Saturday, May 16, 2026
Home Blog Page 2415

ਬੈਸਟ ਪ੍ਰਾਈਜ ਦਾ ਸਮਾਨ ਚੁੱਕਣ ਆਏ ਅਧਿਕਾਰੀਆਂ ਦਾ ਮੁਲਾਜਮ ਯੂਨੀਅਨ ਨੇ ਕੀਤਾ ਵਿਰੋਧ

0

ਸੁਖਜਿੰਦਰ ਮਾਨ
ਬਠਿੰਡਾ, 18 ਅਗਸਤ: ਕਰੋਨਾ ਮਹਾਂਮਾਰੀ ਕਾਰਨ ਸਥਾਨਕ ਭੁੱਚੋਂ ਰੋਡ ’ਤੇ ਸਥਿਤ ਬੰਦ ਹੋਏ ਬੈਸਟ ਪ੍ਰਾਈਜ ਦੇ ਕੱਢੇ ਮੁਲਾਜਮਾਂ ਵਲੋਂ ਅਪਣੇ ਭਵਿੱਖ ਲਈ ਸੰਘਰਸ਼ ਜਾਰੀ ਹੈ। ਯੂਨੀਅਨ ਦੇ ਆਗੂ ਜਸਪ੍ਰੀਤ ਸਿੰਘ ਝੰਡੂਕੇ ਨੇ ਦੱਸਿਆ ਕਿ ਅੱਜ ਬੈਸਟ ਪ੍ਰਾਈਜ ਦੇ ਅਧਿਕਾਰੀ ਸਟੋਰ ਅੰਦਰ ਪਏ ਸਮਾਨ ਦਾ ਸੌਦਾ ਕਰਨ ਲਈ 3 ਵੇਂਡਰ ਬੁਲਾਏ ਗਏ ਸਨ ਜਦੋਂ ਮੁਲਾਜਮਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਮੁਲਾਜਮਾਂ ਨੇਂ ਕਿਸਾਨ ਜਥੇਬੰਦੀਆਂ ਦੇ ਸਾਥ ਨਾਲ ਸਟੋਰ ਦਾ ਗੇਟ ਬੰਦ ਕਰਕੇ 4 ਘੰਟੇ ਅਧੀਕਾਰੀਆਂ ਦਾ ਘਿਰਾਓ ਕਰਕੇ ਰੱਖਿਆ, ਉਸ ਤੋਂ ਬਾਅਦ ਸਟੋਰ ਵਿਚ ਕੈਸ ਵਾਪਿਸ ਰਖਵਾ ਕੇ ਖਾਲੀ ਹੱਥ ਅਧਿਕਾਰੀਆਂ ਨੂੰ ਵਾਪਿਸ ਇਸ ਸਰਤ ਉੱਤੇ ਭੇਜਿਆ ਗਿਆ ਕਿ ਅੱਗੇ ਤੋਂ ਜਿੰਨਾ ਸਮਾਂ ਕੋਈ ਸਮਝੋਤਾ ਨਹੀਂ ਹੁੰਦਾ ਓਦੋ ਤੱਕ ਇਸ ਤਰਾਂ ਦੀ ਕੋਈ ਸਟੋਰ ਦੀ ਕਾਰਵਾਈ ਨਹੀਂ ਹੋਵੇਗੀ। ਯੂਨੀਅਨ ਦੇ ਆਗੂਆਂ ਨੇ ਭਲਕੇ ਰੋਸ ਵਜੋਂ ਡੀਸੀ ਦਫਤਰ ਦੇ ਘਿਰਾਓ ਦਾ ਵੀ ਐਲਾਨ ਕੀਤਾ ਹੈ। ਅੱਜ ਦੇ ਧਰਨੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਹਨੀ, ਭਿੰਦਰ ਕੌਰ, ਮਨਜੀਤ ਕੌਰ ਪਿਆਰੋ ਅਤੇ ਕਿਸਾਨ ਆਗੂ ਹਰਫੂਲ ਸਿੰਘ ਝੰਡੂਕੇ, ਸੁੱਖਦੇਵ ਝੰਡੂਕੇ, ਬੈਸਟ ਪ੍ਰਾਈਜ ਦੇ ਆਗੂ ਹਰਮਨ ਭੁਚੋ, ਮਨਪ੍ਰੀਤ ਭੁਚੋ, ਨਿਰਮਲ ਭੁਚੋ, ਲੱਖਾ ਨਥਣਾ, ਵੀਰਪਾਲ ਕੌਰ, ਰਿਤੂ ਆਦਿ ਹਾਜਰ ਸਨ।

ਬੀ.ਐਫ.ਸੀ.ਈ.ਟੀ. ਵਿਖੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ‘ਆਰੰਭ-22‘ ਦੀ ਹੋਈ ਸ਼ੁਰੂਆਤ

0

ਸੁਖਜਿੰਦਰ ਮਾਨ
ਬਠਿੰਡਾ, 18 ਅਗਸਤ: ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਬਠਿੰਡਾ (ਬੀ.ਐਫ.ਸੀ.ਈ.ਟੀ.) ਵੱਲੋਂ ਬੈਚ 2022 ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਕਰਵਾਏ ਜਾ ਰਹੇ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ‘ਆਰੰਭ-22‘ ਦੀ ਅੱਜ ਸਫਲਤਾਪੂਰਵਕ ਸ਼ੁਰੂਆਤ ਹੋਈ । ਇਸ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਵਿੱਚ ਪ੍ਰੋ. (ਡਾ.) ਰਾਘਵੇਂਦਰ ਪੀ . ਤਿਵਾੜੀ ਵਾਈਸ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਨਵੇਂ ਮਾਹੌਲ ਦੇ ਅਨੁਕੂਲ ਬਣਾਉਣ ਤੇ ਸਹਿਜ ਮਹਿਸੂਸ ਕਰਵਾਉਣ ਵਿੱਚ ਸਹਾਇਤਾ ਕਰਨਾ, ਉਨ੍ਹਾਂ ਵਿੱਚ ਸੰਸਥਾ ਦੇ ਸਦਾਚਾਰ ਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ, ਉਨ੍ਹਾਂ ਦੇ ਹੋਰਨਾਂ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਰਿਸ਼ਤੇ ਬਣਾਉਣ ਵਿੱਚ ਮਦਦ ਕਰਨਾ ਅਤੇ ਉਨ੍ਹਾਂ ਦੇ ਵੱਡੇ ਉਦੇਸ਼ਾਂ ਅਤੇ ਸਵੈ ਪੜਚੋਲ ਦੀ ਭਾਵਨਾ ਨੂੰ ਉਜਾਗਰ ਕਰਨਾ ਹੈ। ਇਸ ਪ੍ਰੋਗਰਾਮ ਦੇ ਉਦਘਾਟਨ ਦੌਰਾਨ ਬੀ.ਐਫ.ਸੀ.ਈ.ਟੀ. ਦੀ ਪਿ੍ਰੰਸੀਪਲ ਡਾ. ਜਯੋਤੀ ਬਾਂਸਲ ਨੇ ਆਏ ਹੋਏ ਸਾਰੇ ਸਤਿਕਾਰਤ ਮਹਿਮਾਨਾਂ ਅਤੇ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਨੇ ਸ਼ਮ੍ਹਾ ਰੌਸ਼ਨ ਕਰ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਸਹੂਲਤ ਪ੍ਰਬੰਧਨ) ਸ. ਹਰਪਾਲ ਸਿੰਘ, ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਸਲਿੰਗ) ਸ੍ਰੀ ਬੀ.ਡੀ. ਸ਼ਰਮਾ, ਅਸਿਸਟੈਂਟ ਡਾਇਰੈਕਟਰ (ਐਡਮਿਨ) ਸ. ਰਜਿੰਦਰ ਸਿੰਘ ਧਨੋਆ ਵੀ ਹਾਜ਼ਰ ਸਨ ।
ਮੁੱਖ ਮਹਿਮਾਨ ਪ੍ਰੋ. (ਡਾ.) ਰਾਘਵੇਂਦਰ ਪੀ . ਤਿਵਾੜੀ, ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਵਿਦਿਆਰਥੀਆਂ ਨਾਲ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ ਕਿਉਂਕਿ ਉਹ ਇੱਕ ਨਵੇਂ ਸਫ਼ਰ ਨੂੰ ਸ਼ੁਰੂ ਕਰਨ ਜਾ ਰਹੇ ਹਨ। । ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੋਜ ਅਤੇ ਨਵੀਨਤਾਕਾਰੀ ਲਈ ਅੱਗੇ ਆਉਣ ਲਈ ਉਤਸ਼ਾਹਿਤ ਵੀ ਕੀਤਾ।ਉਨ੍ਹਾਂ ਦਾ ਭਾਸ਼ਣ ਮੁੱਖ ਤੌਰ ‘ਤੇ ਤਕਨੀਕ ਆਧਾਰਿਤ ਆਨਲਾਈਨ ਕ੍ਰੈਡਿਟ ਕੋਰਸਾਂ ਨੂੰ ਸ਼ਾਮਲ ਕਰ ਕੇ ਗੁਣਵੱਤਾ ਅਤੇ ਵਿਦਿਆਰਥੀ ਦਾ ਸੰਪੂਰਨ ਵਿਕਾਸ ਕਰਨ ਬਾਰੇ ਸੀ । ਇਸ ਮੌਕੇ ਨਵੇਂ ਵਿਦਿਆਰਥੀਆਂ ਵਿੱਚ ਉਤਸ਼ਾਹ ਭਰਨ ਲਈ ਮੌਜੂਦਾ ਵਿਦਿਆਰਥੀਆਂ ਵੱਲੋਂ ਗੀਤ ਸੰਗੀਤ, ਡਾਂਸ ਅਤੇ ਭੰਗੜਾ ਆਦਿ ਵੱਖ-ਵੱਖ ਸਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਅਖੀਰ ਵਿੱਚ ਵਿਦਿਆਰਥੀਆਂ ਵੱਲੋਂ ਆਪਣੇ ਸੰਬੰਧਿਤ ਸਲਾਹਕਾਰਾਂ ਨਾਲ ਕੈਂਪਸ ਦਾ ਦੌਰਾ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਪ੍ਰੋਜੈਕਟਾਂ ਵੀ ਨਵੇਂ ਆਏ ਵਿਦਿਆਰਥੀਆਂ ਨੂੰ ਦਿਖਾਏ ਗਏ ।
ਜ਼ਿਕਰਯੋਗ ਹੈ ਕਿ ਇਸ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ‘ਆਰੰਭ-22‘ ਵਿੱਚ ਅਲੂਮਨੀ ਇੰਟਰੈਕਸ਼ਨ, ਆਰਟ ਆਫ਼ ਲੀਵਿੰਗ, ਸ਼ਖ਼ਸੀਅਤ ਵਿਕਾਸ, ਐਰੋਬਿਕਸ ਯੋਗਾ, ਫਿਟਨੈੱਸ ਤੇ ਸਵੈ ਰੱਖਿਆ ਤੇ ਵਰਕਸ਼ਾਪ, ਵੱਖ-ਵੱਖ ਕਲੱਬਾਂ ਦੁਆਰਾ ਤਕਨੀਕੀ ਗਤੀਵਿਧੀਆਂ, ਟਰੇਨਿੰਗ ਐਂਡ ਪਲੇਸਮੈਂਟ, ਉਦਮਤਾ ਅਤੇ ਸਟਾਰਟ ਅੱਪ ਅਤੇ ਨਸ਼ਾਖੋਰੀ ਆਦਿ ‘ਤੇ ਮਾਹਿਰ ਭਾਸ਼ਣ, ਟੇਲੈਂਟ ਹੰਟ, ਸਿਹਤਮੰਦ ਜੀਵਨ, ਮਨੁੱਖੀ ਕਦਰਾਂ ਕੀਮਤਾਂ ‘ਤੇ ਸੈਮੀਨਾਰ, ਬਰਿੱਜ ਕੋਰਸ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ‘ਤੇ ਭਾਸ਼ਣ ਆਦਿ ਨੂੰ ਸ਼ਾਮਲ ਕੀਤਾ ਜਾਵੇਗਾ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਦੇ ਸਕੂਲ ਆਫ਼ ਸਕਿੱਲ ਡਿਵੈਲਪਮੈਂਟ ਦੀ ਡੀਨ ਡਾ.ਨਿਮੀਸ਼ਾ ਸਿੰਘ ਨੇ ਸਾਰੇ ਸਤਿਕਾਰਤ ਮਹਿਮਾਨਾਂ ਅਤੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੀ ਪਿ੍ਰੰਸੀਪਲ ਅਤੇ ਪ੍ਰਬੰਧਕੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ।

ਮੁਲਾਜ਼ਮਾਂ ਨੂੰ ਪੱਕਿਆਂ ਕਰਨ ਸਬੰਧੀ ਖਰੜਾ ਨੀਤੀ ਨੂੰ ਕੀਤਾ ਜਾ ਰਿਹੈ ਅੱਪਡੇਟ

0

ਕੈਬਨਿਟ ਸਬ-ਕਮੇਟੀ ਵੱਲੋਂ ਟਰਾਂਸਪੋਰਟ ਵਿਭਾਗ ਦੇ ਠੇਕਾ ਮੁਲਾਜ਼ਮਾਂ ਨੂੰ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਅਗਸਤ: ਠੇਕੇ ‘ਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਬਣਾਈ ਗਈ ਕੈਬਨਿਟ ਸਬ-ਕਮੇਟੀ ਨੇ ਅੱਜ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਠੇਕੇ ‘ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਿਆਂ ਕਰਨ ਸਬੰਧੀ ਨੀਤੀ ਦੇ ਖਰੜੇ ਨੂੰ ਅੱਪਡੇਟ ਕਰਨ ‘ਤੇ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਇਸ ਦਾ ਵੱਧ ਤੋਂ ਵੱਧ ਨੂੰ ਲਾਭ ਮਿਲ ਸਕੇ।ਕੈਬਨਿਟ ਸਬ ਕਮੇਟੀ ਵੱਲੋਂ ਅੱਜ ਇਥੇ ਪੰਜਾਬ ਭਵਨ ਵਿਖੇ ਕਾਨੂੰਨੀ ਮਾਹਿਰਾਂ ਦੀ ਟੀਮ ਦੀ ਹਾਜ਼ਰੀ ਵਿੱਚ ਠੇਕਾ ਆਧਾਰਿਤ ਮੁਲਾਜ਼ਮ ਯੂਨੀਅਨਾਂ ਦੇ ਨੁਮਾਇੰਦਿਆਂ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਟਰਾਂਸਪੋਰਟ ਵਿਭਾਗ ਵਿੱਚ ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਿਆਂ ਕਰਨ ਸਬੰਧਤ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਦਿੱਤੇ ਸੁਝਾਵਾਂ ਦਾ ਸਵਾਗਤ ਕੀਤਾ। ਸ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸਬ-ਕਮੇਟੀ ਵੱਲੋਂ ਸਬੰਧਤ ਵਿਭਾਗਾਂ ਵਿੱਚ ਨਿਯੁਕਤੀ ਕਰਨ ਵਾਲੇ ਮੁਲਾਜ਼ਮਾਂ ਸਬੰਧੀ ਨਿਯਮਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਠੇਕੇ ’ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਬਿਨਾਂ ਕਿਸੇ ਕਾਨੂੰਨੀ ਅੜਚਨ ਤੋਂ ਪੱਕਿਆਂ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਸਬ-ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਇਨ੍ਹਾਂ ਸਾਰੀਆਂ ਮੀਟਿੰਗਾਂ ਦੇ ਨਤੀਜਿਆਂ ਬਾਰੇ ਲਗਾਤਾਰ ਜਾਣੂੰ ਕਰਵਾਇਆ ਜਾ ਰਿਹਾ ਹੈ।
ਪਿਛਲੀਆਂ ਸਰਕਾਰਾਂ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਨੂੰ ਮਹਿਜ ਸਿਆਸੀ ਚਾਲਾਂ ਦੱਸਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਕਾਰਜਕਾਲ ਦੇ ਆਖ਼ਰੀ ਸਾਲ ਵਿੱਚ ਕੀਤੇ ਗਏ ਅਸਪਸ਼ਟ ਫੈਸਲਿਆਂ ਕਾਰਨ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਇਸ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਇਨ੍ਹਾਂ ਮੁਲਾਜ਼ਮਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਮਿਸ਼ਨ ਮੋਡ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਕਾਨੂੰਨੀ ਅੜਚਨਾਂ ਨੂੰ ਧਿਆਨ ਵਿੱਚ ਰੱਖਦਿਆਂ ਸਬ-ਕਮੇਟੀ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਅਜਿਹੇ ਢੰਗ-ਤਰੀਕੇ ਅਪਣਾਏ ਜਾ ਸਕਣ ਜਿਨ੍ਹਾਂ ਨੂੰ ਅਦਾਲਤਾਂ ਵਿੱਚ ਚੁਣੌਤੀ ਨਾ ਦਿੱਤੀ ਜਾ ਸਕੇ।ਇਸ ਤੋਂ ਪਹਿਲਾਂ ਪਨਬੱਸ ਅਤੇ ਪੀ.ਆਰ.ਟੀ.ਸੀ ਸਮੇਤ ਟਰਾਂਸਪੋਰਟ ਵਿਭਾਗ ਦੇ ਠੇਕੇ ’ਤੇ ਰੱਖੇ ਮੁਲਾਜ਼ਮਾਂ ਦੀਆਂ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਆਪੋ-ਆਪਣੇ ਕੇਸਾਂ ਬਾਰੇ ਸਬਕਮੇਟੀ ਨੂੰ ਜਾਣੂੰ ਕਰਵਾਉਣ ਤੋਂ ਇਲਾਵਾ ਹੱਲ ਵੀ ਪੇਸ਼ ਕੀਤੇ। ਵਿੱਤ ਮੰਤਰੀ ਨੇ ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਅਧਿਕਾਰੀਆਂ ਨੂੰ ਯੂਨੀਅਨਾਂ ਵੱਲੋਂ ਦਿੱਤੇ ਸੁਝਾਅ ਸਬੰਧੀ ਦਸਤਾਵੇਜ਼ ਸਬਕਮੇਟੀ ਨੂੰ ਸੌਂਪਣ ਲਈ ਕਿਹਾ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਕੱਤਰ ਟਰਾਂਸਪੋਰਟ ਵਿਕਾਸ ਗਰਗ, ਸਕੱਤਰ ਪ੍ਰਸੋਨਲ ਰਜਤ ਅਗਰਵਾਲ, ਐਮ.ਡੀ. ਪੀ.ਆਰ.ਟੀ.ਸੀ ਪੂਨਮਦੀਪ ਕੌਰ ਢਿੱਲੋਂ ਅਤੇ ਡਾਇਰੈਕਟਰ ਟਰਾਂਸਪੋਰਟ ਅਮਨਦੀਪ ਕੌਰ ਵੀ ਹਾਜ਼ਰ ਸਨ।

ਮੁੱਖ ਮੰਤਰੀ ਵੱਲੋਂ ਹਿਮਾਚਲ ਵਾਸੀਆਂ ਨੂੰ ਪੰਜਾਬ ਵਾਂਗ ਲੋਕ-ਪੱਖੀ ਸਰਕਾਰ ਚੁਣਨ ਦਾ ਸੱਦਾ

ਲੋਕ ਭਲਾਈ ਸਕੀਮਾਂ ਦਾ ਵਿਰੋਧ ਕਰਨ ਲਈ ਮੋਦੀ ਦੀ ਸਖ਼ਤ ਆਲੋਚਨਾ, ‘ਜੁਮਲੇਬਾਜੀ ਦਾ ਉਸਤਾਦ’ ਦੱਸਿਆ
ਪੰਜਾਬ ਵਿੱਚ ਆਮ ਆਦਮੀ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ
ਪੰਜਾਬੀ ਖ਼ਬਰਸਾਰ ਬਿਉਰੋ
ਸ਼ਿਮਲਾ, 17 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹਿਮਾਚਲ ਪ੍ਰਦੇਸ਼ ਵਿਚ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ ਅਤੇ ਪਹਾੜੀ ਸੂਬੇ ਦੇ ਵਸਨੀਕਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਾਂਗ ਲੋਕ ਪੱਖੀ ਅਤੇ ਨਤੀਜਾ ਮੁਖੀ ਸਰਕਾਰ ਚੁਣਨ ਦੀ ਅਪੀਲ ਕੀਤੀ ਹੈ।ਅੱਜ ਇੱਥੇ ਹਿਮਾਚਲ ਵਾਸੀਆਂ ਨੂੰ ਸਿੱਖਿਆ ਦੀ ਪਹਿਲੀ ਗਾਰੰਟੀ ਦੇਣ ਮੌਕੇ ਮੁੱਖ ਮੰਤਰੀ ਜਿਨ੍ਹਾਂ ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਹਾਜ਼ਰ ਸਨ, ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਹਿਮਾਚਲ ਵਾਸੀਆਂ ਨੂੰ ਆਮ ਲੋਕਾਂ ਲਈ ਸਖ਼ਤ ਮਿਹਨਤ ਕਰ ਰਹੀ ‘ਆਪ’ ਦੀ ‘ਕਾਰਗੁਜ਼ਾਰੀ’ ਅਤੇ ਦੇਸ਼ ਨੂੰ ਬਰਬਾਦ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਦੇ ਫੋਕੇ ਵਾਅਦਿਆਂ ਵਿੱਚੋਂ ਇਕ ਦੀ ਚੋਣ ਕਰਨੀ ਚਾਹੀਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਸਥਿਤੀ ਵੀ ਮਾਰਚ, 2022 ਤੋਂ ਪਹਿਲਾਂ ਦੇ ਪੰਜਾਬ ਨਾਲੋਂ ਵੱਖਰੀ ਨਹੀਂ ਹੈ, ਕਿਉਂਕਿ ਪੰਜਾਬ ਵਾਂਗ ਇੱਥੇ ਵੀ ਸਿਰਫ ਰਵਾਇਤੀ ਪਾਰਟੀਆਂ ਵਿਚਕਾਰ ਹੀ ਮੁਕਾਬਲਾ ਹੁੰਦਾ ਸੀ। ਉਨ੍ਹਾਂ ਨੇ ਅਫਸੋਸ ਜ਼ਾਹਰ ਕੀਤਾ ਕਿ ਇਨ੍ਹਾਂ ਪਾਰਟੀਆਂ ਨੇ ਨਖਿੱਧ ਕਾਰਗੁਜ਼ਾਰੀ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਟੈਕਸ ਭਰਨ ਵਾਲਿਆਂ ਦੇ ਪੈਸੇ ਨੂੰ ਲੁੱਟ ਕੇ ਲੋਕਾਂ ਨੂੰ ਧੋਖਾ ਦਿੱਤਾ ਹੈ।ਹਾਲਾਂਕਿ, ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੀ ਹਨੇਰੀ ਵਗੀ ਸੀ ਕਿਉਂਕਿ ਲੋਕਾਂ ਨੇ ‘ਆਪ’ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ 92 ਵਿਧਾਇਕਾਂ ਨੂੰ ਸ਼ਾਨਦਾਰ ਜਿੱਤ ਦਿਵਾਈ ਸੀ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਦਿੱਗਜ਼ ਆਗੂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਆਪਣੇ ਹਲਕਿਆਂ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਚੋਣਾਂ ਤੋਂ ਬਾਅਦ ਹਿਮਾਚਲ ਵਿੱਚ ਵੀ ਅਜਿਹਾ ਹੀ ਦ੍ਰਿਸ਼ ਉਭਰੇਗਾ ਅਤੇ ਸੂਬੇ ਵਿੱਚ ‘ਆਪ’ ਦੀ ਸਰਕਾਰ ਬਣੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ‘ਜੁਮਲੇਬਾਜ਼ੀ ਦਾ ਉਸਤਾਦ’ ਦੱਸਿਆ। ਮੁੱਖ ਮੰਤਰੀ ਨੇ ਉਨ੍ਹਾਂ ਦੀ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਮੁਫਤਖੋਰੀ ਦੱਸ ਕੇ ਭੰਡਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਮਿੱਤਰਾਂ ਨੂੰ ਕਈ ਲੱਖ ਕਰੋੜ ਰੁਪਏ ਦੇ ਫਾਇਦੇ ਦਿੱਤੇ ਹਨ। ਉਨ੍ਹਾਂ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਨਰਿੰਦਰ ਮੋਦੀ ਵੱਲੋਂ ਹਰੇਕ ਨਾਗਰਿਕ ਦੇ ਖਾਤੇ ਵਿੱਚ 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਲਟਾ ਲੋਕਾਂ ਨੂੰ ਬਿਨਾਂ ਕਿਸੇ ਯੋਜਨਾ ਦੇ ਲਾਗੂ ਕੀਤੀ ਨੋਟਬੰਦੀ ਕਾਰਨ ਬਹੁਤ ਨੁਕਸਾਨ ਸਹਿਣਾ ਪਿਆ। ਭਗਵੰਤ ਮਾਨ ਨੇ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਵਿਚ ਨਾਕਾਮ ਰਹਿਣ ਲਈ ਪ੍ਰਧਾਨ ਮੰਤਰੀ ਦੀ ਵੀ ਆਲੋਚਨਾ ਕੀਤੀ।ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਸੂਬਾ ਸਰਕਾਰ ਵੱਲੋਂ ਕਈ ਵੱਡੇ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਸੂਬੇ ‘ਚ 50,000 ਏਕੜ ਕੀਮਤੀ ਸਰਕਾਰੀ ਜ਼ਮੀਨ ‘ਤੇ ਰਸੂਖਵਾਨ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਵਿੱਚੋਂ 9000 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਜਾ ਚੁੱਕਾ ਹੈ ਅਤੇ ਬਾਕੀ ਨੂੰ ਜਲਦੀ ਹੀ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਨੇ ਪੰਜਾਬ ਵਿੱਚ 100 ਆਮ ਆਦਮੀ ਕਲੀਨਿਕ ਖੋਲ੍ਹੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਨੂੰ 100 ਦੇ ਕਰੀਬ ਕਲੀਨਿਕਲ ਟੈਸਟਾਂ ਵਾਲੇ 41 ਪੈਕੇਜ ਮੁਫਤ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਕਲੀਨਿਕ ਪੰਜਾਬ ਵਿੱਚ ਸਿਹਤ ਸੰਭਾਲ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਮੀਲ ਪੱਥਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ 90 ਫੀਸਦੀ ਮਰੀਜ਼ਾਂ ਦਾ ਇਲਾਜ ਇਨ੍ਹਾਂ ਕਲੀਨਿਕਾਂ ਤੋਂ ਹੀ ਹੋਵੇਗਾ ਜਿਸ ਨਾਲ ਹਸਪਤਾਲਾਂ ਦਾ ਬੋਝ ਘਟੇਗਾ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਸੂਬੇ ਵਿੱਚ 16 ਨਵੇਂ ਮੈਡੀਕਲ ਕਾਲਜ ਉਸਾਰੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਨਾਲ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ ਵਧ ਕੇ 25 ਹੋ ਜਾਵੇਗੀ, ਜਿਸ ਨਾਲ ਸੂਬਾ ਮੈਡੀਕਲ ਸਿੱਖਿਆ ਦੇ ਗੜ੍ਹ ਵਜੋਂ ਉੱਭਰੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਮੈਡੀਕਲ ਸਿੱਖਿਆ ਹਾਸਲ ਕਰਨ ਦੇ ਇੱਛੁਕ ਵਿਦਿਆਰਥੀਆਂ ਨੂੰ ਹੁਣ ਯੂਕਰੇਨ ਵਰਗੇ ਮੁਲਕਾਂ ਵਿੱਚ ਜਾਣ ਦੀ ਲੋੜ ਨਹੀਂ ਰਹੇਗੀ ਅਤੇ ਅਜਿਹੇ ਵਿਦਿਆਰਥੀਆਂ ਨੂੰ ਹੁਣ ਇਨ੍ਹਾਂ ਮੈਡੀਕਲ ਕਾਲਜਾਂ ਵਿੱਚ ਮਿਆਰੀ ਮੈਡੀਕਲ ਸਿੱਖਿਆ ਮੁਹੱਈਆ ਹੋਵੇਗੀ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸਾਡੀ ਸਰਕਾਰ ਨੇ ਇਕ ਮਿਸਾਲੀ ਪਹਿਲਕਦਮੀ ਤਹਿਤ ਸਮਾਜ ਦੇ ਹਰੇਕ ਵਰਗ ਨੂੰ ਪ੍ਰਤੀ ਬਿੱਲ 600 ਯੂਨਿਟ ਬਿਜਲੀ ਦੇ ਮੁਫ਼ਤ ਮੁਹੱਈਆ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਤੰਬਰ ਮਹੀਨੇ ਵਿੱਚ ਕੁੱਲ 74 ਲੱਖ ਵਿੱਚੋਂ 51 ਲੱਖ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜਨਵਰੀ ਵਿੱਚ 98 ਲੱਖ ਘਰਾਂ ਨੂੰ ਬਿਜਲੀ ਬਿੱਲ ਜ਼ੀਰੋ ਆਵੇਗਾ, ਜੋ ਸੂਬੇ ਦੇ ਕੁੱਲ ਘਰਾਂ ਦਾ ਤਕਰੀਬਨ 90 ਫੀਸਦੀ ਬਣਦਾ ਹੈ।ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਕ ਵਿਧਾਇਕ, ਇਕ ਪੈਨਸ਼ਨ ਸਕੀਮ ਸ਼ੁਰੂ ਕੀਤੀ ਹੈ, ਜਿਸ ਨਾਲ ਵਿਧਾਇਕਾਂ ਨੂੰ ਕਈ-ਕਈ ਪੈਨਸ਼ਨਾਂ ਰਾਹੀਂ ਲੋਕਾਂ ਦੇ ਪੈਸੇ ਦੀ ਹੁੰਦੀ ਖੁੱਲ੍ਹੀ ਲੁੱਟ ਖ਼ਤਮ ਹੋਵੇਗੀ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਪਿਛਲੇ 75 ਸਾਲਾਂ ਵਿੱਚ ਚੁਣੇ ਹੋਏ ਨੁਮਾਇੰਦਿਆਂ ਨੇ ਸੂਬੇ ਦੇ ਖ਼ਜ਼ਾਨੇ ਵਿੱਚੋਂ ਮੋਟੀਆਂ ਤਨਖ਼ਾਹਾਂ ਤੇ ਪੈਨਸ਼ਨਾਂ ਲਈਆਂ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੀਆਂ ਸਹੂਲਤਾਂ ਦਾ ਸਮੁੱਚਾ ਬੋਝ ਕਰਦਾਤਾਵਾਂ ਉਤੇ ਪੈਂਦਾ ਸੀ ਕਿਉਂਕਿ ਉਨ੍ਹਾਂ ਦਾ ਪੈਸਾ ਲੋਕਾਂ ਦੀ ਭਲਾਈ ਲਈ ਵਰਤਣ ਦੀ ਬਜਾਏ ਇਨ੍ਹਾਂ ਆਗੂਆਂ ਨੂੰ ਕਈ-ਕਈ ਪੈਨਸ਼ਨਾਂ ਦੇਣ ਉਤੇ ਅਜਾਈਂ ਗਵਾਇਆ ਗਿਆ।

ਪਸ਼ੂਆਂ ਦੀਆਂ ਦਵਾਈਆਂ ਤੇ ਹੋਰ ਸਾਜ਼ੋ-ਸਾਮਾਨ ਵੱਧ ਕੀਮਤਾਂ ‘ਤੇ ਵੇਚਣ ਵਾਲੇ ਬਾਜ਼ ਆਉਣ: ਲਾਲਜੀਤ ਸਿੰਘ ਭੁੱੱਲਰ

0

ਲੰਪੀ ਸਕਿਨ ਬੀਮਾਰੀ ਕਾਰਨ ਮੁਨਾਫ਼ਾਖੋਰੀ ਦੇ ਰੁਝਾਨ ਦਾ ਲਿਆ ਗੰਭੀਰ ਨੋਟਿਸ
ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਡਿਪਟੀ ਡਾਇਰੈਕਟਰਾਂ ਨੂੰ ਪੱਤਰ ਜਾਰੀ ਕਰਕੇ ਤੁਰੰਤ ਕਾਰਵਾਈ ਦੇ ਨਿਰਦੇਸ਼
ਹੁਣ ਤੱਕ ਕਰੀਬ 2.45 ਲੱਖ ਪਸ਼ੂਆਂ ਦਾ ਹੋਇਆ ਟੀਕਾਕਰਨ: ਪ੍ਰਮੁੱਖ ਸਕੱਤਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਅਗਸਤ: ਲੰਪੀ ਸਕਿਨ ਬੀਮਾਰੀ ਕਾਰਨ ਬਣੇ ਹਾਲਤਾਂ ਦੇ ਦਰਮਿਆਨ ਪਸ਼ੂਆਂ ਦੀਆਂ ਦਵਾਈਆਂ, ਵੈਕਸੀਨ ਅਤੇ ਹੋਰ ਸਾਜ਼ੋ-ਸਾਮਾਨ ਵੱਧ ਕੀਮਤਾਂ ‘ਤੇ ਵੇਚਣ ਦਾ ਗੰਭੀਰ ਨੋਟਿਸ ਲੈਂਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅਜਿਹੇ ਦੁਕਾਨਦਾਰਾਂ ਨੂੰ ਬਾਜ਼ ਆਉਣ ਦੀ ਚੇਤਾਵਨੀ ਦਿੱਤੀ ਹੈ।ਇਥੇ ਜਾਰੀ ਬਿਆਨ ਵਿੱਚ ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਸੂਬੇ ਵਿੱਚ ਫੈਲ ਰਹੀ ਲੰਪੀ ਸਕਿਨ ਬੀਮਾਰੀ ਕਾਰਨ ਕੁੱਝ ਦਵਾਈ ਵਿਕਰੇਤਾ ਦਵਾਈਆਂ, ਵੈਕਸੀਨ ਅਤੇ ਹੋਰ ਸਾਜ਼ੋ-ਸਾਮਾਨ ਤੈਅਸ਼ੁਦਾ ਕੀਮਤਾਂ ਤੋਂ ਵੱਧ ਕੀਮਤਾਂ ‘ਤੇ ਵੇਚ ਕੇ ਪਸ਼ੂਪਾਲਕਾਂ ਅਤੇ ਕਿਸਾਨਾਂ ਦਾ ਸ਼ੋਸ਼ਣ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਅਤੇ ਵਿਭਾਗ ਦੇ ਜ਼ਿਲ੍ਹਿਆਂ ਵਿੱਚ ਤੈਨਾਤ ਡਿਪਟੀ ਡਾਇਰੈਕਟਰਾਂ ਨੂੰ ਪੱਤਰ ਜਾਰੀ ਕਰਕੇ ਅਜਿਹੇ ਦੁਕਾਨਦਾਰਾਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੱਗ ਇੰਸਪੈਕਟਰਾਂ ਨਾਲ ਤਾਲਮੇਲ ਕਰਕੇ ਦਵਾਈ ਵਿਕਰੇਤਾਵਾਂ ਵੱਲੋਂ ਵੱਧ ਕੀਮਤਾਂ ‘ਤੇ ਦਵਾਈਆਂ ਆਦਿ ਵੇਚਣ ਦੇ ਰੁਝਾਨ ਨੂੰ ਤੁਰੰਤ ਠੱਲ੍ਹ ਪਾਈ ਜਾਵੇ ਅਤੇ ਜੇਕਰ ਅਜਿਹੀ ਕੋਈ ਸ਼ਿਕਾਇਤ ਧਿਆਨ ਵਿੱਚ ਆਉਂਦੀ ਹੈ ਤਾਂ ਉਸ ‘ਤੇ ਤੁਰੰਤ ਪੜਤਾਲ ਕਰਕੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਆਫ਼ਤ ਦੀ ਘੜੀ ਵਿੱਚ ਸਾਨੂੰ ਮਨੁੱਖਤਾ ਦੇ ਤੌਰ ‘ਤੇ ਪਸ਼ੂਪਾਲਕਾਂ ਅਤੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਅਜਿਹੇ ਅਨਸਰ ਨੂੰ ਨੱਥ ਪਾਉਣ ਲਈ ਵਚਨਬੱਧ ਹੈ, ਜੋ ਗ਼ੈਰ-ਸਮਾਜਿਕ ਗਤੀਵਿਧੀਆਂ ਵਿੱਚ ਗ਼ਲਤਾਨ ਹੈ।
ਇਸੇ ਦੌਰਾਨ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਕੋਲ ਅੱਜ ਗੋਟ ਪੌਕਸ ਦਵਾਈ ਦੀਆਂ 43,000 ਹੋਰ ਡੋਜ਼ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ਨੂੰ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਸ਼ੂ ਵਿਭਾਗ ਕੋਲ ਹੁਣ ਤੱਕ ਕਰੀਬ 3.60 ਲੱਖ ਡੋਜ਼ ਪਹੁੰਚ ਚੁੱਕੀਆਂ ਹਨ।ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਅੱਜ ਤੱਕ ਕਰੀਬ 2.45 ਲੱਖ ਪਸ਼ੂਆਂ ਨੂੰ ਦਵਾਈ ਲਗਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਉਨ੍ਹਾਂ ਨੇ ਸਮੂਹ ਡਿਪਟੀ ਡਾਇਰੈਕਟਰਾਂ ਨਾਲ ਮੀਟਿੰਗ ਕਰਕੇ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ ਹੈ।

ਮੀਤ ਹੇਅਰ ਵੱਲੋਂ ਚਾਰ ਜ਼ਿਲਿਆਂ ਦਾ ਦੌਰਾ ਕਰਕੇ ਪੰਜਾਬ ਖੇਡ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ

0

ਖੇਡ ਮੰਤਰੀ ਨੇ ਮੁਹਾਲੀ, ਰੋਪੜ, ਫਤਹਿਗੜ ਸਾਹਿਬ ਤੇ ਪਟਿਆਲਾ ਵਿਖੇ ਜ਼ਿਲਾ ਪ੍ਰਸ਼ਾਸਨ ਨਾਲ ਕੀਤੀਆਂ ਮੀਟਿੰਗਾਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 17 ਅਗਸਤ: ਸੂਬੇ ਵਿੱਚ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ, ਪ੍ਰਤਿਭਾ ਤੇ ਹੁਨਰ ਦੀ ਭਾਲ ਕਰਨ, ਭਾਈਚਾਰਾ ਤੇ ਸਦਭਾਵਨਾ ਪੈਦਾ ਕਰਨ, ਵੱਧ ਤੋਂ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਦੇ ਮੰਤਵ ਨਾਲ ਖੇਡ ਵਿਭਾਗ ਵੱਲੋਂ 29 ਅਗਸਤ ਤੋਂ ਕਰਵਾਏ ਜਾ ਰਹੇ ਪੰਜਾਬ ਖੇਡ ਮੇਲਾ-2022 ਦੀਆਂ ਜ਼ਮੀਨੀ ਪੱਧਰ ਉਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਚਾਰ ਜ਼ਿਲਿਆਂ ਦਾ ਦੌਰਾ ਕੀਤਾ। ਇਸ ਮੌਕੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਖੇਡ ਡਾਇਰੈਕਟਰ ਰਾਜੇਸ਼ ਧੀਮਾਨ ਵੀ ਨਾਲ ਹਾਜ਼ਰ ਸਨ।
ਖੇਡ ਮੰਤਰੀ ਨੇ ਮੁਹਾਲੀ, ਰੋਪੜ, ਫਤਹਿਗੜ ਸਾਹਿਬ ਤੇ ਪਟਿਆਲਾ ਦਾ ਦੌਰਾ ਕਰਦਿਆਂ ਜ਼ਿਲਾ ਪ੍ਰਸ਼ਾਸਨ, ਖੇਡ ਵਿਭਾਗ ਅਤੇ ਜੁੜੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਮੁੜ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਮੁੜ ਬਹਾਲ ਕਰਨ ਦੀ ਵਚਨਬੱਧਤਾ ਉਤੇ ਚੱਲਦਿਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਥੀਮ ਤਹਿਤ ‘ਪੰਜਾਬ ਖੇਡ ਮੇਲਾ-2022’ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ ਦਾ ਉਦਘਾਟਨ ਮੁੱਖ ਮੰਤਰੀ 29 ਅਗਸਤ ਨੂੰ ਜਲੰਧਰ ਵਿਖੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ ਮਨਾਏ ਜਾਂਦੇ ਕੌਮੀ ਖੇਡ ਦਿਵਸ ਮੌਕੇ ਕਰ ਰਹੇ ਹਨ।
ਸ੍ਰੀ ਮੀਤ ਹੇਅਰ ਨੇ ਆਖਿਆ ਕਿ ਇਸ ਖੇਡ ਮਹਾਂਕੁੰਭ ਵਿੱਚ ਗਰੇਡਸ਼ਨ ਸੂਚੀ ਵਾਲੀਆਂ ਮਾਨਤਾ ਪ੍ਰਾਪਤ ਖੇਡਾਂ ਵਿੱਚ ਵੱਖ-ਵੱਖ ਉਮਰ ਗਰੁੱਪਾਂ ਵਿੱਚ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ 5 ਲੱਖ ਦੇ ਕਰੀਬ ਖਿਡਾਰੀ ਹਿੱਸਾ ਲੈਣਗੇ। ਇਹ ਖੇਡ ਮੇਲਾ ਦੋ ਮਹੀਨੇ ਤੱਕ ਚੱਲੇਗਾ। ਖੇਡ ਮੇਲੇ ਵਿੱਚ ਪੈਰਾ ਸਪੋਰਟਸ ਵਾਲੇ ਖਿਡਾਰੀ ਲਈ ਵੀ ਮੁਕਾਬਲੇ ਹੋਣਗੇ। ਬਲਾਕ ਪੱਧਰੀ ਟੂਰਨਾਮੈਂਟ 1 ਸਤੰਬਰ ਤੋਂ 7 ਸਤੰਬਰ 2022 ਤੱਕ, ਜ਼ਿਲਾ ਪੱਧਰੀ ਟੂਰਨਾਮੈਂਟ 12 ਸਤੰਬਰ ਤੋਂ 22 ਸਤੰਬਰ 2022 ਤੱਕ ਅਤੇ ਰਾਜ ਪੱਧਰੀ ਟੂਰਨਾਮੈਂਟ 10 ਅਕਤੂਬਰ ਤੋਂ 21 ਅਕਤੂਬਰ 2022 ਤੱਕ ਹੋਣਗੇ।ਖੇਡ ਮੰਤਰੀ ਨੇ ਦੱਸਿਆ ਕਿ ਸੂਬਾ ਪੱਧਰ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਉਤੇ ਆਉਣ ਵਾਲਿਆਂ ਨੂੰ 10 ਹਜ਼ਾਰ ਰੁਪਏ ਨਗਦ ਇਨਾਮ ਤੇ ਸਰਟੀਫਿਕੇ, ਦੂਜੇ ਸਥਾਨ ਉਤੇ ਆਉਣ ਵਾਲਿਆਂ ਨੂੰ 7 ਹਜ਼ਾਰ ਰੁਪਏ ਤੇ ਸਰਟੀਫਿਕੇਟ ਅਤੇ ਤੀਜੇ ਸਥਾਨ ਉਤੇ ਆਉਣ ਵਾਲਿਆਂ ਨੂੰ 5 ਹਜ਼ਾਰ ਰੁਪਏ ਤੇ ਸਰਟੀਫਿਕੇਟ ਦਿੱਤੇ ਜਾਣਗੇ। ਕੁੱਲ 6 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਜਾਵੇਗੀ। ਸਾਰੇ ਜੇਤੂ ਖਿਡਾਰੀ ਸੂਬੇ ਦੀ ਗਰੇਡਸ਼ਨ ਨੀਤੀ ਵਿੱਚ ਕਵਰ ਹੋਣਗੇ।

“ਪੰਜਾਬ ਖੇਡ ਮੇਲੇ 2022“ ਲਈ ਵੱਧ ਤੋਂ ਵੱਧ ਖਿਡਾਰੀ ਕਰਵਾਉਣ ਆਨਲਾਈਨ ਰਜਿਸਟਰੇਸ਼ਨ : ਡਿਪਟੀ ਕਮਿਸ਼ਨਰ

0

ਬਲਾਕ ਤੇ ਜ਼ਿਲ੍ਹਾ ਪੱਧਰ ’ਤੇ ਕਰਵਾਏ ਜਾਣਗੇ ਖੇਡ ਮੁਕਾਬਲੇ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 17 ਅਗਸਤ : ਪੰਜਾਬ ਸਰਕਾਰ ਵੱਲੋਂ ਹਰੇਕ ਉਮਰ ਵਰਗ ਦੇ ਲੋਕਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਨ ਦੇ ਉਦੇਸ਼ ਨਾਲ 29 ਅਗਸਤ ਤੋਂ ਸੂਬੇ ਭਰ ਵਿੱਚ ‘ਪੰਜਾਬ ਖੇਡ ਮੇਲਾ-2022’ ਦੇ ਨਾਂ ਹੇਠ ਬਲਾਕ ਅਤੇ ਜ਼ਿਲਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਖੇਡ ਮੇਲਿਆਂ ਵਿੱਚ ਭਾਗ ਲੈਣ ਲਈ ਜ਼ਿਲ੍ਹੇ ਦੇ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੂੰ ਵੱਧ ਤੋ ਵੱਧ ਗਿਣਤੀ ਵਿੱਚ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਆ ਜਾਣਾ ਜ਼ਰੂਰੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਹਰ ਪ੍ਰਾਈਵੇਟ ਅਤੇ ਸਰਕਾਰੀ ਵਿਦਿਅਕ ਅਦਾਰੇ ਦੇ ਵਿਦਿਆਰਥੀਆਂ, ਯੂਥ ਕਲੱਬਾਂ ਦੇ ਮੈਂਬਰਾਂ, ਖੇਡ ਕਲੱਬਾਂ ਦੇ ਮੈਂਬਰਾਂ, ਗ੍ਰਾਮ ਪੰਚਾਇਤਾਂ, ਵਾਰਡਾਂ ਦੇ ਨਾਗਰਿਕਾਂ ਨੂੰ ਇਨ੍ਹਾਂ ਖੇਡਾਂ ਵਿੱਚ ਰਜਿਸਟ੍ਰੇਸਨ ਕਰਵਾਉਣ ਲਈ ਯਕੀਨੀ ਤੌਰ ਉੱਤੇ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਅੰਡਰ-14 (ਲੜਕੇ ਤੇ ਲੜਕੀਆਂ), ਅੰਡਰ-17 (ਲੜਕੇ ਤੇ ਲੜਕੀਆਂ), ਅੰਡਰ-21 (ਲੜਕੇ ਤੇ ਲੜਕੀਆਂ), 21 ਤੋਂ 40 ਸਾਲ (ਓਪਨ ਵਰਗ), 50 ਸਾਲ ਤੋਂ ਵੱਧ (ਓਪਨ ਵਰਗ) ਦੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ ਖੇਡ ਵਿਭਾਗ ਪੰਜਾਬ ਦੇ ਪੋਰਟਲ .2022. ’ਤੇ ਆਨਲਾਈਨ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ ਜਦਕਿ ਆਫ਼-ਲਾਇਨ ਰਜਿਸਟ੍ਰੇਸ਼ਨ ਲਈ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਤੋਂ ਫ਼ਾਰਮ ਪ੍ਰਾਪਤ ਕਰਕੇ ਉੱਥੇ ਹੀ ਭਰ ਕੇ ਦਿੱਤੇ ਜਾ ਸਕਦੇ ਹਨ। ਉਨਾਂ ਦੱਸਿਆ ਕਿ 41 ਤੋਂ 50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਦੇ ਵਰਗ ਵਿੱਚ ਕੇਵਲ ਟੇਬਲ ਟੈਨਿਸ, ਲਾਅਨ ਟੈਨਿਸ, ਵਾਲੀਬਾਲ, ਬੈਡਮਿੰਟਨ ਤੇ ਅਥਲੈਟਿਕਸ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿੱਚ 6, ਜ?ਿਲ੍ਹਾ ਪੱਧਰੀ ਖੇਡਾਂ ਵਿੱਚ 22 ਕਿਸਮ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨਲਾਈਨ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜੋ ਕਿ 25 ਅਗਸਤ ਤੱਕ ਜਾਰੀ ਰਹੇਗੀ। ਉਨਾਂ ਦੱਸਿਆ ਕਿ ਸਰੀਰਕ ਤੌਰ ’ਤੇ ਦਿਵਿਆਂਗ, ਗੂੰਗੇ ਤੇ ਬੋਲੇ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਤੇ ਖਿਡਾਰਨਾਂ ਲਈ ਵੀ ਪੰਜਾਬ ਸਰਕਾਰ ਵੱਲੋਂ ਇਸ ਖੇਡ ਮੇਲੇ ਵਿੱਚ ਜ਼ਿਲਾ ਪੱਧਰੀ ਤੇ ਰਾਜ ਪੱਧਰੀ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਦਿਵਿਆਂਗ ਖਿਡਾਰੀਆਂ ਲਈ ਜ਼ਿਲਾ ਪੱਧਰ ’ਤੇ ਅਥਲੈਟਿਕਸ, ਬੈਡਮਿੰਟਨ, ਸੂਟਿੰਗ ਵਾਲੀਬਾਲ ਅਤੇ ਟੇਬਲ ਟੈਨਿਸ ਜਦਕਿ ਰਾਜ ਪੱਧਰੀ ’ਤੇ ਕਰਵਾਈਆਂ ਜਾਣ ਵਾਲੀਆਂ ਖੇਡਾਂ ਵਿੱਚ ਆਰਚਰੀ, ਸ਼ੂਟਿੰਗ ਪੈਰਾ ਸਪੋਟ ਅਤੇ ਵੀਲ ਚੇਅਰ ਬਾਸਕਟਬਾਲ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖੇਡ ਅਫ਼ਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਲਈ ਢੁੱਕਵੇਂ ਖੇਡ ਮੈਦਾਨਾਂ ਦੀ ਚੋਣ ਕੀਤੀ ਜਾਵੇ ਤਾਂ ਜੋ ਖੇਡਾਂ ਨੂੰ ਨੇਪਰੇ ਚੜ੍ਹਾਉਣ ਲਈ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਰਪੇਸ਼ ਨਾ ਆਵੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਆਰਪੀ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ. ਮੇਵਾ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਇਕਬਾਲ ਸਿੰਘ ਤੋਂ ਇਲਾਵਾ ਸ਼੍ਰੀ ਨਰਿੰਦਰ ਸਿੰਘ ਆਦਿ ਹਾਜ਼ਰ ਸਨ।

ਯੂਨਾਈਟਡ ਇੰਡੀਆ ਬੀਮਾ ਕੰਪਨੀ ਦੀ ਬਠਿੰਡਾ ਡਵੀਜਨ ਵੱਲੋਂ ਆਜਾਦੀ ਸਮਾਰੋਹ ਮਨਾਏ ਗਏ

0

ਸੁਖਜਿੰਦਰ ਮਾਨ
ਬਠਿੰਡਾ, 17 ਅਗਸਤ : ਯੂਨਾਈਟਡ ਇੰਡੀਆ ਬੀਮਾ ਕੰਪਨੀ ਦੀ ਬਠਿੰਡਾ ਡਵੀਜਨ ਨੇ ਆਪਣੇ ਦਫਤਰਾਂ ਬਠਿੰਡਾ,ਮਾਨਸਾ,ਮੌੜ ਮੰਡੀ, ਤਲਵੰਡੀ ਸਾਬੋ, ਬਰਨਾਲਾ ਅਤੇ ਰਾਮਪੁਰਾ ਵਿਖੇ ਆਜਾਦੀ ਦੀ 75ਵੀਂ ਵਰ੍ਹੇਗੰਢ ਨੂੰ ਬੜੇ ਜੋਸ ਖਰੋਸ ਨਾਲ ਮਨਾਇਆ। ਇਸ ਮਹਾਨ ਦਿਨ ਉਪਰ ਸਾਰੇ ਮੁਲਾਜਮਾਂ ਨੇ ਦੇਸ ਦੇ ਸਹੀਦਾਂ ਨੂੰ ਯਾਦ ਕਰਦਿਆਂ ਪੂਰੀ ਨਿਸਠਾ, ਪਾਰਦਰਸਤਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਅਤੇ ਦੇਸ ਦੀ ਬੇਹਤਰੀ ਲਈ ਸਦਾ ਸਰਗਰਮ ਰਹਿਣ ਦਾ ਅਹਿਦ ਲਿਆ। ਇਸ ਉਪਰੰਤ ਕੰਪਨੀ ਦੀ ਬਠਿੰਡਾ ਟੀਮ ਦੇ ਸ੍ਰੀ ਸੰਦੀਪ ਕੁਮਾਰ,ਸ੍ਰੀ ਗੁਰਪ੍ਰੇਮ ਸਿੰਘ ਅਤੇ ਸੀਨੀਅਰ ਡਵੀਜਨਲ ਮਨੇਜਰ ਸ੍ਰੀ ਬਲਦੇਵ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਯਾਤਰੀ, ਜਿਲ੍ਹਾ ਬਠਿੰਡਾ ਵੱਲੋਂ ਕਰਵਾਏ ਗਏ ਆਜਾਦੀ ਸੰਬੰਧੀ ਸਮਾਗਮ ਵਿੱਚ ਸਿਰਕਤ ਕੀਤੀ।ਇਸ ਸਮਾਗਮ ਵਿੱਚ ਬੱਚਿਆਂ ਨੇ ਬਹੁਤ ਅੱਛੀਆਂ ਪੇਸਕਾਰੀਆਂ ਕਰਦੇ ਹੋਏ ਸਹੀਦਾਂ ਨੂੰ ਸਰਧਾਂਜਲੀਆਂ ਦਿੱਤੀਆਂ।ਪ੍ਰੋਗਰਾਮ ਦੇ ਦਰਮਿਆਨ ਸਰਪੰਚ ਸ੍ਰੀ ਲਛਮਣ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ। ਸਕੂਲ ਦੇ ਮੁੱਖ ਅਧਿਆਪਕ ਸ੍ਰੀ ਅਮਿ੍ਰਤਪਾਲ ਸਿੰਘ ਨੇ ਪ੍ਰੋਗਰਾਮ ਬਾਰੇ ਚਾਨਣਾ ਪਾਇਆ ਅਤੇ ਸਾਰੇ ਸਾਮਿਲ ਹੋਏ ਪਤਵੰਤਿਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਵੱਖ ਵੱਖ ਬੁਲਾਰਿਆਂ ਨੇ ਦੇਸ ਭਗਤੀ ਪੈਦਾ ਕਰਨ, ਨਸਾ ਖੋਰੀ ਖਤਮ ਕਰਨ ਅਤੇ ਸਮਾਜਿਕ ਅਲਾਮਤਾਂ ਤੋਂ ਬਚਕੇ ਅੱਗੇ ਵਧਣ ਦੀ ਅਪੀਲ ਕੀਤੀ। ਆਪਣੇ ਮੁੱਖ ਭਾਸਣ ਵਿਚ ਕੰਪਨੀ ਦੇ ਸੀਨੀਅਰ ਡਵੀਜਨਲ ਮਨੇਜਰ ਸ੍ਰੀ ਬਲਦੇਵ ਸਿੰਘ ਨੇ ਦੇਸ ਦੀ ਆਜਾਦੀ ਲਈ ਲੜੀ ਗਈ ਲੰਬੀ ਲੜਾਈ ਵਿੱਚ ਕੁਰਬਾਨੀਆਂ ਦੇਣ ਵਾਲੇ ਮਹਾਨ ਸਹੀਦਾਂ ਨੂੰ ਸਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਹੀਦਾਂ ਨੇਦੇਸ ਦੀ ਆਜਾਦੀ ਲਈ ਲੜਦੇ ਹੋਏ ਆਪਸੀ ਏਕਤਾ ਬਣਾਈ ਰੱਖਣ ਅਤੇ ਹਰ ਕਿਸਮ ਦੀ ਫਿਰਕਾਪ੍ਰਸਤੀ ਤੋਂ ਉੱਪਰ ਉੱਠ ਕੇ ਸਾਂਝੇ ਸੰਘਰਸ ਲੜਨ ਦਾ ਸੱਦਾ ਦਿੱਤਾ ਸੀ, ਜਿਸਦੀ ਅੱਜ ਵੀ ਅਣਸਰਦੀ ਲੋੜ ਹੈ। ਸਾਨੂੰ ਹਮੇਸਾ ਆਪਣੇ ਸਹੀਦਾਂ ਨੂੰ ਯਾਦ ਰੱਖਦੇ ਹੋਏ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸਹੀਦਾਂ ਨੂੰ ਭੁੱਲਣ ਵਾਲੀਆਂ ਕੌਮਾਂ ਮਿੱਟੀ ਵਿੱਚ ਮਿਲ ਜਾਇਆ ਕਰਦੀਆਂ ਹਨ।
ਉਹਨਾਂ ਨੇ ਅੱਗੇ ਦੱਸਿਆ ਕਿ ਬੀਮਾ ਖੇਤਰ ਵਿੱਚ ਮੋਹਰੀ ਸਾਡੀ ਕੰਪਨੀ ਵੱਲੋਂ ਬੀਮਾ ਕਰਨ ਦੇ ਨਾਲ ਨਾਲ ਸਮਾਜਿਕ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ,ਜਿਸ ਵਿਚ ਪਿੰਡਾਂ ਅਤੇ ਸਕੂਲਾਂ ਨੂੰ ਗੋਦ ਲੈਣਾ , ਖੂਨਦਾਨ ਕੈਂਪ,ਮੁਫਤ ਮੈਡੀਕਲ ਚੈੱਕਅਪ ਕੈਂਪ,ਪਾਰਕ ਬਣਾਉਣਾ ਅਤੇ ਗਰੀਬ ਲੋਕਾਂ ਦੇ ਭਲੇ ਲਈ ਕੀਤੇ ਜਾਣ ਵਾਲੇ ਹੋਰ ਕੰਮ ਜਿਕਰਯੋਗ ਹਨ।

ਏਮਜ਼ ਦੇ ਜਨਰਲ ਮੈਡੀਸਨ ਵਿਭਾਗ ਵਲੋਂ ਲਾਗ ਕੰਟਰੋਲ ਵਿਸੇ ‘ਤੇ ਇੱਕ ਸਮਾਗਗ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 17 ਅਗਸਤ : ਸਥਾਨਕ ਏਮਜ਼ ਦੇ ਜਨਰਲ ਮੈਡੀਸਨ ਵਿਭਾਗ ਵਲੋਂ ਲਾਗ ਕੰਟਰੋਲ ਵਿਸੇ ‘ਤੇ ਇੱਕ ਸਮਾਗਗ ਦਾ ਆਯੋਜਨ ਕੀਤਾ ਗਿਆ। ਸੰਸਥਾ ਦੀ ਲਾਗ ਕੰਟਰੋਲ ਕਮੇਟੀ ਦੀ ਅਗਵਾਈ ਹੇਠ ਅਤੇ ਮਾਈਕ੍ਰੋਬਾਇਓਲੋਜੀ ਅਤੇ ਫਾਰਮਾਕੋਲੋਜੀ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦਾ ਉਦਘਾਟਨ ਡਾ: ਡੀ.ਕੇ. ਸਿੰਘ ਕਾਰਜਕਾਰੀ ਡਾਇਰੈਕਟਰ ਏਮਜ ਵਲੋਂ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੋ-ਪੈਟਰਨ ਡਾ. ਸਤੀਸ ਗੁਪਤਾ ਡੀਨ ਏਮਜ ਬਠਿੰਡਾ ਨੇ ਬੁਲਾਰਿਆਂ ਅਤੇ ਪ੍ਰਬੰਧਕੀ ਕਮੇਟੀ ਮੈਂਬਰਾਂ ਨੂੰ ਸਨਮਾਨਿਤ ਕੀਤਾ। ਡਾ: ਪ੍ਰੀਤੀ ਸਿੰਘ ਐਚਓਡੀ ਜਨਰਲ ਮੈਡੀਸਨ ਆਰਗੇਨਾਈਜਰ ਚੇਅਰਪਰਸਨ ਸਨ ਜਦੋਂਕਿ ਡਾ: ਮੂਨਿਸ ਮਿਰਜਾ (ਚੇਅਰਪਰਸਨ ਇਨਫੈਕਸਨ ਕੰਟਰੋਲ ਕਮੇਟੀ), ਡਾ: ਮਿੰਟੂਪਾਲ, ਡਾ: ਕਮਲਾ ਕਾਂਤ, ਡਾ: ਅਮਨਦੀਪ ਕੌਰ ਅਤੇ ਡਾ: ਨਿਕੇਤ ਵਰਮਾ ਆਰਗੇਨਾਈਜਰ ਸਕੱਤਰ ਸਨ। ਪਹਿਲੇ ਸੈਸਨ ਵਿੱਚ ਡਾ: ਸਿਵਨਾਥਨਕੇ. (ਮਾਈਕ੍ਰੋਬਾਇਓਲੋਜੀ ਵਿਭਾਗ) ਨੇ ਇਨਫੈਕਸਨ ਕੰਟਰੋਲ ਅਤੇ ਹੈਂਡ ਹਾਈਜੀਨ ‘ਤੇ ਭਾਸਣ ਦਿੱਤਾ, ਦੂਜੇ ਸੈਸਨ ਵਿੱਚ ਐਂਟੀਮਾਈਕਰੋਬਾਇਲ ਸਟੀਵਰਡਸਿਪ ‘ਤੇ ਡਾ: ਮਿੰਟੂ ਪਾਲ (ਫਾਰਮਾਕੋਲੋਜੀ ਵਿਭਾਗ) ਨੇ ਭਾਸਣ ਦਿੱਤਾ ਜਦਕਿ ਡਾ: ਸੁਭਾਸਿਸਦਾਨ ਨੇ ਵੇਸਟ ‘ਤੇ ਭਾਸਣ ਦਿੱਤਾ। ਨਿਪਟਾਰੇ ਅਤੇ ਵਾਤਾਵਰਣ ਸੁਰੱਖਿਆ. ਡਾ. ਨਿਕੇਤ ਵਰਮਾ ਦੁਆਰਾ ਪ੍ਰਸਤਾਵਿਤ ਧੰਨਵਾਦ ਦੇ ਮਤੇ ਨਾਲ ਦੀ ਸਮਾਪਤੀ ਹੋਈ। ਇਸ ਸਮਾਗਮ ਵਿੱਚ ਸੰਸਥਾ ਦੇ ਫੈਕਲਟੀ ਮੈਂਬਰਾਂ, ਨਰਸਿੰਗ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਵਿੱਚ ਡਾ: ਸਿਵਨਾਥਨਕੇ, ਡਾ: ਅਭਿਨ ਵਕੰਵਲ, ਡਾ: ਮਨਿੰਦਰ ਕਾਂਸਲ ਅਤੇ ਡਾ: ਦੀਪਕ ਚੌਧਰੀ ਸਾਮਲ ਸਨ।

ਡੀਏਵੀ ਕਾਲਜ ਬਠਿੰਡਾ ਵਿਖੇ ਰੁੱਖ ਲਗਾਓ ਮੁਹਿੰਮ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 17 ਅਗਸਤ : ਡੀ.ਏ.ਵੀ ਕਾਲਜ ਬਠਿੰਡਾ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਪਿ੍ਰੰਸੀਪਲ ਐਚ.ਆਰ.ਗੰਧਾਰ (ਵਾਈਸ ਪ੍ਰੈਜੀਡੈਂਟ, ਡੀਏਵੀ ਕਾਲਜ ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ) ਸਨ। ਡਾ.ਕੇ.ਕੇ ਨੌਹਰੀਆ (ਸੀਨੀਅਰ ਮੈਂਬਰ ਲੋਕਲ ਕਮੇਟੀ) ਵੀ ਇਸ ਮੌਕੇ ਹਾਜਰ ਸਨ। ਕਾਲਜ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ।ਇਸ ਡਰਾਈਵ ਦੌਰਾਨ ਮਹਿਮਾਨਾਂ, ਫੈਕਲਟੀ ਅਤੇ ਸਟਾਫ ਵੱਲੋਂ ਬਹੁਤ ਹੀ ਉਤਸਾਹ ਨਾਲ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਅਭਿਆਨ ਨੌਜਵਾਨਾਂ ਨੂੰ ਵਾਤਾਵਰਨ ਦੇ ਮਸਲਿਆਂ ਨਾਲ ਨਜਿੱਠਣ ਅਤੇ ਕੁਦਰਤ ਦੀ ਸਾਂਭ-ਸੰਭਾਲ ਲਈ ਯੋਗ ਕਦਮ ਚੁੱਕਣ ਪ੍ਰਤੀ ਜਾਗਰੂਕ ਕਰਨ ਲਈ ਆਯੋਜਿਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੀਵਨ ਭਰ ਇਨ੍ਹਾਂ ਪੌਦਿਆਂ ਦਾ ਪਾਲਣ ਪੋਸਣ ਕਰਨਾ ਅਸੀਂ ਆਪਣਾ ਮੁੱਖ ਫਰਜ ਸਮਝਦੇ ਹਾਂ। ਉਨ੍ਹਾਂ ਨੇ ਕੈਂਪਸ ਨੂੰ ਹਰਿਆ ਭਰਿਆ ਅਤੇ ਵਾਤਾਵਰਣ ਅਨੁਕੂਲ ਬਣਾਉਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਲਈ ਐਨ.ਐਸ.ਐਸ ਪ੍ਰੋਗਰਾਮ ਅਫਸਰ ਡਾ.ਸੁਰਿੰਦਰ ਕੁਮਾਰ ਸਿੰਗਲਾ, ਪ੍ਰੋ.ਅਮਿਤ ਕੁਮਾਰ ਸਿੰਗਲਾ, ਡਾ. ਪ੍ਰਭਜੋਤ ਕੌਰ ਅਤੇ ਵਿਦਿਆਰਥੀ ਵਾਲੰਟੀਅਰਾਂ ਦਾ ਧੰਨਵਾਦ ਕੀਤਾ।

Our Visitor

1904684