ਸਿਵਲ ਸਰਜਨ ਬਠਿੰਡਾ ਵੱਲੋਂ ਸ਼ੀਤ ਲਹਿਰ ਸਬੰਧੀ ਕੀਤੇ ਬੈਨਰ ਰਲੀਜ਼
ਸੁਖਜਿੰਦਰ ਮਾਨ
ਬਠਿੰਡਾ , 21 ਦਸੰਬਰ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਸ਼ੀਤ ਲਹਿਰ ਤੋਂ ਬਚਣ ਸਬੰਧੀ ਕੀਤੇ ਜਾ ਰਹੇ ਯਤਨਾਂ ਦੇ ਤਹਿਤ ਅੱਜ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਮਾਸ ਮੀਡੀਆ ਵਿੰਗ ਵੱਲੋਂ ਸਰਕਾਰੀ ਮਿਡਲ ਸਕੂਲ ਵਿੱਚ ਜਾਗਰੂਕਤਾ ਸਮਾਗਮ ਕੀਤਾ ਗਿਆ ਅਤੇ ਦਫ਼ਤਰ ਸਿਵਲ ਸਰਜਨ ਵਿੱਚ ਬੈਨਰ ਰਲੀਜ਼ ਕੀਤੇ ਗਏ। ਇਸ ਸਮੇਂ ਕੁਲਵੰਤ ਸਿੰਘ ਅਤੇ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ ਨੇ ਬੱਚਿਆਂ ਨੂੰ ਦੱਸਿਆ ਕਿ ਸਰਦੀ ਰੁੱਤ ਵਿੱਚ ਲਗਾਤਾਰ ਤਾਪਮਾਨ ਘੱਟ ਹੋ ਰਿਹਾ ਹੈ, ਜਿਸ ਕਰਕੇ ਸਿਹਤ ਸਬੰਧੀ ਲਾਪ੍ਰਵਾਹੀ ਖਤਰਨਾਕ ਸਾਬਿਤ ਹੋ ਸਕਦੀ ਹੈ। ਉਹਨਾਂ ਕਿਹਾ ਕਿ ਸ਼ੀਤ ਲਹਿਰ ਦੌਰਾਨ ਜਿਨ੍ਹਾਂ ਸੰਭਵ ਹੋਵੇ ਜ਼ਿਆਦਾ ਸਮਾਂ ਘਰਾਂ ਵਿੱਚ ਹੀ ਰਹੋ। ਇੱਕ ਪਰਤ ਵਾਲੇ ਕੱਪੜੇ ਪਹਿਨਣ ਦੀ ਬਜਾਏ, ਜ਼ਿਆਦਾ ਪਰਤਾਂ ਵਾਲੇ ਅਤੇ ਘੱਟ ਭਾਰ ਵਾਲੇ ਢਿੱਲੇ ਕੱਪੜੇ, ਸ਼ੀਤ ਹਵਾ ਰੋਕੂ ਗਰਮ ਊਨੀ ਕੱਪੜੇ ਪਹਿਨੋ। ਤੰਗ ਕੱਪੜੇ ਖੂਨ ਦਾ ਦਬਾਅ ਘਟਾਉਂਦੇ ਹਨ। ਆਪਣੇ ਆਪ ਨੂੰ ਸੁੱਕਾ ਅਤੇ ਢੱਕ ਕੇ ਰੱਖੋ। ਜੇਕਰ ਗਿੱਲੀਆਂ ਜਗਾ ਤੇ ਕੰਮ ਕਰਨਾ ਵੀ ਪਵੇ ਤਾਂ ਫਿਰ ਆਪਣੇ ਸਿਰ, ਗਰਦਨ, ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਢੱਕ ਕੇ ਰੱਖੋ, ਸਰੀਰ ਨੂੰ ਜ਼ਿਆਦਾਤਰ ਇਨ੍ਹਾਂ ਅੰਗਾਂ ਰਾਹੀਂ ਨੁਕਸਾਨ ਹੁੰਦਾ ਹੈ। ਵਾਟਰਪਰੂਫ ਜੁੱਤੇ ਪਹਿਨੋ। ਦਸਤਾਨੇ ਪਹਿਨਾਓ, ਦਸਤਾਨੇ ਜ਼ਿਆਦਾ ਨਿੱਘ ਦਿੰਦੇ ਹਨ ਅਤੇ ਠੰਢ ਤੋਂ ਬਚਾੳਂੁਦੇ ਹਨ। ਠੰਢ ਤੋਂ ਬਚਣ ਲਈ ਮਫ਼ਲਰ ਅਤੇ ਟੋਪੀਆਂ ਦੀ ਇਸਤੇਮਾਲ ਕਰੋ। ਇਸ ਸਮੇਂ ਚਰਨਜੀਤ ਕੋੌਰ ਮੁੱਖ ਅਧਿਆਪਿਕਾ, ਮੈਡਮ ਸੀਮਾ, ਸਵੇਤਾ, ਹਰਵਿੰਦਰ ਸਿੰਘ ਬੀਈਈ, ਬਲਦੇਵ ਸਿੰਘ, ਪ੍ਰਨੀਤ ਕੌਰ ਅਤੇ ਨਿਸ਼ਾ ਆਸ਼ਾ ਹਾਜ਼ਰ ਸਨ।
ਜਿਲ੍ਹਾ ਸਿਹਤ ਵਿਭਾਗ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸ਼ੀਤ ਲਹਿਰ ਤੋਂ ਬਚਣ ਸਬੰਧੀ ਕੀਤਾ ਜਾਗਰੂਕ
ਸਿਲਵਰ ਬੈੱਲਜ਼ ਸਕੂਲ ਦੇ ਪੰਜਾਬ ਜਿੱਤੇ ਬੱਚਿਆਂ ਦਾ ਸਾਈਕਲਾਂ ਨਾਲ ਸਨਮਾਨ
ਡਿਪਟੀ ਡੀ.ਈ.ਓ. ਮਾਨਸਾ ਵੱਲੋਂ ਸਿਲਵਰ ਬੈੱਲਜ਼ ਸਕੂਲ ਦੇ ਬੱਚੇ ਸਾਈਕਲਾਂ ਨਾਲ ਸਨਮਾਨਿਤ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 21 ਦਸੰਬਰ: ਪਿਛਲੀ ਦਿਨੀਂ ਸਕੂਲੀ ਵਿਦਿਆਰਥੀਆਂ ਦੇ ਸਟੇਟ ਲੈਵਲ ਦੇ ਮੁਕਾਬਲੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਿੱਖਿਆ ਮਹਿਕਮੇ ਪੰਜਾਬ ਵੱਲੋਂ ਕਰਵਾਏ ਗਏ ਜਿਸ ਵਿੱਚ ਸਿਲਵਰ ਬੈੱਲਜ਼ ਸਕੂਲ ਬਹਿਣੀਵਾਲ ਦੀ ਲੜਕੀਆਂ ਦੀ ਅੰਡਰ 11 ਟੀਮ ਨੇ ਪੰਜਾਬ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੀ ਵਾਹ-ਵਾਹ ਖੱਟੀ੍ਟ। ਇਸ ਟੀਮ ਵਿੱਚ ਸਮਰੀਨ ਕੌਰ ਪੰਜਵੀਂ ਪੇਰੋਂ, ਲਵਪ੍ਰੀਤ ਕੌਰ ਪੰਜਵੀਂ ਪੇਰੋਂ, ਤਰਨਵੀਰ ਕੌਰ ਪੰਜਵੀਂ ਬਣਾਂਵਾਲੀ ਨੇ ਕਬੱਡੀ ਵਿੱਚ ਪੰਜਾਬ ਵਿੱਚੋਂ ਚਾਂਦੀ ਦਾ ਤਮਗਾ ਜਿੱਤ ਕੇ ਦੂਜੇ ਨੰਬਰ ਤੇ ਰਹੀ ਅਤੇ ਇਸੇ ਤਰ੍ਹਾਂ ਲੜਕਿਆਂ ਵਿਚ ਸੁਖਮਨਦੀਪ ਸਿੰਘ ਪੰਜਵੀਂ ਪੇਰੋਂ, ਹਰਕੀਰਤ ਸਿੰਘ ਪੰਜਵੀਂ ਬਹਿਣੀਵਾਲ, ਸਾਹਿਬਜੋਤ ਸਿੰਘ ਚੌਥੀ ਬਹਿਮਣ ਕੌਰ ਸਿੰਘ ਅਤੇ ਏਕਮਦੀਪ ਸਿੰਘ ਚੌਥੀ ਬਣਾਂਵਾਲੀ ਨੇ ਵੀ ਕਬੱਡੀ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ੍ਟ। ਮਾਨਸਾ ਜਿਲ੍ਹੇ ਦੇ ਡਿਪਟੀ ਡੀ.ਈ.ਓ. ਸਾਹਿਬ ਸ: ਗੁਰਲਾਭ ਸਿੰਘ ,ਸ: ਹਰਦੀਪ ਸਿੰਘ ਸਿੱਧੂ ਅਤੇ ਸ੍ਰੀ ਰਾਮਨਾਥ (ਧੀਰਾ) ਜ਼ਿਲ੍ਹਾ ਖੇਡ ਇੰਚਾਰਜ ਮਾਨਸਾ ਵੱਲੋਂ ਜਿੱਤੇ ਹੋਏ ਬੱਚਿਆਂ ਨੂੰ ਅੰਤਰਰਾਸਟਰੀ ਦੌੜਾਕ ਬਲਵਿੰਦਰ ਸਿੰਘ ਨੰਬਰਦਾਰ ਅਤੇ ਸਕੂਲ ਦੇ ਪ੍ਰਬੰਧਕ ਦੀਪਇੰਦਰ ਸਿੰਘ ਦੇ ਸਹਿਯੋਗ ਨਾਲ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਸ: ਗੁਰਲਾਭ ਸਿੰਘ ਨੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਮੱਲਾਂ ਮਾਰਨ ਲਈ ਪ੍ਰੇਰਿਆ ਅਤੇ ਸਿਲਵਰ ਬੈੱਲਜ਼ ਸਕੂਲ ਵਿਚ ਹਰ ਸਾਲ ਵੱਡੇ ਪੱਧਰ ਦੀਆਂ ਖੇਡਾਂ ਕਰਵਾਉਣ ਲਈ ਆਪਣਾ ਬਚਨ ਦਿੱਤਾ੍ਟ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅੰਤਰ-ਰਾਸ਼ਟਰੀ ਦੌੜਾਕ ਬਲਵਿੰਦਰ ਸਿੰਘ ਨੰਬਰਦਾਰ ਹਰ ਸਾਲ ਆਪਣੇ ਸਕੂਲ ਵਿਚ ਬੱਚਿਆਂ ਦੇ ਖੇਡ ਕੈਂਪ ਲਗਾ ਕੇ ਤੰਦਰੁਸਤ ਅਤੇ ਨਵਾਂ ਨਰੋਆ ਸਮਾਜ ਦੀ ਸਿਰਜਣਾ ਕਰ ਰਿਹਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ, ਸਕੂਲ ਦੇ ਪ੍ਰਬੰਧਕ ਅਤਿੰਦਰ ਸਿੰਘ ਕਨੇਡਾ, ਹਰਜੀਤ ਕੌਰ ਕਨੇਡਾ, ਸਤਨਾਮ ਸਿੰਘ ਸਿੱਧੂ, ਰਵਨੀਤ ਕੌਰ ਬਠਿੰਡਾ, ਡੀ.ਪੀ. ਗੁਰਵਿੰਦਰ ਸਿੰਘਅਤੇ ਸਕੂਲ ਦਾ ਸਾਰਾ ਸਟਾਫ਼ ਮੌਜੂਦ ਰਿਹਾ।
ਡੀ.ਟੀ.ਐੱਫ. ਨੇ ਸਿੱਖਿਆ ਮੰਤਰੀ ਵੱਲ ਭੇਜਿਆ ’ਮੰਗ ਪੱਤਰ
ਅਧਿਆਪਕਾਂ ਦੀਆਂ ਪ੍ਰਮੁੱਖ ਮੰਗਾਂ ਹੱਲ ਨਾ ਹੋਣ ’ਤੇ ਸੰਘਰਸ਼ ਦੀ ਚੇਤਾਵਨੀ
ਓ.ਡੀ.ਐੱਲ. ਅਧਿਆਪਕਾਂ ਦੇ 11 ਸਾਲ ਤੋਂ ਰੋਕੇ ਰੈਗੂਲਰ ਆਰਡਰ ਜਾਰੀ ਕੀਤੇ ਜਾਣ: ਡੀ.ਟੀ.ਐੱਫ.
ਸੁਖਜਿੰਦਰ ਮਾਨ
ਬਠਿੰਡਾ , 21 ਦਸੰਬਰ: ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜ਼ਿਲਾ ਪ੍ਰਧਾਨ ਜਗਪਾਲ ਬੰਗੀ, ਜਨਰਲ ਸਕੱਤਰ ਰਾਜੇਸ਼ ਮੋਂਗਾ, ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ, ਸੂਬਾ ਕਮੇਟੀ ਮੇਂਬਰ ਬੂਟਾ ਸਿੰਘ ਰੋਮਾਣਾ, ਓ ਡੀ ਐਲ ਅਧਿਆਪਕ ਯੂਨੀਅਨ ਦੇ ਪ੍ਰਧਾਨ ਮੋਹਣ ਸਿੰਘ ਮਲਕਾਣਾ ਦੀ ਅਗਵਾਈ ਵਿੱਚ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲ ਜ਼ਿਲਾ ਸਿਖਿਆ ਅਫਸਰ ਐਲੀ ਅਤੇ ਸੈਕੇਂਡਰੀ ਬਠਿੰਡਾ ਰਾਹੀਂ ਮੰਗ ਪੱਤਰ ਭੇਜਿਆ ਗਿਆ। ਇਸ ਉਪਰੰਤ ਹੋਈ ਜਿਲ੍ਹਾ ਕਮੇਟੀ ਦੀ ਮੀਟਿੰਗ ਦੌਰਾਨ 1 ਜਨਵਰੀ ਤੋਂ ਵੱਡੇ ਪੱਧਰ ’ਤੇ ਮੈਂਬਰਸ਼ਿਪ ਮੁਹਿੰਮ ਭਖਾਉਣ ਅਤੇ ਸਿੱਖਿਆ ਮੰਤਰੀ ਵੱਲੋਂ ਪੈਨਲ ਮੀਟਿੰਗ ਵਿੱਚ ਪ੍ਰਮੁੱਖ ਮੰਗਾਂ ਦਾ ਕੋਈ ਠੋਸ ਹੱਲ ਨਾ ਕੱਢਣ ’ਤੇ 15 ਜਨਵਰੀ 2023 ਨੂੰ ਅਨੰਦਪੁਰ ਸਾਹਿਬ ਵਿਖੇ ਸੂਬਾਈ ਰੋਸ ਮੁਜ਼ਾਹਰੇ ਦਾ ਭਰਵਾਂ ਹਿੱਸਾ ਬਣਨ ਦਾ ਫੈਸਲਾ ਵੀ ਕੀਤਾ ਗਿਆ। ਇਸ ਮੌਕੇ ਡੀ.ਟੀ.ਐੱਫ. ਦੇ ਗੁਰਪਾਲ ਸਿੰਘ, ਨਰਿੰਦਰ ਬੱਲੂਆਣਾ,ਸੁਨਿਲ ਕੁਮਾਰ,ਗੁਰਮੇਲ ਸਿੰਘ ਮਲਕਾਣਾ,ਅਮਰਦੀਪ ਸਿੰਘ, ਦਵਿੰਦਰ ਸਿੰਘ, ਲਖਵਿੰਦਰ ਸਿੰਘ ਸਿਕੰਦਰ ਸਿੰਘ ਧਲੀਵਾਲ, ਰਾਜੀਵ ਕੁਮਾਰ, ਜਸਕਿਰਨ ਕੌਰ,ਕਰਮਜੀਤ ਕੌਰ ਨੇ ਕਿਹਾ ਕਿ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ (3442, 7654, 5178 ਵਿਭਾਗੀ ਭਰਤੀਆਂ) ਦੇ ਪੈਡਿੰਗ 125 ਰੈਗੂਲਰ ਆਰਡਰ ਜਾਰੀ ਕਰਨ, 180 ਈ.ਟੀ.ਟੀ. ਅਧਿਆਪਕਾਂ ’ਤੇ ਮੁੱਢਲੀ ਭਰਤੀ (4500 ਈ.ਟੀ.ਟੀ.) ਦੇ ਸਾਰੇ ਲਾਭ ਬਹਾਲ ਕਰਨ, ਸਾਲ 2018 ਦੇ ਮਾਰੂ ਸੇਵਾ ਨਿਯਮਾਂ ਤਹਿਤ ਲਾਗੂ ਵਿਭਾਗੀ ਪ੍ਰੀਖਿਆ ਦੀ ਸ਼ਰਤ ਰੱਦ ਕਰਨ, ਈ.ਟੀ.ਟੀ. ਤੋਂ ਮਾਸਟਰ ਕਾਡਰ ਸਮੇਤ ਟੀਚਿੰਗ ਤੇ ਨਾਨ ਟੀਚਿੰਗ ਦੀਆਂ ਸਾਰੀਆਂ ਤਰੱਕੀਆਂ ਮੁਕੰਮਲ ਕਰਨ, ਮਾਸਟਰ ਤੇ ਲੈਕਚਰਾਰ ਕਾਡਰ ਦੀਆਂ ਸੀਨੀਆਰਤਾ ਸੂਚੀਆਂ ’ਚ ਰਹਿੰਦੇ ਨਾਮ ਸ਼ਾਮਿਲ ਕਰਨ, ਵਿਕਟੇਮਾਈਜੇਸ਼ਨਾਂ ਰੱਦ ਕਰਨ, 5178 ਅਧਿਆਪਕਾਂ ਨਾਲ ਹੋਇਆ ਪੱਖਪਾਤ ਦੂਰ ਕਰਨ ਲਈ ਨਵੰਬਰ 2017 ਤੋਂ ਪੂਰੇ ਸਕੇਲ ਅਨੁਸਾਰ ਬਕਾਇਆ ਦੇਣ, 8886 ਅਧਿਆਪਕਾਂ ਨੂੰ ਮਿਤੀ 1 ਅਪ੍ਰੈਲ 2018 ਤੋਂ ਪੂਰਾ ਬਕਾਇਆ ਤੇ ਸੀਨੀਆਰਤਾ ਤਹਿ ਕਰਨ, ਨਿੱਜੀਕਰਨ ਤੇ ਕੇਂਦਰੀਕਰਨ ਪੱਖੀ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਦੀ ਥਾਂ ਪੰਜਾਬ ਦੀ ਆਪਣੀ ਸਿਖਿਆ ਨੀਤੀ ਘੜਣ, ਦੂਰ ਦੁਰਾਡੇ ਕੰਮ ਕਰਦੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਦਾ ਮੌਕਾ ਦੇਣ, ਵੱਖ-ਵੱਖ ਸ਼ਰਤਾਂ ਕਾਰਨ ਪੁਰਾਣੇ ਸਟੇਸ਼ਨਾਂ ’ਤੇ ਹੀ ਡੈਪੂਟੇਸ਼ਨ ਅਧੀਨ ਅਧਿਆਪਕਾਂ ਦੀ ਬਦਲੀ ਹਕੀਕੀ ਰੂਪ ਵਿੱਚ ਲਾਗੂ ਕਰਨ, ਸਾਰੀਆਂ ਪੈਂਡਿੰਗ ਭਰਤੀਆਂ ਦੀ ਪ੍ਰਕ੍ਰਿਆ ਪੂਰੀ ਕਰਨ, ਕੰਪਿਊਟਰ ਅਧਿਆਪਕਾਂ ’ਤੇ ਛੇਵਾਂ ਪੰਜਾਬ ਤਨਖਾਹ ਕਮਿਸ਼ਨ ਤੇ ਸੇਵਾ ਨਿਯਮ ਲਾਗੂ ਕਰਦਿਆਂ ਵਿਭਾਗੀ ਮਰਜ਼ਿੰਗ ਕਰਨ, ਕੱਚੇ ਅਧਿਆਪਕਾਂ ਦੀ ਰੈਗੂਲਰਾਇਜੇਸ਼ਨ ਪ੍ਰਕ੍ਰਿਆ ਤੇਜ਼ ਕਰਨ ਤੇ ਰਹਿੰਦੇ ਅਧਿਆਪਕਾਂ ਨੂੰ ਵੀ ਰੈਗੂਲਰ ਕਰਨ, ਇੱਕ ਕਲਰਕ ਨੂੰ ਇੱਕ ਸਕੂਲ ਦਾ ਹੀ ਚਾਰਜ ਦੇਣ, ਬੀ.ਪੀ.ਈ.ਓ. ਦਫਤਰਾਂ ਵਿੱਚ ਸ਼ਿਫਟ ਕੀਤੇ 228 ਪੀ.ਟੀ.ਆਈ. ਨੂੰ ਵਾਪਸ ਪਿੱਤਰੀ ਸਕੂਲਾਂ ਵਿੱਚ ਭੇਜਣ, ਬੀ.ਐੱਲ.ਓ. ਡਿਊਟੀਆਂ ਅਤੇ ਪੜ੍ਹੋ ਪੰਜਾਬ ਪ੍ਰੋਜੈਕਟ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਫਾਰਗ ਕਰਕੇ ਕੇਵਲ ਪੜਾਉਣ ਦਾ ਕਾਰਜ ਦੇਣ, ਬੰਦ ਕੀਤਾ ਪੇਂਡੂ ਇਲਾਕਾ ਭੱਤਾ, ਬਾਰਡਰ ਭੱਤਾ, ਏ.ਸੀ.ਪੀ. ਦਾ ਲਾਭ, ਪੁਰਾਣੀ ਪੈਨਸ਼ਨ ਪ੍ਰਣਾਲੀ ਅਤੇ 17 ਜੁਲਾਈ 2020 ਤੋਂ ਬਾਅਦ ਲਾਗੂ ਨਵੇਂ ਤਾਨਖਾਹ ਸਕੇਲਾਂ ਦੀ ਥਾਂ ਪੰਜਾਬ ਤਨਖਾਹ ਸਕੇਲ ਬਹਾਲ ਕੀਤੇ ਜਾਣ।
ਸੜਕਾਂ ਦੀ ਰਿਪੇਅਰ ਅਤੇ ਨਵੀਆਂ ਬਣ ਰਹੀਆਂ ਸੜਕਾਂ ਦੇ ਮਿਆਰ ਨੂੰ ਯਕੀਨੀ ਬਣਾਇਆ ਜਾਵੇ: ਹਰਭਜਨ ਸਿੰਘ ਈ ਟੀ ਓ
ਲਾਪਰਵਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾ ਠੇਕੇਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ
ਲੋਕ ਨਿਰਮਾਣ ਮੰਤਰੀ ਨੇ ਟੰਗੋਰੀ ਵਿਖੇ ਹੌਟਮਿਕਸ ਪਲਾਂਟ ਦਾ? ਕੀਤਾ ਦੌਰਾ ਅਤੇ ਪਲਾਂਟ ਦੀ ਕਾਰਜ ਪ੍ਰਣਾਲੀ ਦਾ ਜਾਇਜ਼ਾ ਲਿਆ
ਪੰਜਾਬੀ ਖ਼ਬਰਸਾਰ ਬਿਉਰੋ
ਐਸ ਏ ਐਸ ਨਗਰ, 21 ਦਸੰਬਰ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਵਿਚ ਚੱਲ ਰਹੇ ਵਿਕਾਸ ਕਾਰਜ਼ਾਂ ਦੇ ਮਿਆਰ ਨੂੰ ਤੈਅ ਮਾਪਦੰਡਾਂ ਅਨੁਸਾਰ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸੇ ਦੇ ਚਲਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜਨਤਕ ਕੰਮਾਂ ਦੀ ਮਿਆਰ ਸੁਧਾਰਨ ਦੇ ਮੰਤਵ ਨਾਲ ਟੰਗੋਰੀ ਵਿਖੇ ਹੌਟ-ਮਿਕਸ ਪਲਾਂਟ ਦਾ ਦੌਰਾ ਕੀਤਾ ਅਤੇ ਪਲਾਂਟ ਦੀ ਕਾਰਜ ਪ੍ਰਣਾਲੀ ਦਾ ਜਾਇਜ਼ਾ ਲਿਆ। ਇਸ ਦੌਰੇ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਲੋਕ ਨਿਰਮਾਣ ਮੰਤਰੀ ਨੇ ਕੰਮਾਂ ਦੇ ਮਿਆਰ ਵਿੱਚ ਸੁਧਾਰ ਲਿਆਉਣ ਲਈ ਵਧੀਆਂ ਸਪੈਸੀਫੀਕੇਸ਼ਨਾਂ ਨੂੰ ਇਸਤੇਮਾਲ ਦੇ ਲਈ ਸੁਝਾਅ ਦਿੱਤੇ। ਉਹਨਾਂ ਨੇ ਕੰਮਾਂ ਦੀ ਲਾਗਤ ਨੂੰ ਘੱਟ ਕਰਨ ਲਈ ਰੀਸਾਈਕਲਿੰਗ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਵੀ ਅਧਿਕਾਰੀਆਂ ਨੂੰ ਸੇਧ ਪ੍ਰਦਾਨ ਕੀਤੀ। ਮੰਤਰੀ ਨੇ ਕਿਹਾ ਕਿ ਰੀਸਾਈਕਲਿੰਗ ਨਾਲ ਵਾਤਾਵਰਣ ਦੀ ਅਲੂਦਗੀ ਵੀ ਘੱਟ ਹੋਵੇਗੀ। ਉਹਨਾਂ ਨੇ ਪਲਾਂਟ ਤੇ ਮੌਜੂਦਾ ਲੈਬੋਰੇਟਰੀ ਦਾ ਵੀ ਜਾਇਜ਼ਾ ਲਿਆ ।ਇਸ ਮੌਕੇ ਗੱਲਬਾਤ ਕਰਦਿਆਂ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਕਾਰਜ਼ਾਂ ਲਈ ਜਾਰੀ ਕੀਤੇ ਜਾਂਦੇ ਫੰਡ ਲੋਕਾਂ ਦਾ ਪੈਸਾ ਹੈ ਅਤੇ ਇਸ ਦੀ ਪਾਰਦਰਸ਼ੀ ਤਰੀਕਿਆਂ ਨਾਲ ਵਰਤੋਂ ਕਰਕੇ ਮਿਆਰੀ ਵਿਕਾਸ ਕਾਰਜ ਯਕੀਨੀ ਬਣਾਏ ਜਾਣ।ਮੰਤਰੀ ਨੇ ਨਾਲ ਹੀ ਇਹ ਵੀ ਹੁਕਮ ਜਾਰੀ ਕੀਤੇ ਕੇ ਸੂਬੇ ਵਿਚ ਸੜਕਾਂ ਦੀ ਰਿਪੇਅਰ ਅਤੇ ਨਵੀਆਂ ਬਣ ਰਹੀਆਂ ਸੜਕਾਂ ਦੇ ਮਿਆਰ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਲਾਪਰਵਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾ ਠੇਕੇਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਮੀਤ ਹੇਅਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਬਣਨ ਉੱਤੇ ਦਿੱਤੀ ਵਧਾਈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਦਸੰਬਰ: ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਨੈਕ) ਦੇ ਏ++ ਗ੍ਰੇਡ ਵਿੱਚ 3.85 ਸੀ.ਜੀ.ਪੀ.ਏ. ਹਾਸਲ ਕਰਨ ਲਈ ਵਧਾਈ ਦਿੱਤੀ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋੰ ਸਿੱਖਿਆ ਦੇ ਖੇਤਰ ਨੂੰ ਹੁਲਾਰਾ ਦੇਣ ਲਈ ਇਸ ਦਿਸ਼ਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਾਪਤੀ ਸੂਬਾ ਸਰਕਾਰ ਦੀ ਇਸ ਉਦੇਸ਼ ਪ੍ਰਤੀ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹੈ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹ ਅੰਕ ਪ੍ਰਾਪਤ ਕਰਨ ਵਾਲੀ ਭਾਰਤ ਦੀ ਇਕਲੌਤੀ ਸਟੇਟ/ਕੇਂਦਰੀ/ਪ੍ਰਾਈਵੇਟ ਯੂਨੀਵਰਸਿਟੀ ਹੈ। ਇਹ ਮੁਲਾਂਕਣ ਕੰਮਕਾਜ ਅਤੇ ਸੰਗਠਨਾਤਮਕ ਫੋਕਸ ਦੇ ਅਧਾਰ ’ਤੇ ਵੱਖ-ਵੱਖ ਮੁੱਖ ਪਹਿਲੂਆਂ ਤਹਿਤ ਸੱਤ ਮਾਪਦੰਡਾਂ ’ਤੇ ਅਧਾਰਤ ਹੈ। ਇਨ੍ਹਾਂ ਮਾਪਦੰਡਾਂ ਵਿੱਚ ਸਿਲੇਬਸ ਦੇ ਪਹਿਲੂ, ਅਧਿਆਪਨ-ਸਿਖਲਾਈ ਅਤੇ ਮੁਲਾਂਕਣ, ਖੋਜ, ਨਵੀਨਤਾਵਾਂ ਅਤੇ ਵਿਸਥਾਰ; ਬੁਨਿਆਦੀ ਢਾਂਚਾ ਅਤੇ ਸਿਖਲਾਈ ਸਰੋਤ; ਵਿਦਿਆਰਥੀ ਸਹਿਯੋਗ ਅਤੇ ਤਰੱਕੀ; ਸ਼ਾਸ਼ਨ, ਲੀਡਰਸ਼ਿਪ ਅਤੇ ਪ੍ਰਬੰਧਨ; ਸੰਸਥਾਗਤ ਕਦਰਾਂ-ਕੀਮਤਾਂ ਅਤੇ ਬਿਹਤਰ ਅਭਿਆਸ ਸ਼ਾਮਲ ਹਨ। ਉਚੇਰੀ ਸਿੱਖਿਆ ਮੰਤਰੀ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ ਜਸਪਾਲ ਸਿੰਘ ਸੰਧੂ ਤੋਂ ਇਲਾਵਾ ਟੀਚਿੰਗ, ਰਿਸਰਚ ਫੈਲੋ, ਨਾਨ-ਟੀਚਿੰਗ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਜਲਾਲਾਬਾਦ ਦੇ ਕਈ ਕਾਂਗਰਸੀ ਕੌਂਸਲਰ ’ਆਪ’ ’ਚ ਸ਼ਾਮਲ
’ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸਮੂਹ ਕੌਂਸਲਰਾਂ ਨੂੰ ਪਾਰਟੀ ਵਿੱਚ ਕਰਵਾਇਆ ਸ਼ਾਮਲ
ਪੰਜਾਬ ਦੇ ਲੋਕ ’ਆਪ’ ਸਰਕਾਰ ਦੇ ਲੋਕ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ, ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ: ਹਰਚੰਦ ਸਿੰਘ ਬਰਸਟ
ਪੰਜਾਬੀ ਖ਼ਬਰਸਾਰ ਬਿਉਰੋ
ਜਲਾਲਾਬਾਦ/ਚੰਡੀਗੜ੍ਹ, 21 ਦਸੰਬਰ: ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਬੁੱਧਵਾਰ ਨੂੰ ਨਗਰ ਪੰਚਾਇਤ ਅਰਨੀਵਾਲਾ ਦੇ ਕਈ ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਨਗਰ ਪੰਚਾਇਤ ਅਰਨੀਵਾਲਾ ਦੇ ਵਾਰਡ ਨੰਬਰ-9 ਤੋਂ ਕੌਂਸਲਰ ਹਰਭਜਨ ਦਾਸ (ਮੀਤ ਪ੍ਰਧਾਨ), ਵਾਰਡ ਨੰਬਰ-5 ਤੋਂ ਕੌਂਸਲਰ ਰਾਣੀ, ਵਾਰਡ ਨੰਬਰ-7 ਤੋਂ ਕੌਂਸਲਰ ਸ਼ਿਵ ਭੱਲਾ ਅਤੇ ਇਲਾਕੇ ਦੇ ਸਤਿਕਾਰਤ ਆਗੂ ਅਜੈ ਕੁੱਕੜ ਅੱਜ ਇੱਥੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਲੋਕ ਭਲਾਈ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ। ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਵਾਂਗ ਨਗਰ ਨਿਗਮ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਇੱਕ ਤਰਫਾ ਜਿੱਤ ਦਰਜ ਕਰੇਗੀ। ਦੂਜੇ ਪਾਸੇ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਦੇ ਹੋਏ ਅਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਪਾਰਟੀ ਨਾਲ ਰਲ ਕੇ ਆਪਣੇ ਇਲਾਕੇ ਦੇ ਵਿਕਾਸ ਲਈ ਕੰਮ ਕਰਾਂਗੇ।
ਰਾਘਵ ਚੱਢਾ ਨੇ ਵਿਦੇਸ਼ਾਂ ਤੋਂ ਗੈਂਗਸਟਰਾਂ ਨੂੰ ਤੁਰੰਤ ਭਾਰਤ ਲਿਆਉਣ ਦੀ ਕੀਤੀ ਮੰਗ
ਕਿਹਾ, ਬਦਨਾਮ ਗੈਂਗਸਟਰਾਂ ਨੂੰ ਦੇਸ਼ ਵਾਪਸ ਲਿਆ ਕੇ ਉਨ੍ਹਾਂ ਦੇ ਜੁਰਮਾਂ ਦੀ ਦਿੱਤੀ ਜਾਵੇ ਕੜੀ ਸਜ਼ਾ
ਪਿਛਲੀਆਂ ਸਰਕਾਰਾਂ ਨੇ ਪੰਜਾਬ ’ਚ ਗੈਂਗਸਟਰ ਕਲਚਰ ਨੂੰ ਵਧਾਇਆ, ’ਆਪ’ ਸਰਕਾਰ ਨੇ ਅਪਰਾਧੀਆਂ ’ਤੇ ਕੱਸਿਆ ਸ਼ਿਕੰਜਾ
’ਆਪ’ ਸੰਸਦ ਮੈਂਬਰ ਨੇ ਜਤਾਈ ਚਿੰਤਾ; ਕਈ ਦੇਸ਼ ਬਣੇ ਇਨ੍ਹਾਂ ਗੈਂਗਸਟਰਾਂ ਦੇ ਸੁਰੱਖਿਅਤ ਠਿਕਾਣੇ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ,20 ਦਸੰਬਰ: ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੰਗਲਵਾਰ ਨੂੰ ਸੰਸਦ ਵਿੱਚ ਇੱਕ ਅਹਿਮ ਮੁੱਦਾ ਉਠਾਉਂਦਿਆਂ ਵਿਦੇਸ਼ਾਂ ਤੋਂ ਬਦਨਾਮ ਗੈਂਗਸਟਰਾਂ ਨੂੰ ਤੁਰੰਤ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ। ਰਾਜ ਸਭਾ ’ਚ ਆਪਣੇ ਸੰਬੋਧਨ ਦੌਰਾਨ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਇਹ ਮੁੱਦਾ ਸਿਰਫ਼ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ, ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ਾਂ ’ਚੋਂ ਗੈਂਗਸਟਰਾਂ ਨੂੰ ਤੁਰੰਤ ਵਾਪਸ ਲਿਆ ਕੇ ਉਨ੍ਹਾਂ ’ਤੇ ਸਖ਼ਤ ਕਾਰਵਾਈ ਕਰੇ ਅਤੇ ਉਨ੍ਹਾਂ ਦੇ ਗੁਨਾਹਾਂ ਦੀ ਕੜੀ ਸਜ਼ਾ ਦਿੱਤੀ ਜਾਵੇ। ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਪੰਜਾਬ ਵਿੱਚ ਹੋ ਰਹੇ ਹਿੰਸਕ ਅਪਰਾਧਾਂ ਵਿੱਚ ਉੱਤਰੀ ਅਮਰੀਕਾ ਤੋਂ ਆਏ ਗੈਂਗਸਟਰਾਂ ਦੀ ਸ਼ਮੂਲੀਅਤ ਦਾ ਜ਼ਿਕਰ ਕਰਦਿਆਂ ਐਮ.ਪੀ ਚੱਢਾ ਨੇ ਕਿਹਾ ਕਿ ਇਨ੍ਹਾਂ ਅਪਰਾਧੀਆਂ ਕਾਰਨ ਕਈ ਮਾਵਾਂ ਆਪਣੇ ਲਾਡਲੇ ਪੁੱਤ ਗੁਆ ਚੁੱਕੀਆਂ ਹਨ। ਕੇਂਦਰ ਸਰਕਾਰ ਅਤੇ ਕੇਂਦਰੀ ਏਜੰਸੀਆਂ ਨੂੰ ਉਨ੍ਹਾਂ ’ਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।ਭਾਜਪਾ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਨੇ ਵੀ ਹਾਲ ਹੀ ਵਿਚ ਮੰਨਿਆ ਹੈ ਕਿ ਕਈ ਖ਼ੌਫ਼ਨਾਕ ਗੈਂਗਸਟਰ ਵਿਦੇਸ਼ਾਂ ਤੋਂ ਭਾਰਤ ਵਿਚ ਫਿਰੌਤੀ ਦਾ ਕਾਰੋਬਾਰ ਚਲਾ ਰਹੇ ਹਨ ਪਰ ਇਸ ਦੇ ਬਾਵਜੂਦ ਕੇਂਦਰ ਇਨ੍ਹਾਂ ਦੋਸ਼ੀਆਂ ਦੀ ਹਵਾਲਗੀ ਲਈ ਕਿਉਂ ਜ਼ੋਰ ਨਹੀਂ ਦੇ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਗੈਂਗਸਟਰਾਂ ਨੂੰ ਤੁਰੰਤ ਭਾਰਤ ਲਿਆ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੁਝ ਦੇਸ਼ ਇਨ੍ਹਾਂ ਅਪਰਾਧੀਆਂ ਦੇ ਸੁਰੱਖਿਅਤ ਠਿਕਾਣੇ ਬਣ ਚੁੱਕੇ ਹਨ।ਉਨ੍ਹਾਂ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੂੰ ਆਪਣੇ ਸਵਾਰਥਾਂ ਲਈ ਅਪਰਾਧੀਆਂ ਨੂੰ ਸਰਪ੍ਰਸਤੀ ਦੇਣ ਲਈ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਉਨ੍ਹਾਂ ਕਾਰਨ ਕਈ ਬੇਕਸੂਰਾਂ ਦੀ ਜਾਨ ਵੀ ਜਾ ਚੁੱਕੀ ਹੈ।
ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ 15 ਵਿਦਿਆਰਥੀ ਨੌਕਰੀ ਲਈ ਚੁਣੇ
ਸੁਖਜਿੰਦਰ ਮਾਨ
ਬਠਿੰਡਾ, 21 ਦਸੰਬਰ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਲਈ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਵੱਖ-ਵੱਖ ਕੰਪਨੀਆਂ ਦੀਆਂ ਪਲੇਸਮੈਂਟ ਡਰਾਈਵ ਆਯੋਜਿਤ ਕਰਵਾਈ ਗਈ ਜਿਸ ਦੌਰਾਨ ਐਮ.ਬੀ.ਏ. ਦੇ 15 ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਪਲੇਸਮੈਂਟ ਡਰਾਈਵ ਦੌਰਾਨ ਕੰਪਨੀਆਂ ਦੇ ਅਧਿਕਾਰੀਆਂ ਨੇ ਐਪਟੀਚਿਊਡ ਟੈਸਟ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਦ ਇੰਟਰਵਿਊ ਕੀਤੀ। ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਇੰਟਰਵਿਊ ਦਿੱਤੀ। ਵਿਦਿਆਰਥੀਆਂ ਦੀ ਮਨੁੱਖੀ ਸਰੋਤਾਂ, ਮਾਰਕੀਟਿੰਗ ਅਤੇ ਫ਼ਾਇਨਾਂਸ ਖੇਤਰ ਨਾਲ ਸਬੰਧਤ ਸਮਝ ਅਤੇ ਜਾਣਕਾਰੀ ਤੋਂ ਕੰਪਨੀ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ। ਵਿਦਿਆਰਥੀਆਂ ਦੀ ਬੋਲ ਚਾਲ ਦੀ ਭਾਸ਼ਾ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਸ਼ੀਜ਼ਫਾਇਰ ਕੰਪਨੀ ਨੇ ਐਮ.ਬੀ.ਏ. ਦੇ 2 ਵਿਦਿਆਰਥੀਆਂ ਅਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੂੰ ਸ਼ੀਜ਼ਫਾਇਰ ਮੈਨੇਜਮੈਂਟ ਟਰੇਨੀ ਦੇ ਅਹੁਦੇ ਲਈ 5.1 ਲੱਖ ਦੇ ਸਾਲਾਨਾ ਪੈਕੇਜ ’ਤੇ ਨੌਕਰੀ ਲਈ ਚੁਣ ਲਿਆ ਜਦੋਂ ਕਿ ਮੋਤੀਲਾਲ ਓਸਵਾਲ ਕੰਪਨੀ ਦੇ ਅਧਿਕਾਰੀਆਂ ਨੇ ਐਮ.ਬੀ.ਏ. ਦੇ 6 ਵਿਦਿਆਰਥੀਆਂ ਸੁਖਵੰਤ ਕੌਰ, ਰੇਨੂੰ, ਗੁਰਪ੍ਰੀਤ ਕੌਰ, ਗੁਰਜੀਤ ਸਿੰਘ, ਪ੍ਰੀਤੀ ਅਤੇ ਕੋਮਲ ਨੂੰ ਸੀਨੀਅਰ ਐਗਜ਼ੀਕਿਊਟਿਵ/ਅਸਿਸਟੈਂਟ ਮੈਨੇਜਰ ਦੇ ਅਹੁਦੇ ਲਈ ਚੁਣ ਲਿਆ। ਇਸੇ ਤਰ੍ਹਾਂ ਬਰਿਸਕ ਲੌਜਿਕ ਪ੍ਰਾ. ਲਿਮ. ਕੰਪਨੀ ਵੱਲੋਂ ਵੀ ਐਮ.ਬੀ.ਏ. ਦੇ ਵਿਦਿਆਰਥੀ ਕੁਲਬੀਰ ਸਿੰਘ, ਪ੍ਰਿਅੰਕਾ, ਸਿਮਰਪ੍ਰੀਤ ਕੌਰ, ਆਰਤੀ, ਲਵਪ੍ਰੀਤ ਸਿੰਘ, ਸਵਰਾਜ ਅਤੇ ਲਾਲਜਿੰਡੀਗਾ ਸਲਿਓ ਨੂੰ 5 ਲੱਖ ਤੱਕ ਦੇ ਸਾਲਾਨਾ ਪੈਕੇਜ ’ਤੇ ਨੌਕਰੀ ਲਈ ਚੁਣ ਲਿਆ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸਚਿਨ ਦੇਵ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਕਾਲਜ ਵੱਲੋਂ ਸਾਰੇ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਲਗਾਤਾਰ ਜਾਰੀ ਹਨ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਾਲਜ ਦੇ ਮਿਹਨਤੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਸਫਲ ਹੋਏ ਉਪਰੋਕਤ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।
ਗੁਜਰਾਤ ਤੇ ਹਿਮਾਚਲ ਚ ਚੋਣਾਂ ਦੇ ਮੱਦੇਨਜ਼ਰ ਇਸ਼ਤਿਹਾਰਾਂ ’ਤੇ ਕੀਤਾ ਖਰਚਾ ਸਰਕਾਰੀ ਖ਼ਜ਼ਾਨੇ ਚ ਜਮਾਂ ਕਰਵਾਏ ’ਆਪ’ ਸਰਕਾਰ – ਬਾਜਵਾ
ਨਿਵੇਸ਼ ਲਈ ਦੱਖਣ ਦਾ ਦੌਰਾ ਕਰਨ ਦੀ ਬਜਾਏ ਮੁੱਖ ਮੰਤਰੀ ਮੌਜੂਦਾ ਕਾਰੋਬਾਰਾਂ ਦੇ ਹਿੱਤਾਂ ਦੀ ਰਾਖੀ ਕਰਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਦਸੰਬਰ: ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਦੋਸ਼ ਲਗਾਇਆ ਕਿ ਉਹ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਸਮੇਤ ਹੋਰਨਾਂ ਰਾਜਾਂ ਵਿੱਚ ਪਾਰਟੀ ਦੇ ਵਿਸਥਾਰ ਦੇ ਇੱਕੋ ਇੱਕ ਉਦੇਸ਼ ਨਾਲ ਇਸ਼ਤਿਹਾਰਾਂ ’ਤੇ ਸਰਕਾਰੀ ਖਜ਼ਾਨੇ ਤੋਂ ਲਾਪਰਵਾਹੀ ਨਾਲ ਖਰਚ ਕੀਤਾ ਗਿਆ ਹੈ ਪਰ ਬਾਵਜੂਦ ਇਸ ਦੇ ’ਆਪ’ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਬਾਜਵਾ ਨੇ ਮੰਗ ਕੀਤੀ ਕਿ ਗੁਜਰਾਤ ਤੇ ਹਿਮਾਚਲ ਚੋਣਾਂ ’ਚ ਕੀਤੇ ਗਏ ਪੰਜਾਬ ਦੇ ਪੈਸੇ ਨੂੰ ’ਆਪ’ ਪਾਰਟੀ ਆਪਣੇ ਪਾਰਟੀ ਫੰਡ ’ਚੋਂ ਸਰਕਾਰੀ ਖਜ਼ਾਨੇ ’ਚ ਵਾਪਸ ਜਮਾ ਕਰਵਾਏ। ਬਾਜਵਾ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵੱਲੋਂ 2016 ਵਿੱਚ ਕਥਿਤ ਤੌਰ ’ਤੇ ਸਿਆਸੀ ਇਸ਼ਤਿਹਾਰਾਂ ਨੂੰ ਸਰਕਾਰੀ ਇਸ਼ਤਿਹਾਰਾਂ ਵਜੋਂ ਪ੍ਰਕਾਸ਼ਿਤ ਕਰਨ ਲਈ ’ਆਪ’ ਤੋਂ 97 ਕਰੋੜ ਰੁਪਏ ਵਸੂਲਣ ਲਈ ਦਿੱਲੀ ਦੇ ਮੁੱਖ ਸਕੱਤਰ ਨੂੰ ਦਿੱਤੇ ਹਾਲ ਹੀ ਦੇ ਨਿਰਦੇਸ਼ਾਂ ਦਾ ਹਵਾਲਾ ਦੇ ਰਹੇ ਸਨ। ਕਾਦੀਆਂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਾਜਵਾ ਨੇ ਅੱਗੇ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਪਹਿਲਾਂ ਹੀ ਨਿਘਰ ਚੁੱਕੀ ਹੈ। ਇਸ ਲਈ ਸਰਕਾਰ ਨੂੰ ਅਜਿਹੇ ਕੰਮਾਂ ’ਤੇ ਬੇਲੋੜਾ ਖਰਚ ਕਰਨ ਤੋਂ ਬਚਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਇਹ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਹੈ, ਜਿਸ ਨੇ ਇਸ ਨੂੰ ਟੈਕਸ ਵਜੋਂ ਸੂਬੇ ਨੂੰ ਅਦਾ ਕੀਤਾ ਹੈ। ’ਆਪ’ ਦੇ ਸ਼ਾਸਨ ’ਚ ਸੂਬੇ ਦੀ ਗਲਤ ਤਸਵੀਰ ਨੂੰ ਪੇਸ਼ ਕਰਨ ਲਈ ਇਸ ਪੈਸੇ ਨੂੰ ਦੂਜੇ ਰਾਜਾਂ ’ਚ ਇਸ਼ਤਿਹਾਰਾਂ ’ਤੇ ਖਰਚ ਕਰਨਾ ਇਕ ਧੋਖਾਧੜੀ ਹੈ।
ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਕੁਝ ਪ੍ਰਮੁੱਖ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਮਿਲਣ ਲਈ ਚੇਨਈ ਅਤੇ ਹੈਦਰਾਬਾਦ ਦੇ ਦੌਰੇ ਤੋਂ ਪਹਿਲਾਂ ਜੋ ਪੰਜਾਬ ਚ ਮੌਜੂਦ ਉਦਯੋਗਾਂ ਅਤੇ ਕਾਰੋਬਾਰਾਂ ਦੇ ਹਿੱਤਾਂ ਦੀ ਰਾਖੀ ਕਰਨ। ਬਾਜਵਾ ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਨਵੀਂ ਉਦਯੋਗਿਕ ਨੀਤੀ ’ਤੇ ਚਰਚਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਸੂਬੇ ਭਰ ਦੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੇ ਸੂਬਾ ਸਰਕਾਰ ਨੂੰ ਵਿਆਪਕ ਧਰਨੇ ਪ੍ਰਦਰਸ਼ਨਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੀ ਅਪੀਲ ਕੀਤੀ। ਉਨ੍ਹਾਂ ਦਾ ਮੰਨਣਾ ਸੀ ਕਿ ਰਾਜ ਵਿੱਚ ਅਜਿਹਾ ਮਾਹੌਲ ਨਿਵੇਸ਼ ਨੂੰ ਨਿਰਾਸ਼ ਕਰਦਾ ਹੈ। ਇਸ ਸਮੇਂ ਹਾਲਾਤ ਇਹ ਹਨ ਕਿ ਸੂਬਾ ਜ਼ਾਹਰ ਤੌਰ ’ਤੇ ’ਧਰਨਾ-ਸਥਾਨ ਵਿਚ ਬਦਲ ਗਿਆ ਹੈ ਕਿਉਂਕਿ ’ਆਪ’ ਦੇ 9 ਮਹੀਨਿਆਂ ਦੇ ਸ਼ਾਸਨ ਵਿਚ ਸਮਾਜ ਦੇ ਸਾਰੇ ਵਰਗ ਸਰਕਾਰ ਦੀ ਕਾਰਗੁਜ਼ਾਰੀ ਅਤੇ ਖੋਖਲੇਪਣ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ, ਇਸ ਲਈ ਉਹ ਇਸ ਤੋਂ ਪਰੇਸ਼ਾਨ ਹਨ ਅਤੇ ’ਆਪ’ ਦੇ ਝੂਠਾਂ ਤੋਂ ਤੰਗ ਆ ਕੇ ਲੋਕ ਸੜਕਾਂ ’ਤੇ ਉਤਰ ਆਏ ਹਨ।ਬਾਜਵਾ ਨੇ ਸਵਾਲ ਕੀਤਾ ਕਿ ਅਜਿਹੇ ਮਾਹੌਲ ’ਚ ਜਿੱਥੇ ਸੂਬੇ ਦੇ ਕਿਸੇ ਨਾ ਕਿਸੇ ਕੋਨੇ ’ਚ ਜਾਮ ਅਤੇ ਧਰਨੇ ਮੁਜ਼ਾਹਰੇ ਚੱਲ ਰਹੇ ਹਨ, ਉੱਥੇ ਕੋਈ ਕਾਰੋਬਾਰੀ ਨਿਵੇਸ਼ ਕਰਨ ਬਾਰੇ ਕਿਉਂ ਸੋਚੇਗਾ? ਉਨ੍ਹਾਂ ਕਿਹਾ ਕਿ ਘਰੇਲੂ ਸਮੱਸਿਆਵਾਂ ਵੱਲ ਮੁੱਖ ਮੰਤਰੀ ਦੇ ਧਿਆਨ ਦੀ ਸਖ਼ਤ ਲੋੜ ਹੈ। ਇਨ੍ਹਾਂ ਸਾਰੇ ਮੁੱਦਿਆਂ ਤੋਂ ਬਚਦੇ ਹੋਏ ਮੁੱਖ ਮੰਤਰੀ ਨਿਰਾਸ਼ਾ ਨਾਲ ਨਵੇਂ ਨਿਵੇਸ਼ਾਂ ਦੇ ਪਿੱਛੇ ਭੱਜ ਰਹੇ ਸਨ।
ਡਿਫ਼ਰੈਟ ਕਾਨਵੈਂਟ ਸਕੂਲ ਵਿੱਚ ਸਿਹਤ ਕੈਂਪ ਆਯੋਜਤ
ਸੁਖਜਿੰਦਰ ਮਾਨ
ਬਠਿੰਡਾ, 21 ਦਸੰਬਰ : ਬਠਿੰਡਾ ਬਾਦਲ ਰੋਡ ’ਤੇ ਪਿੰਡ ਘੁੱਦਾ ਵਿਖੇ ਸਥਿਤ ਡਿਫ਼ਰੈਟ ਕਾਨਵੈਂਟ ਸਕੂਲ ਵਿੱਚ ਕੋਸਮੋ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਤਜਰਬੇਕਾਰ ਡਾ: ਰਮਨਦੀਪ ਗੋਇਲ (ਐਮ.ਡੀ. ਮੈਡੀਸਨ) ਅਤੇ ਡਾ: ਪਾਰੁਲ ਗੁਪਤਾ( ਅੱਖਾਂ ਦੇ ਮਾਹਰ ) ਦੇ ਸਹਿਯੋਗ ਨਾਲ ਸਿਹਤ ਕੈਂਪ ਲਗਾਇਆ ਗਿਆ। ਸਕੂਲ ਵੱਲੋਂ ਇਸ ਕੈਂਪ ਦਾ ਆਯੋਜਨ ਕਰਨ ਦਾ ਮੁੱਖ ਉਦੇਸ਼ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਅਤੇ ਉਨ੍ਹਾਂ ਦਾ ਨਿਯਮਤ ਚੈਕਅੱਪ ਕਰਵਾਉਣਾ ਹੈ ਤਾਂ ਜੋ ਉਹ ਸਰਦੀਆਂ ਵਿਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਣ। ਇਸ ਕੈਂਪ ਵਿੱਚ ਡਾਕਟਰਾਂ ਨੇ ਬੱਚਿਆਂ ਨੂੰ ਤੰਦਰੁਸਤ ਰਹਿਣ ਦੇ ਉਪਾਅ ਅਤੇ ਦਵਾਈਆਂ ਦਾ ਸੇਵਨ ਕਰਦੇ ਸਮੇਂ ਰੱਖਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ। ਇਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰੇਵਾ ਬਾਂਸਲ ਧਾਲੀਵਾਲ ਨੇ ਬੱਚਿਆਂ ਨੂੰ ਕਿਹਾ ਕਿ ਤੁਹਾਡਾ ਬਿਹਤਰ ਭਵਿੱਖ ਤੁਹਾਡੀ ਬਿਹਤਰ ਸਿਹਤ ਦੇ ਹੱਥਾਂ ਵਿੱਚ ਹੈ। ਚੰਗੀ ਸਿੱਖਿਆ ਹੀ ਤੁਹਾਨੂੰ ਚੰਗਾ ਭਵਿੱਖ ਪ੍ਰਦਾਨ ਕਰ ਸਕਦੀ ਹੈ। ਸਕੂਲ ਦੇ ਪ੍ਰਬੰਧਕ ਸ਼੍ਰੀ ਐਮ.ਕੇ. ਮੰਨਾ ਅਤੇ ਪ੍ਰਿੰਸੀਪਲ ਨੇ ਡਾਕਟਰਾਂ ਦੀ ਸੂਝਵਾਨ ਟੀਮ ਨੂੰ ਉਨ੍ਹਾਂ ਦੇ ਦੁਆਰਾ ਦਿੱਤੇ ਗਏ ਆਪਣੇ ਕੀਮਤੀ ਸਮੇਂ ਲਈ, ਸਤਿਕਾਰ ਦੇ ਰੂਪ ਵਿੱਚ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।





