ਪੰਜਾਬੀ ਖ਼ਬਰਸਾਰ ਬਿਉਰੋ
ਸੰਗਰੂਰ, 3 ਨਵੰਬਰ:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਥਾਣਾ ਸਿਟੀ ਸੰਗਰੂਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਮਨਜੀਤ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਏ.ਐਸ.ਆਈ. ਨੂੰ ਪ੍ਰਿਤਪਾਲ ਸਿੰਘ ਵਾਸੀ ਸੰਗਰੂਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਿਸ ਮੁਲਾਜਮ ਉਸਦੇ ਦੋਸਤ ਗੁਰਪਿਆਰ ਸਿੰਘ ਨੂੰ ਧਮਕੀਆਂ ਦੇ ਕੇ ਉਸਦੇ ਖਿਲਾਫ ਜਬਰੀ ਵਸੂਲੀ ਦਾ ਕੇਸ ਦਰਜ ਕਰਨ ਲਈ 20,000 ਰੁਪਏ ਰਿਸ਼ਵਤ ਦੇਣ ਦੀ ਮੰਗ ਕਰ ਰਿਹਾ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸ਼ਿਕਾਇਤ ਦੀ ਪੁਸ਼ਟੀ ਕਰਨ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨਾਂ ਦੱਸਿਆ ਕਿ ਦੋਸੀ ਏ.ਐਸ.ਆਈ. ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।
ਵਿਜੀਲੈਂਸ ਨੇ 15,000 ਰੁਪਏ ਦੀ ਰਿਸ਼ਵਤ ਲੈਂਦੇ ਏ.ਐਸ.ਆਈ. ਨੂੰ ਕੀਤਾ ਕਾਬੂ
ਰਿਸ਼ਵਤ ਮੰਗਣ ਵਾਲਿਆਂ ਦੇ ਨਾਮ ਨਸ਼ਰ ਕਰੋ, ਕਾਰਵਾਈ ਕਰਨਾ ਸਾਡੀ ਜ਼ਿੰਮੇਵਾਰੀ-ਮੁੱਖ ਮੰਤਰੀ
ਮੁੱਖ ਮੰਤਰੀ ਵੱਲੋਂ ਸਮਰਾਲਾ ਦੇ ਤਹਿਸੀਲ ਦਫ਼ਤਰ ਤੇ ਸੁਵਿਧਾ ਕੇਂਦਰ ਦਾ ਅਚਨਚੇਤੀ ਦੌਰਾ
ਪੰਜਾਬ ਵਿਚ ਝੋਨੇ ਦੀ ਚੱਲ ਰਹੀ ਖਰੀਦ ’ਤੇ ਤਸੱਲੀ ਪ੍ਰਗਟਾਈ
ਪਰਾਲੀ ਦੇ ਮਸਲੇ ਉਤੇ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ
ਪੰਜਾਬੀ ਖ਼ਬਰਸਾਰ ਬਿਉਰੋ
ਸਮਰਾਲਾ, 3 ਨਵੰਬਰ: ਸੂਬੇ ਨੂੰ ਭ੍ਰਿਸ਼ਟਚਾਰ ਤੋਂ ਮੁਕੰਮਲ ਤੌਰ ਉਤੇ ਮੁਕਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਕੰਮ ਕਰਵਾਉਣ ਬਦਲੇ ਰਿਸ਼ਵਤ ਮੰਗਣ ਵਾਲਿਆਂ ਦੇ ਨਾਮ ਨਸ਼ਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਭ੍ਰਿਸ਼ਟ ਅਨਸਰਾਂ ਦੇ ਖਿਲਾਫ਼ ਸਰਕਾਰ ਸਖਤ ਤੋਂ ਸਖ਼ਤ ਕਾਰਵਾਈ ਕਰੇਗੀ। ਅੱਜ ਇੱਥੇ ਤਹਿਸੀਲ ਦਫ਼ਤਰ ਅਤੇ ਸੁਵਿਧਾ ਕੇਂਦਰ ਦਾ ਅਚਨਚੇਤੀ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਲੈਣ ਦੀ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰਿਸ਼ਵਤ ਮੰਗਣ ਵਾਲਿਆਂ ਦੀ ਸ਼ਿਕਾਇਤ ਕਰਨ ਲਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵੀ ਸਥਾਪਤ ਕੀਤੀ ਹੈ ਅਤੇ ਹੁਣ ਤੱਕ ਇਸ ਉਪਰ ਹਾਸਲ ਹੋਈਆਂ ਸ਼ਿਕਾਇਤਾਂ ਦੇ ਆਧਾਰ ਉਤੇ ਭ੍ਰਿਸ਼ਟਾਚਾਰੀਆਂ ਖਿਲਾਫ਼ ਕਾਰਵਾਈ ਕੀਤੀ ਵੀ ਜਾ ਚੁੱਕੀ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਮੈਂ ਤੁਹਾਨੂੰ ਅਪੀਲ ਕਰਦਾਂ ਹਾਂ ਕਿ ਜੇਕਰ ਕੋਈ ਵੀ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਤੁਰੰਤ ਸਾਨੂੰ ਦੱਸੋ। ਅਜਿਹੇ ਰਿਸ਼ਵਤਖੋਰਾਂ ਦੇ ਖਿਲਾਫ਼ ਕਾਰਵਾਈ ਕਰਨਾ ਸਾਡੀ ਜ਼ਿੰਮੇਵਾਰੀ ਹੈ। ਤੁਹਾਡੇ ਸਹਿਯੋਗ ਨਾਲ ਹੀ ਸ਼ਾਸਨ ਨੂੰ ਭ੍ਰਿਸ਼ਟਾਚਾਰ ਤੋਂ ਮੁਕੰਮਲ ਤੌਰ ਉਤੇ ਮੁਕਤ ਕਰਨਾ ਯਕੀਨੀ ਬਣਾਇਆ ਜਾਵੇਗਾ। ” ਵੱਖ-ਵੱਖ ਵਿਭਾਗਾਂ ਦੀ ਕਾਰਜਪ੍ਰਣਾਲੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸਾਰੇ ਵਿਭਾਗਾਂ ਦੀ ਸਥਿਤੀ ਵਿਚ ਸੁਧਾਰ ਲਿਆਉਣ ਲਈ ਵੱਡੇ ਪੱਧਰ ਉਤੇ ਯਤਨ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਪ੍ਰਸ਼ਾਸਿਨਕ ਸੇਵਾਵਾਂ ਹਾਸਲ ਕਰਨ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ 70 ਸਾਲਾਂ ਦੀ ਉਲਝੀ ਹੋਈ ਤਾਣੀ ਨੂੰ ਠੀਕ ਕੀਤਾ ਜਾ ਰਿਹਾ ਹੈ ਜਿਸ ਕਰਕੇ ਕੁਝ ਸਮੇਂ ਬਾਅਦ ਵੱਡੇ ਸੁਧਾਰ ਦੇਖਣ ਨੂੰ ਮਿਲਣਗੇ।ਗੈਰ-ਕਾਨੂੰਨੀ ਕਾਲੋਨੀਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਪਰਿਵਾਰ ਨੂੰ ਬੇਘਰ ਨਹੀਂ ਕਰਾਂਗੇ ਅਤੇ ਸਰਕਾਰ ਇਨ੍ਹਾਂ ਕਾਲੋਨਾਈਜ਼ਰਾਂ ਨਾਲ ਗੱਲਬਾਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਅਤੇ ਆਪਹੁਦਰੀਆਂ ਦਾ ਅਸਰ ਇਨ੍ਹਾਂ ਲੋਕਾਂ ਉਤੇ ਨਹੀਂ ਪੈਣ ਦੇਵਾਂਗੇ।
ਝੋਨੇ ਦੀ ਚੱਲ ਰਹੀ ਖਰੀਦ ਉਤੇ ਤਸੱਲੀ ਜ਼ਾਹਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਫਸਲ ਦੀ ਖਰੀਦ ਲਈ ਕੀਤੇ ਗਏ ਸੁਚੱਜੇ ਪ੍ਰਬੰਧਾਂ ਸਦਕਾ ਇਸ ਵਾਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਪਹਿਲੀ ਵਾਰ ਹੋਇਆ ਕਿ ਕੁਝ ਘੰਟਿਆਂ ਦੇ ਅੰਦਰ ਹੀ ਕਿਸਾਨਾਂ ਦੇ ਖਾਤਿਆਂ ਵਿਚ ਅਦਾਇਗੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਵਾਰ ਉੱਤਰ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਵਰਗੇ ਸੂਬਿਆਂ ਤੋਂ ਝੋਨੇ ਦਾ ਇਕ ਦਾਣਾ ਵੀ ਪੰਜਾਬ ਵਿਚ ਆਉਣ ਨਹੀਂ ਦਿੱਤਾ ਜਿਸ ਕਰਕੇ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਇੱਥੋਂ ਤੱਕ ਕਿ ਐਕਟ ਵਿਚ ਲੋੜੀਂਦੀ ਵਿਵਸਥਾ ਕਰਕੇ ਝੋਨੇ ਦੀ ਢੋਆ-ਢੁਆਈ ਲਈ ਟਰੈਕਟਰ-ਟਰਾਲੀਆਂ ਨੂੰ ਵੀ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ।
ਪਰਾਲੀ ਸਾੜਨ ਨਾਲ ਹੁੰਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ’ਤੇ ਸਖ਼ਤ ਸ਼ਬਦਾਂ ਵਿਚ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਰਾਲੀ ਸਾੜਨ ਦਾ ਮੁੱਦਾ ਇਕੱਲੇ ਪੰਜਾਬ ਦਾ ਨਹੀਂ ਸਗੋਂ ਉੱਤਰੀ ਭਾਰਤ ਦਾ ਮਸਲਾ ਹੈ ਪਰ ਕੇਂਦਰ ਸਰਕਾਰ ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਨੂੰ ਕਸੂਰਵਾਰ ਠਹਿਰਾ ਕੇ ਘਟੀਆ ਪੱਧਰ ਦੀ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪਰਾਲੀ ਸਾੜਨ ਦਾ ਹੱਲ ਕੱਢਣ ਲਈ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜੇ ਸਨ ਪਰ ਇਨ੍ਹਾਂ ਪ੍ਰਸਤਾਵਾਂ ਉਤੇ ਬਿਨਾਂ ਕੋਈ ਵਿਚਾਰ ਕੀਤੇ ਰੱਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਏ.ਸੀ. ਕਮਰਿਆਂ ਵਿਚ ਬੈਠੇ ਹੋਏ ਲੋਕਾਂ ਨੂੰ ਜ਼ਮੀਨੀ ਹਕੀਕਤਾਂ ਦੀ ਸਮਝ ਨਹੀਂ ਜਿਸ ਕਰਕੇ ਇਹ ਮਸਲਾ ਹੱਲ ਕਰਨ ਲਈ ਸੁਹਿਰਦ ਯਤਨ ਨਹੀਂ ਕੀਤੇ ਜਾ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਹਵਾ ਦੇ ਗੁਣਵੱਤਾ ਸੂਚਕ ਅੰਕ ਵਿਚ ਵੱਧ ਪ੍ਰਦੂਸ਼ਣ ਵਾਲੇ ਸ਼ਹਿਰਾਂ ਵਿਚ ਹਰਿਆਣਾ ਦੇ ਫਰੀਦਾਬਾਦ ਤੇ ਚਰਖੀ ਦਾਦਰੀ ਦਾ ਨਾਮ ਵੀ ਆਉਂਦਾ ਹੈ ਪਰ ਕਸੂਰਵਾਰ ਸਿਰਫ਼ ਪੰਜਾਬ ਨੂੰ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਸਾਂਝੇ ਮਸਲੇ ਨੂੰ ਸਾਂਝੀ ਜ਼ਿੰਮੇਵਾਰੀ ਨਾਲ ਹੀ ਸੁਲਝਾਇਆ ਜਾ ਸਕਦਾ ਹੈ, ਕਿਸੇ ਇਕ ਸੂਬੇ ਨੂੰ ਜ਼ਿੰਮੇਵਾਰ ਦੱਸ ਕੇ ਮਸਲੇ ਦਾ ਹੱਲ ਨਹੀ ਹੋਣਾ।ਇਸ ਦੌਰਾਨ ਭਗਵੰਤ ਮਾਨ ਨੇ ਤਹਿਸੀਲ ਦਫ਼ਤਰ ਅਤੇ ਸੁਵਿਧਾ ਸੈਂਟਰ ਦਾ ਦੌਰਾ ਕਰਕੇ ਮੁਲਾਜ਼ਮਾਂ ਅਤੇ ਹਾਜ਼ਰ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਪ੍ਰਸ਼ਾਸਨਿਕ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜ਼ਮੀਨ ਦੀ ਤਕਸੀਮ ਆਦਿ ਬਾਰੇ ਨਿਰਪੱਖ ਢੰਗ ਨਾਲ ਫੈਸਲਾ ਲਿਆ ਜਾਵੇ ਤਾਂ ਕਿ ਸਾਰੀਆਂ ਧਿਰਾਂ ਲਈ ਇਨਸਾਫ ਯਕੀਨੀ ਬਣਾਇਆ ਜਾ ਸਕੇ।
ਐੱਨ ਆਈ ਏ ਦੇ ਛਾਪਿਆ ਵਿਰੁੱਧ ਬਠਿੰਡਾ ਦੇ ਵਕੀਲਾਂ ਨੇ ਮੁੜ ਮੋਰਚਾ ਖੋਲਿਆ
ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਐੱਨ ਆਈ ਏ ਦੇ ਛਾਪਿਆ ਵਿਰੁੱਧ ਬਠਿੰਡਾ ਦੇ ਵਕੀਲਾਂ ਨੇ ਮੁੜ ਮੋਰਚਾ ਖੋਲਦਿਆ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਿਸਦੇ ਨਾਲ ਕਚਹਿਰੀਆਂ ਦਾ ਕੰਮ ਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਅਤੇ ਕੋਈ ਵਕੀਲ ਅਦਾਲਤ ਵਿੱਚ ਪੇਸ ਨਹੀਂ ਹੋ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਲੰਘੀ 18 ਅਕਤੂਬਰ ਨੂੰ ਐੱਨਆਈਏ ਦੀ ਟੀਮ ਵੱਲੋਂ ਪੰਜਾਬ ਸਹਿਤ ਹਰਿਆਣਾ ਤੇ ਹੋਰਨਾਂ ਕਈ ਸੂਬਿਆਂ ਵਿੱਚ ਗੈਂਗਸਟਰਾਂ ਅਤੇ ਉਨ੍ਹਾਂ ਦੇ ਕੇਸ ਲੜਨ ਵਾਲੇ ਵਕੀਲਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ ਸੀ । ਇਸ ਦੌਰਾਨ ਹੀ ਬਠਿੰਡਾ ਕਚਹਿਰੀ ਕੰਪਲੈਕਸ ਕੰਮ ਕਰਦੇ ਸੀਨੀਅਰ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਦੇ ਘਰ ਕੀਤੀ ਛਾਪੇਮਾਰੀ ਬ੍ਰਾਂਡ ਨਾ ਸਿਰਫ ਉਸ ਦਾ ਮੋਬਾਇਲ ਜ਼ਬਤ ਕਰ ਲਿਆ ਸੀ ਬਲਕਿ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਦਾ ਅਮਲ ਵੀ ਸ਼ੁਰੂ ਕਰ ਦਿੱਤਾ ਸੀ। ਐਨ ਆਈ ਏ ਦੀ ਇਸ ਕਾਰਵਾਈ ਨੂੰ ਦੇਖਦੇ ਹੋਏ ਵਕੀਲਾਂ ਵਿਚ ਗੁੱਸੇ ਦੀ ਲਹਿਰ ਫੈਲ ਗਈ ਸੀ ਜਿਸ ਦੇ ਚੱਲਦੇ ਛਾਪੇਮਾਰੀ ਤੋਂ ਬਾਅਦ ਨਾ ਸਿਰਫ ਕਈ ਦਿਨ ਅਦਾਲਤੀ ਕੰਮਕਾਜ ਠੱਪ ਰੱਖਿਆ ਗਿਆ ਬਲਕਿ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਪ੍ਰੰਤੂ ਇਸਦੇ ਬਾਵਜੂਦ ਅੇਨ ਆਈ ਏ ਵਲੋਂ ਹਾਲੇ ਤੱਕ ਨਾ ਤਾਂ ਵਕੀਲ ਗੁਰਪ੍ਰੀਤ ਸਿੱਧੂ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਅਤੇ ਨਾ ਹੀ ਜੁਰਮ ਬਾਰੇ ਦਸਿਆ ਗਿਆ ਹੈ। ਜਿਸਦੇ ਚੱਲਦੇ ਅੱਜ ਮੁੜ ਬਾਰ ਕੌਸਲ ਆਫ ਪੰਜਾਬ ਅੇਡ ਹਰਿਆਣਾ ਦੇ ਸੱਦੇ ਤਹਿਤ ਮੁੜ ਅਦਾਲਤੀ ਕੰਮਕਾਜ ਠੱਪ ਰੱਖਿਆ ਬਲਕਿ ਕਚਹਿਰੀਆਂ ਦੇ ਮੁੱਖ ਗੇਟ ਤੇ ਧਰਨਾ ਦਿੰਦੇ ਹੋਏ ਅੇਨ ਆਈ ਏ ਵਿਰੁੱਧ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਐਡਵੋਕੇਟ ਵਰਿੰਦਰ ਸ਼ਰਮਾ ਨੇ ਦੋਸ਼ ਲਗਾਇਆ ਕਿ ਐੱਨਆਈਏ ਅਜਿਹੀਆਂ ਕਾਰਵਾਈਆਂ ਕਰਕੇ ਵਕੀਲਾਂ ਨੂੰ ਡਰਾਉਣਾ ਚਾਹੁੰਦੀ ਹੋ ਤਾਂ ਕਿ ਉਹ ਆਮ ਲੋਕਾਂ ਦੀ ਅਵਾਜ ਅਦਾਲਤਾਂ ਤਕ ਨਾ ਪੁੱਜਦੀ ਕਰ ਸਕਣ।ਐਡਵੋਕੇਟ ਸ਼ਰਮਾ ਨੇ ਇੱਥੇ ਕਿਹਾ ਕਿ ਉਹ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਨੂੰ ਮਿਲਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਦੌਰਾਨ ਐਡਵੋਕੇਟ ਗੁਰਪ੍ਰੀਤ ਸਿੱਧੂ ਨੇ ਕਿਹਾ ਕਿ ਹਾਲੇ ਤੱਕ ਐਨਆਈਏ ਵੱਲੋਂ ਨਾ ਤਾਂ ਉਸਦਾ ਮੋਬਾਇਲ ਵਾਪਸ ਕੀਤਾ ਗਿਆ ਹੈ ਅਤੇ ਨਾ ਹੀ ਉਸ ਨੂੰ ਕੇਸ ਬਾਰੇ ਕੁਝ ਜਾਣਕਾਰੀ ਦਿੱਤੀ ਜਾ ਰਹੀ ਹੈ।
ਕਿਰਤੀ ਕਿਸਾਨ ਯੂਨੀਅਨ ਨੇ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੱਢਿਆ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਕਿਰਤੀ ਕਿਸਾਨ ਯੂਨੀਅਨ ਨੇ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤ ਅੱਗੇ ਮਾਰਚ ਕੱਢਿਆ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਤੇ ਸਕੱਤਰ ਸਵਰਨ ਸਿੰਘ ਪੂਹਲੀ ਨੇ ਕਾਂਗਰਸ ਪਾਰਟੀ ’ਤੇ ਦੋਸ਼ ਲਾਉਂਦਿਆਂ ਹੋਇਆਂ ਕਿਹਾ 84 ਦੇ ਵਿੱਚ ਸਿੱਖਾਂ ਦੇ ਯੋਜਨਾਬੱਧ ਤਰੀਕੇ ਬੇਰਹਿਮੀ ਨਾਲ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਅੱਗ ਲਾ ਕੇ ਕਤਲ ਕੀਤੇ ਗਈ ਸੀ ਤੇ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ ਪ੍ਰੰਤੂ ਇਨਸਾਫ਼ ਦੇਣ ਦੀ ਬਜਾਏ ਅੱਜ ਵੀ ਇਸ ’ਤੇ ਸਿਆਸਤ ਕੀਤੀ ਜਾ ਰਹੀ ਹੈ। ਸਿੱਖਾਂ ਦੇ ਕਤਲ ਕਰਨ ਵਾਲੇ ਕਾਂਗਰਸ ਪਾਰਟੀ ਦੀ ਆਗੂ ਅੱਜ ਵੀ ਸ਼ਰ੍ਹੇਆਮ ਘੁੰਮ ਰਹੇ ਹਨ । ਯੂਨੀਅਨ ਦੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਪੀਐੱਸਯੂ ਰਾਜਿੰਦਰਾ ਕਾਲਜ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਰਵੀ ਢਿੱਲਵਾਂ ਨੇ ਦੋਸ਼ ਲਗਾਇਆ ਕਿ ਘੱਟ ਗਿਣਤੀਆਂ ’ਤੇ ਹਮਲੇ ਅੱਜ ਵੀ ਜਾਰੀ ਹਨ ਤੇ ਦੇਸ਼ ਵਿਚ ਜਦੋਂ ਦੀ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ, ਖਾਸ ਕਰਕੇ ਮੁਸਲਮਾਨ ਭਾਈਚਾਰੇ ਸੰਬੰਧਤ ਲੋਕਾਂ ‘ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਭੁੱਚੋ ਖੁਰਦ ਕਮੇਟੀ ਦੇ ਔਰਤ ਵਿੰਗ ਦੇ ਪ੍ਰਧਾਨ ਮਨਜੀਤ ਕੌਰ ਪਿਆਰੋ ,ਖਜਾਨਚੀ ਗੁਰਮੀਤ ਕੌਰ ਰਾਣੀ, ਸਹਾਇਕ ਸਕੱਤਰ ਕਰਮਜੀਤ ਭਾਈ ਕੀ, ਮੀਤ ਪ੍ਰਧਾਨ ਗੁਰਮੇਲ ਕੌਰ, ਭੁੱਚੋ ਖੁਰਦ ਕਮੇਟੀ ਦੇ ਸੁਖਮੰਦਰ ਸਿੰਘ ਸਰਾਭਾ, ਬੰਤ ਸਿੰਘ ਖਾਲਸਾ, ਪੀਐੱਸਯੂ ਰਜਿੰਦਰਾ ਕਾਲਜ ਕਮੇਟੀ ਦੇ ਕਰਨਵੀਰ ਕੋਟਭਾਰਾ, ਭਿੰਦਰ ਰਾਮ ਨਗਰ, ਲਖਵੀਰ ਨਸੀਬਪੁਰਾ, ਅਨਮੋਲ ਸਿੰਘ ਪੀਐਸਯੂ ਲਲਕਾਰ, ਹਰਿਮੰਦਰ ਕੌਰ, ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮੌੜ ਆਦਿ ਵੀ ਹਾਜ਼ਰ ਸਨ।
ਗੇਟ ਰੈਲੀ ਕਰਕੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕਰਨ ’ਤੇ ਰੋਕ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਦੇ ਸੱਦੇ ਹੇਠ ਅੱਜ ਬਠਿੰਡਾ ਡਿਪੂ ਦੇ ਗੇਟ ’ਤੇ ਮੁਲਾਜਮਾਂ ਵਲੋਂ ਰੈਲੀ ਕਰਕੇ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਕੁਲਵੰਤ ਸਿੰਘ ਮਨੇਸ ,ਡਿਪੂ ਪ੍ਰਧਾਨ ਸੰਦੀਪ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ, ਜਿਸ ਵਿਚ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ ਅਤੇ ਠੇਕਾ ਭਰਤੀ ਰੋਕਣ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਹੁਣ ਇਸਦੇ ਉਲਟ ਹੋ ਰਿਹਾ ਹੈ। ਠੇਕੇਦਾਰ ਰਾਹੀਂ ਆਊਟਸੋਰਸਿੰਗ ਦੀ ਭਰਤੀ ਬਿਨਾਂ ਡਰਾਈਵਿੰਗ ਟੈਸਟ ਤੇ ਬਿਨਾਂ ਟਰੇਨਿੰਗ ਦੇ ਠੇਕੇਦਾਰ ਰਾਹੀਂ ਕਰਕੇ ਲੱਖਾਂ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ । ਗੈਟ ਰੈਲੀ ਨੂੰ ਸੰਬੋਧਨ ਕਰਦਿਆਂ ਕੈਸ਼ੀਅਰ ਰਵਿੰਦਰ ਬਰਾੜ, ਹਰਤਾਰ ਸ਼ਰਮਾ,ਗੁਰਦੀਪ ਸਿੰਘ ਨੇ ਕਿਹਾ ਕਿ ਟਰਾਂਸਪੋਰਟ ਮਾਫੀਆ ਖਤਮ ਕਰਨ ਦੀ ਗੱਲ ਕਰਨ ਵਾਲੀ ਸਰਕਾਰ ਪ੍ਰਾਈਵੇਟ ਬੱਸ ਮਾਲਕਾਂ ਦੀਆਂ ਬੱਸਾਂ ਵਿੱਚ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਪਾਕੇ ਸਰਕਾਰੀ ਖਜਾਨੇ ਦੀ ਲੁੱਟ ਕਰਾਉਂਨਾ ਚਾਹੁੰਦੀ ਹੈ ਤੇ ਦੂਜੇ ਪਾਸੇ ਮੁਲਾਜਮਾਂ ਦੀਆਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ । ਰੈਲੀ ਨੂੰ ਸੈਕਟਰੀ ਕੁਲਦੀਪ ਬਾਦਲ ,ਗੁਰਪ੍ਰੀਤ ਕਮਾਲੂ ,ਗਗਨਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਬੀਮਾ ਕੰਪਨੀ ਯੂਨਾਇਟੇਡ ਇੰਡੀਆ ਇਨਸ਼ੋਰੈਂਸ ਕੰਪਨੀ ਨੇ ਮਨਾਇਆ ਚੌਕਸੀ ਜਾਗਰੂਕਤਾ ਹਫ਼ਤਾ
ਖੂਨਦਾਨ ਕੈਂਪ ਵਿੱਚ 22 ਵਿਅਕਤੀਆਂ ਨੇ ਕੀਤਾ ਸਵੈਇੱਛਾ ਨਾਲ ਖੂਨਦਾਨ
ਇਮਾਨਦਰੀ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਵਾਲੀਆਂ ਸ਼ਖਸ਼ੀਅਤਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਭਾਰਤ ਸਰਕਾਰ ਦੇ ਸੈਂਟਰਲ ਵਿਜੀਲੈਂਸ ਕਮਿਸ਼ਨ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਭਿ੍ਰਸ਼ਟਾਚਾਰ ਵਿਰੋਧੀ ਸੁਨੇਹਾ ਦੇਣ ਲਈ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਮਿਤੀ 31.10.2022 ਤੋਂ 06-11-2022 ਤੱਕ ਦੇਸ਼ ਭਰ ਵਿੱਚ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਹਨਾਂ ਪ੍ਰੋਗਰਾਮਾਂ ਦੀ ਕੜੀ ਤਹਿਤ ਬੀਮਾ ਖੇਤਰ ਦੀ ਕੰਪਨੀ ਯੂਨਾਇਟੇਡ ਇੰਡੀਆ ਇਨਸ਼ੋਰੈਂਸ ਕੰਪਨੀ ਵੱਲੋਂ ਵੀ ਹਰ ਸੂਬੇ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਹਨ। ਪੰਜਾਬ ਭਰ ਵਿੱਚ ਚੀਫ ਰੀਜਨਲ ਮੈਨੇਜਰ ਸ਼੍ਰੀ ਯੂਪੀਐਸ ਗੁਜਰਾਲ ਦੀ ਅਗੁਵਾਈ ਵਿੱਚ ਵਿਜੀਲੈਂਸ ਅਧਿਕਾਰੀ ਸ਼੍ਰੀ ਨਰੇਸ਼ ਤਨੇਜਾ ਵੱਲੋਂ ਜਾਗਰੂਕਤਾ ਮੁਹਿੰਮ ਚਲਾ ਕੇ ਪਟਿਆਲਾ, ਬਠਿੰਡਾ ਅਤੇ ਮੋਗਾ ਵਿਖੇ ਵੱਡੇ ਪ੍ਰੋਗਰਾਮ ਕਰਵਾਕੇ ਲੋਕਾਂ ਨੂੰ ਭਿ੍ਰਸ਼ਟਾਚਾਰ ਖਿਲਾਫ ਲਾਮਬੰਦ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਅੱਜ ਬਠਿੰਡਾ ਵਿਖੇ ਚੌਕਸੀ ਜਾਗਰੂਕਤਾ ਸਪਤਾਹ ਨੂੰ ਲੈ ਕੇ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਕੰਪਨੀ ਦੇ ਚੀਫ ਰੀਜਨਲ ਮੈਨੇਜਰ ਸ਼੍ਰੀ ਗੁਜਰਾਲ ਨੇ ਕੀਤਾ। ਪ੍ਰੋਗਰਾਮ ਦਾ ਰਸਮੀਂ ਅਗਾਜ਼ ਸਾਰਿਆਂ ਵੱਲੋਂ ਖੜੇ ਹੋ ਕੇ ਇਮਾਨਦਾਰੀ ਦਾ ਵਾਅਦਾ ਕਰਨ ਅਤੇ ਸਦਾ ਇਮਾਨਦਾਰੀ ਦੇ ਉਚਤਮ ਮਿਆਰਾਂ ਪ੍ਰਤੀ ਬਚਨਵੱਧ ਰਹਿਣ ਨਾਲ ਕੀਤਾ ਗਿਆ। ਪ੍ਰੋਗਰਾਮ ਦੌਰਾਨ ਜਿੱਥੇ ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਟੀਮ ਵੱਲੋਂ 22 ਯੂਨਿਟ ਖੂਨ ਇਕੱਤਰ ਕੀਤਾ ਗਿਆ, ਉਥੇ ਸਕੂਲ ਦੇ ਬੱਚਿਆਂ ਅਤੇ ਹੋਰ ਕਲਾਕਾਰਾਂ ਵੱਲੋਂ ਪੇਸ਼ਕਾਰੀਆਂ ਕਰਕੇ ਭਿ੍ਰਸ਼ਟਾਚਾਰ ਨੂੰ ਮਿਟਾਕੇ ਦੇਸ਼ ਬਚਾਉਣ ਦਾ ਸੱਦਾ ਵੀ ਦਿੱਤਾ ਗਿਆ।ਤਰਕਸ਼ੀਲ ਸੁਸਾਇਟੀ ਵੱਲੋਂ ਜਾਦੂ ਦਾ ਸ਼ੋਅ ਕਰਕੇ ਬੱਚਿਆਂ ਵਿੱਚ ਵਿਗਿਆਨ ਸੋਚ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ।
ਸਮਾਗਮ ਵਿੱਚ ਵੱਖ- ਵੱਖ ਖੇਤਰਾਂ ਵਿੱਚ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨ ਵਾਲੇ ਸਮਾਜ ਸੇਵਕਾਂ- ਸੁਸਾਇਟੀਆਂ ਅਤੇ ਵੱਖ-ਵੱਖ ਮਹਿਕਮਿਆਂ ਵਿੱਚ ਬੇਦਾਗ ਅਤੇ ਇਮਾਨਦਾਰੀ ਨਾਲ ਸੇਵਾ ਨਿਭਾਉਣ ਵਾਲੇ ਮੁਲਾਜਮਾਂ ਅਤੇ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ਼ਹਿਰ ਵਿੱਚ ਭਿ੍ਰਸ਼ਟਾਚਾਰ ਵਿਰੋਧੀ ਜਾਗਰੂਕਤਾ ਮਾਰਚ ਵੀ ਕੱਢਿਆ ਗਿਆ। ਜਿਸ ਨੂੰ ਸ਼੍ਰੀ ਗੁਜਰਾਲ ਅਤੇ ਸ਼੍ਰੀ ਬਲਦੇਵ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕੰਪਨੀ ਦੇ ਚੀਫ ਰੀਜਨਲ ਮੈਨੇਜਰ ਸ਼੍ਰੀ ਗੁਜਰਾਲ ਨੇ ਦੱਸਿਆ ਕਿ ਸਾਡੀ ਕੰਪਨੀ ਲੋਕਾਂ ਨੂੰ ਚੰਗੀਆਂ ਬੀਮਾ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਨਾਲ ਸਮਾਜਿਕ ਸੁਰੱਖਿਆ ਦੇ ਕੰਮਾਂ ਵਿੱਚ ਵੀ ਆਪਣੀ ਜਿੰਮੇਵਾਰੀ ਬੜੀ ਸ਼ਿੱਦਤ ਨਾਲ ਨਿਭਾ ਰਹੀ ਹੈ। ਜਿਸ ਤਹਿਤ ਪਿੰਡਾਂ- ਸਕੂਲਾਂ ਨੂੰ ਗੋਦ ਲੈਣਾ, ਖੂਨਦਾਨ, ਅੱਖਾਂ ਦਾਨ ਅਤੇ ਮੈਡੀਕਲ ਚੈਕਅੱਪ ਕੈਂਪ, ਪਾਰਕ ਬਨਾਉਣਾ ਆਦਿ ਜ਼ਿਕਰਯੋਗ ਹਨ। ਸ਼੍ਰੀ ਗੁਜਰਾਲ ਨੇ ਕੰਪਨੀ ਵੱਲੋਂ ਭਿ੍ਰਸ਼ਟਾਚਾਰ ਵਿਰੋਧੀ ਜਾਗਰੂਕਤਾ ਮੁਹਿੰਮ ਚਲਾਉਣ ਦੀ ਸ਼ਲਾਘਾ ਵੀ ਕੀਤੀ। ਅੰਤ ਵਿੱਚ ਬਠਿੰਡਾ ਡਵੀਜਨ ਦੇ ਸੀਨੀਅਰ ਡਵੀਜਨਲ ਮੈਨੇਜਰ ਬਲਦੇਵ ਸਿੰਘ ਨੇ ਪ੍ਰੋਗਰਾਮ ਵਿੱਚ ਸਹਿਯੋਗ ਕਰਨ ਲਈ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਦੇ ਬਾਨੀ ਪਿ੍ਰੰਸੀਪਲ ਅਤੇ ਪਰਧਾਨ ਆਰਏਐਸਏ ਪੰਜਾਬ ਅਤੇ ਬਠਿੰਡਾ ਦੀਆਂ ਹੋਰ ਮਿਆਰੀ ਸੰਸਥਾਵਾਂ ਯੂਨਾਇਟੇਡ ਵੈਲਫੇਅਰ ਸੁਸਾਇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਅੱਪੂ ਆਰਟ ਸੁਸਾਇਟੀ ਅਤੇ ਹੋਰ ਸਹਿਯੋਗੀ ਅਤੇ ਕੰਪਨੀ ਦੇ ਅਧਿਕਾਰੀਆਂ- ਕਰਮਚਾਰੀਆਂ ਦਾ ਧੰਨਵਾਦ ਕੀਤਾ।
ਲਾਰਜ ਸਕੇਲ ਮੈਪਿੰਗ ਦੇ ਕੰਮ ਜਲਦੀ ਤੋਂ ਜਲਦੀ ਹੋਵੇ ਪੂਰਾ, ਮੁੱਖ ਮੰਤਰੀ ਨੇ ਦਿੱਤੇ ਨਿਰਦੇਸ਼
ਸੂਬੇ ਦੀ 1-1 ਇੰਚ ਜਮੀਨ ਦਾ ਰੱਖਿਆ ਜਾਵੇਗਾ ਹਿਸਾਬ- ਮੁੱਖ ਮੰਤਰੀ
ਲਾਰਜ ਸਕੇਲ ਮੈਪਿੰਗ ਪ੍ਰੋਜੈਕਟ ਨੂੰ ਲੈ ਕੇ ਮੁੱਖ ਮੰਤਰੀ ਨੇ ਅਧਿਕਾਰੀਆਂ ਦੀ ਲਈ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 3 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੀ 1-1 ਇੰਚ ਜਮੀਨ ਦਾ ਹਿਸਾਬ ਰੱਖਿਆ ਜਾਵੇਗਾ, ਜਮੀਨ ਦੇ ਕਿਸ ਹਿੱਸੇ ‘ਤੇ ਤਾਲਾਬ ਹੈ, ਕਿਸੇ ਹਿੱਸੇ ‘ਤੇ ਰਸਤਾ ਜਾਂ ਢਾਂਚਾਗਤ ਨਿਰਮਾਣ ਹੈ ਇਹ ਮਹਿਜ ਇਕ ਕਲਿਕ ਨਾਲ ਡਿਜੀਟਲੀ ਪਤਾ ਲਗਾਇਆ ਜਾ ਸਕੇਗਾ। ਉਨ੍ਹਾਂ ਨੇ ਇਸ ਕਾਰਜ ਲਈ ਜਾਰੀ ਲਾਰਜ ਸਕੇਲ ਮੈਪਿੰਗ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਲਈ ਸਰਵੇ ਆਫ ਇੰਡੀਆ ਤੇ ਮਾਲ ਵਿਭਾਗ ਨੂੰ ਨਿਰਦੇਸ਼ ਦਿੱਤੇ। ਇਸ ਦੌਰਾਨ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਵੀ ਮੌਜੂਦ ਰਹੇ। ਇਸ ਪ੍ਰੋਜੈਕਟ ਨਾਲ ਜੁੜੇ ਹੋਏ ਅਧਿਕਾਰੀਆਂ ਦੀ ਮੀਟਿੰਗ ਲੈਂਦੇ ਹੋਏ ਮੁੱਖ ਮੰਤਰੀ ਨੇ ਜਰੂਰੀ ਹਿਦਾਇਤਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸਬੰਧਿਤ ਵਿਭਾਗ ਲਾਰਜ ਸਕੇਲ ਮੈਪਿੰਗ ਪ੍ਰੋਜੈਕਟ ਨਾਲ ਜੁੜੇ ਤਕਨੀਕੀ ਕੰਮਾਂ ਨੂੰ ਇਕ-ਇਥ ਪਿੰਡ ਵਿਚ ਕ੍ਰਮਵਾਰ ਪੂਰਾ ਕਰਨ ਤਾਂ ਜੋ ਕਿਸੇ ਵੀ ਪਿੰਡ ਵਿਚ ਕੋਈ ਕਾਰਜ ਲੰਬਿਤ ਨਾ ਰਹੇ। ਇਸ ਨਾਲ ਆਸਾਨੀ ਨਾਲ ਇਸ ਪ੍ਰੋਜੈਕਟ ਨੂੰ ਪੂਰੇ ਸੂਬੇ ਵਿਚ ਪੜਾਅਵਾਰ ਢੰਗ ਨਾਲ ਪੂਰਾ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਲਾਰਜ ਸਕੇਲ ਮੈਪਿੰਗ ਪ੍ਰੋਜੈਕਟ ਦਾ ਕਾਰਜ ਪੂਰਾ ਹੋ ਜਾਣ ‘ਤੇ ਹਰਿਆਣਾ ਪੂਰੇ ਦੇਸ਼ ਲਈ ਮਿਸਾਲ ਬਣ ਜਾਵੇਗਾ।
ਲਾਰਜ ਸਕੇਲ ਮੈਪਿੰਗ ਵਿਚ ਹੋਣ ਪਿੰਡ ਦੇ ਬਾਹਰ ਦੀ ਪੂਰੀ ਮੈਪਿੰਗ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲਾਰਜ ਸਕੇਲ ਮੈਪਿੰਗ ਵਿਚ ਪਿੰਡ ਦੇ ਬਾਹਰ ਦੀ ਵੀ ਪੂਰੀ ਮੈਪਿੰਗ ਕਰਵਾਈ ਜਾਵੇ। ਇਸ ਵਿਚ ਪਿੰਡ ਤੋਂ ਬਾਹਰ ਖੇਤਾਂ ਵਿਚ ਬਣੇ ਮਕਾਨ ਤੇ ਹੋਰ ਢਾਂਚਾਗਤ ਨਿਰਮਾਣ ਵੀ ਸ਼ਾਮਿਲ ਹੋਣ। ਉਨ੍ਹਾਂ ਨੇ ਸਰਵੇ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਕਰਮਚਾਰੀਆਂ ਦੀ ਗਿਣਤੀ ਵਿਚ ਇਜਾਫਾ ਕਰ ਕੇ ਇਸ ਲਾਰਜ ਸਕੇਲ ਮੈਪਿੰਗ ਦੇ ਕਾਰਜ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ।
8 ਅਰਬਨ ਏਰਿਆ ਦੀ ਲਾਰਜ ਸਕੇਲ ਮੈਪਿੰਗ ਦਾ ਕਾਰਜ ਵੀ ਹੋਇਆ ਪੂਰਾ
ਮੀਟਿੰਗ ਦੌਰਾਨ ਮਾਲ ਤੇ ਸਰਵੇ ਆਫ ਇੰਡੀਆ ਦੀ ਟੀਮ ਨੇ ਮੁੱਖ ਮੰਤਰੀ ਨੁੰ ਜਾਣਕਾਰੀ ਦਿੱਤੀ ਕਿ ਜੀਂਦ, ਕਰਨਾਲ ਅਤੇ ਸੋਨੀਪਤ ਜਿਲ੍ਹੇ ਦੇ 8 ਅਰਬਨ ਏਰਿਆ ਵਿਚ ਵੀ ਲਾਰਜ ਸਕੇਲ ਮੈਪਿੰਗ ਦਾ ਕਾਰਜ ਪੂਰਾ ਹੋਚੁੱਕਾ ਹੈ। ਇਸ ਨਾਲ ਹੁਣ ਇੰਨ੍ਹਾਂ ਖੇਤਰਾਂ ਵਿਚ ਇਕ-ਇਕ ਪ੍ਰੋਪਰਟੀ ਦੀ ਪਹਿਚਾਣ ਕੀਤੀ ਜਾ ਕਸਦੀ ਹੈ। ਇਸ ਵਿਚ ਪ੍ਰੋਪਰਟੀ ਦਾ ਏਰਿਆ, ਉਸਦਾ ਮੈਪ ‘ਤੇ ਲੋਕੇਸ਼ਨ ਤੇ ਪ੍ਰੋੋਪਰਟੀ ਕਿਸਦੇ ਨਾਂਅ ਹੈ, ਇਸ ਦੀ ਜਾਣਕਾਰੀ ਵੀ ਆਸਾਨੀ ਨਾਲ ਲਈ ਜਾ ਸਕੇਦੀ ਹੈ। ਇਹ ਕਾਰਜ ਪੂਰਾ ਹੋਣ ‘ਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਵਧਾਈ ਵੀ ਦਿੱਤੀ।ਇਸ ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਵੀਐਸ ਕੁੰਡੂ, ਵਧੀਕ ਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
10 ਲੱਖ 78 ਹਜਾਰ 864 ਉਮੀਦਵਾਰਾਂ ਦੇਣਗੇ ਸੀਈਟੀ ਪ੍ਰੀਖਿਆ – ਐਚਐਸਐਸਸੀ ਚੇਅਰਮੈਨ
ਚੰਡੀਗੜ੍ਹ ਸਮੇਤ ਸੂਬੇ ਦੇ 17 ਜਿਲ੍ਹਿਆਂ ਵਿਚ 1200 ਦੇ ਕਰੀਬ ਪ੍ਰੀਖਿਆ ਕੇਂਦਰ ਬਣਾਏ ਗਏ
ਇਕ ਤੋਂ ਵੱਧ ਏਡਮਿਟ ਕਾਰਡ ਡਾਉਨਲੋਡ ਹੋਣ ਦੀ ਸਥਿਤੀ ਵਿਚ ਨੇੜੇ ਪ੍ਰੀਖਿਆ ਕੇਂਦਰ ਵਿਚ ਪ੍ਰੀਖਿਆ ਦੇਣ ਦੀ ਮਿਲੇਗੀ ਮੰਜੂਰੀ – ਭੋਪਾਲ ਸਿੰਘ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 3 ਨਵੰਬਰ – ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਭੋਪਾਲ ਸਿੰਘ ਨੇ ਕਿਹਾ ਕਿ 5 ਅਤੇ 6 ਨਵੰਬਰ ਨੂੰ ਹੋਣ ਵਾਲੀ ਆਮ ਯੋਗਤਾ ਪ੍ਰੀਖਿਆ (ਸੀਈਟੀ) ਦੇ ਲਈ 11 ਲੱਖ 36 ਹਜਾਰ 894 ਉਮੀਦਵਾਰਾਂ ਨੇ ਆਪਣਾ ਰਜਿਸਟ੍ਰੇਸ਼ਣ ਕਰਾਇਆ ਸੀ। ਪਬ ਕੁੱਝ ਦੇ ਫਾਰਮ ਡਬਲ ਪਾਏ ਗਏ ਹਨ ਅਤੇ ਕੁੱਝ ਦੇ ਅਧੂਰੇ ਫਾਰਮ ਮਿਲੇ ਹਨ। ਇਸ ਪੂਰੀ ਪ੍ਰਕਿ੍ਰਆ ਦੇ ਬਾਅਦ ਹੁਣ ਪ੍ਰੀਖਿਆ ਦੇਣ ਵਾਲਿਆਂ ਦੀ ਗਿਣਤੀ 10 ਲੱਖ 78 ਹਜਾਰ 864 ਉਮੀਦਵਾਰ ਰਹਿ ਗਏ ਹਨ ਅਤੇ ਅੰਦਾਜਾ ਹੈ ਕਿ ਉਹ ਸਾਰੇ ਉਮੀਦਵਾਰ ਪ੍ਰੀਖਿਆ ਦੇਣ ਆਉਣਗੇ। ਸ੍ਰੀ ਭੋਪਾਲ ਸਿੰਘ ਨੇ ਅੱਜ ਇੱਥੇ ਇਕ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 658 ਸੰਸਥਾਨਾਂ/ਭਵਨਾਂ ਵਿਚ ਪ੍ਰੀਖਿਆ ਹੋਵੇਗੀ। ਚੰਡੀਗੜ੍ਹ ਸਮੇਤ ਸੂਬੇ ਦੇ 17 ਜਿਲ੍ਹਿਆਂ ਵਿਚ 1200 ਦੇ ਕਰੀਬ ਪ੍ਰੀਖਿਆ ਕੇਂਦਰ ਬਣਾਏ ਗਏ ਹਨ।
ਇਕ ਤੋਂ ਵੱਧ ਏਡਮਿਟ ਕਾਰਡ ਡਾਉਨਲੋਡ ਹੋਣ ਦੀ ਸਥਿਤੀ ਵਿਚ ਨੇੜੇ ਪ੍ਰੀਖਿਆ ਕੇਂਦਰ ਵਿਚ ਪ੍ਰੀਖਿਆ ਦੇਣ ਦੀ ਮਿਲੇਗੀ ਮੰਜੂਰੀ
ਸ੍ਰੀ ਭੋਪਾਲ ਸਿੰਘ ਨੇ ਸਪਸ਼ਟ ਕੀਤਾ ਕਿ ਸੀਈਟੀ ਦੇ ਲਈ ਕੁੱਝ ਉਮੀਦਵਾਰਾਂ ਦੇ ਇਕ ਤੋਂ ਵੱਧ ਏਡਮਿਟ ਕਾਰਡ ਡਾਊਨਲੋਡ ਹੋਏ ਹਨ। ਇਸ ਦਾ ਕਾਰਨ ਇਹ ਰਿਹਾ ਕਿ ਅਜਿਹੇ ਉਮੀਦਾਵਾਰਾਂ ਨੇ ਰਜਿਸਟ੍ਰੇਸ਼ਣ ਕਰਵਾਉਂਦੇ ਸਮੇਂ ਆਧਾਰ ਕਾਰਡ ਜਾਂ ਕਿਸੇ ਹੋਰ ਪਹਿਚਾਣ ਦਸਤਾਵੇਜ ਜਾਂ ਪਰਿਵਾਰ ਪਹਿਚਾਣ ਪੱਤਰ ਰਾਹੀਂ ਰਜਿਸਟ੍ਰੇਸ਼ਣ ਕੀਤਾ ਸੀ। ਇਸ ਤਰ੍ਹਾ, ਇਕ ਵਿਅਕਤੀ ਦੇ ਇਕ ਤੋਂ ਵੱਧ ਫਾਰਮ ਭਰੇ ਮੰਨੇ ਗਏ। ਡਾਟਾਬੇਸ ਵਿਚ ਅਜਿਹਾ ਕੋਈ ਸਿਸਟਮ ਨਹੀਂ ਸੀ ਜੋ ਇਥ ਹੀ ਵਿਅਕਤੀ ਵੱਲੋਂ ਇਕ ਆਈਡੀ ਰਾਹੀਂ ਕੀਤੇ ਗਏ ਰਜਿਸਟ੍ਰੇਸ਼ਣ ਦਾ ਪਤਾ ਲਗਾ ਸਕਣ ਅਤੇ ਇਕ ਤੋਂ ਵੱਧ ਵਾਰ ਰਜਿਸਟ੍ਰੇਸ਼ਣ ਹੋਣ ਤੋਂ ਰੋਕ ਸਕਣ। ਉਨ੍ਹਾਂ ਨੇ ਦਸਿਆ ਕਿ ਹੁਣ ਤਕ 70 ਉਮੀਦਵਾਰ ਅਜਿਹੇ ਮਿਲੇ ਹਨ ਜਿਨ੍ਹਾਂ ਦੇ ਇਕ ਤੋਂ ਵੱਧ ਏਡਮਿਟ ਕਾਰਡ ਡਾਉਨਲੋਡ ਹੋਏ ਹਨ। ਅਜਿਹੇ ਉਮੀਦਵਾਰ ਦੀ ਸਹੂਲਤ ਲਈ ਹੈਲਪਲਾਇਨ ਨੰਬਰ 18005728997 ਜਾਰੀ ਕੀਤਾ ਗਿਆ ਹੈ। ਇਸ ਹੈਲਪਲਾਇਨ ਨੰਬਰ ‘ਤੇ ਅਜਿਹੇ ਉਮੀਦਵਾਰ ਇਕ ਤੋਂ ਵੱਧ ਏਡਮਿਟ ਡਾਉਨਲੋਡ ਹੋਣ ਦੀ ਜਾਣਕਾਰੀ ਦੇ ਕਸਦੇ ਹਨ। ਇਸ ਸਥਿਤੀ ਵਿਚ ਕਮਿਸ਼ਨ ਵੱਲੋਂ ਜੋ ਸੱਭ ਤੋਂ ਨੇੜੇ ਪ੍ਰੀਖਿਆ ਕੇਂਦਰ ਹੋਵੇਗਾ ਉਸ ਵਿਚ ਪ੍ਰੀਖਿਆ ਦੇਣ ਦੇ ਲਈ ਉਮੀਦਵਾਰ ਨੂੰ ਮੰਜੂਰੀ ਪ੍ਰਦਾਨ ਕੀਤੀ ਜਾਵੇਗੀ। ਬਾਕੀ ਏਡਮਿਟ ਕਾਰਡ ਕੈਂਸਿਲ ਕਰ ਦਿੱਤੇ ਜਾਣਗੇ।
ਸ੍ਰੀ ਭੋਪਾਲ ਸਿੰਘ ਨੇ ਕਿਹਾ ਕਿ ਇਸ ਤਰ੍ਹਾ ਦੇ ਮਾਮਲਿਆਂ ਦੇ ਗੰਭੀਰਤਾ ਨਾਲ ਜਾਂਚ ਕਰਣਗੇ, ਕਿਉਂਕਿ ਕਈ ਵਾਰ ਅਜਿਹਾ ਪਾਇਆ ਗਿਆ ਹੈ ਕਿ ਕੁੱਝ ਉਮੀਦਵਾਰ ਪ੍ਰੀਖਿਆ ਵਿਚ ਗੜਬੜੀ ਕਰਨ ਲਈ ਵੀ ਝੂਠੀ ਜਾਣਕਾਰੀਆਂ ਦਿੰਦੇ ਹਨ ਅਤੇ ਇਕ ਏਡਮਿਟ ਕਾਰਡ ‘ਤੇ ਇਹ ਖੁਦ ਪ੍ਰੀਖਿਆ ਦਿੰਦੇ ਹਨ ਅਤੇ ਹੋਰ ਏਡਮਿਟ ਕਾਰਡ ‘ਤੇ ਆਪਣੀ ਥਾਂ ਕਿਸੇ ਹੋਰ ਨੂੰ ਪ੍ਰੀਖਿਆ ਲਈ ਬਿਠਾ ਦਿੰਦੇ ਹਨ। ਇਸ ਤਰ੍ਹਾ ਦੀ ਸਾਰੀ ਗਤੀਵਿਧੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਅਜਿਹਾ ਪਾਇਆ ਗਿਆ ਕਿ ਕਿਸੇ ਨੇ ਜਾਨਬੁਝ ਕੇ ਗੁਮਰਾਹ ਕਰਨ ਲਈ ਅਜਿਹਾ ਕਾਰਜ ਹਨ ਤਾਂ ਉਸ ਨੂੰ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੀ ਪ੍ਰੀਖਿਆਵਾਂਤੋਂ ਡੀ-ਬਾਰ ਕਰ ਦਿੱਤਾ ਜਾਵੇਗਾ।
ਸੋਸ਼ਲ ਮੀਡੀਆ ‘ਤੇ ਦਿਵਆਂਗ ਉਮੀਦਵਾਰਾਂ ਨੂੰ 150 ਕਿਲੋਮੀਟਰ ਦੂਰ ਪ੍ਰੀਖਿਆ ਕੇਂਦਰ ਦੇਣ ਦੀ ਖਬਰਾਂ ‘ਤੇ ਸਥਿਤੀ ਨੂੰ ਸਪਸ਼ਟ ਕਰਦੇ ਹੋਏ ਸ੍ਰੀ ਗੋਪਾਲ ਸਿੰਘ ਨੇ ਦਸਿਆ ਕਿ ਰਜਿਸਟ੍ਰੇਸ਼ਣ ਦੇ ਸਮੇਂ ਉਮੀਦਵਾਰ ਨੇ ਦਿਵਆਂਗ ਦਾ ਪ੍ਰਮਾਣ ਪੱਤਰ ਤਾਂ ਅਪਲੋਡ ਕਰ ਦਿੱਤਾ, ਪਰ ਊਹ ਮੂਲ ਫਾਰਮ ਵਿਚ ਦਿਅਵਾਂਗ ਦੇ ਕਾਲਮ ਨੂੰ ਭਰਨਾ ਸੀ ਟਿਕ ਕਰਨਾ ਭੁੱਲ ਗਏ।ਇਸ ਕਾਰਨ ਨਾਲ ਸਾਫਟਵੇਅਰ ਰਾਹੀਂ ਅਜਿਹੇ ਉਮੀਦਵਾਰਾਂ ਨੂੰ ਆਮ ਉਮੀਦਵਾਰ ਮੰਨ ਕੇ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਕਿਤੇ ਨਾ ਕਿਤੇ ਦੂਰ ਆ ਗਏ ਹਨ। ਇਸੀ ਵਾਰ ਕਮਿਸ਼ਨ ਦਾ ਇਹ ਯਤਨ ਰਿਹਾ ਹੈ ਕਿ ਉਮੀਦਵਾਰਾਂ ਨੂੰ 100 ਕਿਲੋਮੀਟਰ ਘੇਰੇ ਤੋਂ ਵੱਧ ਦੂਰ ਪ੍ਰੀਖਿਆ ਕੇਂਦਰ ਨਾ ਦਿੱਤੇ ਜਾਣ। ਸ੍ਰੀ ਭੋਪਾਲ ਸਿੰਘ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਵਾਰ ਸਰਕਾਰ ਨੇ ਇੰਨ੍ਹੀ ਵੱਡੀ ਪ੍ਰੀਖਿਆ ਨੂੰ ਸਫਲਤਾਪੂਰਵਕ ਕਰਵਾਉਣ ਅਤੇ ਉਮੀਦਵਾਰਾਂ ਨੂੰ ਹਰਿਆਣਾ ਟ੍ਰਾਂਸਪੋਰਟ ਦੀ ਬੱਸਾਂ ਵਿਚ ਮੁਫਤ ਯਾਤਰਾ ਦੀ ਸਹੂਲਤ ਪ੍ਰਦਾਨ ਕਰਨ ਦਾ ਜੋ ਇਤਿਹਾਸਕ ਫੈਸਲਾ ਕੀਤਾ ਹੈ, ਊਹ ਸ਼ਲਾਘਾਯੋਗ ਹੈ। ਉਨ੍ਹਾਂ ਨੇ ਦਸਿਆ ਕਿ 5 ਅਤੇ 6 ਨਵੰਬਰ ਨੂੰ ਪ੍ਰੀਖਿਆ 2 ਸ਼ਿਫਟਾਂ ਵਿਚ ਹੋਵੇਗੀ। ਸਵੇਰੇ ਪ੍ਰੀਖਿਆ ਦਾ ਸਮੇਂ 10 ਵਜੇ ਤੋਂ 11:45 ਵਜੇ ਤਕ ਹੋਵੇਗਾ। ਇਸ ਸ਼ਿਫਟ ਲਈ ਰਿਪੋਰਟਿੰਗ ਟਾਇਮ ਸਵੇਰੇ 8:30 ਵਜੇ ਹੋਵੇਗਾ। ਇਸੀ ਤਰ੍ਹਾ ਸ਼ਾਮ ਦੀ ਸ਼ਿਫਟ ਦਾ ਸਮੇਂ 3 ਵਜੇ ਤੋਂ 4:45 ਵਜੇ ਤਕ ਹੋਵੇਗਾ। ਇਸ ਸ਼ਿਫਟ ਦੇ ਲਈ ਰਿਪੋਰਟਿੰਗ ਟਾਇਮ ਦੁਪਹਿਰ 1:30 ਵਜੇ ਹੋਵੇਗਾ।
ਸੀਈਟੀ ਦੇ ਲਈ ਉਮੀਦਵਾਰਾਂ ਦੇ ਲਈ ਟ੍ਰਾਂਸਪੋਰਟ ਦੇ ਕੀਤੇ ਗਏ ਪੂਰੇ ਪ੍ਰਬੰਧ
ਇਸ ਮੌਕੇ ‘ਤੇ ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ ਨੇ ਸੀਈਟੀ ਪ੍ਰੀਖਿਆ ਲਈ ਕੀਤੇ ਗਏ ਟ੍ਰਾਂਸਪੋਰਟ ਪ੍ਰਬੰਧਾਂ ਦੀ ਵਿਸਤਾਰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ 5 ਅਤੇ 6 ਨਵੰਬਰ ਨੂੰ ਸੀਈਟੀ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਤਕ ਪਹੁੰਚਾਉਣ ਅਤੇ ਵਾਸਪ ਲਈ ਮੁਫਤ ਟ੍ਰਾਸਪੋੋਰਟ ਸਹੂਲਤਾਂ ਉਪਲਬਧ ਕਰਵਾਈ ਜਾਣਗੀਆਂ। ਉਨ੍ਹਾਂ ਨੇ ਦਸਿਆ ਕਿ ਪ੍ਰੀਖਿਆਰਥੀਆਂ ਨੂੰ ਨੇੜੇ ਸਬ-ਡਿਵੀਜਨ ਬੱਸ ਅੱਡੇ ਅਤੇ ਨੇੜੇ ਜਿਲ੍ਹਾ ਪੱਧਰ ਦੇ ਬੱਸ ਅੱਡੇ ਤੋਂ ਪ੍ਰੀਖਿਆ ਕੇਂਦਰ ਦੇ ਨੇੜੇ ਸਬ-ਡਿਵੀਜਨ ਦੇ ਬੱਸ ਅੱਡੇ ਅਤੇ ਜਿਲ੍ਹਾ ਪੱਧਰ ਦੇ ਬੱਸ ਅੱਡੇ ਤਕ ਪਹੁੰਚਾਉਣ ਤੇ ਵਾਪਸ ਲਿਆਉਣ ਦੀ ਵਿਵਸਥਾ ਟ੍ਰਾਂਸਪੋਰਟ ਵਿਭਾਗ ਵੱਲੋੋਂ ਕੀਤੀ ਗਈ ਹੈ। ਇਸ ਵਿਵਸਥਾਲਈ ਕਰੀਬ 15,400 ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਹਰਿਆਣਾ ਰਾਜ ਟ੍ਰਾਂਸਪੋਰਟ ਦੀ ਲਗਭਗ 2800 ਬੱਸਾਂ ਇਸ ਵਿਵਸਥਾ ਲਈ ਵਰਤੋ ਵਿਚ ਲਿਆਈ ਜਾਣਗੀਆਂ। ਜਿਲ੍ਹਿਆਂ ਵਿਚ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਟ੍ਰਾਂਸਪੋਰਟ ਪ੍ਰਬੰਧਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
3 ਨਵੰਬਰ ਤੋਂ 4 ਨਵੰਬਰ ਸ਼ਾਮ 5 ਵਜੇ ਤਕ ਆਪਣੇ ਨੇੜੇ ਡਿਪੋ/ਸਬ-ਡਿਪੋ ਵਿਚ ਜਾ ਕੇ ਅਗਰਿਮ ਬੁਕਿੰਗ ਕਰਨ ਪ੍ਰੀਖਿਆਰਥੀ
ਮੁੱਖ ਸਕੱਤਰ ਨੇ ਕਿਹਾ ਕਿ ਸਾਰੇ ਮਹਾਪ੍ਰਬੰਧਕਾਂ ਨੂੰ ਡਿਪੋ/ਸਬ-ਡਿਪੋ ਦੇ ਬੱਸ ਅੱਡਿਆਂ ‘ਤੇ ਅਗਰਿਮ ਸੀਟ ਬੁਕਿੰਗ ਤਹਿਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਅੰਤ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ 3 ਨਵੰਬਰ, 2022 ਨੂੰ ਸਵੇਰੇ 9:00 ਵਜੇ ਤੋਂ 4 ਨਵੰਬਰ, 200 ਨੁੰ ਸ਼ਾਮ 5:00 ਵਜੇ ਤਕ ਆਪਣੇ ਨੇੜੇ ਡਿਪੋ /ਸਬ-ਡਿਪੋ ਵਿਚ ਜਾ ਕੇ ਅਗਰਿਮ ਬੁਕਿੰਗ ਕਰਵਾਉਂਦੇ ਹੋਏ ਆਪਣੀ ਸੀਟ ਨੰਬਰ ਸੁਰੱਖਿਅਤ ਕਰਨ ਤਾਂ ਜੋ ਪ੍ਰੀਖਿਆ ਵਾਲੇ ਦਿਨ ਕਿਸੇ ਵੀ ਤਰ੍ਹਾ ਦੀ ਅਸਹੂਲਤ ਨਾ ਹੋਵੇ। ਬੱਸ ਸਟੈਂਡ ‘ਤੇ ਉਮੀਦਵਾਰਾਂ ਦੀ ਸਹੂਲਤ ਤਹਿਤ ਹੈਲਪ ਡੇਸਕ ਸਥਾਪਿਤ ਕੀਤੇ ਗਏ ਹਨ।
ਬੀ.ਐਫ.ਜੀ.ਆਈ. ਦੇ 67 ਵਿਦਿਆਰਥੀ ਨੌਕਰੀ ਲਈ ਚੁਣੇ
ਸੁਖਜਿੰਦਰ ਮਾਨ
ਬਠਿੰਡਾ, 1 ਨਵੰਬਰ: ਬੀ.ਐਫ.ਜੀ.ਆਈ. ਵੱਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ 100 ਫ਼ੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਅਜਿਹੇ ਸਾਰਥਿਕ ਯਤਨਾਂ ਦੀ ਬਦੌਲਤ ਹਾਲ ਹੀ ਵਿੱਚ ਬੀ.ਐਫ.ਜੀ.ਆਈ. ਦੇ ਲਗਭਗ 67 ਵਿਦਿਆਰਥੀਆਂ ਦੀ ਪਲੇਸਮੈਂਟ ਬਹੁਤ ਹੀ ਸ਼ਾਨਦਾਰ ਪੈਕੇਜਾਂ ‘ਤੇ ਹੋਈ ਹੈ। ਜ਼ਿਕਰਯੋਗ ਹੈ ਕਿ ਕੁੱਝ ਵਿਦਿਆਰਥੀਆਂ ਨੇ ਇੱਕ ਤੋਂ ਵੱਧ ਕੰਪਨੀਆਂ ਵਿੱਚ ਵੀ ਪਲੇਸਮੈਂਟ ਹਾਸਲ ਕੀਤੀ ਹੈ। ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੁਆਰਾ ਆਯੋਜਿਤ ਪਲੇਸਮੈਂਟ ਡਰਾਈਵਾਂ ਦੌਰਾਨ ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ 20 ਲੱਖ ਦਾ ਸਾਲਾਨਾ ਪੈਕੇਜ ਅਤੇ ਲਗਭਗ 5.2 ਲੱਖ ਦਾ ਔਸਤਨ ਸਾਲਾਨਾ ਪੈਕੇਜ ਹਾਸਲ ਕੀਤਾ।
ਵੱਖ-ਵੱਖ ਕੰਪਨੀਆਂ ਦੇ ਅਧਿਕਾਰੀਆਂ ਨੇ ਐਪਟੀਚਿਊਡ ਟੈੱਸਟ, ਗਰੁੱਪ ਡਿਸਕਸ਼ਨ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਤੋਂ ਬਾਅਦ ਵਿਦਿਆਰਥੀਆਂ ਦੀ ਆਨਲਾਈਨ/ਆਫ਼ਲਾਈਨ ਪਰਸਨਲ ਇੰਟਰਵਿਊ ਕੀਤੀ। ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਇੰਟਰਵਿਊ ਦਿੱਤੀ। ਵਿਦਿਆਰਥੀਆਂ ਦੀ ਇੰਡਸਟਰੀ ਅਤੇ ਕਾਰਪੋਰੇਟ ਜਗਤ ਨਾਲ ਸਬੰਧਿਤ ਸਮਝ ਅਤੇ ਜਾਣਕਾਰੀ ਤੋਂ ਕੰਪਨੀ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ। ਵਿਦਿਆਰਥੀਆਂ ਦੀ ਵਧੀਆ ਸੰਚਾਰ ਭਾਸ਼ਾ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਸਿੱਖਿਆ ਤਕਨਾਲੋਜੀ ਖੇਤਰ ਦੀ ਮੋਹਰੀ ਕੰਪਨੀ ਐਕਸਟਰਾ ਮਾਰਕਸ ਨੇ ਐਮ.ਬੀ.ਏ. ਦੇ 11, ਕੰਪਿਊਟਰ ਸਾਇੰਸ ਇੰਜ. ਦੇ 7, ਬੀ.ਕਾਮ. ਦੇ 4, ਬੀ.ਬੀ.ਏ. ਦੇ 1, ਬੀ.ਸੀ.ਏ. ਦੇ 1 ਅਤੇ ਬੀ.ਐਸ.ਸੀ. (ਐਗਰੀਕਲਚਰ) ਦੇ 1 ਵਿਦਿਆਰਥੀ ਸਮੇਤ ਕੁੱਲ 25 ਵਿਦਿਆਰਥੀਆਂ ਨੂੰ 7.20 ਲੱਖ ਦੇ ਸਾਲਾਨਾ ਪੈਕੇਜ ‘ਤੇ ਬਿਜ਼ਨਸ ਡਿਵੈਲਪਰ ਐਗਜ਼ੀਕਿਊਟਿਵ ਦੇ ਅਹੁਦੇ ਲਈ ਚੁਣ ਲਿਆ। ਸੰਸਥਾ ਵਿਖੇ ਹੋਈ ਕੈਂਪਸ ਪਲੇਸਮੈਂਟ ਡਰਾਈਵ ਦੌਰਾਨ ਹਾਈਕ ਐਜੂਕੇਸ਼ਨ ਕੰਪਨੀ ਨੇ ਬੀ.ਬੀ.ਏ. ਦੇ 2, ਬੀ.ਸੀ.ਏ. ਦੇ 2, ਕੰਪਿਊਟਰ ਸਾਇੰਸ ਇੰਜ. ਦੇ 1 ਅਤੇ ਬੀ.ਐਸ.ਸੀ. (ਐਗਰੀਕਲਚਰ) ਦੇ 1 ਵਿਦਿਆਰਥੀ ਸਮੇਤ ਕੁੱਲ 6 ਵਿਦਿਆਰਥੀਆਂ ਨੂੰ ਬਿਜ਼ਨਸ ਡਿਵੈਲਪਰ ਐਗਜ਼ੀਕਿਊਟਿਵ ਵਜੋਂ 5.82 ਲੱਖ ਦੇ ਸਾਲਾਨਾ ਪੈਕੇਜ ‘ਤੇ ਨੌਕਰੀ ਲਈ ਚੁਣ ਲਿਆ। ਇਸੇ ਤਰ੍ਹਾਂ ਚਿਕਮਿਕ ਕੰਪਨੀ ਨੇ ਬੀ.ਟੈੱਕ.(ਕੰਪਿਊਟਰ ਸਾਇੰਸ ਇੰਜ.) ਦੇ 8 ਵਿਦਿਆਰਥੀਆਂ ਨੂੰ 5 ਲੱਖ ਦੇ ਸਾਲਾਨਾ ਪੈਕੇਜ ‘ਤੇ ਐਸੋਸੀਏਟ ਸਾਫ਼ਟਵੇਅਰ ਇੰਜੀਨੀਅਰ ਵਜੋਂ ਚੁਣਿਆ ਜਦੋਂ ਕਿ ਐਚ.ਡੀ.ਐਫ.ਸੀ. ਲਾਈਫ਼ ਨੇ ਐਮ.ਬੀ.ਏ ਦੇ 6 ਵਿਦਿਆਰਥੀਆਂ ਨੂੰ 4.75 ਲੱਖ ਦੇ ਸਾਲਾਨਾ ਪੈਕੇਜ ‘ਤੇ ਐਗਜ਼ੀਕਿਊਟਿਵ ਟਰੇਨੀ ਵਜੋਂ ਚੁਣ ਲਿਆ। ਇਸ ਤੋਂ ਇਲਾਵਾ ਅਨੈਕਟ ਈ. ਸਰਵਿਸਿਜ਼ ਪ੍ਰਾ. ਲਿਮ. ਕੰਪਨੀ ਨੇ 7, ਕਲੱਬ ਮਹਿੰਦਰਾ ਕੰਪਨੀ ਨੇ 6, ਐਮ.ਡਬਲਿਊ.ਆਈ.ਡੀ.ਐਮ. ਕੰਪਨੀ ਨੇ 4, ਲਰਨਿੰਗ ਸ਼ਾਲਾ ਕੰਪਨੀ ਨੇ 2, ਲਰਨਿੰਗ ਰੂਟਸ ਨੇ 2 ਅਤੇ ਵੋਡਾਫੋਨ ਆਈਡੀਆ ਕੰਪਨੀ ਨੇ 1 ਵਿਦਿਆਰਥੀ ਨੂੰ ਸ਼ਾਨਦਾਰ ਪੈਕੇਜ ‘ਤੇ ਨੌਕਰੀ ਲਈ ਚੁਣਿਆ ਹੈ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਦੀ ਪਲੇਸਮੈਂਟ ਦੀ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਸੰਸਥਾ ਵਿਖੇ ਪਲੇਸਮੈਂਟ ਲਈ ਲਗਾਤਾਰ ਉਪਰਾਲੇ ਜਾਰੀ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਬਹੁਤ ਸਾਰੀਆਂ ਬਹੁਕੌਮੀ ਕੰਪਨੀਆਂ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਆ ਰਹੀਆਂ ਹਨ। ਕਾਰਪੋਰੇਟ ਜਗਤ ਅਤੇ ਇੰਡਸਟਰੀ ਦੀ ਮੰਗ ਅਨੁਸਾਰ ਸੰਸਥਾ ਵੱਲੋਂ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਜਿਸ ਸਦਕਾ ਹਰ ਕੋਰਸ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਬਹੁਤ ਵਧੀਆ ਪੈਕੇਜਾਂ ‘ਤੇ ਹੋ ਰਹੀ ਹੈ। ਡਾ. ਧਾਲੀਵਾਲ ਨੇ ਕਾਲਜ ਦੇ ਮਿਹਨਤੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਸਫਲ ਹੋਏ ਸਾਰੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਨੂੰ ਪਲੇਸਮੈਂਟ ਦਾ ਅਜਿਹਾ ਮੌਕਾ ਪ੍ਰਦਾਨ ਕਰਨ ਲਈ ਉਨ੍ਹਾਂ ਨੇ ਉਪਰੋਕਤ ਸਾਰੀਆਂ ਕੰਪਨੀਆਂ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।
ਅਨੁਸ਼ਾਸਨ ਚ ਰਹਿਣ ਵਾਲੇ ਵਿਦਿਆਰਥੀ ਹਮੇਸ਼ਾ ਜਿੰਦਗੀ ਵਿਚ ਹੁੰਦੇ ਹਨ ਕਾਮਯਾਬ : ਬੀ.ਐਸ ਰਤਨ
66ਵੀਂਆਂ ਸਰਦ ਰੁੱਤ ਖੇਡਾਂ ਐਥਲੈਟਿਕਸ ਦਾ ਅਗਾਜ
ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ : 66ਵੀਂਆਂ ਸਰਦ ਰੁੱਤ ਖੇਡਾਂ (ਐਥਲੈਟਿਕਸ) ਦਾ ਅਗਾਜ ਜ਼ਿਲ੍ਹੇ ਅਧੀਨ ਪੈਂਦੇ ਸਪੋਰਟਸ ਸਕੂਲ ਘੁੱਦਾ ਵਿਖੇ ਹੋਇਆ। ਇਨ੍ਹਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਬੀ.ਐਸ ਰਤਨ (ਸੇਵਾ ਮੁਕਤ) ਇਨਕਮ ਟੈਕਸ ਕਮਿਸਨਰ ਵਲੋਂ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਸਿੱਧੂ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਇਕਬਾਲ ਸਿੰਘ ਬੁੱਟਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਸ਼੍ਰੀ ਬੀ.ਐਸ ਰਤਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਖੇਡਣ ਨਾਲ ਵਿਦਿਆਰਥੀਆਂ ਦਾ ਜੀਵਨ ਅਨੁਸ਼ਾਸਨ ਵਾਲਾ ਬਣਦਾ ਹੈ ਤੇ ਅਨੁਸ਼ਾਸਨ ਚ ਰਹਿਣ ਵਾਲੇ ਵਿਦਿਆਰਥੀ ਹਮੇਸ਼ਾ ਜਿੰਦਗੀ ਵਿਚ ਕਾਮਯਾਬ ਹੁੰਦੇ ਹਨ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸ਼ਾਨਦਾਰ ਖੇਡ ਭਾਵਨਾ ਨਾਲ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਮੈਡਲ ਜਿੱਤਣ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।
ਮੁਕਾਬਲਿਆਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀ. ਐਮ ਖੇਡਾਂ ਸ਼੍ਰੀ ਗੁਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ-14 (ਲੜਕੇ) ਗੋਲਾ ਸੁੱਟਣ ਵਿੱਚ ਨਿਹਾਲ ਸਿੰਘ ਭਗਤਾਂ ਜੋਨ ਨੇ ਪਹਿਲਾਂ, ਸੋਨੂੰ ਮੌੜ ਜੋਨ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਡਿਸਕਸ ਥਰੋਅਰ ਅੰਡਰ-17 (ਲੜਕੀਆਂ) ਵਿੱਚ ਸਤਵੀਰ ਕੌਰ ਬਠਿੰਡਾ-1 ਨੇ ਪਹਿਲਾਂ, ਜੈ ਸ੍ਰੀ ਬਠਿੰਡਾ-2 ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੰਬੀ ਛਾਲ ਅੰਡਰ-19 (ਲੜਕੀਆਂ) ਵਿੱਚ ਸੁਖਪ੍ਰੀਤ ਕੌਰ ਭਗਤਾਂ ਨੇ ਪਹਿਲਾਂ, ਸੁਮਨਦੀਪ ਕੌਰ ਭਗਤਾਂ ਨੇ ਦੂਜਾ, ਅੰਡਰ-17 (ਲੜਕੀਆਂ) ਵਿੱਚ ਗਗਨਦੀਪ ਕੌਰ ਮੰਡੀ ਕਲਾਂ ਨੇ ਪਹਿਲਾਂ, ਰੁਕਮਨਜੀਤ ਕੌਰ ਭਗਤਾਂ ਨੇ ਦੂਜਾ, ਅੰਡਰ-17 (ਲੜਕੇ) ਹਾਈ ਜੰਪ ਸਹਿਜੋਤ ਸਿੰਘ ਬਠਿੰਡਾ-1 ਨੇ ਪਹਿਲਾਂ, ਬੀਰਦਵਿੰਦਰ ਸਿੰਘ ਮੰਡੀ ਫੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 1500 ਮੀਟਰ ਦੌੜ ਚ ਅੰਡਰ-17 (ਲੜਕੇ) ਵਿੱਚ ਜਸਨਦੀਪ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ, ਅਰਸਦੀਪ ਸਿੰਘ ਬਠਿੰਡਾ-2 ਨੇ ਦੂਜਾ, ਅੰਡਰ-19 ਵਿੱਚ ਆਸੂ ਬਠਿੰਡਾ ਨੇ ਪਹਿਲਾਂ, ਦਿਲਪ੍ਰੀਤ ਸਿੰਘ ਤਲਵੰਡੀ ਸਾਬੋ ਨੇ ਦੂਜਾ, ਅੰਡਰ-17 ਕੁੜੀਆਂ ਵਿੱਚ ਨੇਹਾ ਤਲਵੰਡੀ ਸਾਬੋ ਨੇ ਪਹਿਲਾਂ, ਗਗਨਦੀਪ ਕੌਰ ਮੰਡੀ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸ਼੍ਰੀ ਸੋਹਨ ਸਿੰਘ ਸੋਹਲ, ਪਿ੍ਰੰਸੀਪਲ ਰਾਜਿੰਦਰ ਸਿੰਘ, ਸ਼੍ਰੀ ਕੁਲਵਿੰਦਰ ਸਿੰਘ, ਸ਼੍ਰੀ ਗੁਰਦੀਪ ਸਿੰਘ, ਲੈਕਚਰਾਰ ਨਾਜਰ ਸਿੰਘ, ਮਨਦੀਪ ਕੌਰ, ਅਮਰਦੀਪ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ, ਵਰਿੰਦਰ ਸਿੰਘ, ਗੁਰਿੰਦਰ ਸਿੰਘ (ਬੀ.ਐਮ ਖੇਡਾਂ) ਹਰਮੰਦਰ ਸਿੰਘ, ਭੁਪਿੰਦਰ ਸਿੰਘ ਤੱਗੜ, ਹਰਜਿੰਦਰ ਸਿੰਘ, ਸੁਖਜਿੰਦਰਪਾਲ ਸਿੰਘ, ਜਗਦੀਸ ਕੁਮਾਰ, ਕੁਲਵੀਰ ਸਿੰਘ, ਭਿੰਦਰਪਾਲ ਕੌਰ ਅਤੇ ਹਰਬਿੰਦਰ ਸਿੰਘ ਨੀਟਾ ਆਦਿ ਹਾਜਰ ਸਨ।







