Saturday, May 16, 2026
Home Blog Page 2411

ਸਮਰਹਿੱਲ ਕਾੱਨਵੈਂਟ ਸਕੂਲ ਵਿੱਚ ਜਨਮ ਅਸਟਮੀ ਧੂਮਧਾਮ ਨਾਲ ਮਨਾਈ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਅਗਸਤ : ਸਥਾਨਕ ਸਮਰਹਿੱਲ ਕਾੱਨਵੈਂਟ ਸਕੂਲ ਵਿੱਚ ਜਨਮ ਅਸਟਮੀ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਸਕੂਲ ਵਿਚ ਕਰਵਾਏ ਗਏ ਸਮਾਗਮ ਦੌਰਾਨ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਹਿੱਸਾ ਲਿਆ। ਸਕੂਲ ਦੇ ਐੱਲ. ਕੇ.ਜੀ, ਅਤੇ ਯੂ. ਕੇ. ਜੀ ਦੇ ਨੰਨੇ-ਮੁੰਨੇ ਬੱਚੇ ਰਾਧਾ – ਕਿ੍ਰਸਨ ਦੇ ਰੂਪ ਵਿੱਚ ਨਜ਼ਰ ਆਏ। ਸਮਾਗਮ ਦੌਰਾਨ ਬੱਚਿਆਂ ਨੇ ਸ਼੍ਰੀ ਕਿ੍ਰਸ਼ਨ ਦੇ ਜਨਮ ਤੋਂ ਲੈ ਕੇ ਬਾਲ ਲੀਲਾਵਾਂ ਦੀਆਂ ਝਾਕੀਆਂ ਪੇਸ਼ ਕੀਤੀਆ। ਇਸ ਦੌਰਾਨ ਸਕੂਲ ਦੇ ਐੱਮ. ਡੀ. ਰਮੇਸ ਕੁਮਾਰੀ ਨੇ ਸਕੂਲ ਦੇ ਸਮੂਹ ਸਟਾਫ਼ ਤੇ ਬੱਚਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਅਤੇ ਬੱਚਿਆਂ ਵਲੋਂ ਸਮਾਗਮ ਦੌਰਾਨ ਪੇਸ਼ ਕੀਤੀਆਂ ਝਾਕੀਆਂ ਦੀ ਸਲਾਘਾ ਕੀਤੀ।

ਸੂਰ ਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਪੰਜਾਬ ਸਰਕਾਰ ਕਲਿੰਗ ਲਈ ਦੇਵੇਗੀ ਮੁਆਵਜ਼ਾ: ਲਾਲਜੀਤ ਸਿੰਘ ਭੁੱਲਰ

0

ਕਿਹਾ, ਅਫ਼ਰੀਕਨ ਸਵਾਈਨ ਫ਼ੀਵਰ ਦੇ ਫ਼ੈਲਾਅ ਨੂੰ ਰੋਕਣ ਲਈ ਬੀਮਾਰੀ ਦੇ ਇੱਕ ਕਿਲੋਮੀਟਰ ਦਾਇਰੇ ‘ਚ ਕਲਿੰਗ ਜਰੂਰੀ
ਤਿੰਨ ਵੈਟਰਨਰੀ ਅਫਸਰ ਤੁਰੰਤ ਪ੍ਰਭਾਵ ਨਾਲ ਡਿਪਟੀ ਡਾਇਰੈਕਟਰ ਪਟਿਆਲਾ ਨਾਲ ਤੈਨਾਤ ਕੀਤੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਅਗਸਤ: ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬੇ ਦੇ ਸੂਰ ਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਸੂਰ ਕਲਿੰਗ ਲਈ ਬਣਦਾ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਔਖੀ ਘੜੀ ‘ਚ ਸੂਰ ਪਾਲਕਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਜਿਲ੍ਹੇ ਵਿੱਚ ਦੋ ਥਾਵਾਂ ‘ਤੇ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਹੋਈ ਹੈ ਅਤੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਬੀਮਾਰੀ ਦੇ ਕੇਂਦਰ ਤੋਂ ਇੱਕ ਕਿਲੋਮੀਟਰ ਦੇ ਦਾਇਰੇ ‘ਚ ਸੂਰਾਂ ਦੀ ਕਲਿੰਗ ਜਰੂਰੀ ਹੈ, ਨਹੀਂ ਤਾਂ ਇਹ ਬੀਮਾਰੀ ਭਿਆਨਕ ਰੂਪ ਧਾਰ ਸਕਦੀ ਹੈ।ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਇਸ ਬੀਮਾਰੀ ਦੀ ਮੌਤ ਦਰ 100 ਫੀਸਦੀ ਤੱਕ ਹੋ ਸਕਦੀ ਹੈ ਅਤੇ ਇੱਕ ਵਾਰ ਸੂਰ ਦੇ ਪ੍ਰਭਾਵਤ ਹੋਣ ‘ਤੇ ਕੁਝ ਦਿਨਾਂ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਮੁਤਾਬਕ ਸਿਰਫ ਵਿਭਾਗ ਵੱਲੋਂ ਕੀਤੀ ਗਈ ਕਲਿੰਗ ਲਈ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਸੂਰ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਨੂੰ ਸਹਿਯੋਗ ਦੇਣ ਤਾਂ ਜੋ ਬੀਮਾਰੀ ਦੇ ਫ਼ੈਲਾਅ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨੀਤੀ ਤਹਿਤ ਪ੍ਰਭਾਵਿਤ ਖੇਤਰ ਵਿੱਚ ਸੂਰਾਂ ਦੀ ਨਸ਼ਟ ਕੀਤੀ ਗਈ ਖੁਰਾਕ ਦਾ ਮੁਆਵਜ਼ਾ ਵੀ ਸੂਰ ਪਾਲਕਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਉਚੇਚੇ ਤੌਰ ‘ਤੇ ਕਿਹਾ ਕਿ ਅਫਰੀਕਨ ਸਵਾਈਨ ਫੀਵਰ ਪਸ਼ੂਆਂ ਤੋਂ ਮਨੁੱਖਾਂ ਵਿੱਚ ਨਹੀਂ ਫੈਲਦਾ। ਇਸ ਲਈ ਮਨੁੱਖ ਜਾਂ ਹੋਰ ਪਸੂਆਂ ਨੂੰ ਇਸ ਤੋਂ ਲਾਗ ਲੱਗਣ ਦਾ ਕੋਈ ਡਰ ਨਹੀਂ। ਮੰਤਰੀ ਨੇ ਦੱਸਿਆ ਕਿ ਇਸ ਲਾਗ ਦੀ ਬੀਮਾਰੀ “ਅਫਰੀਕਨ ਸਵਾਈਨ ਫੀਵਰ“ ਨੂੰ ਹੋਰ ਫੈਲਣ ਤੋਂ ਰੋਕਣ, ਅਗਾਊਂ ਇਹਤਿਆਤ ਅਤੇ ਲੋੜੀਂਦੀ ਸਹਾਇਤਾ ਲਈ ਤਿੰਨ ਵੈਟਰਨਰੀ ਅਫਸਰਾਂ ਨੂੰ ਜ?ਿਲ੍ਹਾ ਪਟਿਆਲਾ ਵਿਖੇ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੈਟਰਨਰੀ ਅਫਸਰ ਡਾ. ਸਿਮਰਤ ਸਿੰਘ, ਡਾ. ਆਨੰਦ ਕੁਮਾਰ ਜੈਸਵਾਲ ਅਤੇ ਡਾ. ਭੁਪਿੰਦਰ ਸਿੰਘ ਨੂੰ ਤੁਰੰਤ ਦਫਤਰ ਡਿਪਟੀ ਡਾਇਰੈਕਟਰ ਪਸੂ ਪਾਲਣ ਪਟਿਆਲਾ ਵਿਖੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਲੰਪੀ ਸਕਿੱਨ ਕਾਰਨ ਮਰਨ ਵਾਲੇ ਦੁਧਾਰੂ ਪਸ਼ੂਆਂ ਦੇ ਬਦਲੇ ਪੰਜਾਬ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇ : ਸੁਖਬੀਰ ਸਿੰਘ ਬਾਦਲ

0

ਹੈਰਾਨੀ ਪ੍ਰਗਟਾਈ ਕਿ ਸਰਕਾਰ ਨੇ ਬਿਮਾਰੀ ’ਤੇ ਕਾਬੂ ਪਾਉਣ ਲਈ ਦਵਾਈਆਂ ਦੀ ਖਰੀਦ ਵਾਸਤੇ ਪਸ਼ੂ ਪਾਲਣ ਵਿਭਾਗ ਨੂੰ ਫੰਡ ਜਾਰੀ ਨਹੀਂ ਕੀਤੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਲੰਪੀ ਚਮੜੀ ਰੋਗ ਦੇ ਕਾਰਨ ਜਿਹੜੇ ਡੇਅਰੀ ਕਿਸਾਨਾਂ ਦੇ ਦੁਧਾਰੂ ਪਸ਼ੂ ਮਰੇ ਹਨ, ਉਹਨਾਂ ਨੂੰ ਪ੍ਰਤੀ ਪਸ਼ੂ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਉਹਨਾਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਬਿਮਾਰੀ ਨੂੰ ਕਾਬੂ ਕਰਨ ਦੀ ਜ਼ਿੰਮੇਵਾਰੀ ਪਿੰਡਾਂ ਦੀਆਂ ਪੰਚਾਇਤਾਂ ’ਤੇ ਪਾਉਣ ਦੀ ਥਾਂ ਆਪਣੇ ਸਿਰ ’ਤੇ ਲੈਣ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੁਲਾਈ ਤੋਂ ਹੁਣ ਤੱਕ ਹਜ਼ਾਰਾਂ ਪਸ਼ੂ ਲੰਪੀ ਚਮੜੀ ਰੋਗ ਕਾਰਨ ਮਾਰੇ ਗਏ ਹਨ ਪਰ ਆਪ ਸਰਕਾਰ ਹਾਲੇ ਵੀ ਪ੍ਰਾਪੇਗੰਡੇ ਤੇ ਇਸ਼ਤਿਹਾਰਾਂ ਵਿਚ ਲੱਗੀ ਹੈ। ਉਹਨਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਡੇਅਰੀ ਕਿਸਾਨਾਂ ਦੀ ਮਦਦ ਕਰਨ ਵਾਸਤੇ ਕੋਈ ਠੋਸ ਕਦਮ ਨਹੀਂ ਚੁੱਕੇ ਤੇ ਨਾ ਹੀ ਉਹਨਾਂ ਨੂੰ ਮਰੇ ਪਸ਼ੂਆਂ ਦਾ ਕੋਈ ਮੁਆਵਜ਼ਾ ਮਿਲਿਆ ਤੇ ਨਾ ਹੀ ਬਿਮਾਰੀ ਦਾ ਪਸਾਰ ਰੋਕਣ ਦਾ ਉਪਰਾਲਾ ਕੀਤਾ ਗਿਆ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਬਿਮਾਰੀ ਕਾਰਨ 40 ਹਜ਼ਾਰ ਪਸ਼ੂ ਮਰ ਗਏ ਹਨ ਪਰ ਸਰਕਾਰ ਨੂੰ ਹਾਲੇ ਤੱਕ ਅਸਲ ਗਿਣਤੀ ਨਹੀਂ ਪਤਾ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਸ ਮਾਰੂ ਬਿਮਾਰੀ ਕਾਰਨ 75 ਹਜ਼ਾਰ ਰੁਪਏ ਤੋਂ ਸਵਾ ਲੱਖ ਰੁਪਏ ਤੱਕ ਪ੍ਰਤੀ ਪਸ਼ੂ ਦਾ ਨੁਕਸਾਨ ਹੋਇਆ ਹੈ ਤੇ ਇਸ ਬਿਮਾਰੀ ਕਾਰਨ ਡੇਅਰੀ ਸੈਕਟਰ ਡਾਵਾਂਡੋਲ ਹੋ ਗਿਆ ਹੈ ਤੇ ਇਸਦਾ ਨਤੀਜਾ ਇਹ ਹੋਵੇਗਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਫਸਲੀ ਵਿਭਿੰਨਤਾ ਦੇ ਕੀਤੇ ਜਾ ਰਹੇ ਯਤਨਾਂ ਨੂੰ ਢਾਹ ਵੱਜੇਗੀ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਸਰਕਾਰ ਨੇ ਹਾਲੇ ਤੱਕ ਡੇਅਰੀ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ।ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਤਾਂ ਬਿਮਾਰੀ ਨਾਲ ਨਜਿੱਠਣ ਲਈ ਪਸ਼ੂ ਪਾਲਣ ਵਿਭਾਗ ਨੂੰ ਫੰਡ ਵੀ ਜਾਰੀ ਨਹੀਂ ਕੀਤੇ। ਉਹਨਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਇਹ ਰਿਪੋਰਟ ਆਈ ਹੈ ਕਿ ਪਸ਼ੂ ਪਾਲਣ ਵਿਭਾਗ ਨੂੰ ਕੋਈ ਫੰਡ ਨਹੀਂ ਮਿਲੇ, ਇਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਹੈ ਕਿ ਉਹ ਲੰਪੀ ਚਮੜੀ ਰੋਗ ਨਾਲ ਨਜਿੱਠਣ ਵਾਸਤੇ ਦਵਾਈਆਂ ਦੀ ਖਰੀਦ ਲਈ ਪੈਸੇ ਦੇਣ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਨੇ 37 ਕਰੋੜ ਰੁਪਏ ਦੋ ਮਹੀਨਿਆਂ ਵਿਚ ਹੀ ਇਸ਼ਤਿਹਾਰਾਂ ’ਤੇ ਖਰਚ ਕਰ ਦਿੱਤੇ ਹਨ ਪਰ ਬਿਮਾਰੀ ਨਾਲ ਨਜਿੱਠਣ ਲਈ ਦਵਾਈਆਂ ਦੀ ਖਰੀਦ ਵਾਸਤੇ ਪੈਸੇ ਜਾਰੀ ਕਰਨ ਤੋਂ ਔਖੀ ਮਹਿਸੂਸ ਕਰ ਰਹੀ ਹੈ।
ਡੇਅਰੀ ਸੈਕਟਰ ਦੀ ਗੱਲ ਕਰਦਿਆਂ ਸ: ਬਾਦਲ ਨੇ ਕਿਹਾ ਕਿ ਇਸ ਸੈਕਟਰ ਅਤੇ ਕਿਸਾਨਾਂ ਪ੍ਰਤੀ ਆਪ ਸਰਕਾਰ ਦੀ ਸੰਜੀਦਗੀ ਦਾ ਪਤਾ ਇਥੋਂ ਹੀ ਲੱਗਦਾ ਹੈ ਕਿ ਇਹ ਵਿਧਾਨ ਸਭਾ ਵਿਚ ਕੀਤਾ ਵਾਅਦਾ ਪੂਰਾ ਨਹੀਂ ਕਰ ਸਕੀ ਕਿ ਮਿਲਕਫੈਡ ਵੱਲੋਂ ਦੁੱਧ ਦੀ ਖਰੀਦ ਦਾ ਰੇਟ ਵਧਾ ਕੇ 55 ਪ੍ਰਤੀ ਕਿਲੋ ਫੈਟ ਕੀਤਾ ਜਾਵੇਗਾ ਤੇ 20 ਰੁਪਏ ਪ੍ਰਤੀ ਕਿਲੋ ਫੈਟ ਦੀ ਕੀਮਤ ਸਰਕਾਰ ਅਦਾ ਕਰੇਗੀ ਤਾਂ ਜੋ ਆਮ ਆਦਮੀ ’ਤੇ ਬੋਝ ਨਾ ਪਵੇ। ਉਹਨਾਂ ਕਿਹਾ ਕਿ ਕਿਸਾਨਾਂ ਪ੍ਰਤੀ ਇਸ ਰਵੱਈਏ ਨੇ ਸਾਰੇ ਸੈਕਟਰ ਨੂੰ ਸੰਕਟ ਵਿਚ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਉਹ ਮੂੰਗੀ ਬੀਜਣ ਅਤੇ ਸਰਕਾਰ ਇਸਨੂੰ 7275 ਰੁਪਏ ਪ੍ਰਤੀ ਕੁਇੰਟਲ ਐਮ ਐਸ ਪੀ ’ਤੇ ਖਰੀਦੇਗੀ ਪਰ ਸਰਕਾਰ ਵਾਅਦੇ ਤੋਂ ਮੁਕਰ ਗਈ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਲਾਈ ਮੂੰਗੀ ਵਿਚੋਂ ਸਿਰਫ 10 ਫੀਸਦੀ ਦੀ ਖਰੀਦ ਐਮ ਐਸ ਪੀ ’ਤੇ ਹੋਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪਿਛਲੇ ਮਹੀਨੇ ਬਰਸਾਤਾਂ ਕਾਰਨ ਖੜ੍ਹੀ ਝੋਨੇ ਦੀ ਫਸਲ ਅਤੇ ਕਿੰਨੂਆਂ ਦੇ ਬਾਗਾਂ ਦੇ ਹੋਏ ਨੁਕਸਾਨ ਦਾ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ।

ਐਡਵਾਂਸਡ ਕੈਂਸਰ ਇੰਸਟੀਚਿਊਟ ਵਾਸਤੇ ਮੁੱਖ ਮੰਤਰੀ ਤੁਰੰਤ ਫੰਡ ਜਾਰੀ ਕਰਨ : ਹਰਸਿਮਰਤ ਕੌਰ ਬਾਦਲ

0

ਹੈਰਾਨੀ ਪ੍ਰਗਟਾਈ ਕਿ ਡਾਇਗਨੋਸਟਿਕ ਮਸ਼ੀਨਾਂ ਦੀ ਰਿਪੇਅਰ ਨਹੀਂ ਕਰਵਾਈ ਤੇ ਅਲਟਰਾਸਾਉਂਡ ਟੈਸਟ ਵਾਸਤੇ ਸਪੈਸ਼ਲਿਸਟ ਵੀ ਤਾਇਨਾਤ ਨਹੀਂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਅਗਸਤ : ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਐਡਵਾਂਸਡ ਕੈਂਸਰ ਇੰਸਟੀਚਿਊਟ ਕਮ ਹਸਪਤਾਲ ਬਠਿੰਡਾ ਵਿਚ ਡਾਇਗਨੋਸਟਿਕ ਮਸ਼ੀਨਾਂ ਦੀ ਮੁਰੰਮਤ ਵਾਸਤੇ ਤੁਰੰਤ ਫੰਡ ਜਾਰੀ ਕਰਨ ਅਤੇ ਇਥੇ ਸਪੈਸ਼ਲਿਸਟ ਤਾਇਨਾਤ ਕੀਤਾ ਜਾਵੇ ਜੋ ਇਹ ਮਸ਼ੀਨਾਂ ਚਲਾ ਸਕੇ ਅਤੇ ਕਿਹਾ ਕਿ ਸਾਰੇ ਖਿੱਤੇ ਦੇ ਕੈਂਸਰ ਮਰੀਜ਼ ਆਮ ਆਦਮੀ ਪਾਰਟੀ ਸਰਕਾਰ ਦੇ ਬੇਰੁਖੀ ਵਾਲੇ ਰਵੱਈਏ ਕਾਰਨ ਮੁਸ਼ਕਿਲਾਂ ਝੱਲ ਰਹੀ ਹੈ। ਬੀਬੀ ਬਾਦਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਇੰਸਟੀਚਿਊਟ ਵਿਚ ਮੈਮੋਗ੍ਰਾਫੀ ਅਤੇ ਓ ਪੀ ਜੀ ਦੰਦ ਅਤੇ ਜਬਾੜਾ ਟੈਸਟ ਕਰਨ ਵਾਲੀਆਂ ਮਸ਼ੀਨਾਂ ਹੀ ਕੰਮ ਨਹੀਂ ਕਰਦੀਆਂ ਜਿਸ ਕਾਰਨ ਕੈਂਸਰ ਮਰੀਜ਼ਾਂ ਨੂੰ ਮੋੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਕੈਂਸਰ ਮਰੀਜ਼ਾਂ ਦੀ ਜਾਨ ਨਾਲ ਖੇਡਣ ਬਰਾਬਰ ਹੈ। ਉਹਨਾਂ ਕਿਹਾ ਕਿ ਛੇਤੀ ਡਾਇਗਨੋਸਿਸ ਹੀ ਕੈਂਸਰ ਦੇ ਇਲਾਜ ਵਾਸਤੇ ਸਹਾਈ ਹੁੰਦੀ ਹੈ ਤੇ ਗਰੀਬ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗੇ ਟੈਸਟ ਨਹੀਂ ਕਰਵਾ ਸਕਦੇ। ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਜਿਸ ਢਿੱਲੇ ਮੱਠੇ ਰਵੱਈਏ ਨਾਲ ਸਿਹਤ ਖੇਤਰ ਚਲਾਇਆ ਜਾ ਰਿਹਾ ਹੈ, ਉਸਦਾ ਪਤਾ ਇਥੋਂ ਵੀ ਲੱਗਦਾ ਹੈ ਕਿ ਇੰਸਟੀਚਿਊਟ ਕੋਲ ਅਲਟਰਾਸਾਉਂਡ ਮਸ਼ੀਨ ਹੈ ਪਰ ਰੇਡੀਓਲੋਜਿਸਟ ਨਾ ਹੋਣ ਕਾਰਨ ਟੈਸਟ ਨਹੀਂ ਕੀਤੇ ਜਾ ਰਹੇ। ਉਹਨਾਂ ਕਿਹਾ ਕਿ ਕੈਂਸਰ ਇੰਸਟੀਚਿਊਟ ਵਿਚ ਇਥੋਂ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਅਤੇ ਰਾਜਸਥਾਨ ਤੋਂ ਵੀ ਮਰੀਜ਼ ਆਉਂਦੇ ਹਨ ਅਤੇ ਇਹ ਸਾਰੇ ਮਰੀਜ਼ ਖੱਜਲ ਖੁਆਰ ਹੋ ਰਹੇ ਹਨ ਤੇ ਇਹਨਾਂ ਨੂੰ ਵਿਸ਼ੇਸ਼ ਮੈਡੀਕਲ ਸੰਭਾਲ ਦੀ ਸਹੂਲਤ ਵੀ ਨਹੀਂ ਮਿਲ ਰਹੀ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਝੂਠਾਂ ਦੇ ਸਿਰ ਚਲ ਰਹੀ ਹੈ ਤੇ ਪਹਿਲਾਂ ਸਿਹਤ ਮੰਤਰੀ ਸ੍ਰੀ ਚੇਤਨ ਸਿੰਘ ਜੋੜਾਮਾਜਰਾ ਨੇ ਸਿਹਤ ਖੇਤਰ ਵਾਸਤੇ ਫੰਡ ਜਾਰੀ ਕਰਨ ਵਿਚ ਆਪਣੀ ਸਰਕਾਰ ਦੀ ਨਾਕਾਮੀ ’ਤੇ ਪਰਦਾ ਪਾਉਣ ਵਾਸਤੇ ਤੇ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਸਾਬਕਾ ਵੀ ਸੀ ਡਾ. ਰਾਜ ਬਹਾਦਰ ਨਾਲ ਜਨਤਕ ਤੌਰ ’ਤੇ ਬਦਸਲੂਕੀ ਕੀਤੀ। ਉਹਨਾਂ ਕਿਹਾ ਕਿ ਇਕ ਪਾਸੇ ਆਪ ਸਰਕਾਰ ਹਸਪਤਾਲਾਂ ਵਾਸਤੇ ਫੰਡ ਜਾਰੀ ਨਹੀਂ ਕਰ ਰਹੀ ਤੇ ਦੂਜੇ ਪਾਸੇ ਇਸਦੇ ਮੰਤਰੀ ਤੇ ਵਿਧਾਇਕ ਹਸਪਤਾਲਾਂ ਵਿਚ ਡਾਕਟਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਨਾਲ ਮੈਡੀਕਲ ਸਪੈਸ਼ਲਿਸਟਾਂ ਦੇ ਹੌਂਸਲੇ ਪਸਤ ਹੁੰੇਦ ਹਨ ਤੇ ਇਹਨਾਂ ਵਿਚੋਂ ਕਈਆਂ ਨੇ ਤਾਂ ਅਸਤੀਫੇ ਵੀ ਦੇ ਦਿੱਤੇ ਹਨ। ਬੀਬੀ ਬਾਦਲ ਨੇ ਆਪ ਸਰਕਾਰ ਨੂੰ ਕਿਹਾ ਕਿ ਉਹ ਆਪਣਾ ਕੰਮ ਦਰੁੱਸਤ ਕਰੇ। ਉਹਨਾਂ ਇਹ ਵੀ ਮੰਗ ਕੀਤੀ ਕਿ ਐਡਵਾਂਸਡ ਕੈਂਸਰ ਹਸਪਤਾਲ ਵਿਚ ਇਕ ਪੀ ਈ ਟੀ ਮਸ਼ੀਨ ਵੀ ਲਗਾਈ ਜਾਵੇ ਕਿਉਂਕਿ ਮਰੀਜ਼ਾਂ ਨੁੰ ਇਹ ਟੈਸਟ ਪ੍ਰਾਈਵੇਟ ਸੈਕਟਰ ਤੋਂ ਕਰਾਉਣਾ ਬਹੁਤ ਔਖਾ ਲੱਗ ਰਿਹਾ ਹੈ।

ਦੋ ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਉਣ ਵਾਲੀ ਪਤਨੀ ਨੇ ਕੀਤਾ ਪਤੀ ਦਾ ਕਤਲ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਅਗਸਤ: ਜ਼ਿਲ੍ਹੇ ਦੇ ਡੱਬਵਾਲੀ ਰੋਡ ’ਤੇ ਪੈਂਦੇ ਪਿੰਡ ਗਹਿਰੀ ਬੁੱਟਰ ਵਿਖੇ ਇੱਕ ਪਤਨੀ ਵੱਲੋਂ ਅਪਣੇਪਤੀ ਦੀ ਹੱਤਿਆ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਕਥਿਤ ਕਾਤਲ ਨੇ ਕਰੀਬ ਦੋ ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ ਪ੍ਰੰਤੂ ਹੁਣ ਇਹ ਕਾਰਾ ਦਿੱਤਾ। ਪੁਲਿਸ ਅਧਿਕਾਰੀਆਂ ਮੁਤਾਬਕ ਘਟਨਾ ਤੋਂ ਬਾਅਦ ਪਤਨੀ ਫ਼ਰਾਰ ਹੋ ਗਈ ਹੈ, ਜਿਸਦੇ ਵਿਰੁਧ ਕਤਲ ਦਾ ਮੁਕੱਦਮਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿ੍ਰਤਕ ਨੌਜਵਾਨ ਦੀ ਪਹਿਚਾਣ 23 ਸਾਲਾਂ ਸੰਦੀਪ ਸਿੰਘ ਪੁੱਤਰ ਜਗਦੀਪ ਸਿੰਘ ਵਾਸੀ ਗਹਿਰੀ ਬੁੱਟਰ ਵਜੋਂ ਹੋਈ ਹੈ। ਜਦੋਂਕਿ ਕਥਿਤ ਕਾਤਲ ਪਤਨੀ ਦੀ ਪਹਿਚਾਣ ਸਰਸਵਤੀ ਵਾਸੀ ਉੜੀਸਾ ਹਾਲ ਆਬਾਦੀ ਗਹਿਰੀ ਬੁੱਟਰ ਵਜੋਂ ਹੋਈ ਹੈ। ਪਿੰਡ ਦੇ ਲੋਕਾਂ ਮੁਤਾਬਕ ਇੱਕ ਫੈਕਟਰੀ ਵਿਚ ਮਜ਼ਦੂਰੀ ਕਰਨ ਵਾਲੇ ਸੰਦੀਪ ਸਿੰਘ ਨਾਲ ਹੀ ਸਰਸਵਤੀ ਕੰਮ ਕਰਦੀ ਸੀ, ਜਿਸਦੇ ਨਾਲ ਉਸਨੇ ਵਿਆਹ ਕਰਵਾ ਕੇ ਉਸਨੂੰ ਅਪਣੇ ਨਾਲ ਪਿੰਡ ਗਹਿਰੀ ਬੁੱਟਰ ਲੈ ਆਂਦਾ ਸੀ। ਮਿ੍ਰਤਕ ਦੇ ਭਰਾ ਲਵਦੀਪ ਸਿੰਘ ਵਲੋਂ ਪੁਲਿਸ ਕੋਲ ਦਿੱਤੇ ਬਿਆਨਾਂ ਮੁਤਾਬਕ ਔਰਤ ਨੇ ਲੰਘੀ ਰਾਤ ਪਹਿਲਾਂ ਉਸਦੇ ਭਰਾ ਨੂੰ ਨੀਂਦ ਵਾਲੀ ਗੋਲੀਆਂ ਦੇ ਦਿੱਤੀਆਂ ਤੇ ਉਸਤੋਂ ਬਾਅਦ ਉਸਨੂੰ ਸਾਈਕਲ ਦੀ ਚੈਨ ਮਾਰ ਮਾਰ ਕੇ ਕਤਲ ਕਰ ਦਿੱਤਾ। ਜਿਸਤੋਂ ਬਾਅਦ ਉਸ ਦੀ ਭਰਜਾਈ ਮੌਕੇ ਤੋਂ ਫ਼ਰਾਰ ਹੋ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਸਰਕਾਰੀ ਨੌਕਰੀ ਨਾਲ ਕੈਨੇਡਾ ਦੀ ਪੀਆਰ ਰੱਖਣ ਵਾਲਾ ਡਿਪਟੀ ਡਾਇਰੈਕਟਰ ਸਿੰਗਲਾ ਬਰਖਾਸਤ

0

ਸੰਵਿਧਾਨਕ ਕਦਰਾਂ ਕੀਮਤਾਂ ਨਾਲ ਛੇੜਛਾੜ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਲਾਲ ਚੰਦ ਕਟਾਰੂਚੱਕ
ਨੌਕਰੀ ਵਿੱਚ ਹੁੰਦਿਆਂ ਵਿਦੇਸ਼ੀ ਮੁਲਕ ਦੀ ਪੀ. ਆਰ. ਲੈਣਾ ਸਰਕਾਰੀ ਨਿਯਮਾਂ ਦੀ ਘੋਰ ਉਲੰਘਣਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਅਗਸਤ : ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਵਿਭਾਗ ਦੇ ਇੱਕ ਅਧਿਕਾਰੀ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਨੂੰ ਆਪਣੇ ਫਰਜ ਵਿੱਚ ਕੁਤਾਹੀ ਕਰਨ ਅਤੇ ਜਰੂਰੀ ਤੱਥ ਲੁਕਾਉਣ ਕਾਰਨ ਬਰਖਾਸਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਅਧਿਕਾਰੀ ਨੇ ਪੰਜਾਬ ਸਿਵਲ ਸਰਵਿਸਿਜ ਰੂਲਜ, 1970 ਦੀ ਘੋਰ ਉਲੰਘਣਾ ਕਰਦੇ ਹੋਏ ਇਹ ਤੱਥ ਸਰਕਾਰ ਤੋਂ ਲੁਕਾਇਆ ਕਿ ਉਸਨੇ ਸਾਲ 2006 ਤੋਂ ਕੈਨੇਡਾ ਦੀ ਪੀ. ਆਰ. ਹਾਸਿਲ ਕੀਤੀ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਪਰੋਕਤ ਅਧਿਕਾਰੀ ਨੂੰ ਸਾਲ 2017 ਵਿੱਚ ਚਾਰਜਸ਼ੀਟ ਕੀਤਾ ਗਿਆ ਸੀ ਅਤੇ ਜਨਵਰੀ 29, 2019 ਨੂੰ ਦੋਸ਼ ਸਿੱਧ ਹੋ ਗਏ ਸਨ। ਸ੍ਰੀ ਕਟਾਰੂਚੱਕ ਨੇ ਇਹ ਵੀ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਇੱਕ ਸੇਵਾਮੁਕਤ ਜੱਜ ਅਤੇ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਉਕਤ ਅਧਿਕਾਰੀ ਨੂੰ ਦੋਸ਼ਾਂ ਦੀ ਕਾਪੀ ਮੁਹੱਈਆ ਕਰਵਾਈ ਗਈ ਸੀ ਅਤੇ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ ਪਰ ਇਹ ਅਧਿਕਾਰੀ ਸੁਣਵਾਈ ਵਿੱਚ ਸਾਮਿਲ ਨਹੀਂ ਹੋਇਆ। ਇਸ ਦੇ ਮੱਦੇਨਜ਼ਰ ਉਕਤ ਅਧਿਕਾਰੀ ਨੂੰ ਅੱਜ ਬਰਖਾਸਤ ਕਰ ਦਿੱਤਾ ਗਿਆ ਹੈ।

ਲਖੀਮਪੁਰ ’ਚ ਤਿੰਨ ਰੋਜ਼ਾ ਕਿਸਾਨ ਧਰਨਾ ਸਮਾਪਤ, 6 ਸਤੰਬਰ ਕਿਸਾਨ ਕਰਨਗੇ ਦਿੱਲੀ ’ਚ ਮੀਟਿੰਗ

ਪੰਜਾਬੀ ਖ਼ਬਰਸਾਰ ਬਿਉਰੋ
ਲਖੀਮਪੁਰ ਖ਼ੀਰੀ, 20 ਅਗਸਤ: ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਬਰਖ਼ਾਸਤ ਕਰਨ ਅਤੇ ਬਕਾਇਆ ਕਿਸਾਨ ਮੰਗਾਂ ਨੂੰ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਉਤਰ ਪ੍ਰਦੇਸ ਦੇ ਲਖੀਮਪੁਰ ਖ਼ੀਰੀ ’ਚ ਦਿੱਤੇ ਤਿੰਨ ਰੋਜ਼ਾ ਧਰਨੇ ਦੇ ਸੱਦੇ ਤਹਿਤ ਲੱਗਿਆ ਧਰਨਾ ਅੱਜ ਸਮਾਪਤ ਹੋ ਗਿਆ। ਇਸ ਦੌਰਾਨ ਮੋਰਚੇ ਦੇ ਆਗੂਆਂ ਨੇ ਅਗਲੀ ਰਣਨੀਤੀ ਵਿਉਤਣ ਲਈ 6 ਸਤੰਬਰ ਨੂੰ ਦਿੱਲੀ ਵਿੱਚ ਮੀਟਿੰਗ ਕਰਨ ਦਾ ਫੈਸਲਾ ਲਿਆ। ਇਸਤੋਂ ਇਲਾਵਾ ਇੱਥੋਂ ਦੇ ਅਧਿਕਾਰੀਆਂ ਨੇ ਵੀ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਕੋਲੋ ਮੰਗ ਪੱਤਰ ਲਿਆ। ਜਿਸਤੋਂ ਬਾਅਦ ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨ ਆਗੂਆਂ ਦੀ ਸਰਕਾਰ ਨਾਲ ਮੀਟਿੰਗ ਕਰਵਾਈ ਜਾਵੇਗੀ। ਉਧਰ ਅੱਜ ਧਰਨੇ ਦੇ ਆਖ਼ਰੀ ਦਿਨ ਕਿਸਾਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਕੇ ਉਸ ਨੂੰ ਗਿ੍ਰਫਤਾਰ ਕਰਨ ਦੀ ਮੰਗ ਲਈ ਜੋਰਦਾਰ ਨਾਅਰੇਬਾਜੀ ਕੀਤੀ। ਇਸੇ ਤਰ੍ਹਾਂ ਇਸ ਕੇਸ ਵਿਚ ਜੇਲ ਭੇਜੇ ਕਿਸਾਨਾਂ ਵਿਰੁਧ ਦਰਜ ਮਕੁੱਦਮੇ ਵਾਪਸ ਲੈਣ ਅਤੇ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਵੀ ਕੀਤੀ। ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਆਗੂਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜੋਗਿੰਦਰ ਸਿੰਘ ਉਗਰਾਹਾਂ, ਕ੍ਰਾਂਤੀਕਾਰੀ ਦੇ ਡਾ. ਦਰਸਨਪਾਲ, ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਲੱਖੋਵਾਲ ਦੇ ਸੂਬਾ ਆਗੂ ਪ੍ਰਸੋਤਮ ਸਿੰਘ ਗਿੱਲ ਆਦਿ ਹਾਜ਼ਰ ਰਹੇ।

ਅਮਨ ਅਰੋੜਾ ਨੇ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 37ਵੀਂ ਬਰਸੀ ਮੌਕੇ ਖੂਨਦਾਨ ਕਰਕੇ ਦਿੱਤੀ ਸ਼ਰਧਾਂਜਲੀ

0

ਲੌਂਗੋਵਾਲ ਦੇ ਕਾਇਆ ਕਲਪ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ: ਅਮਨ ਅਰੋੜਾ
ਪੰਜਾਬੀ ਖ਼ਬਰਸਾਰ ਬਿਉਰੋ
ਸੰਗਰੂਰ, 20 ਅਗਸਤ:ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 37ਵੀਂ ਬਰਸੀ ਮੌਕੇ ਅਨਾਜ ਮੰਡੀ ਲੌਂਗੋਵਾਲ ਵਿਖੇ ਆਯੋਜਿਤ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਖੁਦ ਖੂਨਦਾਨ ਕਰਕੇ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਨੂੰ ਇਹ ਸੱਚੀ ਸ਼ਰਧਾਂਜਲੀ ਹੈ ਕਿ ਸੰਤਾਂ ਦੀ ਬਰਸੀ ਮੌਕੇ ਨਿਵੇਕਲਾ ਉਪਰਾਲਾ ਕਰਦੇ ਹੋਏ ਸਿਆਸੀ ਦੂਸ਼ਣਬਾਜ਼ੀਆਂ ਅਤੇ ਫੋਕੀਆਂ ਸ਼ੋਹਰਤਾਂ ਤੋਂ ਦੂਰ ਰਹਿ ਕੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਖੂਨ ਦੀ ਘਾਟ ਕਾਰਨ ਹਸਪਤਾਲਾਂ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਨ ਵਾਲੇ ਲੋੜਵੰਦਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਖੂਨਦਾਨ ਉੱਤਮ ਦਾਨ ਹੈ ਅਤੇ ਇਸ ਤੋਂ ਵੱਡਾ ਕੋਈ ਹੋਰ ਦਾਨ ਨਹੀਂ ਹੈ।
ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਉਹ ਹਮੇਸ਼ਾਂ ਜਿਊਂਦੀਆਂ ਰਹਿੰਦੀਆਂ ਹਨ। ਸ਼੍ਰੀ ਅਰੋੜਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਤਰਫੋਂ ਸੰਤਾਂ ਦੀ ਯਾਦ ਨੂੰ ਸਮਰਪਿਤ ਇਸ ਖੂਨਦਾਨ ਕੈਂਪ ਦਾ ਮਕਸਦ ਵੀ ਮਨੁੱਖਤਾ ਦੀ ਸੇਵਾ ਹੀ ਹੈ ਜਿਸ ਰਾਹੀਂ ਇਕੱਤਰ ਹੋਣ ਵਾਲੇ ਖੂਨ ਦੀ ਇੱਕ ਇੱਕ ਬੂੰਦ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਵਿੱਚ ਸਹਾਈ ਸਾਬਤ ਹੋਵੇਗੀ।
ਇਸ ਮੌਕੇ ਸ਼੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਸਰਬਪੱਖੀ ਵਿਕਾਸ ਲਈ ਸਾਰਥਕ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਆਉਣ ਵਾਲੇ ਕੁਝ ਸਮੇਂ ਵਿੱਚ ਲੋਕਾਂ ਨੂੰ ਹਲਕਾ ਸੁਨਾਮ ਵਿਕਾਸ ਦੀਆਂ ਲੀਹਾਂ ’ਤੇ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਲੌਂਗੋਵਾਲ ਦਾ ਕਾਇਆ ਕਲਪ ਵੀ ਉਨ੍ਹਾਂ ਦੇ ਮਿੱਥੇ ਟੀਚਿਆਂ ਵਿੱਚੋਂ ਇੱਕ ਹੈ ਜਿਸ ਦੇ ਚਲਦਿਆਂ ਜਲਦੀ ਹੀ ਇਥੇ ਵੀ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ।ਅਨਾਜ ਮੰਡੀ ਲੌਂਗੋਵਾਲ ਵਿਖੇ ਆਯੋਜਿਤ ਖੂਨਦਾਨ ਕੈਂਪ ਦੌਰਾਨ ਸ਼੍ਰੀ ਅਮਨ ਅਰੋੜਾ ਨੇ ਖੂਨਦਾਨ ਕਰਨ ਵਾਲੇ ਵਾਲੰਟੀਅਰਾਂ ਨੂੰ ਸਰਟੀਫਿਕੇਟ ਪ੍ਰਦਾਨ ਕਰਦਿਆਂ ਲੋਕ ਸੇਵਾ ਦੇ ਇਸ ਮਹੱਤਵਪੂਰਨ ਕਾਰਜ ਵਿੱਚ ਖੂਨਦਾਨ ਕਰਕੇ ਆਪਣਾ ਵਿਲੱਖਣ ਯੋਗਦਾਨ ਪਾਉਣ ਲਈ ਹੌਂਸਲਾ ਅਫ਼ਜਾਈ ਕੀਤੀ। ਇਸ ਦੌਰਾਨ ਸਲਾਈਟ ਲੌਂਗੋਵਾਲ, ਨਿਰੰਕਾਰੀ ਮਿਸ਼ਨ, ਜੀਵਨ ਆਸ਼ਾ ਵੈਲਫੇਅਰ ਕਲੱਬ ਅਤੇ ਯੰਗ ਵੈਲਫੇਅਰ ਕਲੱਬ ਸਮੇਤ ਹੋਰ ਸਮਾਜ ਸੇਵੀ ਸੰਗਠਨਾਂ ਨੇ ਵੀ ਸਹਿਯੋਗ ਦਿੱਤਾ। ਵਣ ਮੰਡਲ ਸੰਗਰੂਰ ਵੱਲੋਂ ਵਿਸ਼ੇਸ਼ ਸਟਾਲ ਲਗਾ ਕੇ ਸਾਰਿਆਂ ਨੂੰ ਮੁਫ਼ਤ ਬੂਟੇ ਵੰਡੇ ਗਏ।ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ ਨਵਰੀਤ ਕੌਰ ਸੇਖੋਂ, ਸੁਤੰਤਰਤਾ ਸੰਗਰਾਮੀ ਬੀਬੀ ਸ਼ਮਿੰਦਰ ਕੌਰ ਲੌਂਗੋਵਾਲ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਸਕੱਤਰ ਰੈਡ ਕਰਾਸ ਸੁਸਾਇਟੀ ਕਿ੍ਰਸਨ ਕੁਮਾਰ ਮਿੱਤਲ ਸਮੇਤ ਵੱਡੀ ਗਿਣਤੀ ਵਿੱਚ ਵਲੰਟੀਅਰਾਂ, ਆਗੂਆਂ, ਵਰਕਰਾਂ ਤੇ ਪਤਵੰਤਿਆਂ ਨੇ ਵੀ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ।

ਮੀਤ ਹੇਅਰ ਨੇ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਖੇਡ ਵਿਭਾਗ ਤੇ ਖੇਡ ਐਸੋਸੀਏਸਨਾਂ ਨੂੰ ਮਿਲ ਕੇ ਚੱਲਣ ਦਾ ਸੱਦਾ ਦਿੱਤਾ

0

ਕੌਮੀ ਖੇਡਾਂ ਲਈ ਪੰਜਾਬ ਓਲੰਪਿਕ ਐਸੋਸੀਏਸਨ ਨੂੰ ਪੰਜਾਬ ਦੇ ਖੇਡ ਦਲ ਲਈ 50 ਲੱਖ ਰੁਪਏ ਦਾ ਚੈੱਕ ਸੌਂਪਿਆ
ਖੇਡ ਮੰਤਰੀ ਮੀਤ ਹੇਅਰ ਪੰਜਾਬ ਓਲੰਪਿਕ ਐਸੋਸੀਏਸਨ ਦੇ ਪੈਟਰਨ ਬਣੇ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ. ਨਗਰ, 20 ਅਗਸਤ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਖੇਡ ਵਿਭਾਗ ਤੇ ਖੇਡ ਐਸੋਸੀਏਸਨਾਂ ਨੂੰ ਮਿਲ ਕੇ ਚੱਲਣ ਦਾ ਸੱਦਾ ਦਿੱਤਾ। ਇਹ ਗੱਲ ਉਨ੍ਹਾਂ ਅੱਜ ਇੱਥੇ ਪੰਜਾਬ ਓਲੰਪਿਕ ਭਵਨ ਵਿਖੇ ਪੰਜਾਬ ਓਲੰਪਿਕ ਐਸੋਸੀਏਸਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਕਹੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਨਿੱਜੀ ਤੌਰ ਉੱਤੇ ਖੇਡਾਂ ਨੂੰ ਤਰਜੀਹ ਦੇ ਰਹੇ ਹਨ ਅਤੇ ਪੰਜਾਬ ਨੂੰ ਮੁੜ ਨੰਬਰ ਇਕ ਸੂਬਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਗੁਜਰਾਤ ਵਿਖੇ ਅਗਲੇ ਮਹੀਨੇ ਹੋਣ ਵਾਲੀਆਂ 36ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਦੇ ਖੇਡ ਦਲ ਨੂੰ ਸੁਭਕਾਮਨਾਵਾਂ ਦਿੰਦਿਆਂ ਖੇਡ ਮੰਤਰੀ ਮੀਤ ਹੇਅਰ ਨੇ ਸੂਬਾ ਸਰਕਾਰ ਵੱਲੋਂ ਐਸੋਸੀਏਸਨ ਨੂੰ ਖੇਡ ਦਲ ਲਈ 50 ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਹੋਰ ਸਹਾਇਤਾ ਲਈ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਵਿਸਵਾਸ ਦਿਵਾਇਆ।
ਖੇਡ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਵੀਂ ਖੇਡ ਨੀਤੀ ਤਿਆਰ ਕਰ ਰਹੀ ਹੈ ਜਿਸ ਵਿੱਚ ਖਿਡਾਰੀਆਂ ਲਈ ਨਗਦ ਇਨਾਮ, ਨੌਕਰੀ ਦੇਣੀ, ਛੋਟੀ ਉਮਰ ਦੇ ਖਿਡਾਰੀਆਂ ਨੂੰ ਉਤਸਾਹਤ ਕਰਨ ਉੱਤੇ ਜੋਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਦੀ ਵਚਨਬੱਧਤਾ ਤਹਿਤ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾ ਰਹੀਆਂ ਜਿਸ ਦਾ 29 ਅਗਸਤ ਨੂੰ ਮੁੱਖ ਮੰਤਰੀ ਜਲੰਧਰ ਵਿਖੇ ਉਦਘਾਟਨ ਕਰਨਗੇ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ 5 ਲੱਖ ਦੇ ਕਰੀਬ ਖਿਡਾਰੀ ਹਿੱਸਾ ਲੈਣਗੇ ਜਿਸ ਤੋਂ ਬਾਅਦ ਸੂਬਾ ਪੱਧਰੀ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਦਾ ਪੂਲ ਬਣ ਜਾਵੇਗਾ ਜੋ ਅਗਾਂਹ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਮੱਲਾਂ ਮਾਰਨਗੇ।ਇਸ ਟੂਰਨਾਮੈਂਟ ਦਾ ਮਕਸਦ ਪੰਜਾਬ ਵਿੱਚ ਖਿਡਾਰੀਆਂ ਵਿਚਲੀ ਪ੍ਰਤਿਭਾ ਤੇ ਹੁਨਰ ਦੀ ਤਲਾਸ ਕਰਨਾ ਹੈ।ਉਨ੍ਹਾਂ ਪੰਜਾਬ ਓਲੰਪਿਕ ਐਸੋਸੀਏਸਨ ਅਤੇ ਸਾਰੀਆਂ ਖੇਡ ਐਸੋਸੀਏਸਨਾਂ ਨੂੰ ਸੱਦਾ ਪੱਤਰ ਵੀ ਦਿੱਤਾ।
ਮੀਤ ਹੇਅਰ ਨੇ ਕਿਹਾ ਕਿ ਪੰਜਾਬ 2001 ਵਿੱਚ ਕੌਮੀ ਖੇਡਾਂ ਵਿੱਚ ਪਹਿਲੇ ਨੰਬਰ ਉੱਤੇ ਸੀ ਪਰ ਫੇਰ ਸੂਬਾ ਲਗਾਤਾਰ ਪਛੜਦਾ ਗਿਆ।ਸੂਬਾ ਸਰਕਾਰ ਹੁਣ ਦੂਜੇ ਸੂਬਿਆਂ ਦੀਆਂ ਖੇਡ ਨੀਤੀਆਂ ਦਾ ਅਧਿਐਨ ਕਰਨ ਦੇ ਨਾਲ ਖੇਡ ਮਾਹਿਰਾਂ ਦੀ ਕਮੇਟੀ ਬਣਾਉਣ ਜਾ ਰਹੀ ਹੈ। ਇਸ ਦੇ ਨਾਲ ਹੀ 220 ਕੋਚਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਕੋਚਾਂ ਦੀਆਂ ਪੋਸਟਾਂ ਪੈਦਾ ਕਰਕੇ ਪਿੰਡ, ਬਲਾਕ ਤੇ ਤਹਿਸੀਲ ਪੱਧਰ ਉੱਤੇ ਤਾਇਨਾਤੀ ਕੀਤੀ ਜਾਵੇਗੀ।ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਸਿਰਫ ਹੁਨਰ ਤਲਾਸ ਕਰਕੇ ਨਿਖਾਰਨ ਦੀ ਲੋੜ ਹੈ। ਖੇਡ ਬਜਟ ਵਧਾਇਆ ਜਾ ਰਿਹਾ ਹੈ।ਖੇਡ ਸਮਾਨ ਮੁਹੱਈਆ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਜਮੀਨੀ ਪੱਧਰ ਉੱਤੇ ਖੇਡ ਢਾਂਚਾ ਦੇਖਣ ਲਈ ਜਾਇਜਾ ਲਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਨਸੇ ਦੀ ਸਮੱਸਿਆ ਦਾ ਹੱਲ ਸਿਰਫ ਖੇਡ ਮਾਹੌਲ ਸਿਰਜਣ ਨਾਲ ਹੀ ਹੋਵੇਗੀ। ਨੌਜਵਾਨਾਂ ਦੀ ਊਰਜਾ ਖੇਡਾਂ ਵੱਲ ਲਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਪੱਕਾ ਰੋਜਗਾਰ ਦਿੱਤਾ ਜਾਵੇਗਾ।ਡਾਈਟ ਵਿੱਚ ਵਾਧਾ ਕੀਤਾ ਜਾ ਰਿਹਾ ਹੈ।ਲੋੜ ਪੈਣ ਉੱਤੇ ਖੇਡ ਵਿਭਾਗ ਵਿਦੇਸੀ ਕੋਚਾਂ ਦੀਆਂ ਸੇਵਾਵਾਂ ਲਵੇਗਾ।
ਇਸ ਤੋਂ ਪਹਿਲਾਂ ਪੰਜਾਬ ਓਲੰਪਿਕ ਐਸੋਸੀਏਸਨ ਦੇ ਪ੍ਰਧਾਨ ਬ੍ਰਹਮ ਮਹਿੰਦਰਾ ਵੱਲੋਂ ਖੇਡ ਮੰਤਰੀ ਮੀਤ ਹੇਅਰ ਨੂੰ ਐਸੋਸੀਏਸਨ ਦਾ ਪੈਟਰਨ ਬਣਾਉਣ ਦਾ ਐਲਾਨ ਕੀਤਾ ਗਿਆ ਜਿਸ ਉਪਰੰਤ ਐਸੋਸੀਏਸਨ ਵੱਲੋਂ ਖੇਡ ਮੰਤਰੀ ਦਾ ਸਨਮਾਨ ਕੀਤਾ ਗਿਆ ਇਸ ਤੋਂ ਪਹਿਲਾ ਬ੍ਰਹਮ ਮਹਿੰਦਰਾ ਵੱਲੋਂ ਮੀਤ ਹੇਅਰ ਨੂੰ ਪੈਟਰਨ ਬਣਾਉਣ ਲਈ ਮਤਾ ਪਾਇਆ ਗਿਆ ਜਿਸ ਉੱਤੇ ਐਸੋਸੀਏਸਨ ਦੀ ਕਾਰਜਕਾਰਨੀ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ। ਐਸੋਸੀਏਸਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਗਿੱਲ ਨੇ ਖੇਡ ਮੰਤਰੀ ਮੀਤ ਹੇਅਰ ਵੱਲੋਂ ਖਿਡਾਰੀਆਂ ਨੂੰ ਨਿੱਜੀ ਤੌਰ ਉੱਤੇ ਹੱਲਾਸੇਰੀ ਦੇਣ ਅਤੇ ਖੇਡਾਂ ਵਿੱਚ ਦਿਲਚਸਪੀ ਦਿਖਾਉਣ ਦੀ ਸਲਾਘਾ ਕਰਦਿਆਂ ਪੰਜਾਬ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਲਈ ਖੇਡ ਵਿਭਾਗ ਤੇ ਐਸੋਸੀਏਸਨ ਨਾਲ ਮਿਲ ਕੇ ਉਪਰਾਲੇ ਕਰਨ ਦੀ ਗੱਲ ਕੀਤੀ। ਪੰਜਾਬ ਓਲੰਪਿਕ ਐਸੋਸੀਏਸਨ ਦੇ ਸਕੱਤਰ ਜਨਰਲ ਰਾਜਾ ਕੇ.ਐਸ.ਸਿੱਧੂ ਨੇ ਖੇਡ ਮੰਤਰੀ ਦਾ ਓਲੰਪਿਕ ਭਵਨ ਪਹੁੰਚਣ ਉੱਤੇ ਧੰਨਵਾਦ ਕਰਦਿਆਂ ਸਵਾਗਤ ਕੀਤਾ।ਇਸ ਮੌਕੇ ਪੰਜਾਬ ਓਲੰਪਿਕ ਐਸੋਸੀਏਸਨ ਦੇ ਮੀਤ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਖਜਾਨਚੀ ਕਰਮਵੀਰ ਸਿੰਘ ਸਿੱਧੂ, ਕਾਰਜਕਾਰਨੀ ਮੈਂਬਰ ਤੇਜਾ ਸਿੰਘ ਧਾਲੀਵਾਲ, ਅਰਜੁਨਾ ਐਵਾਰਡੀ ਸੁਰਿੰਦਰ ਸਿੰਘ ਸੋਢੀ, ਕੁਸਲਦੀਪ ਸਿੰਘ ਕਿੱਕੀ ਢਿੱਲੋਂ, ਕੇ.ਪੀ.ਐਸ. ਬਰਾੜ, ਸੰਤੋਸ ਦੱਤਾ, ਪ੍ਰਭਜੋਤ ਸਿੰਘ, ਮਨਿੰਦਰ ਕੌਰ ਵਿਰਕ, ਅਸੋਕ ਰੌਣੀ, ਆਰ.ਕੇ.ਬਾਲੀ, ਅਰਜੁਨਾ ਐਵਾਰਡੀ ਜਗਜੀਤ ਸਿੰਘ, ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਰਾਜੇਸ ਧੀਮਾਨ ਤੇ ਜਿਲਾ ਖੇਡ ਅਫਸਰ ਗੁਰਦੀਪ ਕੌਰ ਵੀ ਹਾਜਰ ਸਨ।

ਹਰਿਆਣਾ ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਸੈਮੀਨਾਰ ਕਰਵਾਇਆ

0

ਵਿਧਾਇਕ ਗੀਤਾ ਭੁੱਕਲ ਸਮੇਤ ਸਮੂਹ ਕਾਂਗਰਸੀ ਆਗੂਆਂ ਨੇ ਭੇਟ ਕੀਤੀ ਸਰਧਾਂਜਲੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਅਗਸਤ : ਹਰਿਆਣਾ ਕਾਂਗਰਸ ਦਫਤਰ ਸੈਕਟਰ-9 ਚੰਡੀਗੜ੍ਹ ਵਿਖੇ ਸਾਬਕਾ ਪ੍ਰਧਾਨ ਮੰਤਰੀ ਅਤੇ ਆਧੁਨਿਕ ਭਾਰਤ ਦੇ ਆਰਕੀਟੈਕਟ ਰਾਜੀਵ ਗਾਂਧੀ ਦੇ 78ਵੇਂ ਜਨਮ ਦਿਨ ਮੌਕੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕਈ ਕਾਂਗਰਸੀ ਵਿਧਾਇਕਾਂ, ਅਹੁਦੇਦਾਰਾਂ ਅਤੇ ਆਗੂਆਂ ਨੇ ਉਨ੍ਹਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਝੱਜਰ ਤੋਂ ਕਾਂਗਰਸੀ ਵਿਧਾਇਕ ਗੀਤਾ ਭੁੱਕਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਜੀਵ ਗਾਂਧੀ ਵੱਲੋਂ ਨੌਜਵਾਨਾਂ ਅਤੇ ਦੇਸ ਲਈ ਬਣਾਈਆਂ ਯੋਜਨਾਵਾਂ ਸਦਕਾ ਅੱਜ ਭਾਰਤ ਤਰੱਕੀ ਦੀ ਰਾਹ ’ਤੇ ਹੈ। ਗਾਂਧੀ ਨੇ ਦੇਸ ਦੇ ਨੌਜਵਾਨਾਂ ਨੂੰ ਲੋਕਤੰਤਰ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਦੇਣ ਲਈ ਵੋਟ ਪਾਉਣ ਦੀ ਉਮਰ 21 ਤੋਂ ਵਧਾ ਕੇ 18 ਸਾਲ ਕਰ ਦਿੱਤੀ। ਜੋ ਆਪਣੇ ਆਪ ਵਿੱਚ ਇਤਿਹਾਸਕ ਸੀ। ਗਾਂਧੀ ਨੇ ਭਾਰਤ ਵਿੱਚ ਕੰਪਿਊਟਰ ਕ੍ਰਾਂਤੀ ਦੀ ਸੁਰੂਆਤ ਕੀਤੀ ਸੀ। ਸ਼੍ਰੀਮਤੀ ਭੁੱਕਲ ਨੇ ਕਿਹਾ ਕਿ ਰਾਜੀਵ ਗਾਂਧੀ ਦਾ ਮੰਨਣਾ ਸੀ ਕਿ ਤਕਨਾਲੋਜੀ ਅਤੇ ਵਿਗਿਆਨ ਤੋਂ ਬਿਨਾਂ ਉਦਯੋਗਾਂ ਦਾ ਵਿਕਾਸ ਨਹੀਂ ਹੋ ਸਕਦਾ। ਇਸ ਲਈ ਉਸਨੇ ਸੂਚਨਾ ਤਕਨਾਲੋਜੀ ਵੱਲ ਕੰਮ ਕਰਨ ਦੀ ਯੋਜਨਾ ਬਣਾਈ। ਇਨ੍ਹਾਂ ਯੋਜਨਾਵਾਂ ਸਦਕਾ ਕੰਪਿਊਟਰ ਹਰ ਆਮ ਆਦਮੀ ਦੀ ਪਹੁੰਚ ਵਿੱਚ ਆ ਗਿਆ। ਉਨ੍ਹਾਂ ਕਿਹਾ ਕਿ ਦੇਸ ਦੀ ਪਹਿਲੀ ਕਬਾਇਲੀ ਮਹਿਲਾ ਰਾਸਟਰਪਤੀ ਵਜੋਂ ਦ੍ਰੋਪਦੀ ਮੁਰਮੂ ਦੀ ਚੋਣ ਦਾ ਸਿਹਰਾ ਰਾਜੀਵ ਗਾਂਧੀ ਦੀ ਦੂਰਅੰਦੇਸੀ ਨੂੰ ਜਾਂਦਾ ਹੈ। ਉਨ੍ਹਾਂ ਨੇ ਹੀ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਕ ਦਰਜਾ ਦੇ ਕੇ ਸੱਤਾ ਦੇ ਵਿਕੇਂਦਰੀਕਰਨ ਦਾ ਸੁਪਨਾ ਦੇਖਿਆ ਸੀ। ਦਰੋਪਦੀ ਮੁਰਮੂ ਨੇ ਰਾਏਰੰਗਪੁਰ (ਓਡੀਸਾ) ਤੋਂ ਕੌਂਸਲਰ ਵਜੋਂ ਆਪਣਾ ਸਿਆਸੀ ਸਫਰ ਸੁਰੂ ਕੀਤਾ। ਇਹ ਸੀਟ ਆਦਿਵਾਸੀ ਔਰਤਾਂ ਲਈ ਰਾਖਵੀਂ ਸੀ। ਉਸ ਸੁਰੂਆਤ ਤੋਂ ਅੱਜ ਉਹ ਦੇਸ ਦੇ ਸਰਵਉੱਚ ਅਹੁਦੇ ‘ਤੇ ਪਹੁੰਚ ਚੁੱਕੀ ਹੈ। ਰਾਜੀਵ ਗਾਂਧੀ ਪੰਚਾਇਤੀ ਰਾਜ ਅਤੇ ਨਗਰਪਾਲਿਕਾ ਬਿੱਲ ਦੇ ਆਰਕੀਟੈਕਟ ਸਨ।ਉਨ੍ਹਾਂ ਨੇ ਲੋਕ ਅਦਾਲਤਾਂ ਰਾਹੀਂ ਜਲਦੀ ਨਿਆਂ ਪ੍ਰਾਪਤ ਕਰਨ ਦੇ ਉਪਰਾਲੇ ਵੀ ਕੀਤੇ। ਇਸ ਮੌਕੇ ਵਿਧਾਇਕ ਪ੍ਰਦੀਪ ਚੌਧਰੀ, ਹਰਿਆਣਾ ਕਾਂਗਰਸ ਦੇ ਮੀਡੀਆ ਇੰਚਾਰਜ ਚੰਦਵੀਰ ਹੁੱਡਾ, ਵਿਜੇ ਰੈਨਾ, ਫਤਿਹਾਬਾਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਣਧੀਰ ਸਿੰਘ, ਹਰਿਆਣਾ ਸੇਵਾ ਦਲ ਦੀ ਪ੍ਰਧਾਨ ਪੂਨਮ ਚੌਹਾਨ, ਸਾਬਕਾ ਮੇਅਰ ਉਪੇਂਦਰ ਕੌਰ ਵਾਲੀਆ, ਪਵਨ ਜੈਨ, ਆਰ.ਕੇ ਕੱਕੜ, ਰਾਕੇਸ ਸੋਂਧੀ, ਰਮੇਸ ਮੰਡਾਨਾ, ਨੀਰਜ ਕੁਮਾਰ ਰਾਮੇਸਵਰ ਸੈਣੀ, ਰਵਿੰਦਰ ਰਾਵਲ ਆਦਿ ਹਾਜਰ ਸਨ।

Our Visitor

1904709