Monday, May 11, 2026
Home Blog Page 2544

ਡਿਪਟੀ ਕਮਿਸ਼ਨਰ ਨੇ ਕੀਤਾ ਸਪੋਰਟਸ ਸਕੂਲ ਘੁੱਦਾ ਦਾ ਅਚਨਚੇਤ ਦੌਰਾ

0

ਸੁਖਜਿੰਦਰ ਮਾਨ
ਬਠਿੰਡਾ, 8 ਅਪ੍ਰੈਲ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਅੱਜ ਸਪੋਰਟਸ ਸਕੂਲ ਘੁੱਦਾ ਦਾ ਅਚਨਚੇਤ ਦੌਰਾ ਕੀਤਾ ਅਤੇ ਸਕੂਲ ਨੂੰ ਮੁੜ ਸੁਰਜੀਤ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਉਨ੍ਹਾਂ ਸਕੂਲ ਦੇ ਅਕਾਦਮਿਕ ਤੇ ਸਪੋਰਟਸ ਵਿੰਗ ਨੂੰ ਬੜੀ ਬਰੀਕੀ ਨਾਲ ਵਾਚਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸਕੂਲ ਦੇ ਦਫਤਰ ਤੋਂ ਲੈ ਕੇ ਖੇਡ ਗਰਾਊਂਡਾਂ, ਇਨਡੋਰ ਸਟੇਡੀਅਮ, ਲੜਕੀਆਂ ਦਾ ਹੋਸਟਲ, ਸਵੀਮਿੰਗ ਪੂਲ, ਵੇਟ ਲਿਫਟਿੰਗ ਹਾਲ, ਹਾਕੀ ਟਰਫ, ਸਿੰਥੇਟਿਕ ਟਰੈਕ ਤੇ ਲੜਕਿਆਂ ਦਾ ਹੋਸਟਲ ਆਦਿ ਹਰੇਕ ਸਥਾਨ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸਕੂਲ ਦੇ ਹੋਸਟਲਾਂ ਦੇ ਕਮਰੇ, ਕਿਚਨ ਰੂਮ, ਵਿਦਿਆਰਥੀਆਂ ਦਾ ਕਾਮਨ ਰੂਮ ਉਚੇਚੇ ਤੌਰ ਤੇ ਚੈਕ ਕੀਤੇ ਅਤੇ ਹੋਣ ਵਾਲੀ ਮੁਰੰਮਤ ਲਈ ਬਣਦੀ ਕਾਰਵਾਈ ਆਰੰਭਣ ਲਈ ਤੁਰੰਤ ਹੁਕਮ ਜਾਰੀ ਕੀਤੇ। ਇਸ ਮੌਕੇ ਸਕੂਲ ਦੇ 50 ਮੀਟਰ ਅਕਾਰ ਦੇ ਸਵੀਮਿੰਗ ਪੂਲ ਨੂੰ ਵੇਖਕੇ ਡਿਪਟੀ ਕਮਿਸ਼ਨਰ ਨੇ ਉਸ ਦੀ ਰਿਪੇਅਰ ਸਬੰਧੀ ਐਸਟੀਮੇਟ ਬਣਾਉਣ ਬਾਬਤ ਆਦੇਸ਼ ਦਿੱਤੇ। ਉਨ੍ਹਾਂ ਸਕੂਲ ਦਾ ਸ਼ਾਨਦਾਰ ਕੈਂਪਸ ਦੇਖ ਕੇ ਕਿਹਾ ਕਿ ਇਹ ਪੰਜਾਬ ਦਾ ਇੱਕੋ-ਇੱਕ ਨਿਵੇਕਲਾ ਸਕੂਲ ਹੈ, ਜਿੱਥੇ ਪੜ੍ਹਾਈ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ਤੱਕ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਵਲੋਂ ਕੋਵਿਡ ਤੋਂ ਬਾਅਦ ਰੁਕੇ ਹੋਏ ਪ੍ਰਾਜੈਕਟਾਂ ਬਾਰੇ ਵੀ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ। ਉਨ੍ਹਾਂ ਸਾਰੇ ਕੈਂਪਸ ਦਾ ਨਿਰੀਖਣ ਕਰਨ ਉਪਰੰਤ ਸਕੂਲ ਦੇ ਪੈਂਡਿੰਗ ਪਏ ਤੇ ਨਵੇਂ ਦਾਖਲਿਆਂ ਸਬੰਧੀ ਟਰਾਇਲਾਂ ਲਈ ਵਿਗਿਆਪਨ ਵਾਲੀ ਫਾਈਲ ਨੂੰ ਹਰੀ ਝੰਡੀ ਦਿੱਤੀ। ਡਿਪਟੀ ਕਮਿਸ਼ਨਰ ਨੇ ਸਕੂਲ ਦੇ ਦੋਹਾਂ ਹੋਸਟਲਾਂ ਨੂੰ ਜਲਦੀ ਖੋਲਣ ਦਾ ਭਰੋਸਾ ਦਿੱਤਾ ਤੇ ਉਨ੍ਹਾਂ ਸਕੂਲ ਦੀਆਂ ਸਾਰੀਆਂ ਮੁਰੰਮਤਯੋਗ ਥਾਂਵਾਂ ਦਾ ਤੁਰੰਤ ਤਖਮੀਨਾ ਤਿਆਰ ਕਰਨ ਲਈ ਪਿ੍ਰੰਸੀਪਾਲ ਨੂੰ ਆਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਇੰਜਾਰਜ ਸ਼੍ਰੀਮਤੀ ਅਮਰਬੀਰ ਕੌਰ ਤੋਂ ਇਲਾਵਾ ਸਕੂਲ, ਸਮੂਹ ਕੋਚ, ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਵੀ ਹਾਜਰ ਸਨ।

ਤਿੰਨ ਪੁਲਿਸ ਕਮਿਸ਼ਨਰ ਅਤੇ ਪੰਜ ਐੱਸਐੱਸਪੀ ਬਦਲੇ

0

ਸੁਖਜਿੰਦਰ ਮਾਨ 
ਚੰਡੀਗੜ੍ਹ, 8 ਅਪ੍ਰੈਲ: ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਚ ਪ੍ਰਸ਼ਾਸਨਿਕ ਬਦਲੀਆਂ ਦਾ ਦੌਰ ਜਾਰੀ ਰੱਖਦੇ ਹੋਏ ਅੱਜ ਤਿੰਨ ਪੁਲਸ ਕਮਿਸ਼ਨਰਾਂ ਅਤੇ ਪੰਜ ਐਸ ਐਸ ਪੀਜ਼ ਦੇ ਤਬਾਦਲੇ ਕਰ ਦਿੱਤੇ। ਮਹੱਤਵਪੂਰਨ ਗੱਲ ਇਹ ਹੈ ਕਿ ਬਦਲੇ ਗਏ ਅੱਠਾਂ ਪੁਲਿਸ ਅਧਿਕਾਰੀਆਂ ਨੂੰ ਹਾਲੇ ਤੱਕ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਹੈ।  ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਹੁਕਮਾਂ ਤਹਿਤ ਜਲੰਧਰ ਰੇਂਜ ਦੇ ਆਈਜੀ ਅਰੁਣਪਾਲ ਸਿੰਘ ਨੂੰ ਸੁਖਚੈਨ ਸਿੰਘ ਗਿੱਲ ਦੀ ਥਾਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਵਾਂ ਪੁਲੀਸ ਕਮਿਸ਼ਨਰ ਲਗਾਇਆ ਗਿਆ ਹੈ। ਆਈਜੀ ਹੈਡਕੁਆਰਟਰ ਕੌਸਤੁਭ ਸ਼ਰਮਾ ਨੂੰ ਲੁਧਿਆਣਾ ਦਾ ਪੁਲੀਸ ਕਮਿਸ਼ਨਰ ਅਤੇ ਅਤੇ ਡੀਆਈਜੀ ਐਡਮਨ ਗੁਰਪ੍ਰੀਤ ਸਿੰਘ ਤੂਰ ਨੂੰ ਨੌਨਿਹਾਲ ਸਿੰਘ ਦੀ ਥਾਂ ਜਲੰਧਰ ਦਾ ਪੁਲੀਸ ਕਮਿਸ਼ਨਰ ਤੈਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜ ਜ਼ਿਲ੍ਹਿਆਂ ਦੇ ਬਦਲੇ ਗਏ ਐੱਸਐੱਸਪੀ ਵਿੱਚ ਪੋਸਟਿੰਗ ਦਾ ਇੰਤਜਾਰ ਕਰ ਰਹੇ ਸਵੱਪਨ ਸਰਮਾ ਨੂੰ ਜਲੰਧਰ ਦਿਹਾਤੀ, ਜੇ ਐਲਿਨਚਜਿਨ ਨੂੰ ਐਸਐਸਪੀ ਬਠਿੰਡਾ,  ਦੀਪਕ ਹਿਲੋਰੀ ਨੂੰ ਐੱਸਐੱਸਪੀ ਲੁਧਿਆਣਾ ਦਿਹਾਤੀ, ਗੌਰਵ ਤੂਰਾ ਨੂੰ ਐੱਸਐੱਸਪੀ ਮਾਨਸਾ ਅਤੇ ਭੁਪਿੰਦਰ ਸਿੰਘ ਨੂੰ ਐਸਐਸਪੀ ਫਾਜ਼ਿਲਕਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਦਲੇ ਗਏ ਪੁਲਸ ਅਧਿਕਾਰੀ ਆਈ ਜੀ ਨੌਨਿਹਾਲ ਸਿੰਘ, ਸੁਖਚੈਨ ਸਿੰਘ ਗਿੱਲ, ਪਾਟਿਲ ਕੇਤਨ ਬਾਲੀਰਾਮ, ਅਮਨੀਤ ਕੋਡਲ, ਦੀਪਕ ਪਾਰਕ, ਸਚਿਨ ਗੁਪਤਾ ਅਤੇ ਸਤਿੰਦਰ ਸਿੰਘ ਨੂੰ ਡੀਜੀਪੀ ਪੰਜਾਬ ਕੋਲ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਹੁਕਮਾਂ ਮੁਤਾਬਕ ਇਨ੍ਹਾਂ ਅਧਿਕਾਰੀਆਂ ਦੀ ਪੋਸਟਿੰਗ ਬਾਅਦ ਵਿੱਚ ਕੀਤੀ ਜਾਵੇਗੀ ।

ਡਿਊਟੀ ਦੌਰਾਨ ਇਮਾਨਦਾਰੀ ਦਿਖਾਉਣ ਲਈ ਹੈੱਡ ਕਾਂਸਟੇਬਲ ਸਨਮਾਨਿਤ

0
ਏ.ਡੀ.ਜੀ.ਪੀ. ਏ.ਐਸ. ਰਾਏ ਨੇ ਰਿਸ਼ਵਤ ਦੀ ਪੇਸ਼ਕਸ਼ ਠੁਕਰਾਉਣ ਲਈ ਟ੍ਰੈਫਿਕ ਵਿੰਗ ਮਾਨਸਾ ਵਿਖੇ ਤਾਇਨਾਤ ਹੈੱਡ ਕਾਂਸਟੈਬਲ ਦਾ ਕੀਤਾ ਸਨਮਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 7 ਅਪ੍ਰੈਲ:ਵਧੀਕ ਡਾਇਰੈਕਟਰ ਜਨਰਲ ਪੁਲਿਸ (ਏ.ਡੀ.ਜੀ.ਪੀ) ਟ੍ਰੈਫਿਕ ਅਮਰਦੀਪ ਸਿੰਘ ਰਾਏ ਨੇ ਵੀਰਵਾਰ ਨੂੰ ਮਾਨਸਾ ਜਿ਼ਲ੍ਹਾ ਪੁਲਿਸ ਦੇ ਟ੍ਰੈਫਿਕ ਵਿੰਗ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਦਿੱਤੀ ਰਿਸ਼ਵਤ ਦੀ ਪੇਸ਼ਕਸ਼ ਨੂੰ ਠੁਕਰਾਉਣ ਲਈ ਪ੍ਰਸ਼ੰਸਾ ਪੱਤਰ (ਕਲਾਸ-1) ਪ੍ਰਦਾਨ ਕੀਤਾ।
ਜਿ਼ਕਰਯੋਗ ਹੈ ਕਿ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਦਾ ਇੱਕ ਵੀਡੀਓ, ਜਿਸ ਵਿੱਚ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਵੱਲੋਂ ਚਲਾਨ ਨਾ ਕੱਟੇ ਜਾਣ ਬਦਲੇ 200 ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਨੂੰ ਠੁਕਰਾਉਂਦੇ ਹੋਏ ਨਜ਼ਰ ਆ ਰਿਹਾ ਸੀ, ਸੋਸ਼ਲ ਮੀਡੀਆ `ਤੇ ਵਾਇਰਲ ਹੋਇਆ ਸੀ। ਜਿਸ ਵਿੱਚ ਗੁਰਪ੍ਰੀਤ ਰਿਸ਼ਵਤ ਦੀ ਪੇਸ਼ਕਸ਼ ਨੂੰ ਠੁਕਰਾਉਂਦੇ ਹੋਏ ਆਪਣੇ ਸੀਨੀਅਰ ਨੂੰ ਕਹਿ ਰਿਹਾ ਹੈ “ਜਨਾਬ, ਇਹਦੀ (ਟ੍ਰੈਫਿਕ ਦੀ ਉਲੰਘਣਾ ਕਰਨ ਵਾਲੇ ਦੀ) ਵੀਡੀਓ ਬਣਾਓ, ਦੇਖੋ ਉਹ ਮੈਨੂੰ 200 ਰੁਪਏ ਰਿਸ਼ਵਤ ਦੇਣ ਦੀ ਕੋਸਿ਼ਸ਼ ਕਰ ਰਿਹਾ ਹੈ। ਅਸੀਂ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਏ ਗਰੁੱਪ ‘ਚ ਭੇਜਾਂਗੇ ਤਾਂ ਜੋ ਉਹਨਾਂ ਨੂੰ ਦਿਖਾ ਸਕੀਏ ਕਿ ਕਿਵੇਂ ਲੋਕ ਪੁਲਿਸ ਨੂੰ ਜ਼ਬਰਦਸਤੀ ਰਿਸ਼ਵਤ ਦੇਣ ਦੀ ਕੋਸਿ਼ਸ਼ ਕਰ ਰਹੇ ਨੇ, ”।
ਏ.ਡੀ.ਜੀ.ਪੀ. ਰਾਏ ਨੇ ਕਿਹਾ ਕਿ ਵਾਇਰਲ ਵੀਡੀਓ ਜਿਸ ਵਿੱਚ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ ਆਪਣੀ ਡਿਊਟੀ ਪ੍ਰਤੀ ਸਮਰਪਣ ਅਤੇ ਇਮਾਨਦਾਰੀ ਦਿਖਾਈ ਹੈ, ਦਾ ਨੋਟਿਸ ਲੈਂਦਿਆਂ ਉਨ੍ਹਾਂ ਨੇ ਗੁਰਪ੍ਰੀਤ ਦੇ ਨੇਕ ਕਾਰਜ ਅਤੇ ਸੁਹਿਰਦ ਭਾਵਨਾ ਨੂੰ ਸਨਮਾਨ ਅਤੇ ਹੌਸਲਾ-ਅਫ਼ਸਾਈ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਪੁਲਿਸ ਕਰਮੀ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਆਪਣੀ ਡਿਊਟੀ ਹਮੇਸ਼ਾ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।

ਚੰਡੀਗਡ਼੍ਹ ‘ਚ ਮਹਿੰਗਾਈ ਵਿਰੁੱਧ ਰੱਖੇ ਪ੍ਰਦਰਸ਼ਨ ਦੌਰਾਨ ਨਵਜੋਤ ਸਿੱਧੂ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਆਪਸ ‘ਚ ਭਿੜੇ  

0
ਸੁਨੀਲ ਜਾਖੜ ਦੇ ਕਥਿਤ ਦਲਿਤ ਵਿਰੋਧੀ ਬਿਆਨ ‘ਤੇ ਵੀ ਕਾਂਗਰਸ ਅੰਦਰ ਵਿਰੋਧ ਜਾਰੀ  
ਚਰਨਜੀਤ ਚੰਨੀ ਨੇ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ  
ਸੁਖਜਿੰਦਰ ਮਾਨ
ਚੰਡੀਗੜ੍ਹ , 7 ਅਪਰੈਲ: ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਦੇ ਬਾਵਜੂਦ ਕਾਂਗਰਸ ਪਾਰਟੀ ਵਿੱਚ ਚੱਲ ਰਿਹਾ ਕਾਟੋ ਕਲੇਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਹਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਕਥਿਤ ਦਲਿਤ ਵਿਰੋਧੀ ਬਿਆਨ ਦਾ ਮਾਮਲਾ ਪਾਰਟੀ ਅੰਦਰ ਪੂਰੀ ਤਰ੍ਹਾਂ ਭੜਕਿਆ ਹੋਇਆ ਹੈ ਉੱਥੇ ਅੱਜ ਪਾਰਟੀ ਦੇ ਇੱਕ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰਦਰਸ਼ਨ ਦੌਰਾਨ ਪਾਰਟੀ ਦੇ ਕੁਝ ਆਗੂਆਂ ਨੂੰ ਬੇਈਮਾਨ ਕਹਿਣ ‘ਤੇ ਹੰਗਾਮਾ ਖਡ਼੍ਹਾ ਹੋ ਗਿਆ। ਅੱਜ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਚ ਕੇਂਦਰ ਸਰਕਾਰ ਵਿਰੁੱਧ ਮਹਿੰਗਾਈ ਨੂੰ ਲੈ ਕੇ ਰੱਖੇ ਸੂਬਾ ਪੱਧਰੀ ਪ੍ਰਦਰਸ਼ਨ ਦੌਰਾਨ ਇਸ ਮੁੱਦੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਆਪਸ ਵਿਚ ਭਿੜ ਗਏ। ਅਚਾਨਕ ਹੋਏ ਇਸ ਤਕਰਾਰ ਕਾਰਨ ਕਾਂਗਰਸ ਪਾਰਟੀ ਨੂੰ ਆਪਣਾ ਇਹ ਰੋਸ ਪ੍ਰਦਰਸ਼ਨ ਤੱਤਕਾਲ ਸਮੇਟਣਾ ਪਿਆ ਜਿਸ ਨੂੰ ਲੈ ਕੇ ਕਾਫੀ ਕਿਰਕਿਰੀ ਹੋ ਰਹੀ ਹੈ।  ਪਤਾ ਲੱਗਿਆ ਹੈ ਕਿ ਯੂਥ ਆਗੂ ਬਰਿੰਦਰ ਢਿੱਲੋਂ ਨੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਇਸ ਬਿਆਨ ਉਪਰ ਇਤਰਾਜ਼ ਜਤਾਇਆ ਜਿਸ ਵਿੱਚ ਉਨ੍ਹਾਂ ਕਥਿਤ ਤੌਰ ‘ਤੇ ਇਹ ਦਾਅਵਾ ਕੀਤਾ ਸੀ ਕਿ ਉਹ ਈਮਾਨਦਾਰ ਹਨ ਪਰੰਤੂ ਕੁਝ ਬੇਈਮਾਨ ਵਿਅਕਤੀ ਵੀ ਪਾਰਟੀ ਅੰਦਰ ਹਨ। ਇਸ ਵਿੱਚ ਭਾਸ਼ਨ ‘ਤੇ ਸਵਾਲ ਖੜ੍ਹੇ ਕਰਦਿਆਂ ਬਰਿੰਦਰ ਢਿੱਲੋਂ  ਨੇ ਉਹਨਾਂ ਨੂੰ ਬੇਈਮਾਨ ਬੰਦਿਆਂ ਦਾ ਸਪੱਸ਼ਟ ਤੌਰ ‘ਤੇ ਨਾਮ ਲੈਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਦੋਨਾਂ ਵਿਚ ਤਕਰਾਰਬਾਜ਼ੀ ਵੀ ਹੋਈ ਅਤੇ ਦੋਨਾਂ ਆਗੂਆਂ ਦੇ ਸਮਰਥਕ ਵੀ ਇਕ ਦੂਜੇ ਦਾ ਸਾਥ ਦਿੰਦੇ ਨਜ਼ਰ ਆਏ। ਮਾਮਲਾ ਵਧਦਾ ਦੇਖ ਪ੍ਰਦਰਸ਼ਨ ਵਿੱਚ ਹਾਜ਼ਰ ਆਗੂਆਂ ਅਤੇ ਵਰਕਰਾਂ ਨੇ ਉਠਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੋਵਾਂ ਆਗੂਆਂ ਦੇ ਸਮਰਥਕਾਂ ਨੇ ਆਪਣੇ ਆਪਣੇ ਆਗੂਆਂ ਦੇ ਹੱਕ ਵਿਚ ਨਾਅਰੇਬਾਜ਼ੀ ਵੀ ਕੀਤੀ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਿੰਦਰ ਢਿਲੋਂ ਨੇ ਆਪਣਾ ਸਟੈਂਡ ਦੁਹਰਾਉਂਦਿਆਂ ਕਿਹਾ ਕਿ ਜੇਕਰ ਸਿੱਧੂ ਦੇ ਮੁਤਾਬਕ ਪਾਰਟੀ ਦੇ ਅੰਦਰ ਕੋਈ ਆਗੂ ਬੇਈਮਾਨ ਹੈ ਤਾਂ ਉਸ ਦਾ ਨਾਮ ਲੈਣਾ ਚਾਹੀਦਾ ਹੈ। ਉਧਰ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਥਿਤ ਤੌਰ ‘ਤੇ ਚੰਨੀ ਵੱਲ ਇਸ਼ਾਰਾ ਕਰਦੇ ਹੋਏ ਦਿੱਤੇ ਬਿਆਨ ਨੂੰ ਲੈ ਕੇ ਪਾਰਟੀ ਅੰਦਰ ਵਿਵਾਦਪੂਰਨ ਭੜਕ ਉੱਠਿਆ ਹੈ। ਬੀਤੇ ਕੱਲ ਰਾਜ ਕੁਮਾਰ ਵੇਰਕਾ ਵੱਲੋਂ ਇਸ ਮਾਮਲੇ ਨੂੰ ਚੁੱਕਣ ਤੋਂ ਬਾਅਦ ਹੁਣ ਹੇਠਲੇ ਪੱਧਰ ਦੇ ਵਰਕਰਾਂ ਨੇ ਜਾਖੜ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਅੱਜ ਦਿੱਲੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਪਤਾ ਲੱਗਿਆ ਹੈ ਉਨ੍ਹਾਂ ਆਪਣੀ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਸਾਹਮਣੇ ਪੰਜਾਬ ਅੰਦਰ ਪਾਰਟੀ ਆਗੂਆਂ ਵਿੱਚ ਫੈਲੀ ਆਪੋ ਧਾਪੀ ਅਤੇ ਸੁਨੀਲ ਜਾਖੜ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਮੁੱਦਾ ਚੁੱਕਿਆ ਹੈ। ਬਾਅਦ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਨੀ ਨੇ ਸੁਨੀਲ ਜਾਖੜ ਦੇ ਮੁੱਦੇ ਨੂੰ ਗੰਭੀਰ ਦੱਸਦਿਆਂ ਹਾਈ ਕਮਾਂਡ ਨੂੰ ਇਸ ਲਈ ਵੀ ਕਿਹਾ ਹੈ। ਗੌਰਤਲਬ ਹੈ ਕਿ ਚੋਣਾਂ ਤੋਂ ਪਹਿਲਾਂ ਵੀ ਕਈ ਖੇਮਿਆਂ ਵਿੱਚ ਵੰਡੀ ਕਾਂਗਰਸ ਵਲੋਂ ਭਾਰੀ ਸਿਆਸੀ ਨੁਕਸਾਨ ਹੋਣ ਦੇ ਬਾਵਜੂਦ ਹਾਲੇ ਆਪਣੇ ਢਾਂਚੇ ਵਿੱਚ ਕੋਈ ਤਬਦੀਲੀ ਨਹੀਂ ਲਿਆਂਦੀ ਜਾ ਰਹੀ। ਇਸਦੇ ਇਲਾਵਾ ਗੁੱਟਬੰਦੀ ਦੇ ਚੱਲਦੇ ਹਾਲੇ ਤਕ ਕਾਂਗਰਸ ਹਾਈਕਮਾਂਡ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਵਿੱਚ ਵੀ ਅਸਫਲ ਰਹੀ ਹੈ।

ਬਿਨਾਂ ਪ੍ਰੀਖਿਆਵਾਂ ਲਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਤੋਂ ਵਸੂਲੇ 94.56 ਕਰੋੜ ਰੁਪਏ

0
ਵਿਦਿਆਰਥੀਆਂ ਤੋਂ ਸਰਟੀਫਿਕੇਟ ਫ਼ੀਸ ਮੰਗਣ ਦੀ ਨਿਖੇਧੀ ਕਰਦਿਆਂ ਡੀ.ਟੀ.ਐੱਫ ਰਿਫੰਡ ਕੀਤੇ ਜਾਣ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿੱਦਿਅਕ ਸੈਸ਼ਨ 2019-20 ਅਤੇ 2020-21 ਲਈ, ਵਿਦਿਆਰਥੀਆਂ ਤੋਂ ‘ਮੰਗ ਆਧਾਰਤ’ ਸਰਟੀਫਿਕੇਟ ਦੀ ਹਾਰਡ ਕਾਪੀ ਲਈ ਅਪਲਾਈ ਕਰਨ ‘ਤੇ 800 ਰੁਪਏ ਪ੍ਰਤੀ ਸਰਟੀਫਿਕੇਟ ਫੀਸ ਲੈਣ ਦੇ ਫ਼ੈਸਲੇ ਨੂੰ ਮੁੱਢੋਂ ਰੱਦ ਕਰਨ ਦੀ ਮੰਗ ਲਗਾਤਾਰ ਜ਼ੋਰ ਫੜ ਰਹੀ ਹੈ। ਇਸੇ ਦਰਮਿਆਨ ਇੱਕ ਆਰ.ਟੀ.ਆਈ. ਰਾਹੀਂ ਹੋਏ ਖ਼ੁਲਾਸੇ ਅਨੁਸਾਰ, ਸਿੱਖਿਆ ਬੋਰਡ ਵੱਲੋਂ ਸ‍ਾਲ 2020-21 ਦੋਰਾਨ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਤੋਂ 94.56 ਕਰੋਡ਼ ਰੁਪਏ ਪ੍ਰੀਖਿਆ ਫੀਸ ਵਸੂਲੀ ਗਈ ਹੈ, ਜਦ ਕਿ ਇਸ ਸੈਸ਼ਨ ਵਿੱਚ ਕੋਰੋਨਾ ਦੇ ਹਵਾਲ਼ੇ ਨਾਲ ਬੋਰਡ ਪ੍ਰੀਖਿਆਵਾਂ ਹੀ ਨਹੀ ਹੋਈਆਂ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਵਿੱਦਿਅਕ ਸੈਸ਼ਨ 2019-20 ਅਤੇ 2020-21 ਦੌਰਾਨ ਛੇ ਲੱਖ ਤੋਂ ਵਧੇਰੇ ਵਿਦਿਆਰਥੀਆਂ ਵਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੀ ਪ੍ਰੀਖਿਆ ਫੀਸ ਭਰੀ ਗਈ ਸੀ, ਜਿਸ ਦੌਰਾਨ ਦਸਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਬੋਰਡ ਨੂੰ ਲਗਭਗ 38 ਕਰੋਡ਼ 75 ਲੱਖ ਰੁਪਏ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਲਗਭਗ 55 ਕਰੋਡ਼ 81 ਲੱਖ ਰੁਪਏ ਫ਼ੀਸ ਦੇ ਰੂਪ ਵਿੱਚ ਪ੍ਰਾਪਤ ਹੋਏ। ਆਗੂਆਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਕੋਰੋਨਾ ਸੰਕਟ ਕਾਰਨ ਲੋਕ ਆਰਥਿਕ ਮੰਦਹਾਲੀ ਵੱਲ ਧੱਕੇ ਗਏ ਹਨ, ਉੱਥੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੱਚਿਆਂ ਦੀ ਪ੍ਰੀਖਿਆ ਲਈ ਵਸੂਲੀਆਂ ਫੀਸਾਂ ਵਾਪਸ ਨਾ ਕਰਕੇ ਧ੍ਰੋਹ ਕਮਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਬੋਰਡ ਦੀਆਂ ਸਰਕਾਰ ਵੱਲ ਬਕਾਇਆ ਗ੍ਰਾਂਟਾਂ ਨਾ ਜਾਰੀ ਕਰਨ ਦਾ ਸਾਰਾ ਭਾਰ ਵਿਦਿਆਰਥੀ ਵਰਗ ‘ਤੇ ਪਾ ਦਿੱਤਾ ਗਿਆ ਹੈ।  ਡੀਟੀਐੱਫ ਆਗੂਆਂ ਗੁਰਮੀਤ ਸੁਖਪੁਰ, ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਰਘਵੀਰ ਭਵਾਨੀਗਡ਼੍ਹ, ਜਸਵਿੰਦਰ ਔਜਲਾ ਅਤੇ ਦਲਜੀਤ ਸਫੀਪੁਰ ਆਦਿ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਇਸ ਮਾਮਲੇ ਵਿਚ ਫੌਰੀ ਦਖਲ ਦਿੰਦਿਆਂ, ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਰਿਫੰਡ ਕਰਵਾਉਣ ਅਤੇ ਸਰਟੀਫਿਕੇਟ ਦੀ ਹਾਰਡ ਕਾਪੀ ਬਿਨਾਂ ਕਿਸੇ ਫੀਸ ਤੋਂ ਜਾਰੀ ਕਰਵਾਉਣ ਦੀ ਮੰਗ ਕੀਤੀ ਹੈ।

ਵਿਕਰਮ ਜੀਤ ਬਣੇ ਐਗਰੀਕਲਚਰ ਐਕਸਟੈਨਸ਼ਨ ਆਫਿਸਰ ਐਸੋਸੀਏਸ਼ਨ ਦੇ ਪ੍ਰਧਾਨ 

0
ਸੁਖਜਿੰਦਰ ਮਾਨ
ਬਠਿੰਡਾ, 6 ਅਪਰੈਲ:  ਐਗਰੀਕਲਚਰ ਐਕਸਟੈਨਸ਼ਨ ਅਫਸਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਅੱਜ ਇੱਥੇ ਹੋਈ ਸਰਬ ਸੰਮਤੀ ਨਾਲ ਚੋਣ ਵਿੱਚ ਬਿਕਰਮਜੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਹੈ। ਐਸੋਸੀਏਸ਼ਨ ਦੇ ਇਕ ਬੁਲਾਰੇ ਨੇ ਇਥੇ ਜਾਣਕਾਰੀ ਦਿੰਦੇ ਦੱਸਿਆ ਕਿ ਪ੍ਰਧਾਨ ਤੋਂ ਇਲਾਵਾ ਅਮਨਦੀਪ ਸਿੰਘ ਉਪ ਪ੍ਰਧਾਨ, ਸੁਖਜਿੰਦਰ ਸਿੰਘ ਜਨਰਲ ਸਕੱਤਰ, ਮਨਦੀਪ ਖੁੱਲਰ ਕੈਸ਼ੀਅਰ, ਰਵਿੰਦਰ ਸਿੰਘ ਪ੍ਰੈਸ ਸਕੱਤਰ ਅਤੇ ਹੀਰਾ ਲਾਲ ਮੁੱਖ ਸਲਾਹਕਾਰ ਚੁਣੇ ਗਏ। ਇਸ ਦੌਰਾਨ ਐਸੋਸੀਏਸ਼ਨ ਪ੍ਰਧਾਨ ਵਿਕਰਮ ਜੀਤ ਸਿੰਘ ਨੇ ਦੱਸਿਆ ਕਿ ਐਗਰੀਕਲਚਰ ਐਕਸਟੈਨਸ਼ਨ ਅਫਸਰ ਫੀਲਡ ਵਿੱਚ ਕਿਸਾਨਾਂ ਨੂੰ ਫਸਲਾਂ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਅਤੇ ਪੰਜਾਬ ਸਰਕਾਰ ਵਲੋਂ ਕਿਸਾਨ ਹਿਤ ਵਿੱਚ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦੀ ਸਫਲਤਾ ਲਈ ਪਹਿਲਾਂ ਦੀ ਤਰਾਂ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ ਅਤੇ ਐਸੋਸੀਏਸ਼ਨ ਦੀ ਬੇਹਤਰੀ ਲਈ ਉਪਰਾਲੇ ਕਰਨਗੇ।ਇਸ ਮੀਟਿੰਗ ਵਿਚ ਸੁਰਜੀਤ ਸਿੰਘ, ਤਲਵਿੰਦਰ ਸਿੰਘ, ਸੁਖਦਿਆਲ ਸਿੰਘ, ਰੁਪਿੰਦਰਜੀਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਵੱਲੋਂ ਕੇਂਦਰੀ ਕੋਲਾ ਮੰਤਰੀ ਅਤੇ ਕੇਂਦਰੀ ਬਿਜਲੀ

ਮੰਤਰੀ ਨਾਲ ਨਵੀਂ ਦਿੱਲੀ ਵਿਖੇ ਕੀਤੀ ਗਈ ਮੁਲਾਕਾਤ
ਸੁਖਜਿੰਦਰ ਮਾਨ
ਨਵੀਂ ਦਿੱਲੀ, 6 ਅਪ੍ਰੈਲ: ਪੰਜਾਬ ਦੇ ਬਿਜਲੀ ਮੰਤਰੀ ਸ਼੍ਰੀ ਹਰਭਜਨ ਸਿੰਘ ਵੱਲੋਂ ਅੱਜ ਕੇਂਦਰੀ ਕੋਲਾ ਤੇ ਖਣਜ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨਾਲ ਇੱਥੇ ਸੰਸਦ ਭਵਨ ਵਿਖੇ ਅਤੇ ਕੇਂਦਰੀ ਬਿਜਲੀ, ਨਵੀਂ ਅਤੇ ਨਵਿਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਨਾਲ ਅੱਜ ਇੱਥੇ ਮੀਟਿੰਗ ਕਰਕੇ ਪੰਜਾਬ ਦੇ ਬਿਜਲੀ ਨਾਲ ਸਬੰਧਤ ਮੁਦਿਆਂ ਅਤੇ ਚੱਲ ਰਹੇ ਕੋਲਾ ਸੰਕਟ ਨਾਲ ਜੁੜੇ ਸੂਬੇ ਦੇ ਸਰੋਕਾਰਾਂ ਬਾਰੇ ਗੱਲਬਾਤ ਕੀਤੀ।
ਆਪਣੀ ਇਸ ਪਲੇਠੀ ਮੀਟਿੰਗ ਦੌਰਾਨ ਪੰਜਾਬ ਦੇ ਬਿਜਲੀ ਮੰਤਰੀ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਬਿਜਲੀ ਦੀ ਮੰਗ ਜਿਆਦਾ ਵੱਧ ਜਾਂਦੀ ਹੈ ਅਤੇ ਸੂਬੇ ਨੂੰ ਸਰਕਾਰ ਦੀ ਮਾਲਕੀ ਵਾਲੇ ਥਰਮਲ ਪਾਵਰ ਸਟੇਸ਼ਨਾਂ ਦੇ ਸਾਰੇ ਯੂਨਿਟ ਚਲਾਉਣੇ ਪੈਂਦੇ ਹਨ।ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਵੱਧ ਕੇ 15000 ਮੈਗਾਵਾਟ ਹੋਣ ਦੀ ਸੰਭਾਵਨਾ ਹੈ।ਕੈਬਨਿਟ ਮੰਤਰੀ ਵੱਲੋਂ ਕੋਲੇ ਸਬੰਧੀ ਸਬ ਗਰੁੱਪ ਕਮੇਟੀ ਵੱਲੋਂ ਸੂਬੇ ਦੇ ਆਪਣੇ ਪਲਾਂਟਾਂ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਲਈ ਕੀਤੀ ਕੋਲੇ ਦੀ ਵੰਡ ਦੇ ਮੁਕਾਬਲੇ ਕੋਲੇ ਦੇ ਘੱਟ ਰੇਕਾਂ ਦੀ ਸਪਲਾਈ ਹੋਣ ਦਾ ਮੁੱਦਾ ਵੀ ਚੁੱਕਿਆ ਗਿਆ।ਉਨ੍ਹਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਝੋਨੇ ਦੇ ਸੀਜ਼ਨ ਦੌਰਾਨ ਲੱਚਕਤਾ ਨੀਤੀ ਤਹਿਤ 20 ਲੱਖ ਮੀਟ੍ਰਿਕ ਟਨ ਵਾਧੂ ਕੋਲਾ ਸਰਕਾਰੀ ਖੇਤਰ ਦੇ ਪਲਾਂਟਾਂ ਲਈ ਅਲਾਟ ਕਰਨ ਅਤੇ ਇਸ ਤੋਂ ਇਲਾਵਾ 30 ਲੱਖ ਮੀਟ੍ਰਿਕ ਟਨ ਵਾਧੂ ਕੋਲਾ ਅਲਾਟ ਕਰਨ ਦੀ ਮੰਗ ਕੀਤੀ ਜਿਸਨੂੰ ਪੀ.ਐੱਸ.ਪੀ.ਸੀ.ਐੱਲ ਰਾਹੀਂ ਪ੍ਰਾਈਵੇਟ ਪਲਾਂਟਾਂ ਨਾਭਾ ਪਾਵਰ ਲਿਮਿਟਡ ਅਤੇ ਤਲਵੰਡੀ ਸਾਬੋ ਪਾਵਰ ਲਿਮਿਟਡ ਨੂੰ ਟ੍ਰਾਂਸਫਰ ਕੀਤਾ ਜਾਵੇਗਾ।
ਹਰਭਜਨ ਸਿੰਘ ਨੇ ਪੰਜਾਬ ਦੇ ਬਿਜਲੀ ਸਬੰਧੀ ਮੁੱਦਿਆਂ ‘ਤੇ ਚਰਚਾ ਕਰਨ ਲਈ ਦਿੱਲੀ ਵਿਖੇ ਕੇਂਦਰੀ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ.ਕੇ.ਸਿੰਘ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕੇਂਦਰੀ ਬਿਜਲੀ ਮੰਤਰੀ ਨੂੰ ਦੱਸਿਆ ਕਿ ਦੇਸ਼ ਵਿਆਪੀ ਕੋਲਾ ਸੰਕਟ ਕਾਰਨ ਪੰਜਾਬ ਦੇ ਪਾਵਰ ਪਲਾਂਟਾਂ ਨੂੰ ਆਗਾਮੀ ਝੋਨੇ ਦੇ ਸੀਜ਼ਨ-2022 ਦੌਰਾਨ ਕੋਲੇ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕੇਂਦਰੀ ਬਿਜਲੀ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਕੇਂਦਰੀ ਸੈਕਟਰ ਦੇ ਜਨਰੇਟਿੰਗ ਸਟੇਸ਼ਨਾਂ ਤੋਂ ਪੰਜਾਬ ਰਾਜ ਨੂੰ ਤੁਰੰਤ 1500 ਮੈਗਾਵਾਟ ਬਿਜਲੀ ਅਲਾਟ ਕਰਨ ਤਾਂ ਜੋ ਖੇਤੀਬਾੜੀ ਸੈਕਟਰ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਅਤੇ ਪੰਜਾਬ ਦੇ ਹੋਰ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇ। ਕੇਂਦਰੀ ਬਿਜਲੀ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਦੀ ਘੋਖ ਕਰਨਗੇ ਅਤੇ ਪੰਜਾਬ ਨੂੰ ਲੋੜੀਂਦੀ ਮਾਤਰਾ ਵਿੱਚ ਬਿਜਲੀ ਮੁਹੱਈਆ ਕਰਵਾਉਣਗੇ। ਪੰਜਾਬ ਦੇ ਬਿਜਲੀ ਮੰਤਰੀ ਵੱਲੋਂ ਕੇਂਦਰੀ ਬਿਜਲੀ ਮੰਤਰੀ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਵੀ ਉਠਾਇਆ ਗਿਆ।

ਮਿਲਾਵਟਖੋਰੀ ਵਿਰੁੱਧ ਮੁਹਿੰਮ: ਸਿਹਤ ਟੀਮਾਂ ਵੱਲੋਂ ਮੁਹਾਲੀ ਅਤੇ ਪਟਿਆਲਾ ਜ਼ਿਲ੍ਹੇ ਵਿੱਚੋਂ 14 ਕੁਇੰਟਲ ਮਿਲਾਵਟੀ ਪਨੀਰ ਜ਼ਬਤ

0

ਡਾ. ਵਿਜੈ ਸਿੰਗਲਾ ਵੱਲੋਂ ਮਿਲਾਵਟਖੋਰੀ ਵਿਰੁੱਧ ਸਖ਼ਤੀ ਨਾਲ ਨਜਿੱਠਣ ਦੇ ਨਿਰਦੇਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 6 ਅਪ੍ਰੈਲ: ਖੁਰਾਕੀ ਵਸਤਾਂ ਵਿੱਚ ਮਿਲਾਵਟਖੋਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ 14 ਕੁਇੰਟਲ ਹੋਰ ਮਿਲਾਵਟੀ ਭੋਜਨ ਪਦਾਰਥ ਜ਼ਬਤ ਕੀਤੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ 7 ਕੁਇੰਟਲ 80 ਕਿਲੋ ਨਕਲੀ ਪਨੀਰ ਜ਼ਬਤ ਕਰਨ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਕਸਬੇ ਵਿੱਚ 6 ਕੁਇੰਟਲ 20 ਕਿਲੋ ਪਨੀਰ ਜ਼ਬਤ ਕੀਤਾ ਹੈ। ਇਸ ਦੌਰਾਨ ਸਿਹਤ ਵਿਭਾਗ ਦੀਆਂ ਅੰਤਰ-ਜ਼ਿਲ੍ਹਾ ਟੀਮਾਂ ਨੇ ਵੀ ਦੋ ਦਿਨਾਂ ਵਿੱਚ 13 ਜ਼ਿਲ੍ਹਿਆਂ ਵਿੱਚ ਦੁੱਧ, ਪਨੀਰ, ਖੋਆ, ਪਾਊਡਰ ਵਾਲੇ ਦੁੱਧ, ਘਿਓ ਅਤੇ ਹੋਰ ਖੁਰਾਕੀ ਵਸਤਾਂ ਦੇ 110 ਸੈਂਪਲ ਲਏ ਹਨ, ਜਿਨ੍ਹਾਂ ਨੂੰ ਜਾਂਚ ਲਈ ਸਟੇਟ ਫੂਡ ਲੈਬ ਵਿੱਚ ਭੇਜਿਆ ਜਾ ਰਿਹਾ ਹੈ।ਸਿਹਤ ਮੰਤਰੀ ਨੇ ਕਿਹਾ, “ਕਿਸੇ ਵੀ ਵਿਅਕਤੀ ਨੂੰ ਮਿਲਾਵਟੀ ਜਾਂ ਨਕਲੀ ਭੋਜਨ ਪਦਾਰਥ ਵੇਚ ਕੇ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।” ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟਖੋਰੀ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਹੈ । ਡਾ. ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਭੋਜਨ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਅਜਿਹੀਆਂ ਕਾਰਵਾਈਆਂ ਇਸੇ ਵਚਨਬੱਧਤਾ ਦਾ ਹਿੱਸਾ ਹਨ।ਹੋਰ ਜਾਣਕਾਰੀ ਦਿੰਦਿਆਂ ਡਾ. ਵਿਜੇ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਵਿੱਚ ਘਟੀਆ ਦਰਜੇ ਦੇ ਪਨੀਰ ਦੀ ਸਪਲਾਈ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਇੱਕ ਸੂਚਨਾ ਦੇ ਆਧਾਰ `ਤੇ ਜ਼ਿਲ੍ਹਾ ਸੰਗਰੂਰ ਦੀ ਟੀਮ ਨੇ ਮੁਹਾਲੀ ਦੇ ਵੱਖ-ਵੱਖ ਖੇਤਰਾਂ ਵਿੱਚ ਸਵੇਰੇ 4 ਵਜੇ ਨਾਕੇ ਲਾਏ। ਨਾਕੇ ਦੌਰਾਨ ਬਾਹਰਲੇ ਜਿਲ੍ਹੇ ਤੋਂ ਪਨੀਰ ਸਪਲਾਈ ਕਰਨ ਆਈ ਗੱਡੀ ਵਿੱਚੋਂ ਪਨੀਰ ਦਾ ਸੈਂਪਲ ਭਰਨ ਉਪਰੰਤ 7 ਕੁਇੰਟਲ 80 ਕਿਲੋ ਦਾ ਸਟਾਕ ਜ਼ਬਤ ਕੀਤਾ ਗਿਆ। ਟੀਮ ਨੇ ਪਨੀਰ ਬਣਾਉਣ ਵਾਲੀ ਇਕਾਈ `ਤੇ ਵੀ ਛਾਪਾ ਮਾਰਿਆ ਜੋ ਪਨੀਰ ਦੀ ਸਪਲਾਈ ਕਰਨ `ਚ ਸ਼ਾਮਲ ਸੀ। ਇਸ ਤੋਂ ਇਲਾਵਾ ਟੀਮ ਵੱਲੋਂ ਜ਼ਿਲ੍ਹਾ ਮੁਹਾਲੀ ਵਿਖੇ ਵੱਖ ਵੱਖ ਕਾਰਖਾਨਿਆਂ ਤੋਂ ਦੁੱਧ ਤੋਂ ਬਣੇ ਉਤਪਾਦਾਂ ਅਤੇ ਰੰਗਦਾਰ ਮਿਠਾਈਆਂ ਦੇ 8 ਹੋਰ ਸੈਂਪਲ ਭਰੇ ਗਏ। ਡਾ. ਸਿੰਗਲਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਕੀਮਤ `ਤੇ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਅਗਲੇ ਦਿਨਾਂ `ਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਘਟੀਆ ਦਰਜੇ ਦੀਆਂ ਅਤੇ ਮਿਲਾਵਟੀ ਖੁਰਾਕੀ ਵਸਤਾਂ ਦੀ ਵਿਕਰੀ ਦਾ ਪਤਾ ਚਲਦਾ ਹੈ ਤਾਂ ਉਹ ਸੂਬਾ ਸਰਕਾਰ ਵੱਲੋਂ ਜਾਰੀ ਸ਼ਿਕਾਇਤ ਨਿਵਾਰਣ ਨੰਬਰ `ਤੇ ਤੁਰੰਤ ਜਾਣਕਾਰੀ ਦੇਣ। ਸਿਹਤ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਦਾ ਇੱਕੋ-ਇੱਕ ਉਦੇਸ਼ ਖੁਰਾਕੀ ਵਸਤਾਂ ਵਿੱਚ ਮਿਲਾਵਟਖੋਰੀ ਨੂੰ ਰੋਕਣਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਦੁੱਧ ਵੇਚਣ ਵਾਲਿਆਂ ਜਾਂ ਡੇਅਰੀ ਉਤਪਾਦਾਂ ਦੇ ਵਪਾਰੀਆਂ ਨੂੰ ਬਿਨਾਂ ਵਜ੍ਹਾ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।

ਹੁਣ, ਨਾਗਰਿਕ ਸਾਈਬਰ ਵਿੱਤੀ ਧੋਖਾਧੜੀ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰਨ ਲਈ 1930 ਕਰ ਸਕਦੇ ਹਨ ਡਾਇਲ

0

ਮੌਜੂਦਾ ਹੈਲਪਲਾਈਨ ਨੰਬਰ ‘155260’ ਦੀ ਥਾਂ ਹੁਣ ਨਵਾਂ ਟੋਲ-ਫ੍ਰੀ ਨੰਬਰ ‘1930’ ਹੋਵੇਗਾ ਕਾਰਜਸ਼ੀਲ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਅਪ੍ਰੈਲ: ਸੂਬੇ ਵਿੱਚ ਸਾਈਬਰ ਵਿੱਤੀ ਧੋਖਾਧੜੀ ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆ, ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਨਾਗਰਿਕਾਂ ਨੂੰ ਸਾਈਬਰ ਸਾਧਨਾਂ ਰਾਹੀਂ ਕੀਤੀ ਗਈ ਕਿਸੇ ਵੀ ਵਿੱਤੀ ਧੋਖਾਧੜੀ ਦੀ ਰਿਪੋਰਟ ਕਰਨ ਲਈ ਟੋਲ-ਫ੍ਰੀ ਹੈਲਪਲਾਈਨ ਨੰਬਰ ‘1930’ ਡਾਇਲ ਕਰਨ ਦੀ ਅਪੀਲ ਕੀਤੀ ਹੈ।
ਨੈਸ਼ਨਲ ਹੈਲਪਲਾਈਨ ਨੰਬਰ ‘1930’ ਦੇ ਇਸ ਨਵੇਂ ਛੋਟੇ ਸੰਸਕਰਣ ਨੇ ਮੌਜੂਦਾ ਹੈਲਪਲਾਈਨ ਨੰਬਰ ‘155260’ ਦੀ ਥਾਂ ਲੈ ਲਈ ਹੈ, ਜਿਸ ਨੂੰ ਸ਼ੁਰੂਆਤੀ ਤੌਰ ‘ਤੇ ਗ੍ਰਹਿ ਮੰਤਰਾਲੇ (ਐਮਐਚਏ) ਵੱਲੋਂ ਪ੍ਰੋਜੈਕਟ ਸਿਟੀਜ਼ਨ ਫਾਈਨੈਂਸ਼ੀਅਲ ਸਾਈਬਰ ਫਰਾਡ ਰਿਪੋਰਟਿੰਗ ਐਂਡ ਮੈਨੇਜਮੈਂਟ ਸਿਸਟਮ (ਸੀਐਫਸੀਐਫਆਰਐਮਐਸ) ਤਹਿਤ ਸਾਈਬਰ ਵਿੱਤੀ ਧੋਖਾਧੜੀ ਦੇ ਸ਼ਿਕਾਰ ਨਾਗਰਿਕਾਂ ਦੇ ਵਿੱਤੀ ਨੁਕਸਾਨ ਨੂੰ ਰੋਕਣ ਲਈ ਸ਼ੁਰੂ ਕੀਤਾ ਗਿਆ ਸੀ।
ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਦੱਸਿਆ ਕਿ ਪਹਿਲਾਂ ਇਹ ਸਹੂਲਤ ਸਿਰਫ਼ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ ਹੀ ਹਾਟਲਾਈਨ ‘ਤੇ ਉਪਲਬਧ ਹੁੰਦੀ ਸੀ, ਜਿਸ ਨੂੰ ਹੁਣ ਅਪਗ੍ਰੇਡ ਕੀਤਾ ਗਿਆ ਹੈ ਅਤੇ ਸ਼ਿਕਾਇਤ ਦਰਜ ਕਰਦੇ ਸਮੇਂ ਲਾਈਨ ਵਿਅਸਤ ਰਹਿਣ ਦੀ ਸਮੱਸਿਆ ਦੇ ਹੱਲ ਲਈ ਇਹ ਸਹੂਲਤ ਹੁਣ ਦੋ ਹੌਟਲਾਈਨਾਂ ‘ਤੇ 24 ਘੰਟੇ ਕੰਮ ਕਰ ਰਹੀ ਹੈ।
ਡੀਜੀਪੀ ਨੇ ਕਿਹਾ, “ਹੁਣ ਨਾਗਰਿਕ 1930 ਡਾਇਲ ਕਰਕੇ ਕਿਸੇ ਵੀ ਸਮੇਂ ਸਾਈਬਰ ਵਿੱਤੀ ਧੋਖਾਧੜੀ ਬਾਰੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।” ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਬਚਾਉਣ ਲਈ ਸਟੇਟ ਸਾਈਬਰ ਕ੍ਰਾਈਮ ਸੈੱਲ ਦੀ ਨਵੀਨਤਮ ਸਹੂਲਤਾਂ ਨਾਲ ਲੈਸ ਅਤੇ ਸਿਖਲਾਈ ਪ੍ਰਾਪਤ ਟੀਮ 24 ਘੰਟੇ ਕੰਮ ਕਰ ਰਹੀ ਹੈ।
ਏਡੀਜੀਪੀ ਸਾਈਬਰ ਕ੍ਰਾਈਮ ਜੀ. ਨਾਗੇਸ਼ਵਰ ਰਾਓ ਨੇ ਅੱਗੇ ਦੱਸਿਆ ਕਿ ਹੈਲਪਲਾਈਨ ਨੰਬਰ 1930 ‘ਤੇ ਕਾਲ ਕਰਦੇ ਸਮੇਂ, ਸ਼ਿਕਾਇਤਕਰਤਾ ਨੂੰ ਪੀੜਤ ਦੇ ਬੈਂਕ ਵੇਰਵਿਆਂ (ਖਾਤਾ ਨੰਬਰ, ਡੈਬਿਟ ਕਾਰਡ ਨੰਬਰ), ਸ਼ੱਕੀ ਲੈਣ-ਦੇਣ ਦੇ ਵੇਰਵੇ (ਟ੍ਰਾਂਜੈਕਸ਼ਨ ਆਈ.ਡੀ./ਰੈਫਰੈਂਸ ਨੰਬਰ ਜਾਂ ਬੈਂਕ ਸਟੇਟਮੈਂਟ), ਸ਼ੱਕੀ/ਦੋਸ਼ੀ ਦੇ ਵੇਰਵੇ (ਸ਼ੱਕੀ ਦਾ ਖਾਤਾ ਨੰਬਰ ਜਾਂ ਸ਼ੱਕੀ ਦਾ ਮੋਬਾਈਲ ਨੰਬਰ) ਅਤੇ ਧੋਖਾਧੜੀ ਕਰਨ ਵਾਲੇ ਦਾ ਮੋਬਾਈਲ ਨੰਬਰ ਸਮੇਤ ਹੋਰ ਜਾਣਕਾਰੀ ਦੇਣੀ ਹੋਵੇਗੀ।
ਉਨ੍ਹਾਂ ਕਿਹਾ ਕਿ ਇੱਕ ਵਾਰ ਇਸ ਹੈਲਪਲਾਈਨ ਨੰਬਰ ਰਾਹੀਂ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ, ਇੱਕ ਟਿਕਟ ਇਹ ਧਿਆਨ ਵਿੱਚ ਰੱਖਦਿਆਂ ਸਬੰਧਤ ਬੈਂਕਾਂ, ਵੈਲਟ, ਵਪਾਰੀਆਂ ਨੂੰ ਭੇਜ ਦਿੱਤੀ ਜਾਂਦੀ ਹੈ, ਕਿ ਇਹ ਪੀੜਤ ਦਾ ਬੈਂਕ ਹੈ ਜਾਂ ਉਹ ਬੈਂਕ ਜਾਂ ਵੈਲਟ ਹੈ ਜਿਸ ਵਿੱਚ ਧੋਖਾਧੜੀ ਦਾ ਪੈਸਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਜੇਕਰ ਧੋਖਾਧੜੀ ਵਾਲਾ ਪੈਸਾ ਅਜੇ ਵੀ ਉਪਲਬਧ ਹੈ ਤਾਂ ਬੈਂਕ ਇਸ ਨੂੰ ਰੋਕ ਦੇਵੇਗਾ ਅਤੇ ਧੋਖਾਧੜੀ ਕਰਨ ਵਾਲੇ ਨੂੰ ਪੈਸੇ ਕਢਵਾਉਣ ਦੀ ਆਗਿਆ ਨਹੀਂ ਦੇਵੇਗਾ। ਜੇਕਰ ਧੋਖਾਧੜੀ ਵਾਲਾ ਪੈਸਾ ਕਿਸੇ ਹੋਰ ਬੈਂਕ ਵਿੱਚ ਚਲਾ ਗਿਆ ਹੈ ਤਾਂ ਟਿਕਟ ਅਗਲੇ ਬੈਂਕ ਵਿੱਚ ਭੇਜ ਦਿੱਤੀ ਜਾਵੇਗੀ ਜਿਸ ਵਿੱਚ ਪੈਸੇ ਚਲੇ ਗਏ ਹਨ। ਇਹ ਪ੍ਰਕਿਰਿਆ ਉਦੋਂ ਤੱਕ ਦੁਹਰਾਈ ਜਾਵੇਗੀ ਜਦੋਂ ਤੱਕ ਪੈਸੇ ਨੂੰ ਧੋਖੇਬਾਜ਼ਾਂ ਦੇ ਹੱਥਾਂ ਤੱਕ ਪਹੁੰਚਣ ਤੋਂ ਬਚਾਇਆ ਨਹੀਂ ਜਾਂਦਾ।
ਇਸ ਦੌਰਾਨ, ਸ਼ਿਕਾਇਤ ਦਰਜ ਕਰਾਉਣ ‘ਤੇ, ਪੀੜਤ ਨੂੰ ਫਿਰ ਐਸਐਮਐਸ ਦੁਆਰਾ ਸ਼ਿਕਾਇਤ ਦਾ ਇੱਕ ਰਸੀਦ ਨੰਬਰ ਪ੍ਰਾਪਤ ਹੋਵੇਗਾ ਅਤੇ ਉਸਨੂੰ ਰਾਸ਼ਟਰੀ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (https://cybercrime.gov.in/) ‘ਤੇ ਧੋਖਾਧੜੀ ਦੇ ਪੂਰੇ ਵੇਰਵੇ 24 ਘੰਟੇ ਦੇ ਅੰਦਰ ਰਸੀਦ ਨੰਬਰ ਦੀ ਵਰਤੋਂ ਕਰਦਿਆਂ ਜਮ੍ਹਾ ਕਰਨ ਲਈ ਕਿਹਾ ਜਾਵੇਗਾ।

ਕੁਲਦੀਪ ਧਾਲੀਵਾਲ ਵੱਲੋਂ ਰੰਗਲਾ ਪੰਜਾਬ ਬਣਾਉਣ ਲਈ ਪ੍ਰਵਾਸੀ ਭਾਰਤੀਆਂ ਨੂੰ ਖੁੱਲ੍ਹਾ ਸੱਦਾ

0

ਅਧਿਕਾਰੀਆਂ ਨੂੰ 15 ਦਿਨਾਂ ਵਿੱਚ ਨਵੀਂ ਵਨ ਸਟਾਪ ਐਨ.ਆਰ.ਆਈ ਨੀਤੀ ਦਾ ਖਰੜਾ ਤਿਆਰ ਕਰਨ ਲਈ ਦਿੱਤੇ ਨਿਰਦੇਸ਼
ਸਿੱਖਿਆ, ਸਿਹਤ ਅਤੇ ਖੇਡ ਢਾਂਚੇ ਦੇ ਮਜ਼ਬੂਤੀਕਰਨ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰਵਾਸੀ ਭਾਰਤੀਆਂ ਨੂੰ ਕੀਤੀ ਅਪੀਲ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਅਪ੍ਰੈਲ: ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੁੱਧਵਾਰ ਨੂੰ ਦੁਨੀਆਂ ਭਰ `ਚ ਵਸਦੇ ਪੰਜਾਬੀਆਂ ਨੂੰ ਆਪਣੀ ਪਿੱਠ ਭੂਮੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਅੱਗੇ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ।ਧਾਲੀਵਾਲ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਪ੍ਰਵਾਸੀ ਭਾਰਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਨੂੰ ਆਪਣੀ ਮਾਤ ਭੂਮੀ ਦੀ ਬਿਹਤਰੀ ਅਤੇ ਖੁਸ਼ਹਾਲੀ ਲਈ ਮੋਹਰੀ ਭੂਮਿਕਾ ਨਿਭਾਉਣ ਚਾਹੀਦੀ ਹੈ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਦੋ ਹਫ਼ਤਿਆਂ ਵਿੱਚ ਐਨ.ਆਰ.ਆਈ ਨੀਤੀ ਦਾ ਖਰੜਾ ਪੇਸ਼ ਕੀਤਾ ਜਾਵੇ, ਜਿਸ ਨੂੰ ਮੁੱਖ ਮੰਤਰੀ ਨਾਲ ਪੂਰੀ ਬਾਰੀਕੀ ਨਾਲ ਵਿਚਾਰਨ ਮਗਰੋਂ ਪ੍ਰਵਾਨਗੀ ਦਿੱਤੀ ਜਾਵੇਗੀ। ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀ ਭਲਾਈ ਅਤੇ ਸੁਵਿਧਾ ਲਈ ਪਾਰਦਰਸ਼ੀ ਅਤੇ ਤਰਕਸੰਗਤ ਐਨ.ਆਰ.ਆਈ ਨੀਤੀ ਤਿਆਰ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀਆਂ ਸਿ਼ਕਾਇਤਾਂ ਦੇ ਜਲਦ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਐਨ.ਆਰ.ਆਈ ਨੀਤੀ ਨਿਵੇਸ਼ ਲਈ ਆਸਾਨ ਅਤੇ ਵਨ ਸਟਾਪ ਕਲੀਅਰੈਂਸ ਦੀ ਸਹੂਲਤ ਪ੍ਰਦਾਨ ਕਰੇਗੀ।ਮੰਤਰੀ ਨੇ ਅੱਗੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਜਿ਼ਆਦਾਤਰ ਪੰਜਾਬੀ ਆਪਣੇ ਜੱਦੀ ਪਿੰਡਾਂ ਦੀ ਬਿਹਤਰੀ ਅਤੇ ਵਿਕਾਸ ਲਈ ਸੇਵਾ ਵਜੋਂ ਵੱਡੇ ਯੋਗਦਾਨ ਪਾਉਣਾ ਚਾਹੁੰਦੇ ਹਨ। ਸਿਹਤ, ਖੇਡਾਂ, ਸਿੱਖਿਆ ਦੇ ਖੇਤਰਾਂ ਅਤੇ ਪਿੰਡਾਂ ਦੇ ਛੱਪੜਾਂ ਦੀ ਨੁਹਾਰ ਬਦਲਣ ਵਿੱਚ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਅਤੇ ਯੋਗਦਾਨ ਦਾ ਸਵਾਗਤ ਕਰਦਿਆਂ ਮੰਤਰੀ ਨੇ ਕਿਹਾ ਕਿ ਨਵੀਂ ਨੀਤੀ ਉਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੇਗੀ ਜੋ ਪ੍ਰਵਾਸੀਆਂ ਨੂੰ ਸੂਬੇ ਦੇ ਵਿਕਾਸ ਲਈ ਅਜਿਹੇ ਨੇਕ ਕਾਰਜਾਂ ਦੇ ਅਮਲ ਵਿੱਚ ਅੜਿੱਕਾ ਬਣਦੀਆਂ ਹਨ।ਕੁਲਦੀਪ ਧਾਲੀਵਾਲ ਨੇ ਇਹ ਵੀ ਕਿਹਾ ਕਿ ਕਈ ਪ੍ਰਵਾਸੀ ਭਾਰਤੀ ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਾਉਣ ਵਿਚ ਕਾਫੀ ਦਿਲਚਸਪੀ ਰੱਖਦੇੇ ਹਨ, ਜਿਸ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਸ ਨੇਕ ਕਾਰਜ ਲਈ ਸਮੂਹ ਐਨ.ਆਰ.ਆਈਜ਼ ਨੂੰ ਸਹੀ ਸੇਧ ਅਤੇ ਸਹਾਇਤਾ ਕੀਤੀ ਜਾਵੇ। ਮੰਤਰੀ ਨੇ ਪੰਜਾਬ ਦੇ ਵਿਰਸੇ ਅਤੇ ਸਭਿਆਚਾਰ ਨੂੰ ਸੰਭਾਲਣ ਲਈ ਵੀ ਪ੍ਰਵਾਸੀ ਭਾਰਤੀਆਂ ਦਾ ਸਵਾਗਤ ਕੀਤਾ ਜਿਸ ਲਈ ਉਨ੍ਹਾਂ ਨੇ ਪ੍ਰਵਾਸੀ ਪੰਜਾਬੀਆਂ ਨੂੰ ਠੋਸ ਤਜਵੀਜ਼ਾਂ ਪੇਸ਼ ਕਰਨ ਲਈ ਕਿਹਾ।ਮੀਟਿੰਗ ਵਿੱਚ ਐਨ.ਆਰ.ਆਈ. ਮਾਮਲਿਆਂ ਦੇ ਵਿਸ਼ੇਸ਼ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ, ਮੈਂਬਰ ਐਨ.ਆਰ.ਆਈ. ਕਮਿਸ਼ਨ ਐਮ.ਪੀ ਸਿੰਘ, ਐਨ.ਆਰ.ਆਈ. ਮਾਮਲਿਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਤੋਂ ਇਲਾਵਾ ਉੱਪ ਸਕੱਤਰ ਸੁਰਿੰਦਰ ਕੌਰ ਅਤੇ ਏ.ਆਈ.ਜੀ. ਐਨ.ਆਰ.ਆਈ. ਮਾਮਲੇ ਰਾਜਿੰਦਰ ਸਿੰਘ ਹਾਜ਼ਰ ਸਨ।

Our Visitor

1899909