Tuesday, May 19, 2026
Home Blog Page 2277

ਪੰਜਾਬ ਪੱਧਰੀ ਖੇਡਾ ਅੰਡਰ 17 ਮੁੰਡੇ ਵਿੱਚ ਓਵਰ ਆਲ ਟਰਾਫ਼ੀ ਉੱਪਰ ਮੋਹਾਲੀ ਤੇ ਸੰਗਰੂਰ ਦਾ ਕਬਜ਼ਾ

0

ਹਾਰ ਵੀ ਜਿੱਤ ਨਾਲੋਂ ਵੱਡੀ ਹੁੰਦੀ ਹੈ : ਬਲਕਾਰ ਸਿੱਧੂ
ਸੁਖਜਿੰਦਰ ਮਾਨ
ਬਠਿੰਡਾ , 21 ਦਸੰਬਰ: ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਦੀ ਸਰਪ੍ਰਸਤੀ ਹੇਠ ਬਠਿੰਡਾ ਵਿਖੇ ਚੱਲ ਰਹੀਆਂ ਪੰਜਾਬ ਪੱਧਰੀ ਖੇਡਾਂ ਦਾ ਚੋਥੇ ਦਿਨ ਦਾ ਉਦਘਾਟਨ ਬਲਕਾਰ ਸਿੰਘ ਸਿੱਧੂ ਹਲਕਾ ਵਿਧਾਇਕ ਰਾਮਪੁਰਾ ਵਲੋਂ ਕੀਤਾ ਗਿਆ।ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਮੈਦਾਨੀ ਖੇਡਾਂ ਬੱਚਿਆਂ ਲਈ ਵਰਦਾਨ ਹਨ। ਇਹਨਾਂ ਨਾਲ ਜਿੱਥੇ ਬੱਚੇ ਸਰੀਰਕ ਤੇ ਤਾਕਤਵਰ ਹੁੰਦੇ ਹਨ। ਉਹਨਾਂ ਦਾ ਮਾਨਸਿਕ ਵਿਕਾਸ ਵੀ ਹੁੰਦਾ ਹੈ। ਉਹਨਾਂ ਨੇ ਸਮੂਹ ਖਿਡਾਰੀਆਂ ਲਈ ਜਿੱਤ ਦੀ ਕਾਮਨਾ ਕੀਤੀ।ਇਸ ਮੋਕੇ ਉਹਨਾਂ ਵਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਦੇਖ-ਰੇਖ ਵਿੱਚ ਹੋ ਰਹੀਆਂ ਹਨ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਡੀ.ਐਮ ਖੇਡਾਂ ਨੇ ਦੱਸਿਆ ਕਿ ਬਾਕਸਿੰਗ ਅੰਡਰ 17 ਵਿੱਚ 44 ਕਿਲੋ ਫਾਈਨਲ ਮੁਕਾਬਲੇ ਵਿੱਚ ਅਵਿਨਾਸ਼ ਜਲੰਧਰ ਨੇ ਪਹਿਲਾਂ,ਹਰਜੋਤ ਹੁਸ਼ਿਆਰਪੁਰ ਨੇ ਦੂਜਾ,48 ਕਿਲੋ ਵਿੱਚ ਸਾਹਿਲ ਸੇਠੀ ਮੋਹਾਲੀ ਨੇ ਪਹਿਲਾਂ, ਰਾਜਵੀਰ ਰੂਪਨਗਰ ਨੇ ਦੂਜਾ,50 ਕਿਲੋ ਵਿੱਚ ਸੁਮਿਤ ਪਟਿਆਲਾ ਨੇ ਪਹਿਲਾਂ, ਸੁਮਿਤ ਸਲਾਰੀਆ ਨੇ ਦੂਜਾ,52 ਕਿਲੋ ਵਿੱਚ ਅਰਸ਼ਪ੍ਰੀਤ ਮੋਹਾਲੀ ਨੇ ਪਹਿਲਾਂ ਰਣਵੀਰ ਬਠਿੰਡਾ ਨੇ ਦੂਜਾ,54 ਕਿਲੋ ਵਿੱਚ ਹਰਸ਼ਦੀਪ ਸਿੰਘ ਸੰਗਰੂਰ ਨੇ ਪਹਿਲਾਂ, ਮਨਜੀਤ ਸਿੰਘ ਪਟਿਆਲਾ ਨੇ ਦੂਜਾ,57 ਕਿਲੋ ਵਿੱਚ ਜਸ਼ਨ ਮੋਹਾਲੀ ਨੇ ਪਹਿਲਾਂ ਮਨਸਵੀ ਲੁਧਿਆਣਾ ਨੇ ਦੂਜਾ,60 ਕਿਲੋ ਵਿੱਚ ਹਰੀਸ਼ ਮੋਹਾਲੀ ਨੇ ਪਹਿਲਾਂ ਅਰਸ਼ ਗਰੋਵਰ ਨੇ ਦੂਜਾ,63 ਕਿਲੋ ਵਿੱਚ ਹਰਪ੍ਰੀਤ ਮੋਹਾਲੀ ਨੇ ਪਹਿਲਾਂ ਕੁਸਪ੍ਰੀਤ ਸਿੰਘ ਪਟਿਆਲਾ ਨੇ ਦੂਜਾ,66 ਕਿਲੋ ਵਿੱਚ ਸਹਿਜਪ੍ਰੀਤ ਸਿੰਘ ਮਾਨਸਾ ਨੇ ਪਹਿਲਾਂ ਸਤਨਾਮ ਸਿੰਘ ਲੂਧਿਆਣਾ ਨੇ ਦੂਜਾ,70 ਕਿਲੋ ਵਿੱਚ ਸਰੀਆਸ ਜਲੰਧਰ ਨੇ ਪਹਿਲਾਂ ਰਾਹੁਲ ਸਿੰਘ ਨੇ ਦੂਜਾ,75 ਕਿਲੋ ਵਿੱਚ ਹਰਸ਼ਜੋਤ ਸੰਗਰੂਰ ਨੇ ਪਹਿਲਾਂ ਅਮਨਪ੍ਰੀਤ ਸਿੰਘ ਲੁਧਿਆਣਾ ਨੇ ਦੂਜਾ,80 ਕਿਲੋ ਵਿੱਚ ਹਾਰਦਿਕ ਬਾਲੀ ਨੇ ਪਹਿਲਾਂ ਮਨਿੰਦਰ ਸਿੰਘ ਪਟਿਆਲਾ ਨੇ ਦੂਜਾ,80 ਕਿਲੋ ਤੋਂ ਵੱਧ ਵਿੱਚ ਸੁਮੇਰ ਸਿੰਘ ਸੰਗਰੂਰ ਨੇ ਪਹਿਲਾਂ ਮਨਪ੍ਰੀਤ ਸਿੰਘ ਹੁਸ਼ਿਆਰਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅੰਡਰ 14 ਹਾਕੀ ਮੁੰਡਿਆਂ ਦੇ ਮੁਕਾਬਲੇ ਵਿੱਚ ਰੂਪਨਗਰ ਨੇ ਫਰੀਦਕੋਟ ਨੂੰ,ਜਰਖੜ ਅਕੈਡਮੀ ਨੇ ਸੰਗਰੂਰ ਨੂੰ, ਐਸ.ਜੀ.ਪੀ.ਸੀ ਅਮ੍ਰਿਤਸਰ ਨੇ ਜਲੰਧਰ ਨੂੰ, ਸਪੋਰਟਸ ਸਕੂਲ ਘੁੱਦਾ ਨੇ ਫਾਜ਼ਿਲਕਾ ਨੂੰ,ਪੀ.ਆਈ .ਐਸ਼ ਮੋਹਾਲੀ ਨੇ ਮਾਨਸਾ ਨੂੰ, ਮਲੇਰਕੋਟਲਾ ਨੇ ਫਿਰੋਜ਼ਪੁਰ ਨੂੰ , ਲੁਧਿਆਣਾ ਨੇ ਅਮ੍ਰਿਤਸਰ ਨੂੰ ਹਰਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਹਰਿੰਦਰ ਸਿੰਘ ਗਰੇਵਾਲ ਅਤੇ ਮਨਦੀਪ ਸਿੰਘ ਸਟੇਟ ਕਮੇਟੀ ਮੈਂਬਰ, ਰੁਪਿੰਦਰ ਸਿੰਘ ਸਿੱਧੂ ਜਿਲ੍ਹਾ ਖੇਡ ਅਫਸਰ,ਪੰਮਾ ਪ੍ਰਧਾਨ,ਬੋਬੀ ਸਿੱਧੂ ਫੂਲ,ਲੈਕਚਰਾਰ ਅਮਰਦੀਪ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਕੁਲਵੀਰ ਸਿੰਘ ਹਾਕੀ ਕਨਵੀਨਰ, ਗੁਰਸ਼ਰਨ ਸਿੰਘ ਬਾਕਸਿੰਗ ਕਨਵੀਨਰ ਭੁਪਿੰਦਰ ਸਿੰਘ ਤੱਗੜ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਲੱਛਮੀ ਵਰਮਾ, ਕੁਲਦੀਪ ਸ਼ਰਮਾ, ਰਾਹੁਲ ਮੋਦਗਿੱਲ, ਰਮਨੀਤ ਕੌਰ ਹਾਜ਼ਰ ਸਨ।

ਸੰਤ ਕਰਮਜੀਤ ਸਿੰਘ ਬਣੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ

0
ਝੀਂਡਾ ਤੋਂ ਬਾਅਦ ਦਾਦੂਵਾਲ ਵੀ ਹੋਏ ਨਰਾਜ਼, ਕਿਹਾ ਕਮੇਟੀ ਦਾ ਵਿਰੋਧ ਕਰਨ ਵਾਲਿਆਂ ਨੂੰ ਕੀਤਾ ਅੱਗੇ
ਪੰਜਾਬੀ ਖ਼ਬਰਸਾਰ ਬਿਉਰੋ
ਕੁਰੂਕਸ਼ੇਤਰ, 21 ਦਸੰਬਰ:  ਹਰਿਆਣਾ ਸੂਬੇ ਵਿੱਚ ਪੈਂਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਹੋਂਦ ਵਿੱਚ ਆਈ ਹਰਿਆਣਾ
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਹੋਈ ਚੋਣ ਵਿਚ
ਸੰਤ ਕਰਮਜੀਤ ਸਿੰਘ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਡਿਪਟੀ ਕਮਿਸ਼ਨਰ ਦੀ ਦੇਖਰੇਖ ਹੇਠ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਉਧਰ ਸੰਤ ਕਰਮਜੀਤ ਸਿੰਘ ਨੂੰ ਪ੍ਰਧਾਨ ਬਣਾਉਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਸਾਬਕਾ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਦਾਅਵਾ ਕੀਤਾ ਹੈ ਕਿ ਅਜਿਹੇ ਵਿਅਕਤੀਆਂ ਨੂੰ ਅੱਗੇ ਕੀਤਾ ਗਿਆ ਹੈ ਸੋ ਪਿਛਲੇ ਸਮੇਂ ਇਸ ਕਮੇਟੀ ਦਾ ਵਿਰੋਧ ਕੀਤਾ ਸੀ। ਇਸਦੇ ਇਲਾਵਾ ਨਵੇਂ ਚੁਣੇ ਪ੍ਰਧਾਨ ਦਾ ਸਿੱਖੀ ਲਈ ਵੀ ਕੋਈ ਯੋਗਦਾਨ ਨਹੀਂ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਇਕ ਹੋਰ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਪਿਛਲੇ ਦਿਨੀਂ ਹਰਿਆਣਾ ਸਰਕਾਰ ਵੱਲੋਂ ਬਣਾਈ ਗਈ 38 ਮੈਂਬਰੀ ਕਮੇਟੀ ਤੇ ਵੀ ਉਂਗਲ ਚੁਕਦਿਆਂ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੀ।

ਸਿੱਧੂ ਮੂਸੇਵਾਲਾ ਦੇ ਘਰ ਅਫਸੋਸ ਪ੍ਰਗਟ ਕਰਨ ਆਏ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮਾਨਸਾ ਪੁਲਿਸ ਨੇ ਸੌਂਪਿਆ ਸੰਮਨ 

0
ਹੁਣ 12 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ 
ਸੁਖਜਿੰਦਰ ਮਾਨ
ਬਠਿੰਡਾ, 21 ਦਸੰਬਰ: ਸਿੱਧੂ ਮੂਸੇਵਾਲਾ ਦੇ ਘਰ ਅਫਸੋਸ ਪ੍ਰਗਟ ਕਰਨ ਆਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਾਨਸਾ ਪੁਲਿਸ ਨੇ ਇੱਕ ਪੁਰਾਣੇ ਮਾਮਲੇ ਵਿਚ ਸੰਮਨ ਸੌਂਪੇ ਹਨ। ਸ: ਚੰਨੀ ਨੂੰ ਹੁਣ ਆਗਾਮੀ 12 ਜਨਵਰੀ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਪਤਾ ਲੱਗਿਆਂ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਵਿਧਾਨ ਸਭਾ ਹਲਕੇ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਗਏ ਚਰਨਜੀਤ ਸਿੰਘ ਚੰਨੀ ਅਤੇ ਮਰਹੂਮ ਗਾਇਕ ਵਿਰੁੱਧ ਮਾਨਸਾ ਦੀ ਸਿਟੀ 1 ਪੁਲਿਸ ਨੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਸੀ। ਮਾਨਸਾ ਪੁਲਿਸ ਦੇ ਦਾਅਵੇ ਮੁਤਾਬਕ ਚੰਨੀ ਕੇਸ ਦਰਜ ਹੋਣ ਤੋਂ ਬਾਅਦ ਮਿਲੇ ਨਹੀਂ ਸਨ। ਗੌਰਤਲਬ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ ਚਲੇ ਗਏ ਸਨ ਅਤੇ ਹੁਣ ਉਹ ਕੁਝ ਦਿਨ ਪਹਿਲਾਂ ਹੀ ਵਾਪਸ ਪਰਤੇ ਸਨ। ਇਸ ਦੌਰਾਨ ਬੀਤੀ ਸ਼ਾਮ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਅਫਸੋਸ ਪ੍ਰਗਟ ਕਰਨ ਲਈ ਪੁੱਜੇ, ਜਿੱਥੇ ਉਨ੍ਹਾਂ ਪਰਵਾਰ ਦੇ ਘਰ ਹੀ ਰਾਤ ਗੁਜ਼ਾਰੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਵੱਲੋਂ ਜਾਰੀ ਕੀਤੀ ਗਈ ਇਕ ਵੀਡੀਓ ਵਿਚ ਇਹ ਵੀ ਦਾਅਵਾ ਕੀਤਾ ਹੈ ਕਿ ਮਾਨਸਾ ਪੁਲਿਸ ਨੇ ਉਸ ਕੇਸ ਵਿੱਚ ਉਸਦੇ ਨਾਲ ਨਾਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵਿਰੁੱਧ ਵੀ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਇਸ ਦੌਰਾਨ ਚੰਨੀ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਨੇ ਉਸਨੂੰ ਮਰਹੂਮ ਗਾਇਕ ਦੇ ਪਰਵਾਰ ਨਾਲ ਅਫਸੋਸ ਕਰਨ ਤੋਂ ਰੋਕਣ ਦਾ ਵੀ ਯਤਨ ਕੀਤਾ।ਦੂਜੇ ਪਾਸੇ ਮਾਨਸਾ ਪੁਲਿਸ ਨੇ ਇਸ ਦਾਅਵੇ ਨੂੰ ਗਲਤ ਕਰਾਰ ਦਿੰਦਿਆ ਕਿਹਾ ਹੈ ਕਿ ਅਦਾਲਤ ਵਿੱਚ ਚਲਾਨ ਇਕੱਲੇ ਚੰਨੀ ਸਾਹਿਬ ਦੇ ਵਿਰੁੱਧ ਹੀ ਪੇਸ਼ ਕੀਤਾ ਗਿਆ ਹੈ ਤੇ ਚਲਾਨ ਦਾ ਮਰਹੂਮ ਗਾਇਕ ਨਾਲ ਕੋਈ ਸਬੰਧ ਨਹੀਂ ਹੈ। ਇਸ ਸਬੰਧੀ ਫੋਨ ਤੇ ਗੱਲ ਕਰਦਿਆਂ ਮਾਨਸਾ ਦੇ ਐਸ ਐਸ ਪੀ ਡਾ ਨਾਨਕ ਸਿੰਘ ਨੇ ਕਿਹਾ ਕਿ ਮਾਮਲਾ ਅਦਾਲਤ ਵਿੱਚ ਹੈ ਤੇ ਅਦਾਲਤ ਦੇ ਹੁਕਮਾਂ ਉਪਰ ਇਹ ਸੰਮਨ ਤਾਮੀਲ ਕਰਵਾਏ ਗਏ ਹਨ ਕਿਉਂਕਿ ਇਸ ਮਾਮਲੇ ਦੀ ਸੁਣਵਾਈ 12 ਜਨਵਰੀ ਨੂੰ ਤੈਅ ਹੈ।

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਵਿੱਚ ਪੰਜਾਬ ਦੇ ਮਸਲਿਆਂ ਨੂੰ ਵਿਚਾਰਿਆ

ਸੁਖਜਿੰਦਰ ਮਾਨ
ਬਠਿੰਡਾ, 21 ਦਸੰਬਰ:ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਵਲੋਂ ਅੱਜ ਇਕ ਜ਼ਰੂਰੀ ਮੀਟਿੰਗ ਕੀਤੀ ਗਈ। ਨਥਾਣਾ ਬਲਾਕ ਦੇ ਪਿੰਡ ਲਹਿਰਾ ਧੂਰਕੋਟ ਵਿੱਚ ਅਮਨਦੀਪ ਕੌਰ ਦੇ ਘਰ ਵਿੱਚ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਸਿੰਘ ਹਨੀ ਨੇ ਕਿਹਾ ਕਿਸਾਨੀ ਨਾਲ ਸੰਬੰਧਿਤ ਮਸਲੇ ਤੇ ਲੋਕ ਮਸਲੇ ਕਿ ਪੰਜਾਬ ਦੀ ਸੰਘਰਸ਼ਸ਼ੀਲ ਜਥੇਬੰਦੀ ਦੀ ਕਿਰਤੀ ਕਿਸਾਨ ਯੂਨੀਅਨ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ। ਪੰਜਾਬ ਦੇ ਦਰਿਆਈ ਪਾਣੀਆਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ । ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਹਰ ਖੇਤ ਨੂੰ ਨਹਿਰੀ ਪਾਣੀ, ਹਰ ਘਰ ਨੂੰ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਹੋਇਆਂ ਕਿਹਾ ਪਿਛਲੇ 7 ਮਹੀਨਿਆਂ ਦੇ ਵਿੱਚ ਸਰਕਾਰਾਂ ਕਿਸਾਨ ਪੱਖੀ ਕੋਈ ਵੀ ਫੈਸਲਾ ਨਹੀਂ ਲੈ ਸਕੀ ਜਿਸ ਕਾਰਨ ਕਿਸਾਨ ਲਗਾਤਾਰ ਸੜਕਾਂ ਤੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੀ ਪਹਿਲਾਂ ਵਾਲੀਆਂ ਸਰਕਾਰਾਂ ਦੇ ਰਾਹ ਤੇ ਚੱਲ ਰਹੀ ਹੈਂ ਜਿਸਦੇ ਚਲਦੇ ਹਰ ਵਰਗ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੀ ਮਿਸਾਲ ਜ਼ੀਰਾ ਵਿੱਚ ਲੱਗਿਆ ਮੋਰਚਾ ਹੈ ਪਰ ਲੋਕਾਂ ਦੀ ਅਵਾਜ਼ ਨੂੰ ਨਹੀ ਦਬਾਇਆ ਜਾ ਸਕਦਾ। ਸਰਕਾਰ ਦੀ ਧੱਕੇਸ਼ਾਹੀ ਦਾ ਜਵਾਬ ਸੰਘਰਸ਼ ਦੇ ਜ਼ੋਰ ਤੇ ਦਿੱਤਾ ਜਾਵੇਗਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲੜੇ ਗਏ ਸੰਘਰਸ਼ਾਂ ਨੂੰ ਦੇਖਦੇ ਹੋਏ ਲਗਾਤਾਰ ਕਿਰਤੀ ਕਿਸਾਨ ਯੂਨੀਅਨ ਨਾਲ ਲੋਕ ਜੁੜ ਰਹੇ ਹਨ । ਯੂਨੀਅਨ ਦੇ ਸਕੱਤਰ ਸਵਰਨ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਬੀ ਕੇ ਯੂ ਸਿੱਧੂਪੁਰ ਪਿੰਡ ਲਹਿਰਾ ਧੂਰਕੋਟ ਕਮੇਟੀ ਦੇ ਖਜ਼ਾਨਚੀ ਅਮਨਦੀਪ ਕੌਰ ਦੀ ਅਗਵਾਈ ਵਿਚ ਸਿੱਧੂਪੁਰ ਛੱਡ ਕੇ 12 ਪਰਿਵਾਰ ਕਿਰਤੀ ਕਿਸਾਨ ਯੂਨੀਅਨ ਵਿੱਚ ਸ਼ਾਮਲ ਹੋਏ।ਅਮਨਦੀਪ ਕੌਰ ਨੇ ਕਿਹਾ ਕਿ ਭਾਂਵੇਂ ਉਤਰਾਅ ਚੜ੍ਹਾਅ ਬਹੁਤ ਆਏ ਪਰ ਲੋਕਾਂ ਦੇ ਮਸਲਿਆਂ ਤੋਂ ਕਦੇ ਮੂੰਹ ਨਹੀਂ ਮੋੜਿਆ ਅਤੇ ਅੱਗੇ ਵੀ ਇਸੇ ਤਰ੍ਹਾਂ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਵਚਨਵੱਧ ਰਹਿਣਗੇ। ਅਮਨਦੀਪ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਆਪਣੀ ਧੀ ਦੇ ਨਾਲ ਮੋਢਾ ਜੋੜ ਕੇ ਖੜੇ ।ਜਥੇਬੰਦੀ ਦੇ ਆਗੂਆਂ ਨੇ ਭਰੋਸਾ ਦਿੱਤਾ ਕਿ ਹਰ ਇੱਕ ਕਾਰਕੁਨ ਨੂੰ ਮਾਣ ਸਤਿਕਾਰ ਦਿੱਤਾ ਜਾਵੇਗਾ।ਇਸ ਮੌਕੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਝਬੇਲਵਾਲੀ, ਹਰਪਾਲ ਕੌਰ,‌ ਨਿਰਮਲਾ ਕੌਰ, ਸੁਰਜੀਤ ਕੌਰ, ਮਨਜੀਤ ਕੌਰ,‌ ਕੁਲਵਿੰਦਰ ਕੌਰ,‌ ਜੀਤ ਕੌਰ, ਗੁਰਚਰਨ ਕੌਰ ਆਦਿ ਮੌਜੂਦ ਸਨ।

 

ਅਮਨ ਅਰੋੜਾ ਦੇ ਬਿਆਨ ਦੀ ਭਾਕਿਯੂ ਏਕਤਾ-ਉਗਰਾਹਾਂ ਵੱਲੋਂ ਸਖ਼ਤ ਨਿਖੇਧੀ

ਜ਼ੀਰਾ ਸ਼ਰਾਬ ਫੈਕਟਰੀ ਦੇ ਗਹਿਰੇ ਪ੍ਰਦੂਸ਼ਣ ਨਾਲ ਅਨੇਕਾਂ ਮਨੁੱਖਾਂ ਤੇ ਪਸ਼ੂਆਂ ਦੀਆਂ ਜਾਨਾਂ ਜਾ ਰਹੀਆਂ ਅਤੇ ਫ਼ਸਲਾਂ ਦਾ ਹੋ ਰਿਹਾ ਭਾਰੀ ਨੁਕਸਾਨ: ਆਗੂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ 21 ਦਸੰਬਰ: ਅੱਜ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਵਿਰੁੱਧ ਧਰਨੇ ਨੂੰ ਗੈਰ ਕਾਨੂੰਨੀ ਕਹਿਣ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਇਸ ਸਬੰਧੀ ਇੱਥੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਾਅਵਾ ਕੀਤਾ ਹੈ ਕਿ ਇਸ ਫੈਕਟਰੀ ਦੇ ਪ੍ਰਦੂਸ਼ਣ ਨੇ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਕੈਂਸਰ ਵਰਗੇ ਭਿਆਨਕ ਰੋਗਾਂ ਨਾਲ ਭਾਰੀ ਗਿਣਤੀ ਵਿੱਚ ਮਨੁੱਖਾਂ ਅਤੇ ਪਸ਼ੂਆਂ ਦੀਆਂ ਜਾਨਾਂ ਨਿਗਲ਼ ਲਈਆਂ ਹਨ ਅਤੇ ਫ਼ਸਲਾਂ ਦੇ ਝਾੜ ਘਟਾਏ ਹਨ। ਜੇਕਰ ਸਰਕਾਰ ਨੂੰ ਲੋਕਾਂ ਨਾਲ਼ ਭੋਰਾ ਵੀ ਹਮਦਰਦੀ ਹੁੰਦੀ ਅਤੇ ਉਹ ਇਨ੍ਹਾਂ ਘਟਨਾਵਾਂ ਦੀ ਨਿਰਪੱਖ ਜਾਂਚ ਕਰਾਉਂਦੀ ਤਾਂ ਅਸਲੀਅਤ ਸਾਹਮਣੇ ਆ ਜਾਂਦੀ। ਪ੍ਰੰਤੂ ਫੈਕਟਰੀ ਮਾਲਕ ਨੇ ਭ੍ਰਿਸ਼ਟ ਅਫ਼ਸਰਸ਼ਾਹੀ ਜ਼ਰ੍ਹੀਏ ਜਾਹਲੀ ਰਿਪੋਰਟਾਂ ਹਾਈ ਕੋਰਟ ਵਿੱਚ ਪੇਸ਼ ਕਰਕੇ ਪਹਿਲਾਂ ਵੀਹ ਕ੍ਰੋੜ ਮੁਆਵਜ਼ੇ ਦੇ ਹੁਕਮ ਜਾਰੀ ਕਰਵਾਏ ਜਿਹੜਾ ਦੇਣ ਵਿੱਚ ਪੂਰੀ ਫੁਰਤੀ ਦਿਖਾਈ ਹੈ। ਅੱਜ ਹੋਰ ਦਸ ਕ੍ਰੋੜ ਦੇਣ ਦਾ ਹੁਕਮ ਚਾੜ੍ਹਿਆ ਗਿਆ ਹੈ। ਪੀੜਤ ਲੋਕਾਂ ਅਤੇ ਹਮਾਇਤੀ ਜਥੇਬੰਦੀਆਂ ਦਾ ਸੰਘਰਸ਼ ਪੂਰੀ ਤਰ੍ਹਾਂ ਵਾਜਬ ਅਤੇ ਨਿਆਂਈਂ ਹੈ। ਫੈਕਟਰੀ ਚਲਾਉਣ ਖਾਤਰ ਢਾਹਿਆ ਜਾ ਰਿਹਾ ਸਰਕਾਰੀ ਜਬਰ ਸਰਾਸਰ ਨਜਾਇਜ਼ ਧੱਕੇਸ਼ਾਹੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਹਜ਼ਾਰਾਂ ਪੁਲਿਸ ਕਰਮੀਆਂ ਦੇ ਥਾਂ ਥਾਂ ਨਾਕੇ ਲਾ ਕੇ ਲਾਠੀਚਾਰਜਾਂ ਜ਼ਰ੍ਹੀਏ ਲੋਕਾਂ ਨੂੰ ਸ਼ਾਂਤਮਈ ਧਰਨੇ ਵਿੱਚ ਜਾਣੋਂ ਰੋਕਣ ਦਾ ਸਿਲਸਿਲਾ ਤੁਰੰਤ ਬੰਦ ਕੀਤਾ ਜਾਵੇ। ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਡੱਕੇ ਸਾਰੇ ਲੋਕ ਕੇਸ ਵਾਪਸ ਲੈ ਕੇ ਰਿਹਾਅ ਕੀਤੇ ਜਾਣ।25 ਲੋਕਾਂ ਦੇ ਮੁਅੱਤਲ ਕੀਤੇ ਅਸਲਾ ਲਾਇਸੈਂਸ ਬਹਾਲ ਕਰਕੇ ਜ਼ਬਤ ਕੀਤੇ ਗਏ ਹਥਿਆਰ ਵਾਪਸ ਦਿੱਤੇ ਜਾਣ। ਛਾਪੇਮਾਰੀ ਬੰਦ ਕੀਤੀ ਜਾਵੇ ਅਤੇ ਤੋੜ ਭੰਨ ਕੀਤੇ ਗਏ ਸਾਮਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਫੈਕਟਰੀ ਚਾਲੂ ਕੀਤੇ ਬਗੈਰ ਪੀੜਤ ਲੋਕਾਂ ਨੂੰ ਪ੍ਰਵਾਨਤ ਅਧਿਕਾਰਤ ਜਾਂਚ ਕਮੇਟੀਆਂ ਰਾਹੀਂ ਹਰ ਕਿਸਮ ਦੀ ਪ੍ਰਦੂਸ਼ਣ-ਤਬਾਹੀ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਇਲਾਕਾ ਨਿਵਾਸੀਆਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਦੀ ਗਰੰਟੀ ਕੀਤੀ ਜਾਵੇ।

ਮੁੱਖ ਮੰਤਰੀ ਮਨੋਹਰ ਲਾਲ ਤੇ ਕੇਂਦਰੀ ਰਾਜਮੰਤਰੀ ਕ੍ਰਿਸ਼ਣਪਾਲ ਗੁਰਜਰ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ

0

ਗਲਬਾਤ ਕਰ ਕਰਵਾਇਆ ਸਮਸਿਆ ਦਾ ਹੱਲ
ਦਿੱਲੀ ਮੁੰਬਈ ਐਕਸਪ੍ਰੈਸ ਵੇ ’ਤੇ ਚੰਦਾਵਲੀ ਵਿਚ ਆਰਯੂਬੀ ਦਾ ਕੇਂਦਰੀ ਰਾਜਮੰਤਰੀ ਕ੍ਰਿਸ਼ਣਪਾਲ ਗੁਰਜਰ ਨੇ ਪਿੰਡ ਦੇ ਬਜੁਰਗਾਂ ਤੋਂ ਕਰਵਾਇਆ ਨੀਂਹ ਪੱਥਰ
ਪਿਛਲੇ 22 ਦਿਨ ਤੋਂ ਆਰਯੂਬੀ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਪਿੰਡ ਦੇ ਬਜੁਰਗਾਂ ਤੋਂ ਉਠਵਾਇਆ ਧਰਨਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਦਸੰਬਰ :- ਦਿੱਲੀ-ਮੁੰਬਈ ਐਕਸਪ੍ਰੈਸ ਵੇ ’ਤੇ ਫਰੀਦਾਬਾਦ ਦੇ ਵਲੱਭਗੜ੍ਹ ਮੋਹਨਾ ਰੋਡ ’ਤੇ ਚੰਦਾਵਲੀ ਪਿੰਡ ਦੇ ਕੋਲ ਅੰਡਰ ਬ੍ਰਿਜ ਦੀ ਸਮਸਿਆ ਦਾ ਮੰਗਲਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਤੇ ਕੇਂਦਰੀ ਉਰਜਾ ਅਤੇ ਭਾਰੀ ਉਦਯੋਗ ਰਾਜਮੰਤਰੀ ਕ੍ਰਿਸ਼ਣਪਾਲ ਗੁਰਜਰ ਦੀ ਦਖਲਅੰਦਾਜੀ ਬਾਅਦ ਹੱਲ ਹੋ ਗਿਆ। ਹੁਣ ਇੱਥੇ ਐਕਸਪ੍ਰੈਸ ਵੇ ਦੇ ਹੇਠਾਂ ਤੋਂ ਆਰਯੂਬੀ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਹ ਆਰਯੂਬੀ ਦਿੱਲੀ -ਆਗਰਾ ਕੈਨਾਲ ’ਤੇ ਬਣੇ ਪੁੱਲ ਦੀ ਚੌੜਾਈ ਦਾ ਹੀ ਬਣਾਇਆ ਜਾਵੇਗਾ। ਕੇਂਦਰੀ ਰਾਜ ਮੰਤਰੀ ਕ੍ਰਿਸ਼ਣਪਾਲ ਗੁਰਜਰ ਨੇ ਪਿੰਡ ਦੇ ਬਜੁਰਗਾਂ ਤੋਂ ਨਾਰਿਅਲ ਤੋੜ ਕੇ ਆਰਯੂਬੀ ਦਾ ਕੰਮ ਵੀ ਸ਼ੁਰੂ ਕਰਵਾਇਆ। ਕੇਂਦਰੀ ਰਾਜ ਮੰਤਰੀ ਕ੍ਰਿਸ਼ਣਪਾਲ ਗੁਰਜਰ ਨੇ ਇਸ ਮੌਕੇ ’ਤੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਦਿੱਲੀ ਮੁੰਬਈ ਐਕਸਪ੍ਰੈਸ ਵੇ ’ਤੇ ਡਿਜਾਇਨ ਦੌਰਾਨ ਚੰਦਾਵਲੀ ਪਿੰਡ ਦੇ ਸਾਹਮਣੇ ਆਰਯੂਬੀ ਦਾ ਪ੍ਰਾਵਧਾਨ ਨਹੀਂ ਹੋ ਪਾਇਆ ਸੀ। ਇਸ ਨਾਲ ਪਿੰਡਵਾਸੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਰੀਬ 20 ਪਿੰਡ ਦੇ ਪਿੰਡਵਾਸੀਆਂ ਨੂੰ ਵਲੱਭਗੜ੍ਹ ਲਿਆਉਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ 22 ਦਿਨਾਂ ਤੋਂ ਪਿੰਡ ਦੇ ਲੋਕਾਂ ਵੱਲੋਂ ਇਹ ਆਵਾਜ ਚੁੱਕੀ ਜਾ ਰਹੀ ਸੀ। ਪਿੰਡ ਵਾਸੀਆਂ ਦੀ ਮੰਗ ਜਾਇਜ ਸੀ ਅਤੇ ਉਨ੍ਹਾਂ ਨੇ ਇਸ ਸਬੰਧ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਇਸ ਬਾਰੇ ਵਿਚ ਗਲਬਾਤ ਕੀਤੀ। ਇਸ ਦੇ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਦੇ ਲਈ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਗਲਬਾਤ ਕੀਤੀ ਤੇ ਚਿੱਠੀ ਵੀ ਲਿਖੀ। ਉਨ੍ਹਾਂ ਨੇ ਕਿਹਾ ਕਿ ਉਹ ਬਤੌਰ ਸਾਂਸਦ ਵੀ ਕੇਂਦਰੀ ਸੜਕ ਟਹਾਂਸਪੋਰਟ ਮੰਤਰੀ ਨਾਲ ਮਿਲੇ। ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਤੇ ਸਥਾਨਕ ਵਿਧਾਇਕ ਨੈਯਨਪਾਲ ਰਾਵਤ ਵੀ ਇਸ ਮੁੱਦੇ ਨੂੰ ਲੈ ਕੇ ਗੰਭੀਰਤਾ ਨਾਲ ਕੰਮ ਕਰ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਹੁਣ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨੇ ਇਸ ਸਮਸਿਆ ਦੇ ਹੱਲ ਲਈ ਚੰਦਾਵਲੀ ਪਿੰਡ ਦੇ ਸਾਹਮਣੇ ਵਲੱਭਗੜ੍ਹ -ਮੋਹਨਾ ਰੋਡ ’ਤੇ ਰੋਡ ਅੰਡਰ ਬ੍ਰਿਜ ਬਨਾਉਣ ਨੂੰ ਮੰਜੂਰੀ ਦੇ ਦਿੱਤੀ ਹੈ। ਇਸ ਮੌਕੇ ’ਤੇ ਡਿਪਟੀ ਕਮਿਸ਼ਨਰ ਵਿਕਰਮ ਸਿੰਘ, ਐਸਡੀਐਮ ਤਿਰਲੋਕ ਚੰਦ, ਭਾਜਪਾ ਨੇਤਾ ਟੱਪਰ ਚੰਦ ਸ਼ਰਮਾ ਤੋਂ ਇਲਾਵਾ ਪਿੰਡ ਵਾਸੀਆਂ ਵੱਲੋਂ ਮੂਲਚੰਦ ਯਾਦਵ , ਇਸ਼ਵਰ ਲਾਂਬਾ, ਕੁਲਦੀਪ ਚਹਿਲ, ਬਲਜੀਤ ਕਾਦਿਆਨ ਸਮੇਤ ਐਨਐਚਏਆਈ ਦੇ ਅਧਿਕਾਰੀ ਵੀ ਮੌਜੂਦ ਸਨ।

ਧੁੰਦ ਦੇ ਚੱਲਦੇ ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲਿਆ, ਹੁਣ 10 ਵਜੇ ਖੁੱਲਣਗੇ ਸਕੂਲ

0

ਸੁਖਜਿੰਦਰ ਮਾਨ
ਬਠਿੰਡਾ, 20 ਦਸੰਬਰ : ਸੂਬੇ ’ਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਿਆਨਕ ਧੁੰਦ ਕਾਰਨ ਹੋ ਰਹੇ ਹਾਦਸਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਹੁਣ 21 ਦਸੰਬਰ ਤੋਂ ਸਮੂਹ ਸਕੂਲ ਸਵੇਰੇ ਦਸ ਵਜੇਂ ਖੁੱਲਣਗੇ ਜਦੋਂਕਿ ਪ੍ਰਾਇਮਰੀ ਸਕੂਲਾਂ ਵਿਚ 3 ਵਜੇਂ ਅਤੇ ਹਾਈ ਤੇ ਸੈਕੰਡਰੀ ਸਕੂਲਾਂ ਵਿਚ 4 ਵਜੇਂ ਛੂੁੱਟੀ ਹੋਵੇਗੀ। ਇਸ ਸਬੰਧ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੁਪਿਹਰ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ। ਜਦੋਂਕਿ ਸਿੱਖਿਆ ਵਿਭਾਗ ਨੇ ਵੀ ਇਸ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਅਤੇ ਸ਼ਿਵ ਪਾਲ ਗੋਇਲ ਬਠਿੰਡਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਪੱਤਰ ਹੁਕਮ ਨੰਬਰ 167731 ਮਿਤੀ 20-12-2022 ਅਨੁਸਾਰ ਸਰਕਾਰੀ, ਪ੍ਰਾਈਵੇਟ ਅਤੇ ਅੱਧ ਸਰਕਾਰੀ ਸਕੂਲਾਂ ਦਾ ਖੁੱਲਣ ਦਾ ਸਮਾਂ ਤਬਦੀਲ ਕੀਤਾ ਗਿਆ ਹੈ । ਇਹ ਹੁਕਮ ਜ਼ਿਲ੍ਹਾ ਬਠਿੰਡਾ ਭਰ ਦੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 21 ਦਿਸੰਬਰ 2022 ਤੋਂ 21ਜਨਵਰੀ 2023 ਤੱਕ ਹੋਵੇਗਾ ਲਾਗੂ ਰਹਿਣਗੇ। ਜੇਕਰ ਕੋਈ ਵੀ ਸਕੂਲ ਸਰਕਾਰੀ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ।

ਜ਼ਿਲ੍ਹੇ ਚ 17 ਹੋਰ ਨਵੇਂ ਆਮ ਆਦਮੀ ਕਲੀਨਿਕ ਕੀਤੇ ਜਾਣਗੇ ਸਥਾਪਿਤ : ਡਿਪਟੀ ਕਮਿਸ਼ਨਰ

0

ਅਧਿਕਾਰੀਆਂ ਨੂੰ ਜਲਦ ਕੰਮ ਸ਼ੁਰੂ ਕਰਵਾਉਣ ਦੇ ਦਿੱਤੇ ਨਿਰਦੇਸ਼
ਹਰ ਹਫ਼ਤੇ ਰੀਵਿਊ ਬੈਠਕ ਕਰਕੇ ਕੀਤੀ ਜਾਵੇਗੀ ਸਮੀਖਿਆ
ਸੁਖਜਿੰਦਰ ਮਾਨ
ਬਠਿੰਡਾ, 20 ਦਸੰਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਨੂੰ ਸਿੱਖਿਆ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਮੇਸ਼ਾ ਵਚਨਵੱਧ ਹੈ। ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਹੀ ਵਧੀਆ ਸਿਹਤ ਸੇਵਾਵਾਂ ਦੇਣ ਦੇ ਮਕਸਦ ਨਾਲ ਜ਼ਿਲ੍ਹੇ ਚ 17 ਨਵੇਂ ਹੋਰ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼?ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਚ ਨਵੇਂ ਬਣਾਏ ਜਾਣ ਵਾਲੇ ਆਮ ਆਦਮੀ ਕਲੀਨਿਕ ਦੀ ਸਥਿਤੀ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਦੌਰਾਨ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਚ 8 ਪਹਿਲਾਂ ਵੱਖ-ਵੱਖ ਥਾਵਾਂ ਤੇ ਆਮ ਆਦਮੀ ਕਲੀਨਿਕ ਚੱਲ ਰਹੇ ਹਨ ਤੇ ਇਨ੍ਹਾਂ ਕਲੀਨਿਕਾਂ ਦੇ ਸਬੰਧਤ ਖੇਤਰਾਂ ਦੇ ਵਸਨੀਕਾਂ ਵਲੋਂ ਲਾਹਾ ਲਿਆ ਜਾ ਰਿਹਾ ਹੈ। ਬੈਠਕ ਦੌਰਾਨ ਉਨ੍ਹਾਂ ਨਵੇਂ ਖੋਲ੍ਹੇ ਜਾਣ ਵਾਲੇ ਕਲੀਨਿਕਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਜਲਦ ਇਨ੍ਹਾਂ ਕਲੀਨਿਕਾਂ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਤੇ ਕਾਰਜਾਂ ਨੂੰ ਤਹਿ ਸਮੇਂ ਅਨੁਸਾਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ. ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

ਮੁੱਖ ਮੰਤਰੀ ਨੇ ਹੈਦਰਾਬਾਦ ਵਿਖੇ ਵੱਡੇ ਉਦਯੋਗਪਤੀਆਂ ਨੂੰ ਪੰਜਾਬ ਵਿਚ ਨਿਵੇਸ਼ ਦਾ ਦਿੱਤਾ ਸੱਦਾ

ਕਿਹਾ, ਸਭ ਤੋਂ ਵਧੀਆ ਸੂਬੇ ਨਾਲ ਮਿਲ ਕੇ ਵਧਾਉ ਆਪਣਾ ਕਾਰੋਬਾਰ
ਪੰਜਾਬ ਨੂੰ ਅਥਾਹ ਮੌਕਿਆਂ ਦੀ ਧਰਤੀ ਦੱਸਿਆ
ਪੰਜਾਬੀ ਖ਼ਬਰਸਾਰ ਬਿਉਰੋ
ਹੈਦਰਾਬਾਦ, 20 ਦਸੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਵਿੱਚ ਵੱਡੇ ਕਾਰੋਬਾਰੀਆਂ ਨੂੰ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਉਦਯੋਗ ਜਗਤ ਦੇ ਕਪਤਾਨਾਂ ਨੂੰ ਬਿਹਤਰੀਨ ਸੂਬੇ ਨਾਲ ਅੱਗੇ ਵਧਣ’ ਲਈ ਆਖਿਆ। ਉਨ੍ਹਾਂ ਕਿਹਾ ਕਿ ਪੰਜਾਬ ਅਥਾਹ ਮੌਕਿਆਂ ਦੀ ਧਰਤੀ ਹੈ ਅਤੇ ਨਿਵੇਸ਼ ਅਤੇ ਕਾਰੋਬਾਰ ਦੇ ਵਿਸਤਾਰ ਲਈ ਇਹ ਸਭ ਤੋਂ ਅਨੁਕੂਲ ਸੂਬਾ ਹੈ।ਮੁੱਖ ਮੰਤਰੀ ਨੇ ਆਪਣੀ ਦੌਰੇ ਮੌਕੇ ਹਾਰਟੈਕਸ ਰਬੜ ਦੇ ਐਮ.ਡੀ. ਵਰੁਣ ਸੁਰੇਖਾ, ਅਮਰੀਕਾ ਦੇ ਕੈਂਸਰ ਸੈਂਟਰਾਂ ਦੀ ਸੀ.ਈ.ਓ. ਭਾਰਤ ਸਮਿਤਾ ਰਾਜੂ ਤੇ ਕਾਰਜਕਾਰੀ ਡਾਇਰੈਕਟਰ ਰਾਜੇਸ਼ ਮੰਥੇਨਾ, ਨਰਾਇਣ ਗਰੁੱਪ ਆਫ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਦੇ ਕਾਰਜਕਾਰੀ ਡਾਇਰੈਕਟਰ ਪੁਨੀਤ ਕੋਥੱਪਾ, ਜੀ.ਐਮ.ਆਰ. ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਸਾਊਥ ਐਸ.ਜੀ.ਕੇ. ਕਿਸ਼ੋਰ, ਅੰਨਪੂਰਨਾ ਸਟੂਡੀਓਜ਼ ਦੀ ਕਾਰਜਕਾਰੀ ਡਾਇਰੈਕਟਰ ਸੁਪ੍ਰੀਆ ਵਾਈ, ਵੈਂਡਰਲਾ ਦੇ ਪ੍ਰੈਜੀਡੈਂਟ ਐਮ. ਸ਼ਿਵਦਾਸ, ਸੀ.ਓ.ਓ. ਬਾਇਓਲਾਜੀਕਲ ਈ. ਲਕਸ਼ਮੀਨਾਰਾਇਣ ਨੇਤੀ, ਲਾਰਸ ਲੈਬਜ਼ ਦੇ ਕਾਰਜਕਾਰੀ ਡਾਇਰੈਕਟਰ ਅਤੇ ਸੀ.ਐਫ.ਓ. ਵੀ.ਵੀ. ਰਵੀ ਕੁਮਾਰ, ਡੀ.ਈ.ਐਫ.ਟੀਮ ਦੇ ਸੀ.ਈ.ਓ. ਗੁਰਪ੍ਰੀਤ ਸਿੰਘ ਅਤੇ ਹੋਰਨਾਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਦੱਸਿਆ ਅਤੇ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਲਈ ਆਖਦਿਆਂ ਕਿਹਾ ਕਿ ਸੂਬਾ ਸਰਕਾਰ ਉਦਯੋਗਿਕ ਸਮੂਹਾਂ ਨੂੰ ਪੰਜਾਬ ਵਿੱਚ ਆਪਣੇ ਕੰਮਕਾਜ ਸਥਾਪਤ ਕਰਨ ਲਈ ਪੂਰਣ ਸਹਿਯੋਗ ਦੇਣ ਲਈ ਵਚਨਬੱਧ ਹੈ। ਪੰਜਾਬ ਨੂੰ ਕਾਰੋਬਾਰ ਲਈ ਸਭ ਤੋਂ ਬਿਹਤਰੀਨ ਥਾਂ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਨਿਵੇਸ਼ ਕਰਨ ਨਾਲ ਕੰਪਨੀਆਂ ਨੂੰ ਬਹੁਤ ਫ਼ਾਇਦਾ ਹੋਵੇਗਾ। ਮੁੱਖ ਮੰਤਰੀ ਨੇ ਜ਼ੋਰ ਨਾਲ ਕਿਹਾ ਕਿ ਸੂਬੇ ਵਿੱਚ ਆਪਸੀ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਹੈ ਜਿਸ ਸਦਕਾ ਸੂਬੇ ਵਿੱਚ ਸਰਬਪੱਖੀ ਵਿਕਾਸ ਅਤੇ ਖ਼ੁਸ਼ਹਾਲੀ ਹੋਈ ਹੈ। ਭਗਵੰਤ ਮਾਨ ਨੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਕਾਰੋਬਾਰੀ ਵਧੀਆ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਵਸੀਲਿਆਂ ਅਤੇ ਉੱਤਮ ਉਦਯੋਗਿਕ ਅਤੇ ਕੰਮ ਸੱਭਿਆਚਾਰ ਅਤੇ ਅਨੁਕੂਲ ਮਾਹੌਲ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਆਪਣੇ ਕਾਰੋਬਾਰ ਵਧਾਉਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਵਿਹਾਰਕ ਨੀਤੀਆਂ ਸਣੇ ਉਦਯੋਗਿਕ ਸ਼ਾਂਤੀ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚਾ ਪੰਜਾਬ ਵਿੱਚ ਉਦਯੋਗਿਕ ਵਿਕਾਸ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਦਾ ਹੈ।
ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਦੱਸਿਆ ਕਿ ਇਹ ਸੂਬੇ ਲਈ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ਚੋਟੀ ਦੀ ਪ੍ਰਾਪਤੀ ਵਾਲੇ ਕਾਰੋਬਾਰ ਲਈ ਸਭ ਤੋਂ ਆਸਾਨ ਪਹੁੰਚ ਵਾਲੇ ਰਾਜ ਦੀ ਰੈਂਕਿੰਗ ਵਿੱਚ ਰੱਖਿਆ ਗਿਆ ਹੈ। ਇਸੇ ਤਰ੍ਹਾਂ ਇਨਵੈਸਟ ਪੰਜਾਬ ਨੂੰ ਵੀ 100% ਸਕੋਰ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਵਾਲੀ ਨਿਵੇਸ਼ ਪ੍ਰਮੋਸ਼ਨ ਏਜੰਸੀ ਦਾ ਦਰਜਾ ਦਿੱਤਾ ਗਿਆ ਹੈ। ਸੂਬੇ ਦੀਆਂ ਹੋਰ ਪ੍ਰਾਪਤੀਆਂ ਗਿਣਾਉਂਦੀਆਂ ਭਗਵੰਤ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਦੇ ਲੌਜਿਸਟਿਕਸ ਇੰਡੈਕਸ ਵਿੱਚ ਵੀ ਪੰਜਾਬ 90% ਤੋਂ ਵੱਧ ਸਕੋਰ ਨਾਲ ਇੱਕ ਅਚੀਵਰ ਸੂਬਾ ਹੈ, ਜੋ ਭਾਰਤ ਵਿੱਚ ਕਾਰਗੋ ਦੀ ਆਵਾਜਾਈ ਦੀ ਸੁਰੱਖਿਆ ਦੇ ਮਾਮਲੇ ਵਿੱਚ ਵੀ ਪਹਿਲੇ ਸਥਾਨ ’ਤੇ ਹੈ।ਸਨਅਤਕਾਰਾਂ ਨੂੰ ਸੂਬੇ ਵਿੱਚ ਭਰਪੂਰ ਜੀਅ ਆਇਆਂ ਨੂੰ ਆਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਖੋਜਾਂ ਲਈ ਹਮੇਸ਼ਾ ਤਤਪਰ ਹੈ। ਉਨ੍ਹਾਂ ਆਸ ਜਤਾਈ ਕਿ ਇਸ ਦੌਰੇ ਨਾਲ ਸੂਬੇ ਵਿੱਚ ਉਦਯੋਗੀਕਰਨ ਦੀ ਪ੍ਰਕਿਰਿਆ ਨੂੰ ਵੱਡਾ ਹੁਲਾਰਾ ਮਿਲੇਗਾ ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇਸ਼ ਦਾ ਉਦਯੋਗਿਕ ਧੁਰਾ ਬਣ ਕੇ ਉਭਰੇਗਾ।ਮੁੱਖ ਮੰਤਰੀ ਨੇ 23-24 ਫ਼ਰਵਰੀ, 2023 ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਵੀ ਵਿਸ਼ਵ ਦੇ ਉਦਯੋਗਪਤੀਆਂ ਨੂੰ ਨਿੱਘਾ ਸੱਦਾ ਦਿੱਤਾ।ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਉਦਯੋਗ ਦਲੀਪ ਕੁਮਾਰ, ਇਨਵੈਸਟ ਪੰਜਾਬ ਦੇ ਸੀ.ਈ.ਓ. ਕਮਲ ਕਿਸ਼ੋਰ ਯਾਦਵ, ਮੁੱਖ ਮੰਤਰੀ ਦੇ ਵਧੀਕ ਵਿਸ਼ੇਸ਼ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਅਤੇ ਹੋਰ ਵੀ ਹਾਜ਼ਰ ਸਨ।

ਸਰਕਾਰ ਸੂਬਾ ਵਾਸੀਆਂ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਦੇ ਪ੍ਰਭਾਵਸ਼ਾਲੀ ਤੇ ਜਵਾਬਦੇਹੀ ਪ੍ਰਸ਼ਾਸਨ ਦੇਣ ਲਈ ਵਚਨਬੱਧ: ਮੀਤ ਹੇਅਰ

0

ਲੋਕਾਂ ਤੋਂ ਜ਼ਮੀਨੀ ਹਕੀਕਤਾਂ ਦੀ ਫੀਡਬੈਕ ਲੈਣ ਡਿਪਟੀ ਕਮਿਸ਼ਨਰ ਹਫ਼ਤੇ ਚ ਇਕ ਦਿਨ ਸੇਵਾ ਕੇਂਦਰਾਂ ਦਾ ਦੌਰਾ ਯਕੀਨੀ ਬਣਾਉਣ
ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ‘ਸੁਚੱਜੇ ਪ੍ਰਸ਼ਾਸਨ ਸਪਤਾਹ’ ਤਹਿਤ ਸੂਬਾ ਪੱਧਰੀ ਸਮਾਗਮ ਕਰਵਾਇਆ
ਪ੍ਰਸ਼ਾਸਨਿਕ ਸੁਧਾਰ ਮੰਤਰੀ ਨੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਫੀਲਡ ਅਫਸਰਾਂ ਨਾਲ ਕੀਤੀ ਵੀਡਿਓ ਕਾਨਫਰੰਸ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਦੇ ਪ੍ਰਭਾਵਸ਼ਾਲੀ ਤੇ ਜਵਾਬਦੇਹੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਇਸੇ ਦਿਸ਼ਾ ਵਿੱਚ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੀ ਵੀ ਇਹੋ ਕੋਸ਼ਿਸ਼ ਹੈ ਕਿ ਲੋਕਾਂ ਨੂੰ 537 ਸੇਵਾ ਕੇਂਦਰਾਂ ਵਿੱਚ ਮੁਹੱਈਆ ਕਰਵਾਈਆਂ ਜਾਂਦੀਆਂ 430 ਨਾਗਰਿਕ ਸੇਵਾਵਾਂ ਲੋਕਾਂ ਨੂੰ ਸੁਖਾਲੀਆਂ ਦਿੱਤੀਆਂ ਜਾਣ।’ਲੋਕਾਂ ਦੀ ਸਰਕਾਰ, ਲੋਕਾਂ ਦੇ ਦੁਆਰ’ ਨਾਅਰੇ ਤਹਿਤ ਕੰਮ ਕੀਤਾ ਜਾਵੇ। ਇਹ ਗੱਲ ਪ੍ਰਸ਼ਾਸਨਿਕ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ‘ਸੁਚੱਜੇ ਪ੍ਰਸ਼ਾਸਨ ਸਪਤਾਹ’ ਤਹਿਤ ਅੱਜ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਕਹੀ। ਪੰਜਾਬ ਭਵਨ ਚੰਡੀਗੜ੍ਹ ਵਿਖੇ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਫੀਲਡ ਅਫਸਰਾਂ ਨੂੰ ਵੀਡਿਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਇਹ ਯਕੀਨੀ ਬਣਾਉਣ ਕਿ ਹਫ਼ਤੇ ਵਿੱਚ ਘੱਟੋ-ਘੱਟ ਇਕ ਦਿਨ ਕਿਸੇ ਸੇਵਾ ਕੇਂਦਰ ਦਾ ਦੌਰਾ ਕਰਨ ਜਿਸ ਨਾਲ ਉਹ ਜਿੱਥੇ ਲੋਕਾਂ ਦੀ ਫੀਡਬੈਕ ਹਾਸਲ ਕਰ ਸਕਣਗੇ ਉੱਥੇ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਤੇਜ਼ੀ ਆਵੇਗੀ। ਪ੍ਰਸ਼ਾਸਨਿਕ ਸੁਧਾਰ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਪ੍ਰਚਾਰ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾਣ। ਸੇਵਾ ਕੇਂਦਰ ਵਿੱਚ ਬਿਹਤਰ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਦੇ ਪ੍ਰੋਤਸਾਹਨ ਲਈ ਉਨ੍ਹਾਂ ਦਾ ਸਨਮਾਨ ਕੀਤਾ ਜਾਵੇ। ਇਸੇ ਤਰ੍ਹਾਂ ਇਸ ਸੁਚੱਜੇ ਪ੍ਰਸ਼ਾਸਨ ਸਪਤਾਹ ਦੌਰਾਨ ਖ਼ਾਸ ਕਰਕੇ ਸਰਹੱਦੀ ਜ਼ਿਲਿਆਂ ਅਤੇ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਰਹਿੰਦੇ ਲੋਕਾਂ ਲਈ ਵਿਸ਼ੇਸ਼ ਕੈਂਪ ਲੱਗਾ ਕੇ ਉਨ੍ਹਾਂ ਨੂੰ ਘਰ ਦੇ ਨੇੜੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ।ਮੀਤ ਹੇਅਰ ਨੇ ਕਿਹਾ ਕਿ ਕਈ ਸੇਵਾਵਾਂ ਲਈ ਮੰਗੇ ਜਾਂਦੇ ਬੇਲੋੜੇ ਦਸਤਾਵੇਜ਼ ਨੂੰ ਘਟਾਇਆ ਜਾਵੇ।ਇਸ ਲਈ ਲੋਕਾਂ ਤੋਂ ਫੀਡਬੈਕ ਲੈਣ ਲਈ ਪੋਰਟਲ ਬਣਾਇਆ ਜਾ ਰਿਹਾ ਹੈ ਜਿਸ ਰਾਹੀਂ ਲੋਕਾਂ ਤੋਂ ਸੁਝਾਅ ਲਏ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਉਹ ਨਿਰੰਤਰ ਕੰਮਾਂ ਦਾ ਰੀਵਿਊ ਕਰਦੇ ਰਹਿੰਦੇ ਹਨ ਜਿਸ ਵਿੱਚ ਪੈਂਡਿੰਗ ਕੇਸਾਂ ਦਾ ਜਾਇਜ਼ਾ ਲਿਆ ਜਾਂਦਾ ਹੈ।ਇਸ ਤੋਂ ਇਲਾਵਾ ਕੇਸ ਵਾਪਸ ਭੇਜਣ ਦੇ ਮਾਮਲਿਆਂ ਵਿੱਚ ਹੋਰ ਕਮੀ ਲਿਆਂਦੀ ਜਾਵੇ। ਇਸ ਤੋਂ ਪਹਿਲਾਂ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਦੇਸ਼ ਭਰ ਵਿੱਚ 19 ਤੋਂ 25 ਦਸੰਬਰ ਤੱਕ ‘ਸੁਚੱਜਾ ਪ੍ਰਸ਼ਾਸਨ ਸਪਤਾਹ’ ਮਨਾਇਆ ਜਾਂਦਾ ਹੈ ਜਿਸ ਦਾ ਮਨੋਰਥ ਲੋਕਾਂ ਨੂੰ ਬਿਹਤਰ, ਸੁਖਾਲੀਆਂ ਤੇ ਪਾਰਦਰਸ਼ੀ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣਾ ਹੈ।ਉਨ੍ਹਾਂ ਵਿਭਾਗ ਦੀਆਂ ਨਵੀਆਂ ਪਹਿਲਕਦਮੀਆਂ ਉੱਤੇ ਚਾਨਣਾ ਪਾਉਂਦਿਆ ਫੀਲਡ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਲਈ ਨਵੇਂ ਕਦਮ ਚੁੱਕੇ ਜਾਣ। ਇਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਲੰਧਰ, ਗੁਰਦਾਸਪੁਰ ਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰਾਂ ਨੇ ਬੋਲਦਿਆਂ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਉਲੀਕੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।

Our Visitor

1908121