Tuesday, May 12, 2026
Home Blog Page 2509

ਭਿ੍ਰਸ਼ਟਾਚਾਰ ਦੇ ਦੋਸ਼ਾਂ ਹੇਠ ਪੁਲਿਸ ਦੇ ਐਸ.ਪੀ ਤੇ ਉਸਦੇ ਰੀਡਰ ਵਿਰੁਧ ਪਰਚਾ ਦਰਜ਼

0

ਸੁਖਜਿੰਦਰ ਮਾਨ
ਸੰਗਰੂਰ, 10 ਮਈ : ਜ਼ਿਲ੍ਹਾ ਪੁਲਿਸ ਨੇ ਅਪਣੇ ਹੀ ਐਸ.ਪੀ ਕਰਨਵੀਰ ਸਿੰਘ ਤੇ ਉਸਦੇ ਰੀਡਰ ਦਵਿੰਦਰ ਸਿੰਘ ਵਿਰੂਧ 7 ਭਿ੍ਰਸਟਾਚਾਰ ਰੋਕੂ ਐਕਟ 2018 ਤਹਿਤ ਥਾਣਾ ਸਿਟੀ-1 ਸੰਗਰੂਰ ਵਿਖੇ ਪਰਚਾ ਦਰਜ਼ ਕੀਤਾ ਹੈ। ਇੰਨ੍ਹਾਂ ਦੋਨਾਂ ਪੁਲਿਸ ਅਧਿਕਾਰੀਆਂ ਵਿਰੁਧ 3 ਲੱਖ ਰੁਪਏ ਦੀ ਰਿਸਵਤ ਲੈਣ ਦੇ ਦੋਸ ਲੱਗੇ ਹਨ। ਪੁਲਿਸ ਨੇ ਥਾਣੇਦਾਰ ਦਵਿੰਦਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਹੈ ਜਦੋਂਕਿ ਐਸ.ਪੀ ਫ਼ਰਾਰ ਹੋ ਗਿਆ ਹੈ। ਇਸ ਮਾਮਲੇ ਵਿਚ ਸਿਕਾਇਤ ਮਹਿੰਗਾ ਸਿੰਘ ਅਤੇ ਉਸਦੇ ਸਾਥੀਆਂ ਵਿਰੁਧ ਥਾਣਾ ਖਨੌਰੀ ‘ਚ ਮੁਕੱਦਮਾ ਨੰਬਰ 16 ਮਿਤੀ 27.2.2022 ਨੂੰ ਧਾਰਾ 302, 120 ਬੀ, 148 ਤੇ 149 ਆਈ ਪੀ ਸੀ ਦਰਜ ਹੋਇਆ ਸੀ। ਇਸ ਮਾਮਲੇ ਦੀ ਜਾਂਚ ਦਾ ਜਿੰਮਾ ਐੱਸ ਪੀ ਸੰਗਰੂਰ ਕਰਨਵੀਰ ਸਿੰਘ ਨੂੰ ਸੋਂਪਿਆ ਗਿਆ ਸੀ। ਪ੍ਰੰਤੂ ਉਕਤ ਪੁਲਿਸ ਅਧਿਕਾਰੀ ਨੇ ਇਨਸਾਫ਼ ਦੇਣ ਦੀ ਬਜਾਏ ਆਪਣੇ ਰੀਡਰ ਦਵਿੰਦਰ ਸਿੰਘ ਰਾਹੀਂ ਉਕਤ ਵਿਅਕਤੀਆਂ ਕੋਲੋ ਸਾਢੇ 3 ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸਦੇ ਬਦਲੇ ਤਿੰਨ ਲੱਖ ਰੁਪਏ ਦੇ ਦਿੱਤੇ। ਜਿਹੜੇ ਰੀਡਰ ਮੁਤਾਬਕ ਅੱਗੇ ਐਸ.ਪੀ ਕੋਲ ਚਲੇ ਗਏ। ਬਾਅਦ ਵਿਚ ਕੇਸ ਉਨ੍ਹਾਂ ਦੇ ਹੱਕ ਵਿਚ ਨਹੀਂ ਹੋਇਆ ਤਾਂ ਉਨ੍ਹਾਂ ਸਿਕਾਇਤ ਦਿੱਤੀ ਤੇ ਪੜਤਾਲ ਤੋਂ ਬਾਅਦ ਇਹ ਕੇਸ ਦਰਜ਼ ਕੀਤਾ ਗਿਆ।

ਬਿਜਲੀ ਮੰਤਰੀ ਨੇ ਝੋਨੇ ਦੀ ਲਵਾਈ ਲਈ ਲੋੜੀਂਦੀ ਬਿਜਲੀ ਸਪਲਾਈ ਯਕੀਨੀ ਬਣਾਈ

0

ਕਿਹਾ, ਪਾਵਰ ਪਲਾਂਟਾਂ ਲਈ ਕੋਲੇ ਦੀ ਢੁੱਕਵੀਂ ਸਪਲਾਈ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹਰ ਸੰਭਵ ਕੋਸ਼ਿਸ਼
ਕਿਸਾਨੀ ਮਸਲਿਆਂ ਨੂੰ ਹੱਲ ਕਰਨ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਕੀਤੀ ਮੁਲਾਕਾਤ
ਕਿਸਾਨਾਂ ਨੂੰ ਝੋਨੇ ਦੀ ਜ਼ੋਨ ਵਾਰ ਲਵਾਈ ਦਾ ਫਾਰਮੂਲਾ ਅਪਨਾਉਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਈ: ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਸਪੱਸ਼ਟ ਕੀਤਾ ਕਿ ਭਾਵੇਂ ਦੇਸ਼ ਬਿਜਲੀ ਦੀ ਗੰਭੀਰ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਬਿਜਲੀ ਸਪਲਾਈ ਦੇ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਅਸੀਂ ਝੋਨੇ ਦੀ ਲਵਾਈ ਦੇ ਸੀਜ਼ਨ ਲਈ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਦੌਰਾਨ ਝੋਨੇ ਦੀ ਪੜਾਅਵਾਰ ਲਵਾਈ ਸਬੰਧੀ ਸੁਝਾਏ ਗਏ ਫਾਰਮੂਲੇ ਨੂੰ ਅਪਣਾਉਣ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਫਾਰਮੂਲੇ ਨੂੰ ਅਪਣਾਉਣ ਨਾਲ ਬਿਜਲੀ ਦੀ ਕਿੱਲਤ ਤੋਂ ਇਲਾਵਾ ਮਜ਼ਦੂਰਾਂ ਅਤੇ ਖਾਦ ਦੀ ਘਾਟ ਵਰਗੇ ਹੋਰ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਸ ਸਬੰਧੀ ਕੋਈ ਸ਼ਿਕਵਾ ਹੈ ਤਾਂ ਅਸੀਂ ਸੁਖਾਵੇਂ ਹੱਲ ਲਈ ਕਮੇਟੀ ਬਣਾਉਣ ਵਾਸਤੇ ਤਿਆਰ ਹਾਂ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੀ ਰਵਾਇਤੀ ਪ੍ਰਣਾਲੀ ਨੂੰ ਛੱਡ ਕੇ ਸਿੱਧੀ ਬਿਜਾਈ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਜੇਕਰ ਕਿਸਾਨ ਖੇਤੀ ਮਾਹਿਰਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਗੇ ਤਾਂ ਸਿੱਧੀ ਬਿਜਾਈ ਨਾਲ ਝਾੜ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪਹਿਲਾਂ ਹੀ ਸਾਰੇ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ ਅਤੇ ਇਹ ਸਹੂਲਤ 1 ਜੁਲਾਈ ਤੋਂ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਮੁਲਾਜ਼ਮਾਂ ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੰਤਰੀ ਨੇ ਕਿਹਾ ਕਿ ਅਪ੍ਰੈਲ 2022 ਦੇ ਮਹੀਨੇ ਦੌਰਾਨ, ਪੀ.ਐਸ.ਪੀ.ਸੀ.ਐਲ ਨੇ 49,117 ਐਲਯੂ (ਔਸਤ ਮੰਗ 6822 ਮੈਗਾਵਾਟ) ਦੀ ਸਪਲਾਈ ਕੀਤੀ ਹੈ ਜੋ ਕਿ ਅਪ੍ਰੈਲ 2021 ਦੌਰਾਨ ਕੀਤੀ ਗਈ 37,168 ਐਲਯੂ ਸਪਲਾਈ (ਔਸਤ ਮੰਗ 5162 ਮੈਗਾਵਾਟ) ਨਾਲੋਂ 32 ਫੀਸਦ ਵੱਧ ਹੈ। ਇਸੇ ਤਰ੍ਹਾਂ ਮਈ 2021 ਦੌਰਾਨ ਕੀਤੀ ਗਈ 1325 ਐਲਯੂ (ਔਸਤ ਮੰਗ 6467 ਮੈਗਾਵਾਟ ) ਸਪਲਾਈ ਦੇ ਮੁਕਾਬਲੇ 9 ਮਈ, 2022 ਤੱਕ 1802 ਐਲਯੂ (ਔਸਤ ਮੰਗ 8932 ਮੈਗਾਵਾਟ ) ਦੀ ਸਪਲਾਈ ਕੀਤੀ ਗਈ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 36 ਫੀਸਦ ਵੱਧ ਹਨ। ਪਿਛਲੇ ਸਾਲ ਦਰਜ ਕੀਤੀ ਗਈ 6791 ਮੈਗਾਵਾਟ ਮੰਗ ਦੇ ਮੁਕਾਬਲੇ ਮਈ 2022 ਦੌਰਾਨ 9 ਮਈ, 2022 ਤੱਕ 9441 ਮੈਗਾਵਾਟ ਦੀ ਪੀਕ ਡਿਮਾਂਡ ਦਰਜ ਕੀਤੀ ਗਈ ਹੈ।
ਇਸ ਮੌਕੇ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਕਮਰਸ਼ੀਅਲ ਪੀ.ਐਸ.ਪੀ.ਸੀ.ਐਲ. ਬਲਦੇਵ ਸ਼ਰਮਾ, ਡਾਇਰੈਕਟਰ ਜਨਰੇਸ਼ਨ ਪਰਮਜੀਤ ਸਿੰਘ, ਡਾਇਰੈਕਟਰ ਡਿਸਟ੍ਰੀਬਿਊਸ਼ਨ ਡੀ.ਪੀ.ਐਸ.ਗਰੇਵਾਲ, ਸਕੱਤਰ ਖੇਤੀਬਾੜੀ ਦਿਲਰਾਜ ਸਿੰਘ ਸੰਧਾਵਾਲੀਆ, ਵਿਸ਼ੇਸ਼ ਸਕੱਤਰ ਜਲ ਸਪਲਾਈ ਪਰਮਪਾਲ ਕੌਰ, ਵਧੀਕ ਸਕੱਤਰ ਮਾਲ ਕੈਪਟਨ ਕਰਨੈਲ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਦਰਸ਼ਨ ਪਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਸਖਜਿੰਦਰ ਸਿੰਘ ਖੋਸਾ ਹਾਜ਼ਰ ਸਨ।

ਵਪਾਰ ਅਤੇ ਸਨਅਤ ਨੂੰ ਹੁਲਾਰਾ ਦੇ ਕੇ ਪੰਜਾਬ ਦੀ ਡਾਵਾਂਡੋਲ ਆਰਥਿਕਤਾ ਨੂੰ ਮੁੜ ਲੀਹ ’ਤੇ ਪਾਵਾਂਗੇ: ਹਰਪਾਲ ਚੀਮਾ

0

ਵਿੱਤ ਮੰਤਰੀ ਵਲੋਂ ਜਨਤਾ ਬਜਟ ਲਈ ਕਾਰੋਬਾਰੀਆਂ ਨਾਲ ਅਹਿਮ ਵਿਚਾਰਾਂ
ਜਨਤਾ ਬਜਟ ਲਈ ਆਇਆ ਹਰ ਸੁਝਾਅ ਸਿਰ ਮੱਥੇ
ਸੁਖਜਿੰਦਰ ਮਾਨ
ਅੰਮਿ੍ਤਸਰ, 10 ਮਈ: ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਚੀਮਾ ਨੇ ਅੰਮਿ੍ਤਸਰ ਵਿਖੇ ਇਲਾਕੇ ਦੇ ਵਪਾਰੀਆਂ, ਸਨਅਤਕਾਰਾਂ ਅਤੇ ਹੋਰ ਕਾਰੋਬਾਰੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਦਯੋਗ ਅਤੇ ਵਪਾਰ ਨੂੰ ਉਤਸ਼ਾਹਿਤ ਕੀਤੇ ਬਿਨ੍ਹਾਂ ਸੂਬੇ ਦੀ ਤਰੱਕੀ ਸੰਭਵ ਨਹੀਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਾਡੀ ਸਰਕਾਰ ਉਦਯੋਗਾਂ ਨੂੰ ਹੁਲਾਰਾ ਦੇ ਕੇ ਸੂਬੇ ਦੀ ਡਾਵਾਂਡੋਲ ਆਰਥਿਕ ਹਾਲਤ ਨੂੰ ਮੁੜ ਮਜਬੂਤ ਕਰਕੇ ਲੀਹ ’ਤੇ ਪਾਵੇਗੀ।
ਜਨਤਾ ਬਜਟ ਸਬੰਧੀ ਅਹਿਮ ਵਿਚਾਰਾਂ ਕਰਨ ਪੁੱਜੇ ਵਿੱਤ, ਕਰ ਤੇ ਆਬਕਾਰੀ ਅਤੇ ਸਹਿਕਾਰਤਾ ਮੰਤਰੀ ਹਰਪਾਲ ਚੀਮਾ ਦਾ ਅੰਮਿ੍ਤਸਰ ਅਤੇ ਤਰਨਤਾਰਨ ਤੋਂ ਆਏ ਉਦਯੋਗਪਤੀਆਂ ਅਤੇ ਵਪਾਰੀਆਂ ਨੇ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਜਟ ਬਣਾਉਣ ਲਈ ਹਰ ਇਕ ਤਬਕੇ ਦੇ ਸੁਝਾਅ ਮੰਗਣਾ ਇਤਿਹਾਸਿਕ ਫ਼ੈਸਲੇ ਦੇ ਨਾਲ-ਨਾਲ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਰਾਹੀਂ ਸੂਬੇ ਦੇ ਲੋਕ ਜਨਤਾ ਬਜਟ ਵਿੱਚ ਭਾਈਵਾਲ ਬਣਨਗੇ। ਵਿੱਤ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਉਦਯੋਗਾਂ ਨਾਲ ਜੁੜੇ ਨੁਮਾਇੰਦਿਆਂ ਵਲੋਂ ਦਿੱਤੇ ਸੁਝਾਵਾਂ ਨੂੰ ਗਹੁ ਨਾਲ ਸੁਣਦਿਆਂ ਕਿਹਾ ਕਿ ਜਨਤਾ ਬਜਟ ਲਈ ਹਰ ਇਕ ਵਿਅਕਤੀ ਦੇ ਸੁਝਾਅ ਨੂੰ ਪੂਰੀ ਸੁਹਿਰਦਤਾ ਤੇ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਜਿਸ ਉਪਰੰਤ ਉਸ ’ਤੇ ਢੁਕਵਾਂ ਫ਼ੈਸਲਾ ਲੈ ਕੇ ਲੋਕਾਂ ਦੀ ਰਾਇ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।
ਸੂਬੇ ਦੇ ਵਿਕਾਸ, ਤਰੱਕੀ ਅਤੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਉਦਯੋਗਾਂ ਨੂੰ ਰੀੜ ਦੀ ਹੱਡੀ ਦਸਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਵਲੋਂ ਉਠਾਏ ਗਏ ਵੱਖ-ਵੱਖ ਮਸਲਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੂਰੀ ਸ਼ਿੱਦਤ ਨਾਲ ਵਿਚਾਰ ਕੇ ਆਉਂਦੇ ਸਮੇਂ ਵਿੱਚ ਬਣਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਕਿਸੇ ਵੀ ਸਰਕਾਰ ਨੇ ਉਦਯੋਗਾਂ ਦੀ ਬਾਤ ਨਹੀਂ ਪੁੱਛੀ ਅਤੇ ਉਦਯੋਗਾਂ ਲਈ ਲੋੜੀਂਦੇ ਬੁਨਿਆਦੀ ਢਾਂਚੇ ਫੋਕਲ ਪੁਆਇੰਟ ਆਦਿ ਦੀ ਵੀ ਸਾਰ ਨਹੀਂ ਲਈ । ਉਨ੍ਹਾਂ ਨੇ ਭਰੋਸਾ ਦੁਆਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਨਤਾ ਬਜਟ ਵਿੱਚ ਲੋਕ ਮਸਲਿਆਂ ਨੂੰ ਪੂਰੀ ਤਰਜੀਹ ਦਿੱਤੀ ਜਾਵੇਗੀ ਅਤੇ ਹੁਣ ਉਦਯੋਗਾਂ ਨੂੰ ਬੜਾਵਾ ਦੇ ਕੇ ਸੂਬੇ ਵਿੱਚ ਆਰਥਿਕਤਾ ਦੀ ਮਜਬੂਤੀ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾਣਗੇ।
‘ਜਨਤਾ ਬਜਟ’ ਸਬੰਧੀ ਹਰਪਾਲ ਚੀਮਾ ਨੇ ਕਿਹਾ ਕਿ ਲੋਕ ਆਪੋ-ਆਪਣੇ ਸੁਝਾਅ ਲਿਖਤ ਰੂਪ ਵਿੱਚ ਪੰਜਾਬ ਸਰਕਾਰ ਵਲੋਂ ਜਾਰੀ ਪੋਰਟਲ ਅਤੇ finance.punjab.gov.in ਜਾਂ punjabdabudget0gmail.com ’ਤੇ ਭੇਜਣ ਦੇ ਨਾਲ-ਨਾਲ ਆਪਣੇ ਹਲਕੇ ਦੇ ਵਿਧਾਇਕ ਜਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸੁਝਾਅ ਲੈਣ ਲਈ ਪੰਜਾਬ ਭਰ ਵਿੱਚ ਵੀ ਜਾ ਰਹੇ ਹਨ ਤਾਂ ਜੋ ਲੋਕਾਂ ਨਾਲ ਸਿੱਧਾ ਰਾਬਤਾ ਕਰਕੇ ਇਕ ਲੋਕ ਪੱਖੀ ਬਜਟ ਤਿਆਰ ਕੀਤਾ ਜਾ ਸਕੇ।
ਇਸ ਮੌਕੇ ਸ੍ਰੀ ਪਿਆਰੇ ਲਾਲ ਸੇਠ, ਸ੍ੀ ਕਿ੍ਸ਼ਨ ਕੁਮਾਰ ਕੁੱਕੂ, ਸ੍ੀ ਅਰਵਿੰਦਰਪਾਲ ਸਿੰਘ, ਸੰਦੀਪ ਖੋਸਲਾ, ਕਮਲ ਡਾਲਮੀਆ, ਰੰਜਨ ਅਗਰਵਾਲ, ਮੁਕੇਸ਼ ਨੰਦਾ, ਸੁਰਿੰਦਰ ਸਿੰਘ, ਜਤਿੰਦਰਪਾਲ ਸਿੰਘ,ਸੁਰਿੰਦਰ ਦੁੱਗਲ ਆਦਿ ਨੇ ਵੀ ਆਪੋ-ਆਪਣੇ ਵਿਚਾਰ ਵਿੱਤ ਮੰਤਰੀ ਦੇ ਸਨਮੁੱਖ ਰੱਖੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਸ੍ਰੀਮਤੀ ਜੀਵਨ ਜੋਤ ਕੌਰ, ਵਿਧਾਇਕ ਸ੍ਰੀ ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਸ੍ਰੀ ਜਸਬੀਰ ਸਿੰਘ ਸੰਧੂ, ਵਿਧਾਇਕ ਸ੍ਰੀ ਦਲਬੀਰ ਸਿੰਘ, ਵਿਧਾਇਕ ਡਾ ਅਜੇ ਗੁਪਤਾ, ਉਪ ਕੁਲਪਤੀ ਡਾ ਜਸਪਾਲ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ,ਹਰਪ੍ਰੀਤ ਬੇਦੀ, ਜਗਜੀਤ ਸਿੰਘ ਜੈੰਕੀ ਜੁਆਇਟ ਸੈਕਟਰੀ ਸਤਪਾਲ ਸਿੰਘ ਸੋਖੀ , ਪ੍ਰਬੀਰ ਬਰਾੜ , ਗੁਰਭੇਜ ਸਿੰਘ , ਕਪਿਲ ਚੱਢਾ , ਸ਼ੀਤਲ ਤਨੇਜਾ , ਮੁਨੀਸ਼ ਅਗਰਵਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਮੁੱਖ ਮੰਤਰੀ ਵੱਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਹਰੇਕ ਜ਼ਿਲ੍ਹੇ ਵਿੱਚ ਸਿੰਗਲ ਵਿੰਡੋ ਸਥਾਪਤ ਕਰਨ ਦਾ ਐਲਾਨ

0

ਨਿਵੇਸ਼ ਲਈ ਪੰਜਾਬ ਨੂੰ ਸਭ ਤੋਂ ਢੁਕਵਾਂ ਸਥਾਨ ਦੱਸਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਸੂਬਾ ਸਰਕਾਰ ਹਰੇਕ ਜ਼ਿਲ੍ਹੇ ਵਿੱਚ ਸਿੰਗਲ ਵਿੰਡੋ ਸਥਾਪਤ ਕਰੇਗੀ ਤਾਂ ਕਿ ਉਦਯੋਗਪਤੀਆਂ ਲਈ ਪ੍ਰਵਾਨਗੀ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਇਆ ਜਾ ਸਕੇ।ਇੱਥੇ ਉਦਯੋਗਿਕ ਕਾਰੋਬਾਰੀਆਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿੰਗਲ ਵਿੰਡੋਜ਼ ਉਦਯੋਗਪਤੀਆਂ ਨੂੰ ਆਪਣੇ ਪ੍ਰੋਜੈਕਟਾਂ ਲਈ ਫੌਰੀ, ਨਿਰਵਿਘਨ ਅਤੇ ਔਕੜ ਰਹਿਤ ਪ੍ਰਵਾਨਗੀ ਪ੍ਰਾਪਤ ਕਰਨ ਦੇ ਯੋਗ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹੇ ਵਿੱਚ ਸਿੰਗਲ ਵਿੰਡੋਜ਼ ਸਥਾਪਤ ਹੋਣ ਨਾਲ ਉਦਯੋਗਪਤੀਆਂ ਨੂੰ ਦਫ਼ਤਰਾਂ ਵਿੱਚ ਭੱਜ-ਦੌੜ ਕਰਨ ਤੋਂ ਬਿਨਾਂ ਹੀ ਪ੍ਰਵਾਨਗੀਆਂ ਪ੍ਰਾਪਤ ਹੋ ਸਕਣਗੀਆਂ ਜਿਸ ਨਾਲ ਉਨ੍ਹਾਂ ਦਾ ਸਮਾਂ, ਪੈਸਾ ਅਤੇ ਊਰਜਾ ਦੀ ਬੱਚਤ ਹੋਵੇਗੀ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨਿਵੇਸ਼ਕਾਂ ਤੇ ਉੱਦਮੀਆਂ ਨੂੰ ਵੱਡੀ ਪੱਧਰ ‘ਤੇ ਸਹੂਲਤ ਦੇਣ ਲਈ ਵਚਨਬੱਧ ਹੈ।
ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ ਢੁਕਵਾਂ ਸਥਾਨ ਵਜੋਂ ਦਰਸਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਦੇ ਨਾਲ-ਨਾਲ ਮਿਹਨਤੀ ਤੇ ਸਮਰਪਿਤ ਮਨੁੱਖੀ ਸ਼ਕਤੀ ਦਾ ਵਿਲੱਖਣ ਸੁਮੇਲ ਹੈ ਜਿਸ ਦੀ ਉਦਯੋਗਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਵਿਚ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਪੰਜਾਬ ਨੂੰ ਉਦਯੋਗਿਕ ਵਿਕਾਸ ਵਿੱਚ ਮੋਹਰੀ ਸੂਬਾ ਬਣਾਉਣਾ ਹੈ ਅਤੇ ਇਸ ਨੂੰ ਵਿਕਾਸ ਦੀ ਲੀਹ ‘ਤੇ ਪਾਉਣਾ ਹੈ। ਮਾਨ ਨੇ ਕਿਹਾ ਕਿ ਉਦਯੋਗਿਕ ਵਿਕਾਸ ਦੇ ਯੁੱਗ ਦੀ ਸ਼ੁਰੂਆਤ ਇੱਕ ਪਾਸੇ ਸੂਬੇ ਦੀ ਤਰੱਕੀ ਅਤੇ ਦੂਜੇ ਪਾਸੇ ਲੋਕਾਂ ਦੀ ਖੁਸ਼ਹਾਲੀ ਵਿੱਚ ਬਹੁਤ ਸਹਾਈ ਸਿੱਧ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗ ਸਥਾਪਤ ਕਰਨ ਲਈ ਪਹਿਲਾਂ ਹੀ ਦੇਸ਼ ਭਰ ਦੇ ਉਦਯੋਗਿਕ ਦਿੱਗਜ਼ਾਂ ਤੱਕ ਪਹੁੰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਪੂਰਨ ਤੌਰ ਉਤੇ ਵਚਨਬੱਧ ਹੈ ਅਤੇ ਇਸ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮਾਨ ਨੇ ਕਿਹਾ ਕਿ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਨਾਲ ਉਦਯੋਗਪਤੀਆਂ ਅਤੇ ਨੌਜਵਾਨਾਂ, ਦੋਵਾਂ ਨੂੰ ਹੀ ਫਾਇਦਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਉਦਯੋਗਪਤੀਆਂ ਨੂੰ ਆਪਣੇ ਕਾਰੋਬਾਰ ਦੇ ਵਿਸਥਾਰ ਕਰਨ ਦਾ ਮੰਚ ਮੁਹੱਈਆ ਹੋਵੇਗਾ, ਉੱਥੇ ਹੀ ਉਦਯੋਗਿਕ ਵਿਕਾਸ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਵੀ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬੀ ਨੌਜਵਾਨਾਂ ਦੇ ਆਪਣੇ ਭਵਿੱਖ ਲਈ ਰੁਜ਼ਗਾਰ ਦੇ ਮੌਕਿਆਂ ਦੀ ਭਾਲ ਵਿੱਚ ਵਿਦੇਸ਼ ਜਾਣ ਦੇ ਰੁਝਾਨ ਨੂੰ ਬਦਲਣ ਵਿੱਚ ਮਦਦ ਮਿਲੇਗੀ, ਜਿਸ ਨਾਲ ਸਾਡੇ ਹੋਣਹਾਰ ਨੌਜਵਾਨਾਂ ਨੂੰ ਬਾਹਰੀ ਮੁਲਕਾਂ ਵਿਚ ਜਾਣ ਤੋਂ ਰੋਕਿਆ ਜਾ ਸਕੇਗਾ। ਮਾਨ ਨੇ ਅੱਗੇ ਕਿਹਾ, “ਉਹ ਦਿਨ ਹੁਣ ਦੂਰ ਨਹੀਂ ਜਦੋਂ ਤੁਹਾਡੀ ਮਦਦ ਅਤੇ ਸਹਿਯੋਗ ਨਾਲ ਪੰਜਾਬ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਦੇ ਮੌਕਿਆਂ ਦੇ ਕੇਂਦਰ ਵਜੋਂ ਤਬਦੀਲ ਹੋ ਜਾਵੇਗਾ।”ਇਸ ਮੌਕੇ ਸੀ.ਈ.ਓ. ਕੇ.ਕੇ. ਯਾਦਵ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਤਕਨੀਕੀ ਸਿੱਖਿਆ ਵਿਭਾਗ ਨੇ ਉਦਯੋਗ ਜਗਤ ਦੀ ਪਹਿਲੀ ਅਕਾਦਮਿਕ ਇਕੱਤਰਤਾ ਕਰਵਾਈ

0

ਪਹਿਲਕਦਮੀ ਦਾ ਉਦੇਸ਼ ਉਦਯੋਗ ਦੀ ਮੰਗ ਅਨੁਸਾਰ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਅਤੇ ਹੁਨਰ ਦੇ ਪਾੜੇ ਨੂੰ ਪੂਰਨਾ

 ਉਦਯੋਗ ਨੂੰ ਨਿਯਮਤ ਤੌਰ ‘ਤੇ ਹੁਨਰਮੰਦ ਸਟਾਫ਼ ਉਪਲਬਧ ਕਰਵਾਉਣ ਲਈ ਵਿਭਾਗ ਛੇਤੀ ਹੀ ਮੋਬਾਈਲ ਐਪ ਕਰੇਗਾ ਲਾਂਚ

ਸੁਖਜਿੰਦਰ ਮਾਨ

ਚੰਡੀਗੜ੍ਹ, 10 ਮਈ: ਉਦਯੋਗ ਅਤੇ ਅਕਾਦਮੀਆਂ ਦਰਮਿਆਨ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ਦੇ ਮੱਦੇਨਜ਼ਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਉਦਯੋਗ ਜਗਤ ਦੀ ਪਹਿਲੀ ਅਕਾਦਮਿਕ ਇਕੱਤਰਤਾ-2022 ਕਰਵਾਈ ਗਈ।ਬੀਤੀ ਸ਼ਾਮ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਤਕਨੀਕੀ ਸਿੱਖਿਆ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਇਹ ਨਿਵੇਕਲੀ ਪਹਿਲਕਦਮੀ ਉਦਯੋਗਾਂ ਅਤੇ ਅਕਾਦਮੀਆਂ ਦਰਮਿਆਨ ਤਾਲਮੇਲ ਪੈਦਾ ਕਰਨ ਲਈ ਬਹੁਤ ਸਹਾਈ ਸਿੱਧ ਹੋਵੇਗੀ, ਜਿਸ ਨਾਲ ਸਾਡੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਤਕਨੀਕੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇਗੀ ਅਤੇ ਉਨ੍ਹਾਂ ਨੂੰ ਵਿਸ਼ਵ ਭਰ ਵਿੱਚ ਬਿਹਤਰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇਗਾ। ਇਸ ਤੋਂ ਇਲਾਵਾ ਇਹ ਪਹਿਲਕਦਮੀ ਹੁਨਰ ਦੇ ਪਾੜੇ ਨੂੰ ਪੂਰਨ ਵਿੱਚ ਵੀ ਮਦਦ ਕਰੇਗੀ।

ਇਸ ਪਹਿਲੀ ਮੀਟਿੰਗ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਸੂਬੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਯੋਗ ਬਣਾਉਣ ਲਈ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਉਦਯੋਗਾਂ ਅਤੇ ਅਕਾਦਮੀਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਜੋ ਪੁਰਾਣੇ ਕੋਰਸਾਂ ਅਤੇ ਪਾਠਕ੍ਰਮਾਂ ਨੂੰ ਉਦਯੋਗਾਂ ਦੀਆਂ ਜ਼ਰੂਰਤਾਂ ਖਾਸ ਕਰਕੇ ਸਥਾਨਕ ਲੋੜਾਂ ਅਨੁਸਾਰ ਤਬਦੀਲ ਕੀਤਾ ਜਾ ਸਕੇ। ਮੀਟਿੰਗ ਵਿੱਚ 50 ਤੋਂ ਵੱਧ ਪ੍ਰਮੁੱਖ ਉਦਯੋਗਿਕ ਐਸੋਸੀਏਸ਼ਨਾਂ/ਉਦਯੋਗਪਤੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੀ.ਆਈ.ਸੀ.ਯੂ ਦੇ ਚੇਅਰਮੈਨ ਉਪਕਾਰ ਸਿੰਘ ਆਹੂਜਾ, ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਚੇਅਰਮੈਨ ਅਨੁਰਾਗ ਅਗਰਵਾਲ, ਵਿਸ਼ਵਕਰਮਾ ਇੰਡਸਟਰੀਜ਼ ਦੇ ਐਮ.ਡੀ. ਸੀ.ਐਸ. ਵਿਸ਼ਵਕਰਮਾ, ਚੀਮਾ ਬੋਇਲਰਜ਼ ਦੇ ਚੇਅਰਮੈਨ ਐਚ.ਐਸ. ਚੀਮਾ, ਜਲੰਧਰ ਆਟੋ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਸਕੱਤਰ ਤੁਸ਼ਾਰ ਜੈਨ, ਯੂਸੀਪੀਐਮਏ ਦੇ ਪ੍ਰਧਾਨ ਡੀ.ਐਸ. ਚਾਵਲਾ, ਨਿਟਵੀਅਰ ਕਲੱਬ ਲੁਧਿਆਣਾ ਤੋਂ ਵਿਨੋਦ ਥਾਪਰ, ਸਿਲਾਈ ਮਸ਼ੀਨ ਕਲੱਬ ਲੁਧਿਆਣਾ ਤੋਂ ਜਗਬੀਰ ਸਿੰਘ ਸੋਖ ਤੋਂ ਇਲਾਵਾ ਸਵਰਾਜ ਇੰਜਣ, ਗੋਏਜ਼ਟ ਇੰਡੀਆ ਫਿੱਕੀ, ਸੀਆਈਆਈ, ਐਸੋਚੈਮ ਆਦਿ ਦੇ ਨੁਮਾਇੰਦੇ ਵੀ ਹਾਜ਼ਰ ਸਨ।

ਇਹਨਾਂ ਤੋਂ ਇਲਾਵਾ, ਪੌਲੀਟੈਕਨਿਕ ਅਤੇ ਆਈ.ਟੀ.ਆਈਜ਼ ਦੇ ਪ੍ਰਿੰਸੀਪਲਾਂ ਨੇ ਵੀ ਪਾਸ ਹੋ ਚੁੱਕੇ ਕੁਝ ਵਿਦਿਆਰਥੀਆਂ ਨਾਲ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ  ਉਹਨਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਅਤੇ ਉਦਯੋਗ ਤੋਂ ਉਨ੍ਹਾਂ ਦੀਆਂ ਉਮੀਦਾਂ ਨੂੰ ਉਜਾਗਰ ਕੀਤਾ। ਮੀਟਿੰਗ ਦਾ ਉਦੇਸ਼ ਉਦਯੋਗ ਜ਼ਰੀਏ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਵਿੱਚ ਮਦਦ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਆਸਾਨੀ ਨਾਲ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਇਸ ਤੋਂ ਪਹਿਲਾਂ ਕਰਮਚਾਰੀਆਂ ਦੀ ਸਿਖਲਾਈ ‘ਤੇ ਲਗਾਤਾਰ ਕਾਫੀ ਖਰਚੇ ਆਉਂਦੇ ਸਨ, ਇਸ ਲਈ ਮੀਟਿੰਗ ਦਾ ਉਦੇਸ਼ ਉਦਯੋਗਾਂ ਵਿੱਚ ਸਿਖਲਾਈ ਨੂੰ ਕਿਫ਼ਾਇਤੀ ਬਣਾਉਂਦਾ ਹੈ। ਇਹ ਸਾਂਝੇ ਤੌਰ ‘ਤੇ ਫੈਸਲਾ ਕੀਤਾ ਗਿਆ ਕਿ ਪੁਰਾਣੇ ਤਕਨੀਕੀ ਕੋਰਸਾਂ ਨੂੰ ਪੜਾਅਵਾਰ ਖਤਮ ਕੀਤਾ ਜਾਵੇਗਾ ਅਤੇ ਉਦਯੋਗ ਦੀ ਮੰਗ ਅਨੁਸਾਰ ਨਵੇਂ ਕੋਰਸ/ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਤਕਨੀਕੀ ਸਿੱਖਿਆ ਵਿਭਾਗ ਉਦਯੋਗਾਂ ਨੂੰ ਪ੍ਰਤੀ ਸਾਲ 70,000 ਤੋਂ ਵੱਧ ਹੁਨਰਮੰਦ ਸਟਾਫ਼ ਪ੍ਰਦਾਨ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਨਵੀਂ ਮੋਬਾਈਲ ਐਪ ਲਾਂਚ ਕੀਤੀ ਜਾ ਰਹੀ ਹੈ ਜਿਸ ਨਾਲ ਯੋਗ ਉਮੀਦਵਾਰਾਂ ਦੀ ਭਾਲ ਲਈ ਰੋਜ਼ਗਾਰਦਾਤਾਵਾਂ ਨੂੰ ਵਿਦਿਆਰਥੀਆਂ ਦਾ ਡਾਟਾ ਉਪਲਬਧ ਕਰਵਾਇਆ ਜਾਵੇਗਾ। ਇੱਕ ਕਲਿੱਕ ਨਾਲ ਉਦਯੋਗ ਨੂੰ ਇੰਸਟੀਚਿਊਟ ਵਿੱਚ ਹੁਨਰਮੰਦ ਨੌਜਵਾਨਾਂ ਦੀ ਮੁਹਾਰਤ ਦੇ ਨਾਲ-ਨਾਲ ਉਨ੍ਹਾਂ ਦੀ ਗਿਣਤੀ ਪਤਾ ਲੱਗ ਜਾਵੇਗੀ। ਉਦਯੋਗਾਂ ਨੇ ਵਿਦਿਆਰਥੀ ਸਿਖਲਾਈ ਪ੍ਰਕਿਰਿਆ ਅਤੇ ਮੋਬਾਈਲ ਐਪ ਵਿੱਚ ਉਦਯੋਗਾਂ ਨੂੰ ਸ਼ਾਮਲ ਕਰਨ ਦੀ ਇਸ ਨਵੀਂ ਪਹਿਲਕਦਮੀ ਲਈ ਵਿਭਾਗ ਦਾ ਧੰਨਵਾਦ ਕੀਤਾ ਜੋ ਸੂਬੇ ਭਰ ਵਿੱਚ ਬੇਰੁਜ਼ਗਾਰੀ ਅਤੇ ਉਦਯੋਗਾਂ ਵਿੱਚ ਸਟਾਫ਼ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਸਹਾਈ ਸਿੱਧ ਹੋਵੇਗਾ।

ਖੁਫ਼ੀਆ ਵਿੰਗ ਦੇ ਦਫ਼ਤਰ ’ਚ ਹੋਏ ਧਮਾਕੇ ਦੀ ਜਾਂਚ ਜਾਰੀ

0

ਮੁੱਖ ਮੰਤਰੀ ਨੇ ਮੀਟਿੰਗ ਤੋਂ ਬਾਅਦ ਕੀਤਾ ਦੌਰਾ, ਪੁਲਿਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਲਿਆ ਹਿਰਾਸਤ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਈ: ਬੀਤੀ ਦੇਰ ਰਾਤ ਮੁਹਾਲੀ ਦੇ ਸੈਕਟਰ-77 ਵਿਚ ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ’ਚ ਹੋਏ ਧਮਾਕੇ ਦੀ ਉਚ ਪੱਧਰੀ ਜਾਂਚ ਜਾਰੀ ਹੈ। ਇਸ ਮਾਮਲੇ ’ਤੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਚ ਪੁਲਿਸ ਨਾਲ ਮੀਟਿੰਗ ਕਰਕੇ ਮਾਮਲੇ ਦੀ ਜਾਣਕਾਰੀ ਲਈ ਗਈ, ਉਥੇ ਉਨ੍ਹਾਂ ਘਟਨਾ ਵਾਲੀ ਇਮਾਰਤ ਦਾ ਦੌਰਾ ਵੀ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸਿਆਂ ਨਹੀਂ ਜਾਵੇਗਾ ਤੇ ਜਲਦੀ ਹੀ ਸਾਰੇ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਉਧਰ ਮੀਟਿੰਗ ਤੋਂ ਬਾਅਦ ਡੀਜੀਪੀ ਵੀਕੇ ਭਾਵਰਾ ਵੀ ਉਥੇ ਪੁੱਜੇ ਤੇ ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਜਾਵੇਗਾ, ਇਸਦੇ ਲਈ ਜਾਂਚ ਜਾਰੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪੁਲਿਸ ਨੇ ਕੁੱਝ ਸ਼ੱਕੀ ਵਿਅਕਤੀਆਂ ਨੂੰ ਪੁਛਗਿਛ ਲਈ ਪੁਲਿਸ ਹਿਰਾਸਤ ਵਿਚ ਲਿਆ ਹੈ। ਹਾਲਾਂਕਿ ਪੁਲਿਸ ਅਧਿਕਾਰੀ ਇਸਦੀ ਪੁਸ਼ਟੀ ਨਹੀਂ ਕਰ ਰਹੇ ਹਨ। ਪਤਾ ਲੱਗਿਆ ਹੈ ਕਿ ਪੁਲਿਸ ਨੇ ਇਸ ਇਲਾਕੇ ਦੇ ਸਮੂਹ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ਼ ਹਾਸਲ ਕੀਤੀ ਹੈ ਤੇ ਨਾਲ ਹੀ ਨੇੜਲੇ ਮੋਬਾਈਲ ਟਾਵਰਾਂ ਦੀ ਰੇਂਜ ਅਧੀਨ ਆਉਂਦੇ ਮੋਬਾਈਲ ਫੋਨਾਂ ਦੀਆਂ ਕਾਲਾਂ ਦਾ ਡਾਟਾ ਵੀ ਖੰਗਾਲਿਆਂ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਘਟਨਾ ਤੋਂ ਪਹਿਲਾਂ ਕਥਿਤ ਦੋਸ਼ੀਆਂ ਵਲੋਂ ਇਮਾਰਤ ਵੀ ਰੇਕੀ ਵੀ ਕੀਤੀ ਗਈ ਹੋ ਸਕਦੀ ਹੈ, ਜਿਸਦੇ ਚੱਲਦੇ ਇਸ ਇਲਾਕੇ ਵਿਚ ਕਈ ਵਾਰ ਚੱਕਰ ਮਾਰ ਕੇ ਗਈ ਇੱਕ ਕਾਰ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਸੋਮਵਾਰ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇਂ ਇਸ ਇਮਾਰਤ ਉਪਰ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਇਮਾਰਤ ਦੀ ਤੀਜੀ ਮੰਜਿਲ ਦੀਆਂ ਖਿੜਕੀਆਂ ਦੇ ਸੀਸੇ ਟੁੱਟ ਗਏ ਸਨ। ਧਮਾਕੇ ਦੀ ਤਫ਼ਤੀਸ਼ ਬਾਰੇ ਜਾਣਕਾਰੀ ਦਿੰਦੇ ਹੋਏ ਮੁਹਾਲੀ ਪੁਲੀਸ ਵੱਲੋਂ ਦੱਸਿਆ ਗਿਆ ਕਿ ਇਸ ਕੇਸ ਦੇ ਸਬੰਧ ਵਿਚ ਸੋਹਾਣਾ ਪੁਲਸ ਥਾਣੇ ਵਿਚ ਦਰਜ ਐਫ ਆਈ ਆਰ ਨੰਬਰ 236/22 ਅਧੀਨ ਜਾਂਚ ਕਰਦੇ ਹੋਏ ਇਸ ਕੇਸ ਨਾਲ ਸਬੰਧਤ ਕਈ ਸ਼ੱਕੀ ਵਿਅਕਤੀਆਂ ਨੂੰ ਪੁੱਛ ਗਿੱਛ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ lਇਸ ਧਮਾਕੇ ਲਈ ਵਰਤੇ ਗਏ ਲਾਂਚਰ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਇਸ ਕੇਸ ਦੇ ਸਬੰਧ ਵਿੱਚ ਮਿਲੇ ਸਮੂਹ ਤੱਥਾਂ ਬਾਰੇ ਬਰੀਕੀ ਨਾਲ ਛਾਣਬੀਣ ਕਰਕੇ ਇਸ ਕੇਸ ਨੂੰ ਹੱਲ ਕਰਨ ਲਈ ਅੱਗੇ ਵਧਿਆ ਜਾ ਰਿਹਾ ਹੈ l

ਬਠਿੰਡਾ ’ਚ ਇੱਕ ਰਾਤ ਵਿਚ ਹੋਏ ਦੋ ਕਤਲ, ਪੁਲਿਸ ਵਲੋਂ ਜਾਂਚ ਜਾਰੀ

0

ਸੁੁਖਜਿੰਦਰ ਮਾਨ
ਬਠਿੰਡਾ, 10 ਮਈ: ਬੀਤੀ ਰਾਤ ਬਠਿੰਡਾ ਇਲਾਕੇ ’ਚ ਦੋ ਨੌਜਵਾਨਾਂ ਦੇ ਕਤਲ ਹੋਣ ਦੀ ਸੂਚਨਾ ਹੈ। ਪੁਲਿਸ ਨੇ ਦੋਨਾਂ ਮਾਮਲਿਆਂ ਵਿਚ ਕੇਸ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਮਾਮਲੇ ਵਿਚ ਪੰਪ ਦੇ ਕਰਿੰਦੇ ਦਾ ਕਤਲ ਕੀਤਾ ਗਿਆ ਹੈ ਜਦੋਂਕਿ ਸ਼ਹਿਰ ਵਿਚ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਨਿੱਜੀ ਰੰਜਿਸ਼ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਸਥਾਨਕ ਲਾਇਨੋਪਾਰ ਇਲਾਕੇ ਵਿਚ ਪੈਂਦੇ ਪਟਿਆਲਾ ਫਾਟਕ ਨੇੜੇ ਇਕ ਨੌਜਵਾਨ ਦਾ ਕਤਲ ਕਰਕੇ ਉਸਦੀ ਲਾਸ਼ ਉਥੇ ਸੁੱਟ ਦਿੱਤੀ ਗਈ। ਮਿ੍ਰਤਕ ਨੌਜਵਾਨ ਦੀ ਪਹਿਚਾਣ ਸ਼ੁਰੇਸ ਕੁਮਾਰ (34) ਵਾਸੀ ਭਗਤ ਸਿੰਘ ਨਗਰ ਵਜੋਂ ਹੋਈ ਹੈ। ਇਸ ਸਬੰਧ ਵਿਚ ਥਾਣਾ ਕੋਤਵਾਲੀ ਪੁਲਿਸ ਨੇ ਮਿ੍ਰਤਕ ਦੇ ਭਰਾ ਸਕਤੀ ਕੁਮਾਰ ਦੀ ਸਿਕਾਇਤ ’ਤੇ ਅਗਿਆਤ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਮਿ੍ਰਤਕ ਸੁਰੇਸ ਦਾ ਕਤਲ ਸਿਰ ਉਪਰ ਕੋਈ ਲੋਹੇ ਦੀ ਮਜਬੂਤ ਵਸਤੂ ਮਾਰ ਕੇ ਕੀਤਾ ਗਿਆ ਲੱਗਦਾ ਹੈ। ਇੰਸਪੈਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਹਰ ਪਹਿਲੂ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਧਰ ਦੂਜੇ ਮਾਮਲੇ ਵਿਚ ਬਠਿੰਡਾ-ਜੈਤੋ ਰੋਡ ’ਤੇ ਗੋਨਿਆਣਾ ਮੰਡੀ ਨਜਦੀਕ ਇੱਕ ਪੈਟਰੋਲ ਪੰਪ ਦੇ ਕਰਿੰਦੇ ਦਾ ਤੇਜ ਹਥਿਆਰ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦੀ ਪਹਿਚਾਣ ਮੁਕੇਸ਼ ਕੁਮਾਰ ਵਾਸੀ ਦਸਮੇਸ਼ ਨਗਰ ਗੋਨਿਆਣਾ ਮੰਡੀ ਵਜੋਂ ਹੋਈ ਹੈ। ਉਹ ਐੱਚਪੀ ਪੈਟਰੋਲ ਪੰਪ ਕੰਪਨੀ ਦੇ ਪੰਪ ’ਤੇ ਲੱਗਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਜਦ ਮੁਕੇਸ਼ ਕੁਮਾਰ ਘਰ ਨੂੰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਰਾਸਤੇ ਵਿਚ ਉਸਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਕਾਤਲ ਮਿ੍ਰਤਕ ਦੀ ਜੇਬ ਵਿਚੋਂ ਸੱਤ ਹਜ਼ਾਰ ਰੁਪਏ ਦੇ ਕਰੀਬ ਨਗਦੀ ਵੀ ਕੱਢ ਕੇ ਲੈ ਗਏ। ਪੁਲਿਸ ਨੇ ਕੇਸ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਜੀਦਾ ਵਿੱਚ ਨਸ਼ਿਆਂ ਵਿਰੁੱਧ ਮਜਦੂਰਾਂ ਨੇ ਕੀਤੀ ਮੀਟਿੰਗ

0

16 ਮਈ ਨੂੰ ਥਾਣਾ ਨੇਈਆਂ ਵਾਲਾ ਅੱਗੇ ਧਰਨਾ ਲਾਉਣ ਦਾ ਕੀਤਾ ਫੈਸਲਾ
ਸੁਖਜਿੰਦਰ ਮਾਨ
ਬਠਿੰਡਾ, 10 ਮਈ: ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਪਿੰਡ ਜੀਦਾ ਵਿੱਚ ਅੱਜ ਮਜਦੂਰ ਮਰਦ ਔਰਤਾਂ ਦੀ ਮੀਟਿੰਗ ਕੀਤੀ ਗਈ । ਮੀਟਿੰਗ ਦੀ ਪ੍ਰਧਾਨਗੀ ਕਾਕਾ ਸਿੰਘ ਜੀਦਾ ਨੇ ਕੀਤੀ । ਮੀਟਿੰਗ ਨੂੰ ਸਬੋਧਨ ਕਰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਬਦਲਾਅ ਲਿਆਉਣ ਦਾ ਨਾਅਰਾ ਦੇਕੇ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਜਦੂਰਾਂ ਦਾ ਪਹਿਲਾਂ ਨਾਲੋਂ ਵੀ ਨੱਕ ਵਿੱਚ ਦਮ ਕਰ ਦਿੱਤਾ ਹੈ । ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਵਿੱਚੋਂ ਕੋਈ ਵੀ ਲਾਗੂ ਕਰਨ ਦੀ ਸੁਰੂਆਤ ਨਹੀਂ ਕੀਤੀ ਗਈ । ਸਿਰਫ ਐਲਾਨਾਂ ਤੇ ਐਲਾਨ ਕੀਤੇ ਜਾ ਰਹੇ ਹਨ। ਇਸ ਤੋਂ ਵੀ ਅੱਗੇ ਲੋਹੜੇ ਦੀ ਵਧੀ ਮਹਿੰਗਾਈ ਕਾਰਨ ਮਜਦੂਰ ਕਣਕ ਅਤੇ ਤੂੜੀ ਤੋਂ ਵੀ ਵਾਂਝੇ ਰਹਿ ਗਏ ਹਨ। ਉਨਾਂ ਮਾਨ ਸਰਕਾਰ ਤੇ ਦੋਸ ਲਾਉਦਿਆਂ ਕਿਹਾ ਕਿ ਚਿੱਟੇ ਨਸ਼ੇ ਦੀ ਸ਼ਰੇਆਮ ਹੁੰਦੀ ਵਿਕਰੀ ਕਾਰਨ ਮਾਵਾਂ ਦੇ ਗੱਭਰੂ ਪੁੱਤਾਂ ਦੇ ਸਿਵੇ ਬਲ ਰਹੇ ਹਨ । ਪਰ ਦੂਜੇ ਪਾਸੇ ਪੁਲਿਸ ਦੀ ਮਿਲੀ ਭੁਗਤ ਕਾਰਨ ਚਿੱਟੇ ਤੇ ਹੋਰ ਨਸ਼ਿਆਂ ਦੇ ਸੁਦਾਗਰ ਆਪਣੀਆਂ ਦੌਲਤਾਂ ਵਿੱਚ ਹੋਰ ਵਾਧਾ ਕਰ ਰਹੇ । ਮੀਟਿੰਗ ਵਿੱਚ ਹਾਜਰ ਔਰਤਾਂ ਕੋਲੋਂ ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਦੀ ਦਰਦ ਭਰੀ ਵਿਥਿਆ ਸੁਣਕੇ ਮੀਟਿੰਗ ਵਿੱਚ ਹਾਜਰ ਮਜਦੂਰਾਂ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ । ਉਨਾਂ ਐਲਾਨ ਕੀਤਾ ਕਿ ਨਸ਼ਿਆਂ ਦੇ ਵਗਦੇ ਹੜ ਨੂੰ ਰੁਕਵਾਉਣ ਅਤੇ ਨਸ਼ੇ ਦੇ ਸੁਦਾਗਰਾਂ ਨੂੰ ਗਿਰਫਤਾਰ ਕਰਵਾਉਣ ਲਈ 16 ਮਈ ਨੂੰ ਥਾਣਾ ਨੇਹੀਆ ਵਾਲਾ ਅੱਗੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਧਰਨਾ ਲਾਇਆ ਜਾਵੇਗਾ । ਉਨਾਂ ਮਜਦੂਰਾਂ ਕਿਸਾਨਾਂ ਨੂੰ ਧਰਨੇ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦੀ ਪੁਰਜੋਰ ਅਪੀਲ ਕੀਤੀ। ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਸੀਰਾ ਸਿੰਘ ,ਦਰਸਨ ਸਿੰਘ ,ਗੁਰਮੇਲ ਸਿੰਘ , ਮੱਖਣ ਸਿੰਘ ,ਬਲਦੇਵ ਸਿੰਘ ,ਜੀਤੋ ਕੌਰ ,ਸਰਬਜੀਤ ਕੌਰ ,ਸੁਖਪ੍ਰੀਤ ਕੌਰ ਤੇ ਗੋਲੋ ਕੌਰ ਆਦਿ ਆਗੂ ਵਰਕਰ ਵੀ ਸਾਮਲ ਸਨ।

ਅਮਰਜੀਤ ਵਿਰਦੀ ਪਾਰਟੀ ਦਾ ਵਫਾਦਾਰ ਸਿਪਾਹੀ : ਬਰਾੜ/ਭੱਟੀ

0

ਸੁਖਜਿੰਦਰ ਮਾਨ
ਬਠਿੰਡਾ, 10 ਮਈ: ਸ਼੍ਰੋਮਣੀ ਅਕਾਲੀ ਦਲ ਟਰੇਡ ਵਿੰਗ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਅਮਰਜੀਤ ਸਿੰਘ ਵਿਰਦੀ ਪਾਰਟੀ ਦੇ ਵਫਾਦਾਰ ਸਿਪਾਹੀ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਕਾਰ ਸਿੰਘ ਬਰਾੜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਠਿੰਡਾ ਅਤੇ ਪ੍ਰਕਾਸ਼ ਸਿੰਘ ਭੱਟੀ ਸਾਬਕਾ ਵਿਧਾਇਕ ਨੇ ਸ੍ਰੀ ਵਿਰਦੀ ਦੀ ਵਰਕਸ਼ਾਪ ’ਤੇ ਪਹੁੰਚ ਕੇ ਇੱਕ ਵਿਸ਼ੇਸ਼ ਭੇਟਾ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਜਿਲ੍ਹਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਚਮਕੌਰ ਸਿੰਘ ਮਾਨ, ਯੂਥ ਵਿੰਗ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਅਕਾਲੀ ਆਗੂ ਗੁਰਜੰਟ ਸਿੰਘ ਨਰੂਆਣਾ, ਬਲਵਿੰਦਰ ਸਿੰਘ ਬੱਲੀ ਸਾਬਕਾ ਕੌਂਸਲਰ ਸਰਕਲ ਪ੍ਰਧਾਨ , ਠਾਕਰ ਨਰੂਆਣਾ ਆਦਿ ਹਾਜਰ ਸਨ । ਇਸ ਮੌਕੇ ਹਾਜ਼ਰੀਨ ਆਗੂਆਂ ਵੱਲੋਂ ਵਿਸੇਸ ਮਿਲਣੀ ਦੌਰਾਨ ਮੌਜੂਦਾ ਰਾਜਨੀਤਕ ਹਾਲਾਤ ਅਤੇ ਪਾਰਟੀ ਗਤੀਵਿਧੀਆਂ ਤੇ ਡੂੰਘਾਈ ਨਾਲ ਵਿਚਾਰ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਵਿਰਦੀ ਨੇ ਕਿਹਾ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਹਰ ਪ੍ਰੋਗਰਾਮ ਵਿਚ ਵਧ ਚਡ੍ਹ ਕੇ ਹਿੱਸਾ ਲੈਣਗੇ । ਇਸ ਮੌਕੇ ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਵਿਰਦੀ ਪਾਰਟੀ ਦੇ ਨੌਜਵਾਨ ਅਤੇ ਮਿਹਨਤੀ ਆਗੂ ਹਨ, ਅਜਿਹੇ ਆਗੂਆਂ ਨਾਲ ਹੀ ਪਾਰਟੀ ਦੀ ਤਾਕਤ ਹੋਰ ਵਧਦੀ ਹੈ ।ਪ੍ਰੈੱਸ ਨੂੰ ਇਹ ਜਾਣਕਾਰੀ ਜ਼ਿਲ੍ਹਾ ਪ੍ਰੈੱਸ ਸਕੱਤਰ ਡਾ ਓਮ ਪ੍ਰਕਾਸ਼ ਸ਼ਰਮਾ ਵੱਲੋਂ ਦਿੱਤੀ ਗਈ ।

ਪਨਬੱਸ ਤੇ ਪੀ ਆਰ ਟੀ ਸੀ ਮੁਲਾਜਮਾਂ ਨੇ ਕੀਤੀ ਗੇਟ ਰੈਲੀ

0

ਸੁਖਜਿੰਦਰ ਮਾਨ
ਬਠਿੰਡਾ, 10 ਮਈ: ਮੰਗਲਵਾਰ ਸਵੇਰੇ ਸਥਾਨਕ ਪੀ.ਆਰ.ਟੀ.ਸੀ ਡਿੱਪੂ ਦੇ ਗੇਟ ’ਤੇ ਪੰਜਾਬ ਰੋਡਵੇਜ ਪਨਬੱਸ/ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਵਲੋਂ ਭਰਵੀ ਗੇਟ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸੰਦੀਪ ਸਿੰਘ ਗਰੇਵਾਲ ਤੇ ਰੇਸ਼ਮ ਸਿੰਘ ਗਿੱਲ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਸਮੇਤ ਮੰਗਾਂ ਦਾ ਹੱਲ ਕੱਢਣ ਦੀ ਥਾਂ ਤੇ ਪਨਬੱਸ ਵਿੱਚ ਆਊਟਸੋਰਸਿੰਗ ਤੇ ਭਰਤੀ ਨੂੰ ਮਨਜੂਰੀ ਦਿੱਤੀ ਗਈ ਹੈ ਜਿਸ ਦਾ ਯੂਨੀਅਨ ਸਖਤ ਵਿਰੋਧ ਕਰਦੀ ਹੈ ਅਤੇ ਜਿਨ੍ਹਾਂ ਸਮਾਂ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਸਮੇਤ ਸਾਰੀ ਮੰਗਾਂ ਦਾ ਹੱਲ ਨਹੀਂ ਨਿਕਲਦਾ ਅਤੇ ਨਵੀਂ ਭਰਤੀ ਲਈ ਸਰਕਾਰ ਆਊਟ ਸੋਰਸਿੰਗ ਤੇ ਰੱਖਣ ਵਾਲੇ ਨੋਜੁਆਨਾਂ ਨੂੰ ਕਦੋਂ ਪੱਕਾ ਕਰੇਗੀ ਇਸ ਦਾ ਕੋਈ ਕਾਨੂੰਨ ਨਹੀਂ ਬਣਾਉਂਦੀ ਯੂਨੀਅਨ ਕੋਈ ਭਰਤੀ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਟਰਾਸਪੋਰਟ ਅਦਾਰੇ ਪੰਜਾਬ ਰੋਡਵੇਜ ਪਨਬੱਸ ਤੇ ਪੀ ਆਰ ਟੀ ਸੀ ਨੂੰ ਸਹੀ ਤਰੀਕੇ ਨਾਲ ਚਲਾਉਣ ਤੋ ਆਮ ਆਦਮੀ ਸਰਕਾਰ ਅਤੇ ਪੰਜਾਬ ਦੇ ਟਰਾਸਪੋਰਟ ਮੰਤਰੀ ਬਿਲਕੁਲ ਨਾਕਾਮ ਰਹੀ ਹੈ। ਸਰਕਾਰ ਦੀ ਇਸ ਨਾਕਾਮੀ ਨੇ ਪੰਜਾਬ ਰੋਡਵੇਜ ਤੇ ਪੀ ਆਰ ਟੀ ਸੀ ਦੇ ਹਾਲਾਤ ਤਰਸਯੋਗ ਬਣਾ ਦਿੱਤੇ ਹਨ। ਵਿਭਾਗ ਕੋਲ ਨਾ ਤਾਂ ਮੁਲਾਜਮਾਂ ਨੂੰ ਤਨਖਾਹਾ ਦੇਣ ਲਈ ਪੈਸੇ ਹਨ ਅਤੇ ਨਾ ਹੀ ਡੀਜਲ ਤੇ ਸਪੇਅਰ ਪਾਰਟ ਲੈਣ ਲਈ ਹਨ।ਆਗੂਆਂ ਨੇ ਕਿਹਾ ਕਿ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਵਾਅਦਾ ਕਰਕੇ ਵੋਟਾਂ ਲੈ ਕੇ ਆਈ ਸਰਕਾਰ ਆਪਣੀ ਇਸ ਗੱਲ ਤੋ ਕਿ ਪੰਜਾਬ ਵਿੱਚ ਆਮ ਆਦਮੀ ਸਰਕਾਰ ਸਮੇ ਨਾ ਕੋਈ ਕੱਚਾ ਘਰ ਰਹੇਗਾ ਤੇ ਨਾ ਹੀ ਕੱਚਾ ਮੁਲਾਜਮ ਉਸ ਤੋ ਵੀ ਸਾਫ ਮੁੱਕਰਦੀ ਨਜਰ ਆ ਰਹੀ ਹੈ। ਪਨਬਸ ਵਿੱਚ 1337 ਆਉਟਸੋਰਸ ਤੇ ਮੁਲਾਜਮਾਂ ਦੀ ਭਰਤੀ ਨੂੰ ਮੰਨਜੂਰੀ ਦੇ ਕੇ ਪੱਕੀਆਂ ਨੌਕਰੀਆਂ ਦੀ ਆਸ ਵਿੱਚ ਵੋਟਾ ਪਾਉਣ ਵਾਲੇ ਲੱਖਾਂ ਬੇਰੁਜਗਾਰਾ ਨੂੰ ਠੇਕੇਦਾਰਾ ਦੇ ਸ਼ੋਸ਼ਣ ਵਿੱਚ ਸੁੱਟਣ ਨੂੰ ਆਮ ਆਦਮੀ ਸਰਕਾਰ ਪੱਬਾ ਭਾਰ ਹੋ ਗਈ ਹੈ। ਇਸ ਸੰਬੰਧੀ ਗੇਟ ਰੈਲੀ ਤੇ ਬੋਲਦਿਆਂ ਡਿੱਪੂ ਪ੍ਧਾਨ ਜਤਿੰਦਰ ਸਿੰਘ ਨੇ ਕਿਹਾ ਕੇ ਜੇਕਰ ਸਰਕਾਰ ਨੇ ਆਉਟਸੋਰਸ ਭਰਤੀ ਸੰਬੰਧੀ ਫੈਸਲਾ ਵਾਪਸ ਨਾ ਲਿਆ ਤਾਂ ਜਥੇਬੰਦੀ ਵੱਲੋ ਪੂਰੇ ਪੰਜਾਬ ਦੇ ਬੱਸ ਸਟੈਡ ਬੰਦ ਕੀਤੇ ਜਾਣਗੇ ਅਤੇ ਸਰਕਾਰ ਦੀ ਇਸ ਗਲਤ ਨੀਤੀ ਦਾ ਪੰਜਾਬ ਦੀ ਜਨਤਾ ਵਿੱਚ ਭੰਡੀ ਪ੍ਰਚਾਰ ਕੀਤਾ ਜਾਵੇਗਾ। ਉਹਨਾਂ ਕਿਹ ਕਿ ਆਮ ਆਦਮੀ ਸਰਕਾਰ ਇੱਕ ਪਾਸੇ ਰਿਸ਼ਵਤ ਰੋਕਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਰਿਸ਼ਵਤ ਲੈ ਕੇ ਪਿੱਛਲੇ ਸਮੇ ਠੇਕੇਦਾਰਾ ਵੱਲੋ ਕੀਤੀ ਗਈ ਡਰਾਇਵਰ,ਕੰਡਕਟਰ ਤੇ ਵਰਕਸ਼ਾਪ ਸਟਾਫ ਦੀ ਪਨਬੱਸ ਵਿੱਚ ਭਰਤੀ ਨੂੰ ਸਹੀ ਕਰਾਰ ਦੇ ਕੇ ਰਿਸ਼ਵਤ ਨੂੰ ਟਰਾਸਪੋਰਟ ਵਿਭਾਗ ਵਿੱਚ ਆਪਣੇ ਆਪ ਵਧਾਵਾ ਦੇ ਰਹੀ ਹੈ।
ਇਸ ਮੌਕੇ ਤੇ ਬੋਲਦੇ ਹੋਏ ਸਹਾਇਕ ਸੈਕਟਰੀ ਕੁਲਦੀਪ ਸਿੰਘ ਬਾਦਲ ਨੇ ਆਖਿਆਂ ਕਿ ਮੁਫਤ ਸਫਰ ਸਹੂਲਤ ਦੇ ਪੈਸਿਆਂ ਸੰਬੰਧੀ ਸਰਕਾਰ ਨੂੰ ਤੁਰੰਤ ਕੋਈ ਨੀਤੀ ਬਣਾ ਕੇ ਟਰਾਸਪੋਰਟ ਵਿਭਾਗ ਨੂੰ ਹਰ ਮਹੀਨੇ ਇਹਨਾਂ ਮੁਫਤ ਸਫਰ ਸਹੂਲਤ ਦੇ ਪੈਸਿਆਂ ਦੀ ਅਦਾਇਗੀ ਕਰਨੀ ਚਾਹੀਦੀ ਹੈ ਅਤੇ ਪਨਬਸ ਤੇ ਪੀ ਆਰ ਟੀ ਸੀ ਦੇ ਮੁਲਾਜਮਾਂ ਦੀ ਤਨਖਾਹ ਨੂੰ ਸਰਕਾਰੀ ਖਜਾਨੇ ਤੋ ਦੇਣ ਦਾ ਪ੍ਬੰਧ ਕੀਤਾ ਜਾਵੇ ਤਾਂ ਜੋ ਵਿਭਾਗ ਕੋਲ ਜੇਕਰ ਫੰਡਾਂ ਦੀ ਘਾਟ ਹੁੰਦੀ ਹੈ ਤਾਂ ਮੁਲਾਜਮਾਂ ਦੀ ਤਨਖਾਹ ਤੇ ਇਸਦਾ ਅਸਰ ਨਾ ਪਵੇ ਤੇ ਤਨਖਾਹ ਸਮੇ ਸਿਰ ਮਿਲ ਸਕੇ ਤੇ ਮੁਲਾਜਮਾਂ ਨੂੰ ਹਰ ਮਹੀਨੇ ਤਨਖਾਹ ਲਈ ਗੇਟ ਰੈਲੀਆਂ ਤੇ ਰੋਸ ਮੁਜਾਹਰੇ ਨਾ ਕਰਨੇ ਪੈਣ। ਮੀਤ ਪ੍ਧਾਨ ਗੁਰਦੀਪ ਸਿੰਘ ਝੁਨੀਰ ਨੇ ਬੋਲਦੇ ਹੋਏ ਜਥੇਬੰਦੀ ਦੇ ਉਲੀਕੇ ਸੰਘਰਸ਼ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਸਰਕਾਰ ਨੇ ਜਥੇਬੰਦੀ ਦੇ ਦਿੱਤੇ ਮੰਗ ਪੱਤਰ ਅਨੁਸਾਰ ਮੰਗਾਂ ਪੂਰੀਆਂ ਕਰੇ।

Our Visitor

1900916