ਸੁਖਜਿੰਦਰ ਮਾਨ
ਚੰਡੀਗੜ੍ਹ, 21 ਮਾਰਚ: ਹਰਿਆਣਾ ਦੇ ਹਰ ਜਿਲ੍ਹੇ ਵਿਚ ਖੁਰਾਕ ਪਦਾਰਥਾਂ ਦੀ ਜਾਂਚ ਲਈ ਟੇਸਟਿੰਗ ਲੈਬ ਖੋਲੀ ਜਾਵੇਗੀ ਅਤੇ ਸਿਰਫ 20 ਰੁਪਏ ਦੀ ਫੀਸ ‘ਤੇ ਟੇਸਟਿੰਗ ਕੀਤੀ ਜਾਵੇਗੀ ਅਤੇ ਖੁਰਾਕ ਪਦਾਰਥਾਂ ਦਾ ਨਤੀਜਾ ਤੁਰੰਤ ਪ੍ਰਾਪਤ ਕੀਤਾ ਜਾਵੇਗਾ ਜਿਸ ਤੋਂ ਕਿ ਟੇਸਟਿੰਗ ਸਹੂਲਤ ਆਸਾਨ ਹੋਵੇਗੀ। ਇਹ ਖ਼ੁਲਾਸਾ ਇੱਥੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵੱਲੋਂ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਕਮਲ ਗੁਪਤਾ ਹਰਿਆਣਾ ਵਿਧਾਨਸਭਾ ਵਿਚ ਚਲ ਰਹੇ ਸੈਸ਼ਨ ਦੌਰਾਨ ਲਗਾਏ ਗਏ ਸੁਆਲ ਦਾ ਜਵਾਬ ਦੇਣ ਸਮੇਂ ਕੀਤਾ। ਉਨ੍ਹਾਂ ਨੇ ਦਸਿਆ ਕਿ ਅਪ੍ਰੈਲ, 2016 ਤੋਂ ਦਸੰਬਰ, 2021 ਤਕ ਹਰਿਆਣਾ ਰਾਜ ਦੇ ਹਰੇਕ ਜਿਲ੍ਹੇ ਤੋਂ ਕੁੱਲ 16023 ਖੁਰਾਕ ਨਮੂਨੇ ਇਕੱਠਾ ਕੀਤੇ ਗਏ ਹਨ। ਹਰਿਆਣਾ ਰਾਜ ਵਿਚ ਅਪ੍ਰੈਲ, 2016 ਤੋਂ ਦਸੰਬਰ, 2021 ਤਕ ਕੁੱਲ 12159 ਖੁਰਾਕ ਨਮੂਨੇ ਮਾਨਕਾਂ ਦੇ ਅਨੁਰੂਪ ਪਾਏ ਗਏ ਹਨ ਜਦੋਂ ਕਿ ਕੁੱਲ 3864 ਖੁਰਾਕ ਨਮੂਨੇ ਅਪ੍ਰੈਲ, 2016 ਤੋਂ ਦਸੰਬਰ 2021 ਤਕ ਰਾਜ ਵਿਚ ਮਿਲਾਵਟੀ/ਗਲਤ ਬ੍ਰਾਂਡ/ਘਟੀਆ/ਅਸੁਰੱਖਿਅਤ ਪਾਏ ਗਏ। ਉਨ੍ਹਾਂ ਨੇ ਦਸਿਆ ਕਿਅਪ੍ਰੈਲ, 2016 ਤੋਂ ਦਸੰਬਰ, 2021 ਤਕ ਮਿਲਾਵਟੀ ਖੁਰਾਕ ਪਦਾਰਥਾਂ ਦੇ ਕੁੱਲ 3864 ਨਮੂਨਿਆਂ ਵਿੱਚੋਂ ਕੁੱਲ 2653 ਮਾਮਲੇ ਦਰਜ ਕੀਤੇ ਗਏ। ਉਨ੍ਹਾਂ ਨੇ ਦਸਿਆ ਕਿ ਹਰ ਜਿਲ੍ਹੇ ਵਿਚ ਡੇਜਿਗ੍ਰੇਟਿਡ ਅਧਿਕਾਰੀ ਵੀ ਨਿਯੁਕਤ ਕੀਤੇ ਜਾਣਗੇ ਅਤੇ ਖੁਰਾਕ ਪਦਾਰਥਾਂ ਵਿਚ ਨਕਲੀ ਸਮਾਨ ਦੀ ਵਿਕਰੀ ਨਾ ਹੋਵੇ। ਇਸ ਦੇ ਲਈ ਵਿਭਾਗ ਵੱਲੋਂ ਐਪ ਵੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਰਹੇ ਕਿ ਕਿਹੜਾ ਅਧਿਕਾਰ, ਕਿਸ ਥਾਂ ਜਾ ਕੇ ਕਿਸ ਖੁਰਾਕ ਪਦਾਰਥ ਦਾ ਸੈਂਪਲ ਲੈ ਰਿਹਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਮੌਜੂਦ ਵਿਚ 5 ਮੋਬਾਇਲ ਖੁਰਾਕ ਅਤੇ ਔਸ਼ਧੀ ਲੈਬ ਚਲਾਈਆਂ ਜਾ ਰਹੀਆਂ ਹਨ।
ਹਰਿਆਣਾ ਦੇ ਹਰ ਜ਼ਿਲ੍ਹੇ ’ਚ ਖੁਰਾਕ ਪਦਾਰਥਾਂ ਦੀ ਜਾਂਚ ਲਈ ਖੁੱਲੇਗੀ ਲੈਬ: ਅਨਿਲ ਵਿਜ
ਹਰਿਆਣਾ ’ਚ ਹੁਣ ਹੋਮਗਾਰਡ ਭਰਤੀ ਪ੍ਰਕਿ੍ਰਆ ਵਿਚ ਹੋਵੇਗਾ ਬਦਲਾਅ
ਜਲਦੀ ਹੀ ਨਵੇਂ ਨਿਯਮ ਅਨੁਸਾਰ ਹੋਣਗੀਆਂ ਭਰਤੀਆਂ
ਸੁਖਜਿੰਦਰ ਮਾਨ
ਚੰਡੀਗੜ੍ਹ, 21 ਮਾਰਚ: ਹਰਿਆਣਾ ਸਰਕਾਰ ਨੇ ਹੋਮਗਾਰਡ ਦੀ ਭਰਤੀ ਪ੍ਰਕਿ੍ਰਆ ਵਿਚ ਪਾਰਦਰਸ਼ਿਤਾ ਲਿਆਉਣ ਅਤੇ ਯੋਗ ਨੌਜੁਆਵਾਂ ਨੂੰ ਸਵੈ ਸੇਵਕ ਵਜੋ ਆਪਣੀ ਸੇਵਾਵਾਂ ਦੇਣ ਦਾ ਮੌਕਾ ਪ੍ਰਦਾਨ ਕਰਨ ਲਈ ਭਰਤੀ ਸਬੰਧਿਤ ਨਿਯਮਾਂ ਵਿਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ।ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੋਮਗਾਰਡ ਦੀ ਨਵੀਂ ਭਰਤੀ ਪ੍ਰਕਿ੍ਰਆ ਦੇ ਅਨੁਸਾਰ ਸਵੈਂਸੇਵਕ ਨਾਮਜਦ ਹੋਣ ਦੇ ਇਛੁੱਕ ਉਮੀਦਵਾਰਾਂ ਨੂੰ ਪੁਲਿਸ ਭਰਤੀ ਪ੍ਰਕਿ੍ਰਆ ਦੀ ਤਰਜ ‘ਤੇ ਸ਼ਰੀਰਿਕ ਮਾਪਦੰਡ, ਸ਼ਾਰੀਰਿਕ ਕੁਸ਼ਲਤਾ ਪ੍ਰਕਿ੍ਰਆ ਵਰਗੇ ਦੌੜ ਦੇ ਨਾਲ-ਨਾਲ ਲਿਖਿਤ ਪ੍ਰੀਖਿਆ ਤੋਂ ਵੀ ਗੁਜਰਣਾ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਸਵੈ ਸੇਵਕਾਂ ਦੀ ਭਰਤੀ ਦੀ ਪ੍ਰਕਿ੍ਰਆ ਸ਼ੁਰੂ ਤੋਂ ਸਬੰਧਿਤ ਜਾਣਕਾਰੀ ਸਾਰੇ ਪ੍ਰਮੁੱਖ ਅਖਬਾਰਾਂ ਵਿਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਕੁੱਝ ਸ਼ਰਾਰਤੀ ਤੱਤ ਆਪਣੇ ਨਿਜੀ ਸਵਾਰਥ ਤਹਿਤ ਉਮੀਦਵਾਰਾਂ ਨੂੰ ਵਰਗਲਾ ਕੇ ਭਰਤੀ ਦੇ ਨਾਂਅ ‘ਤੇ ਪੈਸੇ ਵਸੂਲਣ ਦਾ ਯਤਨ ਕਰਦੇ ਹਨ। ਅੰਤ ਲੋਕਾਂ ਨੂੰ ਅਪੀਲ ਹੈ ਕਿ ਉਹ ਅਜਿਹੇ ਲੋਕਾਂ ਦੇ ਬਹਿਕਾਵੇ ਵਿਚ ਨਾ ਆਉਣ ਅਤੇ ਜੇਕਰ ਕੋਈ ਉਨ੍ਹਾਂ ਨੂੰ ਸਵੈ ਸੇਵਕ ਵਜੋ ਭਰਤੀ ਕਰਾਉਣ ਦੇ ਨਾਂਅ ‘ਤੇ ਪੈਸੇ ਦੀ ਮੰਗ ਕਰਦਾ ਹੈ ਤਾਂ ਉਹ ਤੁਰੰਤ ਇਸ ਦੀ ਸੂਚਨਾ ਮਹਾਨਿਦੇਸ਼ਕ ਹੋਮਗਾਰਡ ਦੇ ਦਫਤਰ ਨੂੰ ਅਤੇ ਪੁਲਿਸ ਨੂੰ ਦੇਣ ਤਾਂ ਜੋ ਅਜਿਹੇ ਸ਼ਰਾਰਤੀ ਤੱਤਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ।
ਸਿਲਵਰ ਓਕਸ ਸਕੂਲ ’ਚ ਪੰਜ ਰੋਜ਼ਾ ਅਧਿਆਪਕ ਸਿੱਖਿਆ ਵਰਕਸ਼ਾਪ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਸਿਲਵਰ ਓਕਸ ਸਕੂਲ ਭੁੱਚੋਂ ਮੰਡੀ ਵਿੱਚ ਪੰਜ ਦਿਨਾਂ ਦੀ ਅਧਿਆਪਕ ਸਿੱਖਿਆ ਵਰਕਸ਼ਾਪ ਆਯੋਜਿਤ ਕਰਵਾਈ ਜਾ ਰਹੀ ਹੈ। ਜਿਸ ਵਿਚ ਸਕੂਲ ਵੱਲੋਂ ਆਪਣੇ ਨਵੇਂ ਚੁਣੇ ਗਏ ਅਧਿਆਪਕਾਂ ਨੂੰ ਅਧਿਆਪਨ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਸਕੂਲ ਦੇ ਬੁਲਾਰੇ ਨੇ ਦਸਿਆ ਕਿ ਵਰਕਸ਼ਾਪ ਦੇ ਪਹਿਲੇ ਦਿਨ ਸ਼੍ਰੀਮਤੀ ਨੀਤੂ ਬਾਂਸਲ ਜੋ ਕਿ ਗਿਆਨ ਮੰਥਨ ਦੇ ਅਕਾਦਮਿਕ ਅਤੇ ਐਡਮਿਨ ਰਿਸਰਚ ਐਨਾਲਿਸਟ ਹਨ, ਵਲੋਂ ਸੰਚਾਰ ਹੁਨਰ ਤੇ ਅਧਿਆਪਕ ਇੱਕ ਸਲਾਹਕਾਰ ਹੈ, ਬਾਰੇ ਦੱਸਿਆ। ਅਗਲੇ ਚਾਰ ਦਿਨਾਂ ਵਿੱਚ ਉਹ ਸ਼ੁਰੂਆਤੀ ਬਚਪਨ ਦੀ ਸਿੱਖਿਆ ਦੀਆਂ ਤਕਨੀਕਾਂ, ਕੰਮ ਦੀ ਨੈਤਿਕਤਾ, ਟੀਮ ਦਾ ਨਿਰਮਾਣ, ਬਲੂਮ ਵਰਗੀਕਰਨ, ਪਾਠ ਯੋਜਨਾਬੰਦੀ, ਮਾਈਕਰੋ ਸਿੱਖਿਆ ਅਤੇ ਗਰੁੱਪ ਰਣਨੀਤੀ ਆਦਿ ਬਾਰੇ ਦੱਸਣਗੇ। ਸਕੂਲ ਦੇ ਨਿਰਦੇਸ਼ਕ ਸ਼੍ਰੀਮਤੀ ਬਰਨਿੰਦਰਪਾਲ ਸੇਖੋਂ ਨੇ ਕਿਹਾ ਕਿ ਸਿੱਖਿਆ ਖੇਤਰ ਵਿੱਚ ਇਹ ਸਿੱਖਿਆ ਸਿਖਲਾਈ ਜਰੂਰੀ ਹੈ। ਇਸ ਤਕਨੀਕ ਨਾਲ ਅਧਿਆਪਕ ਆਪਣੇ ਆਪ ਨੂੰ ਵਧੇਰੇ ਜਾਗਰੂਕ ਕਰ ਸਕਦੇ ਹਨ।ਸਕੂਲ ਦੀ ਮੁੱਖ ਅਧਿਆਪਕਾਂ ਸ਼੍ਰੀ ਮਤੀ ਛਾਇਆ ਵਿਨੋਚਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਰਕਸ਼ਾਪ ਨਾਲ ਅਧਿਆਪਕਾਂ ਨੂੰ ਸਿੱਖਿਆ ਦੇਣ ਵਿੱਚ ਹੋਰ ਸਹਾਇਤਾ ਮਿਲੇਗੀ।
ਭੀਮ ਰਾਓ ਅੰਬੇਦਕਰ ਦੇ ਬੁੱਤ ਤੇ ਪਾਰਕ ਦੀ ਸਫ਼ਾਈ ਲਈ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਸਥਾਨਕ ਮਿੰਨੀ ਸਕੱਤਰੇਤ ਦੇ ਬਾਹਰ ਬਣੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਅਤੇ ਪਾਰਕ ਦੀ ਸਾਫ ਸਫਾਈ ਦੇ ਮੰਦੜੇ ਹਾਲ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਵਫ਼ਦ ਵਿਚ ਸ਼ਾਮਲ ਜਸਵੀਰ ਸਿੰਘ ਮਹਿਰਾਜ, ਦੇਸ ਰਾਜ ਛਤਰੀ ਵਾਲਾ , ਓਮ ਪ੍ਰਕਾਸ ਡਡੀਇਆ,ਗੌਰਵ ਕਟਾਰੀਆ,ਬਲਬੀਰ ਸਿੰਘ ਮੰਡੀ ਕਲਾਂ ਆਦਿ ਨੇ ਦਸਿਆ ਕਿ ਉਨ੍ਹਾਂ ਵਲੋਂ ਬੁੱਤ ’ਤੇ ਗੁੰਬਦ ਟਾਈਪ ਸੈੱਡ ਪੁਆਉਣ ਅਤੇ ਪਾਰਕ ਦੀ ਸਾਫ ਸਫਾਈ, ਲਾਈਟਿੰਗ ਅਤੇ ਸੁੰਦਰੀਕਰਨ ਸਥਾਈ ਤੌਰ ’ਤੇ ਯਕੀਨੀ ਬਣਾਉਣ ਦੀ ਮੰਗ ਕੀਤੀ। ਡਿਪਟੀ ਕਮਿਸਨਰ ਨੇ ਵਫ਼ਦ ਨੂੰ ਇਸ ਸਬੰਧੀ ਤੁਰੰਤ ਧਿਆਨ ਦੇਣ ਦਾ ਭਰੋਸਾ ਦਿਵਾਇਆ।
ਜੇਲ੍ਹ ‘ਚੋਂ ਫ਼ਿਰੌਤੀਆਂ ਮੰਗਣ ਵਾਲੇ ਦੀ ਪਤਨੀ ਤੇ ਪੁੱਤਰ ਗਿ੍ਰਫਤਾਰ
ਜੇਲ੍ਹ ਦੀ ਚੈਕਿੰਗ ਦੌਰਾਨ ਮੋਬਾਇਲ ਫ਼ੋਨ ਬਰਾਮਦ, ਪ੍ਰੋਡਕਸ਼ਨ ਵਰੰਟ ’ਤੇ ਲਿਆਉਣ ਦੀ ਤਿਆਰੀ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਦੋ ਦਿਨ ਪਹਿਲਾਂ ਫਰੀਦਕੋਟ ਜੇਲ੍ਹ ਵਿਚ ਬੰਦ ਇੱਕ ਮੁਜਰਮ ਵਲੋਂ ਜਵੈਲਰਜ਼ ਮਾਲਕਾਂ ਤੋਂ ਫ਼ਿਰੌਤੀਆਂ ਮੰਗਣ ਦੇ ਮਾਮਲੇ ’ਚ ਪੁਲਿਸ ਨੇ ਮੁਜਰਮ ਦਾ ਸਾਥ ਦੇਣ ਦੇ ਦੋਸ਼ਾਂ ਹੇਠ ਉਸਦੀ ਪਤਨੀ ਤੇ ਪੁੱਤਰ ਨੂੰ ਗਿ੍ਰਫਤਾਰ ਕਰ ਲਿਆ ਹੈ। ਦੋਨਾਂ ਕੋਲੋ ਫ਼ਿਰੌਤੀ ਵਜੋਂ ਲਏ ਗਏ ਪੈਸਿਆਂ ਵਿਚੋਂ ਸਾਢੇ 39 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਉਧਰ ਫ਼ਰੀਦਕੋਟ ਜੇਲ੍ਹ ਦੀ ਲਈ ਤਲਾਸ਼ੀ ਦੌਰਾਨ ਤਰਸੇਮ ਨਿਊਰ ਨਾਂ ਦੇ ਉਕਤ ਮੁਜ਼ਰਮ ਕੋਲੋ ਫ਼ਿਰੌਤੀ ਮੰਗਣ ਲਈ ਵਰਤਿਆਂ ਗਿਆ ਮੋਬਾਇਲ ਫ਼ੋਨ ਵੀ ਬਰਾਮਦ ਹੋ ਗਿਆ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਹਰਿੰਦਰ ਸਿੰਘ ਅਤੇ ਸੀਆਈਏ-2 ਦੇ ਇੰਚਾਰਜ਼ ਤਰਜਿੰਦਰ ਸਿੰਘ ਨੇ ਦਸਿਆ ਕਿ ਮੁਜਰਮ ਤਰਸੇਮ ਉਰਫ਼ ਸੇਮਾ ਵਾਸੀ ਨਿਊਰ ਨੂੰ ਜਲਦੀ ਹੀ ਪੁਛਗਿਛ ਲਈ ਫ਼ਰੀਦਕੋਟ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਜਾ ਰਿਹਾ ਹੈ। ਗੌਰਤਲਬ ਹੈ ਕਿ ਜੇਲ੍ਹ ਵਿਚੋਂ ਹੀ ਫ਼ੋਨ ਕਰਕੇ ਤਰਸੇਮ ਸਿੰਘ ਸੇਮਾ ਨੇ ਗੋਨਿਆਣਾ ਮੰਡੀ ਦੇ ਲੱਖੀ ਜਵੈਲਰਜ਼ ਦੇ ਮਾਲਕ ਸੁਖਵਿੰਦਰ ਸਿੰਘ ਉਰਫ਼ ਲੱਖੀ, ਰੂਪ ਜਵੈਲਰਜ਼ ਦੇ ਧਰਮਿੰਦਰ ਸਿੰਘ ਅਤੇ ਬਠਿੰਡਾ ਦੇ ਪ੍ਰੀਤ ਜਵੈਲਰਜ਼ ਤੋਂ ਫ਼ੋਨ ਕਰਕੇ ਪੈਸੇ ਮੰਗੇ ਸਨ। ਸੁਖਵਿੰਦਰ ਸਿੰਘ ਲੱਖੀ ਨੇ ਡਰਦੇ ਹੋਏ ਉਕਤ ਮੁਜਰਮ ਵੱਲੋਂ ਦਿੱਤੇੇ ਨੰਬਰ ਉੱਪਰ ਗੂਗਲ ਪੇਅ ਰਾਹੀਂ ਪੰਜਾਹ ਹਜਾਰ ਰੁਪਏ ਭੇਜ ਦਿੱਤੇ ਸਨ। ਪੁਲਿਸ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਮੁਜਰਮ ਤਰਸੇਮ ਦੀ ਪਤਨੀ ਹਰਪ੍ਰੀਤ ਕੌਰ ਅਤੇ ਲੜਕਾ ਰਾਜਦੀਪ ਸਿੰਘ ਪਹਿਲਾ ਪੈਸਿਆਂ ਵਾਲੀ ਸਾਮੀ ਦਾ ਨੰਬਰ ਲੱਭਦੇ ਸਨ ਤੇ ਫ਼ਿਰ ਕਿਸੇ ਮਨੀ ਐਕਸ਼ਚੇਜ਼ਰ ਦਾ ਨੰਬਰ ਲੱਭਦੇ ਸਨ, ਜਿਸਤੋਂ ਬਾਅਦ ਇਹ ਦੋਨੋਂ ਨੰਬਰ ਤਰਸੇਮ ਨੂੰ ਦੇ ਦਿੰਦੇ ਸਨ ਤੇ ਉਹ ਫ਼ੋਨ ਕਰਦਾ ਸੀ। ਪੈਸੇ ਆਉਣ ਤੋਂ ਬਾਅਦ ਹਰਪ੍ਰੀਤ ਕੋਰ ਉਕਤ ਮਨੀ ਅਕਸੈਂਚਜਰ ਕੋਲੋ ਪੈਸੇ ਲੈ ਆਉਂਦੇ ਸਨ।
ਬਠਿੰਡਾ ’ਚ ਚਿੱਟੇ ਨਾਲ ਇੱਕ ਹੋਰ ਨੌਜਵਾਨ ਦੀ ਹੋਈ ਮੌਤ, ਦੋ ਦਿਨਾਂ ’ਚ ਤਿੰਨ ਨੌਜਵਾਨ ਮਰੇ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਪੰਜਾਬ ਦੇ ਨੌਜਵਾਨਾਂ ਨੂੰੂ ਅਪਣੀ ਚਪੇਟ ’ਚ ਲੈਣ ਵਾਲੇ ਚਿੱਟੇ ਦੀ ਓਵਰਡੋਜ਼ ਕਾਰਨ ਅੱਜ ਬਠਿੰਡਾ ਸ਼ਹਿਰ ਦੇ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ। ਦੋ ਦਿਨਾਂ ’ਚ ਚਿੱਟੇ ਕਾਰਨ ਬਠਿੰਡਾ ਜ਼ਿਲ੍ਹੇ ਵਿਚ ਮਰਨ ਵਾਲਾ ਇਹ ਤੀਜ਼ਾ ਨੌਜਵਾਨ ਹੈ। ਸਥਾਨਕ ਧੋਬੀਆਣਾ ਬਸਤੀ ਦਾ ਰਹਿਣ ਵਾਲਾ ਇਹ 18 ਸਾਲਾ ਨੌਜਵਾਨ ਅਕਾਸ਼ਦੀਪ ਸਿੰਘ ਆਪਣੇ ਮਾਂ ਬਾਪ ਦੀ ਇਕਲੌਤੀ ਸੰਤਾਨ ਦਸਿਆ ਜਾ ਰਿਜਹਾ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਿ੍ਰਤਕ ਨੌਜਵਾਨ ਦੀ ਮਾਂ ਜਸਪ੍ਰੀਤ ਕੌਰ ਦੇ ਬਿਆਨਾਂ ’ਤੇ ਉਸਦੇ ਪੁੱਤਰ ਦੇ ਦੋਸਤ ਦੀਪੂ ਵਿਰੁਧ ਗੈਰ ਇਰਾਦਾ ਕਤਲ ਦਾ ਮੁਕੱਦਮਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਮਿ੍ਰਤਕ ਨੌਜਵਾਨ ਦਾ ਪਿਤਾ ਵੀ ਇੱਕ ਕੇਸ ’ਚ ਜੇਲ੍ਹ ਵਿਚ ਬੰਦ ਹੈ। ਪ੍ਰਵਾਰ ਵਾਲਿਆਂ ਮੁਤਾਬਕ ਕਰੀਬ ਚਾਰ ਮਹੀਨਿਆਂ ਤੋਂ ਅਕਾਸ਼ਦੀਪ ਨੇ ਨਸ਼ਾ ਕਰਨਾ ਬੰਦ ਕਰ ਦਿੱਤਾ ਸੀ ਪ੍ਰੰਤੂ ਦੀਪੂ ਉਸਨੂੰ ਬੀਤੇ ਕੱਲ ਅਪਣੇ ਨਾਲ ਲੈ ਗਿਆ ਤੇ ਚਿੱਟੇ ਦਾ ਨਸ਼ਾ ਕਰਵਾ ਦਿੱਤਾ ਪ੍ਰੰਤੂ ਜਿਆਦਾ ਮਾਤਰਾ ’ਚ ਨਸ਼ਾ ਲੈਣ ਕਾਰਨ ਉਸਦੀ ਮੌਤ ਹੋ ਗਈ। ਦਸਣਾ ਬਣਦਾ ਹੈ ਕਿ ਬੀਤੀ ਸ਼ਾਮ ਅਕਾਸ਼ਦੀਪ ਨੂੰ ਕੁੱਝ ਲੋਕ ਸਥਾਨਕ ਸਰਕਾਰੀ ਹਸਪਤਾਲ ਵਿਚ ਲੈ ਕੇ ਆਏ ਸਨ, ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਰਤਕ ਐਲਾਨ ਦੇ ਦਿੱਤਾ ਸੀ। ਮੁਢਲੀ ਪੜਤਾਲ ਮੁਤਾਬਕ ਉਸਨੇ ਜਿਆਦਾ ਨਸ਼ਾ ਕੀਤਾ ਹੋਇਆ ਸੀ। ਇੱਥੇ ਦਸਣਾ ਬਣਦਾ ਹੈ ਕਿ ਪਿੰਡ ਭਾਈਰੂਪਾ ਦੇ ਅਰਸਦੀਪ ਸਿੰਘ ਅਤੇ ਪਿੰਡ ਪੱਕਾ ਕਲਾਂ ਦੇ ਗਗਨਦੀਪ ਸਿੰਘ ਨਾਮਕ ਦੋ ਨੌਜਵਾਨਾਂ ਦੀ ਮੌਤ ਚਿੱਟੇ ਕਾਰਨ ਹੋਈ ਸੀ। ਅਰਸਦੀਪ ਦੇ ਮਾਮਲੇ ਵਿਚ ਪੁਲਿਸ ਨੇ ਪਿੰਡ ਦੇ ਇੱਕ ਡਾਕਟਰ ਵਿਰੁਧ ਪਰਚਾ ਦਰਜ਼ ਕੀਤਾ ਸੀ। ਇਸੇ ਤਰਾਂ੍ਹ ਪੱਕਾ ਕਲਾਂ ਦੇ ਗਗਨਦੀਪ ਸਿੰਘ ਵੀ ਘਰ ਵਿਚ ਮਿ੍ਰਤਕ ਮਿਲਿਆ ਸੀ ਤੇ ਉਸਦੇ ਕੋਲੋ ਸਰਿੰਜ ਬਰਾਮਦ ਹੋਈ ਸੀ।
ਘਰ ਦੇ ਬਾਹਰ ਖ਼ੜੀ ਸਕਾਰਪੀਓ ਚੋਰੀ, ਪੁਲਿਸ ਵਲੋਂ ਜਾਂਚ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਨੌਰਥ ਅਸਟੇਟ ਵਿਚੋਂ ਇੱਕ ਘਰ ਦੇ ਬਾਹਰ ਖੜ੍ਹੀ ਸਕਾਰਪੀਓ ਕਾਰ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਆਗੂ ਸੋਨੂੰ ਮਹੇਸ਼ਵਰੀ ਨੇ ਦਸਿਆ ਕਿ ਇਹ ਘਟਨਾ ਅੱਜ ਸਵੇਰੇ ਮੂੁੰਹ ਹਨੇਰੇ ਵਾਪਰੀ ਹੈ, ਕਿਉਂਕਿ ਚੋਰੀ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਚੋਰੀ ਹੋਈ ਕਾਰ ਦੇ ਮਾਲਕ ਨੰਦਨ ਬਾਂਸਲ ਨੇ ਦਸਿਆ ਕਿ ਉਸਨੇ ਰੋਜ਼ ਦੀ ਤਰ੍ਹਾਂ ਚਿੱਟੇ ਰੰਗ ਦੀ ਅਪਣੀ ਸਕਾਰਪੀਓ ਕਾਰ ਨੰਬਰ ਪੀਬੀ03 ਕਿਊ 4427 ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਪ੍ਰੰਤੂ ਜਦ ਸਵੇਰੇ ਉਠ ਕੇ ਦੇਖਿਆ ਤਾਂ ਕਾਰ ਗਾਇਬ ਸੀ। ਇਸਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ। ਇਸ ਦੌਰਾਨ ਇੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਚੋਰੀ ਦੀ ਇਹ ਘਟਨਾ ਸਵੇਰੇ 4.35 ਵਜੇ ਦੇ ਕਰੀਬ ਵਾਪਰੀ ਜਦ ਇਕ ਚਿੱਟੇ ਰੰਗ ਦੀ ਆਈ-20 ਗੱਡੀ ਵਿਚ ਆਏ ਕੁੱਝ ਨੌਜਵਾਨ ਉਸਦੀ ਗੱਡੀ ਨੂੰ ਟੋਚਨ ਪਾ ਕੇ ਲੈ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਵਿਰੁਧ ਸ਼ਹਿਰ ’ਚ ਕੀਤਾ ਰੋਸ਼ ਪ੍ਰਦਰਸ਼ਨ
ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਅੱਜ ਮੋਰਚੇ ਵਿਚ ਸ਼ਾਮਲ ਦਰਜ਼ਨਾਂ ਜਥੈਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਸ਼ਹਿਰ ਵਿਚ ਰੋਸ਼ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਕਾਇਆ ਮੰਗਾਂ ਦੀ ਪੂਰਤੀ ਲਈ ਮੰਗ ਪੱਤਰ ਦਿੱਤਾ ਗਿਆ। ਮੋਰਚੇ ਦੇ ਆਗੂਆਂ ਰੇਸਮ ਸਿੰਘ ਯਾਤਰੀ, ਬਲਦੇਵ ਸਿੰਘ ਸੰਦੋਹਾ ਸਿੱਧੂਪੁਰ ਪ੍ਰਸੋਤਮ ਸਿੰਘ, ਕਰਾਂਤੀਕਾਰੀ ਜਥੇਬੰਦੀ ਦੇ ਆਗੂ ਸੁਰਜੀਤ ਸਿੰਘ ਸੰਦੋਹਾ ਆਦਿ ਨੇ ਦੋਸ਼ ਲਗਾਇਆ ਕਿ ਕਿਸਾਨਾਂ ਨੇ ਮੋਦੀ ਸਰਕਾਰ ਦੇ ਵਾਅਦੇ ‘ਤੇ ਭਰੋਸਾ ਕਰਕੇ ਦਿੱਲੀ ਸਰਹੱਦ ਤੋਂ ਆਪਣਾ ਮੋਰਚਾ ਚੁੱਕਣ ਦਾ ਐਲਾਨ ਕੀਤਾ ਸੀ ਪ੍ਰੰਤੂ ਹੁਣ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਹੀ ਨਹੀਂ ਹਟੀ, ਸਗੋਂ ਪੰਜਾਬ ਦੇ ਕਿਸਾਨਾਂ ਦੇ ਜਖਮਾਂ ‘ਤੇ ਲੂਣ ਛਿੜਕਣ ਦਾ ਕੰਮ ਵੀ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਕਿ ਅੰਦੋਲਨ ਦੌਰਾਨ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਕੇਸ “ਤੁਰੰਤ ਪ੍ਰਭਾਵ ਨਾਲ ਵਾਪਸ ਲਏ ਜਾਣਗੇ“। ਪ੍ਰੰਤੂ ਹਾਲੇ ਵੀ ਇਹ ਕੰਮ ਅਧੂਰਾ ਹੈ, ਕਿਸਾਨਾ ਨੂੰ ਅਜੇ ਵੀ ਸੱਮਣ ਭੇਜੇ ਜਾ ਰਹੇ ਹਨ । ਅੰਦੋਲਨ ਦੌਰਾਨ ਸਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜੇ ਬਾਰੇ ਅਜੇ ਤੱਕ ਕੋਈ ਰਸਮੀ ਫੈਸਲਾ ਨਹੀਂ ਹੋਇਆ। ਇਸ ਦੌਰਾਨ ਲਖੀਮਪੁਰ ਖ਼ਿਰੀ ਕਤਲ ਕਾਂਡ ਵਿੱਚ ਸਾਜਿਸ ਦੇ ਕਥਿਤ ਮੁੱਖ ਦੋਸ਼ੀ ਹਾਲੇ ਤੱਕ ਕੇਂਦਰੀ ਮੰਤਰੀ ਮੰਡਲ ਵਿੱਚ ਬਣਿਆ ਹੋਇਆ ਹੈ। ਇਸ ਦੌਰਾਨ ਪੁਲੀਸ, ਪ੍ਰਸਾਸਨ ਅਤੇ ਸਰਕਾਰੀ ਵਕੀਲ ਦੀ ਮਿਲੀਭੁਗਤ ਨਾਲ ਇਸ ਕਤਲ ਦੇ ਮੁੱਖ ਦੋਸੀ ਅਸੀਸ ਮਿਸਰਾ ਮੋਨੂ ਨੂੰ ਹਾਈ ਕੋਰਟ ਤੋਂ ਜਮਾਨਤ ਮਿਲ ਗਈ। ਆਗੂਆਂ ਨੇ ਦਸਿਆ ਕਿ ਸੰਯੁਕਤ ਕਿਸਾਨ ਮੋਰਚਾ ਨੇ 11 ਤੋਂ 17 ਅਪ੍ਰੈਲ ਤੱਕ ਐਮਐਸਪੀ ਦੀ ਕਾਨੂੰਨੀ ਗਰੰਟੀ ਹਫਤਾ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਜੇਕਰ ਉਸ ਸਮੇਂ ਤੱਕ ਵੀ ਸਰਕਾਰ ਨੇ ਆਪਣਾ ਭਰੋਸਾ ਪੂਰਾ ਨਾ ਕੀਤਾ ਤਾਂ ਕਿਸਾਨਾਂ ਕੋਲ ਮੁੜ ਤੋਂ ਅੰਦੋਲਨ ਸੁਰੂ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ। ਇਸ ਮੌਕੇ ਰਣਜੀਤ ਸਿੰਘ, ਮੁਖਤਿਆਰ ਸਿੰਘ, ਅਰਜਨ ਸਿੰਘ , ਕ੍ਰਾਂਤੀਕਾਰੀ ਗੁਰਮੀਤ ਸਿੰਘ, ਕਰਮਜੀਤ ਸਿੰਘ ,ਮਾਨਸਾ ਭੋਲਾ ਸਿੰਘ, ਸੋਹਣਾ ਸਿੰਘ ਤੋ ਇਲਾਵਾ ਹੋਰ ਵੀ ਕਿਸਾਨ ਆਗੂ ਸਾਮਲ ਸਨ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਹੇਠ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਆਗੂਆਂ ਵਲੋਂ ਪ੍ਰਦਰਸ਼ਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਦੇ ਜਨਰਲ ਸਕੱਤਰ ਰਾਮਕਰਨ ਸਿੰਘ ਰਾਮਾ ਨੇ ਦਸਿਆ ਕਿ ਇਸ ਮੰਗ ਪੱਤਰ ਰਾਹੀ ਕਿਸਾਨ ਅੰਦੋਲਨ ਦੀਆਂ ਬਾਕੀ ਰਹਿੰਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਤੋਂ ਇਲਾਵਾ ਨਰਮੇ ਕਪਾਹ ਪੱਟੀ ਵਿੱਚ ਗੁਲਾਬੀ ਸੁੰਡੀ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਤੁਰੰਤ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸਨਰ ਨੇ ਭਰੋਸਾ ਦਿਵਾਇਆ ਕਿ 31 ਮਾਰਚ ਤੱਕ ਸਮੂਹ ਪੀੜਤ ਕਿਸਾਨਾਂ ਤੇ ਮਜਦੂਰਾਂ ਨੂੰ ਬਣਦੀ ਰਾਸ਼ੀ ਅਦਾ ਕਰ ਦਿੱਤੀ ਜਾਵੇਗੀ। ਕਿਸਾਨ ਆਗੂ ਰਾਮਕਰਨ ਸਿੰਘ ਰਾਮਾ ਤੇ ਜਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਇਸਰਖਾਨਾ ਨੇ ਦੋਸ਼ ਲਗਾਇਆ ਕਿ ਪੰਜਾਬ ਨਾਲ ਵਿਤਕਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰ ਦਿੱਤੀ ਗਈ, ਜਿਸਨੂੰ ਤੁਰਤ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਇਸੇ ਤਰ੍ਹਾਂ ਐੱਮਐੱਸਪੀ ’ਤੇ ਕਮੇਟੀ ਬਣਾਉਣ, ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ, ਕਿਸਾਨਾਂ ਵਿਰੁਧ ਦਰਜ਼ ਕੇਸਾਂ ਨੂੰ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ ਹੈ। ਇਸ ਮੌਕੇ ਕਿਸਾਨ ਆਗੂ ਤਾਰਾ ਸਿੰਘ, ਬਲਦੇਵ ਸਿੰਘ, ਮਲਕੀਤ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਤੇ ਹਰਗੋਬਿੰਦ ਸਿੰਘ ਹਾਜ਼ਰ ਸਨ।






