ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ 15 ਜੁਲਾਈ: ਕੋਵਿਡ ਟੀਕਾਕਰਣ ਸਬੰਧੀ ਜਾਣਕਾਰੀ ਦਿੰਦਿਆਂ ਡਾ ਅਨੂਪਮਾ ਸ਼ਰਮਾ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਮਨਾਉਂਦੇ ਹੋਏ ਸਰਕਾਰ ਵੱਲੋਂ 18 ਤੋਂ 59 ਸਾਲ ਦੇ ਵਿਅਕਤੀਆਂ ਜਿਨ੍ਹਾਂ ਨੂੰ ਕੋਵਿਡ ਦੀ ਦੂਜੀ ਖੁਰਾਕ ਲੱਗੀ ਨੂੰ 6 ਮਹੀਨੇ ਹੋ ਗਏ ਹਨ, ਉਹਨਾਂ ਲਈ ਇਹ ਪ੍ਰੀਕਾਸ਼ਨਰੀ ਖੁਰਾਕ 15 ਜੁਲਾਈ ਤੋਂ 75 ਦਿਨਾਂ ਲਈ ਸਰਕਾਰੀ ਸਿਹਤ ਕੇਂਦਰਾਂ ਤੇ ਮੁਫ਼ਤ ਲਗਾਈ ਜਾ ਰਹੀ ਹੈ।
ਡਾ ਮੀਨਾਕਸ਼ੀ ਸਿੰਗਲਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਦੇ ਕੋਵਿਡ ਟੀਕਾਕਰਣ ਦੀ ਦੂਜੀ ਖੁਰਾਕ ਲੱਗੀ ਨੂੰ 6 ਮਹੀਨੇ ਹੋ ਗਏ ਹਨ, ਉਹ ਇਹ ਪ੍ਰੀਕਾਸ਼ਨਰੀ ਖੁਰਾਕ ਜਲਦੀ ਤੋਂ ਜਲਦੀ ਲਗਵਾ ਲੈਣ, ਤਾਂ ਕਿ ਕੋਰੋਨਾ ਬਿਮਾਰੀ ਵਿਰੁੱਧ ਸੰਪੂਰਨ ਇਮੂਨਿਟੀ ਪੈਦਾ ਕੀਤੀ ਜਾ ਸਕੇ । ਡਾ ਮੀਨਾਕਸ਼ੀ ਸਿੰਗਲਾ ਨੇ ਉਹਨਾਂ ਲੋਕਾਂ ਨੂੰ ਵੀ ਟੀਕਾਕਰਣ ਕਰਵਾਉਣ ਦੀ ਅਪੀਲ ਕੀਤੀ ਜਿਨ੍ਹਾਂ ਨੇ ਅਜੇ ਤੱਕ ਪਹਿਲੀ ਖੁਰਾਕ ਜਾਂ ਕੋਵਿਡ ਟੀਕਾਕਰਣ ਦੀ ਦੂਜੀ ਖੁਰਾਕ ਨਹੀਂ ਲਗਵਾਈ। ਉਹਨਾਂ ਦੱਸਿਆ ਕਿ ਜਿਲ੍ਹੇ ਅੰਦਰ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਕੋਰੋਨਾ ਟੀਕਾਕਰਣ ਕਰਵਾ ਕੇ ਅਤੇ ਸਾਵਧਾਨੀਆਂ ਵਰਤ ਕੇ ਹੀ ਕੋਰੋਨਾ ਦੀ ਸੰਭਾਵਿਤ ਲਹਿਰ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਕੋਰੋਨਾ ਦੀ ਪਹਿਲੀ ਖੁਰਾਕ ਲਗਵਾ ਕੇ 50 ਪ੍ਰਤੀਸ਼ਤ, ਦੂਸਰੀ ਖੁਰਾਕ ਲਗਵਾ ਕੇ 90 ਪ੍ਰਤੀਸ਼ਤ ਅਤੇ ਪ੍ਰੀਕਾਸ਼ਨਰੀ ਖੁਰਾਕ ਲਗਵਾ ਕੇ ਸੰਪੂਰਨ ਇਮੂਨਿਟੀ ਪੈਦਾ ਕੀਤੀ ਜਾ ਸਕਦੀ ਹੈ। ਇਸ ਲਈ ਕੋਰੋਨਾ ਦੀਆਂ ਸਾਰੀਆਂ ਖੁਰਾਕਾਂ ਲਗਵਾ ਕੇ ਹੀ ਕੋਰੋਨਾ ਵਿਰੁੱਧ ਸੰਪੂਰਨ ਇਮੂਨਿਟੀ ਪੈਦਾ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਬੱਚੇ ਵੀ ਕੋਰੋਨਾ ਬਿਮਾਰੀ ਤੋਂ ਪ੍ਰਭਾਵਿਤ ਹੋ ਰਹੇ ਹਨ, ਇਸ ਲਈ ਮਾਪਿਆਂ ਨੂੰ ਅਪੀਲ ਹੈ ਕਿ ਜਿਨ੍ਹਾਂ ਬੱਚਿਆਂ ਦੇ ਕੋਰੋਨਾ ਟੀਕਾਕਰਣ ਨਹੀਂ ਹੋਈ, ਉਹ ਵੀ ਆਪਣੇ ਬੱਚਿਆਂ ਦੇ ਕੋਰੋਨਾ ਟੀਕਾਕਰਣ ਜਲਦੀ ਤੋਂ ਜਲਦੀ ਕਰਵਾਉਣ।
ਅੱਜ ਤੋਂ 18-59 ਸਾਲ ਉਮਰ ਵਰਗ ਦੇ ਲੋਕਾਂ ਦੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਲੱਗੇਗੀ ਮੁਫ਼ਤ ਬੂਸਟਰ ਡੋਜ਼
ਚਿੱਟੇ ਮੱਛਰ ਦੇ ਹਮਲੇ ਕਾਰਨ ਕਿਸਾਨ ਨੇ ਤਿੰਨ ਏਕੜ ਨਰਮੇ ਦੀ ਫ਼ਸਲ ਵਾਹੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ 15 ਜੁਲਾਈ: ਬਲਾਕ ਤਲਵੰਡੀ ਸਾਬੋ ਦੇ ਕਿਸਾਨ ਗੁਰਪ੍ਰੀਤ ਪੁੱਤਰ ਮਾਘੀ ਸਿੰਘ ਨੇ ਅੱਜ ਚਿੱਟੇ ਮੱਛਰ ਦੇ ਹਮਲੇ ਕਾਰਨ ਤਬਾਹ ਹੋ ਰਹੀ ਅਪਣੀ ਪੁੱਤਾਂ ਵਾਂਗ ਪਾਲੀ ਨਰਮਦੇ ਤਿੰਨ ਏਕੜ ਫ਼ਸਲ ਨੂੰ ਵਾਹ ਦਿੱਤਾ ਗਿਆ। ਇੱਥੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਆਗੂ ਰਾਮ ਕਰਨ ਸਿੰਘ ਰਾਮਾ ਨੇ ਦਸਿਆ ਕਿ ਇਸਤੋਂ ਪਹਿਲਾਂ ਗੁਰਮੀਤ ਸਿੰਘ ਪਿੰਡ ਗੁਰੂਸਰ ਨੇ ਢਾਈ ਏਕੜ ਨਰਮਾ ਵਾਹਿਆ। ਰਾਮਾ ਨੇਂ ਕਿਹਾ ਕਿ ਖੇਤੀ ਬਾੜੀ ਮਹਿਕਮੇ ਦੀ ਮਿਲੀ ਭੁਗਤ ਨਾਲ ਡੀਲਰਾ ਨੇ ਕਿਸਾਨਾਂ ਨੂੰ ਘਟੀਆ ਕਿਸਮ ਦੇ ਬੀਜ ਕੀੜੇ ਮਾਰ ਦਵਾਈਆਂ ਦਿੱਤੀਆਂ ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਪੰਜਾਹ ਪ੍ਰਸੈਂਟ ਬਿਮਾਰੀ ਦੀ ਭੇਟ ਚੜ੍ਹ ਗਈਆਂ ਹਨ। ਕਿਸਾਨ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਹਿਕਮੇ ਦੇ ਅਧਿਕਾਰੀ ਤੇ ਘਟੀਆ ਕਿਸਮ ਦੇ ਬੀਜ ਕੀੜੇਮਾਰ ਡੀਲਰਾ ਵਿਰੁਧ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਮੁਆਵਜਾ ਪੰਜਾਹ ਹਜਾਰ ਪ੍ਰਤੀ ਏਕੜ ਦਿੱਤਾ ਜਾਵੇ।
ਆਈ.ਐਚ.ਐਮ ਵੱਲੋਂ ਹਾਸਪਿਟੈਲਿਟੀ ਚ ਕਰੀਅਰ ਲਈ ਕਾਉਂਸਲਿੰਗ ਪ੍ਰੋਗਰਾਮ ਆਯੋਜਿਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਜੁਲਾਈ: ਇੱਥੇ ਸਥਾਨਕ ਕੇ ਵੀ-1 ਸਕੂਲ ਦੇ 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਕੋਲੋਂ ਆਈ.ਐਚ.ਐਮ ਫੈਕਲਟੀ ਵੱਲੋਂ ਵੱਖ-ਵੱਖ ਰਾਜਾਂ ਰਾਜਸਥਾਨ, ਯੂਪੀ, ਉੱਤਰਾਖੰਡ, ਬਿਹਾਰ, ਆਂਧਰਾ ਪ੍ਰਦੇਸ ਅਤੇ ਪੱਛਮੀ ਬੰਬੰਗਾਲ ਦੇ ਪਕਵਾਨ ਬਣਾਏ ਗਏ। ਇਸ ਸਬੰਧੀ ਆਈਐਚਐਮ ਬਠਿੰਡਾ ਵੱਲੋਂ ਕੇਵੀ-1 ਵਿਖੇ 4 ਦਿਨਾਂ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸਿਖਿਆਰਥੀਆਂ ਨੇ ਆਪਣੀਆਂ ਗਤੀਵਿਧੀਆਂ ਰਾਹੀਂ ਵੱਖ-ਵੱਖ ਪਕਵਾਨਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਵਧੀਆ ਪ੍ਰਦਰਸਨ ਕੀਤਾ। ਪਿ੍ਰੰਸੀਪਲ ਆਈ. ਐਚ. ਐਮ ਸ੍ਰੀਮਤੀ ਰਜਨੀਤ ਕੋਹਲੀ ਨੇ ਸਮਾਗਮ ਦਾ ਨਿਰੀਖਣ ਕੀਤਾ। ਇਸ ਦੌਰਾਨ ਬਾਰ੍ਹਵੀਂ ਜਮਾਤ ਅਤੇ ਹਾਜ਼ਰ ਵਿਦਿਆਰਥੀਆਂ ਲਈ ਹਾਸਪਿਟੈਲਿਟੀ ਵਿੱਚ ਕਰੀਅਰ ਸਬੰਧੀ ਕਾਉਂਸਲਿੰਗ ਸੈਸਨ ਵੀ ਆਯੋਜਿਤ ਕੀਤਾ ਗਿਆ।
ਬੇਰੋਜ਼ਗਾਰੀ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਵਿਸਵ ਯੁਵਾ ਹੁਨਰ ਦਿਵਸ ਆਯੋਜਿਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਜੁਲਾਈ: ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਇੰਡੀਆ ਹੋਟਲ ਮੈਨੇਜ਼ਮੈਂਟ (ਆਈਐਚਐਮ) ਦੇ ਸਹਿਯੋਗ ਨਾਲ ਮਾਲ ਰੋਡ ਤੇ ਸਥਿਤ ਹੋਟਲ ਵੀ.ਆਰ.ਸੀ ਅਤੇ ਸਰਕਾਰੀ ਆਈ.ਟੀ.ਆਈ ਚ ਸਥਿਤ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (ਐਮ.ਐਸ.ਡੀ.ਸੀ) ਵਿਖੇ ਬੇਰੋਜ਼ਗਾਰੀ ਨੂੰ ਠੱਲ੍ਹ ਪਾਉਣ ਤੇ ਨੌਜਵਾਨ ਪੀੜ੍ਹੀ ਲਈ ਸਵੈ-ਰੋਜ਼ਗਾਰ ਦੇ ਖੇਤਰ ਵਿੱਚ ਵਾਧਾ ਕਰਨ ਦੇ ਮੱਦੇਨਜ਼ਰ ਵਿਸ਼ਵ ਯੂਥ ਸਕਿੱਲ ਡੇਅ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ. ਆਰ.ਪੀ. ਸਿੰਘ ਨੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਨੂੰ ਹੁਲਾਰਾ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਵਿੱਖ ਵਿੱਚ ਹੁਨਰ ਦੀ ਲੋੜ ਤੇ ਰੋਜਗਾਰ ਨਾਲ ਜੁੜਨ ਲਈ ਅਸੀਂ ਆਪਣੇ-ਆਪ ਨੂੰ ਕਿਵੇਂ ਰੋਜ਼ਗਾਰ ਦੇ ਕਾਬਿਲ ਬਣਾਉਣਾ ਹੈ। ਇਸ ਮੌਕੇ ਉਨ੍ਹਾਂ ਮੌਜੂਦ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ।
ਇਸ ਮੌਕੇ 10-12ਵੀਂ ਦੇ ਵਿਦਿਆਰਥੀਆਂ ਨੂੰ ਸਕਿੱਲ ਅਤੇ ਨੈਸ਼ਨਲ ਅਪਰੈਂਟਸ਼ਿਪ ਪ੍ਰੋਗਰਾਮ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਹੋਟਲ ਵੀ.ਆਰ.ਸੀ ਚ 110 ਤੇ ਸਰਕਾਰੀ ਆਈ.ਟੀ.ਆਈ ਚ ਸਥਿਤ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (ਐਮ.ਐਸ.ਡੀ.ਸੀ) ਵਿਖੇ ਤਕਰੀਬਨ 180 ਵਿਦਿਆਰਥੀਆਂ ਸਮੇਤ ਕਰੀਬ ਵੱਖ-ਵੱਖ ਤਰ੍ਹਾਂ ਦੀਆਂ 12 ਕੰਪਨੀਆਂ ਵਲੋਂ ਭਾਗ ਲਿਆ ਗਿਆ। ਇਸ ਮੌਕੇ ਜ਼ਿਲ੍ਹਾ ਰੁਜਗਾਰ ਬਿਓਰੋ ਦੇ ਡਿਪਟੀ ਸੀ.ਈ.ਓ. ਸ੍ਰੀ ਤੀਰਥ ਪਾਲ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਂਇੰਦੇ ਆਦਿ ਹਾਜ਼ਰ ਸਨ।
ਹਲਕੇ ਦੇ ਵਿਧਾਇਕਾਂ ਤੇ ਵਧੀਕ ਡਿਪਟੀ ਕਮਿਸ਼ਨਰ ਨੇ ਲਗਾਏ ਵੱਖ-ਵੱਖ ਥਾਵਾਂ ਤੇ ਫ਼ਲਦਾਰ ਬੂਟੇ
ਹਰਕੇ ਸਕੂਲ ਵਿੱਚ ਲਗਾਏ 10-10 ਫ਼ਲਦਾਰ ਬੂਟੇ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਜੁਲਾਈ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸੂਬਾ ਸਰਕਾਰ ਨੇ ਵਾਤਾਵਰਣ ਨੂੰ ਹਰਿਆ-ਭਰਿਆ, ਸ਼ੁੱਧਤਾ ਅਤੇ ਪ੍ਰਦੂਸ਼ਣ ਰਹਿਣ ਬਣਾਈ ਰੱਖਣ ਦੇ ਮੱਦੇਨਜ਼ਰ ਸੂਬੇ ਚ 1 ਲੱਖ 25 ਹਜ਼ਾਰ ਫਲਦਾਰ ਬੂਟੇ ਲਗਾਉਣ ਦੀ ਆਰੰਭੀ ਗਈ ਮੁਹਿੰਤ “ਫਲਦਾਰ ਬੂਟੇ ਲਗਾਓ, ਧਰਤੀ ਹੇਠਲਾ ਪਾਣੀ ਬਚਾਓ“ ਤਹਿਤ ਜ਼ਿਲ੍ਹੇ ਚ ਪੈਂਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਵੱਖ-ਵੱਖ ਸਕੂਲਾਂ ਅਤੇ ਥਾਵਾਂ ਉੱਤੇ ਫ਼ਲਦਾਰ ਬੂਟੇ ਲਗਾਏ।
ਇਸ ਮੌਕੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਸ਼੍ਰੀ. ਬਲਕਾਰ ਸਿੰਘ ਸਿੱਧੂ ਨੇ ਜ਼ਿਲ੍ਹੇ ਦੇ ਪਿੰਡ ਘੱਢਾ ਬੰਨਾ ਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਫ਼ਲਦਾਰ ਬੂਟੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਸ਼੍ਰੀਮਤੀ ਬਲਜਿੰਦਰ ਕੌਰ ਨੇ ਪਿੰਡ ਜਗ੍ਹਾ ਰਾਮ ਤੀਰਥ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ, ਵਿਧਾਨ ਸਭਾ ਹਲਕਾ ਮੌੜ ਤੋਂ ਵਿਧਾਇਕ ਸ. ਸੁਖਬੀਰ ਸਿੰਘ ਮਾਈਸਰਖਾਨਾ ਨੇ ਪਿੰਡ ਮਾਈਸਰਖਾਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਹੁਲ ਨੇ ਸਥਾਨਕ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੌਨੀ ਵਿਖੇ 10-10 ਫ਼ਲਦਾਰ ਬੂਟੇ ਲਗਾਏ।
ਇਸ ਮੌਕੇ ਵਿਧਾਨ ਸਭਾ ਹਲਕਾ ਮੌੜ ਤੋਂ ਵਿਧਾਇਕ ਸ. ਸੁਖਬੀਰ ਸਿੰਘ ਮਾਈਸਰਖਾਨਾ ਨੇ ਪਿੰਡ ਮਾਈਸਰਖਾਨਾ ਦੇ ਸਕੂਲ ਵਿੱਚ ਬੂਟੇ ਲਗਾਉਣ ਉਪਰੰਤ ਸਕੂਲੀ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਅਤੇ ਪਾਣੀ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ। ਇਸ ਲਈ ਰੁੱਖ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਕਰਨੀ ਸਾਡੇ ਸਾਰਿਆਂ ਦਾ ਫ਼ਰਜ਼ ਹੈ ਤਾਂ ਜੋ ਅਸੀਂ ਆਪਣੇ ਵਾਤਾਵਰਨ ਤੇ ਆਉਣ ਵਾਲੇ ਭਵਿੱਖ ਨੂੰ ਸਰੁੱਖਿਅਤ ਰੱਖ ਸਕੀਏ।
ਇਸ ਮੌਕੇ ਪਿੰਡ ਜਗ੍ਹਾ ਰਾਮ ਤੀਰਥ ਦੇ ਸਕੂਲ ਵਿੱਚ ਫ਼ਲਦਾਰ ਬੂਟੇ ਲਗਾਉਣ ਮੌਕੇ ਵਿਧਾਇਕ ਸ਼੍ਰੀਮਤੀ ਬਲਜਿੰਦਰ ਕੌਰ ਨੇ ਸਕੂਲੀ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਰਕੇ ਬੱਚਾ ਆਪੋਂ-ਆਪਣੇ ਜਨਮ ਦਿਨ ਮੌਕੇ 1-1 ਫ਼ਲਦਾਰ ਬੂਟਾ ਜ਼ਰੂਰ ਲਗਾਏ ਅਤੇ ਉਸ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਵੇ ਤਾਂ ਜੋ ਅਸੀਂ ਸਾਫ਼-ਸੁਥਰੇ ਵਾਤਾਵਰਨ ਵਿੱਚ ਰਹਿ ਸਕੀਏ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਸ਼੍ਰੀ. ਬਲਕਾਰ ਸਿੰਘ ਸਿੱਧੂ ਨੇ ਵੀ ਸਕੂਲੀ ਬੱਚਿਆਂ ਨੂੰ ਬੂਟਿਆਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸਾਡੇ ਸਰੀਰ ਨੂੰ ਸ਼ੁੱਧ ਹਵਾ ਦੀ ਬੇਹੱਦ ਲੋੜ ਹੈ, ਜੋ ਕਿ ਸਾਨੂੰ ਇਨ੍ਹਾਂ ਪੌਦਿਆਂ ਤੋਂ ਪ੍ਰਾਪਤ ਹੁੰਦੀ ਹੈ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਹੁਲ ਨੇ ਬੋਲਦਿਆਂ ਕਿਹਾ ਕਿ ਬਾਗਬਾਨੀ ਵਿਭਾਗ ਦੇ ਸਹਿਯੋਗ ਸਦਕਾ ਜ਼ਿਲ੍ਹੇ ਦੇ 280 ਸਕੂਲਾਂ ਅਤੇ ਵੱਖ-ਵੱਖ 18 ਸਾਂਝੀਆਂ ਥਾਵਾਂ ਤੇ ਕੁੱਲ 2980 ਫ਼ਲਦਾਰ ਬੂਟੇ ਲਗਾਏ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਡਾਇਰੈਕਟਰ ਬਾਗਬਾਨੀ ਸ੍ਰੀ ਗੁਰਸ਼ਰਨ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਇੱਕਬਾਲ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਸਕੂਲ ਦੇ ਪਿ੍ਰੰਸੀਪਲ ਅਤੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ
ਗੁਰੂ ਕਾ ਬਾਗ ਮੋਰਚਾ ਤੇ ਸ੍ਰੀ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਕਿਤਾਬਚੇ ਜਾਰੀ
ਸ਼ਤਾਬਦੀ ਦੇ ਸਮਾਗਮ ਪੰਥਕ ਜਾਹੋ-ਜਲਾਲ ਨਾਲ ਮਨਾਏ ਜਾਣਗੇ-ਐਡਵੋਕੇਟ ਧਾਮੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਜੁਲਾਈ: ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਇਥੇ ਸਥਿਤ ਸਬ-ਆਫਿਸ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ। ਇਕੱਤਰਤਾ ’ਚ ਮੋਰਚਾ ਗੁਰੂ ਕਾ ਬਾਗ ਤੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਸਬੰਧੀ ਵਿਚਾਰ ਚਰਚਾ ਦੇ ਨਾਲ-ਨਾਲ ਧਰਮ ਪ੍ਰਚਾਰ ਕਮੇਟੀ ਦੇ ਵੱਖ-ਵੱਖ ਕਾਰਜਾਂ ਨੂੰ ਪ੍ਰਵਾਨਗੀਆਂ ਦਿੱਤੀਆਂ ਗਈਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਿੱਖ ਇਤਿਹਾਸ ਅੰਦਰ ਅਹਿਮ ਸਥਾਨ ਰੱਖਦੇ ਮੋਰਚਾ ਗੁਰੂ ਕਾ ਬਾਗ ਤੇ ਸਾਕਾ ਸ੍ਰੀ ਪੰਜਾ ਸਾਹਿਬ ਦੇ 100 ਸਾਲਾ ਸ਼ਤਾਬਦੀ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੋਰਚਾ ਗੁਰੂ ਕਾ ਬਾਗ ਸਬੰਧੀ ਸਮਾਗਮ 6 ਤੋਂ 8 ਅਗਸਤ 2022 ਤੱਕ ਗੁਰਦੁਆਰਾ ਗੁਰੂ ਕਾ ਬਾਗ ਘੁੱਕੇਵਾਲੀ (ਅੰਮਿ੍ਰਤਸਰ) ਵਿਖੇ ਹੋਣਗੇ। ਇਸੇ ਤਰ੍ਹਾਂ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਸਬੰਧੀ ਵਿਸ਼ੇਸ਼ ਸਮਾਗਮ 30 ਅਕਤੂਬਰ 2022 ਨੂੰ ਜਿਥੇ ਸ੍ਰੀ ਅੰਮਿ੍ਰਤਸਰ ਵਿਖੇ ਹੋਵੇਗਾ, ਉਥੇ ਹੀ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਾਕਿਸਤਾਨ ਸਰਕਾਰ ਨਾਲ ਰਾਬਤਾ ਕੀਤਾ ਜਾ ਰਿਹਾ ਅਤੇ ਪਾਕਿਸਤਾਨ ਸਰਕਾਰ ਦੇ ਹੁੰਗਾਰੇ ਦੀ ਉਡੀਕ ਕਰ ਰਹੇ ਹਾਂ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ ਵਿਖੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਨੇੜੇ ਰੇਲ ਦੀ ਪੱਟੜੀ ਵਾਲੀ ਜਿਸ ਥਾਂ ਉੱਤੇ ਇਹ ਸ਼ਹੀਦੀ ਸਾਕਾ ਵਾਪਰਿਆ ਸੀ, ਸੰਗਤ ਦੀ ਭਾਵਨਾਵਾਂ ਅਨੁਸਾਰ ਉਸ ਥਾਂ ਉੱਤੇ ਗੁਰਬਾਣੀ ਕੀਰਤਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਸਤਿਕਾਰ ਭੇਟ ਕੀਤਾ ਜਾਵੇਗਾ। ਇਸ ਦੌਰਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ਕੀਤੇ ਇਨ੍ਹਾਂ ਦੋਹਾਂ ਸਾਕਿਆਂ ਨਾਲ ਸਬੰਧਤ ਦੋ ਕਿਤਾਬਚੇ ਜਾਰੀ ਕੀਤੇ ਗਏ, ਜਿਨ੍ਹਾਂ ਵਿਚ ਇਨ੍ਹਾਂ ਇਹਿਤਾਸਕ ਦਿਹਾੜਿਆਂ ਸਬੰਧੀ ਇਤਿਹਾਸ ਦਰਜ ਕੀਤਾ ਗਿਆ ਹੈ। ਇਹ ਕਿਤਾਬਚੇ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਸਕਾਲਰਾਂ ਵੱਲੋਂ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਸੰਗਤਾਂ ਵਿਚ ਭੇਟਾ ਰਹਿਤ ਵੰਡਿਆ ਜਾਵੇਗਾ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਪ੍ਰਬੰਧਕੀ ਤੇ ਅਕਾਦਮਿਕ ਕਾਰਜਾਂ ਨੂੰ ਵਿਚਾਰਨ ਲਈ ਐਜੂਕੇਸ਼ਨ ਕਮੇਟੀ ਦੀ ਇਕੱਤਰਤਾ ਵੀ ਹੋਈ। ਜਿਸ ਵਿਚ ਵਿਦਿਅਕ ਅਦਾਰਿਆਂ ਦੇ ਕੰਮ-ਕਾਜ ਨੂੰ ਹੋਰ ਬੇਹਤਰ ਬਣਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਸਕੂਲਾਂ ਕਾਲਜਾਂ ਨਾਲ ਸਬੰਧਤ ਕਈ ਪ੍ਰਬੰਧਕੀ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ।
ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪੰਨੂੰ, ਸ. ਅਵਤਾਰ ਸਿੰਘ ਵਣਵਾਲਾ, ਸ. ਤੇਜਿੰਦਰਪਾਲ ਸਿੰਘ ਲਾਡਵਾਂ, ਸ. ਪਿ੍ਰਤਪਾਲ ਸਿੰਘ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮਨਜੀਤ ਸਿੰਘ ਬੱਪੀਆਣਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਕੁਲਦੀਪ ਸਿੰਘ ਰੋਡੇ, ਸ. ਪਰਮਜੀਤ ਸਿੰਘ ਦੁਨੀਆ ਮਾਜਰਾ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਸਿਮਰਜੀਤ ਸਿੰਘ, ਸਹਾਇਕ ਡਾਇਰੈਕਟਰ ਵਿਦਿਆ ਪਿ੍ਰੰਸੀਪਲ ਸਤਵੰਤ ਕੌਰ, ਇੰਚਾਰਜ ਸ. ਗੁਰਿੰਦਰਪਾਲ ਸਿੰਘ ਠਰੂ, ਸ. ਕਾਰਜ ਸਿੰਘ, ਸ. ਬਿਕਰਮਜੀਤ ਸਿੰਘ ਝੱਗੀ, ਸ. ਗੁਰਪ੍ਰੀਤ ਸਿੰਘ, ਆਈ. ਏ. ਸ. ਇੰਦਰਮੋਹਨ ਸਿੰਘ ਆਦਿ ਹਾਜ਼ਰ ਸਨ।
ਫਲਾਇੰਗ ਫੈਦਰਜ ਨੇ 3 ਕਰੋੜ ਰੁਪਏ ਦੀ ਸਕਾਲਰਸਿਪ ਪਾਲਿਸੀ ਲਾਂਚ ਕੀਤੀ
ਬਾਰ੍ਹਵੀਂ ਜਮਾਤ ਦੇ ਤਿੰਨੋਂ ਟਾਪਰਾਂ ਨੂੰ ਵਿਸੇਸ ਤੌਰ ‘ਤੇ ਸਨਮਾਨਿਤ ਕੀਤਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਜੁਲਾਈ: ਆਈਲੇਟਸ ਤੇ ਇੰਮੀਗਰੇਸ਼ਨ ਖੇਤਰ ਦੀ ਨਾਮਵਰ ਸੰਸਥਾ ਫਲਾਇੰਗ ਫੈਦਰਜ ਨੇ 2022-23 ਲਈ ਵਿਦਿਆਰਥੀਆਂ ਲਈ 3 ਕਰੋੜ ਰੁਪਏ ਦੀ ਸਕਾਲਰਸਿਪ ਨੀਤੀ ਸੁਰੂ ਕੀਤੀ। ਫਲਾਇੰਗ ਫੈਦਰਜ ਦੇ ਕੰਟਰੀ ਹੈੱਡ ਸਿਵ ਸਿੰਗਲਾ ਦੀ ਅਗਵਾਈ ਹੇਠ ਦੀ ਅਗਵਾਈ ਹੇਠ ਅੱਜ ਹੋਏ ਇੱਕ ਸਮਾਗਮ ਦੌਰਾਨ ਜਾਣਕਾਰੀ ਦਿੰਦਿਆਂ ਖੇਤਰੀ ਨਿਰਦੇਸਕ ਸਸੀਕਾਂਤ ਸਰਮਾ ਨੇ ਦੱਸਿਆ ਕਿ ਫਲਾਇੰਗ ਫੈਦਰਜ ਵੱਲੋਂ ਵਿਦਿਆਰਥੀਆਂ ਲਈ ਵਿਸੇਸ ਸਕਾਲਰਸਿਪ ਨੀਤੀ ਤਿਆਰ ਕੀਤੀ ਗਈ ਹੈ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤਿੰਨ ਟਾਪਰ ਅਰਸਦੀਪ ਕੌਰ, ਅਰਸਪ੍ਰੀਤ ਕੌਰ ਅਤੇ ਕੁਲਵਿੰਦਰ ਕੌਰ ਨੂੰ ਵਿਸੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੈਰਿਟ ਧਾਰਕ ਵਿਦਿਆਰਥੀਆਂ ਲਈ ਆਈਲੈਟਸ, ਪੀਟੀਈ ਅਤੇ ਸਪੋਕਨ ਇੰਗਲਿਸ ਸਭ ਕੁਝ ਮੁਫਤ ਹੈ। ਮੈਰਿਟ ਧਾਰਕ ਵਿਦਿਆਰਥੀ ਬਿਨਾਂ ਕਿਸੇ ਫੀਸ ਦੇ ਇਨ੍ਹਾਂ ਵਿਚੋਂ ਕਿਸੇ ਵੀ ਟੈਸਟ ਦੀ ਤਿਆਰੀ ਕਰ ਸਕਦੇ ਹਨ। ਇਸ ਤੋਂ ਇਲਾਵਾ ਸਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ 50 ਫੀਸਦੀ ਛੋਟ ਦਿੱਤੀ ਜਾਵੇਗੀ। ਕੋਵਿਡ ਰਾਹਤ ਨੀਤੀ ਦੇ ਤਹਿਤ ਜਿਨ੍ਹਾਂ ਦੀ ਮੌਤ ਕੋਵਿਡ ਕਾਰਨ ਹੋਈ ਹੈ, ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਵੀ 50 ਫੀਸਦੀ ਦੀ ਛੋਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਸੇਸ ਵਜੀਫਾ ਨੀਤੀ ਤਹਿਤ ਫਲਾਇੰਗ ਫੈਦਰਜ ਮੁਲਾਜਮਾਂ ਦੇ ਵਿਦਿਆਰਥੀਆਂ, ਸਕੂਲਾਂ, ਕਾਲਜਾਂ ਦੇ ਪਿ੍ਰੰਸੀਪਲਾਂ ਦੇ ਵਿਦਿਆਰਥੀਆਂ, ਇਕੱਲੀਆਂ ਲੜਕੀਆਂ, ਪੱਤਰਕਾਰਾਂ ਦੇ ਬੱਚਿਆਂ ਅਤੇ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਨੂੰ 30 ਫੀਸਦੀ ਛੋਟ ਦਿੱਤੀ ਜਾਵੇਗੀ। ਸਸੀਕਾਂਤ ਸਰਮਾ ਨੇ ਦੱਸਿਆ ਕਿ ਫਲਾਇੰਗ ਫੈਦਰਜ ਤੋਂ ਵਿਦੇਸ ਲਈ ਫਾਈਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀਜਾ ਮਿਲਣ ‘ਤੇ 300 ਅਮਰੀਕੀ ਡਾਲਰ ਦੀ ਗ੍ਰਾਂਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫਾਈਲ ‘ਤੇ ਕਿਸੇ ਵੀ ਵਿਦਿਆਰਥੀ ਤੋਂ ਇਕ ਪੈਸਾ ਵੀ ਨਹੀਂ ਲਿਆ ਜਾਵੇਗਾ।
ਏਮਜ ਅਤੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੇ ਵਿਦਿਅਕ ਤੇ ਖੋਜ ਖੇਤਰ ’ਚ ਕੀਤਾ ਸਮਝੋਤਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 14 ਜੁਲਾਈ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.), ਬਠਿੰਡਾ ਨੇ ਨਵੀਂ ਅਕਾਦਮਿਕ ਅਤੇ ਰਿਸਰਚ ਭਾਈਵਾਲੀ ਨੂੰ ਉਤਸਾਹਿਤ ਕਰਨ ਲਈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ (ਏਮਜ), ਬਠਿੰਡਾ ਨਾਲ ਹਸਪਤਾਲਾਂ ਦੀ ਸਿਹਤ ਸੰਭਾਲ ਅਤੇ ਪ੍ਰਬੰਧਨ ਵਿੱਚ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮੌਜੂਦਾ ਅਕਾਦਮਿਕ ਸੈਸਨ (2022-23) ਤੋਂ ਐਮ.ਬੀ.ਏ. – ਹਸਪਤਾਲ ਪ੍ਰਸਾਸਨ ਸੁਰੂ ਕਰ ਦਿੱਤਾ ਗਿਆ ਹੈ। ਅੱਜ ਇਥੇ ਇਕ ਸਾਧਾਰਨ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਐਮ.ਆਰ.ਐਸ.ਪੀ.ਟੀ.ਯੂ. ਦੇ ਰਜਿਸਟਰਾਰ, ਡਾ: ਗੁਰਿੰਦਰ ਪਾਲ ਸਿੰਘ ਬਰਾੜ ਅਤੇ ਏਮਜ ਦੇ ਡੀਨ, ਡਾ: ਸਤੀਸ ਗੁਪਤਾ ਨੇ ਏਮਜ਼ ਦੇ ਕਾਰਜਕਾਰੀ ਨਿਰਦੇਸਕ, ਪ੍ਰੋਫੈਸਰ ਦਿਨੇਸ ਕੁਮਾਰ ਸਿੰਘ ਅਤੇ ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ, ਪ੍ਰੋਫੈਸਰ ਬੂਟਾ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਇੱਕ ਸਹਿਮਤੀ ਪੱਤਰ (ਐਮ.ਓ.ਯੂ.) ‘ਤੇ ਵੀਸੀ ਕਾਨਫਰੰਸ ਰੂਮ ਵਿਚ ਹਸਤਾਖਰ ਕੀਤੇ ।
ਐਮ.ਓ.ਯੂ. ਦਾ ਉਦੇਸ ਮੈਡੀਕਲ ਸਾਇੰਸਜ, ਹਸਪਤਾਲ ਪ੍ਰਸਾਸਨ, ਵਿਸਲੇਸਣ, ਇੰਜਨੀਅਰਿੰਗ ਅਤੇ ਤਕਨਾਲੋਜੀ ਦੇ ਵਿਆਪਕ ਖੇਤਰ ਵਿੱਚ ਦੋਵਾਂ ਵੱਕਾਰੀ ਸੰਸਥਾਵਾਂ ਦਰਮਿਆਨ ਸਾਂਝੀ ਲੋੜ ਅਧਾਰਿਤ ਸਾਂਝੇ ਅਕਾਦਮਿਕ, ਵਿਗਿਆਨਕ ਅਤੇ ਖੋਜ ਪ੍ਰੋਗਰਾਮਾਂ ਦੇ ਸਹਿਯੋਗ ਦੀ ਸੁਰੂਆਤ ਕਰਨਾ ਹੈ। ਦੋਵਾਂ ਸੰਸਥਾਵਾਂ ਦੇ ਮਾਹਿਰਾਂ ਦੀਆਂ ਮੈਰਾਥਨ ਮੀਟਿੰਗਾਂ ਤੋਂ ਬਾਅਦ ਆਪਣੀ ਕਿਸਮ ਦੀ ਇਸ ਪਹਿਲਕਦਮੀ ਦੀ ਸ਼ੁਰੂਆਤ ਐਮ.ਬੀ.ਏ. ਹਸਪਤਾਲ ਪ੍ਰਸ਼ਾਸਨ ਦੇ ਕੋਰਸ ਨਾਲ ਕੀਤੀ ਗਈ ਹੈ, ਜੋ ਕਿ ਵਿਸਵ ਪੱਧਰ ‘ਤੇ ਸੁਪਰ ਸਪੈਸਲਿਟੀ ਹਸਪਤਾਲਾਂ ਦੇ ਵਧਦੇ ਰੁਝਾਨ ਅਤੇ ਹਸਪਤਾਲ ਪ੍ਰਸਾਸਨ ਵਿੱਚ ਮਾਹਿਰਾਂ ਦੀ ਵੱਧ ਰਹੀ ਮੰਗ ਅਨੁਸਾਰ ਕੀਤੀ ਜਾ ਰਹੀ ਹੈ।
ਐਮਓਯੂ ‘ਤੇ ਹਸਤਾਖਰ ਕਰਨ ਤੋਂ ਬਾਅਦ, ਪ੍ਰੋ: ਦਿਨੇਸ ਕੁਮਾਰ ਸਿੰਘ ਅਤੇ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀਆਂ ਦੋਨੋਂ ਪ੍ਰਮੁੱਖ ਸੰਸਥਾਵਾਂ ਨੂੰ ਹਸਪਤਾਲ ਪ੍ਰਸਾਸਨ ਦੇ ਖੇਤਰ ਵਿੱਚ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਹੁਨਰਾਂ ਨੂੰ ਵਿਕਸਤ ਕਰਨ ਅਤੇ ਹਸਪਤਾਲ ਪ੍ਰਸਾਸਨ ਦੇ ਪ੍ਰਬੰਧਨ ਨਾਲ ਸਬੰਧਤ ਵਿਹਾਰਕ ਗਿਆਨ ਉੱਪਰ ਮੁੱਖ ਜੋਰ ਦਿੱਤਾ ਗਿਆ ਹੈ। । ਹਸਪਤਾਲ ਦੇ ਪ੍ਰਬੰਧਕ ਹਸਪਤਾਲਾਂ ਅਤੇ ਹਸਪਤਾਲਾਂ ਦੇ ਨੈਟਵਰਕ ਦੇ ਪ੍ਰਸਾਸਨ, ਅਗਵਾਈ ਅਤੇ ਪ੍ਰਬੰਧਨ ਲਈ ਜ?ਿੰਮੇਵਾਰ ਹਨ। ਇਸ ਮੰਗ ਨੂੰ ਪੂਰਾ ਕਰਨ ਅਤੇ ਮੈਡੀਕਲ ਸਪੈਸਲਾਈਜੇਸਨਾਂ ਅਤੇ ਪ੍ਰਬੰਧਕੀ ਅਤੇ ਪ੍ਰਸਾਸਕੀ ਹੁਨਰਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ, ਐਮਬੀਏ- ਹਸਪਤਾਲ ਪ੍ਰਸਾਸਨ ਸੁਰੂਆਤੀ ਤੌਰ ‘ਤੇ ਸੁਰੂ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਹੋਰ ਨਵੇਂ ਉਭਰ ਰਹੇ ਲੋੜਾਂ ਅਧਾਰਿਤ ਕੋਰਸ ਵੀ ਸੁਰੂ ਕੀਤੇ ਜਾਣਗੇ।
ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਇਹ ਨਵੀਂ ਪਹਿਲਕਦਮੀ ਮੈਡੀਕਲ ਪੇਸੇਵਰਾਂ ਲਈ ਕੈਰੀਅਰ ਦੇ ਵਿਕਲਪਾਂ ਨੂੰ ਬਿਹਤਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੋਵੇਗੀ ਕਿਉਂਕਿ ਏਮਜ ਅਤੇ ਐਮ.ਆਰ.ਐਸ.ਪੀ.ਟੀ.ਯੂ., ਦੋਵੇਂ ਗੁਆਂਢੀ ਸੰਸਥਾਵਾਂ, ਦੇਸ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਵੱਡੀ ਸਮਰੱਥਾ ਰੱਖਦੀਆਂ ਹਨ। ਇਸ ਸਮਾਰੋਹ ਵਿੱਚ ਏਮਜ ਦੇ ਐਸੋਸੀਏਟ ਪ੍ਰੋਫੈਸਰ, ਯੂਰੋਲੋਜੀ ਵਿਭਾਗ, ਡਾ. ਕਵਲਜੀਤ ਸਿੰਘ ਕੌੜਾ, ਅਸਿਸਟੈਂਟ ਪ੍ਰੋਫੈਸਰ, ਹਸਪਤਾਲ ਪ੍ਰਸਾਸਨ ਵਿਭਾਗ, ਡਾ. ਕੇ. ਪੁਰਸੋਤਮ ਹੋਵਾਇਆ ਅਤੇ ਐਮ.ਆਰ.ਐਸ.ਪੀ.ਟੀ.ਯੂ. ਤੋਂ ਸੀਨੀਅਰ ਫੈਕਲਟੀ, ਕੈਂਪਸ ਡਾਇਰੈਕਟਰ, ਡਾ. ਸੰਜੀਵ ਅਗਰਵਾਲ, ਐਸੋਸੀਏਟ ਡੀਨ, ਪ੍ਰਸਾਸਨ, ਡਾ. ਜੀ.ਐਸ. ਬਾਠ, ਡੀਨ (ਆਰ ਐਂਡ ਡੀ) ਡਾ. ਆਸੀਸ ਬਾਲਦੀ, ਚੇਅਰਮੈਨ (ਐਡਮੀਸ਼ਨ), ਡਾ. ਮਨਜੀਤ ਬਾਂਸਲ, ਡਾਇਰੈਕਟਰ, ਕਾਲਜ ਵਿਕਾਸ ਕੌਂਸਲ, ਡਾ. ਬਲਵਿੰਦਰ ਸਿੰਘ ਸਿੱਧੂ, ਇੰਚਾਰਜ, ਯੂਨੀਵਰਸਿਟੀ ਬਿਜਨਸ ਸਕੂਲ, ਡਾ. ਪਿ੍ਰਤਪਾਲ ਸਿੰਘ ਭੁੱਲਰ ਅਤੇ ਡਾਇਰੈਕਟਰ ਲੋਕ ਸੰਪਰਕ ਹਰਜਿੰਦਰ ਸਿੰਘ ਸਿੱਧੂ ਵੀ ਹਾਜਰ ਸਨ।
ਬਾਕਸ
ਵੱਕਾਰੀ ਸੰਸਥਾਵਾਂ ਏਮਜ ਅਤੇ ਐਮ.ਆਰ.ਐਸ.ਪੀ.ਟੀ.ਯੂ.
ਬਠਿੰਡਾ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ (ਏਮਜ) ਦੀ ਸਥਾਪਨਾ ਦੇ ਨਾਲ, ਇਹ ਸਹਿਰ ਤਿੰਨ ਰਾਜਾਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰੀ ਭਾਰਤ ਦੇ ਹੋਰ ਦੂਰ-ਦੁਰਾਡੇ ਦੇ ਖੇਤਰਾਂ ਲਈ ਮੈਡੀਕੇਅਰ ਦੇ ਇੱਕ ਹੱਬ ਵਜੋਂ ਤੇਜੀ ਨਾਲ ਵਿਕਸਤ ਹੋ ਰਿਹਾ ਹੈ। ਏਮਜ ਵਿੱਚ ਰੋਜਾਨਾ ਹਜਾਰਾਂ ਮਰੀਜ ਕਿਫਾਇਤੀ ਕੀਮਤ ‘ਤੇ ਵਧੀਆ ਇਲਾਜ ਕਰਵਾਉਣ ਲਈ ਆਉਂਦੇ ਹਨ।
ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਤਕਨੀਕੀ ਅਤੇ ਵਿਗਿਆਨਕ ਸਿੱਖਿਆ-ਨਵੀਨਤਾ ਅਤੇ ਸਿਰਜਣਾਤਮਕਤਾ ਨੂੰ ਉਤਸਾਹਿਤ ਕਰਨ ਵਿੱਚ ਇੱਕ ‘ਸੈਂਟਰ ਪੁਆਇੰਟ ਆਫ ਐਕਸੀਲੈਂਸ‘ ਬਣ ਗਈ ਹੈ। ਐਮ.ਆਰ.ਐਸ.ਪੀ.ਟੀ.ਯੂ. ਤਕਨੀਕੀ ਸਿੱਖਿਆ ਦੀ ਉੱਨਤੀ, ਖੋਜ ਅਤੇ ਨਵੀਨਤਾ ਦੁਆਰਾ ਸੰਚਾਲਿਤ ਵਿਕਾਸ ਲਈ ਵਚਨਬੱਧ ਹੈ।
ਦਸਵੀਂ ’ਚ ਵਧੀਆ ਰਿਜਲਟ ਆਉਣ ’ਤੇ ਬੱਚਿਆਂ ਤੇ ਅਧਿਆਪਕਾਂ ਦਾ ਸਨਮਾਨ ਕੀਤਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਜੁਲਾਈ: ਸਥਾਨਕ ਗੁਰੂ ਨਾਨਕਪੁਰਾ ਮੁਹੱਲਾ ਵਿਚ ਸਥਿਤ ਸਰਕਾਰੀ ਹਾਈ ਸਕੂਲ ਵਿਚ ਦਸਵੀਂ ਕਲਾਸ ਵਿਚੋਂ ਮੈਰਿਟ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਟੇਜ ਦੀ ਕਾਰਵਾਈ ਡੀਪੀਈ ਮੀਡੀਆ ਕੋਆਰਡੀਨੇਟਰ ਬਲਜਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ਗੁਰੂ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਦਸਵੀਂ ਦੇ ਨਤੀਜਿਆਂ ਵਿਚ ਵਧੀਆ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਏ ਵਿੱਦਿਆਰਥੀਆ ਦੀ ਹੌਸਲਾਂ ਅਫਜਾਈ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਸਵਿੰਦਰਪਾਲ ਸਿੰਘ ਪਾਲਾ, ਕੈਸ਼ੀਅਰ ਵਕੀਲ ਸਿੰਘ, ਗੁਰਤੇਜ ਸਿੰਘ ਕਵੀ ਅਡਵਾਈਜਰ, ਮਾਸਟਰ ਮਾਨ ਸਿੰਘ ਸੈਕਟਰੀ, ਮੁਨਸੀ ਸਿੰਘ, ਹਰਦੇਵਪ੍ਰੀਤ ਸਿੰਘ ਮੈਂਬਰ, ਪਰਮਜੀਤ ਸਿੰਘ ਪੰਮੀ ਮੈਂਬਰ, ਪੂਰਨ ਸਿੰਘ ਮੀਤ ਪ੍ਰਧਾਨ, ਜਗਜੀਤ ਸਿੰਘ ਮੈਂਬਰ ਹਾਜਰ ਸਨ। ਇਸ ਮੌਕੇ ਸਕੂਲ ਦੇ ਡੀਪੀਈ ਮੀਡੀਆ ਕੋਆਰਡੀਨੇਟਰ ਬਲਜਿੰਦਰ ਸਿੰਘ ਨੇ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਪਿ੍ਰੰਸੀਪਲ ਨੇ ਕਿਹਾ ਕਿ ਇਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ। ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
‘ਆਪ‘ ਮੰਤਰੀ ਮੀਤ ਹੇਅਰ ਨੇ ਸਹੀਦ ਭਗਤ ਸਿੰਘ ਨੂੰ ‘ਅੱਤਵਾਦੀ‘ ਕਹਿਣ ‘ਤੇ ਸਿਮਰਨਜੀਤ ਸਿੰਘ ਮਾਨ ਦੀ ਕੀਤੀ ਨਿੰਦਾ
ਕਿਹਾ, ‘ਆਪ’ ਸਰਕਾਰ ਭਗਤ ਸਿੰਘ ਨੂੰ ਸਰਕਾਰੀ ਤੌਰ ਉਤੇ ਸ਼ਹੀਦ ਦਾ ਦਰਜਾ ਦੇਵੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਜੁਲਾਈ: ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ‘ਅੱਤਵਾਦੀ’ ਕਹਿਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀ ਗਈ ਟਿੱਪਣੀ ਬਹੁਤ ਨਿੰਦਣਯੋਗ ਹੈ ਅਤੇ ਉਹ ਤੁਰੰਤ ਬਿਨਾ ਸ਼ਰਤ ਮੁਆਫੀ ਮੰਗਣ।ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉੱਚ ਸਿੱਖਿਆ ਅਤੇ ਭਾਸ਼ਾ ਮੰਤਰੀ ਮੀਤ ਹੇਅਰ ਨੇ ਐਲਾਨ ਕੀਤਾ ਕਿ ‘ਆਪ’ ਸਰਕਾਰ ਭਗਤ ਸਿੰਘ ਨੂੰ ਸਰਕਾਰੀ ਤੌਰ ਉਤੇ ਸ਼ਹੀਦ ਦਾ ਦਰਜਾ ਦੇਵੇਗੀ।
ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਮੈਂਬਰ ਹੁੰਦੇ ਹੋਏ ਇਹ ਮੁੱਦਾ ਕਈ ਵਾਰ ਪਾਰਲੀਮੈਂਟ ਵਿੱਚ ਚੁੱਕਿਆ। ਭਗਤ ਸਿੰਘ ਸਾਡਾ ਆਦਰਸ਼ ਹਨ ਅਤੇ ਮੈਂ ਪੂਰੀ ਜ਼ਿੰਮੇਵਾਰੀ ਨਾਲ ਇਹ ਕਹਿੰਦਾ ਹਾਂ ਕਿ ਪੰਜਾਬ ਸਰਕਾਰ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਵੇਗੀ। ਉਨ੍ਹ ਕਿਹਾ ਕਿ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਦਿੱਤਾ ਗਿਆ ਬਿਆਨ ਸ਼ਰਮਨਾਕ ਹੈ। ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦਾ ਨਿਰਾਦਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦੀ ਦੀ ਲੜਾਈ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਛੋਟੀ ਉਮਰ ਵਿੱਚ ਆਪਣੀ ਕੁਰਬਾਨੀ ਦਿੱਤੀ, ਉਨ੍ਹਾਂ ਉਤੇ ਇਕੱਲੇ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਮਾਣ ਹੈ। ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਹੀ ਅੱਜ ਅਸੀਂ ਦੇਸ਼ ਵਿੱਚ ਆਜ਼ਾਦੀ ਮਾਣ ਰਹੇ ਹਾਂ। ਪ੍ਰੰਤੂ ਇਹ ਬੜੇ ਦੁੱਖ ਦੀ ਗੱਲ ਹੈ ਕਿ ਲੋਕ ਸਭਾ ਮੈਂਬਰ ਸਿਮਰਨਜੀਤ ਮਾਨ ਇੱਕ ਕੌਮੀ ਨਾਇਕ ਉਹਨਾਂ ਦਾ ਬਣਦਾ ਸਤਿਕਾਰ ਨਹੀਂ ਦੇ ਰਹੇ।ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਲੋਕਤੰਤਰਿਕ ਅਤੇ ਧਰਮ-ਨਿਰਪੱਖ ਪਾਰਟੀ ਹੈ। ਸ਼ਹੀਦ ਭਗਤ ਸਿੰਘ ਦਾ ਨਿਰਾਦਰ ਕਰਨ ਅਤੇ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਦੇ ਲਈ ਸਿਮਰਨਜੀਤ ਸਿੰਘ ਮਾਨ ਵਿਰੁੱਧ ਕਾਨੂੰਨੀ ਤੌਰ ਉਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਨਾਲ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ, ਧਰਮਕੋਟ ਤੋਂ ਵਿਧਾਇਕ ਦਵਿੰਦਰ ਸਿੰਘ ਢੋਸ ਅਤੇ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਵੀ ਹਾਜ਼ਰ ਸਨ।







