ਕੌਮੀ ਰਾਜਧਾਨੀ ਨੂੰ ਦੁੱਧ ਦੀ ਸਪਲਾਈ ਮੌਜੂਦਾ 30 ਹਜ਼ਾਰ ਲੀਟਰ ਤੋਂ ਵਧਾ ਕੇ ਦੋ ਲੱਖ ਲੀਟਰ ਕੀਤੀ ਜਾਵੇਗੀ
ਲੁਧਿਆਣਾ ਵਿੱਚ ਵੇਰਕਾ ਦਾ ਅਤਿ-ਆਧੁਨਿਕ ਦੁੱਧ ਪ੍ਰਾਸੈਸਿੰਗ ਤੇ ਬਟਰ ਪਲਾਂਟ ਲੋਕਾਂ ਨੂੰ ਕੀਤਾ ਸਮਰਪਿਤ
ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਭਾਲਣ ਦੀ ਥਾਂ ਨੌਕਰੀਆਂ ਦੇਣ ਵਾਲੇ ਬਣਾਉਣ ਲਈ ਹੰਭਲਾ ਮਾਰ ਰਹੀ ਹੈ ਸਰਕਾਰ: ਭਗਵੰਤ ਮਾਨ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 19 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਆਖਿਆ ਕਿ ਸੂਬਾ ਸਰਕਾਰ ਰਾਜ ਦੀ ਮੋਹਰੀ ਸਹਿਕਾਰੀ ਸੰਸਥਾ ਮਿਲਕਫੈੱਡ ਦੀ ਦਿੱਲੀ ਨੂੰ ਹੁੰਦੀ ਦੁੱਧ ਦੀ ਸਪਲਾਈ ਨੂੰ ਮੌਜੂਦਾ 30 ਹਜ਼ਾਰ ਲੀਟਰ ਤੋਂ ਵਧਾ ਕੇ ਦੋ ਲੱਖ ਲੀਟਰ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਪੰਜਾਬ ਦੇ ਕਿਸਾਨਾਂ/ਦੁੱਧ ਉਤਪਾਦਕਾਂ ਨੂੰ ਵੱਡਾ ਲਾਭ ਮਿਲੇ। ਇੱਥੇ ਵੇਰਕਾ ਪਲਾਂਟ ਵਿੱਚ ਨਵੇਂ ਬਣੇ ਮਿਲਕ ਪ੍ਰਾਸੈਸਿੰਗ ਅਤੇ ਬਟਰ ਪਲਾਂਟ ਦਾ ਉਦਘਾਟਨ ਕਰਨ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਕ੍ਰਾਂਤੀਕਾਰੀ ਕਦਮ ਹੈ, ਜਿਸ ਦਾ ਉਦੇਸ਼ ਕਿਸਾਨਾਂ ਨੂੰ ਖੇਤੀ ਸੰਕਟ ਵਿੱਚੋਂ ਕੱਢਣ ਲਈ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਬੰਧ ਵਿੱਚ ਦਿੱਲੀ ਸਰਕਾਰ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ ਵੇਰਕਾ ਦੁੱਧ ਅਤੇ ਦੁੱਧ ਉਤਪਾਦਾਂ ਦੀ ਸਪਲਾਈ ਲਈ ਦਿੱਲੀ ਦੇ ਹਰ ਕੋਨੇ ਵਿੱਚ ਨਵੇਂ ਬੂਥ ਖੋਲ੍ਹੇਗਾ। ਭਗਵੰਤ ਮਾਨ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਇੱਕੋ ਇੱਕ ਮੰਤਵ ਸਹਿਕਾਰਤਾ ਦੀ ਅਸਲ ਭਾਵਨਾ ਉਤੇ ਚੱਲਦਿਆਂ ਪੰਜਾਬ ਦੇ ਡੇਅਰੀ ਕਿਸਾਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਅਤੇ ਵਧੀਆ ਭਾਅ ਦੇਣਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਨੌਜਵਾਨਾਂ ਵਿੱਚ ਡੇਅਰੀ ਧੰਦੇ ਨੂੰ ਹੁਲਾਰਾ ਦੇਣ ਲਈ ਕਿਸਾਨ ਪੱਖੀ ਸਕੀਮਾਂ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਆਤਮ ਨਿਰਭਰ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਮਿਲਕਫੈੱਡ ਨੂੰ ਨਾ ਸਿਰਫ਼ ਸੂਬੇ ਵਿੱਚ, ਸਗੋਂ ਦੇਸ਼ ਤੇ ਵਿਦੇਸ਼ਾਂ ਵਿੱਚ ਖਪਤ ਮੰਡੀ ਦੇ ਵੱਡੇ ਹਿੱਸੇ ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਨ ਲਈ ਵਧੀਆ ਮਾਰਕੀਟਿੰਗ ਮੁਹਿੰਮ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਮੋਹਰੀ ਸਹਿਕਾਰੀ ਸੰਸਥਾ ਦੀ ਘਰੇਲੂ ਬਾਜ਼ਾਰ ਵਿੱਚ ਪ੍ਰਤੱਖ ਮੌਜੂਦਗੀ ਹੈ ਕਿਉਂਕਿ ਵੇਰਕਾ ਇਸ ਖਿੱਤੇ ਵਿੱਚ ਘਰ-ਘਰ ਜਾਣਿਆ-ਪਛਾਣਿਆ ਨਾਮ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ ਉਤਪਾਦਾਂ ਜਿਵੇਂ ਘਿਓ, ਦੁੱਧ, ਮੱਖਣ, ਲੱਸੀ, ਖੀਰ, ਦਹੀਂ, ਆਈਸ ਕਰੀਮ, ਮਠਿਆਈਆਂ ਅਤੇ ਹੋਰ ਉਤਪਾਦਾਂ ਨੇ ਪਹਿਲਾਂ ਹੀ ਦੇਸ਼ ਵਿਆਪੀ ਬਾਜ਼ਾਰ ਵਿੱਚ ਆਪਣਾ ਵੱਖਰਾ ਸਥਾਨ ਬਣਾਇਆ ਹੈ, ਜਿਸ ਨੂੰ ਠੋਸ ਯਤਨਾਂ ਨਾਲ ਹੋਰ ਵਿਸ਼ਾਲ ਕੀਤਾ ਜਾ ਸਕਦਾ ਹੈ। ਲੁਧਿਆਣਾ ਸ਼ਹਿਰ ਨਾਲ ਭਾਵੁਕਤਾ ਭਰੀ ਸਾਂਝ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇ ਪਿੰਡ ਸਤੌਜ ਉਨ੍ਹਾਂ ਦੀ ਜਨਮ ਭੂਮੀ ਹੈ ਤਾਂ ਲੁਧਿਆਣਾ ਉਨ੍ਹਾਂ ਦੀ ਕਰਮ ਭੂਮੀ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਪਲਾਂਟ ਦਾ ਉਨ੍ਹਾਂ ਉਦਘਾਟਨ ਕੀਤਾ, ਇਹ ਅਤਿ ਆਧੁਨਿਕ ਪ੍ਰਾਜੈਕਟ ਕਿਸਾਨਾਂ ਲਈ ਦੀਵਾਲੀ ਦਾ ਤੋਹਫ਼ਾ ਹੈ ਕਿਉਂਕਿ 105 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਇਸ ਪਲਾਂਟ ਦੀ ਦੁੱਧ ਦੀ ਪ੍ਰੋਸੈਸਿੰਗ ਸਮਰੱਥਾ ਰੋਜ਼ਾਨਾ ਨੌਂ ਲੱਖ ਲੀਟਰ ਅਤੇ ਮੱਖਣ ਦੀ ਸਮਰੱਥਾ 10 ਮੀਟਰਿਕ ਟਨ ਦੀ ਹੈ। ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬੀਆਂ ਨੂੰ ਉੱਦਮ ਅਤੇ ਅਗਵਾਈ ਦੇ ਗੁਣ ਵਿਰਸੇ ਵਿੱਚ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗੁਣਾਂ ਸਦਕਾ ਪੰਜਾਬੀਆਂ ਨੇ ਵਿਸ਼ਵ ਭਰ ਵਿੱਚ ਆਪਣਾ ਵੱਖਰਾ ਸਥਾਨ ਬਣਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਭਾਲਣ ਵਾਲਿਆਂ ਦੀ ਬਜਾਏ ਨੌਕਰੀਆਂ ਦੇਣ ਵਾਲੇ ਬਣਾਉਣ ਲਈ ਯਤਨਸ਼ੀਲ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਸੂਬੇ ਵਿੱਚ ਭਿ੍ਰਸਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਭਿ੍ਰਸ਼ਟ ਆਗੂ ਕਿਸੇ ਵੀ ਧਨਾਢ ਸਿਆਸੀ ਪਾਰਟੀ ਵਿੱਚ ਵੀ ਸ਼ਾਮਲ ਹੋ ਗਏ ਹੋਣ ਪਰ ਉਨ੍ਹਾਂ ਦੀ ਸਰਕਾਰ ਹਰੇਕ ਭਿ੍ਰਸ਼ਟਾਚਾਰੀ ਨੂੰ ਸਲਾਖਾਂ ਪਿੱਛੇ ਡੱਕਣਾ ਯਕੀਨੀ ਬਣਾ ਰਹੀ ਹੈ। ਭਗਵੰਤ ਮਾਨ ਨੇ ਹਾਲ ਹੀ ਵਿੱਚ ਗਿ੍ਰਫਤਾਰ ਕੀਤੇ ਗਏ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਿਸ ਨੇ ਵੀ ਸੂਬੇ ਦੀ ਦੌਲਤ ਲੁੱਟੀ ਹੈ, ਉਸ ਨੂੰ ਆਪਣੇ ਗੁਨਾਹਾਂ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਪੰਜਾਬ ਵਿੱਚ ਸੂਬਾ ਸਰਕਾਰ ਦੀਆਂ ਕਈ ਲੋਕ ਪੱਖੀ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਤਿਹਾਸਕ ‘ਇਕ ਵਿਧਾਇਕ, ਇੱਕ ਪੈਨਸਨ’ ਬਿੱਲ ਪਾਸ ਕੀਤਾ ਹੈ, ਜਿਸ ਵਿੱਚ ਹਰੇਕ ਵਿਧਾਇਕ ਨੂੰ ਜਿੰਨੀ ਵਾਰ ਵਿਧਾਇਕ ਬਣੇ, ਉਨੀ ਵਾਰ ਪੈਨਸ਼ਨ ਦੀ ਥਾਂ ਸਿਰਫ਼ ਇਕ ਹੀ ਪੈਨਸ਼ਨ ਮਿਲੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 20 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਨਿਰੋਲ ਮੈਰਿਟ ਦੇ ਆਧਾਰ ’ਤੇ ਨੌਜਵਾਨਾਂ ਨੂੰ ਦਿੱਤੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ 36 ਹਜ਼ਾਰ ਠੇਕੇ ’ਤੇ ਰੱਖੇ ਮੁਲਾਜਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਹਾਲ ਹੀ ਵਿੱਚ ਸੂਬਾ ਸਰਕਾਰ ਨੇ ਨੌਂ ਹਜ਼ਾਰ ਦੇ ਕਰੀਬ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਦਾ ਸੱਦਾ ਦਿੱਤਾ ਕਿਉਂਕਿ ਇਸ ਨਾਲ ਵਾਤਾਵਰਨ ਪ੍ਰਦੂਸਣ ਹੋਣ ਕਰ ਕੇ ਮਨੁੱਖੀ ਜੀਵਨ ਲਈ ਗੰਭੀਰ ਖ਼ਤਰਾ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਦੇ ਖ਼ਤਰੇ ਨਾਲ ਨਜਿੱਠਣ ਲਈ ਸੰਗਰੂਰ ਵਿੱਚ 20 ਏਕੜ ਰਕਬੇ ਵਿੱਚ 230 ਕਰੋੜ ਰੁਪਏ ਦੀ ਲਾਗਤ ਨਾਲ ਭਾਰਤ ਦਾ ਸਭ ਤੋਂ ਵੱਡਾ ਬਾਇਓ ਐਨਰਜੀ ਪਲਾਂਟ ਲਾਇਆ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ 33 ਟੀ.ਪੀ.ਡੀ. (ਟਨ ਪ੍ਰਤੀ ਦਿਨ) ਦੀ ਸਮਰੱਥਾ ਨਾਲ ਭਾਰਤ ਵਿੱਚ ਸਭ ਤੋਂ ਵੱਡਾ ਬਾਇਓ ਫਿਊਲ (ਬਾਇਓ ਮਿਥੇਨ/ਬਾਇਓ-ਸੀ.ਐਨ.ਜੀ.) ਉਤਪਾਦਨ ਯੂਨਿਟ ਹੈ ਅਤੇ ਇਸ ਯੂਨਿਟ ਵਿੱਚ ਸਾਲਾਨਾ 1.30 ਲੱਖ ਟਨ ਪਰਾਲੀ ਦੀ ਖਪਤ ਹੋਵੇਗੀ ਅਤੇ ਇਸ ਨਾਲ ਪਰਾਲੀ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਵੱਡੇ ਪੱਧਰ ਉਤੇ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਲੰਪੀ ਸਕਿੱਨ ਬਿਮਾਰੀ ਦਾ ਸ਼ਿਕਾਰ ਹੋਏ ਪਸ਼ੂ ਧੰਨ ਦੀ ਵਿਸਤਿ੍ਰਤ ਸੂਚੀ ਭਾਰਤ ਸਰਕਾਰ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਬਿਮਾਰੀ ਕਾਰਨ ਆਪਣੇ ਪਸ਼ੂ ਧੰਨ ਦਾ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਏਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਬਿਮਾਰੀ ਨੂੰ ਮਹਾਂਮਾਰੀ ਐਲਾਨਣ ਲਈ ਪਹਿਲਾਂ ਹੀ ਕੇਂਦਰ ਸਰਕਾਰ ਕੋਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਵੇਰਕਾ ਦਾ ਦਿੱਲੀ ਤੱਕ ਵਿਸਤਾਰ ਕਰਨ ਦਾ ਐਲਾਨ
ਆਈ.ਪੀ.ਐਸ. ਪ੍ਰੋਬੇਸਨਰੀ ਅਫਸਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਨੇ ਨੌਜਵਾਨ ਅਧਿਕਾਰੀਆਂ ਦੀ ਕੀਤੀ ਸਲਾਘਾ, ਉਨ੍ਹਾਂ ਨੂੰ ਆਧੁਨਿਕ ਅਤੇ ਕੁਸਲ ਪੁਲਿਸਿੰਗ ਈਕੋ-ਸਿਸਟਮ ਬਣਾਉਣ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਡਰ ਦੇ ਚਾਰ ਭਾਰਤੀ ਪੁਲਿਸ ਸੇਵਾਵਾਂ (ਆਈ.ਪੀ.ਐਸ.) ਪ੍ਰੋਬੇਸਨਰੀ ਅਫਸਰਾਂ ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਦੋ ਸਾਲਾਂ ਦੀ ਸਿਖਲਾਈ ਪੂਰੀ ਕੀਤੀ ਹੈ, ਦੇ ਨਵੇਂ ਬੈਚ ਨਾਲ ਮੀਟਿੰਗ ਕੀਤੀ।
ਪ੍ਰੋਬੇਸਨਰੀ ਅਫਸਰਾਂ, ਜਿਹਨਾਂ ਵਿੱਚ 2019 ਬੈਚ ਦੇ ਰਣਧੀਰ ਕੁਮਾਰ, 2020 ਬੈਚ ਦੇ ਦਰਪਨ ਆਹਲੂਵਾਲੀਆ, 2020 ਬੈਚ ਦੀ ਜਸਰੂਪ ਕੌਰ ਬਾਠ, 2020 ਬੈਚ ਦੇ ਆਦਿਤਿਆ ਐਸ. ਵਾਰੀਅਰ ਸ਼ਾਮਲ ਹਨ, ਨੇ ਮੁੱਖ ਮੰਤਰੀ ਨਾਲ ਪੰਜਾਬ ਸਿਵਲ ਸਕੱਤਰੇਤ ਸਥਿਤ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਨੌਜਵਾਨ ਅਧਿਕਾਰੀਆਂ ਦੀ ਸਲਾਘਾ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੂਬੇ ਦੀ ਬਿਹਤਰੀ ਲਈ ਕੰਮ ਕਰਦਿਆਂ ਇੱਕ ਆਧੁਨਿਕ ਅਤੇ ਬਿਹਤਰ ਪੁਲਿਸਿੰਗ ਈਕੋ-ਸਿਸਟਮ ਬਣਾਉਣ ਲਈ ਕਿਹਾ। ਮੁੱਖ ਮੰਤਰੀ ਨੇ ਨੌਜਵਾਨ ਅਧਿਕਾਰੀਆਂ ਨੂੰ ਸਰਮਪਿਤ ਭਾਵਨਾ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਅਤੇ ਜਮੀਨੀ ਪੱਧਰ ‘ਤੇ ਲੋਕਾਂ ਨੂੰ ਦਰਪੇਸ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲਈ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਮੁੱਖ ਮੰਤਰੀ ਨੇ ਭਰਤੀ ਹੋਏ ਨਵੇਂ ਅਧਿਕਾਰੀਆਂ ਨੂੰ ਸੁੱਭਕਾਮਨਾਵਾਂ ਦਿੱਤੀਆਂ।
ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਨੇ ‘ਵਿਸ਼ਵ ਵਿਦਿਆਰਥੀ ਦਿਵਸ‘ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 19 ਅਕਤੂਬਰ : ਬੀ.ਐਫ.ਜੀ.ਆਈ. ਵਿਖੇ ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ‘ਵਿਸ਼ਵ ਵਿਦਿਆਰਥੀ ਦਿਵਸ‘ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਐਨ.ਐਸ.ਐਸ. ਯੂਨਿਟ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਦਿਵਸ ਦੇ ਜਸ਼ਨ ਵਿੱਚ ਭਾਗ ਲਿਆ। ਐਨ.ਐਸ.ਐਸ. ਦੀ ਕੋਆਰਡੀਨੇਟਰ ਸ਼੍ਰੀਮਤੀ ਸੁਖਜਿੰਦਰ ਕੌਰ ਨੇ ਇਸ ਦਿਨ ਦੀ ਮਹੱਤਤਾ ਸੰਬੰਧੀ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਦਿਨ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਇਹ ਦਿਨ ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਆਮ ਤੌਰ ‘ਤੇ ਲੋਕਾਂ ਦੇ ਰਾਸ਼ਟਰਪਤੀ ਵਜੋਂ ਜਾਣੇ ਜਾਂਦੇ ਹਨ। ਕੁੱਝ ਵਿਦਿਆਰਥੀਆਂ ਨੇ ਡਾ. ਏ.ਪੀ.ਜੇ. ਅਬਦੁਲ ਕਲਾਮ ਦੇ ਦੁਨੀਆ ਨੂੰ ਯੋਗਦਾਨ ‘ਤੇ ਚਾਨਣਾ ਪਾਇਆ। ਸਾਰੇ ਭਾਸ਼ਣ ਗਿਆਨ ਭਰਪੂਰ ਸਨ ਜੋ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਅਤੇ ਆਲੋਚਨਾਤਮਿਕ ਸੋਚ ਨੂੰ ਵਧਾਉਂਦੇ ਹਨ। ਇਸ ਮੌਕੇ ਸ਼੍ਰੀਮਤੀ ਪੁਸ਼ਪਿੰਦਰ ਕੌਰ (ਐਨ.ਐਸ.ਐਸ. ਦੀ ਸਹਿ-ਕੋਆਰਡੀਨੇਟਰ) ਨੇ ਵੀ ਇਸ ਦਿਨ ਦੇ ਮਹੱਤਵ ਬਾਰੇ ਆਪਣੇ ਵਿਚਾਰ ਰੱਖੇ। ਸਾਰੇ ਵਿਦਿਆਰਥੀਆਂ ਨੇ ਡਾ. ਏ.ਪੀ.ਜੇ. ਅਬਦੁਲ ਕਲਾਮ ਦੇ ਸਲੋਗਨ ਕਹੇ ਅਤੇ ਪ੍ਰਣ ਲਿਆ ਕਿ ਉਹ ਆਪਣੇ ਜੀਵਨ ਵਿੱਚ ਇੱਕ ਟੀਚਾ ਚੁਣਨਗੇ ਅਤੇ ਉਸ ਟੀਚੇ ਨੂੰ ਪੂਰਾ ਕਰਨ ਲਈ ਲਗਾਤਾਰ ਕੰਮ ਕਰਨਗੇ। ਐਨ.ਐਸ.ਐਸ. ਦੀ ਕੋਆਰਡੀਨੇਟਰ ਨੇ ਵਲੰਟੀਅਰਾਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ ਅਤੇ ਇੱਕ ਵਿਅਕਤੀ ਦੀ ਪਛਾਣ ਬਾਰੇ ਦੱਸਿਆ ਜੋ ਉਨ੍ਹਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਅਤੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਐਨ.ਐਸ.ਐਸ. ਦੀ ਸਹਿ-ਕੋਆਰਡੀਨੇਟਰ ਸ਼੍ਰੀਮਤੀ ਪ੍ਰਭਜੋਤ ਕੌਰ ਅਤੇ ਪੁਸ਼ਪਿੰਦਰ ਕੌਰ ਨੇ ਵਿਦਿਆਰਥੀਆਂ ਦੀ ਹਾਜ਼ਰੀ ਲਗਾਈ ਅਤੇ ਸਮੁੱਚੇ ਸਮਾਗਮ ਦੇ ਅਨੁਸ਼ਾਸਨ ਨੂੰ ਕਾਇਮ ਰੱਖਿਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਆਰ.ਬੀ.ਐਸ.ਕੇ. ਟੀਮ ਢੁੱਡੀਕੇ ਨੇ ਬੱਚੀ ਦੇ ਦਿਲ ਦਾ ਮੁਫਤ ਅਪਰੇਸ਼ਨ ਕਰਵਾਇਆ
ਪੰਜਾਬੀ ਖ਼ਬਰਸਾਰ ਬਿਉਰੋ
ਢੁੱਡੀਕੇ, 19 ਅਕਤੂਬਰ : ਸਿਵਲ ਹਸਪਤਾਲ ਢੁੱਡੀਕੇ ਦੀ ਆਰ.ਬੀ.ਐਸ.ਕੇ. ਟੀਮ ਵੱਲੋਂ ਰਾਸ਼ਟਰੀਯ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਇੱਕ ਸਰਕਾਰੀ ਸਕੂਲ ਚੂਹੜ ਚੱਕ ਦੀ ਵਿਦਿਆਰਥਣ ਦੇ ਦਿਲ ਦਾ ਮੁਫਤ ਅਪਰੇਸ਼ਨ ਫੋਰਟਿਸ ਹਸਪਤਾਲ ਮੁਹਾਲੀ ਤੋ ਸਫਲਤਾਪੂਰਵਕ ਕਰਵਾਇਆ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਨੇ ਦੱਸਿਆ ਕਿ ਸਿਵਲ ਹਸਪਤਾਲ ਢੁੱਡੀਕੇ ਦੀ ਆਰ.ਬੀ.ਐਸ.ਕੇ. ਟੀਮ ਡਾ. ਸਿਮਰਪਾਲ ਸਿੰਘ ਅਤੇ ਡਾ. ਨੇਹਾ ਸਿੰਗਲਾ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਕੀਤੀ ਗਈ ਸਿਹਤ ਜਾਂਚ ਵਿੱਚ ਪਾਇਆ ਗਿਆ ਸੀ ਕਿ ਸਰਕਾਰੀ ਸਕੂਲ ਚੂਹੜ ਚੱਕ ਦੀ ਬਾਰਾਂ ਸਾਲਾਂ ਦੀ ਇੱਕ ਵਿਦਿਆਰਥਣ ਕਰਮਜੀਤ ਕੌਰ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਇਸਦਾ ਪਰਿਵਾਰ ਗਰੀਬ ਹੋਣ ਕਾਰਣ ਇਸਦਾ ਅਪਰੇਸ਼ਨ ਨਹੀਂ ਕਰਵਾ ਸਕਦਾ । ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਉਪਰੰਤ ਸਿਵਲ ਸਰਜਨ ਮੋਗਾ ਡਾ. ਐਸ.ਪੀ.ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਵਿਦਿਆਰਥੀ ਦੇ ਦਿਲ ਦਾ ਅਪਰੇਸ਼ਨ ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਇਲਾਜ ਲਈ ਚਲਾਏ ਜਾ ਰਹੇ ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਫੋਰਟਿਸ ਹਸਪਤਾਲ ਮੁਹਾਲੀ ਤੋਂ ਬਿਲਕੁਲ ਮੁਫਤ ਸਫਲਤਾਪੂਰਵਕ ਕਰਵਾਇਆ ਗਿਆ ਹੈ । ਇਹ ਅਪਰੇਸ਼ਨ ਕਰਵਾਉਣ ਵਿੱਚ ਪਿੰਡ ਚੂਹੜ ਚੱਕ ਦੀ ਪੰਚਾਇਤ ਅਤੇ ਚੂਹੜ ਚੱਕ ਦੀ ਸਮਾਜ ਸੇਵੀ ਸੰਸਥਾ ਟੀਮ ਸੇਵਾਦਾਰ ਦੇ ਮੈਂਬਰ ਕੁਲਵਿੰਦਰ ਸਿੰਘ, ਸੰਦੀਪ ਸਿੰਘ ਅਤੇ ਜਗਦੀਪ ਸਿੰਘ ਨੇ ਸਹਿਯੋਗ ਕੀਤਾ ਗਿਆ ।
ਬੀਤੇ ਦਿਨ ਸਿਵਲ ਹਸਪਤਾਲ ਢੁਡੀਕੇ ਦੇ ਐਸ.ਐਮ.ੳ. ਡਾ. ਸੁਰਿੰਦਰ ਸਿੰਘ, ਬਲਾਕ ਐਜੂਕੇਟਰ ਲਖਵਿੰਦਰ ਸਿੰਘ, ਸੀਨੀਅਰ ਫਾਰਮੇਸੀ ਅਫਸਰ ਰਾਜ ਕੁਮਾਰ, ਡਾ. ਸਿਮਰਪਾਲ ਸਿੰਘ ਅਤੇ ਸਟਾਫ ਨਰਸ ਜਸਵੀਰ ਕੌਰ ਨੇ ਵਿਦਿਆਰਥਣ ਦਾ ਅਪਰੇਸ਼ਨ ਉਪਰੰਤ ਘਰ ਜਾ ਕੇ ਹਾਲ ਚਾਲ ਪਤਾ ਕੀਤਾ । ਮੈਡੀਕਲ ਟੀਮ ਨੇ ਵਿਦਿਆਰਥਣ ਕਰਮਜੀਤ ਕੌਰ ਦੇ ਪਿਤਾ ਹਰੀ ਸਿੰਘ ਅਤੇ ਮਾਤਾ ਚਰਨਜੀਤ ਕੌਰ ਨੂੰ ਇੰਨਫੈਕਸ਼ਨ ਤੋਂ ਬਚਾਅ ਲਈ ਦਸਤਾਨੇ, ਮਾਸਕ ਅਤੇ ਸੇਨੀਟਾਈਜਰ ਦਿੱਤਾ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਹੈ ਤਾਂ ਤਰੁੰਤ ਆਰ.ਬੀ.ਐਸ.ਕੇ ਟੀਮ ਢੁੱਡੀਕੇ ਨਾਲ ਸੰਪਰਕ ਕੀਤਾ ਜਾਵੇ, ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਤਹਿਤ ਉੱਚ ਪੱਧਰ ਦੇ ਸਰਾਕਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਸੰਭਵ ਹੈ ।ਆਰ.ਬੀ.ਐਸ.ਕੇ. ਟੀਮ ਦੇ ਮੈਂਬਰ ਡਾ. ਸਿਮਰਪਾਲ ਸਿੰਘ ਅਤੇ ਡਾ. ਨੇਹਾ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਜੀਰੋ ਤੋਂ ਅਠਾਰਾਂ ਸਾਲ ਦੇ ਬੱਚਿਆਂ ਦੀਆਂ 30 ਭਿਆਨਕ ਬਿਮਾਰੀਆਂ ਦੇ ਮੁਫਤ ਇਲਾਜ ਲਈ ਆਰ.ਬੀ.ਐਸ.ਕੇ. ਟੀਮ ਵੱਲੋਂ ਆਂਗਣਵਾੜੀਆਂ ਤੇ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ। ਇਸ ਸਿਹਤ ਜਾਂਚ ਵਿੱਚ ਬੱਚਿਆਂ ਦੇ ਜਮਾਂਦਰੂ ਨੁਕਸ, ਬਿਮਾਰੀ, ਸਰੀਰਿਕ ਘਾਟ ਅਤੇ ਸਰੀਰਿਕ ਵਾਧੇ ਦੀ ਘਾਟ ਆਦਿ ਨੂੰ ਦੇਖਿਆ ਜਾਂਦਾ ਹੈ । ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਦੇ ਉਦੇਸ਼ ਤਹਿਤ ਜਲਦ ਬਿਮਾਰੀ ਦੀ ਪਹਿਚਾਣ ਕਰ ਲੈਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਪੂਰੀ ਤਰਾਂ ਸੰਭਵ ਹੈ ।
ਫੰਡ ਲੈਪਸ ਨਹੀਂ ਹੋਣੇ ਚਾਹੀਦੇ, ਵਿਕਾਸ ਕਾਰਜਾਂ ਦੀ ਮੱਠੀ ਰਫਤਾਰ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ-ਚੀਮਾ
ਵਿੱਤ ਮੰਤਰੀ ਵੱਲੋਂ ਵਿਭਾਗਾਂ ਵੱਲੋਂ ਫੰਡਾਂ ਦੀ ਵਰਤੋਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ
ਫੰਡਾਂ ਦੀ ਵਰਤੋਂ ਦੀ ਸਮੀਖਿਆ ਲਈ ਮੁੱਖ ਵਿਭਾਗਾਂ ਨਾਲ ਮਹੀਨਾਵਾਰ ਮੀਟਿੰਗ ਹੋਇਆ ਕਰੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਅਕਤੂਬਰ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਅਤੇ ਭਲਾਈ ਸਕੀਮਾਂ ਲਈ ਮੁਹੱਈਆ ਕਰਵਾਏ ਗਏ ਫੰਡਾਂ ਦੀ ਸਮੇਂ ਸਿਰ ਵਰਤੋਂ ਨੂੰ ਯਕੀਨੀ ਬਣਾਉਣ ਤਾਂ ਜੋ ਸੂਬੇ ਦੇ ਸਰਵਪੱਖੀ ਵਿਕਾਸ ਵਿੱਚ ਤੇਜੀ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਮੱਠੀ ਰਫਤਾਰ ਜਾਂ ਭਲਾਈ ਸਕੀਮਾਂ ਦੀ ਸਪੁਰਦਗੀ ਵਿੱਚ ਦੇਰੀ ਕਾਰਨ ਫੰਡਾਂ ਦੇ ਅਣਵਰਤੇ ਰਹਿ ਜਾਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਵਿੱਤ ਮੰਤਰੀ ਨੇ ਅੱਜ ਇੱਥੇ ਵਿਤ ਤੇ ਯੋਜਨਾ ਭਵਨ ਵਿਖੇ ਸਿਹਤ ਅਤੇ ਪਰਿਵਾਰ ਭਲਾਈ, ਸਥਾਨਕ ਸਰਕਾਰਾਂ, ਟਰਾਂਸਪੋਰਟ ਅਤੇ ਜਲ ਸਰੋਤ ਵਿਭਾਗ ਨਾਲ ਵਿਭਾਗੀ ਸਮੀਖਿਆ ਮੀਟਿੰਗਾਂ ਦੌਰਾਨ ਇਹ ਨਿਰਦੇਸ ਦਿੱਤੇ। ਵਿੱਤ ਮੰਤਰੀ ਨੇ ਬਜਟ ਪ੍ਰਬੰਧਾਂ ਅਤੇ ਵੱਖ-ਵੱਖ ਰਾਜ ਅਤੇ ਕੇਂਦਰ ਸਪਾਂਸਰਡ ਸਕੀਮਾਂ ਤਹਿਤ ਇਨ੍ਹਾਂ ਵਿਭਾਗਾਂ ਨੂੰ ਮੁਹੱਈਆ ਕਰਵਾਏ ਫੰਡਾਂ ਦੀ ਵਰਤਮਾਨ ਸਥਿਤੀ ਦੀ ਸਮੀਖਿਆ ਕੀਤੀ। ਸ. ਹਰਪਾਲ ਸਿੰਘ ਚੀਮਾ ਨੇ ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਹਾਜਰੀ ਵਿੱਚ ਉੱਚ ਪੱਧਰੀ ਮੀਟਿੰਗਾਂ ਦੀ ਲੜੀ ਦੌਰਾਨ ਵਿਭਾਗਾਂ ਦੇ ਮੁਖੀਆਂ ਨੂੰ ਸਾਰੇ ਚੱਲ ਰਹੇ ਪ੍ਰੋਜੈਕਟਾਂ ਦੀ ਨਿਯਮਤ ਸਮੀਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ। ਵਿੱਤ ਮੰਤਰੀ ਨੇ ਦੁਹਰਾਇਆ ਕਿ ਸੂਬੇ ਦਾ ਤੇਜੀ ਨਾਲ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਵਿੱਤ ਮੰਤਰੀ ਸ. ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜਿਆਦਾਤਰ ਵਿਭਾਗਾਂ ਨੇ ਆਪਣੇ ਕੰਮਕਾਜ ਵਿੱਚ ਸੁਧਾਰ ਕਰ ਲਿਆ ਹੈ, ਜਿਸ ਨਾਲ ਵਿਕਾਸ ਕਾਰਜਾਂ ਅਤੇ ਫੰਡਾਂ ਦੀ ਵਰਤੋਂ ਦੀ ਰਫਤਾਰ ਵਿੱਚ ਵਾਧਾ ਹੋਇਆ ਹੈ, ਜਦਕਿ ਕੁਝ ਵਿਭਾਗਾਂ ਦੀ ਕਾਰਗੁਜਾਰੀ ਤਸੱਲੀਬਖਸ ਨਹੀਂ ਹੈ ਅਤੇ ਉਨ੍ਹਾਂ ਕੋਲ ਕਰੋੜਾਂ ਰੁਪਏ ਦੇ ਫੰਡ ਆਪਣੀ ਯੋਗ ਵਰਤੋਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਸਾਰੇ ਵਿਭਾਗਾਂ ‘ਤੇ ਪੂਰੀ ਨਜਰ ਰੱਖੇਗਾ ਅਤੇ ਉਹ ਨਿੱਜੀ ਤੌਰ ‘ਤੇ ਪ੍ਰਮੁੱਖ ਵਿਭਾਗਾਂ ਦੀ ਮਹੀਨਾਵਾਰ ਸਮੀਖਿਆ ਮੀਟਿੰਗ ਕਰਕੇ ਉਨ੍ਹਾਂ ਦੀ ਕਾਰਗੁਜਾਰੀ ਵਿੱਚ ਸੁਧਾਰ ਦਾ ਅਧਿਐਨ ਕਰਨਗੇ।ਵਿੱਤ ਮੰਤਰੀ ਨੇ ਜਨਤਕ ਵਿੱਤ ਪ੍ਰਬੰਧਾਂ ਵਿੱਚ ਪਾਰਦਰਸਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਵਿਭਾਗਾਂ ਨੂੰ ਸਾਰੇ ਸਰਗਰਮ ਬੈਂਕ ਖਾਤਿਆਂ ਦੇ ਵੇਰਵਿਆਂ ਅਤੇ ਫੰਡਾਂ ਦਾ ਈ.ਡੀ.ਐਮ.ਐਸ. ਪੋਰਟਲ ‘ਤੇ ਖੁਲਾਸਾ ਕਰਨ ਦੇ ਵੀ ਨਿਰਦੇਸ ਦਿੱਤੇ।
ਕਿਸਾਨਾਂ ਵਲੋਂ ਭਲਕ ਤੋਂ ਭਗਵੰਤ ਮਾਨ ਦੀ ਕੋਠੀ ਦਾ ਅਣਮਿਥੇ ਸਮੇਂ ਲਈ ਘਿਰਾਓ ਕਰਨ ਦਾ ਕੀਤਾ ਐਲਾਨ
ਮਿ੍ਰਤਕ ਕਿਸਾਨ ਦਾ ਤੀਜ਼ੇ ਦਿਨ ਵੀ ਨਹੀਂ ਕੀਤਾ ਅੰਤਿਮ ਸੰਸਕਾਰ
ਪੰਜਾਬੀ ਖ਼ਬਰਸਾਰ ਬਿਉਰੋ
ਸੰਗਰੂਰ, 19 ਅਕਤੂਬਰ : ਮੰਨਿਆਂ ਮੰਗਾਂ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਸੀਐੱਮ ਦੀ ਰਿਹਾਇਸ਼ ਪਟਿਆਲਾ ਰੋਡ ਗਰੀਨ ਲੈਂਡ ਕਲੋਨੀ ਦੇ ਅੱਗੇ ਅੱਜ 11ਵੇਂ ਦਿਨ ਵਿਚ ਦਾਖਲ ਹੋ ਚੁੱਕਿਆ ਹੈ। ਅੱਜ ਦੀ ਸਟੇਜ ਤੋ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਹੁੰਦਿਆ ਐਲਾਨ ਕੀਤਾ ਕੱਲ ਨੂੰ 20 ਅਕਤੂਬਰ 2022 ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਮੁਕੰਮਲ ਘਿਰਾਓ ਅਣਮਿੱਥੇ ਸਮੇਂ ਲਈ ਕੀਤਾ ਜਾਵੇਗਾ । ਉਨਾਂ ਕਿਹਾ ਜੋ ਪੰਜਾਬ ਸਰਕਾਰ ਨੂੰ ਯਾਦ ਪੱਤਰ ਭੇਜਿਆ ਗਿਆ ਹੈ।ਮਾਨ ਸਰਕਾਰ ਵੱਲੋਂ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ। ਅੱਜ ਦੇ ਧਰਨੇ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਔਰਤਾਂ ਨੇ ਹਾਜ਼ਰੀ ਲਵਾਈ।ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਦੱਸਿਆ ਕਿ ਇਹ ਮੋਰਚਾ ਬੀਤੇ ਵਰ੍ਹੇ ਜਾਂ ਐਤਕੀਂ ਗੁਲਾਬੀ ਸੁੰਡੀ ਤੇ ਨਕਲੀ ਕੀਟਨਾਸਕਾਂ ਨਾਲ, ਗੜੇਮਾਰੀ/ਭਾਰੀ ਮੀਂਹਾਂ ਜਾਂ ਵਾਇਰਲ ਰੋਗ ਨਾਲ ਕਈ ਜਿਲ੍ਹਿਆਂ ‘ਚ ਤਬਾਹ ਹੋਏ ਨਰਮੇ ਤੇ ਹੋਰ ਫਸਲਾਂ ਸਮੇਤ ਨੁਕਸਾਨੇ ਗਏ ਮਕਾਨਾਂ ਦਾ ਪੂਰਾ ਪੂਰਾ ਮੁਆਵਜਾ ਕਾਸਤਕਾਰ ਕਿਸਾਨਾਂ ਤੇ ਖੇਤ ਮਜਦੂਰਾਂ ਚ ਤੁਰੰਤ ਵੰਡਾਉਣ ਲਈ, ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਦੀ ਮਾਲਕੀ ਸਾਮਰਾਜੀ ਕਾਰਪੋਰੇਟਾਂ ਨੂੰ ਸੌਂਪਣ ਵਾਲੀ ਸੰਸਾਰ ਬੈਂਕ ਦੀ ਜਲ ਨੀਤੀ ਸਮੇਤ ਦੌਧਰ ਵਰਗੇ ਨਿੱਜੀ ਜਲ-ਸੋਧ ਪ੍ਰਾਜੈਕਟ ਰੱਦ ਕਰਾ ਕੇ ਸਰਕਾਰੀ ਜਲ ਸਪਲਾਈ ਸਕੀਮ ਪਹਿਲਾਂ ਵਾਂਗ ਜਾਰੀ ਰਖਾਉਣ ਲਈ,ਜੀਰਾ ਨੇੜੇ ਪ੍ਰਦੂਸਣ ਦਾ ਗੜ੍ਹ ਬਣੀ ਹੋਈ ਸਰਾਬ ਫੈਕਟਰੀ ਨੂੰ ਤੁਰਤ ਬੰਦ ਕਰਾਉਣ ਲਈ, ਲੁਧਿਆਣਾ ‘ਚੋਂ ਲੰਘਦੇ ਬੁੱਢੇ ਨਾਲੇ ਦੇ ਪਾਣੀ ਦਾ ਪ੍ਰਦੂਸਣ ਅਤੇ ਟਰਾਈਡੈਂਟ ਫੈਕਟਰੀ ਦੁਆਰਾ ਸੇਮ ਨਾਲੇ ਅਤੇ ਧਰਤੀ ਹੇਠਲੇ ਪਾਣੀ ਦਾ ਪ੍ਰਦੂਸਣ ਤੁਰੰਤ ਰੋਕਣ ਲਈ, ਭਾਰਤ ਮਾਲਾ ਹਾਈਵੇ ਪ੍ਰਾਜੈਕਟ ਲਈ ਨਿਗੂਣਾ ਜਿਹਾ ਮੁਆਵਜਾ ਜਾਰੀ ਕਰਕੇ ਜਮੀਨਾਂ ਉੱਤੇ ਪੁਲਿਸ ਦੇ ਜੋਰ ਕਬਜੇ ਰੋਕਣ ਲਈ, ਆਪਣੀ ਜਮੀਨ ਨੂੰ ਪੱਧਰ/ਨੀਂਵੀਂ ਕਰਨ ਦਾ ਹੱਕ ਖੋਹਣ ਵਾਲਾ ਮਾਈਨਿੰਗ ਕਾਨੂੰਨ ਰੱਦ ਕਰਾਉਣ ਲਈ, ਐਮ. ਐੱਸ. ਪੀ. ‘ਤੇ ਹਰ ਕਿਸਾਨ ਦੇ ਪੂਰੇ ਝੋਨੇ ਦੀ ਖਰੀਦ ਬਿਨਾਂ ਸਰਤ ਕਰਵਾਉਣ ਲਈ, ਬਿਨਾਂ ਸਾੜੇ ਤੋਂ ਪਰਾਲੀ ਸਾਂਭਣ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿਵਾਉਣ ਜਾਂ ਫਿਰ ਮਜਬੂਰੀ-ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਸਖਤੀ ਬੰਦ ਕਰਾਉਣ ਲਈ, ਅੱਗੇ ਤੋਂ ਇਸ ਪ੍ਰਦੂਸਣ ਦੇ ਮੁਕੰਮਲ ਖਾਤਮੇ ਲਈ ਝੋਨੇ ਦੀ ਬਿਜਾਈ ਪੂਰੀ ਤਰ੍ਹਾਂ ਬੰਦ ਕਰਨ ਖਾਤਰ ਇਸ ਦੀ ਥਾਂ ਬਦਲਵੀਆਂ ਫਸਲਾਂ ਮੱਕੀ, ਮੂੰਗੀ,ਗੁਆਰੀ, ਬਾਸਮਤੀ ਆਦਿ ਦਾ ਐਮ. ਐੱਸ. ਪੀ. ਸਵਾਮੀਨਾਥਨ ਰਿਪੋਰਟ ਅਨੁਸਾਰ ਲਾਭਕਾਰੀ ਮਿਥ ਕੇ ਇਹਦੇ ਮੁਤਾਬਕ ਬਿਨਾਂ ਸਰਤ ਖਰੀਦ ਦੀ ਕਾਨੂੰਨੀ ਗਰੰਟੀ ਕਰਾਉਣ ਲਈ, ਲੰਪੀ ਸਕਿਨ ਰੋਗ ਨਾਲ ਮਰੀਆਂ ਗਊਆਂ ਦਾ ਮੁਆਵਜਾ ਮਾਰਕੀਟ ਰੇਟ ਮੁਤਾਬਕ ਪੂਰਾ ਦਿਵਾਉਣ ਲਈ, ਸੰਸਾਰ ਬੈਂਕ ਦੀ ਹਦਾਇਤ ਮੁਤਾਬਿਕ ਕੇਂਦਰ ਵੱਲੋਂ ਮੜ੍ਹੀ ਗਈ। ਸੰਗਰੂਰ ਜਿਲ੍ਹੇ ਦੇ ਆਗੂ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਜਦੋਂ ਪਰਸੋਂ ਬਖੋਰਾ ਕਲਾ ਦੇ ਕਿਸਾਨ ਗੁਰਚਰਨ ਸਿੰਘ ਦੀ ਸੱਪ ਲੜਕਿ ਮੋਰਚੇ ਵਿੱਚ ਮੋਤ ਹੋਈ ਹੈ ਉਸ ਦੀ ਜਿੰਮੇਵਾਰ ਮਾਨ ਸਰਕਾਰ ਦੀ ਹੈ। ਉਨਾਂ ਮੰਗ ਕੀਤੀ ਕਿ ਓਸ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜਾ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਕਰਜਾ ਖਤਮ ਕੀਤਾ ਜਾਵੇ ਉਨਾਂ ਤੱਕ ਮਿਤ੍ਤਕ ਕਿਸਾਨ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਸਾਰੇ ਹੀ ਬੁਲਾਰਿਆਂ ਨੇ ਇੱਕ ਸੁਰ ਹੁੰਦਿਆਂ ਸਾਰੇ ਕਮਾਊ ਲੋਕਾਂ ਨੂੰ ਸੱਦਾ ਦਿੱਤਾ ਕਿ ਕੱਲ੍ਹ ਵਾਲੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਸੰਗਰੂਰ ਵੱਲ ਵਹੀਰਾਂ ਘੱਤੀਆਂ ਜਾਣ। ਸਟੇਜ ਸਕੱਤਰ ਦੀ ਭੂਮਿਕਾ ਬਠਿੰਡਾ ਜਿਲ੍ਹੇ ਦੇ ਆਗੂ ਜਗਸੀਰ ਸਿੰਘ ਝੂੰਬਾ ਨੇ ਨਿਭਾਈ ਅਤੇ ਤਰਨਤਾਰਨ ਜਿਲੇ ਦੇ ਆਗੂ ਸੁਖਵੰਤ ਸਿੰਘ ਵਲਟੋਹਾ, ਗਿੱਦੜਬਾਹਾ ਬਲਾਕ ਪ੍ਰਧਾਨ ਬਿੱਟੂ ਸਿੰਘ ਮੱਲਣ,ਸੁਨਾਮ ਬਲਾਕ ਦੇ ਆਗੂ ਰਣਦੀਪ ਕੌਰ ਰਟੋਲਾ ਆਦਿ ਜਿਲ੍ਹਿਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।
ਬੱਚਿਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਜਾਵੇ ਲਿਆ : ਡਿਪਟੀ ਕਮਿਸ਼ਨਰ
ਬਾਲ ਭਲਾਈ ਕਮੇਟੀ ਦੇ ਤਿਮਾਹੀ ਕੰਮਾਂ ਦਾ ਕੀਤਾ ਰੀਵਿਊ
18 ਗੁੰਮਸ਼ੁਦਾ ਬੱਚਿਆਂ ਨੂੰ ਉਨ੍ਹਾਂ ਦੇ ਵਾਰਿਸਾਂ ਦੇ ਕੀਤਾ ਸਪੁਰਦ
ਸੁਖਜਿੰਦਰ ਮਾਨ
ਬਠਿੰਡਾ, 19 ਅਕਤੂਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਬਾਲ ਭਲਾਈ ਕਮੇਟੀ ਬਠਿੰਡਾ ਵਲੋਂ ਕੀਤੇ ਜਾ ਰਹੇ ਕਾਰਜਾਂ ਸਬੰਧੀ ਤਿਮਾਹੀ ਰੀਵਿਊ ਮੀਟਿੰਗ ਕੀਤੀ ਗਈ। ਇਸ ਦੌਰਾਨ ਜਿੱਥੇ ਉਨ੍ਹਾਂ ਬਾਲ ਭਲਾਈ ਕਮੇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਅਧਿਕਾਰੀਆਂ ਨੂੰ ਬੱਚਿਆਂ ਦੇ ਮਾਮਲੇ ਨੂੰ ਹੋਰ ਗੰਭੀਰਤਾ ਨਾਲ ਲੈਣ ਲਈ ਲੋਂੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਬਾਲ ਭਲਾਈ ਕਮੇਟੀ ਵਲੋਂ ਕੀਤੇ ਗਏ ਕਾਰਜਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤੇ ਬਾਲ ਭਲਾਈ ਕਮੇਟੀ ਸਾਰੇ ਲੋੜਵੰਦ ਬੱਚਿਆਂ ਦੇ ਕੇਸਾਂ ਪੂਰੀ ਤਨਦੇਹੀ ਦੇ ਨਾਲ ਡੀਲ ਕਰਨ ਤੇ ਜੇਕਰ ਅਜਿਹੇ ਕੇਸਾਂ ਵਿੱਚ ਕਿਸੇ ਵੀ ਸਹਾਇਤਾ ਦੀ ਜ਼ਰੂਰਤ ਪੈਦੀ ਹੈ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਉਣ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇਸ ਕੁਆਟਰ ਦੇ ਵਿੱਚ ਬਾਲ ਭਲਾਈ ਕਮੇਟੀ ਵਲੋਂ 18 ਗੁੰਮਸ਼ੁਦਾ ਬੱਚਿਆਂ ਨੂੰ ਉਨ੍ਹਾਂ ਦੇ ਵਾਰਿਸਾਂ ਨੂੰ ਸਪੁਰਦ ਕੀਤਾ ਗਿਆ। ਵਾਰਿਸਾਂ ਨੂੰ ਸਪੁਰਦ ਕੀਤੇ ਗਏ ਬੱਚਿਆਂ ਚ 2 ਬੱਚੇ ਮੱਧ ਪ੍ਰਦੇਸ਼, 4 ਉੱਤਰ ਪ੍ਰਦੇਸ਼, 4 ਦਿੱਲੀ ਅਤੇ ਬਾਕੀ ਬੱਚੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਨਾਲ ਸਬੰਧਿਤ ਸਨ। ਇਸ ਦੌਰਾਨ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਡਾ. ਬਿਕਰਮਜੀਤ ਸਿੰਘ, ਐਡਵੋਕੇਟ ਮੋਹਿਤ ਬਾਂਸਲ, ਸ੍ਰੀ ਰਾਕੇਸ਼ ਕੁਮਾਰ, ਸ੍ਰੀਮਤੀ ਅਮਨ ਅਰੋੜਾ ਤੇ ਸ੍ਰੀਮਤੀ ਐਸ.ਐਨ. ਲਾਟੀਕਾ ਤੋਂ ਇਲਾਵਾ ਬਾਲ ਭਲਾਈ ਕਮੇਟੀ ਦੇ ਮੈਂਬਰ ਆਦਿ ਹਾਜ਼ਰ ਸਨ।
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਮਨਾਇਆ ਵਿਸਵ ਭੋਜਨ ਦਿਵਸ
ਵੱਖ-ਵੱਖ ਰਾਜਾਂ ਦੇ ਪਕਵਾਨਾਂ ਦੇ ਸਟਾਲ ਖਿੱਚ ਦਾ ਕੇਂਦਰ ਬਣੇ ਰਹੇ
ਸੁਖਜਿੰਦਰ ਮਾਨ
ਬਠਿੰਡਾ, 19 ਅਕਤੂਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵੱਲੋਂ ਵਿਸਵ ਭੋਜਨ ਦਿਵਸ ਦੇ ਮੌਕੇ ‘ਤੇ ਇਕ ਪ੍ਰਭਾਵਸਾਲੀ ਫੂਡ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਉੱਤਰ ਪੂਰਬ ਅਤੇ ਦੱਖਣ ਦੇ ਖੇਤਰੀ ਪਕਵਾਨਾਂ ਸਮੇਤ ਵੱਖ-ਵੱਖ ਰਾਜਾਂ ਦੇ ਆਕਰਸਕ ਭੋਜਨ ਸਟਾਲਾਂ ਨੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਲੋਕਾਂ ਨੂੰ ਆਕਰਸਿਤ ਕੀਤਾ।ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ, ਡਾ. ਗੁਰਿੰਦਰਪਾਲ ਸਿੰਘ ਬਰਾੜ ਨੇ ਫੂਡ ਫੈਸਟੀਵਲ ਦਾ ਉਦਘਾਟਨ ਕੀਤਾ। ਇਸ ਸਾਲ ਵਿਸਵ ਭੋਜਨ ਦਿਵਸ ਦਾ ਥੀਮ “ਕਿਸੇ ਨੂੰ ਵੀ ਪਿੱਛੇ ਨਾ ਛੱਡੋ“ ਹੈ ਜੋ ਕਿ ਹਰ ਕਿਸੇ ਲਈ ਲੋੜੀਂਦੇ ਪੌਸਟਿਕ ਭੋਜਨ ਦੀ ਨਿਯਮਤ ਪਹੁੰਚ ਨਾਲ ਇੱਕ ਟਿਕਾਊ ਸੰਸਾਰ ਬਣਾਉਣ ‘ਤੇ ਕੇਂਦਿ੍ਰਤ ਹੈ ਅਤੇ ਇਸ ਸੰਦੇਸ ਨੂੰ ਉਤਸਾਹਿਤ ਕਰਨਾ ਹੈ ਕਿ ਭੋਜਨ ਹਰੇਕ ਦਾ ਬੁਨਿਆਦੀ ਮਨੁੱਖੀ ਅਧਿਕਾਰ ਹੈ।ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ 20 ਤੋਂ ਵੱਧ ਫੂਡ ਸਟਾਲਾਂ ਦਾ ਪ੍ਰਬੰਧ ਕੀਤਾ, ਜਿੱਥੇ ਵਿਦਿਆਰਥੀਆਂ ਨੇ ਬਿਹਤਰ ਪ੍ਰੋਡਕਸਨ, ਬਿਹਤਰ ਪੌਸਟਿਕਤਾ, ਬਿਹਤਰ ਪੋਸਣ, ਵਾਤਾਵਰਣ ਅਤੇ ਇੱਕ ਬਿਹਤਰ ਜੀਵਨ ਦੀ ਕਲਪਨਾ ਕਰਨ ਦੇ ਉਦੇਸ ਨਾਲ ਵੱਖ-ਵੱਖ ਰਾਜਾਂ ਦੇ ਖੇਤਰੀ ਪਕਵਾਨਾਂ ਤੋਂ ਲੈ ਕੇ ਨਿਵੇਕਲੇ ਭੋਜਨ ਪਦਾਰਥ ਤਿਆਰ ਕੀਤੇ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਵਿਸਵ ਖੁਰਾਕ ਦਿਵਸ ਨਾ ਸਿਰਫ ਅਦਭੁਤ ਭੋਜਨ ਮਨਾਉਣ ਦਾ ਹੈ, ਜਿਸ ਨੂੰ ਲੋਕਾਂ ਨੂੰ ਖਾਣ ਦਾ ਵਿਸੇਸ ਅਧਿਕਾਰ ਪ੍ਰਾਪਤ ਹੈ, ਸਗੋਂ ਦੁਨੀਆ ਭਰ ਦੇ ਭੁੱਖਮਰੀ ਨਾਲ ਪੀੜਤ ਲੋਕਾਂ ਲਈ ਜਾਗਰੂਕਤਾ ਪੈਦਾ ਕਰਨਾ ਹੈ।ਉਨ੍ਹਾਂ ਦੱਸਿਆ ਕਿ ਇਸ ਦਿਨ ਦਾ ਮੁੱਖ ਸਿਧਾਂਤ ਵਿਸਵ ਭਰ ਵਿੱਚ ਭੋਜਨ ਸੁਰੱਖਿਆ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਚਰਚਾ ਕੀਤੀ ਕਿ ਸਮੱਸਿਆ ਪੌਸਟਿਕ ਭੋਜਨ ਦੀ ਪਹੁੰਚ ਅਤੇ ਉਪਲਬਧਤਾ ਦੀ ਹੈ, ਜੋ ਕਿ ਕੋਵਿਡ-19 ਮਹਾਂਮਾਰੀ, ਟਕਰਾਅ, ਜਲਵਾਯੂ ਤਬਦੀਲੀ, ਅਸਮਾਨਤਾ, ਵਧਦੀਆਂ ਕੀਮਤਾਂ ਅਤੇ ਅੰਤਰਰਾਸਟਰੀ ਤਣਾਅ ਸਮੇਤ ਕਈ ਚੁਣੌਤੀਆਂ ਰਾਹੀਂ ਪ੍ਰਭਾਵਿਤ ਹੋ ਰਹੀ ਹੈ।ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ: ਕਵਲਜੀਤ ਸਿੰਘ ਸੰਧੂ ਨੇ ਵਿਸਵ ਖੁਰਾਕ ਦਿਵਸ ਬਾਰੇ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਗਲੋਬਲ ਹੰਗਰ ਇੰਡੈਕਸ (ਜੀ.ਐਚ.ਆਈ.), ਅਤੇ ਸਿਹਤਮੰਦ ਖੁਰਾਕ ਦੀ ਲੋੜ ‘ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਦੁਨੀਆਂ ਨੇ ਇੱਕ ਬਿਹਤਰ ਸੰਸਾਰ ਦੀ ਉਸਾਰੀ ਵੱਲ ਤਰੱਕੀ ਕੀਤੀ ਹੈ, ਪਰ ਬਹੁਤ ਸਾਰੇ ਲੋਕ ਪਿੱਛੇ ਰਹਿ ਗਏ ਹਨ ਜੋ ਮਨੁੱਖੀ ਵਿਕਾਸ, ਨਵੀਨਤਾ ਜਾਂ ਆਰਥਿਕ ਵਿਕਾਸ ਤੋਂ ਲਾਭ ਲੈਣ ਵਿੱਚ ਅਸਮਰੱਥ ਹਨ ਜਿਵੇਂ ਕਿ ਦੁਨੀਆ ਭਰ ਦੇ ਲੱਖਾਂ ਲੋਕ ਇੱਕ ਸਿਹਤਮੰਦ ਖੁਰਾਕ ਹਾਸਿਲ ਨਹੀਂ ਕਰ ਸਕਦੇ, ਉਹਨਾਂ ਨੂੰ ਭੋਜਨ ਦੀ ਅਸੁਰੱਖਿਆ ਅਤੇ ਕੁਪੋਸਣ ਵਰਗੇ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ।ਸਮਾਗਮ ਦੇ ਕੋਆਰਡੀਨੇਟਰ ਮਿਸ ਸਵੇਤਾ ਚਤੁਰਵੇਦੀ, ਮਿਸ ਗੁਰਜਿੰਦਰ ਕੌਰ ਸਿੱਧੂ, ਮਿਸ ਰੀਆ, ਇੰਜ. ਰਜਿੰਦਰ ਸਿੰਘ ਸਮਾਘ, ਫੂਡ ਸਾਇੰਸ ਦੇ ਫੈਕਲਟੀ ਅਤੇ ਸਟਾਫ ਨੇ ਸਮਾਗਮ ਦੇ ਸਾਨਦਾਰ ਆਯੋਜਨ ਵਿੱਚ ਮੁੱਖ ਭੂਮਿਕਾ ਨਿਭਾਈ।ਵਾਈਸ-ਚਾਂਸਲਰ ਨੇ ਵੱਖ-ਵੱਖ ਆਕਰਸਕ ਭੋਜਨ ਸਟਾਲਾਂ ਦਾ ਪ੍ਰਬੰਧ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਐਕਸਟੈਂਪੋਰ, ਪੋਸਟਰ ਮੇਕਿੰਗ, ਕੁਇਜ ਸਮੇਤ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਸੇਫ ਸਕੂਲ ਵਾਹਿਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਕੀਤੀ ਚੈਕਿੰਗ
5 ਸਕੂਲੀ ਬੱਸਾਂ ਦੇ ਖਿਲਾਫ ਕੀਤੀ ਗਈ ਕਾਨੂੰਨੀ ਕਾਰਵਾਈ
ਭੋਲਾ ਸਿੰਘ ਮਾਨ
ਮੌੜ (ਬਠਿੰਡਾ), 19 ਅਕਤੂਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਹਿਸੀਲ ਮੌੜ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਣਤਾਈਆਂ ਕਾਰਨ 5 ਸਕੂਲੀ ਵਾਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਪ-ਮੰਡਲ ਮੈਜਿਸਟ੍ਰੇਟ ਮੌੜ ਸ੍ਰੀ ਵਰਿੰਦਰ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਸੰਤ ਫਤਿਹ ਕੋਨਵੈਂਟ ਸਕੂਲ ਮੌੜ ਤੇ ਗਿਆਨ ਗੁਨ ਸਾਗਰ ਪਬਿਲਕ ਸਕੂਲ, ਮੌੜ ਦੀਆ ਬੱਸਾਂ ਚ ਲੋੜ ਤੋਂ ਵੱਧ ਬੱਚਿਆਂ ਨੂੰ ਲੈ ਕੇ ਜਾਇਆ ਜਾ ਰਿਹਾ ਸੀ। ਇਸ ਮੌਕੇ ਸ਼੍ਰੀ ਵਰਿੰਦਰ ਸਿੰਘ ਨੇ ਸੇਫ ਸਕੂਲ ਵਾਹਨ ਪਾਲਿਸੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲੀ ਵਾਹਨਾਂ ਵਿੱਚ 2 ਕੈਮਰੇ ਲੱਗੇ ਹੋਣੇ ਲਾਜ਼ਮੀ ਹੋਣ, ਬੱਸ ਦਾ ਰੰਗ ਪੀਲਾ ਹੋਵੇ, ਲੇਡੀਜ਼ ਅਟੈਂਡੈਂਟ ਅਤੇ ਸ਼ੀਸ਼ਿਆਂ ਦੇ ਬਾਹਰ ਹਾਰੀਜੈਟਨ ਗਿਰੱਲ ਲੱਗੀ ਹੋਣੀ ਲਾਜਮੀ ਹੋਵੇ। ਉਨ੍ਹਾਂ ਸਕੂਲਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਕੂਲੀ ਵਾਹਨਾਂ ਵਿੱਚ ਪਾਈਆਂ ਗਈਆਂ ਕਮੀਆਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ। ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਜਗਤਾਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਅਤੇ ਟ੍ਰੈਫ਼ਿਕ ਇੰਚਰਾਜ ਸਿੰਗਾਰਾ ਸਿੰਘ ਤੋਂ ਇਲਾਵਾ ਉਨ੍ਹਾਂ ਦੀ ਸਮੁੱਚੀ ਟੀਮ ਮੌਜੂਦ ਰਹੀ।
ਐਸ.ਸੀ ਵਰਗ ਨੂੰ ਇਨਸਾਫ ਦਿਵਾਉਣਾ ਮੇਰਾ ਪਹਿਲਾ ਫਰਜ : ਪੂਨਮ ਕਾਂਗੜਾ
ਵੱਖ-ਵੱਖ ਦਲਿਤ ਆਗੂਆਂ ਨੇ ਕੀਤਾ ਵਿਸ਼ੇਸ਼ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 19 ਅਕਤੂਬਰ : ਪੰਜਾਬ ਭਰ ਵਿੱਚ ਦਲਿਤ ਵਰਗ ਨੂੰ ਇਨਸਾਫ ਦਿਵਾਉਣ ਲਈ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸਨ ਵੱਲੋਂ ਕੀਤੇ ਜਾ ਰਹੇ ਕੰਮਾਂ ਸਦਕਾ ਬੱਲੂਆਣਾ ਵਿਖੇ ਦਲਿਤ ਭਾਈਚਾਰੇ ਨਾਲ ਸਬੰਧਿਤ ਮੈਂਬਰ ਬਲਾਕ ਸੰਮਤੀ, ਸਰਪੰਚਾ, ਮਨਰੇਗਾ ਕਮੇਟੀਆਂ ਤੇ ਵੱਖ-ਵੱਖ ਆਗੂਆਂ ਵੱਲੋਂ ਮੈਡਮ ਪੂਨਮ ਕਾਂਗੜਾ ਦਾ ਸਨਮਾਨ ਕਰਨ ਲਈ ਵਿਸੇਸ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਸੇਸ ਤੌਰ ਤੇ ਗੁਰਜੰਟ ਸਿੰਘ ਕੁੱਤੀਵਾਲ ਸਾਬਕਾ ਵਿਧਾਇਕ, ਮੈਡਮ ਬਲਜਿੰਦਰ ਕੌਰ ਸੂਬਾ ਪ੍ਰਧਾਨ ਆਮ ਆਦਮੀ ਪਾਰਟੀ ਮਹਿਲਾ ਵਿੰਗ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ ਅਤੇ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਮਹਿਲਾ ਵਿੰਗ ਮੈਡਮ ਸਤਵੀਰ ਕੌਰ ਸਾਮਿਲ ਹੋਏ। ਇਸ ਮੌਕੇ ਮੈਡਮ ਪੂਨਮ ਕਾਂਗੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਇੱਕ ਐਸ ਸੀ ਵਰਗ ਨਾਲ ਸਬੰਧਤ ਵਿਅਕਤੀ ਨੂੰ ਇਨਸਾਫ ਦਿਵਾਉਣਾ ਉਨ੍ਹਾਂ ਦੀ ਪਹਿਲੀ ਜਿੰਮੇਵਾਰੀ ਹੈ ਅਤੇ ਉਹ ਆਪਣੀ ਜਿੰਮੇਵਾਰੀ ਨੂੰ ਹੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਅਗਰ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸਕਲ ਪੇਸ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਗੁਰਜੰਟ ਸਿੰਘ, ਮੈਡਮ ਬਲਜਿੰਦਰ ਕੌਰ ਨੇ ਸੰਬੋਧਨ ਕਰਦਿਆਂ ਮੈਡਮ ਪੂਨਮ ਕਾਂਗੜਾ ਵੱਲੋਂ ਕੀਤੇ ਕੰਮਾਂ ਦੀ ਸਲਾਘਾ ਕੀਤੀ। ਸਾਬਕਾ ਸਰਪੰਚ ਜਰਨੈਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਡਮ ਪੂਨਮ ਕਾਂਗੜਾ ਦਲਿਤਾਂ ਲਈ ਇੱਕ ਮਸੀਹਾ ਵੱਜੋਂ ਕੰਮ ਕਰ ਰਹੇ ਹਨ ਜਦ ਵੀ ਕਿਸੇ ਦਲਿਤ ਪਰਿਵਾਰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸੀਬਤ ਆਉਂਦੀ ਹੈ ਤਦ ਹੀ ਮੈਡਮ ਪੂਨਮ ਕਾਂਗੜਾ ਚੱਟਾਨ ਵਾਂਗ ਨਾਲ ਖੜਦੇ ਹਨ ਅਤੇ ਉਸ ਪਰਿਵਾਰ ਨੂੰ ਇਨਸਾਫ ਦਿਵਾਉਦੇ ਹਨ।
ਜਸਕਰਨ ਸਿੰਘ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ, ਚਮਕੌਰ ਸਿੰਘ ਹੈਪੀ ਰਾਏਕੇ, ਦਰਸਨ ਸਿੰਘ ਸੰਧੂ ਤੇ ਗੁਰਮੀਤ ਸਿੰਘ ਦਿਉਣ ਸਰਪੰਚ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਨੇ ਪੰਜਾਬ ਅੰਦਰ ਦਲਿਤਾਂ ਦੇ ਹਿੱਤਾਂ ਲਈ ਕਈ ਅਜਿਹੇ ਇਤਿਹਾਸਕ ਕੰਮ ਕੀਤੇ ਹਨ, ਜਿਨ੍ਹਾਂ ਤੇ ਦਲਿਤ ਸਮਾਜ ਨੂੰ ਮਾਣ ਹੈ ਉਨ੍ਹਾਂ ਕਿਹਾ ਕਿ ਮੈਡਮ ਪੂਨਮ ਕਾਂਗੜਾ ਦਲਿਤਾਂ ਦੀ ਬੁਲੰਦ ਆਵਾਜ ਅਤੇ ਗਰਜਦੀ ਸੇਰਨੀ ਹਨ ਜੋ ਦਲਿਤ ਵਰਗ ਦੀ ਹਰ ਮੁਸਕਲ ਨੂੰ ਹੱਲ ਕਰਵਾ ਰਹੇ ਹਨ ਜਿਸ ਦਿਨ ਤੋਂ ਮੈਡਮ ਪੂਨਮ ਕਾਂਗੜਾ ਨੇ ਐਸ ਸੀ ਕਮਿਸਨ ਪੰਜਾਬ ਦੇ ਮੈਂਬਰ ਵਜੋਂ ਜ?ਿਮੇਵਾਰੀ ਸੰਭਾਲੀਂ ਹੈ ਉਸੇ ਦਿਨ ਤੋਂ ਹੀ ਉਹ ਦਲਿਤ ਸਮਾਜ ਦੀ ਸੇਵਾ ਲਈ ਦਿਨ-ਰਾਤ ਇੱਕ ਕਰ ਰੱਖੀ ਹੈ ਉਨ੍ਹਾਂ ਕਿਹਾ ਕਿ ਜਦ ਕਿਸੇ ਵੀ ਦਲਿਤ ਅਤੇ ਗਰੀਬ ਨਾਲ ਕੋਈ ਧੱਕੇਸਾਹੀ ਹੁੰਦੀ ਹੈ ਅਤੇ ਉਸ ਨੂੰ ਇਨਸਾਫ ਨਹੀਂ ਮਿਲਦਾ ਉਹ ਮੈਡਮ ਪੂਨਮ ਕਾਂਗੜਾ ਪਾਸ ਜਾਂਦਾ ਹੈ ਅਤੇ ਉਸ ਨੂੰ ਹਰ ਪੱਖੋਂ ਪੁਰਾ ਇੰਨਸਾਫ ਮਿਲਦਾ ਹੈ ਮੈਡਮ ਪੂਨਮ ਕਾਂਗੜਾ ਵੱਲੋਂ ਅਨੇਕਾਂ ਹੀ ਦਲਿਤਾਂ ਤੇ ਤਸੱਸਦ ਕਰਨ ਵਾਲਿਆਂ ਤੇ ਵੱਡੀਆਂ ਕਾਰਵਾਈਆਂ ਕਰਵਾਈਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਦਿਲੋਂ ਸਲੂਟ ਕਰਦੇ ਹਾਂ। ਇਸ ਮੌਕੇ ਸਿਵਲ ਤੇ ਪੁਲਿਸ ਪ੍ਰਸਾਸਨ ਤੋਂ ਇਲਾਵਾ ਗੁਰਚਰਨ ਸਿੰਘ ਸਰਪੰਚ ਵਿਰਕ ਕਲਾਂ, ਜਸਵੰਤ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਪੰਚ, ਰਣਧੀਰ ਸਿੰਘ ਧੀਰਾ ਵਿਰਕ ਖੁਰਦ, ਰੇਸਮ ਸਿੰਘ ਸਰਪੰਚ, ਜਸਪ੍ਰੀਤ ਸਿੰਘ ਜੱਸੀ, ਗੁਰਚਰਨ ਸਿੰਘ ਬੱਲੂਆਣਾ, ਜਗਸੀਰ ਸਿੰਘ ਮਹਿਰਾ, ਸੁੱਖਾ ਸਿੰਘ, ਅਰਸਦੀਪ ਸਿੰਘ, ਭਿੰਦਰ ਸਿੰਘ,ਸੁਖਬੀਤ ਸਿੰਘ,ਬਬਲੀ ਰਾਮ ਪੰਚ, ਕੇਵਲ ਸਿੰਘ ਬਾਜਕ, ਪੁਸਵਿੰਦਰ ਸਿੰਘ ਹੈਪੀ,ਰਾਣੀ ਕੌਰ, ਰੇਸਮਾ ਕੌਰ, ਬਸੰਤ ਕੌਰ, ਕਰਨੈਲ ਕੌਰ ਅਤੇ ਨਾਜਰ ਸਿੰਘ, ਸੂਬਾ ਸਿੰਘ, ਬੀਰਾ ਸਿੰਘ ਅਤੇ ਮੇਜਰ ਸਿੰਘ ਪ੍ਰੇਮੀ ਆਦਿ ਹਾਜਰ ਸਨ।






