Monday, May 11, 2026
Home Blog Page 2538

ਦਮਦਮਾ ਸਾਹਿਬ ਦੇ ਵਿਸਾਖੀ ਮੇਲੇ ‘ਤੇ ਸਿੱਖਿਆ ਵਿਭਾਗ ਪੰਜਾਬ ਦੀ ਦਾਖਲਾ ਮੁਹਿੰਮ ਦਾ ਐਮ.ਐਲ.ਏ. ਮਾ ਜਗਸੀਰ ਸਿੰਘ ਅਤੇ ਐਮ.ਐਲ.ਏ. ਪ੍ਰੋ ਬਲਜਿੰਦਰ ਕੌਰ ਵੱਲੋਂ ਪੋਸਟਰ ਜਾਰੀ

0

ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਡਾ ਕੁਲਵੰਤ ਧਾਲੀਵਾਲ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਦਿੱਤਾ ਸੱਦਾ
ਮੇਲੇ ਦੀਆਂ ਰੌਣਕਾਂ ਦੇ ਬਾਵਜੂਦ ਮਾਪਿਆਂ ਨੇ ਨਵੇਂ ਦਾਖਲਿਆਂ ਲਈ ਬੱਚਿਆਂ ਦੇ ਨਾਮ ਦਰਜ਼ ਕਰਵਾਏ ।
ਸੁਖਜਿੰਦਰ ਮਾਨ
ਬਠਿੰਡਾ, 13 ਅਪਰੈਲ: ਸਿੱਖਿਆ ਵਿਭਾਗ ਪੰਜਾਬ ਦੀ ਦਾਖਲਾ ਮੁਹਿੰਮ ਹੁਣ ਮੇਲਿਆਂ ‘ਤੇ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣਨ ਲੱਗੀ ਹੈ। ਮੇਲੇ ਦੀਆਂ ਭਾਰੀ ਰੌਣਕਾਂ ਦੇ ਬਾਵਜੂਦ ਮਾਪੇ ਬੱਚਿਆਂ ਦੇ ਭਵਿੱਖ ਲਈ ਫਿਕਰਮੰਦ ਦਿਸੇ ਅਤੇ ਮੌਕੇ ‘ਤੇ ਅਨੇਕਾਂ ਮਾਪਿਆਂ ਨੇ ਆਪਣੇ ਬੱਚਿਆਂ ਦੇ ਨਾਮ ਸਰਕਾਰੀ ਸਕੂਲਾਂ ਵਿੱਚ ਦਰਜ਼ ਕਰਵਾਏ। ਵਿਸਾਖੀ ਮੇਲੇ ਮੌਕੇ ਦਮਦਮਾ ਸਾਹਿਬ ਵਿਖੇ ਜ਼ਿਲ੍ਹਾ ਸਿੱਖਿਆ ਵਿਭਾਗ ਬਠਿੰਡਾ ਦੀ ਰਹਿਨੁਮਾਈ ਹੇਠ ਥਾਂ ਥਾਂ ਨੁੱਕੜ ਨਾਟਕ, ਸਮਾਰਟ ਸਕੂਲਾਂ ਦੀਆਂ ਵੀਡੀਓਜ਼ ਵੱਡੀਆਂ ਸਕਰੀਨਾਂ ਤੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ ਅਤੇ ਅਧਿਆਪਕਾਂ ਵੱਲ੍ਹੋਂ ਮੇਲੇ ਦੌਰਾਨ ਵੱਡੀ ਪੱਧਰ ‘ਤੇ ਪੈਫਲਿਟ ਵੰਡੇ ਗਏ। ਲੋਕਾਂ ਵੱਲ੍ਹੋਂ ਵੀ ਹੁਣ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦੀ ਹਾਮੀ ਭਰੀ ਗਈ।
ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੇਵਾ ਸਿੰਘ ਸਿੱਧੂ ਨੇ ਨੁਕੜ ਨਾਟਕਾਂ ਦੇ ਵੱਡੇ ਇਕੱਠਾਂ ਦੌਰਾਨ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਹੁਣ ਸਰਕਾਰੀ ਸਕੂਲਾਂ ਦੇ ਹਾਣ ਦਾ ਕੋਈ ਪ੍ਰਾਈਵੇਟ ਸਕੂਲ ਨਹੀਂ ਹੈ, ਸਮਾਰਟ ਸਿੱਖਿਆ ਨੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਇਆ ਹੈ, ਸਕੂਲਾਂ ਦੀ ਚਮਕ ਦਮਕ ਹੀ ਨਹੀਂ, ਸਗੋਂ ਪੜ੍ਹਾਈ ਦੇ ਮਿਆਰ ਨੇ ਮਾਪਿਆਂ ਦਾ ਭਰੋਸਾ ਜਿੱਤਿਆ ਹੈ। ਸ਼ਾਨਦਾਰ ਬਿਲਡਿੰਗਾਂ, ਪੰਜਾਬੀ ਇੰਗਲਿਸ਼ ਮੀਡੀਅਮ, ਸਮਾਰਟ ਪ੍ਰੋਜੈਕਟਰਾਂ, ਈ-ਕੰਟੈਂਟ ਰਾਹੀ ਪੜ੍ਹਾਈ, ਹਰ ਤਰ੍ਹਾਂ ਦੀਆਂ ਆਧੁਨਿਕ ਲੈਬ, ਲਾਇਬਰੇਰੀਆਂ, ਵਿਸ਼ਾਵਾਰ ਪਾਰਕਾਂ,ਆਧੁਨਿਕ ਖੇਡ ਗਰਾਊਂਡਾਂ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ।
ਸ਼ਿਵ ਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ, ਭੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਇਕਬਾਲ ਸਿੰਘ ਬੁੱਟਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਸੁਖਪਾਲ ਸਿੰਘ ਸਿੱਧੂ ਅਤੇ ਬਲਵੀਰ ਸਿੰਘ ਕਮਾਂਡੋ ਨੇ ਦੱਸਿਆ ਕਿ ਦਮਦਮਾ ਸਾਹਿਬ ਵਿਖੇ ਲੱਗੇ ਮੇਲੇ ਦੌਰਾਨ ਸਿੱਖਿਆ ਵਿਭਾਗ ਦੀ ਦਾਖਲਾ ਮੁਹਿੰਮ ਨੇ ਪੂਰੇ ਮਾਲਵਾ ਪੱਟੀ ਚ ਸਰਕਾਰੀ ਸਕੂਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਵੱਡੀ ਲਹਿਰ ਨੂੰ ਜਨਮ ਦਿੱਤਾ। ਇਸ ਵਿੱਦਿਅਕ ਸਟਾਲ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਨਿਰਭੈ ਸਿੰਘ ਭੁੱਲਰ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰਣਜੀਤ ਸਿੰਘ ਮਾਨ, ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਬਠਿੰਡਾ, ਬੀਪੀਈਓ ਭਾਲਾ ਰਾਮ, ਬੀਪੀਈਓ ਲਖਵਿੰਦਰ ਸਿੰਘ, ਸੀ.ਐਚ.ਟੀ. ਗੁਰਦੀਪ ਸਿੰਘ, ਸੀ.ਐਚ.ਟੀ. ਗੁਰਜਿੰਦਰ ਸ਼ਰਮਾ, ਸੀ.ਐਚ.ਟੀ. ਬੂਟਾ ਸਿੰਘ ਐਚ.ਟੀ. ਜਸਵਿੰਦਰ ਸਿੰਘ ਬੌਕਸਰ, ਐਚ.ਟੀ. ਸੁਰੇਸ਼ ਕੁਮਾਰ, ਐਚ ਟੀ ਪਰਮਜੀਤ ਕੌਰ, ਐਚ ਟੀ ਕਿਰਨਾ ਰਾਣੀ, ਗੁਰਵਿੰਦਰ ਸਿੰਘ ਸਿੱਧੂ, ਜਗਸੀਰ ਸਿੰਘ ਢੱਡੇ, ਰਾਜਪ੍ਰੀਤ ਸਿੰਘ ਸਿੱਧੂ, ਜਸਕਰਨ ਸਿੰਘ ਤਲਵੰਡੀ ਸਾਬੋ, ਬੀ.ਐਮ.ਟੀ. ਨਵਨੀਤ ਸਿੰਘ, ਬੀ.ਐਮ.ਟੀ. ਮਨਿੰਦਰ ਜੱਸਲ, ਬੀ.ਐਮ.ਟੀ. ਪ੍ਰਦੀਪ ਕੁਮਾਰ, ਹਰਸ਼ਰਨ ਸਿੰਘ, ਲਖਵੀਰ ਸਿੰਘ, ਹਰਪਾਲ ਸਿੰਘ, ਗੁਰਨੈਬ ਸਿੰਘ, ਗੁਰ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਸੁਖਪਾਲ ਸਿੰਘ ਸਿੱਧੂ ਦਾ ਗੀਤ ” ਚਲੋ ਚਲੋ ਸਰਕਾਰੀ ਸਕੂਲ” ਮੇਲੇ ਦੌਰਾਨ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ।

ਹੁਣ ਆਰ.ਡੀ.ਐਫ਼ ਦਾ ਪੈਸਾ ਪਿੰਡਾਂ ਅਤੇ ਮੰਡੀਆਂ ਦੇ ਵਿਕਾਸ ਵਿੱਚ ਲੱਗੇਗਾ : ਮਾਲਵਿੰਦਰ ਸਿੰਘ ਕੰਗ

0

ਕਾਂਗਰਸ ਅਤੇ ਅਕਾਲੀ ਸਰਕਾਰਾਂ ਆਰ.ਡੀ.ਐਫ਼ ਦੇ ਪੈਸੇ ਨਾਲ ਰਾਜਨੀਤਿਕ ਹਿੱਤ ਪੂਰਦੀਆਂ ਸਨ: ਨੀਲ ਗਰਗ
ਆਰ.ਡੀ.ਐਫ਼ ਦਾ ਬਾਦਲ ਤੇ ਕੈਪਟਨ ਨੇ ਕੀਤਾ ਦੁਰਉਪਯੋਗ, ਬਾਦਲ ਨੇ ਸੰਗਤ ਦਰਸ਼ਨ ’ਚ ਵਰਤਿਆ ਅਤੇ ਕੈਪਟਨ ਨੇ ਮੰਡੀ ਬੋਰਡ ਦਾ ਕਰਜਾ ਲਾਹਿਆ: ਸੰਨੀ ਆਹਲੂਵਾਲੀਆ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਅਪ੍ਰੈਲ: ਪੰਜਾਬ ਦੇ ਪਿੰਡਾਂ ਅਤੇ ਮੰਡੀਆਂ ਦੇ ਵਿਕਾਸ ਲਈ ਕੇਂਦਰ ਸਰਕਾਰ ਤੋਂ ਮਿਲਣ ਵਾਲੇ ਵਿਸ਼ੇਸ਼ ਫੰਡ ਰੂਰਲ ਡਿਵੈਲਪਮੈਂਟ ਫ਼ੰਡ (ਆਰ.ਡੀ.ਐਫ਼) ਦਾ ਸਹੀ ਤਰੀਕੇ ਨਾਲ ਉਪਯੋਗ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਰ.ਡੀ. ਐਕਟ, 1987 ਵਿੱਚ ਸੋਧ ਕਰਨ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਵਾਗਤ ਕੀਤਾ ਹੈ ਅਤੇ ਇਸ ਫ਼ੈਸਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ ਹੈ। ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ’ਚ ‘ਆਪ’ ਦੇ ਸੀਨੀਅਰ ਆਗੂਆਂ ਮਾਲਵਿੰਦਰ ਸਿੰਘ ਕੰਗ, ਨੀਲ ਗਰਗ ਅਤੇ ਡਾ. ਸੰਨੀ ਆਹਲੂਵਾਲੀਆ ਨੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਆਰ.ਡੀ.ਐਫ਼ ਦਾ ਪੈਸਾ ਪੰਜਾਬ ਦੇ ਪਿੰਡਾਂ ਅਤੇ ਮੰਡੀਆਂ ਦੇ ਵਿਕਾਸ ਵਿੱਚ ਲੱਗੇਗਾ। ਇਸ ਫੰਡ ਦਾ ਸਹੀ ਉਪਯੋਗ ਹੋਣ ਨਾਲ ਪੇਂਡੂ ਖੇਤਰ ਦੇ ਲੋਕਾਂ ਅਤੇ ਖਾਸਕਰ ਕਿਸਾਨਾਂ ਨੂੰ ਕਾਫ਼ੀ ਲਾਭ ਪਹੁੰਚੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਫੰਡ ਦਾ ਦੁਰਉਪਯੋਗ ਕੀਤਾ ਸੀ, ਜਿਸ ਕਾਰਨ ਕੇਂਦਰ ਸਰਕਾਰ ਨੇ ਪਿਛਲੇ ਸਾਲ ਇਹ ਫੰਡ ਰੋਕ ਦਿੱਤਾ ਸੀ। ‘ਆਪ’ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ’ਤੇ ਆਰ.ਡੀ.ਐਫ਼ ਦੀ ਗਲਤ ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀਆਂ ਮੰਡੀਆਂ ਅਤੇ ਪਿੰਡਾਂ ਦੇ ਢਾਂਚਾਗਤ ਵਿਕਾਸ ਲਈ ਇਹ ਫੰਡ ਪੰਜਾਬ ਸਰਕਾਰ ਨੂੰ ਹਰ ਸਾਲ ਦਿੰਦੀ ਸੀ, ਪਰ ਪਿਛਲੀਆਂ ਦੋਵੇਂ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਇਸ ਫੰਡ ਨੂੰ ਪਿੰਡਾਂ ਦੇ ਵਿਕਾਸ ਦੀ ਥਾਂ ਦੂਜੇ ਕੰਮਾਂ ਲਈ ਵਰਤਿਆ ਗਿਆ ਸੀ। ਬਾਦਲ ਸਰਕਾਰ ਇਸ ਫੰਡ ਨੂੰ ਸੰਗਤ ਦਰਸ਼ਨ ਸਮਾਗਮਾਂ ਵਿੱਚ ਲਾਉਂਦੀ ਸੀ। ਉਥੇ ਹੀ ਕੈਪਟਨ ਸਰਕਾਰ ਨੇ ਇਸ ਪੈਸੇ ਨਾਲ ਪੰਜਾਬ ਮੰਡੀ ਬੋਰਡ ਦਾ ਕਰਜ ਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਹ ਪੱਕਾ ਕਰ ਦਿੱਤਾ ਕਿ ਆਰ.ਡੀ.ਐਫ਼ ਦੀ ਵਰਤੋਂ ਪੰਜਾਬ ਦੇ ਪਿੰਡਾਂ ਅਤੇ ਮੰਡੀਆਂ ਦੇ ਵਿਕਾਸ ਲਈ ਹੀ ਕੀਤੀ ਜਾਵੇਗੀ। ਇਸ ਲਈ ਮਾਨ ਸਰਕਾਰ ਦਾ ਇਹ ਫ਼ੈਸਲਾ ਸਵਾਗਤਯੋਗ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ਫ਼ੈਸਲੇ ਨਾਲ ਪੇਂਡੂ ਖੇਤਰਾਂ ’ਚ ਸਕਾਰਾਤਮਕ ਅਸਰ ਦਿਖਾਈ ਦੇਵੇਗਾ।
ਬਾਕਸ———–
ਕਣਕ ਦੇ ਇੱਕ- ਇੱਕ ਦਾਣੇ ਦੀ ਖਰੀਦ ਪੱਕੀ ਕਰੇਗੀ ਮਾਨ ਸਰਕਾਰ: ਮਾਲਵਿੰਦਰ ਸਿੰਘ ਕੰਗ
ਚੰਡੀਗੜ੍ਹ: ਪੰਜਾਬ ’ਚ ਕਣਕ ਦੇ ਦਾਣੇ ਪਤਲੇ ਹੋਣ ਕਾਰਨ ਖਰੀਦ ਵਿੱਚ ਆ ਰਹੀਆਂ ਦਿੱਕਤਾਂ ਬਾਰੇ ‘ਆਪ’ ਆਗੂ ਮਾਲਵਿੰਦਰ ਸਿੰਘ ਕੰਗ ਨੇ ਕਿਸਾਨਾਂ ਨੂੰ ਯਕੀਨ ਦਵਾਇਆ ਕਿ ਮਾਨ ਸਰਕਾਰ ਕਣਕ ਦੇ ਇੱਕ- ਇੱਕ ਦਾਣੇ ਦੀ ਖਰੀਦ ਪੱਕੀ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਤੋਂ ਬਾਅਦ ਕੇਂਦਰ ਵੱਲੋਂ ਪੰਜ ਟੀਮਾਂ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਸਮੀਖਿਆ ਕਰਨ ਲਈ ਭੇਜੀਆਂ ਗਈਆਂ ਹਨ ਅਤੇ ਇਹ ਟੀਮਾਂ ਪੰਜਾਬ ਦੇ 15 ਜ਼ਿਲਿ੍ਹਆਂ ਦੀਆਂ ਮੰਡੀਆਂ ਦਾ ਦੌਰਾ ਕਰ ਰਹੀਆਂ ਹਨ। ਪੰਜਾਬ ਦੇ ਕਿਸਾਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ਡਾ. ਊਸ਼ਾ ਸ਼ਰਮਾ ਨੇ 7ਵੀਂ ਵਾਰ ਬੈਸਟ ਐਨ. ਐਸ. ਐਸ.ਪ੍ਰੋਗਰਾਮ ਅਫ਼ਸਰ ਐਵਾਰਡ ਪ੍ਰਾਪਤ ਕੀਤਾ।

0

ਸੁਖਜਿੰਦਰ ਮਾਨ
ਬਠਿੰਡਾ, 13 ਅਪਰੈਲ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਐਨ. ਐਸ.ਐਸ. ਪ੍ਰੋਗਰਾਮ ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਦੀ ਯੋਗ ਅਗਵਾਈ ਹੇਠ 7ਵੀਂ ਯੂਥ ਕੰਨਵੈਨਸ਼ਨ ਕਰਵਾਈ ਗਈ ਜਿਸ ਦਾ ਥੀਮ Eco System Restoration : A Youth Call for Action ਸੀ । ਇਸ ਸਮਾਗਮ ਦੇ ਮੁੱਖ ਬੁਲਾਰੇ ਸ਼੍ਰੀ ਰਜਿੰਦਰਾ ਸਿੰਘ (ਵਾਟਰਮੈਨ ਆਫ ਇੰਡੀਆ Magsaysay Awardee) ਰਹੇ ਜਿੰਨ੍ਹਾਂ ਨੇ ਬੰਜਰ ਜਮੀਨ ਨੂੰ ਉਪਜਾਊ ਬਣਾਉਣ ਲਈ ਪਾਣੀ ਦੀ ਬੱਚਤ ਕਰਨ ਅਤੇ ਕੁਦਰਤੀ ਸਾਧਨਾ ਜਿਵੇਂ ਕਿ ਦਰੱਖਤ ਲਗਾਉਣ ਦੀ ਮਿਕਦਾਰ ਨੂੰ ਵਧਾਉਣ ਲਈ ਕਿਹਾ ਤਾਂ ਕਿ ਮਨੁੱਖ ਲਈ ਕੁਦਰਤ ਵਰਦਾਨ ਸਾਬਤ ਹੋ ਸਕੇ । ਇਸ ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਜੀ ਨੇ ਕੀਤੀ ਅਤੇ ਮੁੱਖ ਮਹਿਮਾਨ ਸ਼੍ਰੀਮਤੀ ਹਰਿੰਦਰ ਕੌਰ ਰਿਜ਼ਨਲ ਡਾਇਰੈਕਟਰੇਟ ਆਫ ਐਨ.ਐਸ.ਐਸ. ਰਹੇ। ਇਸ ਕਨਵੈਨਸ਼ਨ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਧੀਨ ਆਉਂਦੇ 222 ਕਾਲਜਾਂ ਵਿਚ 382 ਯੂਨਿਟਾਂ ਦੇ ਪ੍ਰੋਗਰਾਮ ਅਫਸਰਾਂ ਅਤੇ ਐਨ. ਐਸ.ਐਸ. ਵਲੰਟੀਅਰਾਂ ਨੇ ਭਾਗ ਲਿਆ। 382 ਯੁਨਿਟਾਂ ਦੇ ਪ੍ਰੋਗਰਾਮ ਅਫਸਰਾਂ ਵਿਚੋਂ ਪੰਜ ਨੂੰ ਬੈਸਟ ਪ੍ਰੋਗਰਾਮ ਅਫਸਰ ਐਵਾਰਡ ਮਿਲੇ ਜਿੰਨ੍ਹਾਂ ਵਿਚ ਐਸ.ਐਸ.ਡੀ ਗਰਲਜ਼ ਕਾਲਜ ਦੇ ਡਾ. ਊਸ਼ਾ ਸ਼ਰਮਾ ਨੂੰ ਵੀ 7ਵੀਂ ਵਾਰ ਬੈਸਟ ਪ੍ਰੋਗਰਾਮ ਅਫਸਰ ਐਵਾਰਡ ਮਿਲਿਆ । ਜਿੰਨ੍ਹਾਂ ਨੂੰ 2021 ਵਿਚ ਬੈਸਟ ਅਧਿਆਪਕ ਐਵਾਰਡ ਵੀ ਮਿਲ ਚੁੱਕਾ ਹੈ। ਇਸ ਮੌਕੇ ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੈ ਗੋਇਲ, ਸੀਨੀਅਰ ਉਪ ਪ੍ਰਧਾਨ ਪ੍ਰਮੋਦ ਮਹੇਸ਼ਵਰੀ, ਜਨਰਲ ਸਕੱਤਰ ਸ਼੍ਰੀ ਚੰਦਰ ਸ਼ੇਖਰ ਮਿੱਤਲ ਜੀ, ਕਾਲਜ ਦੇ ਪ੍ਰਿੰਸੀਪਲ ਡਾ. ਸਵਿਤਾ ਭਾਟੀਆ ਅਤੇ ਵਿਟ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਧਾਈ ਦਿੱਤੀ ਅਤੇ ਸਮੁੱਚੇ ਸਟਾਫ਼ ਵੱਲੋਂ ਵੀ ਵਧਾਈ ਦਿੱਤੀ ਗਈ ।

ਡੀ.ਏ.ਵੀ. ਕਾਲਜ ਵਿਖੇ ਬਾਸਕਟਬਾਲ ਕੋਰਟ ਦਾ ਉਦਘਾਟਨ

0

ਸੁਖਜਿੰਦਰ ਮਾਨ
ਬਠਿੰਡਾ, 13 ਅਪਰੈਲ:ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਬਾਸਕਟਬਾਲ ਕੋਰਟ ਦਾ ਉਦਘਾਟਨ ਹੋਣਾ ਬਹੁਤ ਹੀ ਖੁਸ਼ੀ ਦਾ ਮੌਕਾ ਸੀ। ਕਾਲਜ ਨੇ ਇਸ ਸ਼ੁਭ ਮੌਕੇ ‘ਤੇ ਪ੍ਰਿੰਸੀਪਲ ਐਚ.ਆਰ. ਗੰਧਾਰ (ਵਾਈਸ ਪ੍ਰੈਜ਼ੀਡੈਂਟ, ਡੀ.ਏ.ਵੀ. ਕਾਲਜ ਪ੍ਰਬੰਧਕੀ ਕਮੇਟੀ) ਦਾ ਨਿੱਘਾ ਸੁਆਗਤ ਕਰਕੇ ਮਾਣ ਮਹਿਸੂਸ ਕੀਤਾ। ਇਸ ਮੌਕੇ ਹਾਜ਼ਰ ਹੋਰ ਪਤਵੰਤਿਆਂ ਵਿੱਚ ਡਾ. ਕੇ.ਕੇ. ਨੌਹਰੀਆ (ਸੀਨੀਅਰ ਮੈਂਬਰ, ਲੋਕਲ ਕਮੇਟੀ), ਸ੍ਰੀਮਤੀ ਡਾ. ਵਿਮਲ ਗਰਗ (ਮੈਂਬਰ, ਲੋਕਲ ਕਮੇਟੀ), ਚੌਧਰੀ ਪ੍ਰਤਾਪ ਸਿੰਘ (ਮੈਂਬਰ, ਲੋਕਲ ਕਮੇਟੀ) ਅਤੇ ਸ਼੍ਰੀਮਤੀ ਮਨਿੰਦਰਜੀਤ ਕੌਰ (ਕਾਰਜਕਾਰੀ ਪ੍ਰਿੰਸੀਪਲ, ਐਮ.ਐਮ.ਡੀ.ਏ.ਵੀ. ਕਾਲਜ, ਗਿੱਦੜਬਾਹਾ) ਦਾ ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਅਤੇ ਪ੍ਰੋ. ਕੁਲਦੀਪ ਸਿੰਘ (ਮੁਖੀ, ਸਰੀਰਕ ਸਿੱਖਿਆ ਵਿਭਾਗ) ਨੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ।ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਬਾਸਕਟਬਾਲ ਕੋਰਟ ਦੇ ਨਿਰਮਾਣ ਨਾਲ ਨੌਜਵਾਨਾਂ ਨੂੰ ਇਸ ਖੇਡ ਨੂੰ ਗੰਭੀਰਤਾ ਨਾਲ ਅਪਣਾਉਣ ਵਿੱਚ ਮਦਦ ਮਿਲੇਗੀ ਅਤੇ ਉਨ੍ਹਾਂ ਨੂੰ ਸਿਹਤਮੰਦ ਰਹਿਣ ਦੇ ਗੁਰ ਸਿਖਾਏ ਜਾਣਗੇ। ਉਨ੍ਹਾਂ ਨੇ ਆਏ ਹੋਏ ਮੁੱਖ ਡਾ. ਐਚ.ਆਰ. ਗੰਧਾਰ ਦਾ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ‘ਤੇ ਅਤੇ ਉਨ੍ਹਾਂ ਦੁਆਰਾ ਸਾਰੇ ਖੇਤਰਾਂ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ, ਭਾਵੇਂ ਇਹ ਅਕਾਦਮਿਕ, ਖੇਡਾਂ ਅਤੇ ਹੋਰ ਗਤੀਵਿਧੀਆਂ ਕਿਉਂ ਨਾ ਹੋਣ , ਲਈ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਮਾਣਯੋਗ ਮਹਿਮਾਨਾਂ ਦੀ ਮੌਜੂਦਗੀ ਬਿਨਾਂ ਸ਼ੱਕ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ.ਕੁਲਦੀਪ ਸਿੰਘ ਅਤੇ ਵਿਭਾਗ ਦੇ ਹੋਰ ਮੈਂਬਰਾਂ ਪ੍ਰੋ. ਨਿਰਮਲ ਸਿੰਘ, ਪ੍ਰੋ. ਰਜ਼ੀਆ ਅਤੇ ਕੋਚ ਪ੍ਰੋ. ਮਦਨ ਲਾਲ ਦਾ ਵਿਦਿਆਰਥੀਆਂ ਨੂੰ ਵਧੀਆ ਖੇਡਾਂ ਪ੍ਰਦਾਨ ਕਰਨ ਲਈ ਕੀਤੇ ਅਣਥੱਕ ਯਤਨਾਂ ਲਈ ਧੰਨਵਾਦ ਵੀ ਕੀਤਾ। ਡਾ. ਐਚ.ਆਰ.ਗੰਧਾਰ ਨੇ ਕਿਹਾ ਕਿ ਨਵੇਂ ਬਣੇ ਕੋਰਟ ਰਾਹੀਂ ਬਹੁਤ ਸਾਰੇ ਪ੍ਰਤਿਭਾਸ਼ਾਲੀ , ਅਨੁਸ਼ਾਸਿਤ ਨੌਜਵਾਨ ਅਤੇ ਬਾਸਕਟਬਾਲ ਖਿਡਾਰੀ ਸਾਹਮਣੇ ਆਉਣਗੇ। ਉਨ੍ਹਾਂ ਨੇ ਕੈਂਪਸ ਵਿੱਚ ਖੇਡਾਂ ਦੀਆਂ ਸਹੂਲਤਾਂ ਜਿਵੇਂ ਕਿ 400 ਮੀਟਰ ਰਨਿੰਗ ਟਰੈਕ, ਕ੍ਰਿਕਟ ਅਕੈਡਮੀ, ਕਬੱਡੀ ਕੋਚਿੰਗ ਆਦਿ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਸਿਖਲਾਈ ਦੇਣ ‘ਤੇ ਬਹੁਤ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਕਾਲਜ ਪ੍ਰਬੰਧਨ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਕਿ ਉਹ ਵਿਦਿਆਰਥੀਆਂ ਨੂੰਆਪਣੀ ਪੂਰੀ ਸਮਰੱਥਾ ਨਾਲ ਜੀਣ ਅਤੇ ਉਤਸ਼ਾਹਿਤ ਕਰਨ ਦੀ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਹਨ।ਇਸ ਮੌਕੇ ਡਾ. ਸਤੀਸ਼ ਗਰੋਵਰ (ਮੁਖੀ ਅੰਗਰੇਜ਼ੀ ਵਿਭਾਗ), ਪ੍ਰੋ. ਰਵਿੰਦਰ ਸਿੰਘ( ਮੁਖੀ ਪੰਜਾਬੀ ਵਿਭਾਗ), ਡਾ. ਗੁਰਪ੍ਰੀਤ ਸਿੰਘ (ਮੁਖੀ ਫਿਜ਼ਿਕਸ ਵਿਭਾਗ), ਡਾ. ਵੰਦਨਾ ਜਿੰਦਲ, (ਮੁਖੀ ਕੰਪਿਊਟਰ ਸਾਇੰਸ ਵਿਭਾਗ), ਪ੍ਰੋ. ਵਿਕਾਸ ਕਾਟੀਆ, ਡਾ. ਕੁਸਮ ਗੁਪਤਾ, ਪ੍ਰੋ .ਮੀਤੂ ਐਸ. ਵਧਵਾ (ਮੁਖੀ ਕੈਮਿਸਟਰੀ ਵਿਭਾਗ), ਡਾ. ਪਰਵੀਨ ਬਾਲਾ, ਪ੍ਰੋ.ਅਮਨ ਮਲਹੋਤਰਾ, ਪ੍ਰੋ. ਅਤੁਲ ਸਿੰਗਲਾ (ਮੁਖੀ ਗਣਿਤ ਵਿਭਾਗ), ਡਾ. ਸੁਰਿੰਦਰ ਕੁਮਾਰ ਸਿੰਗਲਾ (ਮੁਖੀ ਅਰਥ ਸ਼ਾਸਤਰ ਵਿਭਾਗ), ਡਾ. ਕ੍ਰਿਤੀ ਗੁਪਤਾ (ਮੁਖੀ ਬਾਟਨੀ ਵਿਭਾਗ), ਡਾ. ਅਮਰ ਸੰਤੋਸ਼ ਸਿੰਘ (ਮੁਖੀ ਜ਼ੂਆਲੋਜੀ ਵਿਭਾਗ), ਪ੍ਰੋ. ਪਵਨਪ੍ਰੀਤ ਸਿੰਘ (ਮੁਖੀ ਪੋਲਿਟੀਕਲ ਸਾਇੰਸ ਵਿਭਾਗ), ਡਾ. ਮੋਨਿਕਾ ਘੁੱਲਾ (ਮੁਖੀ ਹਿੰਦੀ ਵਿਭਾਗ), ਪ੍ਰੋ. ਲਖਵੀਰ ਸਿੰਘ (ਮੁਖੀ ਸੰਗੀਤ ਵਿਭਾਗ) ਅਤੇ ਪ੍ਰੋ. ਦੀਪਸ਼ਿਖਾ (ਮੁਖੀ ਸਮਾਜ ਸ਼ਾਸਤਰ ਵਿਭਾਗ) ਹਾਜ਼ਰ ਰਹੇ।

ਵਿਦਿਆਰਥੀਆਂ ਨੂੰ ਹੁਣ ਤੱਕ ਕਿਤਾਬਾਂ ਮੁਹੱਈਆ ਨਹੀਂ ਕਰਵਾ ਸਕੀ ਆਪ ਸਰਕਾਰ :  ਡੀ ਟੀ ਐੱਫ

0
ਸੁਖਜਿੰਦਰ ਮਾਨ
ਬਠਿੰਡਾ, 12 ਅਪਰੈਲ: ਮੌਜੂਦਾ ਸਰਕਾਰ  ਸਿੱਖਿਆ ਅਤੇ ਸਿਹਤ ਦੇ ਏਜੰਡੇ ਨੂੰ ਲੈ ਕੇ ਹੋਂਦ ਵਿੱਚ ਆਈ ਸੀ ਪਰੰਤੂ ਅਪਰੈਲ ਮਹੀਨੇ ਦਾ ਲਗਪਗ ਅੱਧ ਬੀਤ ਜਾਣ ‘ਤੇ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਪੰਜਾਬ ਸਰਕਾਰ ਕਿਤਾਬਾਂ ਮੁਹੱਈਆ ਨਹੀਂ ਕਰਵਾ ਸਕਿਆ।ਸਮੇਂ ਸਿਰ ਵਿਦਿਆਰਥੀਆਂ ਨੂੰ ਕਿਤਾਬਾਂ ਨਾ ਮਿਲਣ ਕਾਰਨ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖ਼ਲੇ ਪ੍ਰਭਾਵਿਤ ਹੋ ਰਹੇ ਹਨ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ ਤੇ ਸਕੱਤਰ ਸਰਵਣ ਸਿੰਘ ਔਜਲਾ ਨੇ ਕੀਤੀ ।ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਸੂਬਾ ਕਮੇਟੀ ਮੈਂਬਰ ਨਵ ਚਰਨਪਰੀਤ ਨੇ  ਕਿਹਾ ਕਿ ਚੋਣਾਂ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਹੱਥੋਂ ਟੀਕੇ ਖੋਹ ਕੇ ਟਿਫਨ ਫੜਾਉਣ ਦਾ ਵਾਇਦਾ ਕੀਤਾ ਸੀ ।ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਰਕਾਰ ਸਕੂਲੀ ਸਿੱਖਿਆ ਨੂੰ ਮਜ਼ਬੂਤ ਕਰੇ।ਇਸ ਲਈ ਸਰਕਾਰ  ਨਵੇਂ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਕੂਲਾਂ ਵਿੱਚ ਸਾਰੇ ਵਿਦਿਆਰਥੀਆਂ ਤਕ ਪਹੁੰਚਦੀ ਕਰ ਦਿੰਦੀ।ਪਿਛਲੇ ਸੈਸ਼ਨ ਦੌਰਾਨ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਦੇ ਪਹਿਲੇ ਹਫ਼ਤੇ ਵਿੱਚ ਕਈ ਵਿਸ਼ਿਆਂ ਦੀਆਂ ਕਿਤਾਬਾਂ ਬੱਚਿਆਂ ਨੂੰ  ਵਿਭਾਗ ਵੱਲੋਂ ਉਪਲੱਬਧ ਹੋ ਜਾਂਦੀਆਂ ਸਨ ਪਰ ਇਹ ਇਸ ਵਾਰ ਸੰਭਵ ਨਹੀਂ ਹੋ ਸਕਿਆ ।ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਰੇਸ਼ਮ ਸਿੰਘ ਸਕੱਤਰ ਬਲਜਿੰਦਰ ਸਿੰਘ ਅਤੇ ਵਿੱਤ ਸਕੱਤਰ ਅਨਿਲ ਭੱਟ ਨੇ  ਕਿਹਾ ਕਿ ਪੰਜਵੀੰ ਅੱਠਵੀਂ ਅਤੇ ਦਸਵੀਂ ਦੀਆਂ ਬੋਰਡ ਪ੍ਰੀਖਿਆਵਾਂ ਲੇਟ ਹੋਣ ਕਾਰਨ ਪੁਰਾਣੇ ਵਿਦਿਆਰਥੀਆਂ ਤੋਂ  ਕਿਤਾਬਾਂ ਸਕੂਲ ਵਿੱਚ ਜਮ੍ਹਾਂ ਨਹੀਂ ਕਰਵਾਈਆਂ ਜਾ ਸਕਦੀਆਂ ।ਜਿਸ ਕਰਕੇ ਨਵੇਂ ਸੈਸ਼ਨ ਦੀਆਂ ਬੋਰਡ ਦੀਆਂ ਕਲਾਸਾਂ ਦੇ ਵਿਦਿਆਰਥੀਆਂ  ਨੂੰ ਸਕੂਲ ਅਧਿਆਪਕਾਂ ਵੱਲੋਂ ਪੁਰਾਣੀਆਂ ਕਿਤਾਬਾਂ ਵੀ ਮੁਹੱਈਆ ਕਰਵਾਉਣੀਆਂ ਅਸੰਭਵ ਹੋਣ ਕਾਰਨ ਵਿਦਿਆਰਥੀਆਂ ਦੇ ਨਵੇਂ  ਸੈਸ਼ਨ ਦੇ ਮੁੱਢ ਵਿੱਚ ਹੀ ਪੜ੍ਹਾਈ  ਪ੍ਰਭਾਵਿਤ ਹੋ ਰਹੀ ਹੈ  ।ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਮੰਗ ਕੀਤੀ ਕਿ  ਪਹਿਲ ਦੇ ਆਧਾਰ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਮੇਂ ਸਿਰ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਮੁਹੱਈਆ  ਕਰਵਾਈਆਂ ਜਾਣ ਤਾਂ ਜੋ ਵਿਦਿਆਰਥੀ ਨਵੇਂ ਸੈਸ਼ਨ ਦੇ ਸ਼ੁਰੂ ਤੋਂ ਵਧੀਆ ਢੰਗ ਨਾਲ ਆਪਣੀ ਪਡ਼੍ਹਾਈ ਸ਼ੁਰੂ ਕਰ ਸਕਣ ।ਜਥੇਬੰਦੀ ਨੇ ਸਰਕਾਰ ਤੋਂ ਵਿਦਿਆਰਥੀਆਂ ਲਈ ਇਸ ਸੈਸ਼ਨ ਵਿੱਚ ਵਰਦੀਆਂ ਵੀ ਜਲਦੀ ਤੋਂ ਜਲਦੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ।

ਪੰਜ ਜਿਲਿਆਂ ‘ਚ ਰਾਇਸ ਮਿੱਲਾਂ ਨੂੰ ਆਰਜ਼ੀ ਖਰੀਦ ਕੇਂਦਰ ਨਾ ਐਲਾਨਣ ‘ਤੇ ਜਤਾਇਆ ਰੋਸ  

0
ਸੁਖਜਿੰਦਰ ਮਾਨ
ਬਠਿੰਡਾ,12 ਅਪਰੈਲ: ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਇਸ ਵਾਰ ਪੰਜ ਜ਼ਿਲਿਆਂ ਵਿਚ ਯੋਗ ਰਾਈਸ ਮਿੱਲਾਂ ਨੂੰ ਕਣਕ ਦੀ ਖਰੀਦ ਲਈ ਆਰਜੀ ਖਰੀਦ ਕੇਂਦਰ ਘੋਸ਼ਿਤ ਨਾ ਕਰਨ ਦਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਵੱਲੋਂ ਸਖ਼ਤ ਰੋਸ ਜਿਤਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਪੰਜਾਬ ਦੇ ਪੰਜ ਜ਼ਿਲੇ ਬਠਿੰਡਾ, ਫਿਰੋਜ਼ਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਰਾਈਸ ਮਿੱਲਾਂ ਨੂੰ ਆਰਜੀ ਖਰੀਦ ਕੇਂਦਰ ਬਣਾਉਣ ਦੀ ਮੰਨਜ਼ੂਰੀ ਨਹੀਂ ਦਿੱਤੀ। ਇਨ੍ਹਾਂ ਜ਼ਿਲ੍ਹਿਆਂ ਨਾਲ ਸਬੰਧਤ ਕਿਸਾਨਾਂ ਨੂੰ ਕਣਕ ਦੀ ਫ਼ਸਲ ਵੇਚਣ ਲਈ ਭਾਰੀ ਢਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂ ਨੇ ਦੱਸਿਆ ਕਿ ਬਰਨਾਲਾ ਵਿੱਚ 31,  ਮੋਗਾ ਵਿੱਚ 22 , ਸ੍ਰੀ ਮੁਕਤਸਰ ਸਾਹਿਬ 24, ਪਟਿਆਲਾ 41, ਸੰਗਰੂਰ 22, ਜਲੰਧਰ 1, ਰੂਪਨਗਰ 2, ਐੱਸ  ਏ ਐੱਸ ਨਗਰ 3 ਅਤੇ ਮਾਨਸਾ ਵਿੱਚ 5 ਰਾਈਸ ਮਿੱਲਾਂ ਨੂੰ ਆਰਜੀ ਖਰੀਦ ਕੇਂਦਰ ਘੋਸ਼ਿਤ ਕਰ ਦਿੱਤਾ ਹੈ। ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਹਾੜ੍ਹੀ ਸੀਜ਼ਨ ਦੌਰਾਨ ਕਣਕ ਦੀ ਆਮਦ ਇੱਕ ਦਮ ਦਾਣਾ ਮੰਡੀਆਂ ਵਿੱਚ ਆੳੁਣ ਕਾਰਨ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗ ਜਾਂਦੇ ਹਨ ਤੇ ਕਿਸਾਨਾਂ ਨੂੰ ਆਪਣੀ ਕਣਕ ਦੀ ਫ਼ਸਲ ਵੇਚਣ ਲਈ ਮੁਸ਼ਕਿਲਾਂ ਆਉਂਦੀਆਂ ਸਨ। ਇਹਨਾਂ ਮੁਸ਼ਕਿਲਾਂ ਦੇ ਹੱਲ ਲਈ ਪਿਛਲੀ ਸਰਕਾਰ ਨੇ ਪੰਜਾਬ ਵਿਚ ਯੋਗ ਰਾਈਸ ਮਿੱਲਾਂ ਨੂੰ ਆਰਜੀ ਖਰੀਦ ਕੇਂਦਰ ਘੋਸ਼ਿਤ ਕਰਕੇ ਕਣਕ ਦੀ ਖਰੀਦ ਕਰਵਾਈ ਸੀ। ਕਿਸਾਨ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਆਦੇਸ਼ ਜਾਰੀ ਕਰਕੇ ਰਹਿੰਦੇ ਜ਼ਿਲਿਆਂ ਵਿੱਚ ਵੀ ਯੋਗ ਰਾਈਸ ਮਿੱਲਾਂ ਨੂੰ ਆਰਜੀ ਖਰੀਦ ਕੇਂਦਰ ਬਣਾਉਣ ਦੀ ਮੰਨਜ਼ੂਰੀ ਦਿਤੀ ਜਾਵੇ ।

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ  

0

ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਕੀਤੀ ਮੰਗ  

ਸੁਖਜਿੰਦਰ ਮਾਨ
ਬਠਿੰਡਾ,12 ਅਪਰੈਲ: ਮੁਲਾਜ਼ਮਾਂ ਦੀ ਅਹਿਮ ਤੇ ਪੁਰਾਣੀ ਮੰਗ ਪੈਨਸ਼ਨ ਨੂੰ ਲਾਗੂ ਕਰਵਾਉਣ ਲਈ  ਪੁਰਾਣੀ ਪੈਨਸ਼ਨ  ਪ੍ਰਾਪਤੀ ਫਰੰਟ ਦੀ ਅਗਵਾਈ ਹੇਠ ਸ੍ਰੀ ਅਮਿਤ ਰਤਨ ਵਿਧਾਇਕ ਹਲਕਾ ਬਠਿੰਡਾ ਦਿਹਾਤੀ ਨੂੰ  ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ ਗਿਆ ।ਆਗੂਆਂ ਨੇ ਹਲਕਾ ਵਿਧਾਇਕ ਨੂੰ ਕਿਹਾ ਕਿ ਇਸ ਅਹਿਮ  ਮੰਗ ਨੂੰ ਨਾ ਸਿਰਫ਼ ਮੁੱਖ ਮੰਤਰੀ ਤੱਕ ਪੁੱਜਦਾ ਕੀਤਾ ਜਾਵੇ ਬਲਕਿ ਇਸ ਨੂੰ ਲਾਗੂ ਕਰਵਾਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣ। ਵਿਧਾਇਕ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਇਹ ਮੁਲਾਜ਼ਮਾਂ ਦੀ ਵਾਜਬ ਮੰਗ ਹੈ ਇਸ ਨੂੰ ਮੁੱਖ ਮੰਤਰੀ ਪੰਜਾਬ ਨਾਲ ਜ਼ਰੂਰ ਸਾਂਝਾ ਕੀਤਾ ਜਾਵੇਗਾ ।
ਇੱਥੇ ਜ਼ਿਕਰਯੋਗ ਹੈ ਕਿ ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ ।ਇਹ ਪੂਰੀ ਤਰ੍ਹਾਂ ਮੁਲਾਜ਼ਮ ਮਾਰੂ ਫ਼ੈਸਲਾ ਹੈ ਅਤੇ ਬੁਢਾਪੇ ਨੂੰ ਸੁਰੱਖਿਅਤ ਨਹੀਂ ਕਰਦਾ ।ਮੁਲਾਜ਼ਮ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਹਨ ।
ਵਿਧਾਇਕ ਨੂੰ ਮੰਗ ਪੱਤਰ ਦੇਣ ਵਾਲਿਆਂ ਵਿੱਚ  ਜ਼ਿਲ੍ਹਾ  ਫਰੰਟ ਦੇ ਆਗੂਆਂ  ਦਵਿੰਦਰ ਡਿੱਖ, ਜਤਿੰਦਰ ਸ਼ਰਮਾ ,ਨਰਿੰਦਰ ਬੱਲੂਆਣਾ, ਸੁਨੀਲ ਕੁਮਾਰ ਨੇ ਕਿਹਾ ਕਿ   ਜ਼ਿਕਰਯੋਗ ਹੈ ਕਿ  ਚੋਣਾਂ ਸਮੇਂ ਕੀਤੇ ਵਾਅਦਿਆਂ ਵਿਚ  ਸ੍ਰੀ ਅਰਵਿੰਦ ਕੇਜਰੀਵਾਲ ਅਤੇ ਹਰਪਾਲ ਚੀਮਾ  ਲੀਡਰ  ਵਿਰੋਧੀ ਧਿਰ ਨੇ  ਸਰਕਾਰ ਬਣਨ ਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਜਨਤਕ   ਵਾਅਦਾ ਕੀਤਾ ਸੀ ।ਇਸ ਲਈ ਇਸ ਅਹਿਮ ਮੰਗ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ  ।ਇਸਦੇ ਨਾਲ ਹੀ ਛੱਤੀਸਗੜ੍ਹ ਅਤੇ ਰਾਜਸਥਾਨ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਕੇ  ਚੰਗੀ ਪਹਿਲਕਦਮੀ ਕੀਤੀ ਹੈ  ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ,ਗੁਰਪਾਲ ਸਿੰਘ  ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਧਾਲੀਵਾਲ ,ਗੁਰਮੇਲ ਸਿੰਘ ਚੁੱਘੇ ਕਲਾਂ,ਹਰਵਿੰਦਰ ਸਿੰਘ ਭੱਟੀ  ,ਵੀਰਪਾਲ ਕੌਰ ,ਸੁਰਜੀਤ ਸਿੰਘ ਬੰਗੀ ਆਦਿ ਹਾਜ਼ਰ ਸਨ  ।

ਮਨਮਰਜੀ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਵਿਰੁੱਧ ਮੁੱਖ ਮੰਤਰੀ ਨੇ ਚੁੱਕੇ ਸਖਤ ਕਦਮ

0
ਘੱਟੋ ਘੱਟ 20  ਕਿਤਾਬਾਂ ਅਤੇ ਵਰਦੀ ਵੇਚਣ ਵਾਲੀਆਂ ਦੁਕਾਨਾਂ ਦੀ ਸੂਚੀ ਨਸ਼ਰ ਕਰਨ ਦੇ ਹੁਕਮ
ਸਿੱਖਿਆ ਵਿਭਾਗ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਦਿੱਤੇ ਨਿਰਦੇਸ਼
ਮੀਤ ਹੇਅਰ ਨਿੱਜੀ ਸਕੂਲਾਂ ਖਿਲਾਫ਼ ਸ਼ਿਕਾਇਤਾਂ ਦੀ ਨਿੱਜੀ ਤੌਰ ‘ਤੇ ਕਰ ਰਹੇ ਨੇ ਨਿਗਰਾਨੀ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਦੇ ਸਿੱਖਿਆ ਵਿਭਾਗ ਨੇ ਅੱਜ ਪ੍ਰਾਈਵੇਟ ਸਕੂਲਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਕਸਬਿਆਂ ਵਿੱਚ ਘੱਟੋ-ਘੱਟ ਤਿੰਨ ਅਤੇ  ਸ਼ਹਿਰਾਂ ਵਿੱਚ ਘੱਟੋ-ਘੱਟ 20 ਕਿਤਾਬਾਂ/ਵਰਦੀ ਵਾਲੀਆਂ ਦੁਕਾਨਾਂ ਦੀ ਸੂਚੀ ਤੁਰੰਤ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਡੀ.ਈ.ਓਜ਼) ਨਾਲ ਸਾਂਝੀ ਕਰਨ।
ਇਸ ਕਦਮ ਦਾ ਉਦੇਸ਼ ਮਾਪਿਆਂ ਨੂੰ ਉਨ੍ਹਾਂ ਦੇ ਘਰਾਂ ਦੇ ਆਸ-ਪਾਸ ਮਰਜ਼ੀ ਮੁਤਾਬਕ ਕਿਸੇ ਵੀ ਨਿਰਧਾਰਤ ਦੁਕਾਨ ਤੋਂ ਕਿਤਾਬਾਂ ਖਰੀਦਣ ਦੀ ਖੁੱਲ੍ਹ ਦੇਣਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਖਰੀਦਣ ਲਈ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾਂਦਾ ਸੀ। ਮੁੱਖ ਮੰਤਰੀ ਨੇ ਪਹਿਲਾਂ ਹੀ ਪ੍ਰਾਈਵੇਟ ਸਕੂਲਾਂ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਮਾਪਿਆਂ ਨੂੰ ਕਿਸੇ ਵੀ ਦੁਕਾਨ ਤੋਂ ਕਿਤਾਬਾਂ ਅਤੇ ਵਰਦੀਆਂ ਖਰੀਦਣ ਲਈ ਮਜਬੂਰ ਨਾ ਕੀਤਾ ਜਾਵੇ।
ਇਸ ਸਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਡੀ.ਈ.ਓਜ਼ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਰੀਖਣ ਟੀਮਾਂ ਦਾ ਗਠਨ ਕੀਤਾ ਜਾਵੇ। ਮੰਤਰੀ ਨੇ ਕਿਹਾ ਕਿ ਇਹ ਟੀਮਾਂ ਅਚਨਚੇਤ ਢੰਗ ਨਾਲ ਨਿਰੀਖਣ ਕਰਕੇ ਦੁਕਾਨਾਂ ਦੀ ਸੂਚੀ ਦੀ ਤਸਦੀਕ ਕਰਨਗੀਆਂ ਅਤੇ ਜੇਕਰ ਕੋਈ ਉਲੰਘਣਾ ਪਾਈ ਗਈ ਤਾਂ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਮੰਤਰੀ ਨੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਾਲੀਆਂ ਜ਼ਿਲ੍ਹਾ ਰੈਗੂਲੇਟਰੀ ਸੰਸਥਾਵਾਂ ਨੂੰ ਵੀ ਪ੍ਰਾਈਵੇਟ ਸਕੂਲਾਂ ਵਿਰੁੱਧ ਸ਼ਿਕਾਇਤਾਂ ‘ਤੇ ਸਰਗਰਮੀ ਨਾਲ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਮੁੱਖ ਮੰਤਰੀ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਅਜੇ ਵੀ ਕੁਝ ਪ੍ਰਾਈਵੇਟ ਸਕੂਲ ਇਨ੍ਹਾਂ ਹੁਕਮਾਂ ਦੀ ਘੋਰ ਉਲੰਘਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਡਿਫਾਲਟਰ ਸਕੂਲਾਂ ਨੂੰ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ‘ਤੇ ਜਲਦੀ ਹੀ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।

‘ਆਪ’ ਸਰਕਾਰ ਬਣਨ ਤੋਂ ਬਾਅਦ ਪੀਆਰਟੀਸੀ ਦੀ ਆਮਦਨ ਚ ਪ੍ਰਤੀ ਦਿਨ 44 ਲੱਖ ਦਾ ਹੋਇਆ ਵਾਧਾ: ਲਾਲਜੀਤ ਭੁੱਲਰ

0
ਕਾਂਗਰਸ ਸਰਕਾਰ ਦੇ 37.23 ਕਰੋੜ ਦੇ ਮੁਕਾਬਲੇ ਮਾਰਚ 2022 ਦੌਰਾਨ ਪੀ.ਆਰ.ਟੀ.ਸੀ. ਦੀ ਆਮਦਨ ਵੱਧ ਕੇ 62.34 ਕਰੋੜ ਰੁਪਏ ਹੋਈ:ਟਰਾਂਸਪੋਰਟ ਮੰਤਰੀ  
 29 ਨਵੀਆਂ ਬੱਸਾਂ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਸ਼ਾਮਲ*
*ਕਿਹਾ, ਸਰਕਾਰੀ ਬੱਸ ਸੇਵਾ ਦੀ ਮਜ਼ਬੂਤੀ ਪ੍ਰਾਈਵੇਟ ਬੱਸ ਮਾਫ਼ੀਆ ਨੂੰ ਪਾਵੇਗੀ ਠੱਲ੍ਹ*
ਸੁਖਜਿੰਦਰ ਮਾਨ
ਚੰਡੀਗੜ੍ਹ, 12 ਅਪ੍ਰੈਲ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਸਦਕਾ ਸਰਕਾਰੀ ਬੱਸ ਸੇਵਾ ਦੀ ਆਮਦਨ ਵਿੱਚ ਨਿਰੰਤਰ ਵੱਡਾ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮਾਰਚ 2021 ‘ਚ ਪੀ.ਆਰ.ਟੀ.ਸੀ. ਦੀ ਆਮਦਨ 37.23 ਕਰੋੜ ਰੁਪਏ ਸੀ, ਜੋ ਮਾਰਚ 2022 ਦੌਰਾਨ ਵੱਧ ਕੇ 62.34 ਕਰੋੜ ਰੁਪਏ ਹੋ ਗਈ ਹੈ।ਚੰਡੀਗੜ੍ਹ ਡਿਪੂ ਵਿਖੇ ਸੰਖੇਪ ਸਮਾਗਮ ਦੌਰਾਨ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 29 ਨਵੀਆਂ ਬੱਸਾਂ ਦੀ ਆਖ਼ਰੀ ਖੇਪ ਨੂੰ ਹਰੀ ਝੰਡੀ ਵਿਖਾ ਕੇ ਸ਼ਾਮਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਭੁੱਲਰ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਲੰਘੇ ਦਸੰਬਰ, ਜਨਵਰੀ ਅਤੇ ਫ਼ਰਵਰੀ ਮਹੀਨਿਆਂ ਦੌਰਾਨ ਪੀ.ਆਰ.ਟੀ.ਸੀ. ਦੀ ਰੋਜ਼ਾਨਾ ਆਮਦਨ 1 ਕਰੋੜ 76 ਲੱਖ ਰੁਪਏ ਪ੍ਰਤੀ ਦਿਨ ਦਰਜ ਕੀਤੀ ਗਈ ਜਦ ਕਿ 10 ਮਾਰਚ ਨੂੰ ਆਏ ਨਤੀਜਿਆਂ ਤੋਂ ਬਾਅਦ ਹੀ ਸਾਡੀ ਸਰਕਾਰ ਦੀ ਪਾਰਦਰਸ਼ੀ ਨੀਤੀ ਮੁਤਾਬਕ ਸਰਕਾਰੀ ਬੱਸ ਸੇਵਾ ਦੀ ਆਮਦਨ `ਚ ਵਾਧਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਦੌਰਾਨ ਇਕੱਲੀ ਪੀ.ਆਰ.ਟੀ.ਸੀ. ਦੀ ਆਮਦਨ ਵੱਧ ਕੇ 2 ਕਰੋੜ 1 ਲੱਖ ਰੁਪਏ ਪ੍ਰਤੀ ਦਿਨ ਰਹੀ, ਜੋ ਅਪ੍ਰੈਲ ਮਹੀਨੇ ਦੇ 10 ਦਿਨਾਂ ਦੌਰਾਨ ਹੋਰ ਵੱਧ ਕੇ 2 ਕਰੋੜ 20 ਲੱਖ ਰੁਪਏ ਪ੍ਰਤੀ ਦਿਨ ਹੋ ਗਈ ਹੈ।
ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 29 ਨਵੀਆਂ ਬੱਸਾਂ ਦੀ ਆਖ਼ਰੀ ਖੇਪ ਨੂੰ ਸ਼ਾਮਲ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਭਰੋਸਾ ਜਤਾਇਆ ਕਿ ਜਨਤਕ ਆਵਾਜਾਈ ਦੀ ਮਜ਼ਬੂਤੀ ਸਪੱਸ਼ਟ ਤੌਰ `ਤੇ ਪ੍ਰਾਈਵੇਟ ਬੱਸ ਮਾਫ਼ੀਆ ਨੂੰ ਠੱਲ੍ਹ ਪਾਉਣ ਵਿੱਚ ਸਹਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਨੂੰ ਦਿੱਤੀਆਂ ਗਈਆਂ 255 ਨਵੀਆਂ ਬੱਸਾਂ ਦੀ ਆਖ਼ਰੀ ਖੇਪ ਦੀਆਂ 29 ਬੱਸਾਂ ਤੋਂ ਬਾਅਦ ਪੀ.ਆਰ.ਟੀ.ਸੀ. ਵਿੱਚ ਹੁਣ ਕੁੱਲ 1308 ਬੱਸਾਂ ਹੋ ਗਈਆਂ ਹਨ ਜਿਸ ਨਾਲ ਪੀ.ਆਰ.ਟੀ.ਸੀ. ਦੇ ਮੁੱਖ ਆਪ੍ਰੇਸ਼ਨਲ ਕੇਂਦਰ ਮਾਲਵਾ ਖ਼ਿੱਤੇ ਵਿੱਚ ਜਿਥੇ ਸਰਕਾਰੀ ਬੱਸ ਸੇਵਾ ਤੰਤਰ ਮਜ਼ਬੂਤ ਕੀਤਾ ਜਾ ਸਕੇਗਾ, ਉਥੇ ਬੰਦ ਪਏ ਰੂਟਾਂ `ਤੇ ਵੀ ਬੱਸਾਂ ਚਲਾਈਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੀਆਂ ਬੱਸਾਂ ਵਿੱਚੋਂ ਪਟਿਆਲਾ, ਸੰਗਰੂਰ ਅਤੇ ਬਠਿੰਡਾ ਡਿਪੂਆਂ ਨੂੰ 6-6, ਬੁਢਲਾਡਾ ਡਿਪੂ ਨੂੰ 5, ਚੰਡੀਗੜ੍ਹ ਡਿਪੂ ਨੂੰ 4 ਅਤੇ ਬਰਨਾਲਾ ਬੱਸ ਡਿਪੂ ਨੂੰ 2 ਬੱਸਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸ. ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਕਿਫ਼ਾਇਤੀ, ਸੁਰੱਖਿਆਤਮਕ ਅਤੇ ਵਧੀਆ ਸਫ਼ਰ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਭਰ ਵਿੱਚ ਨਿੱਜੀ ਟਰਾਂਸਪੋਰਟ ਮਾਫ਼ੀਆ ਉਤੇ ਲਗਾਮ ਕੱਸਣ ਵਾਸਤੇ ਤਿਆਰ ਕੀਤੀ ਜਾ ਰਹੀ ਯੋਜਨਾ ਦੇ ਹਿੱਸੇ ਵਜੋਂ ਸਰਕਾਰੀ ਬੱਸ ਸੇਵਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਛੇਤੀ ਹੀ ਸਰਕਾਰੀ ਖਜ਼ਾਨੇ ਨੂੰ ਢਾਹ ਲਾਉਣ ਵਾਲੇ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਉੱਤੇ ਨਕੇਲ ਕੱਸ ਲਈ ਜਾਵੇਗੀ।
ਸ. ਭੁੱਲਰ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਆ ਕੇ ਟੈਕਸ ਚੋਰੀ ਕਰਨ ਵਾਲੀਆਂ ਪ੍ਰਾਈਵੇਟ ਬੱਸਾਂ ਨੂੰ ਪਹਿਲੀ ਵਾਰ 54 ਹਜ਼ਾਰ, ਦੂਜੀ ਵਾਰ 1 ਲੱਖ 8 ਹਜ਼ਾਰ ਅਤੇ ਤੀਜੀ ਵਾਰ 2 ਲੱਖ 16 ਹਜ਼ਾਰ ਜੁਰਮਾਨੇ ਦੀ ਵਿਵਸਥਾ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੀਆਂ ਡਿਫ਼ਲਾਟਰ ਬੱਸਾਂ ਦੇ ਵੇਰਵੇ ਆਨਲਾਈਨ ਕਰਨ ਬਾਰੇ ਉਹ ਛੇਤੀ ਹੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕਰਨਗੇ ਤਾਂ ਜੋ ਇੱਕ ਵਾਰ ਫੜੀ ਗਈ ਬੱਸ ਨੂੰ ਅਗਲੀ ਵਾਰ ਦੁੱਗਣਾ ਜੁਰਮਾਨਾ ਦੇਣਾ ਯਕੀਨੀ ਬਣਾਇਆ ਜਾ ਸਕੇ।
ਸਮਾਗਮ ਦੌਰਾਨ ਐਮ.ਡੀ. ਪੀ.ਆਰ.ਟੀ.ਸੀ. ਸ੍ਰੀਮਤੀ ਪਰਨੀਤ ਸ਼ੇਰਗਿੱਲ, ਜਨਰਲ ਮੈਨੇਜਰ (ਪ੍ਰਸ਼ਾਸਨ) ਸ੍ਰੀ ਸੁਰਿੰਦਰ ਸਿੰਘ, ਜਨਰਲ ਮੈਨੇਜਰ ਚੰਡੀਗੜ੍ਹ ਡਿਪੂ ਸ੍ਰੀ ਮਨਿੰਦਰਪਾਲ ਸਿੰਘ ਸਿੱਧੂ, ਜਨਰਲ ਮੈਨੇਜਰ ਪਟਿਆਲਾ ਡਿਪੂ ਸ੍ਰੀ ਜਤਿੰਦਰਪਾਲ ਸਿੰਘ ਗਰਵੇਾਲ ਅਤ ਜਨਰਲ ਮੈਨਜਰ ਬਰਨਾਲਾ ਡਿਪੂ ਸ੍ਰੀ ਐਮ.ਪੀ. ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਗੁਰਮੀਤ ਕੌਰ ਗੋਨਿਆਣਾ ਬਣੀ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ

0

ਸੁਖਜਿੰਦਰ ਮਾਨ
ਬਠਿੰਡਾ, 12 ਅਪ੍ਰੈਲ- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਬਠਿੰਡਾ ਦੀ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਚਿਲਡਰਨ ਪਾਰਕ ਬਠਿੰਡਾ ਵਿਖੇ ਹੋਈ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਯੂਨੀਅਨ ਨਾਲ ਇੱਕ ਢਾਲ ਬਣਕੇ ਖੜਿਆ ਜਾਵੇ ਕਿਉਂਕਿ ਏਕੇ ਤੋਂ ਬਿਨਾਂ ਸੰਘਰਸ਼ ਜਿੱਤੇ ਨਹੀਂ ਜਾਂਦੇ । ਉਹਨਾਂ ਕਿਹਾ ਕਿ ਯੂਨੀਅਨ ਨੇ ਹੁਣ ਤੱਕ ਜਿੰਨੇ ਵੀ ਸੰਘਰਸ਼ ਜਿੱਤੇ ਹਨ ਪ੍ਰਾਪਤੀਆਂ ਕੀਤੀਆਂ ਹਨ ਉਹ ਵਰਕਰਾਂ ਤੇ ਹੈਲਪਰਾਂ ਦੀ ਸ਼ਕਤੀ ਦੀ ਦੇਣ ਹੈ । ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸੂਬੇ ਅੰਦਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ । ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਪੱਕਾ ਕੀਤਾ ਜਾਵੇ । ਸਾਲ 2017 ਤੋਂ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਕੀਤੇ ਜਾਣ ।
ਇਸੇ ਦੌਰਾਨ ਸਰਬਸੰਮਤੀ ਨਾਲ ਜ਼ਿਲਾ ਬਠਿੰਡਾ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ । ਜਿਸ ਦੌਰਾਨ ਗੁਰਮੀਤ ਕੌਰ ਗੋਨੇਆਣਾ ਨੂੰ ਜ਼ਿਲਾ ਬਠਿੰਡਾ ਦਾ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਛਿੰਦਰਪਾਲ ਕੌਰ ਭਗਤਾ ਨੂੰ ਸਰਪਰਸਤ , ਲਾਭ ਕੌਰ ਪਥਰਾਲਾ ਨੂੰ ਸੀਨੀਅਰ ਮੀਤ ਪ੍ਰਧਾਨ , ਸਰਬਜੀਤ ਕੌਰ ਮਹਿਰਾਜ ਨੂੰ ਮੀਤ ਪ੍ਰਧਾਨ , ਪਰਮਜੀਤ ਕੌਰ ਰੁਲਦੂ ਵਾਲਾ ਨੂੰ ਜਨਰਲ ਸਕੱਤਰ , ਰੀਟਾ ਰਾਣੀ ਮੌੜ ਤੇ ਜਸਵਿੰਦਰ ਕੌਰ ਭਗਤਾ ਨੂੰ ਸਹਾਇਕ ਸਕੱਤਰ , ਸੋਮਾ ਰਾਣੀ ਪਰਸ ਰਾਮ ਨਗਰ ਨੂੰ ਵਿੱਤ ਸਕੱਤਰ , ਕਿਰਪਾਲ ਕੌਰ ਵਾਲਿਆ ਵਾਲੀ ਨੂੰ ਸਹਾਇਕ ਵਿੱਤ ਸਕੱਤਰ , ਅੰਮ੍ਰਿਤਪਾਲ ਕੌਰ ਬੱਲੂਆਣਾ ਨੂੰ ਜਥੇਬੰਧਕ ਸਕੱਤਰ , ਸਤਵੰਤ ਕੌਰ ਰਾਮਾ ਨੂੰ ਪ੍ਰੈਸ ਸਕੱਤਰ , ਮਨਪ੍ਰੀਤ ਕੌਰ ਸਿਵੀਆ ਨੂੰ ਪ੍ਰਚਾਰ ਸਕੱਤਰ ਅਤੇ ਮਨਪ੍ਰੀਤ ਕੌਰ ਨਥਾਣਾ ਨੂੰ ਐਡੀਟਰ ਬਣਾਇਆ ਗਿਆ । ਇਸ ਤੋਂ ਇਲਾਵਾ 30 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ।

Our Visitor

1899961