Tuesday, May 19, 2026
Home Blog Page 2289

ਨੇਪਾਲ ਦੇ ਸਫਲ ਦੌਰੇ ਤੋਂ ਬਾਅਦ ਵਾਪਸ ਆਉਣ ’ਤੇ ਸਟਾਫ਼ ਨੇ ਉਪ ਕੁਲਪਤੀ ਦਾ ਕੀਤਾ ਸਵਾਗਤ

0

ਪ੍ਰੋ. ਤਿਵਾਰੀ ਨੇ ਤ੍ਰਿਭੁਵਨ ਯੂਨੀਵਰਸਿਟੀ ਨੇ ਦੌਰੇ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ
ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ : ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀਯੂਪੀਬੀ) ਦੇ ਅਧਿਆਪਕਾਂ ਅਤੇ ਅਧਿਕਾਰੀਆਂ ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦਾ ਤ੍ਰਿਭੁਵਨ ਯੂਨੀਵਰਸਿਟੀ, ਨੇਪਾਲ ਦਾ ਸਫਲ ਦੌਰਾ ਕਰਨ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਵਿੱਚ ਵਾਪਸ ਆਉਣ ਤੇ ਸਵਾਗਤ ਕੀਤਾ। ਪ੍ਰੋ. ਤਿਵਾਰੀ ਨੇ ਤ੍ਰਿਭੁਵਨ ਯੂਨੀਵਰਸਿਟੀ ਦੇ 48ਵੇਂ ਡਿਗਰੀ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਸ ਦੀ ਪ੍ਰਧਾਨਗੀ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਕੀਤੀ ਸੀ।ਪ੍ਰੋ. ਤਿਵਾਰੀ ਦੇ ਸਵਾਗਤ ਲਈ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ ਵਿਚ ਸੀਯੂਪੀਬੀ ਦੇ ਪ੍ਰੀਖਿਆ ਕੰਟਰੋਲਰ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ ਨੇ ਸਾਂਝਾ ਕੀਤਾ ਕਿ ਮਾਨਯੋਗ ਵਾਈਸ ਚਾਂਸਲਰ ਪ੍ਰੋ. ਤਿਵਾਰੀ ਦੇ ਡਿਗਰੀ ਵੰਡ ਸਮਾਰੋਹ ਸੰਬੋਧਨ ਵਿੱਚ 22,000 ਤੋਂ ਵੱਧ ਨੇਪਾਲੀ ਵਿਦਿਆਰਥੀਆਂ ਅਤੇ ਟੀਯੂ ਸਟਾਫ਼ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਸੰਬੋਧਨ ਦਾ ਤ੍ਰਿਭੁਵਨ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਭਰਪੂਰ ਸਵਾਗਤ ਕੀਤਾ।ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੇ ਕਿਹਾ ਕਿ ਉਹ ਟੀਯੂ ਨੇਪਾਲ ਦੁਆਰਾ ਪ੍ਰਦਾਨ ਕੀਤੀ ਮਹਿਮਾਨਨਿਵਾਜ਼ੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਪ੍ਰੋ. ਤਿਵਾਰੀ ਨੇ ਸਾਂਝਾ ਕੀਤਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਦਾ ਪਲ ਸੀ ਜਦੋਂ ਨੇਪਾਲ ਦੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਟੀਯੂ ਦੇ ਚਾਂਸਲਰ ਸ਼੍ਰੀ ਸ਼ੇਰ ਬਹਾਦੁਰ ਦੇਉਵਾ ਨੇ ਤ੍ਰਿਭੁਵਨ ਯੂਨੀਵਰਸਿਟੀ ਦੇ 48ਵੇਂ ਡਿਗਰੀ ਵੰਡ ਸਮਾਰੋਹ ਵਿੱਚ ਪ੍ਰੋ. ਤਿਵਾਰੀ ਦਾ ਮੁੱਖ ਮਹਿਮਾਨ ਵਜੋਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਟੀਯੂ ਨੇਪਾਲ ਦੇ ਨੌਜਵਾਨ ਵਿਦਿਆਰਥੀਆਂ ਨੇ ਉਨ੍ਹਾਂ ਦੇ ਸੰਬੋਧਨ ਨੂੰ ਦਿਲ ਨੂੰ ਛੂਹ ਲੈਣ ਵਾਲਾ ਅਤੇ ਪ੍ਰੇਰਨਾਦਾਇਕ ਸੰਬੋਧਨ ਪਾਇਆ। ਉਹਨਾਂ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਉਹਨਾਂ ਨੂੰ ਨੇਪਾਲ ਦੇ ਚੋਟੀ ਦੇ ਸਿੱਖਿਆ ਸ਼ਾਸਤਰੀਆਂ ਦੇ ਨਾਲ ਨੇਪਾਲ ਦੀ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਵਿਦਿਆ ਦੇਵੀ ਭੰਡਾਰੀ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਜਿੱਥੇ ਉਹਨਾਂ ਨੇ ਸਾਰਿਆਂ ਨੂੰ ਦੱਸਿਆ ਕਿ ਭਾਰਤ ਦੇ ਐਨਈਪੀ-2020 ਦੇ ਪਰਿਵਰਤਨਸ਼ੀਲ ਸੁਧਾਰ ਨੇਪਾਲ ਦੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਕਿਸ ਤਰ੍ਹਾਂ ਲਾਭਦਾਇਕ ਸਾਬਤ ਹੋ ਸਕਦੇ ਹਨ। ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਨੇ ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੂੰ ਵਿਦਿਆਰਥੀ ਦਾਖਲੇ ਦੇ ਮਾਮਲੇ ਵਿੱਚ ਦੁਨੀਆ ਦੀ 12 ਵੀਂ ਸਭ ਤੋਂ ਵੱਡੀ ਤ੍ਰਿਭੁਵਨ ਯੂਨੀਵਰਸਿਟੀ ਵਿਖੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਨ ਲਈ ਵਧਾਈ ਦਿਤੀ।

ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਲੋਂ ’ਮਨੁੱਖੀ ਅਧਿਕਾਰ ਦਿਵਸ’ ਤੇ ਵਿਸਥਾਰ ਭਾਸ਼ਣ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ:ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਮਨੁੱਖੀ ਅਧਿਕਾਰ ਦਿਵਸ ਨੂੰ ਮੁੱਖ ਰੱਖਦਿਆਂ ’ਸਾਈਬਰ ਕ੍ਰਾਈਮ’ ਵਿਸ਼ੇ ’ਤੇ ਵਿਸਥਾਰ ਭਾਸ਼ਣ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਅਸਵੰਤ ਸਿੰਘ ਡੀ.ਐੱਸ.ਪੀ. ਰਾਮਪੁਰਾ ਫੂਲ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਬੀ.ਏ.-ਬੀ.ਐਡ. ਵਿਭਾਗ ਦੀ ਮੁਖੀ ਮੈਡਮ ਰਾਜਵੀਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਸਹੂਲਤ ਪ੍ਰਬੰਧਨ) ਸ੍ਰ. ਹਰਪਾਲ ਸਿੰਘ ਨੇ ਵਿਦਿਆਰਥੀਆਂ ਨਾਲ ਮੁੱਖ ਮਹਿਮਾਨ ਸ. ਅਸਵੰਤ ਸਿੰਘ ਦੀ ਜਾਣ ਪਹਿਚਾਣ ਕਰਵਾਈ ਅਤੇ ਬੀ.ਐਫ.ਜੀ.ਆਈ. ਦੀ ਸਮੁੱਚੀ ਮੈਨੇਜਮੈਂਟ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।ਇਸ ਮੌਕੇ ਮੁੱਖ ਮਹਿਮਾਨ ਅਸਵੰਤ ਸਿੰਘ ਧਾਲੀਵਾਲ ਦੁਆਰਾ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਸਾਈਬਰ ਕ੍ਰਾਈਮ ਕੀ ਹੈ? ਅਤੇ ਅਸੀਂ ਇਸ ਤੋਂ ਆਪਣੇ ਆਪ ਦਾ ਕਿਵੇਂ ਬਚਾਅ ਕਰ ਸਕਦੇ ਹਾਂ? ਇਸ ਸਮੇਂ ਉਨ੍ਹਾਂ ਨੇ ਸਾਈਬਰ ਕ੍ਰਾਈਮ ਦੀਆਂ ਕਿਸਮਾਂ ਦੱਸਦੇ ਹੋਏ ਇਨ੍ਹਾਂ ਤੋਂ ਬਚਾਅ ਦੇ ਤਰੀਕੇ ਦੱਸੇ। ਇਸ ਸਮੇਂ ਉਨ੍ਹਾਂ ਵੱਲੋਂ ਸਾਈਬਰ ਕ੍ਰਾਈਮ ਬਾਰੇ ਪੀ.ਪੀ.ਟੀ. ਦੀ ਮਦਦ ਨਾਲ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਇਸ ਦੇ ਨਾਲ-ਨਾਲ ਉਨ੍ਹਾਂ ਨੇ ਸਾਈਬਰ ਕ੍ਰਾਈਮ ਨਾਲ ਸੰਬੰਧਿਤ ਕਾਨੂੰਨਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਾਨੂੰਨੀ ਰੂਪ ਵਿੱਚ ਸੈਕਸ਼ਨ 66 ਦੇ ਤਹਿਤ ਸਾਈਬਰ ਕ੍ਰਾਈਮ ਬਾਰੇ ਸ਼ਿਕਾਇਤ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ।ਇਸ ਸਮੇਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਅਤੇ ਸਮਝਿਆ । ਮੁੱਖ ਬੁਲਾਰੇ ਦੁਆਰਾ ਵਿਦਿਆਰਥੀਆਂ ਤੋਂ ਪ੍ਰਸ਼ਨ ਵੀ ਪੁੱਛੇ ਗਏ ਅਤੇ ਉਨ੍ਹਾਂ ਸਵਾਲਾਂ ਦੇ ਜਵਾਬ ਵੀ ਬੜੀ ਹੀ ਗਹਿਰਾਈ ਵਿੱਚ ਦਿੱਤੇ ਗਏ ।
ਇਸ ਸਮੇਂ ਉਨ੍ਹਾਂ ਨੇ ਸਾਈਬਰ ਕ੍ਰਾਈਮ ਹੋਣ ਸਮੇਂ ਬਚਾਅ ਲਈ ਹੈਲਪ ਲਾਈਨ ਨੰਬਰ, ਟੋਲ ਫ਼ਰੀ ਨੰਬਰ ਅਤੇ ਵਿਭਿੰਨ ਵੈੱਬਸਾਈਟਾਂ ਦੀ ਜਾਣਕਾਰੀ ਦਿੱਤੀ । ਇਸ ਮੌਕੇ ਬੀ.ਐਡ ਅਤੇ ਬੀ.ਏ.-ਬੀ.ਐਡ. ਦੇ ਲਗਭਗ 10-15 ਵਿਦਿਆਰਥੀਆਂ ਨੇ ਮੁੱਖ ਬੁਲਾਰੇ ਨੂੰ ਪ੍ਰਸ਼ਨ ਪੁੱਛ ਕੇ ਆਪਣੀਆਂ ਸ਼ੰਕਾਵਾਂ ਨੂੰ ਦੂਰ ਕੀਤਾ ।ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ. ਮੰਗਲ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਆਪਣੇ ਨਿੱਘੇ ਸ਼ਬਦਾਂ ਨਾਲ ਧੰਨਵਾਦ ਕੀਤਾ ਗਿਆ ਅਤੇ ਮੁੱਖ ਬੁਲਾਰੇ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੀ ਭਰਪੂਰ ਸ਼ਲਾਘਾ ਕੀਤੀ । ਅੰਤ ਵਿੱਚ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਸਹੂਲਤ ਪ੍ਰਬੰਧਨ) ਸ੍ਰ. ਹਰਪਾਲ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਮੰਗਲ ਸਿੰਘ ਵੱਲੋਂ ਮੁੱਖ ਬੁਲਾਰੇ ਸ੍ਰ. ਅਸਵੰਤ ਸਿੰਘ ਧਾਲੀਵਾਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਮਾਮਲੇ ’ਚ ਸਰਕਾਰੀ ਮੁਲਾਜ਼ਮਾਂ ਨਾਲ ਕੀਤਾ ਧੋਖਾ : ਡਾ ਚੀਮਾ

0

ਕੀਤਾ ਸਵਾਲ, ਜਦੋਂ ਕੇਂਦਰ ਕੋਲੋਂ ਮਨਜ਼ੂਰੀ ਨਹੀਂ ਲਈ ਤਾਂ ਝੂਠਾ ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਕੇ ਸਰਕਾਰੀ ਮੁਲਾਜ਼ਮਾਂ ਨਾਲ ਧੋਖਾ ਕਿਉਂ ਕੀਤਾ ਜਦੋਂ ਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਕੋਲੋਂ ਕੌਮੀ ਪੈਨਸ਼ਨ ਸਿਸਟਮ ਤਹਿਤ ਸਬਸਕ੍ਰਾਈਬਰਜ਼ ਦਾ ਇਕੱਤਰ ਹੋਇਆ ਪੈਸਾ ਵਾਪਸ ਹੀ ਨਹੀਂ ਮੰਗਿਆ ਤਾਂ ਜੋ ਉਹ ਸਕੀਮ ਦੇ ਕੰਮ ਆ ਸਕੇ ਅਤੇ ਨਾ ਹੀ ਇਸ ਬਾਰੇ ਕੇਂਦਰ ਸਰਕਾਰ ਕੋਲੋਂ ਮਨਜ਼ੂਰੀ ਲਈ ਗਈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਸਰਕਾਰ ਅੱਜ ਸੰਸਦ ਵਿਚ ਉਸ ਵੇਲੇ ਬੇਨਕਾਬ ਹੋ ਗਈ ਜਦੋਂ ਇਹ ਗੱਲ ਸਾਹਮਣੇ ਆਈ ਕਿ ਇਸਨੇ ਕੇਂਦਰ ਸਰਕਾਰ ਅਤੇ ਪੈਨਸ਼ਨ ਫੰਡ ਰੈਗੂਲੇਟਰੀ ਤੇ ਡਵੈਲਪਮੈਂਟ ਅਥਾਰਟੀ ਨੂੰ ਸੂਬੇ ਦੇ ਸਬਸਕ੍ਰਾਈਬਰਜ਼ ਦੇ ਇਕੱਤਰ ਹੋਏ ਪੈਸੇ ਨੂੰ ਵਾਪਸ ਦੇਣ ਦੀ ਮੰਗ ਹੀ ਨਹੀਂ ਕੀਤੀ ਤਾਂ ਜੋ ਇਸਦੀ ਵਰਤੋਂ ਪੁਰਾਣੀ ਪੈਨਸ਼ਨ ਸਕੀਮ ਵਾਸਤੇ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਤਿੰਨ ਰਾਜਾਂ ਰਾਜਸਥਾਨ, ਛਤੀਸਗੜ੍ਹ ਤੇ ਝਾਰਖੰਡ ਨੇ ਅਜਿਹੀ ਬੇਨਤੀ ਕੀਤੀ ਹੈ ਤੇ ਸਪਸ਼ਟ ਹੋ ਗਿਆ ਹੈ ਕਿ ਆਪ ਸਰਕਾਰ ਨੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਮੌਕੇ ਸਰਕਾਰੀ ਮੁਲਾਜ਼ਮਾਂ ਨੂੰ ਮੂਰਖ ਬਣਾਉਣ ਵਾਸਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਉਹਨਾਂ ਕਿਹਾ ਕਿ ਇਸ ਤੋਂ ਬਿਨਾਂ ਸ਼ੱਕ ਇਹ ਸਾਬਤ ਹੁੰਦਾ ਹੈ ਕਿ ਆਪ ਸਰਕਾਰ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦਾ ਸਕੀਮ ਨੂੰ ਲਾਗੂ ਕਰਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਇਸ ਮਾਮਲੇ ’ਤੇ ਸਿਰਫ ਰਾਜਨੀਤੀਕਰ ਰਹੇ ਸਨ। ਉਹਨਾਂ ਕਿਹਾ ਕਿ ਇਹ ਬਹੁਤ ਨਿੰਦਣਯੋਗ ਹੈ ਤੇ ਇਹ ਲੱਖਾਂ ਪੈਨਸ਼ਨਰਾਂ ਤੇ ਸਰਕਾਰੀ ਮੁਲਾਜ਼ਮਾਂ ਨਾਲ ਵੱਡਾ ਧੋਖਾ ਹੈ।ਡਾ. ਚੀਮਾ ਨੇ ਆਪ ਸਰਕਾਰ ਨੂੰ ਆਖਿਆ ਕਿ ਉਹ ਕੀਤੇ ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਯੋਜਨਾ ਦਾ ਖੁਲ੍ਹਾਸਾ ਕਰਨ ਅਤੇ ਇਸ ਮਾਮਲੇ ’ਤੇ ਕੇਂਦਰ ਸਰਕਾਰ ਸਿਰ ਦੋਸ਼ ਨਾ ਮੜ੍ਹਨ। ਉਹਨਾਂ ਕਿਹਾ ਕਿ ਤੁਸੀਂ ਪੰਜਾਬੀਆਂ ਨੂੰ ਵਾਅਦਾ ਕੀਤਾ ਸੀ। ਤੁਹਾਨੂੰ ਇਹ ਸਕੀਮ ਲਾਗੂ ਕਰਨ ਵਾਸਤੇ ਜ਼ਰੂਰੀ ਫੰਡ ਜੁਟਾਉਣ ਵਾਸਤੇ ਲੋੜੀਂਦੀ ਗਿਣਤੀ ਮਿਣਤੀ ਲਾਉਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਹੁਣ ਤੁਸੀਂ ਕੇਂਦਰ ਸਰਕਾਰ ਦੇ ਸਿਰ ਜ਼ਿੰਮੇਵਾਰੀ ਨਹੀਂ ਪਾ ਸਕਦੇ।

ਪਾਣੀ ਦੀ ਸਮੱਸਿਆ ਨੂੰ ਲੈ ਕੇ ਕਿਸਾਨ ਆਗੂਆਂ ਨੇ ਦਿੱਤਾ ਮੰਗ ਪੱਤਰ 

ਸੁਖਜਿੰਦਰ ਮਾਨ
ਬਠਿੰਡਾ,12 ਦਸੰਬਰ-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਪਥਰਾਲਾ ਵੱਲੋਂ ਵਾਟਰ-ਵਰਕਸਾਂ ਦੀਆਂ ਆ ਰਹੀਆਂ ਸਮੱਸਿਆਵਾਂ ਸੰਬੰਧੀ ਬੀਡੀਪੀਓ ਨੂੰ ਜਨਤਕ ਵਫ਼ਦ ਰਾਹੀਂ ਮੰਗ ਪੱਤਰ ਦਿੱਤੇ ਗਏ।ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ ਨੇ ਕਿਹਾ ਕਿ ਪਿੰਡ ਪਥਰਾਲਾ ਵਿੱਚ 2 ਵਾਟਰ ਵਰਕਸ ਮੋਜੂਦ ਹਨ, ਪਰ ਫਿਰ ਵੀ ਪਿੰਡ ਵਿੱਚ ਪਾਣੀ ਦੀ ਸਮੱਸਿਆ ਬਣੀ ਰਹਿੰਦੀ ਹੈ, ਉਹਨਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਹੈ, ਸੂਏ ਦੀ ਬੰਦੀ ਹੋਣ ਦੌਰਾਨ ਪਿੰਡ ਵਾਸੀ ਕਿਰਾਏ ਤੇ ਚੱਲਦੇ ਪਾਣੀ ਵਾਲੇ ਟੈਕਰਾਂ ਤੇ ਨਿਰਭਰ ਹਨ, ਜਿਸ ਕਾਰਨ ਪਿੰਡ ਵਾਸੀਆਂ ਨੂੰ ਪਾਣੀ ਦਾ ਬਿੱਲ ਭਰਨ ਦੇ ਬਾਵਜੂਦ ਵੀ ਦੂਹਰਾ ਹਰਜਾਨਾ ਝੱਲਣਾ ਪੈ ਰਿਹਾ ਹੈ,ਉਹਨਾਂ ਕਿਹਾ ਕਿ ਇਹ ਸੇਵਾਵਾਂ ਦੇ ਖੇਤਰ ਦਾ ਵੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸੰਸਾਰ ਬੈਂਕ ਦੀਆਂ ਹਿਦਾਇਤਾਂ ਤੇ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਹੈ,ਵਾਟਰ- ਵਰਕਸ ਪੰਚਾਇਤਾਂ ਨੂੰ ਸੌਂਪ ਦਿੱਤੇ ਹਨ, ਸਰਕਾਰ ਆਪਣੀ ਜੁੰਮੇਵਾਰੀ ਤੋਂ ਹੱਥ ਪਿੱਛੇ ਖਿੱਚ ਰਹੀ ਹੈ,ਸਰਕਾਰ ਨਵੀਂ ਜਲ ਨੀਤੀ 2021 ਲਾਗੂ ਕਰਕੇ ਧਰਤੀ ਦੀ ਮਾਲਕੀ ਅਤੇ ਪਾਣੀ ਦੀ ਮਾਲਕੀ ਨੂੰ ਵੱਖ-ਵੱਖ ਕਰਨ ਜਾ ਰਹੀ ਹੈ,ਜਿਸ ਤਹਿਤ ਪਾਣੀ ਨੂੰ ਵਪਾਰਕ ਵਸਤੂ ਬਣਾ ਕੇ ਕੰਪਨੀਆਂ ਦੇ ਮੁਨਾਫ਼ੇ ਵਾਸਤੇ ਰਾਹ ਪੱਧਰਾ ਕਰਨਾ ਹੈ ਅਤੇ ਕਿਰਤੀ ਲੋਕਾਂ ਨੂੰ ਆਰਥਿਕ ਤੌਰ ਤੇ ਹੋਰ ਖੁੰਗਲ ਕਰਨਾ ਹੈ।
ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ, ਰੇਲਵੇ ਲਾਇਨ ਸਥਿਤ ਵਾਟਰ-ਵਰਕਸ ਵਿੱਚ ਸੂਏ ਤੋਂ ਆ ਰਹੀ ਪਾਣੀ ਵਾਲੀ ਪਾਇਪ ਲਾਇਨ ਦਾ ਅਧੂਰਾ ਪਿਆ ਕੰਮ ਜਲਦੀ ਮੁਕੰਮਲ ਕੀਤਾ ਜਾਵੇ, ਰੇਲਵੇ ਲਾਇਨ ਸਥਿਤ ਵਾਟਰ-ਵਰਕਸ ਦੇ ਪਾਣੀ ਵਾਲੇ ਡੱਗ ਦੇ ਨਜ਼ਦੀਕ ਸਫੈਦਿਆਂ ਨੂੰ ਪਟਵਾਇਆ ਜਾਵੇ, ਤਾਂ ਜੋ ਡੱਗ ਵਿੱਚ ਮੋਜੂਦ ਪਾਣੀ ਨੂੰ ਗੰਦਾ ਹੋਣ ਤੋਂ ਬਚਾਇਆ ਜਾ ਸਕੇ, ਪਿੰਡ ਵਿੱਚ ਮੋਜੂਦ ਦੋਵੇਂ (2) ਵਾਟਰ-ਵਰਕਸਾਂ ਦੇ ਫਿਲਟਰਾਂ ਦੀ ਸਫਾਈ ਕਰਵਾ ਕੇ ਚਾਲੂ ਕਰਵਾਏ ਜਾਣ, ਮੇਨ ਰੋਡ ਸਥਿਤ ਵਾਟਰ-ਵਰਕਸ ‘ਚ ਮੋਜੂਦ ਡੱਗ ਟੁੱਟੇ ਹੋਏ ਹਨ, ਪਾਣੀ ਸੋਖਦੇ ਹਨ, ਇਹਨਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਪਿੰਡ ਦੀ ਫਿਰਨੀ ਤੋਂ ਬਾਹਰਲੇ ਘਰਾਂ (ਢਾਹਣੀਆਂ) ਨੂੰ ਪਾਣੀ ਦੀ ਨਿਰਬਿਘਨ ਸਪਲਾਈ ਯਕੀਨੀ ਬਣਾਈ ਜਾਵੇ, ਪਿੰਡ ਵਿੱਚ ਸਥਿਤ ਦੋਵੇਂ ਵਾਟਰ-ਵਰਕਸਾਂ ਦਾ ਸਰਕਾਰੀਕਰਨ ਕੀਤਾ ਜਾਵੇ। ਇਸ ਮੌਕੇ ਸਮੂਹ ਬਲਾਕ ਆਗੂਆਂ ਸਮੇਤ ਪਿੰਡ ਇਕਾਈ ਦੇ ਪ੍ਰਧਾਨ ਤਾਰਾ ਸਿੰਘ,ਬਲਜੀਤ ਕੌਰ ਪਥਰਾਲਾ, ਬੂਟਾ ਸਿੰਘ, ਕੰਮਣਾ ਸਿੰਘ, ਤੇਜਾ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਰਾਜ ਪੱਧਰੀ ਸੈਕੰਡਰੀ ਖੇਡਾਂ ਲਈ ਬਠਿੰਡਾ ਜ਼ਿਲ੍ਹੇ ਦੇ ਖਿਡਾਰੀ ਸੰਗਰੂਰ ਲਈ ਰਵਾਨਾ

0
ਸ਼ਿਵ ਪਾਲ ਗੋਇਲ ਅਤੇ ਇਕਬਾਲ ਸਿੰਘ ਬੁੱਟਰ ਨੇ ਦਿੱਤੀ ਹਰੀ ਝੰਡੀ ਅਤੇ ਖਿਡਾਰੀਆਂ ਦੀ ਕੀਤੀ ਹੋਂਸਲਾ ਅਫਜ਼ਾਈ
ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ:ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੰਗਰੂਰ ਵਿਖੇ ਕਰਵਾਈਆਂ ਜਾ ਰਹੀਆਂ ਰਾਜ ਐਥਲੈਟਿਕਸ ਖੇਡਾਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ  ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਹਰੀ ਝੰਡੀ ਦੇ ਕੇ ਖਿਡਾਰੀਆਂ ਨੂੰ ਰਵਾਨਾ ਕੀਤਾ। ਸਿੱਖਿਆ ਅਧਿਕਾਰੀਆਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦਿਆ ਕਿਹਾ ਉਹਨਾਂ ਲਈ ਜਿੱਤ ਦੀ ਕਾਮਨਾ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਨੇ ਦੱਸਿਆ ਕਿ ਇਹਨਾਂ ਰਾਜ ਪੱਧਰੀ ਐਥਲੈਟਿਕਸ ਖੇਡਾਂ ਵਿੱਚ ਬਠਿੰਡਾ ਜ਼ਿਲ੍ਹੇ ਦੇ ਅੰਡਰ 14,17,19 ਦੇ ਲਗਭਗ 100 ਦੇ ਖਿਡਾਰੀ ਭਾਗ ਲੈ ਰਹੇ ਹਨ।ਇਸ ਮੋਕੇ ਹੋਰਨਾਂ ਤੋ ਇਲਾਵਾ ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਸੁਖਦੇਵ ਸਿੰਘ, ਬਲਰਾਜ ਕੌਰ, ਰਣਜੀਤ ਸਿੰਘ ਪੀ.ਟੀ.ਆਈ ਹਾਜ਼ਰ ਸਨ।

ਸਵ: ਜਗਮੋਹਨ ਕੌਂਸਲ ਦੀ ਯਾਦ ਨੂੰ ਸਮਰਪਿਤ ਟੀਚਰਜ਼ ਹੋਮ ‘ਚ ਨਾਟਕਾਂ ਦਾ ਆਯੋਜਨ

ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ: ਟੀਚਰਜ਼ ਹੋਮ ਟਰੱਸਟ (ਰਜਿ,) ਬਠਿੰਡਾ ਵੱਲੋਂ ਟਰੱਸਟ ਦੇ ਸਾਬਕਾ ਚੈਅਰਮੈਨ ਸਵ: ਜਗਮੋਹਨ ਕੌਂਸਲ ਦੀ ਯਾਦ ਨੂੰ ਸਮਰਪਿਤ ਟੀਚਰਜ਼ ਹੋਮ ਦੇ ਈਸੜੂ ਹਾਲ ਵਿੱਚ ਲੇਖਕ ਕੁਲਦੀਪ ਦੀਪਕ ਦਾ ਲਿਖਿਆ ਨਾਟਕ (ਹਾਲੇ ਵੀ ਵਕ਼ਤ ਹੈ)ਤੇ ਰਾਜਵਿੰਦਰ ਸਮਰਾਲਾ ਦਾ ਨਾਟਕ(ਪੰਜਾਬ ਦੀ ਕਹਾਣੀ)ਦਾ ਆਯੋਜਨ ਕੀਤਾ ਗਿਆ।ਨਾਟਿਅਮ ਪੰਜਾਬ ਦੀ ਟੀਮ ਵੱਲੋਂ ਭਾਸ਼ਾ ਅਫ਼ਸਰ ਬਠਿੰਡਾ ਸ੍ਰੀ ਕੀਰਤੀ ਕਿਰਪਾਲ ਦੀ ਨਿਰਦੇਸ਼ਨਾਂ ਹੇਠ ਖੇਡੇ ਨਾਟਕਾਂ ਰਾਹੀਂ ਜਿੱਥੇ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਦੀ ਕਹਾਣੀ ਹੈ,ਉੱਥੇ ਪੰਜਾਬੀ ਨੂੰ ਬਾਜ਼ਾਰ ਤੇ ਰੁਜ਼ਗਾਰ ਦੀ ਭਾਸ਼ਾ ਬਣਾਉਣ ਸਬੰਧੀ ਸੁਨੇਹਾ ਦਿੱਤਾ।ਦੂਸਰੇ ਨਾਟਕ ਵਿੱਚ ਪੰਜਾਬ ਦੀ ਹੁਣ ਤੱਕ ਦੀ ਰਾਜਨੀਤਕ ਵਿਵਸਥਾ ਤੇ ਤਕੜਾਵਿਅੰਗ ਕੀਤਾ ਗਿਆ। ਡੇਰਾਵਾਦ, ਨਸ਼ੇ ਤੇ ਬੇਰੁਜ਼ਗਾਰੀ ਵਰਗੇ ਮਸਲਿਆਂ ਵੱਲ ਵੀ ਸਰੋਤਿਆਂ ਦਾ ਧਿਆਨ ਖਿੱਚਿਆ । ਟੀਚਰਜ਼ ਹੋਮ ਟਰੱਸਟ ਵੱਲੋਂ ਉਕਤ ਨਾਟਕਾਂ ਦਾ ਆਯੋਜਨ ਗੁਰਬਚਨ ਸਿੰਘ ਮੰਦਰਾਂ (ਪ੍ਰਧਾਨ) ਦੀ ਅਗਵਾਈ ਤੇ ਰਘਬੀਰ ਚੰਦ ਸ਼ਰਮਾ (ਸੀਨੀਅਰ ਵਾਈਸ ਪ੍ਰਧਾਨ)ਦੀ ਦੇਖ ਰੇਖ ਵਿੱਚ ਕਰਵਾਏ ਗਏ। ਇਸ ਮੌਕੇ ਕਾਮਰੇਡ ਹਰਦੇਵ ਅਰਸ਼ੀ (ਸਾਬਕਾ ਵਿਧਾਇਕ),ਬੱਗਾ ਸਿੰਘ ਜਮਹੂਰੀ ਅਧਿਕਾਰ ਸਭਾ, ਪ੍ਰਸਿੱਧ ਕਹਾਣੀਕਾਰ ਸ੍ਰੀ ਅਤਰਜੀਤ, ਲੋਕ ਮੋਰਚਾ ਪੰਜਾਬ ਵੱਲੋਂ ਸ੍ਰੀ ਜਗਮੇਲ ਸਿੰਘ, ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਰਣਜੀਤ ਗੌਰਵ, ਰਣਬੀਰ ਰਾਣਾ, ਗੁਰਦੇਵ ਖੋਖਰ,ਅਗਾਜਵੀਰ,ਸ੍ਰੀ ਦਿਲਬਾਗ ਸਿੰਘ, ਸੁਰਿੰਦਰ ਪਰੀਤ ਘਣੀਆਂ, ਅਮਰਜੀਤ ਜੀਤ ਵਿਕਾਸ ਕੌਸ਼ਲ, ਸੁਦਰਸ਼ਨ ਗਰਗ, ਅਧਿਆਪਕ ਆਗੂ ਦਰਸ਼ਨ ਮੌੜ, ਬਲਜਿੰਦਰ ਸਿੰਘ, ਦਵਿੰਦਰ ਡਿੱਗ, ਹਰਵਿੰਦਰ ਭੱਟੀ ਤੇ ਨਛੱਤਰ ਧੰਮੂ ਸਮੇਤ ਅਧਿਆਪਕਾਂ, ਬੈਂਕਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਰਵੀਂ ਹਾਜ਼ਰੀ ਭਰੀ।ਇਸ ਦੌਰਾਨ ਸ੍ਰੀ ਰਘੁਵੀਰ ਚੰਦ ਸ਼ਰਮਾ ਨੇ ਟੀਚਰਜ਼ ਹੋਮ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਟੀਚਰਜ਼ ਹੋਮ ਬਠਿੰਡਾ ਵੱਲੋਂ ਸ੍ਰੀ ਖਰੁਸ਼ਚੇਵ,ਪਰਮਜੀਤ ਰਾਮਾ, ਰਮੇਸ਼ ਕੁਮਾਰ, ਨਵਨੀਤ ਸਿੰਘ, ਓਮਪ੍ਰਕਾਸ਼ ਨੇ ਆਪਣੀ ਪੂਰੀ ਹਾਜ਼ਰੀ ਭਰੀ। ਇਸ ਮੌਕੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਟੀਚਰਜ਼ ਹੋਮ ਦੇ ਸਕੱਤਰ ਲਛਮਣ ਮਲੂਕਾ ਨੇ ਨਾਟਿਅਮ ਪੰਜਾਬ ਤੇ ਆਈਆਂ ਹੋਈਆਂ ਸਾਰੀਆਂ ਹਸਤੀਆਂ ਦਾ ਧੰਨਵਾਦ ਕੀਤਾ।

ਔਰਤ ਸਹਿਤ ਤਿੰਨ ਜਣਿਆਂ ਕੋਲੋ 14 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ

0

ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਜ਼ਿਲ੍ਹਾ ਪੁਲਿਸ ਦੁਆਰਾ ਐਸ.ਐਸ.ਪੀ ਜੇ.ਇਲਨਚੇਲੀਅਨ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਅੱਜ ਸੀ ਆਈ ਏ-1 ਸਟਾਫ਼ ਦੀ ਟੀਮ ਨੂੰ ਉਸ ਸਮੇਂ ਸਫ਼ਲਤਾ ਹਾਸਲ ਹੋਈ ਜਦ ਇੱਕ ਔਰਤ ਸਹਿਤ ਤਿੰਨ ਜਣਿਆਂ ਨੂੰ ਕਰੀਬ 14 ਹਜ਼ਾਰ ਨਸ਼ੀਲੀਆਂ ਗੋਲੀਆਂ ਸਹਿਤ ਕਾਬੂ ਕੀਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ਼ ਦੇ ਇੰਚਾਰਜ਼ ਤਰਜਿੰਦਰ ਸਿੰਘ ਨੇ ਦਸਿਆ ਕਿ ਵਿੰਗ ਦੇ ਐਸ ਆਈ ਅਵਤਾਰ ਸਿੰਘ ਦੀ ਅਗਵਾਈ ਹੇਠਲੀ ਟੀਮ ਵਲੋਂ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਨੇੜੇ ਸਿਵਲ ਹਸਪਤਾਲ ਬਠਿੰਡਾ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਬਜ਼ਾਜ ਕੈਲੀਵਰ ਮੋਟਰਸਾਈਕਲ ’ਤੇ ਸਵਾਰ ਦਰਸ਼ਨ ਸਿੰਘ, ਰਾਮ ਸਿੰਘ ਦੋਨੋਂ ਵਾਸੀ ਗਹਿਰੀ ਭਾਗੀ ਅਤੇ ਸੋਨੀਆ ਰਾਣੀ ਵਾਸੀ ਡੱਬਵਾਲੀ ਨੂੰ ਰੋਕ ਕੇ ਜਦ ਤਲਾਸੀ ਲਈ ਗਈ ਤਾਂ ਉਨ੍ਹਾਂ ਕੋਲੋ ਬਰਾਮਦ ਇੱਕ ਪਲਾਸਟਿਕ ਦੇ ਗੱਟੇ ਵਿਚੋਂ 1400 ਨਸ਼ੀਲੀਆਂ ਗੋਲੀਟਾਂ ਦੇ ਪੱਤੇ ਬਰਾਮਦ ਹੋਏ ਅਤੇ ਹਰੇਕ ਪੱਤੇ ਵਿਚ 100-100 ਗੋਲੀਆਂ ਸਨ। ਇੰਨ੍ਹਾਂ ਵਿਰੁਧ ਧਾਰਾ 22-ਸੀ/61/85 ਐਨ ਡੀ ਪੀ ਐਸ ਐਕਟ ਥਾਣਾ ਕੋਤਵਾਲੀ ਬਠਿੰਡਾ ਵਿਖੇ ਪਰਚਾ ਦਰਜ਼ ਕਰਕੇ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਪੁਲਿਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਤੋਂ ਡੁੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ।

ਹਰਿਆਣਾ ਵਿਚ ਪਹਿਲੀ ਵਾਰ ਹੋਇਆ ਭਗਵਾਨ ਸ੍ਰੀ ਪਰਸ਼ੂਰਾਮ ਮਹਾਕੁੰਭ ਦਾ ਰਾਜ ਪੱਧਰੀ ਪ੍ਰੋਗ੍ਰਾਮ ਦਾ ਪ੍ਰਬੰਧ

0

ਮੁੱਖ ਮੰਤਰੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤੇ ਕਈ ਮਹਤੱਵਪੂਰਣ ਐਲਾਨ
ਪੁਜਾਰੀ ਪੁਰੋਹਿਤ ਭਲਾਈ ਬੋਰਡ ਦੇ ਗਠਨ ਦਾ ਐਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਦਸੰਬਰ : ਹਰਿਆਣਾ ਵਿਚ ਪਹਿਲੀ ਵਾਰ ਭਗਵਾਨ ਸ੍ਰੀ ਪਰਸ਼ੂਰਾਮ ਮਹਾਕੁੰਭ ਦਾ ਰਾਜ ਪੱਧਰੀ ਪ੍ਰੋਗ੍ਰਾਮ ਦਾ ਪ੍ਰਬੰਧ ਕੀਤਾ ਗਿਆ। ਕਰਣ ਦੀ ਨਗਰੀ ਕਰਨਾਲ ਵਿਚ ਪ੍ਰਬੰਧਿਤ ਇਸ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ’ਤੇ ਉਨ੍ਹਾਂ ਨੇ ਕਈ ਮਹਤੱਵਪੂਰਣ ਐਲਾਨ ਕੀਤੇ। ਸ੍ਰੀ ਮਨੋਹਰ ਲਾਲ ਨੇ ਭਗਵਾਨ ਪਰਸ਼ੂਰਾਮ ਜੈਯੰਤੀ ਦੇ ਮੌਕੇ ’ਤੇ ਗਜਟਿਡ ਛੁੱਟੀ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਕੈਥਲ ਵਿਚ ਬਨਣ ਵਾਲੇ ਮੈਡੀਕਲ ਕਾਲਜ ਦਾ ਨਾਂਅ ਭਗਵਾਨ ਸ੍ਰੀ ਪਰਸ਼ੂਰਾਮ ਦੇ ਨਾਂਅ ’ਤੇ ਰੱਖਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਸੂਬੇ ਵਿਚ ਪੁਜਾਰੀ, ਪੁਰੋਹਿਤ ਭਲਾਈ ਬੋਰਡ ਦੇ ਗਠਨ ਦਾ ਐਲਾਨ ਕੀਤਾ ਤਾਂ ਜੋ ਉਨ੍ਹਾਂ ਨੂੰ ਇਕ ਯਕੀਨੀ ਘੱਟ ਘੱਟ ਆਮਦਨ ਪ੍ਰਾਪਤ ਹੋ ਸਕੇ। ਇਸ ਦੇ ਲਈ ਪੁਜਾਰੀ, ਪਰੋਹਿਤ ਦਾ ਕੁਸ਼ਲ ਵਰਕਫੋਰਸ ਦੇ ਹਿਸਾਬ ਨਾਲ ਘੱਟ ਘੱਟ ਵੇਜ ਰੇਟ ਤੈਅ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤੀ ਕਿ ਪਹਿਰਾਵਰ ਜਮੀਨ ਦਾ ਮਾਮਲੇ ਦਾ ਹੱਲ ਕੀਤਾ ਗਿਆ ਹੈ। ਪਹਿਰਾਵਰ ਜਮੀਨ ਗੌੜ ਬ੍ਰਹਮਣ ਕਾਲਜ ਨੂੰ ਹੀ ਮਿਲੇਗੀ। ਇਸ ਕਾਲਜ ਦੇ ਲਈ ਸਾਲ 2022 ਤੋਂ 2055 ਤਕ 33 ਸਾਲਾਂ ਦੇ ਲਈ ਨਵੇਂ ਸਿਰੇ ਤੋਂ ਲੀਜ ਕੀਤੀ ਜਾਵੇਗੀ ਅਤੇ ਲੀਜ ਦਾ ਰੇਟ ਨਿਯਮਅਨੁਸਾਰ ਹੋਵੇਗਾ। ਪਹਿਲਾਂ ਇਹ ਲੀਜ ਸਾਲ 2009 ਤੋਂ 2042 ਤਕ ਸੀ। ਇਸ ਤੋਂ ਇਲਾਵਾ, ਪਿਛਲੇ ਪੈਸੇ ਨੂੰ ਮਾਫ ਕਰਨ ਦਾ ਵੀ ਐਲਾਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾ ਦੇ ਜੁਰਮਾਨੇ ਤੇ ਪੈਨਲਟੀ ਦੇ ਪੈਸੇ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਉਨ੍ਹਾਂ ਨੇ ਗੌੜ ਬ੍ਰਹਮਣ ਆਯੂਰਵੇਦ ਕਾਲਜ ਵਿਚ 100 ਬੀਐਮਐਸ ਸੀਟਾਂ ਮੰਜੂਰ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, 7 ਵਿਸ਼ਿਆਂ ਵਿਚ ਪੰਜ-ਪੰਜ ਯਾਨੀ ਐਮਡੀ-ਐਮਐਸ ਕੋਰਸ ਦੀ ਕੁੱਲ 35 ਸੀਟਾਂ ਦੀ ਵੀ ਮੰਜੂਰੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਦੇ ਨਾਂਅ ’ਤੇ ਡਾਕ ਟਿਕਟ ਵੀ ਜਾਰੀ ਕੀਤਾ ਜਾਵੇਗਾ। ਇਸ ਦੇ ਲਈ ਕੇਂਦਰੀ ਸੰਚਾਰ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਨੂੰ ਪੱਤਰ ਲਿਖਿਆ ਜਾਵੇਗਾ।
ਸ੍ਰੀ ਮਨੋਹਰ ਲਾਲ ਨੇ ਈਬੀਪੀਜੀ ਵਿਸ਼ਾ ’ਤੇ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਆਰਥਕ ਰੂਪ ਤੋਂ ਕਮਜੋਰ ਵਰਗਾਂ ਦੇ ਲਈ ਹਰਿਆਣਾ ਸਰਕਾਰ ਨੇ 10 ਫੀਸਦੀ ਰਾਖਵਾਂ ਦੇਣ ਦੀ ਨੀਤੀ ਬਣਾਈ ਸੀ, ਜਿਸ ਦੇ ਬਾਅਦ ਵਿਚ ਕੇਂਦਰ ਸਰਕਾਰ ਨੇ ਨਵੇਂ ਨਾਂਅ ਨਾਲ ਆਰਥਕ ਰੂਪ ਤੋਂ ਕਮਜੋਰ ਵਰਗਾਂ ਲਈ ਪੂਰੇ ਦੇਸ਼ ਵਿਚ 10 ਫੀਸਦੀ ਰਾਖਵਾਂ ਦੀ ਨੀਤੀ ਲਾਗੂ ਕੀਤੀ। ਬਾਅਦ ਵਿਚ ਹਰਿਆਣਾ ਨੇ ਵੀ ਕੇਂਦਰ ਸਰਕਾਰ ਦੀ ਇਸੀ ਨੀਤੀ ਨੁੰ ਅਪਣਾਇਆ। ਇਸ ਦੌਰਾਨ ਈਬੀਪੀਜੀ ਨੀਤੀ ਦੇ ਤਹਿਤ ਹੋਈ ਭਰਤੀਆਂ ਵਿਚ ਕੋਰਟ ਵਿਚ ਮਾਮਲਾ ਗਿਆ, ਤਾਂ ਕੋਰਟ ਨੇ ਫੈਸਲਾ ਦਿੱਤਾ ਕਿ ਕੇਂਦਰ ਸਰਕਾਰ ਦੀ ਈਡਬਲਿਯੂਐਸ ਨੀਤੀ ਦੇ ਤਹਿਤ ਭਰਤੀ ਕੀਤੀ ਜਾਵੇਗੀ। ਇਸ ਕਾਰਨ ਤੋ ਲਗਭਗ 400-500 ਉਮੀਦਵਾਰਾਂ ਨੂੰ ਨਿਯੁਕੀ ਪੱਤਰ ਨਹੀਂ ਮਿਲ ਪਾਏ ਸਨ। ਹਰਿਆਣਾ ਸਰਕਾਰ ਇਸ ਮਾਮਲੇ ਵਿਚ ਹਾਈਕੋਰਟ ਵਿਚ ਪੁਰਜੋਰ ਪੈਰਵੀ ਕਰ ਰਹੀ ਹੈ ਅਤੇ ਸਾਡਾ ਯਤਨ ਹੈ ਕਿ ਉਨ੍ਹਾਂ ਊਮੀਦਵਾਰਾਂ ਨੂੰ ਜਲਦੀ ਨਿਯੁਕਤੀ ਪੱਤਰ ਮਿਲ ਜਾਵੇ। ਮੁੱਖ ਮੰਤਰੀ ਨੇ ਧੌਲੀਦਾਰਾਂ ਦੀ ਜਮੀਨ ਦੇ ਮਾਮਲੇ ਵਿਚ ਕਿਹਾ ਕਿ ਜਦੋਂ ਧੌਲੀਦਾਰ ਕਾਨੂੰਨ ਬਣਿਆ ਸੀ, ਉਸ ਸਮੇਂ ਕਾਨੂੰਨ ਬਨਾਉਂਦੇ ਸਮੇਂ ਵੱਧ ਧਿਆਨ ਨਹੀਂ ਦਿੱਤਾ ਗਿਆ। ਇਸ ਦੇ ਹਿਤ ਦੋ ਤਰ੍ਹਾ ਦੀ ਜਮੀਨਾਂ ਧੌਲੀਧਾਰਾਂ ਨੂੰ ਦਾਨ ਵਿਚ ਦਿੱਤੀ ਗਈ। ਇਕ ਤਾਂ ਨਿਜੀ ਜਮੀਨ ਅਤੇ ਦੂਜੀ ਸਰਕਾਰੀ, ਪੰਚਾਇਤੀ ਜਮੀਨ ਹੈ। ਹਰਿਆਣਾ ਸਰਕਾਰ ਨੇ ਕਾਨੂੰਨ ਵਿਚ ਸੋਧ ਕੀਤਾ ਹੈ ਅਤੇ ਲਗਭਗ 1700 ਏਕੜ ਨਿਜੀ ਜਮੀਨਾਂ ਨੂੰ ਛੱਡ ਦਿੱਤਾ ਗਿਆ ਹੈ ਅਤੇ ਊਹ ਜਮੀਨ ਧੌਲੀਦਾਰਾਂ ਨੂੰ ਮਿਲ ਗਈ ਹੈ। ਇਸ ਤੋ ਇਲਾਵਾ ਪੰਚਾਇਤੀ ਜਮੀਨ ਜੇਕਰ ਮਕਾਨ ਬਨਾਉਣ ਜਾਂ ਖੇਤੀ ਕਰਨ ਲਈ ਧੌਲੀਦਾਰ ਨੂੰ ਦਿੱਤੀ ਗਈ ਸੀ ਤਾਂ ਇਸ ਜਮੀਨ ਨੂੰ ਛੱਡਣ ਦੇ ਲਈ ਵੀ ਕਾਨੂੰਨ ਵਿਚ ਪ੍ਰਾਵਧਾਨ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਰਨਾਲ ਵਿਚ ਫੁਹਾਰਾ ਚੌਕ ਦਾ ਨਾਂਅ ਭਾਈ ਮਤੀ ਦਾਸ-ਭਾਈ ਸਤੀ ਦਾਸ ਛਿੱਬਰ ਦੇ ਨਾਂਅ ’ਤੇ ਰੱਖਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ, ਪੁਰਾਣੇ ਪਰਸ਼ੂਰਾਮ ਚੌਕ ਦਾ ਸੁੰਦਰੀਕਰਣ ਕਰਨ ਅਤੇ ਇਸ ਪਰਸ਼ੂਰਾਮ ਚੌਕ ਤੋਂ ਗਾਂਧੀ ਚੌਕ ਤਕ ਦੇ ਮਾਰਗ ਦਾ ਨਾਂਅ ਭਗਵਾਨ ਪਰਸ਼ੂਰਾਮ ਮਾਰਗ ਰੱਖਣ ਦਾ ਵੀ ਐਲਾਨ ਕੀਤਾ। ਇਸੀ ਤਰ੍ਹਾ ਸ਼ਹਿਰ ਦੇ ਕਿਸੇ ਪਾਰਕ ਵਿਚ ਭਗਵਾਨ ਪਰਸ਼ੂਰਾਮ ਦੀ ਪ੍ਰਤਿਮਾ ਵੀ ਸਥਾਪਿਤ ਕੀਤੀ ਜਾਵੇਗੀ। ਸ੍ਰੀ ਮਨੋਹਰ ਲਾਲ ਨੇ ਧਰਮਸ਼ਾਲਾਵਾਂ ਲਈ ਕੁੱਲ 31 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਭਗਵਾਨ ਪਰਸ਼ੂਰਾਮ ਸੇਵਾ ਸਦਨ ਲਈ 2000 ਵਰਗ ਗਜ ਪਲਾਟ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਹੋਰ ਸਥਾਨਾਂ ’ਤੇ ਵੀ ਜੇਕਰ ਸੰਸਥਾਵਾਂ ਪਲਾਟ ਦੇ ਲਈ ਬਿਨੈ ਕਰੇਗੀ ਤਾਂ ਉਨ੍ਹਾਂ ਨੂੰ ਨਿਯਮ ਅਨੁਸਾਰ ਪਲਾਟ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਵਿਚ ਅਚਾਰਿਆ ਚਾਣਕਅ ਦੇ ਨਾਂਅ ’ਤੇ ਚੇਅਰ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਤਾਂ ਜੋ ਉਨ੍ਹਾਂ ਦੇ ਜੀਵਨ ਤੇ ਕੰਮਾਂ ’ਤੇ ਸੋਧ ਹੋ ਸਕੇ। ਉਨ੍ਹਾਂ ਨੇ ਪ੍ਰੋਗ੍ਰਾਮ ਵਿਚ ਆਏ ਹੋਏ ਸਰਵ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਊਹ ਦੇਸ਼ ਦੀ ਪ੍ਰਗਤੀ ਅਤੇ ਉਨੱਤੀ ਦੇ ਲਈ ਸੱਭ ਨੂੰ ਸਰਕਾਰ ਦੇ ਨਾਂਲ ਮਿਲ ਕੇ ਚਲਨਾ ਹੋਵੇਗਾ, ਤਾਂਹੀ ਸੁਖੀ ਮਸਾਜ ਦਾ ਨਿਰਮਾਣ ਹੋਵੇਗਾ।

ਭਾਰਤ ਜੋੜੋ ਯਾਤਰਾ ਦੀ ਸਫ਼ਲਤਾ ਲਈ ਬਠਿੰਡਾ ਦਿਹਾਤੀ ਦੇ ਆਗੂਆਂ ਦੀ ਲਗਾਈਆਂ ਡਿਊਟੀਆਂ

0

ਭਾਰਤ ਜੋਂੜੋ ਯਾਤਰਾ ਦਾ ਪੰਜਾਬ ਆਉਣ ’ਤੇ ਕਰਾਂਗੇ ਗਰਮਜੋਸ਼ੀ ਨਾਲ ਸਵਾਗਤ: ਜਟਾਣਾ
ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਦੇ ਅਗਲੇ ਮਹੀਨੇ ਪੰਜਾਬ ਪੁੱਜਣ ’ਤੇ ਇਸਦੀ ਸਫ਼ਲਤਾ ਲਈ ਕਾਂਗਰਸ ਪਾਰਟੀ ਵਲੋਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਬੀਤੇ ਕੱਲ ਬਠਿੰਡਾ ਸ਼ਹਿਰੀ ਦੀ ਮੀਟਿੰਗ ਤੋਂ ਬਾਅਦ ਅੱਜ ਬਠਿੰਡਾ ਦਿਹਾਤੀ ਦੇ ਆਗੂਆਂ ਨੇ ਮੀਟਿੰਗ ਕਰਕੇ ਇਸ ਯਾਤਰਾ ਸਬੰਧੀ ਆਗੂਆਂ ਦੀਆਂ ਡਿਊਟੀਆਂ ਲਗਾਈਆਂ। ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਵਿੱਚ ਭਾਰਤ ਜੋੜੋ ਯਾਤਰਾ ਦੇ ਸਵਾਗਤ ਲਈ ਹੋਈ ਮੀਟਿੰਗ ਵਿਚ ਜਿਲ੍ਹਾ ਪੱਧਰ ਤੋਂ ਲੈ ਕੇ ਬਲਾਕ ਪੱਧਰ ਦੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਇਸ ਮੌਕੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪੰਜਾਬ ਆ ਰਹੀ ਭਾਰਤੀ ਜੋੜੇ ਯਾਤਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਵੱਡੀ ਗਿਣਤੀ ਵਿੱਚ ਬਠਿੰਡਾ ਦਿਹਾਤੀ ਤੋਂ ਵਰਕਰ ਇਸ ਯਾਤਰਾ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਤੋਂ ਲੋਕ ਦੁਖੀ ਹਨ ਅਤੇ ਕਾਂਗਰਸ ਦਾ ਰਾਜ ਭਾਗ ਯਾਦ ਕਰਦੇ ਹਨ ਜਿਸ ਕਰਕੇ ਲੋਕ ਕਾਂਗਰਸ ਦੇ ਨਾਲ ਦਿਲੋਂ ਜੋੜ ਰਹੇ ਹਨ। ਇਸ ਮੌਕੇ ਜਟਾਣਾ ਨੇ ਆਪ ਵਰਕਰਾਂ ਵੱਲੋਂ ਕਾਂਗਰਸੀ ਵਰਕਰਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਦਿੱਤੀ ਕਿ ਜੇਕਰ ਕਿਸੇ ਵੀ ਕਾਂਗਰਸੀ ਵਰਕਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇਗਾ ਤਾਂ ਇਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਕਿਰਨਜੀਤ ਸਿੰਘ ਗਹਿਰੀ, ਤੇਜਾ ਸਿੰਘ ਦੰਦੀਵਾਲ, ਹਰਬੰਸ ਸਿੰਘ ,ਜੋਗਿੰਦਰ ਸਿੰਘ , ਰਾਜਾ ਸਿੰਘ, ਹਰਪ੍ਰੀਤ ਸਿੰਘ ਬੰਟੀ ਚੇਅਰਮੈਨ, ਰੁਪਿੰਦਰ ਬਿੰਦ੍ਰਾ, ਹਰਪ੍ਰੀਤ ਸਿੰਘ, ਰਾਜਾ ਸਿੰਘ, ਜੱਸ ਬੱਜੋਆਣਾ, ਬਲਾਕ ਪ੍ਰਧਾਨ ਅੰਗਰੇਜ਼ ਸਿੰਘ ਭਗਤਾ, ਬਲਾਕ ਪ੍ਰਧਾਨ ਜਗਜੀਤ ਸਿੰਘ ਸੰਗਤ,ਬਲਾਕ ਪ੍ਰਧਾਨ ਸੰਦੀਪ ਸਿੰਘ ਗੋਨੇਆਣਾ,ਬਲਾਕ ਪ੍ਰਧਾਨ ਮਨਜੀਤ ਸਿੰਘ ,ਬਲਾਕ ਪ੍ਰਧਾਨ ਸੁਖਦੀਪ ਸਿੰਘ ਮੌੜ ਮੰਡੀ,ਬਲਾਕ ਪ੍ਰਧਾਨ ਹਰਦੀਪ ਸਿੰਘ ਨਥਾਣਾ,ਬਲਾਕ ਪ੍ਰਧਾਨ ਹਰਲਾਲ ਸਿੰਘ ਰਾਮਪੁਰਾ,ਬਲਾਕ ਪ੍ਰਧਾਨ ਗੁਰਚਰਨ ਸਿੰਘ ਫੂਲ,ਬਲਾਕ ਪ੍ਰਧਾਨ ਦਰਸ਼ਨ ਸਿੰਘ ਰਾਮਾ ਮੰਡੀ,ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਤਲਵੰਡੀ ਸਾਬੋ, ਸੀਨੀਅਰ ਆਗੂ ਰਣਜੀਤ ਸਿੰਘ ਸੰਧੂ, ਜ਼ਿਲ੍ਹਾ ਯੂਥ ਵਿੰਗ ਦਿਹਾਤੀ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਕੀ, ਸੁਰਿੰਦਰਜੀਤ ਸਿੰਘ ਸਾਹਨੀ, ਕਿਰਨਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਤੇ ਲਖਵਿੰਦਰ ਸਿੰਘ ਲੱਖਾ ਚੇਅਰਮੈਨ ਗੋਨਿਆਣਾ ਆਦਿ ਹਾਜ਼ਰ ਸਨ।

ਕਿਸਾਨ ਜੱਥਬੰਦੀਆਂ ਨੇ ਘੇਰਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਦਫ਼ਤਰ, ਗੇਟ ’ਤੇ ਲਗਾਇਆ ਚੇਤਾਵਨੀ ਪੱਤਰ

ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਅੱਜ ਕਿਸਾਨ ਜਥੇਬੰਦੀਆਂ ਨੇ ਤੈਅਸੁਦਾ ਪ੍ਰੋਗਰਾਮ ਤਹਿਤ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੇ ਦਫ਼ਤਰ ਦਾ ਘਿਰਾਓ ਕਰਦਿਆਂ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਉਹ ਕਿਸਾਨ ਮੋਰਚੇ ਵੱਲੋ ਉਲੀਕੇ ਪ੍ਰੋਗਰਾਮ ਤਹਿਤ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ ਚੇਤਾਵਨੀ ਪੱਤਰ ਦੇਣ ਗਏ ਸਨ ਪ੍ਰੰਤੂ ਉਥੇ ਕਿਸੇ ਵੀ ਨੁਮਾਇੰਦੇ ਵਲੋਂ ਉਨ੍ਹਾਂ ਦਾ ਇਹ ਪੱਤਰ ਨਹੀਂ ਲਿਆ ਗਿਆ, ਜਿਸਦੇ ਰੋਸ਼ ਵਜੋਂ ਇਹ ਚਿਤਾਵਨੀ ਪੱਤਰ ਐਮ.ਪੀ ਦੇ ਦਫ਼ਤਰ ਦੇ ਗੇਟ ਅੱਗੇ ਚਪਕਾਇਆ ਗਿਆ। ਇੱਥੇ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਕਿਸਾਨੀ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਨੂੰ ਹੁਣ ਕਿਸਾਨ ਸਹਿਣ ਨਹੀ ਕਰਨਗੇ । ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਐਮ ਐਸ. ਪੀ , ਕਿਸਾਨੀ ਕਰਜੇ ਦੀ ਮੁਆਫੀ, ਅੰਦੋਲਨ ਦੌਰਾਨ -ਬਣਾਏ ਕੇਸ ਰੱਦ ਕਰਨੇ,ਕਿਸਾਨ ਪੈਨਸ਼ਨ, ਫਸਲੀ ਬੀਮਾ ਆਦਿ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਜਲਦ ਹੀ ਮੁੜ ਦਿੱਲੀ ਵੱਲ ਕੂਚ ਕਰਨਗੇ । ਇਸ ਸਮੇਂ ਹੋਰਨਾਂ ਤੋਂ ਇਲਾਵਾ ਬੀ ਕੇ ਯੂ ਡਕੌਂਦਾ ਦੇ ਜਿਲਾ ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ,ਬੀ ਕੇ ਯੂ ਲੱਖੋਵਾਲ ਦੇ ਪ੍ਰਧਾਨ ਦਾਰਾ ਸਿੰਘ, ਜਮਹੂਰੀ ਕਿਸਾਨ ਸਭਾ ਆਗੂ ਸੁਖਮੰਦਰ ਸਿੰਘ, ਕਿਸਾਨ ਸਭਾ ਦੇ ਨਾਇਬ ਸਿੰਘ ਫੂਸ ਮੰਡੀ,ਕਿਸਾਨ ਸਭਾ ਜਿਲਾ ਪ੍ਰਧਾਨ ਜਸਵੀਰ ਸਿੰਘ ਆਕਲੀਆ,ਬੂਟਾ ਸਿੰਘ ਤੁੰਗਵਾਲੀ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਆਗੂ ਬੀਬੀ ਜਸਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ।

Our Visitor

1907540