ਮਾਮਲਾ ਰੰਜਿਸ਼ ਦਾ ਲੱਗਦਾ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਬੀਤੀ ਰਾਤ ਥਾਣਾ ਥਰਮਲ ਅਧੀਨ ਆੳਂੁਦੀ ਖੇਤਾ ਸਿੰਘ ਬਸਤੀ ਵਿਚ ਅਗਿਆਤ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਘਰ ਵਿਚ ਦਾਖ਼ਲ ਹੋ ਕੇ ਬਜੁਰਗ ਔਰਤ ਦਾ ਕਤਲ ਕਰਨ ਅਤੇ ਉਸਦੇ ਪੁੱਤਰ ਨੂੰ ਗੰਭੀਰ ਰੂਪ ਵਿਚ ਜਖ਼ਮੀ ਕਰਨ ਦੀ ਸੂਚਨਾ ਮਿਲੀ ਹੈ। ਘਟਨਾ ਦਾ ਪਤਾ ਸਵੇਰ ਹੋਣ ਸਮੇਂ ਚੱਲਿਆ, ਜਿਸਤੋਂ ਬਾਅਦ ਸਮਾਜ ਸੇਵੀ ਸੰਸਥਾ ਸਹਾਰਾ ਵਲੋਂ ਜਖਮੀ ਮਾਂ ਤੇ ਪੁੱਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਪ੍ਰੰਤੂ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸਤੋਂ ਇਲਾਵਾ ਜਖਮੀ ਨੌਜਵਾਨ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਹਿਚਾਣ ਮਧੂ ਰਾਣੀ ਵਾਸੀ ਗਲੀ ਨੰਬਰ 2 ਖੇਤਾ ਸਿੰਘ ਬਸਤੀ ਵਜੋਂ ਹੋਈ ਹੈ ਤੇ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਵਿਕਾਸ ਗੋਇਲ ਵਜੋਂ ਹੋਈ ਹੈ। ਥਾਣਾ ਥਰਮਲ ਦੇ ਮੁੱਖ ਅਫ਼ਸਰ ਹਰਜੋਤ ਸਿੰਘ ਨੇ ਕਿਹਾ ਹਮਲਾ ਕਿਸੇ ਤੇਜ਼ ਹਥਿਆਰ ਨਾਲ ਕੀਤਾ ਗਿਆ ਲਗਦਾ ਹੈ ਪਰ ਕਤਲ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋ ਸਕਿਆ ਜਿਸ ਲਈ ਵੱਖ ਵੱਖ ਟੀਮਾਂ ਗੱਠਤ ਕਰਕੇ ਤਫ਼ਤੀਸ ਤੇਜ ਕਰ ਦਿਤੀ ਹੈ। ਪਤਾ ਲੱਗਿਆ ਹੈ ਕਿ ਉਕਤ ਪ੍ਰਵਾਰ ਇੱਕ ਕਰਿਆਨੇ ਦੀ ਦੁਕਾਨ ਚਲਾ ਰਿਹਾ ਸੀ। ਵਾਰਦਾਤ ਦਾ ਖੁਲਾਸਾ ਤਵੇਰ ਸਮੇਂ ਹੋਇਆ ਜਦੋਂ ਇੱਕ ਰਾਹਗੀਰ ਨੇ ਸਵੇਰੇ ਦੁਕਾਨ ਬੰਦ ਦੇਖੀ ਤਾਂ ਪਤਾ ਕਰਨ ’ਤੇ ਘਰ ਵਿਚੋਂ ਇਹ ਦ੍ਰਿਸ ਦੇਖਣ ਨੂੰ ਮਿਲਿਆ।
ਬਠਿੰਡਾ ’ਚ ਬੇਰਹਿਮੀ ਨਾਲ ਮਾਂ ਦਾ ਕਤਲ, ਪੁੱਤਰ ਕੀਤਾ ਗੰਭੀਰ ਜਖ਼ਮੀ
ਹੁਣ ਅਸਲਾ ਲਾਈਸੈਂਸ ਬਣਾਉਣ ਤੇ ਨਵਿਆਉਣ ਲਈ ਫ਼ਰੀਦਕੋਟ ਦੇ ਕਮਿਸ਼ਨਰ ਨੇ ਲਾਈ ‘ਵੱਡੀ’ ਸ਼ਰਤ
ਬਠਿੰਡਾ ਪੱਟੀ ’ਚ ਅਸਲਾ ਲਾਇਸੈਂਸ ਬਣਵਾਉਣ/ਨਵਿਆਉਣ ਲਈ ਲਾਉਣੇ ਪੈਣਗੇ 5 ਰੁੱਖ
ਬਿਨੈਕਾਰ ਲਈ ਅਰਜ਼ੀ ਨਾਲ ਰੁੱਖ ਲਗਾਉਂਦਿਆ ਦੀ ਸੈਲਫੀ ਲਗਾਉਣੀ ਹੋਵੇਗੀ ਜ਼ਰੂਰੀ
ਫ਼ਰੀਦਕੋਟ ਡਵੀਜ਼ਨਲ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਫ਼ਰੀਦਕੋਟ, ਬਠਿੰਡਾ ਅਤੇ ਮਾਨਸਾ ਦੇ ਡੀਸੀਆਂ ਨੂੰ ਲਿਖਿਆ ਪੱਤਰ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 11 ਦਸੰਬਰ : ਭਾਵੇਂ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ ਨਵੇਂ ਅਸਲਾ ਲਾਈਸੈਂਸ ਲੈਣ ’ਤੇ ਰੋਕ ਲਗਾਉਂਦਿਆਂ ਪੁਰਾਣਿਆਂ ਦੀ ਵੀ ਪੜਤਾਲ ਦੇ ਹੁਕਮ ਦਿੱਤੇ ਹਨ ਪ੍ਰੰਤੂ ਹੁਣ ਫ਼ਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਇਸ ਪਾਸੇ ਇੱਕ ਚੰਗੀ ਪਹਿਲਕਦਮੀ ਕੀਤੀ ਹੈ। ਡਵੀਜ਼ਨ ਅਧੀਨ ਪੈਂਦੇ ਫ਼ਰੀਦਕੋਟ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਲਿਖੇ ਪੱਤਰ ਵਿਚ ਕਮਿਸ਼ਨਰ ਨੇ ਸਖ਼ਤ ਹਿਦਾਇਤ ਕੀਤੀ ਹੈ ਕਿ ਕੋਈ ਵੀ ਵਿਅਕਤੀ ਜੋ ਨਵਾਂ ਅਸਲਾ ਲਾਇਸੈਂਸ ਬਣਵਾਉਣ ਜਾ ਫੇਰ ਪੁਰਾਣੇ ਲਾਇਸੈਂਸ ਨੂੰ ਨਵਿਆਉਣ ਚਾਹੁੰਦਾ ਹੈ ਤਾਂ ਉਸ ਲਈ 5 ਰੁੱਖ ਲਗਾਉਣੇ ਲਾਜ਼ਮੀ ਕੀਤੇ ਜਾਣ। ਉਨ੍ਹਾਂ ਇਹ ਵੀ ਵਿਸ਼ੇਸ਼ ਤੌਰ ਤੇ ਕਿਹਾ ਹੈ ਕਿ ਲਾਇਸੈਂਸ ਦੀ ਫਾਈਲ ਜਮਾਂ ਕਰਵਾਉਣ ਸਮੇਂ ਰੁੱਖ ਲਗਾਉਣ ਦੀ ਸੈਲਫ਼ੀ ਨਾਲ ਦੇਣੀ ਹੋਵੇਗੀ। ਇਕ ਮਹੀਨੇ ਬਾਅਦ ਜਦ ਦਰਖਾਸਤ ਪੁਲਿਸ ਵੈਰੀਫਿਕੇਸ਼ਨ ਅਤੇ ਡੋਪ ਟੈਸਟ ਲਈ ਭੇਜੀ ਜਾਵੇਗੀ ਤਾਂ ਵੀ ਰੁੱਖ ਨਾਲ ਦੁਬਾਰਾ ਸੈਲਫ਼ੀ ਦੀਆਂ ਫ਼ੋਟੋਆਂ ਜਮਾਂ ਕਰਵਾਉਣੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਅਸਲਾ ਲੈਣ ਦੇ ਚਾਹਵਾਨਾਂ ਲਈ ਰੁੱਖ ਲਗਾਉਣੇ ਲਾਜ਼ਮੀ ਹੋਣਗੇ ਉਥੇ ਹੀ ਆਪਣੇ ਆਪ ਰੁੱਖ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਅਤੇ ਜੰਗਲਾਂ ਹੇਠ ਰਕਬਾ ਵਧੇਗਾ।
ਸ੍ਰੀ ਚੰਦਰ ਗੈਂਦ ਨੇ ਬਿਨੈਕਾਰਾਂ ਨੂੰ ਰਾਹਤ ਦਿੰਦਿਆ ਕਿਹਾ ਕਿ ਜਿਨ੍ਹਾਂ ਕੋਲ ਰੁੱਖ ਲਗਾਉਣ ਲਈ ਸਥਾਨ ਨਹੀਂ ਹੈ ਉਹ ਰੱਖ ਜਨਤਕ ਸਥਾਨਾਂ, ਸਿੱਖਿਆ ਸੰਸਥਾਵਾਂ, ਧਾਰਮਿਕ ਅਸਥਾਨਾਂ ਜਾ ਫੇਰ ਸੜਕਾਂ ਕਿਨਾਰੇ ਵੀ ਲਗਾ ਸਕਦੇ ਹਨ, ਪਰ ਉਨ੍ਹਾਂ ਨੂੰ ਰੁੱਖ ਦੀ ਸਾਂਭ ਸੰਭਾਲ ਦੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਇਸ ਤਰ੍ਹਾਂ ਅਸੀ ਰੁੱਖਾਂ ਹੇਠ ਰਕਬੇ ਨੂੰ ਵਧਾ ਸਕਾਂਗੇ। ਉਨ੍ਹਾਂ ਅਪੀਲ ਕਰਦਿਆ ਕਿਹਾ ਕਿ ਰੁੱਖ ਅਜਿਹੇ ਲਗਾਏ ਜਾਣ ਜੋ ਪਾਣੀ ਘੱਟ ਲੈਂਦੇ ਹੋਣ ਜਿਨ੍ਹਾਂ ਵਿੱਚ ਆਮਲਾ, ਨੀਮ, ਬਬੂਲ, ਟਾਹਲੀ ਆਦਿ ਰੁੱਖਾਂ ਨੂੰ ਤਰਜੀਹ ਦਿੱਤੀ ਜਾਵੇ। ਜਿਕਰਯੋਗ ਹੈ ਇਸ ਤੋਂ ਪਹਿਲਾਂ ਵੀ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਸ੍ਰੀ ਚੰਦਰ ਗੈਂਦ ਨੇ ਡਵੀਜ਼ਨਲ ਕਮਿਸ਼ਨਰ ਪਟਿਆਲਾ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਖੇ ਆਪਣੇ ਕਾਰਜਕਾਲ ਦੌਰਾਨ ਇਸ ਤਰਾਂ ਦੇ ਉਪਰਾਲੇ ਕਰਕੇ ਵਾਤਾਵਰਣ ਸੰਭਾਲ ਵਿੱਚ ਅਹਿਮ ਯੋਗਦਾਨ ਪਾਇਆ ਸੀ ਜਿਸ ਦੀ ਹਰ ਪਾਸੇ ਸ਼ਲਾਘਾ ਕੀਤੀ ਗਈ ਸੀ।
ਐਮਆਰਐਸਪੀਟੀਯੂ ਵਿਖੇ ਤਿੰਨ ਰੋਜ਼ਾ ਸਵੈ ਰੋਜ਼ਗਾਰ ਸੰਮੇਲਨ ਸਮਾਪਤ
ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਅਪਣਾਉਣ ਸਬੰਧੀ ਕੀਤਾ ਗਿਆ ਜਾਗਰੂਕ
ਪੰਜਾਬੀ ਖਬਰਸਾਰ ਬਿਉਰੋ
ਬਠਿੰਡਾ, 10 ਦਸੰਬਰ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੀ ਯੋਗ ਅਗਵਾਈ ਹੇਠ ਤਿੰਨ ਰੋਜ਼ਾ ਸਵੈ ਰੋਜ਼ਗਾਰ ਸੰਮੇਲਨ ਕਰਵਾਇਆ ਗਿਆ। ਇਸ ਸਵੈ-ਰੋਜ਼ਗਾਰ ਸੰਮੇਲਨ ਵਿੱਚ ਪਹੁੰਚੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਅਪਣਾਉਣ ਸਬੰਧੀ ਜਾਗਰੂਕ ਕੀਤਾ ਗਿਆ। ਪ੍ਰੋਗਰਾਮ ਦੇ ਆਖਰੀ ਦਿਨ ਜ਼ਿਲ੍ਹਾ ਰੋਜਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਸਵਾਗਤੀ ਭਾਸ਼ਣ ਦੌਰਾਨ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ। ਇਸ ਦੌਰਾਨ ਡਿਪਟੀ ਸੀ.ਈ.ਓ. ਸ਼?ਰੀ ਤੀਰਥਪਾਲ ਸਿੰਘ ਨੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਸਵੈ ਰੋਜਗਾਰ ਬਾਰੇ ਦੱਸਿਆ।
ਪਰਿਆਸ ਤੋਂ ਪ੍ਰੇਰਿਕ ਸ਼੍ਰੀ ਸੋਨੀ ਗੋਇਲ ਨੇ ਆਏ ਹੋਏ ਵਿਦਿਆਰਥੀਆਂ ਨੂੰ ਵੱਖੋ-ਵੱਖਰੇ ਬਿਜਨਸ ਆਈਡੀਆ ਉਜਾਗਰ ਕਰਨ ਅਤੇ ਆਪਣੀ ਜ਼ਿੰਦਗੀ ਦਾ ਟੀਚਾ ਬਣਾਉਣ ਸਬੰਧੀ ਵਡਮੁੱਲੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਬੀਨਸ਼ ਬਠਿੰਡਾ ਤੋਂ ਅਭਿਨਵ ਗੁਪਤਾ ਨੇ ਆਪਣੀ ਆਈ.ਟੀ. ਸੈਕਟਰ ਵਿੱਚ ਗੂਗਲ ਅਤੇ ਸਿਲੀਕੌਨ ਵੈਲੀ ਵਰਗੀ ਮਾਰਕਿਟ ਨਾਲ ਕੰਮ ਕਰਨ ਦੇ ਤਰਜਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਮਕੈਨੀਕਲ ਇੰਜਨੀਅਰ ਤੋਂ ਬਿਜਨਸਮੈਨ ਬਣੇ ਪਲੂਟੋ ਮੋਟਰ ਤੋ ਗੁਰਪ੍ਰੀਤ ਸਿੰਘ ਨੇ ਇਲੈਕਟਰੋਨਿਕ ਕਾਰਾਂ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ। ਐਨ.ਡੀ.ਆਰ.ਐਫ. ਤੋਂ ਸ਼੍ਰੀ ਅੰਕਿਤ ਯਾਦਵ ਨੇ ਕੁਦਰਤੀ ਆਫਤਾਂ ਨਾਲ ਨਿਪਟਣ ਸਬੰਧੀ ਵੱਖੋ-ਵੱਖਰੀਆਂ ਟੈਕਨਿਕਾਂ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ।
ਇਸ ਤੋਂ ਇਲਾਵਾ ਸ਼ਹੀਦ ਸੰਦੀਪ ਸਿੰਘ ਸਰਕਾਰੀ ਸਕੂਲ ਬਠਿੰਡਾ ਤੋਂ ਵਿਦਿਆਰਥੀ ਕਰਨ ਨੇ ਇਲੈਕਟਰੋਨਿਕ ਸਾਇਕਲ ਪੇਸ਼ ਕੀਤਾ ਗਿਆ। ਇਸ ਸਾਇਕਲ ਦੀਆਂ ਖੂਬੀਆਂ ਸਬੰਧੀ ਵਿਦਿਆਰਥੀ ਨੇ ਦੱਸਿਆ ਕਿ ਇਸ ਸਾਇਕਲ ਨੂੰ ਚੋਰੀ ਕਰਨ ਵਾਲੇ ਦਾ ਆਧਾਰ ਕਾਰਡ, ਮੋਬਾਇਲ ਨੰਬਰ ਆਪਣੇ ਆਪ ਉਸ ਕੋਲ ਆ ਜਾਵੇਗਾ। ਇਸ ਸਾਇਕਲ ਵਿੱਚ ਵਰਤਿਆ ਗਿਆ ਸਾਰਾ ਸਮਾਨ ਉਸ ਵੱਲੋਂ ਜਾਪਾਨ ਤੋਂ ਲਿਆ ਕੇ ਫਿਟ ਕੀਤਾ ਗਿਆ ਹੈ। ਸਰਕਾਰੀ ਸਕੂਲ ਸਿਵੀਆਂ ਦੇ ਵਿਦਿਆਰਥੀਆਂ ਵੱਲੋਂ ਅਜੋਕੇ ਸਮੇਂ ਵਿੱਚ ਮੋਬਾਇਲ ਫੋਨ ਦੇ ਦੁਰਪ੍ਰਭਾਵਾਂ ਤੋਂ ਬਚਣ ਸਬੰਧੀ ਨਾਟਕ ਪੇਸ਼ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਡਾ. ਰਾਜੇਸ਼ ਗੁਪਤਾ ਨੇ ਇਸ ਸੰਮੇਲਨ ਵਿੱਚ ਸਿਰਕਤ ਕਰ ਰਹੇ ਮੁੱਖ ਸਪੀਕਰ, ਵਿਦਿਆਰਥੀ ਅਤੇ ਸਕੂਲਾਂ/ਕਾਲਜਾਂ ਤੋਂ ਆਏ ਹੋਏ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਇੰਜੀਨੀਅਰ ਬਲਤੇਜ ਸਿੰਘ, ਡਾ. ਹਰਅੰਮ੍ਰਿਤਪਾਲ ਸਿੰਘ, ਪ੍ਰੋਫੈਸ਼ਰ ਗਗਨਦੀਪ ਸਿੰਘ ਸੋਢੀ, ਇੰਜੀਨਿਅਰ ਸੁਨੀਤਾ ਕੋਤਵਾਲ ਅਤੇ ਸ਼੍ਰੀਮਤੀ ਸੀਮਾ ਗਲਹੋਤਰਾ ਆਦਿ ਹਾਜਰ ਸਨ।
ਅੰਮ੍ਰਿਤਸਰ ਦੇ ਪ੍ਰਵਾਸੀ ਪਰਿਵਾਰ ਨਾਲ ਹੋ ਰਹੀ ਹੈ ਬੇਇਨਸਾਫ਼ੀ: ਸੁਨੀਲ ਜਾਖੜ
ਪਰ ਪੰਜਾਬੀ ਪ੍ਰਵਾਸੀ ਭਾਰਤੀਆਂ ਨੂੰ ਆਪ ਸਰਕਾਰ ਤੋਂ ਮਿਲੇ ਸਿਰਫ ਇਸ਼ਤਿਹਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਦਸੰਬਰ: ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੇ ਅੰਮ੍ਰਿਤਸਰ ਵਿਖੇ ਸ਼ਰਾਬ ਮਾਫੀਆਂ ਵੱਲੋਂ ਇਕ ਐਨਆਰਆਈ ਪਰਿਵਾਰ ਨਾਲ ਲਗਾਤਾਰ ਹੋ ਰਹੀ ਬੇਇਨਸਾਫ਼ੀ ਦੇ ਮੱਦੇਨਜ਼ਰ ਪੰਜਾਬੀ ਪਰਵਾਸੀ ਭਾਰਤੀਆਂ ਦੀ ਮੀਟਿੰਗ ਕਰਵਾਉਣ ਪਿੱਛੇ ਸੂਬਾ ਸਰਕਾਰ ਦੀ ਨੀਅਤ ’ਤੇ ਸਵਾਲ ਖੜ੍ਹੇ ਕੀਤੇ ਹਨ। ਸ੍ਰੀ ਜਾਖੜ ਨੇ ਟਵੀਟ ਕੀਤਾ ਹੈ ਕਿ 16 ਤੋਂ 19 ਦਸੰਬਰ ਤੱਕ ਪ੍ਰਵਾਸੀ ਭਾਰਤੀਆਂ ਨਾਲ ਮੀਟਿੰਗਾਂ ਦਾ ਇਸ਼ਤਿਹਾਰ ਦੇਣਾ ਪੰਜਾਬ ਸਰਕਾਰ ਦੀ ਬੇਸ਼ਰਮੀ ਭਰੀ ਕਾਰਵਾਈ ਹੈ, ਜਦੋਂ ਕਿ ਇੱਕ ਐਨਆਰਆਈ ਪਰਿਵਾਰ ਇਨਸਾਫ਼ ਦੀ ਉਡੀਕ ਕਰ ਰਿਹਾ ਹੈ ਜਦੋਂ ਕਿ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਵਿਆਹ ਸਮਾਗਮ ਤੇ ਹਮਲਾ ਕਰਨ ਵਾਲੇ ਸ਼ਰਾਬ ਮਾਫੀਆ ਦੇ ਗੁੰਡੇ ਖੁੱਲੇਆਮ ਘੁੰਮ ਰਹੇ ਹਨ। ਜਿਕਰਯੋਗ ਹੈ ਕਿ ਪਿਛਲੇ ਮਹੀਨੇ 4 ਨਵੰਬਰ ਨੂੰ ਵੇਰਕਾ ਚੌਕ ਅੰਮ੍ਰਿਤਸਰ ਸਥਿਤ ਮੈਰਿਜ ਪੈਲੇਸ ਜਿੱਥੇ ਐਨਆਰਆਈ ਪਰਿਵਾਰ ਸਮਾਗਮ ਕਰ ਰਹੇ ਸਨ, ਸ਼ਰਾਬ ਦੀ ਵਰਤੋਂ ਦੇ ਮੁੱਦੇ ਨੂੰ ਲੈ ਕੇ ਸ਼ਰਾਬ ਦੇ ਠੇਕੇਦਾਰਾਂ ਦੇ ਦੋ ਧੜਿਆਂ ਨੇ ਨਾਜਾਇਜ਼ ਤੌਰ ਤੇ ਵਿਆਹ ਸਮਾਗਮ ਵਿਚ ਦਾਖਲ ਹੋ ਕੇ ਇਕ—ਦੂਜੇ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ।
ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਬਣੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ
ਪੰਜਾਬ ਪ੍ਰੈਸ ਕਲੱਬ ਜਲੰਧਰ ਦੀਆਂ ਹੋਈਆਂ ਚੋਣਾਂ ਵਿੱਚ ਪ੍ਰੋਗਰੈਸਿਵ ਮੀਡੀਆ ਮੰਚ ਦੇ ਉਮੀਦਵਾਰਾਂ ਦੀ ਹੁੰਝਾ ਫੇਰ ਜਿੱਤ
ਪੰਜਾਬੀ ਖਬਰਸਾਰ ਬਿਉਰ
ਜਲੰਧਰ, 11 ਦਸੰਬਰ: ਪੰਜਾਬ ਦੇ ਪੱਤਰਕਾਰਾਂ ਦੇ ਗੜ੍ਹ ਵਜੋਂ ਮਸ਼ਹੂਰ ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਦੀਆਂ ਬੀਤੇ ਕੱਲ ਹੋਈਆਂ ਚੋਣਾਂ ਵਿੱਚ ਪ੍ਰੋਗਰੈਸਿਵ ਮੀਡੀਆ ਮੰਚ ਦੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਰੀਬ 315 ਵੋਟਾਂ ਦੇ ਅੰਤਰ ਨਾਲ ਵਿਰੋਧੀ ਉਮੀਦਵਾਰ ਜਤਿੰਦਰ ਸਰਮਾ ਨੂੰ ਮਾਤ ਦਿੰਦਿਆਂ ਪ੍ਰਧਾਨਗੀ ਦੇ ਅਹੁੱਦੇ ਲਈ ਜਿੱਤ ਹਾਸਲ ਕੀਤੀ ਹੈ। ਸਤਨਾਮ ਸਿੰਘ ਮਾਣਕ ਨੂੰ 356 ਵੋਟਾਂ ਅਤੇ ਜਤਿੰਦਰ ਸ਼ਰਮਾ ਨੂੰ 41 ਵੋਟਾਂ ਹੀ ਮਿਲੀਆਂ ਹਨ। ਦਸਣਾ ਬਣਦਾ ਹੈ 511 ਵੋਟਰਾਂ ਵਾਲੇ ਇਸ ਕਲਬੱ ਦੀ ਇਸ ਵਾਰ ਤਿੰਨ ਸਾਲਾਂ ਲਈ ਚੋਣ ਹੋਈ ਹੈ। ਉਧਰ ਦੂਜੇ ਅਹੁੱਦੇਦਾਰਾਂ ਵਿੱਚ ਮੰਚ ਦੇ ਵਲੋਂ ਉਮੀਦਵਾਰਾਂ ਵਿਚ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਜਨਰਲ ਸਕੱਤਰ ਮਨੋਜ ਤ੍ਰਿਪਾਠੀ, ਮੀਤ ਪ੍ਰਧਾਨ ਪੰਕਜ ਰਾਏ, ਮਨਦੀਪ ਸ਼ਰਮਾ ਤੇ ਤੇਜਿੰਦਰ ਕੌਰ ਥਿੰਦ, ਸਕੱਤਰ ਮੇਹਰ ਮਲਿਕ, ਸੰਯੁਕਤ ਸਕੱਤਰ ਰਾਕੇਸ਼ ਕੁਮਾਰ ਸੂਰੀ ਤੇ ਖਜ਼ਾਨਚੀ ਸ਼ਿਵ ਨੇ ਵੀ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਲਈ ਡਾ. ਕਮਲੇਸ਼ ਸਿੰਘ ਦੁੱਗਲ , ਕੁਲਦੀਪ ਸਿੰਘ ਬੇਦੀ ਤੇ ਹਰਜਿੰਦਰ ਸਿੰਘ ਅਟਵਾਲ ਚੋਣ ਅਧਿਕਾਰੀ ਨਿਯੁਕਤ ਕੀਤੇ ਗਏ ਸਨ। ਇਸ ਦੌਰਾਨ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਸਤਨਾਮ ਸਿੰਘ ਮਾਣਕ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਜਿੱਤ ਦੀ ਵਧਾਈ ਦਿੰਦਿਆਂ ਕਲੱਬ ਦੀ ਬੇਹਤਰੀ ਲਈ ਕੰਮ ਕਰਨ ਵਾਸਤੇ ਪ੍ਰੇਰਿਆ।
ਵਿਧਾਇਕ ਜਗਸੀਰ ਸਿੰਘ ਤੇ ਡਿਪਟੀ ਕਮਿਸ਼ਨਰ ਨੇ ਸਲਾਨਾ ਸਪੋਰਟਸ ਮੀਟ ਵਿੱਚ ਖਿਡਾਰੀਆਂ ਦੀ ਕੀਤੀ ਹੋਸਲਾ ਅਫਜਾਈ
ਤਰਨਤਾਰਨ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ: ਡੀਜੀਪੀ
ਪੰਜਾਬੀ ਖ਼ਬਰਸਾਰ ਬਿਉਰੋ
ਤਰਨਤਾਰਨ, 10 ਦਸੰਬਰ: ਜ਼ਿਲ੍ਹੇ ਦੇ ਥਾਣਾ ਸਰਹਾਲੀ ਕਲਾਂ ’ਚ ਬੀਤੀ ਰਾਤ ਹੋਏ ਆਰਪੀਜੇ ਹਮਲੇ ਲਈ ਗੁਆਂਢੀ ਦੇਸ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਉਂਦਿਆਂ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦਾਅਵਾ ਕੀਤਾਕਿ ‘‘ ਇਸਦੇ ਤਾਰ ਲਾਈਨੋਪਾਰ ਦੇਸ ਨਾਲ ਜੁੜੇ ਹੋਏ ਹਨ। ’’ ਇਸ ਘਟਨਾ ਤੋਂ ਬਾਅਦ ਅੱਜ ਜਾਇਜ਼ਾ ਲੈਣ ਪੁੱਜੇ ਸ਼੍ਰੀ ਯਾਦਵ ਨੇ ਐਲਾਨ ਕੀਤਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸਿਆਂ ਨਹੀਂ ਜਾਵੇਗਾ ਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਲਾਂਕਿ ਇਸ ਮੌਕੇ ਉਹ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂੰ ਵਲੋਂ ਕੀਤੇ ਦਾਅਵਿਆਂ ’ਤੇ ਕੁੱਝ ਵੀ ਕਹਿਣ ਤੋਂ ਟਾਲਾ ਵੱਟ ਲਿਆ। ਗੌਰਤਲਬ ਹੈ ਕਿ ਬੀਤੀ ਰਾਤ ਇਹ ਹਮਲਾ ਉਸ ਸਮੇਂ ਹੋਇਆ ਜਦ ਥਾਣੇ ਅੰਦਰ ਥਾਣਾ ਮੁਖੀ ਅਤੇ ਪੌਣੀ ਦਰਜ਼ਨ ਮੁਲਾਜਮ ਮੌਜੂਦ ਸਨ। ਹਾਲਾਂਕਿ ਇਸ ਹਮਲੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਥਾਣੇ ਅੰਦਰ ਸਥਿਤ ਸਾਂਝ ਕੇਂਦਰ ਦੀ ਇਮਾਰਤ ਦੇ ਸ਼ੀਸੇ ਟੁੱਟ ਗਏ। ਡੀਜੀਪੀ ਨੇ ਕਿਹਾ ਕਿ ਵਰਤਿਆਂ ਗਿਆ ਇਹ ਮਿਲਟਰੀ ਹਥਿਆਰ ਸੀ ਤੇ ਬਾਰਡਰ ਪਾਰੋਂ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਹਮਲੇ ਦੀ ਸਾਜ਼ਿਸ਼ ਗੁਆਂਢੀ ਮੁਲਕ ਵਿਚ ਰਚੀ ਗਈ ਹੈ ।
ਲੁਧਿਆਣਾ ਪੁਲਿਸ ਵੱਲੋਂ 39 ਸਨੈਚਰ ਕਾਬੂ, 110 ਮੋਬਾਇਲ ਬਰਾਮਦ
ਪੰਜਾਬੀ ਖਬਰਸਾਰ ਬਿਉਰੋ
ਲੁਧਿਆਣਾ, 10 ਦਸੰਬਰ: ਲੁਧਿਆਣਾ ਪੁਲਿਸ ਵੱਲੋਂ ਗੈਰ ਸਮਾਜੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਵਲੋਂ ਕੀਤੀ ਕਾਰਵਾਈ ਦੌਰਾਨ ਸਹਿਰ ਵਿੱਚ ਲੁੱਟ ਖੋਹ ਕਰਨ ਵਾਲੇ 39 ਸਨੈਚਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕੋਲੋ ਹੋਰ ਸਮਾਨ ਦੇ ਨਾਲ ਨਾਲ 110 ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ। ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਰਾਹੀ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਸੀਪੀ ਵਰਿੰਦਰ ਸਿੰਘ ਬਰਾੜ ਨੇ ਦਸਿਆ ਕਿ ਸਿਟੀ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ ਵੱਖ-ਵੱਖ ਮਾਮਲਿਆਂ ਤਹਿਤ ਪਿਛਲੇ ਇਕ ਹਫਤੇ ਵਿੱਚ 39 ਸਨੈਚਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਦਾਤਰ, 1 ਕਿਰਪਾਨ, 110 ਮੋਬਾਈਲ ਫ਼ੋਨ ਸਮੇਤ ਸਿਮ ਕਾਰਡ, 6 ਮੋਟਰਸਾਈਕਲ, 1 ਐਕਟਿਵਾ, 2 ਕਾਰ, 1 ਜੌੜਾ ਸੋਨੇ ਦੀਆਂ ਵਾਲੀਆ ਅਤੇ 1,00,000 ਰੁਪਏ ਨਕਦੀ ਬਰਾਮਦ ਕੀਤੀ | ਉਨ੍ਹਾਂ ਸਹਿਰ ਵਾਸੀਆਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ।
ਸੁਖਵਿੰਦਰ ਸਿੰਘ ਸੁੱਖੂ ਹੋਣਗੇ ਹਿਮਾਚਲ ਦੇ ਨਵੇਂ ਮੁੱਖ ਮੰਤਰੀ
ਮੁਕੇਸ਼ ਅਗਨੀਹੋਤਰੀ ਨੂੰ ਬਣਾਇਆ ਉਪ ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਸ਼ਿਮਲਾ, 10 ਦਸੰਬਰ: ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਰਹੇ ਸੁਖਵਿੰਦਰ ਸਿੰਘ ਸੁੱਖੂ ਹੁਣ ਇਸ ਸੂਬੇ ਦੇ ਮੁੱਖ ਮੰਤਰੀ ਵਜੋਂ ਜਿੰਮੇਵਾਰੀ ਸੰਭਾਲਣਗੇ। ਪਿਛਲੇ ਦਿਨੀਂ ਹਿਮਾਚਲ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ 8 ਦਸੰਬਰ ਨੂੰ ਆਏ ਨਤੀਜਿਆਂ ਵਿਚ ਕਾਂਗਰਸ ਪਾਰਟੀ ਨੇ 68 ਵਿਚੋਂ 40 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਪਹਾੜੀ ਰਾਜ਼ ’ਚ ਚੋਣ ਜਿੱਤਣ ਤੋਂ ਬਾਅਦ ਕਾਂਗਰਸ ਪਾਰਟੀ ਲਈ ਮੁੱਖ ਮੰਤਰੀ ਦੀ ਚੋਣ ਕਰਨੀ ਵੱਡੀ ਮੁਸ਼ਕਿਲ ਖੜੀ ਹੋ ਗਈ ਸੀ, ਕਿਉਂਕਿ ਇਸ ਅਹੁੱਦੇ ਲਈ ਤਿੰਨ ਉਮੀਦਵਾਰ ਸੁਖਵਿੰਦਰ ਸਿੰਘ ਸੁੱਖੂ, ਮਹਰੂਮ ਮੁੱਖ ਮੰਤਰੀ ਵੀਰਭਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਤੋਂ ਇਲਾਵਾ ਮੁਕੇਸ਼ ਅਗਨੀਹੋਤਰੀ ਦਾਅਵੇਦਾਰ ਬਣੇ ਹੋਏ ਸਨ। ਪਾਰਟੀ ਹਾਈਕਮਾਂਡ ਨੇ ਮੁੱਖ ਮੰਤਰੀ ਦੇ ਅਹੁੱਦੇ ਲਈ ਉਮੀਦਵਾਰ ਚੁਣਨ ਵਾਸਤੇ ਕੇਂਦਰੀ ਆਗੂ ਰਾਜੀਵ ਸ਼ੁਕਲਾ, ਛੱਤਸੀਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਜਿੰਮੇਵਾਰੀ ਲਗਾਈ ਹੋਈ ਸੀ। ਵਿਧਾਇਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਅੱਜ ਦੇਰ ਸ਼ਾਮ ਪਾਰਟੀ ਵਲੋਂ ਹਿਮਾਚਲ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਤੇ ਸ਼੍ਰੀ ਸੁੱਖੂ ਨੂੰ ਇਹ ਜਿੰਮੇਵਾਰੀ ਦਿੱਤੀ ਗਈ। ਇਸਤੋਂ ਇਲਾਵਾ ਇੱਕ ਹੋਰ ਮੁੱਖ ਮੁਕੇਸ਼ ਅਗਨੀਹੋਤਰੀ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਰਿਹਾ। ਜਦੋਂਕਿ ਪ੍ਰਤਿਭਾ ਸਿੰਘ ਬਾਰੇ ਕੁੱਝ ਨਹੀਂ ਦਸਿਆ ਗਿਆ। ਗੌਰਤਲਬ ਹੈ ਕਿ ਮੰਡੀ ਹਲਕੇ ਤੋਂ ਲੋਕ ਸਭਾ ਮੈਂਬਰ ਸ਼੍ਰੀਮਤੀ ਪ੍ਰਤਿਭਾ ਸਿੰਘ ਦਾ ਪੁੱਤਰ ਵਿਕਰਮਦਿੱਤਿਆ ਸਿੰਘ ਵੀ ਸਿਮਲਾ ਦਿਹਾਤੀ ਤੋਂ ਵਿਧਾਇਕ ਚੁਣੇ ਗਏ ਹਨ।
ਹਰਿਆਣਾ ਦੇ ਮੁੱਖ ਮੰਤਰੀ ਨੇ ਚਿਰਾਯੂ ਹਰਿਆਣਾ ਯੋਜਨਾ ਦੇ ਤਹਿਤ ਪਾਤਰ ਲਾਭਕਾਰੀਆਂ ਨੂੰ ਚਿਰਾਯੂ ਕਾਰਡ ਵੰਡੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਦਸੰਬਰ : ਮਨੁੱਖੀ ਅਧਿਕਾਰ ਦਿਵਸ ’ਤੇ ਹਰਿਆਣਾ ਦੇ ਲੋਂੜਮੰਦ ਨਾਗਰੀਕਾਂ ਨੂੰ ਸਿਹਤ ਸਹੂਲਤਾਂ ਦਾ ਅਧਿਕਾਰ ਦੇਣ ਲਈ ਅੱਜ ਮੁੱਖ ਮੰਤਰੀ ਮਨੋਹਰ ਲਾਲ ਨੇ ਚਿਰਾਯੂ ਹਰਿਆਣਾ ਯੋਜਨਾ ਦੇ ਤਹਿਤ ਪਾਤਰ ਲਾਭਕਾਰੀਆਂ ਨੂੰ ਚਿਰਾਯੂ ਕਾਰਡ ਵੰਡ ਕੀਤੇ। ਇਸ ਯੋਜਨਾ ਦੇ ਤਹਿਤ ਆਯੂਸ਼ਮਾਨ ਭਾਰਤ ਯੋਜਨਾ ਦੀ ਤਰ੍ਹਾਂ ਪਾਤਰ ਲਾਭਕਾਰੀਆਂ ਨੂੰ 5 ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਅੱਜ ਇੱਥੇ ਵੀਡਿਓ ਕਾਨਫਰੈਂਸਿੰਗ ਰਾਹੀਂ ਚਿਰਾਯੂ ਕਾਰਡ ਵੰਡ ਪ੍ਰੋਗ੍ਰਾਮ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 21 ਨਵੰਬਰ, 2022 ਨੂੰ ਮਾਨਸੇਰ ਤੋਂ ਚਿਰਾਯੂ ਹਰਿਆਣਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਸਿਰਫ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ 2000 ਤੋਂ ਵੱਧ ਵਿਅਕਤੀਆਂ ਨੇ ਇਸ ਯੋਜਨਾ ਦਾ ਲਾਭ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲਗਭਗ 2000 ਥਾਂਵਾਂ ’ਤੇ ਚਿਰਾਯੂ ਕਾਰਡ ਵੰਡ ਦਾ ਪ੍ਰੋਗ੍ਰਾਮ ਕੀਤਾ ਜਾ ਰਿਹਾ ਹੈ, ਜਿਸ ਵਿਚ ਲਗਭਗ 5 ਲੱਖ ਪਰਿਵਾਰਾਂ ਨੂੰ ਇਹ ਕਾਰਡ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਚਿਰਾਯੂ ਹਰਿਆਣਾ ਯੋਜਨਾ ਦੇ ਤਹਿਤ ਦਿਵਯਾਂਗਜਨ ਵੀ ਕਵਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 31 ਦਸੰਬਰ ਤਕ ਸਾਰੇ 1.25 ਕਰੋੜ ਪਾਰਤ ਲਾਭਕਾਰੀਆਂ ਨੂੰ ਚਿਰਾਯੂ ਕਾਰਡ ਵੰਡ ਕਰਨ ਦਾ ਟੀਚਾ ਰੱਖਿਆ ਗਿਆ ਹੈ। ਅੱਜ ਵੀ 2,000 ਥਾਂਵਾਂ ’ਤੇ ਕੈਂਪ ਲਗਾਕੇ ਕਾਰਡ ਵੰਡੇ ਜਾ ਰਹੇ ਹਨ। ਇਸ ਤਰ੍ਹਾਂ, ਅੱਗੇ ਵੀ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿਚ ਕੈਂਪ ਲਗਾ ਕੇ ਕਾਰਡ ਵੰਡੇ ਜਾਣਗੇ। ਇਹ ਯੋਜਨਾ ਪੂਰੀ ਤਰ੍ਹਾਂ ਨਾਲ ਕੈਸ਼ਲੈਸ ਅਤੇ ਪੇਪਰਲੈਸ ਹੈ, ਜੋ ਪੂਰੇ ਹਰਿਆਣਾ ਵਿਚ ਕੁਲ 729 ਜਨਤਕ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਪੀਐਮਜੇਏਵਾਈ ਦਿਸ਼ਾ-ਨਿਦੇਸ਼ਾਂ ਅਨੁਸਾਰ ਮੁਫ਼ਤ ਇਲਾਜ ਦੀ ਸਹੂਲਤ ਮਹੁੱਇਆ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਸਿਰਫ ਹਸਪਤਾਲ ਵਿਚ ਜਾ ਕੇ ਪਰਿਵਾਰ ਪਛਾਣ ਪੱਤਰ ਆਈ.ਡੀ. ਦੱਸਣੀ ਹੈ ਅਤੇ ਆਪਣੇ ਇਲਾਜ ਦੀ ਸਹੂਲਤ ਪ੍ਰਾਪਤ ਕਰਨੀ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਸਾਲ 2018 ਵਿਚ ਆਯੂਸ਼ਮਾਨ ਭਾਰਤ ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਦਾ ਮੰਤਵ ਦੇਸ਼ ਵਿਚ ਲੋਂੜਮੰਦ ਤੇ ਵਾਂਝਿਆਂ ਨੂੰ ਸਿਹਤ ਸਹੂਲਤ ਦੇਣਾ ਸੀ। ਇਸ ਯੋਜਨਾ ਦੇ ਤਹਿਤ ਪਾਤਰ ਲਾਭਕਾਰੀਆਂ ਦੀ ਆਮਦਨ 1.20 ਲੱਖ ਰੁਪਏ ਸਾਲਾਨਾ ਸੀ। ਹਰਿਆਣਾ ਵਿਚ ਵੀ ਸਾਲ 2011 ਦੇ ਸਮਾਜਿਕ ਆਰਥਿਕ ਅਤੇ ਜਾਤੀ ਮਰਦਮਸ਼ੁਮਾਰੀ (ਐਸਈਸੀਸੀ) ਸੂਚੀ ਅਨੁਸਾਰ ਕੇਂਦਰ ਸਰਕਾਰ ਦੇ ਮਾਪਦੰਡਾਂ ਅਨੁਸਾਰ ਲਗਭਗ 15.50 ਲੱਖ ਪਰਿਵਾਰਾਂ ਦੀ ਚੋਣ ਕੀਤੀ ਗਈ, ਜਿੰਨ੍ਹਾਂ ਵਿਚ 9 ਲੱਖ ਤੋਂ ਵੱਧ ਪਰਿਵਾਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਮਿਲ ਰਿਹਾ ਸੀ। ਲੇਕਿਨ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਮਹੁੱਇਆ ਕਰਵਾਉਣ ਦੇ ਮੰਤਵ ਨਾਲ ਸੂਬੇ ਸਰਕਾਰ ਨੇ ਬੀਪੀਐਲ ਪਰਿਵਾਰਾਂ ਦੀ ਸਾਲਾਨਾ ਆਮਦਨ ਸੀਮਾ ਨੂੰ 1.20 ਲੱਖ ਰੁਪਏ ਤੋਂ ਵੱਧਾ ਕੇ 1.80 ਲੱਖ ਰੁਪਏ ਕੀਤਾ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਐਸਈਸੀਸੀ ਸੂਚੀ ਵਿਚ ਸ਼ਾਮਿਲ ਪਰਿਵਾਰਾਂ ਤੋਂ ਇਲਾਵਾ ਅਜਿਹੇ ਸਾਰੇ ਅੰਤਯੋਦਯ ਪਰਿਵਾਰਾਂ, ਜਿੰਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤਕ ਹੈ, ਉਨ੍ਹਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦਾ ਫਾਇਦਾ ਕੀਤੇ ਜਾਣ ਵਾਲੇ ਪਰਿਵਾਰਾਂ ਦਾ 5 ਲੱਖ ਰੁਪਏ ਤਕ ਦਾ ਇਲਾਜ ਦਾ ਖਰਚ ਸੂਬਾ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਅਜੇ ਤਕ 150 ਤੋਂ 200 ਕਰੋੜ ਰੁਪਏ ਦੇ ਕਲੇਮ ਦਿੱਤੇ ਜਾ ਰਹੇ ਸਨ, ਲੇਕਿਨ ਚਿਰਾਯੂ ਹਰਿਆਣਾ ਯੋਜਨਾ ਦੇ ਤਹਿਤ ਸੂਬਾ ਸਰਕਾਰ ਨੇ 500 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਰੇਕ ਜਿਲੇ ਵਿਚ ਇਕ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕਰ ਰੱਖਿਆ ਹੈ, ਜਿਸ ਦੇ ਤਹਿਤ ਮੌਜ਼ੂਦਾ ਵਿਚ ਕਈ ਜਿਲ੍ਹਿਆਂ ਵਿਚ ਜਾਂ ਤਾਂ ਕਾਲਜ ਬਣ ਚੁੱਕੇ ਹਨ ਜਾਂ ਨਿਰਮਾਣਾਧੀਨ ਹਨ। ਉਨ੍ਹਾਂ ਕਿਹਾ ਕਿ ਮੌਜ਼ੂਦਾ ਵਿਚ ਸੂਬੇ ਵਿਚ 1800 ਐਮਬੀਬੀਐਸ ਡਾਕਟਰਾਂ ਦਾਖਲਾ ਹੁੰਦਾ ਹੈ, ਲੇਕਿਨ ਹਰੇਕ ਜਿਲੇ ਵਿਚ ਕਾਲਜ ਬਣਾਉਣ ਤੋਂ ਬਾਅਦ 3000 ਤੋਂ ਵੱਧ ਡਾਕਟਰਾਂ ਨੂੰ ਦਾਖਲਾ ਮਿਲੇਗਾ, ਜਿਸ ਨਾਲ ਡਾਕਟਰਾਂ ਦੀ ਕਮੀ ਪੂਰੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਆਯੂਸ਼ਮਾਨ ਭਾਰਤ ਜਾਂ ਚਿਰਾਯੂ ਯੋਜਨਾ ਦੇ ਤਹਿਤ ਸਿਹਤ ਸਹੂਲਤ ਦਾ ਲਾਭ ਪ੍ਰਾਪਤ ਕਰਦਾ ਹੈ, ਲੇਕਿਨ ਸੂਬਾ ਸਰਕਾਰ ਦਾ ਯਤਨ ਹੈ ਕਿ ਵਿਅਕਤੀ ਸਿਹਤਮੰਦ ਰਹੇ ਅਤੇ ਬਿਮਾਰ ਨਾ ਪਏ। ਇਸ ਲਈ ਹਾਲ ਹੀ ਵਿਚ ਕੁਰੂਕਸ਼ੇਤਰ ਵਿਚ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ ਸਿਹਤਮੰਦ ਹਰਿਆਣਾ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ ਪਹਿਲੇ ਪੜਾਅ ਵਿਚ ਸਾਰੇ ਅੰਤਯੋਦਯ ਪਰਿਵਾਰਾਂ ਦਾ ਸਿਹਤ ਸਰਵੇਖਣ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਪਹਿਲੇ ਤਾਂ ਹੀ ਪਤਾ ਲਗ ਜਾਵੇ ਅਤੇ ਵਿਅਕਤੀ ਬਿਮਾਰ ਨਾ ਪਏ। ਨਿਰੋਗੀ ਹਰਿਆਣਾ ਯੋਜਨਾ ਦੇ ਤਹਿਤ 50,000 ਲੋਕਾਂ ਦੇ ਸਿਹਤ ਸਰਵੇਖਣ ਕਾਰਡ ਬਣ ਚੁੱਕੇ ਹਨ। ਅਜੇ 32 ਕੇਂਦਰਾਂ ’ਤੇ ਸਿਹਤ ਸਰਵੇਖਣ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ 2000 ਕੇਂਦਰਾਂ ’ਤੇ ਇਸ ਤਰ੍ਹਾਂ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਅਨੁਸਾਰ ਸੂਬੇ ਵਿਚ ਵੈਲਨੇਸ ਸੈਂਟ+ ਬਣਾਉਣ ’ਤੇ ਵੀ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। 1000 ਪਿੰਡਾਂ ਵਿਚ ਪਾਰਕ ਤੇ ਜਿਮ ਬਣਾਉਣ ਦਾ ਟੀਚਾ ਹੈ, ਜਿਸ ਵਿਚੋਂ 600 ਪਿੰਡਾਂ ਵਿਚ ਇੰਨ੍ਹਾਂ ਦਾ ਨਿਰਮਾਣ ਕੀਤਾ ਜਾ ਚੁੱਕਿਆ ਹੈ ਅਤੇ ਇੱਥੇ ਯੋਗ ਸਹਾਇਕ ਦੀ ਵੀ ਨਿਯੁਕਤੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਨਾਲ ਸਬੰਧਤ ਵੀ ਸ਼ਿਕਾਇਤਾਂ ਆ ਰਹੀ ਹੈ, ਅਜਿਹੀ ਨਾਗਰਿਕ ਵੀ ਆਪਣੀ ਕਮੀਆਂ ਨੂੰ ਇੰਨ੍ਹਾਂ ਕੈਂਪਾਂ ਵਿਚ ਜਾ ਕੇ ਠੀਕ ਕਰਵਾ ਸਕਦੇ ਹਨ। ਇੰਨ੍ਹਾਂ ਕੈਂਪਾਂ ਰਾਹੀਂ ਨਵੇਂ ਪੀਪੀਪੀ ਕਾਰਡ ਵੀ ਬਣਾਏ ਜਾ ਰਹੇ ਹਨ। ਇੰਨ੍ਹਾਂ ਹੀ ਨਹੀਂ 1 ਜਨਵਰੀ, 2023 ਨਾਲ 1.80 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਰਾਸ਼ਨ ਕਾਰਡ ਵੀ ਬਣਨ ਸ਼ੁਰੂ ਹੋ ਜਾਵੇਗਾ। ਇਸ ਮੌਕੇ ’ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ.ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਅਮਿਤ ਅਗਰਵਾਲ ਵੀ ਹਾਜ਼ਿਰ ਸਨ।







