ਸੰਗਰੂਰ ਤੋਂ ਲੈ ਕੇ ਬਰਨਾਲਾ ਤੱਕ ਹਰ ਥਾਂ ਲੋਕਾਂ ਵਿੱਚ ਦਿਖਿਆ ਉਤਸ਼ਾਹ
‘ਆਪ’ ਸਰਕਾਰ ਪੰਜਾਬ ’ਚੋਂ ਖ਼ਤਮ ਕਰੇਗੀ ਭਿ੍ਰਸ਼ਟਾਚਾਰ: ਅਰਵਿੰਦ ਕੇਜਰੀਵਾਲ
ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੇ ਦਿਨ ਤੋਂ ਹੀ ਦਿੱਤੀਆਂ ਗਰੰਟੀਆਂ ’ਤੇ ਕੰਮ ਕਰਨਾ ਸ਼ੁਰੂ ਕੀਤਾ, 1 ਜੁਲਾਈ ਤੋਂ ਪੰਜਾਬ ’ਚ ਹੋਵੇਗੀ ਬਿਜਲੀ ਮੁਫ਼ਤ: ਅਰਵਿੰਦ ਕੇਜਰੀਵਾਲ
2022 ਦੀਆਂ ਚੋਣਾ ’ਚ ਪੰਜਾਬ ਜਿਹੜਾ ਇਨਕਲਾਬ ਆਇਆ, ਉਸ ਦੀ ਸ਼ੁਰੂਆਤ ਸੰਗਰੂਰ ਦੇ ਲੋਕਾਂ ਨੇ ਕੀਤੀ ਸੀ: ਭਗਵੰਤ ਮਾਨ
ਸੰਗਰੂਰ ਦੇ ਲੋਕਾਂ ਨੇ ਹੀ ਇੱਥੇ ਤੱਕ ਪਹੁੰਚਾਇਆ, ਉਨ੍ਹਾਂ ਦਾ ਕਰਜ ਕਦੇ ਨਹੀਂ ਮੋੜ ਸਕਦਾ: ਭਗਵੰਤ ਮਾਨ
ਸੰਗਰੂਰ ਵਿੱਚ ਬਣਾਵਾਂਗੇ ਭਾਰਤ ਦਾ ਸਭ ਤੋਂ ਚੰਗਾ ਮੈਡੀਕਲ ਕਾਲਜ: ਭਗਵੰਤ ਮਾਨ
ਸੰਗਰੂਰ ਨੂੰ ਬਣਾਵਾਂਗੇ ‘ਉਦਯੋਗਿਕ ਹੱਬ’, ਪੰਜਾਬ ’ਚੋਂ ਹਟਾਵਾਂਗੇ ਬੇਰੁਜ਼ਗਾਰੀ: ਭਗਵੰਤ ਮਾਨ
ਸੁਖਜਿੰਦਰ ਮਾਨ
ਸੰਗਰੂਰ / ਬਰਨਾਲਾ, 20 ਜੂਨ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ‘ਆਪ’ ਸੁਪਰੀਮੋਂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਰੋਡ ਸ਼ੋਅ ਦਾ ਲੋਕਾਂ ਨੇ ਜਬਰਦਸਤ ਸਮਰਥਨ ਕੀਤਾ। ਰੋਡ ਸ਼ੋਅ ਦੌਰਾਨ ਸੰਗਰੂਰ ਤੋਂ ਲੈ ਕੇ ਬਰਨਾਲਾ ਤੱਕ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਦੋਵਾਂ ਆਗੂਆਂ ਦਾ ਫੁੱਲ ਵਰਸਾ ਕੇ ਥਾਂ ਥਾਂ ਸਵਾਗਤ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ’ਚੋਂ ਭਿ੍ਰਸ਼ਟਾਚਾਰ ਦਾ ਸਫਾਇਆ ਕਰ ਰਹੀ ਹੈ। ਭਿ੍ਰਸ਼ਟਾਚਾਰ ਦੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ। ਭਿ੍ਰਸ਼ਟਾਚਾਰ ਕਰਨ ਵਾਲਾ ਆਪਣਾ ਹੋਵੇ ਜਾਂ ਪਰਾਇਆ, ਕਿਸੇ ਨੂੰ ਵੀ ਨਹੀਂ ਛੱਡਾਂਗੇ।
ਕੇਜਰੀਵਾਲ ਨੇ ਕਿਹਾ ਕਿ ਸਾਡਾ ਆਪਣਾ ਇੱਕ ਮੰਤਰੀ ਭਿ੍ਰਸ਼ਟਾਚਾਰ ਕਰਦਾ ਫੜਿਆ ਗਿਆ, ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਨੂੰ ਤੁਰੰਤ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਅਤੇ ਜੇਲ੍ਹ ਭੇਜ ਦਿੱਤਾ। ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਦੇ ਭਿ੍ਰਸ਼ਟਾਚਾਰ ਦੀ ਵੀ ਜਾਂਚ ਕਰਵਾ ਰਹੇ ਹਾਂ, ਜਿਹੜਾ ਵੀ ਭਿ੍ਰਸ਼ਟਾਚਾਰ ਦਾ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਜੇਲ੍ਹ ਭੇਜਿਆ ਜਾਵੇਗਾ। ਆਪਣੇ ਚੋਣਾਵੀਂ ਵਾਅਦਿਆਂ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੇ ਦਿਨ ਤੋਂ ਹੀ ਉਨ੍ਹਾਂ ਵੱਲੋਂ ਦਿੱਤੀਆਂ ਗਰੰਟੀਆਂ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਜੁਲਾਈ ਤੋਂ ਪੂਰੇ ਪੰਜਾਬ ਵਿੱਚ ਬਿਜਲੀ ਮੁਫ਼ਤ ਹੋਣ ਜਾ ਰਹੀ ਹੈ। ਬਾਕੀ ਗਰੰਟੀਆਂ ’ਤੇ ਵੀ ਕੰਮ ਚੱਲ ਰਿਹਾ। ਜਦਲੀ ਹੀ ਸਾਰੀਆਂ ਗਰੰਟੀਆਂ ਪੂਰੀਆਂ ਕਰਾਂਗੇ। ਕੇਜਰੀਵਾਲ ਨੇ ਸੰਗਰੂਰ ਦੇ ਲੋਕਾਂ ਨੂੰ ‘ਆਪ’ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਲੋਕ ਸਭਾ ’ਚ ਭਗਵੰਤ ਮਾਨ ਤੋਂ ਬਾਅਦ ਗੁਰਮੇਲ ਸਿੰਘ ਪੰਜਾਬ ਦੀ ਆਵਾਜ਼ ਚੁੱਕਣਗੇ।
ਭਗਵੰਤ ਮਾਨ ਦਾ ਬਿਆਨ
ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਦੀ ਧਰਤੀ ਇਨਕਲਾਬੀ ਹੈ। ਸੰਗਰੂਰ ਦੇ ਲੋਕ ਬਦਲਾਅ ਕਰਨ ਲਈ ਪੂਰੇ ਦੇਸ਼ ਵਿੱਚ ਮਸ਼ਹੂਰ ਹਨ। 2022 ਦੀਆਂ ਚੋਣਾ ਦੌਰਾਨ ਪੰਜਾਬ ’ਚ ਜਿਹੜਾ ਇਨਕਲਾਬ ਆਇਆ ਹੈ, ਉਸ ਦੀ ਸ਼ੁਰੂਆਤ 2014 ਵਿੱਚ ਸੰਗਰੂਰ ਦੇ ਲੋਕਾਂ ਨੇ ਹੀ ਕੀਤੀ ਸੀ। ਮਾਨ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਦੀ ਬਦੌਲਤ ਹੀ ਉਹ ਇੱਥੇ ਤੱਕ ਪੰਹੁਚੇ ਹਨ। ਸੰਗਰੂਰ ਦੇ ਲੋਕਾਂ ਦਾ ਕਰਜ਼ ਉਹ ਜੀਵਨ ਭਰ ਨਹੀਂ ਉਤਾਰ ਸਕਦੇ। ਮੁੱਖ ਮੰਤਰੀ ਮਾਨ ਨੇ ਸੰਗਰੂਰ ਦੇ ਲੋਕਾਂ ਲਈ ਵੱਡੇ ਐਲਾਨ ਕਰਦਿਆਂ ਕਿਹਾ ਕਿ ਸੰਗਰੂਰ ਵਿੱਚ ਭਾਰਤ ਦਾ ਸਭ ਤੋਂ ਚੰਗਾ ਮੈਡੀਕਲ ਕਾਲਜ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਸੰਗਰੂਰ ਨੂੰ ਦੇਸ਼ ਦਾ ਉਦਯੋਗਿਕ ਹੱਬ ਬਣਾਵਾਂਗੇ ਅਤੇ ਪੰਜਾਬ ਵਿਚੋਂ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਾਂਗੇ।
‘ਆਪ’ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕੀਤਾ ਰੋਡ ਸ਼ੋਅ
ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਬਾਰੇ ਸੈਮੀਨਾਰ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 20 ਜੂਨ : ਬਾਗਬਾਨੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਤੇ ਡਾਇਰੈਕਟਰ ਬਾਗਬਾਨੀ-ਕਮ-ਸਟੇਟ ਨੋਡਲ ਅਫਸਰ ਏ.ਆਈ.ਐਫ ਸ੍ਰੀਮਤੀ ਸਲਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਬਾਰੇ ਜ਼ਿਲ੍ਹਾ ਪੱਧਰੀ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਜ਼ਿਲ੍ਹੇ ਭਰ ਵਿੱਚੋਂ ਉਦਮੀ ਕਿਸਾਨਾਂ ਤੇ ਲਾਭਪਾਤਰੀਆਂ ਨੇ ਭਾਗ ਲਿਆ।
ਸੈਮੀਨਾਰ ਵਿੱਚ ਕੇ.ਪੀ.ਐਮ.ਜੀ ਅਡਵਾਈਜਰੀ ਸਰਵਿਸ ਵਲੋਂ ਮੈਡਮ ਮਨੀ ਮਿੱਤਲ ਤੇ ਮੈਡਮ ਨਿਤਿਆ ਨੇ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਬਾਰੇ ਹਾਜ਼ਰ ਵੱਖ-ਵੱਖ ਬਾਗਬਾਨੀ ਖੇਤਰ ਨਾਲ ਸਬੰਧਿਤ ਕੋਲਡ ਸਟੋਰ ਮਾਲਿਕਾਂ, ਬੈਕਾਂ ਅਤੇ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਫਲਾਂ ਅਤੇ ਹੋਰ ਫ਼ਸਲਾਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਵਾਸਤੇ ਪੈਕ ਹਾਊਸ, ਕੋਲਡ ਸਟੋਰ, ਰਾਈਪਨਿੰਗ ਚੈਬਰ, ਵੇਅਰ ਹਾਊਸ, ਸੀਲੋਜ, ਈ-ਮਾਰਕੀਟਿੰਗ ਆਦਿ ਲਈ ਬੈਕਾਂ ਤੋ ਲਏ ਜਾਂਦੇ 2 ਕਰੋੜ ਤੱਕ ਦੇ ਕਰਜ਼ੇ ਦੇ ਵਿਆਜ ਤੇ 3 ਪ੍ਰਤੀਸ਼ਤ ਛੋਟ ਦਿੱਤੀ ਜਾਂਦੀ ਹੈ ਅਤੇ 7 ਸਾਲ ਦੇ ਸਮੇ ਤੱਕ ਲਾਗੂ ਹੁੰਦੀ ਹੈ।
ਇਸ ਮੌਕੇ ਸਕੀਮ ਨਾਲ ਜੁੜਨ ਲਈ ਬੈਕਾਂ ਤੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਬੈਕਾਂ ਨੂੰ ਇੰਨ੍ਹਾਂ ਸਕੀਮਾਂ ਦੀ ਜਾਣਕਾਰੀ ਨਹੀਂ ਹੁੰਦੀ ਤਾਂ ਬੈਕ ਕਿਸਾਨਾਂ ਦੀਆਂ ਫਾਇਲਾਂ ਦਾ ਨਿਪਟਾਰਾ ਨਹੀਂ ਕਰਦੇ, ਜਿਸ ਕਰਕੇ ਭਾਰਤ ਸਰਕਾਰ ਵੱਲੋਂ ਇਹ ਸਕੀਮ ਲਾਗੂ ਹੋਣ ਵਿੱਚ ਅਧੂਰੀ ਹੋ ਰਹੀ ਹੈ। ਇਸ ਦੌਰਾਨ ਕਿਸਾਨ ਤੇ ਬੈਕਾਂ ਨੂੰ ਲਾਗੂ ਕਰਨ ਲਈ ਬੜੇ ਸੰਖੇਪ ਵਿੱਚ ਦੱਸਿਆ ਗਿਆ ਕਿ ਕਿਸਾਨ ਕਰਜਾ ਲੈਣ ਉਪਰੰਤ ਬੈਂਕ ਵੱਲੋਂ ਜਾਰੀ ਕਰਜ਼ਾ ਦਸਤਾਵੇਜ਼ ਅਤੇ ਡੀ.ਪੀ.ਆਰ ਦੀ ਪੀ.ਡੀ.ਐਫ ਨੂੰ ਏ.ਆਈ.ਐਫ ਦੇ ਪੋਰਟਲ ਤੇ ਜਾ ਕੇ ਆਨ-ਲਾਇਨ ਕਰ ਦਿੱਤਾ ਜਾਵੇ ਤਾਂ ਆਪਣੇ-ਆਪ ਹੀ 3 ਫੀਸਦੀ ਲੋਨ ਤੇ ਵਿਆਜ ਨੂੰ ਘੱਟ ਕਰਨ ਲਈ ਲੋੜੀਂਦੀ ਕਾਰਵਾਈ ਚਾਲੂ ਹੋ ਜਾਵੇਗੀ।
ਇਸ ਦੌਰਾਨ ਬਾਗਬਾਨੀ ਵਿਕਾਸ ਅਫਸਰ ਸ੍ਰੀਮਤੀ ਰੀਨਾ ਰਾਣੀ ਨੇ ਕਿਸਾਨਾਂ ਨੂੰ ਬਾਗਬਾਨੀ ਦੀਆਂ ਸਕੀਮਾਂ ਅਪਣਾਉਣ ਲਈ ਜ਼ੋਰ ਦਿੰਦੇ ਹੋਏ ਕਿਹਾ ਕਿ ਪੰਜਾਬ ਅਤੇ ਕੇਦਰ ਸਰਕਾਰ ਵੱਲੋ ਕਿਸਾਨੀ ਨੂੰ ਲਾਹੇਵੰਦ ਧੰਦਾਂ ਬਣਾਉਣ ਲਈ ਦਿੱਤੀਆਂ ਜਾ ਰਹੀਆਂ ਵਿੱਤੀ ਸਹਾਇਤਾ ਦਾ ਵੱਧ ਤੋ ਵੱਧ ਲਾਭ ਲੈਣਾ ਚਾਹੀਦਾ ਹੈ, ਤਾਂ ਜੋ ਨਵੀਆਂ ਤਕਨੀਕਾਂ ਅਤੇ ਬੈਕਾਂ ਨਾਲ ਜੁੜੇ ਹੋਏ ਲਾਭਾਂ ਦਾ ਫਾਇਦਾ ਉਠਾ ਕੇ ਆਪਣੀ ਆਮਦਨ ਵਧਾ ਸਕਣ।
ਇਸ ਮੌਕੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗਿਕ ਕੇਂਦਰ ਸ੍ਰੀ ਪ੍ਰੀਤਮਹਿੰਦਰ ਸਿੰਘ ਬਰਾੜ, ਜ਼ਿਲ੍ਹਾ ਵਿਕਾਸ ਮੈਨੇਜਰ ਨਾਬਾਰਡ ਸ੍ਰੀ ਅਮਿਤ ਗਰਗ, ਖੇਤੀਬਾੜੀ ਵਿਕਾਸ ਅਫਸਰ ਸ੍ਰੀ ਵਕੀਲ ਸਿੰਘ ਵੱਲੋ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਸਕੀਮਾਂ/ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਪ ਡਾਇਰੈਕਟਰ ਬਾਗਬਾਨੀ ਸ੍ਰੀ ਗੁਰਸ਼ਰਨ ਸਿੰਘ, ਸ੍ਰੀ ਸੁਖਦੇਵ ਸਿੰਘ, ਸ੍ਰੀ ਇੰਦਰਜੀਤ ਸਿੰਘ, ਸ੍ਰੀ ਹਰਮਨਪ੍ਰੀਤ ਸਿੰਘ, ਸ੍ਰੀਮਤੀ ਪ੍ਰਭਜੋਤ ਕੌਰ, ਬਾਗਬਾਨੀ ਵਿਕਾਸ ਅਫਸਰ ਮਿਸ ਰਮਨਦੀਪ ਕੌਰ, ਬਾਗਬਾਨੀ ਉਪ ਨਿਰੀਖਕ ਅਤੇ ਅਗਾਂਹਵਧੂ ਬਾਗਬਾਨ ਹਾਜ਼ਰ ਸਨ।
ਪੰਜਾਬ ਸਰਕਾਰ ਉਦਯੋਗਪਤੀਆਂ ਦੇ ਸਹਿਯੋਗ ਨਾਲ ਨਵੀਂ ਉਦਯੋਗਿਕ ਨੀਤੀ ਬਣਾਏਗੀ: ਭਗਵੰਤ ਮਾਨ
-ਧੂਰੀ ’ਚ ਬਣੇਗਾ ਮੁੱਖ ਮੰਤਰੀ ਦਾ ਦਫ਼ਤਰ, ਮੈਡੀਕਲ ਅਤੇ ਉਦਯੋਗਿਕ ਹੱਬ ਵਜੋਂ ਕਰਾਂਗੇ ਵਿਕਸਤ: ਭਗਵੰਤ ਮਾਨ
-ਟਾਟਾ ਕੰਪਨੀ ਸਮੇਤ ਜਪਾਨ ਤੇ ਜਰਮਨ ਦੀਆਂ ਕੰਪਨੀਆਂ ਪੰਜਾਬ ’ਚ ਉਦਯੋਗ ਲਾਉਣ ਲਈ ਤਿਆਰ: ਭਗਵੰਤ ਮਾਨ
-ਮੰਡੀ ਗੋਬਿੰਦਗੜ੍ਹ, ਰਾਜਪੁਰਾ, ਫਿਲੌਰ, ਧਾਰੀਵਾਲ ਆਦਿ ਉਦਯੋਗਿਕ ਕੇਂਦਰ ਮੁੱੜ ਕਰਾਂਗੇ ਸੁਰਜੀਤ : ਭਗਵੰਤ ਮਾਨ
-ਮੁੱਖ ਮੰਤਰੀ ਨੇ ਧੂਰੀ ’ਚ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨਾਲ ਕੀਤੇ ਵਿਚਾਰ ਸਾਂਝੇ
ਸੁਖਜਿੰਦਰ ਮਾਨ
ਸੰਗਰੂਰ, 20 ਜੂਨ : ‘ਪੰਜਾਬ ਭਾਵੇਂ ਖੇਤੀਬਾੜੀ ਦਾ ਸੂਬਾ ਹੈ, ਪਰ ਉਦਯੋਗਾਂ ਤੋਂ ਬਿਨ੍ਹਾਂ ਇੱਥੇ ਤਰੱਕੀ ਨਹੀਂ ਹੋ ਸਕਦੀ। ਉਦਯੋਗਾਂ ਦੀ ਸਥਾਪਤੀ ਲਈ ਉਦਯੋਗਪਤੀਆਂ ਨੂੰ ਚੰਗਾ ਮਹੌਲ ਮਿਲਣਾ ਜ਼ਰੂਰੀ ਹੈ। ਇਸ ਲਈ ਪੰਜਾਬ ਸਰਕਾਰ ਉਦਯੋਗਪਤੀਆਂ ਦੇ ਸਹਿਯੋਗ ਨਾਲ ਨਵੀਂ ਉਦਯੋਗਿਕ ਨੀਤੀ ਬਣਾਏਗੀ।’ ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਧੂਰੀ ਵਿਖੇ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨਾਲ ਮਿਲਣੀ ਦੌਰਾਨ ਕੀਤਾ। ਉਨ੍ਹਾਂ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 23 ਜੂਨ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋ ਨੂੰ ਜ਼ਰੂਰ ਪਾਓ ਤਾਂ ਜੋ ਉਹ ਲੋਕ ਸਭਾ ਵਿੱਚ ਜਾ ਕੇ ਸੰਗਰੂਰ ਸਮੇਤ ਪੰਜਾਬ ਦੀ ਆਵਾਜ਼ ਬੁਲੰਦ ਕਰ ਸਕੇ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ’ਚ ਬਹੁਤ ਸਾਰੇ ਉਦਯੋਗਪਤੀ ਦਫ਼ਤਰਾਂ ਵਿੱਚ ਸੀ.ਐਲ.ਯੂ, ਜਾਂ ਪ੍ਰਦੂਸ਼ਣ ਸਰਟੀਫਿਕੇਟ ਆਦਿ ਦੀਆਂ ਮਨਜ਼ੂਰੀਆਂ ਲਈ ਖੱਜਲ ਖੁਆਰ ਹੋ ਕੇ ਵਾਪਸ ਮੁੱੜ ਜਾਂਦੇ ਸਨ, ਪਰ ‘ਆਪ’ ਦੀ ਸਰਕਾਰ ਉਦਯੋਪਤੀਆਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰੇਗੀ। ਨਵੀਂ ਪਾਲਿਸੀ ਤਹਿਤ ਸਿੰਗਲ ਵਿੰਡੋਂ ਪ੍ਰਣਾਲੀ ਲਾਗੂ ਕੀਤੀ ਜਾਵੇਗੀ, ਜਿਸ ਨਾਲ ਉਦਯੋਗਪਤੀ ਉਦਯੋਗ ਲਾਉਣ ਦੀਆਂ ਮੰਨਜ਼ੂਰੀਆਂ ਸੌਖੇ ਤਰੀਕੇ ਨਾਲ ਹਾਸਲ ਕਰ ਸਕਣਗੇ। ਪੋਰਟਲ ਬਣਾਂਵਾਗੇ, ਫੀਸ ਭਰੋ ਅਤੇ ਪਿ੍ਰੰਟ ਆਉਟ ਕੱਢ ਕੇ ਆਪਣਾ ਕੰਮ ਸ਼ੁਰੂ ਕਰੋ।
ਮਾਨ ਨੇ ਦੱਸਿਆ ਕਿ ਟਾਟਾ ਕੰਪਨੀ ਪੰਜਾਬ ’ਚ ਪਰਾਲੀ ਤੋਂ ਬਿਜਲੀ ਬਣਾਉਣ ਦਾ ਪਲਾਂਟ ਦੀ ਇੱਛਕ ਹੈ। ਜਪਾਨ ਦੀਆਂ ਕੰਪਨੀਆਂ ਅਤੇ ਜਰਮਨ ਦੀ ਕਲਾਸ ਕੰਪਨੀ ਦੇ ਨੁਮਾਇੰਦੇ ਵੀ ਸੂਬੇ ’ਚ ਪ੍ਰੋਜੈਕਟ ਲਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਨੂੰ ਜਿਉਂਦਾ ਕੀਤਾ ਜਾਵੇਗਾ ਅਤੇ ਹੋਰ ਵੀ ਜਿਹੜੇ ਉਦਯੋਗਿਕ ਟਾਊਨ ਜਿਵੇਂ ਰਾਜਪੁਰਾ, ਫਿਲੌਰ, ਧਾਰੀਵਾਲ ਆਦਿ ਸੱਭ ਮੁੱੜ ਸੁਰਜੀਤ ਕੀਤੇ ਜਾਣਗੇ।
ਭਗਵੰਤ ਮਾਨ ਨੇ ਐਲਾਨ ਕੀਤਾ ਕਿ ਧੂਰੀ ’ਚ ਮੁੱਖ ਮੰਤਰੀ ਦਾ ਵਧੀਆ ਦਫ਼ਤਰ ਬਣਾਇਆ ਜਾਵੇਗਾ, ਜਿਸ ’ਚ ਵਿਭਾਗਾਂ ਦੇ ਉਚ ਅਧਿਕਾਰੀ ਬੈਠਣਗੇ ਅਤੇ ਲੋਕਾਂ ਦੇ ਕੰਮ ਇੱਥੇ ਹੀ ਹੋਣਗੇ, ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਵੇਗੀ। ਧੂਰੀ ਦੇ ਵਿਕਾਸ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਧੂਰੀ ਨੂੰ ਵਿਕਾਸ ਦੀ ਧੁਰੀ ਬਣਾਵਾਂਗੇ, ਕਿਉਂਕਿ ਧੂਰੀ ਕੋਲ ਰੇਲਵੇ ਸੰਪਰਕ ਹੈ ਅਤੇ ਦਿੱਲੀ ਲਈ ਹਾਈਵੇਅ ਬਣ ਗਿਆ ਹੈ। ਇੱਥੇ ਉਦਯੋਗ ਸਥਾਪਤ ਕਰਾਂਗੇ ਅਤੇ ਮਲਟੀਨੈਸ਼ਨਲ ਕੰਪਨੀਆਂ ਦੇ ਦਫ਼ਤਰ ਵੀ ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇ ਉਦਯੋਗ ਵਧਣਗੇ ਤਾਂ ਉਦਯੋਗਪਤੀ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੇ। ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਨਾਲ ਉਨ੍ਹਾਂ ਦਾ ਮਨ ਇੱਧਰ ਉਧਰ ਨਹੀਂ ਭਟਕੇਗਾ। ਇਸ ਤੋਂ ਇਲਾਵਾ ਅਸਿੱਧਾ ਰੋਜ਼ਗਾਰ ਟਰੈਕਟਰ ਟਰਾਲੀਆਂ, ਰੇਹੜੀਆਂ, ਢਾਬਿਆਂ ਵਾਲਿਆਂ ਨੂੰ ਮਿਲੇਗਾ।
ਮਾਨ ਨੇ ਕਿਹਾ ਕਿ ਸੰਗਰੂਰ ਨੂੰ ਮੈਡੀਕਲ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਗੁਰਦੁਆਰਾ ਅੰਗੀਠਾ ਸਾਹਿਬ ਨੇੜੇ 25 ਏਕੜ ਜ਼ਮੀਨ ਪ੍ਰਾਪਤ ਕਰ ਲਈ ਹੈ ਅਤੇ ਉਥੇ ਭਾਰਤ ਦਾ ਸਭ ਤੋਂ ਆਧੁਨਿਕ ਮੈਡੀਕਲ ਕਾਲਜ ਬਣਾਇਆ ਜਾਵੇਗਾ। ਜਿੱਥੇ ਬੱਚੇ ਡਾਕਟਰ ਬਣਨਗੇ ਅਤੇ ਲੋਕਾਂ ਦਾ ਇਲਾਜ ਹੋਵੇਗਾ। ਸੰਗਰੂਰ ਅਤੇ ਧੂਰੀ ਦੇ ਹਸਪਤਾਲਾਂ ਨੂੰ ਅੱਪਗਰੇਟ ਕੀਤਾ ਜਾਵੇਗਾ। ਇਸ ਤੋਂ ਬਿਨ੍ਹਾਂ ਧੂਰੀ ਵਿੱਚ ਖੇਲ੍ਹੋ ਇੰਡੀਆ ਤਹਿਤ ਇੱਕ ਸ਼ਾਨਦਾਰ ਸਟੇਡੀਅਮ ਬਣਾਇਆ ਜਾਵੇਗਾ, ਜਿਥੇ ਖਿਡਾਰੀਆਂ ਅਤੇ ਫੌਜ ’ਚ ਭਰਤੀ ਹੋਣ ਵਾਲੇ ਜਵਾਨਾਂ ਲਈ ਉਚ ਪੱਧਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਧੂਰੀ ’ਚ ਅੰਡਰਬਿ੍ਰਜ ਅਤੇ ਪਾਣੀ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾਵੇਗਾ।
ਭਗਵੰਤ ਮਾਨ ਨੇ ਕਾਂਗਰਸ, ਅਕਾਲੀ ਦਲ ਬਾਦਲ , ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੀ ਤਿੱਖੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਭਿ੍ਰਸ਼ਟ ਆਗੂਆਂ ਵਿਚੋਂ ਕੁੱਝ ਕੁ ਤਾਂ ਭਾਜਪਾ ’ਚ ਚਲੇ ਗਏ ਹਨ ਅਤੇ ਕੁੱਝ ਕੁ ਜੇਲ੍ਹ ’ਚ ਬੈਠੇ ਹਨ ਅਤੇ ਕੁੱਝ ਕਾਂਗਰਸੀ ਗਿ੍ਰਫ਼ਤਾਰੀ ਤੋਂ ਬਚਣ ਲਈ ਹਾਈਕੋਰਟ ਵੱਲ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦਾ ਸੀ, ਪਰ ਉਸ ਦੇ ਉਮੀਦਵਾਰ ਦੇ ਪੋਸਟਰਾਂ ਤੋਂ ਬਾਦਲ ਪਰਿਵਾਰ ਹੀ ਗਾਇਬ ਹੋ ਗਿਆ ਹੈ, ਜਦੋਂ ਕਿ ਕੁੱਝ ਹੋਰ ਉਮੀਦਵਾਰ ਚੋਣਾ ਲੜ੍ਹਨ ਦਾ ਰਿਕਾਰਡ ਬਣਾਉਣ ਲਈ ਹੀ ਚੋਣ ਲੜ੍ਹ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨੋਟਬੰਦੀ, ਸੀਏਏ, ਖੇਤੀਬਾੜੀ ਬਿਲ, ਹੁਣ ਅਗਨੀਪੱਥ ਜਿਹੀਆਂ ਯੋਜਨਾਵਾਂ ਲਿਆਉੁਂਦੀ ਹੈ, ਜਿਨਾਂ ਦਾ ਨੌਜਵਾਨਾਂ, ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ। ਹਾਲਤ ਇਹ ਹੈ ਕਿ ਭਾਜਪਾ ਜਦੋਂ ਕਾਨੂੰਨ ਬਣਾਉਂਦੀ ਹੈ ਤਾਂ ਪਹਿਲਾ ਕਰਫਿਊ ਲਾਉਣਾ ਪੈਂਦਾ। ਮਾਨ ਨੇ ਕਿਹਾ ਕਿ ਭਾਜਪਾ ਕੋਲ ਵੱਡੇ ਕਾਰਪੋਰੇਟ ਹਨ, ਪਰ ‘ਆਪ’ ਕੋਲ ਛੋਟੇ ਵਪਾਰੀ, ਉਦਯੋਗਪਤੀ, ਕਿਸਾਨ, ਮਜ਼ਦੂਰ ਹਨ। ਇਸ ਲਈ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਦਾ ਸੁਨੇਹਾ ਕਿ ਆਪਾਂ ਸਭ ਨੇ ਮਿਲ ਕੇ ਪੰਜਾਬ ਨੂੰ ਮੁੱੜ ਰੰਗਲਾ ਬਣਾਉਣਾ ਹੈ।

ਗੁਰੂਗ੍ਰਾਮ ਦੇ ਸੈਕਟਰ 10 ਵਿਚ ਬਣੇਗਾ ਜਾਟ ਭਵਨ
ਜਾਟ ਭਵਨ ਦੇ ਲਈ ਜਮੀਨ ਦਿਵਾਉਣ ‘ਤੇ ਜਾਟ ਕੰਮਿਉਨਿਟੀ ਨੇ ਪ੍ਰਗਟਾਇਆ ਮੁੱਖ ਮੰਤਰੀ ਦਾ ਧੰਨਵਾਦ
ਜਾਟ ਸਮੂਦਾਏ ਨੇ ਸੀਐਮ ਮਨੌਹਰ ਲਾਲ ਨੂੰ ਪੱਗ ਪਹਿਨਾ ਕੀਤਾ ਸਨਮਾਨਿਤ
ਸੁਖਜਿੰਦਰ ਮਾਨ
ਚੰਡੀਗੜ੍ਹ, 20 ਜੂਨ: – ਗੁਰੂਗ੍ਰਾਮ ਵਿਚ ਜਾਟ ਭਵਨ ਦੇ ਨਿਰਮਾਣ ਲਈ ਥਾਂ ਉਪਲਬਧ ਕਰਵਾਉਣ ‘ਤੇ ਜਾਟ ਸਮੂਦਾਏ ਨੇ ਸੋਮਵਾਰ ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਇਆ ਅਤੇ ਉਨ੍ਹਾਂ ਨੂ ਪੱਗ ਪਹਿਨਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਜਾਟ ਭਲਾਈ ਸਭਾ ਨੂੰ ਗੁਰੂਗ੍ਰਾ ਦੇ ਸੈਕਟਰ 10 ਵਿਚ ਜਾਟ ਭਵਨ ਬਨਾਉਣ ਲਈ ਲਗਭਗ 2000 ਵਰਗ ਗਜ ਜਮੀਨ ਅਲਾਟ ਕੀਤੀ ਗਈ ਹੈ ਜਿਸ ਦਾ ਅਲਾਟਮੈਂਟ ਲੈਟਰ ਖੁਦ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਗੁਰੂਗ੍ਰਾਮ ਦੇ ਲੋਕ ਨਿਰਮਾਣ ਰੇਸਟ ਹਾਊਸ ਵਿਚ ਸਭਾ ਦੇ ਨੁਮਾਇੰਦਿਆਂ ਨੂੰ ਭੇਂਟ ਕੀਤਾ। ਇਹ ਜਮੀਨ ਮਿਲਣ ਨਾਲ ਗੁਰੂਗ੍ਰਾਮ ਵਿਚ ਜਾਟ ਭਵਨ ਬਨਾਉਣ ਦੀ ਜਾਂਟ ਸਮੂਦਾਏ ਦੀ ਪੁਰਾਣੀ ਮੰਗ ਪੂਰੀ ਹੋਈ ਹੈ। ਇਸ ਨਾਲ ਜਾਂਟ ਸਮੂਦਾਏ ਵਿਚ ਖੁਸ਼ੀ ਦਾ ਮਾਹੌਲ ਹੈ।
ਨੁਮਾਾਇੰਦਿਆਂ ਨੇ ਕਿਹਾ ਕਿ ਜਾਟ ਭਵਨ ਦੇ ਲਈ ਜਮੀਨ ਉਪਲਬਧ ਕਰਵਾਉਣ ਦਾ ਮਾਮਲਾ ਖਟਾਈ ਵਿਚ ਪੈ ਗਿਆ ਸੀ ਪਰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਖਲਅੰਦਾਰੀ ਕਰ ਕੇ ਮੁੜ ਇਸ਼ਤਿਹਾਰ ਕੱਢਵਾਇਆ ਜਿਸ ਦੀ ਵਜ੍ਹਾ ਨਾਲ ਇਹ ਕੰਮ ਸਿਰੇ ਚੜ੍ਹ ਪਾਇਆ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਹ ਹਰਿਆਣਾ ਏਕ-ਹਰਿਆਣਵੀਂ ਏਕ ਦੇ ਸਿਦਾਂਤ ‘ਤੇ ਚੱਲ ਰਹੇ ਹਨ ਅਤੇ ਸੂਬੇ ਦੀ 36 ਬਿਰਾਦਰੀ ਨੂੰ ਨਾਲ ਲੈ ਕੇ ਹਰਿਆਣਾ ਨੂੰ ਵਿਕਾਸ ਦੀ ਨਵੀਂ ਉਚਾਈਆਂ ‘ਤੇ ਲੈ ਜਾਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਨਿਸਵਾਰਥ ਭਾਵਨਾ ਨਾਲ ਕੰਮ ਕਰਨ ਦਾ ਨਤੀਜਾ ਚੰਗਾ ਹੀ ਨਿਕਲਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੂਬਾਵਾਸੀਆਂ ਵਿਚ ਸਦਭਾਵਨਾ ਬਣੀ ਰਹੇ ਅਤੇ ਚੰਗੇ ਵਿਚਾਰਾਂ ਦਾ ਪ੍ਰਸਾਰ ਹੋਵੇ। ਕਈ ਵਾਰ ਸਮਾਜ ਵਿਚ ਕੰਮ ਵਿਗਾੜਨ ਵਾਲੇ ਵੀ ਹੁੰਦੇ ਹਨ, ਇਸ ਲਈ ਸੋਚ ਸਮਝਕੇ ਸਮਾਜ ਨੂੰ ਉਨੱਤੀ ਦੀ ਰਾਹੀ ‘ਤੇ ਅੱਗੇ ਵਧਾਉਣ ਦੀ ਸਾਡੀ ਸੋਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਵੀ ਆਪਣੀ ਢੰਗ ਨਾਲ ਸਮਾਜ ਨੂੰ ਸਹੂਲਤਾਂ ਉਪਲਬਧ ਕਰਵਾਉਣ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਧੰਨਵਾਦ ਪ੍ਰਗਟਾਉਣ ਆਏ ਜਾਟ ਸਮਾਜ ਦੇ ਲੋਕਾਂ ਨੂੰ ਕਿਹਾ ਕਿ ਤੁਸੀ ਇਸ ਜਮੀਨ ‘ਤੇ ਇਕ ਚੰਗਾ ਭਵਨ ਬਨਾਉਣ, ਅਜਿਹਾ ਭਵਨ ਜੋ ਦਾਦਾ ਬਣਾਵੇ ਅਤੇ ਪੋਤਾ ਵਰਤੇ।
ਜਾਟ ਭਲਾਈ ਸਭਾ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਕਿਹਾ ਕਿ ਜਲਦੀ ਹੀ ਨੀਂਹ ਰੱਖ ਕੇ ਇਸ ਭਵਨ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇਗਾ ਅਤੇ ਇਹ ਭਵਨ ਸਾਰੇ 36 ਬਿਰਾਦਰੀ ਦੇ ਲਈ ਹੋਵੇਗਾ।ਮੁੱਖ ਮੰਤਰੀ ਦਾ ਧੰਨਵਾਦ ਕਰਨ ਆਏ ਜਾਟ ਸਮੂਦਾਏ ਦੇ ਲੋਕਾਂ ਵਿਚ ਜਾਟ ਭਲਾਈ ਸਭਾ ਦੇ ਪ੍ਰਧਾਨ ਪ੍ਰੀਤਮ ਸਿੰਘ, ਮਹਾਸਕੱਤਰ ਮਨੋਜ ਸ਼ਿਯੋਰਾਣ, ਕਾਰਜਕਾਰਿਣੀ ਮੈਂਬਰ ਮਹੇਸ਼ ਦਹਿਆ, ਸਾਬਕਾ ਪ੍ਰਧਾਨ ਕਪੂਰ ਸਿੰਘ ਸਹਿਰਾਵਤ, ਸਾਬਕਾ ਪ੍ਰਧਾਨ ਕੰਵਲ ਸਿੰਘ ਗਾੜੌਲੀ, ਦਿਨੇਸ਼ ਕਟਾਰਿਆ, ਮਨੋਜ ਕਲਕਲ, ਸੈਕਟਰ-46 ਦੇ ਪ੍ਰਧਾਨ ਵਿਨੋਦ ਦਹਿਆ, ਆਰਿਆ ਸਮਾਜੀ ਬਲਵਾਨ ਸਿੰਘ ਦਹਿਆ, ਸੈਕਟਰ 22-23 ਦੇ ਪ੍ਰਧਾਨ ਜੈਪਾਲ ਧਨਖੜ, ਰਾਜਬੀਰ ਧਨਖੜ, ਸਤੀਸ਼ ਸਾਂਗਵਾਨ, ਅਨਿਲ ਸਾਂਗਵਾਨ, ਸਤਬੀਰ ਲਾਕੜਾ, ਕਲਿਆਣ ਸਿੰਘ ਸੰਧੂ, ਧਰਮਵੀਰ ਰਾਠੀ, ਭਗਵਾਨ ਕਾਲੀਰਮਨ ਸਮੇਤ ਕਾਫੀ ਗਿਣਤੀ ਵਿਚ ਲੋਕ ਸ਼ਾਮਿਲ ਸਨ।
ਮੁੱਖ ਮੰਤਰੀ ਨੇ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਨੂੰ ਸੂਬੇ ਦੇ ਜਿਲ੍ਹਿਆਂ ਵਿਚ ਐਕਸਟੈਂਸ਼ਨ ਸੈਂਟਰ ਖੋਲਣ ਦੇ ਦਿੱਤੇ ਨਿਰਦੇਸ਼
ਮੁੱਖ ਮੰਤਰੀ ਮਨੋਹਰ ਲਾਲ ਨੇ ਗੁਰੂਗ੍ਰਾਮ ਵਿਚ ਕੀਤੀ ਯੂਨੀਵਰਸਿਟੀ ਦੀ ਪ੍ਰਗਤੀ ਦੀ ਸਮੀਖਿਆ ਮੀਟਿੰਗ ਦੀ ਅਗਵਾਈ
ਅੰਤੋਂਦੇਯ ਮੇਲਿਆਂ ਵਿਚ ਵੀ ਕੌਸ਼ਲ ਯੂਨੀਵਰਸਿਟੀ ਵਿਚ ਚਲਾਏ ਜਾ ਰਹੇ ਕੋਰਸਾਂ ਦੇ ਬਾਰੇ ਵਿਚ ਲਾਭਪਾਤਰਾਂ ਨੂੰ ਦਿੱਤੀ ਜਾਵੇਗੀ ਜਾਣਕਾਰੀ – ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 20 ਜੂਨ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਨੂੰ ਸੂਬੇ ਦੇ ਹੋਰ ਜਿਲ੍ਹਿਆਂ ਵਿਚ ਐਕਸਟੈਂਸ਼ਨ ਸੈਂਟਰ ਖੋਲਣ ਦੇ ਨਿਰਦੇਸ਼ ਦਿੱਤੇ ਹਨ। ਇੰਨ੍ਹਾਂ ਸੈਂਟਰਾਂ ਵਿਚ ਨੌਜੁਆਨਾਂ ਦਾ ਕੌਸ਼ਲ ਨਿਖਾਰਣ ਲਈ ਯੂਨੀਵਰਸਿਟੀ ਦੀ ਤਰਜ ‘ਤੇ ਰੁਜਗਾਰ ਉਨਮੁੱਖ ਕੋਰਸ ਚਲਾਏ ਜਾਣਗੇ। ਮੁੱਖ ਮੰਤਰੀ ਸੋਮਵਾਰ ਨੂੰ ਗੁਰੂਗ੍ਰਾਮ ਦੇ ਲੋਕ ਨਿਰਮਾਣ ਰੇਸਟ ਹਾਊਸ ਵਿਚ ਹਰਿਆਣਾਂ ਵਿਚ ਬਣਾਏ ਗਏ ਦੇਸ਼ ਦੇ ਪਹਿਲੀ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੀ ਪ੍ਰਗਤੀ ਦੀ ਸਮੀਖਿਆ ਕਰ ਰਹੇ ਸਨ। ਸਮੀਖਿਆ ਮੀਟਿੰਗ ਵਿਚ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਰਾਜ ਨਹਿਰੂ ਅਤੇ ਗੁਰੂਗ੍ਰਾਮ ਦੇ ਡਿਵੀਜਨਲ ਕਮਿਸ਼ਨਰ ਰਾਜੀਵ ਰੰਜਨ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਹੁਣ ਕੌਸ਼ਲ ਦਾ ਦੌਰ ਹੈ। ਹੁਣ ਪਹਿਲਾਂ ਵਾਲੀ ਥ੍ਰੀ-ਆਰ ਸਿਖਿਆ ਦਾ ਮਹਤੱਵ ਨਹੀਂ ਰਿਹਾ। ਉਨ੍ਹਾਂ ਨੇ ਕਿਹਾ ਕਿ ਸੀਨੀਅਰ ਸੈਕੇਂਡਰੀ ਪੱਧਰ ਦੇ ਬਾਅਦ ਉੱਚ ਸਿਖਿਆ ਵਿਚ ਵਿਦਿਆਰਥੀਆਂ ਨੂੰ ਹੁਨਰਮੰਦ ਬਨਾਉਣ ‘ਤੇ ਜੋਰ ਦੇਣਾ ਹੋਵੇਗਾ। ਇਸ ਦੇ ਲਈ ਜਿਸ ਤਰ੍ਹਾ ਦੇ ਰੁਜਗਾਰ ਉੱਨਮੁੱਖ ਕੋਰਸ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਵਿਚ ਚਲਾਏ ਜਾ ਰਹੇ ਹਨ, ਇੰਦਾਂ ਦੇ ਹੀ ਕੋਰਸ ਹੋਰ ਜਿਲ੍ਹਿਆਂ ਵਿਚ ਚਲਾਉਣ ਦੇ ਲਈ ਯੂਨੀਵਰਸਿਟੀ ਆਪਣੇ ਐਕਸਟੈਂਸ਼ਨ ਸੈਂਟਰ ਖੋਲੇ। ਗੁਰੂਗ੍ਰਾਮ ਤੇ ਪਲਵਲ ਜਿਲ੍ਹਿਆਂ ਤੋਂ ਇਲਾਵਾ ਸੂਬੇ ਦੇ ਦੂਜੇ ਜਿਲ੍ਹਿਆਂ ਵਿਚ ਵੀ ਨੌਜੁਆਨਾ ਦਾ ਕੌਸ਼ਲ ਨਿਖਾਰਣ ਦੀ ਜਰੂਰਤ ਹੈ। ਉਨ੍ਹਾਂ ਜਿਲ੍ਹਿਆਂ ਵਿਚ ਖਾਲੀ ਪਏ ਸਰਕਾਰੀ ਭਵਨਾਂ ਦੀ ਪਹਿਚਾਣ ਕਰ ਕੇ ਉੱਥੇ ਸੈਂਟਰ ਚਲਾਏ ਜਾ ਸਕਦੇ ਹਨ। ਇਹ ਹੀ ਨਈਂ, ਉਨ੍ਹਾਂ ਜਿਲ੍ਹਿਆਂ ਵਿਚ ਸਥਿਤ ਇੰਜੀਨੀਅਰਿੰਗ ਕਾਲਜਾਂ ਨੂੰ ਵੀ ਇਸ ਯੂਨੀਵਰਸਿਟੀ ਦੇ ਨਾਲ ਜੋੜਨ ਅਤੇ ਉਨ੍ਹਾਂ ਨੂੰ ਏਫਲੀਏਸ਼ਨ ਦੇਣ।
ਮੁੱਖ ਮੰਤਰੀ ਨੇ ਰੋਜਾਨਾ ਜੀਵਨ ਵਿਚ ਜਰੂਰੀ ਕੋਸ਼ਲ ਜਿਵੇਂ – ਇਲੈਟ੍ਰੀਸ਼ਿਅਨ, ਪਲੰਬਰ, ਰੈਫਰਿਜਰੇਟਰ, ਵਾਸ਼ਿੰਗ ਮਸ਼ੀਨ, ਏਸੀ ਆਦਿ ਰਿਪੇਅਰ ਕਰਨ ਵਾਲੇ ਕੋਰਸ ਕਰਵਾਉਣਾ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਘੱਟ ਸਮੇਂ ਦੇ ਕੋਰਸ ਕਰ ਕੇ ਨੌਜੁਆਨ ਆਪਣੀ ਆਜੀਵਿਕਾ ਚੰਗੇ ਤਰ੍ਹਾ ਕਮਾ ਸਕਦੇ ਹਨ ਅਤੇ ਪਰਿਵਾਰ ਦੀ ਆਮਦਨ ਵਧਾ ਸਕਦੇ ਹਨ। ਇਸ ਦੇ ਨਾਲ ਮੁੱਖ ਮੰਤਰੀ ਨੇ ਯੂਨੀਵਰਸਿਟੀ ਪ੍ਰਸਾਸ਼ਨ ਨੂੰ ਵਿਦਿਆਰਥੀਆਂ ਦਾ ਡਾਟਾ ਤਿਆਰ ਕਰਨ ਅਤੇ ਉਨ੍ਹਾਂ ਨੂੰ ਟ੍ਰੈਕ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਿਰਫ ਸਫਲ ਵਿਦਿਆਰਥੀਆਂ ਦਾ ਹੀ ਡਾਟਾ ਨਾ ਰੱਖਣ ਸਗੋ ਯੂਨੀਵਰਸਿਟੀ ਤੋਂ ਸਿਖਲਾਈ ਪ੍ਰਾਪਤ ਕਰਨ ਦੇ ਬਾਅਦ ਵੀ ਜੋ ਯੁਵਕ-ਯੁਵਤੀਆਂ ਸਫਲ ਨਹੀਂ ਹੋ ਪਾ ਰਹੇ ਹਨ, ਉਨ੍ਹਾਂ ‘ਤੇ ਵੀ ਧਿਆਨ ਦੇਣ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਸਾਰੇ ਵਿਦਿਆਰਥੀਆਂ ਦੇ ਪਰਿਵਾਰ ਪਹਿਚਾਣ ਪੱਤਰ ਦਾ ਰਿਕਾਰਡ ਵੀ ਰੱਖਣ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਕ ਲੱਖ ਰੁਪਏ ਸਾਲਾਨਾ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਦੇ ਤਹਿਤ ਸੂਬੇ ਵਿਚ ਅੰਤੋਂਦੇਯ ਮੇਲਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇੰਨ੍ਹਾਂ ਮੇਲਿਆਂ ਵਿਚ ਕੌਸ਼ਲ ਯੂਨੀਵਰਸਿਟੀ ਵੱਲੋਂ ਨੁਮਾਇੰਦੇ ਮੌਜੂਦ ਰਹਿਣ ਅਤੇ ਲਾਭਪਾਤਰਾਂ ਨੂੰ ਦੱਸਣ ਕਿ ਯੂਨੀਵਰਸਿਟੀ ਵੱਲੋਂ ਵੱਖ-ਵੱਖ ਰੁਜਗਾਰ ਉਨਮੁੱਖ ਕੋਰਸ ਚਲਾਏ ਜਾ ਰਹੇ ਹਨ ਜਿਨ੍ਹਾ ਵਿੱਚੋਂ ਉਹ ਆਪਣੀ ਰੁਚੀ ਦਾ ਕੋਰਸ ਚੁਣ ਕੇ ਨੌਕਰੀ ਪ੍ਰਾਪਤ ਕਰਨ ਜਾਂ ਸਵੈਰੁਜਗਾਰ ਸ਼ੁਰੂ ਕਰਨ ਯੋਗ ਬਣ ਸਕਦੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸਾਸ਼ਨ ਨੂੰ ਕਿਹਾ ਕਿ ਉਹ ਬਾਜਾਰ ਵਿਚ ਮੰਗ ਅਨੁਸਾਰ ਨੌਜੁਆਨਾਂ ਨੂੰ ਸਕਿਲ ਅਪਗ੍ਰੇਡੇਸ਼ਨ ਦੇ ਕੋਰਸ ਕਰਵਾਉਣ ਅਤੇ ਉਨ੍ਹਾਂ ਦੇ ਬਾਰੇ ਵਿਚ ਲਗਾਤਾਰ ਪੰਚਾਰ ਪ੍ਰਸਾਰ ਵੀ ਕਰਵਾਉਣ।
ਮੀਟਿੰਗ ਵਿਚ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਰਾਜ ਨਹਿਰੂ ਨੇ ਦਸਿਆ ਕਿ ਹੁਣ ਤਕ 267.64 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦਸਿਆ ਕਿ ਯੂਨੀਵਰਸਿਟੀ ਪਰਿਸਰ ਵਿਚ ਓਲੰਪਿਕ ਸਟੈਂਡਰਡ ਦਾ ਸਪੋਰਟਸ ਕੰਪਲੈਕਸ ਬਣਾਇਆ ਜਾ ਰਿਹਾ ਹੈ ਜੋ ਰੇਜੀਡਂੈਸ਼ਿਅਲ ਹੋਵੇਗਾ। ਇਸ ਵਿਚ ਸਟੇਡੀਅਮ, ਜਿਮਨੇਜਿਅਮ, ਸਵੀਮਿੰਗ ਪੂਲ ਆਦਿ ਦੀ ਸਹੂਲਤ ਉਪਲਬਧ ਹੋਵੇਗੀ। ਇਸ ਤੋਂ ਇਲਾਵਾ, ਓਡੀਟੋਰਿਅਮ ਤੇ ਕਨਵੈਂਸ਼ਨ ਸੈਂਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਵਿਚ ਲਗਭਗ 1500 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਉਨ੍ਹਾ ਨੇ ਦਸਿਆ ਕਿ ਸਾਲ -2022 -23 ਵਿਚ ਯੂਨੀਵਰਸਿਟੀ ਵਿਚ 34 ਕੋਰਸਿਜ ਵਿਚ 983 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਹਨ, ਜਿਸ ਵਿਚ ਡਿਪਲੋਮਾ, ਡਿਗਰੀ ਅਤੇ ਪੋਸਟ ਗਰੈਜੂਏਟ ਕੋਰਸ ਸ਼ਾਮਿਲ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵਾਇਸ ਚਾਂਸਲਰ ਰਾਜ ਨਹਿਰੂ ਅਤੇ ਡਾ. ਸੀਕੇ ਗਰਿਆਲੀ ਵੱਲੋਂ ਜੰਮੂ ਕਸ਼ਮੀਰ ਦੇ ਲੋਕ ਸਾਹਿਤ ‘ਤੇ ਲਿਖੀ ਗਈ ਕਿਤਾਬ ਕਥਾਸਤਿਸਾਗਰ ਦੀ ਵੀ ਘੁੰਡ ਚੁਕਾਈ ਕੀਤੀ।
ਸਿੱਖ ਬੰਦੀਆਂ ਦੀ ਰਿਹਾਈ ਲਈ ਸੰਘਰਸ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 20 ਜੂਨ: ਸਿੱਖ ਬੰਦੀਆਂ ਦੀ ਰਿਹਾਈ ਲਈ ਉਠ ਰਹੀ ਮੰਗ ਦੌਰਾਨ ਅੱਜ ਬਠਿੰਡਾ ਵਿਚ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਹੇਠ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿਚ ਬਾਬਾ ਰੇਸਮ ਸਿੰਘ ਖੁਖਰਾਣਾਮੋਗਾ ,ਬਾਬਾ ਬਲਦੇਵ ਸਿੰਘ ਜੋਗੇਵਾਲਾਮੋਗਾ, ਬਾਬਾ ਚਮਕੌਰ ਸਿੰਘ ਭਾਈ ਰੂਪਾ ਤੇ ਭਾਈ ਮੇਜਰ ਸਿੰਘ ਸਤਿਕਾਰ ਕਮੇਟੀ ਵੀ ਸ਼ਾਮਲ ਹੋਏ। ਇਸ ਮੌਕੇ ਸਿੱਖ ਆਗੂਆਂ ਨੇ ਦੋਸ਼ ਲਗਾਇਆ ਕਿ ਸਿੱਖ ਕੌਮ ਨਿਰਾਸਾ ਦੇ ਆਲਮ ਚੋ ਗੁਜਰ ਰਹੀ ਹੈ ਕਿਊੁਂਕਿ ਭਾਰਤ ਦੇ ਵਿੱਚ ਵੱਸਣ ਵਾਲੀਆਂ ਬਹੁ ਗਿਣਤੀ ਕੌਮਾਂ ਲਈ ਵੱਖਰੇ ਕਨੂੰਨ ਹਨ। ਘੱਟ ਗਿਣਤੀ ਲੋਕਾਂ ਲਈ ਵੱਖਰੇ ਮਾਪਦੰਡ ਅਪਣਾਏ ਜਾ ਰਹੇ ਨੇ। ਜਿਸ ਦੀ ਤਾਜਾ ਮਿਸਾਲ ਇੱਕ ਅਪਰਾਧੀ ਬਲਾਤਕਾਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣ ਵਾਲੇ ਸੌਦਾ ਸਾਧ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦੀ ਸੁਵਿਧਾ ਦੇਣੀ। ਪੰਜ ਕਿਸਾਨਾਂ ਦੇ ਕਾਤਲ ਕੇਂਦਰੀ ਗਿ੍ਰਹ ਰਾਜ ਮੰਤਰੀ ਦੇ ਬੇਟੇ ਅਜੈ ਮਿਸਰਾ ਟੈਣੀ ਨੂੰ ਤੁਰੰਤ ਜਮਾਨਤ ਦੇਣੀ। ਦੂਸਰੇ ਪਾਸੇ ਸਿੱਖ ਬੰਦੀਆਂ ਦੀ ਸਜਾ ਪੂਰੀ ਹੋਣ ਦੇ ਬਾਵਜੂਦ ਵੀ ਰਿਹਾ ਨਾ ਕਰਨਾ। ਨਾ ਕੋਈ ਛੁੱਟੀ ਨਾ ਪੈਰੋਲ ਦੇਣਾ ਇਹ ਸਿੱਧ ਕਰਦਾ ਹੈ ਕਿ ਇੱਥੇ ਘੱਟ ਗਿਣਤੀ ਲੋਕਾਂ ਲਈ ਇਨਸਾਫ ਦੀ ਆਸ ਨਹੀ ਰੱਖੀ ਜਾ ਸਕਦੀ। ਜਿਸ ਕਾਰਣ ਘੱਟ ਗਿਣਤੀ ਕੌਮਾਂ ਦੇ ਵਿੱਚ ਬਿਗਾਨਗੀ ਦੀ ਭਾਵਨਾਂ ਪੈਦਾ ਹੋਣੀ ਸੁਭਾਵਿਕ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਕਰਦੇ ਹੋਏ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇਸਤੋਂ ਇਲਾਵਾ ਸਿੱਖ ਆਗੂਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮੁੱਦੇ ’ਤੇ ਵੀ ਸਰਕਾਰਾਂ ਨੂੰ ਘੇਰਦਿਆਂ ਅਫ਼ਸੋਸ ਜ਼ਾਹਰ ਕੀਤਾ ਕਿ ਇਸਤੇ ਲਗਾਤਾਰ ਸਿਆਸਤ ਕਰਨ ਦੇ ਬਾਵਜੂਦ ਹਾਲੇ ਤੱਕ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਖੰਡਿਤ ਕੀਤੇ ਅੰਗਾਂ ਨੂੰ ਵੀ ਲੱਭਿਆ ਨਹੀਂ ਜਾ ਸਕਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੰਥ ਕੋਲ ਸੰਘਰਸ ਤੋ ਬਿਨਾ ਕੋਈ ਚਾਰਾ ਨਹੀ ਹੈ। ਜਿਸ ਦਾ ਐਲਾਨ 24ਜੂਨ ਨੂੰ ਜਲੰਧਰ ਵਿਖੇ ਕੀਤਾ ਜਾਵੇਗਾ।
ਭਾਰਤ ਮਾਲਾ ਤਹਿਤ ਸੜਕ ਬਣਾਉਣ ਪੁੱਜੇ ਅਮਲੇ ਫੈਲੇ ਵਿਰੁਧ ਕਿਸਾਨਾਂ ਨੇ ਲਗਾਇਆ ਧਰਨਾ
ਸੁਖਜਿੰਦਰ ਮਾਨ
ਬਠਿੰਡਾ 20 ਜੂਨ: ਗੁਜਰਾਤ ਤੋਂ ਅੰਮਿ੍ਰਤਸਰ ਤਕ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣਨ ਵਾਲੀ ਸੜਕ ਜੋਕਿ ਬਠਿੰਡਾ -ਡੱਬਵਾਲੀ ਸੜਕ ਰਾਹੀਂ ਗੁਜਰਨੀ ਹੈ, ਨੂੰ ਚੋੜਾ ਕਰਨ ਲਈ ਕਿਸਾਨਾਂ ਦੀ ਹਾਸਲ ਕੀਤੀ ਜਾ ਰਹੀ ਜਮੀਨ ਦਾ ਘੱਟ ਮੁਆਵਜ਼ਾ ਦੇਣ ਦੇ ਵਿਰੋਧ ਵਿਚ ਚੱਲ ਰਹੇ ਸੰਘਰਸ਼ ਦੀ ਕੜੀ ਤਹਿਤ ਅੱਜ ਪੰਜ ਵਜੇ ਪੁਲਿਸ ਦੇ ਸਹਿਯੋਗ ਨਾਲ ਨਾਲ ਸਿਵਲ ਪ੍ਰਸ਼ਾਸਨ ਤੇ ਸਬੰਧਤ ਕੰਪਨੀ ਵਲੋਂ ਕੰਮ ਸ਼ੁਰੂ ਕਰ ਦਿੱਤਾ ਪ੍ਰੰਤੂ ਇਸਦੀ ਭਿਣਕ ਕਿਸਾਨਾਂ ਨੂੰ ਪੈਂਦਿਆਂ ਹੀ ਉਨ੍ਹਾਂ ਵਲੋਂ ਪਿੰਡ ਗਹਿਰੀ ਕੋਲ ਬਠਿੰਡਾ ਡੱਬਵਾਲੀ ਸੜਕ ’ਤੇ ਜਾਮ ਲਗਾ ਦਿੱਤਾ। ਇਸ ਦੌਰਾਨ ਦਿਨ ਚੜ੍ਹਦੇ ਹੀ ਵੱਡੀ ਗਿਣਤੀ ਵਿਚ ਕਿਸਾਨ ਭਾਰਤੀ ਕਿਸਾਨ ਯੂੁਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਸੜਕ ਬਣਾਉਣ ਲਈ ਆਇਆ ਅਮਲਾ ਫੈਲਾ ਆਪਣੀ ਮਸ਼ੀਨਰੀ ਲੈ ਕੇ ਵਾਪਸ ਚਲਾ ਗਿਆ। ਉਧਰ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਸ਼ਰਮਾ, ਜਨਰਲ ਸਕੱਤਰ ਅਜੇਪਾਲ ਘੁੱਦਾ ,ਜ਼ਿਲ੍ਹਾ ਆਗੂ ਜਗਸੀਰ ਸਿੰਘ ਝੁੰਬਾ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਸਡਕ ਚੌੜੀ ਕਰਨ ਲਈ ਐਕਵਾਇਰ ਕੀਤੀ ਜ਼ਮੀਨ ਦਾ ਸਿਰਫ਼ 24 ਲੱਖ ਰੁਪਏ ਦਾ ਨਿਗੂਣਾ ਮੁਆਵਜਾ ਦਿੱਤਾ ਜਾ ਰਿਹਾ ਹੈ ਜਦੋਂਕਿ ਹੁਣ ਆਮ ਜਮੀਨਾਂ ਦੀ ਕੀਮਤ ਵੀ 30-35 ਲੱਖ ਰੁਪਏ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵਲੋਂ ਇਹ ਮੁਆਵਜਾ ਵੀ ਇੱਕ ਸਾਜਸ ਤਹਿਤ ਸਾਂਝੇ ਖਾਤਿਆਂ ਵਿੱਚ ਪਾਇਆ ਜਾ ਰਿਹਾ ਹੈ ਜਿਸ ਕਾਰਨ ਅਸਲੀ ਜ਼ਮੀਨ ਦੇ ਮਾਲਕ ਮੁਆਵਜੇ ਤੋਂ ਵਾਂਝੇ ਰਹਿ ਗਏ ਹਨ ,ਬਹੁਤ ਸਾਰੇ ਥਾਵਾਂ ਤੇ ਇਹ ਜ਼ਮੀਨ ਕਮਰਸ਼ੀਅਲ ਤੌਰ ਤੇ ਵਰਤੀ ਜਾ ਰਹੀ ਹੈ ਪਰ ਉਨ੍ਹਾਂ ਕਿਸਾਨਾਂ ਨੂੰ ਵੀ ਆਮ ਜਮੀਨਾਂ ਜਿਹਾ ਰੇਟ ਹੀ ਦਿੱਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਮੰਗ ਡੀ ਸੀ ਬਠਿੰਡਾ ਤੱਕ ਮਿਲ ਕੇ ਕਈ ਵਾਰ ਪਹੁੰਚਾਈ ਜਾ ਚੁੱਕੀ ਹੈ ਪਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕੰਪਨੀਆਂ ਦਾ ਪੱਖ ਪੂਰ ਕੇ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਧੱਕੇਸਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਿੰਨਾ ਚਿਰ ਸਬੰਧਿਤ ਕਿਸਾਨਾਂ ਦੀ ਪੂਰਨ ਸਹਿਮਤੀ ਨਾਲ ਮਸਲਾ ਹੱਲ ਨਹੀਂ ਹੁੰਦਾ ਉਨ੍ਹਾਂ ਸਮਾਂ ਸੜਕ ਦਾ ਕੰਮ ਨਹੀਂ ਚੱਲਣ ਦਿੱਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਇਸ ਤੋਂ ਬਿਨਾਂ ਸੜਕ ਦੇ ਦੋਵੇਂ ਪਾਸੇ ਜ਼ਮੀਨਾਂ ਵਾਲਿਆਂ ਨੂੰ ਰਸਤਾ ਲੰਘਣ ਅਤੇ ਪਾਣੀ ਲਾਉਣ ਲਈ ਮੁਸ਼ਕਲਾਂ ਖੜ੍ਹੀਆਂ ਹੋ ਜਾਣਗੀਆਂ ਇਸ ਨੂੰ ਵੀ ਧਿਆਨ ਚ ਰੱਖ ਕੇ ਸਰਕਾਰ ਇਨ੍ਹਾਂ ਮਸਲਿਆਂ ਦਾ ਵੀ ਹੱਲ ਕਰੇ। ਦੁਪਹਿਰ ਤੋਂ ਬਾਅਦ ਗਹਿਰੀ, ਸੰਗਤ, ਜੱਸੀ ਬਾਗ ਵਾਲੀ, ਕਿਸ਼ਨਪੁਰਾ ਕੁਟੀ ਅਤੇ ਪਥਰਾਲਾ ਵਿੱਚ ਹੋਕਾ ਮਾਰਚ ਕਰਕੇ ਲੋਕਾਂ ਨੂੰ ਇਸ ਦੇ ਖ਼ਿਲਾਫ਼ ਸੰਘਰਸ਼ ਕਰਨ ਦਾ ਸੱਦਾ ਦਿੱਤਾ ।ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਨੂੰ ਹੋਰ ਤੇਜ਼ ਕਰ ਲਈ ਕੱਲ੍ਹ ਤੋਂ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਉਪਰੋਕਤ ਆਗੂਆਂ ਤੋਂ ਬਿਨਾਂ ਅੱਜ ਦੇ ਇਕੱਠ ਵਿੱਚ ਜਸਵੀਰ ਸਿੰਘ ਨੁਰਜ ਸੇਮਾ ,ਰਾਮ ਸਿੰਘ ਕੋਟਗੁਰੂ ,ਧਰਮਪਾਲ ਸਿੰਘ ਜੰਡੀਆਂ, ਹਰਗੋਬਿੰਦ ਸਿੰਘ ਚੱਕ ਅਤਰ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਕਾਲਾ ਸਿੰਘ ਚੱਠੇ ਵਾਲਾ, ਭੋਲਾ ਸਿੰਘ ਰਾਏਖਾਨਾ ਅਤੇ ਭੋਲਾ ਸਿੰਘ ਮਾਡੀ ਵੀ ਸ਼ਾਮਲ ਸਨ ।
ਅਸੋਕ ਬਾਲਿਆਂਵਾਲੀ ਨੂੰ ਸਰਬਸੰਮਤੀ ਨਾਲ ਚੌਥੀ ਵਾਰ ਆਰਸੀਏ ਦਾ ਪ੍ਰਧਾਨ ਚੁਣਿਆ
ਸਮਸੇਰ ਸਿੰਘ ਨੂੰ ਜਨਰਲ ਸਕੱਤਰ ਅਤੇ ਵਿਜੇ ਕੁਮਾਰ ਨੂੰ ਵਿੱਤ ਸਕੱਤਰ ਦੀ ਕਮਾਂਡ ਸੌਂਪੀ
ਕੈਮਿਸਟਾਂ ਦੀ ਬਿਹਤਰੀ ਲਈ ਹਰ ਸਮੇਂ ਤਿਆਰ ਰਹਾਂਗੇ: ਅਸੋਕ ਬਾਲਿਆਂਵਾਲੀ
ਸੁਖਜਿੰਦਰ ਮਾਨ
ਬਠਿੰਡਾ, 20 ਜੂਨ: ਦ ਬਠਿੰਡਾ ਡਿਸਟਿ੍ਰਕਟ ਕੈਮਿਸਟ ਐਸੋਸੀਏਸਨ (ਟੀਬੀਡੀਸੀਏ) ਦੇ ਜਿਲ੍ਹਾ ਪ੍ਰਧਾਨ ਅਸੋਕ ਬਾਲਿਆਂਵਾਲੀ ਨੂੰ ਸਰਬਸੰਮਤੀ ਨਾਲ ਲਗਾਤਾਰ ਚੌਥੀ ਵਾਰ ਰਿਟੇਲ ਕੈਮਿਸਟ ਐਸੋਸੀਏਸਨ (ਆਰਸੀਏ) ਦਾ ਪ੍ਰਧਾਨ ਚੁਣਿਆ ਗਿਆ ਹੈ, ਜਦਕਿ ਸਮਸੇਰ ਸਿੰਘ ਨੂੰ ਦੂਜੀ ਵਾਰ ਜਨਰਲ ਸਕੱਤਰ ਅਤੇ ਵਿਜੇ ਕੁਮਾਰ ਨੂੰ ਦੂਜੀ ਵਾਰ ਵਿੱਤ ਸਕੱਤਰ ਚੁਣਿਆ ਗਿਆ ਹੈ। ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਅਸੋਕ ਬਾਲਿਆਂਵਾਲੀ ਨੇ ਦੱਸਿਆ ਕਿ ਆਰਸੀਏ ਦੇ ਜਨਰਲ ਹਾਊਸ ਦੀ ਮੀਟਿੰਗ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਆਰਸੀਏ ਦੇ ਸਮੂਹ ਮੈਂਬਰ ਹਾਜਰ ਸਨ। ਇਸ ਦੌਰਾਨ ਰਮੇਸ ਗਰਗ ਜਿਲ੍ਹਾ ਵਿੱਤ ਸਕੱਤਰ ਨੇ ਆਰ.ਸੀ.ਏ ਦੇ ਪ੍ਰਧਾਨਗੀ ਦੇ ਅਹੁਦੇ ਲਈ ਅਸੋਕ ਬਾਲਿਆਂਵਾਲੀ ਦੇ ਨਾਮ ਦੀ ਤਜਵੀਜ ਰੱਖੀ, ਜਦਕਿ ਉਨ੍ਹਾਂ ਦਾ ਸਮਰਥਨ ਪੋਰੇਂਦਰ ਕੁਮਾਰ ਨੇ ਕੀਤਾ ਅਤੇ ਮੀਟਿੰਗ ਵਿੱਚ ਹਾਜਰ ਸਮੂਹ ਕੈਮਿਸਟਾਂ ਵੱਲੋਂ ਰਮੇਸ ਗਰਗ ਅਤੇ ਪੋਰੇਂਦਰ ਕੁਮਾਰ ਦਾ ਸਮਰਥਨ ਕੀਤਾ ਗਿਆ। ਇਸ ਦੌਰਾਨ ਅਸੋਕ ਬਾਲਿਆਂਵਾਲੀ, ਸਮਸੇਰ ਸਿੰਘ ਅਤੇ ਵਿਜੇ ਕੁਮਾਰ ਨੇ ਆਰਸੀਏ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਕੈਮਿਸਟਾਂ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ। ਇਸ ਦੌਰਾਨ ਕੈਮਿਸਟਾਂ ਨੇ ਤਿੰਨੇ ਅਹੁਦੇਦਾਰਾਂ ਦਾ ਹਾਰ ਪਾ ਕੇ ਸੁਆਗਤ ਕੀਤਾ। ਇਸ ਮੀਟਿੰਗ ਵਿੱਚ ਉਪਰੋਕਤ ਅਹੁਦੇਦਾਰਾਂ ਤੋਂ ਇਲਾਵਾ ਆਰਸੀਏ ਦੇ ਸਰਪ੍ਰਸਤ ਪ੍ਰੀਤਮ ਸਿੰਘ ਵਿਰਕ, ਜਿਲ੍ਹਾ ਸਲਾਹਕਾਰ ਐਡਵੋਕੇਟ ਗੁਰਵਿੰਦਰ ਸਿੰਘ, ਸਾਬਕਾ ਚੇਅਰਮੈਨ ਮਿੱਤਰਪਾਲ ਕੁੱਕੂ, ਸੁਰੇਸ ਤਾਇਲ, ਗੁਰਜਿੰਦਰ ਸਿੰਘ ਸਾਹਨੀ, ਜੀਵਨ ਨੌਹਰੀਆ, ਅਸੋਕ ਕੁਮਾਰ ਵਿੱਕੀ, ਹਰਮੇਲ ਸਿੰਘ ਸੁਖਲੱਧੀ, ਵਿਜੇ ਜਿੰਦਲ, ਪਾਇਲਟ ਕੁਮਾਰ, ਰਾਜ ਕੁਮਾਰ ਗਰਗ, ਅਮਨਦੀਪ ਸਿੰਗਲਾ, ਸੰਜੀਵ ਜਿੰਦਲ, ਮਹੇਸ ਕੁਮਾਰ, ਅਸਵਨੀ ਕੁਮਾਰ, ਵਿਜੇ ਕੁਮਾਰ, ਪਿ੍ਰੰਸ ਕੁਮਾਰ, ਗੁਰਪ੍ਰੀਤ ਸਿੰਘ ਜੌੜਾ, ਰਜਿੰਦਰ ਸੂਦ, ਕੇਸਰਾਜ ਗਰਗ, ਅਨਮੋਲ ਸੂਦ, ਅਨਮੋਲ ਕੁਮਾਰ, ਰਮੇਸ ਚੁੱਘ, ਪੰਕਜ ਕੁਮਾਰ, ਚੇਤਨ, ਨਰੇਸ ਸਿੰਗਲਾ, ਡਿੰਪਲ ਕੁਮਾਰ, ਸੁਖਦੇਵ ਸਿੰਘ ਧਾਲੀਵਾਲ, ਮਨੋਜ ਕੁਮਾਰ ਤੋਂ ਇਲਾਵਾ ਸਮੂਹ ਮੈਂਬਰ ਹਾਜਰ ਸਨ।
ਕਾਤਲਾਂ ਨੇ ਸਿੱਧੂ ਮੁੂਸੇਵਾਲਾ ਨੂੰ ਮਾਰਨ ਲਈ ਗੱਡੀ ਵਿਚ ਰੱਖੇ ਹੋਏ ਸਨ ਹੈੱਡ ਗਰਨੈਡ
ਗੋਲੀਆਂ ਚਲਾਉਣ ਵਾਲੇ ਦੋ ਸੂਟਰਾਂ ਸਹਿਤ ਤਿੰਨ ਜਣੇ ਗੁਜਰਾਤ ਦੇ ਕੱਛ ਤੋਂ ਗਿ੍ਰਫਤਾਰ
ਏ.ਕੇ.47, 8 ਹੈਡਗਰਨੇਡ, ਰਾਕਟ ਲਾਂਚਰ ਤੇ ਤਿੰਨ ਪਿਸਤੌਲਾਂ ਸਹਿਤ ਭਾਰੀ ਤਾਦਾਦ ਵਿਚ ਗੋਲੀ ਸਿੱਕਾਂ ਬਰਾਮਦ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 20 ਜੂਨ: ਲੰਘੀ 29 ਮਈ ਨੂੰ ਪੰਜਾਬੀ ਦੇ ਉਘੇ ਗਾਇਕ ਸੁਭਦੀਪ ਸਿੰਘ ਉਰਫ਼ ਸਿੱਧੂ ਮੂੁਸੇਵਾਲਾ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਕੁੱਲ 6 ਸੂਟਰਾਂ ਵਿਚੋਂ ਦਿੱਲੀ ਪੁਲਿਸ ਦੇ ਸਪੈਸਲ ਸੈੱਲ ਨੇ ਦੋ ਸੂਟਰਾਂ ਸਹਿਤ ਤਿੰਨ ਜਣਿਆਂ ਨੂੰ ਗੁਜਰਾਤ ਦੇ ਕੱਛ ਇਲਾਕੇ ਵਿਚੋਂ ਗਿ੍ਰਫਤਾਰ ਕੀਤਾ ਹੈ। ਅੱਜ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਿੱਲੀ ਪੁਲਿਸ ਦੇ ਵਿਸੇਸ ਕਮਿਸ਼ਨਰ ਜੀਐਸ ਧਾਲੀਵਾਲ ਨੇ ਪੱਤਰਕਾਰਾਂ ਨੂੰ ਦਸਿਆ ਕਿ ‘‘ ਕਾਤਲ ਸਿੱਧੂ ਮੂਸੇਵਾਲਾ ਨੂੰ ਕਿਸੇ ਵੀ ਕੀਮਤ ’ਤੇ ਜਿੰਦਾ ਨਹੀਂ ਛੱਡਣਾ ਚਾਹੁੰਦੇ ਸਨ, ਜਿਸਦੇ ਚੱਲਦੇ ਉਨ੍ਹਾਂ ਵਲੋਂ ਏ.ਕੇ.47 ਅਤੇ ਹੋਰ ਖ਼ਤਰਨਾਕ ਹਥਿਆਰਾਂ ਦੇ ਨਾਲ-ਨਾਲ ਘਟਨਾ ਸਮੇਂ ਹੈਡਗਰਨੇਡ ਤੇ ਰਾਕਟ ਲਾਂਚਰ ਵੀ ਅਪਣੇ ਨਾਲ ਰੱਖੇ ਹੋਏ ਸਨ ਤਾਂ ਕਿ ਜੇਕਰ ਜਰੂਰਤ ਪਏ ਤਾਂ ਗਰਨੇਡਾਂ ਨੂੰ ਸੁੱਟਿਆ ਜਾ ਸਕੇ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਸ਼ਾਰਪ ਸੂਟਰ ਪਿ੍ਰਆਵਰਤ ਫ਼ੌਜੀ ਵਾਸੀ ਸੋਨੀਪਤ ਅਤੇ ਕਸ਼ਿਸ਼ ਵਾਸੀ ਝੱਜਰ ਤੋਂ ਇਲਾਵਾ ਬਠਿੰਡਾ ਵਾਸੀ ਕੇਸ਼ਵ ਸ਼ਾਮਲ ਹੈ। ਇਨ੍ਹਾਂ ਸ਼ੂਟਰਾਂ ਤੋਂ ਦਿੱਲੀ ਪੁਲਿਸ ਨੇ ਹਥਿਆਰਾਂ ਦਾ ਵੱਡਾ ਜ਼ਖੀਰਾ ਵੀ ਬਰਾਮਦ ਕੀਤਾ ਹੈ। ਜਿਸ ਵਿਚ ਏ.ਕੇ.47, 8 ਹੈਡਗਰਨੇਡ, ਰਾਕਟ ਲਾਂਚਰ ਤੇ ਤਿੰਨ ਪਿਸਤੌਲਾਂ ਸਹਿਤ ਭਾਰੀ ਤਾਦਾਦ ਵਿਚ ਗੋਲੀ ਸਿੱਕਾਂ ਸ਼ਾਮਲ ਹੈ। ਪੁਲਿਸ ਕਮਿਸ਼ਨਰ ਮੁਤਾਬਕ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਜਦ ਸੰਦੀਪ ਕੇਕੜੇ ਨਾਂ ਦੇ ਵਿਅਕਤੀ ਨੇ ਗੋਲਡੀ ਬਰਾੜ ਨੂੰ ਸਿੱਧੂ ਮੁੂਸੇਵਾਲਾ ਦੇ ਬਿਨ੍ਹਾਂ ਸੁਰੱਖਿਆ ਮੁਲਾਜਮਾਂ ਦੇ ਥਾਰ ਗੱਡੀ ’ਤੇ ਅਪਣੇ ਦੋਸਤਾਂ ਨਾਲ ਘਰੋਂ ਨਿਕਲਣ ਦੀ ਜਾਣਕਾਰੀ ਦੇ ਦਿੱਤੀ ਤਾਂ ਦੋ ਗੱਡੀਆਂ ਵਿਚ ਸਵਾਰ 6 ਸੂਟਰ ਉਸਦੇ ਪਿੱਛੇ ਲੱਗ ਗਏ, ਜਿਹੜੇ ਲਗਾਤਾਰ ਗੋਲਡੀ ਬਰਾੜ ਦੇ ਨਾਲ ਸਿੱਧੇ ਸੰਪਰਕ ਵਿੱਚ ਸਨ। ਬਲੈਰੋ ਗੱਡੀ ਵਿਚ ਚਾਰ ਜਣੇ ਸਵਾਰ ਸਨ, ਜਿਸਨੂੰ ਕਸ਼ਿਸ਼ ਚਲਾ ਰਿਹਾ ਸੀ ਤੇ ਉਸਦੇ ਨਾਲ ਪਿ੍ਰਆਵਰਤ ਫ਼ੌਜੀ ਸਵਾਰ ਸੀ, ਜਿਹੜਾ ਇੰਨਾਂ ਸਾਰੇ ਸ਼ੂਟਰਾਂ ਦੀ ਟੀਮ ਦੀ ਅਗਵਾਈ ਕਰ ਰਿਹਾ ਸੀ। ਇਸਤੋਂ ਇਲਾਵਾ ਇੰਨ੍ਹਾਂ ਲਾਲ ਅੰਕਿਤ ਸਿਰਸਾ ਤੇ ਦੀਪਕ ਮੁੰਡੀ ਵੀ ਸ਼ਾਮਲ ਸਨ। ਇਸਤੋਂ ਇਲਾਵਾ ਕਰੋਲਾ ਗੱਡੀ ਵਿਚ ਦੋ ਜਣੇ ਸਵਾਰ ਸਨ, ਜਿਸਨੂੰ ਜਗਰੂਪ ਰੂਪਾ ਚਲਾ ਰਿਹਾ ਸੀ ਤੇ ਮਨਪ੍ਰੀਤ ਮੰਨੂੰ ਉਸਦੇ ਨਾਲ ਬੈਠਾ ਸੀ। ਕੇਕੜੇ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਜਦ ਇੰਨ੍ਹਾਂ ਦੋਨਾਂ ਗੱਡੀਆਂ ਵਿਚ ਸਵਾਰ ਹੋ ਕੇ ਇਹ 6 ਸੂਟਰ ਸਿੱਧੂ ਮੂਸੇਵਾਲਾ ਦਾ ਪਿੱਛਾ ਕਰ ਰਹੇ ਸਨ ਤਾਂ ਪਿੰਡ ਜਵਹਾਰਕੇ ਦੇ ਇੱਕ ਮੋੜ ’ਤੇ ਕਰੋਲਾ ਗੱਡੀ ਨੂੰ ਥਾਰ ਜੀਪ ਵਿਚ ਮਾਰ ਕੇ ਰੋਕ ਲਿਆ ਗਿਆ ਤੇ ਸਭ ਤੋਂ ਪਹਿਲਾਂ ਕਰੋਲਾ ਕਾਰ ਵਿਚ ਹੀ ਸਵਾਰ ਮਨਪ੍ਰੀਤ ਮੰਨੂੰ ਨੇ ਏ.ਕੇ.47 ਰਾਈਫ਼ਲ ਦੇ ਨਾਲ ਸਿੱਧੂ ਮੂਸੇਵਾਲਾ ਦੀ ਗੱਡੀ ’ਤੇ ਬਰਸਟ ਮਾਰਿਆਂ। ਇਸਤੋਂ ਬਾਅਦ ਸਾਰੇ ਦੋਸ਼ੀ ਗੱਡੀਆਂ ਵਿਚ ਉਤਰ ਆੲਂੇ ਤੇ ਅੰਧਾਧੁੰਦ ਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਿੱਧੂ ਮੂਸੇਵਾਲਾ ਨੂੰ ਕਤਲ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਕਤਲ ਤੋਂ ਥੋੜੀ ਦੇਰ ਬਾਅਦ ਹੀ ਰੂਪਾ ਤੇ ਮੰਨੂੰ ਨੇ ਕਰੋਲਾ ਗੱਡੀ ਛੱਡ ਕੇ ਆਲਟੋ ਕਾਰ ਖੋਹੀ ਸੀ ਤੇ ਇਸਤੋਂ ਬਾਅਦ ਇਹ ਅਲੱਗ ਅਲੱਗ ਹੋ ਗਏ। ਰੂਪਾ ਤੇ ਮੰਨੂੰ ਮੋਗਾ ਵੱਲ ਚਲੇ ਗਏ ਤੇ ਬਲੈਰੋ ਗੱਡੀ ਵਿਚ ਸਵਾਰ ਚਾਰਾਂ ਸੂਟਰਾਂ ਨੂੰ ਬਠਿੰਡਾ ਦਾ ਕੇਸ਼ਵ ਜੋਕਿ ਮੂਸੇਵਾਲਾ ਦੀ ਰੈਕੀ ਵਿਚ ਵੀ ਸ਼ਾਮਲ ਰਿਹਾ ਸੀ, ਕਿਸੇ ਹੋਰ ਗੱਡੀ ਵਿਚ ਚੜਾ ਕੇ ਫ਼ਤਿਹਬਾਦ ਲੈ ਗਿਆ। ਜਿਸਤੋਂ ਬਾਅਦ ਇਹ ਅਲੱਗ ਅਲੱਗ ਜਗ੍ਹਾਂ ਰੁਕਦੇ-ਰੁਕਦੇ ਹੁਣ ਗੁਜ਼ਰਾਤ ਦੇ ਕੱਛ ਖੇਤਰ ਵਿਚ ਪੁੱਜੇ ਹੋਏ ਸਨ, ਜਿੱਥੇ ਇਕ ਪ੍ਰਾਪਟੀ ਡੀਲਰ ਰਾਹੀਂ ਕਿਰਾਏ ’ਤੇ ਘਰ ਲੈ ਕੇ ਰਹਿ ਰਹੇ ਸਨ। ਇਸ ਦੌਰਾਨ ਦਿੱਲੀ ਪੁਲਿਸ ਨੂੰ ਇੰਨ੍ਹਾਂ ਦੀ ਸੂਚਨਾ ਮਿਲ ਗਈ ਤੇ ਤਿੰਨਾਂ ਨੂੰ ਗਿ੍ਰਫਤਾਰ ਕਰ ਲਿਆ। ਪਤਾ ਲੱਗਿਆ ਹੈ ਕਿ ਥੋੜਾ ਸਮਾਂ ਫ਼ੌਜ ਵਿਚ ਰਹਿਣ ਵਾਲਾ ਪਿ੍ਰਆਵਰਤ ਫ਼ੌਜੀ ਉਪਰ ਇਸਤੋਂ ਪਹਿਲਾਂ ਵੀ ਦੋ ਕਤਲ ਕਾਡਾਂ ਵਿਚ ਸ਼ਾਮਲ ਹੋਣ ਦੇ ਦੋਸ਼ ਹਨ।
ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ’ਚ ਦਿਖ਼ਾਈ ਤਾਕਤ, ਕੱਢਿਆ ਪ੍ਰਭਾਵਸ਼ਾਲੀ ਰੋਡ ਸੋਅ
ਸੁਖਜਿੰਦਰ ਮਾਨ
ਸੰਗਰੂਰ, 20 ਜੂਨ: ਲਗਾਤਾਰ ਸੱਤਵੀਂ ਵਾਰ ਚੋਣ ਲੜ ਰਹੇ ਸ਼ੋ੍ਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ 23 ਜੂਨ ਨੂੰ ਹੋਣ ਜਾ ਰਹੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਅੱਜ ਇੱਕ ਪ੍ਰਭਾਵਸ਼ਾਲੀ ਰੋਡ ਸ਼ੋਅ ਕੱਿਢਆ। ਸੈਂਕੜੇਂ ਕਾਰਾਂ ਤੇ ਮੋਟਰਸਾਈਕਲਾਂ ਨਾਲ ਸ਼ੁਰੂ ਹੋਏ ਇਸ ਰੋਡ ਸੋਅ ਕਾਰਨ ਚੋਣਾਂ ਤੋਂ ਦੋ ਦਿਨ ਪਹਿਲਾਂ ਸ: ਮਾਨ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲਿਆ ਹੈ। ਉਨ੍ਹਾਂ ਦਾ ਇਹ ਰੋਡ ਸੋਅ ਕਰੀਬ ਦੋ ਕਿਲੋਮੀਟਰ ਲੰਬਾ ਸੀ। ਜਿਸਦੇ ਵਿਚ ਸ਼ਾਮਲ ਲੋਕਾਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਇਸ ਰੋਡ ਸੋਅ ਦੌਰਾਨ ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਨੌਜਵਾਨਾਂ ਵਿਚ ਕਾਫ਼ੀ ਜੋਸ਼ ਸੀ ਤੇ ਉਹ ਅਪਣੀਆਂ ਕਾਰਾਂ, ਮੋਟਰਸਾਈਕਲਾਂ ਤੇ ਸਕੂਟਰਾਂ ’ਤੇ ਸਵਾਰ ਹੋ ਕੇ ਇਸ ਰੋਡ ਸੋਅ ਦੇ ਨਾਲ ਚੱਲ ਰਹੇ ਸਨ। ਦੂਜੇ ਪਾਸੇ ਸੜਕਾਂ ’ਤੇ ਵੀ ਖੜੇ ਲੋਕ ਅਕਾਲੀ ਦਲ ਅੰਮਿ੍ਰਤਸਰ ਦੇ ਉਮੀਦਵਾਰ ਦਾ ਉਤਸ਼ਾਹ ਵਧਾ ਰਹੇ ਸਨ। ਇਸ ਮੌਕੇ ਸ: ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਨਾ ਸਿਰਫ਼ ਪੰਜਾਬ ਦੇ ਵਿਕਾਸ, ਬਲਕਿ ਘੱਟ ਗਿਣਤੀਆਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵਪਾਰੀਆਂ ਤੇ ਕਿਸਾਨਾਂ ਦੀ ਖ਼ੁਸਹਾਲੀ ਲਈ ਲੋਕ ਸਭਾ ਵਿਚ ਅਵਾਜ਼ ਚੁੱਕਣਗੇ। ਜਿਸਦੇ ਚੱਲਦੇ ਉਨ੍ਹਾਂ ਹਲਕੇ ਦੇ ਲੋਕਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਸੰਸਦ ਵਿਚ ਭੇਜਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਜਵਾਹਰਕੇ, ਪਰਵਿੰਦਰ ਸਿੰਘ ਬਾਲਿਆਵਾਲੀ, ਸੁਖਚੈਨ ਸਿੰਘ ਕਾਕੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਇਲਾਕੇ ਦੇ ਆਗੂ ਅਤੇ ਪਾਰਟੀ ਵਰਕਰ ਹਾਜ਼ਰ ਸਨ।






