Wednesday, May 13, 2026
Home Blog Page 2472

ਮੁਲਾਕਾਤ ਲਈ ਸਮਾਂ ਨਾ ਦੇਣ ਤੋਂ ਦੁਖੀ ਕਾਂਗਰਸੀਆਂ ਨੇ ਘੇਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼

0

ਚੰਡੀਗੜ੍ਹ ਪੁਲਿਸ ਨੇ ਤਿੰਨ ਦਰਜ਼ਨ ਕਾਂਗਰਸੀ ਆਗੂਆਂ ਵਿਰੁਧ ਦਰਜ਼ ਕੀਤਾ ਪਰਚਾ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਜੂਨ: ਸੂਬੇ ਦੇ ਮੌਜੂਦਾ ਹਾਲਾਤਾਂ ਨੂੰ ਸੁਧਾਰਨ ਦੀ ਮੰਗ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ’ਚ ਧਰਨਾ ਲਗਾਉਣ ਵਾਲੇ ਤਿੰਨ ਦਰਜ਼ਨ ਕਾਂਗਰਸੀਆਂ ਵਿਰੁਧ ਚੰਡੀਗੜ੍ਹ ਪੁਲਿਸ ਨੇ ਪਰਚਾ ਦਰਜ਼ ਕਰ ਲਿਆ। ਇਸ ਧਰਨੇ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਰ ਰਹੇ ਸਨ ਜਦੋਂਕਿ ਧਰਨੇ ਵਿਚ ਕਈ ਸਾਬਕਾ ਮੰਤਰੀ, ਵਿਧਾਇਕ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਬੀਤੇ ਕੱਲ ਉਨ੍ਹਾਂ ਵਲੋਂ ਬਕਾਇਦਾ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਸਮਾਂ ਲਿਆ ਸੀ ਤੇ ਅੱਜ ਉਨ੍ਹਾਂ ਨੂੰ ਰਿਹਾਇਸ਼ ਦੇ ਅੰਦਰ ਸੱਦਣ ਦੇ ਬਾਅਦ ਕੁੱਝ ਸਮਾਂ ਬਿਠਾ ਕੇ ਵਾਪਸ ਮੋੜ ਦਿੱਤਾ। ਰਾਜਾ ਵੜਿੰਗ ਤੇ ਬਾਜਵਾ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਕੋਲ ਪੰਜਾਬ ਦੇ ਮੁੱਦਿਆਂ ’ਤੇ ਗੱਲ ਕਰਨ ਆਈ ਵਿਰੋਧੀ ਧਿਰ ਨੂੰ ਵੀ ਮਿਲਣ ਦਾ ਸਮਾਂ ਨਹੀਂ ਹੈ। ਉਨ੍ਹਾਂ ਦੋਸ ਲਾਇਆ ਕਿ ਪਹਿਲਾਂ ਤਲਾਸੀ ਲੈਣ ਦੇ ਨਾਂ ‘ਤੇ ਮੌਜੂਦਾ ਤੇ ਸਾਬਕਾ ਵਿਧਾਇਕਾਂ ਨੂੰ ਬੇਇੱਜਤ ਕੀਤਾ ਗਿਆ ਅਤੇ ਬਾਅਦ ਵਿਚ ਅੱਧਾ ਘੰਟਾ ਉਡੀਕ ਕਰਨ ਦੇ ਬਾਵਜੂਦ ਵਾਪਸ ਇਹ ਕਹਿ ਕੇ ਮੋੜ ਦਿੱਤਾ ਕਿ ਅੱਜ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਮਿਲ ਸਕਣਗੇ। ਜਿਸਦੇ ਚੱਲਦੇ ਮਜਬੂਰ ਹੋ ਕੇ ਉਨ੍ਹਾਂ ਨੂੰ ਇਹ ਧਰਨਾ ਦੇਣਾ ਪਿਆ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਵਲੋਂ ਰਿਸ਼ਵਤਖੋਰਾਂ ਦੇ ਹੱਕ ਵਿੱਚ ਧਰਨਾ ਦੇਣ ਦਾ ਮਤਲਬ ਉਨ੍ਹਾਂ ਦੀ ਹਿਮਾਇਤ ਕਰਨਾਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਿਨਾਂ ਸਮਾਂ ਲਏ ਪੰਜਾਬ ਦੀ ਬਚੀ-ਖੁਚੀ ਕਾਂਗਰਸ ਅੱਜ ਰਿਸਵਤ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਆਪਣੇ ਲੀਡਰਾਂ ਦੇ ਹੱਕ ਵਿੱਚ ਮੇਰੇ ਘਰ ਧਰਨਾ ਦੇਣ ਪੁੱਜ ਗਏ ਹਨ ਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਰਿਸਵਤ ਇਨ੍ਹਾਂ ਦੇ ਖੂਨ ਵਿੱਚ ਹੈ। ਦਸਣਾ ਬਣਦਾ ਹੈ ਕਿ ਬੀਤੇ ਕੱਲ ਪੰਜਾਬ ਵਿਜੀਲੈਂਸ ਵਲੋਂ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਜੰਗਲਾਤ ਵਿਭਾਗ ਦੇ ਕਥਿਤ ਘਪਲੇ ਦੇ ਦੋਸ਼ਾਂ ਹੇਠ ਗਿ੍ਰਫਤਾਰ ਕਰ ਲਿਆ ਸੀ ਜਦੋਂਕਿ ਇੱਕ ਹੋਰ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਨੂੰ ਵੀ ਇਸ ਕੇਸ ਵਿਚ ਮੁਜਰਮ ਬਣਾਇਆ ਗਿਆ ਹੈ। ਉਧਰ ਪਹਿਲੀ ਵਾਰ ਮੁੱਖ ਮੰਤਰੀ ਦੀ ਰਿਹਾਇਸ਼ਗਾਹ ਦੇ ਅੰਦਰ ਲੱਗੇ ਧਰਨੇ ਤੋਂ ਬਾਅਦ ਮੁੱਖ ਮੰਤਰੀ ਦੇ ਸੁਰੱਖਿਆ ਦਸਤਿਆਂ ਅਤੇ ਚੰਡੀਗੜ੍ਹ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਕਾਂਗਰਸੀ ਆਗੂਆਂ ਨੂੰ ਗਿ੍ਰਫਤਾਰ ਕਰਕੇ ਥਾਣੇ ਵਿਚ ਲੈ ਗਈ, ਜਿਸਤੋਂ ਬਾਅਦ ਪਰਚਾ ਦਰਜ਼ ਕਰ ਦਿੱਤਾ ਗਿਆ।

ਆਪ ਸਰਕਾਰ ਦਾ ਦਾਅਵਾ: ਨਵੀਂ ਸਰਾਬ ਨੀਤੀ, ਸਰਾਬ ਮਾਫ਼ੀਆ ਨੂੰ ਕਰੇਗੀ ਖ਼ਤਮ

0

ਸੁਖਜਿੰਦਰ ਮਾਨ
ਚੰਡੀਗੜ੍ਹ, 9 ਜੂਨ: ਆਬਕਾਰੀ ਕਮਿਸ਼ਨਰ ਵਰੁਣ ਰੂਜਮ ਨੇ ਅੱਜ ਕਿਹਾ ਕਿ ਨਤੀਜਾਮੁਖੀ ਨਵੀਂ ਆਬਕਾਰੀ ਨੀਤੀ ਸੂਬੇ ਵਿੱਚ ਸ਼ਰਾਬ ਮਾਫ਼ੀਆ ਦੇ ਤਾਬੂਤ ਵਿੱਚ ਕਿੱਲ ਸਾਬਤ ਹੋਣ ਦੇ ਨਾਲ-ਨਾਲ ਗੁਆਂਢੀ ਸੂਬਿਆਂ ਤੋਂ ਹੁੰਦੀ ਸ਼ਰਾਬ ਦੀ ਤਸਕਰੀ ਨੂੰ ਰੋਕਣ ਵਿੱਚ ਸਹਾਈ ਹੋਵੇਗੀ। ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਮਾਲੀਆ ਵਧਾਉਣ ਅਤੇ ਅਰਥਚਾਰੇ ਨੂੰ ਵੱਡੇ ਪੱਧਰ ਉਤੇ ਹੁਲਾਰਾ ਦੇਣ ਲਈ ਗਰੁੱਪਾਂ ਦੀ ਗਿਣਤੀ ਨੂੰੰ ਘਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਨੀਤੀ ਬਣਾਉਣ ਤੋਂ ਪਹਿਲਾਂ ਲਾਇਸੈਂਸ ਧਾਰਕਾਂ ਨਾਲ ਮੀਟਿੰਗਾਂ ਦੌਰਾਨ ਮੌਜੂਦਾ ਪਰਚੂਨ ਲਾਇਸੈਂਸ ਧਾਰਕਾਂ ਦੀ ਮੰਗ ਸੀ ਕਿ ਗਰੁੱਪ ਦਾ ਆਕਾਰ ਮੌਜੂਦਾ (07-08 ਕਰੋੜ) ਪੱਧਰ ਤੋਂ ਵੱਡਾ ਅਤੇ 30 ਕਰੋੜ ਦੇ ਪੱਧਰ ਤੱਕ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਗਰੁੱਪਾਂ ਦੀ ਆਪਸੀ ਰੰਜ਼ਿਸ਼ਬਾਜ਼ੀ ਘਟੇਗੀ, ਜਦੋਂ ਕਿ ਗਰੁੱਪ ਦਾ ਆਕਾਰ ਛੋਟਾ ਹੋਣ ਕਾਰਨ ਪਹਿਲਾਂ ਰੰਜ਼ਿਸ਼ਬਾਜ਼ੀ ਆਮ ਗੱਲ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਰਾਬ ਕਾਰੋਬਾਰ ਵਿੱਚੋਂ ਮਾੜੇ ਤੱਤਾਂ ਨੂੰ ਬਾਹਰ ਕੱਢਣ ਅਤੇ ਇਸ ਕਾਰੋਬਾਰ ਵਿੱਚ ਕੁਸ਼ਲਤਾ ਲਿਆਉਣ ਵਿੱਚ ਮਦਦ ਮਿਲੇਗੀ।
ਆਬਕਾਰੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਮੁਤਾਬਕ ਸੂਬੇ ਭਰ ਵਿੱਚ ਠੇਕਿਆਂ ਦੀ ਗਿਣਤੀ ਪਹਿਲਾਂ ਜਿੰਨੀ ਹੀ ਰਹੇਗੀ ਅਤੇ ਜੇ ਗਰੁੱਪਾਂ ਦੀ ਗਿਣਤੀ ਘਟਾਈ ਗਈ ਤਾਂ ਪਰਚੂਨ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਪਹਿਲਾਂ ਜਿੰਨੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਨੀਤੀ ਨਾਲ ਸ਼ਰਾਬ ਨਾਲ ਸਬੰਧਤ ਉਤਪਾਦਨ ਖੇਤਰ ਵਿੱਚ ਪੰਜਾਬ ਦੇ ਲੋਕਾਂ ਲਈ ਨਵੇਂ ਰੋਜ਼ਗਾਰ ਮੌਕੇ ਸਿਰਜੇ ਜਾਣਗੇ। ਵਰੁਣ ਰੂਜਮ ਨੇ ਕਿਹਾ ਕਿ ਡਿਸਟਿਲਰੀਆਂ, ਬੌਟਲਿੰਗ ਪਲਾਂਟ ਤੇ ਬਿ੍ਰਉਵਰੀਆਂ ਸਥਾਪਤ ਕਰਨ ਲਈ ਲਾਇਸੈਂਸ ਨੂੰ ਮੁੜ ਖੋਲ੍ਹ ਦਿੱਤਾ ਹੈ ਅਤੇ ਇਹ ਨੀਤੀ ਪੰਜਾਬ ਵਿੱਚ ਮਾਲਟ ਉਤਪਾਦਨ ਇਕਾਈਆਂ ਕਾਇਮ ਕਰਨ ਦੀ ਵੀ ਇਜਾਜ਼ਤ ਦਿੰਦੀ ਹੈ, ਜਿਸ ਵਿੱਚ ਨਵੇਂ ਇਥਾਨੌਲ ਪਲਾਂਟ ਲਾਉਣ ਉਤੇ ਜ਼ੋਰ ਦਿੱਤਾ ਗਿਆ ਹੈ। ਇਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਕੀਮਤਾਂ ਵਿੱਚ ਗਿਰਾਵਟ ਨਾਲ ਸ਼ਰਾਬ ਦੀ ਖਪਤ ਨਹੀਂ ਵਧੇਗੀ, ਸਗੋਂ ਇਸ ਨਾਲ ਗਾਹਕਾਂ ਨੂੰ ਘੱਟ ਕੀਮਤ ਤਾਰਨੀ ਪਵੇਗੀ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ਤੋਂ ਤਸਕਰੀ ਕਾਰਨ ਪੰਜਾਬ ਨੂੰ ਨੁਕਸਾਨ ਹੋ ਰਿਹਾ ਸੀ ਅਤੇ ਸ਼ਰਾਬ ਦੀ ਕੀਮਤ ਘਟਣ ਨਾਲ ਸ਼ਰਾਬ ਦੀ ਅੰਤਰਰਾਜੀ ਤਸਕਰੀ ਘਟੇਗੀ। ਵਰੁਣ ਰੂਜਮ ਨੇ ਕਿਹਾ ਕਿ ਇਸ ਨੀਤੀ ਨਾਲ ਅਸਲ ਵਿੱਚ ਖਪਤਕਾਰ ਨੂੰ ਫਾਇਦਾ ਮਿਲੇਗਾ।
ਆਬਕਾਰੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਨਵੀਂ ਨੀਤੀ ਵਿੱਚ ਸਰਕਲ ਤੇ ਜ਼ਿਲ੍ਹਾ ਪੱਧਰ ਉਤੇ ਆਬਕਾਰੀ ਗਤੀਵਿਧੀਆਂ ਉਤੇ ਸਖ਼ਤੀ ਨਾਲ ਨਿਗ੍ਹਾ ਰੱਖਣ ਦੀ ਤਜਵੀਜ਼ ਹੈ, ਜਿਸ ਵਿੱਚ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਜ਼ਿਲ੍ਹਾ ਪੁਲਿਸ ਨਾਲ ਤਾਲਮੇਲ ਉਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਨੇ ਪਹਿਲਾਂ ਹੀ ਸੂਬਾ ਪੱਧਰ ਉਤੇ ਪੰਜਾਬ ਪੁਲਿਸ ਨਾਲ ਰਾਬਤਾ ਕੀਤਾ ਹੋਇਆ ਹੈ, ਜਿਸ ਤਹਿਤ ਸਾਰੇ ਜ਼ਿਲ੍ਹਾ ਪੁਲਿਸ ਹੈੱਡ ਕੁਆਟਰਾਂ ਉਤੇ ਨਾਰਕੋਟਿਕਸ ਤੇ ਐਕਸਾਈਜ਼ ਸੈੱਲ ਬਣਾਏ ਗਏ ਹਨ। ਵਰੁਣ ਰੂਜਮ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਵਿੱਚ ਉਤਪਾਦਨ ਤੋਂ ਲੈ ਕੇ ਸ਼ਰਾਬ ਦੀ ਮੁਕੰਮਲ ਸਪਲਾਈ ਲੜੀ ਉਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਜ਼ਰ ਰੱਖਣ ਲਈ ਕਈ ਕਦਮ ਚੁੱਕੇ ਗਏ ਹਨ, ਜਿਨ੍ਹਾਂ ਵਿੱਚ ਸੂਬੇ ਵਿੱਚ ਸਾਰੇ ਸ਼ਰਾਬ ਸਪਲਾਇਰਾਂ ਉਤੇ ਬਾਰ ਕੋਡਿੰਗ ਦੀ ਵਰਤੋਂ ਦੇ ਨਾਲ ਟਰੈਕ ਤੇ ਟਰੇਸ ਸਾਫਟਵੇਅਰ ਲਿਆਂਦਾ ਹੈ। ਇਸ ਦੇ ਨਾਲ-ਨਾਲ ਸਾਰੇ ਠੇਕਿਆਂ ਉਤੇ ਪੀ.ਓ.ਐਸ. ਮਸ਼ੀਨਾਂ, ਸਾਰੀਆਂ ਉਤਪਾਦਨ ਇਕਾਈਆਂ ਉਤੇ ਸਪੀਰਿਟ ਦੇ ਉਤਪਾਦਨ, ਵਰਤੋਂ ਤੇ ਵੰਡ ਨੂੰ ਮਾਪਣ ਲਈ ਇਲੈਕਟ੍ਰੋਮੈਗਨੈਟਿਕ ਮਾਸ ਫਲੋਅ ਮੀਟਰ, ਸੀ.ਸੀ.ਟੀ.ਵੀ. ਕੈਮਰੇ (24 ਘੰਟੇ) ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਸਾਰੀਆਂ ਉਤਪਾਦਨ ਤੇ ਥੋਕ ਇਕਾਈਆਂ ਦੇ ਗੇਟਾਂ ਉਤੇ ਬਾਇਓਮੀਟਰਿਕ ਨਾਲ ਚੱਲਣ ਵਾਲੇ ਬੂਮ ਬੈਰੀਅਰ ਲਾਜ਼ਮੀ ਕੀਤੇ ਗਏ ਹਨ।
ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਮਾਲੀਏ ਵਿਚ ਅਨੁਮਾਨੇ ਗਏ ਇਜ਼ਾਫੇ ਨੂੰ ਹਰੇਕ ਗਰੁੱਪ ਦੀ ਅਸਲ ਸਮਰੱਥਾ ਨੂੰ ਧਿਆਨ ਵਿਚ ਰੱਖਦੇ ਹੋਏ ਗਿਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਨੁਮਾਨ ਸਰਕਲ ਅਤੇ ਜ਼ਿਲ੍ਹਾ ਪੱਧਰ ਉਤੇ ਤਾਇਨਾਤ ਅਧਿਕਾਰੀਆਂ ਵੱਲੋਂ ਜ਼ਮੀਨੀ ਹਕੀਕਤਾਂ ਉਤੇ ਅਧਾਰਿਤ ਹਨ। ਵਰੁਣ ਰੂਜਮ ਨੇ ਕਿਹਾ ਕਿ ਤਸਕਰ ਵਿਰੋਧੀ ਕਾਰਵਾਈਆਂ ਦੇ ਨਾਲ-ਨਾਲ ਨਜਾਇਜ਼ ਸ਼ਰਾਬ ਕੱਢਣ ਦੇ ਵਿਰੁੱਧ ਕੀਤੀਆਂ ਕਾਰਵਾਈਆਂ ਨਾਲ ਮਾਲੀਆ ਵਧਾਉਣ ਵਿਚ ਹਾਂ-ਪੱਖੀ ਅਸਰ ਹੋਇਆ ਹੈ।
ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਨਜਾਇਜ ਸ਼ਰਾਬ ਨੂੰ ਰੋਕੇਗੀ ਜਿਸ ਨਾਲ ਪਿਛਲੇ ਸਮੇਂ ਵਿਚ ਬਹੁਤ ਸਾਰੀਆਂ ਮੌਤਾਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਨਾਲ ਘੱਟ ਕੀਮਤ ਵਾਲੀ 40 ਡਿਗਰੀ ਪੀ.ਐਮ.ਐਲ. ਨੂੰ ਪੰਜਾਬ ਦੇ ਨਜਾਇਜ ਸ਼ਰਾਬ ਤੋਂ ਪ੍ਰਭਾਵਿਤ ਖੇਤਰਾਂ ਵਿਚ ਪਾਊਚ ਉਤੇ ਵੇਚਿਆ ਜਾ ਸਕੇਗਾ ਜੋ ਬਿਨਾਂ ਸ਼ੱਕ ਲੋਕਾਂ ਨੂੰ ਨਾਜਾਇਜ਼ ਜਾਂ ਗੈਰ-ਕਾਨੂੰਨੀ ਸ਼ਰਾਬ ਪੀਣ ਤੋਂ ਲਾਂਭੇ ਕਰੇਗਾ। ਵਰੁਣ ਰੂਜਮ ਨੇ ਕਿਹਾ ਕਿ ਲੋਕਾਂ ਨੂੰ ਗੈਰ-ਕਾਨੂੰਨੀ ਤੌਰ ਉਤੇ ਤਿਆਰ ਕੀਤੀ ਨਾਜਾਇਜ਼ ਸ਼ਰਾਬ ਦੀ ਬਜਾਏ ਕਾਨੂੰਨੀ ਤੌਰ ਉਤੇ ਤਿਆਰ ਹੁੰਦੀ 40 ਡਿਗਰੀ ਪੀ.ਐਮ.ਐਲ. ਸਸਤੀ ਸ਼ਰਾਬ ਦਾ ਬਦਲ ਮਿਲ ਸਕੇਗਾ ਜਿਸ ਨਾਲ ਨਾਜਾਇਜ਼ ਸ਼ਰਾਬ ਕੱਢਣ ਨੂੰ ਵੀ ਬਹੁਤ ਹੱਦ ਤੱਕ ਠੱਲ੍ਹ ਪਵੇਗੀ।ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਵਿਚ ਸਪੱਸ਼ਟ ਤੌਰ ਉਤੇ ਮੈਨੂਫੈਕਚਰਜ਼, ਥੋਕ ਵਿਕਰੇਤਾ ਅਤੇ ਪ੍ਰਚੂਨ ਵਿਕਰੇਤਾਵਾਂ ਦੇ ਨਾਪਾਕ ਗੱਠਜੋੜ ਨੂੰ ਤੋੜਣ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਉਹ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣਗੇ ਅਤੇ ਆਪੋ-ਆਪਣੇ ਹਿੱਤ ਵਿਚ ਸ਼ਰਾਬ ਦੇ ਕਾਰੋਬਾਰ ਦੇ ਵੱਖ-ਵੱਖ ਹਿੱਸੇ (ਮੈਨੂਫੈਕਚਰਜ਼, ਥੋਕ ਵਿਕਰੇਤਾ ਅਤੇ ਪ੍ਰਚੂਨ ਵਿਕਰੇਤਾਵਾਂ) ਇਕਜੁਟ ਨਹੀਂ ਕਰ ਸਕਣਗੇ।

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਝੋਨੇ ਤੇ ਹੋਰ ਫਸਲਾਂ ਦੀ ਐਮ ਐੱਸ ਪੀ ‘ਚ ਕੀਤਾ ਨਿਗੂਣਾ ਵਾਧਾ ਰੱਦ

0

‘ਪਾਣੀ ਬਚਾਓ, ਖੇਤੀ ਬਚਾਓ‘ ਮੋਰਚੇ ਚੌਥੇ ਦਿਨ ਵੀ ਜਾਰੀ ਤੇ ਅੱਜ ਵੀ ਅਗਵਾਈ ਔਰਤ ਆਗੂਆਂ ਨੇ ਕੀਤੀ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਜੂਨ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੇਂਦਰ ਸਰਕਾਰ ਦੁਆਰਾ ਝੋਨੇ ਅਤੇ ਹੋਰ ਫਸਲਾਂ ਦੀ ਐਮ ਐੱਸ ਪੀ ਵਿੱਚ ਕੀਤਾ ਗਿਆ ਨਿਗੂਣਾ ਵਾਧਾ ਰੱਦ ਕਰ ਦਿੱਤਾ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ (ਸੀ-2+50%) ਫਾਰਮੂਲੇ ਮੁਤਾਬਕ ਖੇਤੀਬਾੜੀ ਵਿਭਾਗ ਪੰਜਾਬ ਦੁਆਰਾ ਛੇ ਮਹੀਨੇ ਪਹਿਲਾਂ ਇਸ ਸੌਣੀ ਸੀਜਨ ਲਈ ਝੋਨੇ ਦਾ ਐਮ ਐੱਸ ਪੀ 3135 ਰੁ: ਏ ਗ੍ਰੇਡ ਦਾ ਅਤੇ 3085 ਰੁ: ਆਮ ਕਿਸਮ ਦਾ ਪ੍ਰਤੀ ਕੁਇੰਟਲ ਮੰਗਿਆ ਗਿਆ ਸੀ,ਪਰ ਕੇਂਦਰ ਨੇ ਦਿੱਤਾ ਹੈ ਕ੍ਰਮਵਾਰ ਸਿਰਫ 2060 ਅਤੇ 2040 ਰੁ:। ਇਸ ਤਰ੍ਹਾਂ ਝੋਨੇ ਸਮੇਤ ਹੋਰ ਫਸਲਾਂ ਦੇ ਐਮ ਐੱਸ ਪੀ ਵੀ ਬੇਹੱਦ ਘਾਟੇਵੰਦੇ ਐਲਾਨੇ ਗਏ ਹਨ। ਕਿਸਾਨ ਜਥੇਬੰਦੀਆਂ ਦੀ ਚਿਰੋਕਣੀ ਮੰਗ ਹੈ ਕਿ ਸਾਰੀਆਂ ਫਸਲਾਂ ਦੇ ਐਮ ਐੱਸ ਪੀ (ਸੀ-2+50%) ਫਾਰਮੂਲੇ ਮੁਤਾਬਕ ਲਾਹੇਵੰਦ ਮਿਥੇ ਜਾਣ ਅਤੇ ਖਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ।
ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਹੈ ਕਿ ‘ਪਾਣੀ ਬਚਾਓ, ਖੇਤੀ ਬਚਾਓ‘ ਪੰਜ ਰੋਜਾ ਸੂਬਾਈ ਮੋਰਚੇ ਦੌਰਾਨ ਜਥੇਬੰਦੀ ਵੱਲੋਂ ਅੱਜ ਚੌਥੇ ਦਿਨ ਵੀ 19 ਜ?ਿਲ੍ਹਿਆਂ ਦੇ ਸੈਂਕੜੇ ਪਿੰਡਾਂ ਵਿੱਚ ਧਰਨੇ ਲਾਏ ਗਏ, ਜਿਨ੍ਹਾਂ ਵਿੱਚ ਬਹੁਤ ਥਾਂਵਾਂ ‘ਤੇ ਭਾਰੀ ਗਿਣਤੀ ਔਰਤਾਂ ਅਤੇ ਨੌਜਵਾਨਾਂ ਸਮੇਤ ਪੂਰੇ ਪੰਜਾਬ ‘ਚ ਕੁੱਲ ਮਿਲਾ ਕੇ ਹਜਾਰਾਂ ਕਿਸਾਨ ਮਜਦੂਰ ਮੁਲਾਜਮ ਤੇ ਹੋਰ ਕਿਰਤੀ ਲੋਕ ਸਾਮਲ ਹੋਏ। ਅੱਜ ਵੀ ਔਰਤ ਇਕਾਈਆਂ ਵਾਲੇ ਪਿੰਡਾਂ ਵਿੱਚ ਧਰਨਿਆਂ ਦੀ ਅਗਵਾਈ ਔਰਤ ਆਗੂਆਂ ਨੇ ਕੀਤੀ। ਜਿਆਦਾਤਰ ਧਰਨੇ ਪਿੰਡਾਂ ਦੇ ਜਲ ਘਰਾਂ ਵਿੱਚ ਲਾਏ ਗਏ ਹਨ, ਜਿੱਥੇ ਜਲ ਸਪਲਾਈ ਕਾਮੇ ਵੀ ਬਹੁਤੇ ਥਾਈਂ ਸਾਮਲ ਹੋਏ।
ਮੋਰਚਿਆਂ ਵਿੱਚ ਕੁੱਦੇ ਲੋਕ ਮੰਗ ਕਰ ਰਹੇ ਹਨ ਕਿ ਪਾਣੀ ਨੂੰ ਮੁਨਾਫਾਬਖਸ ਵਪਾਰਕ ਵਸਤੂ ਐਲਾਨ ਚੁੱਕੇ ਸੰਸਾਰ ਬੈਂਕ ਦੀ ਜਲ ਨੀਤੀ ਅਧੀਨ ਪਾਣੀ ਦੇ ਸਾਰੇ ਸੋਮੇ ਦੇਸੀ ਵਿਦੇਸੀ ਕਾਰਪੋਰੇਟਾਂ ਨੂੰ ਸੌਂਪ ਕੇ ਅੰਨ੍ਹੇ ਮੁਨਾਫਿਆਂ ਦੇ ਸਾਧਨ ਬਣਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਸਾਰੇ ਨੀਤੀ ਕਦਮ ਅਤੇ ਸੁਰੂ ਕੀਤੇ ਸਾਰੇ ਪ੍ਰਾਜੈਕਟ ਪੰਜਾਬ ਅਸੈਂਬਲੀ ‘ਚ ਮਤਾ ਪਾਸ ਕਰਕੇ ਰੱਦ ਕੀਤੇ ਜਾਣ। ਪੇਂਡੂ ਜਲ ਸਪਲਾਈ ਦਾ ਪਹਿਲਾ ਢਾਂਚਾ ਉਸੇ ਤਰ੍ਹਾਂ ਬਹਾਲ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਵੱਲੋਂ ਇਹ ਮੰਗਾਂ ਲਗਾਤਾਰ ਨਜਰਅੰਦਾਜ ਕੀਤੇ ਜਾਣ ਦੀ ਸੂਰਤ ਵਿੱਚ ਇਨ੍ਹਾਂ ਦੀ ਪੂਰਤੀ ਲਈ ਸੰਘਰਸ ਹੋਰ ਵਿਸਾਲ ਅਤੇ ਤੇਜ ਕੀਤਾ ਜਾਵੇਗਾ। 10 ਜੂਨ ਤੱਕ ਲਗਾਤਾਰ ਚੱਲਣ ਵਾਲੇ ਇਨ੍ਹਾਂ ‘ਪਾਣੀ ਬਚਾਓ, ਖੇਤੀ ਬਚਾਓ‘ ਮੋਰਚਿਆਂ ਵਿੱਚ ਬੁਲਾਰਿਆਂ ਵੱਲੋਂ ਕਿਸਾਨਾਂ ਮਜਦੂਰਾਂ ਤੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਵਧ ਚੜ੍ਹ ਕੇ ਸਾਮਲ ਹੋਣ ਦਾ ਜੋਰਦਾਰ ਸੱਦਾ ਦਿੱਤਾ ਜਾ ਰਿਹਾ ਹੈ। ਪਿੰਡ ਪਿੰਡ ਢੋਲ ਮਾਰਚ, ਜਾਗੋ ਮਾਰਚ ਕੀਤੇ ਜਾ ਰਹੇ ਹਨ।
ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਔਰਤ ਆਗੂ ਹਰਿੰਦਰ ਕੌਰ ਬਿੰਦੂ ਤੇ ਕਰਮਜੀਤ ਕੌਰ ਲਹਿਰਾਖਾਨਾ (ਬਠਿੰਡਾ), ਜਸਵੀਰ ਕੌਰ ਉਗਰਾਹਾਂ, ਬਿੰਦਰਪਾਲ ਕੌਰ ਭਦੌੜ ਤੇ ਕਮਲਜੀਤ ਕੌਰ (ਬਰਨਾਲਾ), ਗੁਰਪ੍ਰੀਤ ਕੌਰ ਬਰਾਸ ਤੇ ਮਨਦੀਪ ਕੌਰ ਬਾਰਨ (ਪਟਿਆਲਾ), ਬਚਿੱਤਰ ਕੌਰ ਤਲਵੰਡੀ ਮੱਲ੍ਹੀਆਂ (ਮੋਗਾ), ਸਰੋਜ ਰਾਣੀ ਦਿਆਲਪੁਰਾ (ਮਾਨਸਾ), ਪਲਵਿੰਦਰ ਕੌਰ ਗੋਸਲ ਤੇ ਮਨਜੀਤ ਕੌਰ ਤਲਵੰਡੀ (ਅੰਮਿ੍ਰਤਸਰ) ਸਮੇਤ ਜਥੇਬੰਦੀ ਦੇ ਸੂਬਾ ਅਹੁਦੇਦਾਰ ਅਤੇ ਜਿਲ੍ਹਿਆਂ/ਬਲਾਕਾਂ ਦੇ ਆਗੂ ਸਾਮਲ ਸਨ।

ਨਿਵੇਕਲੀ ਪਹਿਲਕਦਮੀ: ਘਰ ਨਿਰਮਾਣ ਦੇ ਅਸਲ ਨਾਇਕਾਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਆਯੋਜਿਤ

0

ਹਾਊਸ ਵਾਰਮਿੰਗ ਪਾਰਟੀ ਨੂੰ “ ਕਿਰਤ ਦੇ ਮਾਣ ” ਵਜੋਂ ਸਮਰਪਿਤ ਸਮਾਗਮ ਚ ਪ੍ਰਸਿੱਧ ਹਸਤੀਆਂ ਵੱਲੋਂ ਸ਼ਮੂਲੀਅਤ
ਸੁਖਜਿੰਦਰ ਮਾਨ
ਬਠਿੰਡਾ, 9 ਜੂਨ: ਬਿਹਾਰ ਦੇ ਗੋਪਾਲਗੰਜ ਜਿਲ੍ਹੇ ਦੇ ਪਿੰਡ ਰਾਮਪੁਰ ਖਾਰੀਅਨ ਤੋਂ ਦਿਨੇਸ ਕੁਮਾਰ ਚੌਰਸੀਆ ਅਤੇ ਉੱਤਰ ਪ੍ਰਦੇਸ ਦੇ ਪ੍ਰਤਾਪਗੜ੍ਹ ਜਿਲ੍ਹੇ ਦੇ ਪਿੰਡ ਅਮਸੌਨਾ ਤੋਂ ਅਮਰਨਾਥ ਪਟੇਲ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਉਹਨਾਂ ਵੱਲੋਂ ਘਰ ਦੀ ਉਸਾਰੀ ਵਿੱਚ ਕੀਤੀ ਬੇਮਿਸਾਲ ਮਿਹਨਤ ਅਤੇ ਇਮਾਨਦਾਰੀ ਦੇ ਸੁਮੇਲ ਬਦਲੇ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸਖਸੀਅਤਾਂ ਦੁਆਰਾ ਉਹਨਾਂ ਨੂੰ “ਸਨਮਾਨ ਪੁਰਸਕਾਰ“ ਪ੍ਰਦਾਨ ਕੀਤੇ ਜਾਣਗੇ । ਅਜਿਹਾ ਸਮਾਗਮ ਮਜਦੂਰ ਦਿਵਸ ਉਪਰ ਨਹੀਂ ਆਯੋਜਿਤ ਕੀਤਾ ਗਿਆ, ਬਲਕਿ ਗ੍ਰਹਿ ਪ੍ਰਵੇਸ ਮੌਕੇ ਰੱਖੇ ਸਮਾਗਮ ਵਿਚ ਘਰ ਦੀ ਉਸਾਰੀ ’ਚ ਲੱਗੇ ਰਹੇ ਮਜਦੂਰਾਂ ਨੂੰ ਸਨਮਾਨਿਤ ਕੀਤਾ ਗਿਆ। ਅਮਰਨਾਥ ਪਟੇਲ, ਦਿਨੇਸ ਚੌਰਸੀਆ, ਰਾਜਿੰਦਰ ਮਿਸਰਾ (ਯੂਪੀ ਦੇ ਗੋਂਡਾ ਜਿਲ੍ਹੇ ਦੇ ਪਿੰਡ ਪਾਰਸਪੁਰ ਦਾ ਰਹਿਣ ਵਾਲਾ ਇੱਕ ਪਲੰਬਰ) ਅਤੇ ਅਸੋਕ ਕੁਮਾਰ (ਯੂਪੀ ਦੇ ਬਾਰਾਬੰਕੀ ਜਿਲ੍ਹੇ ਦੇ ਦਰੇਬਾਦ ਪਿੰਡ ਦਾ ਰਹਿਣ ਵਾਲਾ ਇੱਕ ਇਲੈਕਟ੍ਰੀਸੀਅਨ) ਵਰਗੇ ਮਜਦੂਰਾਂ ਨੂੰ ਉਹਨਾਂ ਦੀ ਟੀਮ ਸਮੇਤ ਪੰਜਾਬ ਦੇ ਪ੍ਰਸਿੱਧ ਕਵੀ ਪਦਮ ਸ੍ਰੀ ਡਾ: ਸੁਰਜੀਤ ਪਾਤਰ, ਸਰਦਾਰ ਬਲਵੰਤ ਸਿੰਘ ਰਾਮੂਵਾਲੀਆ (ਸਾਬਕਾ ਕੇਂਦਰੀ ਖੁਰਾਕ, ਕਿਰਤ ਅਤੇ ਭਲਾਈ ਮੰਤਰੀ), ਬਠਿੰਡਾ ਦੇ ਵਿਧਾਇਕ ਸਰਦਾਰ ਜਗਰੂਪ ਸਿੰਘ ਗਿੱਲ, ਲੰਬੀ ਦੇ ਵਿਧਾਇਕ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਸਮੇਤ ਪੰਜਾਬ ਦੀਆਂ ਪ੍ਰਮੁੱਖ ਸਖਸੀਅਤਾਂ ਵੱਲੋਂ ਉਹਨਾਂ ਨੂੰ ‘ਅਵਾਰਡ ਆਫ਼ ਆਨਰ’ ਨਾਲ ਸਨਮਾਨਿਤ ਕੀਤਾ ਗਿਆ।
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ) ਬਠਿੰਡਾ ਦੇ ਡਾਇਰੈਕਟਰ ਡਾ: ਦਿਨੇਸ ਕੁਮਾਰ ਸਿੰਘ, ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ, ਡਾ: ਜਤਿੰਦਰਾ ਜੈਨ(ਆਈ.ਪੀ.ਐਸ.), ਉੱਘੇ ਸਿੱਖ ਵਿਦਵਾਨ ਸ. ਅਮਰਜੀਤ ਸਿੰਘ ਗਰੇਵਾਲ, ਆਰਟਿਸਟ ਗੁਰਪ੍ਰੀਤ ਸਿੰਘ, ਬਠਿੰਡਾ, ਐਮ.ਆਰ.ਐਸ.ਪੀ.ਟੀ.ਯੂ., ਰਜਿਸਟਰਾਰ, ਡਾ. ਗੁਰਿੰਦਰਪਾਲ ਸਿੰਘ ਬਰਾੜ ਅਤੇ ਸੀਨੀਅਰ ਫੈਕਲਟੀ, ਸਾਬਕਾ ਆਰ.ਟੀ.ਆਈ. ਕਮਿਸਨਰ, ਸ੍ਰੀ ਚੰਦਰ ਪ੍ਰਕਾਸ ਅਤੇ ਜੀਵਨ ਦੇ ਹਰ ਖੇਤਰ ਦੀਆਂ ਨਾਮਵਰ ਸਖਸੀਅਤਾਂ ਨੇ ਇਸ ਵਿਲੱਖਣ ਸਮਾਗਮ ਵਿੱਚ ਸ?ਿਰਕਤ ਕੀਤੀ ਜਿਸ ਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਕਿ ਕਿਵੇਂ ‘ਗ੍ਰਹਿ ਪ੍ਰਵੇਸ਼’ (ਹਾਊਸ ਵਾਰਮਿੰਗ ਪਾਰਟੀ) ਮਨਾਇਆ ਜਾਵੇ। ਪ੍ਰਸਿੱਧ ਸਿੱਖਿਆ ਸਾਸਤਰੀ, ਸਿਵਲ, ਪੁਲਿਸ, ਨਿਆਂਇਕ ਅਧਿਕਾਰੀ, ਸਿਆਸਤਦਾਨ, ਵਕੀਲ, ਡਾਕਟਰ ਅਤੇ ਕਲਾਕਾਰ ਬਠਿੰਡਾ ਵਿੱਚ ‘ਕਿਰਤ ਦਾ ਮਾਣ’ ਕਰਨ ਲਈ ਉਚੇਚੇ ਤੌਰ ਤੇ ਸਮਾਗਮ ਵਿਚ ਪੁੱਜੇ।
ਇਹ ਆਪਣੀ ਕਿਸਮ ਦਾ ਪਹਿਲਾ ਸਨਮਾਨ ਸਮਾਰੋਹ‘ ਸੀ, ਜਿਸ ਵਿੱਚ ਸੱਚੀ ਸੁੱਚੀ ਕਿਰਤ, ਮਿਹਨਤ, ਲਗਨ, ਹੁਨਰ, ਕਾਬਲੀਅਤ ਅਤੇ ਇਮਾਨਦਾਰੀ ਦੀ ਸਮੂਹਿਕ ਭਾਵਨਾ ਨੂੰ ਸਨਮਾਨਿਤ ਕਰਨ ਅਤੇ ਸਲਾਮ ਕਰਨ ਲਈ ਇਹ 70 ਸਾਲਾਂ ਬਜੁਰਗ ਔਰਤ ਸਰਦਾਰਨੀ ਅਮਰਜੀਤ ਕੌਰ ਸਿੱਧੂ ਵੱਲੋਂ ਸੁਪਨਾ ਲਿਆ ਗਿਆ, ਜੋ ਕਿ ਕਿਰਤ ਪ੍ਰਤੀ ਸੁਕਰਾਨਾ ਕਰਨ ਦਾ ਇਕ ਨਿਮਾਣਾ ਯਤਨ ਸੀ। ਪਰਿਵਾਰ ਦੇ ਸੁਪਨਿਆਂ ਦਾ ਘਰ ਬਣਾਉਣ ਲਈ ਪਸੀਨਾ ਵਹਾਉਣ ਵਾਲੇ ਮਜ਼ਦੂਰ, ਪ੍ਰੋਜੈਕਟ ਸਾਈਟ ਇੰਚਾਰਜ ਅਤੇ ਹੋਰ ਲੋਕ ਨੀਂਹ ਪੱਥਰ ਤੋਂ ਲੈ ਕੇ ਘਰ ਦੀ ਮੁਕੰਮਲ ਉਸਾਰੀ ਤੱਕ ਯੋਗਦਾਨ ਪਾਉਣ ਵਾਲੇ ਮਿਹਨਤੀ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਬੋਲਦਿਆਂ ਪੰਜਾਬੀ ਦੇ ਮਹਾਨ ਕਵੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ “ਕਿਰਤ ਦਾ ਮਾਣ ਅਤੇ ਸਤਿਕਾਰ ਕਰਨਾ” ਅਤੇ ਘਰ ਦੇ ਨਿਰਮਾਣ ਵਿੱਚ ਹਰ ਮਾਹਿਰ ਅਤੇ ਮਜਦੂਰਾਂ ਦੁਆਰਾ ਲਗਾਈ ਗਈ ਮਾਨਸਿਕ, ਸਰੀਰਕ ਮਿਹਨਤ ਅਤੇ ਪਸੀਨੇ ਦੀ ਕਮਾਈ ਨੂੰ ਸਲਾਮ ਕਰਨ ਵਾਲਾ ਇਹ ਇੱਕ ਵਿਲੱਖਣ ਅਤੇ ਆਪਣੀ ਕਿਸਮ ਦਾ ਪਹਿਲਾ ਕਾਰਜ ਹੈ। ਉਹਨਾਂ ਕਿਹਾ ਕਿ ਘਰ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਵਾਲੇ ਅਸਲ ਹੀਰੋ ਅਕਸਰ ਅਣਗੌਲੇ ਰਹਿ ਜਾਂਦੇ ਹਨ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ “ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ“ ਦੀ ਭਾਵਨਾ ਅਨੁਸਾਰ ਆਯੋਜਿਤ ਕੀਤਾ ਇਹ ਸਮਾਗਮ ਚਾਨਣ ਮੁਨਾਰੇ ਦਾ ਕੰਮ ਕਰੇਗਾ। ਜਿਨ੍ਹਾਂ ਨੂੰ “ਅਵਾਰਡ ਆਫ ਆਨਰ“ ਨਾਲ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿੱਚ ਆਰਕੀਟੈਕਟ ਨਵਨੀਤ ਗਰਗ, ਗਰਗ ਆਰਕੀਟੈਕਟ ਐਸੋਸੀਏਟਸ ਦੇ ਕੰਸਟਰਕਸਨ ਸਪੈਸਲਿਸਟ, ਜਗਸੀਰ ਸਿੰਘ ਖਾਲਸਾ(ਖਿਆਲੀਵਾਲਾ ਪਿੰਡ ਤੋਂ ਮਿਹਨਤ, ਨਿਮਰਤਾ ਅਤੇ ਇਮਾਨਦਾਰੀ ਦੇ ਸੁਮੇਲ ਵਾਲਾ ਰਾਜ ਮਿਸਤਰੀ ), ਲੱਕੜ ਦੇ ਕੰਮ ਕਰਨ ਦੇ ਮਾਹਿਰ ਗੁਰਪ੍ਰੀਤ ਸਿੰਘ ਗੋਪੀ, ( ਬਠਿੰਡਾ) ਅਮਰਨਾਥ ਪਟੇਲ (ਟਾਇਲ ਅਤੇ ਮਾਰਬਲ ਫਿਟਿੰਗ), ਰਜਿੰਦਰ ਮਿਸਰਾ (ਬੈਸਟ ਪਲੰਬਰ) ਅਸੋਕ ਕੁਮਾਰ ਅਤੇ ਜੱਗੀ (ਇਲੈਕਟਰੀਸੀਅਨ), ਲਾਲ ਬਾਬੂ (ਡਾਊਨ ਸੀਲਿੰਗ ਅਤੇ ਪੀ.ਓ.ਪੀ.) ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਸੁਚੱਜੇ ਹੁਨਰ, ਸਖਤ ਮਿਹਨਤ, ਬਹੁ-ਕਾਰਜ ਕਰਨ ਦੀ ਯੋਗਤਾ ਅਤੇ ਲਗਨ ਲਈ ਸਨਮਾਨਿਤ ਕੀਤਾ ਗਿਆ।
ਸਾਬਕਾ ਕੇਂਦਰੀ ਮੰਤਰੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਅਮਰਜੀਤ ਕੌਰ ਸਿੱਧੂ ਅਤੇ ਉਸਦੇ ਪਰਿਵਾਰ ਨੇ ਇੱਕ ਨਵਾਂ ਰੁਝਾਨ ਸੁਰੂ ਕੀਤਾ ਹੈ ਤਾਂ ਜੋ ਅਸੀਂ ਮਜਦੂਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਭੁਗਤਾਨ ਹੀ ਨਾ ਕਰੀਏ, ਸਗੋਂ ਉਨ੍ਹਾਂ ਨੂੰ ਸਤਿਕਾਰ ਦੇਣ ਦੀ ਕੀਮਤ ਨੂੰ ਵੀ ਸਮਝੀਏ। ਉਹਨਾਂ ਕਿਹਾ ਕਿ ਅਕਸਰ ਲੋਕ ਉਨ੍ਹਾਂ ਮਿਹਨਤਕਸ਼ਾਂ ਨੂੰ ਭੁੱਲ ਜਾਂਦੇ ਹਨ ਜੋ ਉਹਨਾਂ ਦੇ ਸੁਪਨਿਆਂ ਦਾ ਘਰ ਬਣਾਉਣ ਨੂੰ ਸਾਕਾਰ ਕਰਦੇ ਹਨ।
ਇਸ ਮੌਕੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਅਸਲ ਨਾਇਕਾਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਮਿਹਨਤ ‘ਤੇ ਮਾਣ ਮਹਿਸੂਸ ਕਰਾਉਣ ਅਤੇ ਉਹਨਾਂ ਦੇ ਜਜਬੇ ਨੂੰ ਉਤਸਾਹਿਤ ਕਰਨ ਲਈ ਇਹ ਇੱਕ ਆਪਣੀ ਕਿਸਮ ਦਾ ਨਿਵੇਕਲਾ ਸਮਾਗਮ ਸੀ। ਇਸ ਸਨਮਾਨ ਤੋਂ ਬਾਅਦ ਇਹ ਵਰਕਰ ਹੋਰ ਵੀ ਸਮਰਪਿਤ ਭਾਵਨਾ ਨਾਲ ਕੰਮ ਕਰਨਗੇ । ਉਹਨਾਂ ਕਿਹਾ ਕਿ ਖਾਸ ਤੌਰ ‘ਤੇ ਅਜੋਕੇ ਸਮੇਂ ਜਦੋਂ ਮਾਰਕੀਟ ਤਾਕਤਾਂ ਅਕਸਰ ਨਵੇਂ ਅਤੇ ਅਣਜਾਨ ਨਿਰਦੋਸ ਖਪਤਕਾਰਾਂ ਦਾ ਸੋਸਣ ਕਰਦੀਆਂ ਹਨ, ਤਾਂ ਇਮਾਨਦਾਰੀ ਨੂੰ ਉਤਸਾਹਿਤ ਕਰਨ ਵਾਲੀ ਇਹ ਪਹਿਲਕਦਮੀ ਸ਼ਲਾਘਾਯੋਗ ਉਪਰਾਲਾ ਹੈ ।
ਲੰਬੀ ਤੋਂ ਵਿਧਾਇਕ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਜਿਹੜੇ ਲੋਕ ਤੁਹਾਡਾ ਘਰ ਬਣਾਉਂਦੇ ਹਨ, ਉਨ੍ਹਾਂ ਨੂੰ ਤੁਹਾਡੇ ਘਰ ਨੂੰ ਅਸੀਸ ਦੇਣੀ ਚਾਹੀਦੀ ਹੈ। ਉਹ ਤੁਹਾਡੇ ਘਰ ਨੂੰ ਅਸੀਸ ਦੇਣਗੇ, ਜਦੋਂ ਤੁਸੀਂ ਉਨ੍ਹਾਂ ਦੀ ਕਿਰਤ ਅਤੇ ਮਿਹਨਤ ਦਾ ਆਦਰ ਕਰੋਗੇ। ਅਸੀਂ ਸਾਰੇ ਇਸ ਪਹਿਲਕਦਮੀ ਤੋਂ ਪ੍ਰੇਰਨਾ ਲੈ ਸਕਦੇ ਹਾਂ ਕਿ ਕਿਵੇਂ ਵਰਕਰਾਂ ਦਾ ਸਤਿਕਾਰ ਕਰਨਾ ਹੈ ਅਤੇ ਚੰਗੇ ਅਤੇ ਖੁਸਹਾਲ ਜੀਵਨ ਲਈ ਉਨ੍ਹਾਂ ਦਾ ਆਸੀਰਵਾਦ ਲੈਣਾ ਹੈ । ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹ ਸਾਰੇ ਲੋਕ ਜੋ ਇਸ ਸਮਾਗਮ ਵਿੱਚ ਸਾਮਲ ਹੋਣ ਲਈ ਆਏ ਹਨ, ਪ੍ਰੇਰਣਾ ਲੈਣਗੇ ਅਤੇ ਸੰਦੇਸ ਨੂੰ ਹੋਰ ਫੈਲਾਉਣਗੇ ਤਾਂ ਜੋ ਅਸੀਂ ਹਾਊਸ ਵਾਰਮਿੰਗ ਪਾਰਟੀਆਂ ਦੇ ਰੂਪ ਵਿੱਚ ਇੱਕ ਨਵਾਂ ਰੁਝਾਨ ਪੈਦਾ ਕਰ ਸਕੀਏ।
ਪੰਜਾਬ ਦੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ. ਵੇਣੂ ਪ੍ਰਸਾਦ ਅਤੇ ਸੀਨੀਅਰ ਆਈ.ਏ.ਐਸ. ਅਧਿਕਾਰੀ, ਐੱਮ.ਆਰ.ਐੱਸ.ਪੀ.ਟੀ.ਯੂ., ਵਾਈਸ ਚਾਂਸਲਰ, ਪ੍ਰੋ: ਬੂਟਾ ਸਿੰਘ ਸਿੱਧੂ (ਜੋ ਇਸ ਸਮੇਂ ਕੈਨੇਡਾ ਦੌਰੇ ਤੇ ਹਨ) ਅਤੇ ਉੱਘੇ ਸਿੱਖਿਆ ਸਾਸਤਰੀ, ਸਿਵਲ, ਪੁਲਿਸ, ਨਿਆਂਇਕ ਅਧਿਕਾਰੀ, ਮੀਡੀਆ-ਹਸਤੀਆਂ, ਸਿਆਸਤਦਾਨਾਂ ਅਤੇ ਕਲਾਕਾਰਾਂ ਨੇ ਆਨਲਾਈਨ ਸਮਾਰੋਹ ਵਿੱਚ ਸਾਮਲ ਹੋ ਕੇ ਇਸ ਨਵੀਂ ਪਹਿਲਕਦਮੀ ਲਈ ਆਪਣੀਆਂ ਸੁਭਕਾਮਨਾਵਾਂ ਭੇਜੀਆਂ। ਹਾਜ਼ਿਰ ਪਤਵੰਤਿਆਂ ਅਤੇ ਨਿਰਮਾਣ ਕਾਰਜ ਬਲ ਨੇ ਇਸ ਪਹਿਲਕਦਮੀ ਦੀ ਸਲਾਘਾ ਕੀਤੀ ਅਤੇ ਆਪਣੇ ਦਿਨ ਨੂੰ ਵਿਸੇਸ ਬਣਾਉਣ ਲਈ ਧੰਨਵਾਦ ਦਾ ਪ੍ਰਗਟਾਵਾ ਕੀਤਾ।

ਗੁਰੁ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਦੋ ਰੋਜਾ ਸੇਫਟੀ ਟ੍ਰੇਨਿੰਗ ਪ੍ਰੋਗਰਾਮ ਦਾ ਅਜੋਯਨ

0

ਸੁਖਜਿੰਦਰ ਮਾਨ
ਬਠਿੰਡਾ, 9 ਜੂਨ: ਗੁਰੁ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਡਿਪਟੀ ਡਾਇਰੈਕਟਰ ਆਫ ਫੈਕਟਰੀਜ ਬਠਿੰਡਾ ਵੱਲੋ ਦੋ ਰੋਜਾ ਸੇਫਟੀ ਟ੍ਰੇਨਿੰਗ ਪ੍ਰੋਗਰਾਮ ਦਾ ਅਜੋਯਨ ਕੀਤਾ ਗਿਆ ਜਿਸ ਦਾ ਉਦਘਾਟਨ ਡਾ: ਸੌਕਤ ਅਹਿਮਦ ਪਰੇ ਡਿਪਟੀ ਕਮਿਸਨਰ ਬਠਿੰਡਾ ਵੱਲੋ ਕੀਤਾ ਗਿਆ। ਸ੍ਰੀ ਅਨਿੱਲ ਸਰਮਾਂ ,ਸੇਫਟੀ ਅਫਸਰ ,ਐਨ.ਐਲ.ਐਫ.,ਸ੍ਰੀ ਦਵਿੰਦਰਪਾਲ ਸਿੰਘ ,ਸੇਫਟੀ ਅਫਸਰ ,ਅਲਟ੍ਰਾਟੈਕ ਸੀਮਿੰਟ ਫੈਕਟਰੀ, ਸ੍ਰੀ ਸੌਰਵ ਰਾਵਤ, ਸੇਫਟੀ ਅਫਸਰ, ਤਲਵੰਡੀ ਸਾਬੋ ਪਾਵਰ ਪਲਾਂਟ,ਸ੍ਰੀ ਨਰਿੰਦਰ ਬੱਸੀ, ਸਿਵਲ ਡਫੈਂਸ,ਡਾ: ਪਰਵੀਨ ਮੋਦਗਿੱਲ ,ਸੀ.ਐਮ.ੳ. ਅਤੇ ਸ੍ਰੀ ਪਰਾਭਾਸ ਕੰਬੋਜ ,ਸੇਫਟੀ ਅਫਸਰ ,ਗੁਰੁ ਗੋਬਿੰਦ ਸਿੰਘ ਰਿਫਾਨਰੀ ਵੱਲੋ ਥਰਮਲ ਕਾਂਮਿਆਂ ਨੂੰ ਸੇਫਟੀ ਅਤੇ ਸਿਹਤ ਸਬੰਧੀ ਟ੍ਰੇਨਿੰਗ ਦਿੱਤੀ ਗਈ।ਆਖਰੀ ਦਿਨ ਸ੍ਰੀ ਵਿਸ਼ਾਲ ਸਿੰਗਲਾ , ਡਿਪਟੀ ਡਾਇਰੈਕਟਰ ਆਫ ਫੈਕਟਰੀਜ ਬਠਿੰਡਾ ਅਤੇ ਇੰਜੀ: ਮਦਨ ਸਿੰਘ ਧੀਮਾਨ ਮੁੱਖ ਇੰਜੀਨੀਅਰ ਥਰਮਲ ਪਲਾਂਟ ਵੱਲੋ ਸਿੱਖਿਆਰਤੀ ਕਾਂਮਿਆਂ ਨੂੰ ਸਰਟੀਫਿਕੇਟ ਦਿੱਤੇ ਗਏ।ਇਸ ਸਮੇ ਥਰਮਲ ਮੈਨੇਜਮੈਂਟ ਦੇ ਅਧਿਕਾਰੀ ਇੰਜੀ: ਇੰਦਰਜੀਤ ਸਿੰਘ ਸੰਧੂ.ਇੰਜੀ:ਐਮ.ਆਰ ਬਾਸਲ.ਇੰਜੀ: ਰਜੇਸ ਕੁਮਾਰ ਜੈਨ ਸੇਫਟੀ ਅਫਸਰ ਅਤੇ ਸ੍ਰੀ ਸੁਖਵੀਰ ਸਿੰਘ ਸਿੱਧੂ ਭਲਾਈ ਅਫਸਰ ਵੀ ਹਾਜਰ ਸਨ।

ਕੇਂਦਰ ਫਸਲਾਂ ਦੀ ਐੱਮ.ਐੱਸ.ਪੀ ’ਚ ਸੁਆਮੀਨਾਥਨ ਦੀ (ਸੀ.ਟੂ ) ਰਿਪੋਰਟ ਲਾਗੂ ਕਰੇ -ਰਾਮਕਰਨ ਰਾਮਾ

0

ਸੁਖਜਿੰਦਰ ਮਾਨ
ਬਠਿੰਡਾ, 9 ਜੂਨ: ਕੇਂਦਰ ਸਰਕਾਰ ਨੇ ਸਾਲ 2022-23 ਤੱਕ ਝੋਨੇ ਦੇ ਭਾਅ ’ਚ 100 ਰੁਪਏ ਪ੍ਰਤੀ ਕੁਇੰਟਲ ਅਤੇ ਹੋਰ ਖਰੀਫ ਫਸਲਾਂ ਦੀ ਐੱਮ.ਐੱਸ.ਪੀ ਵਿਚ ਮਾਮੂਲੀ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਕੇਂਦਰ ਸਰਕਾਰ ਦੀ ਸਖਤ ਨਿੰਦਿਆ ਕਰਦਿਆਂ ਇਸ ਨੂੰ ਮੁੱਢੋਂ ਰੱਦ ਕਰਦੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਮੁੱਖ ਸਕੱਤਰ ਜਰਨਲ ਰਾਮਕਰਨ ਸਿੰਘ ਰਾਮਾਂ ਨੇ ਅੱਜ ਗੱਲਬਾਤ ਦੌਰਾਨ ਕੀਤਾ। ਰਾਮਕਰਨ ਰਾਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਭਾਅ ਲਾਗਤ ਖਰਚਿਆਂ ਮੁਤਾਬੁਕ ਨਹੀ ਦਿੱਤਾ, ਸਗੋਂ ਹਰ ਸਾਲ ਸਿਰਫ ਸਿਆਸੀ ਭਾਅ ਦੇ ਕੇ ਕਿਸਾਨਾਂ ਨੂੰ ਕਰਜ਼ੇ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਾਦਾਂ, ਬੀਜ਼ਾਂ, ਮਜ਼ਦੂਰੀ,ਕੀਟਨਾਸ਼ਕ ਦਵਾਈਆਂ, ਡੀਜ਼ਲ ਆਦਿ ਦੀਆਂ ਕੀਮਤਾਂ ਆਏ ਦਿਨ ਵਧ ਰਹੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਫਸਲਾਂ ‘ਤੇ ਹਰ ਸਾਲ ਜਿਆਦਾ ਪੈਸੇ ਖਰਚਨੇ ਪੈਂਦੇ ਹਨ, ਪਰ ਕੇਂਦਰ ਸਰਕਾਰ ਹਰ ਵਾਰ ਫਸਲਾਂ ਦੇ ਨਿਗੂਣੇ ਭਾਅ ਤੈਅ ਕਰ ਦਿੰਦੀ ਹੈ,ਜਿਸ ਨਾਲ ਕਿਸਾਨਾਂ ’ਤੇ ਭਾਰੀ ਆਰਥਿਕ ਬੋਝ ਵੱਧ ਰਿਹਾ ਹੈ ਅਤੇ ਕਿਸਾਨ ਦਿਨੋਂ ਦਿਨ ਕਰਜ਼ਾਈ ਹੁੰਦਾ ਹੋਇਆ ਖੁਦਕੁਸ਼ੀਆਂ ਕਰ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਡਾ. ਰਮੇਸ਼ ਚੰਦ ਦੀ ਅਗਵਾਈ ‘ਚ ਸਮਰਥਨ ਮੁੱਲ ਸੰਬੰਧੀ ਪ੍ਰਣਾਲੀ ਬਾਰੇ ਜਾਂਚ ਕਮੇਟੀ ਦੀ ਰਿਪੋਰਟ ਲਾਗੂ ਕਰਕੇ ਫਸਲਾਂ ਦੇ ਭਾਅ ਡਾਕਟਰ ਸੁਆਮੀਨਾਥਨ ਦੀ ( ਸੀ.ਟੂ ) ਰਿਪੋਰਟ ਮੁਤਾਬਕ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਡਾਕਟਰ ਸੁਆਮੀਨਾਥਨ ਦੀ ਸੀ-2 ਰਿਪੋਰਟ ਮੁਤਾਬਕ 50 ਫੀਸਦੀ ਮੁਨਾਫੇ ਅਨੁਸਾਰ ਤੈਅ ਨਹੀ ਕਰਦੀ, ਉਨ੍ਹਾਂ ਚਿਰ ਕਿਸਾਨਾਂ ਦਾ ਕੇਂਦਰ ਸਰਕਾਰ ਖਿਲਾਫ ਸੰਘਰਸ਼ ਜਾਰੀ ਰਹੇਗਾ।

ਹਰਮਨ ਪਿਆਰੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ

0

ਕੈਂਪ ਦੌਰਾਨ 1000 ਨੌਜਵਾਨਾਂ ਨੇ ਕੀਤਾ ਖੂਨਦਾਨ
ਪੰਜਾਬੀ ਖ਼ਬਰਸਾਰ ਬਿਊਰੋ
ਮਾਨਸਾ, 9 ਜੂਨ: ਵਿਸ਼ਵ ਪ੍ਰਸਿੱਧ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਮ ਅਰਦਾਸ ਮੌਕੇ ਨੇਕੀ ਫਾਊਂਡੇਸ਼ਨ ਬੁਢਲਾਡਾ ਅਤੇ ਯੁਵਕ ਸੇਵਾਵਾਂ ਕਲੱਬ ਸਮਰਾਲਾ ਦੇ ਸਹਿਯੋਗ ਨਾਲ ਜ਼ਿਲ੍ਹੇ ਦੀਆਂ ਸਮੂਹ ਸੰਸਥਾਵਾਂ, ਕਲੱਬਾਂ,ਯੁਵਕ ਸੇਵਾਵਾਂ ਵਿਭਾਗ,ਐੱਨਐੱਸਐੱਸ ਯੂਨਿਟ, ਰੈੱਡ ਰਿਬਨ ਕਲੱਬ, ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ,ਸਮੂਹ ਗ੍ਰਾਮ ਪੰਚਾਇਤ ਪਿੰਡ ਮੂਸਾ ਅਤੇ ਪਿੰਡ ਵਾਸੀਆਂ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਅਨਾਜ ਮੰਡੀ ਮਾਨਸਾ ਵਿਖੇ ਲਗਾਇਆ ਗਿਆ, ਜਿਸ ਵਿਚ ਸਿਵਲ ਹਸਪਤਾਲ ਮਾਨਸਾ, ਬਠਿੰਡਾ ਅਤੇ ਲੁਧਿਆਣਾ ਦੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਖੂਨਦਾਨ ਕੈਂਪ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ।ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਬੀਰ ਸਿੰਘ ਮਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਕੈਂਪ ਦੌਰਾਨ 1000 ਇਸ ਤੋਂ ਵੱਧ ਨੌਜਵਾਨਾਂ ਵੱਲੋਂ ਖ਼ੂਨਦਾਨ ਕੀਤਾ ਗਿਆ,ਜਿਨ੍ਹਾਂ ਨੂੰ ਮੌਕੇ ਤੇ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ ।ਉਨ੍ਹਾਂ ਸਮੂਹ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਇਕ-ਇਕ ਦਰੱਖਤ ਜ਼ਰੂਰ ਲਗਾਉਣ ਕਿਉਂਕਿ ਇਹ ਅਪੀਲ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਕੀਤੀ ਗਈ ਹੈ।ਇਸ ਮੌਕੇ ਵਲੰਟੀਅਰ ਸਤਨਾਮ ਸਿੰਘ ਖੀਵਾ, ਨਿਰਮਲ ਸਿੰਘ ਮੌਜੀਆ, ਡਿੰਪਾ ਫਰਵਾਹੀ, ਜੱਗਾ ਚੱਕ ਅਲੀਸ਼ੇਰ, ਕੁਲਦੀਪ ਖੀਵਾ, ਗੁਰਜਿੰਦਰ ਖੀਵਾ,ਸੁਖਚੈਨ ਸਿੰਘ ਰੰਘੜਿਆਲ ਨੇਕੀ ਫਾਊਂਡੇਸ਼ਨ ਵੱਲੋਂ,ਸਮਨ ਖੀਵਾ,ਨਵਦੀਪ ਖੀਵਾ, ਰੁਪਿੰਦਰ ਖੀਵਾ,ਅਰਸ਼ਦੀਪ ਸਿੰਘ ਖੀਵਾ ,ਕਰਨ ਭੀਖੀ,ਕਮਲ ਸਮਾਉੰ ਅਤੇ ਯੁਵਕ ਸੇਵਾਵਾਂ ਕਲੱਬ ਸਮਰਾਲਾ ਦੇ ਵਲੰਟੀਅਰ ਵੀ ਮੌਜੂਦ ਸਨ।

ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਦੁਆਰਾ ਵਿਸ਼ਵ ਵਾਤਾਵਰਣ ਦਿਵਸ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 9 ਜੂਨ: ਇੰਸਟੀਚਿਊਸ਼ਨ ਆਫ ਇੰਜਨੀਅਰਜ ਬਠਿੰਡਾ ਲੋਕਲ ਸੈਂਟਰ ਦੁਆਰਾ ਵਿਸ਼ਵ ਵਾਤਾਵਰਨ ਦਿਵਸ ਵਿਸ਼ਾ “ਸਿਰਫ ਇਕ ਧਰਤੀ“ ਤੇ ਲੈਕਚਰ ਦਾ ਆਯੋਜਨ ਕਰਵਾ ਕੇ ਮਨਾਇਆ ਗਿਆ। ਇਸ ਮੌਕੇ ਬਠਿੰਡਾ ਲੋਕਲ ਸੈਂਟਰ ਦੇ ਚੇਅਰਮੈਨ ਡਾ.ਜਗਤਾਰ ਸਿੰਘ ਸਿਵੀਆਂ ਦੁਆਰਾ ਭਾਗ ਲੈਣ ਵਾਲੇ ਮਹਿਮਾਨਾਂ ,ਬੁਲਾਰਿਆਂ ,ਕੌਂਸਲ ਮੈਂਬਰ ਅਤੇ ਸਾਰੇ ਹੀ ਭਾਗੀਦਾਰਾਂ ਦਾ ਸੁਆਗਤ ਕੀਤਾ ਗਿਆ ਅਤੇ ਵਾਤਾਵਰਨ ਦਿਵਸ ਮਨਾਉਣ ਦੀ ਮਹੱਤਤਾ ਬਾਰੇ ਦੱਸਿਆ ਉਨ੍ਹਾਂ ਦੱਸਿਆ ਕਿ ਵਾਤਾਵਰਣ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਪਹਿਲੀ ਜ਼ਰੂਰਤ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਉੱਦਮ ਕਰਨਾ ਚਾਹੀਦਾ ਹੈ ਇਸ ਸਮਾਗਮ ਦੇ ਮੁੱਖ ਬੁਲਾਰੇ ਡਾ.ਹਰਜਿੰਦਰ ਸਿੰਘ ਰੋਜ਼ ਸਾਬਕਾ ਪ੍ਰੋ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਸਨ। ਜਿਨ੍ਹਾਂ ਦੁਆਰਾ ਇਸ ਵਿਸ਼ੇ ਤੇ ਵਿਸ਼ੇਸ਼ ਚਰਚਾ ਕੀਤੀ ਗਈ ਇਸ ਮੌਕੇ ਉਨ੍ਹਾਂ ਦੱਸਿਆ ਕਿ ਮਨੁੱਖ ਦੁਆਰਾ ਕੁਦਰਤ ਨਾਲ ਛੇੜਛਾੜ ਅਤੇ ਅੰਨ੍ਹੇਵਾਹ ਦਰੱਖਤਾਂ ਦਾ ਕੱਟਣਾ ਧਰਤੀ ਨੂੰ ਵੀ ਦੂਸਰੇ ਗ੍ਰਹਿ ਦੀ ਤਰ੍ਹਾਂ ਬੰਜਰ ਬਣਾਉਣ ਵੱਲ ਇਕ ਕਦਮ ਹੈ। ਇਸ ਤਰ੍ਹਾਂ ਦਰੱਖਤਾਂ ਦੇ ਕੱਟਣ ਨਾਲ ਲਗਪਗ ਹਰ ਦਿਨ ਪੌਦੇ ,ਜਾਨਵਰ ਅਤੇ ਪੰਛੀਆਂ ਦੀ 137 ਕਿਸਮਾਂ ਅਲੋਪ ਹੋ ਰਹੀਆਂ ਹਨ ਅਤੇ ਸਾਲ ਵਿੱਚ ਲਗਪਗ 50000 ਜੋ ਕਿ ਚਿੰਤਾ ਦਾ ਵਿਸ਼ਾ ਹੈ ।ਉਨ੍ਹਾਂ ਪਿਛਲੇ 100 ਸਾਲ ਤੋਂ ਵਾਤਾਵਰਨ ਦੇ ਕੁਝ ਵਿਗੜ ਰਹੇ ਤੱਥਾਂ ਬਾਰੇ ਵੀ ਚਾਨਣਾ ਪਾਇਆ ਅਤੇ ਵਾਤਾਵਰਣ ਨੂੰ ਬਚਾਉਣ ਬਾਰੇ ਅਪੀਲ ਕੀਤੀ ।ਇਸ ਸਮਾਗਮ ਵਿਚ ਡਾ. ਤਾਰਾ ਸਿੰਘ ਕਮਲ ਸਾਬਕਾ ਵਾਈਸ ਪ੍ਰੈਜ਼ੀਡੈਂਟ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ । ਉਨ੍ਹਾਂ ਇਸ ਮੌਕੇ ਗੁਰਬਾਣੀ ਦੀਆਂ ਸਤਰਾਂ ਨਾਲ ਮਨੁੱਖੀ ਜੀਵਨ ਵਿਚ ਪਵਣ ,ਪਾਣੀ ,ਧਰਤ ਦੀ ਮਹੱਤਤਾ ਦੱਸੀ। ਉਨ੍ਹਾਂ ਦੱਸਿਆ ਕਿ ਧਰਤੀ ਸਾਡਾ ਪਹਿਲਾ ਘਰ ਹੈ ,ਜਿਸ ਸੰਬੰਧੀ ਅਸੀਂ ਇਸ ਵਾਤਾਵਰਨ ਦਿਵਸ ਮੌਕੇ ਸਾਰੇ ਰਲ ਕੇ ਇਸ ਨੂੰ ਸਾਫ ਸੁਥਰਾ ਅਤੇ ਹਰਾ ਭਰਾ ਬਣਾਉਣ ਦਾ ਪ੍ਰਣ ਲਵਾਂਗੇ ।ਇਸ ਸਮਾਗਮ ਵਿੱਚ ਡਾ. ਲਾਭ ਸਿੰਘ ਸਾਬਕਾ ਸਲਾਹਕਾਰ ਡੀ.ਓ.ਟੀ ,ਭਾਰਤ ਸਰਕਾਰ ,ਵੱਲੋਂ ਵਿਸੇਸ ਮਹਿਮਾਨ ਵਜੋਂ ਹਿੱਸਾ ਲਿਆ ਗਿਆ। ਉਨ੍ਹਾਂ ਇਸ ਸਮਾਗਮ ਦੌਰਾਨ ਸਾਰਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਵਾਤਾਵਰਨ ਅਤੇ ਟਿਕਾਊ ਵਿਕਾਸ ਦੇ ਮੁੱਖ ਟੀਚਿਆਂ ਉੱਪਰ ਵਿਸਥਾਰ ਨਾਲ ਚਾਨਣਾ ਪਾਇਆ ।ਸਾਰੇ ਸਮਾਗਮ ਦਾ ਸੰਚਾਲਨ ਡਾ. ਮਨਪ੍ਰੀਤ ਕੌਰ ਅਸਿਸਟੈਂਟ ਪ੍ਰੋਫੈਸਰ ਯਾਦਵਿੰਦਰਾ ਕਾਲਜ ਆਫ ਇੰਜਨੀਅਰਿੰਗ ਤਲਵੰਡੀ ਸਾਬੋ ਦੁਆਰਾ ਕੀਤਾ ਗਿਆ । ਅੰਤ ਵਿੱਚ ਇੰਜਨੀਅਰ ਜੇ. ਐਸ. ਦਿਓਲ ਆਨਰੇਰੀ ਸਕੱਤਰ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੁਆਰਾ ਧੰਨਵਾਦੀ ਸ਼ਬਦ ਕਹਿੰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਇਸ ਸਮਾਗਮ ਵਿਚ ਲਗਭਗ 53 ਪ੍ਰਤੀਭਾਗੀਆਂ ਨੇ ਹਿੱਸਾ ਲਿਆ ।

ਕਿਰਤੀ ਕਿਸਾਨ ਯੂਨੀਅਨ ਨੇ ਕੇਂਦਰ ਵਲੋਂ ਫ਼ਸਲਾਂ ਦੇ ਭਾਅ ’ਚ ਕੀਤੇ ਵਾਧੇ ਨੂੰ ਰੱਦ ਕੀਤਾ

0

ਸੁਖਜਿੰਦਰ ਮਾਨ
ਬਠਿੰਡਾ, 9 ਜੂਨ: ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਹਨੀ ਭੁੱਚੋ ਖੁਰਦ ਅਤੇ ਜ਼ਿਲਾ ਸਕੱਤਰ ਸਵਰਨ ਸਿੰਘ ਪੂਹਲੀ ਨੇ ਇੱਥੇ ਜਾਰੀ ਇੱਕ ਬਿਆਨ ਰਾਹੀਂ ਕੇਂਦਰ ਸਰਕਾਰ ਵੱਲੋਂ ਸਾਉਣੀ ਦੀਆਂ 14 ਫਸਲਾਂ ਦੀ ਕੀਮਤ ਵਿੱਚ ਕੀਤਾ ਵਾਧਾ ਕੀਤਾ ਗਿਆ ਹੈ ਕਿਰਤੀ ਕਿਸਾਨ ਯੂਨੀਅਨ ਦੇ ਦੋਨੇਂ ਆਗੂਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਸਾਉਣੀ ਦੀਆਂ ਫਸਲਾਂ ਕੀਮਤਾਂ ਵਿਚ ਕੀਤੇ ਵਾਧੇ ਨਿਗੂਣਾ ਦੱਸਦਿਆ ਇਸਨੂੰ ਰੱਦ ਕਰ ਦਿੱਤਾ। ਉਨਾਂ ਕਿਹਾ ਕਿ ਹਰ ਦਿਨ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਖਾਦ ਕੀੜੇਮਾਰ ਦਵਾਈਆਂ ਲਗਾਤਾਰ ਮਹਿੰਗੀਆਂ ਹੋ ਰਹੀਆਂ ਹਨ। ਜਿਸਦੇ ਚੱਲਦੇ ਵੱਧ ਰਹੀਆਂ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਸਾਉਣੀ ਦੀਆਂ ਫਸਲਾਂ ਦੇ ਸਮਰਥਨ ਮੁੱਲ ਵਿੱਚ ਝੋਨੇ ਦੀ ਫਸਲ ਵਿੱਚ 500 ਸੌ ਰੁਪਿਆ ਪ੍ਰਤੀ ਦੇ ਹਿਸਾਬ ਨਾਲ ਵਾਧਾ ਕਰਨਾ ਚਾਹੀਦਾ ਸੀ ਮੱਕੀ ਦੀ ਫਸਲ ਤੇ ਸੱਤ ਸੌ ਰੁਪਏ ਪ੍ਰਤੀ ਕੁਇੰਟਲ ਵਾਧਾ ਚਾਹੀਦਾ ਸੀ ਇਸੇ ਤਰ੍ਹਾਂ ਬਾਕੀ ਫ਼ਸਲਾਂ ਤੇ ਵੀ ਕਿਸਾਨਾਂ ਦੇ ਖੇਤੀ ਖਰਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਲੋੜ ਮੁਤਾਬਕ ਵਾਧਾ ਚਾਹੀਦਾ ਸੀ । ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਜਥੇਬੰਦ ਹੋ ਕੇ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਸੰਘਰਸ਼ ਦੇ ਮੈਦਾਨ ਚ ਨਿੱਤਰਣ।

ਰੋਪੜ ਰੇਂਜ ਪੁਲਿਸ ਨੇ ਮੁਹਾਲੀ ਦੀਆਂ ਤਿੰਨ ਕਲੌਨੀਆਂ ਵਿੱਚ ਵਿਸ਼ੇਸ਼ ਤਲਾਸੀ ਮੁਹਿੰਮ ਚਲਾਈ

ਮੋਹਾਲੀ, ਫ਼ਤਿਹਗੜ੍ਹ ਸਾਹਿਬ ਅਤੇ ਰੂਪਨਗਰ ਪੁਲਿਸ ਨੇ ਸਾਂਝੇ ਤੌਰ ‘ਤੇ ਕੀਤੀ ਘੇਰਾਬੰਦੀ
ਪੁਲਿਸ ਟੀਮਾਂ ਨੇ 18 ਗ੍ਰਾਮ ਅਫੀਮ, 7 ਹਥਿਆਰ ਅਤੇ 21 ਲੱਖ ਰੁਪਏ ਦੀ ਨਕਦੀ ਬਰਾਮਦ ਕਰਨ ਸਮੇਤ 20 ਸ਼ੱਕੀ ਵਿਅਕਤੀਆਂ ਨੂੰ ਫੜਿਆ
ਸੁਖਜਿੰਦਰ ਮਾਨ
ਮੋਹਾਲੀ, 9 ਜੂਨ: ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸਾ ਨਿਰਦੇਸਾਂ ‘ਤੇ ਰੋਪੜ ਰੇਂਜ ਪੁਲਿਸ ਨੇ ਅੱਜ ਮੋਹਾਲੀ ਵਿੱਚ ਵਿਸੇਸ ਤਲਾਸੀ ਮੁਹਿੰਮ ਚਲਾਈ। ਇਸ ਮੁਹਿੰਮ ਦੀ ਅਗਵਾਈ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਡੀ.ਆਈ.ਜੀ.) ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤੀ ਅਤੇ ਇਸ ਨੂੰ ਤਿੰਨ ਜਿਲ੍ਹਿਆਂ ਦੇ ਪੁਲਿਸ ਬਲਾਂ ਵੱਲੋਂ ਸਾਂਝੇ ਤੌਰ ‘ਤੇ ਚਲਾਇਆ ਗਿਆ ਜਿਸ ਵਿੱਚ ਮੁਹਾਲੀ ਪੁਲਿਸ ਦੀ ਅਗਵਾਈ ਐਸ.ਐਸ.ਪੀ. ਵਿਵੇਕ ਸੀਲ ਸੋਨੀ, ਫ਼ਤਹਿਗੜ੍ਹ ਸਾਹਿਬ ਪੁਲਿਸ ਦੀ ਅਗਵਾਈ ਐਸ.ਐਸ.ਪੀ. ਰਵਜੋਤ ਗਰੇਵਾਲ ਅਤੇ ਰੂਪਨਗਰ ਪੁਲਿਸ ਦੀ ਅਗਵਾਈ ਐਸ.ਐਸ.ਪੀ. ਸੰਦੀਪ ਗਰਗ ਵੱਲੋਂ ਕੀਤੀ ਗਈ।
ਪੁਲੀਸ ਟੀਮਾਂ ਨੇ ਮੁਹਾਲੀ ਦੀਆਂ ਤਿੰਨ ਸੁਸਾਇਟੀਆਂ ਮੁਹਾਲੀ ਈਡਨ ਕੋਰਟ, ਜਲ ਵਾਯੂ ਵਿਹਾਰ ਅਤੇ ਹੋਮਲੈਂਡ ਵਿੱਚ ਕਾਰਵਾਈ ਕਰਕੇ ਘੱਟੋ-ਘੱਟ 20 ਵਿਅਕਤੀਆਂ ਨੂੰ ਸੱਕ ਦੇ ਆਧਾਰ ’ਤੇ ਫੜਿਆ ਹੈ। ਪੁਲਿਸ ਨੇ ਸੱਕ ਦੇ ਆਧਾਰ ‘ਤੇ 10 ਵਾਹਨਾਂ ਨੂੰ ਵੀ ਜਬਤ ਕੀਤਾ ਹੈ ਅਤੇ 18 ਗ੍ਰਾਮ ਅਫੀਮ, 7 ਹਥਿਆਰ ਅਤੇ 21 ਲੱਖ ਰੁਪਏ ਦੀ ਨਕਦੀ (ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਗਿਆ) ਬਰਾਮਦ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਕੁਝ ਕਿਰਾਏਦਾਰ ਬਿਨਾਂ ਤਸਦੀਕ ਕੀਤੇ ਉਥੇ ਰਹਿ ਰਹੇ ਹਨ ਅਤੇ ਕਈਆਂ ਨੇ ਤਾਂ ਫਲੈਟਾਂ ਨੂੰ ਕਿਰਾਏ ‘ਤੇ ਲੈ ਕੇ ਅੱਗੇ ਕਿਰਾਏ ‘ਤੇ ਦਿੱਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਹਰੇਕ ਸੁਸਾਇਟੀ ਦੀ ਐਸ.ਐਸ.ਪੀ. ਦੀ ਅਗਵਾਈ ਹੇਠ ਘੇਰਾਬੰਦੀ ਕਰਕੇ ਤਲਾਸੀ ਮੁਹਿੰਮ ਚਲਾਈ ਗਈ, ਜਿਸ ਦੇ ਚੰਗੇ ਨਤੀਜੇ ਵੀ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਤਿੰਨ ਸੁਸਾਇਟੀਆਂ ਤੋਂ ਸੁਰੂ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਨੂੰ ਜਾਰੀ ਰੱਖਿਆ ਜਾਵੇਗਾ।ਡੀਆਈਜੀ ਨੇ ਕਿਹਾ ਕਿ ਰੈਜੀਡੈਂਟਸ ਵੈਲਫੇਅਰ ਸੁਸਾਇਟੀਜ਼ ਨੇ ਵੀ ਪੰਜਾਬ ਪੁਲਿਸ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਹੈ।ਦੱਸਣਯੋਗ ਹੈ ਕਿ ਪੁਲਿਸ ਟੀਮਾਂ ਵੱਲੋਂ ਬਰਾਮਦ ਕੀਤੇ ਗਏ ਹਥਿਆਰਾਂ ਅਤੇ ਨਕਦੀ ਬਾਰੇ ਹੋਰ ਜਾਂਚ ਕਰਨ ਲਈ ਸੱਕ ਦੇ ਆਧਾਰ ‘ਤੇ ਕਾਬੂ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Our Visitor

1902341