Thursday, May 14, 2026
Home Blog Page 2460

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਨੇ ਕੇਂਦਰ ਦੀ ‘ਅਗਨੀਵੀਰ’ ਸਕੀਮ ਵਿਰੁਧ ਕੀਤਾ ਰੋਸ਼ ਮਾਰਚ

0

ਸੁਖਜਿੰਦਰ ਮਾਨ
ਬਠਿੰਡਾ, 24 ਜੂਨ: ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਨਵੀਂ ਭਰਤੀ ਲਈ ਲਿਆਂਦੀ ਅਗਨੀਪੱਥ ਸਕੀਮ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਰੋਸ ਦਿਵਸ ਮਨਾਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਸ਼ਹਿਰ ਵਿੱਚ ਰੋਸ ਮੁਜਾਹਰਾ ਕਰ ਕੇ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਫੌਜ ਵਿੱਚ ਭਰਤੀ ਰਾਹੀਂ ਕਿਸਾਨਾਂ ਮਜਦੂਰਾਂ ਬੱਚਿਆਂ ਨੂੰ ਮਿਲਦੇ ਸਰਕਾਰੀ ਇੱਕੋ ਇੱਕ ਰੁਜਗਾਰ ਦਾ ਇਸ ਨਵੀਂ ਭਰਤੀ ਸਕੀਮ ਤਹਿਤ ਉਜਾੜਾ ਹੋਵੇਗਾ ਅਤੇ ਕਰਜ਼ੇ ਕਾਰਨ ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਦੀ ਆਰਥਿਕ ਹਾਲਤ ਹੋਰ ਨਿੱਘਰ ਜਾਵੇਗੀ ਕਿਉਂਕਿ ਇਸ ਸਕੀਮ ਤਹਿਤ ਭਰਤੀ ਕੀਤੇ ਨੌਜਵਾਨ ਜਿਨ੍ਹਾਂ ਨੂੰ ਅਗਨੀ ਵੀਰ ਦਾ ਨਾਮ ਦਿੱਤਾ ਗਿਆ ਹਾਂ ਸਿਰਫ਼ ਚਾਰ ਸਾਲ ਹੀ ਨੌਕਰੀ ਕਾਰਨ ਕਰ ਸਕਣਗੇ ਉਸ ਤੋਂ ਬਾਅਦ ਰਿਟਾਇਰ ਹੋਣ ਤੇ ਉਨ੍ਹਾਂ ਦੀ ਨਾ ਪੈਨਸ਼ਨ ਹੋਵੇਗੀ ਤੇ ਨਾ ਹੀ ਕੋਈ ਹੋਰ ਸਰਕਾਰੀ ਸਹੂਲਤਾਂ ਮਿਲਣਗੀਆਂ । ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਕਾਰਨ ਵਧ ਰਹੀ ਬੇਰੁਜਗਾਰੀ ਨਾਲ ਨੌਜਵਾਨਾਂ ਵਿੱਚ ਵਧ ਰਹੇ ਨਸ਼ਿਆਂ , ਗੈਂਗਸਟਰਾਂ ਤੇ ਹੋਰ ਅਪਰਾਧਕ ਢੰਗਾਂ ਨੂੰ ਰੋਕਣ ਲਈ ਲੋੜ ਤਾਂ ਹੋਰ ਵਧੇਰੇ ਪੱਕੇ ਰੁਜਗਾਰ ਕਰਨ ਦੀ ਸੀ ਪਰ ਕੇਂਦਰ ਸਰਕਾਰ ਵੱਲੋਂ ਪਹਿਲਾਂ ਮਿਲਦਾ ਰੁਜਗਾਰ ਉਜਾੜ ਕੇ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ । ਬੁਲਾਰਿਆਂ ਨੇ ਕਿਹਾ ਕਿ ਨਵੀਂ ਫੌਜ ਦੀ ਭਰਤੀ ਦੇ ਨਾਦਰਸ਼ਾਹੀ ਫਰਮਾਨ ਖ਼ਿਲਾਫ਼ ਦੇਸ ਦੇ ਨੌਜਵਾਨਾਂ ਵਲੋਂ ਰੋਸ ਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ । ਸਰਕਾਰ ਵੱਲੋਂ ਇਨ੍ਹਾਂ ਦੇ ਖ਼ਿਲਾਫ਼ ਪਰਚੇ ਦਰਜ ਕਰਨ, ਪੁਲੀਸ ਤਸ਼ੱਦਦ ਕਰਨ ਅਤੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਨ ਦੀ ਆਗੂਆਂ ਵੱਲੋਂ ਜੋਰਦਾਰ ਨਿਖੇਧੀ ਕਰਦਿਆਂ ਨੌਜਵਾਨਾਂ ਤੇ ਕੀਤੇ ਪਰਚੇ ਰੱਦ ਕਰਕੇ ਉਨ੍ਹਾਂ ਨੂੰ ਤੁਰੰਤ ਜੇਲ੍ਹਾਂ ਚੋਂ ਰਿਹਾਅ ਕਰਨ ਦੀ ਮੰਗ ਕੀਤੀ । ਆਗੂਆਂ ਵਲੋਂ ਨੌਜਵਾਨਾਂ ਦੇ ਇਹ ਸਕੀਮ ਨੂੰ ਰੱਦ ਕਰਾਉਣ ਲਈ ਸਰਕਾਰ ਖ?ਿਲਾਫ ਰੋਸ ਪ੍ਰਦਰਸ਼ਨ ਦੀ ਹਮਾਇਤ ਦਾ ਐਲਾਨ ਕੀਤਾ ਗਿਆ ।
ਇਸ ਤੋਂ ਉਪਰੰਤ ਮਿੰਨੀ ਸਕੱਤਰੇਤ ਤੋਂ ਹਨੂੰਮਾਨ ਚੌਕ ਤੱਕ ਰੋਸ ਮੁਜ਼ਾਹਰਾ ਕੀਤਾ ਗਿਆ । ਅੱਜ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਰਾਸਟਰਪਤੀ ਨੂੰ ਭੇਜੇ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਅਗਨੀਪਥ ਸਕੀਮ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ, ਇਸ ਸਕੀਮ ਤਹਿਤ ਭਰਤੀ ਦਾ ਨੋਟੀਫਿਕੇਸਨ ਵਾਪਸ ਲਿਆ ਜਾਵੇ,ਫੌਜ ਵਿੱਚ ਪਿਛਲੀਆਂ 1,25,000 ਅਸਾਮੀਆਂ ਅਤੇ ਇਸ ਸਾਲ ਖਾਲੀ ਹੋਣ ਵਾਲੀਆਂ ਲਗਭਗ 60,000 ਅਸਾਮੀਆਂ ਦੇ ਵਾਸਤੇ ਪਹਿਲਾਂ ਵਾਂਗ ਰੈਗੂਲਰ ਭਰਤੀ ਤੁਰੰਤ ਸੁਰੂ ਕੀਤੀ ਜਾਵੇ,
ਜਿੱਥੇ ਭਰਤੀ ਦੀ ਪ੍ਰਕਿਰਿਆ ਪਹਿਲਾਂ ਹੀ ਸੁਰੂ ਹੋ ਚੁੱਕੀ ਸੀ, ਇਸ ਨੂੰ ਪੂਰਾ ਕੀਤਾ ਜਾਵੇ ਅਤੇ ਪਿਛਲੇ ਦੋ ਸਾਲਾਂ ਤੋਂ ਭਰਤੀ ਨਾ ਹੋਣ ਦੇ ਬਦਲੇ ਆਮ ਭਰਤੀ ਲਈ ਨੌਜਵਾਨਾਂ ਨੂੰ ਉਮਰ ਵਿੱਚ 2 ਸਾਲ ਦੀ ਛੋਟ ਦਿੱਤੀ ਜਾਵੇ,ਕਿਸੇ ਵੀ ਭਰਤੀ ਲਈ ਬਿਨੈਕਾਰਾਂ ‘ਤੇ ਕੋਈ ਹਲਫ਼ਨਾਮਾ ਲੈਣ ਦੀ ਸ਼ਰਤ, ਜੋ ਉਹਨਾਂ ਨੂੰ ਸ਼ਾਂਤਮਈ ਅਤੇ ਜਮਹੂਰੀ ਢੰਗ ਨਾਲ ਪ੍ਰਦਰਸ਼ਨ ਦੇ ਅਧਿਕਾਰ ਤੋਂ ਵਾਂਝਾ ਕਰਦੀ ਹੈ, ਨਹੀਂ ਲਗਾਈ ਜਾਣੀ ਚਾਹੀਦੀ ,ਅਗਨੀਪਥ ਵਿਰੋਧੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਨੌਜਵਾਨਾਂ ਵਿਰੁੱਧ ਦਰਜ ਕੀਤੇ ਗਏ ਸਾਰੇ ਝੂਠੇ ਕੇਸ ਵਾਪਸ ਲਏ ਜਾਣ ਅਤੇ ਅੰਦੋਲਨਕਾਰੀਆਂ ਨੂੰ ਨੌਕਰੀਆਂ ਤੋਂ ਹਟਾਉਣ ਵਰਗੀਆਂ ਸ਼ਰਤਾਂ ਹਟਾਈਆਂ ਜਾਣ ।
ਅੱਜ ਦੇ ਇਕੱਠ ਨੂੰ ਬਸੰਤ ਸਿੰਘ ਕੋਠਾਗੁਰੂ ,ਜਗਦੇਵ ਸਿੰਘ ਜੋਗੇਵਾਲਾ‘ ਜਗਸੀਰ ਸਿੰਘ ਝੁੰਬਾ, ਪਰਮਜੀਤ ਕੌਰ ਕੌਟੜਾ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ , ਗੁਲਾਬ ਸਿੰਘ ਜਿਓਂਦ ,ਬਲਜੀਤ ਸਿੰਘ ਪੂਹਲਾ, ਜਸਪਾਲ ਸਿੰਘ ਕੋਠਾਗੁਰੂ, ਅਮਰੀਕ ਸਿੰਘ ਸਿਵੀਆਂ , ਕੁਲਵੰਤ ਸ਼ਰਮਾ, ਕਾਲਾ ਸਿੰਘ ਚੱਠੇਵਾਲਾ ,ਸਿਕੰਦਰ ਸਿੰਘ ਘੁੰਮਣ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਡੀਟੀਐਫ ਦੇ ਜ਼ਿਲ੍ਹਾ ਆਗੂ ਰੇਸ਼ਮ ਸਿੰਘ ਖੇਮੂਆਣਾ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ ਵੀ ਸੰਬੋਧਨ ਕੀਤਾ ।

ਪੰਜਾਬ ਦੀ ਵਿੱਤੀ ਹਾਲਾਤ ਬਾਰੇ ਮਾਨ ਸਰਕਾਰ ਵਿਧਾਨ ਸਭਾ ’ਚ ਪੇਸ਼ ਕਰੇਗੀ ਵਾਈਟ ਪੇਪਰ

0

ਮੰਤਰੀ ਮੰਡਲ ਵੱਲੋਂ ਵਿੱਤ ਬਾਰੇ ਵਾਈਟ ਪੇਪਰ ਪੇਸ ਕਰਨ ਦੀ ਪ੍ਰਵਾਨਗੀ
ਸਾਲ 2022-23 ਦੇ ਬਜਟ ਅਨੁਮਾਨਾਂ ਨੂੰ ਸਦਨ ਸਾਹਮਣੇ ਰੱਖਣ ਦੀ ਵੀ ਮਨਜੂਰੀ
ਪੰਜਾਬ ਵਿੱਤੀ ਜਿੰਮੇਵਾਰੀ ਅਤੇ ਬਜਟ ਪ੍ਰਬੰਧਨ ਐਕਟ 2003 ਵਿੱਚ ਸੋਧ ਲਈ ਹਰੀ ਝੰਡੀ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਜੂਨ: ਸੂਬੇ ਦੀ ਮੌਜੂਦਾ ਵਿਤੀ ਹਾਲਾਤ ਦੇ ਸਨਮੁੱਖ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਚੱਲ ਰਹੇ ਮੌਜੂਦਾ ਬਜ਼ਟ ਸ਼ੈਸਨ ’ਚ ਵਾਈਟ ਪੇਪਰ ਪੇਸ਼ ਕਰੇਗੀ। ਇਸ ਸਬੰਧ ਵਿਚ ਅੱਜ ਪੰਜਾਬ ਮੰਤਰੀ ਮੰਡਲ ਨੇ ਅੱਜ ਵਿਧਾਨ ਸਭਾ ਦੇ ਮੌਜੂਦਾ ਸੈਸਨ ਦੌਰਾਨ ਸੂਬੇ ਦੇ ਵਿੱਤ ਬਾਰੇ ਵਾਈਟ ਪੇਪਰ ਸਦਨ ਵਿੱਚ ਪੇਸ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਬੁਲਾਰੇ ਨੇ ਕਿਹਾ ਕਿ ਸੂਬੇ ਦੇ ਵਿੱਤ ਬਾਰੇ ‘ਵਾਈਟ ਪੇਪਰ’ ਪੰਜਾਬ ਸਰਕਾਰ ਨੂੰ ਦਰਪੇਸ ਗੁੰਝਲਦਾਰ ਮੁੱਦਿਆਂ ਨੂੰ ਸਰਲ ਬਣਾਉਣ ਅਤੇ ਮੌਜੂਦਾ ਸਰਕਾਰ ਨੂੰ ਵਿਰਾਸਤ ਵਿੱਚ ਮਿਲੀ ਵਿੱਤੀ ਸਥਿਤੀ ਬਾਰੇ ਆਮ ਆਦਮੀ ਨੂੰ ਸਪੱਸਟ ਤੌਰ ’ਤੇ ਜਾਣੂ ਕਰਵਾਉਣ ਦਾ ਯਤਨ ਹੈ। ਇਸ ਵਾਈਟ ਪੇਪਰ ਵਿੱਚ ਮੁੱਖ ਤੌਰ ‘ਤੇ ਚਾਰ ਅਧਿਆਏ ਹਨ ਜੋ ਅਸਲ ਤਸਵੀਰ ਸਾਹਮਣੇ ਰੱਖਣ ਦੇ ਨਾਲ ਨਾਲ ਵਿੱਤੀ ਸੂਚਕਾਂ ਦੀ ਮੌਜੂਦਾ ਸਥਿਤੀ, ਕਰਜੇ ਦੀ ਸਥਿਤੀ ਅਤੇ ਸੂਬੇ ਦੇ ਸਰਕਾਰੀ ਅਦਾਰਿਆਂ ਦੇ ਵਿੱਤੀ ਹਾਲਾਤ ਨੂੰ ਪੇਸ਼ ਕਰਦੇ ਹਨ। ਵਾਈਟ ਪੇਪਰ ਸੂਬੇ ਦੇ ਵਿੱਤੀ ਹਾਲਾਤ ਵਿੱਚ ਸੁਧਾਰ ਲਈ ਸੰਭਾਵਿਤ ਰਾਹ ਵੀ ਦਰਸਾਏਗਾ।
ਮੰਤਰੀ ਮੰਡਲ ਨੇ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸਨ ਵਿੱਚ ਸਾਲ 2022-23 ਦੇ ਬਜਟ ਅਨੁਮਾਨਾਂ ਨੂੰ ਪੇਸ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਬਜਟ ਅਨੁਮਾਨ ਆਮ ਨਾਗਰਿਕਾਂ ਅਤੇ ਈਮੇਲਾਂ, ਚਿੱਠੀਆਂ ਤੇ ਸਿੱਧੇ ਸੰਚਾਰ ਰਾਹੀਂ ਆਪਣੇ ਸੁਝਾਅ ਦੇਣ ਵਾਲੇ ਲੋਕਾਂ ਸਮੇਤ ਸਾਰੇ ਭਾਈਵਾਲਾਂ ਨਾਲ ਸਲਾਹ-ਮਸਵਰਾ ਕਰਨ ਉਪਰੰਤ ਤਿਆਰ ਕੀਤੇ ਗਏ ਹਨ। ਬਜਟ ਪ੍ਰਸਤਾਵਾਂ ਵਿੱਚ ਮਾਲੀਆ ਪ੍ਰਾਪਤੀਆਂ, ਪੂੰਜੀ ਪ੍ਰਾਪਤੀਆਂ, ਮਾਲੀਆ ਖਰਚਾ, ਪੂੰਜੀਗਤ ਖਰਚਾ, ਮਾਲੀਆ ਘਾਟਾ, ਵਿੱਤੀ ਘਾਟਾ ਅਤੇ ਬਕਾਇਆ ਕਰਜਾ ਵਰਗੇ ਸਾਰੇ ਸਬੰਧਤ ਵਿੱਤੀ ਸੂਚਕਾਂ ਨੂੰ ਸਾਮਲ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਪੰਜਾਬ ਵਿੱਤੀ ਜ?ਿੰਮੇਵਾਰੀ ਅਤੇ ਬਜਟ ਪ੍ਰਬੰਧਨ ਐਕਟ, 2003 ਦੀ ਧਾਰਾ (ਏ) ਦੀ ਉਪ ਧਾਰਾ 2 ਵਿੱਚ ਧਾਰਾ 4 ‘ਚ ਸੋਧ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਇਹ ਅਨੁਮਾਨਤ ਕੁੱਲ ਰਾਜ ਘਰੇਲੂ ਉਤਪਾਦ (ਜੀਐਸਡੀਪੀ) ਦੀ 3.5 ਫ਼ੀਸਦ ਕੁੱਲ ਉਧਾਰ ਸੀਮਾ, ਰਾਸਟਰੀ ਪੈਨਸਨ ਯੋਜਨਾ (ਐਨਪੀਐਸ) ਅਧੀਨ ਯੋਗਦਾਨ ਦੇ ਬਰਾਬਰ ਵਾਧੂ ਉਧਾਰ ਲੈਣ ਦੀ ਸੀਮਾ ਦਾ ਲਾਭ ਲੈਣਾ, ਪਿਛਲੇ ਸਾਲਾਂ ਲਈ ਮਨਜੂਰਸੁਦਾ ਉਧਾਰ ਲੈਣ ਦੀ ਸੀਮਾ ਤੋਂ ਇਸ ਦੇ ਅਣਵਰਤੇ ਉਧਾਰ ਨੂੰ ਅੱਗੇ ਵਧਾਉਣਾ ਅਤੇ ਮੌਜੂਦਾ ਵਿੱਤੀ ਸਾਲ ਦੌਰਾਨ 2022-23 ਲਈ ਪੂੰਜੀ ਨਿਵੇਸ ਲਈ ਸੂਬਿਆਂ ਨੂੰ ਵਿਸੇਸ ਸਹਾਇਤਾ ਵਾਸਤੇ ਯੋਜਨਾ ਤਹਿਤ 50 ਸਾਲ ਦਾ ਵਿਆਜ ਮੁਕਤ ਕਰਜਾ ਮੁਹੱਈਆ ਕਰਵਾਉਣ ਵਿੱਚ ਮਦਦਗਾਰ ਸਾਬਿਤ ਹੋਵਗਾ।
ਮੰਤਰੀ ਮੰਡਲ ਨੇ ਮੌਜੂਦਾ ਸੈਸਨ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਹਮਣੇ ਸਾਲ 2018-19, 2019-20 ਅਤੇ 2020-21 ਲਈ ਕੈਗ ਆਡਿਟ ਰਿਪੋਰਟਾਂ, ਸੰਵਿਧਾਨ (74ਵੀਂ ਸੋਧ) ਐਕਟ 1992 (ਅਪ੍ਰੈਲ 2015-ਮਾਰਚ 2020) ਦੇ ਲਾਗੂਕਰਨ ਦੀ ਪ੍ਰਭਾਵਸੀਲਤਾ ਦੇ ਪ੍ਰਫਾਰਮੈਂਸ ਆਡਿਟ, ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਨਕਦ ਟ੍ਰਾਂਸਫਰ) (ਅਪ੍ਰੈਲ 2017 ਤੋਂ ਜੁਲਾਈ 2020) ਦੇ ਪ੍ਰਫਾਰਮੈਂਸ ਆਡਿਟ, ਪੰਚਾਇਤੀ ਰਾਜ ਸੰਸਥਾਵਾਂ ਅਤੇ ਸਹਿਰੀ ਸਥਾਨਕ ਸੰਸਥਾਵਾਂ ‘ਤੇ ਅਪ੍ਰੈਲ 2016 ਤੋਂ ਮਾਰਚ 2019 ਦੀ ਮਿਆਦ ਲਈ ਸਾਲਾਨਾ ਤਕਨੀਕੀ ਨਿਰੀਖਣ ਰਿਪੋਰਟ, ਪੰਜਾਬ ਵਿੱਚ ਉੱਚ ਸਿੱਖਿਆ ਦੇ ਨਤੀਜਿਆਂ (ਅਪ੍ਰੈਲ 2015 ਤੋਂ ਮਾਰਚ 2020) ਦੇ ਪ੍ਰਫਾਰਮੈਂਸ ਆਡਿਟ ਅਤੇ ਪੰਜਾਬ ਸਰਕਾਰ ਦੇ ਸਾਲ 2019-20 ਅਤੇ 2020-21 ਲਈ ਵਿੱਤ ਖਾਤੇ, ਨਿਯੋਜਨ ਖਾਤਿਆਂ ਨੂੰ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਆਪ ਸਰਕਾਰ ਵਲੋਂ ਪੰਜਾਬ ਦੀਆਂ ਮਾਰਕੀਟ ਕਮੇਟੀਆਂ ਭੰਗ, ਚੇਅਰਮੈਨ ਹੋਏ ਸਾਬਕਾ

0

ਕੈਬਨਿਟ ਵੱਲੋਂ ‘ਪੰਜਾਬ ਰਾਈਟ ਟੂ ਬਿਜ਼ਨਸ ਰੂਲਜ਼, 2020’ ਵਿੱਚ ਸੋਧ ਨੂੰ ਪ੍ਰਵਾਨਗੀ
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੀਆਂ 25 ਅਤੇ ਸਿਵਲ ਜੱਜਾਂ ਦੀਆਂ 80 ਅਸਾਮੀਆਂ ਸਮੇਤ ਕੁੱਲ 810 ਅਸਾਮੀਆਂ ਦੀ ਰਚਨਾ ਨੂੰ ਵੀ ਮਨਜ਼ੂਰੀ
ਪੰਜਾਬ ਖੇਤੀਬਾੜੀ ਉਪਜ, ਮੰਡੀਆਂ ਐਕਟ-1961 ਵਿੱਚ ਸੋਧ ਨੂੰ ਵੀ ਦਿਖਾਈ ਹਰੀ ਝੰਡੀ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਜੂਨ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿਚ ਸੂਬੇ ਦੀਆਂ 156 ਮਾਰਕੀਟ ਕਮੇਟੀਆਂ ਨੂੰ ਭੰਗ ਕਰ ਦਿੱਤਾ ਗਿਆ। ਇਸਦੇ ਲਈ ਮੰਤਰੀ ਮੰਡਲ ਨੇ ਪੰਜਾਬ ਖੇਤੀਬਾੜੀ ਉਤਪਾਦ ਐਕਟ ਦੀ ਧਾਰਾ 12 ਵਿਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਮੌਜੂਦਾ ਸਮੇਂ ਨਾਮਜ਼ਦ ਮਾਰਕੀਟ ਕਮੇਟੀਆਂ ਨੂੰ ਭੰਗ ਕਰਕੇ ਨਵੇਂ ਪ੍ਰਸ਼ਾਸਕ ਨਿਯੁਕਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਫੈਸਲੇ ਮੁਤਾਬਕ ਸੂਬਾ ਸਰਕਾਰ ਭੰਗ ਕੀਤੀਆਂ ਮਾਰਕੀਟ ਕਮੇਟੀਆਂ ਦੀ ਥਾਂ ਉਤੇ ਪ੍ਰਸ਼ਾਸਕ ਨਿਯੁਕਤ ਕਰੇਗੀ, ਜੋ ਇਕ ਸਾਲ ਦੇ ਸਮੇਂ ਲਈ ਜਾਂ ਨਵੀਆਂ ਮਾਰਕੀਟ ਕਮੇਟੀਆਂ ਦੀ ਨਾਮਜ਼ਦਗੀਆਂ ਤੱਕ, ਜੋ ਵੀ ਪਹਿਲਾਂ ਹੋਵੇ, ਡਿਊਟੀ ਨਿਭਾਉਂਦੇ ਹੋਏ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨਗੇ। ਦੱਸਣਯੋਗ ਹੈ ਕਿ ਸੂਬੇ ਵਿਚ 156 ਮਾਰਕੀਟ ਕਮੇਟੀਆਂ ਹਨ ਜਿਨ੍ਹਾਂ ਵਿਚ ਚੇਅਰਮੈਨ, ਉਪ ਚੇਅਰੈਮਨ ਅਤੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ ਪਰ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਮੌਜੂਦਾ ਕਮੇਟੀਆਂ ਭੰਗ ਕਰਕੇ ਨਵੇਂ ਪ੍ਰਸ਼ਾਸਕਾਂ ਦੀ ਨਿਯੁਕਤੀ ਕਰਨ ਦਾ ਫੈਸਲਾ ਲਿਆ।
ਇਸਤੋਂ ਇਲਾਵਾ ਸੂਬੇ ਵਿੱਚ ਸਨਅਤੀ ਵਿਕਾਸ ਨੂੰ ਇਕ ਹੋਰ ਹੁਲਾਰਾ ਦਿੰਦਿਆਂ ਪੰਜਾਬ ਕੈਬਨਿਟ ਨੇ ਸ਼ੁੱਕਰਵਾਰ ਨੂੰ ਮੌਜੂਦਾ ਸਨਅਤੀ ਇਕਾਈਆਂ (ਐਮ.ਐਸ.ਐਮ.ਈਜ਼) ਦੇ ਵਿਸਤਾਰ ਨੂੰ ‘ਪੰਜਾਬ ਰਾਈਟ ਟੂ ਬਿਜ਼ਨਸ ਐਕਟ, 2020’ ਦੇ ਘੇਰੇ ਹੇਠ ਲਿਆਉਣ ਲਈ ‘ਪੰਜਾਬ ਰਾਈਟ ਟੂ ਬਿਜ਼ਨਸ ਰੂਲਜ਼, 2020’ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ।
ਇਸ ਸਬੰਧੀ ਫੈਸਲਾ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਮੰਤਰੀ ਸਮੂਹ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ।ਹੋਰ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਵਪਾਰ ਨੂੰ ਸੁਖਾਲਾ ਬਣਾਉਣ ਲਈ 6 ਫਰਵਰੀ, 2020 ਨੂੰ ‘ਪੰਜਾਬ ਰਾਈਟ ਟੂ ਬਿਜ਼ਨਸ ਐਕਟ, 2020’ ਨੋਟੀਫਾਈ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ‘ਪੰਜਾਬ ਰਾਈਟ ਟੂ ਬਿਜ਼ਲਸ ਰੂਲਜ਼, 2020’ ਨੂੰ 29 ਜੁਲਾਈ 2020 ਨੂੰ ਨੋਟੀਫਾਈ ਕੀਤਾ ਗਿਆ। ਇਹ ਨਿਯਮ ਪੰਜਾਬ ਵਿਚਲੀਆਂ ਨਵੀਆਂ ਲਘੂ, ਛੋਟੀਆਂ ਤੇ ਦਰਮਿਆਨੀਆਂ ਸਨਅਤੀ ਇਕਾਈਆਂ (ਐਮ.ਐਸ.ਐਮ.ਈਜ਼.) ਉਤੇ ਲਾਗੂ ਹੁੰਦੇ ਸਨ ਪਰ ‘ਰਾਈਟ ਟੂ ਬਿਜ਼ਨਸ ਐਕਟ, 2020’ ਵਿਚਲੀ ਇਹ ਨਵੀਂ ਸੋਧ ਸੂਬੇ ਵਿੱਚ ਮੌਜੂਦਾ ਐਮ.ਐਸ.ਐਮ.ਈਜ਼. ਨੂੰ ਆਪਣੇ ਵਿਸਤਾਰ ਲਈ ਤੇਜ਼ੀ ਨਾਲ ਮਨਜ਼ੂਰੀਆਂ, ਛੋਟਾਂ ਤੇ ਸਵੈ-ਘੋਸ਼ਣਾ ਦਾ ਮੌਕਾ ਮੁਹੱਈਆ ਕਰੇਗੀ।ਇਸ ਅਹਿਮ ਕਦਮ ਨਾਲ ਆਪਣੇ ਵਿਸਤਾਰ ਵਿੱਚ ਲੱਗੇ ਸਾਰੇ ਮੌਜੂਦਾ ਕਾਰੋਬਾਰੀ ਅਦਾਰਿਆਂ ਨੂੰ ਇਸ ਐਕਟ ਅਧੀਨ ਸੱਤ ਸੇਵਾਵਾਂ ਦੀ ਸਿਧਾਂਤਕ ਪ੍ਰਵਾਨਗੀ ਲਈ ਸਰਟੀਫਿਕੇਟ ਹਾਸਲ ਕਰਨ ਦੇ ਯੋਗ ਬਣਾਏਗਾ। ਇਸ ਸੋਧ ਮੁਤਾਬਕ ਵਿਸਤਾਰ ਕਰ ਰਹੀਆਂ ਮੌਜੂਦਾ ਐਮ.ਐਸ.ਐਮ.ਈਜ਼. ਸਿਧਾਂਤਕ ਪ੍ਰਵਾਨਗੀ ਦਾ ਸਰਟੀਫਿਕੇਟ ਜਾਰੀ ਹੋਣ ਮਗਰੋਂ ਆਪਣੇ ਵਿਸਤਾਰ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦੇ ਯੋਗ ਬਣਨਗੀਆਂ। ਇਸ ਲਈ ਫੋਕਲ ਪੁਆਇੰਟਾਂ ਵਿੱਚ ਸਿਧਾਂਤਕ ਮਨਜ਼ੂਰੀ ਪੰਜ ਕੰਮਕਾਜੀ ਦਿਨਾਂ ਤੇ ਫੋਕਲ ਪੁਆਇੰਟਾਂ ਤੋਂ ਬਾਹਰ 20 ਕੰਮਕਾਜੀ ਦਿਨਾਂ ਵਿੱਚ ਮਿਲੇਗੀ।

ਅਧੀਨ ਅਦਾਲਤਾਂ ਲਈ 810 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ
ਮੰਤਰੀ ਮੰਡਲ ਨੇ ਸੂਬੇ ਦੀਆਂ ਅਧੀਨ ਅਦਾਲਤਾਂ ਲਈ 810 ਅਸਾਮੀਆਂ ਸਿਰਜਣ ਲਈ ਪ੍ਰਵਾਨਗੀ ਦੇ ਦਿੱਤੀ ਹੈ, ਜਿਨ੍ਹਾਂ ਵਿੱਚ ਸਹਾਇਕ ਸਟਾਫ ਤੋਂ ਇਲਾਵਾ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੀਆਂ 25 ਅਸਾਮੀਆਂ ਅਤੇ ਸਿਵਲ ਜੱਜ (ਜੂਨੀਅਰ ਡਿਵੀਜ਼ਨ)-ਕਮ-ਜੁਡੀਸ਼ਲ ਦੀਆਂ 80 ਅਸਾਮੀਆਂ ਸ਼ਾਮਲ ਹਨ। ਇਸ ਕਦਮ ਨਾਲ ਸੂਬੇ ਵਿੱਚ ਨਵੀਆਂ ਅਦਾਲਤਾਂ ਦੇ ਗਠਨ ਵਿਚ ਮਹੱਤਵਪੂਰਨ ਸਹਾਇਤਾ ਮਿਲੇਗੀ ਜਿਸ ਨਾਲ ਅਧੀਨ ਅਦਾਲਤਾਂ ਵਿਚ ਬਕਾਏ ਅਦਾਲਤੀ ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ। ਇਨ੍ਹਾਂ ਨਵੀਆਂ ਅਸਾਮੀਆਂ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮਿਲਣਗੇ ਅਤੇ ਸੂਬੇ ਦੀ ਨਿਆਂ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ।
ਮੰਤਰੀ ਮੰਡਲ ਨੇ ਪੰਜਾਬ ਜਲ ਸਰੋਤ ਖੋਜ, ਗਰੁੱਪ-ਏ ਸਰਵਿਸਜ਼ ਰੂਲਜ਼-2022 ਤਿਆਰ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਜਲ ਸਰੋਤ ਵਿਭਾਗ ਦੀਆਂ ਪ੍ਰਸ਼ਾਸਨਿਕ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਖੋਜ ਅਫਸਰਾਂ ਦੀ 9 ਅਸਾਮੀਆਂ ਅਤੇ ਸਹਾਇਕ ਖੋਜ ਅਫਸਰਾਂ ਦੀਆਂ 26 ਅਸਾਮੀਆਂ ਪ੍ਰਵਾਨ ਕੀਤੀਆਂ ਗਈਆਂ ਹਨ ਪਰ ਮੌਜੂਦਾ ਨਿਯਮਾਂ ਵਿਚ ਸਿੱਧੀ ਜਾਂ ਤਰੱਕੀ ਕੋਟੇ ਦੇ ਅਨੁਪਾਤ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸ ਕਦਮ ਨਾਲ ਵਿਭਾਗ ਦੀਆਂ ਪ੍ਰਸ਼ਾਸਕੀ ਲੋੜਾਂ ਨੂੰ ਪੂਰਾ ਕਰਨ ਵਿਚ ਮਦਦ ਮਿਲੇਗੀ ਤਾਂ ਕਿ ਲੋਕਾਂ ਨੂੰ ਹੋਰ ਬਿਹਤਰ ਢੰਗ ਨਾਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।ਮੰਤਰੀ ਮੰਡਲ ਨੇ ਬਿਲਡਿੰਗ ਫਿਸਕਲ ਐਂਡ ਇੰਸਟੀਚਿਊਸ਼ਨਲ ਰੀਸਾਇਲੈਂਸ ਫਾਰ ਗ੍ਰੋਥ ਪ੍ਰੋਜੈਕਟ ਲਈ ਵਿਚਾਰ-ਚਰਚਾ ਅਤੇ ਭਾਰਤ ਸਰਕਾਰ ਦੇ ਵਿੱਤ ਮਾਮਲਿਆਂ ਬਾਰੇ ਵਿਭਾਗ ਅਤੇ ਵਿਸ਼ਵ ਬੈਂਕ (ਨਿਰਮਾਣ ਤੇ ਵਿਕਾਸ ਲਈ ਅੰਤਰਰਾਸ਼ਟਰੀ ਬੈਂਕ) ਨਾਲ ਇਕਰਾਰਨਾਮਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਨਾਲ ਸੂਬਾ ਸਰਕਾਰ ਨੂੰ ਅਗਲੇ ਪੰਜ ਸਾਲਾਂ ਵਿਚ ਰਾਜ ਭਰ ਅਤੇ ਸ਼ਹਿਰੀ ਪੱਧਰ ਵਿਚ ਪ੍ਰਮੁੱਖ ਸੁਧਾਰਾਂ ਲਈ ਮਦਦ ਮਿਲੇਗੀ ਅਤੇ ਪੰਜ ਵਿਭਾਗ ਲਾਗੂ ਕਰਨ ਵਾਲੀਆਂ ਏਜੰਸੀਆਂ ਵਜੋਂ ਕੰਮ ਕਰਨਗੇ।

ਡੀ.ਪੀ.ਆਈ. (ਕਾਲਜਾਂ), ਭਾਸ਼ਾ ਵਿਭਾਗ ਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੀਆਂ ਸਾਲਾਨਾ ਪ੍ਰਬੰਧਕੀ ਰਿਪੋਰਟਾਂ ਮਨਜ਼ੂਰ
ਪੰਜਾਬ ਕੈਬਨਿਟ ਨੇ ਡੀ.ਪੀ.ਆਈ. (ਕਾਲਜਾਂ) ਦੀ ਸਾਲ 2017-18, 2018-19, 2019-20 ਅਤੇ 2020-21, ਭਾਸ਼ਾ ਵਿਭਾਗ ਪੰਜਾਬ ਦੀਆਂ ਸਾਲ 2016-17, 2017-18, 2018-19, 2019-20 ਅਤੇ 2020-21 ਦੀਆਂ ਸਾਲਾਨਾ ਪ੍ਰਬੰਧਕੀ ਰਿਪੋਰਟਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ। ਇਸ ਤੋਂ ਇਲਾਵਾ ਸੈਰ-ਸਪਾਟਾ, ਸੱਭਿਆਚਾਰਕ ਮਾਮਲੇ, ਪੁਰਾਤਤਵ ਤੇ ਅਜਾਇਬਘਰ ਵਿਭਾਗ ਦੀਆਂ ਸਾਲ 2020-21 ਦੀਆਂ ਸਾਲਾਨਾ ਪ੍ਰਬੰਧਕੀ ਰਿਪੋਰਟਾਂ ਨੂੰ ਪ੍ਰਵਾਨ ਕਰ ਲਿਆ ਹੈ।

ਪਿੰਦਾ ਗੈਂਗ ਦੇ ਬਕਾਇਆ ਮੈਂਬਰਾਂ ਨੂੰ ਪੁਲੀਸ ਨੇ ਕੀਤਾ ਕਾਬੂ, ਗਿ੍ਰਫਤਾਰ ਕੀਤੇ 19 ਮੈਂਬਰਾਂ ਵਿੱਚੋਂ 13 ਸ਼ੂਟਰ

0

ਦੋਸ਼ੀਆਂ ਕੋਲੋਂ 11 ਹਥਿਆਰ, 2 ਵਾਹਨ ਅਤੇ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਕੀਤੀ ਬਰਾਮਦ
ਗਿ੍ਰਫਤਾਰ ਕੀਤੇ ਵਿਅਕਤੀਆਂ ਚੋਂ 13 ਸ਼ੂਟਰ ਹਨ ਹਿਸਟਰੀ- ਸ਼ੀਟਰ, ਜੋ ਜਲੰਧਰ, ਕਪੂਰਥਲਾ,ਫਿਰੋਜ਼ਪੁਰ, ਤਰਨਤਾਰਨ ਅਤੇ ਬਠਿੰਡਾ ਵਿਖੇ ਦੇ 24 ਤੋਂ ਵੱਧ ਫੌਜਦਾਰੀ ਮੁਕੱਦਮਿਆਂ ਵਿੱਚ ਲੋੜੀਂਦੇ ਹਨ : ਐਸ.ਐਸ.ਪੀ. ਸਵਪਨ ਸ਼ਰਮਾਂ
ਸੁਖਜਿੰਦਰ ਮਾਨ
ਜਲੰਧਰ, 24 ਜੂਨ:ਤਿੰਨ ਹਫਤੇ ਚੱਲੇ ਆਪ੍ਰੇਸ਼ਨ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਨੇ ਪਿੰਦਾ ਗੈਂਗ ਨਾਲ ਜੁੜੇ ਫਿਰੌਤੀ ਅਤੇ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ 13 ਮੈਂਬਰਾਂ -ਸਾਰੇ ਸ਼ਾਰਪ ਸ਼ੂਟਰ, ਇਸ ਤੋਂ ਇਲਾਵਾ ਪਨਾਹ ਦੇਣ ਅਤੇ ਲਾਜਿਸਟਿਕ ਸਹਾਇਤਾ ਮੁਹੱਈਆ ਕਰਾਉਣ ਵਾਲੇ 6 ਹੋਰਾਂ ਨੂੰ ਗਿ੍ਰਫਤਾਰ ਕੀਤਾ ਹੈ। ਇਹ ਜਾਣਾਕਰੀ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਸਵਪਨ ਸਰਮਾ ਨੇ ਸ਼ੁੱਕਰਵਾਰ ਨੂੰ ਸਾਂਝੀ ਕੀਤੀ । ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਪਲਵਿੰਦਰ ਸਿੰਘ ਉਰਫ ਪਿੰਦਾ, ਜਿਸ ਦੀ ਨਾਭਾ ਜੇਲ ਬਰੇਕ ‘ਚ ਵੀ ਭੂਮਿਕਾ ਸਾਹਮਣੇ ਆਈ ਸੀ, ਨੂੰ ਗੈਂਗ ਦਾ ਸਰਗਨਾਹ ਦੱਸਿਆ ਜਾਂਦਾ ਹੈ ਅਤੇ ਜ਼ਾਹਰ ਤੌਰ ‘ਤੇ ਪਰਮਜੀਤ ਉਰਫ ਪੰਮਾ , ਵਾਸੀ ਸ਼ਾਹਕੋਟ, ਜਲੰਧਰ ਅਤੇ ਜੋ ਕਿਮੌਜਾਦੂ ਸਮੇਂ ਗ੍ਰੀਸ ਵਿੱਚ ਰਹਿਦਾ ਹੈ, ਦੀ ਮਦਦ ਨਾਲ ਗੈਂਗ ਨੂੰ ਸੰਭਾਲ ਰਿਹਾ ਸੀ।
ਗਿ੍ਰਫਤਾਰ ਕੀਤੇ ਗਏ 13 ਸ਼ੂਟਰਾਂ ਦੀ ਪਛਾਣ ਸੁਨੀਲ ਮਸੀਹ ਉਰਫ ਜਿਉਣਾ, ਰਵਿੰਦਰ ਉਰਫ ਰਵੀ, ਪ੍ਰਦੀਪ ਸਿੰਘ, ਮਨਜਿੰਦਰ ਉਰਫ ਸ਼ਵੀ ਅਤੇ ਸੁਖਮਨ ਸਿੰਘ ਉਰਫ ਸੱਭਾ, ਸਾਰੇ ਵਾਸੀ ਲੋਹੀਆਂ, ਜਲੰਧਰ; ਸੰਦੀਪ ਉਰਫ ਦਿੱਲੀ, ਮੇਜਰ ਸਿੰਘ, ਅਪਰੇਲ ਸਿੰਘ ਉਰਫ ਸ਼ੇਰਾ, ਬਲਵਿੰਦਰ ਉਰਫ ਗੁੱਢਾ ਅਤੇ ਸਲਿੰਦਰ ਸਿੰਘ; ਸਾਰੇ ਵਾਸੀਅਨ ਨਕੋਦਰ, ਜਲੰਧਰ; ਦਾ ਸਤਪਾਲ ਉਰਫ ਸੱਤਾ ਵਾਸੀ ਮੱਖੂ, ਫਿਰੋਜਪੁਰ; ਦਵਿੰਦਰਪਾਲ ਸਿੰਘ ਉਰਫ ਦੀਪੂ ਅਤੇ ਸਤਵੰਤ ਸਿੰਘ ਉਰਫ ਜੱਗਾ ਵਾਸੀ ਸ਼ਾਹਕੋਟ, ਜਲੰਧਰ ਵਜੋਂ ਹੋਈ ਹੈ। ਇਹ ਸਾਰੇ ਗਿ੍ਰਫਤਾਰ ਵਿਅਕਤੀ ਹਿਸਟਰੀ ਸ਼ੀਟਰ ਹਨ ਅਤੇ ਇਨਾਂ ਉਤੇ ਕਤਲ, ਇਰਾਦਾ ਕਤਲ, ਜਬਰਨ ਵਸੂਲੀ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਘਿਨਾਉਣੇ ਅਪਰਾਧਾਂ ਨਾਲ ਸਬੰਧਤ ਮਾਮਲੇ ਦਰਜ ਹਨ।
ਜਦਕਿ 6 ਹੋਰ ਵਿਅਕਤੀ , ਜਿਨਾਂ ਨੂੰ ਪਨਾਹ ਦੇਣ ਅਤੇ ਲੌਜਿਸਟਿਕ ਸਪੋਰਟ ਦੇਣ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ, ਦੀ ਪਛਾਣ ਅਮਰਜੀਤ ਉਰਫ ਅਮਰ ਵਾਸੀ ਧਰਮਕੋਟ; ਬਲਬੀਰ ਮਸੀਹ, ਐਰਿਕ ਅਤੇ ਬਾਦਲ, ਤਿੰਨੇ ਵਾਸੀ ਲੋਹੀਆਂ; ਹਰਵਿੰਦਰ ਸਿੰਘ ਵਾਸੀ ਸ਼ਾਹਕੋਟ ਅਤੇ ਬਚਿੱਤਰ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ।
ਪੁਲਿਸ ਨੇ ਦੋਸ਼ੀਆਂ ਕੋਲੋਂ ਸੱਤ .32 ਬੋਰ ਪਿਸਤੌਲ, ਤਿੰਨ .315 ਬੋਰ ਪਿਸਤੌਲ, ਇੱਕ .315 ਬੋਰ ਦੀ ਬੰਦੂਕ ਅਤੇ ਇੱਕ .12 ਬੋਰ ਦੀ ਬੰਦੂਕ ਸਮੇਤ 9 ਹਥਿਆਰ ਬਰਾਮਦ ਕੀਤੇ ਹਨ ਅਤੇ ਟੋਇਟਾ ਇਨੋਵਾ ਅਤੇ ਮਹਿੰਦਰਾ ਐਕਸਯੂਵੀ 500 ਸਮੇਤ ਦੋ ਵਾਹਨਾਂ ਤੋਂ ਇਲਾਵਾ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਪਰਮਜੀਤ ਉਰਫ ਪੰਮਾ ਗਿਰੋਹ ਨੂੰ ਫਾਇਨਾਂਸ ਕਰਦਾ ਸੀ ਅਤੇ ਅਮਰਜੀਤ ਉਰਫ ਅਮਰ ਨੂੰ ਹਵਾਲਾ ਰਾਹੀਂ ਵਿਦੇਸੀ ਕਰੰਸੀ ਭੇਜਦਾ ਸੀ, ਜੋ ਅੱਗੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਗਿਰੋਹ ਦੇ ਮੈਂਬਰਾਂ ਵਿੱਚ ਵੰਡਦਾ ਸੀ।
ਉਨਾਂ ਦੱਸਿਆ ਕਿ ਇਹ ਗਿਰੋਹ ਪਿਛਲੇ ਛੇ ਸਾਲਾਂ ਤੋਂ ਸਰਗਰਮ ਹੈ ਅਤੇ ਮੱਧ ਪ੍ਰਦੇਸ਼ ਤੋਂ ਸੰਗਠਿਤ ਜਬਰਨ ਵਸੂਲੀ, ਹਥਿਆਰਬੰਦ ਹਾਈਵੇ ਡਕੈਤੀ, ਭੂ-ਮਾਫੀਆ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੈ। ਸਵਪਨ ਸ਼ਰਮਾ ਨੇ ਕਿਹਾ, “ਇਸ ਗਿਰੋਹ ਦੀ ਗਿ੍ਰਫਤਾਰੀ ਦੇ ਨਾਲ, ਪੁਲਿਸ ਵੱਲੋਂ ਜਲੰਧਰ ਅਤੇ ਬਠਿੰਡਾ ਵਿੱਚ ਕਤਲ, ਜ਼ਬਰਨ ਵਸੂਲੀ ਅਤੇ ਹਾਈਵੇਅ ਆਰਮਡ ਡਕੈਤੀ ਸਮੇਤ ਤਿੰਨ ਵੱਡੇ ਕੇਸਾਂ ਨੂੰ ਵੀ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।” ਉਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਕੁੱਲ 19 ਵਿਅਕਤੀਆਂ ਵਿੱਚੋਂ ਘੱਟੋ-ਘੱਟ 12 ਪੁਲਿਸ ਨੂੰ ਅੱਠ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ।

ਜਲ ਸਪਲਾਈ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਕਾਰਜਕਾਰੀ ਇੰਜੀਨੀਅਰਾਂ ਦੇ ਦਫਤਰਾਂ ਅੱਗੇ ਰੋਸ ਧਰਨਾ

0

ਸੁਖਜਿੰਦਰ ਮਾਨ
ਬਠਿੰਡਾ, 24 ਜੂਨ: ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ. ਨੰ. 31 ਵੱਲੋਂ ਜਿਲਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਦੀ ਪ੍ਰਧਾਨਗੀ ਹੇਠ ਸਥਾਨਕ ਭਾਗੂ ਰੋਡ ਬਠਿੰਡਾ ਵਿਖੇ ਕਾਰਜਕਾਰੀ ਇੰਜੀਨੀਅਰਾਂ ਮੰਡਲ ਨੰ 2 ਅਤੇ 3 ਦੇ ਦਫਤਰਾਂ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸੰਦੀਪ ਖਾਨ ਬਾਲਿਆਂਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਕੱਚੇ ਠੇਕਾ ਕਾਮਿਆਂ ਨੂੰ ਪੱਕਾ ਕਰਨ ਦਾ ਝੂਠਾ ਲਾਰਾ ਲਾ ਕੇ ਕੱਚੇ ਠੇਕਾ ਕਾਮਿਆਂ ਦੀ ਛਾਂਟੀ ਕਰਕੇ ਠੇਕਾ ਕਾਮਿਆਂ ਦੀ ਯੂਨੀਅਨ ਨੂੰ ਕਮਜ਼ੋਰ ਕਰਨ ਦੀ ਕਾਲੀ ਤੇ ਕੋਝੀ ਨੀਤੀ ਅਪਨਾਉਣ ਜਾ ਰਹੀ ਹੈ। ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਬਣਦਿਆਂ ਹੀ ਕੱਚੇ ਠੇਕਾ ਕਾਮਿਆਂ ਦਾ ਸਰਕਾਰੀ ਸਾਈਟ ਐਚ.ਆਰ.ਐਮ. ਐਸ. ਤੋ ਡਾਟਾ ਡਲੀਟ ਕਰ ਦਿੱਤਾ ਗਿਆ ਹੈ ਤਾਂ ਜੋ ਠੇਕਾ ਕਾਮਿਆਂ ਦਾ ਕੋਈ ਰਿਕਾਰਡ ਨਾਂ ਰਹੇ। ਹੁਣ ਸਰਕਾਰ ਅਧਿਕਾਰੀਆਂ ਤੋ ਉਹਨਾਂ ਕੱਚੇ ਠੇਕਾ ਕਾਮਿਆਂ ਦੀਆਂ ਲਿਸਟਾਂ ਮੰਗ ਰਹੀ ਹੈ। ਜਿਨ੍ਹਾਂ ਦੇ ਰਿਸ਼ਤੇਦਾਰ ਵਿਭਾਗ ਵਿੱਚ ਮੌਜੂਦਾ ਪੱਕੀ ਨੌਕਰੀ ਕਰ ਰਹੇ ਹਨ ਜਾ ਰਿਟਾਇਰਡ ਹੋ ਚੁੱਕੇ ਹਨ ਤਾਂ ਜੋ ਉਹਨਾਂ ਦੀ ਬਲੱਡ ਰਿਲੇਸਨ ਦੇ ਨਾਂ ਤੇ ਛਾਂਟੀ ਕੀਤੀ ਜਾਵੇ । ਬੁਲਾਰੇ ਨੇ ਦੱਸਿਆ ਕਿ ਸਾਰੇ ਪੰਜਾਬ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ਼ ਲਾਮਬੰਦ ਹੋ ਕੇ ਕੱਚੇ ਠੇਕਾ ਕਾਮੇ ਪਰਿਵਾਰਾਂ ਤੇ ਬੱਚਿਆਂ ਸਮੇਤ ਤਿੱਖਾ ਸੰਘਰਸ਼ ਵਿੱਢਣ ਲਈ ਤਿਆਰ ਹਨ। ਇਸ ਮੌਕੇ ਅੰਮਿ੍ਰਤਪਾਲ ਸਿੰਘ ਬੱਗੂ, ਸੰਦੀਪ ਸਿੰਘ ਬਾਜਕ,ਲਖਵਿੰਦਰ ਸਿੰਘ, ਨੇ ਵੀ ਆਏ ਵਰਕਰਾਂ ਨੂੰ ਸੰਬੋਧਨ ਕੀਤਾ।

ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਮੰਤਰੀ ਡਾ ਜਿਤੇਂਦਰ ਸਿੰਘ ਨਾਲ ਕੀਤੀ ਮੀਟਿੰਗ

0

ਸੁਖਜਿੰਦਰ ਮਾਨ
ਚੰਡੀਗੜ੍ਹ, 24 ਜੂਨ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਨਵੀਂ ਦਿੱਲੀ ਵਿਚ ਕੇਂਦਰੀ ਅਮਲਾ, ਲੋਕ ਸ਼ਿਕਾਇਤ ਤੇ ਪਿ੍ਰਥਵੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਡਾ. ਜਿਤੇਂਦਰ ਸਿੰਘ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਕਾਫੀ ਗਿਣਤੀ ਵਿਚ ਭਾਰਤੀ ਪ੍ਰਸਾਸ਼ਨਿਕ ਸੇਵਾ ਦੇ ਉੱਚ ਅਧਿਕਾਰੀਆਂ ਦੀ ਹਰਿਆਣਾ ਰਾਜ ਦੀ ਮੌਜੂਦਾ ਭਵਿੱਖ ਦੀ ਜਰੂਰਤਾਂ ਦੇ ਸੰਦਰਭ ਵਿਚ ਗੰਭੀਰ ਵਿਚਾਰ-ਵਟਾਂਦਰਾਂ ਹੋਇਆ। ਕਾਫੀ ਗਿਣਤੀ ਵਿਚ ਭਾਰਤੀ ਪ੍ਰਸਾਸ਼ਨਿਕ ਸੇਵਾ ਦੇ ਉੱਚ ਅਧਿਕਾਰੀਆਂ ਦੀ ਹਰਿਆਣਾ ਰਾਜ ਦੀ ਜਰੂਰਤਾਂ ਤੇ ਸੰਦਰਭਿਤ ਅਮਲਾ ਜਰੂਰਤਾਂ ਦੇ ਸੰਦਰਭ ਵਿਚ ਕੇਂਦਰ ਨੇ ਹਰਿਆਣਾ ਨੂੰ ਭਰੋਸਾ ਦਿੱਤਾ ਹੈ।
ਮੁੱਖ ਮੰਤਰੀ ਨੇ ਹਰਿਆਣਾ ਤੋਂ ਕੇਂਦਰ ਵਿਚ ਹੋਈ ਭਾਰਤੀ ਪ੍ਰਸਾਸ਼ਨਿਕ ਸੇਵਾ ਦੇ ਉੱਚ ਅਧਿਕਾਰੀਆਂ ਦੀ ਪ੍ਰਤੀਨਿਯੁਕਤੀਆਂ ਅਤੇ ਹਰਿਆਣਾ ਤੋਂ ਭਾਰਤੀ ਪ੍ਰਸਾਸ਼ਨਿਕ ਸੇਵਾ ਦੇ ਉੱਚ ਅਧਿਕਾਰੀਆਂ ਦੀ ਨੇੜੇ ਭਵਿੱਖ ਵਿਚ ਹੋਣ ਵਾਲੀ ਸੇਵਾਮੁਕਤੀਆਂ ਦੇ ਨਤੀਜੇ ਵਜੋ ਮੌਜੂਦਾ ਤੇ ਭਵਿੱਖ ਦੀ ਕਾਫੀ ਗਿਣਤੀ ਵਿਚ ਉੱਚ ਅਧਿਕਾਰੀਆਂ ਦੀ ਜਰੂਰਤਾਂ ਦੇ ਸੰਦਰਭ ਵਿਚ ਕੇਂਦਰੀ ਰਾਜ ਮੰਤਰੀ ਨੂੰ ਜਾਣੁੰ ਕਰਵਾਇਆ।
ਵਿਭਾਗਾਂ ਦੀ ਕਾਰਜ ਸਮਰੱਥਾ ਤੇ ਕਾਰਜ ਕੁਸ਼ਲਤਾ ਨੂੰ ਗਤੀਮਾਨ ਬਨਾਏ ਰੱਖਣ ਦੇ ਦਿਸ਼ਾ ਵਿਚ ਹਰਿਆਣਾ ਨੇ ਕੇਂਦਰ ਤੋਂ ਸੂਬੇ ਲਈ ਕਾਫੀ ਗਿਣਤੀ ਵਿਚ ਭਾਰਤੀ ਪ੍ਰਸਾਸ਼ਨਿਕ ਸੇਵਾ ਦੇ ਉੱਚ ਅਧਿਕਾਰੀਆਂ ਦੀ ਜਰੂਰਤਾਂ ਨੂੰ ਪੂਰੇ ਕੀਤੇ ਜਾਣ ਦੀ ਆਸ ਤੇ ਉਮੀਦ ਕੀਤੀ ਹੈ। ਮੀਟਿੰਗ ਵਿਚ ਕੇਂਦਰੀ ਅਮਲਾ ਵਿਭਾਗ ਦੀ ਸਕੱਤਰ ਸ੍ਰੀਮਤੀ ਐਸ ਰਾਧਾ ਚੌਹਾਨ ਤੇ ਹਰਿਆਣਾ ਦੇ ਅਮਲਾ ਅਤੇ ਸਿਖਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਦੀਪਤੀ ਉਮਾਸ਼ੰਕਰ ਮੌਜੂਦ ਰਹੀ।

ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ‘ਮਨੁੱਖਤਾ ਦੀ ਸੇਵਾ ਸੁਸਾਇਟੀ‘ ਦਾ ਦੌਰਾ ਕੀਤਾ

0

ਸੁਖਜਿੰਦਰ ਮਾਨ
ਬਠਿੰਡਾ, 24 ਜੂਨ: ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਬੀ.ਐਡ.ਚੌਥਾ ਸਮੈਸਟਰ ਦੇ ਵਿਦਿਆਰਥੀਆਂ ਨੇ ਐਨ.ਜੀ.ਓ. ‘ਮਨੁੱਖਤਾ ਦੀ ਸੇਵਾ ਸੁਸਾਇਟੀ‘ ਦਾ ਦੌਰਾ ਕੀਤਾ। ਵਿਦਿਆਰਥੀਆਂ ਨੇ ਬਜ਼ੁਰਗਾਂ, ਬੱਚਿਆਂ ਅਤੇ ਅਪਾਹਜ ਵਿਅਕਤੀਆਂ ਨਾਲ ਗੱਲਾਂ ਬਾਤਾਂ ਕੀਤੀਆਂ ਅਤੇ ਮਹਿਸੂਸ ਕੀਤਾ ਕਿ ਮਨੁੱਖੀ ਰਿਸ਼ਤਿਆਂ ਦੀ ਕਦਰ ਦਿਨੋਂ ਦਿਨ ਕਿੰਨੀ ਜ਼ਿਆਦਾ ਘੱਟ ਰਹੀ ਹੈ। ਕਿਸ ਤਰ੍ਹਾਂ ਲਾਲਚ ਵਿੱਚ ਆ ਕੇ ਲੋਕ ਆਪਣੇ ਬਜ਼ੁਰਗਾਂ, ਬੱਚਿਆਂ ਨੂੰ ਘਰੋਂ ਬਾਹਰ ਕੱਢ ਰਹੇ ਹਨ । ਵਿਦਿਆਰਥੀਆਂ ਨੇ ਉਨ੍ਹਾਂ ਅਪਾਹਜ ਵਿਅਕਤੀਆਂ, ਬਜ਼ੁਰਗਾਂ ਅਤੇ ਬੱਚਿਆਂ ਦੀ ਸੇਵਾ ਕੀਤੀ। ਉਨ੍ਹਾਂ ਲੋਕਾਂ ਨਾਲ ਰਲ ਕੇ ਦੁੱਖ ਵੰਡਾਇਆ ਅਤੇ ਉਨ੍ਹਾਂ ਨੂੰ ਫਲ ਵੀ ਵੰਡੇ। ਵਿਦਿਆਰਥੀਆਂ ਨੇ ਦੇਖਿਆ ਕਿ ਐਨ.ਜੀ.ਓ. ਦੇ ਸਾਰੇ ਸੇਵਾਦਾਰ ਅਤੇ ਮੁਖੀ ਉਨ੍ਹਾਂ ਦੁਖੀ ਲੋਕਾਂ ਦਾ ਘਰ ਪਰਿਵਾਰ ਵਾਂਗ ਖ਼ਿਆਲ ਰੱਖਦੇ ਹਨ। ਹਰ ਇੱਕ ਲੋੜੀਂਦੀ ਚੀਜ਼ ਜਿਵੇਂ ਕਿ ਕੱਪੜਾ, ਭੋਜਨ, ਦਵਾਈਆਂ ਆਦਿ ਸਮੇਂ ਸਮੇਂ ਤੇ ਦਿੱਤੀਆਂ ਜਾਂਦੀਆਂ ਸਨ । ਉੱਥੋਂ ਦਾ ਵਾਤਾਵਰਨ ਦੇਖ ਕੇ ਇੰਜ ਲੱਗ ਰਿਹਾ ਸੀ ਕਿ ਸਭ ਬਜ਼ੁਰਗ, ਬੱਚੇ ਅਤੇ ਅਪਾਹਜ ਵਿਅਕਤੀ ਇੱਕ ਚੰਗੇ ਪਰਿਵਾਰ ਵਾਂਗ ਰਹਿ ਰਹੇ ਸਨ। ਸਾਡੇ ਵਿਦਿਆਰਥੀਆਂ ਲਈ ਇਹ ਦਿਨ ਬੜਾ ਪ੍ਰੇਰਨਾਦਾਇਕ ਸੀ । ਉਨ੍ਹਾਂ ਨੇ ਆਪਣੀ ਆਉਣ ਵਾਲੀ ਜ਼ਿੰਦਗੀ ਨਾਲ ਸੰਬੰਧਿਤ ਬਹੁਤ ਅਹਿਮ ਗੱਲਾਂ ਸਿੱਖੀਆਂ। ਇਹ ਦਿਨ ਸਭ ਲਈ ਬਹੁਤ ਯਾਦਗਾਰੀ ਰਿਹਾ। ਵਿਦਿਆਰਥੀਆਂ ਨੇ ਦੋਸਤਾਨਾ ਮਾਹੌਲ ਬਣਾਉਣ ਲਈ ਉਨ੍ਹਾਂ ਵਿੱਚ ਤਾਜ਼ਗੀ ਵੰਡੀ। ਵਿਦਿਆਰਥੀਆਂ ਨੇ ਉਨ੍ਹਾਂ ਤੋਂ ਸੁਨੇਹਾ ਲਿਆ ਕਿ ਭਾਵੇਂ ਜ਼ਿੰਦਗੀ ਚੁਨੌਤੀਆਂ ਨਾਲ ਭਰੀ ਹੋਈ ਹੈ ਪਰ ਸਾਨੂੰ ਇਨ੍ਹਾਂ ਚੁਨੌਤੀਆਂ ਦਾ ਸਾਹਮਣਾ ਸਹਿਜ ਮਤੇ ਨਾਲ ਕਰਨਾ ਚਾਹੀਦਾ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਭਾਗ ਮੁਖੀ ਡਾ. ਮੰਗਲ ਸਿੰਘ ਨੂੰ ਅਜਿਹੀਆਂ ਗਤੀਵਿਧੀਆਂ ਜਾਰੀ ਰੱਖਣ ਲਈ ਕਿਹਾ ਤਾਂ ਜੋ ਅਧਿਆਪਕ ਬਣਨ ਜਾ ਰਹੇ ਵਿਦਿਆਰਥੀ ਅੱਗੇ ਆਪਣੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਚੰਗੀ ਤਰ੍ਹਾਂ ਗਿਆਨ ਦੇ ਸਕਣ।

ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਮਜਦੂਰਾਂ ਨੇ ਫ਼ੂਕਿਆ ਪੰਜਾਬ ਸਰਕਾਰ ਦਾ ਪੁਤਲਾ

0

ਸੁਖਜਿੰਦਰ ਮਾਨ
ਬਠਿੰਡਾ, 24 ਜੂਨ:-ਦਿਹਾਤੀ ਮਜ਼ਦੂਰ ਸਭਾ ਦੀ ਜਿਲ੍ਹਾ ਕਮੇਟੀ ਦੇ ਸੱਦੇ ‘ਤੇ ਪੁੱਜੇ ਕਾਰਕੁੰਨਾਂ ਵੱਲੋਂ ਅੱਜ ਇੱਥੇ ਗਰੀਬਾਂ, ਦਲਿਤਾਂ ਦਾ ਉਜਾੜਾ ਕਰਨ ‘ਤੇ ਬਜਿਦ ਭਗਵੰਤ ਮਾਨ ਸਰਕਾਰ ਦੀ ਅਰਥੀ ਫੂਕ ਕੇ ਤਿੱਖਾ ਰੋਸ ਵਿਖਾਵਾ ਕੀਤਾ। ਪ੍ਰਦਰਸ਼ਨਕਾਰੀਆਂ ਕਿਰਤੀਆਂ ਦੀ ਅਗਵਾਈ ਕਰ ਰਹੇ ਜਿਲ੍ਹਾ ਪ੍ਰਧਾਨ ਸਾਥੀ ਮਿੱਠੂ ਸਿੰਘ ਘੁੱਦਾ ਨੇ ਦੋਸ਼ ਲਾਇਆ ਕਿ ਸੂਬੇ ਦੇ ਅਨੇਕਾਂ ਧਨਾਢ ਅਤੇ ਬਾਰਸੂਖ ਪ੍ਰੀਵਾਰਾਂ ਵੱਲੋਂ ਨਾਜਾਇਜ ਤੌਰ ‘ਤੇ ਦੱਬੀਆਂ ਹੋਈਆਂ ਅਤਿ ਮਹਿੰਗੀਆਂ, ਵਪਾਰਕ ਜਮੀਨਾਂ ਛੁਡਾਉਣ ਦੀ ਜੋਰ-ਸ਼ੋਰ ਨਾਲ ਪ੍ਰਚਾਰੀ ਗਈ ਮਾਨ ਸਰਕਾਰ ਦੀ ਮੁਹਿੰਮ, ਅਸਲ ਵਿੱਚ ਗਰੀਬਾਂ, ਖਾਸ ਕਰਕੇ ਦਲਿਤ ਵਸੋਂ ਨੂੰ ਉਜਾੜਨ ਅਤੇ ਇਨ੍ਹਾਂ ‘ਤੇ ਅਕਹਿ ਜੁਲਮ ਢਾਹੁਣ ਦੀ ਸਾਜਿਸ਼ ਵਿੱਚ ਤਬਦੀਲ ਹੁੰਦੀ ਪ੍ਰਤੀਤ ਹੋ ਰਹੀ ਹੈ।ਸਾਥੀ ਘੁੱਦਾ ਨੇ ਕਿਹਾ ਕਿ ਬੀਤੇ ਕਲ੍ਹ ਗੁਆਂਢੀ ਜਿਲ੍ਹੇ ਫਰੀਦਕੋਟ ਦੀ ਜੈਤੋ ਸਬ ਡਵੀਜ਼ਨ ਦੇ ਪਿੰਡ ਸੇਢਾ ਸਿੰਘ ਵਾਲਾ ਵਿਖੇ ਪਿਛਲੇ ਛੇ ਦਹਾਕਿਆਂ ਤੋਂ 18 ਏਕੜ ਜਮੀਨ ‘ਤੇ ਕਾਬਜ ਸੱਤ ਦਲਿਤ ਪ੍ਰੀਵਾਰਾਂ ਦੇ ਮਰਦ-ਔਰਤਾਂ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਪ੍ਰਕਾਸ਼ ਸਿੰਘ ਨੰਦਗੜ੍ਹ ਸਮੇਤ ਗਿ੍ਰਫ਼ਤਾਰ ਕਰਕੇ, ਗਰੀਬਾਂ ਵੱਲੋਂ ਕਰਜਾ ਚੁੱਕ ਕੇ ਬੀਜੀ ਗਈ ਨਰਮੇ ਦੀ ਫਸਲ ਵਾਹ ਦੇਣ ਅਤੇ ਜਮੀਨ ਦਾ ਕਬਜਾ ਧੱਕੇ ਨਾਲ ਹਾਸਲ ਕਰਨ ਦੀ ਕਾਰਵਾਈ ਤੋਂ ‘ਆਪ‘ ਸਰਕਾਰ ਦੀ ਉਕਤ ਜਾਬਰ ਨੀਤੀ ਬਾਖ਼ੂਬੀ ਬੇਪਰਦ ਹੋ ਗਈ ਹੈ।ਪ੍ਰਦਰਸ਼ਨਕਾਰੀਆਂ ਨੇ ਜੈਤੋ ਦੇ ਵਿਧਾਇਕ ਵੱਲੋਂ ਉਕਤ ਘਟਨਾ ਸਬੰਧੀ ਕੀਤੀ ਜਾ ਰਹੀ ਗਲਤ ਬਿਆਨੀ ਦੀ ਵੀ ਜੋਰਦਾਰ ਨਿਖੇਧੀ ਕੀਤੀ।ਉਨ੍ਹਾਂ ਮੰਗ ਕੀਤੀ ਉਕਤ ਘਟਨਾ ਨਾਲ ਸੰਬੰਧਤ ਪੁਲਸ ਕੇਸ ਖਾਰਜ ਕੀਤਾ ਜਾਵੇ ਅਤੇ ਜਮੀਨ ਮੁੜ ਤੋਂ ਉਜਾੜ ਦਿੱਤੇ ਗਏ ਦਲਿਤ ਪ੍ਰੀਵਾਰਾਂ ਦੇ ਹਵਾਲੇ ਕੀਤੀ ਜਾਵੇ।ਇਸ ਮੌਕੇ ਭਰਾਤਰੀ ਜੱਥੇਬੰਦੀ ਜਮਹੂਰੀ ਕਿਸਾਨ ਸਭਾ ਦੇ ਆਗੂ ਦਰਸ਼ਨ ਸਿੰਘ ਫੁੱਲੋ ਮਿੱਠੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਗੁਰਪ੍ਰੀਤ ਸਿੰਘ ਬੱਬਾ ਵੀ ਹਾਜਰ ਸਨ।

ਨਜਾਇਜ਼ ਮਾਈਨਿੰਗ ਦੇ ਦੋਸ਼ਾਂ ਹੇਠ ਕਿਸਾਨ ਤੇ ਜੇਸੀਬੀ ਮਾਲਕ ਵਿਰੁਧ ਪਰਚਾ ਦਰਜ਼ ਕਰਨ ਦੇ ਵਿਰੋਧ ’ਚ ਘੇਰਿਆਂ ਸਕੱਤਰੇਤ

0

ਸੁਖਜਿੰਦਰ ਮਾਨ
ਬਠਿੰਡਾ, 23 ਜੂਨ: ਲੰਘੀ 10 ਜੂਨ ਨੂੰ ਸੰਗਤ ਪੁਲਿਸ ਵਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮਿਲਕੇ ਆਪਣੀ ਜ਼ਮੀਨ ਪੱਧਰੀ ਕਰ ਰਹੇ ਕਿਸਾਨ ਤੇ ਜੇਸੀਬੀ ਮਾਲਕ ਵਿਰੁੱਧ ਪਰਚਾ ਦਰਜ਼ ਕਰਨ ਤੇ ਉਨ੍ਹਾਂ ਦੀ ਮਸ਼ੀਨਰੀ ਜਬਤ ਕਰਨ ਦੇ ਵਿਰੋਧ ’ਚ ਰੋਸ਼ ਪ੍ਰਗਟ ਕਰ ਰਹੇ ਕਿਸਾਨਾਂ ਤੇ ਜੇਸੀਬੀ ਯੂਨੀਅਨ ਨੇ ਸਥਾਨਕ ਮਿੰਨੀ ਸਕੱਤਰੇਤ ਦੇ ਮੂਹਰੇ ਧਰਨਾ ਲਗਾਇਆ। ਰਜਿੰਦਰਾ ਕਾਲਜ਼ ਵਾਲੀ ਸਾਈਡ ’ਤੇ ਦਰਜ਼ਨਾਂ ਜੇਸੀਬੀ ਮਸੀਨਾਂ ਖੜੀਆਂ ਕਰਕੇ ਧਰਨੇ ’ਤੇ ਪੁੱਜੇ ਇੰਨ੍ਹਾਂ ਧਰਨਾਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਨਾ ਸਿਰਫ਼ ਕਿਸਾਨ ਤੇ ਜੇਸੀਬੀ ਮਾਲਕ ਵਿਰੁਧ ਦਰਜ਼ ਕੇਸ ਨੂੰ ਵਾਪਸ ਲੈਣ ਦੀ ਮੰਗ ਰੱਖੀ, ਬਲਕਿ ਪੰਜਾਬ ਸਰਕਾਰ ਮਾਈਨਿੰਗ ਐਕਟ ਵਿਚ ਸੋਧ ਕਰਕੇ ਕਿਸਾਨਾਂ ਨੂੰ ਅਪਣੀ ਜਮੀਨ ਖੇਤੀ ਯੋਗ ਬਣਾਉਣ ਲਈ ਮਿੱਟੀ ਚੁੱਕਣ ਦੀ ਇਜਾਜ਼ਤ ਦੇਣ ਦੀ ਵੀ ਮੰਗ ਰੱਖੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹਰਜਿੰਦਰ ਸਿੰਘ ਬੱਗੀ, ਕੁਲਵੰਤ ਰਾਏ ਸ਼ਰਮਾ ਤੇ ਅਜੈਪਾਲ ਸਿੰਘ ਤੋਂ ਇਲਾਵਾ ਜੇਸੀਬੀ ਯੂਨੀਅਨ ਦੇ ਆਗੂ ਭਜਨ ਲਾਲ ਤੇ ਹੋਰਨਾਂ ਨੇ ਕਿਹਾ ਕਿ ਦੱਖਣੀ ਮਾਲਵਾ ’ਚ ਕਿਸਾਨਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਹਜ਼ਾਰਾਂ ਏਕੜ ਜਮੀਨ ਨੂੰ ਪੱਧਰੀ ਕਰਕੇ ਖੇਤੀਯੋਗ ਬਣਾਇਆ ਹੈ ਤੇ ਹਾਲੇ ਵੀ ਸੈਕੜੇ ਏਕੜ ਪੱਧਰੀ ਕਰਨੀ ਬਾਕੀ ਹੈ। ਉਨਾਂ੍ਹ ਕਿਹਾ ਕਿ ਪਹਿਲਾਂ ਹੀ ਕਿਸਾਨ ਤੇ ਮਜਦੂਰ ਆਰਥਕ ਮੰਦਹਾਲੀ ਵਿੱਚੋਂ ਗੁਜ਼ਰ ਰਹੇ ਹਨ ਤੇ ਸਰਕਾਰ ਤੇ ਪ੍ਰਸ਼ਾਸਨ ਉਨ੍ਹਾਂ ਵਿਰੁਧ ਧੱਕੇਸ਼ਾਹੀ ਕਰ ਰਿਹਾ ਹੈ। ਜਦੋਂਕਿ ਮਾਈਨਿੰਗ ਕਰਕੇ ਹਜ਼ਾਰਾਂ ਕਰੋੜਾਂ ਰੁਪਏ ਕਮਾਉਣ ਵਾਲਿਆਂ ਨੂੰ ਨੱਥ ਨਹੀਂ ਪਾਈ ਜਾ ਰਹੀ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉੁਨ੍ਹਾਂ ਦੀ ਮੰਗ ਨਹੀਂ ਮੰਨੀ ਗਈ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਮੰਗ ਪੱਤਰ ਲੈਣ ਪੁੱਜੇ ਤਹਿਸੀਲਦਾਰ ਬੇਅੰਤ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਕਿਸਾਨ ਆਗੂਆਂ ਦੀ ਡਿਪਟੀ ਕਮਿਸ਼ਨ ਨਾਲ ਮੀਟਿੰਗ ਕਰਵਾਉਣਗੇ।

ਮੌਤ ਤੋਂ ਬਾਅਦ ਰਿਲੀਜ਼ ਹੋਏ ਸਿੱਧੂ ਮੂਸੇਵਾਲਾ ਦੇ ‘ਐਸ.ਵਾਈ.ਐਲ’ ਗੀਤ ਨੇ ਤੋੜਿਆ ਰਿਕਾਰਡ

ਰਿਲੀਜ਼ ਹੋਣ ਦੇ ਪਹਿਲੇ ਤਿੰਨ ਘੰਟਿਆਂ ’ਚ ਹੀ 36 ਲੱਖ ਲੋਕਾਂ ਨੇ ਦੇਖਿਆਂ ਤੇ ਸੁਣਿਆ ਗੀਤ
ਪੰਜਾਬੀ ਖ਼ਬਰਸਾਰ ਬਿਊਰੋ
ਬਠਿੰਡਾ, 23 ਜੂਨ: ਕਰੀਬ ਪੌਣਾ ਮਹੀਨਾ ਪਹਿਲਾਂ ਗੈਂਗਸਟਰਾਂ ਦੇ ਹੱਥੋਂ ਕਤਲ ਹੋਏ ਮਹਰੂਮ ਵਿਸਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅੱਜ ਸ਼ਾਮ ਹੋਏ ਪਹਿਲੇ ਗੀਤ ‘ਐਸ.ਵਾਈ.ਐਲ’ ਨੇ ਪੰਜਾਬੀ ਸੰਗੀਤ ਜਗਤ ਵਿਚ ਨਵੇਂ ਰਿਕਾਰਡ ਕਾਇਮ ਕਰ ਦਿੱਤੇ ਹਨ। ਅਪਣੇ ਹਰ ਗਾਣੇ ਦੀ ਤਰ੍ਹਾਂ ਬੇਬਾਕ ਹੋ ਕੇ ਲਿਖਣ ਵਾਲੇ ਮਹਰੂਮ ਮੂਸੇਵਾਲਾ ਨੇ ਇਸ ਗੀਤ ਰਾਹੀਂ ਪੰਜਾਬ ਦੇ ਸਭ ਤੋਂ ਚਰਚਿਤ ਮੁੱਦੇ ‘ਪਾਣੀ’ ਨੂੰ ਉਠਾਉਂਦਿਆਂ ਕਈਆਂ ’ਤੇ ਚੋਟ ਮਾਰੀ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਗੀਤ ਸਿੱਧੂ ਮੂਸੇਵਾਲਾ ਦੇ ਜਿਉਂਦਿਆਂ ਰਿਲੀਜ ਹੋਇਆ ਹੁੰਦਾ ਤਾਂ ਇਸ ’ਤੇ ਕਾਫ਼ੀ ਹੋ-ਹੱਲਾ ਉਠਣਾ ਸੀ ਪ੍ਰੰਤੂ ਹੁਣ ਉਸਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਇਸ ਪਹਿਲੇ ਗਾਣੇ ਨੂੰ ਹਰ ਪੰਜਾਬੀ ਬੜੀ ਰੀਝ ਨਾਲ ਸੁਣ ਰਿਹਾ ਹੈ। ਪੰਜਾਬ ਦੇ ਪਾਣੀਆਂ ਦੇ ਰਾਹੀਂ ਉਨ੍ਹਾਂ ਪੰਜਾਬੀਆਂ ਦੀ ਅਣਖ ਨੂੰ ਵੀ ਵੰਗਾਰਦਿਆਂ ਕੇਂਦਰ ’ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ ਤੇ ਨਾਲ ਹੀ ਦਹਾਕਿਆਂ ਤੋਂ ਦੇਸ ਦੀਆਂ ਵੱਖ ਵੱਖ ਜੇਲ੍ਹਾਂ ਵਿਚ ‘ਬੰਦ’ ਸਿੱਖ ਬੰਦੀਆਂ ਦੀ ਰਿਹਾਈ ਦਾ ਮੁੱਦਾ ਵੀ ਚੁੱਕਿਆ ਹੈ। ‘ਸੋਵਰਨਟੀ’ ਸਬਦ ਨਾਲ ਉਨ੍ਹਾਂ ਦੇਸ ਦੀ ਅਜਾਦੀ ਤੋਂ ਬਾਅਦ ਪੰਜਾਬੀਆਂ ਨਾਲ ਹੋਏ ਧੱਕੇ ਨੂੰ ਬਿਆਨ ਕੀਤਾ ਹੈ। ਉਸ ਦੇ ਇਸ ਗੀਤ ਨਾਲ ਪੰਜਾਬ ਪ੍ਰਤੀ ਉਸ ਦੇ ਅੰਦਰ ਦਾ ਦਰਦ ਝਲਕਦਾ ਹੈ। ਮਹਰੂਮ ਮੂਸੇਵਾਲਾ ਦੇ ਨਜਦੀਕੀਆਂ ਮੁਤਾਬਕ ਹਾਲੇ ਉਸਦੇ ਕਾਫ਼ੀ ਗਾਣੇ ਆਉਣ ਵਾਲੇ ਬਾਕੀ ਹਨ ਤੇ ਇਸ ਗਾਇਕ ਦੇ ਪਿਤਾ ਨੇ ਅਪਣੇ ਪੁੱਤਰ ਦੇ ਭੋਗ ਮੌਕੇ ਵੀ ਇਸ਼ਾਰਾ ਕੀਤਾ ਸੀ ਕਿ ਉਹ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੇ ਗਾਣਿਆਂ ਰਾਹੀਂ ਹਾਲੇ ਕਈ ਸਾਲ ਜਿੰਦਾ ਰੱਖਣਗੇ। ਜਿਸਤੋਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਮਹਰੂਮ ਗਾਇਕ ਦੀ ਅਵਾਜ਼ ਵਿਚ ਹੋਰ ਵੀ ਕਈ ਗਾਣੇ ਆ ਸਕਦੇ ਹਨ। ਦਸਣਾ ਬਣਦਾ ਹੈ ਕਿ ਲੰਘੀ 29 ਮਈ ਨੂੰ ਗੈਂਗਸਟਰ ਲਾਰੇਂਸ ਬਿਸਨੋਈ ਦੇ ਗੈਂਗ ਵਲੋਂ ਸਿੱਧੂ ਮੂੁਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਮਾਮਲੇ ਵਿਚ ਦਿੱਲੀ ਤੇ ਪੰਜਾਬ ਪੁਲਿਸ ਨੇ ਕਤਲ ਦੀ ਵਾਰਦਾਤ ’ਚ ਸ਼ਾਮਲ ਰਹੇ ਦੋ ਸੂਟਰਾਂ ਸਹਿਤ ਇੱਕ ਦਰਜ਼ਨ ਤੋਂ ਵੱਧ ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ ਪ੍ਰੰਤੂ ਹਾਲੇ ਵੀ ਕਈ ਸੂਟਰ ਤੇ ਹੋਰ ਜਿੰਮੇਵਾਰ ਗਿ੍ਰਫਤ ਤੋਂ ਬਾਹਰ ਹਨ।

Our Visitor

1902551