Monday, May 11, 2026
Home Blog Page 2532

ਹੁਨਰਮੰਦ ਨੌਜਵਾਨਾਂ ਨਾਲ ਹੋਵੇਗਾ ਪੰਜਾਬ ਦੀ ਇੰਡਸਟਰੀ ਨੂੰ ਲਾਭ: ਜਗਰੂਪ ਸਿੰਘ ਗਿੱਲ

0

ਸੁਖਜਿੰਦਰ ਮਾਨ
ਬਠਿੰਡਾ 20 ਅਪ੍ਰੈਲ :ਸਰਕਾਰੀ ਆਈ.ਟੀ.ਆਈ (ਇ.), ਬਠਿੰਡਾ ਵਿਖੇ ਅਲੱਗ-ਅਲੱਗ ਟਰੇਡ ਵਿੱਚ ਪਾਸ ਆਊਟ ਸਿਖਿਆਰਥੀਆਂ ਨੂੰ ਨੌਕਰੀ ਦੇ ਲਿਹਾਜ ਵਿੱਚ ਹੁਨਰਮੰਦ ਬਣਾਉਣ ਲਈ ਅਪ੍ਰੈਂਟਿਸਸ਼ਿਪ ਕੈਂਪ ਲਗਾਇਆ ਗਿਆ। ਭਾਰਤ ਸਰਕਾਰ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਗਾਏ ਗਏ ਅਪ੍ਰੈਂਟਿਸਸ਼ਿਪ ਕੈਂਪ ਵਿੱਚ 250 ਪਾਸ ਆਉਟ ਸਿਖਿਆਰਥੀਆਂ ਨੇ ਹਿੱਸਾ ਲਿਆ।
ਇਸ ਅਪ੍ਰੈਂਟਿਸਸ਼ਿਪ ਕੈਂਪ ਵਿੱਚ ਇਲਾਕੇ ਦੀ ਪ੍ਰਮੁੱਖ ਕੰਪਨੀਆਂ ਜਿਵੇਂ ਟਰਾਈਡੈਂਟ, ਐਨ.ਐਫ.ਐਲ, ਪੀ.ਆਰ.ਟੀ.ਸੀ, ਫੈਸ਼ਨ ਕੈਂਪ, ਸਟਾਰ ਇੰਡਸਟਰੀ, ਮਹਾਂ ਸ਼ਕਤੀ ਲਿਮੀਟਡ ਆਦਿ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਅਪ੍ਰੈਟਿਸਸ਼ਿਪ ਦੀ ਮਹੱਤਤਾ, ਉਪਯੋਗਤਾ ਅਤੇ ਨਾਲ-ਨਾਲ ਪੋਰਟਲ ਉੱਤੇ ਆਨਲਾਈਨ ਰਜਿਸਟ੍ਰੇਸ਼ਨ ਕਰਨ ਸਬੰਧੀ ਜਾਣਕਾਰੀ ਵੀ ਦਿੱਤੀ ਜਿਸ ਨਾਲ ਸਿਖਿਆਰਥੀਆਂ ਨੂੰ ਇੰਡਸਟਰੀਜ਼ ਵਿੱਚ ਰੋਜਗਾਰ ਦੇ ਮੌਕੇ ਪ੍ਰਦਾਨ ਹੋਣਗੇ।
ਇਸ ਮੇਲੇ ਵਿੱਚ ਸ. ਜਗਰੂਪ ਸਿੰਘ ਗਿੱਲ, ਐਮ.ਐਲ.ਏ, (ਬਠਿੰਡਾ ਸ਼ਹਿਰੀ) ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਸਿਖਿਆਰਥੀਆਂ ਨਾਲ ਆਪਣੀ ਨਿੱਜੀ ਜਿੰਦਗੀ ਦੇ ਤਜਰਬੇ ਸਾਂਝੇ ਕਰਦੇ ਹੋਏ ਉਨ੍ਹਾਂ ਨੂੰ ਲਗਨ ਅਤੇ ਮਿਹਨਤ ਨਾਲ ਟ੍ਰੇਨਿੰਗ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਬਠਿੰਡਾ ਦੀ ਇੰਡਸਟਰੀ ਨੂੰ ਵੀ ਉਹਨਾਂ ਵਲੋਂ ਅਪ੍ਰੈਟਿਸਸ਼ਿੰਪ ਸਕੀਮ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਵਲੋਂ ਸਰਕਾਰ ਦੁਆਰਾ ਅਪ੍ਰੈਟਿਸਸ਼ਿਪ ਰੱਖਣ ਤੇ ਦਿੱਤੀ ਜਾਂਦੀ ਵਿੱਤੀ ਸਹਾਇਤਾ ਦਾ ਲਾਭ ਲੈਣ ਲਈ ਵੀ ਕਿਹਾ ਗਿਆ।
ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਇਹ ਵੀ ਕਿਹਾ ਕਿ ਇੰਡਸਟਰੀ ਸਿਖਿਆਰਥੀ ਨੂੰ ਆਪਣੀ ਜਰੂਰਤ ਅਨੁਸਾਰ ਟ੍ਰੇਨਿੰਗ ਦੇ ਕੇ ਆਪਣੇ ਰੋਜਗਾਰ ਦੇ ਵੀ ਕਾਬਿਲ ਬਣਾ ਦਿੰਦੀ ਹੈ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਗੁਰਪ੍ਰੀਤ ਕੌਰ ਗਿੱਲ ਅਤੇ ਪ੍ਰਿੰਸੀਪਲ ਸ. ਨਿਰਮਲ ਸਿੰਘ ਨੇ ਅਪ੍ਰੈਂਟਿਸਸ਼ਿਪ ਕੈਂਪ ਵਿੱਚ ਸ਼ਿਰਕਤ ਕਰ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਜਿੱਥੇ ਅਪ੍ਰੈਂਟਿਸਸ਼ਿਪ ਲਈ ਆਨਲਾਈਨ ਪੋਰਟਲ ਉੱਪਰ ਰਜਿਸਟ੍ਰਡ ਹੋਣਾ ਜ਼ਰੂਰੀ ਹੈ ਅਤੇ ਉਥੇ ਹੀ ਇੰਡਸਟਰੀਜ ਨੂੰ ਵੀ ਵਿਭਾਗ ਦੇ ਅਪ੍ਰੈਂਟਿਸਸ਼ਿਪ ਪੋਰਟਲ ਤੇ ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੈ।
ਇਸ ਕੈਂਪ ਵਿੱਚ ਇਲੈਕਟ੍ਰੀਸ਼ਨ, ਮੋਟਰ ਮਕੈਨਿਕ, ਆਰ.ਏ.ਸੀ, ਕੰਪਿਊਟਰ ਆਪਰੇਟਰ, ਵੈਲਡਰ ਆਦਿ ਟਰੇਡਾਂ ਨਾਲ ਸਬੰਧਿਤ ਸਿਖਿਆਰਥੀਆਂ ਨੇ ਭਾਗ ਲਿਆ। ਬਠਿੰਡਾ ਦੀ ਇੰਡਸਟਰੀ ਵਲੋਂ ਸ਼੍ਰੀ ਮੰਗੂ ਰਾਮ, ਸ਼੍ਰੀ ਰਾਮ ਪ੍ਰਕਾਸ਼ ਜਿੰਦਲ, ਸ਼੍ਰੀ ਅਸ਼ੋਕ ਕਾਂਸਲ ਆਦਿ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ ।

ਬੀ.ਐਫ.ਸੀ.ਈ.ਟੀ. ਨੇ ਰਾਸ਼ਟਰੀ ਸਿੱਖਿਆ ਨੀਤੀ-2020 ‘ਤੇ ਵਰਕਸ਼ਾਪ ਕਰਵਾਈ

0

ਸੁਖਜਿੰਦਰ ਮਾਨ
ਬਠਿੰਡਾ , 21 ਅਪ੍ਰੈਲ: ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਬੀ.ਐਫ.ਸੀ.ਈ.ਟੀ.), ਬਠਿੰਡਾ ਨੇ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.)-2020 ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ, ਚੰਡੀਗੜ੍ਹ ਤੋਂ ਪ੍ਰੋ. ਬੀ.ਐਸ. ਪਾਬਲਾ ਨੇ ਇਸ ਵਰਕਸ਼ਾਪ ਵਿੱਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਡਾ. ਤੇਜਿੰਦਰ ਪਾਲ ਸਿੰਘ ਸਰਾਓ ਨੇ ਸਵਾਗਤੀ ਭਾਸ਼ਣ ਦੇ ਕੇ ਸੈਸ਼ਨ ਦੀ ਸ਼ੁਰੂਆਤ ਕੀਤੀ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਫੈਕਲਟੀ ਮੈਂਬਰਾਂ ਵਿੱਚ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.)-2020 ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਪ੍ਰੋ. ਪਾਬਲਾ ਨੇ ਰਾਸ਼ਟਰੀ ਸਿੱਖਿਆ ਨੀਤੀ -2020, ਸੰਪੂਰਨ ਅਤੇ ਬਹੁ-ਅਨੁਸਾਸ਼ਨੀ ਸਿੱਖਣ ਦੀ ਪਹੁੰਚ ਦੀ ਮਹੱਤਤਾ ਅਤੇ ਰਾਸ਼ਟਰੀ ਸਿੱਖਿਆ ਨੀਤੀ -2020 ਵਿੱਚ ਸਿੱਖਿਆ ਦੇ ਵੱਡੇ ਸੁਧਾਰਾਂ ਬਾਰੇ ਡੂੰਘਾਈ ਨਾਲ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ -2020 21ਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਹੈ ਅਤੇ ਇਹ 34 ਸਾਲ ਪੁਰਾਣੀ ਸਿੱਖਿਆ ‘ਤੇ ਰਾਸ਼ਟਰੀ ਨੀਤੀ -1986 ਦੀ ਥਾਂ ਲੈਂਦੀ ਹੈ। ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਦੀ ਪ੍ਰਿੰਸੀਪਲ ਡਾ. ਜਯੋਤੀ ਬਾਂਸਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਐਨ.ਈ.ਪੀ.-2020 ਇੱਕ ਢਾਂਚਾ ਹੈ ਜਿਸ ਦਾ ਉਦੇਸ਼ ਦੇਸ਼ ਵਿੱਚ ਸਿੱਖਿਆ ਦੇ ਵਿਕਾਸ ਲਈ ਮਾਰਗ ਦਰਸ਼ਨ ਕਰਨਾ ਹੈ। ਬੀ.ਐਫ.ਸੀ.ਈ.ਟੀ. ਵੱਲੋਂ ਇਸ ਵਰਕਸ਼ਾਪ ਦਾ ਆਯੋਜਨ ਸਫਲਤਾਪੂਰਵਕ ਕੀਤਾ ਗਿਆ। ਇਸ ਵਰਕਸ਼ਾਪ ਵਿੱਚ 40 ਫੈਕਲਟੀ ਮੈਂਬਰਾਂ ਨੇ ਭਾਗ ਲਿਆ ਅਤੇ ਵਰਕਸ਼ਾਪ ਦੇ ਖ਼ਤਮ ਹੋਣ ‘ਤੇ ਕੀਤੀ ਗੱਲਬਾਤ ਦੌਰਾਨ ਦੱਸਿਆ ਕਿ ਇਹ ਬਹੁਤ ਜਾਣਕਾਰੀ ਭਰਪੂਰ ਵਰਕਸ਼ਾਪ ਸੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬੀ.ਐਫ.ਸੀ.ਈ.ਟੀ. ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਮੁਫ਼ਤ ਬਿਜਲੀ ਐਲਾਨ: ਜਨਰਲ ਵਰਗ ਤੋਂ ਬਾਅਦ ਐਸ.ਸੀ., ਬੀ.ਸੀ ਤੇ ਬੀ.ਪੀ.ਐਲ ਪ੍ਰਵਾਰਾਂ ਨੂੰ ਵੀ ਝਟਕਾ !

0

ਇੱਕ ਕਿਲੋਵਾਟ ਤੋਂ ਵੱਧ ਲੋਡ ਵਾਲੇ ਪ੍ਰਵਾਰਾਂ ਨੂੰ ਵੀ ਦੇਣਾ ਪਏਗਾ ਪੂਰਾ ਬਿੱਲ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਅਪ੍ਰੈਲ: ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਦਿੱਤੀ ਗਰੰਟੀ ਨੂੰ ਬੇਸ਼ੱਕ ਲੰਘੀ 16 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਗਾਮੀ 1 ਜੁਲਾਈ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਪ੍ਰੰਤੂ ਇਸ ਐਲਾਨ ਦੇ ਨਾਲ ਜਿੱਥੇ ਪਹਿਲਾਂ ਜਨਰਲ ਵਰਗ ’ਚ ਭਾਰੀ ਨਰਾਜ਼ਗੀ ਪਾਈ ਜਾ ਰਹੀ ਸੀ, ਉਥੇ ਅੱਜ ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਵਲੋਂ ਦਿੱਤੇ ਸਪੱਸ਼ਟੀਕਰਨ ਤੋਂ ਬਾਅਦ ਐਸ.ਸੀ., ਬੀ.ਸੀ, ਬੀ.ਪੀ.ਐਲ ਅਤੇ ਅਜਾਦੀ ਘੁਲਾਟੀਆਂ ਦੇ ਪ੍ਰਵਾਰਾਂ ਪੱਲੇ ਵੀ ਨਿਰਾਸਾ ਹੀ ਪਏਗੀ। ਬਿਜਲੀ ਮੰਤਰੀ ਵਲੋਂ ਦਿੱਤੇ ਸਪੱਸ਼ਟੀਕਰਨ ਮੁਤਾਬਕ 600 ਯੂਨਿਟ ਬਿਜਲੀ ਦੀ ਖ਼ਪਤ ਦਾ ਪੂਰਾ ਫ਼ਾਈਦਾ ਐਸ.ਸੀ., ਬੀ.ਸੀ, ਬੀ.ਪੀ.ਐਲ ਅਤੇ ਅਜਾਦੀ ਘੁਲਾਟੀਆਂ ਦੇ ਉਨ੍ਹਾਂ ਪ੍ਰਵਾਰਾਂ ਨੂੰ ਹੀ ਮਿਲੇਗਾ, ਜਿੰਨ੍ਹਾਂ ਦੇ ਘਰਾਂ ’ਚ ਲੱਗੇ ਬਿਜਲੀ ਮੀਟਰਾਂ ਦਾ ਲੋਡ ਸਿਰਫ਼ ਇੱਕ ਕਿਲੋਵਾਟ ਤੱਕ ਹੈ। ਇਸਤੋਂ ਭਾਵ ਇਸ ਭਾਈਚਾਰਿਆਂ ਨਾਲ ਸਬੰਧਤ ਜਿੰਨ੍ਹਾਂ ਪ੍ਰਵਾਰਾਂ ਦੇ ਘਰਾਂ ’ਚ ਇੱਕ ਕਿਲੋਵਾਟ ਤੋਂ ਵੱਧ ਲੋਡ ਵਾਲੇ ਬਿਜਲੀ ਮੀਟਰ ਲੱਗੇ ਹਨ, ਉਨ੍ਹਾਂ ਨੂੰ ਪੂਰੀ ਮੁਆਫ਼ੀ ਨਹੀਂ ਮਿਲੇਗੀ ਤੇ ਜੇਕਰ ਉਨਾਂ ਦੇ ਮੀਟਰ ਦੀ ਦੋ ਮਹੀਨਿਆਂ ’ਚ ਖ਼ਪਤ 601 ਯੂਨਿਟ ਹੁੰਦੀ ਹੈ ਤਾਂ ਉਨ੍ਹਾਂ ਨੂੰ ਵੀ ਜਨਰਲ ਵਰਗ ਦੀ ਤਰ੍ਹਾਂ ਪੂਰਾ ਬਿੱਲ ਭਰਨਾ ਪਏਗਾ। ਇਹੀਂ ਨਹੀਂ, ਜਿਹੜੇ ਐਸ.ਸੀ., ਬੀ.ਸੀ, ਬੀ.ਪੀ.ਐਲ ਅਤੇ ਅਜਾਦੀ ਘੁਲਾਟੀਆਂ ਟੈਕਸ ਭਰਦੇ ਹਨ, ਉਨ੍ਹਾਂ ਨੂੰ ਵੀ ਪੂਰੇ ਬਿੱਲ ਵਾਲੀ ਸਹੂਲਤ ਨਹੀਂ ਮਿਲੇਗੀ। ਗੌਰਤਲਬ ਹੈ ਕਿ 16 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੁਫ਼ਤ ਬਿਜਲੀ ਸਹੂਲਤ ਦੇਣ ਦੇ ਕੀਤੇ ਐਲਾਨ ਨਾਲ ਸੂਬੇ ਦੇ ਲੋਕਾਂ ਨੇ ਮਹਿੰਗੀ ਬਿਜਲੀ ਦੇ ਕਾਰਨ ਵੱਡੀ ਰਾਹਤ ਮਿਲਣ ਦੀ ਉਮੀਦ ਜਤਾਈ ਸੀ ਪ੍ਰੰਤੂ ਜਿਊਂ-ਜਿਊਂ ਇਸ ਮੁਫ਼ਤ ਬਿਜਲੀ ਦੇ ਐਲਾਨ ਦੀ ਸਚਾਈ ਸਾਹਮਣੇ ਆ ਰਹੀ ਹੈ, ਹਰ ਵਰਗ ’ਚ ਨਿਰਾਸਾ ਦੇਖਣ ਨੂੰ ਮਿਲ ਰਹੀ ਹੈ। ਇਸਤੋਂ ਪਹਿਲਾਂ ਸੂਬੇ ਦੇ ਜਨਰਲ ਵਰਗ ਨੇ ਭਾਰੀ ਨਰਾਜ਼ਗੀ ਜਤਾਉਂਦਿਆਂ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਵੀ ਐਸ.ਸੀ., ਬੀ.ਸੀ, ਬੀ.ਪੀ.ਐਲ ਅਤੇ ਅਜਾਦੀ ਘੁਲਾਟੀਆਂ ਦੇ ਪ੍ਰਵਾਰਾਂ ਵਾਂਗ 600 ਯੂਨਿਟ ਤੱਕ ਪੂਰੀ ਮੁਆਫ਼ੀ ਮਿਲੇ ਪ੍ਰੰਤੂ ਅੱਜ ਬਿਜਲੀ ਮੰਤਰੀ ਦੇ ਬਿਆਨ ਤੋਂ ਬਾਅਦ ਉਕਤ ਵਰਗਾਂ ਨਾਲ ਸਬੰਧਤ ਲੋਕ ਵੀ ਨਿਰਾਸ਼ ਹੋ ਸਕਦੇ ਹਨ, ਕਿਉਂਕਿ ਬਹੁਤ ਘੱਟ ਪ੍ਰਵਾਰਾਂ ’ਚ ਇੱਕ ਕਿਲੋਵਾਟ ਤੱਕ ਦਾ ਲੋਡ ਹੈ। ਇੱਥੈ ਇਹ ਵੀ ਦਸਣਾ ਬਣਦਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਪਹਿਲਾਂ ਵੀ ਐਸ.ਸੀ., ਬੀ.ਸੀ, ਬੀ.ਪੀ.ਐਲ ਅਤੇ ਅਜਾਦੀ ਘੁਲਾਟੀਆਂ ਦੇ ਪ੍ਰਵਾਰਾਂ ਨੂੰ ਇੱਕ ਕਿਲੋਵਾਟ ਲੋਡ ਤੱਕ ਪ੍ਰਤੀ ਮਹੀਨਾ 200 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਸੀ, ਜਿਸਨੂੰ ਹੁਣ ਵਧਾ ਕੇ ਮੌਜੂਦਾ ਸਰਕਾਰ ਵਲੋਂ 300 ਯੂਨਿਟ ਕੀਤਾ ਗਿਆ ਹੈ। ਪ੍ਰੰਤੂੁ ਵੱਡੀ ਗੱਲ ਇਹ ਵੀ ਹੈ ਕਿ ਇਸ ਸਕੀਮ ਵਿਚ ਜਨਰਲ ਵਰਗ ਨੂੰ ਵੀ ਨਾਲ ਸ਼ਾਮਲ ਕੀਤਾ ਗਿਆ ਹੈ।

108 ਐਂਬੂਲੈਂਸ ਪੰਜਾਬ ਪ੍ਰੋਜੈਕਟ ਹੈਡ ਮੁਲਾਜਮਾਂ ਨੂੰ ਕਰ ਰਿਹਾ ਹੈ ਜਾਣਬੁੱਝ ਕੇ ਤੰਗ ਪ੍ਰੇਸ਼ਾਨ: ਮਨਪ੍ਰੀਤ ਨਿੱਜਰ

0

ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: 108 ਐਂਬੂਲੈਂਸ ਇੰਪਲਾਈਜ ਐਸੋਸੀਏਸਨ ਪੰਜਾਬ ਦੇ ਆਗੂ ਮਨਪ੍ਰੀਤ ਨਿੱਜਰ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਦੋਸ਼ ਲਗਾਇਆ ਕਿ ਪੰਜਾਬ ਪ੍ਰੋਜੈਕਟ ਹੈਡ ਅਤੇ ਓਪਰੇਸਨ ਮਨੈਜਰ ਵੱਲੋਂ ਮੁਲਾਜਮਾਂ ਨੂੰ ਦਫਤਰ ਬੁਲਾ ਕੇ ਬਹੁਤ ਹੀ ਗੰਦੀ ਭਾਸਾ ਵਿੱਚ ਗੱਲਬਾਤ ਕਰਦਿਆਂ ਤੰਗ ਪ੍ਰੇਸਾਨ ਕੀਤਾ ਜਾਂਦਾ ਹੈ ਤੇ ਮੁਲਾਜਮਾਂ ਦੀ ਬਿਨਾਂ ਕਿਸੇ ਗਲਤੀ ਦੇ ਉਸ ਘਰ ਤੋਂ 200-250 ਕਿਲੋਮੀਟਰ ਦੂਰ ਬਦਲੀ ਕੀਤੀ ਜਾਂਦੀ ਹੈ ਜਾਂ ਉਸ ਮੁਲਾਜਮ ਨੂੰ ਡਿਊਟੀ ਤੋਂ ਕੱਢ ਦਿੱਤਾ ਜਾਂਦਾ ਹੈ । ਇਸਤੋਂ ਇਲਾਵਾ ਪਿਛਲੇ ਲੰਮੇ ਸਮੇਂ ਤੋਂ ਮੁਲਾਜਮਾਂ ਨੂੰ ਹਰ ਵਾਰ 2-3 ਮਹੀਨਿਆਂ ਦੀ ਦੇਰੀ ਨਾਲ ਤਨਖਾਹ ਮਿਲ ਰਹੀ ਹੈ। ਇਸ ਮਹਿੰਗਾਈ ਦੇ ਯੁੱਗ ਵਿੱਚ ਮੁਲਾਜਮਾਂ ਨੂੰ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਨਾ ਪੈਂਦਾ ਹੈ, ਹੁਣ ਕਣਕ ਦੇ ਸੀਜਨ ਦੌਰਾਨ ਬਹੁਤ ਸਾਰੇ ਮੁਲਾਜਮਾਂ ਨੇ ਕਣਕ ਖਰੀਦਣੀ ਹੈ, ਆਪਣੇ ਬੱਚਿਆਂ ਦੇ ਸਕੂਲ ਦੀਆਂ ਫੀਸਾਂ, ਵਰਦੀਆਂ, ਕਿਤਾਬਾਂ ਆਦਿ ਦਾ ਖਰਚਾ ਚੁੱਕਣਾ ਬਹੁਤ ਔਖਾਂ ਹੋਇਆ ਪਿਆ ਹੈ। 108 ਐਂਬੂਲੈਂਸ ਨੂੰ ਚਲਾਉਣ ਵਾਲੀ ਕੰਪਨੀ ਵੱਲੋਂ 108 ਐਂਬੂਲੈਂਸ ਦੇ ਮੁਲਾਜਮਾਂ ਦਾ ਆਰਥਿਕ ਤੇ ਮਾਨਸਿਕ ਸੋਸਣ ਕੀਤਾ ਜਾ ਰਿਹਾ ਹੈ। ਨਿਗੁਣੀਆਂ ਤਨਖਾਹਾਂ ਤੇ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਕਰੋਨਾ ਮਹਾਂਮਾਰੀ ਵਿੱਚ ਫਰੰਟ ਲਾਇਨ ਤੇ ਕੰਮ ਕਰਨ ਦਾ ਕੋਈ ਵਾਧੂ ਭੱਤਾ ਨਹੀਂ ਦਿੱਤਾ ਗਿਆ। ਨਿੱਜਰ ਨੇ ਪੰਜਾਬ ਸਰਕਾਰ ਤੋਂ ਕੰਪਨੀ ਦੇ ਉਚ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ, ਕੱਢੇ ਗਏ ਮੁਲਾਜਮਾਂ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਤੇ ਮੁਲਾਜਮਾਂ ਦੀਆਂ ਬਣਦੀਆਂ ਤਨਖਾਹਾਂ ਕੰਪਨੀ ਤੋਂ ਜਲਦੀ ਤੋਂ ਜਲਦੀ ਰਲੀਜ ਕਰਵਾਉਣ ਦੀ ਮੰਗ ਕੀਤੀ ਗਈ।

ਸਿੱਖਿਆ ਵਿਭਾਗ ਵੱਲੋਂ ਪਹਿਲੀ ਜਮਾਤ ਦੇ ਬੱਚਿਆਂ ਲਈ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਦੀ ਸ਼ੁਰੂਆਤ ਨਿਵੇਕਲਾ ਉਪਰਾਲਾ – ਸ਼ਿਵ ਪਾਲ ਗੋਇਲ

0

ਤਿੰਨ ਮਹੀਨੇ ਪਲੇ-ਵੇ ਅਤੇ ਰੌਚਕ ਵਿਧੀਆਂ ਨਾਲ ਪਹਿਲੀ ਜਮਾਤ ਦੇ ਬੱਚਿਆਂ ਨੂੰ ਸਕੂਲੀ ਸਿੱਖਿਆ ਨਾਲ ਜੋੜਨ ਦਾ ਸੁਹਿਰਦ ਉਪਰਾਲੇ ਸੰਬੰਧੀ ਪੋਸਟਰ ਜਾਰੀ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਸਿੱਖਿਆ ਵਿਭਾਗ ਵਲੋਂ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਗ੍ਰਹਿਣ ਕਰਨ ਦੇ ਯੋਗ ਬਣਾਉਣ ਲਈ 3 ਮਹੀਨਿਆਂ ਦਾ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ਼ਿਵ ਪਾਲ ਗੋਇਲ ਨੇ ਦਸਿਆ ਕਿ ਪਿਛਲੇ 2 ਸਾਲਾਂ ਦੌਰਾਨ ਸਕੂਲਾਂ ਵਿੱਚ ਬੱਚਿਆਂ ਦਾ ਦਾਖ਼ਲਾ ਤਾਂ ਰਿਹਾ ਪਰ ਉਹਨਾਂ ਨੂੰ ਕੋਵਿਡ-19 ਦੀਆਂ ਲਾਜ਼ਮੀ ਬੰਦਿਸ਼ਾਂ ਕਾਰਨ ਲਗਾਤਾਰ ਕਲਾਸਰੂਮ ਦਾ ਵਾਤਾਵਰਨ ਨਹੀਂ ਮਿਲ ਸਕਿਆ। ਜਿਸ ਕਾਰਨ ਇਹਨਾਂ ਬੱਚਿਆਂ ਦਾ ਸਕੂਲੀ ਸਿੱਖਿਆ ਪ੍ਰਾਪਤੀ ਦਾ ਆਧਾਰ ਕਮਜ਼ੋਰ ਰਹਿਣ ਦੇ ਜਿਆਦਾ ਖਦਸ਼ੇ ਜ਼ਾਹਿਰ ਕੀਤੇ ਜਾ ਸਕਦੇ ਹਨ। ਇਹਨਾਂ ਬੱਚਿਆਂ ਦੇ ਸਾਖਰਤਾ ਅਤੇ ਸੰਖਿਆ ਗਿਆਨ ਦੇ ਆਧਾਰ ਨੂੰ ਮਜ਼ਬੂਤੀ ਦੇਣ ਲਈ 3 ਮਹੀਨਿਆਂ ਦਾ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਬਹੁਤ ਹੀ ਪ੍ਰਭਾਵਸ਼ਾਲੀ ਸਿੱਧ ਹੋਵੇਗਾ।ਇਸ ਪ੍ਰੋਗਰਾਮ ਨੂੰ ਸਕੂਲਾਂ ਵਿਚ ਲਾਗੂ ਕਰਨ ਦੀ ਯੋਜਨਾਬੰਦੀ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਡਾਇਟ ਸਤਵਿੰਦਰ ਪਾਲ ਸਿੱਧੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ 3 ਮਹੀਨਿਆਂ ਦਾ ਪੂਰਾ ਸ਼ਡਿਊਲ ਤਿਆਰ ਕਰ ਲਿਆ ਗਿਆ ਹੈ। ਜਿਸ ਵਿੱਚ ਬੱਚਿਆਂ ਨੂੰ ਖੇਡ ਵਿਧੀ ਰਾਹੀਂ ਉਹਨਾਂ ਦਾ ਬੌਧਿਕ, ਮਾਨਸਿਕ, ਸਰੀਰਿਕ, ਰਚਨਾਤਮਕ ਅਤੇ ਸਮਾਜਿਕ ਭਾਈਚਾਰਕ ਸਾਂਝ ਦਾ ਵਿਕਾਸ ਕਰਦਿਆਂ ਸਕੂਲ ਸਿੱਖਿਆ ਗ੍ਰਹਿਣ ਕਰਨ ਲਈ ਉਹਨਾਂ ਦਾ ਆਧਾਰ ਮਜ਼ਬੂਤ ਕੀਤਾ ਜਾਣਾ ਹੈ। ਇਸ ਲਈ ਪਹਿਲਾਂ ਰਾਜ ਪੱਧਰ ‘ਤੇ ਸਟੇਟ ਰਿਸੋਰਸ ਪਰਸਨ ਵੱਲੋਂ ਜ਼ਿਲ੍ਹਾ ਅਤੇ ਬਲਾਕ ਰਿਸੋਰਸ ਪਰਸਨ ਨੂੰ ਤਿਆਰ ਕੀਤਾ ਜਾਣਾ ਹੈ ਤਾਂ ਜੋ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਤਹਿਤ ਵਰਤੀਆਂ ਜਾਣ ਵਾਲੀਆਂ ਖੇਡ ਵਿਧੀਆਂ, ਬੱਚਿਆਂ ਦੀਆਂ ਮੋਟਰ ਸਕਿੱਲ ਦੇ ਵਿਕਾਸ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਇਹਨਾਂ ਗਤੀਵਿਧੀਆਂ ਦੇ ਨਾਲ ਸੰਬੰਧਿਤ ਸਿੱਖਣ ਸਹਾਇਕ ਸਮੱਗਰੀ ਦੀ ਜਾਣਕਾਰੀ ਅਧਿਆਪਕਾਂ ਤੱਕ ਪੁੱਜਦੀ ਕੀਤੀ ਜਾ ਸਕੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੇਵਾ ਸਿੰਘ ਸਿੱਧੂ, ਉਪ ਜਿਲ੍ਹਾ ਸਿੱਖਿਆ ਅਫਸਰ ਇਕਬਾਲ ਸਿੰਘ ਬੁੱਟਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਦਾ ਉਦੇਸ਼ ਪਹਿਲੀ ਜਮਾਤ ਦੇ ਬੱਚਿਆਂ ਨੂੰ ਸਕੂਲੀ ਸਿੱਖਿਆ ਪ੍ਰਾਪਤ ਕਰਨ ਲਈ ਤਿਆਰ ਕਰਨਾ ਹੈ। ਸਿੱਖਿਆ ਵਿਭਾਗ ਵੱਲੋਂ ਇਸ ਸ਼ੈਸ਼ਨ ਦੇ ਸਿੱਖਣ ਪੱਧਰਾਂ ਅਤੇ ਪਰਿਣਾਮਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਵਿਸ਼ੇਸ਼ ਤਕਨੀਕ ਦੀ ਵਰਤੋਂ ਕਰਦਿਆਂ ਇਹਨਾਂ ਬੱਚਿਆਂ ਦਾ ਬੇਸ ਲਾਇਨ, ਮਿਡ ਟੈਸਟ ਅਤੇ ਅੰਤਿਮ ਜਾਂਚ ਕੀਤੀ ਜਾਵੇਗੀ ਜਿਸ ਨਾਲ ਪਤਾ ਲਗਾਇਆ ਜਾ ਸਕੇਗਾ ਕਿ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਦਾ ਪਹਿਲੀ ਜਮਾਤ ਦੇ ਬੱਚਿਆਂ ਨੂੰ ਕਿਸ ਪੱਧਰ ਤੱਕ ਫ਼ਾਇਦਾ ਹੋ ਸਕਿਆ ਹੈ।

ਪੰਜਾਬ ਦੀ ਨਿੱਘਰਦੀ ਵਿੱਤੀ ਹਾਲਾਤ ਦੇ ਮੁੱਦੇ ਨੂੰ ਲੈ ਕੇ ਨਵਜੋਤ ਸਿੱਧੂ ਵਲੋਂ ਰਾਜਪਾਲ ਨੂੰ ਮਿਲਣ ਦਾ ਐਲਾਨ

0

ਆਪ ਸਰਕਾਰ ਵਲੋਂ ਮੁਫ਼ਤ ਬਿਜਲੀ ਦੀ ਸਕੀਮ ’ਚ ਕਾਣੀ ਵੰਡ ’ਤੇ ਚੁੱਕੇ ਸਵਾਲ
ਰਾਜਾ ਵੜਿੰਗ ਲਈ ਮੇਰੇ ਘਰ ਦੇ ਦਰਵਾਜ਼ੇ ਖੁੱਲੇ: ਨਵਜੋਤ ਸਿੱਧੂ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ : ਪੰਜਾਬ ਕਾਂਗਰਸ ਦੀ ਪ੍ਰਧਾਨਗੀ ਛੱਡਣ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਸੂਬੇ ਦੀ ਆਪ ਸਰਕਾਰ ’ਤੇ ਮੁਫ਼ਤ ਬਿਜਲੀ ਸਕੀਮ ਦੇ ਐਲਾਨ ’ਚ ਕਾਣੀ ਵੰਡ ਦਾ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬੀਆਂ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਇਸ ਸਕੀਮ ਦੇ ਲਈ ਪੈਸਾ ਕਿੱਥੋਂ ਆਵੇਗਾ। ਕਾਂਗਰਸ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਲਾਡੀ ਵਲੋਂ ਰੱਖੀ ਮੀਟਿੰਗ ਦੌਰਾਨ ਦੋ ਦਰਜ਼ਨ ਦੇ ਕਰੀਬ ਅਪਣੇ ਸਮਰਥਕਾਂ ਨਾਲ ਬੰਿਠਡਾ ਦੇ ਇੱਕ ਹੋਟਲ ’ਚ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਦਾਅਵਾ ਕੀਤਾ ਕਿ ਉਹ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲੱਗੇ ਹੋਏ ਹਨ ਤੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਦ ਮਰਜ਼ੀ ਚਾਹੁੰਣ ਉਸਨੂੰ ਮਿਲਣ ਆ ਸਕਦੇ ਹਨ ਤੇ ਉਨ੍ਹਾਂ ਲਈ ਮੇਰੇ ਘਰ ਦੇ ਦਰਵਾਜ਼ੇ ਖੁੱਲੇ ਹਨ। ਪੰਜਾਬ ਦੀ ਨਿੱਘਰਦੀ ਵਿਤੀ ਹਾਲਾਤ ’ਤੇ ਚਿੰਤਾ ਜਤਾਉਂਦਿਆਂ ਸ: ਸਿੱਧੂ ਨੇ ਦਸਿਆ ਕਿ ‘‘ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬ ਦੀ ਕੁੱਲ ਆਮਦਨ ਦੇ 55 ਫ਼ੀਸਦੀ ਹਿੱਸੇ ਬਰਾਬਰ ਸੂਬੇ ਸਿਰ ਕਰਜ਼ਾ ਚੜਿਆ ਹੋਇਆ ਹੈ, ਜਿਸਦੇ ਕਾਰਨ ਆਉਣ ਵਾਲੀ ਸਥਿਤੀ ਕਾਫ਼ੀ ਡਰਾਵਣੀ ਹੈ। ’’ ਪੰਜਾਬ ਸਰਕਾਰ ਨੂੰ ਬਿਜਲੀ ਮੁੱਦੇ ’ਤੇ ਘੇਰਦਿਆਂ ਸਿੱਧੂ ਨੇ ਕਿਹਾ ਕਿ ‘‘ ਚੋਣਾਂ ਤੋਂ ਪਹਿਲਾਂ ਆਪ ਨੇ ਸਾਰਿਆਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਬਿਜਲੀ ਦੇ ਮੁੱਦੇ ’ਤੇ ਪੰਜਾਬੀਆਂ ਨੂੰ ਵੰਡਣ ਦੀ ਕੋਸਿਸ ਕੀਤੀ ਗਈ ਹੈ। ਉਨ੍ਹਾਂ ਆਪ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ’ਚ ਮੁਫ਼ਤ ਬਿਜਲੀ ਦਾ ਐਲਾਨ ਕਰਕੇ ਪੰਜਾਬੀਆਂ ਦੇ ਖਜਾਨੇ ਦਾ ਪੈਸਾ ਬਾਹਰਲੇ ਸੂਬਿਆਂ ਦੀਆਂ ਅਖਬਾਰਾਂ ਨੁੰ ਇਸ਼ਤਿਹਾਰਾਂ ਦੇ ਰੂਪ ਵਿੱਚ ਵੰਡਿਆ ਜਾ ਰਿਹਾ ਹੈ ਤਾਂ ਕਿ ਆਪ ਸਰਕਾਰ ਇਸਦੇ ਰਾਹੀਂ ਵਾਹ ਵਾਹ ਖੱਟ ਕੇ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਜਿੱਤ ਸਕੇ। ਇਸਤੋਂ ਇਲਾਵਾ ਪੰਜਾਬ ਦੀ ਵਿਗੜ ਰਹੀ ਅਮਨ ਤੇ ਕਾਨੂੰਨ ਦੀ ਸਥਿਤੀ ਉਪਰ ਵੀ ਨਰਾਸ਼ਾ ਪ੍ਰਗਟ ਕਰਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਹੋਰ ਕੰਮਾਂ ਲਈ ਭਗਵੰਤ ਮਾਨ ਸਰਕਾਰ ਨੂੰ ਸਮਾਂ ਦਿੱਤਾ ਜਾ ਸਕਦਾ ਹੈ ਪ੍ਰੰਤੂ ਇਸਦੇ ਲਈ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਾਤ ਤੇ ਅਮਨ ਕਾਨੂੰਨ ਦੀ ਸਥਿਤੀ ਉਪਰ ਉਹ ਵੀਰਵਾਰ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲਣ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਦੀ ਕੁੱਝ ਮੁੱਦਿਆਂ ’ਤੇ ਤਰੀਫ਼ ਵੀ ਕੀਤੀ, ਜਿੰਨ੍ਹਾਂ ਵਿਚ ਨਿਤਨ ਗਡਗਰੀ ਦੀ ਅਗਵਾਈ ਹੇਠ ਸੂਬੇ ’ਚ ਬਣੇ ਕੌਮੀ ਮਾਰਗਾਂ ਦੀ ਵਧੀਆਂ ਹਾਲਾਤ ਤੇ ਭਗਵੰਤ ਮਾਨ ਵਲੋਂ ਦਾਲਾਂ ਅਤੇ ਮੱਕੀ ’ਤੇ ਐੱਮਐੱਸਪੀ ਦੇਣ ਦਾ ਐਲਾਨ ਸ਼ਾਮਲ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਐਮ.ਐਲ.ਏ ਨਵਤੇਜ ਸਿੰਘ ਚੀਮਾ, ਰਜਿੰਦਰ ਸਿੰਘ ਰਾਜਾ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਸੁਰਜੀਤ ਸਿੰਘ ਧੀਮਾਨ, ਪਿਰਮਿਲ ਸਿੰਘ ਧੋਲਾ, ਹਰਦਿਆਲ ਸਿੰਘ ਕੰਬੋਜ, ਸਾਬਕਾ ਐਮ.ਪੀ ਸ਼ੇਰ ਸਿੰਘ ਘੁਬਾਇਆ, ਸੁਨੀਲ ਦੱਤੀ, ਵਿਜੇ ਕਾਲੜਾ, ਅਵਤਾਰ ਸਿੰਘ ਗੋਨਿਆਣਾ, ਸਰਬਜੀਤ ਸਿੰਘ ਮੀਆ, ਕਰਨਵੀਰ ਢਿੱਲੋਂ, ਸਤਨਾਮ ਸਿੰਘ ਸ਼ਤਰਾਣਾ, ਅੰਮਿ੍ਰਤ ਕੌਰ ਗਿੱਲ, ਚੇਅਰਮੈਨ ਹਰਮੇਲ ਸਿੰਘ ਘੁੱਦਾ, ਨਵੀਂ ਚੇਅਰਮੈਨ ਤਲਵੰਡੀ ਸਾਬੋ, ਰੋਸ਼ਨ ਸਿੰਘ ਸੰਗਤ, ਜਗਜੀਤ ਸਿੰਘ ਬਲਾਕ ਪ੍ਰਧਾਨ, ਮਨਜੀਤ ਸਿੰਘ ਸਰਪੰਚ, ਸਰਬਜੀਤ ਸਿੰਘ ਰੁਲਦੂਵਾਲਾ ਆਦਿ ਹਾਜ਼ਰ ਸਨ

ਅਗਲੇ ਦੋ ਸਾਲਾਂ ‘ਚ ਗੰਨੇ ਦੇ ਝਾੜ ਵਿੱਚ 100 ਕੁਇੰਟਲ ਪ੍ਰਤੀ ਏਕੜ ਤੱਕ ਵਾਧਾ ਕਰਨ ਦਾ ਟੀਚਾ : ਹਰਪਾਲ ਚੀਮਾ

0

2021-22 ਦੌਰਾਨ ਗੰਨੇ ਦੀ ਪਿੜਾਈ ਪਿਛਲੇ ਸੀਜ਼ਨ ਨਾਲੋਂ 20 ਲੱਖ ਕੁਇੰਟਲ ਵੱਧ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਅਪ੍ਰੈਲ: ਪੰਜਾਬ ਦੇ ਸਹਿਕਾਰਤਾ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲੋਂ ਸੀਜ਼ਨ 2021-22 ਦੌਰਾਨ 1 ਕਰੋੜ 72 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਗਈ ਹੈ ਜੋ ਕਿ ਪਿਛਲੇ ਪਿੜਾਈ ਸੀਜ਼ਨ ਨਾਲੋਂ ਤਕਰੀਬਨ 20 ਲੱਖ ਕੁਇੰਟਲ ਵੱਧ ਹੈ। ਉਹਨਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ 2021-22 ਦੌਰਾਨ ਪਿਛਲੇ ਸਾਲ ਨਾਲੋਂ 0.26 ਫੀਸਦੀ ਵੱਧ ਖੰਡ ਦੀ ਰਿਕਵਰੀ ਪ੍ਰਾਪਤ ਕੀਤੀ ਹੈ ਜਿਸ ਨਾਲ ਕਰੀਬ 44764 ਕੁਇੰਟਲ ਵਾਧੂ ਖੰਡ ਦਾ ਉਤਪਾਦਨ ਕੀਤਾ ਗਿਆ ਹੈ। ਇਸ ਨਾਲ ਲਗਭਗ 16 ਕਰੋੜ ਰੁਪਏ ਦੀ ਵਾਧੂ ਆਮਦਨ ਹੋਣ ਦੀ ਉਮੀਦ ਹੈ। ਸਹਿਕਾਰਤਾ ਮੰਤਰੀ ਨੇ ਇਹ ਵੀ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ ਪਿਛਲੇ ਸਾਲ ਦੀ ਔਸਤ ਦਰ 800 ਰੁਪਏ ਪ੍ਰਤੀ ਕੁਇੰਟਲ ਦੇ ਮੁਕਾਬਲੇ 887 ਰੁਪਏ ਪ੍ਰਤੀ ਕੁਇੰਟਲ ਦੀ ਔਸਤ ਦਰ ‘ਤੇ 2,85,000 ਕੁਇੰਟਲ ਸ਼ੀਰਾ ਵੇਚਿਆ ਜਿਸ ਨਾਲ ਕਰੀਬ 2.50 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਵੱਧ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋੋਂ ਗੰਨੇ ਦੇ ਝਾੜ ਵਿੱਚ ਵਾਧਾ ਕਰਕੇ ਗੰਨਾ ਕਾਸ਼ਤਾਕਾਰਾਂ ਦੀ ਆਮਦਨ ਵਧਾਉਣ ਲਈ ਯੋੋਜਨਾ ਤਿਆਰ ਕਰਨ ਹਿੱਤ ਇੱਕ ਟਾਸਕਫੋੋਰਸ ਦਾ ਗਠਨ ਕੀਤਾ ਗਿਆ ਹੈ। ਇਸ ਟਾਸਕਫੋਰਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ, ਸ਼ੂਗਰਕੇਨ ਬਰੀਡਿੰਗ ਇੰਸਟੀਚਿਊਟ, ਕੋੋਇੰਬਟੂਰ ਅਤੇ ਦੇਸ਼ ਪੱਧਰ ਦੇ ਗੰਨਾ ਮਾਹਿਰਾਂ ਤੋੋਂ ਇਲਾਵਾ ਸ਼ੂਗਰਫੈੱਡ, ਪੰਜਾਬ ਦੇ ਨੁਮਾਇੰਦੇ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਟਾਸਕਫੋੋਰਸ ਨੂੰ ਤਿੰਨ ਮਹੀਨੇ ਵਿੱਚ ਗੰਨੇ ਦਾ ਝਾੜ ਵਧਾਉਣ ਲਈ ਯੋੋਜਨਾ ਤਿਆਰ ਕਰਨ ਲਈ ਕਿਹਾ ਜਾਵੇਗਾ।
ਚੀਮਾ ਨੇ ਦੱਸਿਆ ਕਿ ਅਗਲੇ ਦੋ ਸਾਲਾਂ ਵਿੱਚ ਗੰਨੇ ਦੇ ਝਾੜ ਵਿੱਚ ਘੱਟੋ-ਘੱਟ 100 ਕੁਇੰਟਲ ਪ੍ਰਤੀ ਏਕੜ ਤੱਕ ਵਾਧਾ ਕਰਨ ਦਾ ਟੀਚਾ ਰੱਖਿਆ ਜਾਵੇਗਾ ਜਿਸ ਨਾਲ ਪ੍ਰਤੀ ਏਕੜ ਆਮਦਨ ਵਿੱਚ ਲਗਭਗ 36,000 ਰੁਪਏ ਤੱਕ ਦਾ ਵਾਧਾ ਹੋੋਵੇਗਾ। ਇਸ ਯੋੋਜਨਾ ਤਹਿਤ ਗੰਨਾ ਕਾਸ਼ਤਕਾਰਾਂ ਨੂੰ ਉੱਚ ਕੁਆਲਟੀ ਦੀਆਂ ਕਿਸਮਾਂ ਦੇ ਸ਼ੁੱਧ ਬੀਜ ਉਪਲੱਬਧ ਕਰਨ ਤੋੋਂ ਇਲਾਵਾ ਗੰਨੇ ਦੀ ਖੇਤੀ ਵਿੱਚ ਆਧੁਨਿਕ ਤਕਨੀਕਾਂ ਸਬੰਧੀ ਜਾਣਕਾਰੀ ਦੇ ਨਾਲ-ਨਾਲ ਮਸ਼ੀਨੀਕਰਨ ਬਾਰੇ ਵੀ ਸਿਖਲਾਈ ਦੇਣਾ ਸ਼ਾਮਲ ਹੋਵੇਗਾ। ਇਸ ਦੇ ਨਾਲ ਚੀਮਾ ਵੱਲੋੋਂ ਇਹ ਵੀ ਹਦਾਇਤ ਕੀਤੀ ਗਈ ਕਿ ਸਹਿਕਾਰੀ ਖੰਡ ਮਿੱਲਾਂ ਵੱਲੋੋਂ ਗੰਨੇ ਦੇ ਆਉਣ ਵਾਲੇ ਅਗਲੇ ਬਿਜਾਈ ਸੀਜ਼ਨ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਅਤੇ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੇ ਕਰਨਾਲ ਕੇਂਦਰ ਦੇ ਸਹਿਯੋੋਗ ਨਾਲ ਗੰਨੇ ਦੀਆਂ ਵੱਧ ਝਾੜ ਵਾਲੀਆਂ ਕਿਸਮਾਂ ਦੇ ਤਕਰੀਬਨ 30 ਲੱਖ ਪੌੌਦਿਆਂ ਦੀ ਪਨੀਰੀ ਤਿਆਰ ਕਰਕੇ ਗੰਨਾ ਕਾਸ਼ਤਕਾਰਾਂ ਨੂੰ ਬੀਜ਼ ਵੱਜੋੋਂ ਦਿੱਤੇ ਜਾਣ।

300 ਯੂਨਿਟ ਮੁਫਤ ਬਿਜਲੀ ਦੇ ਇਤਿਹਾਸਕ ਫੈਸਲੇ ਨੇ ਵਿਰੋਧੀਆਂ ਦੀ ਜੁਬਾਨ ਕੀਤੀ ਬੰਦ-ਅਗਰਵਾਲ

0

ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਆਮ ਆਦਮੀ ਪਾਰਟੀ ਬਠਿੰਡਾ ਦੇ ਜ਼ਿਲ੍ਹਾ ਕਾਰਜ਼ਕਾਰੀ ਪ੍ਰਧਾਨ ਅਮਿ੍ਰੰਤ ਲਾਲ ਅਗਰਵਾਲ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਦਾਅਵਾ ਕੀਤਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਵਾਸੀਆਂ ਨੂੰ ਜੋ ਗਰੰਟੀਆਂ ਦਿੱਤੀਆਂ ਸਨ। ਉਹਨਾਂ ਗਰੰਟੀਆਂ ਵਿੱਚੋਂ ਪਹਿਲੀ ਗਰੰਟੀ 300 ਯੂਨਿਟ ਮੁਫਤ ਬਿਜਲੀ ਦਾ ਐਲਾਨ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇੇ ਵਿਰੋਧੀਆਂ ਦੀ ਜੁਬਾਨ ਬੰਦ ਕਰ ਦਿੱਤੀ, ਜਿਸਦੇ ਨਾਲ ਪੰਜਾਬ ਦੇ 80 ਫੀਸਦੀ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਇਸ ਫੈਸਲੇ ਦੀ ਹਰ ਪਾਸਿਉਂ ਸ਼ਲਾਘਾ ਕੀਤੀ ਜਾ ਰਹੀ ਹੈ। ਅਗਰਵਾਲ ਨੇ ਕਿਹਾ ਕਿ ਪੰਜਾਬ ਵਾਸੀਆਂ ਵਲੋਂ ਸਰਕਾਰ ਨੂੰ ਥੋੜਾ ਸਮਾਂ ਦੇਣਾ ਚਾਹੀਦਾ ਹੈ, ਆਮ ਆਦਮੀ ਪਾਰਟੀ ਵਲੋਂ ਜੋ ਵੀ ਵਾਅਦੇ ਉਨਾਂ ਨਾਲ ਕੀਤੇ ਹਨ ਉਹ ਸਾਰੇ ਗੇ ਸਾਰੇ ਪੂਰੇ ਕੀਤੇ ਜਾਣਗੇ। ਉਨਾਂ ਇਹ ਵੀ ਕਿਹਾ ਕਿ ਇਕ ਮਹੀਨੇ ਵਿੱਚ ਜੋ ਜੋ ਫੈਸਲੇ ਲਏ ਵਿਧਾਇਕ 4-4 ,5-5 ਪੈਨਸ਼ਨਾਂ ਲੈ ਰਹੇ ਸਨ ਉਨ੍ਹਾਂ ਨੂੰ ਇਕ ਪੈਨਸਨ , ਭਿ੍ਸਟਾਚਾਰ ਨੂੰ ਰੋਕਣ ਲਈ ਹੈਲਪ ਲਾਈਨ ਨੰਬਰ ਜਾਰੀ ਕੀਤਾ, ਨਸ਼ਿਆ ਤੇ ਨੱਥ ਪਾਉਣ ਲਈ ਪ੍ਸ਼ਾਸ਼ਨ ਨੂੰ ਸਖਤ ਹਦਾਇਤਾਂ, ਵਾਡਰ ਸੀਲ ਕੀਤੇ, 2,27,000 ਤੋਂ ਵੱਧ ਲੋਕਾਂ ਨੂੰ ਜੋ ਮਰ ਚੁਕੇ ਸਨ ਨੂੰ ਪੈਨਸ਼ਨਾਂ ਜੋ ਪਹਿਲੀਆਂ ਸਰਕਾਰਾਂ ਵਲੋਂ ਦਿੱਤੀਆਂ ਜਾਂਦੀਆਂ ਸਨ ਨੂੰ ਰੋਕ ਕੇ 28 ਕਰੋੜ ਰੁਪਏ ਦੇ ਲਗਭਗ ਰਿਕਵਰੀ ਕੀਤੀ ਤੇ ਹੋਰ ਕਈ ਫੈਸਲੇ ਧੜਲੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਲਏ ਗਏ ਹਨ। ਇਸ ਮੌਕੇ ਬਲਜੀਤ ਸਿੰਘ ਬਲੀ, ਹੈਪੀ ਸਿੰਘ, ਆਲਮਜੀਤ ਸਿੰਘ, ਗੋਬਿੰਦਰ ਸਿੰਘ, ਡਾਕਟਰ ਕੁਲਦੀਪ ਸਿੰਘ ਗਿੱਲ,ਜਗਦੀਸ ਸਿੰਘ ਬੜੈਚ, ਐਡਵੋਕੇਟ ਗੁਰਲਾਲ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ,ਵਿਨੋਦ ਗਰਗ, ਬਲਜਿੰਦਰ ਪਲਟਾ, ਰਘੁਵੀਰ ਸਿੰਘ, ਦਿਲਬਾਗ ਸਿੰਘ, ਲਵਦੀਪ ਸ਼ਰਮਾ, ਅਚਲਾ ਸ਼ਰਮਾ, ਮਲਕੀਤ ਕੌਰ, ਰੀਸ਼ੂ ਬਾਂਸਲ, ਰਾਜਿੰਦਰ ਕੌਰ, ਗਾਇਤਰੀ, ਅਮਰਪਾਲ, ਰਾਮਪਾਲ ਅਤੇ ਅਨਿਲ ਮੌਜੂਦ ਸਨ।

ਆਜ਼ਾਦੀ ਦਾ ਅਮਿ੍ਰਤ ਮਹਾਉਤਸਵ ਤਹਿਤ ਸਿਹਤ ਮੇਲਾ ਕਰਵਾਇਆ

0

ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ:- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੀ.ਐਚ.ਸੀ ਭਗਤਾ ਵਿਖੇ ਬਲਾਕ ਪੱਧਰੀ ਆਜ਼ਾਦੀ ਦਾ ਅਮਿ੍ਰਤ ਮਹਾਉਤਸਵ ਸਿਹਤ ਮੇਲਾ ਕਰਵਾਇਆ ਗਿਆ। ਇਸ ਮੇਲੇ ਦਾ ਉਦਘਾਟਨ ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਆਪ ਪਾਰਟੀ ਦੇ ਸੀਨੀਅਰ ਆਗੂ ਨਛੱਤਰ ਸਿੰਘ ਸਿੱਧੂ ਵੱਲੋਂ ਸਾਝੇਂ ਤੌਰ ਤੇ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਹਾਜ਼ਰੀਨ ਲੋਕਾਂ ਨੂੰ ਦੱਸਿਆ ਕਿ ਮੇਲੇ ਦਾ ਮੁੱਖ ਮਕਸਦ ਵੱਧ ਤੋ ਵੱਧ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ।
ਇਸ ਮੌਕੇ ਆਪ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਛੱਤਰ ਸਿੰਘ ਸਿੱਧੂ ਨੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜਪਾਲ ਸਿੰਘ ਦੀ ਤਰੀਫ ਕਰਦਿਆਂ ਕਿਹਾ ਕਿ ਐਸ.ਐਮ.ਓ ਸਾਹਿਬ ਘੱਟ ਸਟਾਫ ਦੇ ਹੁੰਦੇ ਹੋਏ ਵੀ ਵਧੀਆਂ ਢੰਗ ਨਾਲ ਹਸਪਤਾਲ ਚਲਾ ਰਹੇ ਹਨ। ਉਨਾਂ ਇਹ ਵੀ ਭਰੋਸਾ ਦਿਵਾਇਆ ਕਿ ਹਸਪਤਾਲ ਵਿੱਚ ਖਾਲੀ ਅਸਾਮੀਆਂ ਨੂੰ ਜਲਦ ਹੀ ਸਿਹਤ ਮੰਤਰੀ ਨਾਲ ਮਿਲ ਕੇ ਭਰਵਾਈਆਂ ਜਾਣਗੀਆਂ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨਾਂ ਦੱਸਿਆ ਕਿ ਇਸ ਮੇਲੇ ਦੌਰਾਨ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਦਿੱਤੀਆ ਜਾ ਰਹੀਆਂ ਸਿਹਤ ਸਹੂਲਤਾਂ ਜਿਵੇਂ ਕਿ:- ਆਯੂਸਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ (ਪੰਜ ਲੱਖ ਵਾਲੇ) ਕਾਰਡ ਬਣਾਏ ਜਾ ਰਹੇ ਹਨ।
ਸਿਹਤ ਮੇਲੇ ਦੌਰਾਨ ਖੁੂਨ ਦਾਨ ਕੈਂਪ ਵੀ ਲਗਾਇਆ ਗਿਆ। ਇਸ ਤੋਂ ਇਲਾਵਾ ਮਰੀਜਾਂ ਦੀ ਸਰੀਰਕ ਜਾਂਚ ਕਰਕੇ ਲੌੜੀਦੇ ਟੈਸਟ ਕਰਵਾ ਕੇ ਦਵਾਈਆਂ ਵੀ ਮੁਫਤ ਦਿੱਤੀਆ ਗਈਆ।ਇਸ ਮੌਕੇ ਲੱਗਭੱਗ 400 ਮਰੀਜਾਂ ਦੀ ਸਰੀਰਕ ਜਾਂਚ ਕੀਤੀ ਗਈ ਅਤੇ ਹੈਲਥ ਕਾਰਡ ਅਤੇ ਆਯੂਸਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਬਣਾਏ ਗਏ।ਇਸ ਮੌਕੇ ਐਮ.ਡੀ ਡਾ. ਨਰਿੰਦਰ ਗਰੋਵਰ, ਡਾ.ਧੀਰਜ ਡੈਟਲ, ਡਾ. ਹਰਵਿੰਦਰ ਕੌਰ ਬਖਸੀ ਸਪੈਸਲਿਸਟ, ਬਲਾਕ ਐਜੂਕੇਟਰ ਮਲਵਿੰਦਰ ਸਿੰਘ, ਡਾ. ਹਰਪਾਲ ਸਿੰਘ, ਰਾਮਗੋਪਾਲ ਤੋਂ ਇਲਾਵਾ ਸਮੂਹ ਪੇਰਾ ਮੈਡੀਕਲ ਸਟਾਫ ਵੱਲੋਂ ਸਹਿਯੋਗ ਦਿੱਤਾ ਗਿਆ।

“ਮੇਰਾ ਘਰ ਮੇਰੇ ਨਾਮ” ਸਕੀਮ ਤਹਿਤ ਕੀਤੇ ਜਾ ਰਹੇ ਸਰਵੇ ਵਿੱਚ ਲਿਆਂਦੀ ਜਾਵੇ ਤੇਜੀ : ਡਿਪਟੀ ਕਮਿਸ਼ਨਰ

0

ਕਿਹਾ, 284 ਪਿੰਡਾਂ ਵਿੱਚ ਲੋੋੜਵੰਦਾਂ ਨੂੰ ਮਾਲਕੀ ਹੱਕ ਦੇਣ ਲਈ ਕੀਤੀ ਗਈ ਚੋਣ
107 ਪਿੰਡਾਂ ਵਿੱਚ ਕੀਤੀ ਜਾ ਚੁੱਕੀ ਹੈ ਨਿਸ਼ਾਨਦੇਹੀ
90 ਪਿੰਡਾਂ ਵਿੱਚ ਡਰੋਨ ਸਰਵੇ ਦਾ ਕੰਮ ਹੋ ਚੁੱਕਾ ਹੈ ਮੁਕੰਮਲ
53 ਪਿੰਡਾਂ ਵਿੱਚ ਸਰਵੇ ਦਾ ਕੰਮ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ “ਮੇਰਾ ਘਰ ਮੇਰੇ ਨਾਮ” ਸਕੀਮ ਤਹਿਤ ਜ਼ਿਲੇ ਅੰਦਰ 284 ਪਿੰਡਾਂ ਵਿੱਚ ਲੋੜਵੰਦਾਂ ਨੂੰ ਮਾਲਕੀ ਹੱਕ ਦੇਣ ਲਈ ਚੋਣ ਕੀਤੀ ਗਈ ਹੈ। ਇਸ ਤਹਿਤ ਜ਼ਿਲੇ ਅੰਦਰ ਹੁਣ ਤੱਕ 107 ਪਿੰਡਾਂ ਵਿੱਚ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 90 ਪਿੰਡਾਂ ਵਿੱਚ ਡਰੋਨ ਰਾਹੀਂ ਸਰਵੇ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ 53 ਪਿੰਡਾਂ ਵਿੱਚ ਡਰੋਨ ਸਰਵੇ ਦਾ ਕੰਮ ਚੱਲ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਉਨਾਂ ਸਬੰਧਿਤ ਅਧਿਕਾਰੀਆਂ ਨੂੰ ਇਸ ਸਕੀਮ ਤਹਿਤ ਕੀਤੇ ਜਾ ਰਹੇ ਸਰਵੇਖਣ ਵਿੱਚ ਹੋਰ ਤੇਜ਼ੀ ਲਿਆਉਣ ਦੇ ਵੀ ਆਦੇਸ਼ ਦਿੱਤੇ।
ਇਸ ਦੌਰਾਨ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਰਕਾਰ ਵੱਲੋਂ ਪਿੰਡਾਂ ਵਿੱਚ ਲਾਲ ਲਕੀਰ ਦੇ ਘੇਰੇ ਅੰਦਰ ਆਉਂਦੇ ਘਰਾਂ ਦੇ ਮਾਲਕਾਂ ਨੂੰ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਤਹਿਤ ਨਿਸ਼ਾਨਦੇਹੀ ਕਰਾਉਣ ਉਪਰੰਤ ਡਰੋਨ ਸਰਵੇ ਕਰਵਾਇਆ ਜਾਂਦਾ ਹੈ। ਇਸ ਤੋਂ ਬਾਅਦ ਬਣਨ ਵਾਲੇ ਨਕਸ਼ਿਆਂ ਦੇ ਆਧਾਰ ‘ਤੇ ਡੋਰ ਟੂ ਡੋਰ ਸਰਵੇਖਣ ਕਰਵਾਇਆ ਜਾਂਦਾ ਹੈ। ਉਨਾਂ ਇਹ ਵੀ ਦੱਸਿਆ ਕਿ ਇਸ ਉਪਰੰਤ 15 ਦਿਨਾਂ ਲਈ ਜਨਤਕ ਤੌਰ ‘ਤੇ ਇਤਰਾਜ਼ ਮੰਗੇ ਜਾਂਦੇ ਹਨ ਅਤੇ ਇਹ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਘਰਾਂ ਦੇ ਮਾਲਕਾਂ ਨੂੰ ਸਰਟੀਫਿਕੇਟ ਦੇ ਕੇ ਮਾਲਕਾਨਾ ਹੱਕ ਦਿੱਤੇ ਜਾਂਦੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲੇ ਦੇ ਸਮੂਹ ਪਿੰਡਾਂ ਵਿੱਚ ਇਸ ਸਕੀਮ ਨੂੰ ਲਾਗੂ ਕੀਤਾ ਜਾਵੇਗਾ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਕੋਈ ਸਬੰਧਿਤ ਅਧਿਕਾਰੀ ਮਾਲਕਾਨਾ ਹੱਕ ਮੁਹੱਈਆ ਕਰਵਾਉਣ ਸਬੰਧੀ ਪਿੰਡਾਂ ਵਿੱਚ ਵੱਖ-ਵੱਖ ਵੇਰਵੇ ਪ੍ਰਾਪਤ ਕਰਨ ਲਈ ਆਉਂਦਾ ਹੈ ਤਾਂ ਉਸ ਅਧਿਕਾਰੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਦੀ “ਮੇਰਾ ਘਰ ਮੇਰੇ ਨਾਮ” ਸਕੀਮ ਦਾ ਉਦੇਸ਼ ਪਿੰਡ ਵਾਸੀਆਂ ਨੂੰ ਲਾਲ ਲਕੀਰ ਅਧੀਨ ਆਉਂਦੇ ਘਰਾਂ ਦੇ ਮਾਲਕਾਨਾ ਹੱਕ ਦੇਣਾ ਹੈ ਅਤੇ ਇਸ ਸਬੰਧੀ ਦਿੱਤੇ ਗਏ ਸਰਟੀਫਿਕੇਟ ਦੇ ਆਧਾਰ ‘ਤੇ ਘਰਾਂ ਦੇ ਮਾਲਕ ਆਪਣੇ ਨਾਮ ‘ਤੇ ਰਜਿਸਟਰੀ ਅਤੇ ਬੈਂਕਾਂ ਨਾਲ ਸਬੰਧਿਤ ਹੋਰ ਕੰਮ-ਕਾਜ ਵੀ ਕਰਵਾ ਸਕਦੇ ਹਨ।
ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਅੰਦਰ ਨਵੇਂ ਬਣਨ ਵਾਲੇ ਕੌਮੀ ਮਹਾਂਮਾਰਗਾਂ ਲਈ ਐਕੁਆਇਰ ਕੀਤੀ ਗਈ ਜ਼ਮੀਨ ਦੇ ਮਸਲਿਆਂ ਅਤੇ ਰੇਲਵੇ ਪ੍ਰੋਜੈਕਟਾਂ ਸਬੰਧੀ ਵੀ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ। ਉਨਾਂ ਮੁਆਵਜ਼ੇ ਸਬੰਧੀ ਮਸਲਿਆਂ ਦਾ ਜਲਦੀ ਹੱਲ ਕਰਨ ਦੇ ਵੀ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸਿੰਘ ਬਾਜਵਾ, ਉਪ-ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ਼੍ਰੀ ਆਕਾਸ਼ ਬਾਂਸਲ, ਉਪ-ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀ ਕੰਵਲਜੀਤ ਸਿੰਘ, ਉਪ-ਮੰਡਲ ਮੈਜਿਸਟ੍ਰੇਟ ਮੌੜ ਸ਼੍ਰੀਮਤੀ ਵੀਰਪਾਲ ਕੌਰ, ਜ਼ਿਲਾ ਮਾਲ ਅਫ਼ਸਰ ਸ਼੍ਰੀਮਤੀ ਸਰੋਜ ਰਾਣੀ ਤੋਂ ਇਲਾਵਾ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਆਦਿ ਹਾਜ਼ਰ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸਿੰਘ ਬਾਜਵਾ, ਉਪ-ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ਼੍ਰੀ ਆਕਾਸ਼ ਬਾਂਸਲ, ਉਪ-ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀ ਕੰਵਲਜੀਤ ਸਿੰਘ, ਉਪ-ਮੰਡਲ ਮੈਜਿਸਟ੍ਰੇਟ ਮੌੜ ਸ਼੍ਰੀਮਤੀ ਵੀਰਪਾਲ ਕੌਰ, ਜ਼ਿਲਾ ਮਾਲ ਅਫ਼ਸਰ ਸ਼੍ਰੀਮਤੀ ਸਰੋਜ ਰਾਣੀ ਤੋਂ ਇਲਾਵਾ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਆਦਿ ਹਾਜ਼ਰ ਸਨ।

Our Visitor

1900467