ਪੰਜਾਬੀ ਖ਼ਬਰਸਾਰ ਬਿਊਰੋ
ਮੋਹਾਲੀ, 10 ਜੂਨ: ਪਿਛਲੇ ਕਈ ਦਿਨਾਂ ਤੋਂ ਸੂਬੇ ’ਚ ਕਤਲ ਤੇ ਲੁੱਟਖੋਹ ਦੀਆਂ ਵਾਰਦਾਤਾਂ ਦੀ ਲੜੀ ਤਹਿਤ ਅੱਜ ਮੋਹਾਲੀ ਦੇ ਡੇਰਾਬਸੀ ਇਲਾਕੇ ‘ਚ ਦਿਨ-ਦਿਹਾੜੇ ਪਿਸਤੌਲ ਦੀ ਨੌਕ ’ਤੇ ਵਪਾਰੀ ਕੋਲੋਂ ਡੇਢ ਕਰੋੜ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਇੱਕ ਰੇਹੜੀ ਵਾਲਾ ਵੀ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਵਲੋਂ ਇਲਾਕੇ ’ਚ ਘੇਰਾ ਪਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਹਾਲੇ ਤੱਕ ਲੁਟੇਰਿਆਂ ਦਾ ਸੁਰਾਗ ਨਹੀਂ ਮਿਲਿਆ ਹੈ। ਉਜ ਪੁਲਿਸ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਕੁੱਝ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਲੁਟੇਰੇ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਸਨ। ਇਸ ਦੌਰਾਨ ਉਨ੍ਹਾਂ ਡੇਰਾਬਸੀ-ਬਰਵਾਲਾ ਚੌਕ ਨੇੜੇ ਸਥਿਤ ਐਸ.ਬੀ.ਆਈ ਬੈਂਕ ਕੋਲ ਸਥਿਤ ਇਕ ਪ੍ਰਾਪਰਟੀ ਡੀਲਰ ਦੇ ਦਫਤਰ ਅੱਗੇ ਗੋਲੀ ਚਲਾ ਕੇ ਵਪਾਰੀ ਤੋਂ ਡੇਢ ਕਰੋੜ ਰੁਪਏ ਲੁੱਟ ਲਏ। ਲੁਟੇਰਿਆਂ ਵਲੋਂ ਚਲਾਈ ਗੋਲੀ ਤੋਂ ਬੇਸ਼ੱਕ ਵਪਾਰੀ ਬਚ ਗਿਆ ਪ੍ਰੰਤੂ ਇਸ ਮੌਕੇ ਇੱਕ ਸਬਜੀ ਰੇਹੜੀ ਚਾਲਕ ਜਿਸਦਾ ਨਾਮ ਮੁਹੰਮਦ ਸਾਜਿਦ ਦਸਿਆ ਜਾ ਰਿਹਾ ਹੈ, ਜਖ਼ਮੀ ਹੋ ਗਿਆ। ਉਧਰ ਖੋਹ ਦਾ ਸ਼ਿਕਾਰ ਹੋਏ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਆਪਣੀ ਜੱਦੀ ਜਮੀਨ ਵੇਚੀ ਸੀ, ਜਿਸ ਦੇ ਬਦਲੇ ਇਹ ਪੈਸੇ ਉਸਨੇ ਲਏ ਸਨ।
ਡੇਰਾ ਬੱਸੀ ’ਚ ਦਿਨ-ਦਿਹਾੜੇ ਪਿਸਤੌਲ ਦੀ ਨੌਕ ’ਤੇ ਕਰੋੜਾਂ ਦੀ ਲੁੱਟ
ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸ਼ੂਟਰ ਹਰਕਮਲ ਰਾਣੂ ਪੁਲਿਸ ਹਿਰਾਸਤ ’ਚ!
ਸੁਖਜਿੰਦਰ ਮਾਨ
ਬਠਿੰਡਾ, 10 ਜੂਨ: ਪਿਛਲੇ ਮਹੀਨੇ ਦੀ 29 ਮਈ ਦੀ ਸ਼ਾਮ ਨੂੰ ਹੋਏ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਮਲੇ ’ਚ ਪੁਲਿਸ ਵਲੋਂ ਅੱਠ ਸ਼ਾਰਪ ਸ਼ੂਟਰਾਂ ਵਿਚੋਂ ਇੱਕ ਦਸਿਆ ਜਾ ਰਿਹਾ ਬਠਿੰਡਾ ਦਾ ਹਰਕਮਲ ਉਰਫ਼ ਰਾਣੂ ਨੂੰ ਅੱਜ ਪੁਲਿਸ ਵਲੋਂ ਹਿਰਾਸਤ ਵਿਚ ਲਏ ਜਾਣ ਦੀ ਚਰਚਾ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਸਬੰਧ ਵਿਚ ਕੋਈ ਸਪੱਸ਼ਟ ਨਹੀਂ ਕੀਤਾ ਪ੍ਰੰਤੂ ਪ੍ਰਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵਲੋਂ ਖ਼ੁਦ ਰਾਣੂ ਨੂੰ ਪੁਲਿਸ ਕੋਲ ਸੋਂਪਿਆ ਹੈ। ਗੌਰਤਲਬ ਹੈ ਕਿ ਬਠਿੰਡਾ ਦੇ ਪਰਸਰਾਮ ਨਗਰ ਦੇ ਰਹਿਣ ਵਾਲੇ ਹਰਕਮਲ ਰਾਣੂ ਦੇ ਦਾਦੇ ਗੁਰਚਰਨ ਸਿੰਘ ਚੌਹਾਨ ਨੇ ਪਿਛਲੇ ਦਿਨਾਂ ’ਚ ਪੱਤਰਕਾਰਾਂ ਲਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਪੋਤਰਾ ਨਸ਼ਾ ਆਦਿ ਜਰੂਰ ਕਰਦਾ ਰਿਹਾ ਹੈ ਪ੍ਰੰਤੂ ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਸ਼ਾਮਲ ਹੋਵੇਗਾ। ਉਨ੍ਹਾਂ ਪੁਲਿਸ ਨੂੰ ਨਿਰਪੱਖ ਹੋ ਕੇ ਜਾਂਚ ਪੜਤਾਲ ਕਰਨ ਦੀ ਵੀ ਅਪੀਲ ਕੀਤੀ ਸੀ। ਇੱਥੇ ਦਸਣਾ ਬਣਦਾ ਹੈ ਕਿ ਹੁਣ ਤੱਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਬਠਿੰਡਾ ਦੇ ਤਿੰਨ ਨੌਜਵਾਨਾਂ ਦਾ ਨਾਮ ਸਾਹਮਣੇ ਆ ਚੁੱਕਿਆ ਹੈੇ, ਜਿੰਨ੍ਹਾਂ ਵਿਚ ਪੁਲਿਸ ਵੱਲੋਂ ਜਾਰੀ ਕੀਤੀ ਗਈ 8 ਸ਼ਾਰਪ ਸ਼ੂਟਰਾਂ ਦੀ ਸੂਚੀ ਵਿਚ ਸ਼ਾਮਲ ਹਰਕਮਲ ਉਰਫ਼ ਰਾਣੂ ਤੋਂ ਇਲਾਵਾ ਸੰਦੀਪ ਕੇਕੜੇ ਦੇ ਨਾਲ ਮਿਲਕੇ ਰੈਕੀ ਕਰਨ ਵਾਲਾ ਕੇਸ਼ਵ ਅਤੇ ਉਸਦਾ ਸਾਥੀ ਚੇਤਨ ਦੇ ਨਾਮ ਸ਼ਾਮਲ ਹਨ। ਚਰਚਾ ਮੁਤਾਬਕ ਕੇਸ਼ਵ ਤੇ ਚੇਤਨ ਨੂੰ ਵੀ ਪੁਲਿਸ ਨੇ ਅਪਣੀ ਹਿਰਾਸਤ ਵਿਚ ਲਿਆ ਹੋਇਆ ਹੈ। ਚੇਤਨ ਦੇ ਘਰ ਨੂੰ ਜਿੰਦਰਾ ਲੱਗਿਆ ਹੋਇਆ ਹੈ ਜਦੋਂਕਿ ਕੇਸ਼ਵ ਦੀ ਭੈਣ ਨੂੰ ਪੁਲਿਸ ਦੋ ਵਾਰ ਪੁਛਗਿਛ ਲਈ ਲਿਜਾ ਚੁੱਕੀ ਹੈ। ਹਾਲਾਂਕਿ ਬਾਅਦ ਵਿਚ ਉਸਨੂੰ ਛੱਡ ਦਿੱਤਾ ਗਿਆ।
ਪੰਜਾਬ ਸਰਕਾਰ ਨੇ ਵਾਸਿੰਗਟਨ ਡੀਸੀ ਦੇ ਖੇਤਰੀ ਅੰਗਰੇਜੀ ਭਾਸਾ ਦਫਤਰ ਦੇ ਸਹਿਯੋਗ ਨਾਲ ਅੰਗਰੇਜੀ ਅਧਿਆਪਕਾਂ ਲਈ ਵਰਕਸਾਪ ਲਗਾਈ
ਜਲਦ ਹੀ ਅਧਿਆਪਕਾਂ ਨੂੰ ਗੈਰ-ਅਧਿਆਪਨ ਜਮੇਵਾਰੀਆਂ ਤੋਂ ਮੁਕਤ ਕੀਤਾ ਜਾਵੇਗਾ, ਸਿੱਖਿਆ ਮੰਤਰੀ ਨੇ ਦਿੱਤਾ ਭਰੋਸਾ
ਸੁਖਜਿੰਦਰ ਮਾਨ
ਲੁਧਿਆਣਾ, 10 ਜੂਨ:ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਕੀਤੀ ਵਚਨਬੱਧਤਾ ਤਹਿਤ ਵਾਸ?ਿੰਗਟਨ ਡੀ.ਸੀ. ਦੇ ਖੇਤਰੀ ਅੰਗਰੇਜੀ ਭਾਸਾ ਦਫਤਰ (ਰੇਲੋ) ਵੱਲੋਂ ਅੰਗਰੇਜੀ ਅਧਿਆਪਕਾਂ ਲਈ ਇੱਕ ਰੋਜਾ ਵਰਕਸਾਪ ਲਗਾਈ ਗਈ। ਇਹ ਵਰਕਸਾਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ।ਇਸ ਵਰਕਸਾਪ ਵਿੱਚ ਪੰਜਾਬ ਭਰ ਤੋਂ 320 ਅੰਗਰੇਜੀ, ਸਮਾਜਿਕ ਸਿੱਖਿਆ ਦੇ ਅਧਿਆਪਕਾਂ ਨੇ ਸਰਗਰਮੀ ਨਾਲ ਭਾਗ ਲਿਆ।
ਸਿਖਲਾਈ ਸੈਸਨ ਵਿੱਚ ਸਿੱਖਿਆ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ, ਡਾਇਰੈਕਟਰ ਐਜੂਕੇਸਨ ਜੀਐਨਸੀਟੀ ਦਿੱਲੀ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਸੈਲੇਂਦਰ ਸਰਮਾ, ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਓਐਸਡੀ ਡਾ. ਪ੍ਰਵੀਨ ਚੌਧਰੀ, ਡਾਇਰੈਕਟਰ ਐਸ.ਸੀ.ਈ.ਆਰ.ਟੀ. ਡਾ. ਮਨਿੰਦਰ ਸਰਕਾਰੀਆ, ਸਹਾਇਕ ਡਾਇਰੈਕਟਰ ਸ੍ਰੀ ਰਾਜੇਸ ਭਾਰਦਵਾਜ, ਸਹਾਇਕ ਡਾਇਰੈਕਟਰ ਸ੍ਰੀ ਗੁਰਜੀਤ ਸਿੰਘ, ਸਟੇਟ ਰਿਸੋਰਸ ਪਰਸਨ ਸ੍ਰੀ ਚੰਦਰ ਸੇਖਰ ਉਚੇਚੇ ਤੌਰ ‘ਤੇ ਸਾਮਲ ਹੋਏ।
ਖੇਤਰੀ ਅੰਗਰੇਜੀ ਭਾਸਾ ਦਫਤਰ, ਅਮਰੀਕਨ ਅੰਬੈਸੀ ਵਿਖੇ ਖੇਤਰੀ ਅੰਗਰੇਜੀ ਭਾਸਾ ਅਫਸਰ ਸ੍ਰੀਮਤੀ ਰੂਥ ਗੂਡੇ, ਖੇਤਰੀ ਅੰਗਰੇਜੀ ਭਾਸਾ ਦਫਤਰ ਅਮਰੀਕਨ ਅੰਬੈਸੀ ਵਿਖੇ ਖੇਤਰੀ ਅੰਗਰੇਜੀ ਭਾਸਾ ਮਾਹਿਰ ਸਵੇਤਾ ਖੰਨਾ, ਮੈਂਟਰ (ਸਲਾਹਕਾਰ) ਅਧਿਆਪਕ ਅਤੇ ਸਿੱਖਿਆ ਡਾਇਰੈਕਟੋਰੇਟ, ਜੀਐਨਸੀਟੀ ਦਿੱਲੀ ਵਿਖੇ ਅੰਗਰੇਜੀ ਭਾਸਾ ਅਧਿਆਪਕ ਮਨੂ ਗੁਲਾਟੀ ਨੇ ਇਸ ਵਰਕਸਾਪ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਇੱਕ ਪ੍ਰਭਾਵਸਾਲੀ ਅਤੇ ਮਿਆਰੀ ਗੱਲਬਾਤ ਸੈਸਨ ਦੱਸਿਆ।ਸ੍ਰੀਮਤੀ ਰੂਥ ਗੂਡੇ (ਰੇਲੋ) ਨੇ ਵਰਕਸਾਪ ਨੂੰ ਸੰਬੋਧਨ ਕਰਦਿਆਂ ਭਾਸਾਈ ਕਲਾਸਰੂਮਾਂ ਵਿੱਚ ਅੰਗਰੇਜੀ ਦੀ ਵਰਤੋਂ ਦੇ ਮਹੱਤਵ ‘ਤੇ ਧਿਆਨ ਕੇਂਦਰਿਤ ਕਰਕੇ ਅਧਿਆਪਕਾਂ ਨਾਲ ਆਪਣੇ ਜੀਵਨ ਦੇ ਪ੍ਰੇਰਣਾਦਾਇਕ ਤੇ ਆਲਮੀ ਅਨੁਭਵ ਸਾਂਝੇ ਕੀਤੇ।
ਸਿੱਖਿਆ ਮੰਤਰੀ ਮੀਤ ਹੇਅਰ ਨੇ ਅਧਿਆਪਕਾਂ ਨੂੰ ਉਨ੍ਹਾਂ ਦੇ ਸਬੰਧਤ ਸਕੂਲਾਂ ਵਿੱਚ ਪੇਸ ਆ ਰਹੀਆਂ ਗੰਭੀਰ ਸਮੱਸਿਆਵਾਂ ਬੜੇ ਗਹੁ ਨਾਲ ਸੁਣੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ।
ਉਨ੍ਹਾਂ ਵਿਦਿਆਰਥੀਆਂ ਦੀ ਸਰਵਪੱਖੀ ਤਰੱਕੀ ਅਤੇ ਵਿਕਾਸ ਲਈ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਸਾਨਦਾਰ ਉਪਰਾਲਿਆਂ ਦੀ ਸਲਾਘਾ ਕੀਤੀ।ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਸਿਰਫ ਅਧਿਆਪਨ ‘ਤੇ ਪੂਰੀ ਤਵੱਜੋ ਦੇਣ ਲਈ ਪ੍ਰੇਰਿਤ ਕਰਦਿਆਂ ਭਰੋਸਾ ਦਿੱਤਾ ਕਿ ਉਹਨਾਂ ਨੂੰ ਭਵਿੱਖ ਵਿੱਚ ਸਾਰੀਆਂ ਗੈਰ-ਅਧਿਆਪਨ ਗਤੀਵਿਧੀਆਂ ਤੋਂ ਮੁਕਤ ਕੀਤਾ ਜਾਵੇਗਾ।ਸ੍ਰੀ ਮੀਤ ਹੇਅਰ ਨੇ ਪੰਜਾਬ ਵਿੱਚ ਮਿਆਰੀ ਸਿੱਖਿਆ ਲਿਆਉਣ ਲਈ ਵਿਦੇਸਾਂ ਤੋਂ ਹਰ ਸੰਭਵ ਵਿਚਾਰਾਂ ਅਤੇ ਵਿਧੀਆਂ ਨੂੰ ਅਪਣਾਉਣ ਅਤੇ ਸਮਝਣ ਦਾ ਵਾਅਦਾ ਵੀ ਕੀਤਾ।ਸਿੱਖਿਆ ਮੰਤਰੀ ਨੇ ਇਹ ਵੀ ਆਖਿਆ ਕਿ ਕਿਸੇ ਵੀ ਅਧਿਆਪਕ ਉੱਤੇ ਫਰਜੀ ਅੰਕੜੇ ਦਿਖਾਉਣ ਲਈ ਦਬਾਅ ਨਹੀਂ ਪਾਇਆ ਜਾਵੇਗਾ ਅਤੇ ਅਸਲ ਤੱਥਾਂ/ਨਤੀਜਿਆਂ ਨੂੰ ਲੈ ਕੇ ਹੀ ਅੱਗੇ ਚੱਲਿਆ ਜਾਵੇਗਾ।
ਮੁੱਖ ਮੰਤਰੀ ਵੱਲੋਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਬੱਸਾਂ ਸ਼ੁਰੂ ਕਰਨ ਦਾ ਐਲਾਨ
ਕਿਹਾ, ਟਰਾਂਸਪੋਰਟ ਮਾਫ਼ੀਆ ਦੀ ਕਬਰ ਪੁੱਟੀ ਗਈ
ਸੂਬੇ ਦੇ ਸ਼ਾਨਾਮੱਤੇ ਵਿਰਸੇ ਨੂੰ ਬਹਾਲ ਕਰਨ ਦਾ ਲਿਆ ਅਹਿਦ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਜੂਨ: ਸੂਬੇ ਵਿੱਚ ਟਰਾਂਸਪੋਰਟ ਮਾਫ਼ੀਆ ਦੀ ਕਬਰ ਪੁੱਟਦਿਆਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਤੋਂ 15 ਜੂਨ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਵੋਲਵੋ ਬੱਸਾਂ ਸ਼ੁਰੂ ਹੋਣਗੀਆਂ। ਇਹ ਵੋਲਵੋ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸਾਨੂੰ ਲੋਕਾਂ ਨੇ ਮਾਫ਼ੀਆ ਦੇ ਖ਼ਾਤਮੇ ਲਈ ਸੂਬੇ ਵਿੱਚ ਸੇਵਾ ਕਰਨ ਲਈ ਫਤਵਾ ਦਿੱਤਾ ਹੈ। ਸਾਡੀ ਸਰਕਾਰ ਨੇ ਪਹਿਲਾਂ ਹੀ ਨਵੀਂ ਆਬਕਾਰੀ ਨੀਤੀ ਰਾਹੀਂ ਸ਼ਰਾਬ ਮਾਫ਼ੀਆ ਉਤੇ ਕਾਬੂ ਪਾਇਆ ਹੈ ਅਤੇ ਅੱਜ ਮੈਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਟਰਾਂਸਪੋਰਟ ਮਾਫ਼ੀਆ ਵੀ ਬੀਤੇ ਦੀ ਗੱਲ ਬਣ ਜਾਵੇਗਾ।”
ਮੁੱਖ ਮੰਤਰੀ ਨੇ ਝੋਰਾ ਪ੍ਰਗਟਾਇਆ ਕਿ ਦਹਾਕਿਆਂ ਤੋਂ ਸਿਰਫ਼ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਹੀ ਇਸ ਰੂਟ ਉਤੇ ਬੱਸਾਂ ਚਲਾ ਰਿਹਾ ਸੀ ਅਤੇ ਆਪਣੀ ਮਨਮਰਜ਼ੀ ਨਾਲ ਕਿਰਾਇਆ ਵਸੂਲ ਕੇ ਲੋਕਾਂ ਨੂੰ ਲੁੱਟ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਸ ਕਾਰੋਬਾਰ ਉਤੇ ਇਜਾਰੇਦਾਰੀ ਕਾਇਮ ਕਰ ਲਈ ਸੀ ਅਤੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਸਨ। ਭਗਵੰਤ ਮਾਨ ਨੇ ਕਿਹਾ ਕਿ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਵੱਡੀ ਗਿਣਤੀ ਪਰਵਾਸੀ ਭਾਰਤੀ ਹਮੇਸ਼ਾ ਇਹ ਸ਼ਿਕਾਇਤ ਕਰਦੇ ਸਨ ਕਿ ਕਿਉਂ ਸਿਰਫ਼ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਹੀ ਇਸ ਰੂਟ ਉਤੇ ਬੱਸਾਂ ਚਲਾਉਣ ਦਾ ਹੱਕ ਹੈ ਅਤੇ ਕਿਉਂ ਪੰਜਾਬ ਸਰਕਾਰ ਇਨ੍ਹਾਂ ਰੂਟਾਂ ਉਤੇ ਬੱਸਾਂ ਨਹੀਂ ਚਲਾ ਰਹੀ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਕੇ ਪੰਜਾਬ ਦੀ ਲੋਕ ਪੱਖੀ ਸਰਕਾਰ ਇਹ ਸੁਪਰ ਲਗਜਰੀ ਬੱਸਾਂ ਚਲਾਏਗੀ ਜੋ ਪ੍ਰਾਈਵੇਟ ਟਰਾਂਸਪੋਰਟਰਾਂ ਤੋਂ ਅੱਧੇ ਤੋਂ ਵੀ ਘੱਟ ਕਿਰਾਇਆ ਵਸੂਲੇਗੀ ਅਤੇ ਉਨ੍ਹਾਂ ਨਾਲੋਂ ਮੁਸਾਫਰਾਂ ਨੂੰ ਦੁੱਗਣੀਆਂ ਸਹੂਲਤਾਂ ਦੇਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਦੀ ਬੁਕਿੰਗ ਪੰਜਾਬ ਰੋਡਵੇਜ ਅਤੇ ਪਨਬੱਸ ਦੀਆਂ ਵੈੱਬਸਾਈਟਾਂ ਤੋਂ ਬਹੁਤ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਬੱਸਾਂ ਦੇ ਆਉਣ-ਜਾਣ ਦਾ ਸਮਾਂ ਸਾਰਣੀ ਵੀ ਵੈੱਬਸਾਈਟਾਂ ਤੇ ਉਪਲਬਧ ਹੋਵੇਗਾ।
ਸੂਬੇ ਦੀ ਪੁਰਾਤਨ ਸਾਨ ਨੂੰ ਬਹਾਲ ਕਰਨ ਦਾ ਅਹਿਦ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਛੇਤੀ ਹੀ ਦੇਸ ਦਾ ਮੋਹਰੀ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਦਿਨ ਬੀਤ ਗਏ ਜਦੋਂ ਕਰਦਾਤਿਆਂ ਦਾ ਪੈਸਾ ਲੀਡਰਾਂ ਵੱਲੋਂ ਲੁੱਟ ਕੇ ਬੈਂਕਾਂ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਸੀ ਪਰ ਹੁਣ ਇਹ ਪੈਸਾ ਆਮ ਲੋਕਾਂ ਦੀ ਭਲਾਈ ਲਈ ਸੋਚ ਸਮਝ ਕੇ ਵਰਤਿਆ ਜਾਵੇਗਾ। ਭਗਵੰਤ ਮਾਨ ਨੇ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਅਤੇ ਸਮਰਥਨ ਦੀ ਮੰਗ ਕੀਤੀ।
ਮੁੱਖ ਮੰਤਰੀ ਨੇ ਕੈਨੇਡਾ ਤੋਂ ਗਤੀਵਿਧੀਆਂ ਚਲਾ ਰਹੇ ਗੈਂਗਸਟਰਾਂ ਨੂੰ ਨੱਪਣ ਲਈ ਕੈਨੇਡਾ ਸਰਕਾਰ ਤੋਂ ਮੰਗੀ ਮਦਦ
ਗੈਂਗਸਟਰਾਂ ਦੀ ਸਮੱਸਿਆ ਨਾਲ ਸਿੱਝਣ ਲਈ ਪੰਜਾਬ ਤੇ ਕੈਨੇਡਾ ਦੀ ਪੁਲਿਸ ਵਿਚਾਲੇ ਸਿੱਧੇ ਤਾਲਮੇਲ ਦੀ ਕੀਤੀ ਵਕਾਲਤ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਨੇਡਾ ਦੀ ਧਰਤੀ ਤੋਂ ਆਪਣੀਆਂ ਗਤੀਵਿਧੀਆਂ ਚਲਾ ਰਹੇ ਗੈਂਗਸਟਰਾਂ ਨੂੰ ਫੜਨ ਲਈ ਕੈਨੇਡਾ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਇੱਥੇ ਆਪਣੀ ਸਰਕਾਰੀ ਰਿਹਾਇਸ਼ ਉਤੇ ਮੁੱਖ ਮੰਤਰੀ ਨੇ ਕੈਨੇਡੀਅਨ ਹਾਈ ਕਮਿਸ਼ਨਰ ਕੈਮਰੌਨ ਮਕਾਏ ਨਾਲ ਮੁਲਾਕਾਤ ਦੌਰਾਨ ਇਹ ਮੁੱਦਾ ਉਠਾਇਆ। ਮੁੱਖ ਮੰਤਰੀ ਨੇ ਪੰਜਾਬ ਤੇ ਕੈਨੇਡਾ ਦੋਵਾਂ ਥਾਵਾਂ ਉਤੇ ਗੈਂਗਾਂ ਤੇ ਗੈਂਗਸਟਰਾਂ ਦੇ ਵਾਧੇ ਉਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਭਗਵੰਤ ਮਾਨ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਦੱਸਿਆ ਕਿ ਕੈਨੇਡਾ ਦੀ ਧਰਤੀ ਤੋਂ ਗਤੀਵਿਧੀਆਂ ਚਲਾ ਰਹੇ ਕੁੱਝ ਪੰਜਾਬੀ ਗੈਂਗਸਟਰ ਪੰਜਾਬ ਵਿੱਚ ਸਖ਼ਤ ਘਾਲਣਾ ਬਾਅਦ ਹਾਸਲ ਕੀਤੀ ਅਮਨ-ਸ਼ਾਂਤੀ ਲਈ ਖ਼ਤਰਾ ਖੜ੍ਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਇਕ ਪਾਸੇ ਅਮਨ ਤੇ ਕਾਨੂੰਨ ਦੀ ਸਮੱਸਿਆ ਖੜ੍ਹੀ ਕਰ ਰਹੇ ਹਨ, ਦੂਜੇ ਪਾਸੇ ਸੂਬੇ ਦੀ ਤਰੱਕੀ ਦੀ ਰਫ਼ਤਾਰ ਨੂੰ ਲੀਹੋਂ ਲਾਹ ਰਹੇ ਹਨ।
ਇਨ੍ਹਾਂ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਵਕਾਲਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਕਾਨੂੰਨ ਦੀਆਂ ਸਖ਼ਤ ਤੋਂ ਸਖ਼ਤ ਧਾਰਾਵਾਂ ਤਹਿਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਇਹ ਹੋਰਾਂ ਨੂੰ ਇਸ ਰਾਹ ਉਤੇ ਜਾਣ ਤੋਂ ਰੋਕਣ ਦਾ ਕੰਮ ਕਰੇ। ਕੈਨੇਡਾ ਤੇ ਪੰਜਾਬ ਪੁਲਿਸ ਵਿਚਾਲੇ ਸਾਂਝੀ ਪੁਲਿਸ ਕਾਰਵਾਈ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਇਹੀ ਇਕ ਰਾਹ ਹੈ, ਜਿਸ ਨਾਲ ਅਸੀਂ ਦੋਵਾਂ ਥਾਵਾਂ ਨੂੰ ਗੈਂਗਸਟਰਾਂ ਤੋਂ ਮੁਕਤ ਕਰਵਾ ਸਕਾਂਗੇ। ਉਨ੍ਹਾਂ ਹਾਈ ਕਮਿਸ਼ਨਰ ਨੂੰ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਖ਼ਾਸ ਤੌਰ ਉਤੇ ਮੁਸ਼ਕਲ ਹਾਲਾਤ ਉਤੇ ਕਾਬੂ ਪਾਉਣ ਵਾਲੀ ਪੰਜਾਬ ਪੁਲਿਸ ਦੀ ਸ਼ਾਨਾਮੱਤੀ ਰਵਾਇਤ ਤੋਂ ਵੀ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਜੇ ਕੈਨੇਡਾ ਵਰਗੀ ਆਧੁਨਿਕ ਪੁਲਿਸ ਫੋਰਸ ਪੰਜਾਬ ਪੁਲਿਸ ਦਾ ਸਹਿਯੋਗ ਕਰੇਗੀ ਤਾਂ ਇਨ੍ਹਾਂ ਗੈਂਗਾਂ ਦਾ ਆਸਾਨੀ ਨਾਲ ਖ਼ਾਤਮਾ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਪੰਜਾਬ ਤੇ ਕੈਨੇਡਾ ਪੁਲਿਸ ਵਿਚਾਲੇ ਸਿੱਧੇ ਤਾਲਮੇਲ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਿਹਾ ਤਾਂ ਕਿ ਗੈਂਗਸਟਰਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿਉਂਕਿ ਇਹ ਗੈਂਗਸਟਰ ਤੇ ਇਨ੍ਹਾਂ ਦੀਆਂ ਕਾਰਵਾਈਆਂ ਕੈਨੇਡਾ ਤੇ ਪੰਜਾਬ ਦੋਵਾਂ ਥਾਂਵਾਂ ਉਤੇ ਸਮਾਜ, ਅਰਥਚਾਰੇ ਤੇ ਜੀਵਨ ਲਈ ਗੰਭੀਰ ਖ਼ਤਰਾ ਖੜ੍ਹਾ ਕਰ ਰਹੀਆਂ ਹਨ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਸ ਸਹਿਯੋਗ ਨਾਲ ਕੈਨੇਡਾ ਤੇ ਪੰਜਾਬ ਸਫ਼ਲਤਾ ਦੇ ਨਵੇਂ ਦਿਸਹੱਦੇ ਸਿਰਜਣਗੇ।
ਪਠਾਨਕੋਟ ਦੀ ਰਣਜੀਤ ਸਾਗਰ ਝੀਲ ਨੂੰ ਵਿਸਵ ਪੱਧਰੀ ਸੈਲਾਨੀ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ: ਮੁੱਖ ਸਕੱਤਰ
ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਵਿੱਚ ਸੈਰ ਸਪਾਟਾ ਪ੍ਰਾਜੈਕਟਾਂ ਵਿੱਚ ਨਿਵੇਸ ਕਰਨ ਲਈ ਪ੍ਰਾਈਵੇਟ ਨਿਵੇਸ਼ਕਾਂ ਨੂੰ ਸੱਦਾ ਦੇਣ ਵਾਸਤੇ ਨਵੀਂ ਦਿੱਲੀ ਵਿੱਚ ਨਿਵੇਸਕ ਸੰਮੇਲਨ ਦਾ ਆਯੋਜਨ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਜੂਨ:ਪੰਜਾਬ ਨੂੰ ਆਲਮੀ ਨਕਸੇ ‘ਤੇ ਲਿਆਉਣ, ਸੈਰ-ਸਪਾਟੇ ਨੂੰ ਹੁਲਾਰਾ ਦੇਣ ਅਤੇ ਉਤਸਾਹਿਤ ਕਰਨ ਦੇ ਮੰਤਵ ਨਾਲ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਠਾਨਕੋਟ ਦੀ ਰਣਜੀਤ ਸਾਗਰ ਝੀਲ ਨੂੰ ਕੌਮਾਂਤਰੀ ਪੱਧਰ ਦੇ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।ਪੰਜਾਬ ਨੂੰ ਸੈਰ-ਸਪਾਟੇ ਦਾ ਕੇਂਦਰ ਬਣਾਉਣ ਲਈ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਅੱਜ ਨਵੀਂ ਦਿੱਲੀ ਵਿਖੇ ਨਿਵੇਸਕ ਸੰਮੇਲਨ ਦਾ ਆਯੋਜਨ ਕੀਤਾ ਤਾਂ ਜੋ ਸੂਬੇ ਵਿੱਚ ਸੈਰ ਸਪਾਟਾ ਅਤੇ ਹੋਰ ਖੇਤਰਾਂ ਵਿੱਚ ਪ੍ਰਾਈਵੇਟ ਸੈਕਟਰ ਨੂੰ ਨਿਵੇਸ ਕਰਨ ਦਾ ਸੱਦਾ ਦਿੱਤਾ ਜਾ ਸਕੇ।
ਸੰਮੇਲਨ ਦੌਰਾਨ ਜਿੱਥੇ ਰਣਜੀਤ ਸਾਗਰ ਝੀਲ ਨੂੰ ਅੰਤਰਰਾਸਟਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ‘ਤੇ ਵਿਸੇਸ ਧਿਆਨ ਦਿੱਤਾ ਗਿਆ, ਉਥੇ ਹੀ ਸੈਰ ਸਪਾਟਾ ਸਥਾਨਾਂ ਵਜੋਂ ਵਿਕਸਤ ਕੀਤੇ ਜਾਣ ਦੀ ਸੰਭਾਵਨਾ ਵਾਲੇ ਕਈ ਹੋਰ ਪ੍ਰਾਜੈਕਟ ਵੀ ਪ੍ਰਦਰਸਿਤ ਕੀਤੇ ਗਏ। ਹੋਰ ਪ੍ਰਾਜੈਕਟਾਂ ਵਿੱਚ ਕਪੂਰਥਲਾ ਵਿੱਚ ਦਰਬਾਰ ਹਾਲ ਅਤੇ ਗੋਲ ਕੋਠੀ, ਸੰਗਰੂਰ ਵਿੱਚ ਸੰਗਰੂਰ ਕੋਠੀ, ਅੰਮਿ੍ਰਤਸਰ ਅਤੇ ਮੋਹਾਲੀ ਵਿਚ ਕਨਵੈਨਸਨ ਸੈਂਟਰ, ਸਾਹਪੁਰ ਕੰਢੀ ਦਾ ਕਿਲ੍ਹਾ ਆਦਿ ਸਾਮਲ ਹਨ।
ਹਰਿਆਲੀ ਅਤੇ ਪਹਾੜੀਆਂ ਨਾਲ ਘਿਰੀ, ਰਣਜੀਤ ਸਾਗਰ ਝੀਲ ਨਾਲ 74.76 ਏਕੜ ਵਿੱਚ ਫੈਲੀ ਇਸ ਸਾਈਟ ਵਿੱਚ ਸੈਰ-ਸਪਾਟੇ ਦੀ ਬਹੁਤ ਸੰਭਾਵਨਾ ਹੈ ਕਿਉਂਕਿ ਇਹ ਡਲਹੌਜੀ ਦੇ ਰਸਤੇ ਵਿੱਚ ਸਥਿਤ ਹੈ ਅਤੇ ਮਸਹੂਰ ਸੈਰ ਸਪਾਟਾ ਸਥਾਨਾਂ ਧਰਮਸਾਲਾ, ਪਾਲਮਪੁਰ, ਚੰਬਾ ਅਤੇ ਵੈਸਨੋ ਦੇਵੀ, ਕਟੜਾ ਦੇ ਨੇੜੇ ਹੈ। ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨਿਰੁੱਧ ਤਿਵਾੜੀ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਪਠਾਨਕੋਟ ਦੀ ਰਣਜੀਤ ਸਾਗਰ ਝੀਲ ਨੂੰ ਜਨਤਕ ਨਿੱਜੀ ਭਾਈਵਾਲੀ (ਪੀ.ਪੀ.ਪੀ.) ਤਹਿਤ ਅਤਿ-ਆਧੁਨਿਕ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ, ਜਿਸ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਵਾਤਾਵਰਣ ਅਤੇ ਜੰਗਲਾਤ ਪੜਾਅ-1 ਸਬੰਧੀ ਮਨਜ਼ੂਰੀ ਪ੍ਰਾਪਤ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭੂਗੋਲਿਕ ਪੱਖੋਂ ਦਿਲਕਸ਼ ਅਤੇ ਵੰਨ-ਸੁਵੰਨਾ ਕੁਦਰਤੀ ਸੁਹੱਪਣ ਹੋਣ ਕਰਕੇ ਇਸ ਸੰਭਾਵਨਾ ਨੂੰ ਨਾਗਰਿਕਾਂ ਲਈ ਖੋਲ੍ਹਣ ਦੀ ਕਲਪਨਾ ਕੀਤੀ ਗਈ ਹੈ ਜੋ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਵਿੱਚ ਵੀ ਮਦਦ ਕਰੇਗਾ। ਇਸ ਨਾਲ ਨਾ ਸਿਰਫ ਕੁਦਰਤੀ ਵਿਰਾਸਤ ਨੂੰ ਸੰਭਾਲਿਆ ਜਾ ਸਕੇਗਾ, ਸਗੋਂ ਸਥਾਨਕ ਭਾਈਚਾਰੇ ਲਈ ਰੋਜਗਾਰ ਦੇ ਮੌਕੇ ਵੀ ਸਿਰਜੇ ਜਾ ਸਕਣਗੇ। ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਪੰਜਾਬ ਸਰਕਾਰ ਸਥਾਈ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਵਿਸੇਸ ਪਹਿਲਕਦਮੀ ਨਾਲ ਮਜਬੂਤ ਆਰਥਿਕ ਆਧਾਰ ਵਿਕਸਤ ਕਰਨ ਦਾ ਇਰਾਦਾ ਰੱਖਦੀ ਹੈ। ਉਨ੍ਹਾਂ ਕਿਹਾ, “ਪੰਜਾਬ ਦੇ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਸੈਰ-ਸਪਾਟਾ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਅਤੇ ਸੂਬੇ ਭਰ ਵਿੱਚ ਵੱਖ-ਵੱਖ ਸੈਰ-ਸਪਾਟਾ ਪ੍ਰਾਜੈਕਟਾਂ ਦੀ ਪਛਾਣ ਕਰਨ ਅਤੇ ਸੁਰੂ ਕਰਨ ਦੇ ਨਿਰਦੇਸ ਦਿੱਤੇ। ਇਸ ਪਹਿਲਕਦਮੀ ਨੂੰ ਅੱਗੇ ਵਧਾਉਣ ਲਈ, ਸਰਕਾਰ ਨੇ ਇਹ ਨਿਵੇਸਕ ਸੰਮੇਲਨ ਕਰਵਾਇਆ ਹੈ।“
ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ ਕਰਨ ਦਾ ਸੱਦਾ ਦਿੰਦਿਆਂ ਸ੍ਰੀ ਅਨਿਰੁੱਧ ਤਿਵਾੜੀ ਨੇ ਉਨ੍ਹਾਂ ਨੂੰ ਸੂਬੇ ਦੁਆਰਾ ਅਪਣਾਈ ਗਈ ‘ਈਜ ਆਫ ਡੂਇੰਗ ਬਿਜਨਸ‘ ਨੀਤੀ ਬਾਰੇ ਵੀ ਜਾਣੂ ਕਰਵਾਇਆ ਜੋ ਨਿਵੇਸਕਾਂ ਨੂੰ ਇੱਕੋ ਥਾਂ ‘ਤੇ ਮੁਸ਼ਕਲ ਰਹਿਤ ਮਨਜ਼ੂਰੀਆਂ ਪ੍ਰਦਾਨ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਨਿਵੇਸ ਲਈ ਹੋਰ ਰਿਆਇਤਾਂ ਪ੍ਰਦਾਨ ਕਰਦੀ ਹੈ।
ਇਸ ਸੰਮੇਲਨ ਵਿੱਚ ਸੈਰ-ਸਪਾਟਾ ਖੇਤਰ ਦੀਆਂ ਨਾਮਵਰ ਸੰਸਥਾਵਾਂ ਜਿਨ੍ਹਾਂ ਵਿੱਚ ਆਈਟੀਸੀ ਹਾਸਪਿਟੈਲਿਟੀ, ਤਾਜ, ਮਹਿੰਦਰਾ ਹੋਲੀਡੇਜ, ਮੈਰੀਅਟ, ਹਯਾਤ, ਪਾਰਕ, ਸੀਜੀਐਚ ਅਰਥ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਹਿੱਸਾ ਲਿਆ।
ਸੈਰ ਸਪਾਟਾ ਖੇਤਰ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਸੂਬੇ ਵਿੱਚ ‘ਰਿਸਪਾਂਸੀਬਲ ਟੂਰਿਜ਼ਮ’ ਨੂੰ ਸਰਗਰਮੀ ਨਾਲ ਸਮਰਥਨ ਦੇ ਕੇ ਵਾਤਾਵਰਣ ਸਬੰਧੀ ਸੰਵੇਦਨਸੀਲ ਸੈਰ-ਸਪਾਟਾ ਸਥਾਨਾਂ ਨੂੰ ਵਿਕਸਤ ਕਰਨਾ ਹੈ। ਰਣਜੀਤ ਸਾਗਰ ਝੀਲ ਦੀ ਸਾਨਦਾਰ ਸੁੰਦਰਤਾ ਸੈਰ-ਸਪਾਟੇ ਅਤੇ ਈਕੋ-ਰਿਜੋਰਟ, ਐਡਵੈਂਚਰ ਤੇ ਵਾਟਰ ਸਪੋਰਟਸ ਅਤੇ ਹੋਰ ਗਤੀਵਿਧੀਆਂ ਲਈ ਅਪਾਰ ਸੰਭਾਵਨਾਵਾਂ ਰੱਖਦੀ ਹੈ ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੋਵੇਗੀ।ਇਸ ਮੌਕੇ ਸੈਰ ਸਪਾਟਾ ਮੰਤਰਾਲੇ (ਭਾਰਤ ਸਰਕਾਰ) ਦੇ ਵਧੀਕ ਸਕੱਤਰ ਸ੍ਰੀ ਰਾਕੇਸ ਕੁਮਾਰ ਵਰਮਾ, ਮਕਾਨ ਉਸਾਰੀ ਅਤੇ ਸਹਿਰੀ ਵਿਕਾਸ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਅਜੇ ਕੁਮਾਰ ਸਿਨਹਾ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮੁਹੰਮਦ ਤਇਅਬ, ਪੀ.ਆਈ.ਡੀ.ਬੀ. ਦੇ ਵਧੀਕ ਮੈਨੇਜਿੰਗ ਡਾਇਰੈਕਟਰ ਸ੍ਰੀ ਯਸਨਜੀਤ ਸਿੰਘ, ਇਨਵੈਸਟ ਪੰਜਾਬ ਦੇ ਵਧੀਕ ਸੀ.ਈ.ਓ ਸ੍ਰੀ ਉਮਾ ਸੰਕਰ ਗੁਪਤਾ ਅਤੇ ਸੈਰ ਸਪਾਟਾ ਪੰਜਾਬ ਵਿਭਾਗ ਦੇ ਸਲਾਹਕਾਰ ਸ੍ਰੀ ਸਿਵਦੁਲਾਰ ਸਿੰਘ ਢਿੱਲੋਂ ਹਾਜਰ ਸਨ।
ਪਾਣੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਤੋਂ ਰੋਕਣ ਲਈ ਕਿਸਾਨ ਜਥੇਬੰਦੀ ਦੇ ਪੰਜ ਰੋਜ਼ਾਂ ਧਰਨੇ ਹੋਏ ਖ਼ਤਮ
ਸੁਖਜਿੰਦਰ ਮਾਨ
ਬਠਿੰਡਾ, 10 ਜੂਨ : ਦੇਸ਼ ਦੀ ਖੇਤੀ ਅਤੇ ਪਾਣੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਤੋਂ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦ ਤਹਿਤ ਪੰਜ ਰੋਜਾ ਧਰਨਿਆਂ ਦੇ ਅੱਜ ਅਖੀਰਲੇ ਦਿਨ ਦੇ ਧਰਨਿਆਂ ਵਿਚ ਕਿਸਾਨਾਂ ,ਮਜਦੂਰਾਂ,ਮੁਲਾਜਮਾਂ ਸਮੇਤ ਵੱਖ ਵੱਖ ਤਬਕਿਆਂ ਦੇ ਮਰਦਾਂ , ਨੌਜਵਾਨਾਂ, ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ । ਅੱਜ ਦੇ ਧਰਨਿਆਂ ਨੂੰ ਜਿਲ੍ਹੇ ਦੇ ਮੁੱਖ ਬੁਲਾਰਿਆਂ ਸ਼ਿੰਗਾਰਾ ਸਿੰਘ ਮਾਨ ,ਹਰਿੰਦਰ ਬਿੰਦੂ, ਕਰਮਜੀਤ ਕੌਰ ਲਹਿਰਾਖਾਨਾ ,ਜਗਦੇਵ ਸਿੰਘ ਜੋਗੇਵਾਲਾ, ਬਸੰਤ ਸਿੰਘ ਕੋਠਾਗੁਰੂ ,ਜਗਸੀਰ ਸਿੰਘ ਝੁੰਬਾ ,ਦਰਸ਼ਨ ਸਿੰਘ ਮਾਈਸਰਖਾਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਹੇਠਲਾ ਪਾਣੀ ਡੂੰਘਾ ਅਤੇ ਪ੍ਰਦੂਸ਼ਿਤ ਹੋਣਾ ਅਤੇ ਨਹਿਰਾਂ ,ਦਰਿਆਵਾਂ ਦਾ ਪਾਣੀ ਹੋ ਰਿਹਾ ਜ਼ਹਿਰੀਲਾ ਤੇ ਗੰਦਾ ਅਤਿ ਸੰਕਟਮਈ ਅਤੇ ਗੰਭੀਰ ਮੁੱਦਾ ਹੈ । ਇਸ ਮਸਲੇ ਨੂੰ ਹੱਲ ਕਰਨ ਸਬੰਧੀ ਸਾਰੇ ਲੋਕਾਂ ਨੂੰ ਜਾਗਰਿਤ ਕਰਕੇ ਆਉਣ ਵਾਲੇ ਸਮੇਂ ਵਿੱਚ ਧਰਨੇ ਅਤੇ ਮੋਰਚੇ ਲਾ ਕੇ ਸਰਕਾਰਾਂ ਨੂੰ ਮਜਬੂਰ ਕੀਤਾ ਜਾਵੇਗਾ ਤੇ ਨਾਲ ਹੀ ਲੋਕਾਂ ਵੱਲੋਂ ਵੀ ਬਣਦਾ ਯੋਗਦਾਨ ਹੋਣ ਲਈ ਪ੍ਰੇਰਿਆ ਜਾਵੇਗਾ । ਇਸ ਸਬੰਧੀ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਪਾਣੀ ਦੇ ਸਾਂਭ ਸੰਭਾਲ ਦਾ ਪ੍ਰਬੰਧ ਨਿੱਜੀ ਹੱਥਾਂ ਵਿਚ ਦੇਣ ਦੇ ਫੈਸਲੇ ਰੱਦ ਕਰਕੇ ਇਸ ਦਾ ਸਰਕਾਰੀਕਰਨ ਕੀਤਾ ਜਾਵੇ ਅਤੇ ਇਸ ਦੀ ਸੰਭਾਲ ਲਈ ਬਜਟ ਰਾਸ਼ੀ ਦਾ ਪ੍ਰਬੰਧ ਕੀਤਾ ਜਾਵੇ , ਧਰਤੀ ਹੇਠਲਾ ਪਾਣੀ ਨੂੰ ਜਹਿਰੀਲਾ ਹੋਣ ਤੋਂ ਰੋਕਣ ਅਤੇ ਵਾਤਾਵਰਣ ਪ੍ਰਦੂਸ਼ਣ ਰੋਕਣ ਲਈ ਘੱਟ ਲਾਗਤ ਖ਼ਰਚੇ ਘੱਟ ਪਾਣੀ ਨਾਲ ਵੱਧ ਪੈਦਾਵਾਰ ਦੇਣ ਵਾਲੀਆਂ ਫ਼ਸਲਾਂ ਦੇ ਬੀਜ ਤਿਆਰ ਕੀਤੇ ਜਾਣ ਅਤੇ ਸਾਰੀਆਂ ਫਸਲਾਂ ਦਾ ਭਾਅ (2+50%) ਦੇ ਫਾਰਮੂਲੇ ਅਨੁਸਾਰ ਮਿੱਥ ਕੇ ਉਨ੍ਹਾਂ ਦੇ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ ,ਨਹਿਰਾਂ ਅਤੇ ਦਰਿਆਵਾਂ ਵਿੱਚ ਅਤੇ ਧਰਤੀ ਹੇਠਾਂ ਸ਼ਰ੍ਹੇਆਮ ਦਿਨ ਰਾਤ ਸੁੱਟ ਰਹੀਆਂ ਜ਼ਹਿਰੀਲਾ ਤੇ ਗੰਦਾ ਪਾਣੀ ਵਾਲੀਆਂ ਫੈਕਟਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅੱਗੇ ਤੋਂ ਇਸ ਪਾਣੀ ਨੂੰ ਸੋਧ ਕੇ ਵਰਤੋਂ ਯੋਗ ਲਿਆਂਦਾ ਜਾਵੇ ,ਘਰੇਲੂ ਅਤੇ ਸ਼ਹਿਰੀ ਵਸੋਂ ਦਾ ਸਾਫ ਬਰਸਾਤੀ ਪਾਣੀ ਅਤੇ ਨਹਿਰਾਂ ਦਰਿਆਵਾਂ ਦੇ ਵਾਧੂ ਪਾਣੀ ਨੂੰ ਧਰਤੀ ਵਿੱਚ ਰੀਚਾਰਜ ਕਰਨ ਦਾ ਪ੍ਰਬੰਧ ਕੀਤਾ ਜਾਵੇ । ਨਹਿਰਾਂ, ਰਜਬਾਹਿਆਂ ,ਖਾਲਿਆਂ ਦੀ ਸਫਾਈ ਦਾ ਪ੍ਰਬੰਧ ਕਰ ਕੇ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਵਧਾਈ ਜਾਵੇ, ਸ਼ਹਿਰਾਂ ਅਤੇ ਪਿੰਡਾਂ ਦੇ ਸੀਵਰੇਜ ਤੇ ਹੋਰ ਗੰਦੇ ਪਾਣੀ ਨੂੰ ਸੋਧ ਕੇ ਇਸ ਨੂੰ ਸਿੰਜਾਈ ਜਾਂ ਹੋਰ ਕੰਮਾਂ ਲਈ ਵਰਤਿਆ ਜਾਵੇ , ਨਵੀਂ ਜਲ ਨੀਤੀ ਦਾ ਖਰੜਾ ਰੱਦ ਕੀਤਾ ਜਾਵੇ , ਜਲ ਘਰਾਂ ਦਾ ਕੀਤਾ ਜਾ ਰਿਹਾ ਨਿੱਜੀਕਰਨ ਬੰਦ ਕਰ ਕੇ ਇਸ ਦਾ ਪਹਿਲਾਂ ਵਾਲਾ ਢਾਂਚਾ ਬਹਾਲ ਕੀਤਾ ਜਾਵੇ ਅਤੇ ਇਸ ਵਿਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਦੀਆਂ ਰੈਗੂਲਰ ਭਰਤੀ ਕੀਤੀ ਜਾਵੇ ।ਉਨ੍ਹਾਂ ਕਿਹਾ ਕਿ ਕੁੱਝ ਕੁ ਪਿੰਡਾਂ ਦੀ ਵਸੋਂ ਦਾ ਸਾਫ ਬਰਸਾਤੀ ਪਾਣੀ ਧਰਤੀ ਵਿੱਚ ਰੀਚਾਰਜ ਕਰਨ ਲਈ ਛੱਪੜ ਪੁੱਟ ਕੇ ਸਰਕਾਰ ਨੂੰ ਨਮੂਨੇ ਦੇ ਤੌਰ ਤੇ ਪੇਸ਼ ਕੀਤਾ ਜਾਵੇਗਾ ।
ਕਿਸਾਨਾਂ ਨੂੰ ਵੱਡੀ ਰਾਹਤ: ਮੁੱਖ ਮੰਤਰੀ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਫੀਸ 4750 ਤੋਂ ਘਟਾ ਕੇ 2500 ਰੁਪਏ ਕੀਤੀ
ਸਾਡਾ ਟੀਚਾ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣਾ: ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ, 9 ਜੂਨ: ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਫੀਸ ਮੌਜੂਦਾ 4750 ਰੁਪਏ ਤੋਂ ਘਟਾ ਕੇ 2500 ਰੁਪਏ ਕਰਨ ਦਾ ਐਲਾਨ ਕੀਤਾ ਹੈ।ਇੱਥੋਂ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ‘‘ਸਾਡੇ ਸੂਬੇ ਦੇ ਅਨਾਜ ਉਤਪਾਦਕਾਂ ਨੂੰ ਉਨਾਂ ਦੀ ਆਪਣੀ ਸਰਕਾਰ ਦਾ ਇਹ ਇਕ ਨਿਮਾਣਾ ਜਿਹਾ ਤੋਹਫ਼ਾ ਹੈ।’’
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮੁੱਢ-ਕਦੀਮੋਂ ਖੇਤੀਬਾੜੀ ਆਧਾਰਤ ਅਰਥਚਾਰਾ ਰਿਹਾ ਹੈ ਅਤੇ ਇੱਥੋਂ ਦੀ ਵਸੋਂ ਦਾ ਵੱਡਾ ਹਿੱਸਾ ਖੇਤੀਬਾੜੀ ਉਤੇ ਨਿਰਭਰ ਕਰਦਾ ਹੈ। ਉਨਾਂ ਝੋਰਾ ਪ੍ਰਗਟਾਇਆ ਕਿ ਅਜੋਕੇ ਦੌਰ ਵਿੱਚ ਕਿਸਾਨ ਇਹ ਨਹੀਂ ਚਾਹੁੰਦਾ ਕਿ ਉਸ ਦਾ ਪੁੱਤ ਖੇਤੀ ਕਰੇ ਕਿਉਂਕਿ ਖੇਤੀ ਵਿੱਚੋਂ ਕਮਾਈ ਘਟ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਰੁਝਾਨ ਬਦਲਣ ਦੀ ਲੋੜ ਹੈ, ਜਿਸ ਲਈ ਕਿਸਾਨਾਂ ਦੀਆਂ ਲਾਗਤਾਂ ਘਟਾਉਣੀਆਂ ਪੈਣਗੀਆਂ ਤਾਂ ਕਿ ਖੇਤੀਬਾੜੀ ਲਾਹੇਵੰਦ ਧੰਦਾ ਬਣੇ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਟਿਊਬਵੈੱਲਾਂ ਦਾ ਲੋਡ ਵਧਾਉਣ ਲਈ ਲਗਦੀ ਵੱਡੀ ਫੀਸ ਭਰਨ ਵਿੱਚ ਦਿੱਕਤਾਂ ਦਰਪੇਸ਼ ਸਨ, ਜਿਸ ਕਾਰਨ ਇਸ ਫੀਸ ਨੂੰ ਤਕਰੀਬਨ 50 ਫੀਸਦੀ ਘਟਾ ਦਿੱਤਾ ਹੈ। ਉਨਾਂ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਸੂਬੇ ਦੇ ਮਿਹਨਤਕਸ਼ ਕਿਸਾਨਾਂ, ਜਿਨਾਂ ਦੇਸ਼ ਦੇ ਅੰਨ ਭੰਡਾਰ ਵਿੱਚ ਵੱਡਾ ਯੋਗਦਾਨ ਪਾ ਕੇ ਮੁਲਕ ਨੂੰ ਖੁਰਾਕ ਪੱਖੋਂ ਆਤਮ ਨਿਰਭਰ ਬਣਾਇਆ, ਨੂੰ ਲੋੜੀਂਦੀ ਰਾਹਤ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਖੇਤੀਬਾੜੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਇਸ ਦਿਸ਼ਾ ਵਿੱਚ ਹੋਰ ਕਦਮ ਚੁੱਕੇ ਜਾਣਗੇ।
ਦੇਸ ਦੇ ਨਵੇਂ ਰਾਸਟਰਪਤੀ ਦੀ ਚੋਣ ਲਈ ਪ੍ਰਕਿਆ ਸ਼ੁਰੂ, 18 ਨੂੰ ਹੋਣਗੀਆਂ ਵੋਟਾਂ ਤੇ 21 ਨੂੰ ਹੋਵੇਗੀ ਗਿਣਤੀ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 9 ਜੂਨ: ਦੇਸ ਦੇ ਸਰਬਉੱਚ ਸੰਵਿਧਾਨਕ ਅਹੁੱਦੇ ਭਾਵ ਰਾਸਟਰਪਤੀ ਦੀ ਚੋਣ ਲਈ ਅੱਜ ਪ੍ਰਕਿਆ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨ ਰਾਜੀਵ ਕੁਮਾਰ ਨੇ ਇਸਦੇ ਲਈ ਅੱਜ ਬਕਾਇਦਾ ਐਲਾਨ ਕਰਦਿਆਂ ਦਸਿਆ ਕਿ ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ 21 ਜੁਲਾਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਇਸ ਚੋਣ ਲਈ 29 ਜੂਨ ਤੱਕ ਨਾਮਜਦਗੀ ਕਾਗਜ ਭਰੇ ਜਾ ਸਕਣਗੇ। ਦਸਣਾ ਬਣਦਾ ਹੈ ਕਿ ਮੌਜੂਦਾ ਰਾਸਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਜਿਸਦੇ ਚੱਲਦੇ ਉਸਤੋਂ ਪਹਿਲਾਂ ਨਵੇਂ ਰਾਸਟਰਪਤੀ ਦੀ ਚੋਣ ਕਰਨਾ ਲਾਜ਼ਮੀ ਹੈ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਰਾਸਟਰਪਤੀ ਦੀ ਚੋਣ ਲਈ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਤੋਂ ਇਲਾਵਾ ਭਾਰਤ ਦੇ ਸਮੂਹ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰ ਵੋਟ ਦਾ ਇਸਤੇਮਾਲ ਕਰਦੇ ਹਨ। ਰਾਸਟਰਪਤੀ ਦੀ ਚੋਣ ਲਈ ਕਂਦਰ ’ਚ ਸੱਤਾਧਾਰੀ ਧਿਰ ਭਾਜਪਾ ਅਤੇ ਵਿਰੋਧੀ ਧਿਰਾਂ ਵਲੋਂ ਰਣਨੀਤੀ ਉਲੀਕੀ ਜਾ ਰਹੀ ਹੈ।
ਸੰਗਰੂਰ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਤੇਜ ਕੀਤੀਆਂ ਸਰਗਰਮੀਆਂ
ਪੰਜਾਬ ਇੰਚਾਰਜ਼ ਜਰਨੈਲ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਪਾਰਟੀ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਜੂਨ: ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਮਾਮਲੇ ’ਤੇ ਵੀਰਵਾਰ ਨੂੰ ‘ਆਪ’ ਪੰਜਾਬ ਦੇ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਅਤੇ ਪੰਜਾਬ ਦੇ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ’ਚ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਉਪ ਚੋਣ ਦੀ ਜਿੱਤ ਲਈ ਰਣਨੀਤੀ ’ਤੇ ਚਰਚਾ ਕੀਤੀ। ਮੀਟਿੰਗ ’ਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ, ਡਾ. ਬਲਜੀਤ ਕੌਰ, ਗੁਰਮੀਤ ਸਿੰਘ ਮੀਤ ਹੇਅਰ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ ਜਿੰਪਾ, ਲਾਲ ਚੰਦ ਕਟਾਰੂਚੱਕ ਅਤੇ ਹਰਭਜਨ ਸਿੰਘ ਈ.ਟੀ.ਓ ਸਮੇਤ ਕਈ ਵਿਧਾਇਕ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਲੋਕ ਸਭਾ ਹਲਕਿਆਂ ਦੇ ਇੰਚਾਰਜ ਵੀ ਮੌਜ਼ੂਦ ਸਨ। ਜ਼ਿਕਰਯੋਗ ਹੈ ਕਿ 23 ਜੂਨ ਨੂੰ ਸੰਗਰੂਰ ਹਲਕੇ ’ਚ ਉਪ ਚੋਣ ਲਈ ਵੋਟਾਂ ਪਾਈਆਂ ਜਾਣੀਆਂ ਹਨ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਨੇ ਕਿਹਾ, ‘‘ਅਸੀਂ ਸੰਗਠਨ ਦੇ ਸੀਨੀਅਰ ਆਗੂਆਂ ਨਾਲ ਸੰਗਰੂਰ ਲੋਕ ਸਭਾ ਉਪ ਚੋਣ ਬਾਰੇ ਚਰਚਾ ਕੀਤੀ ਹੈ। ਸੰਗਰੂਰ ਉਹ ਹਲਕਾ ਹੈ ਜਿੱਥੋਂ ਅਸੀਂ 2014 ਤੋਂ ਲਗਾਤਾਰ ਜਿੱਤਦੇ ਆ ਰਹੇ ਹਾਂ। ਇਸ ਉਪ ਚੋਣ ’ਚ ਵੀ ਸਾਰੇ ਪੁਰਾਣੇ ਰਿਕਾਰਡ ਤੋੜਾਂਗੇ।’’ ਉਨ੍ਹਾਂ ਕਿਹਾ ਕਿ ਪਿਛਲੇ ਢਾਈ ਮਹੀਨਿਆਂ ’ਚ ਭਗਵੰਤ ਮਾਨ ਦੀ ਸਰਕਾਰ ਨੇ ਬਹੁਤ ਚੰਗੇ ਕੰਮ ਕੀਤੇ ਹਨ। ਇਨਾਂ ਕੰਮਾਂ ਨੂੰ ਦੇਖ ਕੇ ਲੋਕਾਂ ਦਾ ਵਿਸ਼ਵਾਸ਼ ਆਮ ਆਦਮੀ ਪਾਰਟੀ ’ਤੇ ਹੋਰ ਮਜ਼ਬੂਤ ਹੋਇਆ ਹੈ। ਅਜਿਹਾ ਕੇਵਲ ਆਮ ਆਦਮੀ ਪਾਰਟੀ ’ਚ ਹੀ ਹੋ ਸਕਦਾ ਹੈ ਕਿ ਇੱਕ ਆਮ ਘਰ ਦਾ ਨੌਜਵਾਨ ਜਿਹੜਾ ਪੰਜਾਬ ਲਈ ਕੁੱਝ ਕਰਨਾ ਚਾਹੁੰਦਾ ਹੈ, ਉਸ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਲਈ 26 ਜੂਨ ਨੂੰ ‘ਆਪ’ ਦੇ ਹੱਕ ’ਚ ਬਹੁਤ ਸ਼ਾਨਦਾਰ ਨਤੀਜਾ ਆਏਗਾ।
ਇਸ ਮੌਕੇ ਉਮੀਦਵਾਰ ਗੁਰਮੇਲ ਸਿੰਘ ਨੇ ਕਿਹਾ ਕਿ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ। ਸੰਗਰੂਰ ਦੇ ਲੋਕਾਂ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਨਾਂ ਦਾ ਪੌਦਾ ਲਾਇਆ ਹੈ। ਪਾਰਟੀ ਦੇ ਇਸ ਮੁਕਾਮ ਤੱਕ ਪਹੁੰਚਣ ’ਚ ਸੰਗਰੂਰ ਦੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਪ ਚੋਣ ’ਚ ਸਾਡੀ ਜਿੱਤ ਪੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਤੋਂ ਲਗਾਤਾਰ ਦੋ ਵਾਰ ਸੰਸਦ ਮੈਂਬਰ ਬਣੇ ਸਨ ਅਤੇ ਇਸ ਹਲਕੇ ਦੇ ਲੋਕਾਂ ਦੇ ਪਿਆਰ ਨੇ ਹੀ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ।





