2 ਪਿਸਤੌਲ ਤੇ ਤੇਜਧਾਰ ਹਥਿਆਰ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਜ਼ਿਲ੍ਹਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਚੋਰੀ ਤੇ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗਿਰੋਹ ਨੂੰ ਕਾਬੂ ਕਰਦਿਆਂ ਉਸਦੇ ਕੋਲੋ 2 ਪਿਸਤੌਲ ਤੇ ਤੇਜਧਾਰ ਹਥਿਆਰ ਬਰਾਮਦ ਕੀਤੇ ਹਨ। ਅੱਜ ਇੱਥੇ ਜਾਰੀ ਬਿਆਨ ਵਿਚ ਐਸ.ਐਸ.ਪੀ ਅਮਨੀਕ ਕੋਂਡਲ ਨੇ ਦਸਿਆ ਕਿ ਸੀਆਈਏ-1 ਵਿੰਗ ਦੇ ਇੰਚਾਰਜ਼ ਐਸ.ਆਈ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਮੋਹਨਦੀਪ ਸਿੰਘ ਬੰਗੀ ਦੀ ਟੀਮ ਨੇ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਹਰਪਾਲ ਸਿੰਘ ਹੈਰੀ,ਗੁਰਮੀਤ ਸਿੰਘ ਉਰਫ ਮੀਤੂ,ਕਿ੍ਰਸ਼ਨ ਸਿੰਘ ਉਰਫ ਕੋਕੀ ਵਾਸੀਆਂਨ ਬਿਰਡਾਣਾ,ਬਲਵਿੰਦਰ ਸਿੰਘ ਬੰਟੀ ਮਾਜਰਾ ਜਿਲ੍ਹਾ ਫਤਿਆਬਾਦ ਅਤੇ ਮਲਕੀਤ ਸਿੰਘ ਾਸੀ ਪੀਰਾਵਾਲੀ ਜਿਲ੍ਹਾ ਹਿਸਾਰ ਨੂੰ ਗਿ੍ਰਫਤਾਰ ਕੀਤਾ ਗਿਆ। ਇਸ ਗਿਰੋਹ ਕੋਲੋ 2 ਪਿਸਤੌਲ 32 ਬੌਰ ਦੇਸੀ ਸਮੇਤ 12 ਰੌਂਦ ਜਿੰਦਾ, ਇੱਕ ਲੋਹੇ ਦਾ ਕਾਪਾ , ਇੱਕ ਕਿਰਚ ਅਤੇ ਇੱਕ ਲੋਹੇ ਦੀ ਪਾਇਪ ਬਰਾਮਦ ਕੀਤੀ ਗਈ। ਇਨ੍ਹਾਂ ਵਿਰੁਧ ਅ/ਧ-399,402 ਆਈ.ਪੀ.ਸੀ ਅਤੇ 25/54/59 ਅਸਲਾ ਐਕਟ ਥਾਣਾ ਸਿਟੀ ਰਾਮਪੂਰਾ ਦਰਜ ਕੀਤਾ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮਲਕੀਤ ਸਿੰਘ ਵਿਰੂਧ ਦੋ ਅਤੇ ਕਿ੍ਰਸ਼ਨ ਸਿੰਘ ਵਿਰੂਧ ਇੱਕ ਪਰਚਾ ਦਰਜ਼ ਹੈ।
ਸੀਆਈਏ-1 ਸਟਾਫ਼ ਵਲੋਂ ਚੋਰੀ ਤੇ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਕਾਬੂ
ਕਿਸਾਨ ਜਥੇਬੰਦੀ ਉਗਰਾਹਾ ਨੇ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ‘ਚ ਸ਼ਾਮਲ ਕਰਨ ਦੀ ਕੀਤੀ ਮੰਗ
ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਆਪਸੀ ਏਕਾ ਕਾਇਮ ਰੱਖਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਅਪ੍ਰੈਲ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ ਤੇ ਪੰਜਾਬੀ ਸੂਬਾ ਬਣਨ ਵੇਲੇ ਸੌੜੀਆਂ ਸਿਆਸੀ ਗਿਣਤੀਆਂ ਕਾਰਨ ਅਣਸੁਲਝੇ ਰਹੇ ਇਸ ਮਸਲੇ ਦਾ ਵਾਜਬ ਨਿਆਈੰ ਨਿਪਟਾਰਾ ਕਰਨ ਦੀ ਮੰਗ ਕੀਤੀ ਹੈ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਚੰਡੀਗੜ੍ਹ ‘ਤੇ ਅਧਿਕਾਰ ਵਧਾਈ ਦੇ ਕਦਮਾਂ ਦੀ ਨਿੰਦਾ ਕੀਤੀ ਹੈ। ਨਾਲ ਹੀ ਜਥੇਬੰਦੀ ਨੇ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਸਲੇ ‘ਤੇ ਹਾਕਮ ਜਮਾਤੀ ਵੋਟ-ਸਿਆਸਤਦਾਨਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਤੇ ਕਿਸਾਨ ਸੰਘਰਸ਼ ਦੌਰਾਨ ਹਾਸਲ ਕੀਤੀ ਆਪਣੀ ਏਕਤਾ ‘ਤੇ ਆਂਚ ਨਾ ਆਉਣ ਦੇਣ। ਇੱਥੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਬੋਲੀ ਦੇ ਆਧਾਰ ‘ਤੇ ਪੰਜਾਬੀ ਸੂਬੇ ਦਾ ਮੁੜ ਗਠਨ ਕੀਤਾ ਗਿਆ ਸੀ, ਪਰ ਇਸ ਵੰਡ ਵਿੱਚ ਕਈ ਤਰੁੱਟੀਆਂ ਸਨ। ਜਿਵੇਂ ਚੰਡੀਗੜ੍ਹ ਸਮੇਤ ਕਈ ਪੰਜਾਬੀ ਬੋਲਦੇ ਖੇਤਰ ਪੰਜਾਬ ਵਿੱਚ ਸ਼ਾਮਲ ਨਹੀਂ ਕੀਤੇ ਗਏ ਤੇ ਲੋਕਾਂ ਦੀਆਂ ਜਮਹੂਰੀ ਉਮੰਗਾਂ ਨੂੰ ਦਰਕਿਨਾਰ ਕੀਤਾ ਗਿਆ। ਇਹ ਵੰਡ ਜਮਹੂਰੀ ਲੀਹਾਂ ‘ਤੇ ਠੀਕ ਤਰ੍ਹਾਂ ਨਾ ਕਰਨ ਨਾਲ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਸੂਬਿਆਂ ਵਿਚ ਰੱਟਿਆਂ ਲਈ ਰਾਹ ਖੁੱਲ੍ਹਾ ਰੱਖਿਆ ਗਿਆ। ਕੇਂਦਰ ਤੇ ਪੰਜਾਬ ਅੰਦਰ ਰਾਜ ਕਰਦੀਆਂ ਰਹੀਆਂ ਮੌਕਾਪ੍ਰਸਤ ਵੋਟ ਪਾਰਟੀਆਂ ਦੀਆਂ ਸਰਕਾਰਾਂ ਨੇ ਇਸ ਮਸਲੇ ਦੇ ਹੱਕੀ ਤੇ ਨਿਆਂਈਂ ਨਿਪਟਾਰੇ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਇਸ ਨੂੰ ਹਮੇਸ਼ਾ ਆਪਣੀਆਂ ਵੋਟ-ਸਿਆਸਤੀ ਚਾਲਾਂ ਦਾ ਹੱਥਾ ਬਣਾਈ ਰੱਖਿਆ ਹੈ। ਵੋਟ-ਸਿਆਸਤਦਾਨਾਂ ਤੇ ਫਿਰਕੂ ਸ਼ਕਤੀਆਂ ਵੱਲੋਂ ਇਸ ਮਸਲੇ ਨੂੰ ਫਿਰਕੂ ਰੰਗਤ ਵੀ ਦਿੱਤੀ ਜਾਂਦੀ ਰਹੀ ਹੈ। ਜਿਸ ਦਾ ਸੰਤਾਪ ਪੰਜਾਬ ਪਹਿਲਾਂ ਹੀ ਬਹੁਤ ਹੰਢਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗਡ੍ਹ ਦਾ ਖੇਤਰ ਪੁਆਧ ਦੇ ਪੇਂਡੂ ਇਲਾਕੇ ਨੂੰ ਉਜਾੜ ਕੇ ਵਸਾਇਆ ਗਿਆ ਸੀ ਤੇ ਇਹ ਖੇਤਰ ਪੰਜਾਬੀ ਬੋਲੀ ਵਾਲਾ ਖ਼ੇਤਰ ਬਣਦਾ ਸੀ। ਹੋਰਨਾਂ ਕੁਝ ਖੇਤਰਾਂ ਵਾਂਗ ਇਹ ਵੀ ਵਾਜਬ ਤੌਰ ‘ਤੇ ਪੰਜਾਬ ਦਾ ਹਿੱਸਾ ਬਣਦਾ ਸੀ। ਇਸ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਥਾਂ ਦਹਾਕਿਆਂ-ਬੱਧੀ ਕੇਂਦਰ-ਸ਼ਾਸਤ ਪ੍ਰਦੇਸ਼ ਬਣਾ ਕੇ ਰੱਖਿਆ ਗਿਆ ਤੇ ਹੁਣ ਭਾਜਪਾ ਹਕੂਮਤ ਇਸ ਨੂੰ ਹੋਰ ਵਧੇਰੇ ਕੇਂਦਰੀ ਹਕੂਮਤ ਦੇ ਹੱਥਾਂ ‘ਚ ਲੈਣ ਦੇ ਰਾਹ ‘ਤੇ ਚੱਲ ਰਹੀ ਹੈ। ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਦੇ ਮੁਲਾਜਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣੇ ਚਾਹੀਦੇ ਸਨ, ਨਾ ਕਿ ਇਸ ਆਧਾਰ ‘ਤੇ ਕੇਂਦਰੀ ਹਕੂਮਤ ਨੂੰ ਆਪਣਾ ਕੰਟਰੋਲ ਵਧਾਉਣ ਲਈ ਕਦਮ-ਵਧਾਰੇ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ।
ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਅਣ-ਸੁਲਝੇ ਪਏ ਕੁਝ ਮਸਲਿਆਂ ਦੇ ਬਾਵਜੂਦ ਪੰਜਾਬ ਤੇ ਹਰਿਆਣੇ ਦੇ ਕਿਰਤੀ ਲੋਕਾਂ ਵੱਲੋਂ ਕਿਸਾਨ ਸੰਘਰਸ਼ ਦੌਰਾਨ ਕਮਾਈ ਏਕਤਾ ਬਹੁਤ ਮੁੱਲਵਾਨ ਹੈ। ਇਸ ਏਕਤਾ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਮਸਲਿਆਂ ਦੇ ਵਾਜਬ ਜਮਹੂਰੀ ਨਿਪਟਾਰੇ ਕਰਨ ਦੀ ਮੰਗ ਦੋਵਾਂ ਸੂਬਿਆਂ ਦੇ ਲੋਕਾਂ ਦੀ ਮੰਗ ਹੈ। ਜਿਵੇਂ ਕਿ ਹਿੰਦੀ ਬੋਲੀ ਦੇ ਖੇਤਰਾਂ ਨੂੰ ਹਰਿਆਣੇ ਨਾਲ ਜੋੜਨ ਦੀ ਮੰਗ ਵੀ ਹੈ। ਪਰ ਇਹਨਾਂ ਮੰਗਾਂ ਨੂੰ ਵੋਟ ਸਿਆਸਤਦਾਨਾਂ ਦੇ ਸੌੜੇ ਮਨਸੂਬਿਆਂ ਦੀ ਭੇਂਟ ਨਹੀਂ ਚਡ੍ਹਨ ਦਿੱਤਾ ਜਾਣਾ ਚਾਹੀਦਾ। ਸਗੋਂ ਲੋਕਾਂ ਨੂੰ ਆਪਣੀਆਂ ਜਮਹੂਰੀ ਉਮੰਗਾਂ ਅਨੁਸਾਰ ਹੱਲ ਮੰਗਣਾ ਚਾਹੀਦਾ ਹੈ।
ਬੀਸੀਐੱਲ ਇੰਡਸਟਰੀ ਬਠਿੰਡਾ ਨੇ ਦੇਸ਼ ਭਰ ’ਚ ਕੁਲ ਰੈਵਨਿਊ ਕੈਟਾਗਰੀਜ਼ ’ਚ 550 ਵਾਂ ਰੈਂਕ ਕੀਤਾ ਹਾਸਿਲ
ਫੂਡ ਪ੍ਰੋਸੈਸਿੰਗ ਦੇ ਰੈਕਿੰਗ ’ਚ ਕੰਪਨੀ ਨੇ ਦੇਸ਼ ਭਰ ’ਚ 11 ਵਾਂ ਸਥਾਨ ਪ੍ਰਾਪਤ ਕੀਤਾ
ਸਾਲ 2020 ’ਚ ਕੰਪਨੀ ਦੀ ਰੈਂਕਿੰਗ 700 ਸੀ ਜਿਹੜੀ ਸਾਲ 2021 ’ਚ 550 ’ਤੇ ਪਹੁੰਚ ਗਈ ਹੈ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਵੱਲੋਂ ਸਮੂਹ ਸਟਾਫ਼ ਅਤੇ ਹੋਰ ਕਰਮਚਾਰੀਆਂ ਨੂੰ ਇਸ ਪ੍ਰਾਪਤੀ ’ਤੇ ਦਿੱਤੀ ਵਧਾਈ।
ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਬੀਸੀਐੱਲ ਇੰਡਸਟਰੀ ਲਿਮਟਿਡ ਲਗਾਤਾਰ ਤਰੱਕੀ ਦੀਆ ਰਾਹਾਂ ’ਤੇ ਚੱਲਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਜਿਥੇ ਪਹਿਲਾਂ ਇਹ ਉਦਯੋਗਿਕ ਗਰੁੱਪ ਸਾਲ 2020 ’ਚ ਦੇਸ਼ ਭਰ ਦੀਆਂ ਚੋਣਵੀਆਂ ਇਕ ਹਜ਼ਾਰ ਕੰਪਨੀਆਂ ਦੀ ਕੁਲ ਰੈਵਨਿਊ ਕੈਟਾਗਰਿਜ਼ ਦੀ ਰੈਂਕਿੰਗ ’ਚ 700 ਵੇਂ ਸਥਾਨ ’ਤੇ ਸੀ ਜੋ ਸਾਲ 2021 ’ਚ 550 ਵੇਂ ਸਥਾਨ ’ਤੇ ਪਹੁੰਚ ਗਈ ਹੈ। ਇਕ ਸਾਲ ਦੇ ਅੰਦਰ ਅੰਦਰ ਬੀਸੀਐੱਲ ਇੰਡਸਟਰੀ ਨੇ ਆਪਣੇ ਪਿਛਲੇ ਇਕ ਸਾਲ ਪਹਿਲਾਂ ਦੇ ਰੈਂਕ ਤੋਂ 150 ਰੈਂਕ ਦੀ ਉਚਾਈ ਨੂੰ ਛੂਹ ਲਿਆ ਹੈ। ਇਸ ਤੋਂ ਵੀ ਜ਼ਿਆਦਾ ਮਾਣ ਵਾਲੀ ਗੱਲ ਇਹ ਹੈ ਕਿ ਬਠਿੰਡਾ ਦੀ ਇਸ ਉਦਯੋਗਿਕ ਗਰੁੱਪ ਨੇ ਫੂਡ ਪ੍ਰੋਸੈਸਿੰਗ ਕੰਪਨੀਆਂ ਦੀ ਰੈਂਕਿੰਗ ’ਚ ਦੇਸ਼ ਭਰ ਦੇ ਅੰਦਰ 11 ਵਾਂ ਸਥਾਨ ਪ੍ਰਾਪਤ ਕੀਤਾ ਹੈ। ਦੱਸਣਯੋਗ ਹੈ ਕਿ ਦੇਸ਼ ਭਰ ’ਚ ਹਰ ਸਾਲ ਬਿਜ਼ਨਸ ਸਟੈਂਡਰਡ ਵੱਲੋਂ ਦੇਸ਼ ਦੀਆਂ ਵੱਧ ਮੁਨਾਫ਼ਾ ਕਮਾਉਣ ਵਾਲੀਆਂ ਇਕ ਹਜ਼ਾਰ ਕੰਪਨੀਆਂ ਦੀ ਚੋਣ ਕਰਕੇ ਰੈਂਕਿੰਗ ਦਿੱਤੀ ਜਾਂਦੀ ਹੈ। ਇਸ ਸੂਚੀ ਨੂੰ ਹਰ ਸਾਲ ਮਾਰਚ ਮਹੀਨੇ ਅੰਤ ’ਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸ ਸੂਚੀ ’ਚ ਹੀ ਬੀਸੀਐੱਲ ਇੰਡਸਟਰੀ ਲਿਮਟਿਡ ਬਠਿੰਡਾ ਨੇ ਸਾਲ 2021 ਦੀ ਰੈਂਕਿੰਗ ’ਚ 550 ਵਾਂ ਸਥਾਨ ਪ੍ਰਾਪਤ ਕਰ ਲਿਆ ਹੈ ਜਦੋਂ ਕਿ ਸਾਲ 2020 ’ਚ ਇਹ ਰੈਂਕ 700 ਸੀ। ਫੂਡ ਪ੍ਰੋਸੈਸਿੰਗ ਮਾਮਲੇ ’ਚ ਤਾਂ ਕੰਪਨੀ ਨੇ ਆਪਣੀ ਦੇਸ਼ ਦੀਆਂ ਮੁੱਖ ਨਾਮੀ ਕੰਪਨੀਆਂ ’ਚ ਜਗ੍ਹਾ ਬਣਾਉਂਦੇ ਹੋਏ 11 ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ’ਤੇ ਬੋਲਦਿਆ ਬੀਸੀਐੱਲ ਇੰਡਸਟਰੀ ਲਿਮਟਿਡ ਦੇ ਮੈਨੇੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਦੱਸਿਆ ਕੇ ਇਹ ਕਾਫੀ ਮਾਣ ਵਾਲੀ ਗੱਲ ਹੈ ਕਿ ਗਰੁੱਪ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਚੰਗਾ ਪ੍ਰਦਰਸ਼ਨ ਕਰਦੇ ਹੋਏ ਹੋਰ ਉੱਚਾ ਰੈਂਕ ਹਾਸਿਲ ਕੀਤਾ ਹੈ ਅਤੇ ਫੂਡ ਪ੍ਰੋਸੈਸਿੰਗ ਦੇ ਮਾਮਲੇ ’ਚ ਅਸੀਂ ਕਾਫੀ ਚੰਗੇ ਰੈਂਕ ’ਤੇ ਆਏ ਹਾਂ। ਉਨ੍ਹਾਂ ਇਸ ਪ੍ਰਾਪਤੀ ਲਈ ਜਿਥੇ ਬੀਸੀਐੱਲ ਇੰਡਸਟਰੀ ਦੀ ਪੂਰੀ ਟੀਮ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ’ਚ ਵੀ ਇਸੇ ਤਰ੍ਹਾਂ ਹਰ ਪੱਖ ਤੋਂ ਮਿਹਨਤ ਕਰਨ ਦਾ ਸੰਦੇਸ਼ ਦਿੱਤਾ। ਦੂਜੇ ਪਾਸੇ ਬੀਸੀਐੱਲ ਦੀ ਇਸ ਚੰਗੀ ਰੈਂਕਿੰਗ ਦੇ ਚਲਦੇ ਇਲਾਕੇ ਦੇ ਉਦਯੋਗਿਕ ਜਗਤ ’ਚ ਵੀ ਕਾਫੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਸੈਸ਼ਨ ਕੋਰਟ ਦੇ ਸੀਨੀਅਰ ਸਟੈਨੋ ਬਲਵਿੰਦਰ ਸਿੰਘ ਦਾ ਦਿਹਾਂਤ
ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਸਥਾਨਕ ਜ਼ਿਲ੍ਹਾ ਕਚਿਹਰੀਆਂ ’ਚ ਵਧੀਕ ਸੈਸਨ ਕੋਰਟ ਦੀ ਅਦਾਲਤ ’ਚ ਤੈਨਾਤ ਸੀਨੀਅਰ ਸਟੈਨੋ ਬਲਵਿੰਦਰ ਸਿੰਘ (55) ਦਾ ਦੇਹਾਂਤ ਹੋ ਗਿਆ ਹੈ। ਉਹ ਪ੍ਰਸਿੱਧ ਲੇਖਕ ਡਾ ਅਜੀਤਪਾਲ ਸਿੰਘ ਦੇ ਚਚੇਰੇ ਭਰਾ ਸਨ। ਪਿਛਲੇ ਤਕਰੀਬਨ ਚਾਲੀ ਸਾਲ ਤੋਂ ਜੁਡੀਸ਼ਲ ਵਿਭਾਗ ਵਿੱਚ ਕੰਮ ਕਰਨ ਵਾਲੇ ਬਲਵਿੰਦਰ ਸਿੰਘ ਅਦਾਲਤ ਵਿਚ ਕਾਫ਼ੀ ਹਰਮਨ ਪਿਆਰੇ ਸਨ। ਡਾ ਅਜੀਤਪਾਲ ਸਿੰਘ ਨੇ ਦਸਿਆ ਕਿ ਜਿਲ੍ਹਾ ਮੁਕਤਸਰ ਦੇ ਪਿੰਡ ਸਿੰਘੇਵਾਲਾ ਫਤੂਹੀਵਾਲਾ ਦੇ ਇਕ ਆਮ ਛੋਟੇ ਕਿਸਾਨੀ ਪਰਿਵਾਰ ਵਿੱਚ ਜੰਮੇ ਪਲੇ ਬਲਵਿੰਦਰ ਸਿੰਘ ਸਟੈਨੋ ਆਪਣੀ ਮਿਹਨਤ ਨਾਲ ਨੌਕਰੀ ’ਤੇ ਨਿਯੁਕਤ ਹੋਏ ਸਨ। ਉਹ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਸਰਗਰਮ ਰਹੇ। ਬਠਿੰਡਾ ਜੁਡੀਸ਼ੀਅਲ ਕੰਪਲੈਕਸ ਵਿਚ ਜੱਜਾਂ ਸਮੇਤ ਸਾਰੇ ਹੀ ਵਕੀਲ ਭਾਈਚਾਰਾ ਉਨ੍ਹਾਂ ਦੀ ਲਿਆਕਿਤ ਦੀ ਕਦਰ ਕਰਦਾ ਸੀ। ਕਈ ਸਾਲ ਪਹਿਲਾਂ ਉਨ੍ਹਾਂ ਨੂੰ ਇੱਕ ਨਾਮੁਰਾਦ ਬੀਮਾਰੀ ਨੇ ਘੇਰ ਲਿਆ ਸੀ ਤੇ ਉਨ੍ਹਾਂ ਨੂੰ ਆਪਣਾ ਇਕ ਗੁਰਦਾ ਕੱਢਣਾ ਪਿਆ ਸੀ। ਉਹ ਆਪਣੇ ਪਿੱਛੇ ਭਰਾਵਾਂ ਅਤੇ ਭੈਣਾਂ ਤੋਂ ਇਲਾਵਾ ਪਤਨੀ ,ਇਕ ਧੀ, ਇਕ ਪੁੱਤਰ ਇੱਕ ਦੋਤਾ ਤੇ ਪੋਤਾ ਛੱਡ ਗਏ ਹਨ। ਉਨ੍ਹਾਂ ਦੀ ਅੰਤਿਮ ਅਰਦਾਸ 10 ਅਪ੍ਰੈਲ ਐਤਵਾਰ ਗੁਰਦੁਆਰਾ ਹਾਜੀ ਰਤਨ ਬਠਿੰਡਾ ਵਿਖੇ ਹੋਵੇਗੀ। ਉਨ੍ਹਾਂ ਦੀ ਮੌਤ ਤੇ ਸਾਹਿਤ ਸਿਰਜਣਾ ਮੰਚ ਬਠਿੰਡਾ,ਪੇਂਡੂ ਸਾਹਿਤ ਸਭਾ ਬਾਲਿਆਂਵਾਲੀ,ਤਰਕਸ਼ੀਲ ਸੋਸਾਇਟੀ ਜਮਹੂਰੀ ਅਧਿਕਾਰ ਸਭਾ, ਬਲੱਡ ਡੋਨਰਜ ਸੁਸਾਇਟੀ ਤੇ ਜੁਡੀਸ਼ੀਅਲ ਕੰਪਲੈਕਸ ਦੇ ਕਰਮਚਾਰੀਆਂ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਤੇ ਮੁਕਤੀ ਸੰਗਰਾਮ ਮੋਰਚੇ ਨੇ ਭਾਰੀ ਦੁੱਖ ਦਾ ਇਜਹਾਰ ਕਰਦਿਆਂ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ 9 ਅਪ੍ਰੈਲ ਨੂੰ ਐਮ.ਆਰ.ਐਸ.ਪੀ.ਟੀ.ਯੂ. ਦੀ ਪਹਿਲੀ ਕਾਨਵੋਕੇਸਨ ‘ਚ ਕਰਨਗੇ ਸਿਰਕਤ
ਡੀ.ਸੀ., ਐਸ.ਐਸ.ਪੀ. ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਪ੍ਰਬੰਧਾਂ ਦਾ ਲਿਆ ਜਾਇਜਾ
ਪ੍ਰਸਿੱਧ ਵਿਗਿਆਨੀ, ਸਮਾਜਸੇਵੀ ਅਤੇ ਉਦਯੋਗਪਤੀ ਨੂੰ ਵਿਲੱਖਣ ਪ੍ਰਾਪਤੀਆਂ ਲਈ ਦਿੱਤੀ ਜਾਵੇਗੀ ‘ਆਨਰਿਸ ਕਾਜ਼ਾ’ ਡਾਕਟਰੇਟ ਡਿਗਰੀ
ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੀ 9 ਅਪ੍ਰੈਲ ਨੂੰ ਹੋਣ ਵਾਲੀ ਪਹਿਲੀ ਕਾਨਵੋਕੇਸਨ ਦੀਆਂ ਤਿਆਰੀਆਂ ਜੋਰਾਂ ‘ਤੇ ਹਨ। ਪੰਜਾਬ ਦੇ ਰਾਜਪਾਲ-ਕਮ-ਚਾਂਸਲਰ ਐਮ.ਆਰ.ਐਸ.-ਪੀ.ਟੀ.ਯੂ. ਸ੍ਰੀ ਬਨਵਾਰੀਲਾਲ ਪੁਰੋਹਿਤ ਕਨਵੋਕੇਸਨ ਦੀ ਪ੍ਰਧਾਨਗੀ ਕਰਨਗੇ, ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਿਦਿਆਰਥੀਆਂ ਨੂੰ ਅਸੀਰਵਾਦ ਦੇਣ ਲਈ ਇਸ ਇਤਿਹਾਸਕ ਮੌਕੇ ਯੂਨਿਵਰਸਿਟੀ ਦੀ ਸੋਭਾ ਵਧਾਉਣ ਲਈ ਉਚੇਚੇ ਤੌਰ ਤੇ ਪਹੁੰਚ ਰਹੇ ਹਨ।
ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਤੇਜੀ ਨਾਲ ਵਿਕਸਿਤ ਹੋ ਰਹੀ ਯੂਨੀਵਰਸਿਟੀ ਲਈ ਇਹ ਬੜੇ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ, ਪੰਜਾਬ ਦੇ ਰਾਜਪਾਲ ਅਤੇ ਸਾਡੀ ਯੂਨੀਵਰਸਿਟੀ ਦੇ ਚਾਂਸਲਰ, ਸ੍ਰੀ ਬਨਵਾਰੀਲਾਲ ਪੁਰੋਹਿਤ ਅਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਹਿਲੀ ਕਾਨਵੋਕੇਸ਼ਨ ਨੂੰ ਸੰਬੋਧਨ ਕਰਨਗੇ ਅਤੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣਗੇ ।
ਬੁੱਧਵਾਰ ਨੂੰ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਪ੍ਰੋ: ਸਿੱਧੂ ਨੇ ਦੱਸਿਆ ਕਿ ਐਮ.ਆਰ.ਐਸ.ਪੀ.ਟੀ.ਯੂ. ਪ੍ਰਸਿੱਧ ਵਿਗਿਆਨੀ ਡਾ. ਕੋਪਿਲਿਲ ਰਾਧਾਕਿ੍ਰਸਨ ਅੰਤਰਰਾਸਟਰੀ ਪ੍ਰਸਿੱਧੀ ਪ੍ਰਾਪਤ ਸਮਾਜਸੇਵੀ ਡਾ. ਐਸ.ਪੀ. ਸਿੰਘ ਓਬਰਾਏ ਅਤੇ ਪ੍ਰਸਿੱਧ ਉਦਯੋਗਪਤੀ ਸ੍ਰੀ ਰਜਿੰਦਰ ਗੁਪਤਾ ਨੂੰ ਉਨ੍ਹਾਂ ਦੇ ਆਪੋ-ਆਪਣੇ ਖੇਤਰਾਂ ਵਿੱਚ ਪਾਏ ਯੋਗਦਾਨ ਨੂੰ ਮਾਨਤਾ ਦੇਣ ਲਈ ਆਨਰਿਸ ਕਾਜ਼ਾ ਡਾਕਟਰੇਟ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਪ੍ਰੋ.ਸਿੱਧੂ ਨੇ ਕਿਹਾ ਕਿ ਨਾਮਵਰ ਸਖਸੀਅਤਾਂ ਨੂੰ ਇਨ੍ਹਾਂ ਆਨਰੇਰੀ ਡਾਕਟਰੇਟ ਦਾ ਐਵਾਰਡ ਵੱਖ-ਵੱਖ ਖੇਤਰਾਂ ਅਤੇ ਸਮਾਜ ਵਿੱਚ ਪਾਏ ਗਏ ਵਿਲੱਖਣ ਯੋਗਦਾਨ ਢੁੱਕਵਾਂ ਸਨਮਾਨ ਹੋਵੇਗਾ।
ਇੱਕ ਹੋਰ ਵੱਡੀ ਪਹਿਲਕਦਮੀ ਵਿੱਚ, ਉਹਨਾਂ ਕਿਹਾ ਕਿ ਐਮ.ਆਰ.ਐਸ.ਪੀ.ਟੀ.ਯੂ. ਅਜਾਦੀ ਕਾ ਅੰਮਿ੍ਰਤ ਮਹੋਤਸਵ ਦੇ 75 ਸਾਲਾਂ ਦੇ ਜਸਨਾਂ ਨੂੰ ਸਮਰਪਿਤ ਉਭਰ ਰਹੀਆਂ ਤਕਨੀਕਾਂ ਵਿੱਚ 75 ਆਨਲਾਈਨ ਸਰਟੀਫਿਕੇਸਨ ਕੋਰਸ ਸੁਰੂ ਕਰਨ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਨ ਅਕਾਦਮਿਕ ਡਾ: ਕਵਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਡਾ: ਕੋਪਿਲਿਲ ਰਾਧਾਕਿ੍ਰਸਨਨ ਨੂੰ ਵਿਗਿਆਨ ਅਤੇ ਪੁਲਾੜ ਦੇ ਖੇਤਰ ਵਿੱਚ ਆਨਰਿਸ ਕਾਜ਼ਾ ਡਾਕਟਰੇਟ ਦੀ ਡਿਗਰੀ ਦਿੱਤੀ ਜਾਵੇਗੀ।ਜਦੋਂ ਕਿ ਸੰਸਾਰ ਪ੍ਰਸਿੱਧ ਪਰਉਪਕਾਰੀ ਡਾ.ਐਸ.ਪੀ. ਸਿੰਘ ਓਬਰਾਏ ਨੂੰ ਸਮਾਜ ਸੇਵਾ ਦੇ ਖੇਤਰ ‘ਚ ਪਾਏ ਵੱਢਮੁਲੇ ਯੋਗਦਾਨ ਲਈ ਅਤੇ ਵਪਾਰ ਅਤੇ ਉਦਯੋਗ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਪ੍ਰਸਿੱਧ ਉਦਯੋਗਪਤੀ ਸ੍ਰੀ ਰਜਿੰਦਰ ਗੁਪਤਾ ਨੂੰ ਡਾਕਟਰੇਟ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ ।
ਸ੍ਰੀ ਵਿਕਾਸ ਗਰਗ, ਪ੍ਰਮੁੱਖ ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਪੰਜਾਬ (ਜੋ ਯੂਨੀਵਰਸਿਟੀ ਦੇ ਬੋਰਡ ਆਫ ਗਵਰਨਰਜ ਦੇ ਚੇਅਰਮੈਨ ਵੀ ਹਨ) ਅਤੇ ਪ੍ਰੋ: ਰਾਜੀਵ ਆਹੂਜਾ, ਡਾਇਰੈਕਟਰ ਆਈ.ਆਈ.ਟੀ, ਰੋਪੜ ਵੀ ਇਸ ਮੌਕੇ ਸ਼ਿਰਕਤ ਕਰਨਗੇ। ਇਸ ਦੌਰਾਨ ਯੂਨੀਵਰਸਿਟੀ ਵੱਲੋਂ ਸਾਨਦਾਰ ਸਮਾਗਮ ਤੋਂ ਪਹਿਲਾਂ ਕੈਂਪਸ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ। ਯੂਨੀਵਰਸਿਟੀ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ।
ਬਠਿੰਡਾ ਦੇ ਡਿਪਟੀ ਕਮਿਸਨਰ ਸ੍ਰੀ ਸੌਕਤ ਅਹਿਮਦ ਪਰੇ ਅਤੇ ਐਸ.ਐਸ.ਪੀ ਸ੍ਰੀਮਤੀ ਅਮਨੀਤ ਕੋਂਡਲ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਸੁਰੱਖਿਆ ਅਤੇ ਹੋਰ ਤਿਆਰੀ ਪ੍ਰਬੰਧਾਂ ਦਾ ਜਾਇਜਾ ਲਿਆ।ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਕੈਂਪਸ ਦੇ ਆਡੀਟੋਰੀਅਮ ਵਿੱਚ ਆਪਣੀ ਪਹਿਲੀ ਕਨਵੋਕੇਸਨ ਆਯੋਜਿਤ ਕਰੇਗਾ ਅਤੇ ਸੁੱਕਰਵਾਰ ਨੂੰ ਇੱਕ ਵਿਆਪਕ ਰਿਹਰਸਲ ਦਾ ਆਯੋਜਨ ਕੀਤਾ ਜਾਵੇਗਾ।
ਪ੍ਰਸਿੱਧ ਵਿਅਕਤੀਆਂ ਨੂੰ ਪ੍ਰਾਪਤ ਕਰਨ ਵਾਲੇ ਆਨਰਿਸ ਕਾਜ਼ਾ ਡਾਕਟਰੇਟ ਡਿਗਰੀ ਪ੍ਰਾਪਤ ਕਰਨ ਵਾਲੇਆਂ ਬਾਰੇ ਸੰਖੇਪ
ਡਾ. ਕੋਪਿਲਿਲ ਰਾਧਾਕਿ੍ਰਸਨਨ
ਬਠਿੰਡਾ: ਡਾ. ਕੋਪਿਲਿਲ ਰਾਧਾਕਿ੍ਰਸਨਨ ਪੁਲਾੜ ਕਮਿਸਨ ਦੇ ਚੇਅਰਮੈਨ, ਪੁਲਾੜ ਵਿਭਾਗ ਦੇ ਸਕੱਤਰ ਅਤੇ ਨਵੰਬਰ 2009 ਤੋਂ ਦਸੰਬਰ 2014 ਤੱਕ ਇਸਰੋ ਦੇ ਚੇਅਰਮੈਨ ਰਹੇ, ਇਸ ਸਮੇਂ ਦੌਰਾਨ 37 ਪੁਲਾੜ ਮਿਸਨਾਂ ਨੂੰ ਚਲਾਉਣ ਲਈ ‘ਟੀਮ ‘ ਨੂੰ ਮਜਬੂਤ ਅਤੇ ਸਫਲ ਅਗਵਾਈ ਪ੍ਰਦਾਨ ਕੀਤੀ, ਖਾਸ ਤੌਰ ‘ਤੇ ਭਾਰਤ ਦਾ ਪਹਿਲਾ ਮਾਰਸ ਆਰਬਿਟਰ : ਸੰਕਲਪ ਤੋਂ ਫਲ ਤੱਕ ਦਾ ਮਿਸਨ। ਡਾ: ਰਾਧਾਕਿ੍ਰਸਨਨ ਨੂੰ ਭਾਰਤ ਸਰਕਾਰ ਦੁਆਰਾ 2014 ਵਿੱਚ ‘ਪਦਮ ਭੂਸਣ‘ ਨਾਲ ਸਨਮਾਨਿਤ ਕੀਤਾ ਗਿਆ ਸੀ।
ਸ੍ਰੀ ਰਜਿੰਦਰਾ ਗੁਪਤਾ
ਬਠਿੰਡਾ: ਸ੍ਰੀ ਰਜਿੰਦਰ ਗੁਪਤਾ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਹਨ। ਟ੍ਰਾਈਡੈਂਟ ਗਰੁੱਪ ਮੁੱਖ ਤੌਰ ‘ਤੇ ਘਰੇਲੂ ਟੈਕਸਟਾਈਲ, ਪੇਪਰ ਮੈਨੂਫੈਕਚਰਿੰਗ, ਕੈਮੀਕਲਜ ਅਤੇ ਪਾਵਰ ਦਾ ਕੰਮ ਕਰਦਾ ਹੈ। ਉਹ ਭਾਰਤ ਦੇ ਸਭ ਤੋਂ ਵੱਡੇ ਧਾਗੇ ਸਪਿਨਰਾਂ ਵਿੱਚੋਂ ਇੱਕ ਹਨ, ਦੁਨੀਆ ਦੇ ਸਭ ਤੋਂ ਵੱਡੇ ਟੈਰੀ ਤੌਲੀਏ ਨਿਰਮਾਤਾਵਾਂ ਵਿੱਚੋਂ ਇੱਕ ਹਨ ਅਤੇ ਦੁਨੀਆ ਦੇ ਸਭ ਤੋਂ ਵੱਡੇ ਕਣਕ ਦੀ ਪਰਾਲੀ ਅਧਾਰਤ ਕਾਗਜ ਨਿਰਮਾਤਾ ਹਨ। 2007 ਵਿੱਚ, ਡਾ. ਗੁਪਤਾ ਨੂੰ ਵਪਾਰ ਅਤੇ ਉਦਯੋਗ ਦੇ ਖੇਤਰ ਵਿੱਚ ਵਿਲੱਖਣ ਸੇਵਾਵਾਂ ਦੇ ਸਨਮਾਨ ਵਿੱਚ ਭਾਰਤ ਦੇ ਤਤਕਾਲੀ ਰਾਸਟਰਪਤੀ ਤੋਂ ਪਦਮ ਸ੍ਰੀ ਪੁਰਸਕਾਰ ਮਿਲਿਆ।
ਡਾ.ਐਸ.ਪੀ. ਸਿੰਘ ਓਬਰਾਏ
ਬਠਿੰਡਾ: ਡਾ. ਐਸ.ਪੀ. ਸਿੰਘ ਓਬਰਾਏ ਦੁਬਈ ਸਥਿਤ ਕਾਰੋਬਾਰੀ ਹਨ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਹਨ। ਉਹ ਸੁਭਾਅ ਤੋਂ ਪਰਉਪਕਾਰੀ ਹੈ। ਉਸਨੇ ਮੌਤ ਦੀ ਸਜਾ ਅਤੇ ਉਮਰ ਕੈਦ ਤੋਂ 58 ਭਾਰਤੀਆਂ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਲਈ ਲਗਭਗ 1.8 ਮਿਲੀਅਨ ਦਾ ਭੁਗਤਾਨ ਕਰਨ ਲਈ ਆਪਣਾ ਪੈਸਾ ਲਗਾਇਆ ਹੈ। ਸ੍ਰੀ ਓਬਰਾਏ ਨੇ 800 ਤੋਂ ਵੱਧ ਕੈਦੀਆਂ (ਜਿਨ੍ਹਾਂ ਨੇ ਆਪਣੀ ਸਜਾ ਪੂਰੀ ਕਰ ਲਈ ਪਰ ਫੰਡਾਂ ਦੀ ਘਾਟ ਕਾਰਨ ਆਪਣੇ ਦੇਸ ਵਾਪਸ ਨਹੀਂ ਜਾ ਸਕੇ) ਦੀਆਂ ਹਵਾਈ ਟਿਕਟਾਂ ਦਾ ਭੁਗਤਾਨ ਕੀਤਾ ਅਤੇ ਭਾਰਤੀ ਕੌਂਸਲੇਟ ਦੀ ਮਦਦ ਨਾਲ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 50 ਸਾਲਾਂ ਵਰੇਗੰਢ ਨੂੰ ਸਮਰਪਿਤ ਅੰਤਰ ਕਾਲਜ਼ ਯੁਵਕ ਮੇਲਾ ਆਯੋਜਿਤ
52 ਕਾਲਜ਼ਾਂ ਦੇ 700 ਵਿਦਿਆਰਥੀ ਹੋਏ ਸ਼ਾਮਲ
ਬਠਿੰਡਾ, 6 ਅਪ੍ਰੈਲ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾਂ ਜ਼ੋਨ ਵੱਲੋਂ ਸਟੱਡੀ ਸਰਕਲ ਦੇ 50 ਸਾਲਾਂ ਨੂੰ ਸਮਰਪਿਤ ਅੰਤਰ ਕਾਲਜ਼ ਯੁਵਕ ਮੇਲਾ 2022 ਆਦੇਸ਼ ਯੂਨੀਵਰਸਿਟੀ ਬਠਿੰਡਾਂ ਦੇ ਸਹਿਯੋਗ ਨਾਲ ਯੂਨੀਵਰਸਿਟੀ ਆਡੀਟੋਰੀਅਮ ਵਿਖੇ ਕਰਵਾਇਆ ਗਿਆ, ਜਿਸ ਵਿੱਚ 52 ਕਾਲਜ਼ਾ ਦੇ 700 ਤੋਂ ਵੱਧ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਉਚਾਰਣ, ਕੁਇਜ਼(ਪ੍ਰਸ਼ਨੋਤਰੀ), ਦਸਤਾਰ ਸਜਾਉਣ, ਕਲੇਅ ਮਾਡਲਿੰਗ,ਪੋਸਟਰ ਮੇਕਿੰਗ, ਪੈਰ੍ਹਾ ਲਿਖਣ, ਨਾਅਰੇ ਲਿਖਣ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ, ਜਿਨਾਂ ਵਿੱਚ ਕਾਲਜ਼ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਪੋ੍ਰਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਦੁਆਰਾ ਹੋਈ। ਉਪਰੰਤ ਸ.ਰਣਜੀਤ ਸਿੰਘ ਖੱਚੜਾਂ ਜ਼ੋਨਲ ਪ੍ਰਧਾਨ ਨੇ ਆਏ ਹੋਏ ਸਮੂਹ ਵਿਦਿਆਰਥੀਆਂ ਅਤੇ ਪਤਵੰਤੇ ਸੱਜਣਾਂ ਨੰੂ ਜੀ ਆਇਆਂ ਆਖਿਆ। ਇਸ ਮੌਕੇ ਪਹੰੁਚੀਆਂ ਸਤਿਕਾਰਤ ਸਖਸ਼ੀਅਤਾਂ ਵਿਚ ਡਾ.ਮਨਰਾਜ ਕੌਰ ਗਿੱਲ ਆਦੇਸ਼ ਯੂਨੀਵਰਸਿਟੀ, ਸ.ਕੰਵਲਪਾਲ ਸਿੰਘ ਮੁੰਦਰਾਂ ਰਜਿਸਟਰਾਰ ਸੈਂਟਰਲ ਯੂਨੀਵਰਸਿਟੀ ਬਠਿੰਡਾ, ਸਟੱਡੀ ਸਰਕਲ ਦੇ ਫਾਊਂਡਰ ਸ.ਜਤਿੰਦਰਪਾਲ ਸਿੰਘ ਤੇ ਸ.ਗੁਰਮੀਤ ਸਿੰਘ, ਸ.ਪ੍ਰਤਾਪ ਸਿੰਘ ਜੀ ਜੀਵਨ ਟਰੱਸਟੀ, ਸ.ਇੰਦਰਪਾਲ ਸਿੰਘ ਡਾਇਰੈਕਟਰ ਓਵਰਸੀਜ਼, ਡਾ.ਸਤਨਾਮ ਸਿੰਘ ਕੋਆਰਡੀਨੇਟਰ ਆਦੇਸ਼ ਯੂਨੀਵਰਸਿਟੀ, ਸਵਰਨਜੀਤ ਸਿੰਘ ਗਿੱਲ ਚੇਅਰਮੈਨ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ, ਡਾ.ਅਵੀਨਿੰਦਰਪਾਲ ਸਿੰਘ ਡਾਇਰੈਕਟਰ ਜਨਰਲ, ਸ਼ਿਵਰਾਜ ਸਿੰਘ ਗਿੱਦੜਬਾਹਾ, ਬਲਵੰਤ ਸਿੰਘ ਬਠਿੰਡਾ ਆਦਿ ਸ਼ਾਮਲ ਸਨ। ਵੱਖ-ਵੱਖ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ :-ਕਵਿਤਾ ਮੁਕਾਬਲੇ ਵਿੱਚ ਪੂਨਮ ਸ਼ਰਮਾ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ, ਨੇ ਪਹਿਲਾ ਸਥਾਨ, ਨਵਜੋਤ ਕੌਰ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਨੇ ਦੂਸਰਾ ਅਤੇ ਅਮਨਜੋਤ ਕੌਰ ਬਾਬਾ ਫਰੀਦ ਕਾਲਜ ਆਫ ਐਜੁਕੇਸ਼ਨ ਦਿਉਣ ਬਠਿੰਡਾ ਨੇ ਤੀਸਰਾ ਸਥਾਨ ਹਾਸਲ ਕੀਤਾ। ਨਾਅਰੇ ਲਿਖਣ ਮੁਕਾਬਲੇ ਵਿਚ ਹਰਮਨਜੋਤ ਕੌਰ, ਦਸ਼ਮੇਸ਼ ਗਰਲਜ਼ ਕਾਲਜ, ਬਾਦਲ ਨੇ ਪਹਿਲਾ ਸਥਾਨ, ਦੀਪਕ ਸ਼ਰਮਾਂ ਸਰਕਾਰੀ ਬਰਜਿੰਦਰਾਂ ਕਾਲਜ ਫਰੀਦਕੋਟ ਨੇ ਦੂਸਰਾ ਸਥਾਨ ਅਤੇ ਗੈਰੀ ਸਚਦੇਵਾ ਸਰਕਾਰੀ ਬੀ.ਐਡ ਕਾਲਜ ਫਰੀਦਕੋਟ ਨੇ ਤੀਸਰਾ ਸਥਾਨ ਹਾਸਲ ਕੀਤਾ। ਪੈਰ੍ਹਾ ਲਿਖਣ ਮੁਕਾਬਲੇ ਵਿੱਚ ਰਛਪਾਲ ਸਿੰਘ ਪੰਜਾਬੀ ਯੂਨੀ.ਕਾਲਜ ਤਲਵੰਡੀ ਸਾਬੋ ਨੇ ਪਹਿਲਾ, ਸੁਰਜੀਤ ਕੌਰ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਨੇ ਦੂਸਰਾ ਅਤੇ ਕਿਰਨਪਾਲ ਕੌਰ ਦਸ਼ਮੇਸ਼ ਗਰਲਜ਼ ਕਾਲਜ ਆਫ ਐਜ਼ੂਕੇਸ਼ਨ ਬਾਦਲ ਨੇ ਤੀਸਰਾ ਸਥਾਨ ਹਾਸਲ ਕੀਤਾ। ਦਸਤਾਰ ਮੁਕਾਬਲਾ ਲੜਕੇ ਵਿੱਚ ਆਰੀਅਨਦੀਪ ਸਿੰਘ, ਦਸ਼ਮੇਸ਼ ਡੈਂਟਲ ਕਾਲਜ, ਫਰੀਦਕੋਟ ਨੇ ਪਹਿਲਾ, ਉਪਿੰਦਰ ਸਿੰਘ ਆਦੇਸ਼ ਮੈਡੀਕਲ ਕਾਲਜ ਬਠਿੰਡਾ ਨੇ ਦੂਸਰਾ ਅਤੇ ਰਮਨਪ੍ਰੀਤ ਸਿੰਘ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਨੇ ਤੀਸਰਾ ਸਥਾਨ ਹਾਸਲ ਕੀਤਾ। ਦਸਤਾਰ ਮੁਕਾਬਲਾ ਲੜਕੀਆਂ ਵਿੱਚ ਕਰਮਜੀਤ ਕੌਰ ਯੂਨੀਵਰਸਿਟੀ ਕਾਲਜ ਆਫ ਬੇਸਿਕ ਸਾਇੰਸ ਤਲਵੰਡੀ ਸਾਬੋ ਨੇ ਪਹਿਲਾ, ਆਂਚਲਪ੍ਰੀਤ ਕੌਰ ਸਰਕਾਰੀ ਬਿ੍ਰਜਿੰਦਰਾ ਕਾਲਜ ਫਰੀਦਕੋਟ ਨੇ ਦੂਸਰਾ ਸਥਾਨ ਅਤੇ ਨਿਸ਼ੂ ਕੌਰ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਨੇ ਤੀਸਰਾ ਸਥਾਨ ਹਾਸਲ ਕੀਤਾ। ਕਲੇਅ ਮਾਡਲਿੰਗ ਮੁਕਾਬਲੇ ਵਿੱਚ ਸ਼ਮਸ਼ੇਰ ਸਿੰਘ ਗਿਆਨੀ ਜੈਲ ਸਿੰਘ ਕੈਂਪਸ ਆਫ ਇੰਜ.ਐਂਡ ਟੈਕਨੋਲਜੀ ਬਠਿੰਡਾ ਨੇ ਪਹਿਲਾ ਸਥਾਨ, ਸਿਮਰਜੀਤ ਕੌਰ, ਪੰਜਾਬੀ ਯੂਨੀ. ਕਾਲਜ ਘੁੱਦਾ ਨੇ ਦੂਸਰਾ ਅਤੇ ਧਰਮਪਾਲ ਸਰਕਾਰੀ ਬਿ੍ਰਜਿੰਦਰਾ ਕਾਲਜ ਫਰੀਦਕੋਟ ਨੇ ਤੀਸਰਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿਚ ਹਰਮਨਪ੍ਰੀਤ ਕੌਰ ਗੁਰੂ ਨਾਨਕ ਦੇਵ ਇੰਜ. ਕਾਲਜ, ਲੁਧਿਆਣਾ ਨੇ ਪਹਿਲਾ ਸਥਾਨ, ਚਾਰਲੀਨਾ ਜੇ ਦੱਤਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਦੂਸਰਾ ਸਥਾਨ ਅਤੇ ਇਸੇ ਯੂਨੀਵਰਸਿਟੀ ਦੇ ਗੁਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਰੰਗੋਲੀ ਮੁਕਾਬਲੇ ਵਿਚ ਕੋਮਲਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਨੇ ਪਹਿਲਾ ਸਥਾਨ, ਜਸਪ੍ਰੀਤ ਕੌਰ ਤੇ ਮਨਦੀਪ ਕੌਰ ਭਾਗ ਸਿੰਘ ਖਾਲਸਾ ਕਾਲਜ ਫਾਰ ਗਰਲਜ਼ ਕਾਲਾ ਟਿੱਬਾ ਨੇ ਦੂਸਰਾ ਅਤੇ ਸਾਨੀਆ ਤੇ ਗਗਨਦੀਪ ਰਾਣੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਗਿੱਦੜਬਾਹਾ ਨੇ ਤੀਸਰਾ ਸਥਾਨ ਹਾਸਲ ਕੀਤਾ। ਕੁਇਜ਼ ਮੁਕਾਬਲੇ ਵਿੱਚ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੀ ਟੀਮ ਨੇ ਪਹਿਲਾ, ਆਦੇਸ਼ ਕਾਲਜ ਆਫ ਪੈਰਾਮੈਡੀਕਲ ਸਾਇੰਸਜ਼ ਬਠਿੰਡਾ ਦੀ ਟੀਮ ਨੇ ਦੂਸਰਾ ਸਥਾਨ ਅਤੇ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਸਟੱਡੀ ਸਰਕਲ ਵੱਲੋਂ ਪੰਜਾਬੀ ਮਾਂ ਬੋਲੀ ਪ੍ਰਦਰਸ਼ਨੀ,ਪੁਸਤਕ ਪ੍ਰਦਰਸ਼ਨੀ ਅਤੇ ਸਵਾਲ-ਜਵਾਬ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਪ੍ਰੋਗਰਾਮ ਨੰੂ ਸਫ਼ਲ ਬਣਾਉਣ ਵਿੱਚ ਡਾ.ਗੁਰਜਿੰਦਰ ਸਿੰਘ ਰੁਮਾਣਾ, ਨਵਨੀਤ ਸਿੰਘ ਜ਼ੋਨਲ ਸਕੱਤਰ, ਡਾ.ਅਮਨਦੀਪ ਸਿੰਘ, ਸਤਵੀਰ ਸਿੰਘ ਬਾਘਾ ਪੁਰਾਣਾ, ਗੁਰਚਰਨ ਸਿੰਘ ਜੈਤੋਂ, ਜਗਮੋਹਨ ਸਿੰਘ, ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
ਸਿਹਤ ਵਿਭਾਗ ਵਲੋਂ ਜੱਚਾ-ਬੱਚਾ ਦੇਖਭਾਲ ਪ੍ਰੋਗਰਾਮ ਤਹਿਤ ਜਾਗਰੂਕਤਾ ਗਤੀਵਿਧੀਆਂ
ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਸਿਹਤ ਵਿਭਾਗ ਵਲੋਂ ਜੱਚਾ-ਬੱਚਾ ਹਸਪਤਾਲ ਬਠਿੰਡਾ ਦੇ ਓ.ਪੀ.ਡੀ ਵਿੰਗ ਅਤੇ ਰਿਕਵਰੀ ਵਾਰਡ ਵਿਖੇ ਜੱਚਾ-ਬੱਚਾ ਦੇਖਭਾਲ ਪ੍ਰੋਗਰਾਮ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।ਇਸ ਮੌਕੇ ਨਵਜੰਮੇ ਬੱਚਿਆਂ ਦੀਆਂ ਮਾਵਾਂ, ਗਰਭਵਤੀ ਮਾਵਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵੀ ਹਾਜ਼ਰ ਸਨ।ਇਸ ਸਮੇਂ ਕਾਊਂਸਲਰ ਚਰਨਪਾਲ ਕੌਰ ਨੇ ਸਮੂਹ ਹਾਜ਼ਰੀਨ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵਜੰਮੇ ਬੱਚੇ ਨੂੰ ਜਨਮ ਤੋਂ ਬਾਅਦ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ।ਕੋਈ ਗੁੜਤੀ ਆਦਿ ਨਾ ਦਿੱਤੀ ਜਾਵੇ ਪਰ ਬੱਚੇ ਨੂੰ ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਪਿਲਾਇਆ ਜਾਵੇ ਕਿਉਂਕਿ ਬੱਚੇ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ। ਮਾਂ ਦਾ ਦੁੱਧ ਬੱਚੇ ਲਈ ਇਕ ਸੰਪੂਰਨ ਪੋਸ਼ਟਿਕ ਅਹਾਰ ਹੈ ਜਿਸ ਵਿਚ ਬੱਚੇ ਦੇ ਸਰੀਰ ਲਈ ਲੋੜੀਂਦੇ ਹਨ ਜੋ ਬੱਚੇ ਨੂੰ ਜਾਨਲੇਵਾ ਬੀਮਾਰੀਆਂ ਤੋਂ ਵੀ ਸੁਰੱਖਿਅਤ ਕਰਦੇ ਹਨ।ਉਨ੍ਹਾਂ ਮਾਵਾਂ ਨੂੰ ਬੱਚੇ ਦੇ ਨਾੜੂਏ ਦੀ ਦੇਖਭਾਲ ਸਬੰਧੀ ਸੁਝਾਅ ਦਿੰਦਿਆਂ ਕਿਹਾ ਕਿ ਇਸ ਉਪਰ ਹਲਦੀ ਜਾਂ ਤੇਲ ਵਗੈਰਾ ਨਾ ਲਗਾਇਆ ਜਾਵੇ ਅਤੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।ਜੱਚਾ-ਬੱਚਾ ਸੇਵਾਵਾਂ ਲਈ ਰਜਿਸਟ੍ਰੇਸ਼ਨ ਲਈ 08047093141 ਮਿਸਡ ਕਾਲ ਦਿੱਤੀ ਜਾਵੇ ਅਤੇ ਲੋੜੀਂਦੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ ਅਤੇ ਬੀਸੀਸੀ ਜ਼ਿਲ੍ਹਾ ਕੁਆਰਡੀਨੇਟਰ ਨਰਿੰਦਰ ਕੁਮਾਰ ਨੇ ਸਾਂਝੇ ਰੂਪ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਜੇ.ਐਸ.ਐਸ.ਕੇ ਪ੍ਰੋਗਰਾਮ ਤਹਿਤ ਜੱਚਾ-ਬੱਚਾ ਸੇਵਾਵਾਂ ਬਿਲਕੁਲ ਮੁਫ਼ਤ ਹਨ।ਇਨ੍ਹਾਂ ਸੇਵਾਵਾਂ ਦਾ ਲਾਭ ਉਠਾਉਣ ਲਈ ਜਣੇਪਾ ਸਰਕਾਰੀ ਹਸਪਤਾਲ ਵਿਖੇ ਮਾਹਿਰ ਡਾਕਟਰ ਦੀ ਨਿਗਰਾਨੀ ਹੇਠ ਕਰਵਾਇਆ ਜਾਵੇ।ਔਰਤ ਗਰਭਵਤੀ ਹੋਣ ਉਪਰੰਤ ਨੇੜੇ ਦੇ ਸਿਹਤ ਕੇਂਦਰ ਵਿਖੇ ਆਪਣੀ ਰਜਿਸਟ੍ਰੇਸ਼ਨ ਕਰਵਾਵੇ ਅਤੇ ਏ.ਐਨ.ਐਮ ਤੇ ਆਸ਼ਾ ਵਰਕਰ ਦੀ ਸਲਾਹ ਅਨੁਸਾਰ ਗਰਭ ਅਵਸਥਾ ਸਮੇਂ ਲੋੜੀਂਦੇ ਘੱਟੋ-ਘੱਰ ਚਾਰ ਚੈਕ-ਅੱਪ ਕਰਵਾਏ ਜਾਣ, ਜਿਸ ਵਿਚ ਉਸ ਦੇ ਬੀ.ਪੀ., ਸ਼ੂਗਰ, ਹੀਮੋਗਲੋਬਿਨ, ਭਾਰ ਦੀ ਜਾਂਚ ਤੋਂ ਇਲਾਵਾ ਸਮੇਂ ਸਮੇਂ ’ਤੇ ਲੋੜੀਂਦੇ ਟੈਸਟ ਵੀ ਕੀਤੇ ਜਾਂਦੇ ਹਨ।ਜਣੇਪੇ ਸਮੇਂ ਆਉਣ-ਜਾਣ ਦੀ ਸੁਵਿਧਾ ਤੋਂ ਇਲਾਵਾ ਖਾਣਾ ਵੀ ਮੁਫ਼ਤ ਦਿੱਤਾ ਜਾਂਦਾ ਹੈ।ਇਸ ਮੌਕੇ ਬਲਾਕ ਐਜ਼ੂਕੇਟਰ ਗਗਨਦੀਪ ਭੁੱਲਰ, ਪਵਨਜੀਤ ਕੌਰ, ਇਨਵੈਸਟੀਗੇਟਰ ਨੂਰਾ ਹੈਲਥ ਗਗਨਦੀਪ ਕੌਰ ਅਤੇ ਬਲਦੇਵ ਸਿੰਘ ਹਾਜ਼ਰ ਸਨ।
ਵਿਸਾਲੀ ਮੇਲੇ ਸਬੰਧੀ 11 ਅਪ੍ਰੈਲ ਤੱਕ ਹਰ ਤਰ੍ਹਾਂ ਦੀਆਂ ਤਿਆਰੀਆਂ ਕੀਤੀ ਜਾਣ ਮੁਕੰਮਲ : ਡਿਪਟੀ ਕਮਿਸ਼ਨਰ
ਮੇਲੇ ਦੌਰਾਨ ਪਸ਼ੂ ਧਨ ਵਿਰਾਸਤੀ ਮੇਲਾ ਰਹੇਗਾ ਖਿੱਚ ਦਾ ਕੇਂਦਰ
ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ 14 ਅਪ੍ਰੈਲ 2022 ਨੂੰ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਸਬੰਧੀ ਦਫ਼ਤਰ ਨਗਰ ਕੌਂਸਲ ਤਲਵੰਡੀ ਸਾਬੋ ਵਿਖੇ ਰੀਵਿਊ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਉਂਦੇ ਹੋਏ ਕਿਹਾ ਕਿ 11 ਅਪ੍ਰੈਲ ਤੱਕ ਸਾਰੇ ਪ੍ਰਬੰਧ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਦਾ ਮੇਲਾ 12 ਅਪ੍ਰੈਲ ਤੋਂ 15 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਲੇ ਨੂੰ ਸ਼ਰਧਾਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ 7 ਸੈਕਟਰਾਂ ਚ ਵੰਡਿਆ ਗਿਆ ਹੈ।ਇਸ ਦੌਰਾਨ ਸਕੱਤਰ, ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਸ਼੍ਰੀ ਐਮ.ਐਸ ਜੱਗੀ ਨੇ ਵਿਸਾਖੀ ਮੇਲੇ ਮੌਕੇ ਪਹਿਲੀ ਵਾਰ ਲਗਾਏ ਜਾ ਰਹੇ ਪਸ਼ੂ ਧਨ ਵਿਰਾਸਤੀ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਮੇਲੇ ਮੌਕੇ 12 ਤੋਂ 14 ਅਪ੍ਰੈਲ ਤੱਕ ਲਗਾਇਆ ਜਾ ਰਿਹਾ ਉਨ੍ਹਾਂ ਦੱਸਿਆ ਕਿ ਇਸ ਵਿਰਾਸਤੀ ਮੇਲੇ ਦੌਰਾਨ ਪਿਛਲੀਆਂ ਕੌਮੀ ਪਸ਼ੂ ਧਨ ਚੈਂਪੀਅਨਸ਼ਿਪਜ਼ ਅਤੇ ਐਕਸਪੋਜ਼ ਦੌਰਾਨ ਵੀ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਪਸ਼ੂ ਧਨ ਵਿਰਾਸਤੀ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਦੌਰਾਨ ਬਾਗਬਾਨੀ ਵਿਭਾਗ ਨੂੰ ਸਟੇਜ਼ ਦੀ ਡੈਕੋਰੇਸ਼ਨ ਕਰਨ, ਡੇਅਰੀ ਵਿਭਾਗ ਨੂੰ ਕਿੱਤੇ ਨਾਲ ਜੁੜੀਆਂ ਵੱਖ-ਵੱਖ ਫ਼ਰਮਾਂ ਨੂੰ ਪ੍ਰੇਰਿਤ ਕਰਕੇ ਸਟਾਲਾਂ ਲਗਾਉਣ ਅਤੇ ਚੈਂਪੀਅਨਸ਼ਿਪ ਦੌਰਾਨ ਕਰਵਾਏ ਜਾਣ ਵਾਲੇ ਦੁੱਧ ਚੁਆਈ ਮੁਕਾਬਲਿਆਂ ਲਈ ਮਿਲਕਿੰਗ ਮਸ਼ੀਨਾਂ ਤੇ ਵੇਇੰਗ ਮਸ਼ੀਨਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨੂੰ ਸੌਂਪੀਆਂ ਗਈਆਂ ਜਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਦੇ ਆਦੇਸ਼ ਦਿੱਤੇ ਗਏ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਰੂਟ ਪਲਾਨ, ਵੀਆਈਪੀ ਰੂਟ, ਪਬਲਿਕ ਰੂਟ, ਪੁਲਿਸ ਨਾਕੇ, ਪੁਲਿਸ ਸੈਕਟਰ, ਕੰਟਰੋਲ ਰੂਮਾਂ, ਸਹਾਇਤਾ ਕਾਊਂਟਰ, ਨਿਰਵਿਘਨ ਬਿਜਲੀ, ਪੀਣ ਵਾਲੇ ਅਤੇ ਨਹਿਰੀ ਪਾਣੀ ਦੀ ਸਪਲਾਈ, ਆਮ ਜਨਤਾ ਅਤੇ ਸ਼ਰਧਾਲੂਆਂ ਲਈ ਵੱਖ-ਵੱਖ ਥਾਵਾਂ ਤੇ ਆਰਜੀ ਪਖਾਨੇ ਬਣਾਉਣੇ ਯਕੀਨੀ ਬਣਾਏ ਜਾਣ ਲਈ ਪਾਬੰਦ ਕੀਤਾ।ਇਸ ਉਪਰੰਤ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵਲੋਂ ਸਿਵਲ ਹਸਪਤਾਲ ਵਿਖੇ ਸਥਿਤ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਸਿਵਲ ਸਰਜਨ ਅਤੇ ਐਸਐਮਓ ਕੋਲੋਂ ਕੇਂਦਰ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਐਸਐਸਪੀ ਮੈਡਮ ਅਮਨੀਤ ਕੋਂਡਲ, ਐਸਡੀਐਮ ਤਲਵੰਡੀ ਸਾਬੋ ਸ਼੍ਰੀ ਆਕਾਸ ਬਾਂਸਲ, ਸਿਵਲ ਸਰਜਨ ਡਾ. ਬਲਵੰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਮੇਵਾ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਬਠਿੰਡਾ ’ਚ ਟੈਕਸ ਵਿਭਾਗ ਵਲੋਂ ਕਿਤਾਬਾਂ ਦੇ ਡਿੱਪੂ ਸਹਿਤ ਤਿੰਨ ਫ਼ਰਮਾਂ ’ਤੇ ਛਾਪੇਮਾਰੀ
ਮਾਮਲਾ ਕੁੱਝ ਪ੍ਰਾਈਵੇਟ ਸਕੂਲਾਂ ਵਲੋਂ ਚੁਣਿੰਦਾ ਦੁਕਾਨਾਂ ਤੋਂ ਸਮਾਨ ਲੈਣ ਲਈ ਮਜਬੂਰ ਕਰਨ ਦਾ
ਮਾਪਿਆਂ ਨੇ ਬੁੱਕ ਡਿੱਪੂ ਅੱਗੇ ਲਗਾਇਆ ਧਰਨਾ
ਜ਼ਬਰਦਸਤੀ ਸਟੇਸ਼ਨਰੀ ਲੈਣ ਲਈ ਮਜ਼ਬੂਰ ਕਰਨ ਵਾਲੀਆਂ ਫ਼ਰਮਾਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ : ਜ਼ਿਲ੍ਹੇ ਦੇ ਕੁੱਝ ਦੁਕਾਨਦਾਰਾਂ ਵਲੋਂ ਸਕੂਲ ਦੀਆਂ ਕਿਤਾਬਾਂ ਦੇ ਨਾਲ ਜਬਰਦਸਤੀ ਸਟੇਸਨਰੀ ਲੈਣ ਲਈ ਮਜਬੂਰ ਕਰਨ ਦੀਆਂ ਸਿਕਾਇਤਾਂ ਮਿਲਣ ’ਤੇ ਪ੍ਰਸ਼ਾਸਨ ਨੇ ਵੀ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮਾਪਿਆਂ ਨੇ ਵੀ ਖੁੱਲ ਕੇ ਅਜਿਹੇ ਸਕੂਲਾਂ ਤੇ ਬੁੱਕ ਡਿੱਪੂਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਜਿੱਥੇ ਸਥਾਨਕ 100 ਫੁੱਟੀ ਰੋਡ ਸਥਿਤ ਸਿਵਾ ਬੁੱਕ ਡਿੱਪੂ ਨਜਦੀਕ ਸਕੂਲੀ ਬੱਚਿਆਂ ਦੇ ਮਾਪਿਆਂ ਵਲੋਂ ਧਰਨਾ ਲਗਾਇਆ ਗਿਆ। ਉਥੇ ਰਾਜ ਕਰ ਵਿਭਾਗ ਵਲੋਂ ਸਟੇਸ਼ਨਰੀ ਦੁਕਾਨਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਗਈ। ਉਪ-ਕਮਿਸਨਰ ਰਾਜ ਕਰ ਫਰੀਦਕੋਟ ਮੰਡਲ ਸ੍ਰੀਮਤੀ ਰਾਜਵਿੰਦਰ ਕੌਰ ਬਾਜਵਾ ਦੀ ਅਗਵਾਈ ਹੇਠ ਤੇ ਸਹਾਇਕ ਕਮਿਸਨਰ ਸ੍ਰੀ ਸੰਜੀਵ ਮਦਾਨ ਵਲੋਂ ਗਠਿਤ ਕੀਤੀਆਂ ਗਈਆਂ 3 ਟੀਮਾਂ ਵਲੋਂ ਜੀ.ਐਸ.ਟੀ ਐਕਟ 2017 ਦੀ ਧਾਰਾ 67 ਅਧੀਨ ਜ਼ਿਲ੍ਹਾ ਬਠਿੰਡਾ ਦੀਆਂ 3 ਫਰਮਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਸਟੇਟ ਟੈਕਸ ਅਫ਼ਸਰ ਸ਼੍ਰੀ ਹੁਕਮ ਚੰਦ ਬਾਂਸਲ ਤੇ ਪੰਕਜ ਮਿੱਤਲ ਤੇ ਆਧਾਰਿਤ ਟੀਮ ਵਲੋਂ ਮੈਸ. ਸਿਵਾ ਸਟੇਸਨਰੀ 100 ਫੁੱਟੀ ਰੋਡ ਬਠਿੰਡਾ ਦੀ ਚੈਕਿੰਗ ਕੀਤੀ ਗਈ। ਇਸੇ ਤਰ੍ਹਾਂ ਸਟੇਟ ਟੈਕਸ ਅਫ਼ਸਰ ਜਸਮੀਤ ਕੌਰ ਸੰਧੂ ਅਤੇ ਜਸਪ੍ਰੀਤ ਮਾਨ ਤੇ ਅਧਾਰਤ ਟੀਮ ਵਲੋਂ ਮਹੇਸਵਰੀ ਕਲੋਨੀ ਸਥਿਤ ਮੈਸ. ਪੀ.ਜੀ. ਟ੍ਰੇਡਰਜ, ਸਟੇਟ ਟੈਕਸ ਅਫ਼ਸਰ ਸ਼ੀਨਮ ਰਾਣੀ ਅਤੇ ਸ਼੍ਰੀ ਰਾਕੇਸ਼ ਕੁਮਾਰ ਗਰਗ ਦੀ ਟੀਮ ਵਲੋਂ ਬੀਬੀ ਵਾਲਾ ਚੌਕ ਨੇੜੇ ਸਥਿਤ ਮੈਸ. ਐਸ.ਐਮ ਇੰਟਰਪ੍ਰਾਇਜਜ ਦੇ ਵਪਾਰਕ ਅਦਾਰਿਆਂ ਅਤੇ ਉਨ੍ਹਾਂ ਦੇ ਗੋਦਾਮਾ ਦੀ ਚੈਕਿੰਗ ਕੀਤੀ ਗਈ।ਜਾਂਚ ਦੌਰਾਨ ਅਧਿਕਾਰੀਆਂ ਨੂੰ ਕੁੱਝ ਅਜਿਹੇ ਦਸਤਾਵੇਜ ਮਿਲੇ ਜਿਸ ਤੋਂ ਇਹ ਪਤਾ ਲਗਾ ਕਿ ਇਹ ਫਰਮਾਂ ਇੱਕ ਦੂਜੇ ਨਾਲ ਸਬੰਧਤ ਹਨ ਅਤੇ ਜੀ.ਐਸ.ਟੀ ਕਰ ਚੋਰੀ ਵਿੱਚ ਸਾਮਲ ਹਨ। ਅਧਿਕਾਰੀਆਂ ਨੇ ਦਸਿਆ ਕਿ ਜਾਂਚ ਦੌਰਾਨ ਫੜੇ ਗਏ ਦਸਤਾਵੇਜਾਂ ਦੀ ਪੜਤਾਲ ਤੋਂ ਬਾਅਦ ਬਣਦੇ ਟੈਕਸ ਤੇ ਜੁਰਮਾਨੇ ਦੀ ਰਕਮ ਵਸੂਲ ਕੀਤੀ ਜਾਵੇਗੀ। ਉਧਰ ਡਿਪਟੀ ਕਮਿਸਨਰ ਸ੍ਰੀ ਸੌਕਤ ਅਹਿਮਦ ਪਰੇ ਨੇ ਦੱਸਿਆ ਕਿ ਆਮ ਲੋਕਾਂ ਵੱਲੋਂ ਸਿਕਾਇਤ ਮਿਲਣ ’ਤੇ ਮੱਦੇਨਜ਼ਰ ਜ਼ਬਰਦਸਤੀ ਸਟੇਸ਼ਨਰੀ ਲੈਣ ਲਈ ਮਜ਼ਬੂਰ ਕਰਨ ਵਾਲੀਆਂ ਫ਼ਰਮਾਂ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਬ੍ਰਮ ਸ਼ੰਕਰ ਜਿੰਪਾ ਵੱਲੋਂ ਅਧਿਕਾਰੀਆਂ ਨੂੰ ਪਾਣੀ ਦੀਆਂ ਟੈਂਕੀਆਂ ਦੀ ਸਮੇਂ ਸਿਰ ਸਫ਼ਾਈ ਯਕੀਨੀ ਬਣਾਉਣ ਦੇ ਨਿਰਦੇਸ਼
• ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਵੱਲੋਂ ਗਰਮੀਆਂ ਦੇ ਮੌਸਮ ਨੂੰ ਦੇਖਦਿਆਂ ਪੀਣ ਵਾਲੇ ਪਾਣੀ ਦੀ ਮੰਗ ਦੀ ਪੂਰਤੀ ਲਈ ਤਿਆਰੀਆਂ ਦੀ ਸਮੀਖਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 5 ਅਪ੍ਰੈਲ:ਸੂਬੇ ਦੇ ਪੇਂਡੂ ਖੇਤਰਾਂ ਵਿਚਲੇ ਘਰਾਂ ਨੂੰ ਸਾਫ਼ ਤੇ ਪੀਣ-ਯੋਗ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਾਰੀਆਂ ਪਾਣੀ ਦੀਆਂ ਟੈਂਕੀਆਂ ਦੀ ਸਮੇਂ ਸਿਰ ਸਫਾਈ ਯਕੀਨੀ ਬਣਾਈ ਜਾਵੇ।
ਅੱਜ ਇੱਥੇ ਮਗਸੀਪਾ, ਸੈਕਟਰ-26, ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਘਰ ਨੂੰ ਟੂਟੀ ਵਾਲਾ ਸਾਫ ਤੇ ਪੀਣ-ਯੋਗ ਪਾਣੀ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰ ਘਰ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜਲ ਸਪਲਾਈ ਦੇ ਸਾਰੇ ਚੱਲ ਰਹੇ ਪ੍ਰਾਜੈਕਟਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਾਜੈਕਟਾਂ ਨੂੰ ਤਿਆਰ ਕਰਨ ਅਤੇ ਲਾਗੂਕਰਨ ਸਮੇਂ ਸਥਾਨਕ ਵਿਧਾਇਕਾਂ ਨਾਲ ਮਿਲ ਕੇ ਕੰਮ ਕਰਨ ਲਈ ਵੀ ਕਿਹਾ।
ਗਰਮੀਆਂ ਦੇ ਮੌਸਮ ਦੌਰਾਨ ਪੀਣ ਵਾਲੇ ਪਾਣੀ ਦੀ ਵੱਧ ਮੰਗ ਦੀ ਪੂਰਤੀ ਦੇ ਮੱਦੇਨਜ਼ਰ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਮੰਤਰੀ ਨੇ ਅਧਿਕਾਰੀਆਂ ਨੂੰ ਗਰਮੀ ਦੇ ਦਿਨਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਕਮੀ ਨਾਲ ਨਜਿੱਠਣ ਲਈ ਵਾਧੂ ਮਸ਼ੀਨਰੀ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਗੰਭੀਰਤਾ ਨਾਲ ਯਕੀਨੀ ਬਣਾਇਆ ਜਾਵੇ ਕਿ ਪੇਂਡੂ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਾਣੀ ਦਾ ਪ੍ਰੈੱਸ਼ਰ ਵੀ ਪੂਰਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜਲ ਸਪਲਾਈ ਸਬੰਧੀ ਲੀਕੇਜ ਅਤੇ ਹੋਰ ਸ਼ਿਕਾਇਤਾਂ ਦਾ ਵੀ ਬਿਨਾਂ ਦੇਰੀ ਨਿਪਟਾਰਾ ਕੀਤਾ ਜਾਵੇ।
ਵਿਭਾਗ ਦੇ ਅਧਿਕਾਰੀਆਂ ਨੂੰ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਅਤੇ ਸੰਭਾਲ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਪਾਣੀ ਦੀ ਕਮੀ ਪ੍ਰਤੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਬੇਸ਼ਕੀਮਤੀ ਕੁਦਰਤੀ ਸੋਮੇ ਨੂੰ ਬਚਾਉਣ ਲਈ ਇਸ ਦਿਸ਼ਾ ਵਿੱਚ ਗੰਭੀਰਤਾ ਨਾਲ ਕਦਮ ਚੁੱਕੇ ਜਾਣੇ ਚਾਹੀਦੇ ਹਨ।ਮੰਤਰੀ ਦਾ ਸਵਾਗਤ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ ਨੇ ਮੰਤਰੀ ਨੂੰ ਸੂਬੇ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਮੁੱਖ ਗਤੀਵਿਧੀਆਂ, ਪਹਿਲਕਦਮੀਆਂ ਅਤੇ ਚੱਲ ਰਹੇ ਪ੍ਰਾਜੈਕਟਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਸਾਰੇ ਪ੍ਰਾਜੈਕਟਾਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਦਿਆਂ ਪਾਰਦਰਸ਼ੀ ਢੰਗ ਨਾਲ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇਗਾ। ਮੀਟਿੰਗ ਵਿੱਚ ਮੁੱਖ ਇੰਜੀਨੀਅਰਾਂ, ਸੁਪਰਡੈਂਟ ਇੰਜੀਨੀਅਰਾਂ ਤੇ ਸੀਨੀਅਰ ਸਲਾਹਕਾਰ (ਵਾਟਰ ਕੁਆਲਿਟੀ) ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।





