ਕੋਂਸਲਰ ਬਿਸਵਾਲ ਦੇ ਘਰ ਹੋਈ ਮੀਟਿੰਗ ’ਚ ਭਾਈਚਾਰੇ ਵਿਚੋਂ ਕਿਸੇ ਨੂੰ ਨਿਗਮ ’ਚ ਨੁਮਾਇੰਦਗੀ ਦੇਣ ’ਤੇ ਹੋਈ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 1 ਅਪ੍ਰੈਲ: ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸਥਾਨਕ ਸ਼ਹਿਰੀ ਹਲਕੇ ਤੋਂ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਬਠਿੰਡਾ ਨਗਰ ਨਿਗਮ ਦੇ ਮੇਅਰ ਨੂੰ ਬਦਲਣ ਦੀ ਉਠ ਰਹੀ ਮੰਗ ਤੋਂ ਬਾਅਦ ਕਾਂਗਰਸ ਪਾਰਟੀ ਲਈ ਇੱਕ ਹੋਰ ਵੱਡੀ ਮੁਸਕਿਲ ਖ਼ੜੀ ਹੋ ਗਈ ਹੈ। ਕਾਂਗਰਸ ਪਾਰਟੀ ਦੇ ਅਨੁਸੂਚਿਤ ਭਾਈਚਾਰੇ ਨਾਲ ਸਬੰਧਤ ਕੋਂਸਲਰਾਂ ਨੇ ਵੀ ਇਕਜੁਟ ਹੁੰਦਿਆਂ ਨਿਗਮ ਦੇ ਅਹੁੱਦੇਦਾਰਾਂ ਵਿਚ ਅਪਣੀ ਨੁਮਾਇੰਦਗੀ ਮੰਗੀ ਹੈ। ਸੂਤਰਾਂ ਮੁਤਾਬਕ ਅੱਜ ਇਸ ਸਬੰਧ ਵਿਚ ਕਾਂਗਰਸੀ ਕੋਂਸਲਰ ਸਿਮਰਨ ਬਿਸਵਾਲ ਦੇ ਘਰ ਕਰੀਬ ਅੱਠ ਕੋਂਸਲਰਾਂ ਤੇ ਕਈ ਹੋਰ ਆਗੂਆਂ ਦੀ ਮੀਟਿੰਗ ਹੋਈ ਸੀ। ਹਾਲਾਂਕਿ ਪ੍ਰੈਸ ਨੂੰ ਇਸ ਮੀਟਿੰਗ ਦਾ ਏਜੰਡਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਦਿਹਾੜੀ ਮਨਾਉਣ ਦੀਆਂ ਤਿਆਰੀਆਂ ਲਈ ਏਜੰਡਾ ਦਸਿਆ ਗਿਆ ਪ੍ਰੰਤੂ ਮੀਟਿੰਗ ਵਿਚ ਹਾਜ਼ਰ ਕੁੱਝ ਕੋਂਸਲਰਾਂ ਨੇ ਸਪੱਸ਼ਟ ਤੌਰ ’ਤੇ ਦਸਿਆ ਕਿ ਨਿਗਮ ਦੇ ਅਹੁੱਦੇਦਾਰਾਂ ਵਿਚ ਕੋਈ ਨੁਮਾਇੰਦਗੀ ਨਾ ਦੇਣ ’ਤੇ ਰੋਸ਼ ਜਤਾਉਂਦਿਆਂ ਭਵਿੱਖ ਵਿਚ ਹੋਣ ਵਾਲੀਆਂ ਤਬਦੀਲੀਆਂ ਦੌਰਾਨ ਅਨੁਸੂਚਿਤ ਭਾਈਚਾਰੇ ਵਿਚੋਂ ਚੁਣੇ ਕਾਂਗਰਸੀ ਕੋਂਸਲਰਾਂ ਨੂੰ ਨੁਮਾਇੰਦਗੀ ਦੇਣ ਦੀ ਮੰਗ ਕੀਤੀ ਗਈ। ਇੱਕ ਕੋਂਸਲਰ ਨੇ ਦਸਿਆ ਕਿ ਮੀਟਿੰਗ ਵਿਚ ਇਸ ਗੱਲ ’ਤੇ ਚਰਚਾ ਹੋਈ ਕਿ ਨਿਗਮ ਵਿਚ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੁਣੇ 43 ਕੋਂਸਲਰਾਂ ਵਿਚੋਂ ਤਿੰਨ ਕੋਂਸਲਰਾਂ ਦੇ ਪਾਰਟੀ ਛੱਡਣ ਤੋਂ ਬਾਅਦ 40 ਕੋਂਸਲਰ ਹਨ। ਜਿੰਨ੍ਹਾਂ ਵਿਚੋਂ ਅਗਰਵਾਲ ਭਾਈਚਾਰੇ ਦੇ ਨਾਲ ਸਬੰਧਤ ਅੱਠ ਕੋਂਸਲਰ ਹਨ ਤੇ ਉਨ੍ਹਾਂ ਵਿਚੋਂ ਇੱਕ ਨੂੰ ਮੇਅਰ ਬਣਾਇਆ ਹੋਇਆ ਹੈ। ਇਸੇ ਤਰ੍ਹਾਂ ਬੈਕਵਰਡ ਕਲਾਸ ਦੇ 5 ਕੋਂਸਲਰ ਹਨ, ਜਿੰਨ੍ਹਾਂ ਵਿਚੋਂ ਇੱਕ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਜੱਟ ਸਿੱਖ ਭਾਈਚਾਰੇ ਨਾਲ ਸਬੰਧਤ 12 ਕੋਂਸਲਰ ਹਨ, ਜਿੰਨ੍ਹਾਂ ਵਿਚੋਂ ਇੱਕ ਨੂੰ ਡਿਪਟੀ ਮੇਅਰ ਦਾ ਅਹੁੱਦਾ ਦਿੱਤਾ ਹੋਇਆ ਹੈ। ਪ੍ਰੰਤੂ ਨਿਗਮ ਵਿਚ 12 ਕੋਂਸਲਰ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਹਨ ਪਰ ਇੰਨ੍ਹਾਂ ਵਿਚੋਂ ਕਿਸੇ ਨੂੰ ਵੀ ਕੋਈ ਨੁਮਾਇੰਦਗੀ ਨਹੀਂ ਮਿਲੀ ਹੈ। ਇੱਕ ਕੋਂਸਲਰ ਨੇ ਦਸਿਆ ਕਿ ਉਹ ਕਾਂਗਰਸ ਪਾਰਟੀ ਨਾਲ ਚਟਾਨ ਵਿਚ ਖੜੇ ਹਨ ਪ੍ਰੰਤੂ ਨੁਮਾਇੰਦਗੀ ਨਾ ਮਿਲਣ ਕਾਰਨ ਨਿਰਾਸ਼ਾ ਜਰੂਰ ਹੈ। ਇਸ ਕੋਂਸਲਰ ਨੇ ਦਸਿਆ ਕਿ ਅੱਜ ਉਨ੍ਹਾਂ ਇਸ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਕਿ ਜੇਕਰ ਭਵਿੱਖ ਵਿਚ ਕਾਂਗਰਸ ਪਾਰਟੀ ਮੇਅਰ ਜਾਂ ਕਿਸੇ ਹੋਰ ਅਹੁੱਦੇਦਾਰ ਨੂੰ ਤਬਦੀਲ ਕਰਨ ਸਬੰਧੀ ਕੋਈ ਫੈਸਲਾ ਲੈਂਦੀ ਹੈ ਤਾਂ ਉਨ੍ਹਾਂ ਦੇ ਭਾਈਚਾਰੇ ਵਿਚੋਂ ਕਿਸੇ ਇੱਕ ਨੂੰ ਵੀ ਅਹੁੱਦੇਦਾਰ ਬਣਾਉਣ ਦੀ ਮੰਗ ਰੱਖੀ ਜਾਵੇਗੀ। ਅੱਜ ਦੀ ਮੀਟਿੰਗ ਵਿਚ ਸੀਨੀਅਰ ਕੋਂਸਲਰ ਤੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ, ਪੁਸ਼ਪਾ ਰਾਣੀ ਦੇ ਪਤੀ ਵਿਪਨ ਮਿੱਤੂ, ਸਿਮਰਨ ਬਿਸਵਾਲ ਦੇ ਪਤੀ ਸੰਜੇ ਬਿਸਵਾਲ, ਅਸੇਸਰ ਪਾਸਵਾਨ, ਵਿਕਰਮ ਕ੍ਰਾਂਤੀ, ਸੁਰੇਸ਼ ਚੌਹਾਨ, ਚਰਨਜੀਤ ਭੋਲਾ, ਮਮਤਾ ਰਾਣੀ ਦੇ ਪਤੀ ਬਬਲ ਰਾਮ ਤੋਂ ਇਲਾਵਾ ਸੀਨੀਅਰ ਆਗੂ ਭਗਵਾਨ ਦਾਸ ਭਾਰਤੀ, ਮੇਘ ਰਾਜ, ਹਰਮਨ ਕੋਟਫੱਤਾ, ਨਵੀਨ ਵਾਲਮੀਕੀ ਆਦਿ ਵੀ ਹਾਜ਼ਰ ਦੱਸੇ ਗਏ।
ਬਾਕਸ
ਜ਼ਿਲ੍ਹਾ ਪ੍ਰਧਾਨ ਦੇ ਨਿਊਤੇ ’ਤੇ ਕੋਂਸਲਰਾਂ ਨੂੰ ਡਿੰਨਰ ’ਤੇ ਸੱਦਿਆ
ਬਠਿੰਡਾ: ਉਧਰ ਕੁੱਝ ਕਾਂਗਰਸੀ ਕੋਂਸਲਰਾਂ ਵਲੋਂ ਭਵਿੱਖ ਵਿਚ ਬਾਗੀ ਰੁੱਖ ਅਪਣਾਉਣ ਦੀਆਂ ਚੱਲ ਰਹੀਆਂ ਚਰਚਾਵਾਂ ਦੌਰਾਨ ਅੱਜ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਦੇ ਰਾਹੀਂ ਪਾਰਟੀ ਦੇ ਸਮੂਹ ਕੋਂਸਲਰਾਂ ਨੂੰ ਗਣਪਤੀ ਇਨਕਲੇਵ ਵਿਚ ਸਥਿਤ ਕਲੱਬ ਵਿਚ ਡਿੰਨਰ ’ਤੇ ਬੁਲਾਇਆ ਗਿਆ। ਪਾਰਟੀ ਦੇ ਸੂਤਰਾਂ ਮੁਤਾਬਕ ਬੇਸ਼ੱਕ ਇਹ ਬੁਲਾਵਾ ਸ਼੍ਰੀ ਵਧਾਵਨ ਰਾਹੀਂ ਆਇਆ ਪ੍ਰੰਤੂ ਇਸਦਾ ਮਕਸਦ ਨਰਾਜ਼ ਚੱਲ ਰਹੇ ਕਾਂਗਰਸੀ ਕੋਂਸਲਰਾਂ ਨੂੰ ਸ਼ਾਂਤ ਕਰਨਾ ਦਸਿਆ ਜਾ ਰਿਹਾ ਹੈ।ਸੂਤਰਾਂ ਮੁਤਾਬਕ ਇਸ ਮੀਟਿੰਗ ਵਿਚ ਕੋਂਸਲਰਾਂ ਨੂੰ ਫ਼ੋਟੋ ਤੇ ਵੀਡੀਓ ਬਣਾਉਣ ਦੀ ਮਨਾਹੀ ਸੀ। ਨਾ ਹੀ ਕੋਈ ਜਿਆਦਾ ਸਿਆਸੀ ਗੱਲ ਕੀਤੀ ਗਈ ਪ੍ਰੰਤੂ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਨੇ ਇਸ ਮੌਕੇ ਮਨਪ੍ਰੀਤ ਬਾਦਲ ਦੇ ਗੁਣਗਾਣ ਜਰੂਰ ਕੀਤੇ। ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ਵੀ ਕੋਂਸਲਰਾਂ ਨੂੰ ਥ੍ਰੀ ਪਾਮ ਰੀਜੋਰਟ ਵਿਚ ਸੱਦਿਆ ਗਿਆ ਸੀ, ਜਿਸਤੋਂ ਬਾਅਦ ਡੇਢ ਦਰਜ਼ਨ ਦੇ ਕਰੀਬ ਕਾਂਗਰਸੀ ਕੋਂਸਲਰਾਂ ਨੂੰ ਮੇਅਰ ਦੇ ਨਜਦੀਕੀ ਠੇਕੇਦਾਰ ਦੇ ਦਫ਼ਤਰ ਵਿਚ ਪਾਰਟੀ ਵੀ ਕੀਤੀ ਗਈ ਸੀ।
ਹੁਣ ਬਠਿੰਡਾ ਨਗਰ ਨਿਗਮ ਦੇ ਅਨੁਸੂਚਿਤ ਭਾਈਚਾਰੇ ਦੇ ਕਾਂਗਰਸੀ ਕੋਂਸਲਰ ਵੀ ਇਕਜੁਟ ਹੋਣ ਲੱਗੇ
ਜੈਤੋ ਤੋਂ ਬਾਅਦ ਆਪ ਆਗੂਆਂ ’ਤੇ ਰਾਮਾ ਮੰਡੀ ਟਰੱਕ ਯੂਨੀਅਨ ’ਤੇ ਜ਼ਬਰੀ ਕਬਜ਼ੇ ਦੇ ਲੱਗੇ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 1 ਅ੍ਰਪੈਲ: ਬੀਤੇ ਕੱਲ ਫ਼ਰੀਦਕੋਟ ਦੇ ਸ਼ਹਿਰ ਜੈਤੋ ਮੰਡੀ ’ਚ ਆਪ ਦੇ ਸਥਾਨਕ ਵਿਧਾਇਕ ਦੀ ਸ਼ਹਿ ’ਤੇ ਟਰੱਕ ਯੂਨੀਅਨ ਉਪਰ ਜਬਰੀ ਕਬਜ਼ਾ ਕਰਨ ਦੇ ਲੱਗੇ ਦੋਸ਼ਾਂ ਦਾ ਮਾਮਲਾ ਹਾਲੇ ਖ਼ਤਮ ਨਹੀਂ ਹੋਇਆ ਸੀ ਕਿ ਬਠਿੰਡਾ ਦੀ ਰਾਮਾ ਮੰਡੀ ਵਿਚ ਵੀ ਆਪ ਆਗੂਆਂ ਉਪਰ ਅਜਿਹੇ ਦੋਸ਼ ਲੱਗੇ ਹਨ। ਜਿਸਦੇ ਵਿਰੋਧ ਵਿਚ ਟਰੱਕ ਅਪਰੇਟਰਾਂ ਵਲੋਂ ਧਰਨਾ ਵੀ ਲਗਾਇਆ ਗਿਆ। ਯੂਨੀਅਨ ਦੇ ਕੁੱਝ ਮੈਂਬਰਾਂ ਨੇ ਦੋਸ਼ ਲਗਾਇਆ ਕਿ ਹਲਕਾ ਤਲਵੰਡੀ ਸਾਬੋ ਤੋਂ ਪਾਰਟੀ ਦੀ ਵਿਧਾਇਕਾ ਦੇ ਨਿੱਜੀ ਸਹਾਇਕ ਅਤੇ ਕੁੱਝ ਆਪ ਆਗੂ ਵੱਡੀ ਗਿਣਤੀ ਵਿਚ ਅਪਣੇ ਸਮਰਥਕਾਂ ਨਾਲ ਬੀਤੀ ਸ਼ਾਮ ਟਰੱਕ ਯੂਨੀਅਨ ਰਾਮਾ ਮੰਡੀ ਵਿਚ ਆਏ ਤੇ ਉਨ੍ਹਾਂ ਟਰੱਕ ਅਪਰੇਟਰਾਂ ਨੂੰ ਬਿਨ੍ਹਾਂ ਵਿਸ਼ਾਵਸ ਵਿਚ ਲਏ ਯੂਨੀਅਨ ਦਾ ਪ੍ਰਬੰਧ ਚਲਾਉਣ ਲਈ ਸੱਤ ਮੈਂਬਰਾਂ ਦੀ ਕਮੇਟੀ ਬਣਾ ਦਿੱਤੀ। ਜਿਸਤੋਂ ਬਾਅਦ ਗੁੱਸੇ ਵਿਚ ਆਏ ਟਰੱਕ ਆਪਰੇਟਰਾਂ ਨੇ ਤਲਵੰਡੀ ਸਾਬੋ-ਰਾਮਾ ਮੰਡੀ ਰੋਡ ‘ਤੇ ਧਰਨਾ ਲਗਾ ਦਿੱਤਾ। ਇਸ ਮੌਕੇ ਟਰੱਕ ਅਪਰੇਟਰਾਂ ਨੇ ਦੋਸ਼ ਲਗਾਇਆ ਕਿ ਸਿਆਸੀ ਦਖ਼ਲਅੰਦਾਜ਼ੀ ਤੋਂ ਦੁਖੀ ਜਿਅਦਾਤਰ ਟਰੱਕ ਅਪਰੇਟਰਾਂ ਨੇ ਇੰਨ੍ਹਾਂ ਚੋਣ ਵਿਚ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ, ਪਰੰਤੂ ਇਸ ਪਾਰਟੀ ਦੇ ਆਗੂ ਵੀ ਹੁਣ ਰਿਵਾਇਤੀ ਪਾਰਟੀਆਂ ਦੇ ਨਕਸ਼ੇ ਕਦਮ ਚੱਲ ਪਏ ਹਨ। ਹਾਲਾਂਕਿ ਇਸ ਦੌਰਾਨ ਆਪ ਆਗੂਆਂ ਨੇ ਧੱਕੇਸ਼ਾਹੀ ਜਾਂ ਕਬਜ਼ੇ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਇਹ ਫੈਸਲਾ ਅਪਰੇਟਰਾਂ ਦੀ ਸਹਿਮਤੀ ਨਾਂਲ ਕੀਤੀ ਗਿਆ ਹੈ।
ਬਠਿੰਡਾ ਦੇ ਬੱਸ ਅੱਡੇ ’ਚ ਕਿਸਾਨਾਂ ਤੇ ਪੀਆਰਟੀਸੀ ਮੁਲਾਜਮਾਂ ’ਚ ਖੜਕੀ
ਪਹਿਲਾਂ ਕਿਸਾਨਾਂ ਨੇ ਡਰਾਈਵਰ ਕੁੱਟਿਆ
ਸੁਖਜਿੰਦਰ ਮਾਨ
ਬਠਿੰਡਾ, 1 ਅ੍ਰਪੈਲ: ਅੱਜ ਸਵੇਰੇ ਕਰੀਬ ਸਾਢੇ 10 ਵਜੇਂ ਸਥਾਨਕ ਬੱਸ ਸਟੈਂਡ ਵਿਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦ ਦੋ ਗੱਡੀਆਂ ’ਤੇ ਸਵਾਰ ਹੋ ਕੇ ਆਏ ਕਿਸਾਨਾਂ ਨੇ ਪੀਆਰਟੀਸੀ ਦਾ ਇੱਕ ਡਰਾਈਵਰ ਕੁੱਟ ਦਿੱਤਾ। ਇਸ ਮੌਕੇ ਕਈ ਸਵਾਰੀਆਂ ਵੀ ਚਪੇਟ ਵਿਚ ਆ ਗਈਆਂ ਪ੍ਰੰਤੂ ਜਦ ਇਸ ਘਟਨਾ ਦਾ ਪਤਾ ਪੀਆਰਟੀਸੀ ਦੇ ਮੁਲਾਜਮਾਂ ਨੂੰ ਲੱਗਿਆ ਤਾਂ ਉਨ੍ਹਾਂ ਅਪਣੇ ਡਰਾਈਵਰ ਦੀ ਕੁੱਟਮਾਰ ਕਰ ਰਹੇ ਕੁੱਝ ਕਿਸਾਨਾਂ ਨੂੰ ਫ਼ੜ ਲਿਆ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੁਲਾਜਮ ਵੀ ਮੌਕੇ ’ਤੇ ਪੁੱਜ ਗਏ। ਇਸ ਦੌਰਾਨ ਪੀਆਰਟੀਸੀ ਮੁਲਾਜਮਾਂ ਨੇ ਬੱਸ ਅੱਡੇ ਦੇ ਬਾਹਰ ਬੱਸਾਂ ਖੜੀਆਂ ਕਰਕੇ ਜਾਮ ਲਗਾ ਦਿੱਤਾ। ਜਿਸਦੇ ਚੱਲਦੇ ਅੱਡੇ ਦੇ ਅੰਦਰ ਤੇ ਬਾਹਰ ਖੜੀਆਂ ਬੱਸਾਂ ਥਾਂ-ਥਾਂ ਖੜ ਗਈਆਂ। ਮਾਮਲੇ ਦੀ ਜਾਣਕਾਰੀ ਦਿੰਦਿਆਂ ਰਾਮਾ ਰਿਫਾਈਨਰੀ ਤੋਂ ਆ ਰਹੀ ਪੀਆਰਟੀਸੀ ਬੱਸ ਦੇ ਡਰਾਈਵਰ ਕਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਥਾਨਕ ਹਾਜ਼ੀਰਤਨ ਚੌਕ ਕੋਲ ਜਦ ਉਹ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਸਕੂਟੀ ’ਤੇ ਜਾ ਰਹੀਆਂ ਔਰਤਾਂ ਬੱਸ ਦੇ ਨਜਦੀਕ ਆ ਗਈਆਂ, ਜਿਸਨੂੰ ਬਚਾਉਣ ਲਈ ਉਸਨੂੰ ਕੱਟ ਮਾਰਨਾ ਪਿਆ ਤੇ ਇਸ ਦੌਰਾਨ ਬੱਸ ਅੱਗੇ ਕਿਸਾਨਾਂ ਨਾਲ ਭਰੀ ਜਾ ਰਹੀ ਪਿੱਕਅੱਪ ਗੱਡੀ ਦੇ ਕੋਲ ਪੁੱਜ ਗਈ ਪ੍ਰੰਤੂ ਨਾਲ ਨਹੀਂ ਲੱਗੀ। ਜਿਸਤੋਂ ਬਾਅਦ ਉਹ ਬੱਸ ਲੈ ਕੇ ਬੱਸ ਅੱਡੇ ਵਿਚ ਆ ਗਿਆ। ਪ੍ਰੰਤੂ ਇਸ ਦੌਰਾਨ ਕਿਸਾਨ ਯੂਨੀਅਨ ਦੇ ਆਗੂ ਅਪਣੀਆਂ ਗੱਡੀਆਂ ਲੈ ਕੇ ਮਗਰ ਬੱਸ ਅੱਡੇ ਪੁੱਜ ਗਏ ਤੇ ਉਸਦੀ ਕੁੱਟਮਾਰ ਕੀਤੀ। ਇਸ ਦੌਰਾਨ ਪੀਆਰਟੀਸੀ ਮੁਲਾਜਮਾਂ ਨੇ ਇਹ ਵੀ ਦੋਸ਼ ਲਗਾਏ ਡਰਾਈਵਰ ਦੀ ਕੁੱਟਮਾਰ ਕਰਨ ਵਾਲੇ ਕੁੱਝ ਵਿਅਕਤੀਆਂ ਦੀ ਸ਼ਰਾਬ ਪੀਤੀ ਹੋਈ ਸੀ। ਹਾਲਾਂਕਿ ਕਿਸਾਨਾਂ ਨੇ ਇਸਤੋਂ ਇੰਨਕਾਰ ਕੀਤਾ। ਕਿਸਾਨ ਆਗੂ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੱਗੇ ਧਰਨੇ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ। ਸਥਾਨਕ ਬੱਸ ਸਟੈਂਡ ਚੌਕੀ ਦੇ ਇੰਚਾਰਜ ਰਾਜੀਵ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕੁੱਝ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਗਿਆ ਹੈ।
ਫ਼ੌਜੀ ਅਧਿਕਾਰੀਆਂ ਦੇ ਜਾਅਲੀ ਦਸਤਖ਼ਤ ਕਰਕੇ ਫ਼ਰਜੀ ਦਸਤਾਵੇਜ਼ਾਂ ’ਤੇ ਕਰਜ਼ ਦਿਵਾਉਣ ਵਾਲੇ ਗਿਰੋਹ ਦਾ ਪਰਦਾਫ਼ਾਸ
ਤਿੰਨ ਗਿ੍ਰਫਤਾਰ, ਕਈ ਜਾਅਲੀ ਮੋਹਰਾਂ ਤੇ ਦਸਤਾਵੇਜ਼ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 1 ਅ੍ਰਪੈਲ: ਸਥਾਨਕ ਪੁਲਿਸ ਨੇ ਫ਼ੌਜੀ ਅਧਿਕਾਰੀਆਂ ਦੇ ਜਾਅਲੀ ਦਸਤਾਖ਼ਤਾਂ ਤੇ ਮੋਹਰਾਂ ਰਾਹੀ ਫਰਜ਼ੀ ਦਸਤਾਵੇਜ਼ਾਂ ਤਿਆਰ ਕਰਕੇ ਲੋੜਵੰਦਾਂ ਨੂੰ ਕਰਜ਼ ਦਿਵਾਉਣ ਦੇ ਨਾਂ ’ਤੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮੁਢਲੀ ਪੜਤਾਲ ਤੌਂ ਬਾਅਦ ਤਿੰਨ ਨੌਜਵਾਨਾਂ ਨੂੰ ਗਿ੍ਰਫਤਾਰ ਕਰ ਲਿਆ ਹੈ, ਜਿੰਨ੍ਹਾਂ ਕੋਲੋ ਕਈ ਜਾਅਲੀ ਮੋਹਰਾਂ ਤੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਆਸਵੰਤ ਤੇ ਐਸ.ਐਚ.ਓ ਸਿਵਲ ਲਾਈਨ ਹਰਵਿੰਦਰ ਸਿੰਘ ਨੇ ਦਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਪੁਲਿਸ ਨੂੰ ਫ਼ੌਜ ਦੇ ਖੁਫ਼ੀਆ ਵਿੰਗ ਅਤੇ ਹੋਰਨਾਂ ਸੂਚਨਾਵਾਂ ਦੇ ਆਧਾਰ ’ਤੇ ਪਤਾ ਚੱਲਿਆ ਸੀ ਕਿ ਸ਼ਹਿਰ ਵਿਚ ਕੁੱਝ ਲੋਕ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਲੋੜਵੰਦਾਂ ਤੇ ਖ਼ਾਸਕਰ ਫ਼ੌਜੀ ਜਵਾਨਾਂ ਨੂੰ ਕਰਜ਼ ਦਿਵਾਉਣ ਦਾ ਧੰਦਾ ਕਰ ਰਹੇ ਹਨ। ਵਿੱਢੀ ਪੜਤਾਲ ਤੋਂ ਬਾਅਦ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਗਿ੍ਰਫ਼ਤਾਰ ਕੀਤਾ ਗਿਆ ਤੇ ਜਿਸਦੀ ਪੁਛਗਿਛ ਤੋਂ ਬਾਅਦ ਜੈਵੀਰ ਸਿੰਘ ਅਤੇ ਪ੍ਰਾਈਵੇਟ ਬੈਂਕ ਦਾ ਮੁਲਾਜਮ ਸੁਰਿੰਦਰਪਾਲ ਵਾਸੀ ਬਠਿੰਡਾ ਨੂੰ ਵੀ ਗਿ੍ਰਫਤਾਰ ਕੀਤਾ ਗਿਆ। ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਗ੍ਰਾਂਹਕ ਲੱਭਦਾ ਸੀ ਤੇ ਜੈਵੀਰ ਸਿੰਘ ਅਪਣੇ ਕੰਪਿਊਟਰ ’ਤੇ ਜਾਅਲੀ ਦਸਤਾਵੇਜ਼ ਤੇ ਪਹਿਚਾਣ ਪੱਤਰ ਤਿਆਰ ਕਰਦਾ ਸੀ। ਜਿਸਤੋਂ ਬਾਅਦ ਅੱਗੇ ਉਕਤ ਬੈਂਕ ਮੁਲਾਜਮ ਸੁਰਿੰਦਰਪਾਲ ਉਨ੍ਹਾਂ ਨੂੰ ਕਰਜ਼ ਦਿਵਾਉਣ ਵਿਚ ਮੱਦਦ ਕਰਦਾ ਸੀ। ਇਸਦੇ ਬਦਲੇ ਉਹ ਸਬੰਧਤ ਵਿਅਕਤੀ ਤੋਂ ਮੋਟਾ ਕਮਿਸ਼ਨ ਲੈਂਦੇ ਸਨ। ਕਾਬੂ ਕੀਤੇ ਕਥਿਤ ਦੋਸ਼ੀਆਂ ਕੋਲੋਂ ਫਰਜ਼ੀ ਸਰਟੀਫਿਕੇਟ, ਫੌਜੀ ਅਫਸਰਾਂ ਦੀਆਂ ਜਾਅਲੀ ਮੋਹਰਾਂ , ਪਛਾਣ ਪੱਤਰ, ਖਾਲੀ ਚੈੱਕ, ਪਾਸ ਬੁੱਕ ਅਤੇ ਹੋਰ ਦਸਤਾਵੇਜ਼ ਬਰਾਮਦ ਹੋਏ ਹਨ, ਜਿਨਾਂ੍ਹ ਦੀ ਵਰਤੋਂ ਕਰਜ਼ੇ ਲੈਣ ਲਈ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਜੈਵੀਰ ਸਿੰਘ ਦਾ ਇਕ ਲੈਪਟਾਪ ਅਤੇ ਪਿੰ੍ਟਰ ਵੀ ਬਰਾਮਦ ਕੀਤਾ ਗਿਆ ਹੈ, ਜਿਸ ਵਿਚ ਵੱਡੀ ਗਿਣਤੀ ਫੌਜੀ ਅਫਸਰਾਂ ਦੇ ਨਾਂ ਦੇ ਸਰਟੀਫਿਕੇਟਾਂ ਤੋਂ ਇਲਾਵਾ ਹੋਰ ਦਸਤਾਵੇਜ਼ ਹਨ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਸਟਾਫ਼ ਵੱਲੋਂ ਤੀਜ਼ਾ ਦਿਨ ਕਲਮ ਛੋੜ ਹੜਤਾਲ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 1 ਅਪ੍ਰੈਲ: ਪਿਛਲੇ ਕੁਝ ਮਹੀਨਿਆਂ ਤੋਂ ਐਮ.ਆਰ.ਐਸ.ਪੀ.ਟੀ.ਯੂ. ਦਾ ਸਮੂਹ ਸਟਾਫ਼ ਛੇਵਾਂ-ਪੇਅ-ਕਮਿਸ਼ਨ ਲਾਗੂ ਨਾਂ ਕਰਨਅਤੇ ਮਹੀਨੇ ਦੀ ਤਨਖ਼ਾਹ ਅਨਿਯਮਿਤ ਤਰੀਕੇ ਨਾਲ ਮਿਲਣ ਕਰਕੇ ਅਤੇ ਹੋਰ ਸੰਬੰਧਿਤ ਮੰਗਾਂ ਪੂਰੀਆਂ ਨਾ ਹੋਣ ਕਰਕੇ ਹੜਤਾਲ ਤੇ ਹੈ। ਇਸ ਮੌਕੇ ਐਡਹਾਕ ਕਮੇਟੀ ਮੈਂਬਰਜ਼ ਰਜਿੰਦਰ ਸਿੰਘ ਨਰੂਆਣਾ, ਸੁਖਵਿੰਦਰ ਸਿੰਘ, ਕੈਲਾਸ ਜੋਸ਼ੀ , ਚੰਦਰ ਗਗਨ, ਰਾਹੁਲ ਗਰਗ ,ਰਵਿੰਦਰ ਕੁਮਾਰ, ਸੰਜੀਵ ਕੁਮਾਰ ਆਦਿ ਨੇ ਦੱਸਿਆ ਕਿ ਧਰਨੇ ਵਿੱਚ ਸ਼ਾਮਿਲ ਮੁਲਾਜ਼ਮ ਸਾਥੀਆਂ ਦਾ ਸਮਰਥਨ ਕਰਦੇ ਹੋਏ ਯੂਨੀਵਰਸਿਟੀ ਦੇ ਕੰਨਸਚਿਊਂਟ ਕਾਲਜ ਵਿੱਚ ਕੰਮ ਕਰ ਰਹੇ ਮੁਲਾਜ਼ਮ ਸਾਥੀ ਵੀ ਆਪਣੇ-2 ਕਾਲਜਾਂ ਵਿੱਚ ਕਲਮਛੋੜ ਹੜਤਾਲ ਕਰਕੇ ਧਰਨੇ ਤੇ ਬੈਠ ਗਏ ਹਨ। ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਧਰਨੇ ਦੀ ਮੰਗ ਨੂੰ ਲੈ ਕੇ 5-ਮੈਂਬਰੀ ਕਮੇਟੀ ਬਨਾਈ ਸੀ। ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਬਣਾਈ 5-ਮੈਂਬਰੀ ਕਮੇਟੀ ਨੇ ਧਰਨੇ ਦੇ ਮੁਲਾਜ਼ਮ ਸਾਥੀ ਸ਼੍ਰੀ ਰਜਿੰਦਰ ਸਿੰਘ ਨਰੂਆਣਾ, ਕੈਲਾਸ ਜੋਸ਼ੀ, ਚੰਦਰ ਗਗਨ, ਰਾਹੁਲ ਗਰਗ,ਸੁਖਵਿੰਦਰ ਸਿੰਘ, ਰਵਿੰਦਰ ਕੁਮਾਰ ਅਤੇ ਸੰਜੀਵ ਕੁਮਾਰ ਨਾਲ ਤੀਜ਼ੀ ਮੀਟਿੰਗ ਕੀਤੀ, ਪਰ ਉਸਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ। ਕਮੇਟੀ ਵੱਲੋਂ ਇੱਕੋਂ ਹੀ ਅਪੀਲ ਸੀ ਕਿ ਮੁਲਾਜ਼ਮ ਸਾਥੀ ਧਰਨਾ ਖਤਮ ਕਰਕੇ ਕੰਮ ਤੇ ਮੁੜ ਆਉਣ, ਪਰ ਉਹਨ੍ਹਾਂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਵੀ ਠੋਸ ਭਰੋਸਾ ਨਹੀਂ ਦਿੱਤਾ ਜਾ ਰਿਹਾ। ਜਿਹੜੀਆਂ ਮੰਗਾਂ ਯੂਨੀਵਰਸਿਟੀ ਪ੍ਰਸ਼ਾਸ਼ਨ ਆਪਣੇ ਯੂਨੀਵਰਸਿਟੀ ਪੱਧਰ ਤੇ ਪੂਰੀਆਂ ਕਰ ਸਕਦੇ ਸਨ ਉਹ ਵੀ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਇਸ ਲਈ ਸਮੂਹ ਮੁਲਾਜ਼ਮਾਂ ਵੱਲੋਂ ਇਹ ਫੈਸਲਾ ਕੀਤਾ ਗਿਆਕਿਕਲਮਛੋੜ ਹੜਤਾਲ ਅਤੇ ਧਰਨਾ ਛੇਵੇਂ ਪੇਅ ਕਮਿਸ਼ਨ ਸਮੇਤ ਏਰੀਅਰ ਮਿਲਣ ਤੱਕ ਅਣਮਿੱਥੇ ਸਮੇਂ ਲਈ ਜ਼ਾਰੀ ਰਹੇਗਾ।
ਵਿਸਾਖੀ ਮੇਲੇ ਦੀਆਂ ਤਿਆਰੀਆਂ ਸਬੰਧੀ ਕੀਤੀ ਰੀਵਿਊ ਮੀਟਿੰਗ
5 ਅਪ੍ਰੈਲ ਤੱਕ ਪ੍ਰਬੰਧ ਕੀਤੇ ਜਾਣ ਮੁਕੰਮਲ
ਸੁਖਜਿੰਦਰ ਮਾਨ
ਬਠਿੰਡਾ, 1 ਅਪ੍ਰੈਲ: ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ 14 ਅਪ੍ਰੈਲ 2022 ਨੂੰ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਸਬੰਧੀ ਦਫ਼ਤਰ ਨਗਰ ਕੌਂਸਲ ਤਲਵੰਡੀ ਸਾਬੋ ਵਿਖੇ ਰੀਵਿਊ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਉਂਦੇ ਹੋਏ ਕਿਹਾ ਕਿ 5 ਅਪ੍ਰੈਲ ਤੱਕ ਸਾਰੇ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਦਾ ਮੇਲਾ 12 ਅਪ੍ਰੈਲ ਤੋਂ 15 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਲੇ ਨੂੰ ਸ਼ਰਧਾਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ 6 ਸੈਕਟਰਾਂ ਚ ਵੰਡਿਆ ਗਿਆ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਰੂਟ ਪਲਾਨ, ਵੀਆਈਪੀ ਰੂਟ, ਪਬਲਿਕ ਰੂਟ, ਪੁਲਿਸ ਨਾਕੇ, ਪੁਲਿਸ ਸੈਕਟਰ, ਕੰਟਰੋਲ ਰੂਮਾਂ, ਸਹਾਇਤਾ ਕਾਊਂਟਰ, ਨਿਰਵਿਘਨ ਬਿਜਲੀ, ਪੀਣ ਵਾਲੇ ਅਤੇ ਨਹਿਰੀ ਪਾਣੀ ਦੀ ਸਪਲਾਈ, ਆਮ ਜਨਤਾ ਅਤੇ ਸ਼ਰਧਾਲੂਆਂ ਲਈ ਵੱਖ-ਵੱਖ ਥਾਵਾਂ ਤੇ ਆਰਜੀ ਪਖਾਨੇ ਬਣਾਉਣੇ ਯਕੀਨੀ ਬਣਾਏ ਜਾਣ। ਇਸ ਮੌਕੇ ਐਸਡੀਐਮ ਤਲਵੰਡੀ ਸਾਬੋ ਸ਼੍ਰੀ ਆਕਾਸ ਬਾਂਸਲ, ਮਨੈਜ਼ਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਸ. ਪਰਮਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਮੇਵਾ ਸਿੰਘ ਅਤੇ ਸੈਕਟਰੀ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ‘ਮਹਿਲਾ ਸੰਵੇਦਨਸ਼ੀਲਤਾ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ , 1 ਅਪ੍ਰੈਲ: ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਵਿਖੇ ‘ਮਹਿਲਾ ਸੰਵੇਦਨ ਸ਼ੀਲਤਾ’ ਵਿਸ਼ੇ ਨੂੰ ਮੁੱਖ ਰੱਖਦਿਆਂ ਵਿਦਿਆਰਥਣਾਂ ਲਈ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਮੁੱਖ ਬੁਲਾਰੇ ਦੇ ਤੌਰ ‘ਤੇ ਮਿਸ ਰਾਜਵੀਰ ਕੌਰ ਨੇ ਸੰਬੋਧਨ ਕੀਤਾ । ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਵਿਦਿਆਰਥਣਾਂ ਨੂੰ ਆਪਣੇ ਆਲ਼ੇ ਦੁਆਲੇ ਦੀ ਸਾਫ਼ ਸਫ਼ਾਈ ਰੱਖਣ ਲਈ ਜਾਗਰੂਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜੇ ਅਸੀਂ ਇਹ ਸਾਫ਼ ਸਫ਼ਾਈ ਨਹੀਂ ਕਰਾਂਗੇ ਤਾਂ ਸਾਨੂੰ ਕਿਹੜੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥਣਾਂ ਦੇ ਨਾਲ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਅਤੇ ਜ਼ਿੰਮੇਵਾਰੀਆਂ ਬਾਰੇ ਗੱਲਬਾਤ ਵੀ ਸਾਂਝੀ ਕੀਤੀ। ਉਨ੍ਹਾਂ ਨੇ ਲੜਕੀਆਂ ਨੂੰ ਦੱਸਿਆ ਕਿ ਇੱਕ ਇਸਤਰੀ ਹੋਣ ਦੇ ਨਾਮ ‘ਤੇ ਸਾਡਾ ਆਪਣੇ ਸਮਾਜ ਲਈ, ਆਪਣੇ ਪਰਿਵਾਰ ਲਈ ਕੀ ਫ਼ਰਜ਼ ਬਣਦਾ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਵਿਚ ਆਉਣ ਵਾਲੀਆਂ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਵਿਦਿਆਰਥਣਾਂ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਬਾਰੇ ਆਪਣੀ ਗੱਲਬਾਤ ਸਾਂਝੀ ਕੀਤੀ ਗਈ । ਇਸ ਸਮੇਂ ਸਮੂਹ ਕਾਲਜ ਸਟਾਫ਼ ਵੀ ਮੌਜੂਦ ਸੀ। ਕਾਲਜ ਦੇ ਪ੍ਰਿੰਸੀਪਲ ਵੱਲੋਂ ਇਸ ਉਪਰਾਲੇ ਦੀ ਬਹੁਤ ਪ੍ਰਸੰਸਾ ਕੀਤੀ ਗਈ।
ਜਲ ਸਪਲਾਈ ਵਰਕਰਜ਼ ਯੂਨੀਅਨ ਵਲੋਂ 10 ਮਈ ਨੂੰ ਸੰਗਰੂਰ ’ਚ ਸੂਬਾ ਪੱਧਰੀ ਰੋਸ ਧਰਨਾ ਦੇਣ ਦਾ ਐਲਾਨ
ਸੁਖਜਿੰਦਰ ਮਾਨ
ਲੁਧਿਆਣਾ, 1 ਅਪ੍ਰੈਲ: ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਅੱਜ ਇੱਥੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਪੱਧਰੀ ਵਰਕਿੰਗ ਕਮੇਟੀ ਦੀ ਮੀਟਿੰਗ ਵਿਖ ਯੂਨੀਅਨ ਵਲੋਂ 10 ਮਈ ਨੂੰ ਸੰਗਰੂਰ ’ਚ ਸੂਬਾ ਪੱਧਰੀ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਅਤੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੇ ਦਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਬਤੌਰ ਇਨਲਿਸਟਮੈਂਟ, ਠੇਕੇਦਾਰਾਂ, ਕੰਪਨੀਆਂ ਆਦਿ ਕੈਟਾਗਿਰੀਆਂ ਰਾਹੀ ਸੇਵਾਵਾਂ ਦੇ ਰਹੇ ਠੇਕਾ ਕਾਮਿਆਂ ਨੂੰ ਵਿਭਾਗ ਵਿਚ ਕੰਟਰੈਕਟ ਤਹਿਤ ਸ਼ਾਮਿਲ ਕਰਕੇ ਰੈਗੂਲਰ ਕਰਨ ਦੀ ਮੰਗ ਲਈ ਯੂਨੀਅਨ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰੰਤੂ ਸੂਬੇ ਦੀ ਸੱਤਾ ’ਤੇ ਰਾਜ ਕਰਨ ਵਾਲੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਪ੍ਰਦਾਨ ਕਰਨ ਵਾਲੇ ਜਸਸ ਵਿਭਾਗ ਨੂੰ ਖਤਮ ਕਰਨ ਲਈ ਪੰਚਾਇਤੀਕਰਨ ਦੇ ਨਾਂਅ ਹੇਠ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਜਿੱਥੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਉਥੇ ਇਸਦੇ ਨਾਲ ਹੀ ਨਿਗੁਣੀਆਂ ਤਨਖਾਹਾਂ ’ਤੇ ਠੇਕੇਦਾਰੀ ਦਾ ਸੰਤਾਪ ਭੋਗ ਰਹੇ ਕਾਮੇ ਬੇਰੁਜਗਾਰ ਹੋ ਜਾਣਗੇ। ਜਿਸਦੇ ਵਿਰੋਧ ਵਿਚ ਯੂਨੀਅਨ ਵਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜਸਸ ਵਿਭਾਗ ’ਚ ਇਨਲਿਸਟਮੈਂਟ ਅਤੇ ਠੇਕੇਦਾਰਾਂ ਦੇ ਅਧੀਨ ਕੰਮ ਕਰਦੇ ਫੀਲਡ ਤੇ ਦਫਤਰੀ ਕਾਮਿਆਂ ਨੂੰ ਵਿਭਾਗ ਵਿਚ ਕੰਟਰੈਕਟ ਤਹਿਤ ਸ਼ਾਮਿਲ ਕਰਕੇ ਰੈਗੂਲਰ ਕਰਨ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਬਤੌਰ ਇੰਨਲਿਟਸਮੈਂਟ, ਠੇਕੇਦਾਰਾਂ, ਕੰਪਨੀਆਂ, ਸੁਸਾਇਟੀਆਂ ਅਧੀਨ ਕੰਮ ਕਰਦੇ ਕਾਮਿਆਂ ਨੂੰ ਰੈਗੂਲਰ ਕਰਨ ਦਾ ਅਧਿਕਾਰ ਪ੍ਰਦਾਨ ਕਰਨ ਵਾਲਾ ਕਾਨੂੰਨ ਬਣਾਇਆ ਜਾਵੇ। ਜਸਸ ਵਿਭਾਗ ਦੇ ਇਨਲਿਸਟਮੈਂਟ ਠੇਕਾ ਕਾਮਿਆਂ ’ਤੇ ਈ.ਪੀ.ਐਫ. ਅਤੇ ਈ.ਐਸ.ਆਈ. ਵੀ ਲਾਗੂ ਕੀਤਾ ਜਾਵੇ। ਠੇਕਾ ਕਾਮਿਆਂ ਦੀ ਤਨਖਾਹ 15ਵੀ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਮੁਤਾਬਿਕ ਨਿਸ਼ਚਿਤ ਕੀਤੀ ਜਾਵੇ ਅਤੇ ਘੱਟੋ ਘੱਟ ਤਨਖਾਹ 27100 ਰੁਪਏ ਪ੍ਰਤੀ ਮਹੀਨਾ ਤੈਅ ਕੀਤੀ ਜਾਵੇ। ਕੁਟੇਸ਼ਨ ਸਿਸਟਮ ਬੰਦ ਕੀਤਾ ਜਾਵੇ। ਵਿਭਾਗ ਅਧੀਨ ਚੱਲ ਰਹੀਆਂ ਜਲ ਸਪਲਾਈ ਸਕੀਮਾਂ ਦਾ ਜਬਰੀ ਨਿੱਜੀਕਰਣ/ਪੰਚਾਇਤੀਕਰਨ ਕਰਨਾ ਬੰਦ ਕੀਤਾ ਜਾਵੇ ਅਤੇ ਪੰਚਾਇਤਾਂ ਨੂੰ ਹੈਡ ਓਵਰ ਕੀਤੀਆਂ ਜਲ ਸਪਲਾਈ ਸਕੀਮਾਂ ਨੂੰ ਮੁੜ ਵਿਭਾਗ ਅਧੀਨ ਲਿਆਂ ਜਾਵੇ। ਆਗੂਆਂ ਨੇ ਯੂਨੀਅਨ ਦੇ ਮੰਗ ਪੱਤਰ ਵਿਚ ਦਰਜ ਤਮਾਮ ਮੰਗਾਂ ਦਾ ਹੱਲ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਯੂਨੀਅਨ ਪੰਜਾਬ (ਰਜਿ.31) ਵਲੋਂ 10 ਮਈ 2022 ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਸ਼ਹਿਰ ਸੰਗਰੂਰ ਵਿਖੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੂਬਾ ਪੱਧਰੀ ਰੋਸ਼ ਧਰਨਾ ਦਿੱਤਾ ਜਾਵੇਗਾ। ਜਿਸਦੀ ਤਿਆਰੀ ਸਬੰਧੀ 20 ਅਪ੍ਰੈਲ ਤੋਂ 7 ਮਈ 2022 ਤੱਕ ਜਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਜਦਕਿ ਇਸਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 1 ਮਈ ਨੂੰ ਮਜਦੂਰ ਦਿਵਸ ਯੂਨੀਅਨ ਵਲੋਂ ਬ੍ਰਾਂਚ ਪੱਧਰ ’ਤੇ ਮਨਾਇਆ ਜਾਵੇਗਾ। ਦਫਤਰੀ ਸਟਾਫ ਵਲੋਂ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਸ਼ਹਿਰ ਸੰਗਰੂਰ ਵਿਖੇ 9 ਅਪ੍ਰੈਲ ਨੂੰ ਦਿੱਤੇ ਜਾਣ ਵਾਲੇ ਧਰਨੇ ਵਿਚ ਫੀਲਡ ਵਰਕਰ ਭਾਰੀ ਗਿਣਤੀ ਵਿਚ ਸ਼ਾਮਿਲ ਹੋਣਗੇ।ਅੰਤ ਵਿਚ ਸੂਬਾਈ ਆਗੂੂਆਂ ਨੇ ਸਮੂਹ ਜਿਲ੍ਹਾ ਅਤੇ ਬ੍ਰਾਂਚ ਕਮੇਟੀਆਂ ਨੂੰ ਉਪਰੋਕਤ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਤਾਂ ਜੋ ਵਰਤਮਾਨ ਪੰਜਾਬ ਸਰਕਾਰ ਤੋਂ ਜਲ ਸਪਲਾਈ ਵਰਕਰਾਂ ਦਾ ਪੱਕਾ ਰੁਜਗਾਰ ਕਰਨ ਦੀ ਮੁੱਖ ਮੰਗ ਦਾ ਹੱਲ ਕਰਵਾਇਆ ਜਾ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਕਮ ਸਿੰਘ ਧਨੇਠਾ, ਭੁਪਿੰਦਰ ਸਿੰਘ ਕੁਤਬੇਵਾਲ, ਰੁਪਿੰਦਰ ਸਿੰਘ ਫਿਰੋਜਪੁਰ, ਮਨਪ੍ਰੀਤ ਸਿੰਘ, ਪ੍ਰਦੂਮਣ ਸਿੰਘ, ਓਮਕਾਰ ਸਿੰਘ, ਸੁਰੇਸ ਕੁਮਾਰ, ਤੇਜਿੰਦਰ ਸਿੰਘ ਮਾਨ, ਸੰਦੀਪ ਖਾਂ ਆਦਿ ਹਾਜ਼ਰ ਸਨ।
ਅਕਾਲ ਯੂਨੀਵਰਸਿਟੀ ਨੇ ਗਿਣਾਈਆਂ ਪ੍ਰਾਪਤੀਆਂ
ਸੁਖਜਿੰਦਰ ਮਾਨ
ਬਠਿੰਡਾ, 1 ਅਪ੍ਰੈਲ: ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਲੋਂ ਸਥਾਨਕ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿਚ ਯੂਨੀਵਰਸਿਟੀ ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਵੈਲਯੂ ਐਡਿਡ ਗਤੀਵਿਧੀਆਂ ਖਾਸ ਕਰਕੇ ਯੂ.ਪੀ.ਐਸ.ਸੀ./ਯੂ.ਜੀ.ਸੀ ਨੈੱਟ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫਤ ਕੋਚਿੰਗ ਬਾਰੇ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੀਆਂ ਹੋਰ ਅਕਾਦਮਿਕ ਪ੍ਰਾਪਤੀਆਂ ਦੇ ਨਾਲ-ਨਾਲ ਵੱਖ-ਵੱਖ ਵਜੀਫਾ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਦੌਰਾਨ ਪਿਛਲੇ ਅਕਾਦਮਿਕ ਸੈਸਨ ਵਿੱਚ ਪਾਸ ਆਉਟ ਹੋਏ ਯੂਨੀਵਰਸਿਟੀ ਦਾ ਨਾਂ ਰੌਸਨ ਕਰਨ ਵਾਲੇ ਕੁਝ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਅਤੇ ਮੀਡੀਆ ਦੀ ਮੌਜੂਦਗੀ ਵਿੱਚ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਪਤਵੰਤਿਆਂ ਵੱਲੋਂ 2022 ਸੈਸਨ ਲਈ ਪ੍ਰਾਸਪੈਕਟਸ ਵੀ ਜਾਰੀ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਮੇਜਰ ਜਨਰਲ (ਡਾ.) ਜੀ.ਐਸ. ਲਾਂਬਾ, ਡਾ: ਸੁਖਜੀਤ ਸਿੰਘ, ਡਾਇਰੈਕਟਰ ਆਈਕਿਊਏਸੀ ਨੇ ਸੰਬੋਧਨ ਕੀਤਾ।
ਗੁਰੂ ਕਾਸ਼ੀ ਕੈਂਪਸ ’ਚ ਵਾਤਾਵਰਣ ਜਾਗਰੂਕਤਾ ਮੁਕਾਬਲੇ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 1 ਅਪ੍ਰੈਲ: ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਵੱਲੋਂ ਐਨਵਾਇਰਮੈਂਟ ਦੀ ਜਾਗਰੂਕਤਾ ਲਈ ਮੁਕਾਬਲੇ ਕਰਵਾਏ ਗਏ ।ਇਸਦੇ ਲਈ ਵਣਤਿ੍ਰਣ ਜੀਵਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਦੁਆਰਾ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀਕੈਂਪਸ ਤਲਵੰਡੀ ਸਾਬੋ ਵਿਖੇ ਐਕਸਟੈਂਸ਼ਨ ਸੈਂਟਰਖੋਲ੍ਹਿਆ ਗਿਆ ਹੈ ।ਇਸ ਸੈਂਟਰ ਦੇ ਕੋਆਰਡੀਨੇਟਰ ਡਾ ਸੁਖਪਾਲ ਸਿੰਘ ਚੱਠਾ ਐਸਿਸਟੈਂਟ ਪ੍ਰੋਫੈਸਰ ਮਕੈਨੀਕਲ ਇੰਜਨੀਅਰਿੰਗ ਨੇ ਦਸਿਆ ਕਿ ਇੰਨ੍ਹਾਂ ਮੁਕਾਬਲਿਆਂ ਵਿਚ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ । ਮਨਪ੍ਰੀਤ ਕੌਰ ਬੀ ਐੱਸ ਸੀ ਦੀ ਵਿਦਿਆਰਥਣ ਨੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ।ਸਮਨਦੀਪ ਕੌਰ ਬੀ ਐਸਸੀ ਦੀ ਵਿਦਿਆਰਥਣ ਨੇ ਡਿਬੇਟ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ।ਇਸੇ ਤਰ੍ਹਾਂ ਸ਼ੁਭਮ ਅਤੇ ਪਰਮਜੀਤ ਕੌਰ ਦੀ ਟੀਮ ਨੇ ਕੁਇਜ਼ ਕੰਪੀਟੀਸ਼ਨ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ।ਕੈਂਪਸ ਡਾਇਰੈਕਟਰ ਡਾ ਜਸਬੀਰ ਸਿੰਘ ਹੁੰਦਲ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਵੰਡੇ ।ਉਨ੍ਹਾਂ ਦੱਸਿਆ ਕਿ ਗੁਰੂ ਕਾਸ਼ੀ ਕੈਂਪਸ ਦੁਆਰਾ ਵਾਤਾਵਰਨ ਸੰਭਾਲ ਲਈ ਇਸ ਤਰ੍ਹਾਂ ਦੇ ਮੁਕਾਬਲੇ ਭਵਿੱਖ ਵਿੱਚ ਵੀ ਕਰਵਾਏ ਜਾਣਗੇ ਅਤੇ ਵਿਦਿਆਰਥੀਆਂ ਵਿੱਚ ਵਾਤਾਵਰਨ ਸੰਭਾਲ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ ।ਇਸ ਸਮੇਂ ਡਾ ਜਗਤਾਰ ਸਿੰਘ ਮੁਖੀ ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਅਤੇ ਵੱਖ ਵੱਖ ਈਵੈਂਟਸ ਦੇ ਕੋਆਰਡੀਨੇਟਰਜ ਡਾ. ਨਰਿੰਦਰ ਕੌਰ ,ਡਾ. ਅਮਨਦੀਪ ਕੌਰ,ਡਾ. ਸੰਜੀਵ ਮਹਿਤਾ, ਡਾ. ਅਵਤਾਰ ਸਿੰਘ, ਡਾ. ਪ੍ਰਦੀਪ ਜਿੰਦਲ, ਡਾ. ਰਾਕੇਸ਼ ਭਾਟੀਆ, ਡਾ. ਰਾਜ ਭੁਪਿੰਦਰ ਕੌਰ , ਸ੍ਰੀਮਤੀ ਗੁਰਪ੍ਰੀਤ ਭਾਰਤੀ ਅਤੇ ਡਾ. ਸਵਿਤਾ ਸਾਮਲ ਸਨ






