Tuesday, May 19, 2026
Home Blog Page 2273

ਮੈਗਾ ਮਾਪੇ ਅਧਿਆਪਕ ਮਿਲਣੀ ਲਈ ਮਾਨਸਾ ਜ਼ਿਲ੍ਹੇ ਚ ਤਿਆਰੀਆਂ ਮੁਕੰਮਲ

0

ਮੈਗਾ ਪੀ ਟੀ ਐੱਮ ਨੂੰ ਸਫਲ ਬਣਾਉਣ ਲਈ ਸਿੱਖਿਆ ਵਿਭਾਗ ਪੱਬਾਂ ਭਾਰ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 23 ਦਸੰਬਰ: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲ੍ਹੋਂ 24 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਮੈਗਾ ਮਾਪੇ ਅਧਿਆਪਕ ਮਿਲਣੀਆਂ ਨੂੰ ਸਫਲ ਬਣਾਉਣ ਲਈ ਸਿੱਖਿਆ ਅਧਿਕਾਰੀ ਅੱਜ ਸਾਰਾ ਦਿਨ ਪੱਬਾਂ ਭਾਰ ਰਹੇ। ਸਿੱਖਿਆ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅਧਿਆਪਕਾਂ, ਮਾਪਿਆਂ ਚ ਇਸ ਪੀ ਟੀ ਐੱਮ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ।ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਿੰਦਰ ਸਿੰਘ ਭੂੱਲਰ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ ਨੇ ਕਿਹਾ ਕਿ ਭਲਕੇ 24 ਦਸੰਬਰ ਨੂੰ ਹੋ ਰਹੀਆਂ ਮਾਪੇ ਅਧਿਆਪਕ ਮਿਲਣੀਆਂ ਦੇ ਹੋਰ ਵੀ ਸਾਰਥਿਕ ਸਿੱਟੇ ਸਾਹਮਣੇ ਆਉਣਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲ੍ਹੋਂ ਇਨ੍ਹਾਂ ਮਾਪੇ ਅਧਿਆਪਕ ਮਿਲਣੀਆਂ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਅਪੀਲਾਂ ਕੀਤੀਆਂ ਗਈਆ ਹਨ,ਉਸ ਤੋਂ ਬਾਅਦ ਅਧਿਆਪਕਾਂ, ਮਾਪਿਆਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਡਿਪਟੀ ਡੀਈਓ ਸੈਕੰਡਰੀ ਡਾ ਵਿਜੈ ਕੁਮਾਰ ਮਿੱਢਾ, ਡਿਪਟੀ ਡੀਈਓ ਐਲੀਮੈਂਟਰੀ ਗੁਰਲਾਭ ਸਿੰਘ ਨੇ ਅੱਜ ਭੰਮੇ ਕਲਾਂ, ਮਲਕੋ ਅਤੇ ਹੋਰਨਾਂ ਵੱਖ ਵੱਖ ਸਕੂਲਾਂ ਚ ਅਧਿਆਪਕਾਂ , ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲ੍ਹੋਂ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਜੋ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ,ਉਸ ਨਾਲ ਮਾਪਿਆਂ ਦਾ ਸਰਕਾਰੀ ਸਕੂਲਾਂ ’ਤੇ ਹੋਰ ਭਰੋਸਾ ਵਧੇਗਾ।ਵੱਖ ਵੱਖ ਮੀਟਿੰਗਾਂ ਨੂੰ ਪੜ੍ਹੋ ਪੰਜਾਬ ਦੇ ਕੋਆਰਡੀਨੇਟਰ ਗੁਰਨੈਬ ਮਘਾਣੀਆਂ,ਗਗਨਦੀਪ ਸ਼ਰਮਾ ,ਜਗਤਾਰ ਔਲਖ,ਰਣਜੀਤ ਸਿੰਘ ਝੁਨੀਰ ਨੇ ਸੰਬੋਧਨ ਕੀਤਾ।

ਜ਼ੀਰਾ ਸ਼ਰਾਬ ਫੈਕਟਰੀ ਵਿਰੁੱਧ ਚੱਲ ਰਹੇ ਸੰਘਰਸ਼ ਉੱਤੇ ਸਰਕਾਰੀ ਜਬਰ ਢਾਹੁਣ ਦੀ ਡੀ. ਟੀ. ਐਫ਼. ਬਠਿੰਡਾ ਵੱਲੋਂ ਸਖ਼ਤ ਨਿਖੇਧੀ

0

ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਵਿਖੇ ਸ਼ਰਾਬ ਫੈਕਟਰੀ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਅਤੇ ਹਵਾ ਨੂੰ ਪ੍ਰਦੁਸ਼ਤ ਕੀਤੇ ਜਾਣ ਖ਼ਿਲਾਫ਼ ਪੀੜਿਤ ਲੋਕਾਂ ਦੇ ਚੱਲ ਰਹੇ ਸੰਘਰਸ਼ ਉਪਰ ਅਦਾਲਤੀ ਫੈਸਲੇ ਦੇ ਬਹਾਨੇ ਹੇਠ ਪੁਲਿਸ ਵੱਲੋਂ ਢਾਹੇ ਜਬਰ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ,ਪੰਜਾਬ ਜਿਲ੍ਹਾ ਬਠਿੰਡਾ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ। ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੋਆਣਾ, ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸੰਘਰਸ਼ੀਲ ਲੋਕਾਂ ਤੇ ਨੰਗਾ ਚਿੱਟਾ ਪੁਲਸੀਆ ਕਹਿਰ ਢਾਹ ਕੇ ਅਕਾਲੀ-ਭਾਜਪਾ ਤੇ ਕਾਂਗਰਸੀ ਸਰਕਾਰਾਂ ਵਾਲੇ ਰਾਹ ਪੈ ਗਈ ਹੈ। ਸਰਕਾਰ ਨੇ ਆਪਣੀਆਂ ਜ਼ਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਲੋਕਾਂ ਉੱਪਰ ਅੰਨ੍ਹਾ ਜਬਰ ਕਰਕੇ ਆਪਣਾ ਲੋਕ ਦੋਖੀ ਚਿਹਰਾ ਸਪੱਸ਼ਟ ਕਰ ਦਿੱਤਾ ਹੈ। ਇਹ ਸਰਕਾਰ ਵੀ ਕਾਰਪੋਰੇਟੀ ਵਿਕਾਸ ਮਾਡਲ ਨੂੰ ਸੂਬੇ ਦੇ ਲੋਕਾਂ ਸਿਰ ਮੜ੍ਹਨਾ ਜਾਰੀ ਰੱਖ ਕੇ ਧਨਾਢ ਸਨਅਤਕਾਰਾਂ ਦੇ ਬੋਲ ਪੁਗਾ ਰਹੀ ਹੈ ਅਤੇ ਦੇਸੀ-ਵਿਦੇਸ਼ੀ ਧਨ ਲੁਟੇਰਿਆਂ ਨੂੰ ਲੋਕਾਂ ਦੇ ਹੱਕਾਂ ਉੱਤੇ ਡਾਕੇ ਮਾਰਨ ਦੀ ਖੁੱਲ੍ਹ ਵੀ ਦੇ ਰਹੀ ਹੈ ਨਾਲ ਉਹਨਾਂ ਦੀ ਪੁਸ਼ਤ-ਪਨਾਹੀ ਵੀ ਕਰ ਰਹੀ ਹੈ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ, ਮੀਤ ਪ੍ਰਧਾਨ ਵਿਕਾਸ ਗਰਗ ਅਤੇ ਜੱਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਇਸ ਜਬਰ ਖਿਲਾਫ਼ ਸੰਘਰਸ਼ ਦੇ ਰਾਹ ਪਈਆਂ ਸੰਘਰਸ਼ਸ਼ੀਲ ਅਤੇ ਜਨਤਕ ਜਥੇਬੰਦੀਆਂ ਦਾ ਡੱਟਵਾਂ ਸਾਥ ਦਿੱਤਾ ਜਾਵੇ ਤਾਂ ਕਿ ਸੰਘਰਸ਼ ਦੇ ਬਲ ਸਰਕਾਰੀ ਜਬਰ ਦਾ ਮੂੰਹ ਮੋੜਿਆ ਜਾ ਸਕੇ।
ਜੱਥੇਬੰਦੀ ਦੇ ਜਿਲ੍ਹਾ ਵਿੱਤ ਸਕੱਤਰ ਅਨਿਲ ਭੱਟ ਅਤੇ ਪ੍ਰੈੱਸ ਸਕੱਤਰ ਗੁਰਪ੍ਰੀਤ ਖੇਮੂਆਣਾ ਨੇ ਕਿਹਾ ਕਿ ਇਹ ਸ਼ਰਾਬ ਫੈਕਟਰੀ ਆਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੀ ਹੈ। ਇਸ ਫੈਕਟਰੀ ਦਾ ਗੰਦਾ ਪਾਣੀ ਅਤੇ ਹੋਰ ਰਹਿੰਦ-ਖੂਹੰਦ ਧਰਤੀ ਹੇਠ ਪਾਏ ਜਾਣ ਨਾਲ ਧਰਤੀ ਹੇਠਲਾ ਪਾਣੀ ਮਨੁੱਖਾਂ ਲਈ ਤੇ ਪਸ਼ੂ-ਪੰਛੀਆਂ ਦੇ ਲਈ ਜ਼ਹਿਰੀਲਾ ਹੋ ਚੁੱਕਾ ਹੈ l ਫੈਕਟਰੀ ਦੇ ਧੂੰਏਂ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਪੰਜਾਬ ਸਰਕਾਰ ਤੇ ਅਧਿਕਾਰੀ ਇਸ ਧਨਾਢ ਫੈਕਟਰੀ ਮਾਲਕ ਨੂੰ ਇਹ ਸਭ ਮਨਮਾਨੀਆਂ ਕਰਨ ਅਤੇ ਵਾਤਾਵਰਨ ਦੀ ਬਰਬਾਦੀ ਕਰਨ ਦੀ ਖੁੱਲ੍ਹ ਹੀ ਨਹੀਂ ਦੇ ਰਹੇ ਸਗੋਂ ਵੀਹ ਕਰੋੜ ਰੁਪਏ ਮੁਆਵਜ਼ੇ ਵਜੋਂ ਸਰਕਾਰੀ ਖਜ਼ਾਨੇ ਵਿੱਚੋਂ ਅਦਾ ਕਰ ਚੁੱਕੇ ਹਨ l ਹੋਰ ਤਾਂ ਹੋਰ ਸਰਕਾਰ ਵੱਲੋਂ ਇਸ ਸ਼ਰਾਬ ਫੈਕਟਰੀ ਨੂੰ ਹੋਰ ਵੱਡੀ ਕਰਨ ਲਈ ਲਾਈਸੈਂਸ ਦਿੱਤਾ ਗਿਆ ਹੈ ਤਾਂ ਕਿ ਫੈਕਟਰੀ ਮਾਲਕ ਵੱਲੋਂ ਆਪਣੀ ਲੁੱਟ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਡੀ. ਟੀ. ਐਫ਼. ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਰ ਰਹੇ ਲੋਕਾਂ ਉੱਪਰ ਝੂਠੇ ਪਰਚੇ ਪਾ ਕੇ ਗ੍ਰਿਫਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਇਸ ਫੈਕਟਰੀ ਸਮੇਤ ਹਵਾ-ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਹੋਰ ਸਾਰੀਆਂ ਫੈਕਟਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ, ਪ੍ਰਦੂਸ਼ਣ ਮੁਕਤ ਤੇ ਰੁਜ਼ਗਾਰ-ਮੁਖੀ ਸਨਅਤਾਂ ਸਰਕਾਰੀ ਖੇਤਰ ਵਿੱਚ ਲਾਈਆਂ ਜਾਣ, ਲੋਕ ਦੋਖੀ ਵਿਕਾਸ ਮਾਡਲ ਦਾ ਰਾਹ ਰੱਦ ਕਰਕੇ ਲੋਕ ਪੱਖੀ ਹਕੀਕੀ ਵਿਕਾਸ ਮਾਡਲ ਨੂੰ ਹੁਲਾਰਾ ਦਿੰਦੀਆਂ ਨੀਤੀਆਂ ਤੇ ਕਨੂੰਨ ਬਣਾਏ ਜਾਣ, ਰੋਸ ਪ੍ਰਗਟਾਉਣ ਦੇ ਜਮਹੂਰੀ ਹੱਕ ਨੂੰ ਕੁਚਲਣ ਵਾਲੇ ਜਾਬਰ ਪੁਲਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਬਠਿੰਡਾ ’ਚ ਕੈਂਸਰ ਏ ਆਈ ਡਿਜੀਟਲ ਪ੍ਰੋਜੈਕਟ ਅਧੀਨ ਕੀਤੀ ਜਾ ਰਹੀ ਹੈ ਬਰੈਸਟ ਕੈਂਸਰ ਦੀ ਜਾਂਚ: ਸਿਵਲ ਸਰਜ਼ਨ

0

ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਜਿਲ੍ਹਾ ਬਠਿੰਡਾ ਵਿੱਚ ਬਰੈਸਟ ਕੈਂਸਰ ਏ ਆਈ ਡਿਜੀਟਲ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਇਸਦਾ ਖ਼ੁਲਾਸਾ ਕਰਦਿਆਂ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਨੈਸ਼ਨਲ ਪ੍ਰੋਗ੍ਰਾਮ ਫਾਰ ਪ੍ਰਵੈਨਸ਼ਨ ਐਂਡ ਕੰਟਰੋਲ ਆਫ਼ ਕੈਂਸਰ, ਡਾਇਬਟੀਜ਼, ਕਾਰਡਿਊਵੈਸਕੂਲਰ ਡਜ਼ੀਜ਼ ਐਂਡ ਸਟਰੋਕ ਪ੍ਰੋਗ੍ਰਾਮ ਅਧੀਨ ਇਸ ਤਕਨੀਕ ਨਾਲ ਮੁਫ਼ਤ ਜਾਂਚ ਕਰਨ ਵਾਲਾ ਦੇਸ਼ ਦਾ ਪਹਿਲਾਂ ਰਾਜ ਪੰਜਾਬ ਹੈ। ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਹ ਇੱਕ ਨਵੀਂ ਤਕਨੀਕ ਹੈ। ਉਨ੍ਹਾਂ ਦਸਿਆ ਕਿ ਮੈਡਮ ਤਰੁਨਜੀਤ ਕੌਰ ਪ੍ਰੋਗ੍ਰਾਮ ਮੈਨੇਜਰ ਦੀ ਦੇਖਰੇਖ ਵਿੱਚ ਬਿਨ੍ਹਾਂ ਕਿਸੇ ਐਕਸ—ਰੇ, ਰੇਡੀਏਸ਼ਨ, ਕੋਈ ਛੂਹਣਾ, ਕੋਈ ਦੇਖਣਾ ਜਾਂ ਕੋਈ ਵੀ ਦਰਦ ਤੋਂ ਔਰਤਾਂ ਦਾ ਬਰੈਸਟ ਕੈਂਸਰ ਸਬੰਧੀ ਟੈਸਟ ਕੀਤਾ ਜਾਂਦਾ ਹੈ ਅਤੇ ਮੌਕੇ ’ਤੇ ਹੀ ਰਿਜ਼ਲਟ ਦੀ ਰਿਪੋਰਟ ਦਿੱਤੀ ਜਾਂਦੀ ਹੈ। ਇਸ ਪ੍ਰੋਜੈਕਟ ਸਬੰਧੀ ਬਲਾਕਾਂ ਵਿੱਚ ਸਮੂਹ ਸੀ.ਐਚ.ਓਜ਼., ਸਟਾਫ਼ ਨਰਸਾਂ ਅਤੇ ਆਸ਼ਾ ਨੂੰ ਪਹਿਲਾਂ ਹੀ ਟਰੇਨਿੰਗ ਦਿੱਤੀ ਜਾ ਚੁੱਕੀ ਹੈ। ਹੁਣ ਇਹ ਮਸ਼ੀਨ ਬਲਾਕ ਗੋਨੇਆਣਾ ਵਿੱਚ ਕੰਮ ਕਰ ਰਹੀ ਹੈ, ਜਿਥੇ ਹਰ ਰੋਜ਼ ਮਸ਼ੀਨ ਦੀ ਸਮਰੱਥਾ ਅਨੁਸਾਰ 35 ਤੋਂ 40 ਮਰੀਜ਼ ਆ ਰਹੇ ਹਨ। ਉਹਨਾਂ ਦੱਸਿਆ ਕਿ ਆਸ਼ਾ ਵਰਕਰ ਸ਼ੱਕੀ ਮਰੀਜਾਂ ਦੀ ਭਾਲ ਕਰਕੇ ਇਹ ਟੈਸਟ ਕਰਵਾ ਰਹੀਆਂ ਹਨ। ਇਸ ਪ੍ਰੋਜੈਕਟ ਦਾ ਮਕਸਦ ਔਰਤਾਂ ਵਿੱਚ ਬਰੈਸਟ ਕੈਂਸਰ ਦੀ ਜਲਦੀ ਪਹਿਚਾਣ ਕਰਕੇ ਉਸ ਦਾ ਇਲਾਜ ਕਰਵਾਉਣਾ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਸ਼ੀਨ ਦਾ ਪੂਰਾ ਫਾਇਦਾ ਉਠਾਉਣ।

ਅਧਿਕਾਰੀ ਸ਼ਿਕਾਇਤਾਂ ਦਾ ਸਮੇਂ-ਸਿਰ ਨਿਪਟਾਰਾ ਕਰਨਾ ਬਣਾਉਣ ਯਕੀਨੀ : ਸ਼ੌਕਤ ਅਹਿਮਦ ਪਰੇ

0

ਬੇਹਤਰ ਪ੍ਰਸ਼ਾਸਨਿਕ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ
ਸੁਚੱਜਾ ਪ੍ਰਸ਼ਾਸਨ ਸਪਤਾਹ ਸਬੰਧੀ ਵਰਕਸ਼ਾਪ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸੁਚੱਜਾ ਪ੍ਰਸ਼ਾਸਨ ਸਪਤਾਹ ਸਬੰਧੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਜੇ. ਇਲਨਚੇਲੀਅਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਸਰਕਾਰ ਵਲੋਂ ਸੁਚੱਜਾ ਪ੍ਰਸ਼ਾਸਨ ਸਪਤਾਹ 19 ਤੋਂ 25 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਸਪਤਾਹ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਬੇਹਤਰ ਪ੍ਰਸ਼ਾਸਨਿਕ ਸੇਵਾਵਾਂ ਪਿੰਡਾਂ ਵਿੱਚ ਉਨ੍ਹਾਂ ਦੇ ਦਰਾਂ ਤੱਕ ਜਾ ਕੇ ਮੁਹੱਈਆ ਕਰਵਾਉਣਾ ਹੈ। ਇਸ ਤਹਿਤ ਜ਼ਿਲ੍ਹਾ ਅਤੇ ਉਪ ਮੰਡਲ ਪੱਧਰ ਤੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ, ਇਨ੍ਹਾਂ ਕੈਂਪਾਂ ਚ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਦੀਆਂ ਸਾਂਝੀਆਂ ਅਤੇ ਨਿੱਜੀ ਸਮੱਸਿਆਵਾਂ ਸੁਣੀਆਂ ਜਾਂਦੀਆਂ ਹਨ। ਇਸ ਦੌਰਾਨ ਜਿੱਥੇ ਆਮ ਲੋਕਾਂ ਦੀਆਂ ਜਾਇਜ਼ ਸਮੱਸਿਆਵਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਜਾਂਦਾ ਹੈ ਉੱਥੇ ਹੀ ਰਹਿੰਦੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਵੀ ਦਿੱਤੇ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪੋਂ-ਆਪਣੇ ਵਿਭਾਗ ਨਾਲ ਸਬੰਧਤ ਲੋਕ ਹਿੱਤ ਵਿੱਚ ਹੋਰ ਬੇਹਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਡਾਕੂਮੈਂਟ ਵਿਜ਼ਨ ਤਿੰਨ ਦਿਨਾਂ ਦੇ ਅੰਦਰ-ਅੰਦਰ ਬਣਾਉਣਾ ਯਕੀਨੀ ਬਣਾਉਣ ਤਾਂ ਜੋ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਸ਼ਿਕਾਇਤ ਕਰਤਾ ਨੂੰ ਬਿਨ੍ਹਾਂ ਸੁਣੇ ਕੋਈ ਵੀ ਸ਼ਿਕਾਇਤ ਫਾਇਲ ਨਾ ਕੀਤੀ ਜਾਵੇ। ਪ੍ਰਾਪਤ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਦੌਰਾਨ ਪੀਐਲਆਰਐਸ ਵਲੋਂ ਫ਼ਰਦ ਕੇਂਦਰਾਂ ਰਾਹੀਂ, ਸੇਵਾ ਕੇਂਦਰ ਵਲੋਂ ਮੁਹੱਈਆਂ ਕਰਵਾਈਆਂ ਜਾਂਦੀਆਂ ਈ-ਸੇਵਾਵਾਂ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਆਪੋਂ-ਆਪਣੇ ਵਿਭਾਗ ਨਾਲ ਸਬੰਧਤ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸੈਮੀਨਾਰ ਦੌਰਾਨ ਪ੍ਰਸ਼ਾਸਨਿਕ ਸੇਵਾਵਾਂ ਨੂੰ ਹੋਰ ਬੇਹਤਰ ਤਰੀਕੇ ਨਾਲ ਆਮ ਲੋਕਾਂ ਤੱਕ ਪਹੁੰਚਣ ਲਈ ਅਧਿਕਾਰੀਆਂ ਕੋਲੋਂ ਲੋੜੀਂਦੇ ਸੁਝਾਅ ਵੀ ਲਏ ਗਏ। ਬੇਹਤਰ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰਪੀ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ. ਸਾਰੰਗਪ੍ਰੀਤ ਸਿੰਘ ਔਜਲਾ, ਉਪ ਮੰਡਲ ਮੈਜਿਸਟਰੇਟ ਰਾਮਪੁਰਾ ਸ਼੍ਰੀ ਓਮ ਪ੍ਰਕਾਸ਼, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਬਠਿੰਡਾ ਸ਼੍ਰੀ ਪ੍ਰੀਤਮਹਿੰਦਰ ਸਿੰਘ ਬਰਾੜ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।

ਵਾਈਸ ਚਾਂਸਲਰ ਵਲੋਂ ਕਪਾਹ ਦੀ ਕਾਸ਼ਤ ਲਈ ਖੇਤੀ ਮਾਹਿਰਾਂ ਨਾਲ ਅੰਤਰਰਾਜੀ ਮੀਟਿੰਗ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਅੱਜ ਸਥਾਨਕ ਖੇਤਰੀ ਖੋਜ ਕੇਂਦਰ ਵਿਖੇ ਕਪਾਹ ਦੀ ਕਾਸ਼ਤ ਲਈ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਖੇਤੀ ਮਾਹਿਰਾਂ ਨਾਲ ਅੰਤਰਰਾਜੀ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਨਿਰਦੇਸ਼ਕ (ਖੋਜ) ਡਾ. ਅਜਮੇਰ ਸਿੰਘ ਢੱਟ, ਵਧੀਕ ਨਿਰਦੇਸ਼ਕ (ਪਸਾਰ ਸਿੱਖਿਆ) ਡਾ. ਗੁਰਮੀਤ ਸਿੰਘ ਬੁੱਟਰ ਤੇ ਪ੍ਰਮੁੱਖ ਕੀਟ ਵਿਗਿਆਨੀ ਡਾ. ਵਿਜੇ ਕੁਮਾਰ ਆਦਿ ਹਾਜ਼ਰ ਰਹੇ। ਇਸ ਮੌਕੇ ਉਨ੍ਹਾਂ ਵਿਚਾਰ-ਵਟਾਂਦਰਾ ਕਰਦਿਆਂ ਵਿਗਿਆਨੀਆਂ ਨੂੰ ਖੇਤੀ ਸਮੱਸਿਆਵਾਂ ਜਿਵੇਂ ਕਿ ਜ਼ਮੀਨ ਦੀ ਵਿਗੜਦੀ ਸਿਹਤ, ਸਿੰਚਾਈਯੋਗ ਪਾਣੀ ਦੀ ਕਮੀ ਤੇ ਖੇਤੀ ਵਿਭਿੰਨਤਾ ਨੂੰ ਧਿਆਨ ਵਿੱਚ ਰੱਖਦਿਆਂ ਖਿੱਤੇ ਨਾਲ ਸਬੰਧਿਤ ਫਲਾਂ, ਸਬਜ਼ੀਆਂ, ਕਪਾਹ ਤੇ ਹੋਰ ਫਸਲਾਂ ਨੂੰ ਕੀੜੇ-ਮਕੌੜੇ ਤੇ ਬੀਮਾਰੀਆਂ ਤੋਂ ਬਚਾਉਣ ਲਈ ਸੂਖਮ ਜੀਵ ਪ੍ਰਣਾਲੀ ਆਧਾਰਿਤ ਖੋਜ ਕਾਰਜ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਫਸਲਾਂ ਲਈ ਮੌਸਮੀ ਤਬਦੀਲੀ ਦੇ ਅਨੁਕੂਲ ਖੁਰਾਕ ਪ੍ਰਬੰਧ, ਜ਼ਮੀਨ ਦੀ ਸਿਹਤ ਅਤੇ ਪਾਣੀ ਦੀਆਂ ਲੋੜਾਂ ਦੀ ਪੂਰਤੀ ਦੇ ਮੱਦੇ ਨਜ਼ਰ ਜੈਵਿਕ ਸ੍ਰੋਤਾਂ-ਉੱਲੀਆਂ ਅਤੇ ਹੋਰ ਸੂਖਮ ਜੀਵਾਂ ਤੋਂ ਲਾਹਾ ਲੈਣ ਲਈ ਜੈਵ-ਤਕਨੀਕਾਂ ਵਿਕਸਤ ਕਰਨ ਹਿੱਤ ਬਹੁ-ਵਿਭਾਗੀ ਸਹਿਯੋਗ ਵਧਾਉਣ ਉਪਰ ਜ਼ੋਰ ਦਿੱਤਾ। ਇਸੇ ਦੌਰਾਨ ਇਸ ਕੇਂਦਰ ਵਿਖੇ ਚੱਲ ਰਹੇ ਬੀ.ਐਸ.ਸੀ. (ਐਗਰੀਕਲਚਰ) ਦੇ ਛੇ ਸਾਲਾ ਕੋਰਸ ਦਾ ਮੁਲੰਕਣ ਕੀਤਾ। ਇਸ ਮੌਕੇ ਡਾ. ਅਜਮੇਰ ਸਿੰਘ ਢੱਟ ਤੇ ਡਾ. ਗੁਰਮੀਤ ਸਿੰਘ ਬੁੱਟਰ ਨੇ ਵਿਗਿਆਨੀਆਂ ਦੇ ਖੋਜ ਤਜ਼ਰਬਿਆਂ ਦਾ ਮੁਆਇਨਾ ਕੀਤਾ। ਇਸ ਮੌਕੇ ਖੇਤੀ ਮਾਹਿਰਾਂ ਸਮੇਤ ਉੱਚ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

ਬਠਿੰਡਾ ’ਚ ਸਾਫ਼-ਸਫ਼ਾਈ ਵਿਚ ਸਕੂਲਾਂ ‘ਚੋਂ ਲਾਰਡ ਰਾਮਾ ਤੇ ਰਿਹਾਇਸ਼ੀ ਕਲੌਨੀਆਂ ਵਿਚੋਂ ਗਣਪਤੀ ਪਹਿਲੇ ਸਥਾਨ ’ਤੇ

0

ਸਰਕਾਰੀ ਦਫ਼ਤਰਾਂ ਵਿਚੋਂ ਇਨਕਮ ਟੈਕਸ ਤੇ ਹੋਟਲਾਂ ਵਿਚੋਂ ਕੰਫ਼ਰਟ ਇਨ ਨੇ ਵੀ ਝੰਡੀ ਗੱਡੀ
ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ : ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ‘ਸਵੱਛ ਭਾਰਤ ਮਿਸ਼ਨ’ ਅਧੀਨ ਕਰਵਾਏ ਜਾ ਰਹੇ ਸਵੱਛਤਾ ਸਰਵੇਖਣ-2023 ਦੀਆਂ ਹਦਾਇਤਾਂ ਅਨੁਸਾਰ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਨਿਗਮ ਵਲੋਂ ਸ਼ਹਰ ਦੇ ਵੱਖ-ਵੱਖ ਹੋਟਲਾਂ, ਹਸਪਤਾਲਾਂ, ਸਕੂਲਾਂ, ਸਰਕਾਰੀ ਦਫ਼ਤਰਾਂ, ਮੁਹੱਲਾ ਸੁਧਾਰ ਕਮੇਟੀਆਂ ਅਤੇ ਮਾਰਕਿਟ ਐਸੋਸੀਏਸ਼ਨਾਂ ਦਾ ਸਵੱਛਤਾ ਰੈਂਕਿੰਗ ਕਰਵਾਇਆ ਗਿਆ। ਕਰਵਾਏ ਗਏ ਸਵੱਛਤਾ ਰੈਂਕਿੰਗ ਦਾ ਨਤੀਜਾ ਘੋਸ਼ਿਤ ਕਰਦਿਆਂ ਕਮਿਸ਼ਨਰ ਨੇ ਦੱਸਿਆ ਕਿ ਲਾਰਡ ਰਾਮਾਂ ਪਬਲਿਕ ਸਕੂਲ ਪਹਿਲੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ ਦੂਸਰੇ ਅਤੇ ਗੁੱਡਵਿੱਲ ਪਬਲਿਕ ਸਕੂਲ ਤੀਸਰੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਸਰਕਾਰੀ ਦਫ਼ਤਰਾਂ ਚ ਕ੍ਰਮਵਾਰ ਇਨਕਮ ਟੈਕਸ ਪਹਿਲੇ, ਜ਼ਿਲ੍ਹਾ ਡਿਫ਼ੈਸ ਸਰਵਿਸ ਵੈਲਫ਼ੇਅਰ ਦੂਸਰੇ ਅਤੇ ਜ਼ਿਲ੍ਹਾ ਮੰਡੀ ਬੋਰਡ ਦਫ਼ਤਰ ਤੀਸਰੇ ਸਥਾਨ ’ਤੇ ਰਹੇ। ਉਨ੍ਹਾਂ ਅੱਗੇ ਹੋਰ ਦੱਸਿਆ ਕਿ ਵਿਨਕੇਅਰ ਹਸਪਤਾਲ ਪਹਿਲੇ, ਗੁਪਤਾ ਹਸਪਤਾਲ ਦੂਸਰੇ ਅਤੇ ਆਸ਼ੀਰਵਾਦ ਹਸਪਤਾਲ ਤੀਸਰੇ ਨੰਬਰ ਤੇ ਰਹੇ। ਇਸੇ ਤਰ੍ਹਾਂ ਕਮਫੋਰਟ ਇਨ ਹੋਟਲ ਪਹਿਲੇ, ਸਫ਼ਾਇਰ ਹੋਟਲ ਦੂਸਰੇ ਤੇ ਬਾਹੀਆ ਫੋਰਟ ਤੀਸਰੇ ਸਥਾਨ ਤੇ ਰਹੇ। ਉਨ੍ਹਾਂ ਕਿਹਾ ਕਿ ਮਾਰਕਿਟ ਐਸੋਸੀਏਸ਼ਨ ਵਿੱਚੋਂ ਨਿਊ ਹੋਲ ਸੇਲ ਕਲਾਥ ਮਾਰਕਿਟ ਪਹਿਲੇ, ਪੋਸਟ ਆਫ਼ਿਸ ਮਾਰਕਿਟ ਦੂਸਰੇ ਤੇ ਧੋਬੀ ਬਜ਼ਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਆਰ.ਡਬਲਿਯੂ.ਏ ਚੋਂ ਗਣਪਤੀ ਅਸਟੇਟ ਪਹਿਲੇ, ਗਰੀਨ ਸਿਟੀ ਦੂਸਰੇ ਅਤੇ ਵਿਰਾਟ ਗਰੀਨ ਵੈਲਫ਼ੇਅਰ ਸੋਸਾਇਟੀ ਤੀਸਰੇ ਸਥਾਨ ਤੇ ਰਹੇ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ਼?ਰੀ ਰਾਹੁਲ ਨੇ ਹੋਰ ਦੱਸਿਆ ਕਿ ਜਿਨ੍ਹਾਂ ਸੰਸਥਾਵਾਂ ਦੇ ਅੰਕ ਬਰਾਬਰ-ਬਰਾਬਰ ਰਹੇ ਹਨ ਉਨ੍ਹਾਂ ਦੀ ਪੁਜ਼ੀਸ਼ਨ ਵੀ ਬਰਾਬਰ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਅਤੇ ਸ਼ਹਿਰ ਵਿੱਚ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਵਿੱਚ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਪਾਇਆ ਜਾਵੇ ਤਾਂ ਜੋ ਕੂੜੇ ਦਾ ਸਹੀ ਨਿਪਟਾਰਾ ਹੋ ਸਕੇ ਅਤੇ ਸਵੱਛਤਾ ਸਰਵੇਖਣ-2023 ਵਿੱਚ ਬਠਿੰਡਾ ਸ਼ਹਿਰ ਨੂੰ ਹੋਰ ਬੇਹਤਰ ਸਥਾਨ ਪ੍ਰਾਪਤ ਹੋ ਸਕੇ।

ਹਰਪਾਲ ਚੀਮਾ ਵੱਲੋਂ ਸ਼ਰਾਬ ਮਾਫੀਆ ’ਤੇ ਸ਼ਿਕੰਜਾ ਕੱਸਣ ਲਈ ’ਸਿਟੀਜ਼ਨ ਐਪ’ ਲਾਂਚ

0

ਨਕਲੀ ਅਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ’ਤੇ ਨਿਰਪੱਖ ਜਾਂਚ ਨੂੰ ਯਕੀਨੀ ਬਣਾਏਗੀ ਆਬਕਾਰੀ ਵਿਭਾਗ ਦੀ ਇਹ ਐਪ
ਪਹਿਲਕਦਮੀ ਖਪਤਕਾਰਾਂ ਦੀ ਸਿਹਤ ਨੂੰ ਬਚਾਏਗੀ ਅਤੇ ਆਬਕਾਰੀ ਡਿਊਟੀ ਦੀ ਚੋਰੀ ’ਤੇ ਲਗਾਏਗੀ ਰੋਕ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਦਸੰਬਰ: ਸੂਬੇ ਵਿੱਚ ਸ਼ਰਾਬ ਮਾਫੀਆ ਨੂੰ ਨੱਥ ਪਾਉਣ ਲਈ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਵਿਭਾਗ ਵੱਲੋਂ ਚਲਾਏ ਜਾ ਰਹੇ ‘ਟਰੈਕ ਐਂਡ ਟਰੇਸ’ ਪ੍ਰੋਜੈਕਟ ਦੇ ਹਿੱਸੇ ਵਜੋਂ ਅੱਜ ਮੋਬਾਈਲ ਆਧਾਰਿਤ ‘ਐਕਸਾਈਜ਼ ਕਿਊਆਰ ਕੋਡ ਲੇਬਲ ਵੈਰੀਫਿਕੇਸ਼ਨ ਸਿਟੀਜ਼ਨ ਐਪ’ ਨੂੰ ਲਾਂਚ ਕੀਤਾ। ਆਬਕਾਰੀ ਤੇ ਕਰ ਭਵਨ ਵਿਖੇ ਇਸ ਨਾਗਰਿਕ ਕੇਂਦਰਿਤ ਐਪ ਨੂੰ ਲਾਂਚ ਕਰਦੇ ਹੋਏ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਕਿਊ.ਆਰ. ਕੋਡ ਆਧਾਰ ਮੋਬਾਈਲ ਐਪ ਸੂਬੇ ਵਿੱਚ ਨਕਲੀ ਜਾਂ ਬਿਨਾ ਆਬਕਾਰੀ ਕਰ ਦਿੱਤਿਆਂ ਵਿਕਣ ਵਾਲੀ ਸ਼ਰਾਬ ਦੀ ਵਿਕਰੀ ਤੇ ਮੁਕੰਮਲ ਰੋਕ ਲਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਖਪਤਕਾਰਾਂ ਦੀ ਸਿਹਤ ਨੂੰ ਬਚਾਉਣ ਦੇ ਨਾਲ-ਨਾਲ ਆਬਕਾਰੀ ਡਿਊਟੀ ਦੀ ਚੋਰੀ ’ਤੇ ਰੋਕ ਲਗਾਉਣ ਵਿੱਚ ਮਦਦ ਮਿਲੇਗੀ। ਵਿੱਤ ਮੰਤਰੀ ਨੇ ਇਸ ਮੌਕੇ ਇੱਕ 24ਗੁਣਾ7 ਹੈਲਪਲਾਈਨ ਨੰਬਰ 9875961126 ਵੀ ਜਾਰੀ ਕੀਤਾ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਹੈਲਪਲਾਈਨ ’ਤੇ ਨਕਲੀ ਸ਼ਰਾਬ ਜਾਂ ਲਾਹਣ ਤੋਂ ਕੱਢੀ ਸ਼ਰਾਬ ਜਾਂ ਸ਼ਰਾਬ ਦੀ ਤਸਕਰੀ ਆਦਿ ਦੀ ਜਾਣਕਾਰੀ ਦੇ ਕੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿਰੁੱਧ ਸੂਬਾ ਸਰਕਾਰ ਵੱਲੋਂ ਵਿੱਢੀ ਮੁਹਿੰਮ ਦਾ ਸਾਥ ਦੇਣ।
ਇਸੇ ਦੌਰਾਨ ਮੁਬਾਈਲ ਐਪ ’ਤੇ ਉਪਲਬਧ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਚੀਮਾ ਨੇ ਕਿਹਾ ਕਿ ਖਪਤਕਾਰ ਹੁਣ ਬੋਤਲ ‘ਤੇ ਮੌਜੂਦ ਕਿਊ.ਆਰ ਕੋਡ ਨੂੰ ਸਕੈਨ ਕਰਕੇ ਉਨ੍ਹਾਂ ਦੁਆਰਾ ਖਰੀਦੀ ਗਈ ਸ਼ਰਾਬ ਦੀ ਬੋਤਲ ਦੀ ਅਸਲੀਅਤ ਦੀ ਜਾਂਚ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਖਪਤਕਾਰ ਹਰ ਬੋਤਲ ’ਤੇ ਚਿਪਕਾਏ ਗਏ ਕਿਊ.ਆਰ. ਕੋਡ ਨੂੰ ਸਕੈਨ ਕਰਕੇ ਬੋਤਲ ਦੇ ਲੇਬਲ ਕੋਡ, ਡਿਸਟਿਲਰ/ਬੋਟਲਰ ਦਾ ਨਾਂਅ, ਬ੍ਰਾਂਡ ਦਾ ਨਾਮ, ਸ਼ਰਾਬ ਦੀ ਮਾਤਰਾ, ਅਲਕੋਹਲ ਦੀ ਡਿਗਰੀ ਅਤੇ ਉਤਪਾਦਨ ਦੀ ਮਿਤੀ ਬਾਰੇ ਜਾਣਕਾਰੀ ਹਾਸਿਲ ਕਰ ਸਕੇਗਾ। ਉਨ੍ਹਾਂ ਕਿਹਾ ਕਿ ਇਸ ਮੋਬਾਈਲ ਐਪ ਨੂੰ ਕਿਸੇ ਵੀ ਐਂਡਰੌਇਡ ਜਾਂ ਐਪਲ਼ ਫੋਨ ‘ਤੇ ਡਾਊਨਲੋਡ ਕਰਕੇ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮੋਬਾਈਲ ਐਪ ਨੂੰ ‘ਗੂਗਲ ਪਲੇ ਸਟੋਰ’ ਅਤੇ ‘ਐਪਲ ਸਟੋਰ’ ਤੋਂ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ।ਐਡਵੋਕੇਟ ਚੀਮਾ ਨੇ ਅੱਗੇ ਦੱਸਿਆ ਕਿ ਇਸ ਐਪ ਨੂੰ ‘ਟ?ਰੈਕ ਐਂਡ ਟਰੇਸ’ ਪ੍ਰੋਜੈਕਟ ਨਾਲ ਜੋੜਿਆ ਗਿਆ ਹੈ ਅਤੇ ਇਸ ਤਰ੍ਹਾਂ ਖਪਤਕਾਰ ਇਸ ਸਹੂਲਤ ਦੀ ਵਰਤੋਂ ਕਰਕੇ ਕਿਸੇ ਵੀ ਬੇਨਿਯਮੀ ਦੀ ਰਿਪੋਰਟ ਸਿੱਧੀ ਆਬਕਾਰੀ ਵਿਭਾਗ ਨੂੰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ‘ਟਰੈਕ ਐਂਡ ਟਰੇਸ’ ਪ੍ਰੋਜੈਕਟ ਰਾਹੀਂ ਵਿਭਾਗ ਸੂਬੇ ਵਿੱਚ ਸ਼ਰਾਬ ਦੀ ਸਮੁੱਚੀ ਸਪਲਾਈ ਚੇਨ ਹੇਠ ਸ਼ਰਾਬ ਦੀ ਮੌਜੂਦਗੀ ਅਤੇ ਢੋਆ-ਢੁਆਈ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਨਾ ਸਿਰਫ ਆਬਕਾਰੀ ਵਿਭਾਗ ਬਲਕਿ ਸ਼ਰਾਬ ਕਾਰੋਬਾਰ ਨਾਲ ਜੁੜੇ ਹੋਰ ਭਾਈਵਾਲਾਂ ਨੂੰ ਵੀ ਸਮੁੱਚੀ ਸਪਲਾਈ ਲੜੀ ਦੀ ਨਿਗਰਾਨੀ ਕਰਨ ਦੇ ਯੋਗ ਬਣਾਉਂਦੀ ਹੈ।ਇਸ ਦੌਰਾਨ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਨੇ ਵਿੱਤ ਮੰਤਰੀ ਨੂੰ ਦੱਸਿਆ ਕਿ ਆਬਕਾਰੀ ਵਿਭਾਗ ਦੇ ‘ਟ?ਰੈਕ ਐਂਡ ਟਰੇਸ’ ਪ੍ਰੋਜੈਕਟ ਤਹਿਤ ਸੂਬੇ ਵਿੱਚ ਵਿਕਣ ਵਾਲੀ ਹਰੇਕ ਬੋਤਲ ’ਤੇ ਕਿਊ.ਆਰ ਕੋਡ ਦਾ ਸਟਿੱਕਰ ਹੋਣਾ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਕਿਸੇ ਵੀ ਗਾਹਕ ਨੂੰ ਖਰੀਦੀ ਗਈ ਸ਼ਰਾਬ ਦੀ ਬੋਤਲ ਬਾਰੇ ਤੁਰੰਤ ਸਾਰੀ ਜਾਣਕਾਰੀ ਮਿਲ ਸਕੇ।

ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਦਾ ਜਨਤਾ ਦਰਬਾਰ ਅਗਲੇ ਆਦੇਸ਼ ਤਕ ਮੁਲਤਵੀ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਦਸੰਬਰ : ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਦਾ ਸ਼ਨੀਵਾਰ ਨੂੰ ਅੰਬਾਲਾ ਵਿਚ ਲੱਗਣ ਵਾਲਾ ਜਨਤਾ ਦਰਬਾਰ ਕੋਰੋਨਾ ਵੱਧਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਅਗਲੇ ਆਦੇਸ਼ ਤਕ ਮੁਲਤਵੀ ਰਹੇਗੀ। ਵਰਣਨਯੋਗ ਹੈ ਕਿ ਗ੍ਰਹਿ ਮੰਤਰੀ ਅਨਿਲ ਵਿਜ ਦੇ ਜਨਤਾ ਦਰਬਾਰ ਵਿਚ ਸੂਬੇ ਦੇ ਲੋਕ ਸ਼ਿਕਾਇਤਾਂ ਲੈ ਕੇ ਪਹੁੰਚਾਉਂਦੇ ਹਨ। ਦਰਬਾਰ ਵਿਚ ਮੌਕੇ ’ਤੇ ਹੀ ਗ੍ਰਹਿ ਮੰਤਰੀ ਹਰ ਸਮੱਸਿਆ ਨੂੰ ਖੁਦ ਸੁਣਦੇ ਹੋਏ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਦੇਸ਼ ਦਿੰਦੇ ਹਨ।

ਹਰਿਆਣਾ ਸਰਕਾਰ ਕੈਂਸਰ ਪੀੜਿਤਾਂ ਨੂੰ ਹਰ ਮਹੀਨੇ ਦੇਵੇਗੀ 2500 ਰੁਪਏ ਪੈਨਸ਼ਨ

0

ਹੋਰਨਾਂ ਪੈਨਸ਼ਨਾਂ ਦੇ ਨਾਲ ਵੀ ਮਿਲੇਗੀ ਇਹ ਪੈਨਸ਼ਨ
ਸੂਬੇ ’ਚ ਡੀ.ਸੀਜ਼ ਨੂੰ ਇੱਕ ਲੱਖ ਰੁਪਏ ਤੱਕ ਕੈਂਸਰ ਪੀੜਤ ਦੀ ਮਾਲੀ ਮੱਦਦ ਦੇ ਦਿੱਤੇ ਅਧਿਕਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਦਸੰਬਰ : ਹਰਿਆਣਾ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਸੂਬੇ ਦੇ ਕੈਂਸਰ ਪੀੜਿਤ ਮਰੀਜ਼ਾਂ ਨੂੰ ਪ੍ਰਤੀ ਮਹੀਨਾ 2500 ਰੂਪੇ ਪੈਨਸ਼ਨ ਦੇਣ ਦਾ ਫੈਸਲਾ ਲਿਆ ਹੈ। ਸਰਕਾਰ ਦੇ ਇਸ ਫੈਸਲੇ ਵਿਚ ਕੈਂਸਰ ਦੇ ਸਟੇਜ 3 ਤੇ 4 ਦੇ ਮਰੀਜ਼ਾਂ ਨੂੰ ਵੱਡਾ ਫਾਈਦਾ ਹੋਵੇਗਾ, ਹਾਲਾਂਕਿ ਸੂਬਾ ਸਰਕਾਰ ਦੇ ਖਜਾਨੇ ’ਤੇ 68.42 ਕਰੋੜ ਰੁਪਏ ਤੋਂ ਵੱਧ ਦਾ ਵਾਧੂ ਮਾਲੀ ਭਾਰ ਪਏਗਾ। ਇਹ ਮਦਦ ਉਨ੍ਹਾਂ ਮਰੀਜਾਂ ਨੂੰ ਦਿੱਤੀ ਜਾਵੇਗੀ, ਜਿੰਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤਕ ਹੈ। ਇਸਤੋਂ ਇਲਾਵਾ ਜੇਕਰ ਕੈਂਸਰ ਮਰੀਜ਼ ਨੂੰ ਇਸਤੋਂ ਪਹਿਲਾਂ ਕੋਈ ਹੋਰ ਪੈਨਸ਼ਨ ਮਿਲਦੀ ਹੈ ਤਾਂ ਉਹ ਵੀ ਨਾਲ ਜਾਰੀ ਰਹੇਗੀ। ਇਹ ਪੈਨਸ਼ਨ ਮਰੀਜ ਨੂੰ ਉਸਦੇ ਅਖ਼ੀਰ ਤੱਕ ਮਿਲਦੀ ਰਹੇਗੀ। ਜਿਕਰਯੋਗ ਹੈ ਕਿ ਹਰਿਆਣਾ ਦੇਸ ਦਾ ਦੂਜਾ ਸੂਬਾ ਹੈ, ਜਿਸਨੇ ਕੈਂਸਰ ਪੀੜਤਾਂ ਦੀ ਬਾਂਹ ਫ਼ੜਣ ਦਾ ਐਲਾਨ ਕੀਤਾ ਹੈ ਜਦੋਂਕਿ ਇਸਤੋਂ ਪਹਿਲਾਂ ਸਿਰਫ ਤ੍ਰਿਪੁਰਾ ਹੀ ਅਜਿਹਾ ਸੂਬਾ ਹੈ ਜੋ ਸਟੇਜ 3 ਦੇ ਕੈਂਸਰ ਪੀੜਿਤਾਂ ਨੂੰ 1000 ਰੁਪਏ ਦੀ ਮਹੀਨੇ ਵਾਰ ਮਾਲੀ ਮਦਦ ਦੇ ਰਿਹਾ ਹੈ। ਇਸਦੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਯੋਜਨਾ ਨੂੰ ਅਮਲ ਵਿਚ ਲਿਆਉਣ ਦੀ ਯੋਜਨਾ ਉਸ ਸਮੇਂ ਹੀ ਸ਼ੁਰੂ ਹੋ ਗਈ ਸੀ ਜਦ ਕੈਂਸਰ ਪੀੜਿਤਾਂ ਦੇ ਪਰਿਵਾਰ ਮਈ 2022 ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲੇ ਸਨ। ਉਸ ਸਮੇਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਉਹ ਕੈਂਸਰ ਪੀੜਿਤਾਂ ਦੀ ਹਰ ਸੰਭਵ ਮਦਦ ਕਰਨਗੇ। ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਯੋਜਨਾ ਦੇ ਲਾਭ ਲਈ ਪਰਿਵਾਰ ਪਛਾਣ ਪੱਤਰ ਵਿਚ ਦਰਸਾਈ ਗਈ ਸਾਲਾਨਾ ਆਮਦਨ ਦੇ ਤੱਥਾਂ ਤੋਂ ਮਿਲਣ ਕੀਤਾ ਜਾਵੇਗਾ। ਸਿਵਲ ਸਰਜਨ ਦਫਤਰ ਦੀ ਕਮੇਟੀ ਵੱਲੋਂ ਤਸਦੀਕ ਦਸਤਾਵੇਜਾਂ ਨੂੰ ਸਰਲ ਕੇਂਦਰ ਰਾਹੀਂ ਅਪਲੋਡ ਕਰਨਾ ਹੋਵੇਗਾ। ਇਸ ਯੋਜਨਾ ਦਾ ਲਾਭ ਲੈਣ ਲਈ ਬਿਨੈਕਾਰ ਨੂੰ ਰਾਸ਼ਨ ਕਾਰਡ, ਵੋਟਰ ਕਾਰਡ, ਪੈਨ ਕਾਰਡ, ਪਾਸਪੋਰਟ, ਬੈਂਕ ਪਾਸਬੁੱਕ, ਟੈਲੀਫੋਨ, ਪਾਣੀ, ਬਿਜਲੀ ਜਾਂ ਹੋਰ ਵਰਤੋਂ ਵਾਲੇ ਬਿਲ, ਜਿਸ ਵਿਚ ਘਰ ਦਾ ਪਤਾ ਚਿੰਨ੍ਹਹਿਤ ਹੋਵੇ ਜਾਂ ਭੂ-ਰਿਕਾਰਡ ਦੇ ਦਸਤਾਵੇਜ/ਪਰਿਵਾਰ ਪਛਾਣ ਪੱਤਰ ਨੂੰ ਸਰਲ ਕੇਂਦਰ ਵਿਚ ਨਾਲ ਲਿਆਉਣ ਹੋਵੇਗਾ। ਕਾਰਕੁਨ/ਏਐਨਐਮ ਮਰੀਜ ਦੇ ਜਿਊਂਦੇ ਹੋਣ ਦੇ ਪ੍ਰਮਾਣ ਪੱਤਰ ਨੂੰ ਤਸਦੀਕ ਕਰੇਗੀ ਜਿਸ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰਤੀ ਹਸਤਾਖਰ ਕੀਤਾ ਜਾਵੇਗਾ। ਨਾਗਰਿਕ ਸਰੋਤ ਸੂਚਨਾ ਵਿਭਾਗ ਅਨੁਸਾਰ ਹਰਿਆਣਾ ਵਿਚ 57 ਲੱਖ ਪਰਿਵਾਰ ਹਨ, ਜਿੰਨ੍ਹਾਂ ਦੀ ਆਬਾਦੀ 2.85 ਕਰੋੜ ਹੈ, ਜਿੰਨ੍ਹਾਂ ਵਿਚੋਂ 37.45 ਲੱਖ ਤੋਂ ਵੱਧ ਪਰਿਵਾਰ ਅਜਿਹੇ ਹਨ, ਜਿੰਨ੍ਹਾਂ ਦੀ ਸਾਲਾਨਾ ਆਮਦਨ ਪਰਿਵਾਰ ਪਛਾਣ ਪੱਤਰ ਵਿਚ 3 ਲੱਖ ਰੁਪਏ ਤੋਂ ਘੱਟ ਹੈ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਵੀ ਕੈਂਸਰ ਪੀੜ੍ਹਤਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਮਾਲੀ ਮਦਦ ਦਿੱਤੀ ਜਾਂਦੀ ਹੈ। ਇਹ ਇਕ ਲੰਬੀ ਪ੍ਰਕ੍ਰਿਆ ਸੀ ਜਿਸਦੇ ਚੱਲਦੇ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਹੀ ਆਪਣੇ ਪੱਧਰ ’ਤੇ ਇਹ ਮਾਲੀ ਮਦਦ ਰਕਮ ਜਾਰੀ ਕਰਨ ਨੂੰ ਕਿਹਾ ਹੈ। ਇਕ ਲੱਖ ਰੁਪਏ ਤਕ ਦੀ ਇਹ ਰਕਮ ਮਰੀਜ ਨੂੰ ਆਰਥਿਕ ਮਦਦ ਵੱਜੋਂ ਜਿਲਾ ਪੱਧਰ ਤੇ ਦਿੱਤੀ ਜਾਂਦੀ ਹੈ।

ਸਿੱਧੂ ਮੂਸੇਵਾਲਾ ਦੇ ਪਿਤਾ ਮੁੜ ਵਿਦੇਸ਼ ਗਏ, ਪੁਲਿਸ ਨੇ ਘਰ ਅਤੇ ਮਾਪਿਆਂ ਦੀ ਸੁਰੱਖਿਆ ਵਧਾਈ

0

ਗੁਪਤ ਸੂਚਨਾਵਾਂ ਤੋਂ ਬਾਅਦ ਮੂਸੇ ਪਿੰਡ ਨੂੰ ਕੀਤਾ ਪੁਲਿਸ ਛਾਉਣੀ ਵਿਚ ਤਬਦੀਲ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 23 ਦਸੰਬਰ: ਜਿੱਥੇ ਬੀਤੇ ਕੱਲ੍ਹ ਕੁਝ ਦਿਨਾਂ ਦੇ ਵਕਫੇ ਦੇ ਬਾਅਦ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮੁੜ ਵਿਦੇਸ਼ ਚਲੇ ਗਏ ਹਨ, ਉਥੇ ਪੁਲਿਸ ਨੇ ਉਸਦੇ ਘਰ ਅਤੇ ਮਾਪਿਆਂ ਦੀ ਸੁਰੱਖਿਆ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਹਾਲਾਂਕਿ ਇਸ ਮਾਮਲੇ ਵਿਚ ਉਚ ਪੁਲਿਸ ਅਧਿਕਾਰੀਆਂ ਨੇ ਕੁੱਝ ਵੀ ਖੁੱਲ ਕੇ ਬੋਲਣ ਤੋਂ ਇੰੱਨਕਾਰ ਕਰ ਦਿੱਤਾ ਪ੍ਰੰਤੂ ਪਤਾ ਲੱਗਿਆ ਹੈ ਕਿ ਗੈਂਗਸਟਰਾਂ ਵਲੋਂ ਮਹਰੂਮ ਗਾਇਕ ਦੇ ਮਾਪਿਆਂ ਖ਼ਾਸਕਰ ਪਿਤਾ ਬਲਕੌਰ ਸਿੰਘ ਉਪਰ ਕਥਿਤ ਹਮਲੇ ਦੀ ਕੰਨਸੋਅ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਇਸ ਫੈਸਲੇ ਤੋਂ ਬਾਅਦ ਅੱਜ ਪਿੰਡ ਮੂਸੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਪਿੰਡ ਵਿਚ ਫ਼ਿਲਹਾਲ 150 ਦੇ ਕਰੀਬ ਮੁਲਾਜਮ ਤੈਨਾਤ ਕੀਤੇ ਗਏ ਹਨ, ਇਸਤੋਂ ਇਲਾਵਾ ਪਿੰਡ ਵਿਚ ਸੀ ਸੀ ਟੀ ਵੀ ਕੈਮਰੇ ਵੀ ਲਗਾਏ ਗਏ ਹਨ। ਇਸਤੋਂ ਇਲਾਵਾ ਪੁਲਿਸ ਦੀ ਭਾਰੀ ਸੁਰੱਖਿਆ ਹੇਠ ਬਲਕੌਰ ਸਿੰਘ ਮੁੜ ਇੰਗਲੈਂਡ ਲਈ ਰਵਾਨਾ ਹੋ ਗਏ। ਇਸ ਵਾਰ ਉਹ ਇਕੱਲੇ ਗਏ ਹਨ ਜਦੋਂ ਕਿ ਕੁੱਝ ਸਮਾਂ ਪਹਿਲਾਂ ਦੋਨੋਂ ਪਤੀ ਪਤਨੀ ਗਏ ਸਨ। ਮਾਨਸਾ ਪੁਲਿਸ ਨੇ ਘਰ ਦੇ ਬਾਹਰ ਵੀ ਐਲ.ਐਮ.ਜੀ ਗੰਨਾਂ ਸਮੇਤ ਸੁਰੱਖਿਆ ਵਾਹਨ ਤਾਇਨਾਤ ਕੀਤੇ ਗਏ ਹਨ। ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰਨ ਤੋਂ ਬਾਅਦ ਇੱਥੇ ਆਉਣ-ਜਾਣ ਵਾਲੇ ਵਿਅਕਤੀਆਂ ਦੀ ਤਲਾਸ਼ੀ ਵੀ ਲਈ ਗਈ। ਇੱਥੇ ਦਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪਹਿਲਾਂ ਵੀ ਧਮਕੀਆਂ ਆ ਚੁੱਕੀਆਂ ਹਨ ਅਤੇ ਉਨ੍ਹਾਂ ਉਪਰ ਕਤਲ ਕੇਸ ਨੂੰ ਵਾਪਸ ਲੈਣ ਜਾਂ ਫ਼ਿਰ ਗਵਾਹੀ ਤੋਂ ਮੁਕਰਨ ਦਾ ਦਬਾਅ ਬਣਾਉਣ ਲਈ ਹਮਲਾ ਕਰਵਾਇਆ ਜਾ ਸਕਦਾ ਹੈ। ਗੌਰਤਲਬ ਹੈ ਕਿ ਖੁਦ ਬਲਕੌਰ ਸਿੰਘ ਸਿੱਧੂ ਵਲੋਂ ਵੀ ਕਈ ਵਾਰ ਜਨਤਕ ਤੌਰ ’ਤੇ ਇਸਦਾ ਖੁਲਾਸਾ ਵੀ ਕੀਤਾ ਗਿਆ ਹੈ ਪ੍ਰੰਤੂ ਉਨ੍ਹਾਂ ਪਿੱਛੇ ਨਾ ਹਟਣ ਦਾ ਵੀ ਐਲਾਨ ਕੀਤਾ ਹੋਇਆ ਹੈ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਮਰਹੂਮ ਗਾਇਕ ਦੇ ਪ੍ਰਵਾਰ ਨਾਲ ਦੇਸ-ਵਿਦੇਸ਼ਾਂ ਵਿਚੋਂ ਹਰ ਐਤਵਾਰ ਨੂੰ ਵੱਡੀ ਗਿਣਤੀ ਵਿਚ ਉਸਦੇ ਪ੍ਰਸੰਸਕ ਪਿੰਡ ਮੂਸੇ ਦੁੱਖ ਪ੍ਰਗਟ ਕਰਨ ਲਈ ਆਉਂਦੇ ਹਨ। ਇਸਤੋਂ ਇਲਾਵਾ ਪ੍ਰਵਾਰ ਵਲੋਂ ਹਵੇਲੀ ਦੇ ਨਜਦੀਕ ਹੀ ਅਪਣੀ ਜਮੀਨ ਵਿਚ ਬਣਾਈ ਯਾਦਗਰ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਦਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਹੁਣ ਤੱਕ ਮਾਨਸਾ ਪੁਲਿਸ ਵਲੋਂ 38 ਵਿਅਕਤੀਆਂ ਵਿਰੁਧ ਅਦਾਲਤ ਵਿਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ਤੇ 26 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ। ਇਸਤੋਂ ਇਲਾਵਾ ਉੱਘੇ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਸਹਿਤ ਦਰਜ਼ਨਾਂ ਵਿਅਕਤੀਆਂ ਤੋਂ ਪੁਛਗਿਛ ਵੀ ਕੀਤੀ ਜਾ ਚੁੱਕੀ ਹੈ ਤੇ ਹੁਣ ਇਸ ਕੇਸ ਵਿਚ ਪ੍ਰਮੁੱਖ ਗੈਂਗਸਟਰ ਗੋਲਡੀ ਬਰਾੜ ਸਹਿਤ ਕੁੱਝ ਹੋਰ ਵਿਅਕਤੀ ਕਾਬੂ ਕਰਨ ਵਾਲੇ ਰਹਿੰਦੇ ਹਨ।

Our Visitor

1908319