ਕਿਸਾਨਾਂ ਨੂੰ ਨਹੀਂ ਆਉਂਣ ਦਿੱਤੀ ਜਾਵੇਗੀ ਕੋਈ ਸਮੱਸਿਆ : ਆਰ.ਕੇ. ਕੌਸ਼ਿਕ
ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਜਾ ਰਹੀ ਹੈ ਖਰੀਦ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 14 ਅਪ੍ਰੈਲ : ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਸਮੇਂ ਸਿਰ ਖਰੀਦਿਆਂ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਆਰ.ਕੇ. ਕੌਸ਼ਿਕ ਨੇ ਸਥਾਨਕ ਮੁੱਖ ਦਾਣਾ ਮੰਡੀ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਦੌਰੇ ਦੌਰਾਨ ਉਨ੍ਹਾਂ ਲਹਿਰਾ ਬੇਗਾ, ਲਹਿਰਾ ਮੁਹੱਬਤ ਅਤੇ ਭੁੱਚੋਂ ਮੰਡੀ ਆਦਿ ਵਿੱਚ ਵੀ ਜਾ ਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਖਰੀਦ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ।ਇਸ ਮੌਕੇ ਡਵੀਜ਼ਨਲ ਕਮਿਸ਼ਨਰ ਸ਼੍ਰੀ ਆਰ.ਕੇ. ਕੌਸ਼ਿਕ ਨੇ ਕਣਕ ਦੀ ਸੁਚੱਜੇ ਖਰੀਦ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਭਵਿੱਖ ਲਈ ਵੀ ਲੋੜੀਂਦੇ ਦਿਸਾ-ਨਿਰਦੇਸ ਦਿੱਤੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਆਉਣ ਵਾਲੇ ਕਿਸੇ ਵੀ ਕਿਸਾਨ ਨੂੰ ਆਪਣੀ ਜਿਣਸ ਵੇਚਣ ਵਿੱਚ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਖਰੀਦ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ ਅਤੇ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਪੱਤਰਕਾਰਾਂ ਨਾਲ ਗੱਲਬਾਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਮੰਡੀਆਂ ਵਿੱਚ ਉਚਿਤ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਨੂੰ ਖਰੀਦੀ ਜਿਣਸ ਦੀ ਸਮੇਂ-ਸਿਰ ਅਦਾਇਗੀ, ਬਾਰਦਾਨੇ ਦੀ ਉਪਲਬਧਤਾ, ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦੀ ਕਣਕ ਦੀ ਮੰਡੀਆਂ ਵਿੱਚੋਂ ਲਿਫਟਿੰਗ, ਟਰਾਂਸਪੋਰਟੇਸਨ ਦੇ ਨਾਲ-ਨਾਲ ਕਿਸਾਨਾਂ, ਆੜ੍ਹਤੀਆਂ ਤੇ ਮਜਦੂਰਾਂ ਲਈ ਮੰਡੀਆਂ ਵਿੱਚ ਪੀਣ ਲਈ ਸਾਫ ਪਾਣੀ, ਬੈਠਣ ਵਿਵਸਥਾ, ਲਾਈਟਾਂ, ਪਖਾਨਿਆਂ ਸਮੇਤ ਹੋਰ ਲੋੜੀਂਦੇ ਸਾਰੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ, ਸਗੋਂ ਸਿੱਧੀ ਬਿਜਾਈ ਨੂੰ ਪਹਿਲ ਦੇਣ ਜਿੱਥੇ ਇਸ ਨਾਲ ਫ਼ਸਲ ਦਾ ਝਾੜ ਵੱਧ ਹੋਵੇਗਾ ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਵੇਗਾ। ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਪ੍ਰੀਤ ਕੰਵਲ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦੇ ਹਾਜ਼ਰ ਸਨ।
ਡਵੀਜ਼ਨਲ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਬਾਬਾ ਫ਼ਰੀਦ ਕਾਲਜ ਵੱਲੋਂ ਪ੍ਰੋਗਰਾਮਿੰਗ ਮੁਕਾਬਲਾ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ 14 ਅਪ੍ਰੈਲ: ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਕੰਪਿਊਟੇਸ਼ਨਲ ਐਂਡ ਮੈਥੇਮੈਟੀਕਲ ਸਾਇੰਸ ਵੱਲੋਂ ਇੱਕ ਪ੍ਰੋਗਰਾਮਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਤਕਨੀਕੀ ਹੁਨਰ ਵਿੱਚ ਸੁਧਾਰ ਕਰਨਾ ਸੀ। ਇਸ ਮੁਕਾਬਲੇ ਵਿੱਚ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੂੰ ਇੱਕ ਸਮੱਸਿਆ ਦਿੱਤੀ ਗਈ ਸੀ, ਜਿਸ ਦੇ ਹੱਲ ਲਈ ਉਨ੍ਹਾਂ ਨੇ ਸੀ-ਪ੍ਰੋਗਰਾਮਿੰਗ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ । ਇਸ ਸਮਾਗਮ ਦੇ ਜੱਜ ਸ੍ਰੀ ਮੁਕੇਸ਼ ਕੁਮਾਰ, ਸ. ਗੁਰਪ੍ਰੀਤ ਸਿੰਘ, ਸ਼੍ਰੀਮਤੀ ਰਮਨਦੀਪ ਕੌਰ ਰੱਖੜਾ, ਸ਼੍ਰੀਮਤੀ ਸੰਧਿਆ ਸ਼ਰਮਾ ਅਤੇ ਡਾ. ਸਾਲੂ ਸਨ । ਜੱਜਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਵਿਦਿਆਰਥੀਆਂ ਅਤੇ ਫੈਕਲਟੀ ਦੁਆਰਾ ਪ੍ਰਦਰਸ਼ਿਤ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੁਕਾਬਲੇ ਵਿੱਚ ਬੀ.ਸੀ.ਏ. ਦੇ ਪੁਸ਼ਪਿੰਦਰ ਬਰਾੜ ਤੇ ਹਰਪ੍ਰੀਤ ਕੌਰ ਨੇ ਪਹਿਲਾ, ਹਰੀਸ਼ ਕੌਸ਼ਲ ਨੇ ਦੂਸਰਾ ਸਥਾਨ ਹਾਸਲ ਕੀਤਾ ਜਦੋਂ ਕਿ ਯਸ਼ ਸਦਿਉੜਾ ਤੇ ਗੁਰਕੀਰਤਨ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਭਾਗੀਦਾਰਾਂ ਨੇ ਇਸ ਮੁਕਾਬਲੇ ਰਾਹੀਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖੀਆਂ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਆਪਣੀ ਡੂੰਘੀ ਦਿਲਚਸਪੀ ਦਿਖਾਈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।
ਮੁੱਖ ਮੰਤਰੀ ਵਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੁਆਰਾ ਲਿਖੇ ਸੰਵਿਧਾਨ ਨੂੰ ਬਚਾਉਣ ਦਾ ਸੱਦਾ
ਕਿਹਾ ਸੰਵਿਧਾਨ ਦੇ ਮੁੱਢਲੇ ਸਿਧਾਂਤਾਂ ਨਾਲ ਛੇੜਛਾੜ ਦੀਆਂ ਕੀਤੀਆਂ ਜਾ ਰਹੀਆਂ ਕੋਸਿਸ਼ਾਂ
ਡਾ.ਬੀ.ਆਰ.ਅੰਬੇਡਕਰ ਦੇ ਜਨਮ ਦਿਵਸ ਮੌਕੇ ਜਲੰਧਰ ਦੇ ਬੂਟਾਂ ਮੰਡੀ ’ਚ ਹੋਏ ਰਾਜ ਪੱਧਰੀ ਸਮਾਰੋਹ ’ਚ ਕੀਤੀ ਸ਼ਿਰਕਤ
ਪੋਸਟ ਮੈਟ੍ਰਿਕ ਵਜੀਫ਼ਾ ਘੁਟਾਲੇ ਕਰਨ ਵਾਲੇ ਛੇਤੀ ਹੀ ਹੋਣਗੇ ਸਲਾਖ਼ਾਂ ਪਿੱਛੇ
ਪੰਜਾਬ ਦੇ ਅਫ਼ਸਰ ਦਿੱਲੀ ਮੇਰੇ ਹੁਕਮਾਂ ’ਤੇ ਗਏ ਸਨ-ਭਗਵੰਤ ਮਾਨ
ਮੰਤਰੀਆਂ ਨੂੰ ਨਵੇਂ ਵਾਹਨ ਦੇਣ ਦੀ ਕੋਈ ਤਜਵੀਜ਼ ਨਹੀਂ
ਸਾਰੀਆਂ ਗਾਰੰਟੀਆਂ ਛੇਤੀ ਹੀ ਪੂਰੀਆਂ ਕੀਤੀਆਂ ਜਾਣਗੀਆਂ
ਸੁਖਜਿੰਦਰ ਮਾਨ
ਜਲੰਧਰ, 14 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਵਲੋਂ ਲਿਖੇ ਗਏ ਸੰਵਿਧਾਨ ਅਤੇ ਇਸ ਦੇ ਮੁੱਢਲੇ ਸਿਧਾਂਤਾਂ ਨੂੰ ਬਚਾਉਣ ਦਾ ਸੱਦਾ ਦਿੱਤਾ ਹੈ। ਅੱਜ ਇਥੇ ਬਾਬਾ ਸਾਹਿਬ ਦੇ 131ਵੇਂ ਜਨਮ ਦਿਵਸ ਮੌਕੇ ਸਥਾਨਕ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਰਕਾਰੀ ਕੋ- ਐਜੂਕੇਸ਼ਨ ਕਾਲਜ, ਬੂਟਾਂ ਮੰਡੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਕਾਨੂੰਨਦਾਨ ਅਤੇ ਉਘੇ ਸਿਆਸਤਦਾਨ ਡਾ.ਅੰਬੇਡਕਰ ਵਲੋਂ ਲਿਖੇ ਗਏ ਸੰਵਿਧਾਨ ਦੀ ਮਹੱਤਤਾ ਘਟਾਉਣ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਇਹ ਮਨਸੂਬੇ ਕੋਈ ਵਿਦੇਸ਼ੀ ਜਾਂ ਬਰਤਾਨਵੀ ਨਹੀਂ ਘੜ ਰਹੇ ਸਗੋਂ ਸਾਡੇ ਕੁਝ ਆਪਣੇ ਲੋਕ ਹੀ ਇਹ ਤਾਣੀ ਬੁਣ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਕੋਸਿਸ਼ਾਂ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਸ਼ੁਰੂਆਤ ਵਿੱਚ ਹੀ ਖ਼ਤਮ ਕਰਨਾ ਚਾਹੀਦਾ ਹੈ ਜਿਸ ਲਈ ਲੋਕਾਂ ਨੂੰ ਇਕ ਜੁੱਟ ਹੋ ਕੇ ਅਵਾਜ਼ ਬੁਲੰਦ ਕਰਨੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਰਾਹੀਂ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਵੋਟ ਪਾਉਣ ਦਾ ਅਧਿਕਾਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਲੇ ਇਸੇ ਹੱਕ ਸਦਕਾ ਹੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹੋਰ ਘਾਗ ਸਿਆਸਤਦਾਨਾਂ ਨੂੰ ਲੋਕਾਂ ਨੇ ਸਤਾ ਤੋਂ ਬਾਹਰ ਦਾ ਰਸਤਾ ਦਿਖਾਇਆ । ਉਨ੍ਹਾਂ ਕਿਹਾ ਕਿ ਸੰਵਿਧਾਨ ਜਮਹੂਰੀਅਤ ਦਾ ਮੂਲ ਅਧਾਰ ਹੈ ਅਤੇ ਇਸ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਪਾਕਿਸਤਾਨ ਨਾਲ ਤੁਲਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਸਾਡਾ ਗੁਆਂਢੀ ਮੁਲਕ ਸਾਡੇ ਮੁਲਕ ਤੋਂ ਇਕ ਦਿਨ ਪਹਿਲਾਂ ਆਜ਼ਾਦ ਹੋਇਆ ਪਰ ਸੰਵਿਧਾਨ ਦੀ ਅਣਹੋਂਦ ਕਰਕੇ ਉਸ ਮੁਲਕ ਵਿੱਚ ਜਮਹੂਰੀਅਤ ਪੈਰ ਨਹੀਂ ਜਮ੍ਹਾ ਸਕੀ। ਉਨ੍ਹਾਂ ਕਿਹਾ ਕਿ ਸਾਡੇ ਮੁਲਕ ਵਿੱਚ ਬਾਬਾ ਸਾਹਿਬ ਦੇ ਸੰਵਿਧਾਨ ਅਤੇ ਸੰਵਿਧਾਨਿਕ ਕਦਰਾਂ-ਕੀਮਤਾਂ ਮਜ਼ਬੂਤ ਹੋਈਆਂ ਹਨ ਜਦਕਿ ਇਸ ਦੇ ਉਲਟ ਪਾਕਿਸਤਾਨ ਵਿੱਚ ਅਜਿਹੀ ਕੋਈ ਵਿਵਸਥਾ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਪਾਕਿਸਤਾਨ ਵਿੱਚ ਜਮਹੂਰੀਅਤ ਦੀ ਨਕਾਮੀ ਦੀ ਜਿਊਂਦੀ ਜਾਗਦੀ ਮਿਸਾਲ ਇਸ ਪੱਖ ਤੋਂ ਦੇਖੀ ਜਾ ਸਕਦੀ ਹੈ ਕਿ ਪਾਕਿਸਤਾਨ ਦਾ ਕੋਈ ਵੀ ਸਾਬਕਾ ਪ੍ਰਧਾਨ ਮੰਤਰੀ ਜਾਂ ਤਾਂ ਕਤਲ ਕਰ ਦਿੱਤਾ ਗਿਆ ਜਾਂ ਉਸ ਨੂੰ ਜਲਾਵਤਨ ਹੋਣਾ ਪਿਆ।
ਮੁੱਖ ਮੰਤਰੀ ਨੇ ਡਾ.ਬੀ.ਆਰ.ਅੰਬੇਡਕਰ ਵਲੋਂ ਬਰਾਬਰਤਾ ਅਤੇ ਆਜ਼ਾਦੀ ਦੇ ਦਿੱਤੇ ਸਿਧਾਂਤਾਂ ’ਤੇ ਚੱਲ ਕੇ ਆਦਰਸ਼ ਸਮਾਜ ਦੀ ਸਿਰਜਣਾ ਲਈ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਡਾ.ਅੰਬੇਡਕਰ ਨੂੰ ਮਹਾਨ ਵਿਦਵਾਨ, ਕਾਨੂੰਨਦਾਨ, ਆਰਥਿਕ ਮਾਹਿਰ, ਸਮਾਜ ਸੁਧਾਰਕ ਅਤੇ ਉਘੀ ਸਖਸ਼ੀਅਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡਾ.ਅੰਬੇਡਕਰ ਸਮੁੱਚੇ ਵਿਸ਼ਵ ਦੇ ਇਤਿਹਾਸ ਵਿੱਚ ਸ਼ੁਮਾਰ ਸਭ ਤੋਂ ਕੱਦਾਵਾਰ ਸਖਸ਼ੀਅਤਾਂ ਵਿਚੋਂ ਇਕ ਸਨ। ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਡਾ.ਅੰਬੇਡਕਰ ਇਕ ਸਧਾਰਣ ਪਰਿਵਾਰ ਨਾਲ ਸਬੰਧ ਰੱਖਦੇ ਸਨ ਪਰ ਸਮਾਜ ਪ੍ਰਤੀ ਉਨ੍ਹਾਂ ਦੇ ਮਹਾਨ ਯੋਗਦਾਨ ਨੇ ਉਨ੍ਹਾਂ ਨੂੰ ਆਲਮੀ ਪੱਧਰ ਦੀਆਂ ਹਸਤੀਆਂ ਵਿੱਚ ਸ਼ੁਮਾਰ ਕੀਤਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਰਤੀ ਸੰਵਿਧਾਨ ਡਾ.ਅੰਬੇਡਕਰ ਦੀ ਸਖ਼ਤ ਮਿਹਨਤ, ਸਮਰਪਿਤ ਭਾਵਨਾ ਤੇ ਦੂਰ ਅੰਦੇਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨਾ ਸਿਰਫ਼ ਕਮਜ਼ੋਰ ਤਬਕਿਆਂ ਦੇ ਨੇਤਾ ਸਨ ਸਗੋਂ ਸਮੁੱਚੀ ਮਾਨਵਤਾ ਨਾਲ ਜੁੜੇ ਹੋਏ ਸਨ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਦੱਬੇ-ਕੁਚਲੇ ਤੇ ਕਮਜ਼ੋਰ ਵਰਗਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਡਾ.ਅੰਬੇਡਕਰ ਦੀ ਦ੍ਰਿੜ ਵਚਨਬੱਧਤਾ ਅਤੇ ਸੰਘਰਸ਼ ਲੋਕਾਂ ਨੂੰ ਹਮੇਸ਼ਾਂ ਪ੍ਰੇਰਿਤ ਕਰਦਾ ਰਹੇਗਾ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸਪਸ਼ਟ ਸਬਦਾਂ ਵਿੱਚ ਕਿਹਾ ਕਿ ਪੋਸਟ ਮੈਟ੍ਰਿਕ ਵਜੀਫਾ ਘੁਟਾਲੇ ਨੂੰ ਅੰਜ਼ਾਮ ਦੇਣ ਵਾਲੇ ਲੋਕ ਛੇਤੀ ਹੀ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹੋਣਗੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਘਿਨੌਣਾ ਤੇ ਨਾ-ਮੁਆਫ਼ੀ ਯੋਗ ਅਪਰਾਧ ਹੈ ਜਿਸ ਕਰਕੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਛੇਤੀ ਹੀ ਇਸ ਘੁਟਾਲੇ ਦਾ ਮੁੱਖ ਦੋਸ਼ੀ ਜੇਲ੍ਹ ਵਿੱਚ ਚੰਗੀਆਂ ਸਹੂਲਤਾਂ ਲਈ ਅਦਾਲਤਾਂ ਵਿੱਚ ਅਰਜ਼ੀਆਂ ਦਾਇਰ ਕਰਦਾ ਦਿਸੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੁਝ ਦਿਨ ਪਹਿਲਾਂ ਸੂਬੇ ਦੇ ਸੀਨੀਅਰ ਅਫ਼ਸਰ ਨਵੀਂ ਦਿੱਲੀ ਵਿੱਚ ਟਰੇਨਿੰਗ ਲਈ ਉਨ੍ਹਾਂ ਦੇ ਹੁਕਮਾਂ ’ਤੇ ਗਏ ਸਨ। ਵਿਰੋਧੀ ਧਿਰਾਂ ਵਲੋਂ ਇਸ ਮੁੱਦੇ ’ਤੇ ਰੌਲਾ-ਰੱਪਾ ਪਾਉਣ ਦੀ ਸਖ਼ਤ ਆਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਥੇ ਵੀ ਸਾਡੇ ਅਫ਼ਸਰਾਂ ਨੂੰ ਦੂਜੇ ਸੂਬਿਆਂ ਜਾਂ ਮੁਲਕਾਂ ਤੋਂ ਚੰਗੀ ਮੁਹਾਰਤ ਸਿੱਖਣ ਦੀ ਲੋੜ ਹੋਵੇਗੀ, ਉਹ ਅਪਣੇ ਅਫ਼ਸਰ ਉਥੇ ਜਰੂਰ ਭੇਜਣਗੇ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵਲੋਂ ਸਿੱਖਿਆ, ਸਿਹਤ ਅਤੇ ਬਿਜਲੀ ਦੇ ਖੇਤਰ ਵਿੱਚ ਕੀਤੇ ਗਏ ਸੁਧਾਰਾਂ ਦਾ ਕੋਈ ਮੇਲ ਨਹੀਂ ਜਿਸ ਕਰਕੇ ਸਾਨੂੰ ਆਪਣੇ ਅਫ਼ਸਰਾਂ ਨੂੰ ਸਿਖਲਾਈ ਦੇਣ ਵਿੱਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ। ਮੁੱਖ ਮੰਤਰੀ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਵਿਚੋਂ ਹਰੇਕ ਗਾਰੰਟੀ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲੇ ਪੰਜਾਬ ਵਿੱਚ ਨਵੀਂ ਸਰਕਾਰ ਬਣੀ ਨੂੰ ਇਕ ਮਹੀਨੇ ਤੋਂ ਵੀ ਘੱਟ ਸਮਾਂ ਗੁਜਰਿਆ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤਾ ਗਿਆ ਹਰੇਕ ਵਾਅਦਾ ਹਰ ਹੀਲੇ ਪੂਰਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਮੰਤਰੀਆਂ ਲਈ ਕੋਈ ਵੀ ਨਵਾਂ ਵਾਹਨ ਖ਼ਰੀਦਣ ਸਬੰਧੀ ਸੂਬਾ ਸਰਕਾਰ ਦੀ ਕਿਸੇ ਤਰ੍ਹਾਂ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਬਿਨ੍ਹਾਂ ਕਿਸੇ ਅਧਾਰ ਦੇ ਇਸ ਨੂੰ ਮੁੱਦਾ ਬਣਾ ਰਹੀ ਹੈ ਕਿਉਂਕਿ ਇਨ੍ਹਾਂ ਕੋਲ ਸੂਬਾ ਸਰਕਾਰ ਖਿਲਾਫ਼ ਬੋਲਣ ਲਈ ਕੁਝ ਵੀ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਦਾ ਨਵੇਂ ਵਾਹਨ ਖ਼ਰੀਦਣ ਦਾ ਕੋਈ ਇਰਾਦਾ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰੀ ਸਪਾਂਸਰ ਸਕੀਮਾਂ ਅਧੀਨ ਹਾਸਿਲ ਹੁੰਦੇ ਫੰਡਾਂ ਦੀ ਵਰਤੋਂ ਤਰਕਸੰਗਤ ਢੰਗ ਨਾਲ ਲੋਕਾਂ ਦੀ ਭਲਾਈ ਲਈ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਹੁਤ ਛੇਤੀ ਹੀ ਪੇਂਡੂ ਵਿਕਾਸ ਫੰਡ ਜਾਰੀ ਕੀਤੇ ਜਾ ਰਹੇ ਹਨ ਕਿਉਂ ਜੋ ਮੰਤਰੀ ਮੰਡਲ ਨੇ ਬੀਤੇ ਦਿਨ ਹੋਈ ਮੀਟਿੰਗ ਵਿੱਚ ਪੰਜਾਬ ਪੇਂਡੂ ਵਿਕਾਸ ਸੋਧ ਆਰਡੀਨੈਂਸ ਪ੍ਰਵਾਨ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੇ ਇਹ ਫੰਡ ਇਸ ਲਈ ਰੋਕੇ ਹੋਏ ਸਨ ਕਿਉਂਕਿ ਪਿਛਲੀਆਂ ਸਰਕਾਰਾਂ ਆਪਣੇ ਸਿਆਸੀ ਹਿੱਤ ਪੂਰਨ ਲਈ ਇਨ੍ਹਾਂ ਫੰਡਾਂ ਨੂੰ ਹੋਰ ਪਾਸੇ ਵਰਤਦੀਆਂ ਰਹੀਆਂ ਹਨ।
ਇਸ ਮੌਕੇ ਮੁੱਖ ਮੰਤਰੀ ਨੇ ਖੇਡਾਂ ਦੇ ਖੇਤਰ ਵਿੱਚ ਜਲੰਧਰ ਦੇ ਅਹਿਮ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਐਲਾਨ ਕੀਤਾ ਕਿ ਜਲੰਧਰ ਵਿੱਚ ਵਿਸ਼ਵ ਪੱਧਰ ਦੀ ਖੇਡ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ । ਇਸ ਦੌਰਾਨ ਮੁੱਖ ਮੰਤਰੀ ਨੇ ਬੂਟਾਂ ਮੰਡੀ ਵਿਖੇ ਡਾ.ਬੀ.ਆਰ.ਅੰਬੇਡਕਰ ਪਾਰਕ ਵਿਖੇ ਡਾ.ਅੰਬੇਡਕਰ ਦੇ ਬੁੱਤ ’ਤੇ ਫੁੱਲ ਮਾਲਾ ਭੇਟ ਕੀਤੀ।ਇਸ ਤੋਂ ਪਹਿਲਾਂ ਵਿਧਾਇਕ ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਆਪਣੇ ਹਲਕੇ ਲਈ ਕੁਝ ਮੰਗਾਂ ਵੀ ਰੱਖੀਆਂ। ਇਸ ਮੌਕੇ ਵਿਧਾਇਕਾਂ ਅਤੇ ਹੋਰ ਨੇਤਾਵਾਂ ਵਲੋਂ ਮੁੱਖ ਮੰਤਰੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨਾਲ ਵਿਧਾਇਕ ਸ਼ੀਤਲ ਅੰਗੂਰਾਲ, ਬਲਕਾਰ ਸਿੰਘ, ਰਮਨ ਅਰੋੜਾ, ਇੰਦਰਜੀਤ ਕੌਰ ਮਾਨ, ਆਪ ਨੇਤਾ ਰਾਜਵਿੰਦਰ ਕੌਰ ਥਿਆੜਾ, ਦਿਨੇਸ਼ ਢੱਲ, ਸੁਰਿੰਦਰ ਸਿੰਘ ਸੋਢੀ, ਜੀਤ ਲਾਲ ਭੱਟੀ, ਰਤਨ ਸਿੰਘ, ਪ੍ਰਿੰਸੀਪਲ ਪ੍ਰੇਮ ਕੁਮਾਰ, ਮੰਗਲ ਸਿੰਘ, ਸੁਭਾਸ਼ ਸਰਮਾ ਤੇ ਹੋਰ ਹਾਜ਼ਰ ਸਨ। ਇਸ ਦੌਰਾਨ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਕਮਿਸ਼ਨਰ ਆਫ਼ ਪੁਲਿਸ ਗੁਰਪ੍ਰੀਤ ਸਿੰਘ ਤੂਰ ਅਤੇ ਹੋਰ ਹਾਜ਼ਰ ਸਨ।
ਕਾਲੇ ਕਾਨੂੰਨਾਂ ਨੂੰ ਪਿੱਛਲੇ ਦਰਵਾਜੇ ਰਾਹੀਂ ਲਾਗੂ ਕਰਨ ਦੀਆਂ ਚੱਲੀਆਂ ਜਾ ਰਹੀਆਂ ਹਨ ਕੋਝੀਆਂ ਚਾਲਾਂ: ਕਿਸਾਨ ਆਗੂ
ਸੁਖਜਿੰਦਰ ਮਾਨ
ਬਠਿੰਡਾ, 13 ਅਪ੍ਰੈਲ : ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ ਤੇ ਕਾਕਾ ਸਿੰਘ ਕੋਟੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋ ਸਾਜਿਸ਼ ਤਹਿਤ ਕਾਲੇ ਕਾਨੂੰਨਾਂ ਨੂੰ ਪਿੱਛਲੇ ਦਰਵਾਜੇ ਰਾਹੀਂ ਲਾਗੂ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਸ ਦੀ ਕੜੀ ਤਹਿਤ ਹੀ ਐਫ.ਸੀ.ਆਈ ਵੱਲੋ ਕਣਕ ਦੀ ਖਰੀਦ ਲਈ ਤੈਅ ਕੀਤੇ ਗਏ ਮਾਪਦੰਡਾਂ ਨੂੰ ਸਖਤ ਕਰਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੀ ਫਸਲ ਅਡਾਨੀ ਦੇ ਸੈਲੋ ਵਿੱਚ ਵੇਚਣ ਲਈ ਮਜਬੂਰ ਹੋ ਸਕਣ। ਜਿਸ ਤਹਿਤ ਹੀ ਸਾਜਿਸ਼ ਨਾਲ ਮੋਗਾ ਦੇ ਅਡਾਨੀ ਸੈਲੋ ਨੂੰ ਮੰਡੀ ਵਜੋਂ ਨੋਟੀਫਾਈਡ ਕੀਤਾ ਗਿਆ ਹੈ । ਸੀਨੀਅਰ ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਮੋਦੀ ਸਰਕਾਰ ਇਹ ਬਹੁਤ ਵੱਡਾ ਭੁਲੇਖਾ ਪਾਲੀ ਬੈਠੀ ਹੈ ਕਿ ਪੰਜਾਬ ਦੀਆ ਕੁੱਝ ਜੱਥੇਬੰਦੀਆਂ ਦਾ ਚੋਣਾਂ ਵਾਲੇ ਪਾਸੇ ਚਲੇ ਜਾਣ ਕਾਰਨ ਅੰਦੋਲਨ ਮੱਧਮ ਪੈ ਗਿਆ ਹੈ ਉਹਨਾਂ ਕਿਹਾ ਇਸ ਨਾਲ ਅੰਦੋਲਨ ਨੂੰ ਕੋਈ ਫਰਕ ਨਹੀਂ ਪਵੇਗਾ ਸਗੋਂ ਅੰਦੋਲਨ ਪਹਿਲਾਂ ਨਾਲੋ ਵੀ ਜ਼ੋਰ ਸ਼ੋਰ ਨਾਲ ਤਕੜਾ ਹੋ ਕੇ ਉਠੇਗਾ । ਉਹਨਾਂ ਕਿਹਾ ਪੰਜਾਬ ਦੇ ਲੋਕ ਅੱਜ ਵੀ ਉਸੇ ਤਰ੍ਹਾਂ ਗੁੱਸੇ ਵਿੱਚ ਹਨ ਤੇ ਉਸੇ ਤਰ੍ਹਾਂ ਜੋਸ਼ੋ ਖਰੋਸ਼ ਨਾਲ ਕਾਰਪੋਰੇਟ ਦਾ ਵਿਰੋਧ ਕਰ ਰਹੇ ਹਨ।ਕਿਸਾਨ ਆਗੂਆ ਨੇ ਲੋਕਾਂ ਨੂੰ ਭਾਵਨਾਤਮਕ ਅਪੀਲ ਕਰਦਿਆਂ ਕਿਹਾ ਕਿ 750 ਕਿਸਾਨਾ ਨੇ ਆਪਣੀ ਜ਼ਿੰਦਗੀ ਦੀ ਆਹੂਤੀ ਦੇ ਕੇ ਉਹ ਕਾਲੇ ਕਾਨੂੰਨ ਰੱਦ ਕਰਵਾਏ ਸਨ। ਹੁਣ ਕੇਂਦਰ ਸਰਕਾਰ ਪਿਛਲੇ ਦਰਵਾਜੇ ਰਾਹੀਂ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ।ਇਸ ਲਈ ਅਡਾਨੀ ਦੇ ਸੈਲੋ ਵਿੱਚ ਕਣਕ ਲੈ ਕੇ ਜਾਣ ਤੋਂ ਪਹਿਲਾਂ ਉਸ ਭੈਣ ਦੇ ਹੰਝੂਆਂ ਨੂੰ ਯਾਦ ਰੱਖਿਓ ਜਿਸ ਤੋਂ ਮੁੜ ਕਦੇ ਆਪਣੇ ਵੀਰ ਦੇ ਰੱਖੜੀ ਨਹੀ ਬੰਨ ਹੋਣੀ, ਉਸ ਮਾਂ ਨੂੰ ਯਾਦ ਰੱਖਿਓ ਜਿਸ ਦਾ ਜਵਾਨ ਪੁੱਤ ਇਸ ਜਹਾਨੋ ਤੁਰ ਗਿਆ,ਉਸ ਸੁਹਾਗਣ ਦੇ ਚਿਹਰੇ ਨੂੰ ਅੱਖਾਂ ਮੂਹਰੇ ਰੱਖ ਕੇ ਅਡਾਨੀ ਦੇ ਸੈਲੋ ਵਿੱਚ ਕਣਕ ਦੀ ਟਰਾਲੀ ਲੈ ਕੇ ਜਾਣ ਬਾਰੇ ਸੋਚੇ ਓ ਜਿਸ ਦੇ ਸਿਰ ਦਾ ਸਾਈ ਮੁੜ ਕਦੇ ਵਾਪਸ ਨਹੀ ਆਉਣਾ,ਉਸ ਬਾਪ ਦੇ ਕਰਜੇ ਨਾਲ ਝੁਕੇ ਹੋਏ ਮੋਢਿਆਂ ਨੂੰ ਯਾਦ ਰੱਖਿਓ ਜਿਸ ਦੀ ਅਰਥੀ ਨੂੰ ਮੋਢਾ ਉਸ ਦੇ ਪੁੱਤ ਨੇ ਦੇਣਾ ਸੀ,ਉਸ ਧੀ ਪੁੱਤ ਨੂੰ ਯਾਦ ਰੱਖਿਓ ਜਿਨਾਂ ਨੂੰ ਕਦੇ ਮੁੜ ਆਪਣਾ ਬਾਪ ਨਹੀ ਮਿਲਣਾ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆ ਸਖਤ ਹਦਾਇਤਾਂ ਦੇ ਕਾਰਨ ਜਦੋ ਸਰਕਾਰੀ ਮੰਡੀਆਂ ਵਿੱਚੋ ਫ਼ਸਲ ਚੁੱਕਣ ਦੀ ਗੱਲ ਆਉਦੀ ਹੈ ਤਾਂ ਐਫ.ਸੀ.ਆਈ ਬਹੁਤ ਸਖਤ ਹਿਦਾਇਤਾਂ ਦੀ ਗੱਲ ਕਰਦੀ ਹੈ ਜਿਸ ਕਾਰਨ ਮਜਬੂਰਨ ਸਾਡੀਆਂ ਪੰਜਾਬ ਦੀਆ ਖ਼ਰੀਦ ਏਜੰਸੀਆ ਦੇ ਇੰਸਪੈਕਟਰਾ ਨੂੰ ਹੜਤਾਲ ਤੇ ਜਾਣਾ ਪਿਆ। ਪਰ ਉਸੇ ਮਾਲ ਨੂੰ ਸੈਲੋਜ ਵਿੱਚ ਲਾਉਣ ਅਤੇ ਉਸੇ ਮਾਲ ਨੂੰ ਖਰੀਦ ਲੈਣ ਤੋ ਇਹ ਗੱਲ ਸਿੱਧ ਹੁੰਦੀ ਹੈ ਕਿ ਇਹ ਸਰਕਾਰੀ ਮੰਡੀਆਂ ਨੂੰ ਫੇਲ ਕਰਨ ਅਤੇ ਸੈਲੋਜ ਤੇ ਪ੍ਰਾਈਵੇਟ ਮੰਡੀਆਂ ਨੂੰ ਉਤਸ਼ਾਹਿਤ ਕਰਨ ਦੀ ਚਾਲ ਹੈ ਉਹਨਾਂ ਕਿਹਾ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਇੱਕ ਬਹੁਤ ਵੱਡੀ ਸਾਜਿਸ਼ ਹੈ ਜਿਸ ਵਿੱਚ ਐਫ.ਸੀ.ਆਈ, ਭਾਰਤ ਸਰਕਾਰ, ਪੰਜਾਬ ਸਰਕਾਰ ਮਿਲੀ ਹੋਈ ਹੈ ਐਥੋਂ ਤੱਕ ਕਿ ਆੜ੍ਹਤੀਏ ਅਤੇ ਮੰਡੀ ਬੋਰਡ ਵੀ ਮਿਲਿਆ ਹੋਇਆ ਹੈ ਜਿਨ੍ਹਾਂ ਨੇ ਉਸ ਅਡਾਨੀ ਸੈਲੋਜ ਨੂੰ ਮੰਡੀ ਵਜੋ ਨੋਟੀਫਾਈਡ ਕੀਤਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੂੰ ਕੱਲ ਤੱਕ ਦਾ ਨੋਟਿਸ ਦਿੱਤਾ ਗਿਆ ਹੈ ਜੇਕਰ ਕੱਲ ਤੱਕ ਸਾਰੇ ਪੰਜਾਬ ਦੀਆ ਮੰਡੀਆਂ ਵਿੱਚ ਸਰਕਾਰੀ ਖਰੀਦ ਨੂੰ ਚਾਲੂ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਨੂੰ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਮੰਡੀਆਂ ਵਿੱਚ ਨਿਰਵਿਘਨ ਖਰੀਦ ਜਾਰੀ, ਕੇਂਦਰੀ ਟੀਮਾਂ ਪਹੁੰਚੀਆਂ
ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਉਣ ਲਈ ਵਚਨਬੱਧ: ਲਾਲ ਚੰਦ ਕਟਾਰੂਚੱਕ
ਸੁਖਜਿੰਦਰ ਮਾਨ
ਚੰਡੀਗੜ੍ਹ, ਅਪ੍ਰੈਲ 13: ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਨਿਰਵਿਘਨ ਖਰੀਦ ਜਾਰੀ ਹੈ ਜਿੱਥੇ ਖਰੀਦ ਅਮਲਾ ਕਿਸਾਨਾਂ ਦੀ ਜਿਣਸ ਦੀ ਖਰੀਦ ਵਿੱਚ ਸਰਗਰਮੀ ਨਾਲ ਜੁਟਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਅੱਜ ਸਵੇਰੇ ਖਰੀਦ ਅਮਲੇ ਦੀ ਸਾਂਝੀ ਤਾਲਮੇਲ ਕਮੇਟੀ ਦੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਹੜਤਾਲ ਦਾ ਸੱਦਾ ਵਾਪਸ ਲੈ ਲਿਆ ਗਿਆ ਅਤੇ ਖਰੀਦ ਕਾਰਜ ਰਾਜ ਭਰ ਵਿੱਚ ਨਿਰਵਿਘਨ ਜਾਰੀ ਰਹੇ। ਸੁੱਕੇ ਅਨਾਜ ਲਈ ਮਾਪਦੰਡਾਂ ਵਿੱਚ ਸੋਧ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਇਸ ਦੇ ਮੁਲਾਂਕਣ ਲਈ ਗਠਿਤ ਕੇਂਦਰੀ ਟੀਮਾਂ ਰਾਜ ਵਿੱਚ ਪਹੁੰਚ ਗਈਆਂ ਹਨ ਅਤੇ ਉਨ੍ਹਾਂ ਦੀਆਂ ਰਿਪੋਰਟਾਂ ਭਲਕੇ ਸੌਂਪੇ ਜਾਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਰਾਜ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਟੀਮਾਂ ਨੂੰ ਹਰ ਸੰਭਵ ਸਹਿਯੋਗ ਦੇਣ ਤਾਂ ਜੋ ਉਹ ਆਪਣੀ ਰਿਪੋਰਟ ਜਲਦੀ ਤੋਂ ਜਲਦੀ ਪੇਸ਼ ਕਰਨ ਦੇ ਯੋਗ ਹੋ ਸਕਣ। ਜ਼ਿਕਰਯੋਗ ਹੈ ਕਿ ਅੱਤ ਦੀ ਗਰਮੀ ਕਾਰਨ ਕਈ ਥਾਵਾਂ ‘ਤੇ ਕਣਕ ਦਾ ਦਾਣਾ ਸੁੰਗੜ ਗਿਆ ਹੈ ਅਤੇ ਕੁਝ ਮੰਡੀਆਂ ‘ਚ ਆ ਰਹੇ ਅਨਾਜ ‘ਚ 6 ਫੀਸਦੀ ਦੇ ਮਾਪਦੰਡ ਤੋਂ ਵੱਧ ਦਾਣਾ ਸੁੰਗੜਿਆ ਹੋਇਆ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ, ਭਾਰਤ ਸਰਕਾਰ ਦੁਆਰਾ ਗਠਿਤ ਕੀਤੀਆਂ ਟੀਮਾਂ ਤੋਂ ਮੰਡੀਆਂ ਵਿੱਚ ਸੁੰਗੜੇ ਹੋਏ ਅਨਾਜ ਦੀ ਆਮਦ ਦੀ ਸੀਮਾ ਦਾ ਮੁਲਾਂਕਣ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਜੋ ਕਿ ਵਿਸ਼ੇਸ਼ਤਾਵਾਂ ਵਿੱਚ ਢੁਕਵੀਂ ਢਿੱਲ ਬਾਰੇ ਅੰਤਿਮ ਫੈਸਲਾ ਲੈਣ ਵਿੱਚ ਭਾਰਤ ਸਰਕਾਰ ਦੀ ਮਦਦ ਕਰੇਗੀ। ਮੰਤਰੀ ਨੇ ਦੁਹਰਾਇਆ ਕਿ ਅਨਾਜ ਦੀ ਦਿੱਖ ਵਿੱਚ ਕਿਸੇ ਵੀ ਤਬਦੀਲੀ ਲਈ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਬੇਇਨਸਾਫ਼ੀ ਹੈ, ਖਾਸ ਕਰਕੇ ਜਦੋਂ ਅਜਿਹੀਆਂ ਤਬਦੀਲੀਆਂ ਕੁਦਰਤੀ ਕਾਰਨਾਂ ਦੁਆਰਾ ਮਨੁੱਖੀ ਕੰਟਰੋਲ ਤੋਂ ਬਾਹਰ ਹੁੰਦੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਲੋੜੀਂਦੀ ਢਿੱਲ ਦੇਣ ਤੱਕ ਸਬਰ ਰੱਖਣ ਦੀ ਅਪੀਲ ਕੀਤੀ।
ਪੰਜਾਬ ਵਜ਼ਾਰਤ ਵੱਲੋਂ ਕਣਕ ਦੀ ਖਰੀਦ ਦੀ ਪ੍ਰਗਤੀ ਦਾ ਜਾਇਜ਼ਾ
ਕੇਂਦਰ ਵੱਲੋਂ ਟੀਮਾਂ ਦਾ ਗਠਨ ਕਰਨ ਲਈ ਫੌਰੀ ਕਦਮ ਚੁੱਕਣ ਦਾ ਸਵਾਗਤ
ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨੂੰ ਸੰਗੁੜੇ ਹੋਏ ਦਾਣਿਆਂ ਲਈ ਢਿੱਲ ਦੇਣ ਦੀ ਅਪੀਲ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਅਪ੍ਰੈਲ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਅੱਜ ਕਣਕ ਦੀ ਖਰੀਦ ਦੇ ਚੱਲ ਰਹੇ ਸੀਜ਼ਨ ਦੌਰਾਨ ਸੁੰਗੜੇ ਹੋਏ ਦਾਣਿਆਂ ਦੇ ਨਿਯਮਾਂ ਨੂੰ ਮੁੜ ਵਿਚਾਰਨ ਲਈ ਸੂਬਾ ਸਰਕਾਰ ਦੀ ਬੇਨਤੀ ਨੂੰ ਪ੍ਰਵਾਨ ਕਰਨ ਲਈ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਨਿਯਮਾਂ ਵਿਚ ਢਿੱਲ ਦੇਣ ਦੇ ਮਸਲੇ ਉਤੇ ਛੇਤੀ ਹੁਕਮ ਜਾਰੀ ਕਰਨ ਲਈ ਅਪੀਲ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਦੇ ਸਕੱਤਰ ਨੇ ਮੰਤਰੀ ਮੰਡਲ ਨੂੰ ਕਣਕ ਦੀ ਚੱਲ ਰਹੀ ਖਰੀਦ ਦੇ ਪ੍ਰਗਤੀ ਬਾਰੇ ਜਾਣੂੰ ਕਰਵਾਇਆ। ਇਹ ਵੀ ਜਾਣਕਾਰੀ ਦਿੱਤੀ ਗਈ ਕਿ ਮੰਡੀਆਂ ਵਿੱਚ 14.9 ਲੱਖ ਮੀਟਰਕ ਟਨ ਕਣਕ ਪਹੁੰਚ ਚੁੱਕੀ ਹੈ ਜਿਸ ਵਿੱਚੋਂ 12 ਲੱਖ ਮੀਟਰਕ ਟਨ ਤੋਂ ਵੱਧ ਕਣਕ ਖਰੀਦੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ 5 ਲੱਖ ਮੀਟਰਕ ਟਨ ਦੀ ਆਮਦ ਹੋਈ ਜਿਸ ਵਿੱਚੋਂ 2 ਲੱਖ ਮੀਟਰਕ ਟਨ ਤੋਂ ਵੱਧ ਦੀ ਖਰੀਦ ਉਸੇ ਦਿਨ ਹੀ ਕਰ ਲਈ ਗਈ। ਬੁਲਾਰੇ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਸੁੰਗੜੇ ਦਾਣਿਆਂ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਕੇਂਦਰੀ ਟੀਮਾਂ ਦੇ ਛੇਤੀ ਗਠਨ ਦਾ ਸੁਆਗਤ ਕਰਦਿਆਂ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਅਨਾਜ ਦੇ ਸੁੰਗੜੇ ਦਾਣਿਆਂ ਦੇ ਨਿਯਮਾਂ ਵਿੱਚ ਬਿਨਾਂ ਕਿਸੇ ਮੁੱਲ ਦੀ ਕਟੌਤੀ ਦੇ ਢਿੱਲ ਦਿੱਤੀ ਜਾਵੇ ਕਿਉਂਕਿ ਕਿਸਾਨਾਂ ਨੂੰ ਘੱਟ ਪੈਦਾਵਾਰ ਦੇ ਕਾਰਨ ਪਹਿਲਾਂ ਹੀ ਬਹੁਤ ਮਾਰ ਪਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਸਬੰਧੀ ਰਸਮੀ ਬੇਨਤੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਅੱਤ ਦੀ ਗਰਮੀ ਕਾਰਨ ਕਈ ਥਾਵਾਂ ‘ਤੇ ਕਣਕ ਦਾ ਦਾਣਾ ਸੁੰਗੜ ਗਿਆ ਹੈ ਅਤੇ ਇਨ੍ਹਾਂ ਮੰਡੀਆਂ ‘ਚ ਆ ਰਹੇ ਅਨਾਜ ‘ਚ 6 ਫੀਸਦੀ ਦੀ ਮਨਜ਼ੂਰਸ਼ੁਦਾ ਹੱਦ ਤੋਂ ਵੱਧ ਦਾਣਾ ਸੁੰਗੜਿਆ ਹੋਇਆ ਹੈ। ਇਸ ਉਪਰੰਤ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਕੱਲ੍ਹ ਸੂਬੇ ਵਿੱਚ ਅਨਾਜ ਦੀ ਹੱਦ ਦਾ ਮੁਲਾਂਕਣ ਕਰਨ ਲਈ ਪੰਜ ਟੀਮਾਂ ਦਾ ਗਠਨ ਕੀਤਾ ਸੀ। ਟੀਮਾਂ ਰਸਤੇ ਵਿੱਚ ਹਨ ਅਤੇ ਮੰਡੀਆਂ ਵਿੱਚ ਆ ਰਹੇ ਸੁੰਗੜੇ ਹੋਏ ਅਨਾਜ ਦੀ ਹੱਦ ਦਾ ਮੁਲਾਂਕਣ ਕਰਨ ਲਈ ਜਲਦ ਹੀ ਸੂਬੇ ਵਿੱਚ ਪਹੁੰਚਣਗੀਆਂ। ਇਹ ਡੇਟਾ ਨਿਯਮਾਂ ਵਿੱਚ ਢੁਕਵੀਂ ਢਿੱਲ ਦੇਣ ਬਾਰੇ ਅੰਤਿਮ ਫੈਸਲਾ ਲੈਣ ਲਈ ਭਾਰਤ ਸਰਕਾਰ ਦੀ ਮਦਦ ਕਰੇਗਾ। ਬੁਲਾਰੇ ਨੇ ਅੱਗੇ ਕਿਹਾ ਕਿ ਮੰਤਰੀ ਮੰਡਲ ਨੇ ਕਿਸਾਨ ਭਲਾਈ ‘ਤੇ ਪੂਰਾ ਜ਼ੋਰ ਦਿੱਤਾ ਹੈ ਅਤੇ ਵਿਭਾਗ ਨੂੰ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਣ ਲਈ ਕਿਹਾ ਹੈ। ਇਸ ਦੇ ਨਾਲ ਹੀ ਵਿਭਾਗ ਨੂੰ ਕਣਕ ਦੀ ਖਰੀਦ ਲਈ ਖਰੀਦ ਏਜੰਸੀਆਂ ਵੱਲੋਂ ਤਾਇਨਾਤ ਸਟਾਫ਼ ਦੇ ਕਿਸੇ ਵੀ ਯੋਗ ਮੁੱਦੇ ਹੱਲ ਕਰਨ ਲਈ ਕਿਹਾ ਗਿਆ ਹੈ।
ਹਰਪਾਲ ਸਿੰਘ ਚੀਮਾ ਵੱਲੋਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਵੈੱਬਸਾਈਟ ਜਾਰੀ
ਸੁਖਜਿੰਦਰ ਮਾਨ
ਚੰਡੀਗੜ, 13 ਅਪ੍ਰੈਲ: ਪੰਜਾਬ ਦੇ ਵਿੱਤ ਅਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਕਿਸਾਨਾਂ ਦੀ ਸਹੂਲਤ ਲਈ ਅੱਜ ‘ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ’ ਦੀ ਵੈੱਬਸਾਈਟ www.agribankpunjab.dronicsoft.com ਲਾਂਚ ਕੀਤੀ। ਉਦਘਾਟਨ ਤੋਂ ਬਾਅਦ ਚੀਮਾ ਨੇ ਕਿਹਾ ਕਿ ਵੈੱਬਸਾਈਟ ਨਾਲ ਬੈਂਕ ਦੀ ਪਾਰਦਰਸ਼ਤਾ ਵਿੱਚ ਵਧੇਰੇ ਸੁਧਾਰ ਆਵੇਗਾ ਅਤੇ ਕਿਸਾਨਾਂ ਨੂੰ ਕਰਜ਼ਾ ਸਕੀਮਾਂ ਅਤੇ ਕਰਜ਼ਾ ਲੈਣ ਦੀ ਪ੍ਰਕਿਰਿਆਵਾਂ ਬਾਰੇ ਅਸਾਨੀ ਨਾਲ ਵਧੇਰੀ ਜਾਣਕਾਰੀ ਮਿਲੇਗੀ। ਉਨਾਂ ਆਸ ਪ੍ਰਗਟਾਈ ਕਿ ਇਹ ਦੋ ਭਾਸ਼ੀ ਵੈੱਬਸਾਈਟ ਬੈਂਕ ਦੀ ਪਹੁੰਚ ਨੂੰ ਨਵੀਂ ਪੀੜੀ ਦੇ ਨਾਲ-ਨਾਲ ਸੀਨੀਅਰ ਨਾਗਰਿਕਾਂ ਤੱਕ ਵੀ ਵਧਾਵੇਗੀ । ਬੈਂਕ ਵੱਲੋਂ ਫਾਇਨਾਂਸ ਕੀਤੇ ਗਏ ਪ੍ਰੋਜੈਕਟ ਅਤੇ ਕਿਸਾਨਾਂ ਦੀ ਸਫ਼ਲਤਾਵਾਂ ਦੀਆਂ ਕਹਾਣੀਆਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਨਗੀਆਂ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਵੈੱਬਸਾਈਟ ਰਾਹੀਂ ਉਪਭੋਗਤਾ ਅਸਾਨੀ ਨਾਲ ਆਪਣੇ ਸੁਝਾਅ ਬੈਂਕ ਨੂੰ ਭੇਜ ਸਕਣਗੇ ਜਿਸ ਨਾਲ ਬੈਂਕ ਨੂੰ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਅਤੇ ਕਿਸਾਨਾਂ ਨੂੰ ਵਧੀਆ ਅਤੇ ਅਸਰਦਾਰ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕਰਨ ’ਚ ਸਹਾਇਤਾ ਮਿਲੇਗੀ । ਪੰਜਾਬ ਰਾਜ ਦੇ ਸਾਰੇ ਪ੍ਰਾਇਮਰੀ ਬੈਂਕਾਂ ਦਾ ਪਤਾ ਅਤੇ ਸੰਪਰਕ ਕਰਨ ਦੇ ਵੇਰਵੇ ਵਰਗੀਆਂ ਜ਼ਰੂਰੀ ਸੂਚਨਾਵਾਂ ਇਸ ’ਤੇ ਉਪਲਬਧ ਹੋਣਗੀਆਂ। ਬੈਂਕ ਦੇ ਕਰਮਚਾਰੀਆਂ ਅਤੇ ਗਾਹਕਾਂ ਦੀਆਂ ਸਹੂਲਤਾਂ ਲਈ ਜ਼ਰੂਰੀ ਸਰਕੂਲਰ/ਦਸਤਾਵੇਜ ‘ਡਾਊਨਲੋਡ ਸੈਕਸ਼ਨ’ ਵਿੱਚ ਉਪਲਬਧ ਹੋਣਗੇ । ਉਨਾਂ ਕਿਹਾ ਕਿ ਵੈੱਬਸਾਈਟ ਰਾਹੀਂ ਉਪਭੋਗਤਾ ਲੋੜੀਂਦੇ ਪੰਨੇ ’ਤੇ ਸਿੱਧਾ ਪਹੁੰਚ ਸਕਦਾ ਹੈ । ਜਨਤਾ ਨਾਲ ਸਮਾਜਿਕ ਤੌਰ ’ਤੇ ਸੰਪਰਕ ਕਰਨ ਲਈ ਬੈਂਕ ਦੇ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ, ਟਵਿਟਰ ਆਦਿ ਦੀ ਜਾਣਕਾਰੀ ਬੈਂਕ ਦੀ ਵੈਬਸਾਈਟ ’ਤੇ ਦਰਸਾਈ ਗਈ ਹੈ। ਚੀਮਾ ਨੇ ਇਸ ਕਾਰਜ ਲਈ ਬੈਂਕ ਮੈਨਜਮੈਂਟ ਨੂੰ ਵਧਾਈ ਦਿੱਤੀ।
ਇਸ ਮੌਕੇ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਰਾਜੀਵ ਕੁਮਾਰ ਗੁਪਤਾ ਨੇ ਸਹਿਕਾਰਤਾ ਮੰਤਰੀ ਦਾ ਬੈਂਕ ਦੀ ਵੈੱਬਸਾਈਟ ਲਾਂਚ ਕਰਨ ਲਈ ਧੰਨਵਾਦ ਕੀਤਾ।
ਭਗਵੰਤ ਮਾਨ ਵੱਲੋਂ ਸੂਬੇ ਦੀ ਪਲੇਠੀ ਫੇਰੀ ‘ਤੇ ਆਏ ਭਾਰਤ ਦੇ ਚੀਫ਼ ਜਸਟਿਸ ਦਾ ਸਵਾਗਤ
ਸੁਖਜਿੰਦਰ ਮਾਨ
ਅੰਮ੍ਰਿਤਸਰ, 13 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਰਤ ਦੇ ਚੀਫ਼ ਜਸਟਿਸ ਐਨ.ਵੀ. ਰਮਨਾ ਦਾ ਪਵਿੱਤਰ ਨਗਰੀ ਪਹੁੰਚਣ ‘ਤੇ ਸਵਾਗਤ ਕੀਤਾ।
ਮੁੱਖ ਮੰਤਰੀ ਨੇ ਜਸਟਿਸ ਐਨ.ਵੀ. ਰਮਨਾ ਨੂੰ ਗੁਲਦਸਤਾ ਭੇਟ ਕਰਕੇ ਸੂਬੇ ਵਿੱਚ ਪਲੇਠੀ ਫੇਰੀ ‘ਤੇ ਆਉਣ ਲਈ ਉਹਨਾਂ ਦਾ ਸੁਆਗਤ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਭਾਰਤ ਦੇ ਚੀਫ਼ ਜਸਟਿਸ ਅਤੇ ਉਨ੍ਹਾਂ ਦੇ ਪਰਿਵਾਰ ਦੀ ਪੰਜਾਬ ਫੇਰੀ ਦੌਰਾਨ ਪੰਜਾਬ ਦੇ ਲੋਕ ਵਿਸ਼ੇਸ਼ ਤੌਰ ‘ਤੇ ਸਮੁੱਚੀ ਸੂਬਾ ਸਰਕਾਰ ਉਨ੍ਹਾਂ ਦੇ ਸਵਾਗਤ ਲਈ ਪੱਬਾਂ ਭਾਰ ਹੈ। ਉਨ੍ਹਾਂ ਨੇ ਭਾਰਤ ਦੇ ਚੀਫ਼ ਜਸਟਿਸ ਨੂੰ ਸੂਬੇ ਵੱਲੋਂ ਪਿਆਰ ਦੇ ਪ੍ਰਤੀਕ ਵਜੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਵੀ ਦਿੱਤਾ।
ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ, ਡਾਇਰੈਕਟਰ ਜਨਰਲ ਆਫ਼ ਪੁਲਿਸ ਵੀ.ਕੇ.ਭਾਵਰਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਏ.ਵੇਣੂ ਪ੍ਰਸਾਦ, ਕਮਿਸ਼ਨਰ ਜਲੰਧਰ ਡਵੀਜ਼ਨ ਵੀ.ਕੇ.ਮੀਨਾ, ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ, ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਅਤੇ ਹੋਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਵੱਲੋਂ ਪੰਜਾਬ ਪੇਂਡੂ ਵਿਕਾਸ (ਸੋਧ) ਆਰਡੀਨੈਂਸ-2022 ਨੂੰ ਪ੍ਰਵਾਨਗੀ
ਪੇਂਡੂ ਮੰਡੀਆਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਨੂੰ ਕਾਰਗਰ ਖਰੀਦ ਪ੍ਰਣਾਲੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਲਿਆ ਫੈਸਲਾ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਅਪ੍ਰੈਲ: ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਕਿਸਾਨਾਂ ਲਈ ਆਧੁਨਿਕ ਖਰੀਦ ਪ੍ਰਣਾਲੀ ਲਾਗੂ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਅੱਜ ਪੰਜਾਬ ਪੇਂਡੂ ਵਿਕਾਸ (ਸੋਧ) ਆਰਡੀਨੈਂਸ-2022 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਅੱਜ ਸਵੇਰੇ ਮੁੱਖ ਮੰਤਰੀ ਦਫ਼ਤਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਸ ਦੇ ਨਤੀਜੇ ਵਜੋਂ ਭਾਰਤ ਸਰਕਾਰ ਦੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਖੁਰਾਕ ਤੇ ਜਨਤਕ ਵੰਡ ਵਿਭਾਗ ਵੱਲੋਂ 24 ਫਰਵਰੀ, 2020 ਨੂੰ ਤੈਅ ਕੀਤੇ ਸੋਧੇ ਹੋਏ ਨਿਯਮਾਂ ਦੀ ਲੀਹ ਉਤੇ ਪੰਜਾਬ ਪੇਂਡੂ ਵਿਕਾਸ ਐਕਟ-1987 ਵਿਚ ਤਰਮੀਮ ਕੀਤੀ ਗਈ ਹੈ। ਗੌਰਤਲਬ ਹੈ ਕਿ ਭਾਰਤ ਸਰਕਾਰ ਨੇ 23 ਅਕਤੂਬਰ, 2020 ਨੂੰ ਆਪਣੇ ਪੱਤਰ ਰਾਹੀਂ ਸਾਉਣੀ ਮੰਡੀਕਰਨ ਸੀਜ਼ਨ (ਕੇ.ਐੱਮ.ਐੱਸ.), 2020 ਲਈ ਆਰਜ਼ੀ ਲਾਗਤ ਸ਼ੀਟ (ਪੀ.ਸੀ.ਐਸ.) ਭੇਜੀ ਸੀ ਜਿਸ ਵਿਚ ਅਧਿਕਾਰਤ ਬਕਾਏ ਦੇ ਤੌਰ ਉਤੇ ਘੱਟੋ-ਘੱਟ ਸਮਰਥਨ ਮੁੱਲ ਉਤੇ ਪੇਂਡੂ ਵਿਕਾਸ ਫੰਡ (ਆਰ.ਡੀ.ਐਫ.) ਦੀ ਤਿੰਨ ਫੀਸਦੀ ਦਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਹਾਲਾਂਕਿ, ਪੀ.ਸੀ.ਐਸ. ਮੁਤਾਬਕ “ਸੂਬੇ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਤੋਂ ਕੀਤੀਆਂ ਕਟੌਤੀਆਂ ਨਾਲ ਸਬੰਧਤ ਮਾਮਲੇ ਅਤੇ ਖਰੀਦ ਕੇਂਦਰ ਦੇ ਵਿਕਾਸ ਦੇ ਉਦੇਸ਼ ਲਈ ਪੇਂਡੂ ਵਿਕਾਸ ਫੀਸ ਦੀ ਵਰਤੋਂ ਜਾਂਚ ਅਧੀਨ ਹੈ।”
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਆਰ.ਡੀ.ਐਫ. ਨੂੰ ਵੱਖ-ਵੱਖ ਉਦੇਸ਼ਾਂ/ਗਤੀਵਿਧੀਆਂ ਲਈ ਖਰਚ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਮੰਡੀਆਂ/ਖਰੀਦ ਕੇਂਦਰਾਂ ਤੱਕ ਪਹੁੰਚ ਸੜਕਾਂ ਦਾ ਨਿਰਮਾਣ ਜਾਂ ਮੁਰੰਮਤ ਅਤੇ ਸਟਰੀਟ ਲਾਈਟਾਂ ਲਾਉਣਾ ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਢੋਆ-ਢੁਆਈ ਦੇ ਯੋਗ ਬਣਾਇਆ ਜਾ ਸਕੇਗਾ, ਨਵੀਆਂ ਮੰਡੀਆਂ/ਖਰੀਦ ਕੇਂਦਰਾਂ ਦਾ ਨਿਰਮਾਣ/ਵਿਕਾਸ ਅਤੇ ਪੁਰਾਣੀਆਂ ਮੰਡੀਆਂ/ਕੱਚੇ ਫੜ੍ਹਾਂ/ਖਰੀਦ ਕੇਂਦਰਾਂ ਦਾ ਵਿਕਾਸ, ਪੀਣ ਵਾਲੇ ਪਾਣੀ ਦੀ ਸਪਲਾਈ ਦੀ ਵਿਵਸਥਾ ਅਤੇ ਮੰਡੀਆਂ/ਖਰੀਦ ਕੇਂਦਰਾਂ ਵਿੱਚ ਸਾਫ-ਸਫਾਈ ਵਿੱਚ ਸੁਧਾਰ ਕਰਨਾ, ਖਰੀਦ ਕਾਰਜਾਂ ਨਾਲ ਜੁੜੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਚੰਗੀਆਂ ਸਹੂਲਤਾਂ ਨਾਲ ਲੈਸ ਰੈਸਟ ਹਾਊਸ/ਰੈਣ ਬਸੇਰੇ/ਸ਼ੈੱਡ ਮੁਹੱਈਆ ਕਰਵਾਉਣਾ ਸ਼ਾਮਲ ਹੈ। ਇਸੇ ਤਰ੍ਹਾਂ ਪੇਂਡੂ ਵਿਕਾਸ ਫੰਡ ਖਰੀਦੇ ਗਏ ਸਟਾਕ ਨੂੰ ਭੰਡਾਰ ਕਰਨ ਲਈ ਮੰਡੀਆਂ ਵਿੱਚ ਸਟੋਰੇਜ ਸਹੂਲਤਾਂ ਵਧਾਉਣ ਲਈ ਖਰਚਿਆ ਜਾਵੇਗਾ ਤਾਂ ਜੋ ਸੂਬੇ ਵਿੱਚ ਖਰੀਦ ਅਤੇ ਮੰਡੀਕਰਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ, ਕਰਜ਼ੇ ਦੇ ਬੋਝ ਹੇਠ ਦੱਬੇ ਸੂਬੇ ਦੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨਾ ਤਾਂ ਜੋ ਦਬਾਅ ਹੇਠ ਵਿਕਰੀ ਦੀ ਕਿਸੇ ਵੀ ਸੰਭਾਵਨਾ ਨੂੰ ਖਤਮ ਕੀਤਾ ਜਾ ਸਕੇ। ਮੰਡੀ ਜਾਂ ਸੂਬਾ ਪੱਧਰ ਉਤੇ ਫਸਲ ਦੀ ਖਰੀਦ ਜਾਂ ਜ਼ਮੀਨੀ ਰਿਕਾਰਡ, ਫਸਲ ਦੇ ਸਰਵੇਖਣ, ਕਿਸਾਨਾਂ ਦੀ ਕੰਪਿਊਟ੍ਰੀਕਿਤ ਪਛਾਣ ਨਾਲ ਸਬੰਧਤ ਹਾਰਡਵੇਅਰ/ਸਾਫਟਵੇਅਰ ਦਾ ਵਿਕਾਸ ਕਰਨਾ ਜੋ ਪਾਰਦਰਸ਼ਤਾ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ-ਨਾਲ ਖਰੀਦ ਗਤੀਵਿਧੀਆਂ ਨੂੰ ਵੀ ਸੁਖਾਲਾ ਬਣਾ ਸਕਦਾ ਹੈ। ਇਸੇ ਤਰ੍ਹਾਂ ਕੰਪਿਊਟਰਾਈਜ਼ਡ ਇਲੈਕਟ੍ਰਾਨਿਕ ਕੰਡਾ, ਤੋਲ ਨਾਲ ਸਬੰਧਤ ਸਹੂਲਤਾਂ, ਗੁਣਵੱਤਾ ਜਾਂਚ ਉਪਕਰਨ, ਮੰਡੀ/ਖਰੀਦ ਕੇਂਦਰਾਂ ਵਿੱਚ ਸੁਵਿਧਾਵਾਂ ਨੂੰ ਘੋਖਣਾ ਅਤੇ ਇਸ ਦਾ ਈ-ਖਰੀਦ ਵਿਧੀ ਨਾਲ ਏਕੀਕਰਣ ਤੋਂ ਇਲਾਵਾ ਸਫਾਈ, ਛਾਂਟੀ, ਸੁਕਾਉਣ, ਅਨਾਜ ਦੀ ਗੁਣਵੱਤਾ ਦਾ ਅਧਿਐਨ, ਛੋਟੇ ਸ਼ਿਪਿੰਗ ਸਾਇਲੋਜ਼, ਬਾਰਦਾਨਾ ਅਤੇ ਸਿਲਾਈ ਦੀਆਂ ਸਹੂਲਤਾਂ ਸਮੇਤ ਮੰਡੀਆਂ ਨੂੰ ਸਵੈ-ਚਲਿਤ ਅਤੇ ਮਸ਼ੀਨੀਕਰਨ ਨਾਲ ਲੈਸ ਕਰਨਾ ਸ਼ਾਮਲ ਹੈ। ਇਸ ਕਦਮ ਨਾਲ ਮੰਡੀਆਂ/ਖਰੀਦ ਕਾਰਜਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
ਬਾਕਸ
ਮੰਤਰੀ ਮੰਡਲ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਵੱਖ-ਵੱਖ ਸ਼੍ਰੇਣੀਆਂ ਦੀਆਂ 145 ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਪੇਂਡੂ ਜਲ ਸਪਲਾਈ ਵਿੱਚ ਹੋਰ ਸੁਧਾਰ ਕਰਨ ਦੇ ਉਦੇਸ਼ ਨਾਲ ਲਿਆ ਫੈਸਲਾ
ਚੰਡੀਗੜ੍ਹ, 13 ਅਪ੍ਰੈਲ: ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੂਬੇ ਭਰ ਦੇ ਲੋਕਾਂ ਨੂੰ ਬਿਹਤਰ ਪੇਂਡੂ ਜਲ ਸਪਲਾਈ ਮੁਹੱਈਆ ਕਰਵਾਉਣ ਲਈ ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਵੱਖ-ਵੱਖ ਸ਼੍ਰੇਣੀਆਂ (25 ਉਪ ਮੰਡਲ ਇੰਜੀਨੀਅਰ, 70 ਜੂਨੀਅਰ ਇੰਜੀਨੀਅਰ, 30 ਜੂਨੀਅਰ ਡਰਾਫਟਸਮੈਨ ਅਤੇ 20 ਸਟੈਨੋ ਟਾਈਪਿਸਟ) ਦੀਆਂ 145 ਅਸਾਮੀਆਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨਾਂ ਅਸਾਮੀਆਂ ਲਈ ਭਰਤੀ ਇੱਕ ਸਾਲ ਦੇ ਅੰਦਰ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਪੰਜਾਬ ਅਧੀਨ ਚੋਣ ਸੇਵਾਵਾਂ ਬੋਰਡ ਦੁਆਰਾ ਸਿੱਧੀ ਭਰਤੀ ਰਾਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਮੰਤਰੀ ਮੰਡਲ ਨੇ ਸਾਲ 2021 ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਉਪਰੋਕਤ ਸ਼੍ਰੇਣੀਆਂ ਦੀਆਂ 88 ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਸੀ। ਇਨਾਂ ਤੋਂ ਇਲਾਵਾ ਅੱਜ ਮੰਤਰੀ ਮੰਡਲ ਨੇ 57 ਹੋਰ ਅਸਾਮੀਆਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਸ਼੍ਰੇਣੀਆਂ ਦੀਆਂ ਅਸਾਮੀਆਂ ਸਾਲ 2022 ਵਿੱਚ ਅਫਸਰਾਂ/ਕਰਮਚਾਰੀਆਂ ਦੀ ਸੇਵਾਮੁਕਤੀ/ਪ੍ਰਮੋਸ਼ਨ ਕਾਰਨ ਖਾਲੀ ਪਈਆਂ ਹਨ। ਗਰਾਮ ਪੰਚਾਇਤਾਂ ਨੂੰ ਬਰਾਡਬੈਂਡ ਸੇਵਾਵਾਂ ਪ੍ਰਦਾਨ ਕਰਨ ਲਈ ਮੌਜੂਦਾ ਭਾਰਤਨੇਟ ਦੇ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਲਈ ਪ੍ਰਵਾਨਗੀ ਦੂਰਸੰਚਾਰ ਵਿਭਾਗ, ਭਾਰਤ ਸਰਕਾਰ ਅਤੇ ਰਾਜ ਸਰਕਾਰ ਵਿਚਕਾਰ ਅਪ੍ਰੈਲ 2013 ਵਿੱਚ ਕੀਤੇ ਗਏ ਸਮਝੋਤੇ ਦੀ ਲਗਾਤਾਰਤਾ ਵਿੱਚ ਮੰਤਰੀ ਮੰਡਲ ਨੇ ਭਾਰਤਨੈੱਟ ਸਕੀਮ ਦੇ ਤਹਿਤ ਸਾਰੀਆਂ ਗ੍ਰਾਮ ਪੰਚਾਇਤਾਂ ਨੂੰ ਰਾਸ਼ਟਰੀ ਬਰਾਡਬੈਂਡ ਨੈਟਵਰਕ ਨਾਲ ਜੋੜਨ ਲਈ ਮੌਜੂਦਾ ਭਾਰਤਨੈੱਟ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਵਿੱਚ ਮਦਦ ਕਰਨ ਲਈ ਮਨਜ਼ੂਰੀ ਦਿੱਤੀ। ਰਾਜ ਸਰਕਾਰ ਇੱਕ ਮਿਆਰੀ ਨੈੱਟਵਰਕ ਬੁਨਿਆਦੀ ਢਾਂਚਾ ਸਥਾਪਤ ਕਰਕੇ ਪੇਂਡੂ ਖੇਤਰਾਂ ਵਿੱਚ ਈ-ਗਵਰਨੈਂਸ, ਈ-ਸਿਹਤ, ਈ-ਸਿੱਖਿਆ, ਈ-ਬੈਂਕਿੰਗ, ਇੰਟਰਨੈੱਟ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਜੋ ਕਿ ਬਿਨਾਂ ਕਿਸੇ ਵਿਤਕਰੇ ਦੇ ਆਧਾਰ `ਤੇ ਪਹੁੰਚਯੋਗ ਹੈ। ਇਹ ਸਾਰੇ ਘਰਾਂ ਅਤੇ ਸੰਸਥਾਵਾਂ ਲਈ ਆਨ-ਡਿਮਾਂਡ ਕਿਫਾਇਤੀ ਬਰਾਡਬੈਂਡ ਕਨੈਕਟੀਵਿਟੀ ਦੀ ਵਿਵਸਥਾ ਨੂੰ ਸਮਰੱਥ ਕਰੇਗਾ ਅਤੇ ਭਾਰਤ ਸਰਕਾਰ ਦੇ ਨਾਲ ਸਾਂਝੇਦਾਰੀ ਵਿੱਚ, ਡਿਜੀਟਲ ਪੰਜਾਬ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਕਰੇਗਾ।
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਜਲਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 13 ਅਪਰੈਲ: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਐਨਐਸਐਸ ਸੈੱਲ ਵੱਲੋਂ ਸਿਵਲ ਹਸਪਤਾਲ, ਬਠਿੰਡਾ ਦੇ ਸਹਿਯੋਗ ਨਾਲ ਜਲ੍ਹਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ 13 ਅਪਰੈਲ, 2022 ਨੂੰ ਯੂਨੀਵਰਸਿਟੀ ਕੈਂਪਸ ਵਿੱਚ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਲਈ 150 ਦੇ ਕਰੀਬ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਰਜਿਸਟ੍ਰੇਸ਼ਨ ਕਰਵਾਈ।
ਇਸ ਮੌਕੇ ਸਿਵਲ ਹਸਪਤਾਲ ਬਠਿੰਡਾ ਦੀ ਡਾਕਟਰੀ ਟੀਮ ਨੇ ਡਾ. ਰਿਚਿਕਾ (ਐਮ.ਡੀ., ਪੈਥੋਲੋਜੀ) ਦੀ ਅਗਵਾਈ ਵਿੱਚ ਸੀਯੂਪੀਬੀ ਕੈਂਪਸ ਦਾ ਦੌਰਾ ਕੀਤਾ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਖੂਨਦਾਨ ਕਰਨ ਤੋਂ ਪਹਿਲਾਂ ਖੂਨਦਾਨੀਆਂ ਦੇ ਹੀਮੋਗਲੋਬਿਨ ਅਤੇ ਹੋਰ ਯੋਗ ਮਾਪਦੰਡਾਂ ਦੀ ਜਾਂਚ ਕੀਤੀ ਗਈ। ਕੈਂਪ ਵਿੱਚ ਲਗਭਗ 105 ਯੂਨਿਟ ਖੂਨ ਇਕੱਤਰ ਕੀਤਾ ਗਿਆ।ਖੂਨਦਾਨ ਕੈਂਪ ਦੀ ਸ਼ੁਰੂਆਤ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਵੱਲੋਂ ਖੂਨਦਾਨ ਕਰਕੇ ਕੀਤੀ ਗਈ। ਇਸ ਤੋਂ ਬਾਅਦ ਅਧਿਆਪਕਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਆਪਣੀ ਡਾਕਟਰੀ ਜਾਂਚ ਕਰਵਾਕੇ ਖ਼ੂਨਦਾਨ ਕੀਤਾ। ਖੂਨਦਾਨ ਕਰਨ ਤੋਂ ਬਾਅਦ ਖੂਨਦਾਨੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਪ੍ਰੋਗਰਾਮ ਦੌਰਾਨ ਵਾਈਸ ਚਾਂਸਲਰ ਪ੍ਰੋ.ਰਾਘਵੇਂਦਰ ਪੀ.ਤਿਵਾਰੀ, ਕੰਟਰੋਲਰ ਪਰੀਖਿਆਵਾਂ ਅਤੇ ਰਜਿਸਟਰਾਰ (ਕਾਰਜਕਾਰੀ) ਪ੍ਰੋ ਬੀ.ਪੀ. ਗਰਗ, ਡਾਇਰੈਕਟਰ ਆਈਕਿਊਏਸੀ ਪ੍ਰੋ. ਮੋਨੀਸ਼ਾ ਧੀਮਾਨ, ਡੀਨ ਰਿਸਰਚ ਪ੍ਰੋ. ਅੰਜਨਾ ਮੁਨਸ਼ੀ, ਐਨਐੱਸਐੱਸ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਦੀਪਕ ਚੌਹਾਨ ਅਤੇ ਯੂਨੀਵਰਸਿਟੀ ਦੇ ਮੈਡੀਕਲ ਅਫ਼ਸਰ ਡਾ. ਰਿਸ਼ੀ ਮਿਸ਼ਰਾ ਨੇ ਖੂਨਦਾਨੀਆਂ ਨੂੰ ਸ਼ੁਭ-ਕਾਮਨਾਵਾਂ.ਦਿੱਤੀਆਂ।ਵਾਈਸ ਚਾਂਸਲਰ ਪ੍ਰੋ.ਆਰ.ਪੀ.ਤਿਵਾਰੀ ਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਲਗਾਏ ਗਏ ਇਸ ਖੂਨਦਾਨ ਕੈਂਪ ਵਿਚ ਵੱਡੀ ਗਿਣਤੀ ਵਿੱਚ ਖ਼ੂਨਦਾਨੀਆਂ ਵਜੋਂ ਰਜਿਸਟਰ ਹੋਣ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ। ਅੰਤ ਵਿੱਚ ਡਾ: ਨਰਿੰਦਰ ਅਤੇ ਐਨਐਸਐਸ ਪ੍ਰੋਗਰਾਮ ਅਫਸਰਾਂ ਨੇ ਸਿਵਲ ਹਸਪਤਾਲ ਬਠਿੰਡਾ ਦੀ ਡਾਕਟਰੀ ਟੀਮ ਦਾ ਧੰਨਵਾਦ ਕੀਤਾ ਅਤੇ ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਐਨਐਸਐਸ ਵਾਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।





