ਸੁਖਜਿੰਦਰ ਮਾਨ
ਅੰਮ੍ਰਿਤਸਰ, 5 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਕਾਲ ਪੁਰਖ ਅੱਗੇ ਸੂਬੇ ਦੀ ਅਮਨ-ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਪਾਵਨ ਅਸਥਾਨ ’ਤੇ ਮੱਥਾ ਟੇਕਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ, “ਮੈਂ ਜੁਗੋ-ਜੁਗ ਅੱਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸ਼ਰਧਾ ਨਾਲ ਆਪਣਾ ਸਿਰ ਝੁਕਾਇਆ ਅਤੇ ਅਰਦਾਸ ਕੀਤੀ ਕਿ ਮੇਰੀ ਸਰਕਾਰ ਦਾ ਹਰੇਕ ਕਦਮ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਇੱਥੋਂ ਦੇ ਲੋਕਾਂ ਦੀ ਭਲਾਈ ਪ੍ਰਤੀ ਸਮਰਪਿਤ ਹੋਵੇ।”
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਲੰਮੇ ਸਮੇਂ ਤੋਂ ਦੁਨਿਆਵੀ ਅਤੇ ਅਧਿਆਤਮਕ ਸ਼ਕਤੀਆਂ ਦਾ ਸਰੋਤ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ ਸਿੱਖ ਹੀ ਨਹੀਂ ਸਗੋਂ ਹਰੇਕ ਪੰਜਾਬੀ ਮਹਾਨ ਗੁਰੂ ਸਾਹਿਬਾਨ ਦੀ ਬਖਸ਼ਿਸ਼ ਪ੍ਰਾਪਤ ਇਸ ਪਾਵਨ ਅਸਥਾਨ ਤੋਂ ਸ਼ਕਤੀ ਹਾਸਲ ਕਰਦਾ ਹੈ। ਭਗਵੰਤ ਮਾਨ ਨੇ ਅਰਦਾਸ ਕੀਤੀ ਕਿ ਸੂਬੇ ਵਿਚ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਹੋਣ ਅਤੇ ਪੰਜਾਬ ਹਰੇਕ ਖੇਤਰ ਵਿਚ ਮੁਲਕ ਦੀ ਅਗਵਾਈ ਕਰੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਉਨ੍ਹਾਂ ਦੀ ਸਰਕਾਰ ਨੂੰ ਵੱਡਾ ਫਤਵਾ ਦਿੱਤਾ ਜਿਸ ਕਰਕੇ ਲੋਕਾਂ ਦੀਆਂ ਉਮੀਦਾਂ ਉਤੇ ਖਰਾ ਉਤਰਨ ਲਈ ਉਹ ਅਕਾਲ ਪੁਰਖ ਦੀਆਂ ਮਿਹਰਾਂ ਹਾਸਲ ਕਰਨ ਇਸ ਪਾਵਨ ਅਸਥਾਨ ’ਤੇ ਨਤਮਸਤਕ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਅਸਥਾਨ ਉਤੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਅਤੇ ਇੱਥੇ ਆਉਣ ਨਾਲ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਦੀ ਸੇਵਾ ਮਿਸ਼ਨਰੀ ਭਾਵਨਾ ਨਾਲ ਕਰਨ ਲਈ ਨਵੇਂ ਉਤਸ਼ਾਹ ਤੇ ਜੋਸ਼ ਨਾਲ ਭਰ ਦਿੱਤਾ ਹੈ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵਿਚ ਵਿਸਥਾਰ ਵਿਚ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੂਬੇ ਨੂੰ ਦਰਪੇਸ਼ ਸਮਾਜਿਕ ਤੇ ਧਾਰਮਿਕ ਮਸਲਿਆਂ ਉਤੇ ਵਿਚਾਰ-ਵਟਾਂਦਰਾ ਕੀਤਾ। ਭਗਵੰਤ ਮਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੂਬੇ ਨੂੰ ਤਰੱਕੀ ਦੀਆਂ ਨਵੀਆਂ ਲੀਹਾਂ ਉਤੇ ਪਾਉਣ ਲਈ ਨੌਜਵਾਨਾਂ ਦੀ ਵੱਧ ਸ਼ਮੂਲੀਅਤ ਵਾਲੇ ਮਸਲਿਆਂ ਉਤੇ ਵੀ ਚਰਚਾ ਕੀਤੀ।
ਮੁੱਖ ਮੰਤਰੀ ਨੇ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ
ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਣ ਵਾਲੇ ਪੀ.ਆਰ.ਟੀ.ਸੀ. ਦੇ ਦੋਵੇਂ ਐਡਵਾਂਸ ਬੁੱਕਰ ਨੌਕਰੀ ਤੋਂ ਫ਼ਾਰਗ
ਲਾਲਜੀਤ ਸਿੰਘ ਭੁੱਲਰ ਨੇ ਸਮੂਹ ਐਡਵਾਂਸ ਬੁੱਕਰਾਂ ਵੱਲੋਂ ਪੀ.ਆਰ.ਟੀ.ਸੀ. ਦੇ ਵੱਖ-ਵੱਖ ਡਿਪੂਆਂ ਦੀਆਂ ਬੱਸਾਂ ਦੀ ਬੁਕਿੰਗ ਦਾ ਮਿਲਾਨ ਹਰ ਮਹੀਨੇ ਦੀ 10 ਤਰੀਕ ਨੂੰ ਮੁੱਖ ਦਫ਼ਤਰ ਵਿਖੇ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼
ਬਠਿੰਡਾ ਡਿਪੂ ਤੋਂ 1 ਅਪ੍ਰੈਲ, 2021 ਤੋਂ ਲੈ ਕੇ 20 ਮਈ, 2022 ਤੱਕ ਹੋਈ ਐਡਵਾਂਸ ਟਿਕਟ ਬੁਕਿੰਗ ਦੀ ਘੋਖ ਲਈ ਜਾਂਚ ਟੀਮਾਂ ਤੈਨਾਤ
ਸੁਖਜਿੰਦਰ ਮਾਨ
ਚੰਡੀਗੜ੍ਹ, 5 ਜੂਨ:ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਇੱਥੇ ਦੱਸਿਆ ਕਿ ਟਿਕਟ ਮਸ਼ੀਨਾਂ ਰਾਹੀਂ ਧੋਖਾਧੜੀ ਕਰਕੇ ਪੀ.ਆਰ.ਟੀ.ਸੀ. ਨੂੰ ਖੋਰਾ ਲਾ ਰਹੇ ਬਠਿੰਡਾ ਕਾਊਂਟਰ ਦੇ ਦੋ ਐਡਵਾਂਸ ਬੁੱਕਰਾਂ ਨੂੰ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ। ਵਿਭਾਗੀ ਜਾਂਚ ਦੌਰਾਨ ਇਕੱਲੇ ਮਈ ਮਹੀਨੇ ਦੇ ਪਹਿਲੇ ਪੰਜ ਦਿਨਾਂ ਦੀ ਪੜਤਾਲ ਵਿੱਚ ਦੋਵੇਂ ਮੁਲਾਜ਼ਮ 3 ਲੱਖ 32 ਹਜ਼ਾਰ 281 ਰੁਪਏ ਦਾ ਚੂਨਾ ਲਾਉਣ ਦੇ ਦੋਸ਼ੀ ਪਾਏ ਗਏ ਸਨ, ਜਿਨ੍ਹਾਂ ਵਿਰੁੱਧ ਬਠਿੰਡਾ ਪੁਲਿਸ ਵੱਲੋਂ ਪੀ.ਆਰ.ਟੀ.ਸੀ. ਦੀਆਂ ਟਿਕਟ ਮਸ਼ੀਨਾਂ ਦੀ ਦੁਰਵਰਤੋਂ ਕਰਨ, ਮਸ਼ੀਨਾਂ ਦੇ ਰਿਕਾਰਡ ਨਾਲ ਛੇੜਛਾੜ ਕਰਨ ਅਤੇ ਸਰਕਾਰੀ ਧਨ ਦੀ ਚੋਰੀ ਕਰਨ ਦੇ ਦੋਸ਼ ਤਹਿਤ ਭਾਰਤੀ ਦੰਡ ਵਿਧਾਨ ਦੀ ਧਾਰਾ 420 ਅਤੇ 409 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮੰਤਰੀ ਨੇ ਦੱਸਿਆ ਕਿ ਐਡਵਾਂਸ ਬੁੱਕਰ ਰਾਮ ਸਿੰਘ ਵਾਸੀ ਪਿੰਡ ਭੈਣੀ (ਜ਼ਿਲ੍ਹਾ ਬਠਿੰਡਾ) ਅਤੇ ਸੁਖਪਾਲ ਸਿੰਘ ਵਾਸੀ ਪਿੰਡ ਪਥਰਾਲਾ (ਜ਼ਿਲ੍ਹਾ ਬਠਿੰਡਾ) ਪੀ.ਆਰ.ਟੀ.ਸੀ. ਵਿੱਚ ਕਮਿਸ਼ਨ ਆਧਾਰ ‘ਤੇ ਬੱਸਾਂ ਦੀ ਬੁਕਿੰਗ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੰਜ ਦਿਨਾਂ ਦੇ ਚੈਕ ਕੀਤੇ ਗਏ ਰਿਕਾਰਡ ਅਨੁਸਾਰ ਕੁੱਲ 3,32,281 ਰੁਪਏ ਦੀਆਂ ਟਿਕਟਾਂ ਦੋਵਾਂ ਬੁੱਕਰਾਂ ਵੱਲੋਂ ਸਵਾਰੀਆਂ ਨੂੰ ਜਾਰੀ ਕੀਤੀਆਂ ਗਈਆਂ ਪਰ ਟਿਕਟਾਂ ਦਾ ਬਣਦਾ ਕੈਸ਼ ਬਠਿੰਡਾ ਡਿਪੂ ਵਿੱਚ ਜਮ੍ਹਾਂ ਨਹੀਂ ਕਰਵਾਇਆ ਗਿਆ।
ਮੰਤਰੀ ਨੇ ਦੱਸਿਆ ਕਿ ਦੋਵਾਂ ਐਡਵਾਂਸ ਬੁੱਕਰਾਂ ਵੱਲੋਂ ਬਠਿੰਡਾ ਡਿਪੂ ਤੋਂ ਇਲਾਵਾ ਪੀ.ਆਰ.ਟੀ.ਸੀ. ਦੇ ਹੋਰਨਾਂ ਡਿਪੂਆਂ ਦੀਆਂ ਬੱਸਾਂ ਦੀ ਬੁਕਿੰਗ ਵੀ ਕੀਤੀ ਹੋ ਸਕਦੀ ਹੈ। ਇਸ ਲਈ ਪੀ.ਆਰ.ਟੀ.ਸੀ. ਦੇ ਬਠਿੰਡਾ ਡਿਪੂ ਤੋਂ 1 ਅਪ੍ਰੈਲ, 2021 ਤੋਂ ਲੈ ਕੇ 20 ਮਈ, 2022 ਤੱਕ ਹੋਈ ਐਡਵਾਂਸ ਟਿਕਟ ਬੁਕਿੰਗ ਦੀ ਘੋਖ ਕਰਨ ਲਈ ਜਾਂਚ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ, ਜੋ ਇਹ ਵੀ ਪਤਾ ਲਗਾਉਣਗੀਆਂ ਕਿ ਇਸ ਗ਼ੈਰ-ਕਾਨੂੰਨੀ ਧੰਦੇ ਵਿੱਚ ਕਿਹੜੇ-ਕਿਹੜੇ ਮੁਲਾਜ਼ਮ ਸ਼ਾਮਲ ਹਨ। ਇਸ ਦੇ ਨਾਲ-ਨਾਲ ਸਮੂਹ ਡਿਪੂਆਂ ਤੋਂ ਵੀ 1 ਅਪ੍ਰੈਲ, 2021 ਤੋਂ 20 ਮਈ, 2022 ਤੱਕ ਦੋਸ਼ੀ ਮੁਲਾਜ਼ਮਾਂ ਦੀਆਂ ਟਿਕਟ ਮਸ਼ੀਨਾਂ ਰਾਹੀਂ ਜਾਰੀ ਕੀਤੀਆਂ ਗਈਆਂ ਟਿਕਟਾਂ ਦਾ ਰਿਕਾਰਡ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੇ ਆਦੇਸ਼ਾਂ ‘ਤੇ ਪੀ.ਆਰ.ਟੀ.ਸੀ. ਦੇ ਪਟਿਆਲਾ, ਚੰਡੀਗੜ੍ਹ, ਬਠਿੰਡਾ, ਫ਼ਰੀਦਕੋਟ, ਸੰਗਰੂਰ, ਬਰਨਾਲਾ, ਬੁਢਲਾਡਾ, ਲੁਧਿਆਣਾ ਅਤੇ ਕਪੂਰਥਲਾ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਲਿਖਿਆ ਗਿਆ ਹੈ ਕਿ ਉਹ ਐਡਵਾਂਸ ਬੁਕਿੰਗ ਏਜੰਟਾਂ ਵੱਲੋਂ ਪੀ.ਆਰ.ਟੀ.ਸੀ. ਦੀਆਂ ਬੱਸਾਂ ਦੀ ਕੀਤੀ ਜਾਂਦੀ ਐਡਵਾਂਸ ਬੁਕਿੰਗ ਦਾ ਮਿਲਾਨ ਕਰਨਾ ਯਕੀਨੀ ਬਣਾਉਣ। ਇਸੇ ਤਰ੍ਹਾਂ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਮੁੱਖ ਦਫ਼ਤਰ ਪੱਧਰ ‘ਤੇ ਆਪਰੇਸ਼ਨ ਸਾਖਾ ਵਿਖੇ ਵੀ ਐਡਵਾਂਸ ਬੁੱਕਰਾਂ ਵੱਲੋਂ ਪੀ.ਆਰ.ਟੀ.ਸੀ. ਦੇ ਵੱਖ-ਵੱਖ ਡਿਪੂਆਂ ਦੀਆਂ ਬੱਸਾਂ ਦੀ ਕੀਤੀ ਗਈ ਬੁਕਿੰਗ ਦਾ ਮਿਲਾਨ ਹਰ ਮਹੀਨੇ ਦੀ 10 ਤਰੀਕ ਨੂੰ ਕਰਨਾ ਯਕੀਨੀ ਬਣਾਇਆ ਜਾਵੇ।
ਪੰਜਾਬ ਸਰਕਾਰ ਵੱਲੋਂ ਜੁਲਾਈ ਤੋਂ ਇਕ ਵਾਰ ਵਰਤੋਂ ਵਿੱਚ ਆਉਣ ਵਾਲੀ ਪਲਾਸਟਿਕ ‘ਤੇ ਪਾਬੰਦੀ ਲਾਉਣ ਦਾ ਐਲਾਨ
‘ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਨ ਪੁਰਸਕਾਰ’ ਮੌਜੂਦਾ ਸਾਲ ਤੋਂ ਸ਼ੁਰੂ ਹੋਵੇਗਾ
ਅਤਿ-ਆਧੁਨਿਕ 55 ਐਸ.ਟੀ.ਪੀਜ਼ ਜਲਦੀ ਹੀ ਸਥਾਪਤ ਕੀਤੇ ਜਾਣਗੇ
ਸੁਖਜਿੰਦਰ ਮਾਨ
ਚੰਡੀਗੜ੍ਹ, 5 ਜੂਨ-ਸੂਬੇ ਨੂੰ ਹਰਿਆ-ਭਰਿਆ ਅਤੇ ਸਿਹਤਮੰਦ ਬਣਾਉਣ ਲਈ ਕਾਰਬਨ ਨਿਕਾਸੀ ਨੂੰ ਘਟਾਉਣ ਵਾਸਤੇ ਪੰਜਾਬ ਸਰਕਾਰ ਨੇ ਅੱਜ ਆਉਂਦੇ ਜੁਲਾਈ ਮਹੀਨੇ ਤੋਂ ਇਕ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਿਟਕ (ਸਿੰਗਲ ਯੂਜ਼ ਪਲਾਸਟਿਕ) ‘ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ।ਵਿਸ਼ਵ ਵਾਤਾਵਰਣ ਦਿਵਸ-2022 ਨੂੰ ਮਨਾਉਣ ਲਈ ਵਰਚੁਅਲ ਤੌਰ ’ਤੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਦੇ ਸਕੱਤਰ ਰਾਹੁਲ ਤਿਵਾੜੀ ਨੇ ਸੂਬੇ ਵਿੱਚ ਵਾਤਾਵਰਣ ਦੀ ਸੁਰੱਖਿਆ ਲਈ ਸੂਬਾ ਸਰਕਾਰ ਦੇ ਫੈਸਲੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਅਤੇ ਸਿਹਤਮੰਦ ਬਣਾਉਣ ਲਈ ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ ਲਾਈ ਜਾਵੇਗੀ। ਰਾਹੁਲ ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਮਹਾਨ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਪੰਜਾਬ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਪੂਰਨ ਤੌਰ ਉਤੇ ਵਚਨਬੱਧ ਹੈ।
ਸੂਬਾ ਭਰ ਵਿੱਚ 55 ਐਸ.ਟੀ.ਪੀਜ਼ ਸਥਾਪਤ ਕਰਨ ਦਾ ਐਲਾਨ ਕਰਦਿਆਂ ਸਕੱਤਰ ਨੇ ਦੱਸਿਆ ਕਿ ਇਹ ਅਤਿ-ਆਧੁਨਿਕ ਪਲਾਂਟ ਜਲ ਪ੍ਰਦੂਸ਼ਣ ਦੇ ਪੱਧਰ ਨੂੰ ਕੁਝ ਹੱਦ ਤੱਕ ਘਟਾਉਣ ਦੇ ਨਾਲ-ਨਾਲ ਸੋਧੇ ਹੋਏ ਪਾਣੀ ਦੀ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਲਈ ਵਰਤੋਂ ਕਰਨਗੇ। ਜੈਵਿਕ ਬਾਲਣ ਅਧਾਰਿਤ ਉਦਯੋਗਿਕ ਇਕਾਈਆਂ ਨੂੰ ਕੁਦਰਤੀ ਗੈਸ ਅਧਾਰਿਤ ਯੂਨਿਟਾਂ ਵਿੱਚ ਤਬਦੀਲ ਕਰਨ ਲਈ ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਉਦਯੋਗਿਕ ਇਕਾਈਆਂ ਵਿੱਚ ਅਤਿ ਆਧੁਨਿਕ ਮੀਟਰ ਲਗਾ ਕੇ ਉਦਯੋਗਿਕ ਇਕਾਈਆਂ ਦੀ ਆਨਲਾਈਨ ਨਿਗਰਾਨੀ ਸ਼ੁਰੂ ਕੀਤੀ ਹੈ ਅਤੇ ਨਾਲ ਹੀ ਇਸ ਦੀ ਜਾਂਚ ਕਰਨ ਲਈ ਆਨਲਾਈਨ ਨਿਗਰਾਨੀ ਸਟੇਸ਼ਨ ਵੀ ਸ਼ੁਰੂ ਕੀਤੇ ਹਨ ਤਾਂ ਕਿ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਦਾ ਪੱਧਰ ਘਟਾਇਆ ਜਾ ਸਕੇ। ਰਾਹੁਲ ਤਿਵਾੜੀ ਨੇ ਦੱਸਿਆ ਕਿ ਇਸ ਸਾਲ 1.20 ਕਰੋੜ ਬੂਟੇ ਲਗਾਉਣ ਦਾ ਟੀਚਾ ਤੈਅ ਕੀਤਾ ਹੈ ਅਤੇ ਕਾਰਬਨ ਨਿਕਾਸੀ ਨੂੰ ਘਟਾਉਣ ਲਈ ‘ਕਲਾਈਮੇਟ ਐਕਸ਼ਨ ਪਲਾਨ 2.0’ ਤਿਆਰ ਹੈ।
ਇਕ ਹੋਰ ਪਹਿਲਕਦਮੀ ਵਿੱਚ ਸਕੱਤਰ ਨੇ ਵਾਤਾਵਰਨ ਦੀ ਰਾਖੀ ਅਤੇ ਸੂਬੇ ਦੇ ਬਹੁਮੁੱਲੇ ਕੁਦਰਤੀ ਵਸੀਲਿਆਂ ਦੀ ਸੰਭਾਲ ਵਿੱਚ ਸ਼ਾਨਦਾਰ ਯੋਗਦਾਨ ਲਈ ਮੌਜੂਦਾ ਵਰ੍ਹੇ ਤੋਂ ‘ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਨ ਪੁਰਸਕਾਰ’ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਵਿਅਕਤੀਆਂ/ਸੰਸਥਾਵਾਂ ਵੱਲੋਂ ਕੀਤੀ ਗਈ ਬੇਮਿਸਾਲ ਮਿਹਨਤ ਦਾ ਸਨਮਾਨ ਹੋਵੇਗਾ। ਰਾਹੁਲ ਤਿਵਾੜੀ ਨੇ ਕਿਹਾ ਕਿ ਇਹ ਐਵਾਰਡ ਧਰਤੀ ਦੇ ਮਹਾਨ ਸਪੁੱਤਰ ਅਤੇ ਮਹਾਨ ਸ਼ਹੀਦ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇਗਾ, ਜਿਨ੍ਹਾਂ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ।
ਇਸ ਮੌਕੇ ਸਕੱਤਰ ਨੇ 50 ਐਮ.ਐਲ.ਡੀ. ਦੀ ਸਮਰੱਥਾ ਵਾਲਾ ਐਫਲੂਐਂਟ ਟਰੀਟਮੈਂਟ ਪਲਾਂਟ (ਸੀ.ਈ.ਟੀ.ਪੀ.), ਲੁਧਿਆਣਾ ਅਤੇ ਕਪੂਰਥਲਾ ਵਿਖੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਸਥਾਪਤ ਤੰਦਰੁਸਤ ਪੰਜਾਬ ਮਿਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਿਖਾਉਣ ਲਈ ਗੈਲਰੀ ਨੂੰ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਪੰਜਾਬ ਜੀਵ-ਵਿਭਿੰਨਤਾ ਬੋਰਡ ਅਤੇ ਪੰਜਾਬ ਰਾਜ ਵਿਗਿਆਨ ਤੇ ਤਕਨਾਲੋਜੀ ਕੌਂਸਲ ਵੱਲੋਂ ਸਾਂਝੇ ਤੌਰ ’ਤੇ ਪ੍ਰਕਾਸ਼ਿਤ ਕੌਫੀ ਟੇਬਲ ਬੁੱਕ ‘ਥ੍ਰੈਟਨਡ ਫਲੋਰਾ ਐਂਡ ਫੌਨਾ ਆਫ ਪੰਜਾਬ’ ਵੀ ਜਾਰੀ ਕੀਤੀ। ਮਿਸ਼ਨ ਤੰਦਰੁਸਤ ਪੰਜਾਬ ਦੀ ਸੁਸਾਇਟੀ ਵੱਲੋਂ ਤਿਆਰ ਵਿੱਤੀ ਸਾਲ 2022-23 ਲਈ ਮਿਸ਼ਨ ਤੰਦਰੁਸਤ ਪੰਜਾਬ ਕਾਰਜ ਯੋਜਨਾ ਅਤੇ ਵਿਦਿਆਰਥੀ ਗਤੀਵਿਧੀ ਬਾਰੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੁਆਰਾ ਜਲਵਾਯੂ ਤਬਦੀਲੀ ਸਬੰਧੀ ਤਿਆਰ ਕੀਤੀ ਪੁਸਤਕ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਾਤਾਵਰਨ ਐਕਟ, ਨਿਯਮਾਂ ਅਤੇ ਨਿਯਮਾਂ ਬਾਰੇ ਤਿਆਰੀ ਕੀਤੀ ਸੰਖੇਪ ਸੂਚਨਾ ਨੂੰ ਵੀ ਜਾਰੀ ਕੀਤਾ ਗਿਆ ਹੈ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਡਾ. ਆਦਰਸ਼ ਪਾਲ ਵਿੱਗ ਤੇ ਮੈਂਬਰ ਸਕੱਤਰ ਇੰਜੀਨੀਅਰ ਕਰੁਨੇਸ਼ ਗਰਗ, ਵਾਤਾਵਰਨ ਅਤੇ ਜਲਵਾਯੂ ਬਦਲਾਅ ਦੇ ਡਾਇਰੈਕਟਰ ਡਾ. ਮਨੀਸ਼ ਕੁਮਾਰ, ਪੁਸ਼ਪਾ ਗੁਜਰਾਲ ਸਾਇੰਸ ਯੂਨੀਵਰਸਿਟੀ, ਕਪੂਰਥਲਾ ਦੇ ਡਾਇਰੈਕਟਰ ਜਨਰਲ ਡਾ. ਨੀਲਿਮਾ ਜੀਰਥ, ਪੰਜਾਬ ਰਾਜ ਵਿਗਿਆਨ ਤੇ ਤਕਨਾਲੋਜੀ ਕੌਂਸਲ ਦੇ ਪ੍ਰਬੰਧਕੀ ਡਾਇਰੈਕਟਰ ਡਾ. ਜੇ.ਕੇ. ਅਰੋੜਾ ਅਤੇ ਮਿਸ਼ਨ ਤੰਦਰਪਸਤ ਪੰਜਾਬ ਦੇ ਨੋਡਲ ਅਫਸਰ ਗੁਰਹਰਮਿੰਦਰ ਸਿੰਘ ਤੇ ਹੋਰ ਹਾਜ਼ਰ ਸਨ
ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਬਠਿੰਡਾ ਦੀ ਸੈਂਟਰਲ ਜੇਲ੍ਹ ਦਾ ਅਚਨਚੇਤ ਕੀਤਾ ਦੌਰਾ
ਕਿਹਾ, ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਜਲਦ ਹੋਣਗੀਆਂ ਮੋਬਾਇਲ ਫ਼ਰੀ
ਸੈਂਟਰਲ ਜੇਲ੍ਹ ਗੋਬਿੰਦਪੁਰਾ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜਾ
ਸੁਖਜਿੰਦਰ ਮਾਨ
ਬਠਿੰਡਾ, 4 ਜੂਨ : ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਨੂੰ ਬਹੁਤ ਜਲਦ ਹੀ ਮੋਬਾਇਲ ਫ਼ਰੀ ਕੀਤਾ ਜਾਵੇਗਾ। ਇਨ੍ਹਾਂ ਗੱਲ੍ਹਾ ਦਾ ਪ੍ਰਗਟਾਵਾਂ ਕਾਨੂੰਨੀ ਤੇ ਵਿਧਾਨਿਕ ਮਾਮਲੇ ਖਾਣਾਂ ਅਤੇ ਭੂ-ਵਿਗਿਆਨ, ਜੇਲ੍ਹਾਂ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਕੈਬਨਿਟ ਮੰਤਰੀ ਸ. ਹਰਜੋਤ ਬੈਂਸ ਨੇ ਸੈਂਟਰਲ ਜੇਲ੍ਹ (ਗੋਬਿੰਦਪੁਰਾ) ਦਾ ਦੌਰਾ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੈਂਟਰਲ ਜੇਲ੍ਹ ਦੇ ਸੁਪਰਡੰਟ ਸ਼੍ਰੀ ਐਨਡੀ ਨੇਗੀ ਤੇ ਡਿਪਟੀ ਜੇਲ੍ਹ ਸੁਪਰਡੰਟ ਸ਼੍ਰੀ ਭੁਪਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਆਪਣੇ ਅਚਨਚੇਤੀ ਦੌਰੇ ਦੌਰਾਨ ਕੈਬਨਿਟ ਮੰਤਰੀ ਸ. ਹਰਜੋਤ ਬੈਂਸ ਨੇ ਲਗਭਗ 4 ਘੰਟੇ ਸੈਂਟਰਲ ਜੇਲ੍ਹ ਅੰਦਰ ਰਹਿ ਕੇ ਬਰੀਕੀ ਨਾਲ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਜੇਲ੍ਹ ਪ੍ਰਬੰਧਾਂ ਅਤੇ ਬੈਰਕਾਂ ਦੀ ਬਾਰੀਕੀ ਨਾਲ ਜਾਇਜ਼ਾ ਵੀ ਲਿਆ। ਜਾਇਜ਼ੇ ਦੌਰਾਨ ਉਨ੍ਹਾਂ ਨੂੰ ਜੇਲ੍ਹ ਅੰਦਰੋਂ ਕਿਸੇ ਵੀ ਤਰ੍ਹਾਂ ਦੀ ਕੋਈ ਇਤਰਾਜ਼ਯੋਗ ਸਮੱਗਰੀ ਅਤੇ ਕੋਈ ਵੀ ਮੋਬਾਇਲ ਫੋਨ ਪ੍ਰਾਪਤ ਨਹੀਂ ਹੋਇਆ।
ਇਸ ਮੌਕੇ ਕਾਨੂੰਨੀ ਤੇ ਵਿਧਾਨਿਕ ਮਾਮਲੇ ਖਾਣਾਂ ਅਤੇ ਭੂ-ਵਿਗਿਆਨ, ਜੇਲ੍ਹਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਕੈਬਨਿਟ ਮੰਤਰੀ ਸ. ਹਰਜੋਤ ਬੈਂਸ ਨੂੰ ਸੈਂਟਰਲ ਜੇਲ੍ਹ ਅੰਦਰ ਕਈ ਛੋਟੀਆਂ-ਮੋਟੀਆਂ ਕਮੀਆਂ ਨਜ਼ਰ ਆਈਆਂ। ਇਸ ਦੌਰਾਨ ਉਨ੍ਹਾਂ ਮੌਕੇ ਤੇ ਹੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਇਨ੍ਹਾਂ ਕਮੀਆਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਇਹ ਵੀ ਸਖ਼ਤ ਹਦਾਇਤ ਕੀਤੀ ਕਿ ਜੇਲ੍ਹ ਅੰਦਰ ਕਿਸੇ ਵੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਕੋਈ ਵੀ ਅਧਿਕਾਰੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ 295 ਵਿਦਿਆਰਥੀਆਂ ਨੇ ਪ੍ਰਮੁੱਖ ਉਦਯੋਗਾਂ ਦਾ ਦੌਰਾ ਕੀਤਾ
ਸਿਖਲਾਈ ਅਤੇ ਪਲੇਸਮੈਂਟ ਵਿਭਾਗ ਵਲੋਂ ਪੈਪਸੀਕੋ ਹੋਲਡਿੰਗਜ਼ ਇੰਡੀਆ ਪ੍ਰਾਈਵੇਟ ਲਿਮਟਿਡ, ਟ੍ਰਾਈਡੈਂਟ ਗਰੁੱਪ, ਜਿੰਦਲ ਸਟੈਨਲੇਸ ਲਿਮਟਿਡ ਦੇ ਵਿਦਿਆਰਥੀਆਂ ਦੇ ਦੌਰੇ ਦਾ ਆਯੋਜਨ…
ਸੁਖਜਿੰਦਰ ਮਾਨ
ਬਠਿੰਡਾ, 4 ਜੂਨ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਟ੍ਰੇਨਿੰਗ ਅਤੇ ਪਲੇਸਮੈਂਟ (ਟੀ ਐਂਡ ਪੀ) ਵਿਭਾਗ ਨੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਲਈ ਮਹੀਨਾਵਾਰ ਉਦਯੋਗਿਕ ਦੌਰੇ ਜਾਰੀ ਰੱਖੇ। ਮਈ ਦੇ ਮਹੀਨੇ ਵਿੱਚ ਵਿਭਾਗ ਨੇ ਪ੍ਰਮੁੱਖ ਉਦਯੋਗਾਂ ਵਿੱਚ ਵਿਦਿਆਰਥੀਆਂ ਲਈ ਉਦਯੋਗਿਕ ਦੌਰਿਆਂ ਦਾ ਆਯੋਜਨ ਕੀਤਾ।
ਜਾਣਕਾਰੀ ਸਾਂਝੀ ਕਰਦਿਆਂ ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਦੱਸਿਆ ਕਿ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਦੇ ਲਗਾਤਾਰ ਯਤਨਾਂ ਸਦਕਾ ਮਈ ਮਹੀਨੇ ਵਿੱਚ ਕੁੱਲ 295 ਵਿਦਿਆਰਥੀ ਐਮ.ਐਸ.ਸੀ. ਫੂਡ ਸਾਇੰਸ ਐਂਡ ਟੈਕਨਾਲੋਜੀ, ਐਮ.ਐਸ.ਸੀ.- ਭੌਤਿਕ ਵਿਗਿਆਨ, ਬੀ.ਐਸ.ਸੀ. ਅਤੇ ਐਮ.ਐਸ.ਸੀ.- ਅਪਲਾਈਡ ਮੈਥ, ਬੀ.ਆਰਕੀਟੈਕਚਰ, ਬੀ.ਟੈਕ- ਮਕੈਨੀਕਲ ਇੰਜੀਨੀਅਰਿੰਗ, ਐਮ.ਬੀ.ਏ. ਅਤੇ ਬੀ.ਬੀ.ਏ. ਨੇ ਪੈਪਸੀਕੋ ਹੋਲਡਿੰਗਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦਾ ਦੌਰਾ ਕੀਤਾ। ਜਿੰਦਲ ਸਟੇਨਲੈਸ ਲਿਮਟਿਡ, ਟ੍ਰਾਈਡੈਂਟ ਗਰੁੱਪ ਪਲਾਂਟ ਬਰਨਾਲਾ ਅਤੇ ਪੰਜਾਬ ਵਿਧਾਨ ਸਭਾ ਅਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਵਿਦਿਅਕ ਦੌਰਾ ਵੀ ਆਯੋਜਿਤ ਕੀਤਾ ਗਿਆ| ਉਹਨਾਂ ਅੱਗੇ ਕਿਹਾ ਉਦਯੋਗਿਕ ਵਿਜ਼ਿਟ ਵਿਦਿਆਰਥੀਆਂ ਨੂੰ ਉਦਯੋਗਾਂ ਦੇ ਕੰਮ ਕਰਨ ਦਾ ਤਜਰਬਾ ਪ੍ਰਦਾਨ ਕਰਦਾ ਹੈ ਅਤੇ ਟੀ ਐਂਡ ਪੀ ਵਿਭਾਗ ਵੱਖ-ਵੱਖ ਲਾਭਕਾਰੀ ਉਦਯੋਗਾਂ ਨਾਲ ਹੱਥ ਮਿਲਾਉਂਦਾ ਹੈ ।
ਯੂਨੀਵਰਸਿਟੀ ਸਿਖਲਾਈ ਅਤੇ ਪਲੇਸਮੈਂਟ ਡਾਇਰੈਕਟਰ, ਸ਼੍ਰੀ ਹਰਜੋਤ ਸਿੰਘ ਸਿੱਧੂ ਨੇ ਕਿਹਾ, ‘ਉਦਯੋਗਿਕ ਵਿਜ਼ਿਟ ਅਸਲ ਕੰਮਕਾਜੀ ਮਾਹੌਲ ਦੀ ਸਮਝ ਪ੍ਰਦਾਨ ਕਰਦੀ ਹੈ। ਇਹ ਚੀਜ਼ਾਂ ਦੀ ਯੋਜਨਾ ਬਣਾਉਣ, ਸੰਗਠਿਤ ਕਰਨ ਅਤੇ ਸ਼ਾਮਲ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਹ ਵਿਦਿਆਰਥੀਆਂ ਨੂੰ ਮਾਹਿਰਾਂ ਨਾਲ ਗੱਲਬਾਤ ਕਰਨ ਦਾ ਵਧੀਆ ਮੌਕਾ ਪ੍ਰਦਾਨ ਕਰਦਾ ਹੈ। ਯੂਨੀਵਰਸਿਟੀ ਆਪਣੇ ਸ਼ਾਖਾ ਵਿਸ਼ੇਸ਼ ਖੇਤਰਾਂ ਵਿੱਚ ਵਿਦਿਆਰਥੀਆਂ ਲਈ ਨਿਯਮਤ ਉਦਯੋਗਿਕ ਦੌਰਿਆਂ ‘ਤੇ ਧਿਆਨ ਕੇਂਦਰਤ ਕਰ ਰਹੀ ਹੈ ਜਿਵੇਂ ਕਿ ਫੂਡ ਸਾਇੰਸ ਲਈ ਮੁਲਾਕਾਤਾਂ ਐਫ.ਐਮ.ਸੀ.ਜੀ. ਕੰਪਨੀਆਂ ਵਿੱਚ ਹਨ ਜਿਵੇਂ ਕਿ ਪੈਪਸੀਕੋ, ਟੈਕਸਟਾਈਲ ਲਈ ਟ੍ਰਾਈਡੈਂਟ, ਮਕੈਨੀਕਲ ਇੰਜੀਨੀਅਰਾਂ ਲਈ ਜਿੰਦਲ ਸਟੇਨਲੈੱਸ, ਬੀ.ਆਰਕੀਟੈਕਚਰ ਦੇ ਵਿਦਿਆਰਥੀਆਂ ਲਈ ਵਿਧਾਨ ਸਭਾ ਦਾ ਦੌਰਾ ਅਤੇ ਹੋਰ ਬਹੁਤ ਕੁਝ। ਹਰੇਕ ਉਦਯੋਗ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀ ਵਿਦਿਆਰਥੀਆਂ ਨੂੰ ਆਪੋ-ਆਪਣੇ ਉਦਯੋਗਾਂ ਵਿੱਚ ਕੀਤੀਆਂ ਜਾਣ ਵਾਲੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਚੰਗੀ ਤਰ੍ਹਾਂ ਸਮਝਾਉਂਦੇ ਹਨ।
ਡਾਇਰੈਕਟਰ ਹਰਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਭਵਿੱਖ ਲਈ ਸਾਡੇ ਵਿਭਾਗ ਨੇ ਪ੍ਰਮੁੱਖ ਉਦਯੋਗਾਂ ਜਿਵੇਂ ਕਿ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਰਾਜਪੁਰਾ, ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼, ਪ੍ਰੀਤ ਟਰੈਕਟਰਜ਼, ਸੋਨਾਲੀਕਾ ਟਰੈਕਟਰਜ਼ ਨਾਲ ਉਦਯੋਗਿਕ ਦੌਰੇ ਕੀਤੇ ਹਨ। ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਗੁਰਿੰਦਰਪਾਲ ਸਿੰਘ ਬਰਾੜ ਨੇ ਕਿਹਾ, ‘ਵਿਦਿਆਰਥੀ ਲਈ ਉਦਯੋਗਿਕ ਦੌਰਾ ਸਿੱਖਣ ਦਾ ਅਹਿਮ ਹਿੱਸਾ ਹੈ ਅਤੇ ਸਾਡੀ ਯੂਨੀਵਰਸਿਟੀ ਇਸ ਨੂੰ ਵਧੀਆ ਤਰੀਕੇ ਨਾਲ ਲਾਗੂ ਕਰ ਰਹੀ ਹੈ। ਕੈਂਪਸ ਡਾਇਰੈਕਟਰ, ਜੀ.ਜ਼ੈਡ.ਐਸ.ਸੀ.ਈ.ਟੀ. ਡਾ. ਸੰਜੀਵ ਅਗਰਵਾਲ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਉਦਯੋਗਿਕ ਦੌਰਿਆਂ ਦੇ ਉੱਦਮ ਦੀ ਸ਼ਲਾਘਾ ਕੀਤੀ।
ਸਿਹਤਮੰਦ ਰਹਿਣ ਲਈ ਹਰ-ਰੋਜ਼ ਸਾਇਕਲਿੰਗ ਤੇ ਸੈਰ ਕਰਨੀ ਜ਼ਰੂਰੀ : ਕੁਲਤਾਰ ਸਿੰਘ ਸੰਧਵਾਂ
ਵਿਸ਼ਵ ਸਾਈਕਲ ਤੇ ਵਾਤਾਵਰਣ ਦਿਵਸ ਦੇ ਮੱਦੇਨਜ਼ਰ ਸਕੂਲੀ ਵਿਦਿਆਰਥੀਆਂ ਨੂੰ ਵੰਡੇ ਸਾਈਕਲ
ਸੁਖਜਿੰਦਰ ਮਾਨ
ਬਠਿੰਡਾ, 4 ਜੂਨ : ਸਾਨੂੰ ਸਾਰਿਆਂ ਨੂੰ ਸਿਹਤਮੰਦ ਰਹਿਣ ਲਈ ਹਰ-ਰੋਜ਼ ਸਾਇਕਲਿੰਗ ਤੇ ਸੈਰ ਕਰਨੀ ਚਾਹੀਦੀ ਹੈ। ਸਾਈਕਲ ਦੀ ਵਰਤੋਂ ਕਰਨ ਨਾਲ ਜਿੱਥੇ ਸਾਡਾ ਵਾਤਾਵਰਣ ਸਾਫ਼-ਸੁਥਰਾ ਰਹਿੰਦਾ ਹੈ ਉੱਥੇ ਹੀ ਰੋਜ਼ਾਨਾ ਸੈਂਕੜੇ ਲੀਟਰ ਪੈਟਰੋਲ ਦੀ ਖਪਤ ਵੀ ਘੱਟ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਜੌਗਰ ਪਾਰਕ ਵਿਖੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਸਾਈਕਲ ਵੰਡਣ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਬਠਿੰਡਾ ਸ਼ਹਿਰੀ ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਬਠਿੰਡਾ ਸਾਈਕਲ ਗਰੁੱਪ ਦੇ ਪ੍ਰਧਾਨ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਸਾਈਕਲ ਬਠਿੰਡਾ ਸਾਈਕਲ ਗਰੁੱਪ ਵਲੋਂ ਸਥਾਨਕ ਸਰਕਾਰੀ ਕੰਨਿਆ ਸਕੂਲ (ਮਾਲ ਰੋਡ) ਤੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ 8ਵੀਂ ਤੇ 9ਵੀਂ ਜਮਾਤ ਦੇ ਲੋੜਵੰਦ ਤੇ ਹੋਣਹਾਰ 10 ਬੱਚਿਆਂ ਨੂੰ ਸਾਈਕਲ ਦਿੱਤੇ ਗਏ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੱਖ-ਵੱਖ ਸਕੂਲਾਂ ਦੇ ਮਿਹਨਤੀ ਅਤੇ ਲੋੜਵੰਦ ਬੱਚਿਆਂ ਨੂੰ 60 ਸਾਈਕਲ ਬਠਿੰਡਾ ਸਾਈਕਲ ਗਰੁੱਪ ਵਲੋਂ ਦਿੱਤੇ ਜਾ ਚੁੱਕੇ ਹਨ।
ਇਸ ਦੌਰਾਨ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ 3 ਜੂਨ 2022 ਨੂੰ ਵਿਸ਼ਵ ਭਰ ਚ ਮਨਾਏ ਵਿਸ਼ਵ ਸਾਈਕਲ ਦਿਵਸ ਤੇ 5 ਜੂਨ ਨੂੰ ਮਨਾਏ ਜਾਣ ਵਾਲੇ ਵਾਤਾਵਰਣ ਵਿਸ਼ਵ ਦੇ ਮੱਦੇਨਜ਼ਰ ਸਾਈਕਲਿੰਗ ਦੀ ਬਹੁਤ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੇ ਦੌਰਾਨ ਲੋਕ ਆਪਣੇ ਘਰਾਂ ਵਿੱਚ ਹੀ ਰਹੇ ਅਤੇ ਉਨ੍ਹਾਂ ਦੀ ਸਿਹਤ ਵੀ ਪ੍ਰਭਾਵਿਤ ਹੋਈ। ਉਨ੍ਹਾਂ ਨੌਜਵਾਨ ਵਰਗ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸਾਈਕਲਿੰਗ ਕਰਨ ਦੇ ਨਾਲ ਜਿੱਥੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਉੱਥੇ ਹੀ ਉਹ ਸਿਹਤਮੰਦ ਤੇ ਤੰਦਰੁਸਤ ਮਹਿਸੂਸ ਕਰਨਗੇ।ਇਸ ਮੌਕੇ ਐਸਡੀਐਮ ਬਠਿੰਡਾ ਮੈਡਮ ਇਨਾਯਤ, ਆਮ ਆਦਮੀ ਪਾਰਟੀ (ਆਪ) ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਨੀਲ ਗਰਗ ਤੋਂ ਇਲਾਵਾ ਸਾਈਕਲ ਬਠਿੰਡਾ ਸਾਈਕਲ ਗਰੁੱਪ ਨੁਮਇੰਦੇ ਤੇ ਸਾਈਕਲ ਪ੍ਰੇਮੀ ਆਦਿ ਹਾਜ਼ਰ ਸਨ।
ਪੀ.ਐਸ.ਪੀ.ਸੀ.ਐਲ. ਨੇ ਮੋਹਾਲੀ ਸਰਕਲ ਵਿੱਚ ਬਿਜਲੀ ਚੋਰੀ ਵਿਰੁੱਧ ਕੱਸਿਆ ਸ਼ਿਕੰਜਾ
92 ਖ਼ਪਤਕਾਰਾਂ ਨੂੰ ਬਿਜਲੀ ਚੋਰੀ ਕਰਨ ਲਈ ਲਗਾਇਆ 59.11 ਲੱਖ ਰੁਪਏ ਦਾ ਜੁਰਮਾਨਾ
ਬਿਜਲੀ ਮੰਤਰੀ ਵੱਲੋਂ ਖਪਤਕਾਰਾਂ ਨੂੰ ਬਿਜਲੀ ਦੀ ਚੋਰੀ ਸਬੰਧੀ ਸ਼ਿਕਾਇਤ ਦਰਜ ਕਰਾਉਣ ਦੀ ਅਪੀਲ
ਸੁਖਜਿੰਦਰ ਮਾਨ
ਚੰਡੀਗੜ, 5 ਜੂਨ:ਬਿਜਲੀ ਦੀ ਚੋਰੀ ਦੀਆਂ ਸ਼ਿਕਾਇਤਾਂ ਵਿਰੁੱਧ ਸਖਤੀ ਨਾਲ ਨਜਿੱਠਦਿਆਂ ਪੀ.ਐਸ.ਪੀ.ਸੀ.ਐਲ. ਦੀਆਂ ਟੀਮਾਂ ਵੱਲੋਂ ਮੋਹਾਲੀ ਸਰਕਲ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਪੇਮਾਰੀ ਕਰਕੇ ਬਿਜਲੀ ਚੋਰੀ ਅਤੇ ਅਣਅਧਿਕਾਰਤ ਵਰਤੋਂ ਦੇ ਦੋਸ਼ ਹੇਠ 92 ਖਪਤਕਾਰਾਂ ਨੂੰ 59.11 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਇੱਥੋਂ ਜਾਰੀ ਪ੍ਰੈਸ ਬਿਆਨ ਵਿੱਚ ਸੂਬੇ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਐਤਵਾਰ ਨੂੰ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੀਆਂ ਟੀਮਾਂ ਨੇ ਜੀਰਕਪੁਰ ਅਤੇ ਬਨੂੜ ਸਬ-ਡਵੀਜਨਾਂ ਅਧੀਨ ਪੈਂਦੇ ਕੰਡਾਲਾ, ਨਰਾਇਣਗੜ, ਢਕੌਲੀ, ਥੂਹਾ ਆਦਿ ਸਮੇਤ ਵੱਖ-ਵੱਖ ਪਿੰਡਾਂ ਵਿੱਚ ਛਾਪੇਮਾਰੀ ਕੀਤੀ। ਉਨਾਂ ਦੱਸਿਆ ਕਿ ਵੱਖ-ਵੱਖ ਟੀਮਾਂ ਵੱਲੋਂ ਬਿਜਲੀ ਚੋਰੀ ਦੇ 16 ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਇਸ ਸਮੁੱਚੀ ਕਵਾਇਦ ਦੌਰਾਨ ਬਿਜਲੀ ਦੀ ਅਣਅਧਿਕਾਰਤ ਵਰਤੋਂ ਦੇ 4 ਕੇਸ ਵੀ ਸਾਹਮਣੇ ਆਏ ਅਤੇ ਉਲੰਘਣਾ ਕਰਨ ਵਾਲੇ ਅਜਿਹੇ ਖਪਤਕਾਰਾਂ ਨੂੰ 16.67 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਮੋਹਾਲੀ ਡਵੀਜਨ ਦੇ ਪਿੰਡ ਝਾਮਪੁਰ ਅਤੇ ਸੈਕਟਰ 123 ਵਿੱਚ ਵੀ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਬਿਜਲੀ ਚੋਰੀ ਅਤੇ ਅਣਅਧਿਕਾਰਤ ਵਰਤੋਂ ਦੇ 29 ਕੇਸ ਦਰਜ ਕੀਤੇ ਗਏ ਅਤੇ ਨਾਲ ਹੀ 21.44 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਉਨਾਂ ਕਿਹਾ, “ਕੁਝ ਬਿਜਲੀ ਦੇ ਮੀਟਰ ਸੱਕੀ ਪਾਏ ਗਏ ਹਨ ਅਤੇ ਇਨਾਂ ਟੀਮਾਂ ਨੇ ਉਨਾਂ ਨੂੰ ਮੌਕੇ ‘ਤੇ ਸੀਲ ਕਰ ਦਿੱਤਾ ਹੈ ਅਤੇ ਅਗਲੇਰੀ ਅਤੇ ਜਰੂਰੀ ਜਾਂਚ ਲਈ ਲੈਬ ਭੇਜ ਦਿੱਤਾ ਗਿਆ ਹੈ।
ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸ. ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਲਾਲੜੂ ਡਵੀਜਨ ਅਧੀਨ ਪੈਂਦੇ ਪਿੰਡ ਸਰਸੀਣੀ, ਤੋਗਾਪੁਰ, ਲਾਲੜੂ, ਲਾਲੜੂ ਮੰਡੀ ਅਤੇ ਧੰਗੇੜਾ ਵਿਖੇ ਚੈਕਿੰਗ ਦੌਰਾਨ ਬਿਜਲੀ ਚੋਰੀ ਦੇ 19 ਮਾਮਲੇ ਅਤੇ ਅਣਅਧਿਕਾਰਤ ਬਿਜਲੀ ਦੀ ਵਰਤੋਂ ਦੇ 24 ਮਾਮਲੇ ਦਰਜ ਕੀਤੇ ਗਏ ਅਤੇ ਪੀ.ਐਸ.ਪੀ.ਸੀ.ਐਲ. ਨੇ ਇਨਾਂ ਖਪਤਕਾਰਾਂ ਨੂੰ 21 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਜਲੀ ਚੋਰੀ ਨੂੰ ਠੱਲ ਪਾਉਣ ਲਈ ਵਚਨਬੱਧ ਹੈ ਅਤੇ ਪੀ.ਐਸ.ਪੀ.ਸੀ.ਐਲ. ਨੂੰ ਦਾਗੀ ਖਪਤਕਾਰਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਸਪੱਸ਼ਟ ਹਦਾਇਤਾਂ ਹਨ। ਉਨਾਂ ਦੱਸਿਆ ਕਿ ਇਨਫੋਰਸਮੈਂਟ ਅਤੇ ਡਿਸਟ੍ਰੀਬਿਊਸ਼ਨ ਵਿੰਗ ਦੀਆਂ ਟੀਮਾਂ ਪੀ.ਐਸ.ਪੀ.ਸੀ.ਐਲ ਦੇ ਸਾਰੇ ਜੋਨਾਂ ਵਿੱਚ ਲਗਾਤਾਰ ਚੈਕਿੰਗ ਕਰ ਰਹੀਆਂ ਹਨ ਅਤੇ ਸਖਤ ਕਾਰਵਾਈ ਕਰਨ ਤੋਂ ਇਲਾਵਾ ਭਾਰੀ ਜੁਰਮਾਨੇ ਵੀ ਕੀਤੇ ਜਾ ਰਹੇ ਹਨ।
ਸ. ਹਰਭਜਨ ਸਿੰਘ ਈ.ਟੀ.ਓ ਨੇ ਸਮੂਹ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਦੇ ਖਤਰੇ ਨੂੰ ਕਾਬੂ ਕਰਨ ਲਈ ਅੱਗੇ ਆਉਣ। ਖਪਤਕਾਰ ਵਟਸਐਪ ਨੰਬਰ 96461-75770 ‘ਤੇ ਅਸਲ ਜਾਣਕਾਰੀ ਦੇ ਕੇ ਚੋਰੀ ਦੇ ਵਿਰੁੱਧ ਮੁਹਿੰਮ ਵਿੱਚ ਯੋਗਦਾਨ ਪਾ ਸਕਦੇ ਹਨ। ਹੈ। ਉਨਾਂ ਭਰੋਸਾ ਦਿੱਤਾ ਕਿ ਸ਼ਿਕਾਇਤ ਕਰਤਾ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਆਉਣ ਵਾਲੀਆਂ ਪੀੜ੍ਹੀਆਂ ਦੇ ਖੁਸ਼ਗਵਾਰ ਭਵਿੱਖ ਲਈ ਰੁੱਖ ਲਗਾਓ : ਡਿਪਟੀ ਕਮਿਸ਼ਨਰ
ਕਿਹਾ, ਰੁੱਖ ਸਕੂਲ, ਧਾਰਮਿਕ, ਸਾਂਝੀਆਂ ਅਤੇ ਖਾਲੀ ਪਈਆਂ ਥਾਵਾਂ ਤੇ ਜਾ ਸਕਦੇ ਹਨ ਲਗਾਏ
ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 5 ਜੂਨ : ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਖੁਸ਼ਗਵਾਰ ਭਵਿੱਖ ਲਈ ਰੁੱਖ ਲਗਾਉਣ ਅਤਿ ਜ਼ਰੂਰੀ ਹਨ। ਰੁੱਖ ਲਗਾਉਣ ਦਾ ਢੁੱਕਵਾਂ ਸਮਾਂ ਭਾਵੇਂ ਬਰਸਾਤ ਦੌਰਾਨ ਅਤੇ ਪਤਝੜ ਉਪਰੰਤ ਹੈ ਪਰ ਇਹ ਕਦੇ ਵੀ ਅਤੇ ਕਿਤੇ ਵੀ ਲਗਾਏ ਜਾ ਸਕਦੇ ਹਨ। ਜ਼ਰੂਰੀ ਨਹੀਂ ਕਿ ਆਪਣੀ ਹੀ ਥਾਂ ਹੋਵੇ, ਇਹ ਸਕੂਲ, ਧਾਰਮਿਕ, ਸਾਂਝੀਆਂ ਅਤੇ ਖਾਲੀ ਪਈਆਂ ਥਾਵਾਂ, ਨਹਿਰਾਂ-ਟੋਭੇ, ਪਹੀਆਂ-ਸੜਕਾਂ ਦੇ ਕਿਨਾਰੇ ਕਿਤੇ ਵੀ ਲਗਾਏ ਜਾ ਸਕਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ਵ ਵਾਤਾਵਰਣ ਨੂੰ ਸਮਰਪਿਤ ਪੌਦੇ ਲਗਾਉਣ ਉਪਰੰਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸਾਨੂੰ ਆਪਣਾ ਆਲਾ-ਦੁਆਲਾ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਕਰਨਾ ਲਈ ਹਰ ਸੰਭਵ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਕਿਸਮ ਦਾ ਹੱਥੀ ਲਗਾ ਕੇ ਸਿਰੇ ਚੜ੍ਹਾਇਆ ਬੂਟਾ ਕਿੰਨੀ ਅੰਤਰੀਵੀ ਖੁਸ਼ੀ ਪ੍ਰਦਾਨ ਕਰਦਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿਰਫ਼ ਰੁੱਖ ਲਗਾਉਣਾ ਨਹੀਂ ਇਨ੍ਹਾਂ ਨੂੰ ਸਾਂਭਣਾ ਵੀ ਸਾਡਾ ਸਾਰਿਆ ਦਾ ਨਿੱਜੀ ਫ਼ਰਜ਼ ਹੈ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਵਾਤਾਵਰਣ ਦਿਵਸ ਦੇ ਨਾਲ-ਨਾਲ ਸਵੱਛ ਵਾਤਾਵਰਣ ਤੇ ਮਜ਼ਬੂਤ ਲੋਕਤੰਤਰ ਵੱਲ ਵੱਧਦੇ ਕਦਮ ਦੇ ਮੱਦੇਨਜ਼ਰ ਈਵੀਐਮ ਮਸ਼ੀਨਾਂ ਦੇ ਵੇਅਰ ਹਾਊਸ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਤੋਂ ਇਲਾਵਾ ਤਹਿਸੀਲਦਾਰ ਚੋਣਾਂ ਸ਼੍ਰੀ ਗੁਰਚਰਨ ਸਿੰਘ, ਸ਼੍ਰੀ ਪਰਮਜੀਤ ਸਿੰਘ, ਸ਼੍ਰੀ ਦੀਪਕ ਬਾਂਸਲ ਅਤੇ ਵਿਸ਼ਵਦੀਪ ਆਦਿ ਹਾਜ਼ਰ ਸਨ।
ਭਾਜਪਾ ’ਚ ਸ਼ਾਮਲ ਹੋਣ ਵਾਲੇ ਕਾਂਗਰਸ ਦੇ ਸਾਬਕਾ ਮੰਤਰੀ ਮੌਕਾ ਪ੍ਰਸਤ: ‘ਆਪ’
ਭਾਜਪਾ ਨੇ ਕਾਂਗਰਸ ਦਾ ‘ਕਚਰਾ’ ਲਿਆ, ਭਾਗਵਾ ਪਾਰਟੀ ਦਾ ਦੋਹਰਾ ਚਿਹਰਾ ਹੋਇਆ ਨੰਗਾ: ਮਲਵਿੰਦਰ ਸਿੰਘ ਕੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 5 ਜੂਨ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਏ ਕਾਂਗਰਸ ਦੇ ਸਾਬਕਾ ਚਾਰ ਮੰਤਰੀਆਂ ਦੀ ਤਿੱਖੀ ਅਲੋਚਨਾ ਕਰਦਿਆਂ ਉਨ੍ਹਾਂ ਨੂੰ ‘ਮੌਕਾ ਪ੍ਰਸਤ’ ਅਤੇ ‘ਵਿਕਾਊ ਆਗੂ’ ਕਰਾਰ ਦਿੱਤਾ ਹੈ। ਇਹ ਪ੍ਰਗਟਾਵਾ ਕਰਦਿਆਂ ‘ਆਪ’ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਦੋਸ਼ ਲਾਇਆ ਕਿ ਭਾਜਪਾ ’ਚ ਸ਼ਾਮਲ ਹੋਣ ਵਾਲੇ ਸਾਬਕਾ ਮੰਤਰੀ ਭ੍ਰਿਸ਼ਟਾਚਾਰ ’ਚ ਸ਼ਾਮਲ ਹਨ ਅਤੇ ਇਨ੍ਹਾਂ ਮੰਤਰੀਆਂ ਨੇ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਤੋਂ ਬਚਣ ਲਈ ਭਗਵਾ ਪਾਰਟੀ ’ਚ ਸ਼ਰਣ ਲਈ ਹੈ।
ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਕਿਹਾ, ‘‘ਭਾਜਪਾ ਨੇ ਕਾਂਗਰਸ ਦਾ ਕਚਰਾ ਲਿਆ ਹੈ, ਜਿਸ ਨਾਲ ਭਗਵਾ ਪਾਰਟੀ ਦਾ ਦੋਹਰਾ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ।’’ ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ ਅਤੇ ਸੁੰਦਰ ਸ਼ਾਮ ਅਰੋੜਾ ਬੀਤੇ ਕੱਲ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮੌਜ਼ੂਦਗੀ ’ਚ ਭਾਗਵਾ ਪਾਰਟੀ ਵਿੱਚ ਸ਼ਾਮਲ ਹੋਏ ਸਨ।
ਮਲਵਿੰਦਰ ਸਿੰਘ ਕੰਗ ਨੇ ਭਾਜਪਾ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਸੂਬੇ ’ਚ ਨਸ਼ਾ ਮਾਫੀਆ ਅਤੇ ਰੇਤ ਮਾਫੀਆ ਰਾਹੀਂ ਪੰਜਾਬ ਦੇ ਸਾਧਨਾਂ ਅਤੇ ਨੌਜਵਾਨਾਂ ਨੂੰ ਬਰਬਾਦ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਭਾਗਵਾ ਪਾਰਟੀ ਨੇ ਆਪਣੇ ਰਾਜਨੀਤਿਕ ਲਾਭ ਲਈ ਸੁਰੱਖਿਆ ਪ੍ਰਦਾਨ ਕੀਤੀ ਹੈ ਅਤੇ ਇਨ੍ਹਾਂ ਦਾ ਪਾਰਟੀ ’ਚ ਸ਼ਾਨਦਾਰ ਸਵਾਗਤ ਕੀਤਾ ਹੈ। ਕੰਗ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭ੍ਰਿਸ਼ਟਾਚਾਰੀ, ਕਾਇਰ ਅਤੇ ਪੰਜਾਬ ਨਾਲ ਗਦਾਰੀ ਕਰਨ ਵਾਲੇ ਆਗੂਆਂ ਦੀ ਹਰ ਤਰ੍ਹਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਆਗੂਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਕੰਗ ਨੇ ਦੱਸਿਆ ਕਿ ਕਰੋਨਾ ਕਾਲ ਦੌਰਾਨ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਨਿੱਜੀ ਦਵਾਈ ਕੰਪਨੀਆਂ ਨੂੰ ਕੋਵਿਡ 19 ਦੀਆਂ ਟੈਸਟਿੰਗ ਕਿੱਟਾਂ ਦੇ ਠੇਕੇ ਦੇਣ ’ਚ ਕਥਿਤ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲੱਗੇ ਸਨ। ਇਸੇ ਤਰ੍ਹਾਂ ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਸਿੰਘ ਕਾਂਗੜ ਅਤੇ ਰਾਜ ਕੁਮਾਰ ਵੇਰਕਾ ਨੂੰ ਮੰਤਰੀ ਰਹਿੰਦਿਆਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਵੇਰਕਾ ਨੇ ਇੱਕ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਨੂੰ ਕਮਜ਼ੋਰ ਕਰਨ ਵਾਲਾ, ਦਲਿਤ ਅਤੇ ਕਿਸਾਨ ਵਿਰੋਧੀ ਗਰਦਾਨਿਆ ਸੀ।
‘ਆਪ’ ਆਗੂ ਨੇ ਦੋਸ਼ ਲਾਇਆ ਕਿ ਸਾਬਕਾ ਕਾਂਗਰਸੀ ਆਗੂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨ ਰਹੇ ਹਨ ਅਤੇ ਕਥਿਤ ਤੌਰ ’ਤੇ ਆਪਣੇ ਕਾਰਜਕਾਲ ਦੌਰਾਨ ਕੀਤੀਆਂ ਵੱਖ ਵੱਖ ਗੈਰ ਕਾਨੂੰਨੀ ਕਾਰਵਾਈਆਂ ਵਿੱਚ ਉਲਝੇ ਹੋਏ ਹਨ। ਭਾਜਪਾ ਆਗੂਆਂ ਨੇ ਵੀ ਇਨ੍ਹਾਂ ਕਾਂਗਰਸੀ ਆਗੂਆਂ ਨੂੰ ਪੰਜਾਬ ਦਾ ਭਵਿੱਖ ਬਰਬਾਦ ਕਰਨ ਲਈ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਕੀਤਾ ਕਿ ਕਾਂਗਰਸ ਦੇ ਭ੍ਰਿਸ਼ਟ ਆਗੂ ਹੁਣ ਭਾਜਪਾ ਲਈ ਇਮਾਨਦਾਰ, ਸੱਚੇ ਅਤੇ ਭਰੋਸੇਮੰਦ ਹੋ ਗਏ ਹਨ? ਕੰਗ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਪ੍ਰਤੀ ਪ੍ਰਤੀਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਮਾਨ ਸਰਕਾਰ ਪੰਜਾਬ ਦੀ ਭਲਾਈ ਲਈ ਕੰਮ ਕਰਨਾ ਬੰਦ ਨਹੀਂ ਕਰੇਗੀ। ਭ੍ਰਿਸ਼ਟਾਚਾਰ ਅਤੇ ਪੰਜਾਬ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਲੋਕਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਣ ਦੀ ਤਿਆਰੀ, ਚਾਰ ਸਾਬਕਾ ਮੰਤਰੀਆਂ ਸਹਿਤ ਵੱਡੇ ਚਿਹਰੇ ਹੋਣਗੇ ਭਾਜਪਾ ਚ ਸ਼ਾਮਲ
ਅਮਿਤ ਸ਼ਾਹ ਚੰਡੀਗਡ਼੍ਹ ਚ ਕਰਵਾਉਣਗੇ ਸ਼ਮੂਲੀਅਤ
ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਵੀ ਹੋਣਗੇ ਭਾਜਪਾ ਸ਼ਾਮਲ
ਸੁਖਜਿੰਦਰ ਮਾਨ
ਚੰਡੀਗੜ੍ਹ, 4 ਜੂਨ: ਪਿਛਲੀਆਂ ਵਿਧਾਨ ਸਭਾ ਚੋਣਾਂ ਚ ਵੱਡੀ ਹਾਰ ਦਾ ਸਾਹਮਣਾ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਅੱਜ ਹੋਰ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਪਾਰਟੀ ਦੇ ਚਾਰ ਸਾਬਕਾ ਮੰਤਰੀਆਂ ਸਹਿਤ ਕਈ ਸਾਬਕਾ ਵਿਧਾਇਕ ਅਤੇ ਹੋਰ ਦਿੱਗਜ ਆਗੂ ਪਾਰਟੀ ਛੱਡ ਭਾਜਪਾ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਹਨ, ਜਿਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਵਿੱਚ ਜੀ ਆਇਆਂ ਆਖਣਗੇ। ਸੂਤਰਾਂ ਮੁਤਾਬਕ ਭਾਜਪਾ ਵਿੱਚ ਸਮੂਲੀਅਤ ਕਰਨ ਜਾ ਰਹੇ ਆਗੂਆਂ ਦੀ ਲਿਸਟ ਵਿੱਚ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ ਤੇ ਸ਼ਾਮ ਸੁੰਦਰ ਅਰੋੜਾ ਤੋਂ ਇਲਾਵਾ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਤੇ ਅਮਰੀਕ ਸਿੰਘ ਸਮਰਾਲਾ ਅਤੇ ਬਠਿੰਡਾ ਜਿਲ੍ਹੇ ਦੇ ਸਾਬਕਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ ਆਦਿ ਦੇ ਨਾਮ ਸਾਮਲ ਹਨ। ਇੰਨਾਂ ਸਾਬਕਾ ਮੰਤਰੀਆਂ ਤੇ ਆਗੂਆਂ ਵਲੋਂ ਅੱਜ ਚੰਡੀਗੜ੍ਹ ਵਿੱਚ ਭਾਜਪਾ ਆਗੂ ਸੁਨੀਲ ਜਾਖਡ਼ ਅਤੇ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਸਿੰਗਲਾ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਭਾਜਪਾ ‘ਚ ਸ਼ਾਮਲ ਹੋਣ ਜਾ ਰਹੇ ਹਨ। ਗੌਰਤਲਬ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਢੀਂਡਸਾ ਧੜੇ ਨਾਲ ਮਿਲ ਕੇ ਚੋਣਾਂ ਲੜਨ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਬੇਸ਼ੱਕ ਜ਼ਿਆਦਾ ਸਫ਼ਲਤਾ ਹਾਸਲ ਨਹੀਂ ਹੋਈ ਪ੍ਰੰਤੂ ਹੁਣ ਉਸ ਦੀ ਅੱਖ 2022 ਦੀਆਂ ਲੋਕ ਸਭਾ ਚੋਣਾਂ ‘ਤੇ ਹੈ ਜਿਸ ਦੇ ਚਲਦੇ ਉਹ ਆਪਣੇ ਪਰਿਵਾਰ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਕਤ ਸਾਬਕਾ ਮੰਤਰੀਆਂ ਦੀ ਸੰਭਾਵੀ ਭਾਜਪਾ ਵਿੱਚ ਸ਼ਮੂਲੀਅਤ ਦੇ ਮੁੱਦੇ ਤੇ ਟਿੱਪਣੀ ਕਰਦਿਆਂ ਦਾਅਵਾ ਕੀਤਾ ਕਿ ਇਸ ਦੇ ਨਾਲ ਨੁਕਸਾਨ ਨਹੀਂ ਬਲਕਿ ਫ਼ਾਇਦਾ ਹੋਵੇਗਾ ਕਿਉਂਕਿ ਹੁਣ ਨਵੇਂ ਲੋਕਾਂ ਨੂੰ ਇਨ੍ਹਾਂ ਹਲਕਿਆਂ ਵਿੱਚ ਅੱਗੇ ਆਉਣ ਦਾ ਮੌਕਾ ਮਿਲੇਗਾ।






