ਸੁਖਜਿੰਦਰ ਮਾਨ
ਬਠਿੰਡਾ, 10 ਮਈ: ਲੁਧਿਆਣਾ ਵਿਖੇ ਸੱਤਵੀਂ ਸੀਨੀਅਰ ਸਟੇਟ ਸਾਫਟ ਟੈਨਿਸ ਚੈਪੀਅਨਸ਼ਿਪ ਵਿੱਚ ਮਾਲਵਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਬਠਿੰਡਾ ਦੇ ਹੋਣਹਾਰ ਖਿਡਾਰੀਆਂ ਸੁਖਵਿੰਦਰ ਸਿੰਘ (ਬੀ.ਪੀ.ਐਡ. ਸਾਲ ਦੂਜਾ), ਬਲਰਾਜ ਸਿੰਘ (ਬੀ.ਪੀ.ਈ.ਐਸ਼. ਸਾਲ ਤੀਜ਼ਾ) ਨੇ ਟੀਮ ਈਵੈਂਟ ਵਿੱਚ ਦੂਜਾ, ਮਿਕਸ ਡਬਲ ਵਿੱਚ ਤੀਜ਼ਾ, ਈਵੈਂਟ ਡਬਲ ਵਿੱਚ ਤੀਜ਼ਾ ਅਤੇ ਸਿੰਗਲ ਵਿੱਚ ਤੀਜ਼ਾ ਸਥਾਨ ਹਾਸਿਲ ਕਰਕੇ ਕਾਲਜ ਅਤੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ। ਇਹਨਾਂ ਖਿਡਾਰੀਆਂ ਦਾ ਕਾਲਜ ਪੁੱਜਣ ’ਤੇ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ, ਡੀਨ ਰਘਬੀਰ ਚੰਦ ਸ਼ਰਮਾ ਅਤੇ ਸਮੂਹ ਸਟਾਫ ਨੇ ਨਿੱਘਾ ਸਵਾਗਤ ਕੀਤਾ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਕਾਲਜ ਦੀ ਸਮੁੱਚੀ ਮੈਨੇਜਮੈਂਟ ਸ਼੍ਰੀ ਰਮਨ ਸਿੰਗਲਾ ਚੇਅਰਮੈਨ, ਸ਼੍ਰੀ ਰਾਕੇਸ਼ ਗੋਇਲ ਮੈਂਬਰ ਨੇ ਖਿਡਾਰੀਆਂ ਦੀ ਸਲਾਘਾ ਕਰਦੇ ਹੋਏ ਕਾਲਜ ਦੇ ਹੋਣ ਵਾਲੇ ਸਲਾਨਾ ਸਮਾਰੋਹ ਵਿੱਚ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਅਤੇ ਨਾਲ ਹੀ ਕਾਲਜ ਦੇ ਸਮੂਹ ਸਟਾਫ ਤੇ ਖਿਡਾਰੀਆਂ ਨੂੰ ਜਿੱਤ ਦੀ ਵਧਾਈ ਦਿੱਤੀ।
ਮਾਲਵਾ ਸਰੀਰਿਕ ਸਿੱਖਿਆਂ ਕਾਲਜ ਦੇ ਖਿਡਾਰੀਆਂ ਨੇ ਕਾਲਜ ਦਾ ਨਾਂ ਕੀਤਾ ਰੋਸ਼ਨ
ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ -2 ਵਿਚ ਐਨ.ਸੀ.ਸੀ ਟ੍ਰੇਨਿੰਗ ਕੈਂਪ ਲਗਾਇਆ
ਸੁਖਜਿੰਦਰ ਮਾਨ
ਬਠਿੰਡਾ, 10 ਮਈ: ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ -2 ਬਠਿੰਡਾ ਵਿਚ ਐਨ.ਸੀ.ਸੀ ਟ੍ਰੇਨਿੰਗ ਕੈਂਪ ਲਗਾਇਆ ਗਿਆ ਜਿਸ ਵਿਚ ਅਰਵਿੰਦ ਪਵਾਰ ਸੀ.ਈ.ਓ ਐਨ.ਸੀ.ਈ. ਯੂਨਿਟ ਪੰਜਾਬ ਅਤੇ ਉਹਨਾਂ ਦੇ ਟੀਮ ਮੈਂਬਰ ਸ਼ਾਮਲ ਹੋਏ ਐਨ.ਸੀ.ਈ. ਦੇ ਯੂਨਿਟ ਟੀਮ ਮੈਂਬਰਾਂ ਵਲੋਂ ਸਕੂਲ ਵਿਦਿਆਰਥੀਆਂ ਦੀ ਐਨ.ਸੀ.ਸੀ ਪ੍ਰਵੇਸ਼ ਪ੍ਰੀਖਿਆ ਲਈ ਗਈ। ਸਰੀਰਕ ਜਾਂਚ ਕੀਤੀ ਗਈ ਐਨ.ਸੀ.ਈ. ਦੇ ਯੂਨਿਟ ਟੀਮ ਮੈਂਬਰਾਂ ਵਲੋਂ ਸਕੂਲ ਵਿਦਿਆਰਥੀਆਂ ਰਾਸਟਰੀ ਕੈਡਿਟ ਕੋਰ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਸਕੂਲ ਪਿ੍ਰੰਸੀਪਲ ਸ਼੍ਰੀ ਮਤੀ ਨੀਤੂ ਅਰੋੜਾ ਵਲੋਂ ਅਰਵਿੰਦ ਪਵਾਰ ਅਤੇ ਉਹਨਾਂ ਦੇ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਡੀਏਵੀ ਕਾਲਜ ਵਿਖੇ ‘ਔਰਤਾਂ ਦੀ ਸਿਹਤ ਅਤੇ ਕੈਂਸਰ ਜਾਗਰੂਕਤਾ‘ ਵਿਸੇ ‘ਤੇ ਸੈਮੀਨਾਰ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 10 ਮਈ: ਸਥਾਨਕ ਡੀਏਵੀ ਕਾਲਜ ਦੀ ਵਿਦਿਆਰਥੀ ਭਲਾਈ ਕਮੇਟੀ ਵਲੋਂ ‘ਔਰਤਾਂ ਦੀ ਸਿਹਤ ਅਤੇ ਕੈਂਸਰ ਜਾਗਰੂਕਤਾ‘ ਵਿਸੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ। 4 ਇੰਟਰਨੈਸਨਲ ਮਾਹਿਰਾਂ ਦੀ ਟੀਮ, ਜਿਵੇਂ ਕਿ ਡਾ. ਸੁਖਚਰਨਜੀਤ ਸਿੰਘ ਗੋਸਲ (ਪ੍ਰੋਜੈਕਟ ਹੈੱਡ, ਸਾਇੰਟਿਫਿਕ ਸੋਸਲ ਰਿਸਪੌਂਸੀਬਿਲਟੀ ਪ੍ਰੋਗਰਾਮ), ਸ੍ਰੀ ਅਰਸਦੀਪ ਸਿੰਘ ਗੋਸਲ (ਮੁਖੀ, ਰਿਸਰਚ ਐਂਡ ਡਿਵੈਲਪਮੈਂਟ, 4 ਇੰਟਰਨੈਸਨਲ) ਅਤੇ ਸ੍ਰੀਮਤੀ ਹਰਨਵਜੋਤ ਕੌਰ ਗੋਸਲ (ਬ੍ਰਾਂਡ ਅੰਬੈਸਡਰ, ਮਹਿਲਾ) ਸਿਹਤ ਅਤੇ ਕੈਂਸਰ ਜਾਗਰੂਕਤਾ ਪ੍ਰੋਗਰਾਮ ਦਾ ਸਵਾਗਤ ਕਾਲਜ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ , ਡੀਨ ਸਟੂਡੈਂਟ ਵੈਲਫੇਅਰ ਸੁਸਾਇਟੀ (ਲੜਕੀਆਂ) ਡਾ. ਸਤੀਸ ਗਰੋਵਰ, ਡੀਨ ਸਟੂਡੈਂਟ ਵੈਲਫੇਅਰ ਸੁਸਾਇਟੀ (ਲੜਕੇ) ਡਾ. ਸੁਰਿੰਦਰ ਕੁਮਾਰ ਸਿੰਗਲਾ, ਡਾ. ਕੁਸਮ ਗੁਪਤਾ ਅਤੇ ਪ੍ਰੋ. ਕਰਮਪਾਲ ਕੌਰ ਨੇ ਕੀਤਾ।
ਸਰੋਤ ਵਿਅਕਤੀਆਂ ਨੇ ਯੋਨੀ ਰੂਟ ਰਾਹੀਂ ਕੈਂਸਰ ਦੀਆਂ ਕਿਸਮਾਂ ਅਤੇ ਐਕਸਪੋਜਰ ਬਾਰੇ ਜਾਣਕਾਰੀ ਦਿੰਦਿਆਂ ਔਰਤਾਂ ਵਿੱਚ ਵੱਖ-ਵੱਖ ਕਿਸਮਾਂ ਦੇ ਕੈਂਸਰਾਂ ਜਿਵੇਂ ਕਿ ਛਾਤੀ, ਬੱਚੇਦਾਨੀ ਦਾ ਮੂੰਹ, ਅੰਡਾਸਯ ਆਦਿ ਬਾਰੇ ਗੱਲ ਕੀਤੀ। ਉਨ੍ਹਾਂ ਨੇ ਇਸ ਤਰ੍ਹਾਂ ਇੱਕ ਅਪੀਲ ਕੀਤੀ ਕਿ ਹਰ ਉਮਰ ਦੀਆਂ ਔਰਤਾਂ ਨੂੰ ਨਿੱਜੀ ਸਫਾਈ ਬਾਰੇ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ। ਟੀਮ ਨੇ ਤਿੰਨ ਟੈਸਟਾਂ ਬਾਰੇ ਜਾਣਕਾਰੀ ਦਿੱਤੀ ਜੋ ਹਰ ਔਰਤ ਨੂੰ ਨਿਯਮਤ ਅੰਤਰਾਲਾਂ ‘ਤੇ ਕਰਵਾਉਣੇ ਚਾਹੀਦੇ ਹਨ, ਜਿਵੇਂ ਕਿ ਮੈਮੋਗ੍ਰਾਫੀ, ਪੀਏਪੀ ਸਮੀਅਰ ਟੈਸਟ ਅਤੇ ਆਇਰਨ ਅਤੇ ਕੈਲਸੀਅਮ ਟੈਸਟ ਆਦਿ।ਵਿਦਿਆਰਥੀਆਂ ਅਤੇ ਫੈਕਲਟੀ ਦੇ ਹਰੇਕ ਸਵਾਲ ਦਾ 4 ਟੀਮ ਵੱਲੋਂ ਤਸੱਲੀਬਖਸ਼ ਉੱਤਰ ਦਿੱਤਾ ਗਿਆ। ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ ਨੇ ਸਰੋਤ ਵਿਅਕਤੀਆਂ ਦਾ ਔਰਤਾਂ ਦੀ ਸਿਹਤ ਅਤੇ ਕੈਂਸਰ ਜਾਗਰੂਕਤਾ ਬਾਰੇ ਲੈਕਚਰ ਦੇਣ ਲਈ ਧੰਨਵਾਦ ਕੀਤਾ। ਇਸ ਸੈਮੀਨਾਰ ਨੂੰ ਮਾਵਾਂ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਆਪਣੇ ਪਰਿਵਾਰ ਦੀ ਰੀੜ੍ਹ ਦੀ ਹੱਡੀ ਅਤੇ ਦੇਸ ਦੀ ਨੀਂਹ ਹੁੰਦੀਆਂ ਹਨ। ਡਾ.ਸਤੀਸ ਗਰੋਵਰ ਨੇ ਮੰਚ ਸੰਚਾਲਨ ਕੀਤਾ।
ਬਿਕਰਮ ਮਜੀਠਿਆ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇੰਨਕਾਰ
ਮਜੀਠਿਆ ਨੇ ਵਕੀਲ ਰਾਹੀ ਪੰਜਾਬ ਪੁਲਿਸ ਵਲੋਂ ਦਰਜ਼ ਮੁਕੱਦਮੇ ਨੂੰ ਕੀਤੀ ਸੀ ਰੱਦ ਕਰਨ ਦੀ ਮੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਈ : ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਉਨ੍ਹਾਂ ਵਲੋਂ ਅਪਣੇ ਵਿਰੁਧ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਮਾਮਲੇ ਵਿਚ ਦਰਜ਼ ਮੁਕੱਦਮੇ ਨੂੰ ਰੱਦ ਕਰਨ ਲਈ ਦਾਈਰ ਪਟੀਸਨ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਜਸਟਿਸ ਡੀਵਾਈ ਚੰਦਰਚੂੜ ਦੀ ਅਦਾਲਤ ਨੇ ਇਸ ਮਾਮਲੇ ਵਿਚ ਪਿਟੀਸ਼ਨਰ ਨੂੰ ਹਾਈਕੋਰਟ ਜਾਣ ਲਈ ਕਿਹਾ ਹੈ। ਮਜੀਠਿਆ ਵਲੋਂ ਅਦਾਲਤ ਵਿਚ ਸੀਨੀਅਰ ਵਕੀਲ ਕਪਿਲ ਸਿੱਬਲ ਪੇਸ਼ ਹੋਏ ਸਨ। ਗੌਰਤਲਬ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਦਰਜ਼ ਮੁਕੱਦਮੇ ਵਿਚ ਮਜੀਠਿਆ ਦੀ ਗਿ੍ਰਫਤਾਰੀ ਲਈ ਤਤਕਾਲੀ ਕਾਂਗਰਸ ਸਰਕਾਰ ਦੌਰਾਨ ਪੰਜਾਬ ਪੁਲਿਸ ਵਲੋਂ ਵੱਡੀ ਪੱਧਰ ’ਤੇ ਛਾਪੇਮਾਰੀ ਕੀਤੀ ਗਈ ਸੀ। ਜਿਸ ਕਾਰਨ ਸਾਬਕਾ ਮੰਤਰੀ ਲੰਮਾ ਸਮਾਂ ਰੂਪੋਸ਼ ਰਹੇ। ਇਸਤੋਂ ਬਾਅਦ ਪੰਜਾਬ ਵਿਧਾਨ ਸਭਾ ਲਈ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿਚ ਅੰਮਿ੍ਰਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਬਿਕਰਮ ਸਿੰਘ ਮਜੀਠਿਆ ਨੂੰ ਸੁਪਰੀਮ ਕੋਰਟ ਨੇ 23 ਫਰਵਰੀ ਤਕ ਗਿ੍ਰਫਤਾਰੀ ’ਤੇ ਰੋਕ ਲਗਾ ਦਿੱਤਾ ਸੀ। ਜਿਸਤੋਂ ਬਾਅਦ ਮਜੀਠਿਆ ਨੇ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮਜੀਠਿਆ ਜੇਲ੍ਹ ਵਿਚ ਹੀ ਬੰਦ ਹਨ। ਹਾਲਾਂਕਿ ਇਸ ਦੌਰਾਨ ਸੂਬੇ ਵਿਚ ਸਰਕਾਰ ਬਦਲੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕੇਸ ਦੀ ਜਾਂਚ ਲਈ ਵਿਸੇਸ ਜਾਂਚ ਟੀਮ ਵਿਚ ਵੀ ਤਬਦੀਲੀ ਕੀਤੀ ਸੀ।
ਭਾਜਪਾ ਆਗੂ ਤੇਜਿੰਦਰ ਬੱਗਾ ਦੀ ਗਿ੍ਰਫਤਾਰੀ ’ਤੇ 5 ਜੁਲਾਈ ਤੱਕ ਲੱਗੀ ਰੋਕ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਈ: ਅਰਵਿੰਦ ਕੇਜ਼ਰੀਵਾਲ ਵਿਰੁਧ ਬੋਲਣ ਵਾਲੇ ਦਿੱਲੀ ਦੇ ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਗਿ੍ਰਫਤਾਰੀ ‘ਤੇ 5 ਜੁਲਾਈ ਤਕ ਰੋਕ ਲਗਾ ਦਿੱਤੀ ਹੈ। ਇਸਤੋਂ ਪਹਿਲਾਂ ਅੱਜ ਤੱਕ ਉਨ੍ਹਾਂ ਨੂੰ ਰਾਹਤ ਮਿਲੀ ਹੋਈ ਸੀ। ਜਦੋਂਕਿ 7 ਮਈ ਨੂੰ ਮੁਹਾਲੀ ਦੇ ਜੂਡੀਸੀਅਲ ਮੈਜਿਸਟਰੇਟ ਨੇ ਪੰਜਾਬ ਪੁਲਿਸ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਬੱਗਾ ਦੇ ਗਿ੍ਰਫਤਾਰੀ ਵਰੰਟ ਜਾਰੀ ਕਰ ਦਿੱਤੇ ਸਨ। ਜਿਸਤੋਂ ਬਾਅਦ ਉਕਤ ਦਿਨ ਹੀ ਦੇਰ ਰਾਤ ਤੱਕ ਹਾਈਕੋਰਟ ਦੇ ਜਸਟਿਸ ਅਨੂਪ ਚਿਤਕਾਰਾ ਨੇ ਅਪਣੀ ਰਿਹਾਇਸ਼ ‘ਤੇ ਹੀ ਅਦਾਲਤ ਲਗਾਉਂਦਿਆਂ ਬੱਗਾ ਵਿਰੁਧ ਜਾਰੀ ਗਿ੍ਰਫਤਾਰੀ ਵਰੰਟਾਂ ’ਤੇ ਰੋਕ ਲਗਾ ਦਿੱਤੀ ਸੀ। ਗੌਰਤਲਬ ਹੈ ਕਿ ਪੰਜਾਬ ਪੁਲਿਸ ਨੇ ਤੇਜਿੰਦਰ ਪਾਲ ਸਿੰਘ ਬੱਗਾ ਵਿਰੁਧ ਮੁਹਾਲੀ ‘ਚ ਵੱਖ ਵੱਖ ਧਾਰਾਵਾਂ ਤਹਿਤ ਦਰਜ ਮੁਕੱਦਮੇ ਵਿਚ ਉਸਨੂੰ ਦਿੱਲੀ ਤੋਂ ਗਿ੍ਰਫਤਾਰ ਕਰ ਲਿਆ ਸੀ ਪ੍ਰੰਤੂ ਦਿੱਲੀ ਪੁਲਿਸ ਮੁਤਾਬਕ ਨਿਯਮਾਂ ਅਨੁਸਾਰ ਉਸਨੂੰ ਸੂਚਿਤ ਨਹੀਂ ਕੀਤਾ ਗਿਆ ਸੀ। ਇਸਦੇ ਨਾਲ ਹੀ ਬੱਗਾ ਦੇ ਪਿਤਾ ਅਮਰਜੀਤ ਸਿੰਘ ਨੇ ਦਿੱਲੀ ਪੁਲਿਸ ਕੋਲ ਅਪਣੇ ਪੁੱਤਰ ਦੇ ਅਗਵਾ ਦਾ ਮੁਕੱਦਮਾ ਦਰਜ਼ ਕਰਵਾ ਦਿੱਤਾ ਸੀ। ਜਿਸਤੋਂ ਬਾਅਦ ਦਿੱਲੀ ਪੁਲਿਸ ਨੇ ਅਦਾਲਤੀ ਆਦੇਸ਼ ਲੈ ਕੇ ਹਰਿਆਣਾ ਪੁਲਿਸ ਦੀ ਮੱਦਦ ਨਾਲ ਕੁਰੂਕੇਸ਼ਤਰ ਦੇ ਨਜਦੀਕ ਪੰਜਾਬ ਪੁਲਿਸ ਪਾਰਟੀ ਨੂੰ ਰੋਕ ਕੇ ਬੱਗਾ ਨੂੰ ਮੁੜ ਦਿੱਲੀ ਲੈ ਗਈ ਸੀ।
ਉਦਯੋਗਾਂ ਨੂੰ ਹੁਲਾਰਾ ਦੇ ਕੇ ਪੰਜਾਬ ਦੀ ਡਾਵਾਂਡੋਲ ਆਰਥਿਕਤਾ ਨੂੰ ਮੁੜ ਲੀਹ ’ਤੇ ਪਾਵਾਂਗੇ: ਹਰਪਾਲ ਚੀਮਾ
ਵਿੱਤ ਮੰਤਰੀ ਵਲੋਂ ਜਨਤਾ ਬਜਟ ਲਈ ਉਦਯੋਗਪਤੀਆਂ ਨਾਲ ਅਹਿਮ ਵਿਚਾਰਾਂ, ਪੰਜਾਬ ਦੇ ਸਰਵਪੱਖੀ ਵਿਕਾਸ ਲਈ ਸਹਿਯੋਗ ਦੀ ਮੰਗ
ਕਿਹਾ ਜਨਤਾ ਬਜਟ ਲਈ ਹਰ ਇਕ ਸੁਝਾਅ ’ਤੇ ਪੂਰੀ ਸੁਹਿਰਦਤਾ ਨਾਲ ਕੀਤਾ ਜਾਵੇਗਾ ਗੌਰ
25 ਸਾਲ ਕਿਸੇ ਵੀ ਸਰਕਾਰ ਨੇ ਉਦਯੋਗਾਂ ਦੀ ਬਾਤ ਨਹੀਂ ਪੁੱਛੀ, ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇਵੇਗੀ ਉਦਯੋਗਾਂ ਨੂੰ ਵੱਡਾ ਹੁਲਾਰਾ
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਇਤਿਹਾਸਿਕ ਫ਼ੈਸਲਾ
ਸੁਖਜਿੰਦਰ ਮਾਨ
ਜਲੰਧਰ, 09 ਮਈ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਇਥੇ ਕਿਹਾ ਕਿ ਉਦਯੋਗ ਅਤੇ ਵਪਾਰ ਨੂੰ ਉਤਸ਼ਾਹਿਤ ਕੀਤੇ ਬਿਨ੍ਹਾਂ ਸੂਬੇ ਦੀ ਤਰੱਕੀ ਸੰਭਵ ਨਹੀਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਉਦਯੋਗਾਂ ਨੂੰ ਹੁਲਾਰਾ ਦੇ ਕੇ ਸੂਬੇ ਦੀ ਡਾਵਾਂਡੋਲ ਆਰਥਿਕ ਹਾਲਤ ਨੂੰ ਮੁੜ ਮਜਬੂਤ ਕਰਕੇ ਲੀਹ ’ਤੇ ਪਾਵੇਗੀ ਤਾਂ ਜੋ ਰਾਜ ਅੰਦਰ ਹਰ ਖੇਤਰ ਦਾ ਲੋੜੀਂਦਾ ਵਿਕਾਸ ਯਕੀਨੀ ਬਣਾਇਆ ਜਾ ਸਕੇ।
ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਜਨਤਾ ਬਜਟ ਸਬੰਧੀ ਅਹਿਮ ਵਿਚਾਰਾਂ ਕਰਨ ਪੁੱਜੇ ਵਿੱਤ, ਕਰ ਤੇ ਆਬਕਾਰੀ ਅਤੇ ਸਹਿਕਾਰਤਾ ਮੰਤਰੀ ਹਰਪਾਲ ਚੀਮਾ ਦਾ ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਆਦਿ ਜਿਲਿ੍ਹਆਂ ਤੋਂ ਆਏ ਉਦਯੋਗਪਤੀਆਂ ਅਤੇ ਵਪਾਰੀਆਂ ਨੇ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਜਟ ਬਣਾਉਣ ਲਈ ਹਰ ਇਕ ਤਬਕੇ ਦੇ ਸੁਝਾਅ ਮੰਗਣਾ ਇਤਿਹਾਸਿਕ ਫ਼ੈਸਲੇ ਦੇ ਨਾਲ-ਨਾਲ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਰਾਹੀਂ ਸੂਬੇ ਦੇ ਲੋਕ ਜਨਤਾ ਬਜਟ ਵਿੱਚ ਭਾਈਵਾਲ ਬਣਨਗੇ। ਵਿੱਤ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਉਦਯੋਗਾਂ ਨਾਲ ਜੁੜੇ ਨੁਮਾਇੰਦਿਆਂ ਵਲੋਂ ਦਿੱਤੇ ਸੁਝਾਵਾਂ ਨੂੰ ਗਹੁ ਨਾਲ ਸੁਣਦਿਆਂ ਕਿਹਾ ਕਿ ਜਨਤਾ ਬਜਟ ਲਈ ਹਰ ਇਕ ਵਿਅਕਤੀ ਦੇ ਸੁਝਾਅ ਨੂੰ ਪੂਰੀ ਸੁਹਿਰਦਤਾ ਤੇ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਜਿਸ ਉਪਰੰਤ ਉਸ ’ਤੇ ਢੁਕਵਾਂ ਫ਼ੈਸਲਾ ਲੈ ਕੇ ਲੋਕਾਂ ਦੀ ਰਾਇ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।
ਸੂਬੇ ਦੇ ਵਿਕਾਸ, ਤਰੱਕੀ ਅਤੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਉਦਯੋਗਾਂ ਨੂੰ ਰੀੜ ਦੀ ਹੱਡੀ ਦਸਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਵਲੋਂ ਉਠਾਏ ਗਏ ਵੱਖ-ਵੱਖ ਮਸਲਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੂਰੀ ਸ਼ਿੱਦਤ ਨਾਲ ਵਿਚਾਰ ਕੇ ਆਉਂਦੇ ਸਮੇਂ ਵਿੱਚ ਬਣਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਕਿਸੇ ਵੀ ਸਰਕਾਰ ਨੇ ਉਦਯੋਗਾਂ ਦੀ ਬਾਤ ਨਹੀਂ ਪੁੱਛੀ ਅਤੇ ਉਦਯੋਗਾਂ ਲਈ ਲੋੜੀਂਦੇ ਬੁਨਿਆਦੀ ਢਾਂਚੇ ਫੋਕਲ ਪੁਆਇੰਟ ਆਦਿ ਦੀ ਵੀ ਸਾਰ ਨਹੀਂ ਲਈ । ਉਨ੍ਹਾਂ ਨੇ ਭਰੋਸਾ ਦੁਆਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਨਤਾ ਬਜਟ ਵਿੱਚ ਲੋਕ ਮਸਲਿਆਂ ਨੂੰ ਪੂਰੀ ਤਰਜੀਹ ਦਿੱਤੀ ਜਾਵੇਗੀ ਅਤੇ ਹੁਣ ਉਦਯੋਗਾਂ ਨੂੰ ਬੜਾਵਾ ਦੇ ਕੇ ਸੂਬੇ ਵਿੱਚ ਆਰਥਿਕਤਾ ਦੀ ਮਜਬੂਤੀ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾਣਗੇ।
‘ਜਨਤਾ ਬਜਟ’ ਸਬੰਧੀ ਹਰਪਾਲ ਚੀਮਾ ਨੇ ਕਿਹਾ ਕਿ ਲੋਕ ਆਪੋ-ਆਪਣੇ ਸੁਝਾਅ ਲਿਖਤ ਰੂਪ ਵਿੱਚ ਪੰਜਾਬ ਸਰਕਾਰ ਵਲੋਂ ਜਾਰੀ ਪੋਰਟਲ ਅਤੇ finance.punjab.gov.in ਜਾਂ punjabdabudget0gmail.com ’ਤੇ ਭੇਜਣ ਦੇ ਨਾਲ-ਨਾਲ ਆਪਣੇ ਹਲਕੇ ਦੇ ਵਿਧਾਇਕ ਜਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸੁਝਾਅ ਲੈਣ ਲਈ ਮੰਡੀ ਗੋਬਿੰਦਗੜ੍ਹ ਤੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਉਹ ਸੰਗਰੂਰ, ਬਠਿੰਡਾ, ਲੁਧਿਆਣਾ ਤੋਂ ਬਾਅਦ ਜਲੰਧਰ ਪਹੁੰਚੇ ਹਨ ਅਤੇ ਅੱਜ-ਕੱਲ ਵਿੱਚ ਅੰਮ੍ਰਿਤਸਰ, ਬਟਾਲਾ ਅਤੇ ਮੋਹਾਲੀ ਤੋਂ ਇਲਾਵਾ ਬਾਕੀ ਇਲਾਕਿਆਂ ਵਿੱਚ ਵੀ ਜਾ ਰਹੇ ਹਨ ਤਾਂ ਜੋ ਲੋਕਾਂ ਨਾਲ ਸਿੱਧਾ ਰਾਬਤਾ ਕਰਕੇ ਇਕ ਲੋਕ ਪੱਖੀ ਬਜਟ ਤਿਆਰ ਕੀਤਾ ਜਾ ਸਕੇ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤਾ ਹਰ ਇਕ ਵਾਅਦਾ ਪੂਰਾ ਕਰਨ ਲਈ ਜੀਅ-ਜਾਨ ਨਾਲ ਕੰਮ ਕਰ ਰਹੀ ਹੈ ਅਤੇ ਆਉਂਦੇ ਸਮੇਂ ਵਿੱਚ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਵੱਖ-ਵੱਖ ਉਦਯੋਗਾਂ ਨਾਲ ਸਬੰਧਿਤ ਉਦਯੋਗਪਤੀਆਂ ਗੁਰਸ਼ਰਨ ਸਿੰਘ, ਨਰਿੰਦਰ ਸਿੰਘ ਸੱਗੂ, ਤੇਜਿੰਦਰ ਸਿੰਘ ਭਾਸੀਨ, ਸ਼ਾਮ ਕੁਮਾਰ ਗੁਪਤਾ, ਜੇ.ਐਸ.ਚੌਹਾਨ ਆਦਿ ਨੇ ਵੀ ਆਪੋ-ਆਪਣੇ ਵਿਚਾਰ ਵਿੱਤ ਮੰਤਰੀ ਦੇ ਸਨਮੁੱਖ ਰੱਖੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ, ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ, ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ, ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ, ਸ਼ਾਮ ਚੁਰਾਸੀ ਤੋਂ ਵਿਧਾਇਕ ਡਾ.ਰਵਜੋਤ, ਟਾਂਡਾ ਤੋਂ ਵਿਧਾਇਕ ਜਸਬੀਰ ਸਿੰਘ ਰਾਜਾ, ਦਸੂਹਾ ਤੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ, ਨਵਾਂ ਸ਼ਹਿਰ ਤੋਂ ਵਿਧਾਇਕ ਨਛੱਤਰ ਪਾਲ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਤੋਂ ਇਲਾਵਾ ਆਪ ਆਗੂ ਰਾਜਵਿੰਦਰ ਕੌਰ, ਸੁਰਿੰਦਰ ਪਾਲ ਸਿੰਘ ਸੋਢੀ, ਮੰਗਲ ਸਿੰਘ, ਦਿਨੇਸ਼ ਢੱਲ, ਆਦਿ ਮੌਜੂਦ ਸਨ।
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਇਤਿਹਾਸਿਕ ਕਦਮ : ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਨੂੰ ਲੈ ਕੇ ਦਿੱਤੇ ਗਏ ਮੰਗ ਪੱਤਰਾਂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦੇ ਦਿਨੋ-ਦਿਨ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਇਤਿਹਾਸਿਕ ਕਦਮ ਚੁੱਕਿਆ ਗਿਆ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਕੁਦਰਤੀ ਸੋਮਾ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਝੋਨਾ ਲਗਾਉਣ ਲਈ ਦਿੱਤੀਆਂ ਤਰੀਕਾਂ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਇਕ ਉਸਾਰੂ ਤੇ ਸਾਰਥਿਕ ਕਦਮ ਹੈ ਜਿਸ ਦਾ ਭਵਿੱਖ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਫ਼ਸਲੀ ਵਿਭਿੰਨਤਾ ਨੂੰ ਵੱਡਾ ਹੁਲਾਰਾ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਮੂੰਗੀ ਦੀ ਫ਼ਸਲ ’ਤੇ ਐਮ.ਐਸ.ਪੀ. ਵੀ ਐਲਾਨੀ ਜਾ ਚੁੱਕੀ ਹੈ।
ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਜਲ ਸਪਲਾਈ/ਸੈਨੀਟੇਸ਼ਨ ਵਿਭਾਗ, ਸਿੱਖਿਆ ਵਿਭਾਗ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦੇ ਸੰਘਰਸ਼ਾਂ ਦੀ ਹਮਾਇਤ ਅਤੇ ਟੀਚਰਾਂ ਉੱਤੇ ਜਬਰ ਦੀ ਨਿਖੇਧੀ
ਸੁਖਜਿੰਦਰ ਮਾਨ
ਚੰਡੀਗੜ੍ਹ 9 ਮਈ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵਲੋਂ ਅੱਜ ਇੱਥੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ, ਠੇਕਾ ਭਰਤੀ ਟੀਚਰ ਯੂਨੀਅਨ ਅਤੇ ਪੀਆਰਟੀਸੀ ਠੇਕਾ ਕਾਮਿਆਂ ਦੇ ਚੱਲ ਰਹੇ ਸੰਘਰਸ਼ਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਫ਼ੈਸਲੇ ਤਹਿਤ ਜਲ ਸਪਲਾਈ ਕਾਮਿਆਂ ਦੇ 10 ਮਈ ਦੇ ਸੰਗਰੂਰ ਧਰਨੇ ਵਿੱਚ ਸੰਕੇਤਕ ਸ਼ਮੂਲੀਅਤ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਾਜ਼ਮ ਆਗੂਆਂ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਇੱਕ ਪਾਸੇ ਤਾਂ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਇਨ੍ਹਾਂ ਮੁਲਾਜਮਾਂ ਦੇ ਕੱਚੇ ਰੁਜ਼ਗਾਰ ਵੀ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸੰਗਰੂਰ ਵਿਖੇ ਸ਼ਾਂਤਮਈ ਧਰਨੇ ‘ਤੇ ਬੈਠੇ ਕੱਚੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਪੁਲਿਸ ਵੱਲੋਂ ਧਰਨਾਕਾਰੀ ਮਰਦ ਔਰਤਾਂ ਸਮੇਤ ਬੱਚਿਆਂ ਦੀ ਬੇਕਿਰਕ ਖਿੱਚ ਧੂਹ ਕਰਨ, ਕੱਪੜੇ ਪਾੜਨ ਅਤੇ ਗ੍ਰਿਫ਼ਤਾਰੀਆਂ ਕਰਨ ਦੀ ਕਿਸਾਨ ਆਗੂਆਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਇਸ ਜਾਬਰ ਕਾਰਵਾਈ ਸਮੇਂ ਦੋ ਅਧਿਆਪਕਾਂਵਾਂ ਦੇ ਬੇਹੋਸ਼ ਹੋਣ ਦੀ ਮੰਦਭਾਗੀ ਖ਼ਬਰ ਵੀ ਨਸ਼ਰ ਹੋਈ ਹੈ। ਇਸ ਮੌਕੇ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਾਜ਼ਮਾਂ ਨੂੰ ਰਿਹਾਅ ਕਰਨ ਅਤੇ ਇਸ ਅਣਮਨੁੱਖੀ ਕਾਰੇ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਅਤੇ ਅਰਧ-ਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਇਹ ਨੌਜਵਾਨ ਆਮ ਕਿਸਾਨਾਂ ਮਜ਼ਦੂਰਾਂ ਤੇ ਹੋਰ ਗਰੀਬ ਕਿਰਤੀ ਪ੍ਰਵਾਰਾਂ ਦੇ ਹੀ ਜੰਮਪਲ਼ ਹਨ। ਜਿਹੜੇ ਕਿ ਭਾਰੀ ਕਰਜ਼ਿਆਂ ਥੱਲੇ ਦੱਬੇ ਹੋਏ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਪਣੀ ਪਾਰਟੀ ਦੇ ਚੋਣ ਵਾਅਦਿਆਂ ਮੁਤਾਬਕ ਇਨ੍ਹਾਂ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ। ਹੋਰ ਖਾਲੀ ਅਸਾਮੀਆਂ ਉੱਤੇ ਨਵੇਂ ਮੁਲਾਜ਼ਮ ਵੀ ਪੱਕੇ ਭਰਤੀ ਕੀਤੇ ਜਾਣ। ਆਪਣੇ ਬਿਆਨ ਦੇ ਅਖੀਰ ਵਿੱਚ ਕਿਸਾਨ ਆਗੂਆਂ ਨੇ ਝੋਨੇ ਦੀ ਬਿਜਾਈ ਸਮੇਤ ਭਖਦੇ ਕਿਸਾਨੀ ਮਸਲਿਆਂ ਬਾਰੇ ਇੱਕਤਰਫਾ ਸਰਕਾਰੀ ਬਿਆਨਾਂ ਰਾਹੀਂ ਭੰਬਲਭੂਸੇ ਪਾਉਣ ਦੀ ਬਜਾਏ ਇਨ੍ਹਾਂ ਦੇ ਤਸੱਲੀਬਖ਼ਸ਼ ਨਿਪਟਾਰੇ ਲਈ ਵੀ ਹੰਗਾਮੀ ਯਤਨ ਜੁਟਾਉਣ ਦੀ ਅਪੀਲ ਕੀਤੀ ਹੈ।
ਮੰਤਰੀ ਬ੍ਰਮ ਸ਼ੰਕਰ ਨਾਲ ਮੀਟਿੰਗ ਤੋਂ ਬਾਅਦ ਮਾਲ ਪਟਵਾਰੀਆਂ ਨੇ ਵਾਪਸ ਲਈ ਹਡ਼ਤਾਲ
ਦੀ ਰੈਵੀਨਿਊ ਪਟਵਾਰ ਯੂਨੀਅਨ ਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਨਾਲ ਮੀਟਿੰਗ ‘ਚ ਹੋਇਆ ਫੈਸਲਾ
ਸੁਖਜਿੰਦਰ ਮਾਨ
ਪਟਿਆਲਾ, 9 ਮਈ:ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਸ਼ਰਮਾ (ਜਿੰਪਾ) ਨੇ ਦੀ ਰੈਵੀਨਿਊ ਪਟਵਾਰ ਯੂਨੀਅਨ, ਪੰਜਾਬ ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ, ਪੰਜਾਬ ਦੇ ਵਫ਼ਦ ਨਾਲ ਮੀਟਿੰਗ ਕਰਕੇ ਰਾਜ ‘ਚ ਹੜਤਾਲ ‘ਤੇ ਚੱਲ ਰਹੇ ਮਾਲ ਪਟਵਾਰੀਆਂ ਦੀ ਹੜਤਾਲ ਖ਼ਤਮ ਕਰਵਾਈ। ਪਟਵਾਰ ਯੂਨੀਅਨ ਦੇ ਆਗੂਆਂ ਨੇ ਆਪਣੀ ਹੜਤਾਲ ਖ਼ਤਮ ਕਰਨ ਦਾ ਐਲਾਨ ਸੋਮਵਾਰ ਸ਼ਾਮ ਪਟਿਆਲਾ ਦੇ ਸਰਕਟ ਹਾਊਸ ਵਿਖੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਮੌਜੂਦਗੀ ‘ਚ ਕੀਤਾ।ਮਾਲ ਮੰਤਰੀ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਟਵਾਰ ਯੂਨੀਅਨ ਆਗੂਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਯੂਨੀਅਨ ਆਗੂਆਂ ਦੀ ਮਾਲ ਮੰਤਰੀ ਨਾਲ ਇਹ ਮੀਟਿੰਗ ਕਰਵਾਉਣ ‘ਚ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਹਰਮੀਤ ਸਿੰਘ ਪਠਾਣਮਾਜਰਾ ਤੇ ਗੁਰਲਾਲ ਘਨੌਰ ਸਮੇਤ ਬਲਤੇਜ ਪੰਨੂੰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਚੱਢਾ ਦਾ ਵਿਸ਼ੇਸ਼ ਵਿਸ਼ੇਸ਼ ਯੋਗਦਾਨ ਰਿਹਾ।
ਇਸ ਮੌਕੇ ਵਧੀਕ ਮੁੱਖ ਸਕੱਤਰ-ਕਮ-ਵਿੱਤ ਸਕੱਤਰ ਮਾਲ ਅਨੁਰਾਗ ਅਗਰਵਾਲ, ਮਾਲ ਵਿਭਾਗ ਦੇ ਸਕੱਤਰ ਮਨਵੇਸ਼ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐਸ.ਐਸ.ਪੀ. ਦੀਪਕ ਪਾਰੀਕ ਵੀ ਮੌਜੂਦ ਸਨ। ਜਦਕਿ ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਤਾਲਮੇਲ ਕਮੇਟੀ ਦੀ ਤਰਫ਼ੋਂ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਵੱਲੋਂ ਮੋਹਨ ਸਿੰਘ ਭੇਡਪੁਰਾ ਸਮੇਤ ਉਂਕਾਰ ਸਿੰਘ ਤੇ ਸੁਖਵਿੰਦਰ ਸਿੰਘ ਸੁੱਖੀ ਤੇ ਹੋਰ ਆਗੂ ਵੀ ਸ਼ਾਮਲ ਸਨ।
ਮਾਲ ਮੰਤਰੀ ਨੇ ਪਟਵਾਰ ਯੂਨੀਅਨ ਆਗੂਆਂ ਦਾ ਵਿਸ਼ੇਸ ਧੰਨਵਾਦ ਕਰਦਿਆਂ ਕਿਹਾ ਕਿ ਪਟਵਾਰ ਯੂਨੀਅਨ ਨੇ ਲੋਕ ਹਿੱਤਾਂ ਦੇ ਮੱਦੇਨਜ਼ਰ ਆਪਣੀ ਹੜਤਾਲ ਵਾਪਸ ਲਈ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਨਾਲ ਸਦਭਾਵਨਾ ਦੇ ਮਾਹੌਲ ‘ਚ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਮਲੇਰਕੋਟਲਾ ਜ਼ਿਲ੍ਹੇ ਦੇ ਪਟਵਾਰੀ ਦੀਦਾਰ ਸਿੰਘ ਵਿਰੁੱਧ ਦਰਜ ਵਿਜੀਲੈਂਸ ਕੇਸ ‘ਚ ਜਾਂਚ ਅਧਿਕਾਰੀ ਨੂੰ ਤਬਦੀਲ ਕੀਤਾ ਜਾਵੇਗਾ ਅਤੇ ਪਟਵਾਰੀਆਂ ਦੀਆਂ ਬਾਕੀ ਜਾਇਜ਼ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਪੜਾਅਵਾਰ ਢੰਗ ਨਾਲ ਬਹੁਤ ਜਲਦ ਮੰਨ ਲਿਆ ਜਾਵੇਗਾ।
ਇਸ ਮੌਕੇ ਰੈਵੀਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਮਾਨਵੀ ਹਿੱਤਾਂ ਦੇ ਮੱਦੇਨਜ਼ਰ ਜਿਹੜੇ ਪਟਵਾਰ ਸਰਕਲਾਂ ਦਾ ਉਨ੍ਹਾਂ ਕੋਲ ਵਾਧੂ ਚਾਰਜ ਹੈ, ਵਿਖੇ ਅੱਜ ਸ਼ਾਮ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਬਾਕੀ ਸਰਕਲਾਂ ‘ਚ ਮੰਗਲਵਾਰ ਸਵੇਰੇ ਪਟਵਾਰੀਆਂ ਦੇ ਦਫ਼ਤਰ ਆਮ ਲੋਕਾਂ ਦੇ ਕੰਮਾਂ ਲਈ ਖੁੱਲ੍ਹ ਜਾਣਗੇ। ਮੋਹਨ ਸਿੰਘ ਭੇਡਪੁਰਾ ਨੇ ਕਿਹਾ ਕਿ ਅੱਜ ਮਾਲ ਮੰਤਰੀ ਅਤੇ ਐਫ.ਸੀ.ਆਰ. ਵੱਲੋਂ ਸਦਭਾਵਨਾ ਦੇ ਮਾਹੌਲ ‘ਚ ਮੀਟਿੰਗ ਕਰਕੇ ਉਨ੍ਹਾਂ ਦੀ ਗੱਲ ਸੁਣੀ ਗਈ ਹੈ, ਜਿਸ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਲ ਮੰਤਰੀ ਸਮੇਤ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਨ।ਬ੍ਰਮ ਸ਼ੰਕਰ ਜਿੰਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਵਾਰੀਆਂ ਦੀਆਂ ਮੰਗਾਂ ਮੰਨਣ ‘ਚ ਹੋਈ ਦੇਰੀ ਦੇ ਸਵਾਲ ‘ਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਗੁੱਸਾ ਪਟਵਾਰੀ ਉਨ੍ਹਾਂ ਦੀ ਸਰਕਾਰ ‘ਤੇ ਨਹੀਂ ਕੱਢ ਸਕਦੇ ਪਰੰਤੂ ਮੌਜੂਦਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਖ਼ੁਦ ਪਟਵਾਰੀਆਂ ਨਾਲ ਹਮਦਰਦੀ ਰੱਖਦੀ ਹੈ, ਇਸ ਲਈ ਪਟਵਾਰੀਆਂ ਦੀ ਕੋਈ ਵੀ ਮੰਗ ਬਕਾਇਆ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 50 ਦਿਨਾਂ ‘ਚ ਜੋ ਕੰਮ ਕਰਕੇ ਦਿਖਾਇਆ ਹੈ, ਉਹ ਆਪਣੇ ਆਪ ‘ਚ ਇੱਕ ਮਿਸਾਲ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਹੋਰ ਕਿਹਾ ਕਿ ਐਸ.ਐਸ.ਐਸ. ਬੋਰਡ ਰਾਹੀਂ ਭਰਤੀ 1090 ਪਟਵਾਰੀਆਂ ਨੂੰ ਜਲਦੀ ਹੀ ਸਿਖਲਾਈ ‘ਤੇ ਭੇਜਿਆ ਜਾਵੇਗਾ। ਇਸ ਤੋਂ ਬਿਨ੍ਹਾਂ ਸੂਬੇ ‘ਚ ਪਟਵਾਰੀਆਂ ਦੇ ਕੰਮ ਲਈ ਸੇਵਾ ਮੁਕਤ ਪਟਵਾਰੀਆਂ ਦੀਆਂ ਸੇਵਾਵਾਂ ਲੈਣ ਸਮੇਤ ਬਦਲਵੇਂ ਪ੍ਰਬੰਧ ਕੀਤੇ ਜਾਣਗੇ ਅਤੇ ਪਟਵਾਰੀਆਂ ਦੇ ਬੈਠਣ ਲਈ ਵੀ ਪੱਕੇ ਪ੍ਰਬੰਧ ਕੀਤੇ ਜਾਣਗੇ।ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਇਕ ਸਵਾਲ ਦੇ ਜਵਾਬ ‘ਚ ਮਾਲ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ ਅਤੇ ਸੂਬੇ ਵਿੱਚੋਂ ਇਸ ਭਿਆਨਕ ਬਿਮਾਰੀ ਦੇ ਖ਼ਾਤਮੇ ਲਈ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।ਇਸ ਮੌਕੇ ਆਪ ਦੇ ਸੂਬਾ ਸੰਯੁਕਤ ਸਕੱਤਰ ਜਰਨੈਲ ਸਿੰਘ ਮੰਨੂ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਕੁੰਦਨ ਗੋਗੀਆ, ਜ਼ਿਲ੍ਹਾ ਈਵੈਂਟ ਇੰਚਾਰਜ ਅੰਗਰੇਜ ਸਿੰਘ ਰਾਮਗੜ੍ਹ, ਜਗਜੀਤ ਸਿੰਘ ਨਨਾਨਸੂ ਸਮੇਤ ਵੱਡੀ ਗਿਣਤੀ ‘ਚ ਹੋਰ ਆਗੂ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਮਹੰਤ ਗੁਰਬੰਤਾ ਦਾਸ ਸਕੂਲ ਦਾ ਕੀਤਾ ਦੌਰਾ
ਹਾਊਸ ਕੀਪਿੰਗ ਸਬੰਧੀ ਸਿਖਲਾਈ ਲੈ ਰਹੇ ਸਕੂਲ ਦੇ ਵਿਦਿਆਰਥੀਆਂ ਦੀ ਕੀਤੀ ਹੌਂਸਲਾਂ-ਅਫ਼ਜਾਈ
ਸਿਖਲਾਈ ਲੈ ਰਹੀਆਂ 25 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦੀ ਕੀਤੀ ਵੰਡ
ਜਮਾਤਾਂ ਦਾ ਦੌਰਾ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਕੀਤਾ ਨਿਰੀਖਣ
ਸੁਖਜਿੰਦਰ ਮਾਨ
ਬਠਿੰਡਾ, 9 ਮਈ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਅੱਜ ਇੱਥੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਗੂੰਗੇ-ਬੋਲੇ ਸਕੂਲ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਵਲੋਂ ਇੰਡੀਅਨ ਇੰਸਟੀਚਿਊਟ ਆਫ਼ ਹੋਟਲ ਮੈਨੇਜ਼ਮੈਂਟ (ਆਈਐਚਐਮ) ਭਾਰਤ ਸਰਕਾਰ ਵਲੋਂ ਮਨੀਸਟਰੀ ਆਫ਼ ਟੂਰਿਜ਼ਮ ਤੇ ਆਂਤਰਪ੍ਰੀ ਨਿਉਰਸ਼ਿਪ ਪ੍ਰੋਗਰਾਮ ਤਹਿਤ ਹਾਊਸ ਕੀਪਿੰਗ ਦੀ ਸਿਖਲਾਈ ਲੈ ਰਹੇ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜਾਈ ਵੀ ਕੀਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਇਸ ਸਕੂਲ ਦੇ ਪ੍ਰੀਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨਾਲ ਜਮਾਤਾਂ ਵਿੱਚ ਜਾ ਕੇ ਉਨ੍ਹਾਂ ਨੂੰ ਕਰਵਾਈ ਜਾ ਰਹੀ ਪੜ੍ਹਾਈ ਦਾ ਨਿਰੀਖਣ ਵੀ ਕੀਤਾ। ਇਸ ਤੋਂ ਇਲਾਵਾ ਸਕੂਲ ਦੀਆਂ ਵਿਦਿਆਰਥਣਾਂ ਲਈ ਦਿੱਤੀ ਜਾ ਰਹੀ ਸਕੂਲ ਦੇ ਵਿਦਿਆਰਥੀਆਂ ਨਾਲ ਵੱਖ-ਵੱਖ ਜਮਾਤਾਂ ਵਿੱਚ ਜਾ ਕੇ ਇੱਥੇ ਕਰਵਾਈ ਜਾ ਰਹੀ ਪੜ੍ਹਾਈ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਵਿਦਿਆਰਥੀਆਂ ਕੋਲੋਂ ਉਨ੍ਹਾਂ ਨੂੰ ਕਰਵਾਈ ਜਾ ਰਹੀ ਸਿੱਖਿਆ ਸਬੰਧੀ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਵਿਦਿਆਰਥੀਆਂ ਵਲੋਂ ਤਸੱਲੀਬਖਸ ਜਵਾਬ ਦਿੱਤੇ ਗਏ।
ਇਸ ਦੌਰਾਨ ਉਨ੍ਹਾਂ ਸਕੂਲ ਵਿਖੇ ਵਿਦਿਆਰਥੀਆਂ ਲਈ ਕੰਪਿਊਟਰ ਲੈਬ ਤੋਂ ਇਲਾਵਾ ਉਨ੍ਹਾਂ ਲਈ ਸਕਿੱਲ ਡਿਵੈਲਪਮੈਂਟ ਤਹਿਤ ਆਪਣੇ ਪੈਰਾ ਤੇ ਖੜ੍ਹੇ ਹੋਣ ਲਈ ਚਲਾਏ ਜਾ ਰਹੇ ਵੱਖ-ਵੱਖ ਸਿਖਲਾਈ ਸੈਂਟਰਾਂ ਜਿਵੇਂ ਕਿ ਬਿਊਟੀਸ਼ਨ ਸਿਖਲਾਈ ਸੈਂਟਰ, ਸਕਰੀਨ ਪਿ੍ਰੰਟਿੰਗ ਅਤੇ ਆਟੋ ਵਰਕਸ਼ਾਪ ਦਾ ਵੀ ਜਾਇਜ਼ਾ ਲਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਵਲੋਂ ਖੁਦ ਹੱਥੀ ਤਿਆਰ ਕਰਕੇ ਬਣਾਈਆਂ ਗਈਆਂ ਵਸਤਾਂ ਦੀ ਲਗਾਈ ਗਈ ਪ੍ਰਦਰਸ਼ਨੀ ਵੀ ਦੇਖੀ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਇੰਡੀਆ ਇੰਸਟੀਚਿਊਟ ਆਫ਼ ਹੋਟਲ ਮੈਨੇਜ਼ਮੈਂਟ (ਆਈਐਚਐਮ) ਦੁਆਰਾ ਮਨੀਸਟਰੀ ਆਫ਼ ਟੂਰਿਜ਼ਮ ਤਹਿਤ ਹਾਊਸ ਕੀਪਿੰਗ ਦੀ ਸਿਖਲਾਈ ਲੈ ਰਹੇ 10ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਿਲ ਕੇ ਉਨ੍ਹਾਂ ਦੀ ਵੀ ਹੌਂਸਲਾ-ਅਫ਼ਜਾਈ ਕੀਤੀ। ਉਨ੍ਹਾਂ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਪਣੇ ਪੈਰਾ ਸਿਰ ਖੜ੍ਹੇ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਮਹੰਤ ਗੁਰਬੰਤਾ ਦਾਸ (ਗੂੰਗੇ-ਬੋਲਿਆਂ) ਦੇ ਸਕੂਲ ਵਿਖੇ 6 ਮਹੀਨਿਆਂ ਦੀ ਸਿਲਾਈ ਦੀ ਟ੍ਰੇਨਿੰਗ ਪੂਰੀ ਕਰ ਚੁੱਕੀਆਂ 25 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦੀ ਦੀ ਵੀ ਵੰਡ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ, ਬਠਿੰਡਾ ਹੋਟਲ ਐਸੋਸ਼ੀਏਸ਼ਨ ਦੇ ਪ੍ਰਧਾਨ ਸ਼੍ਰੀ ਸ਼ਤੀਸ਼ ਅਰੌੜਾ, ਸੈਕਟਰੀ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਆਈਐਚਐਮ ਦੇ ਪ੍ਰੋਗਰਾਮ ਕੁਆਰਡੀਨੇਟਰ ਸ਼੍ਰੀਮਤੀ ਰੀਤੂ ਬਾਲਾ ਗਰਗ, ਨੀਰੂ ਬਾਂਸਲ, ਸਕੂਲ ਦੇ ਪਿ੍ਰੰਸੀਪਲ ਮੈਡਮ ਮਨਿੰਦਰ ਕੌਰ ਭੱਲਾ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਵੱਡੇ ਘਰਾਣਿਆਂ ਨੂੰ ਨਾ ਮਿਲੇ ਦਵਾਈ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਜੂਰੀ: ਅਸ਼ੋਕ ਬਾਲਿਆਂਵਾਲੀ
ਪੀਸੀਏ ਦੇ ਨਿਰਦੇਸ਼ਾਂ ਤੇ ਪੰਜਾਬ ਭਰ ਵਿੱਚ ਹਲਕਾ ਵਿਧਾਇਕਾਂ ਨੂੰ ਸੌਂਪੇ ਗਏ ਮੰਗ ਪੱਤਰ
ਟੀਬੀਡੀਸੀਏ ਦੇ ਜਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗੁਵਾਈ ਵਿੱਚ ਜਗਰੂਪ ਗਿੱਲ ਨਾਲ ਮੁਲਾਕਾਤ
ਵੱਡੇ ਘਰਾਣਿਆਂ ਨੂੰ ਦਵਾਈ ਦੀਆਂ ਦੁਕਾਨਾਂ ਅਲਾਟ ਕਰਣ ਨਾਲ 27 ਹਜਾਰ ਛੋਟੇ ਕੇਮਿਸਟ ਹੋ ਜਾਣਗੇ ਬਰਬਾਦ
ਸੁਖਜਿੰਦਰ ਮਾਨ
ਬਠਿੰਡਾ, 9 ਮਈ: ਦੀ ਬਠਿੰਡਾ ਡਿਸਟਿ੍ਰਕਟ ਕੇਮਿਸਟ ਐਸੋਸਿਏਸ਼ਨ (ਟੀਬੀਡੀਸੀਏ) ਨੇ ਅਮੀਰ ਘਰਾਣਿਆਂ ਨੂੰ ਦਵਾਈ ਦੀਆਂ ਦੁਕਾਨਾਂ ਨਾ ਦੇਣ ਦੀ ਮੰਗ ਪੰਜਾਬ ਸਰਕਾਰ ਤੋਂ ਕੀਤੀ ਹੈ। ਉਕਤ ਮੰਗ ਕਰਦੇ ਹੋਏ ਟੀਬੀਡੀਸੀਏ ਦੇ ਜਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਦਵਾਈ ਦੀਆਂ ਦੁਕਾਨਾਂ ਨੂੰ ਅਮੀਰ ਘਰਾਣਿਆਂ ਦੇ ਹਵਾਲੇ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜੋ ਪੰਜਾਬ ਦੇ 27 ਹਜਾਰ ਛੋਟੇ ਕੇਮਿਸਟਾਂ ਲਈ ਘਾਤਕ ਸਾਬਤ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ 27 ਹਜਾਰ ਛੋਟੇ ਕੇਮਿਸਟ ਹਨ, ਜਿਨ੍ਹਾਂ ਦੇ ਨਾਲ ਲੱਖਾਂ ਦੀ ਤਾਦਾਦ ਵਿੱਚ ਨੌਜਵਾਨ ਜੁੜੇ ਹੋਏ ਹਨ ਅਤੇ ਸਰਕਾਰ ਦੁਆਰਾ ਅਮੀਰ ਘਰਾਣਿਆਂ ਨੂੰ ਦਵਾਈ ਦੀਆਂ ਦੁਕਾਨਾਂ ਦੇਣ ਸਬੰਧੀ ਮਨਜ਼ੂਰੀ ਦੇ ਕਾਰਨ ਉਕਤ 27 ਹਜਾਰ ਕੇਮਿਸਟਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਜੁੜੇ ਲੱਖਾਂ ਪਰਿਵਾਰ ਬੇਰੋਜਗਾਰ ਹੋ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਕੇਮਿਸਟ ਐਸੋਸਿਏਸ਼ਨ ਵੱਲੋਂ ਇਸਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਕਤ ਮਨਜ਼ੂਰੀ ਦੇ ਖਿਲਾਫ ਪੀਸੀਏ ਦੇ ਨਿਰਦੇਸ਼ਾਂ ਤੇ ਪੰਜਾਬ ਵਿੱਚ ਕੇਮਿਸਟਾਂ ਵੱਲੋਂ ਆਪਣੇ ਆਪਣੇ ਹਲਕਾ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ ਗਏ ਹਨ, ਜਿਸਦੇ ਤਹਿਤ ਬਠਿੰਡਾ ਵਿੱਚ ਵੀ ਵਿਧਾਇਕ ਜਗਰੂਪ ਗਿੱਲ ਨੂੰ ਮੰਗ ਪੱਤਰ ਸੌਂਪ ਕੇ ਸਰਕਾਰ ਦੁਆਰਾ ਅਮੀਰ ਘਰਾਣਿਆਂ ਨੂੰ ਦਵਾਈ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਨਾ ਦੇਣ ਦੀ ਮੰਗ ਰੱਖੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਉਨ੍ਹਾਂ ਦੀ ਮੰਗ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਦੌਰਾਨ ਪੀਸੀਏ ਦੇ ਸਾਬਕਾ ਪ੍ਰਧਾਨ ਆਰਡੀ ਗੁਪਤਾ ਨੇ ਕਿਹਾ ਕਿ ਕੇਮਿਸਟ ਐਸੋਸਿਏਸ਼ਨ ਦੁਆਰਾ ਪਿਛਲੇ ਲੰਮੇ ਸਮੇਂ ਤੋਂ ਇਸਦੇ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਤਹਿਤ ਹੀ ਪਿੱਛਲੀ ਸਰਕਾਰ ਵੱਲੋਂ ਮਨਜ਼ੂਰੀ ਨਾਂ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਅਮੀਰ ਘਰਾਣਿਆਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਡਰਗ ਵਿਭਾਗ ਵੱਲੋਂ ਦਵਾਈ ਦੀਆਂ ਦੁਕਾਨਾਂ ਖੋਲ੍ਹਣ ਲਈ ਅਮੀਰ ਘਰਾਣਿਆਂ ਨੂੰ ਲਾਇਸੇਂਸ ਦੇਣ ਲਈ ਗਤੀਵਿਧੀਆਂ ਤੇਜ ਕਰ ਦਿੱਤੀਆਂ ਗਈਆਂ ਹਨ, ਪਰ ਕੇਮਿਸਟ ਐਸੋਸਿਏਸ਼ਨ ਪੰਜਾਬ ਵਿੱਚ ਅਜਿਹਾ ਨਹੀਂ ਹੋਣ ਦੇਵੇਗੀ ਅਤੇ ਵੱਡੇ ਘਰਾਣਿਆਂ ਨੂੰ ਉਕਤ ਕਾਰੋਬਾਰ ਨਹੀਂ ਕਰਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਛੋਟੇ ਕਾਰੋਬਾਰੀਆਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕਣੇ ਜਰੂਰੀ ਹਨ। ਜ?ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪੰਜਾਬ ਭਰ ਵਿੱਚ ਛੋਟੇ ਕੈਮਿਸਟਾਂ ਵੱਲੋਂ ਹੀ ਆਮ ਜਨਤਾ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੇ ਮੋਢੇ ਨਾਲ ਮੋਢਾ ਮਿਲਾਕੇ ਆਮ ਜਨਤਾ ਤੱਕ ਦਵਾਈਆਂ ਅਤੇ ਹੋਰ ਜਰੂਰੀ ਸਾਮਾਨ ਪਹੁੰਚਾਇਆ ਗਿਆ ਸੀ, ਜਦੋਂ ਕਿ ਵੱਡੇ ਕਾਰੋਬਾਰੀਆਂ ਵੱਲੋਂ ਉਸ ਸਮੇਂ ਦੌਰਾਨ ਆਪਣੀਆਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਦੁਆਰਾ ਉਕਤ ਮਨਜ਼ੂਰੀ ਦਿੱਤੀ ਗਈ, ਤਾਂ ਪੀਸੀਏ ਦੇ ਨਿਰਦੇਸ਼ਾਂ ਤੇ ਪੰਜਾਬ ਭਰ ਦੇ ਕੇਮਿਸਟ ਸਰਕਾਰ ਦੇ ਖਿਲਾਫ ਸੜਕਾਂ ਤੇ ਉੱਤਰ ਕੇ ਵਿਰੋਧ ਪ੍ਰਦਰਸਨ ਕਰਣ ਨੂੰ ਮਜਬੂਰ ਹੋਣਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਜਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਹੋਲਸੇਲ ਪ੍ਰਧਾਨ ਦਰਸ਼ਨ ਜੋੜਾ, ਆਰਸੀਏ ਦੇ ਪ੍ਰੀਤਮ ਸਿੰਘ ਵਿਰਕ, ਜਸਵੀਰ ਸਿੰਘ ਮਹਿਰਾਜ, ਆਰਸੀਏ ਦੇ ਮਹਾਂਸਚਿਵ ਸ਼ਮਸ਼ੇਰ ਸਿੰਘ, ਹੋਲਸੇਲ ਮਹਾਂਸਚਿਵ ਰੇਵਤੀ ਕਾਂਸਲ, ਕਿ੍ਰਸ਼ਣ ਗੋਇਲ, ਅਨਿਲ ਕੁਮਾਰ ਗੋਇਲ, ਵੇਦ ਪ੍ਰਕਾਸ਼ ਬੇਦੀ, ਮਨੋਜ ਕੁਮਾਰ ਸ਼ੰਟੀ, ਭਾਰਤ ਭੂਸਨ ਗੋਗਾ, ਗੁਰਜਿੰਦਰ ਸਿੰਘ ਸਾਹਨੀ, ਸ਼ਾਮ ਲਾਲ ਗਰਗ, ਸੁਖਦੇਵ ਸਿੰਘ ਧਾਲੀਵਾਲ, ਅੰਮਿ੍ਰਤ ਪਾਲ ਬਿੱਟੂ, ਰਵਿ ਕੁਮਾਰ, ਵਰਿੰਦਰ ਕੁਮਾਰ, ਦਲਜੀਤ ਸਿੰਘ, ਹੰਸਰਾਜ ਮੌਜੂਦ ਸਨ।






