Tuesday, May 12, 2026
Home Blog Page 2516

ਰਾਜਪਾਲ ਦਿੱਲੀ ਸਰਕਾਰ ਨਾਲ ਪੰਜਾਬ ਵੱਲੋਂ ਕੀਤਾ ਗੈਰ ਸੰਵਿਧਾਨਕ ਸਮਝੌਤਾ ਰੱਦ ਕਰਨ : ਅਕਾਲੀ ਦਲ

0

ਪਟਿਆਲਾ ਹਿੰਸਾ ਪਿੱਛੇ ਸਾਜ਼ਿਸ਼ ਬੇਨਕਾਬ ਕਰਨ ਲਈ ਇਸਦੀ ਸੀ ਬੀ ਆਈ ਜਾਂਚ ਮੰਗੀ
ਰਾਜਪਾਲ ਨੂੰ ਇਸ਼ਤਿਹਾਰਾਂ ਦੇ ਬੇਫਜ਼ੂਲ ਖਰਚਾ ਬੰਦ ਕਰਨ ਲਈ ਆਪ ਸਰਕਾਰ ਨੂੰ ਹਦਾਇਤ ਦੇਣ ਅਤੇ ਘੁਟਾਲੇ ਵਿਚ ਹੋਈ ਰਿਸ਼ਵਤਖੋਰੀ ਦੀ ਘੋਖ ਕਰਨ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਚੰਡੀਗੜ੍ਹ, 5 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੁੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਨੂੰ ਦਿੱਲੀ ਸਰਕਾਰ ਨਾਲ ਕੀਤਾ ਉਹ ਗੈਰ ਸੰਵਿਧਾਨਕ ਸਮਝੌਤਾ ਰੱਦ ਕਰਨ ਦੀ ਹਦਾਇਤ ਦੇਣ ਜਿਸ ਤਹਿਤ ਇਸਨੇ ਸਾਰੀਆਂ ਤਾਕਤਾਂ ਦਿੱਲੀ ਨੂੰ ਸੌਂਪ ਦਿੱਤੀਆਂ ਤੇ ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਪਟਿਆਲਾ ਹਿੰਸਾ ਮਾਮਲੇ ਦੀ ਸੀ ਬੀ ਆਈ ਤੋਂ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਤਾਂ ਜੋ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰਨ ਪਿੱਛੇ ਸਾਜ਼ਿਸ਼ ਨੂੰ ਬੇਨਕਾਬ ਕੀਤਾ ਜਾ ਸਕੇ।
ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਵਫਦ, ਜਿਸਨੇ ਰਾਜ ਭਵਨ ਵਿਚ ਰਾਜਪਾਲ ਨਾਲ ਮੁਲਾਕਾਤ ਕੀਤੀ , ਨੇ ਇਹ ਵੀ ਮੰਗ ਕੀਤੀ ਕਿ ਕਾਨੂੰਨੀ ਰਾਇ ਲੈ ਕੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਵਜ਼ਾਰਤੀ ਸਾਕੀਆਂ ਵੱਲੋਂ ਪੰਜਾਬ ਦੀਆਂ ਸਰਕਾਰੀ ਫਾਈਲਾਂ ਦਿੱਲੀ ਸਰਕਾਰ ਨੂੰ ਦੇ ਕੇ ਅਹੁਦੇ ਤੇ ਭੇਦ ਗੁਪਤ ਰੱਖਣ ਦੀ ਚੁੱਕੀ ਸਹੁੰ ਦੀ ਉਲੰਘਣਾ ਕਰਨ ਲਈ ਵੀ ਉਹਨਾਂ ਖਿਲਾਫ ਢੁਕਵੀਂ ਕਾਰਵਾਈ ਕਰਨ। ਵਫਦ ਨੇ ਰਾਜਪਾਲ ਨੁੰ ਜਾਣੂ ਕਰਵਾਇਆ ਕਿ ਪੰਜਾਬ ਤੇ ਦਿੱਲੀ ਸਰਕਾਰ ਵਿਚਾਲੇ ਹੋਇਆ ਸਮਝੌਤਾ ਸੰਘਵਾਦ ਦੀ ਭਾਵਨਾ ਦੇ ਖਿਲਾਫ ਹੈ।
ਵਫਦ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਇਕ ਸੂਬੇ ਦੀ ਚੁਣੀ ਹੋਈ ਸਰਕਾਰ ਨੇ ਪ੍ਰਸ਼ਾਸਨ ਦੀ ਵਾਗਡੋਰ ਦੂਜੇ ਸੂਬੇ ਹੱਥ ਦੇ ਦਿੱਤੀ ਹੈ। ਵਫਦ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਨੂੰ ਹਦਾਇਤ ਦੇਣ ਕਿ ਉਹ ਦਿੱਲੀ ਸਰਕਾਰ ਨੂੰ ਆਪਣੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਦੀ ਆਗਿਆ ਨਾ ਦੇਵੇ। ਉਹਨਾਂ ਕਿਹਾ ਕਿ ਕੋਈ ਵੀ ਸਰਕਾਰੀ ਫਾਈਲ ਦਿੱਲੀ ਨਹੀਂ ਭੇਜੀ ਜਾਣੀ ਚਾਹੀਦੀ ਕਿਉਂਕਿ ਪੰਜਾਬੀ ਕਦੇ ਵੀ ਦਿੱਲੀ ਸਰਕਾਰ ਦੀ ਅਧੀਨਗੀ ਬਰਦਾਸ਼ਤ ਨਹੀਂ ਕਰਨਗੇ।
ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਰਾਜਪਾਲ ਨੂੰ ਪਟਿਆਲਾ ਵਿਚ ਹੋਈ ਹਿੰਸਾ ਤੋਂ ਵੀ ਜਾਣੂ ਕਰਵਾਇਆ ਤੇ ਕਿਹਾ ਕਿ ਇਕ ਮੁੱਖ ਮੰਤਰੀ ਕਿਵੇਂ ਕਾਰਵਾਈ ਕਰਨ ਤੋਂ ਨਾਂਹ ਕਰ ਸਕਦਾ ਹੈ ਜਦੋਂ ਕਿ ਚਾਰ ਦਿਨ ਪਹਿਲਾਂ ਹੀ ਇਸ ਬਾਰੇ ਚੌਕਸ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹ ਆਪ ਸਰਕਾਰ ਦੀ ਅਸਫਲਤਾਵਾਂ ’ਤੇ ਪਰਦਾ ਪਾਉਣ ਲਈ ਰਚੀ ਗਈ ਡੂੰਘੀ ਸਾਜ਼ਿਸ਼ ਹੈ। ਸਰਦਾਰ ਬਾਦਲ ਨੇ ਕਿਹਾ ਕਿ ਇਹ ਹੋਰ ਵੀ ਮੰਦਭਾਗੀ ਗੱਲ ਹੈ ਕਿ ਮੁੱਖ ਸਾਜ਼ਿਸ਼ਕਾਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਆਪ ਸਰਕਾਰ ਨੇ ਇਸਨੁੰ ਦੋ ਸਿਆਸੀ ਪਾਰਟੀਆਂ ਦੀ ਲੜਾਈ ਕਰਾਰ ਦੇ ਦਿੱਤਾ ਹੈ।ਵਫਦ ਵਿਚ ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਸਿਕੰਦਰ ਸਿੰਘ ਮਲੂਕਾ ਤੇ ਡਾ. ਦਲਜੀਤ ਸਿੰਘ ਚੀਮਾ ਵੀ ਸ਼ਾਮਲ ਸਨ ਜਿਹਨਾਂ ਕਿਹਾ ਕਿ ਪੰਜਾਬ ਵਿਚ ਕਦੇ ਵੀ ਅਤਿਵਾਦੀ ਵੇਲੇ ਵੀ ਦੋ ਫਿਰਕਿਆਂ ਵਿਚਾਲੇ ਹਿੰਸਾ ਨਹੀਂ ਹੋਈ ਅਤੇ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇਹ ਪਟਿਆਲਾ ਵਿਚ ਹੋਇਆ। ਉਹਨਾਂ ਕਿਹਾ ਕਿ ਖੁਫੀਆ ਰਿਪੋਰਟਾਂ ਨੂੰ ਅਣਡਿੱਠ ਕੀਤਾ ਗਿਆ ਤੇ ਸਿੱਖ ਜਥੇਬੰਦੀਆਂ ਦੀਆਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਿਹਨਾਂ ਵਿਚ ਮੰਗ ਕੀਤੀ ਗਈ ਸੀ ਕਿ ਫਿਰਕੂ ਭਾਵਨਾਵਾਂ ਭੜਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਵਫਦ ਨੇ ਕਿਹਾ ਕਿ ਹੁਣ ਵੀ ਸ਼ਰਾਰਤੀ ਅਨਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਨਿਰਦੋਸ਼ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵਫਦ ਨੇ ਕਿਹਾ ਕਿ ਸੀ ਬੀ ਆਈ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਜਾਂਚ ਹੀ ਸਾਜ਼ਿਸ਼ ਬੇਨਕਾਬ ਕਰ ਸਕਦੀ ਹੈ ਤੇ ਕੇਸ ਵਿਚ ਨਿਆਂ ਕਰ ਸਕਦੀ ਹੈ।ਵਫਦ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਸਰਕਾਰ ਨੂੰ ਹਦਾਇਤ ਦੇਣ ਕਿ ਉਹ ਇਸ਼ਤਿਹਾਰਾਂ ਦੇ ਰੂਪ ਵਿਚ ਕਰੋੜਾਂ ਰੁਪਏ ਬਰਬਾਦ ਨਾ ਕਰਨ ਜਿਹਨਾਂ ਰਾਹੀਂ ਸਰਕਾਰ ਫੋਕੇ ਦਾਅਵੇ ਕਰ ਰਹੀ ਹੈ ਤੇ ਇਹ ਪੰਜਾਬ ਤੋਂ ਦੂਰ ਦੁਰਾਡੇ ਦੇ ਰਾਜਾਂ ਵਿਚ ਵੀ ਛਾਪੇ ਜਾ ਰਹੇ ਹਨ ਜਦੋਂ ਕਿ ਪੰਜਾਬ ਸਿਰ ਪਹਿਲਾਂ ਹੀ 3 ਲੱਖ ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਵਫਦ ਨੇ ਦੱਸਿਆ ਕਿ ਰੋਜ਼ਾਨਾ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖਰਚ ਹੋ ਰਹੇ ਹਨ ਤੇ ਅੱਜ ਵੀ ਆਪ ਸਰਕਾਰ ਨੇ ਵੱਖ ਵੱਖ ਰਾਜਾਂ ਵਿਚ ਇਸ਼ਤਿਹਾਰ ਦੇ ਲੋਕਾਂ ਤੋਂ ਪੰਜਾਬ ਦੇ ਬਜਟ ਬਾਰੇ ਰਾਇ ਮੰਗੀ ਹੈ। ਵਫਦ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਇਸ਼ਤਿਹਾਰਾਂ ਦੇ ਰੂਪ ਵਿਚ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਵਿਚ ਹੋਈ ਰਿਸ਼ਵਤਖੋਰੀ ਦੀ ਘੋਖ ਕਰਨ।

ਪੰਜਾਬੀ ਸਾਹਿਤ ਵਿੱਚ ਵਡਮੁੱਲੇ ਯੋਗਦਾਨ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ  ਦੇ ਚਾਂਸਲਰ ਪ੍ਰੋ. ਜਗਬੀਰ ਸਿੰਘ ਨੂੰ ਮਿਲੇਗਾ ਪੰਜਾਬ ਯੂਨੀਵਰਸਿਟੀ ਸਾਹਿਤ ਰਤਨ ਪੁਰਸਕਾਰ

0

ਸੁਖਜਿੰਦਰ ਮਾਨ
ਬਠਿੰਡਾ, 5 ਮਈ: ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਅਤੇ ਅਧਿਆਪਨ ਦੀ ਸਤਿਕਾਰਤ ਸਖਸ਼ੀਅਤ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਚਾਂਸਲਰ ਪ੍ਰੋ. ਜਗਬੀਰ ਸਿੰਘ ਦੇ ਅਣਮੁੱਲੇ ਯੋਗਦਾਨ ਦੀ ਸ਼ਲਾਘਾ ਕਰਨ ਲਈ, ਪੰਜਾਬ ਯੂਨੀਵਰਸਿਟੀ (ਪੀਯੂ), ਚੰਡੀਗੜ੍ਹ ਦੀ ਸੈਨੇਟ ਨੇ 6 ਮਈ, 2022 ਨੂੰ ਹੋਣ ਵਾਲੀ ਯੂਨੀਵਰਸਿਟੀ ਦੀ 69ਵੀਂ ਕਨਵੋਕੇਸ਼ਨ ਵਿੱਚ ਉਨ੍ਹਾਂ ਨੂੰ ‘ਪੀਯੂ ਸਾਹਿਤ ਰਤਨ ਪੁਰਸਕਾਰ’ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।
ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਚਾਂਸਲਰ, ਸ਼੍ਰੀ ਐੱਮ ਵੈਂਕਈਆ ਨਾਇਡੂ ਇਸ ਮੌਕੇ ਮੁੱਖ ਮਹਿਮਾਨ ਹੋਣਗੇ ਜੋ ਪੰਜਾਬ ਦੇ ਰਾਜਪਾਲ ਅਤੇ, ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ, ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ, ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਪ੍ਰੋ. ਜਗਬੀਰ ਸਿੰਘ ਨੂੰ ਪੀਯੂ ਸਾਹਿਤ ਰਤਨ ਪੁਰਸਕਾਰ ਨਾਲ ਸਨਮਾਨਿਤ ਕਰਨਗੇ।
ਪੀਯੂ ਰਤਨ ਪੁਰਸਕਾਰ ਲੜੀ ਵਿੱਚ, ਪੰਜਾਬ ਯੂਨੀਵਰਸਿਟੀ ਸਾਹਿਤ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੀਆਂ ਪੰਜ ਹੋਰ ਉੱਘੀਆਂ ਸ਼ਖ਼ਸੀਅਤਾਂ ਨੂੰ ਗਿਆਨ ਰਤਨ, ਵਿਗਿਆਨ ਰਤਨ, ਖੇਡ ਰਤਨ, ਉਦਯੋਗ ਰਤਨ ਅਤੇ ਕਲਾ ਰਤਨ ਪੁਰਸਕਾਰ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਪੀਯੂ ਦੀ 69ਵੀਂ ਕਨਵੋਕੇਸ਼ਨ ਵਿੱਚ ਸਾਡੇ ਦੇਸ਼ ਦੇ ਤਿੰਨ ਉੱਘੇ ਵਿਗਿਆਨੀਆਂ ਨੂੰ ਆਨਰੇਰੀ ਡਿਗਰੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਪ੍ਰੋ. ਜਗਬੀਰ ਸਿੰਘ ਨੇ ਆਪਣੇ 50 ਸਾਲਾਂ ਦੇ ਅਧਿਆਪਨ ਅਤੇ ਖੋਜ ਕਾਰਜ ਦੌਰਾਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਅਨਮੋਲ ਯੋਗਦਾਨ ਪਾਇਆ ਹੈ ਅਤੇ ‘ਪੀਯੂ ਸਾਹਿਤ ਰਤਨ ਪੁਰਸਕਾਰ’ ਉਨ੍ਹਾਂ ਦੇ ਅਣਥੱਕ ਯਤਨਾਂ ਨੂੰ ਮਾਨਤਾ ਦੇਵੇਗਾ। ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪੂਰੇ ਸੀਯੂਪੀਬੀ ਪਰਿਵਾਰ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਪ੍ਰੋ. ਜਗਬੀਰ ਸਿੰਘ ਮੱਧਕਾਲੀ ਪੰਜਾਬੀ ਸਾਹਿਤ, ਲੋਕ-ਕਥਾ ਅਤੇ ਸਾਹਿਤਕ ਆਲੋਚਨਾ ਦੇ ਮਾਹਿਰ ਹਨ। ਉਨ੍ਹਾਂ ਨੇ 20 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ ਅਤੇ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਖੋਜ-ਪੱਤਰ ਪੇਸ਼ ਕੀਤੇ ਹਨ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ  ਲਾਈਫ ਫੈਲੋ ਹਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਸਲਾਹਕਾਰ ਹਨ ਅਤੇ ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼, ਸ਼ਿਮਲਾ ਦੇ ਮੈਂਬਰ ਹਨ। ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਧਰਮ ਅਤੇ ਸਭਿਅਕ ਅਧਿਐਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਵੀ ਹਨ। ਵਰਤਮਾਨ ਵਿੱਚ ਉਹ “ਭਾਰਤ ਇੱਕ ਰਾਸ਼ਟਰ-ਰਾਜ ਵਜੋਂ” ਦੇ ਉਲਟ ਸਭਿਆਚਾਰਕ ਰਾਜ” ਦੇ ਵਿਚਾਰ ਉੱਪਰ ਖੋਜ ਕਰ ਰਹੇ ਹਨ। ਪ੍ਰੋ. ਜਗਬੀਰ ਸਿੰਘ ਭਾਰਤੀ ਸਭਿਅਤਾ ਅਤੇ ਇਸ ਦੀਆਂ ਧਾਰਮਿਕ ਪਰੰਪਰਾਵਾਂ ਨਾਲ ਸਬੰਧਤ ਇੱਕ ਪ੍ਰੋਜੈਕਟ ‘ਤੇ ਵੀ ਕੰਮ ਕਰ ਰਹੇ ਹਨ।

ਸਕੂਲੀ ਬੱਚਿਆਂ ਨੂੰ ਰੈਡ ਕਰਾਸ ਨੇ ਵੰਡੀਆਂ ਹਾਈਜਿਨ ਕਿਟਾਂ

0

ਸੁਖਜਿੰਦਰ ਮਾਨ
ਬਠਿੰਡਾ, 5 ਮਈ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿੱਜੀ ਸਾਫ਼-ਸਫਾਈ ਹਿੱਤ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਭੇਜੀਆਂ ਗਈਆਂ ਹਾਈਜਿਨ ਕਿੱਟਾਂ ਸਥਾਨਕ ਸ਼ਹੀਦ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਰਸ ਰਾਮ ਨਗਰ ਦੀਆਂ ਵਿਦਿਆਰਥਣਾਂ ਨੂੰ ਵੰਡੀਆਂ ਗਈਆਂ। ਇਹ ਕਿੱਟਾਂ ਆਮ ਆਦਮੀ ਪਾਰਟੀ (ਬਠਿੰਡਾ ਸ਼ਹਿਰੀ) ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਅਮ੍ਰਿਤ ਲਾਲ ਅੱਗਰਵਾਲ ਦੀ ਹਾਜ਼ਰੀ ਵਿੱਚ ਵੰਡੀਆਂ ਗਈਆਂ।
ਇਸ ਮੌਕੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਅਮ੍ਰਿਤ ਲਾਲ ਅੱਗਰਵਾਲ ਨੇ ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆਂ ਤੋਂ ਇਲਾਵਾ ਹੋਰ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਵੀ ਵਿਸਥਾਰਪੂਰਕ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਸਕੱਤਰ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦੀ ਸਿਹਤ ਸੰਭਾਲ ਅਤੇ  ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਅ ਹਿੱਤ ਰੈਡ ਕਰਾਸ ਵੱਲੋਂ ਇਸ ਸਕੂਲ ਦੇ 900 ਵਿਦਿਆਰਥੀਆਂ ਨੂੰ ਕਿਟਾਂ ਵੰਡੀਆਂ ਗਈਆਂ। ਉਨ੍ਹਾਂ ਇਹ ਵੀ ਦੱਸਿਆ ਕਿ ਹੋਰ ਵਰਗ ਦੇ ਲੋਕਾਂ ਨੂੰ ਵੀ ਇਹ ਕਿਟਾਂ ਪਿਛਲੇ ਦਿਨਾਂ ਦੌਰਾਨ ਵੰਡੀਆਂ ਗਈਆਂ ਹਨ। ਇਸ ਮੌਕੇ ਬੱਚਿਆਂ ਨੂੰ ਡੇਂਗੂ ਤੋਂ ਬਚਾਓ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਯੂਥ ਆਗੂ ਸ਼੍ਰੀ ਅਮਰਦੀਪ ਸਿੰਘ ਰਾਜਨ, ਬਲਾਕ ਆਗੂ ਬਲਜੀਤ ਬੱਲੀ, ਮਹਿਲਾ ਆਗੂ ਆਪ ਅਚਲਾ ਸ਼ਰਮਾ, ਰੀਸ਼ੂ ਬਾਂਸਲ, ਡਾ. ਆਰ.ਐਨ. ਮਹੇਸ਼ਵਰੀ, ਡਿਪਟੀ ਡੀ.ਈ.ਓ. ਸ਼੍ਰੀ ਇਕਬਾਲ ਸਿੰਘ ਬੁੱਟਰ, ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ ਤੋਂ ਇਲਾਵਾ ਸ਼੍ਰੀ ਇਕਬਾਲ ਸਿੰਘ, ਸ਼੍ਰੀ ਅਨਿਲ ਕੁਮਾਰ ਡੀਪੀਈ ਗੁਰਿੰਦਰ ਸਿੰਘ, ਸ਼੍ਰੀ ਗੁਰਪ੍ਰੀਤ ਸਿੰਘ ਅਤੇ ਵਿਨੋਦ ਕੁਮਾਰ ਆਦਿ ਹਾਜ਼ਰ ਸਨ।

ਆਰ.ਐਮ.ਪੀ.ਆਈ. ਨੇ ਵਿਚਾਰ ਗੋਸ਼ਠੀ ਕਰਕੇ ਮਨਾਇਆ ਕਾਰਲ ਮਾਰਕਸ ਦਾ ਜਨਮ ਦਿਹਾੜਾ

0

ਜਿਲ੍ਹਾ ਦਫਤਰ ਵਿਖੇ ਨਾਹਰਿਆਂ ਦੀ ਗੂੰਜ ਦਰਮਿਆਨ ਲਹਿਰਾਇਆ ਸੁਰਖ਼ ਫਰੇਰਾ
ਸੁਖਜਿੰਦਰ ਮਾਨ
ਬਠਿੰਡਾ ; 5 ਮਈ : ਸੰਸਾਰ ਕਿਰਤੀ ਦੇ ਮਹਾਨ ਰਹਿਬਰ ਕਾਰਲ ਮਾਰਕਸ ( 5 ਮਈ 1818- 14 ਮਾਰਚ 1883) ਦੇ ਜਨਮ ਦਿਵਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ.ਐਮ.ਪੀ.ਆਈ. ) ਦੀ ਬਠਿੰਡਾ ਜਿਲ੍ਹਾ ਕਮੇਟੀ ਵੱਲੋਂ ਪ੍ਰਭਾਵਸ਼ਾਲੀ ਵਿਚਾਰ ਗੋਸ਼ਠੀ ਸੱਦੀ ਗਈ।
ਪਾਰਟੀ ਦੇ ਜਿਲ੍ਹਾ ਦਫ਼ਤਰ ‘ਸਾਥੀ ਗੁਰਚਰਨ ਸਿੰਘ ਰੰਧਾਵਾ ਯਾਦਗਾਰੀ ਕਿਰਤੀ ਭਵਨ’ ਬੀਬੀ ਵਾਲਾ ਵਿਖੇ ਸੱਦੀ ਗਈ ਉਕਤ ਗੋਸ਼ਠੀ ਦੀ ਪ੍ਰਧਾਨਗੀ ਸਰਵ ਸਾਥੀ ਸੰਪੂਰਨ ਸਿੰਘ, ਮਿੱਠੂ ਸਿੰਘ ਘੁੱਦਾ ਅਤੇ ਬੀਬੀ ਦਰਸ਼ਨਾ ਜੋਸ਼ੀ ਨੇ ਕੀਤੀ।
ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ‘ਵਰਤਮਾਨ ਦੌਰ ‘ਚ ਕਾਰਲ ਮਾਰਕਸ ਦੇ ਵਿਚਾਰਾਂ ਦਾ ਮਹੱਤਵ ਅਤੇ ਮਜ਼ਦੂਰ ਲਹਿਰ ਸਨਮੁਖ ਚੁਣੌਤੀਆਂ’ ਵਿਸ਼ੇ ‘ਤੇ ਵਿਚਾਰ ਰੱਖੇ। ਕਾਰਵਾਈ ਜਿਲ੍ਹਾ ਖਜਾਨਚੀ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਨੇ  ਚਲਾਈ। ਤਾਰਾ ਸਿੰਘ ਨੰਦਗੜ੍ਹ ਕੋਟੜਾ, ਮੱਖਣ ਸਿੰਘ ਗੁਰੂਸਰ, ਗੁਰਪ੍ਰੀਤ ਸਿੰਘ ਬੱਬਾ, ਗੁਰਜੰਟ ਸਿੰਘ ਘੁੱਦਾ, ਮੇਜਰ ਸਿੰਘ ਦਾਦੂ, ਸੁਖਦੇਵ ਸਿੰਘ ਨਥਾਣਾ, ਕੁਲਵੰਤ ਸਿੰਘ ਦਾਨ ਸਿੰਘ ਵਾਲਾ ਵੱਲੋਂ ਉਠਾਏ ਨੁਕਤਿਆਂ ਦੇ ਮੁੱਖ ਬੁਲਾਰੇ ਨੇ ਬਾਦਲੀਲ ਜਵਾਬ ਦਿੱਤੇ। ਸੈਮੀਨਾਰ ਦੇ ਸ਼ੁਰੂ ਵਿੱਚ ਇਨਕਲਾਬੀ ਨਾਹਰਿਆਂ ਦੀ ਗੂੰਜ ਦਰਮਿਆਨ ਜਿਲ੍ਹਾ ਪ੍ਰਧਾਨ ਸਾਥੀ ਮਿੱਠੂ ਸਿੰਘ ਘੁੱਦਾ ਵੱਲੋਂ ਕਿਰਤੀਆਂ ਦਾ ਸੂਹਾ ਦਾ ਝੰਡਾ ਲਹਿਰਾਇਆ ਗਿਆ। ਪ੍ਰਧਾਨਗੀ ਮੰਡਲ ਵੱਲੋਂ ਬੀਬੀ ਦਰਸ਼ਨਾ ਜੋਸ਼ੀ ਨੇ ਸਭਨਾ ਦਾ ਧੰਨਵਾਦ ਕੀਤਾ।

ਬਠਿੰਡਾ ’ਚ ਇੱਕ ਦਰਜ਼ਨ ਥਾਣਾ ਮੁਖੀ ਇੱਧਰੋ-ਉਧਰ

0

ਸੁਖਜਿੰਦਰ ਮਾਨ
ਬਠਿੰਡਾ, 5 ਮਈ : ਜ਼ਿਲ੍ਹਾ ਪੁਲਿਸ ਮੁਖੀ ਜੇ.ਇਲਚੇਜ਼ੀਅਨ ਵਲੋਂ ਬੀਤੇ ਕੱਲ ਜਾਰੀ ਕੀਤੇ ਗਏ ਆਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਇੱਕ ਦਰਜ਼ਨ ਤੋਂ ਵੱਧ ਥਾਣਾ ਮੁਖੀਆਂ ਦੇ ਤਬਾਦਲੇ ਕੀਤੇ ਗਏ ਹਨ। ਬਦਲੇ ਗਏ ਥਾਣਾ ਮੁਖੀਆਂ ਵਿਚ ਬਠਿੰਡਾ ਸ਼ਹਿਰ ਦੇ ਥਾਣਾ ਕੈਨਾਲ ਕਲੌਨੀ ਤੇ ਥਾਣਾ ਕੈਂਟ ਦੇ ਮੁਖੀ ਵੀ ਸ਼ਾਮਲ ਹਨ। ਬਦਲੀਆਂ ਦੀ ਜਾਰੀ ਲਿਸਟ ਵਿਚ ਕਈ ਅਜਿਹੇ ਥਾਣਾ ਮੁਖੀ ਵੀ ਹਨ, ਜਿੰਨ੍ਹਾਂ ਨੂੰ ਹਾਲੇ ਕੁੱਝ ਸਮਾਂ ਪਹਿਲਾਂ ਹੀ ਇਹ ਜਿੰਮੇਵਾਰੀ ਸੋਂਪੀ ਗਈ ਸੀ।

ਜਨਮਦਿਨ ਦੇ ਮੌਕੇ ਖ਼ੂਨਦਾਨ ਕੈਂਪ ਲਗਾਇਆ

0

ਸੁਖਜਿੰਦਰ ਮਾਨ
ਬਠਿੰਡਾ, 4 ਮਈ: ਡਾਕਟਰ ਤਰਸੇਮ ਗਰਗ ਅਤੇ ਰਿਆ ਗੋਇਲ ਦੇ ਜਨਮਦਿਨ ਦੇ ਮੌਕੇ ਸ਼੍ਰੀ ਮੋਹਿਤ ਗੋਇਲ ਵੱਲੋਂ ਸ਼੍ਰੀ ਬੀਰਬਲ ਬਾਂਸਲ(ਬੀਰੂ) ਅਤੇ ਗੋਇਲ ਬਲੱਡ ਬੈਂਕ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਸੁਖਦੀਪ ਸਿੰਘ ਢਿੱਲੋਂ ਅਤੇ ਸ਼੍ਰੀ ਜਗਦੀਸ਼ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਇਸਦੇ ਨਾਲ ਹੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾਕਟਰ ਤਰਸੇਮ ਗਰਗ, ਸ਼੍ਰੀ ਜੋਨੀ ਸਿੰਗਲਾ ਅਤੇ ਸ਼੍ਰੀ ਸੁਰੇਸ਼ ਗੋਇਲ ਇਸ ਕੈਂਪ ਵਿੱਚ ਹਾਜਰ ਹੋਏ। ਇਸ ਖ਼ੂਨਦਾਨ ਕੈਂਪ ਵਿੱਚ ਕੁੱਲ 35 ਯੂਨਿਟ ਬਲੱਡ ਇਕੱਠਾ ਕੀਤਾ ਗਿਆ। ਇਹਨਾਂ 35 ਯੂਨਿਟ ਖ਼ੂਨਦਾਨ ਵਿੱਚ ਸਬ ਤੋਂ ਵੱਧ ਯੂਥ ਦਾ ਯੋਗਦਾਨ ਰਿਹਾ। ਇਸ ਖ਼ੂਨਦਾਨ ਕੈਂਪ ਸਬੰਧੀ ਸ਼੍ਰੀ ਮੋਹਿਤ ਗੋਇਲ ਵੱਲੋਂ ਕਿਹਾ ਗਿਆ ਕਿ ਸਿਰਫ ਖੂਨ ਇਕੱਠਾ ਕਰਨਾ ਹੀ ਸਾਡਾ ਮਕਸਦ ਨਹੀਂ, ਬਲਕਿ ਯੂਥ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਸਾਡਾ ਮੁੱਖ ਮਕਸਦ ਹੈ ਤਾਂ ਕਿ ਲੋੜ ਪੈਣ ਤੇ ਲੋੜਵੰਦ ਨੂੰ ਖੂਨ ਉਪਲਬਧ ਕਰਵਾਇਆ ਜਾ ਸਕੇ।

ਭਾਸ਼ਾ ਵਿਭਾਗ ਵੱਲੋਂ ਗੀਤਕਾਰ ਤੇ ਲੋਕ ਗਾਇਕ ਗੁਰਵਿੰਦਰ ਬਰਾੜ ਨਾਲ ਕਰਵਾਇਆ ਰੂ-ਬ-ਰੂ ਸਮਾਗਮ

0

ਸੁਖਜਿੰਦਰ ਮਾਨ
ਬਠਿੰਡਾ, 4 ਮਈ : ਭਾਸ਼ਾ ਵਿਭਾਗ ਵੱਲੋਂ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਖਚਾ-ਖਚ ਭਰੇ ਆਡੀਟੋਰੀਅਮ ਵਿੱਚ ਗੀਤਕਾਰ ਅਤੇ ਲੋਕ ਗਾਇਕ ਗੁਰਵਿੰਦਰ ਬਰਾੜ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬੀ ਦੇ ਸਿਰਮੌਰ ਗੀਤਕਾਰ ਸ਼੍ਰੀ ਜਨਕ ਸ਼ਰਮੀਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀ ਕੀਰਤੀ ਕਿਰਪਾਲ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਭਾਸ਼ਾ ਵਿਭਾਗ ਸਾਹਿਤਕ ਗੀਤਕਾਰੀ ਅਤੇ ਸੱਭਿਆਚਾਰਕ ਗਾਇਕੀ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਭਵਿੱਖ ਵਿੱਚ ਵੀ ਐਸੇ ਪ੍ਰੋਗਰਾਮ ਉਲੀਕੇਗਾ। ਉਨ੍ਹਾਂ ਸਮਾਗਮ ਦੇ ਪ੍ਰਬੰਧ ਵਿੱਚ ਸਹਿਯੋਗ ਦੇਣ ਲਈ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ਼ ਦਾ ਧੰਨਵਾਦ ਕੀਤਾ।
ਰੂ-ਬ-ਰੂ ਸਮਾਗਮ ਦੌਰਾਨ ਕੀਰਤੀ ਕਿਰਪਾਲ ਵੱਲੋਂ ਮੇਜ਼ਬਾਨ ਦੇ ਤੌਰ ‘ਤੇ ਗੁਰਵਿੰਦਰ ਬਰਾੜ ਨੂੰ ਉਨ੍ਹਾਂ ਦੇ ਜੀਵਨ-ਸੰਘਰਸ਼, ਪ੍ਰਾਪਤੀਆਂ ਅਤੇ ਅਜੋਕੀ ਗੀਤਕਾਰੀ- ਗਾਇਕੀ ਬਾਬਤ ਕਈ ਤਰ੍ਹਾਂ ਦੇ ਸੁਆਲ ਕੀਤੇ, ਜਿੰਨ੍ਹਾਂ ਦੇ ਜੁਆਬ ਗੁਰਵਿੰਦਰ ਬਰਾੜ ਨੇ ਬੜੇ ਵਿਸਥਾਰ ਅਤੇ ਖ਼ੂਬਸੂਰਤੀ ਨਾਲ ਦਿੱਤੇ। ਕਾਲਜ ਦੇ ਵਿਦਿਆਰਥੀਆਂ ਵੱਲੋਂ ਪੁੱਛੇ ਸੁਆਲਾਂ ਦੇ ਰੌਚਕ ਜੁਆਬ ਦਿੰਦਿਆਂ ਉਨ੍ਹਾਂ ਵਿਦਿਆਰਥੀਆਂ ਵੱਲੋਂ ਕੀਤੀਆਂ ਗੀਤਾਂ ਦੀਆਂ ਫ਼ਰਮਾਇਸ਼ਾਂ ਵੀ ਪੂਰੀਆਂ ਕੀਤੀਆਂ। ਸਮਾਗਮ ਦੌਰਾਨ ਆਡੀਟੋਰੀਅਮ ਲਗਾਤਾਰ ਤਾੜੀਆਂ ਨਾਲ ਗੂੰਜਦਾ ਰਿਹਾ।
ਮੁੱਖ ਮਹਿਮਾਨ ਜਨਕ ਸ਼ਰਮੀਲਾ ਨੇ ਵੀ ਭਾਸ਼ਾ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਜ ਇਸ ਸਮਾਗਮ ਵਿੱਚ ਆ ਕੇ ਉਨ੍ਹਾਂ ਦੀ ਰੂਹ ਖ਼ੁਸ਼ ਹੋ ਗਈ ਹੈ। ਮੱਚ ਦਾ ਸੰਚਾਲਨ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਕੀਤਾ। ਸਮਾਗਮ ਵਿੱਚ ਉੱਘੇ ਕਹਾਣੀਕਾਰ ਅਤਰਜੀਤ, ਨਾਮਵਰ ਗੀਤਕਾਰ ਮਨਪ੍ਰੀਤ ਟਿਵਾਣਾ ਅਤੇ ਸਰਕਾਰੀ ਰਜਿੰਦਰਾ ਕਾਲਜ ਤੇ ਭਾਸ਼ਾ ਵਿਭਾਗ ਦਾ ਸਮੂਹ ਸਟਾਫ਼ ਹਾਜ਼ਰ ਰਿਹਾ।

ਮਾਲਵਾ ਕਾਲਜ ਦੇ ਵਿਦਿਆਰਥੀਆਂ ਨੇ ਵੇਰਕਾ ਮਿਲਕ ਪਲਾਂਟ ਦਾ ਦੌਰਾ ਕੀਤਾ

0

ਸੁਖਜਿੰਦਰ ਮਾਨ
ਬਠਿੰਡਾ, 4 ਮਈ : ਮਾਲਵਾ ਕਾਲਜ ਬਠਿੰਡਾ ਦੇ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਵੱਲੋਂ ਵੇਰਕਾ ਮਿਲਕ ਪਲਾਂਟ, ਬਠਿੰਡਾ ਦਾ ਦੌਰਾ ਕੀਤਾ ਗਿਆ। ਇਹ ਵਿਦਿਅਕ ਟੂਰ ਕਾਲਜ ਮੈਨੇਜਮੈਂਟ ਅਤੇ ਵਿਭਾਗ ਦੇ ਮੁਖੀ ਮੈਡਮ ਇੰਦਰਪ੍ਰੀਤ ਕੌਰ ਦੀ ਅਗਵਾਈ ਹੇਠ ਉਲੀਕਿਆ ਗਿਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਦੁੱਧ ਦੀ ਕੁਆਲਟੀ ਚੈੱਕ ਕਰਨ ਦੀ ਵਿਧੀ ਅਤੇ ਵੱਖ ਵੱਖ ਦੁੱਧ ਦੇ ਪਦਾਰਥ ਬਣਾਉਣ ਦੀ ਵਿਧੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਅੰਤ ਵਿੱਚ ਮੈਡਮ ਇੰਦਰਪ੍ਰੀਤ ਕੌਰ ਨੇ ਜਨਰਲ ਮੈਨੇਜਰ ਅਤੇ ਸਹਾਇਕ ਸਟਾਫ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਦੌਰਾਨ ਸਹਾਇਕ ਪ੍ਰੋਫੈਸਰ ਹਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ ਪਿ੍ਰਯਕਾ ਸਿੰਘ ਅਤੇ ਸਹਾਇਕ ਪ੍ਰੋਫੈਸਰ ਮਧੂਬਾਲਾ ਅਜਾਦ ਵੀ ਵਿਦਿਆਰਥੀਆਂ ਦੇ ਨਾਲ ਸਨ।

ਸਿੱਖਿਆ ਬੋਰਡ ਦੇ ਹਵਾਲੇ ਨਾਲ ਸਕੂਲ ਮੁਖੀਆਂ ਨੂੰ ਨੋਟਿਸ ਕੱਢਣ ਦੀ ਨਿਖੇਧੀ- ਡੀਟੀਐਫ

0

ਸੁਖਜਿੰਦਰ ਮਾਨ
ਬਠਿੰਡਾ, 4 ਮਈ: ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਸੂਬਾ ਮੀਤ ਪ੍ਰਧਾਨ ਪ੍ਰਧਾਨ ਜਗਪਾਲ ਬੰਗੀ ਨੇ ਪਿਛਲੇ ਵਿੱਦਿਅਕ ਸੈਸ਼ਨ 2020-21ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਵਿੱਚ ਤਕਨੀਕੀ ਖਾਮੀਆਂ ਕਾਰਨ, ਪੰਜਵੀਂ ਅਤੇ ਅੱਠਵੀਂ ਜਮਾਤਾਂ ਦੀ ਸਮੇਂ ਸਿਰ ਰਜਿਸਟ੍ਰੇਸ਼ਨ ਨਾ ਕਰਨ ਵਾਲੇ ਸੈਂਕੜੇ ਸਕੂਲ ਮੁਖੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕਰਨ ਦੀ ਸਖਤ ਨਿਖੇਧੀ ਕੀਤੀ ਹੈ । ਜਦ ਕਿ ਅਧਿਆਪਕ ਜਥੇਬੰਦੀਆਂ ਨਾਲ ਹੋਈ ਮੀਟਿੰਗ ਦਰਮਿਆਨ, ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਧਿਆਨ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਵਧੀਕੀਆਂ ਦੇ ਮਾਮਲੇ ਧਿਆਨ ਵਿੱਚ ਲਿਆਂਦੇ ਗਏ ਸਨ।ਡੀ.ਟੀ.ਐਫ. ਆਗੂਆਂ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਈਟ ਉਪਰ ਜਾ ਕੇ ਬੱਚਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਨੀ ਸੀ, ਜਿਸ ਸਬੰਧੀ ਨਾ ਹੀ ਅਧਿਆਪਕਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਗਈ ਅਤੇ ਨਾ ਹੀ ਡਾਟਾ ਐਂਟਰੀ ਆਪ੍ਰੇਟਰ ਸਮੇਤ ਹੋਰ ਲੋੜੀਂਦਾ ਤਕਨੀਕੀ ਸਾਮਾਨ ਮੁਹੱਈਆ ਕਰਵਾਇਆ ਗਿਆ ਸੀ। ਇਸ ਕੰਮ ਦੇ ਨਵਾਂ ਅਤੇ ਉਲਝਣ ਭਰਿਆ ਹੋਣ ਕਾਰਨ ਅਤੇ ਸਕੂਲ ਮੁਖੀਆਂ ਜਾਂ ਅਧਿਆਪਕਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ । ਜਿਸ ਕਰਕੇ ਪੰਜਾਬ ਦੇ ਸੈਂਕੜੇ ਅਧਿਆਪਕ ਇਹ ਰਜਿਸਟ੍ਰੇਸ਼ਨ ਸਮੇਂ ਸਿਰ ਨਹੀਂ ਕਰ ਸਕੇ, ਬਾਅਦ ਵਿਚ ਬੋਰਡ ਨੇ ਸਮੇਂ ਦਾ ਵਾਧਾ ਦੇ ਕੇ ਇਹ ਕੰਮ ਪੂਰਾ ਵੀ ਕਰਵਾ ਲਿਆ ਸੀ । ਪ੍ਰੰਤੂ ਹੁਣ ਇਕ ਸਾਲ ਬੀਤਣ ਦੇ ਬਾਅਦ ਬੋਰਡ ਦੇ ਚੇਅਰਮੈਨ ਵੱਲੋਂ ਡੀ.ਪੀ.ਆਈ. ਨੂੰ ਇਨ੍ਹਾਂ ਸਕੂਲ ਮੁਖੀਆਂ ਵਿਰੁੱਧ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ । ਅੱਗੋਂ ਡੀਪੀਆਈ ਨੇ ਜ਼ਿਲ੍ਹਾ ਸਿੱਖਿਆ ਅਫਸਰ ਅਫ਼ਸਰਾਂ ਨੂੰ ਪੱਤਰ ਭੇਜ ਕੇ ਸਬੰਧਤ ਸਕੂਲ ਮੁਖੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ ।ਹੁਣ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਸਕੂਲ ਮੁਖੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੁਆਰਾ ਨੋਟਿਸ ਭੇਜ ਕੇ ਜਵਾਬ ਤਲਬੀ ਕੀਤੀ ਜਾ ਰਹੀ ਹੈ ।ਡੀਟੀਐਫ ਆਗੂਆਂ ਨੇ ਕਿਹਾ ਕਿ ਜੇਕਰ ਕਾਰਵਾਈ ਤੁਰੰਤ ਰੋਕੀ ਜਾਵੇ ਅਤੇ ਆਨਲਾਈਨ ਕਰਨ ਦਾ ਕੰਮ ਟ੍ਰੇਂਡ ਦਫ਼ਤਰੀ ਅਮਲੇ ਰਾਹੀਂ ਕਰਵਾਇਆ ਜਾਵੇ । ਜੇਕਰ ਸਿੱਖਿਆ ਵਿਭਾਗ ਨੇ ਕਿਸੇ ਵੀ ਅਧਿਆਪਕ ਖ਼ਿਲਾਫ਼ ਕੋਈ ਕਾਰਵਾਈ ਕੀਤੀ ਤਾਂ ਇਸ ਧੱਕੇਸ਼ਾਹੀ ਦਾ ਸਖਤ ਵਿਰੋਧ ਕੀਤਾ ਜਾਵੇਗਾ।

 

 

 

Our Visitor

1900786