Saturday, May 16, 2026
Home Blog Page 2385

ਮੁੱਖ ਮੰਤਰੀ ਨੇ ਕਾਨੂੰਨ ਵਿਵਸਥਾ ਤੇ ਕ੍ਰਾਇਮ ਨੂੰ ਲੈ ਕੇ ਕੀਤੀ ਸਮੀਖਿਆ ਮੀਟਿੰਗ

0

ਸੰਗਠਤ ਅਪਰਾਧ ਦੇ ਖਿਲਾਫ ਸਖਤ ਕਾਰਵਾਈ ਦੇ ਦਿੱਤੇ ਆਦੇਸ਼
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 8 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਦੀ ਮੌਜੂਦਗੀ ਵਿਚ ਅੱਜ ਪੁਲਿਸ ਮੁੱਖ ਦਫਤਰ, ਪੰਚਕੂਲਾ ਵਿਚ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਸੂਬੇ ਵਿਚ ਕਾਨੁੰਨ ਵਿਵਸਥਾ ਦੀ ਸਥਿਤੀ ਅਤੇ ਅਪਰਾਧ ‘ਤੇ ਰੋਕ ਲਗਾਉਣ ਵਰਗੇ ਮਹਤੱਵਪੂਰਣ ਮੁਦਿਆਂ ‘ਤੇ ਇਕ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਵਿਚ ਡੀਜੀਪੀ ਹਰਿਆਣਾ ਪ੍ਰਸ਼ਾਂਤ ਕੁਮਾਰ ਅਗਰਵਾਲ ਸਮੇਤ ਹਰਿਆਣਾ ਪੁਲਿਸ ਦੇ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਰਹੇ। ਮੁੱਖ ਮੰਤਰੀ ਨੇ ਪੁਲਿਸ ਅਗਵਾਈ ਨੂੰ ਸੰਗਠਤ ਅਪਰਾਧ ਦੇ ਖਿਲਾਫ ਹੁੋਰ ਵੀ ਸਖਤ ਕਾਰਵਾਈ ਕਰਨ ਸਮੇਂ ਦੋਸ਼ੀਆਂ ‘ਤੇ ਨਕੇਲ ਕੱਸਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿਚ ਲੋਕਾਂ ਦੇ ਲਈ ਸੁਰੱਖਿਅਤ ਮਾਹੌਲ ਬਨਾਉਣਾ ਸੂਬਾ ਸਰਕਾਰ ਦੀ ਪ੍ਰਮੁੱਖ ਪ੍ਰਾਥਮਿਕਤਾ ਹੈ। ਸੂਬੇ ਵਿਚ ਇਕ ਮਜਬੂਤ ਕਾਨੂੰਨ ਵਿਵਸਥਾ ਦੀ ਸਥਿਤੀ ਯਕੀਨੀ ਕਰਨਾ ਇਸ ਪ੍ਰਕ੍ਰਿਆ ਦਾ ਇਕ ਮਹਤੱਵਪੂਰਣ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਅਪਰਾਧ ‘ਤੇ ਕੰਟਰੋਲ ਅਤੇ ਅਨੁਕੂਲ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਸੂਬੇ ਦੇ ਵਿਕਾਸ ਨੂੰ ਤੇਜੀ ਦਿੰਦੀ ਹੈ, ਕਿੳਂਕਿ ਉਹ ਜਨਤਾ ਨੂੰ ਆਪਣੀ ਪੂੰਜੀ ਅਤੇ ਉਰਜਾ ਵਿਚ ਨਿਵੇਸ਼ ਕਰਨ ਦੇ ਲਈ ਪ੍ਰੋਤਸਾਹਿਤ ਕਰਦੀ ਹੈ। ਮੁੱਖ ਮੰਤਰੀ ਨੇ ਸਰਕਾਰ ਦੀ ਅਪਰਾਧ ‘ਤੇ ਟੋਲਰੇਂਸ ਦੀ ਨੀਤੀ ‘ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਫੀਲਡ ਵਿਚ ਤੈਨਾਤ ਪੁਲਿਸ ਅਧਿਕਾਰੀ ਗੈਂਗਸਟਰਾਂ, ਬੰਦਮਾਸ਼ਾਂ ਅਤੇ ਨਸ਼ਾ ਤਸਕਰੀ ਦੇ ਖਿਲਾਫ ਪ੍ਰਭਾਵੀ ਰਣਨੀਤੀ ਤਿਆਰ ਕਰਦੇ ਹੋਏ ਲਾਗੂ ਕਰਨ ‘ਤੇ ਫੋਕਸ ਕਰਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਬਿਨ੍ਹਾਂ ਕਿਸੇ ਦਬਾਅ ਦੇ ਸਿਰਫ ਕਾਨੂੰਨ ਅਤੇ ਜਨਹਿਤ ਨਾਲ ਜੁੜ ਦੇ ਆਪਣੀ ਜਿਮੇਵਾਰੀ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਜੋ ਅਪਰਾਧੀ ਵਿਚ ਡਰ ਪੈਦਾ ਹੋਵੇ ਅਤੇ ਕਾਨੂੰ ਦਾ ਪਾਲਣ ਕਰਨ ਵਾਲੇ ਨਾਗਰਿਕਾਂ ਵਿਚ ਪੁਲਿਸ ਦੇ ਪ੍ਰਤੀ ਭਰੋਸਾ ਹੋਰ ਮਜਬੂਤ ਬਣੇ।
ਸੂਬੇ ਵਿਚ ਸਾਈਬਰ ਕ੍ਰਾਇਮ ਦੀ ਸਥਿਤੀ ਨੂੰ ਲੈ ਕੇ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਮੇਂ ਦੇ ਨਾਲ ਅਪਰਾਧ ਦੇ ਤੌਰ-ਤਰੀਕਿਆਂ ਵਿਚ ਵੀ ਬਦਲਾਅ ਆਇਆ ਹੈ। ਮੌਜੂਦਾ ਵਿਚ ਸਾਈਬਰ ਕ੍ਰਾਇਮ ਦੀ ਕਾਫੀ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਦੋਸ਼ੀਆਂ ਨੇ ਵੀ ਆਪਣੇ ਮੋਡਸ ਆਪਰੇਂਡੀ ਸਾਈਬਰ ਦੁਨੀਆ ਦੇ ਅਨੁਰੂਪ ਬਣਾ ਲਈ ਹੈ। ੇਉਨ੍ਹਾਂ ਨੇ ਡੀਜੀਪੀ ਨੂੰ ਆਦੇਸ਼ ਦਿੱਤੇ ਕਿ ਪੁਲਿਸ ਦੇ ਸਾਈਬਰ ਸਿਸਟਮ ਨੂੰ ਹੋਰ ਵੱਧ ਮਜਬੂਤ ਬਨਾਉਣ ਤਾਂ ਜੋ ਸਾਈਬਰ ਅਪਰਾਧ ‘ਤੇ ਰੋਕ ਲਗਾਇਆ ਜਾ ਸਕੇ। ਨਾਲ ਹੀ ਸਾਈਬਰ ਅਪਰਾਧ ਨੂੰ ਲੈ ਕੇ ਵਿਸ਼ੇਸ਼ ਜਾਗਰੁਕਤਾ ਪ੍ਰੋਗ੍ਰਾਮ ਵੀ ਚਲਾਏ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਨਸ਼ੇ ਦੇ ਸੌਦਾਗਰਾਂ ‘ਤੇ ਨਕੇਲ ਕੱਸਨ ਲਈ ਸਾਰੇ ਫੀਲਡ ਪੁਲਿਸ ਯੂਨਿਟਸ ਤੇ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਮਿਲ ਕੇ ਬਿਹਤਰ ਕਾਰਜ ਕਰ ਰਹੀ ਹੈ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਮਹਿਲਾਵਾਂ ਦੀ ਸੁਰੱਖਿਆ ‘ਤੇ ਵਿਸ਼ੇਸ਼ ਨਜਰ ਰੱਖਣ ਅਤੇ ਇਸ ਸਬੰਧ ਵਿਚ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ। ਅਪਰਾਧ ਰੋਕਥਾਮ ਦੇ ਹੋਰ ਖੇਤਰਾਂ ਜਿਵੇਂ ਗੈਂਗਸਰਟਰ, ਅੱਤਵਾਦ, ਮੋਸਟ ਵਾਂਟੇਡ ਦੋਸ਼ੀ, ਸਾਈਬਰ ਅਪਰਾਧ, ਆਵਾਜਾਈ ਅਤੇ ਸੜਕ ਸੁਰੱਖਿਆ ਵਰਗੇ ਵਿਸ਼ਿਆਂ ‘ਤੇ ਵੀ ਚਰਚਾ ਕੀਤੀ ਗਈ। ਹਰਿਆਣਾ ਪੁਲਿਸ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੋਸ਼ੀਆਂ ਅਤੇ ਅਸਮਾਜਿਕ ਤੱਤਾਂ ਦੇ ਖਿਲਾਫ ਹਰਿਆਣਾ ਪੁਲਿਸ ਦੀ ਲਗਾਤਾਰ ਕਾਰਵਾਈ ਨਾਲ ਜਨਤਾ ਦਾ ਭਰੋਸਾ ਵਧਿਆ ਹੈ। ਇਸ ਨੂੰ ਅੱਗੇ ਵਧਾਉਂਦੇ ਹੋਏ ਅਪਰਾਧਿਕ ਤੱਤਾਂ ਨੂੰ ਰੋਕਨ ਲਈ ਫੀਲਡ ਵਿਚ ਵੱਧ ਤੋਂ ਵੱਧ ਪੁਲਿਸ ਮੌਜੂਦਗੀ ਯਕੀਨੀ ਕੀਤੀ ਜਾਵੇ। ਮੋਸਟ ਵਾਂਟੇਡ ਦੋਸ਼ੀਆਂ, ਵਾਂਟੇਡ ਦੋਸ਼ੀਆਂ ਅਤੇ ਬੇਲ ਜੰਪਰਸ ਦੀ ਗਿਰਫਤਾਰੀ ਦੇ ਨਾਲ-ਨਾਲ ਅਵੈਧ ਹਥਿਆਰਾਂ ਦੀ ਬਰਾਮਦਗੀ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਤਾਂ ਜੋ ਰਾਜ ਵਿਚ ਅਪਰਾਧ ਦਰ ਨੂੰ ਹੋਰ ਘੱਟ ਕੀਤਾ ਜਾ ਸਕੇ। ਇਸ ਮੌਕੇ ‘ਤੇ ਬੋਲਦੇ ਹੋਏ ਗ੍ਰਹਿ ਮੰਤਰੀ ਅਨਿਲ ਵਿਜ ਨੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਵਿਚ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਕਰਨ ਨੂੰ ਕਿਹਾ ਤਾਂ ਜੋ ਸੂਬੇ ਵਿਚ ਲਾ ਐਂਡ ਆਡਰ ਦੀ ਸਥਿਤੀ ਹੋਰ ਮਜਬੂਤ ਹੋ ਸਕੇ।

ਨਕਲੀ ਕੀਟਨਾਸ਼ਕ, ਖਾਦਾਂ ਅਤੇ ਬੀਜ਼ਾਂ ਦੀ ਵਿਕਰੀ ਰੋਕਣ ਲਈ ਕਾਨੂੰਨ ਲਿਆਂਦਾ ਜਾਵੇਗਾ: ਕੁਲਦੀਪ ਸਿੰਘ ਧਾਲੀਵਾਲ

ਖੇਤੀਬਾੜੀ ਮੰਤਰੀ ਨੇ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਪੰਜਾਬ ਬਚਾਉਣ ਲਈ ਖੇਤੀ ਬਚਾਉਣ ਦਾ ਦਿੱਤਾ ਸੱਦਾ
ਪੱਕੇ ਬਿੱਲ ਤੋਂ ਬਿਨਾ ਕੀਟਨਾਸ਼ਕ, ਖਾਦਾਂ ਅਤੇ ਬੀਜ਼ ਵੇਚਣ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ
ਕੀਟਨਾਸ਼ਕ, ਖਾਦਾਂ ਅਤੇ ਬੀਜ਼ਾਂ ਦੀ ਟੈਸਟਿੰਗ ਲਈ ਜਲੰਧਰ ਵਿਚ ਬਣੇਗੀ ਅਤਿ ਅਧੁਨਿਕ ਲੈਬ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 8 ਸਤੰਬਰ: ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਸੂਬੇ ਦੀ ਖੇਤੀ ਨੂੰ ਬਚਾਉਣ ਲਈ ਬਹੁਤ ਜਰੂਰੀ ਹੈ। ਅੱਜ ਇੱਥੇ ਖੇਤੀਬਾੜੀ ਮੰਥਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਟਨਾਸ਼ਕ ਦਵਾਈ ਨਿਰਮਾਤਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸੂਬੇ ਵਿਚੋਂ ਨਕਲੀ ਅਤੇ ਗੈਰ ਮਿਆਰੀ ਕੀਟਨਾਸ਼ਕਾਂ, ਖਾਦਾਂ ਅਤੇ ਬੀਜ਼ਾਂ ਦੀ ਵਿਕਰੀ ਨੂੰ ਠੱਲ ਪਾਉਣ ਦਾ ਹੋਕਾ ਦਿੰਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਅੱਜ ਪੰਜਾਬ ਦੇ ਖੇਤੀ ਉਤਪਾਦਾਂ ਦੇ ਮਿਆਰ ਵਿਚ ਵੱਡੀ ਗਿਰਾਵਟ ਆਈ ਹੈ।ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸੇ ਵੀ ਕੀਮਤ ‘ਤੇ ਨਕਲੀ ਕੀਟਨਾਸ਼ਕ, ਖਾਦਾਂ ਅਤੇ ਬੀਜ਼ਾਂ ਦੀ ਵਿਕਰੀ ਨਹੀਂ ਹੋਣ ਦੇਵੇਗੀ ਇਸ ਲਈ ਆਉਣ ਵਾਲੇ ਦਿਨਾਂ ਵਿਚ ਕਈ ਵੱਡੇ ਸਖਤ ਫੈਸਲੇ ਲਏ ਜਾਣਗੇ।ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਕਲੀ ਕੀਟਨਾਸ਼ਕ, ਖਾਦਾਂ ਅਤੇ ਬੀਜ਼ਾਂ ਦੀ ਵਿਕਰੀ ਰੋਕਣ ਲਈ ਲਈ ਕਾਨੂੰਨ ਲਿਆਂਦਾ ਜਾਵੇਗਾ, ਜਿਸ ਵਿਚ ਗੈਰ ਜ਼ਮਾਨਤੀ ਧਾਰਵਾਂ ਸ਼ਾਮਿਲ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਵਿਚ ਕੀਟਨਾਸ਼ਕ, ਖਾਦਾਂ ਅਤੇ ਬੀਜ਼ਾਂ ਦੀ ਵਿਕਰੀ ਮੌਕੇ ਦੁਕਾਨਦਾਰਾਂ ਨੂੰ ਕਿਸਾਨਾਂ ਪੱਕਾ ਬਿੱਲ ਦੇਣਾ ਲਾਜ਼ਮੀ ਹੋਵੇਗਾ ਅਤੇ ਜੇਕਰ ਕੋਈ ਬਿਨਾਂ ਬਿਲ ਤੋਂ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਦੀਆਂ ਡਿਉਟੀਆਂ ਲਾ ਦਿੱਤੀਆਂ ਗਈਆਂ ਹਨ ਅਤੇ ਸੂਬੇ ਭਰ ਵਿਚ ਚੌਕਸੀ ਟੀਮਾ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਖੇਤਬਿਾੜੀ ਮੰਤਰੀ ਨੇ ਵਿਭਾਗ ਦੇ ਅਫਸਰਾਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਅਫਸਰ ਕਿਸੇ ਗਲਤ ਕੰਪਨੀ ਨਾਲ ਮਿਲੀਭੁਗਤ ਕਰਕੇ ਕੋਈ ਨਕਲੀ ਜਾ ਗੈਰ ਮਿਆਰੀ ਕੀਟਨਾਸ਼ਕ, ਬੀਜ਼ ਜਾ ਖਾਦ ਵਿਕਾਉਂਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੀਟਨਾਸ਼ਕ, ਖਾਦਾਂ ਅਤੇ ਬੀਜ਼ਾਂ ਦੀ ਟੈਸਟਿੰਗ ਲਈ ਜਲੰਧਰ ਵਿਚ ਅਤਿ ਅਧੁਨਿਕ ਲੈਬ ਸਥਾਪਿਤ ਕੀਤੀ ਜਾਵੇਗੀ ਅਤੇ ਪੁਰਾਣੀਆਂ ਤਿੰਨ ਲੈਬਾਂ ਦਾ ਅਧੁਨੀਕਰਨ ਕੀਤਾ ਜਾਵੇਗਾ।ਇਸ ਮੌਕੇ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਕੀਟਨਾਸ਼ਕਾਂ, ਖਾਦਾਂ ਅਤੇ ਬੀਜ਼ਾਂ ਦੇ ਉਤਪਾਦਨ ਤੋਂ ਲੈ ਕੇ ਕਿਸਾਨਾਂ ਤੱਕ ਪਹੂੰਚਣ ਤੱਕ ਪੂਰੀ ਨਿਗਾਰਨੀ ਲਈ ਟਰੇਸ਼ ਐਂਡ ਟਰੈਕਿੰਗ ਸਿਸਟਮ ਲਿਆਂਦਾ ਜਾਵੇਗਾ।ਇਸ ਦੇ ਲਈ ਬਾਰ ਕੋਡ ਅਤੇ ਈ-ਫਿੰਗਰਪ੍ਰਿੰਟਿੰਗ ਸਿਸਟਮ ਲਾਗੂ ਕਰਨ ਲਈ ਪੂਰੀ ਰਿਸਰਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਸਿਸਟਮ ਲਾਗੂ ਕੀਤੇ ਜਾਣਗੇ।ਅੰਤ ਵਿਚ ਮੰਤਰੀ ਨੇ ਪੰਜਾਬ ਦੀ ਖੇਤੀ ਦੇ ਮਿਆਰ ਨੂੰ ਮੁੱੜ ਤੋਂ ਦੁਨਿਆ ਭਰ ਵਿਚ ਸਭ ਤੋਂ ਵਧੀਆ ਬਣਾਉਣ ਦਾ ਸੱਦਾ ਦਿੰਦਿਆਂ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਦੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਅਜਿਹਾ ਸਭ ਦੇ ਸਾਂਝੇ ਯਤਨਾ ਨਾਲ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਮਾਨਦਾਰੀ ਨਾਲ ਮਿਆਰੀ ਕੰਮ ਕਰਨ ਵਾਲਿਆਂ ਨੂੰ ਸਰਕਾਰ ਵਲੋਂ ਹੱਲਾਸ਼ੇਰੀ ਦਿੱਤੀ ਜਾਵੇਗੀ ਅਤੇ ਗਲਤ ਕੰਮ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਕੈਬਨਿਟ ਮੰਤਰੀਆਂ ਦੀ ਹਾਜ਼ਰੀ ਵਿੱਚ ਬਲਬੀਰ ਸਿੰਘ ਪੰਨੂੰ ਨੇ ਪਨਸਪ ਚੇਅਰਮੈਨ ਦਾ ਅਹੁਦਾ ਸੰਭਾਲਿਆ

0

ਰਾਕੇਸ਼ ਪੁਰੀ ਨੇ ਪੰਜਾਬ ਸਟੇਟ ਫਾਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁਦਾ ਸਾਂਭਿਆ
ਪੰਜਾਬੀ ਖਬਰਸਾਰ ਬਿਉਰੋ
ਮੋਹਾਲੀ, 8 ਸਤੰਬਰ:ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ (ਪਨਸਪ) ਦੇ ਨਵੇਂ ਚੇਅਰਮੈਨ ਵਜੋਂ ਬਲਬੀਰ ਸਿੰਘ ਪੰਨੂੰ ਨੇ ਅੱਜ ਸਥਾਨਕ ਸੈਕਟਰ-34 ਵਿਖੇ ਪਨਸਪ ਦੇ ਦਫ਼ਤਰ ਵਿਖੇ ਸੂਬੇ ਦੇ ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲ ਲਿਆ। ਇਸ ਮੌਕੇ ਸ੍ਰੀ ਲਾਲ ਚੰਦ ਕਟਾਰੂਚੱਕ ਅਤੇ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਨਵੇਂ ਚੇਅਰਮੈਨ ਨੂੰ ਤਹਿ ਦਿਲੋਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਹਨਾਂ ਦੀ ਅਗਵਾਈ ਵਿੱਚ ਪਨਸਪ ਵੱਲੋਂ ਕਾਮਯਾਬੀ ਦੇ ਨਵੇਂ ਮੀਲ ਪੱਥਰ ਸਥਾਪਤ ਕੀਤੇ ਜਾਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਬਲਬੀਰ ਸਿੰਘ ਪੰਨੂੰ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੋਵਾਂ ਆਗੂਆਂ ਵੱਲੋਂ ਉਹਨਾਂ ‘ਤੇ ਵਿਸ਼ਵਾਸ ਪ੍ਰਗਟਾਉਂਦੇ ਹੋਏ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਅੱਗੇ ਇਹ ਵੀ ਕਿਹਾ ਕਿ ਇਹ ਮਹਿਕਮਾ ਕਿਸਾਨਾਂ ਦੀ ਭਲਾਈ ਨਾਲ ਜੁੜਿਆ ਹੋਇਆ ਹੈ ਅਤੇ ਉਹਨਾਂ ਦੀ ਤਰਜੀਹ ਰਹੇਗੀ ਕਿ ਕਿਸਾਨਾਂ ਦੀ ਭਲਾਈ ਹਿੱਤ ਹਰ ਸੰਭਵ ਉਪਰਾਲਾ ਕੀਤਾ ਜਾਵੇ ਕਿਉਂ ਜੋ ਕਿਸਾਨੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਇਸ ਤੋਂ ਇਲਾਵਾ ਮੋਹਾਲੀ ਦੇ ਸੈਕਟਰ-68 ਸਥਿਤ ਵਣ ਕੰਪਲੈਕਸ ਵਿਖੇ ਸ੍ਰੀ ਰਾਕੇਸ਼ ਪੁਰੀ ਨੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੀ ਮੌਜੂਦਗੀ ਵਿੱਚ ਪੰਜਾਬ ਸਟੇਟ ਫਾਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ। ਇਸ ਮੌਕੇ ਸ੍ਰੀ ਰਾਕੇਸ਼ ਪੁਰੀ ਨੇ ਵਿਭਾਗੀ ਯੋਜਨਾਵਾਂ ਨੂੰ ਪੂਰੀ ਤਨਦੇਹੀ ਨਾਲ ਨੇਪਰੇ ਚਾੜ੍ਹਨ ਦਾ ਅਹਿਦ ਲਿਆ। ਇਸ ਮੌਕੇ ਪਨਸਪ ਦੇ ਐਮ ਡੀ ਅੰਮ੍ਰਿਤ ਕੌਰ ਗਿੱਲ ਅਤੇ ਪ੍ਰਮੁੱਖ ਮੁੱਖ ਵਣਪਾਲ ਰਮਾ ਕਾਂਤ ਮਿਸ਼ਰਾ ਵੀ ਮੌਜੂਦ ਸਨ।

ਮੀਤ ਹੇਅਰ ਤੇ ਡਾ.ਨਿੱਜਰ ਨੇ ਲੁਧਿਆਣਾ ਨਗਰ ਨਿਗਮ ਦੇ ਸੇਵਾ ਕੇਂਦਰ ਦੀ ਕੀਤੀ ਅਚਨਚੇਤੀ ਚੈਕਿੰਗ

0

ਲੋਕਾਂ ਦੇ ਬਿਨੈ ਪੱਤਰਾਂ ਉਤੇ ਬੇਲੋੜੇ ਇਤਰਾਜ਼ ਲਗਾਉਣ ਉਪਰੇ ਦਿੱਤੇ ਜਾਂਚ ਦੇ ਆਦੇਸ਼
ਈ-ਗਵਰਨੈਂਸ ਰਾਹੀਂ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਲੋਕਾਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਦੇਣ ਦੀ ਵਚਨਬੱਧਤਾ ਦੁਹਰਾਈ
ਲੋਕਾਂ ਨੂੰ ਘਰ ਬੈਠਿਆਂ ਸੇਵਾਵਾਂ ਦਿੱਤੀਆਂ ਜਾਣਗੀਆਂ, ਸਰਕਾਰੀ ਦਫਤਰਾਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਕਤਾਰਾਂ ਹੋਣਗੀਆਂ ਬੀਤੇ ਦੀਆਂ ਗੱਲਾਂ- ਮੀਤ ਹੇਅਰ ਤੇ ਡਾ.ਨਿੱਜਰ
ਪੰਜਾਬੀ ਖਬਰਸਾਰ ਬਿਉਰੋ
ਲੁਧਿਆਣਾ, 8 ਸਤੰਬਰ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆ ਕਰਨ ਦੀ ਵਚਵਬੱਧਤਾ ਉਤੇ ਚੱਲਦਿਆਂ ਲੋਕਾਂ ਦੇ ਪੈਂਡਿੰਗ ਕੇਸਾਂ ਦਾ ਅਸਲ ਮੁਆਇਨਾ ਕਰਨ ਅਤੇ ਜ਼ਮੀਨੀ ਹਕੀਕਤਾਂ ਜਾਣਨ ਲਈ ਪੰਜਾਬ ਦੇ ਪ੍ਰਸ਼ਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਸਾਹਮਣੇ ਸਥਾਨਕ ਬੱਸ ਅੱਡੇ ਨੇੜੇ ਨਗਰ ਨਿਗਮ ਲੁਧਿਆਣਾ ਅਧੀਨ ਚੱਲਦੇ ਸੇਵਾ ਕੇਂਦਰ ਦਾ ਅਚਨਚੇਤੀ ਚੈਕਿੰਗ ਕੀਤੀ।ਸੇਵਾ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆਂ ਜਾਂਦੀਆਂ ਨਾਗਰਿਕ ਸੇਵਾਵਾਂ ਦੇ ਮਾਮਲੇ ਵਿੱਚ ਨਗਰ ਨਿਗਮ ਦੇ ਕੁਝ ਕਰਮੀਆਂ ਵੱਲੋਂ ਬੇਲੋੜੇ ਇਤਰਾਜ਼ਾਂ ਨਾਲ ਭੇਜੇ ਜਾਂਦੇ ਕੇਸਾਂ ਦਾ ਨਿਰੀਖਣ ਕਰਨ ਉਪਰੰਤ ਦੋਵੇਂ ਮੰਤਰੀ ਸੇਵਾ ਕੇਂਦਰ ਪੁੱਜੇ ਅਤੇ ਸਬੰਧਤ ਕਰਮੀਆਂ ਤੋਂ ਇਨਾਂ ਬਾਰੇ ਪੁੱਛ ਪੜਤਾਲ ਕੀਤੀ। ਇਸ ਦੇ ਨਾਲ ਹੀ ਪੈਂਡਿੰਗ ਕੇਸਾਂ ਪਿੱਛੇ ਮੰਦਭਾਵਨਾ ਦਾ ਪਤਾ ਲਗਾਉਣ ਲਈ ਨਗਰ ਨਿਗਮ ਕਮਿਸ਼ਨਰ ਡਾ.ਸ਼ੇਨਾ ਅੱਗਰਵਾਲ ਦੀ ਅਗਵਾਈ ਹੇਠ ਕਮੇਟੀ ਬਣਾ ਦਿੱਤੀ ਜੋ ਇਸ ਮਾਮਲੇ ਦੀ ਪੜਤਾਲ ਕਰੇਗੀ।ਉਨਾਂ ਕਿਹਾ ਕਿ ਲੁਧਿਆਣਾ ਜ਼ਿਲੇ ਦੇ ਕੁੱਲ ਲੰਬਿਤ ਪਏ ਕੇਸਾਂ ਦੀ ਔਸਤ 0.42 ਫੀਸਦੀ ਹੈ ਅਤੇ ਇਸ ਵਿੱਚੋਂ ਇਕੱਲੇ ਨਗਰ ਨਗਮ ਦੀ ਔਸਤ 6 ਫੀਸਦੀ ਹੈ। ਕੁੱਲ 539000 ਅਰਜ਼ੀਆਂ ਪ੍ਰਾਪਤ ਹੋਈਆਂ ਜਿਨਾਂ ਵਿੱਚੋਂ 2276 ਅਰਜ਼ੀਆਂ ਦਾ ਨਿਪਟਾਰਾ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਤੈਅ ਸਮੇਂ ਅੰਦਰ ਨਹੀਂ ਹੋਇਆ। ਇਸ ਤੋਂ ਬਾਅਦ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਫੈਸਲਾ ਕੀਤਾ ਗਿਆ ਕਿ ਇਕੱਲੇ-ਇਕੱਲੇ ਪੈਂਡਿੰਗ ਕੇਸ ਦਾ ਮੁਆਇਨਾ ਕੀਤਾ ਜਾਵੇ ਜਿਸ ਵਿੱਚ ਖੁਲਾਸਾ ਹੋਇਆ ਕਿ ਲੁਧਿਆਣਾ ਦੇ ਪੰਜ ਕਰਮੀਆਂ ਵੱਲੋਂ ਪੈਂਡਿੰਗ ਕੇਸ ਵਾਪਸ ਭੇਜਣ ਦੀ ਦਰ ਬਹੁਤ ਹੈ। ਦੋਵੇਂ ਮੰਤਰੀਆਂ ਨੇ ਕਿਹਾ ਕਿ ਸੇਵਾ ਕੇਂਦਰ ਪਾਰਦਰਸ਼ੀ ਤੇ ਤੈਅ ਸਮੇਂ ਅੰਦਰ ਸੇਵਾਵਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਉਣ। ਸਾਰੇ ਸੇਵਾ ਕੇਂਦਰਾਂ ਦੇ ਬਾਹਰ ਬੋਰਡ ਲਗਾ ਕੇ ਸੇਵਾਵਾਂ ਦੀਆਂ ਕੀਮਤਾਂ ਅਤੇ ਨਿਰਧਾਰਤ ਸਮਾਂ ਵੀ ਲਿਖਣ ਜਿਸ ਅੰਦਰ ਸੇਵਾ ਮੁਹੱਈਆ ਕਰਵਾਉਣੀ ਲਾਜ਼ਮੀ ਹੈ।ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਦੀ ਸਹੂਲਤ ਲਈ ਨਿਰਵਿਘਨ ਸੇਵਾਵਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੀਤ ਹੇਅਰ ਅਤੇ ਡਾ. ਨਿੱਜਰ ਨੇ ਦੱਸਿਆ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਹਰੇਕ ਫਾਈਲ ਦਾ ਉਪਰਲੇ ਪੱਧਰ ‘ਤੇ ਡੂੰਘਾਈ ਨਾਲ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਲਈ ਈ-ਗਵਰਨੈਂਸ ਨੂੰ ਅਪਣਾ ਕੇ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਣਾਲੀ ਵਿੱਚ ਵੱਡੇ ਸੁਧਾਰ ਲਿਆਉਣ ਲਈ 24 ਘੰਟੇ ਕੰਮ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਸੇਵਾ ਕੇਂਦਰ ਦੇ ਕੰਮਕਾਜ ਦੀ ਸਮੀਖਿਆ ਕਰਦੇ ਸਮੇਂ ਇਹ ਪਾਇਆ ਗਿਆ ਕਿ ਸੂਬੇ ਵਿੱਚ ਵਾਪਸ ਭੇਜਣ ਦੀ ਔਸਤ 0.9 ਫ਼ੀਸਦ ਹੈ ਜਦੋਂ ਕਿ ਲੁਧਿਆਣਾ ਦੀ ਔਸਤ 6 ਫ਼ੀਸਦ ਹੈ। ਅਧਿਕਾਰੀਆਂ ਦੁਆਰਾ ਵੱਖ-ਵੱਖ ਗੈਰ-ਜ਼ਰੂਰੀ ਅਤੇ ਅਸਪਸ਼ਟ ਇਤਰਾਜਾਂ ਜਿਵੇਂ ‘ਬਿਨੈਕਾਰ ਨੂੰ ਕਾਲ ਕਰਨ’, ‘ਮਾਤਾ ਦੇ ਸਕੂਲ ਸਰਟੀਫਿਕੇਟ ਦੀ ਕਾਪੀ ਨੱਥੀ ਕਰਨ’, ‘ਇਤਰਾਜ਼ ਹਟਾਉਣ’ (ਇਤਰਾਜ਼ ਦਾ ਜ਼ਿਕਰ ਕੀਤੇ ਬਿਨਾਂ) ਸਬੰਧੀ ਮੁੱਦੇ ਉਠਾਏ ਗਏ ਜਿਸ ਨਾਲ ਨਾਗਰਿਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਸੇਵਾਵਾਂ ਦੀ ਪ੍ਰਵਾਨਗੀ ਵਿੱਚ ਲੱਗਣ ਵਾਲਾ ਸਮਾਂ ਵੀ ਵਧ ਗਿਆ ਹੈ। ਇਸ ਲਈ ਦੋਵਾਂ ਮੰਤਰੀਆਂ ਵੱਲੋਂ ਅੱਜ ਸੇਵਾ ਕੇਂਦਰ ਲੁਧਿਆਣਾ ਦੀ ਅਚਨਚੇਤ ਚੈਕਿੰਗ ਕੀਤੀ ਗਈ।ਕੈਬਨਿਟ ਮੰਤਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ ਹੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਯੋਜਨਾ ਉਲੀਕ ਰਹੀ ਹੈ ਤਾਂ ਜੋ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਲਈ ਕਤਾਰਾਂ ਵਿੱਚ ਨਾ ਖੜ੍ਹਨਾ ਪਵੇ ਅਤੇ ਸਰਕਾਰੀ ਦਫ਼ਤਰਾਂ ਵਿੱਚ ਵਾਰ-ਵਾਰ ਨਾ ਜਾਣਾ ਪਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਲਈ ਇੱਕ ਵਿਧੀ ਤਿਆਰ ਕਰ ਰਹੀ ਹੈ, ਜਿਸ ਤਹਿਤ ਘਰ-ਘਰ ਜਾ ਕੇ ਬਿਨੈਕਾਰ ਤੋਂ ਵੱਖ-ਵੱਖ ਸੇਵਾਵਾਂ ਲਈ ਦਸਤਾਵੇਜ਼ ਇਕੱਠੇ ਕੀਤੇ ਜਾਣਗੇ ਅਤੇ ਬਾਅਦ ਵਿੱਚ ਉਹਨਾਂ ਨੂੰ ਵਾਪਸ ਭੇਜ ਦਿੱਤੇ ਜਾਣਗੇ।ਇਸ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ, ਰਜਿੰਦਰਪਾਲ ਕੌਰ ਛੀਨਾ, ਕੁਲਵੰਤ ਸਿੰਘ ਸਿੱਧੂ, ਗੁਰਪ੍ਰੀਤ ਬੱਸੀ ਗੋਗੀ, ਮਦਨ ਲਾਲ ਬੱਗਾ ਤੇ ਅਸ਼ੋਕ ਪਰਾਸ਼ਰ ਪੱਪੀ, ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਗਿਰੀਸ਼ ਦਿਆਲਨ, ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਹੋਰ ਹਾਜ਼ਰ ਸਨ।

ਕੇਂਦਰ ਸਰਕਾਰ ਸੜਕੀ ਢਾਂਚੇ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ: ਹਰਭਜਨ ਸਿੰਘ ਈ.ਟੀ.ਓ

ਕਿਹਾ: ਪੰਜਾਬ ‘ਚ 1300 ਕਿਲੋਮੀਟਰ ਗ੍ਰੀਨਫੀਲਡ ਐਕਸਪ੍ਰੈਸਵੇਅ ਅਤੇ ਅਕਸੈਸ ਕੰਟਰੋਲਡ ਨੈਸ਼ਨਲ ਹਾਈਵੇਅ ਪ੍ਰਗਤੀ ਅਧੀਨ; ਜ਼ਮੀਨ ਦਾ ਕਬਜ਼ਾ ਲੈਣ ਦੀ ਪ੍ਰਕਿਰਿਆ ਜਾਰੀ
ਲੋਕ ਨਿਰਮਾਣ ਮੰਤਰੀ ਪੰਜਾਬ ਨੇ ਰਾਸ਼ਟਰੀ ਕਾਨਫਰੰਸ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਵਿੱਚ ਕੀਤੀ ਸ਼ਮੂਲੀਅਤ
ਪੰਜਾਬੀ ਖਬਰਸਾਰ ਬਿਉਰੋ
ਬੰਗਲੁਰੂ, 8 ਸਤੰਬਰ:ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਵੀਰਵਾਰ ਨੂੰ ਰਾਜਾਂ ਵਿੱਚ ਸੜਕੀ ਬੁਨਿਆਦੀ ਢਾਂਚੇ ਦੇ ਏਕੀਕ੍ਰਿਤ ਵਿਕਾਸ ਲਈ ਕੇਂਦਰੀ ਫੰਡਾਂ ਦੀ ਲੋੜੀਂਦੀ ਉਪਲਬਧਤਾ ਦੀ ਮੰਗ ਕੀਤੀ। ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਸੜਕੀ ਨੈੱਟਵਰਕਾਂ ਦਾ ਵਿਕਾਸ ਅਤੇ ਰੱਖ-ਰਖਾਅ ਇੱਕ ਨਿਰੰਤਰ ਪ੍ਰਕਿਰਿਆ ਹੈ, ਜਿਸ ਲਈ ਸਮੇਂ-ਸਮੇਂ ‘ਤੇ ਪ੍ਰੋਜੈਕਟਾਂ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਲਈ ਵਧੇ ਹੋਏ ਅਤੇ ਲੋੜੀਂਦੇ ਫੰਡ ਜਾਰੀ ਕੀਤੇ ਜਾਣੇ ਚਾਹੀਦੇ ਹਨ। ਮੰਤਰੀ ਨੇ ਕਿਹਾ ਕਿ ਪੰਜਾਬ ਫੰਡਾਂ ਨਾਲ ਸਬੰਧਤ ਲੋੜਾਂ ਦੀ ਪੂਰਤੀ ਲਈ ਲਗਾਤਾਰ ਅਤੇ ਠੋਸ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਭਗ ਸਾਰੇ ਰਾਜ ਇਸ ਤੱਥ ਨੂੰ ਸਵੀਕਾਰ ਕਰਦੇ ਹਨ ਕਿ ਸੜਕੀ ਖੇਤਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਦੇ ਵੀ ਲੋੜੀਂਦੇ ਫੰਡ ਉਪਲਬਧ ਨਹੀਂ ਹੁੰਦੇ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਸ ਮੰਤਵ ਲਈ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ‘ਤੇ ਬੰਗਲੁਰੂ ਵਿਖੇ (8 ਅਤੇ 9 ਸਤੰਬਰ, 2022 ਨੂੰ) ਕਰਵਾਈ ਜਾ ਰਹੀ ਰਾਸ਼ਟਰੀ ਕਾਨਫਰੰਸ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਵਿੱਚ ਆਪਣੇ ਵਿਚਾਰ ਪੇਸ਼ ਕਰਨ ਮੌਕੇ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਸੜਕੀ ਬੁਨਿਆਦੀ ਢਾਂਚਾ ਅਤੇ ਨੈੱਟਵਰਕ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਬਿਹਤਰ ਸੜਕੀ ਬੁਨਿਆਦੀ ਢਾਂਚਾ ਉਦਯੋਗਿਕ ਅਤੇ ਹੋਰ ਖੇਤਰਾਂ ਵਿੱਚ ਵੀ ਵਿਕਾਸ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਰਾਜ ਦੇ ਸੜਕੀ ਨੈੱਟਵਰਕ ਅਤੇ ਪਿੰਡਾਂ ਦੀਆਂ ਸੜਕਾਂ ਨੂੰ ਆਪਣੇ ਸਾਧਨਾਂ ਨਾਲ ਵਿਕਸਤ ਕਰਨ ਵਿੱਚ ਔਖੇ ਸਮੇਂ ਵਿੱਚੋਂ ਲੰਘਣਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਵਰਗੀਆਂ ਸਕੀਮਾਂ ਨਾਲ ਸੂਬੇ ਦੀਆਂ ਲਿੰਕ ਸੜਕਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਚਨਬੱਧ ਹੈ।
ਸ. ਈ.ਟੀ.ਓ. ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ 1300 ਕਿਲੋਮੀਟਰ ਗ੍ਰੀਨਫੀਲਡ ਐਕਸਪ੍ਰੈਸਵੇਅ ਅਤੇ ਐਕਸੈਸ ਕੰਟਰੋਲਡ ਨੈਸ਼ਨਲ ਹਾਈਵੇਅ ਪ੍ਰਗਤੀ ਅਧੀਨ ਹਨ। ਉਨ੍ਹਾਂ ਕਿਹਾ ਕਿ ਇਹ ਨਵੇਂ ਵੱਡੇ ਵਿਕਾਸ ਰਾਜਾਂ ਨੂੰ ਬੰਦਰਗਾਹਾਂ ਨਾਲ ਜੋੜਨ ਦੇ ਨਾਲ-ਨਾਲ ਮੌਜੂਦਾ ਸੜਕੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਗੇ। ਉਨ੍ਹਾਂ ਕਿਹਾ ਕਿ ਗ੍ਰੀਨਫੀਲਡ ਪ੍ਰਾਜੈਕਟਾਂ ਲਈ ਜ਼ਮੀਨ ਦਾ ਕਬਜ਼ਾ ਸੌਂਪਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਜ਼ਮੀਨਾਂ ਦੇ ਕਬਜ਼ੇ ਸੌਂਪੇ ਗਏ ਹਨ, ਉਥੇ ਜ਼ਮੀਨਾਂ ’ਤੇ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਸੂਬੇ ਨੇ ਸੜਕੀ ਨੈਟਵਰਕ ਨੂੰ ਅਪਗ੍ਰੇਡ ਕਰਨ ਲਈ ਪੀ.ਪੀ.ਪੀ. ਅਤੇ ਓ.ਐਮ.ਟੀ. ਆਦਿ ਸਮੇਤ ਵੱਖ-ਵੱਖ ਸਾਧਨਾਂ ਰਾਹੀਂ ਫੰਡ ਪ੍ਰਾਪਤ ਕੀਤੇ ਹਨ, ਇਸ ਤੋਂ ਇਲਾਵਾ ਹੋਰ ਸਬੰਧਤ ਸੰਸਥਾਵਾਂ ਤੋਂ ਫੰਡਾਂ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ, ਰਾਜ ਦੇ ਸੜਕੀ ਨੈਟਵਰਕ ਦੇ ਸਹੀ ਰੱਖ-ਰਖਾਅ ਲਈ ਪ੍ਰਦਰਸ਼ਨ-ਅਧਾਰਤ ਲੰਬੇ ਸਮੇਂ ਦੇ ਰੱਖ-ਰਖਾਅ ਸਮਝੌਤੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸੜਕਾਂ ਦਾ ਵਿਕਾਸ ਇਸਦੀ ਭੂ-ਰਣਨੀਤਕ ਸਥਿਤੀ ਕਾਰਨ ਬਹੁਤ ਪ੍ਰਭਾਵਿਤ ਹੈ। ਸਰਹੱਦੀ ਜ਼ਿਲ੍ਹਆਂ ਵਿੱਚ ਨਵੇਂ ਲਿੰਕਾਂ ਅਤੇ ਪੁਲਾਂ ਦੇ ਵਿਕਾਸ ਲਈ ਸਥਾਨ, ਵਿਸ਼ੇਸ਼ਤਾਵਾਂ ਅਤੇ ਨਿਰਮਾਣ ਕਾਰਜਕ੍ਰਮ ਦੇ ਸਬੰਧ ਵਿੱਚ ਰੱਖਿਆ ਅਥਾਰਟੀਆਂ ਤੋਂ ਮਨਜ਼ੂਰੀ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਇੱਕ ਬਿਹਤਰ ਸੜਕੀ ਨੈੱਟਵਰਕ ਦਾ ਵਿਕਾਸ ਸਾਡੇ ਦੇਸ਼ ਦੀ ਰੱਖਿਆ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਜ਼ਮੀਨਾਂ ਵਿੱਚ ਖੇਤੀਬਾੜੀ ਲਈ ਵਸਨੀਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਸੜਕ ਉਪਭੋਗਤਾਵਾਂ ਦੀ ਬਿਹਤਰ ਸੁਰੱਖਿਆ ਅਤੇ ਸੁਰੱਖਿਆ ਲਈ ਹਾਈਵੇਅ/ਸੜਕਾਂ `ਤੇ ਸੀ.ਸੀ.ਟੀ.ਵੀ. ਸਿਸਟਮ ਲਗਾਉਣ ਦਾ ਸੁਝਾਅ ਵੀ ਦਿੱਤਾ।
ਸ. ਈ.ਟੀ.ਓ. ਨੇ ਕਿਹਾ ਕਿ 1966 ਵਿੱਚ ਪੁਨਰਗਠਨ ਤੋਂ ਬਾਅਦ ਸੂਬਾ ਸਰਕਾਰਾਂ ਦੇ ਲਗਾਤਾਰ ਯਤਨਾਂ ਸਦਕਾ ਧਾਤ ਵਾਲੀਆਂ ਸੜਕਾਂ ਦੀ ਘਣਤਾ 12.65 ਕਿਲੋਮੀਟਰ/100 ਵਰਗ ਕਿਲੋਮੀਟਰ ਤੋਂ 2021 ਵਿੱਚ ਤੇਜੀ ਨਾਲ ਵਧ ਕੇ 283 ਕਿਲੋਮੀਟਰ/100 ਵਰਗ ਕਿਲੋਮੀਟਰ ਹੋ ਗਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਇਨ੍ਹਾਂ ਸੜਕ ਦੀ ਘਣਤਾ ਦੇ ਮਾਮਲੇ ਵਿੱਚ ਚੋਟੀ ਦੇ ਰਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਰਾਜ ਵਿੱਚ 4086 ਕਿਲੋਮੀਟਰ ਰਾਸ਼ਟਰੀ ਰਾਜਮਾਰਗ (ਐਕਸਪ੍ਰੈਸਵੇਅ ਸਮੇਤ), 8076 ਕਿਲੋਮੀਟਰ ਰਾਜ ਯੋਜਨਾ ਸੜਕੀ ਨੈਟਵਰਕ ਅਤੇ 64878 ਕਿਲੋਮੀਟਰ ਪਿੰਡ/ਲਿੰਕ ਸੜਕਾਂ ਵੱਖ-ਵੱਖ ਲੇਨ ਸੰਰਚਨਾਵਾਂ ਹਨ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ, ਸੂਬੇ ਵਿੱਚ ਸੜਕਾਂ ਦੇ ਨਿਰਮਾਣ ਸਬੰਧੀ ਗਤੀਵਿਧੀਆਂ ਅਤੇ ਟੀਚਿਆਂ ਦੀ ਪ੍ਰਾਪਤੀ ਦੀ ਲਗਾਤਾਰ ਸਮੀਖਿਆ ਕਰਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਕਸਤ ਹੋਈਆਂ ਲਿੰਕ ਸੜਕਾਂ ਨੇ ਦੇਸ਼ ਦਾ ਅਨਾਜ ਭੰਡਾਰ ਬਣਾਉਣ ਅਤੇ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਨੇ ਕੰਮ ਦੀਆਂ ਹਾਲਤਾਂ ਦੀਆਂ ਲੋੜਾਂ ਅਨੁਸਾਰ ਨਵੀਆਂ ਤਕਨੀਕਾਂ ਅਪਣਾਈਆਂ ਹਨ, ਸੜਕਾਂ ਦਾ ਨਿਰਮਾਣ ਮਸ਼ੀਨੀਕਰਨ ਵਿਧੀ ਰਾਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਾਡੇ ਕੋਲ ਅਜਿਹੀਆਂ ਸੜਕਾਂ ਦਾ ਨੈੱਟਵਰਕ ਹੈ, ਜੋ ਕਿ ਦੇਸ਼ ਦੇ ਸਭ ਤੋਂ ਵਧੀਆ ਸੜਕੀ ਨੈੱਟਵਰਕਾਂ ਵਿੱਚੋਂ ਇੱਕ ਹੈ।
ਸ. ਈ.ਟੀ.ਓ. ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਕੁੱਝ ਦਿਨ ਪਹਿਲਾਂ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨੇ ਪੰਜਾਬ ਸੂਬੇ ਵਿੱਚ ਸੜਕਾਂ ਲਈ 500 ਕਰੋੜ ਅਤੇ ਆਰ.ਓ.ਬੀਜ਼ ਲਈ 300 ਕਰੋੜ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਪ੍ਰਾਜੈਕਟਾਂ ਨੂੰ ਵੇਰਵਿਆਂ ਸਮੇਤ ਭੇਜਣ ਲਈ ਕਿਹਾ ਹੈ ਅਤੇ ਕੁੱਝ ਦਿਨਾਂ ਵਿੱਚ ਇਨ੍ਹਾਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਦਾ ਭਰੋਸਾ ਦਿੱਤਾ ਹੈ।ਲੋਕ ਨਿਰਮਾਣ ਮੰਤਰੀ ਨੇ ਰਾਸ਼ਟਰੀ ਕਾਨਫ਼ਰੰਸ ਦਾ ਸੱਦਾ ਦੇਣ ਲਈ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਾਨਫਰੰਸ ‘ਚ ਹੋਏ ਵਿਚਾਰ-ਵਟਾਂਦਰੇ ਨਾਲ ਕੇਂਦਰ ਅਤੇ ਸੂਬਿਆਂ ਦਰਮਿਆਨ ਆਪਸੀ ਸਹਿਯੋਗ ਅਤੇ ਤਾਲਮੇਲ ਵਧਾਉਣ ਲਈ ਰਾਹ ਪੱਧਰਾ ਹੋਣ ਦੇ ਨਾਲ-ਨਾਲ ਏਕੀਕ੍ਰਿਤ ਸੜਕੀ ਨੈੱਟਵਰਕ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ ਜੋ ਸਾਡੇ ਸਮਾਜ ਅਤੇ ਰਾਸ਼ਟਰ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗਾ।ਉਨ੍ਹਾਂ ਕਿਹਾ ਕਿ ਅਜਿਹੇ ਆਪਸੀ ਮੰਥਨ ਅਤੇ ਬਹੁਪੱਖੀ ਵਿਚਾਰ-ਵਟਾਂਦਰੇ ਸੂਬਿਆਂ ਲਈ ਸਾਰਥਕ ਸਾਬਤ ਹੋਣਗੇ, ਕਿਉਂਕਿ ਇੱਕ ਦੂਜੇ ਦੇ ਤਜ਼ਰਬਿਆਂ ਅਤੇ ਸਿੱਖਿਆਵਾਂ ਦੇ ਆਦਾਨ ਪ੍ਰਦਾਨ ਨਾਲ ਸੂਬੇ, ਦੇਸ਼ ਦੇ ਵਿਕਾਸ ਲਈ ਹੋਰ ਸਰਗਰਮੀ ਨਾਲ ਕਾਰਜ ਕਰ ਸਕਣਗੇ।ਇਸ ਕਾਨਫਰੰਸ ਦੌਰਾਨ ਭਾਰਤ ਦੇ ਸੂਬਿਆਂ ਦੇ ਲੋਕ ਨਿਰਮਾਣ ਮੰਤਰੀ, ਸੀਨੀਅਰ ਅਧਿਕਾਰੀ, ਤਕਨੀਕੀ ਮਾਹਰ, ਉਦਯੋਗ ਜਗਤ ਦੇ ਆਗੂ ਹਾਜ਼ਰ ਸਨ।

ਅਕਾਲੀ ਦਲ ਨੇ ਭਗਵੰਤ ਮਾਨ ਉਪਰ ਹਰਿਆਣਾ ਚ ਐਸਵਾਈਐਲ ਦੇ ਮੁੱਦੇ ਤੇ ਪ੍ਰਚਾਰ ਕਰਨ ਦੇ ਲਗਾਏ ਦੋਸ਼

0

ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 8 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਉਹ ਦੱਸਣ ਕਿ ਉਹ ਆਮ ਆਦਮੀ ਪਾਰਟੀ ਹਰਿਆਣਾ ਦੇ ਇੰਚਾਰਜ ਤੇ ਐਮ ਪੀ ਸ੍ਰੀ ਸੁਸ਼ੀਲ ਗੁਪਤਾ ਵੱਲੋਂ ਐਸ ਵਾਈ ਐਲ ਨਹਿਰ ਦੇ ਪਾਣੀ ਲੈ ਕੇ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਵਾਸਤ ਆਪ ਕਿਉਂ ਪ੍ਰਚਾਰ ਕਰ ਰਹੇ ਹਨ ਜਦੋਂ ਕਿ ਸ੍ਰੀ ਗੁਪਤਾ ਨੇ ਕਿਹਾ ਹੈ ਕਿ ਜਿਸ ਦਿਨ ਹਰਿਆਣਾ ਵਿਚ ਆਪ ਸਰਕਾਰ ਬਣ ਗਈ ਤਾਂ ਸੂਬੇ ਵਾਸਤੇ ਐਸ ਵਾਈ ਐਲ ਰਾਹੀਂ ਪਾਣੀ ਆਉਣਾ ਸ਼ੁਰੂ ਹੋ ਜਾਵੇਗਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰੀਕੇ ਸ੍ਰੀ ਭਗਵੰਤ ਮਾਨ ਸ੍ਰੀ ਸੁਸ਼ੀਲ ਗੁਪਤਾ ਦੇ ਨਾਲ ਮਿਲ ਕੇ ਆਦਮਪੁਰ ਵਿਚ ਪ੍ਰਚਾਰ ਕਰ ਰਹੇ ਸਨ, ਉਸ ਤੋਂ ਸਪਸ਼ਟ ਸੀ ਕਿ ਉਹ ਆਪ ਦੇ ਐਮ ਪੀ ਵੱਲੋਂ ਦਿੱਤੀ ਗਰੰਟੀ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਉਹਨਾਂ ਕਿਹਾ ਕਿ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਣ ਬੁੱਝ ਕੇ ਹਰਿਆਣਾ ਵਿਚ ਵਿਖਾਇਆ ਜਾ ਰਿਹਾ ਹੈ ਤਾਂ ਜੋ ਇਹ ਸਪਸ਼ਟ ਸੰਕੇਤ ਮਿਲ ਸਕਣ ਕਿ ਉਹ ਹਰਿਆਣਾ ਦੇ ਲੋਕਾਂ ਨੂੰ ਆਪ ਵੱਲੋਂ ਦਿੱਤੀ ਗਰੰਟੀ ਦੇ ਨਾਲ ਖੜ੍ਹੇ ਹੋਣਗੇ। ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਇਹ ਕਾਵਰਾਈ ਪੰਜਾਬੀਆਂ ਨਾਲ ਧਰੋਹ ਕਮਾਉਣ ਵਰਗੀ ਹੈ ਜਦੋਂ ਕਿ ਪੰਜਾਬੀਆਂ ਨੇ ਉਹਨਾਂ ਨੂੰ ਵੱਡਾ ਬਹੁਮਤ ਦਿੱਤਾ ਹੈ ਤੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਅਜਿਹੀਆਂ ਪੰਜਾਬ ਵਿਰੋਧੀ ਗਤੀਵਿਧੀਆਂ ਲਈ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣ। ਉਹਨਾਂ ਕਿਹਾ ਕਿ ਪਹਿਲਾਂ ਜਦੋਂ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਹਰਿਆਣਾ ਨੂੰ ਵੀ ਐਸ ਵਾਈ ਐਲ ਰਾਹੀਂ ਪਾਣੀ ਮਿਲਣਾ ਚਾਹੀਦਾ ਹੈ ਤਾਂ ਉਦੋਂ ਸ੍ਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਹਰਿਆਣਾ ਨਾਲ ਮੀਟਿੰਗਾਂ ਕਰਨਗੇ। ਉਹਨਾਂ ਕਿਹਾ ਕਿ ਹੁਣ ਉਹ ਆਪ ਦੇ ਉਸ ਐਮ ਪੀ ਨਾਲ ਸਰਗਰਮੀ ਨਾਲ ਪ੍ਰਚਾਰ ਕਰ ਰਹੇ ਹਨ ਜਿਸਨੇ 19 ਅਪ੍ਰੈਲ ਨੂੰ ਹਰਿਆਣਾ ਦੇ ਲੋਕਾਂ ਨੂੰ ਇਸ ਸਬੰਧ ਵਿਚ ਗਰੰਟੀ ਦਿੱਤੀ ਸੀ। ਉਹਨਾਂ ਕਿਹਾ ਕਿ ਪੰਜਾਬੀ ਕਦੇ ਵੀ ਸ੍ਰੀ ਭਗਵੰਤ ਮਾਨ ਨੂੰ ਇਸ ਗੱਦਾਰੀ ਲਈ ਮੁਆਫ ਨਹੀਂ ਕਰਨਗੇ।ਡਾ. ਚੀਮਾ ਨੇ ਜ਼ੋਰ ਦੇ ਕੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਟੈਂਡ ਮੁੜ ਦੁਹਰਾਇਆ ਕਿ ਅਕਾਲੀ ਦਲ ਕਦੇ ਵੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਨੂੰ ਦੇਣ ਦੀ ਰਚੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ। ਉਹਨਾਂ ਕਿਹਾ ਕਿ ਅਸੀਂ ਇਸ ਸਾਜ਼ਿਸ਼ ਨੁੰ ਅਸਫਲ ਬਣਾਉਣ ਵਾਸਤੇ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ।

ਲੋਕ ਮੋਰਚਾ ਪੰਜਾਬ ਵੱਲੋਂ ਸਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਫੈਸਲਾ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 8 ਸਤੰਬਰ: ਅੱਜ ਬਠਿੰਡਾ ਸਹਿਰ ਵਿਖੇ ਹੋਈ ਲੋਕ ਮੋਰਚਾ ਪੰਜਾਬ ਸੂਬਾ ਕਮੇਟੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਸੂਬਾ ਜਥੇਬੰਦਕ ਸਕੱਤਰ ਸ੍ਰੀ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸ੍ਰੀ ਗੁਰਦੀਪ ਖੁੱਡੀਆਂ ਨੇ ਕਿਹਾ ਕਿ ਲੋਕ ਮੋਰਚਾ ਪੰਜਾਬ ਵੱਲੋਂ ਸਹੀਦ-ਏ-ਆਜਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਸੂਬੇ ਦੇ ਵੱਖ ਵੱਖ ਪਿੰਡਾਂ-ਸਹਿਰਾਂ ਅਤੇ ਕਸਬਿਆਂ ਅੰਦਰ ਮੀਟਿੰਗਾਂ, ਰੈਲੀਆਂ ਅਤੇ ਮਾਰਚ ਕਰਕੇ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨੂੰ ਮਿਹਨਤਕਸ ਲੋਕਾਂ ਤਕ ਲੈ ਕੇ ਜਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਹੈ ਅਜੋਕੇ ਸਮੇਂ ਭਾਰਤ ਦੇ ਕਿਰਤੀ ਕਮਾਊ ਲੋਕ ਭਾਰਤੀ ਹਕੂਮਤ ਵੱਲੋਂ ਮੜ੍ਹੀਆਂ ਜਾ ਰਹੀਆਂ ਲੋਕ ਦੋਖੀ ਨੀਤੀਆਂ ਖਿਲਾਫ ਲਾਮਬੰਦ ਹੋ ਰਹੇ ਹਨ ਅਤੇ ਖੇਤੀ ਕਾਨੂੰਨਾਂ ਦੀ ਵਾਪਸੀ ਵਰਗੀਆਂ ਲਾਮਿਸਾਲ ਜਿੱਤਾਂ ਜਿੱਤੀਆਂ ਜਾ ਰਹੀਆਂ ਹਨ। ਭਾਰਤੀ ਹਾਕਮਾਂ ਦੇ ਨਾਲ-ਨਾਲ ਲੋਕਾਂ ਦੀ ਰੱਤ ਨਿਚੋੜਨ ਵਾਲੇ ਸਾਮਰਾਜੀਏ, ਜਗੀਰਦਾਰ ਅਤੇ ਕਾਰਪੋਰੇਟ ਘਰਾਣੇ ਲੋਕਾਂ ਦੇ ਦੁਸਮਣਾਂ ਵਜੋਂ ਨਸਰ ਹੋ ਰਹੇ ਹਨ ਅਤੇ ਲੋਕਾਂ ਦੇ ਰੋਹ ਦਾ ਨਿਸਾਨਾ ਬਣ ਰਹੇ ਹਨ। ਅਜਿਹੇ ਸਮੇਂ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਲੋਕਾਂ ਨੂੰ ਰੋਸਨ ਭਵਿੱਖ ਦਾ ਰਾਹ ਦਿਖਾ ਰਹੀ ਹੈ। ਭਗਤ ਸਿੰਘ ਦੀ ਸਾਮਰਾਜ, ਜਗੀਰਦਾਰੀ ਵਿਰੋਧੀ ਵਿਚਾਰਧਾਰਾ ਦੇ ਖਿਲਾਫ ਕੂੜ ਪ੍ਰਚਾਰ ਕਰਨ ਲਈ ਕਈ ਹਕੂਮਤ ਪੱਖੀ ਲੇਖਕਾਂ ਅਤੇ ਸਿਮਰਨਜੀਤ ਸਿੰਘ ਮਾਨ ਵਰਗੇ ਫਿਰਕਾਪ੍ਰਸਤ ਲੀਡਰਾਂ ਵੱਲੋਂ ਹੱਲਾ ਬੋਲਿਆ ਗਿਆ ਹੈ ਲੋਕਾਂ ਨੂੰ ਧਰਮਾਂ ਅਤੇ ਜਾਤਾਂ ਦੇ ਅਧਾਰ ਤੇ ਵੰਡਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।ਉਨ੍ਹਾਂ ਸੂਬੇ ਦੇ ਸਮੂਹ ਲੋਕਾਂ ਨੂੰ ਸਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਇਨਕਲਾਬੀ ਵਿਰਾਸਤ ਨੂੰ ਬੁਲੰਦ ਕਰਨ ਅਤੇ ਸਾਮਰਾਜ ਅਤੇ ਜਗੀਰਦਾਰੀ ਲੁੱਟ ਖਿਲਾਫ ਸੰਘਰਸ ਬੁਲੰਦ ਕਰਨ ਦਾ ਸੱਦਾ ਦਿੱਤਾ। ਲੋਕ ਮੋਰਚਾ ਪੰਜਾਬ, ਸਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਚਲਾਈ ਜਾ ਰਹੀ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਸਾਮਲ ਹੋਣ ਦਾ ਸੱਦਾ ਦਿੰਦਾ ਹੈ।

ਟਰਾਂਸਪੋਰਟ ਮੰਤਰੀ ਵੱਲੋਂ ਪੱਟੀ ਤੋਂ ਚੰਡੀਗੜ੍ਹ ਲਈ ਵਾਲਵੋ ਬੱਸ ਸੇਵਾ ਦੀ ਕੀਤੀ ਸ਼ੁਰੂਆਤ

0

ਇਲਾਕੇ ਦੀ ਚਿਰੋਕਣੀ ਮੰਗ ਕੀਤੀ ਪੂਰੀ,770 ਰੁਪਏ ਹੋਵੇਗਾ ਕਿਰਾਇਆ
ਪੰਜਾਬੀ ਖ਼ਬਰਸਾਰ ਬਿਉਰੋ
ਪੱਟੀ , 8 ਸਤੰਬਰ:ਸਰਹੱਦੀ ਕਸਬੇ ਪੱਟੀ ਤੋਂ ਚੰਡੀਗੜ੍ਹ ਲਈ ਸਿੱਧੀ ਏ.ਸੀ. ਬੱਸ ਦੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਪੱਟੀ ਤੋਂ ਚੰਡੀਗੜ੍ਹ ਲਈ ਏ.ਸੀ. ਵਾਲਵੋ ਬੱਸ ਸੇਵਾ ਦੀ ਸ਼ੁਰੂਆਤ ਕੀਤੀ।ਪੱਟੀ ਬੱਸ ਸਟੈਂਡ ਤੋਂ ਚੰਡੀਗੜ੍ਹ ਲਈ ਵਾਲਵੋ ਬੱਸ ਨੂੰ ਹਰੀ ਝੰਡੀ ਵਿਖਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਬੱਸ ਸਵੇਰੇ 4.30 ਵਜੇ ਪੱਟੀ ਤੋਂ ਵਾਇਆ ਅੰਮ੍ਰਿਤਸਰ, ਜਲੰਧਰ ਹੁੰਦਿਆਂ 10.00 ਵਜੇ ਚੰਡੀਗੜ੍ਹ ਪੁੱਜੇਗੀ ਅਤੇ ਚੰਡੀਗੜ੍ਹ ਤੋਂ ਸ਼ਾਮ 5.40 ਵਜੇ ਉਸੇ ਰਸਤੇ ਵਾਪਸੀ ਕਰੇਗੀ ਅਤੇ ਕਰੀਬ 10.30 ਵਜੇ ਪੱਟੀ ਪਹੁੰਚੇਗੀ। ਉਨ੍ਹਾਂ ਕਿਹਾ ਕਿ ਵਾਪਸੀ ਦਾ ਸਮਾਂ 5.40 ਇਸ ਲਈ ਰੱਖਿਆ ਗਿਆ ਹੈ ਤਾਂ ਜੋ ਲੋਕ ਸਰਕਾਰੀ ਦਫ਼ਤਰਾਂ ਦਾ ਸਮਾਂ ਖ਼ਤਮ ਹੋਣ ਤੋਂ ਉਪਰੰਤ ਆਸਾਨੀ ਨਾਲ ਵਾਲਵੋ ਬੱਸ ਸੇਵਾ ਦਾ ਲਾਹਾ ਲੈ ਸਕਣ। ਉਨ੍ਹਾਂ ਕਿਹਾ ਕਿ ਵਾਲਵੋ ਬੱਸ ਦਾ ਪੱਟੀ ਤੋਂ ਚੰਡੀਗੜ੍ਹ ਦਾ ਇੱਕ ਪਾਸੇ ਦਾ ਕਿਰਾਇਆ 770 ਰੁਪਏ ਹੋਵੇਗਾ।ਮੰਤਰੀ ਨੇ ਕਿਹਾ ਕਿ ਪੱਟੀ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿਚਲੇ ਤਾਕਤਵਰ ਲੋਕਾਂ ਨੇ ਨਿੱਜੀ ਮੁਫ਼ਾਦਾਂ ਕਾਰਨ ਕਦੇ ਪੱਟੀ ਤੋਂ ਵਾਲਵੋ ਬੱਸ ਨੂੰ ਚਲਣ ਨਹੀਂ ਦਿੱਤਾ।ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਰਕਾਰ ਨੇ ਪ੍ਰਾਈਵੇਟ ਬੱਸ ਮਾਫ਼ੀਆ ਦਾ ਲੱਕ ਤੋੜਦਿਆਂ ਪੰਜਾਬ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਤਿੰਨ ਗੁਣਾਂ ਘੱਟ ਕਿਰਾਏ ‘ਤੇ ਬੱਸ ਸੇਵਾ ਸ਼ੁਰੂ ਕੀਤੀ ਹੈ ਅਤੇ ਹੁਣ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 20 ਬੱਸਾਂ ਦਿੱਲੀ ਹਵਾਈ ਅੱਡੇ ਨੂੰ ਚਲਦੀਆਂ ਹਨ ਜਿਸ ਨਾਲ ਇਕ ਹੀ ਪਰਿਵਾਰ ਦੀਆਂ ਬੱਸਾਂ ਦੇ ਰੋਜ਼ਾਨਾ ਦੇ 80 ਟਾਈਮ ਘੱਟ ਕੇ 20 ਰਹਿ ਗਏ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਮਾਨ ਸਰਕਾਰ ਆਉਣ ਸਦਕਾ ਸਾਰੇ ਲੋਕ ਭਲਾਈ ਦੇ ਕੰਮ ਸੰਭਵ ਹੋ ਰਹੇ ਹਨ ਅਤੇ ਸਰਕਾਰ ਇਸ ਦਿਸ਼ਾ ਵਿੱਚ ਨਿਰੰਤਰ ਯਤਨਸ਼ੀਲ ਰਹੇਗੀ।ਉਨ੍ਹਾਂ ਕਿਹਾ ਕਿ ਛੇਤੀ ਹੀ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 219 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ ਅਤੇ ਥੋੜ੍ਹੇ ਦਿਨਾਂ ਵਿਚ ਹੀ ਡਰਾਈਵਰਾਂ ਅਤੇ ਕੰਡਕਟਰਾਂ ਦੀ ਕਮੀ ਪੂਰੀ ਕੀਤੀ ਜਾਵੇਗੀ ਜਿਸ ਨਾਲ ਪੰਜਾਬ ਦੀਆਂ ਸੜਕਾਂ ਉਤੇ ਸਰਕਾਰੀ ਬੱਸਾਂ ਦੀ ਆਮਦ ਹੋਰ ਵੱਧ ਜਾਵੇਗੀ।

ਪੰਜਾਬ ਪੁਲਿਸ ਨੇ ਆਈਐਸਆਈ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼

0

1.5 ਕਿਲੋ ਆਈਈਡੀ-ਆਰ.ਡੀ.ਐਕਸ., ਦੋ ਪਿਸਤੌਲਾਂ ਸਮੇਤ
ਹਰਿਆਣਾ ‘ਚ ਆਈ.ਈ.ਡੀ. ਪਲਾਂਟ ਕਰਨ ਵਾਲੇ ਮੁੱਖ ਦੋਸ਼ੀ ਸਣੇ 3 ਵਿਅਕਤੀ ਗਿ੍ਰਫਤਾਰ
ਗਿ੍ਰਫਤਾਰ ਕੀਤੇ ਗਏ ਤਿੰਨ ਵਿਅਕਤੀ ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਲੰਡਾ ਅਤੇ ਪਾਕਿਸਤਾਨ ਅਧਾਰਤ ਗੈਂਗਸਟਾਰ ਹਰਵਿੰਦਰ ਰਿੰਦਾ ਨਾਲ ਸਿੱਧੇ ਸੰਪਰਕ ਵਿੱਚ ਸਨ : ਡੀ.ਜੀ.ਪੀ. ਪੰਜਾਬ
ਪੁਲਿਸ ਨੇ ਲੰਡਾ-ਰਿੰਦਾ ਗੈਂਗ ਦੇ 25 ਹੋਰ ਕਾਰਕੁਨਾਂ ਦੀ ਵੀ ਕੀਤੀ ਪਛਾਣ , ਗਿ੍ਰਫਤਾਰੀ ਲਈ ਕਾਰਵਾਈ ਤੇਜ਼
ਪੰਜਾਬੀ ਖ਼ਬਰਸਾਰ ਬਿਉਰੋ
ਤਰਨਤਾਰਨ, 8 ਸਤੰਬਰ:ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸੁਰੂ ਕੀਤੀ ਗਈ ਫੈਸਲਾਕੁੰਨ ਜੰਗ ਤਹਿਤ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਅਤੇ ਪਾਕਿਸਤਾਨ ਸਥਿਤ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਵੱਲੋਂ ਸਾਂਝੇ ਤੌਰ ‘ਤੇ ਚਲਾਏ ਜਾ ਰਹੇ ਆਈਐਸਆਈ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਪੰਜਾਬ ਪੁਲਿਸ ਨੇ ਉਨਾਂ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਤੋਂ ਇਲਾਵਾ ਘੱਟੋ-ਘੱਟ 25 ਹੋਰ ਸਾਥੀਆਂ ਦੀ ਪਛਾਣ ਕੀਤੀ ਗਈ ਹੈ ,ਜੋ ਪੰਜਾਬ ਅਤੇ ਨੇੜੇ-ਤੇੜੇ ਦੇ ਰਾਜਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਉਨਾਂ ਦੀ ਮਦਦ ਕਰ ਰਹੇ ਸਨ।ਡੀ.ਜੀ.ਪੀ. ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਹਾਲ ਹੀ ’ਚ ਹਰਿਆਣਾ ਦੇ ਕੁਰੂਕਸ਼ੇਤਰ ਦੇ ਸ਼ਾਹਬਾਦ ਖੇਤਰ ਵਿੱਚ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ ਆਈ.ਈ.ਡੀ.) ਪਲਾਂਟ ਕਰਨ ਵਾਲਾ ਮੁੱਖ ਦੋਸ਼ੀ ਵੀ ਸ਼ਾਮਲ ਹੈ, ਜਿਸ ਦੀ ਪਛਾਣ ਤਰਨਤਾਰਨ ਦੇ ਪਿੰਡ ਭੱਠਲ ਸਹਿਜਾ ਸਿੰਘ ਵਾਸੀ ਨਛੱਤਰ ਸਿੰਘ ਉਰਫ ਮੋਤੀ ਵਜੋਂ ਹੋਈ ਹੈ। ਇਸ ਅੱਤਵਾਦੀ ਮਾਡਿਊਲ ਦਾ ਹਰਿਆਣਾ ਪੁਲਿਸ ਨੇ ਪਰਦਾਫਾਸ਼ ਕੀਤਾ ਸੀ। ਉਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਦੋ ਹੋਰ ਮੁਲਜ਼ਮਾਂ ਦੀ ਪਛਾਣ ਸੁਖਦੇਵ ਸਿੰਘ ਉਰਫ ਸ਼ੇਰਾ ਵਾਸੀ ਪਿੰਡ ਗੰਡੀਵਿੰਡ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਉਰਫ ਬਿੱਲਾ ਵਾਸੀ ਪਿੰਡ ਨੌਸ਼ਹਿਰਾ ਪੰਨੂਆਂ ਜਿਲਾ ਤਰਨਤਾਰਨ ਵਜੋਂ ਹੋਈ ਹੈ।ਪੁਲਿਸ ਨੇ ਇਨਾਂ ਕੋਲੋਂ 1.5 ਕਿਲੋ ਵਜ਼ਨ ਵਾਲੇ ਆਰ.ਡੀ.ਐਕਸ ਨਾਲ ਲੈਸ ਇੱਕ ਆਈਈਡੀ ਸਮੇਤ ਡੈਟੋਨੇਟਰ , .30 ਬੋਰ ਅਤੇ .315 ਬੋਰ ਸਮੇਤ ਦੋ ਪਿਸਤੌਲਾਂ ਸਮੇਤ 8 ਜਿੰਦਾ ਕਾਰਤੂਸ ਅਤੇ ਬਿਨਾਂ ਰਜਿਸਟ੍ਰੇਸਨ ਨੰਬਰ ਵਾਲਾ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ।
ਮੁੱਢਲੀ ਜਾਂਚ ਅਨੁਸਾਰ, ਡੀਜੀਪੀ ਨੇ ਕਿਹਾ ਕਿ ਇਹ ਸਾਹਮਣੇ ਆਇਆ ਹੈ ਕਿ ਤਿੰਨੇ ਮੁਲਜ਼ਮ ਲਖਬੀਰ ਲੰਡਾ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਫਿਰੌਤੀ , ਵੱਡੇ ਪੱਧਰ ‘ਤੇ ਸਰਹੱਦ ਪਾਰੋਂ ਹਥਿਆਰਾਂ, ਵਿਸਫੋਟਕਾਂ ਤੇ ਨਸ਼ਿਆਂ ਦੀ ਤਸਕਰੀ ਕਰਨ ਦੇ ਮਾਮਲੇ ਵਿੱਚ ਸ਼ਾਮਲ ਸਨ।ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਨੂੰ ਨਸ਼ਾ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਜੰਗ ਦੌਰਾਨ ਅਮਲ ਵਿੱਚ ਲਿਆਂਦੀ ਗਈ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਤਰਨਤਾਰਨ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਥਾਣਾ ਸਰਹਾਲੀ ਦੀ ਪੁਲਿਸ ਟੀਮ ਨੇ ਨਾਕਾ ਲਾਕੇ ਤਿੰਨ ਮੁਲਜਮਾਂ ਨੂੰ ਕਾਬੂ ਕਰਕੇ ਉਨਾਂ ਦੇ ਕਬਜੇ ‘ਚੋਂ ਦੋ ਪਿਸਤੌਲ ਬਰਾਮਦ ਕੀਤੇ ਹਨ। ਉਨਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਨਛੱਤਰ ਸਿੰਘ ਵਲੋਂ ਕੀਤੇ ਖੁਲਾਸਿਆਂ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਤਰਨਤਾਰਨ ਦੇ ਪਿੰਡ ਰੱਤੋਕੇ ਦੇ ਬਾਹਰਵਾਰ ਛੁਪਾਇਆ ਇੱਕ ਆਈ.ਈ.ਡੀ. ਵੀ ਬਰਾਮਦ ਕੀਤਾ ਹੈ।ਐਸਐਸਪੀ ਨੇ ਦੱਸਿਆ ਕਿ ਲੰਡਾ-ਰਿੰਦਾ ਗਿਰੋਹ ਦਾ 40-50 ਦੇ ਕਰੀਬ ਵਿਅਕਤੀਆਂ ਦਾ ਨੈੱਟਵਰਕ ਹੈ, ਜਿਨਾਂ ਵਿੱਚੋਂ ਪੁਲੀਸ ਪਹਿਲਾਂ ਹੀ ਇਸ ਗਰੋਹ ਦੇ 25 ਕਾਰਕੁਨਾਂ ਦੀ ਪਛਾਣ ਕਰ ਲਈ ਹੈ ਅਤੇ ਉਨਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਹਥਿਆਰਾਂ ਅਤੇ ਵਿਸਫੋਟਕਾਂ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਇਸ ਸਬੰਧੀ ਤਰਨਤਾਰਨ ਦੇ ਥਾਣਾ ਸਰਹਾਲੀ ਵਿਖੇ ਆਈਪੀਸੀ ਦੀ ਧਾਰਾ 389, ਵਿਸਫੋਟਕ ਐਕਟ ਦੀ ਧਾਰਾ 25(6), 26(7)(1), 4 ਅਤੇ 5 ਅਤੇ ਐਨਡੀਪੀਐਸ ਐਕਟ ਦੀ ਧਾਰਾ 21, 31-59-85 ਤਹਿਤ ਐਫਆਈਆਰ ਨੰ. 142 ਦਰਜ ਹੈ।

ਬਾਕਸ: ਲੰਡਾ ਕੌਣ ਹੈ?
ਤਰਨਤਾਰਨ ਦਾ ਵਸਨੀਕ ਲੰਡਾ (33), ਜੋ ਕਿ ਸਾਲ 2017 ਵਿੱਚ ਕੈਨੇਡਾ ਭੱਜ ਗਿਆ ਸੀ, ਨੇ ਮੋਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਅੱਤਵਾਦੀ ਹਮਲੇ ਦੀ ਸਾਜਿਸ਼ ਰਚੀ ਸੀ ਅਤੇ ਅੰਮਿ੍ਰਤਸਰ ਵਿੱਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਦੇ ਹੇਠਾਂ ਇੱਕ ਆਈਈਡੀ ਵੀ ਲਾਇਆ ਸੀ। ਉਸ ਨੂੰ ਪਾਕਿਸਤਾਨ ਆਧਾਰਤ ਲੋੜੀਂਦੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਹੱਥ ਮਿਲਾਉਣ ਵਾਲੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ।

ਦਿੱਲੀ-ਅੰਮਿ੍ਰਤਸਰ-ਕੱਟੜਾ ਐਕਸਪ੍ਰੈੱਸ ਵੇਅ ਪੰਜਾਬ ਦੀ ਤਰੱਕੀ ‘ਚ ਅਹਿਮ ਯੋਗਦਾਨ ਪਾਏਗਾ: ਮੁੱਖ ਸਕੱਤਰ

0

ਕੌਮੀ ਹਾਈਵੇਜ਼ ਅਥਾਰਟੀ ਦੇ ਪ੍ਰਾਜੈਕਟਾਂ ਦੀ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ, ਸਮੂਹ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਸਮੀਖਿਆ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 8 ਸਤੰਬਰ: ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਪੰਜਾਬ ਵਿਚ ਚੱਲ ਰਹੇ ਕੌਮੀ ਹਾਈਵੇਜ਼ ਅਥਾਰਟੀ (ਐਨ.ਐਚ.ਏ.ਆਈ.) ਦੇ ਵੱਖ-ਵੱਖ ਸੜਕੀ ਪ੍ਰਾਜੈਕਟਾਂ ਲਈ ਜ਼ਮੀਨ ਐਕੁਆਇਰ ਕਰਨ ਦੀ ਕਾਰਵਾਈ ਬਾਬਤ ਜਾਣਕਾਰੀ ਲੈਣ ਲਈ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਇਕ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿਚ ਸਮੂਹ ਡਿਪਟੀ ਕਮਿਸ਼ਨਰ, ਐਸਐਸਪੀ ਅਤੇ ਕੌਮੀ ਹਾਈਵੇਜ਼ ਅਥਾਰਟੀ ਦੇ ਅਧਿਕਾਰੀ ਵੀ ਹਾਜ਼ਰ ਸਨ। ਮੁੱਖ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਕੌਮੀ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਵਚਨਬੱਧਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਪ੍ਰਾਜੈਕਟਾਂ ਨੂੰ ਪ੍ਰਮੁੱਖਤਾ ਦਿੰਦੇ ਹੋਏ ਲੋੜੀਂਦੀ ਕਾਰਵਾਈ ਕਰਨ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਦਿੱਲੀ-ਅੰਮਿ੍ਰਤਸਰ-ਕੱਟੜਾ ਐਕਸਪ੍ਰੈੱਸ ਵੇਅ ਲਈ ਜ਼ਮੀਨ ਐਕੁਆਇਰ ਕਰਨ ਦੀ ਕਾਰਵਾਈ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਮਿੱਥੇ ਸਮੇਂ ਵਿਚ ਇਹ ਪ੍ਰਾਜੈਕਟ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਦਿੱਲੀ-ਅੰਮਿ੍ਰਤਸਰ-ਕੱਟੜਾ ਐਕਸਪ੍ਰੈੱਸ ਵੇਅ ਸਾਡੇ ਸੂਬੇ ਲਈ ਇਕ ਅਹਿਮ ਪ੍ਰਾਜੈਕਟ ਹੈ ਕਿਉਂ ਕਿ ਇਸ ਦੇ ਬਣਨ ਨਾਲ ਸੂਬੇ ਨੂੰ ਵਪਾਰਕ ਪੱਧਰ ‘ਤੇ ਵੱਡਾ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਇਕ ਮਜ਼ਬੂਤ ਸੜਕੀ ਨੈੱਟਵਰਕ ਕਿਸੇ ਵੀ ਸੂਬੇ ਦੀ ਤਰੱਕੀ ਵਿਚ ਵਿਸ਼ੇਸ਼ ਯੋਗਦਾਨ ਪਾਉਂਦਾ ਹੈ ਅਤੇ ਨਵੀਆਂ ਸਨਅਤਾਂ ਨੂੰ ਆਕਰਸ਼ਿਤ ਕਰਦਾ ਹੈ। ਮੁੱਖ ਸੱਕਤਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਸੂਬੇ ਵਿਚ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਪਹਿਲਕਦਮੀ ਕਰ ਰਹੇ ਹਨ, ਉਸ ਮਕਸਦ ਦੀ ਪ੍ਰਾਪਤੀ ਲਈ ਇਹ ਪ੍ਰਾਜੈਕਟ ਸਹਾਈ ਸਿੱਧ ਹੋਵੇਗਾ।
ਮੁੱਖ ਸਕੱਤਰ ਨੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਦਿੱਲੀ-ਅੰਮਿ੍ਰਤਸਰ-ਕੱਟੜਾ ਐਕਸਪ੍ਰੈੱਸ ਵੇਅ ਅਤੇ ਹੋਰਨਾਂ ਪ੍ਰਾਜੈਕਟਾਂ ਲਈ ਜ਼ਮੀਨ ਪ੍ਰਾਪਤੀ ਵੇਲੇ ਕਿਸਾਨਾਂ ਦੇ ਹਿੱਤਾਂ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਕਿਸਾਨਾਂ ਨੂੰ ਮੁਆਵਜਾ ਰਾਸੀ ਹਾਸਲ ਕਰਨ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੜਕੀ ਪ੍ਰਾਜੈਕਟਾਂ ਨਾਲ ਸੂਬੇ ਦੇ ਕਿਸਾਨਾਂ ਨੂੰ ਮੁਆਵਜ਼ੇ ਦੇ ਰੂਪ ਵਿੱਚ 15 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਮਿਲਣੀ ਹੈ ਅਤੇ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਦੀਆਂ ਸੜਕਾਂ ਦੀ ਉਸਾਰੀ ਹੋਣੀ ਹੈ। ਇਨ੍ਹਾਂ ਨਵੀਆਂ ਸੜਕਾਂ ਨਾਲ ਸੂਬੇ ਵਿੱਚ ਵਿਕਾਸ ਦੀ ਰਫਤਾਰ ਹੋਰ ਤੇਜ਼ ਹੋਵੇਗੀ ਅਤੇ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲੇਗਾ। ਮੀਟਿੰਗ ਵਿਚ ਦਿੱਲੀ-ਅੰਮਿ੍ਰਤਸਰ-ਕੱਟੜਾ ਐਕਸਪ੍ਰੈਸ ਵੇਅ ਤੋਂ ਇਲਾਵਾ ਅੰਮਿ੍ਰਤਸਰ-ਬਠਿੰਡਾ, ਲੁਧਿਆਣਾ-ਬਠਿੰਡਾ, ਮੁਹਾਲੀ-ਬਠਿੰਡਾ ਅਤੇ ਲੁਧਿਆਣਾ-ਰੋਪੜ, ਜਲੰਧਰ ਬਾਈਪਾਸ, ਅੰਮਿ੍ਰਤਸਰ ਬਾਈਪਾਸ, ਮੁਹਾਲੀ ਬਾਈਪਾਸ, ਲੁਧਿਆਣਾ ਬਾਈਪਾਸ ਅਤੇ ਹੋਰ ਸੜਕੀ ਪ੍ਰਾਜੈਕਟਾਂ ਦੀ ਪ੍ਰਗਤੀ ਬਾਰੇ ਵੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਐਨ.ਐਚ.ਏ.ਆਈ. ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਉਦਯੋਗ ਦਲੀਪ ਕੁਮਾਰ, ਡੀਜੀਪੀ ਗੌਰਵ ਯਾਦਵ, ਸੀਈਓ ਇਨਵੈਸਟ ਪੰਜਾਬ ਕਮਲ ਕਿਸ਼ੋਰ ਯਾਦਵ, ਲੋਕ ਨਿਰਮਾਣ ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ, ਮਾਲ ਵਿਭਾਗ ਦੇ ਸਕੱਤਰ ਦਿਲਰਾਜ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Our Visitor

1906066