ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ : ਸਥਾਨਕ 100 ਫੁੱਟੀ ਰੋਡ ਨਜਦੀਕ ਸਥਿਤ ਇੱਕ ਇੰਮੀਗਰੇਸ਼ਨ ਕੰਪਨੀ ਦੇ ਦਫ਼ਤਰ ਵਿਰੁਧ ਪਿਛਲੇ ਦੋ ਦਿਨਾਂ ਤੋਂ ਕਿਸਾਨਾਂ ਦਾ ਲੱਗਿਆ ਧਰਨਾ ਅੱਜ ਤੀਜ਼ੇੇ ਦਿਨ ਵੀ ਜਾਰੀ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਚੱਲ ਰਹੇ ਇਸ ਧਰਨੇ ਨੂੰ ਲਗਾਤਾਰ ਜਾਰੀ ਰੱਖਣ ਦੇ ਐਲਾਨ ਤੋਂ ਬਾਅਦ ਦੇਰ ਸ਼ਾਮ ਪ੍ਰਬੰਧਕਾਂ ਅਤੇ ਕਿਸਾਨ ਆਗੂਆਂ ਵਿਚਕਾਰ ਸਮਝੋਤਾ ਹੋ ਗਿਆ। ਜਿਸਦੇ ਤਹਿਤ ਪ੍ਰਬੰਧਕਾਂ ਵਲੋਂ ਦਸ ਲੱਖ ਨਗਦ ਅਤੇ ਬਾਕੀ ਰਾਸ਼ੀ ਦੇ ਚੈਕ ਪੀੜਤ ਪ੍ਰਵਾਰ ਨੂੰ ਸੋਂਪ ਦਿੱਤੇ। ਜਿਸਤੋਂ ਬਾਅਦ ਕਿਸਾਨ ਆਗੂਆਂ ਨੇ ਧਰਨੇ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਉਕਤ ਇੰਮੀਗਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਵਲੋਂ ਪਿੰਡ ਜਵੰਦਾ ਪਿੰਡੀ ਜ਼ਿਲ੍ਹਾ ਬਰਨਾਲਾ ਦੇ ਕਿਸਾਨ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਲੜਕੀ ਨੂੰ ਬਾਹਰ ਭੇਜਣ ਲਈ ਸਟੱਡੀ ਵੀਜਾ ਦਿਵਾਉਣ ਦੇ ਬਦਲੇ ਉਸ ਕੋਲੋ 20 ਲੱਖ 58 ਹਜ਼ਾਰ ਲਏ ਸਨ ਪ੍ਰੰਤੂ ਨਾਂ ਤਾਂ ਵੀਜਾ ਲੈ ਕੇ ਦਿੱਤਾ ਅਤੇ ਨਾ ਹੀ ਪੈਸੇ ਵਾਪਸ ਦਿੱਤੇ। ਜਿਸਦੇ ਚੱਲਦੇ ਕਿਸਾਨ ਯੂਨੀਅਨ ਧਰਨਾ ਲਗਾਉਣ ਲਈ ਮਜਬੂਰ ਹੋਏ ਸਨ। ਧਰਨੇ ਨੂੰ ਦੀਨਾ ਸਿੰਘ ਸਿਵੀਆ ,ਮੱਖਣ ਸਿੰਘ ਫੌਜੀ, ਜਗਸੀਰ ਸਿੰਘ ਝੁੰਬਾ, ਜਰਨੈਲ ਸਿੰਘ ਜਵੰਧਾ ਪਿੰਡੀ, ਸਮਿੰਦਰ ਸਿਘ ਮੌੜ ਕਲਾ, ਅਮਨਦੀਪ ਸਿੰਘ ਮੌੜ, ਸੁਖਪਾਲ ਸਿੰਘ ਗੱਗੀ ਭੁਪਿੰਦਰ ਸਿੰਘ ਨੇ ਸੰਬੋਧਨ ਕੀਤਾ।
ਇੰਮੀਗਰੇਸ਼ਨ ਦਫ਼ਤਰ ਅੱਗੇ ਕਿਸਾਨਾਂ ਵਲੋਂ ਲਗਾਏ ਧਰਨੇ ਤੋਂ ਬਾਅਦ ਵਪਾਸ ਕੀਤੇ ਪੈਸੇ
ਮੁੱਖ ਸਕੱਤਰ ਵੱਲੋਂ ਆਧਾਰ ਕਾਰਡ ਅਧੀਨ ਬੱਚਿਆਂ ਦੀ ਕਵਰੇਜ਼ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼
ਪੰਜਾਬ ਆਧਾਰ ਐਨਰੋਲਮੈਂਟ ਵਿੱਚ 6ਵੇਂ ਸਥਾਨ ’ਤੇ
ਮੁੱਖ ਸਕੱਤਰ ਦੀ ਅਗਵਾਈ ਵਾਲੀ ਯੂ.ਆਈ.ਡੀ. ਲਾਗੂਕਰਨ ਕਮੇਟੀ ਨੇ ਆਧਾਰ ਪ੍ਰਾਜੈਕਟ ਦਾ ਲਿਆ ਜਾਇਜ਼ਾ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 2 ਦਸੰਬਰ: ਸੂਬੇ ਵਿੱਚ ਆਧਾਰ ਕਾਰਡ ਪ੍ਰਾਜੈਕਟ ਅਧੀਨ ਵੱਖ-ਵੱਖ ਗਤੀਵਿਧੀਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਪ੍ਰਧਾਨਗੀ ਵਿੱਚ ਯੂ.ਆਈ.ਡੀ. ਲਾਗੂ ਕਰਨ ਸਬੰਧੀ ਕਮੇਟੀ ਦੀ ਮੀਟਿੰਗ ਹੋਈ।ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ ਪੰਜਾਬ ਆਧਾਰ ਕਵਰੇਜ ਵਿੱਚ ਭਾਰਤ ਵਿੱਚੋਂ ਛੇਵੇਂ ਸਥਾਨ ’ਤੇ ਹੈ। ਹੁਣ ਧਿਆਨ ਬੱਚਿਆਂ ਦੀ ਕਵਰੇਜ਼ ’ਤੇ ਕੇਂਦਰਿਤ ਹੈ ਜਿੱਥੇ ਕਵਰੇਜ਼ ਮਹਿਜ਼ 52 ਫੀਸਦ ਹੈ। ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ- ਕਮ- ਰਜਿਸਟਰਾਰ, ਯੂ.ਆਈ.ਡੀ., ਪੰਜਾਬ ਘਨਸ਼ਿਆਮ ਥੋਰੀ ਨੇ ਕਮੇਟੀ ਨੂੰ ਪੇਸ਼ਕਾਰੀ ਦਿੱਤੀ। ਇਸ ਦੌਰਾਨ ਦੱਸਿਆ ਗਿਆ ਕਿ ਸੇਵਾ ਕੇਂਦਰਾਂ, ਸਕੂਲਾਂ ਅਤੇ ਆਂਗਣਵਾੜੀਆਂ ਵਿੱਚ ਆਧਾਰ ਐਨਰੋਲਮੈਂਟ ਸਬੰਧੀ ਗਤੀਵਿਧੀਆਂ ਚੱਲ ਰਹੀਆਂ ਹਨ। ਇਹ ਵੀ ਦੱਸਿਆ ਗਿਆ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਵਿੱਢੀ ਮੁਹਿੰਮ ਤਹਿਤ ਸਕੂਲਾਂ ਅਤੇ ਆਂਗਣਵਾੜੀਆਂ ਵਿੱਚ ਲਗਭਗ 80 ਹਜ਼ਾਰ ਬੱਚਿਆਂ ਦੇ ਨਾਮ ਆਧਾਰ ਕਾਰਡ ਲਈ ਦਰਜ ਕੀਤੇ ਗਏ ਹਨ। ਭਵਿੱਖ ਵਿੱਚ ਬੱਚਿਆਂ ਦੇ ਨਾਮਾਂਕਨ ਦੇ ਬੈਕਲਾਗ ਨੂੰ ਘੱਟ ਕਰਨ ਲਈ ਰਾਜ ਵਿੱਚ ਆਧਾਰ-ਲਿੰਕਡ ਜਨਮ ਰਜਿਸਟਰੇਸ਼ਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਕਮੇਟੀ ਨੇ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਸਰਕਾਰੀ ਹਸਪਤਾਲਾਂ ਵਿੱਚ ਆਧਾਰ ਨਾਮਾਂਕਣ ਸ਼ੁਰੂ ਕਰਨ ਲਈ ਨਵੀਆਂ ਟੈਬਲੇਟਾਂ ਦੀ ਖਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਆਧਾਰ ਨਾਮਾਂਕਨ ਲਈ ਵਧਦੀ ਗਿਣਤੀ ਦੇ ਮੱਦੇਨਜ਼ਰ ਸੇਵਾ ਕੇਂਦਰਾਂ ਲਈ 350 ਕਿੱਟਾਂ ਵੀ ਖਰੀਦੀਆਂ ਜਾ ਰਹੀਆਂ ਹਨ। ਯੂ.ਆਈ.ਡੀ.ਏ.ਆਈ. ਖੇਤਰੀ ਦਫ਼ਤਰ ਚੰਡੀਗੜ੍ਹ ਦੀ ਡੀ.ਡੀ.ਜੀ. ਭਾਵਨਾ ਗਰਗ ਨੇ ਦੱਸਿਆ ਕਿ ਦੇਸ਼ ਦੀ ਬਾਲਗ ਆਬਾਦੀ ਪਹਿਲਾਂ ਹੀ ਕਵਰ ਕੀਤੀ ਜਾ ਚੁੱਕੀ ਹੈ। ਹੁਣ ਯੂ.ਆਈ.ਡੀ.ਏ.ਆਈ. ਦਾ ਇਰਾਦਾ ਨਵੇਂ ਨਾਮਾਂਕਣਾਂ ਨੂੰ ਸੀਮਤ ਕਰਨ ’ਤੇ ਹੈ। ਇਸ ਤਰ੍ਹਾਂ ਇੱਕ ਉਪਾਅ ਵਜੋਂ ਬਾਲਗਾਂ ਲਈ ਨਵੀਆਂ ਸੁਵਿਧਾਵਾਂ ਨੂੰ ਸਿਰਫ 10 ਫੀਸਦ ਸਥਾਨਾਂ ਤੱਕ ਸੀਮਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਧਾਰ ਲਈ ਨਿਵਾਸੀ ਦੀ ਯੋਗਤਾ ਦੀ ਪੁਸ਼ਟੀ ਕਰਨ ਵਾਸਤੇ ਤਸਦੀਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਸਬ-ਡਵੀਜ਼ਨਾਂ ਦੇ ਸੇਵਾ ਕੇਂਦਰਾਂ ਸਮੇਤ ਘੱਟੋ-ਘੱਟ 100 ਸੇਵਾ ਕੇਂਦਰਾਂ ਵਿੱਚ ਨਵੀਂ ਨਾਮਾਂਕਣ ਸਹੂਲਤ ਉਪਲਬਧ ਕਰਵਾਈ ਜਾਵੇਗੀ।ਖ਼ੁਰਾਕ ਸਪਲਾਈ ਵਿਭਾਗ ਦੇ ਡਾਇਰੈਕਟਰ ਨੂੰ ਸੂਬੇ ਵਿੱਚ ਆਧਾਰ ਤਸਦੀਕ ਪ੍ਰਕਿਰਿਆ ਲਈ ਸਟੇਟ ਨੋਡਲ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਪੱਧਰ ’ਤੇ ਆਧਾਰ ਪ੍ਰਾਜੈਕਟ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।ਇਹ ਵੀ ਦੱਸਿਆ ਗਿਆ ਕਿ ਯੂ.ਆਈ.ਡੀ.ਏ.ਆਈ. ਨੇ ਹਾਲ ਹੀ ਵਿੱਚ ਨੋਟੀਫਾਈ ਕੀਤਾ ਹੈ ਕਿ ਜਿਨ੍ਹਾਂ ਵਸਨੀਕਾਂ ਨੇ ਪਿਛਲੇ 10 ਸਾਲਾਂ ਵਿੱਚ ਆਪਣਾ ਆਧਾਰ ਅੱਪਡੇਟ ਨਹੀਂ ਕੀਤਾ ਹੈ, ਉਨ੍ਹਾਂ ਨੂੰ ਆਪਣੇ ਦਸਤਾਵੇਜ਼ ਨੇੜਲੇ ਆਧਾਰ ਨਾਮਾਂਕਣ ਕੇਂਦਰਾਂ ਵਿੱਚ ਜਮ੍ਹਾਂ ਕਰਾਉਣ ਦੀ ਲੋੜ ਹੈ। ਸੂਬਾ ਸਰਕਾਰ ਇਸ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ ਕਰੇਗੀ।ਯੂ.ਆਈ.ਡੀ.ਏ.ਆਈ. ਦੇ ਡੀਡੀਜੀ ਨੇ ਅੱਗੇ ਦੱਸਿਆ ਕਿ ਵਿਭਾਗਾਂ ਵੱਲੋਂ ਸਰਕਾਰੀ ਸੇਵਾਵਾਂ ਲਈ ਨਾਗਰਿਕਾਂ ਤੋਂ ਆਧਾਰ ਸਵੀਕਾਰ ਕਰਦੇ ਸਮੇਂ ਆਨਲਾਈਨ ਆਧਾਰ ਪ੍ਰਮਾਣਿਕਤਾ ਕੀਤੀ ਜਾਵੇਗੀ। ਜੇਕਰ ਆਨਲਾਈਨ ਤਸਦੀਕ ਸੰਭਵ ਨਹੀਂ ਹੈ, ਤਾਂ ਆਧਾਰ ਕਾਰਡ ਜਾਂ ਆਧਾਰ ਪੱਤਰ ’ਤੇ ਪ੍ਰਿੰਟ ਹੋਏ ਸੁਰੱਖਿਅਤ ਕਿਊ.ਆਰ. ਕੋਡ ਦੀ ਵਰਤੋਂ ਕਰਕੇ ਆਫਲਾਈਨ ਤਸਦੀਕ ਕੀਤੀ ਜਾਵੇਗੀ। ਆਧਾਰ ਦੀ ਆਨਲਾਈਨ ਪ੍ਰਮਾਣਿਕਤਾ ਅਤੇ ਆਫਲਾਈਨ ਤਸਦੀਕ ਧੋਖਾਧੜੀ ਨੂੰ ਰੋਕਣ ਅਤੇ ਲੋਕਾਂ ਦੇ ਨਾਲ-ਨਾਲ ਸਰਕਾਰੀ ਅਥਾਰਟੀਆਂ ਅਤੇ ਵਿੱਤੀ ਸੰਸਥਾਵਾਂ ਨੂੰ ਵਾਧੂ ਮੁਸੀਬਤਾਂ ਤੋਂ ਬਚਾਉਣ ਵਿੱਚ ਮਦਦ ਕਰੇਗਾ। ਕਮੇਟੀ ਨੇ ਵਿਭਾਗਾਂ ਨੂੰ ਸਰਕਾਰੀ ਕੰਮਾਂ ਲਈ ਨਾਗਰਿਕਾਂ ਤੋਂ ਆਧਾਰ ਸਵੀਕਾਰ ਕਰਦੇ ਸਮੇਂ ਆਨਲਾਈਨ ਪ੍ਰਮਾਣਿਕਤਾ ਅਤੇ ਆਫਲਾਈਨ ਵੈਰੀਫਿਕੇਸ਼ਨ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਪੇਂਡੂ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸਿਵਾ. ਪ੍ਰਸਾਦ, ਯੋਜਨਾ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ.ਪੀ. ਸਿੰਘ ਹਾਜ਼ਰ ਸਨ।
ਏ.ਜੀ.ਟੀ.ਐਫ. ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਗ੍ਰਿਫਤਾਰ; 20 ਪਿਸਤੌਲ ਤੇ ਇਨੋਵਾ ਕਾਰ ਬਰਾਮਦ
ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਸੂਬੇ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਹਰਿਆਣਾ ਦੇ ਰਹਿਣ ਵਾਲੇ ਅੰਤਰਰਾਜੀ ਤਸਕਰ ਨੂੰ ਗੋਲਡੀ ਬਰਾੜ ਦੇ ਇਸ਼ਾਰੇ ’ਤੇ ਸੌਂਪਿਆ ਗਿਆ ਸੀ ਹਥਿਆਰ ਪਹੁੰਚਾਉਣ ਦਾ ਕੰਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਦਸੰਬਰ:ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਅੱਜ ਪੁਰਾਣੀ ਅੰਬਾਲਾ ਰੋਡ ਢਕੋਲੀ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ।ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਬੰਟੀ ਵਾਸੀ ਜੈਨ ਚੌਕ, ਤੇਲੀਵਾੜਾ, ਜ਼ਿਲ੍ਹਾ ਭਿਵਾਨੀ (ਹਰਿਆਣਾ) ਵਜੋਂ ਹੋਈ ਹੈ, ਜੋ ਕਿ ਹਥਿਆਰਾਂ ਦਾ ਅੰਤਰਰਾਜੀ ਤਸਕਰ ਹੈ।ਇਸ ਵੱਡੀ ਸਫਲਤਾ ਬਾਰੇ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਏ.ਜੀ.ਟੀ.ਐਫ. ਨੇ ਜ਼ਿਲ੍ਹਾ ਪੁਲਿਸ ਐਸ.ਏ.ਐਸ.ਨਗਰ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬੰਟੀ ਨੂੰ 20 ਪਿਸਤੌਲਾਂ, ਜਿਨ੍ਹਾਂ ਵਿੱਚ ਤਿੰਨ .30 ਕੈਲੀਬਰ ਸਮੇਤ 2 ਮੈਗਜ਼ੀਨ, ਦੋ 9 ਐਮ. ਐਮ. ਸਮੇਤ 2 ਮੈਗਜ਼ੀਨ ਅਤੇ 15 ਇੰਡੀਅਨ ਮੇਡ ਪਿਸਤੌਲਾਂ ਸਮੇਤ 40 ਜਿੰਦਾ ਕਾਰਤੂਸ ਅਤੇ 11 ਮੈਗਜ਼ੀਨਾਂ ਦੇ ਨਾਲ ਗਿ੍ਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਇੱਕ ਇਨੋਵਾ ਕਾਰ, ਜਿਸ ਦਾ ਰਜਿਸਟਰੇਸ਼ਨ ਨੰਬਰ ਐਚ.ਆਰ.-38-ਕਿਊ-2297 ਹੈ, ਵੀ ਬਰਾਮਦ ਕੀਤੀ ਹੈ।ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਤੋਂ ਮੁੱਢਲੀ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਤੇ ਉਸ ਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਬਰਾੜ ਉਰਫ਼ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਤੱਕ ਹਥਿਆਰਾਂ ਦੀ ਖੇਪ ਪਹੁੰਚਾਉਣ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਹੋਰ ਅਪਰਾਧਿਕ ਮਾਮਲਿਆਂ ਵਿੱਚ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।ਇਸੇ ਦੌਰਾਨ, ਪੁਲਿਸ ਨੇ ਥਾਣਾ ਢਕੋਲੀ, ਜ਼ੀਰਕਪੁਰ ਵਿਖੇ ਆਰਮਜ਼ ਐਕਟ ਦੀਆਂ ਧਾਰਾਵਾਂ 25(6) ਅਤੇ 25(7) ਤਹਿਤ ਐਫ.ਆਈ.ਆਰ. ਨੰਬਰ 118 ਮਿਤੀ 02.12.2022 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਾਨਸਾ ਪੁਲਿਸ ਦੀ ਨਸ਼ਿਆ ਖਿਲਾਫ ਵੱਡੀ ਕਾਰਵਾਈ, 5 ਵਿਅਕਤੀਆਂ ਨੂੰ ਕਾਬੂ ਕਰਕੇ 25 ਗ੍ਰਾਮ ਹੈਰੋਇਨ ਬਰਾਮਦ
69 ਬੋਤਲਾ ਸ਼ਰਾਬ ਨਜੈਜ ਕੀਤੀ ਬਰਾਮਦ, ਇੱਕ ਪੀ.ਓ ਕੀਤਾ ਕਾਬੂ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 2 ਦਸੰਬਰ: ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਅਪਣਾਈ ਨੀਤੀ ਨੂੰ ਜ਼ਿਲ੍ਹੇ ਵਿਚ ਸਖ਼ਤੀ ਨਾਲ ਲਾਗੂ ਕਰਦੇ ਹੋਏ ਐਸ.ਐਸ.ਪੀ ਡਾ:ਨਾਨਕ ਸਿੰਘ ਦੀ ਅਗਵਾਈ ਹੇਠ ਮਾਨਸਾ ਪੁਲਿਸ ਵਲੋਂ ਨਸ਼ਿਆਂ ਦੀ ਰੋਕਥਾਮ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਬਰੇਟਾ ਦੇ ਥਾਣੇ: ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਬਲਜੋਤ ਸਿੰਘ ਉਰਫ ਬਿੰਨੀ ਵਾਸੀ ਚੂਲੜੀਆ ਵਾਲੀ ਗਲੀ ਵਾਰਡ ਨੰ:2 ਬਰੇਟਾ ਨੂੰ ਕਾਬੂ ਕਰਕੇ 25 ਗ੍ਰਾਮ ਹੈਰੋਇਨ(ਚਿੱਟਾ), 1900 ਰੁਪੈ ਜਾਮਾ ਤਲਾਸੀ ਸਮੇਤ ਮੋਬਾਇਲ ਫੋਨ ਬਰਾਮਦ ਹੋਣ ਪਰ ਥਾਣਾ ਬਰੇਟਾ ਵਿਖੇ ਮੁਕੱਦਮਾ ਨੰਬਰ 139 ਮਿਤੀ 01-12-22 ਅ/ਧ 21ਬੀ/61/85 ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ।ਥਾਣਾ ਸਰਦੂਲਗੜ੍ਹ ਦੇ ਹੋਲ:ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਸੰਦੀਪ ਸਿੰਘ ਵਾਸੀ ਆਹਲੂਪੁਰ ਅਤੇ ਸੁਲੱਖਣ ਸਿੰਘ ਵਾਸੀ ਝੰਡਾ ਕਲ੍ਹਾ ਨੂੰ ਕਾਬੂ ਕਰਕੇ 41 ਬੋਤਲਾ ਨਜਾਇਜ ਸ਼ਰਾਬ ਸਮੇਤ ਮੋਟਰਸਾਈਕਲ ਸੀ.ਡੀ ਡੀਲਕਸ ਬਰਾਮਦ ਹੋਣ ਪਰ ਥਾਣਾ ਸਰਦੂਲਗੜ੍ਹ ਵਿਖੇ ਮੁਕੱਦਮਾ ਨੰਬਰ 180 ਮਿਤੀ 01-12-22 ਅ/ਧ 61 ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆਂ ਹੈ।ਥਾਣਾ ਜੋਗਾ ਦੇ ਸ:ਥ: ਬੰਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਦਰਸਨ ਸਿੰਘ ਵਾਸੀ ਭੁਪਾਲ ਖੁਰਦ ਨੂੰ ਕਾਬੂ ਕਰਕੇ 20 ਬੋਤਲਾ ਨਜੈਜ ਸਰਾਬ ਬਰਾਮਦ ਹੋਣ ਪਰ ਥਾਣਾ ਜੋਗਾ ਵਿਖੇ ਮੁਕੱਦਮਾ ਨੰਬਰ 111 ਮਿਤੀ 01-12-22 ਅ/ਧ 61 ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ।ਥਾਣਾ ਬਰੇਟਾ ਦੇ ਹੌਲਦਾਰ: ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਮੇਵਾ ਸਿੰਘ ਉਰਫ ਛਾਗਾ ਵਾਸੀ ਕੁਲਰੀਆ ਨੂੰ ਕਾਬੂ ਕਰਕੇ 8 ਬੋਤਲਾ ਸਰਾਬ ਨਰੇਂਜ ਬਰਾਮਦ ਹੋਣ ਪਰ ਥਾਣਾ ਬਰੇਟਾ ਵਿਖੇ ਮੁਕੱਦਮਾ ਨੰਬਰ 140 ਮਿਤੀ 01-12-22 ਅ/ਧ 61 ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ।
ਪੀ.ਓ ਗ੍ਰਿਫਤਾਰ
ਭਗੌੜਾ ਮਨਜੀਤ ਸਿੰਘ ਉਰਫ ਬਬਲੂ ਵਾਸੀ ਪੱਖੋਂ ਕਲ੍ਹਾ ਜਿਸਦੇ ਵਿਰੁੱਧ ਮੁਕੱਦਮਾ ਨੰਬਰ 32 ਮਿਤੀ 01-03-21 ਅ/ਧ 307,326ਏ,323,342,364,386,506,148,149 ਹਿੰ:ਦੰ: ਥਾਣਾ ਭੀਖੀ ਦਰਜ ਰਜਿਸਟਰ ਹੋਇਆ ਸੀ ਨੂੰ ਸ:ਥ: ਸੁਰੇਸ ਕੁਮਾਰ ਇੰਚਾਰਜ ਪੀ.ਓ. ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਮੁੱਖ ਅਫਸਰ ਥਾਣਾ ਭੀਖੀ ਦੇ ਹਵਾਲੇ ਕੀਤਾ ਗਿਆ ਹੈ।
ਮਾਨਸਾ ਵਲੋਂ ਵਹੀਕਲ ਚੋਰਾਂ ਨੂੰ ਕਾਬੂ ਕਰਕੇ ਚੋਰੀ ਦੇ 4 ਮੋਟਰਸਾਈਕਲ ਕੀਤੇ ਬਰਾਮਦ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 2 ਦਸੰਬਰ: ਐਸ.ਐਸ.ਪੀ ਡਾ:ਨਾਨਕ ਸਿੰਘ ਦੀ ਅਗਵਾਈ ਹੇਠ ਮਾਨਸਾ ਪੁਲਿਸ ਵਲੋਂ ਗੈਰ ਸਮਾਜ਼ੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਇੱਕ ਵਹੀਕਲ ਚੋਰ ਗਿਰੋਹ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ ਚਾਰ ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਐਸ.ਐਸ.ਪੀ ਡਾ ਨਾਨਕ ਸਿੰਘ ਨੇ ਦਸਿਆ ਕਿ ਇਸ ਸਬੰਧ ਵਿਚ ਪੁਲਿਸ ਕੋਲ ਬੂਟਾ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਬੁਡਲਾਡਾ ਨੇ ਅਪਣਾ ਮੋਟਰਸਾਈਕਲ ਚੋਰੀ ਹੋਣ ਸਬੰਧੀ ਸਿਕਾਇਤ ਦਰਜ਼ ਕਰਵਾਈ ਸੀ, ਜਿਸਦੇ ਆਧਾਰ ’ਤੇ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਮੁਕੱਦਮਾ ਨੰਬਰ 235 ਮਿਤੀ 1-12-22 ਅ/ਧ 379 ਹਿੰ:ਦੰ: ਦਰਜ ਕਰਕੇ ਡੀ.ਐਸ.ਪੀ ਬੁਢਲਾਡਾ ਸ੍ਰੀਮਤੀ ਨਵਨੀਤ ਕੌਰ ਗਿੱਲ ਅਤੇ ਥਾਣੇਦਾਰ ਬੂਟਾ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਦੀ ਜੇਰੇ ਨਿਗਰਾਨੀ ਹੇਠ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋ ਮੋਕਾ ਪਰ ਕਾਰਵਾਈ ਕਰਦਿਆ ਜੀਵਨ ਕੁਮਾਰ ਵਾਸੀ ਰੰਗੜਿਆਲ,ਮੋਨੂੰ ਸਿੰਗਲਾ ਵਾਸੀ ਨੇੜੇ ਵਿਸਕਰਮਾ ਮੰਦਰ ਪਾਤੜਾ ਨੂੰ ਕਲੀਪੁਰ ਸੀ.ਡੀ ਡੀਲਕਸ ਚੋਰੀ ਦੇ ਮੋਟਰ ਸਾਈਕਲ ਸਮੇਤ ਕਾਬ ਕੀਤਾ। ਇਸਤੋਂ ਇਲਾਵਾ ਇੰਨ੍ਹਾਂ ਕੋਲੋ ਕੀਤੀ ਪੁਛਗਿਛ ਦੇ ਆਧਾਰ ’ਤੇ 3 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਪਤਾ ਲਗਾਇਆ ਜਾਵੇਗਾ ਕਿ ਉਹਨਾ ਇਹ ਮੋਟਰਸਾਈਕਲ ਕਿੱਥੋ ਚੋਰੀ ਕੀਤੇ ਹਨ ਅਤੇ ਉਹਨਾ ਵੱਲੋ ਪਹਿਲਾ ਕੀਤੀਆ ਅਜਿਹੀਆ ਹੋਰ ਵਾਰਦਾਤਾ ਆਦਿ ਸਬੰਧੀ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਸਹਿਕਾਰੀ ਸਭਾ ਕੋਟਸ਼ਮੀਰ ’ਤੇ ‘ਆਪ’ ਦਾ ਕਬਜ਼ਾ, ਬਲਜਿੰਦਰ ਸਿੰਘ ਬਣੇ ਪ੍ਰਧਾਨ
ਨਵੇਂ ਚੁਣੇ ਗਏ ਅਹੁੱਦੇਦਾਰਾਂ ਨੇ ਹਲਕਾ ਵਿਧਾਇਕ ਅਮਿਤ ਰਤਨ ਦਾ ਕੀਤਾ ਧੰਨਵਾਦ
ਸੁਖਜਿੰਦਰ ਮਾਨ
ਬਠਿੰਡਾ, 2 ਦਸੰਬਰ : ਸਹਿਕਾਰੀ ਸਭਾ ਕੋਟਸ਼ਮੀਰ ਦੀਆਂ ਹੋਈਆਂ ਚੋਣਾਂ ਵਿੱਚ ‘ਆਪ’ ਨੇ ਬਾਜ਼ੀ ਮਾਰੀ ਹੈ। ਪਾਰਟੀ ਦੇ ਆਗੂ ਬਲਜਿੰਦਰ ਸਿੰਘ ਨੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਮਜੀਤ ਸਿੰਘ ਪੰਮਾ ਨੂੰ ਹਰਾ ਕੇ ਪ੍ਰਧਾਨਗੀ ਹਾਸਲ ਕੀਤੀ ਹੈ। ਇਸੇ ਤਰ੍ਹਾਂ ਭਗਵਾਨ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਰਾਜ ਸਿੰਘ ਨੂੰ ਮੀਤ ਪ੍ਰਧਾਨ, ਜਗਦੇਵ ਸਿੰਘ ਅਤੇ ਖੁਸ਼ਵਿੰਦਰ ਸਿੰਘ ਨੂੰ ਕੈਸ਼ੀਅਰ ਬਣਾਇਆ ਗਿਆ ਹੈ। ਬਲਜਿੰਦਰ ਸਿੰਘ ਅਤੇ ਸਮੂਹ ਅਹੁਦੇਦਾਰਾਂ ਨੇ ਆਪਣੀ ਜਿੱਤ ਲਈ ਸੁਸਾਇਟੀ ਮੈਂਬਰਾਂ ਤੋਂ ਇਲਾਵਾ ਹਲਕਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦਾ ਧੰਨਵਾਦ ਕੀਤਾ। ਇਸ ਦੌਰਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਜਲਦ ਹੀ ਉਨ੍ਹਾਂ ਨੂੰ ਸੰਦ, ਯੂਰੀਆ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾਣਗੇ। ਇਸ ਦੌਰਾਨ ਵਾਰਡ ਪ੍ਰਧਾਨ ਪ੍ਰਗਟ ਸਿੰਘ, ਸਰਕਲ ਇੰਚਾਰਜ ਨਿਰਮਲ ਸਿੰਘ ਬਰਾੜ, ਵਾਰਡ ਪ੍ਰਧਾਨ ਹਰਪ੍ਰੀਤ ਸਿੰਘ, ਮਲਕੀਤ ਸਿੰਘ, ਸੋਨੀ ਝੱਬਰ, ਡਾ: ਜਗਸੀਰ ਸਿੰਘ, ਨਰਾਇਣ ਸਿੰਘ ਖਾਲਸਾ, ਜਗਸੀਰ ਸਿੰਘ, ਰਣਧੀਰ ਸਿੰਘ, ਹਰਜੀਤ ਸਿੰਘ ਚਾਹਲ, ਬਿੱਲੂ ਸਿੰਘ, ਜਲੌਰ ਸਿੰਘ ਸਾਬਕਾ ਐਮ.ਸੀ. , ਹੈਪੀ ਮਿਸਤਰੀ, ਹੈਪੀ ਰਮਨ ਕਾ, ਮਨਜੀਤ ਸਿੰਘ, ਜਸਪਾਲ ਸਿੰਘ ਬਿੰਨੇ ਕਾ, ਹਰਮੰਦਰ ਸਿੰਘ, ਤਾਰੀ ਸਿੰਘ, ਕਾਕਾ ਆਰੇ ਵਾਲਾ, ਡਾ: ਗੁਰਨੈਬ ਸਿੰਘ, ਸੁਖਮੰਦਰ ਸਿੰਘ, ਜੌਨੀ ਅਤੇ ਨਿਰਮਲ ਸਿੰਘ ਨੇ ਬਲਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਕਤ ਟੀਮ ਵੱਲੋਂ ਸੁਸਾਇਟੀ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹ ਕੇ ਕਿਸਾਨਾਂ ਨੂੰ ਬਣਦਾ ਲਾਭ ਦਿਵਾਇਆ ਜਾਵੇਗਾ।
ਬੀਬੀ ਜੰਗੀਰ ਕੌਰ ਤੋਂ ਬਾਅਦ ਜਗਮੀਤ ਬਰਾੜ ਨੂੰ ਵੀ ਅਕਾਲੀ ਦਲ ਵਲੋਂ ਬਾਹਰ ਦਾ ਰਾਸਤਾ ਵਿਖਾਉਣ ਦੀ ਤਿਆਰੀ
6 ਦਸੰਬਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਪਾਰਟੀ ਵਿਰੋਧੀ ਬਿਆਨਬਾਜ਼ੀ ’ਤੇ ਮੰਗਿਆ ਸਪੱਸ਼ਟੀਕਰਨ
ਅਕਾਲੀ ਦਲ ਨੇ ਕੁੱਝ ਦਿਨ ਪਹਿਲਾਂ ਐਲਾਨੇ ਢਾਂਚੇ ਵਿਚ ਬਰਾੜ ਨੂੰ ਨਹੀਂ ਕੀਤਾ ਸੀ ਸ਼ਾਮਲ
ਬੀਤੇ ਕੱਲ ਹੀ ਜਗਮੀਤ ਬਰਾੜ ਨੇ ਤਾਲਮੇਲ ਕਮੇਟੀ ਦਾ ਕੀਤਾ ਸੀ ਵਿਸਥਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਦਸੰਬਰ : ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਕਰਾਰ ਹਾਰ ਤੋਂ ਬਾਅਦ ਬਾਦਲ ਪ੍ਰਵਾਰ ਨੂੰ ਮਿਲ ਰਹੀ ਚੁਣੌਤੀ ਦੇ ਮੱਦੇਨਜ਼ਰ ਹੁਣ ਬਾਗੀਆਂ ਵਿਰੁਧ ਸਖ਼ਤੀ ਵਰਤ ਰਹੀ ਅਕਾਲੀ ਹਾਈਕਮਾਂਡ ਨੇ ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ ਨੂੰ ਵੀ ਬਾਹਰ ਦਾ ਰਾਸਤਾ ਵਿਖਾਉਣ ਦੀ ਤਿਆਰੀ ਕਰ ਲਈ ਹੈ। ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ Çਂੲਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਸ: ਬਰਾੜ ਨੂੰ 6 ਦਸੰਬਰ ਨੂੰ ਦੁਪਹਿਰ 12.00 ਵਜੇ ਪਾਰਟੀ ਦੇ ਮੁੱਖ ਦਫਤਰ ਵਿਚ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋ ਕੇ ਆਪਣੀ ਪਾਰਟੀ ਵਿਰੋਧੀ ਬਿਆਨਬਾਜ਼ੀ ਦਾ ਸਪਸ਼ਟੀਕਰਨ ਦੇਣ ਲਈ ਕਿਹਾ ਹੈ। ਇਸ ਸਬੰਧੀ ਪੱਤਰ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਨੇ ਅੱਜ ਜਗਮੀਤ ਸਿੰਘ ਬਰਾੜ ਨੂੰ ਭੇਜਿਆ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਜਗਮੀਤ ਬਰਾੜ ਨੂੰ ਪੱਤਰ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਗਿਆ ਸੀ, ਜਿਸਦਾ ਉਨ੍ਹਾਂ ਵਲੋਂ ਬਕਾਇਦਾ ਜਵਾਬ ਵੀ ਭੇਜ ਦਿੱਤਾ ਗਿਆ ਸੀ ਪ੍ਰੰਤੂ ਅਨੁਸਾਸ਼ਨੀ ਕਮੇਟੀ ਨੇ ਇਸਤੋਂ ਅੰਸਤੁਸ਼ਟ ਹੁੰਦਿਆਂ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਸੱਦਣ ਦਾ ਫੈਸਲਾ ਲਿਆ ਸੀ ਪ੍ਰੰਤੂ ਬਰਾੜ ਦੀਆਂ ਗਤੀਵਿਧੀਆਂ ਤੇ ਸ਼੍ਰੋਮਣੀ ਕਮੇਟੀ ਚੋਣਾਂ ਦੇਖਦਿਆਂ ਇੱਕ ਵਾਰ ਇਹ ਮਸਲਾ ਠੰਢਾ ਪੈ ਗਿਆ ਸੀ। ਪ੍ਰੰਤੂ ਹੁਣ ਦੋ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਐਲਾਨੇ ਢਾਂਚੇ ਵਿਚੋਂ ਜਗਮੀਤ ਬਰਾੜ ਨੂੰ ਬਾਹਰ ਕਰਨ ਤੋਂ ਬਾਅਦ ਬੀਤੇ ਕੱਲ ਸ: ਬਰਾੜ ਨੇ ਪਹਿਲਾਂ ਐਲਾਨੀ ਪੰਥਕ ਤਾਲਮੇਲ ਕਮੇਟੀ ਵਿਚ ਵਾਧਾ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ਪ੍ਰਤਾਪ ਸਿੰਘ ਕੈਰੋ ਸਹਿਤ 9 ਮੈਂਬਰਾਂ ਨੂੰ ਸ਼ਾਮਲ ਕੀਤਾ ਸੀ। ਹਾਲਾਂਕਿ ਤਿੰਨ ਮੈਂਬਰਾਂ ਨੇ ਹੁਣ ਤੱਕ ਉਨ੍ਹਾਂ ਦੀ ਕਮੇਟੀ ਨਾਲ ਅਸਹਿਮਤੀ ਜਤਾਈ ਹੈ ਪ੍ਰੰਤੂ ਸ: ਕੈਰੋ ਹਾਲੇ ਤੱਕ ਚੁੱਪ ਹਨ। ਉਧਰ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕਮੇਟੀ ਪਹਿਲਾਂ ਹੀ ਸਾਬਕਾ ਐਮ ਪੀ ਵੱਲੋਂ ਉਹਨਾਂ ਨੂੰ ਜਾਰੀ ਕੀਤੇ ਕਾਰਣ ਦੱਸੋ ਨੋਟਿਸ ਦੇ ਦਿੱਤੇ ਜਵਾਬ ’ਤੇ ਅਸੰਤੁਸ਼ਟੀ ਜ਼ਾਹਰ ਕਰ ਚੁੱਕੀ ਹੈ। ਪਰ ਸਾਬਕਾ ਐਮ.ਪੀ ਬਜਾਏ ਸਿੱਧੇ ਰਾਹ ਪੈਣ ਦੇ ਆਪਣੇ ਪੱਧਰ ’ਤੇ ਹੀ ਕਮੇਟੀਆਂ ਦੇ ਗਠਨ ਵਿਚ ਲੱਗੇ ਹਨ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਬੀਬੀ ਜੰਗੀਰ ਕੌਰ ਨੂੰ ਵੀ ਅਕਾਲੀ ਦਲ ਵਿਚੋਂ ਕੱਢ ਦਿੱਤਾ ਗਿਆ ਸੀ।
ਬਾਕਸ
ਅਲਵਿੰਦਰਪਾਲ ਸਿੰਘ ਪੱਖੋਕੇ, ਰਵੀਕਰਨ ਸਿੰਘ ਕਾਹਲੋ ਤੇ ਸੁੱਚਾ ਸਿੰਘ ਛੋਟੇਪੁਰ ਨੇ ਬਰਾੜ ਦੀ ਕਮੇਟੀ ਨਾਲ ਜਤਾਈ ਅਸਹਿਮਤੀ
ਚੰਡੀਗੜ੍ਹ, 2 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਲਵਿੰਦਰਪਾਲ ਸਿੰਘ ਪੱਖੋਕੇ, ਰਵੀਕਰਨ ਸਿੰਘ ਕਾਹਲੋ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਜਗਮੀਤ ਸਿੰਘ ਬਰਾੜ ਵੱਲੋਂ ਬਣਾਈ ਤਾਲਮੇਲ ਕਮੇਟੀ ਨਾਲ ਅਸਹਿਮਤੀ ਜਤਾਉਂਦਿਆਂ ਕਿਹਾ ਕਿ ਉਹ ਇਸਦਾ ਹਿੱਸਾ ਨਹੀਂ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਲਵਿੰਦਰਪਾਲ ਸਿੰਘ ਪੱਖੋਕੇ, ਜੋ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਵੀ ਰਹੇ ਹਨ, ਨੇ ਕਿਹਾ ਕਿ ਉਹ ਇਸ ਗੱਲੋਂ ਹੈਰਾਨ ਕਿ ਜਗਮੀਤ ਸਿੰਘ ਬਰਾੜ ਨੇ ਤਾਲਮੇਲ ਕਮੇਟੀ ਵਿਚ ਉਹਨਾਂ ਦਾ ਨਾਂ ਕਿਵੇਂ ਸ਼ਾਮਲ ਕਰ ਲਿਆ। ਉਹਨਾਂ ਕਿਹਾ ਕਿ ਉਹ ਨਾ ਕਦੇ ਬਰਾੜ ਨੂੰ ਮਿਲੇ ਹਨ, ਨਾ ਕਦੇ ਫੋਨ ’ਤੇ ਗੱਲਬਾਤ ਕੀਤੀ ਹੈ ਤੇ ਨਾ ਹੀ ਉਹਨਾਂ ਨੇ ਤਾਲਮੇਲ ਕਮੇਟੀ ਵਿਚ ਨਾਂ ਸ਼ਾਮਲ ਕਰਨ ਲਈ ਉਹਨਾਂ ਦੀ ਕੋਈ ਸਹਿਮਤੀ ਲਈ ਹੈ। ਉਹਨਾਂ ਕਿਹਾ ਕਿ ਸ ਬਰਾੜ ਨੇ ਆਪ ਭਾਵੇਂ ਕਈ ਪਾਰਟੀਆਂ ਬਦਲ ਲਈਆਂ ਪਰ ਅਸੀਂ 45 ਸਾਲਾਂ ਤੋਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਵਿਚ ਕੰਮ ਕੀਤਾ ਹੈ ਅਤੇ ਪਾਰਟੀ ਵਿਚ ਨਿੱਕੇ ਤੋਂ ਵੱਡੇ ਅਹੁਦਿਆਂ ਤੱਕ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪ੍ਰਧਾਨ ਕੇਵਲ ਤੇ ਕੇਵਲ ਸੁਖਬੀਰ ਸਿੰਘ ਬਾਦਲ ਹਨ। ਇਸੇ ਤਰ੍ਹਾਂ ਰਵੀਕਰਨ ਸਿੰਘ ਕਾਹਲੋ ਨੇ ਵੀ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਸਹਿਮਤੀ ਜਤਾਈ ਹੈ।
’ਆਪ’ ਸਰਕਾਰ ਨੇ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਿਆ, ਪੰਜਾਬ ’ਚੋਂ ਗੈਂਗਸਟਰ ਕਲਚਰ ਕੀਤਾ ਖਤਮ: ਭਗਵੰਤ ਮਾਨ
ਅਸੀਂ ਭਾਜਪਾ ਵਾਂਗ ਜੁਮਲੇ ਨਹੀਂ ਛੱਡਦੇ, ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ – ਮਾਨ
ਪੰਜਾਬੀ ਖਬਰਸਾਰ ਬਿਉਰੋ
ਗੁਜਰਾਤ/ਚੰਡੀਗੜ੍ਹ, 2 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਵਿੱਚ ਰੁਜ਼ਗਾਰ ਦੇ ਆਪਣੇ ਵਾਅਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ’ਤੇ ਗੁਜਰਾਤ ਦੇ ਹਰ ਬੇਰੁਜ਼ਗਾਰ ਨੌਜਵਾਨ ਨੂੰ ਨੌਕਰੀ ਦਿੱਤੀ ਜਾਵੇਗੀ। ਸ਼ੁੱਕਰਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ 8 ਮਹੀਨਿਆਂ ਵਿੱਚ 20,776 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਪੇਸ਼ ਕਰਦਿਆਂ ਕਿਹਾ ਕਿ ਅਸੀਂ ਦੂਜੀਆਂ ਪਾਰਟੀਆਂ ਵਾਂਗ ਝੂਠੇ ਵਾਅਦੇ ਨਹੀਂ ਕਰਦੇ। ਆਮ ਆਦਮੀ ਪਾਰਟੀ ਜੋ ਵੀ ਵਾਅਦੇ ਕਰਦੀ ਹੈ, ਉਹ ਉਨ੍ਹਾਂ ਨੂੰ ਪੂਰਾ ਕਰਦੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਦਿੱਤੇ ਗਏ ਇਹ ਨਿਯੁਕਤੀ ਪੱਤਰ ‘ਆਪ’ ਸਰਕਾਰ ਦੀ ਪ੍ਰਤੀਬੱਧਤਾ ਦਾ ਸਬੂਤ ਹਨ। ਗੁਜਰਾਤ ਵਿੱਚ ਵੀ ਸਰਕਾਰ ਬਣਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਲੋਕਾਂ ਨੂੰ ’ਆਪ’ ਸਰਕਾਰ ਦੇ ਸੱਤਾ ’ਚ ਆਉਣ ’ਤੇ ਆਏ ’ਜ਼ੀਰੋ ਬਿਜਲੀ ਬਿੱਲ’ ਪੇਸ਼ ਕੀਤੇ ਸਨ ਅਤੇ ਦਿੱਲੀ ਅਤੇ ਪੰਜਾਬ ਦੀ ਤਰਜ਼ ’ਤੇ ਗੁਜਰਾਤ ਦੇ ਲੋਕਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਦਾ ਭਰੋਸਾ ਵੀ ਦਿੱਤਾ ਸੀ।
ਸੀਐਮ ਮਾਨ ਨੇ ਗੈਂਗਸਟਰ ਕਲਚਰ ’ਤੇ ਵੀ ਖੁੱਲ੍ਹ ਕੇ ਗੱਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿਰਫ 8 ਮਹੀਨਿਆਂ ’ਚ ਪੰਜਾਬ ’ਚੋਂ ਗੈਂਗਸਟਰ ਕਲਚਰ ਦਾ ਖਾਤਮਾ ਕਰ ਦਿੱਤਾ ਹੈ। ਉਨ੍ਹਾਂ ਪਿਛਲੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ’ਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਹਮਲਾ ਬੋਲਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੀ। ਪਰ ’ਆਪ’ ਸਰਕਾਰ ਸੂਬੇ ’ਚ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਗੈਂਗਸਟਰ-ਕਲਚਰ ਅਤੇ ਬੰਦੂਕ-ਕਲਚਰ ਵਿਰੁੱਧ ਸਖ਼ਤ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਬੰਦੂਕਾਂ ਦੇ ਕੇ ਆਪਣੇ ਸਵਾਰਥ ਲਈ ਵਰਤਿਆ। ਪਲ ਹੁਣ ਅਪਰਾਧੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਅਤੇ ਹਥਿਆਰ ਛੱਡ ਚੰਗਾ ਜੀਵਨ ਚੁਣਨ ਲਈ ਪ੍ਰੇਰਿਆ ਜਾ ਰਿਹਾ ਹੈ।
ਬਾਕਸ
ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ: ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਨੇ ਦਸਿਆ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਹਿਰਾਸਤ ’ਚ ਲਿਆ ਗਿਆ ਹੈ ਤੇ ਜਲਦੀ ਹੀ ਪੰਜਾਬ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਪੰਜਾਬ ਪੁਲਿਸ ਤੇ ਖੁਫ਼ੀਆ ਏਜੰਸੀਆਂ ਕੇਂਦਰ ਦੇ ਸੰਪਰਕ ਵਿਚ ਹਨ। ਜਿਕਰਯੋਗ ਹੇ ਕਿ ਗੋਲਡੀ ਬਰਾੜ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਮੰਨਿਆਂ ਜਾਂਦਾ ਹੈ, ਜਿਸਨੇ ਸਿੱਧੂ ਦੇ ਕਤਲ ਤੋਂ ਬਾਅਦ ਫ਼ੇਸਬੁੱਕ ’ਤੇ ਇਸਦੀ ਜਿੰਮੇਵਾਰੀ ਲਈ ਸੀ। ਉਹ ਜੇਲ੍ਹ ਵਿਚ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਹਿਯੋਗੀ ਹੈ। ਦਸਣਾ ਬਣਦਾ ਹੈ ਕਿ 29 ਮਈ ਦੀ ਸ਼ਾਮ ਨੂੰ ਥਾਰ ਗੱਡੀ ਵਿਚ ਜਾ ਰਹੇ ਗਾਇਕ ਸ਼ੁਭਦੀਪ ਸਿੰਘ ਸਿੱਧੂ ਦਾ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਹਾਲੇ ਤੱਕ ਗੋਲਡੀ ਬਰਾੜ ਪੁਲਿਸ ਦੇ ਹੱਥ ਨਹੀਂ ਆਇਆ ਹੈ ਜਦੋਂਕਿ ਬਾਕੀਆਂ ਵਿਚੋਂ ਜਿਆਦਾਤਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸਤਿੰਦਰ ਸਿੰਘ ਉਰਫ਼ ਗੋਲਡੀ ਬਰਾੜ ਮੂਲ ਰੂਪ ਵਿਚ ਕੈਨੇਡਾ ਵਿਚ ਰਹਿੰਦਾ ਸੀ ਪ੍ਰੰਤੂ ਉਸਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਕੁੱਝ ਸਮਾਂ ਪਹਿਲਾਂ ਅਮਰੀਕਾ ਦੇ ਸੂਬੇ ਕੈਲਫ਼ੋਰਨੀਆ ਦੇ ਕਸਬੇ ਫ਼ਰਿਜਨੋ ਵਿਚ ਆ ਗਿਆ ਸੀ, ਜਿੱਥੇ ਉਸਨੇ ਰਾਜ਼ਸੀ ਸ਼ਰਨ ਵੀ ਮੰਗੀ ਸੀ।
ਕਿਸੇ ਵੀ ਸੂਰਤ ਵਿਚ ਬੱਚਿਆਂ ਦੀ ਪੜਾਈ ਪ੍ਰਭਾਵਿਤ ਨਹੀਂ ਹੋਣ ਦੇਣਗੇ – ਮੁੱਖ ਮੰਤਰੀ
ਅੱਜ 2 ਹਜਾਰ ਤੋਂ ਵੱਧ ਪੀਜੀਟੀ/ਟੀਜੀਟੀ ਦੀ ਪੂਰੀ ਹੋਈ ਨੌਕਰੀ ਦੀ ਖੁਆਇਸ਼
ਅਧਿਆਪਕ ਹੁੰਦਾ ਹੈ ਰਾਸ਼ਟਰ ਦਾ ਨਿਰਮਾਤਾ – ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਦਸੰਬਰ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਧਿਆਪਕ ਨੂੰ ਰਾਸ਼ਟਰ ਦਾ ਨਿਰਮਾਤਾ ਕਰਾਰ ਦਿੰਦਿਆਂ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਸਕੂਲਾਂ ਵਿਚ ਅਧਿਆਪਕਾਂ ਦੀ ਜਰੂਰਤ ਹੈ ਉਸ ਦੀ ਜਾਣਕਾਰੀ ਤੁਰੰਤ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਨੂੰ ਉਪਲਬਧ ਕਰਵਾਉਣਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਅਧਿਆਪਕ ਦੀ ਕਮੀ ਦੇ ਚਲਦੇ ਬੱਚਿਆਂ ਦੀ ਪੜਾਈ ਕਦੀ ਵੀ ਪ੍ਰਭਾਵਿਤ ਨਹੀਂ ਹੋਣ ਦੇਵਾਂਗੇ। ਇਸ ਲੜੀ ਵਿਚ ਅੱਜ ਮੁੱਖ ਮੰਤਰੀ ਨੇ ਬੇਰੁਜਗਾਰ ਅਧਿਆਪਕਾਂ ਨੂੰ ਇਕ ਹੋਰ ਮਨੋਹਰ ਸੌਗਾਤ ਦਿੰਦੇ ਹੋਏ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ ਠੇਕਾ ਅਧਾਰ ’ਤੇ ਰੱਖੇ ਜਾਣ ਵਾਲੇ 2069 ਟੀਜੀਟੀ ਅਤੇ ਪੀਜੀਟੀ ਅਧਿਆਪਕਾਂ ਨੂੰ ਆਪਣੇ ਨਿਵਾਸ ਸੰਤ ਕਬੀਰ ਕੁਟਿਰ ਤੋਂ ਇਥ ਕਲਿਕ ਰਾਹੀਂ ਆਨਲਾਇਨ ਜਾਬ ਆਫਰ ਲੈਟਰ ਪ੍ਰਦਾਨ ਕੀਤੇ ਹਨ। ਸਾਰੇ ਰਜਿਸਟਰਡ ਬਿਨੈਕਾਰਾਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ ’ਤੇ ਐਸਐਮਐਸ ਰਾਹੀਂ ਜਾਬ ਆਫਰ ਦੀ ਸੂਚਨਾ ਅਤੇ ਹੋਰ ਜਰੂਰੀ ਜਾਣਕਾਰੀ ਭੇਜੀ ਗਈ ਹੈ।ਲੈਟਰ ਪ੍ਰਾਪਤ ਕਰਨ ਵਾਲੇ ਕੁੱਝ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਇਸ ਵਿਵਸਥਾ ਦੇ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ। ਵਰਨਣਯੋਗ ਹੈ ਕਿ 23 ਨਵੰਬਰ ਨੂੰ 2075 ਟੀਜੀਟੀ ਅਤੇ ਪੀਜੀਟੀ ਅਧਿਆਪਕਾਂ ਨੂੰ ਇਸੀ ਤਰ੍ਹਾ ਆਨਲਾਇਨ ਜਾਬ ਆਫਰ ਲੈਟਰ ਪ੍ਰਦਾਨ ਕੀਤੇ ਗਏ ਸਨ। ਇਸ ਤਰ੍ਹਾ ਸਿਰਫ 26 ਦਿਨਾਂ ਵਿਚ ਮੁੱਖ ਮੰਤਰੀ ਨੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ 4144 ਅਧਿਆਪਕਾਂ ਨੂੰ ਜਾਬ ਆਫਰ ਲੈਟਰ ਪ੍ਰਦਾਨ ਕਰ ਹਰਿਆਣਾ ਵਿਚ ਪਾਰਦਰਸ਼ੀ ਢੰਗ ਨਾਲ ਨੌਕਰੀ ਦੇਣ ਦਾ ਇਕ ਹੋਰ ਇਤਿਹਾਸ ਰੱਚ ਦਿੱਤਾ।
ਬਾਕਸ
ਹੁਣ ਤਕ 12 ਵਿਸ਼ਿਆਂ ਵਿਚ 4144 ਟੀਜੀਟੀ ਅਤੇ ਪੀਜੀਟੀ ਅਧਿਆਪਕਾਂ ਨੂੰ ਦਿੱਤੇ ਗਏ ਹਨ ਜਾਬ ਆਫਰ
ਅੱਜ ਦੂਜੀ ਵਾਰ ਮੁੱਖ ਮੰਤਰੀ ਨੇ 2069 ਸੋਸ਼ਲ ਸਟਡੀਸ, ਸਾਇੰਸ, ਹਿੰਦੀ ਅਤੇ ਸੰਸਕ੍ਰਿਤ ਦੇ ਟੀਜੀਟੀ ਅਤੇ ਬਾਹਿਓਲਾਜੀ, ਕਾਮਰਸ, ਸੰਸਕ੍ਰਿਤ, ਗਣਿਤ, ਇਕੋਨਾਮਿਕਸ, ਪਾਲੀਟਿਕਲ ਸਾਇੰਸ, ਇਤਿਹਾਸ ਅਤੇ ਹਿੰਦੀ ਦੇ ਪੀਜੀਟੀ ਅਧਿਆਪਕਾਂ ਨੂੰ ਜਾਬ ਆਫਰ ਲੈਟਰ ਪ੍ਰਦਾਨ ਕੀਤੇ ਹਨ। ਇਸ ਤੋਂ ਪਹਿਲਾਂ 23 ਨਵੰਬਰ ਨੂੰ 2075 ਉਮੀਦਵਾਰਾਂ ਨੂੰ ਜਾਬ ਆਫਰ ਲੈਟਰ ਦਿੱਤੀ ਗਈ ਸੀ।ਇਸ ਮੌਕੇ ’ਤੇ ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਤੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇਐਮ ਪਾਂਡੂਰੰਗ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਸਿਲਵਰ ਓਕਸ ਸਕੂਲ ਵਿੱਚ ਸਲਾਨਾ ਸਮਾਗਮ ‘ਯੂਫੋਰੀਆ –ਇਕੇਬਾਨਾ’ ਧੂਮ-ਧਾਮ ਨਾਲ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 2 ਦਸੰਬਰ: ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ II ਵੱਲੋਂ ਆਪਣਾ ਪਹਿਲਾ ਸਥਾਪਨਾ ਦਿਵਸ ‘ਯੂਫੋਰੀਆ-ਇਕੇਬਾਨਾ’ ਬੜੀ ਧੂਮਧਾਮ ਨਾਲ ਮਨਾਇਆ। ਸਲਾਨਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਆਉਣ ਵਾਲੇ ਮੁੱਖ ਮਹਿਮਾਨਾਂ ਦਾ ਸਵਾਗਤ ਬੱਚਿਆ ਦੁਆਰਾ ਤਿਆਰ ਕੀਤੇ ਬੈਂਡ ਨਾਲ ਕੀਤਾ ਗਿਆ।ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਪ੍ਰੋ: ਇਕਬਾਲ ਸਿੰਘ ਰੋਮਾਣਾ ਡਾਇਰੈਕਟਰ ਭਾਈ ਜਗਤਾ ਜੀ ਗਰੁੱਪ ਅਤੇ ਬੀਸੀਐਲ ਇੰਡਸਟਰੀਜ਼ ਦੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਸ਼੍ਰੀ ਕੁਸ਼ਲ ਮਿੱਤਲ ਦੇ ਹੱਥੋਂ ਦੀਪ ਜਗਾ ਕੇ ਕੀਤੀ ਗਈ।ਸਿਲਵਰ ਓਕਸ ਸਕੂਲ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ, ਚੇਅਰਮੈਨ ਇੰਦਰਜੀਤ ਸਿੰਘ ਬਰਾੜ, ਸਕੂਲ ਦੀ ਡਾਇਰੈਕਟਰ ਸ੍ਰੀਮਤੀ ਬਰਿੰਦਰ ਪਾਲ ਸੇਖੋਂ ਅਤੇ ਹੋਰ ਸ਼ਾਖਾਵਾਂ ਦੇ ਪ੍ਰਿੰਸੀਪਲ ਸ਼ਾਮ ਦੇ ਵਿਸ਼ੇਸ਼ ਮਹਿਮਾਨ ਸਨ।ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਮੇਹਮਾਨਾ ਦਾ ਸਵਾਗਤ ਕੀਤਾ।ਪਹਿਲੇ ਦਿਨ ਦੇ ਪ੍ਰੋਗਰਾਮ‘ਇਕੇਬਾਨਾ’ ਦਾ ਆਰੰਭ ‘ਸ਼੍ਰੀ ਗਣੇਸ਼ ਵੰਦਨਾ’ ਨਾਲ ਕਰਦੇ ਹੋਏ ਕਿੰਡਰਗਾਰਟਨ ਤੋਂ ਗ੍ਰੇਡ II ਦੇ ਵਿਦਿਆਰਥੀਆਂ ਨੇ ਆਪਣੀਆਂ ਵੱਖ-ਵੱਖ ਮਨਮੋਹਕ ਪੇਸ਼ਕਾਰੀਆਂ ਵੈਲਕਮ ਡਾਂਸ,ਲਿਟਲ ਚੈਪਲਿਨ, ਮੈਂਬੋ, ਕਲਾਊਨ ਡਾਂਸ, ਲਾਵਨੀ, ਡਿਸਕੋ,ਹੋਪ ਨ ਹੂਪ ,ਰੋਲ ਪਲੇ ,ਬੈਂਬੂਡਾਂਸ,ਜੁਗਨੀ, ਗੰਘੋਰ ਅਤੇ ਜਾਗੋ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਲੋਕਡਾਊਨ ਦੇ ਲੰਬੇ ਸਮੇਂ ਤੋਂ ਬਾਅਦ ਬੱਚਿਆਂ ਨੂੰ ਪਹਿਲੀ ਵਾਰ ਸਟੇਜ ਪ੍ਰਦਰਸ਼ਨ ਦਾ ਮੌਕਾ ਮਿਲਿਆ। ਇਸ ਲਈ ਬੱਚਿਆਂ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ।ਸਕੂਲ ਦੇ ਸਮਾਚਾਰ ਪੱਤਰ ਦੀ ਲਾਂਚਿੰਗ ਮੌਕੇ ਦੇ ਸਮੂਹ ਪਤਵੰਤਿਆਂ ਵੱਲੋਂ ਕੀਤੀ ਗਈ।ਪ੍ਰੋਗਰਾਮ ਦੌਰਾਨ ਸਕੂਲ ਦੀ ਸਲਾਨਾ ਰਿਪੋਰਟ ਸਕੂਲ ਦੀ ਕੋਆਰਡੀਨੇਟਰ ਸ਼੍ਰੀਮਤੀ ਤਰਨਪ੍ਰੀਤ ਕੌਰ ਦੁਆਰਾ ਪੜ੍ਹੀ ਗਈ, ਜਿਸ ਵਿੱਚ ਸਕੂਲ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ, ਵਿੱਦਿਅਕ ਖੇਤਰ ਵਿੱਚ ਪ੍ਰਾਪਤੀਆਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ।ਪ੍ਰੋਗਰਾਮ ਦੀ ਸਮਾਪਤੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਵੱਲੋਂ ਧੰਨਵਾਦ ਅਤੇ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਨਾਲ ਹੋਈ।







