਰਤ ਆਗੂ ਵੀ ਸ਼ਾਮਲ ਹਨ ਘਰਾਂ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ । ਇਸ ਦੇ ਬਾਵਜੂਦ ਪੀੜਤ ਲੋਕ ਪ੍ਰੀਵਾਰਾ ਸਮੇਤ ਧਰਨੇ ਵਿੱਚ ਡਟੇ ਹੋਏ ਹਨ ਜਿਨ੍ਹਾਂ ਵਿਚ ਜਥੇਬੰਦੀਆਂ ਦੇ ਸਥਾਨਕ ਆਗੂ ਵੀ ਸ਼ਾਮਲ ਹਨ। ਕਿਸਾਨ ਆਗੂਆਂ ਨੇ ਇਹ ਜਾਬਰ ਸਿਲਸਿਲਾ ਤਰੁੰਤ ਬੰਦ ਕਰਨ ਦੀ ਮੰਗ ਪੰਜਾਬ ਸਰਕਾਰ ਤੋਂ ਕੀਤੀ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਵਿਆਪਕ ਤਿੱਖੇ ਜਨਤਕ ਰੋਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਕਈ ਸਾਲਾਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਇਸ ਜਾਨਲੇਵਾ ਫੈਕਟਰੀ ਨੂੰ ਬੰਦ ਕਰਨ ਦੀ ਵਾਰ ਵਾਰ ਕੀਤੀ ਜਾ ਰਹੀ ਮੰਗ ਨੂੰ ਅਤੇ ਪੱਕੇ ਜਨਤਕ ਮੋਰਚੇ ਨੂੰ ਵੀ ਪੰਜ ਮਹੀਨਿਆਂ ਤੱਕ ਨਜਰ ਅੰਦਾਜ਼ ਕਰਕੇ ਕਿਸੇ ਸਰਕਾਰ ਨੇ ਇਸ ਗੰਭੀਰ ਮਸਲੇ ਦੀ ਸੰਜੀਦਗੀ ਨਾਲ ਪੜਤਾਲ ਦੀ ਲੋੜ ਨਹੀਂ ਸਮਝੀ ਕਮਾਲ ਦੀ ਗੱਲ ਤਾਂ ਇਹ ਹੈ ਕਿ ਮਾਣਯੋਗ ਅਦਾਲਤ ਨੇ ਵੀ ਬੱਚਿਆਂ ਸਮੇਤ ਅਣਗਿਣਤ ਮੌਤਾਂ ਅਤੇ ਭਾਰੀ ਜਾਨੀ ਮਾਨੀ ਨੁਕਸਾਨ ਦੇ ਸ਼ਿਕਾਰ ਬੇਗੁਨਾਹ ਲੋਕਾਂ ਦੇ ਵਕੀਲ ਦੀਆਂ ਦਲੀਲਾਂ ਨੂੰ ਅਣਗੌਲਿਆਂ ਕਰ ਕੇ ਇਨ੍ਹਾਂ ਕਾਤਲਾਂ ਦੇ ਦੋਸ਼ੀ ਬਣਦੇ ਫੈਕਟਰੀ ਮਾਲਕ ਨੂੰ ਸਜ਼ਾ ਦੇਣ ਦੀ ਬਜਾਏ 20 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦੇ ਦਿੱਤਾ। ਇਸ ਤੋਂ ਵੀ ਅੱਗੇ ਇਹ ਮੁਆਵਜ਼ਾ ਇਨਸਾਫ਼ ਦੀ ਗੁਹਾਰ ਲਗਾ ਰਹੇ ਲੋਕ ਆਗੂਆਂ ਤੋਂ ਵਸੂਲਣ ਲਈ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ ਵੀ ਚਾੜ੍ਹ ਦਿੱਤੇ ਇਸੇ ਬਹਾਨੇ ਫੈਕਟਰੀ ਚਾਲੂ ਕਰਨ ਮਗਰੋਂ ਹੀ ਪੜਤਾਲਾਂ ਕਰਨ ਲਈ ਸਰਕਾਰ ਵੱਲੋਂ ਪੁਲਿਸ ਜ਼ਬਰ ਢਾਹਿਆ ਜਾ ਰਿਹਾ ਹੈ ਯਾਨੀ ਅਦਾਲਤ ਤੇ ਸਰਕਾਰ ਦੋਨਾਂ ਦੀ ਕਾਰਪੋਰੇਟ ਪੱਖੀ ਲੋਕ ਵਿਰੋਧੀ ਖਸਲਤ ਨੰਗੀ ਹੋ ਰਹੀ ਹੈ। ਉਨ੍ਹਾਂ ਇਸ ਧੱਕੇਸ਼ਾਹੀ ਵਿਰੁੱਧ ਪੀੜਤ ਲੋਕਾਂ ਦੇ ਜਨਤਕ ਸੰਘਰਸ਼ ਵਿੱਚ ਜਥੇਬੰਦੀ ਵੱਲੋਂ ਡਟਵਾਂ ਸਾਥ ਦਿੱਤਾ ਜਾਵੇਗਾ ਤੇ ਸੰਘਰਸ਼ ਜਾਰੀ ਰਹੇਗਾ ਦਾ ਐਲਾਨ ਕੀਤਾ।
ਬਠਿੰਡਾ ਵਿਖੇ 66 ਵੀਆਂ ਪੰਜਾਬ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ
ਅੰਡਰ 14 ਮੁੰਡੇ ਹਾਕੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਬਣੀ ਚੈਂਪੀਅਨ
ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਡਿਪਟੀ ਡਾਇਰੈਕਟਰ ਖੇਡਾਂ ਸੁਨੀਲ ਕੁਮਾਰ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਦੇਖ ਰੇਖ ਬਠਿੰਡਾ ਵਿਖੇ ਚੱਲ ਰਹੇ ਪੰਜਾਬ ਪੱਧਰੀ ਖੇਡਾਂ ਵਿੱਚ ਅੱਜ ਬੜੇ ਫਸਵੇਂ ਮੁਕਾਬਲੇ ਹੋਏ।ਜੇਤੂ ਖਿਡਾਰੀਆਂ ਬਾਕਸਿੰਗ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਬਠਿੰਡਾ ਵਿਖੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਨੇ ਦੱਸਿਆ ਕਿ ਅੰਡਰ 14 ਹਾਕੀ ਮੁੰਡਿਆਂ ਦੇ ਮੁਕਾਬਲੇ ਸੈਮੀਫਾਈਨਲ ਵਿੱਚ ਸੁਰਜੀਤ ਅਕੈਡਮੀ ਨੇ ਪਟਿਆਲਾ ਨੂੰ 3-0 ਨਾਲ,ਐਸ਼.ਜੀ.ਪੀ.ਸੀ ਅਮ੍ਰਿਤਸਰ ਨੇ ਜਰਖੜ ਅਕੈਡਮੀ ਨੂੰ 3-0 ਨਾਲ ਹਰਾਇਆ। ਫਾਈਨਲ ਵਿੱਚ ਐਸ.ਜੀ.ਪੀ.ਸੀ ਅਮ੍ਰਿਤਸਰ ਨੇ ਸੁਰਜੀਤ ਅਕੈਡਮੀ ਨੂੰ ਪੈਨਲਟੀ ਸੂਟ ਆਊਟ ਰਾਹੀਂ 3-1 ਤੇ ਹਰਾ ਕੇ ਚੈਂਪੀਅਨ ਬਣੀ।ਅੰਡਰ 17 ਕੁੜੀਆਂ ਬਾਕਸਿੰਗ ਵਿੱਚ 42 ਕਿਲੋ ਵਿੱਚ ਲਵੀਨਾ ਮੋਹਾਲੀ ਨੇ ਪਹਿਲਾਂ ਨਰਸਿੰਗ ਮਲੇਰਕੋਟਲਾ ਨੇ ਦੂਜਾ,46 ਕਿਲੋ ਵਿੱਚ ਅਰਸ਼ਪ੍ਰੀਤ ਬਠਿੰਡਾ ਨੇ ਪਹਿਲਾਂ ਹਰਜੋਤ ਮੋਹਾਲੀ ਨੇ ਦੂਜਾ,48 ਕਿਲੋ ਵਿੱਚ ਅਰਸ਼ਪ੍ਰੀਤ ਲੁਧਿਆਣਾ ਨੇ ਪਹਿਲਾਂ ਮਨਵੀਰ ਪਟਿਆਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਲੈਕਚਰਾਰ ਅਮਰਦੀਪ ਸਿੰਘ, ਗੁਰਮੀਤ ਸਿੰਘ ਮਾਨ, ਗੁਰਮੀਤ ਸਿੰਘ ਭੂੰਦੜ, ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਮਨਦੀਪ ਕੌਰ, ਭੁਪਿੰਦਰ ਸਿੰਘ ਤੱਗੜ, ਲੈਕਚਰਾਰ ਹਰਮੰਦਰ ਸਿੰਘ,ਰਹਿੰਦਰ ਸਿੰਘ ਹਾਕੀ ਕਨਵੀਨਰ, ਗੁਰਸ਼ਰਨ ਸਿੰਘ ਬਾਕਸਿੰਗ ਕਨਵੀਨਰ, ਈਸਟਪਾਲ ਸਿੰਘ, ਜਗਮੋਹਨ ਸਿੰਘ, ਰੇਸ਼ਮ ਸਿੰਘ , ਨਿਰਮਲ ਸਿੰਘ, ਰਾਜਿੰਦਰ ਸ਼ਰਮਾ ਹਾਜ਼ਰ ਸਨ।







