Thursday, May 7, 2026
Home Blog Page 2590

ਬਨਵਾਰੀਲਾਲ ਪੁਰੋਹਿਤ ਵੱਲੋਂ ਪੰਜਾਬ ਰਾਜ ਭਵਨ ਵਿਖੇ ‘ਗੁਰੂ ਨਾਨਕ ਦੇਵ ਆਡੀਟੋਰੀਅਮ’ ਦਾ ਉਦਘਾਟਨ

0

ਸੁਖਜਿੰਦਰ ਮਾਨ
ਚੰਡੀਗੜ੍ਹ, 3 ਮਾਰਚ: ਸੂਬੇ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਯੂ.ਟੀ., ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ `ਗੁਰੂ ਨਾਨਕ ਦੇਵ ਆਡੀਟੋਰੀਅਮ` ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਸ੍ਰੀ ਪੁਰੋਹਿਤ ਨੇ ਕਿਹਾ ਕਿ ਪੰਜਾਬ ਰਾਜ ਭਵਨ ਵਿੱਚ ਬਣਾਇਆ ਇਹ ਅਤਿ-ਆਧੁਨਿਕ ਬਹੁ-ਮੰਤਵੀ ਆਡੀਟੋਰੀਅਮ ਨਵੀਨਤਮ ਤਕਨੀਕ ਨਾਲ ਲੈਸ ਹੈ, ਜਿਸ ਨਾਲ ਕਈ ਉੱਚ ਪੱਧਰੀ ਸਮਾਗਮਾਂ ਦਾ ਆਯੋਜਨ ਕਰਨ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ `ਤੇ ਰੱਖਣਾ ਬਹੁਤ ਹੀ ਮਾਣ ਅਤੇ ਸਨਮਾਨ ਵਾਲੀ ਗੱਲ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਸਰਵ ਵਿਆਪਕ ਭਾਈਚਾਰਾ ਦੇ ਸੰਕਲਪ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਸਿਧਾਂਤ ਸਮੇਂ ਤੋਂ ਪਰੇ ਹਨ ਜੋ ਲਗਾਤਾਰ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਦਾ ਨਾਮ ਪੰਜਾਬ ਰਾਜ ਭਵਨ ਵਿਖੇ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਨਿਰਸਵਾਰਥ ਸੇਵਾ ਕਰਨ, ਇਮਾਨਦਾਰ ਹੋਣ ਅਤੇ ਮਨੁੱਖਤਾ ਦੇ ਭਲੇ ਲਈ ਸਮਾਜਿਕ ਨਿਆਂ ਲਈ ਯਤਨ ਕਰਨ ਵਾਸਤੇ ਨਿਰੰਤਰ ਪ੍ਰੇਰਿਤ ਕਰਦਾ ਰਹੇਗਾ। ਜਿ਼ਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਮੌਕੇ ਅਕਤੂਬਰ 2019 ਵਿੱਚ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਆਡੀਟੋਰੀਅਮ ਦਾ ਨਿਰਮਾਣ ਲਗਭਗ 48000 ਵਰਗ ਫੁੱਟ ਖੇਤਰ ਵਿੱਚ ਕੀਤਾ ਗਿਆ ਹੈ ਅਤੇ ਇਸ ਵਿੱਚ ਇੱਕ ਸਮੇਂ ਵਿੱਚ ਲਗਭਗ 500 ਲੋਕ ਠਹਿਰ ਸਕਦੇ ਹਨ।ਉਦਘਾਟਨੀ ਸਮਾਰੋਹ ਵਿੱਚ ਸੰਤ ਤੇਜਾ ਸਿੰਘ, ਸੰਤ ਕਸ਼ਮੀਰਾ ਸਿੰਘ (ਭੂਰੀ ਸਾਹਿਬ), ਬਾਬਾ ਬੰਤਾ ਸਿੰਘ , ਸੰਤ ਆਤਮਾ ਰਾਮ, ਮਾਤਾ ਵਿਪਨਪ੍ਰੀਤ ਕੌਰ ਅਤੇ ਜਥੇ ਵੱਲੋਂ ਅਖੰਡ ਪਾਠ ਅਤੇ ਕੀਰਤਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਬਾਬਾ ਬੰਤਾ ਸਿੰਘ ਨੇ ਕਿਹਾ ਕਿ ਪੰਜਾਬ ਰਾਜ ਭਵਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਇੱਕ ਸੰਸਥਾ ਦੀ ਸਥਾਪਨਾ ਕਰਨਾ ਇੱਕ ਨਵੇਕਲੀ ਪਹਿਲ ਹੈ ਅਤੇ ਇਸਦੀ ਤਹਿ-ਦਿਲੋਂ ਸਰਾਹਨਾ ਕੀਤੀ ਜਾਂਦੀ ਹੈ। ਇਸ ਮੌਕੇ ਸੰਤ ਤੇਜਾ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਸਿਧਾਂਤਾਂ ਵਿਸ਼ੇਸ਼ ਕਰਕੇ ਕਿਰਤ ਕਰੋ, ਵੰਡ ਛੱਕੋ ਤੇ ਨਾਮ ਜਪੋ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਪੰਜਾਬ ਰਾਜ ਭਵਨ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਲੰਗਰ ਆਯੋਜਿਤ ਕਰਵਾਇਆ ਗਿਆ। ਇਸ ਮੌਕੇ ਚੰਡੀਗੜ੍ਹ ਦੇ ਮੇਅਰ ਸ੍ਰੀਮਤੀ ਸਰਬਜੀਤ ਕੌਰ, ਸ਼ਹਿਰ ਦੇ ਕੌਂਸਲਰ , ਪ੍ਰਸ਼ਾਸਕ ਅਡਵਾਈਜ਼ਰੀ ਕੌਂਸਲ ਦੇ ਮੈਂਬਰ, ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨਿਰੁਧ ਤਿਵਾੜੀ, ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ, ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਸ੍ਰੀ ਜੇ.ਐਮ ਬਾਲਾਮੁਰੂਗਨ ਅਤੇ ਪੰਜਾਬ ਤੇ ਚੰਡੀਗੜ੍ਹ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਕਾਨੂੰਨ ਵਿਵਸਥਾ ਨੂੰ ਚੁਸਤ- ਦਰੁਸਤ ਬਣਾਉਣ ਲਈ ਪੁਲੀਸ ਪ੍ਰਸ਼ਾਸਨ ਦੀ ਸਿਆਸੀ ਗ਼ਲਬੇ ਤੋਂ ਮੁਕਤੀ ਜ਼ਰੂਰੀ: ਭਗਵੰਤ ਮਾਨ

0

-‘ਆਪ’ ਦੀ ਸਰਕਾਰ ਸੂਬੇ ਦੇ ਪੁਲੀਸ ਮੁਲਾਜ਼ਮਾਂ ਸਮੇਤ ਸਰਕਾਰੀ ਮੁਲਾਜ਼ਮਾਂ ਦੇ ਮਾਮਲੇ ਪ੍ਰਮੁੱਖਤਾ ਨਾਲ ਕਰੇਗੀ ਹੱਲ: ਭਗਵੰਤ ਮਾਨ
-ਪੁਲੀਸ ਫੋਰਸ ਤੋਂ ਕੇਵਲ ਪੁਲੀਸ ਦੇ ਕੰਮ ਕਰਵਾਏ ਜਾਣਗੇ ਅਤੇ ਸਿਆਸੀ ਦਖ਼ਲਅੰਦਾਜ਼ੀ ਹੋਵੇਗੀ ਬੰਦ : ਭਗਵੰਤ ਮਾਨ
-ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਬਾਹਰੀ ਰਾਜਾਂ ਦੇ ਜਵਾਨਾਂ ‘ਤੇ ਆਧਾਰਿਤ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਬਣਾ ਕੇ ਪੰਜਾਬੀਆਂ ਨੂੰ ਦਿੱਤਾ ਧੋਖ਼ਾ: ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ, 2 ਮਾਰਚ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ‘ਆਪ’ ਦੀ ਸਰਕਾਰ ਸੂਬੇ ਦੇ ਪੁਲੀਸ ਮੁਲਾਜ਼ਮਾਂ ਸਮੇਤ ਸਰਕਾਰੀ ਮੁਲਾਜ਼ਮਾਂ ਦੇ ਮਾਮਲੇ ਪ੍ਰਮੁੱਖਤਾ ਨਾਲ ਵਿਚਾਰ ਕੇ ਹੱਲ ਕਰੇਗੀ। ਉਨਾਂ ਕਿਹਾ ਕਿ ਸੂਬੇ ਦੇ ਮੁਲਾਜ਼ਮ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਂਦੇ ਰਹੇ ਹਨ, ਪਰ ਰਿਵਾਇਤੀ ਸਿਆਸੀ ਪਾਰਟੀਆਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਹਮੇਸ਼ਾਂ ਹੀ ਮੁਲਾਜ਼ਮਾਂ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਮਾਨ ਮੁਤਾਬਕ ਜਦੋਂ ਤੱਕ ਪੁਲੀਸ ਪ੍ਰਸ਼ਾਸਨ ‘ਚ ਉਪਰ ਤੋਂ ਲੈ ਕੇ ਹੇਠਾਂ ਤੱਕ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਖ਼ਤਮ ਨਹੀਂ ਹੁੰਦੀ, ਉਦੋਂ ਤੱਕ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਚੁਸਤ- ਦੁਰਸਤ ਨਹੀਂ ਕੀਤਾ ਜਾ ਸਕਦਾ। ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਹਰ ਵਾਰ ਦੀ ਤਰਾਂ ਇਸ ਵਾਰ ਵਿਧਾਨ ਸਭਾ ਚੋਣਾ ਸਮੇਂ ਆਪਣੀ ਕਾਰਜਕੁਸ਼ਲਤਾ ਦਾ ਸੁਚੱਜਾ ਸਬੂਤ ਦਿੱਤਾ ਹੈ। ਪੁਲੀਸ ਮੁਲਾਜ਼ਮਾਂ ਨੇ ਬੂਥ ਤੋਂ ਲੈ ਕੇ ਸਟ੍ਰਾਂਗ ਰੂਮ ਤੱਕ ਸੁਰੱਖਿਆ ਮਜ਼ਬੂਤ ਕੀਤੀ ਹੈ ਅਤੇ ਵੋਟਰਾਂ ਸਮੇਤ ਡਿਊਟੀ ਮੁਲਾਜ਼ਮਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਅਤੇ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਸਾਰਥਕ ਰੋਲ ਅਦਾ ਕੀਤਾ ਹੈ।
ਭਗਵੰਤ ਮਾਨ ਨੇ ਸੱਤਾਧਾਰੀ ਕਾਂਗਰਸ ਅਤੇ ਪਿਛਲੀ ਅਕਾਲੀ- ਭਾਜਪਾ ਸਰਕਾਰ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪੁਲੀਸ ‘ਤੇ ਹੀ ਵਿਸ਼ਵਾਸ ਨਹੀਂ ਹੈ, ਕਿਉਂਕਿ ਬਾਦਲ ਅਤੇ ਕੈਪਟਨ ਨੇ ਆਪਣੀ, ਆਪਣੇ ਪਰਿਵਾਰਾਂ ਅਤੇ ਹੋਰ ਕਰੀਬੀਆਂ ਦੀ ਸੁਰੱਖਿਆ ਲਈ ਬਣਾਏ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਵਿੱਚ ਹੋਰਨਾਂ ਰਾਜਾਂ ਦੇ 209 ਵਿਅਕਤੀਆਂ ਨੂੰ ਨੌਕਰੀਆਂ ਦਿੱਤੀਆਂ, ਜਦੋਂ ਕਿ ਪੰਜਾਬ ਦੇ ਕੇਵਲ 19 ਨੌਜਵਾਨਾਂ ਨੂੰ ਨੌਕਰੀ ਨਸੀਬ ਹੋਈ।” ਉਨਾਂ ਦੋਸ਼ ਲਾਇਆ ਕਿ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਵਿੱਚ ਹੋਰਨਾਂ ਰਾਜਾਂ ਤੋਂ ਡੀ.ਐਸ.ਪੀ, ਇੰਸਪੈਕਟਰ, ਸਬ ਇੰਸਪੈਕਟਰ ਅਤੇ ਜਵਾਨ ਭਰਤੀ ਕਰਕੇ ਬਾਦਲਾਂ ਅਤੇ ਕੈਪਟਨ ਨੇ ਨਾ ਸਿਰਫ਼ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਸਗੋਂ ਪੰਜਾਬ ਦੇ ਖ਼ਜਾਨੇ ਨੂੰ ਵੀ ਲੁੱਟਿਆ ਹੈ। ਮਾਨ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ਪੁਲੀਸ ਦੇ ਮਾਣ- ਸਨਮਾਨ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਪੁਲੀਸ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਪੁਲੀਸ ਫੋਰਸ ਤੋਂ ਕੇਵਲ ਪੁਲੀਸ ਦੇ ਕੰਮ ਕਰਵਾਏ ਜਾਣਗੇ ਅਤੇ ਸਿਆਸੀ ਆਗੂਆਂ ਦੇ ਘਰਾਂ ‘ਚ ਕੰਮ ਕਰਨ ‘ਤੇ ਪਾਬੰਦੀ ਲਾਗੂ ਕੀਤੀ ਜਾਵੇਗੀ। ਸਿਆਸੀ ਆਗੂਆਂ, ਉਚ ਅਫ਼ਸਰਾਂ ਸਮੇਤ ਹੋਰਨਾਂ ਤਥਾ ਕਥਿਤ ਵੀ.ਆਈ.ਪੀਜ਼ ਨੂੰ ਸੁਰੱਖਿਆ ਦੇ ਨਾਂ ‘ਤੇ ਪੱਕੇ ਤੌਰ ‘ਤੇ ਦਿੱਤੇ ਵਾਧੂ ਪੁਲੀਸ ਮੁਲਾਜ਼ਮ ਵਾਪਸ ਲੈ ਕੇ ਉਨਾਂ ਦੀ ਥਾਣਿਆਂ ਅਤੇ ਟਰੈਫਿਕ ਪ੍ਰਬੰਧਾਂ ‘ਚ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਸੂਬੇ ਵਿੱਚ ਕਾਨੂੰਨ ਵਿਵਸਥਾ ਠੀਕ ਰਹਿਣ ਦੇ ਨਾਲ- ਨਾਲ ਆਮ ਲੋਕਾਂ ਦੇ ਮਸਲੇ ਨਿਸ਼ਚਿਤ ਸਮੇਂ ਵਿੱਚ ਹੱਲ ਹੋਣ। ਉਨਾਂ ਕਿਹਾ ਕਿ ਪੁਲੀਸ ਮੁਲਾਜ਼ਮ ਨੂੰ ਹਫ਼ਤਾਵਾਰੀ ਛੁੱਟੀ ਦੇਣ ਦੇ ਨਾਲ- ਨਾਲ ਡਿਊਟੀ ਦਾ ਸਮਾਂ ਨਿਸ਼ਚਿਤ ਕੀਤਾ ਜਾਵੇਗਾ। ਰੋਜ਼ਾਨਾ ਖਾਣੇ ਦੇ ਪੈਸਿਆਂ ‘ਚ ਵਾਧਾ ਕੀਤਾ ਜਾਵੇਗਾ ਅਤੇ ਆਵਾਜਾਈ ਭੱਤੇ ਸੁਧਾਰੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਪੁਲੀਸ ਮੁਲਾਜ਼ਮਾਂ ਦੀ ਤਰਾਂ ਆਮ ਸਰਕਾਰੀ ਮੁਲਾਜ਼ਮਾਂ ਦੇ ਮਾਮਲਿਆਂ ਨੂੰ ਹੱਲ ਕਰਨ ਲਈ ਆਮ ਆਦਮੀ ਪਾਰਟੀ ਦ੍ਰਿੜ ਸੰਕਲਪ ਹੈ। ‘ਆਪ’ ਦੀ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਨਾਲ- ਨਾਲ ਪੇ -ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਜਾਵੇਗਾ।

ਰਾਜਪਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪੰਜਾਬ ਦੇ ਹੱਕਾਂ ਦੀ ਪੈਰਵੀ ਕਰਨ : ਹਰਪਾਲ ਸਿੰਘ ਚੀਮਾ

0

ਬੀ.ਬੀ.ਐਮ.ਬੀ. ‘ਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੇ ਫ਼ੈਸਲੇ ਖਿਲਾਫ ‘ਆਪ’ ਨੇ ਡੀ.ਸੀਜ਼ ਨੂੰ ਦਿੱਤੇ ਮੰਗ ਪੱਤਰ
ਸੁਖਜਿੰਦਰ ਮਾਨ
ਚੰਡੀਗੜ, 2 ਮਾਰਚ: ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ (ਬੀ.ਬੀ.ਐਮ.ਬੀ) ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੇ ਫ਼ੈਸਲੇ ਖ਼ਿਲਾਫ਼ ਅੱਜ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਮਾਣਯੋਗ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਗਏ। ਇਹ ਜਾਣਕਾਰੀ ਦਿੰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ‘ਆਪ’ ਨੇ ਪੱਤਰ ਭੇਜ ਕੇ ਮੰਗ ਕੀਤੀ ਕਿ ਮਾਣਯੋਗ ਰਾਜਪਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪੰਜਾਬ ਦੇ ਹੱਕਾਂ ਦੀ ਪੈਰਵੀ ਕਰਨ ਤਾਂਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ‘ਤੇ ਮਾਰੇ ਜਾਂਦੇ ਡਾਕੇ ਤੁਰੰਤ ਬੰਦ ਕੀਤੇ ਜਾਣ।
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ‘ਆਪ’ ਦੇ ਜ਼ਿਲਾ ਜਲੰਧਰ ਦੇ ਫਿਲੌਰ ਤੋਂ ਉਮੀਦਵਰ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਆਦਮਪੁਰ ਤੋਂ ਉਮੀਦਵਾਰ ਜੀਤ ਲਾਲ ਭੱਟੀ ਦੀ ਅਗਵਾਈ ਵਿੱਚ ਪਾਰਟੀ ਆਗੂਆਂ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਇਸੇ ਤਰਾਂ ਪਾਰਟੀ ਆਗੂਆਂ ਨੇ ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪ ਕੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕੀਤੀ ਹੈ।
ਚੀਮਾ ਨੇ ਕਿਹਾ ਕਿ ਬੀ.ਬੀ.ਐੱਮ.ਬੀ. ਪੰਜਾਬ ਦੀ ਸਰਜਮੀਂ ‘ਤੇ ਖੜਾ ਹੋਇਆ ਉਹ ਪ੍ਰਬੰਧਨ ਹੈ, ਜਿਸ ‘ਚੋਂ ਪੰਜਾਬ ਨੂੰ ਹੀ ਬਾਹਰ ਕੱਢਣ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ ਅਤੇ ਬੀ.ਬੀ.ਐੱਮ.ਬੀ. ਦੇ ਪ੍ਰਬੰਧਨ ‘ਚੋਂ ਗਿਣਮਿਥ ਕੇ ਪੰਜਾਬ ਦੀ ਅਹਿਮੀਅਤ ਘਟਾਈ ਜਾ ਰਹੀ ਹੈ । ਉਨਾਂ ਕਿਹਾ ਕਿ ਪਹਿਲਾਂ ਇਹ ਧੱਕਾ ਕੇਂਦਰ ‘ਚ ਕਾਬਜ਼ ਕਾਂਗਰਸ ਦੀਆਂ ਸਰਕਾਰਾਂ ਕਰਦੀਆਂ ਸਨ, ਹੁਣ ਉਹੋ ਰਾਹ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਫੜ ਲਿਆ ਹੈ। ਜੋ ਪੰਜਾਬ ਦੀ ਦੁਖਦੀ ਰਗ ਨੂੰ ਜਾਣਬੁੱਝ ਕੇ ਦਬਾਏ ਜਾਣ ਵਾਲੀ ਕੋਝੀ ਸ਼ਰਾਰਤ ਹੈ । ਕਾਂਗਰਸ ਤੋਂ ਵੀ ਕਈ ਕਦਮ ਅੱਗੇ ਜਾ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੋਦੀ ਸਰਕਾਰ ਰਾਜਾਂ ਦੇ ਅਧਿਕਾਰਾਂ ‘ਤੇ ਡਾਕੇ ਮਾਰਨ ‘ਚ ਜੁਟੀ ਹੋਈ ਹੈ, ਜੋ ਭਾਰਤ ਦੀ ਸੰਘੀ (ਫੈਡਰਲ) ਵਿਵਸਥਾ ਉੱਤੇ ਵੀ ਸਿੱਧੀ ਸੱਟ ਹੈ।
‘ਆਪ’ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਬੀ.ਬੀ.ਐੱਮ.ਬੀ. ਦੇ ਨਿਯਮਾਂ (ਰੂਲਜ਼) ‘ਚ ਮਨਮਾਨੇ ਫ਼ੈਸਲੇ ਲੈਣ ਤੋਂ ਗੁਰੇਜ਼ ਕਰੇ ਅਤੇ ਪਹਿਲਾਂ ਹੀ ਦੋਵੇਂ ਹੱਥੀਂ ਲੁੱਟੇ ਗਏ ਪੰਜਾਬ ਨਾਲ ਖੁੰਦਕੀ ਅਤੇ ਮਤਰੇਈ ਮਾਂ ਵਾਲਾ ਵਤੀਰਾ ਤਿਆਗੇ। ਬੀ.ਬੀ.ਐੱਮ.ਬੀ. ਦੇ ਪ੍ਰਬੰਧਨ ‘ਚ ਪੰਜਾਬ ਦੀ ਪੱਕੀ ਨੁਮਾਇੰਦਗੀ ਖ਼ਤਮ ਕਰਨ ਦਾ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਰੰਤ ਵਾਪਸ ਲੈਣ ਅਤੇ ਕਾਂਗਰਸ ਸਰਕਾਰਾਂ ਵੱਲੋਂ ਪਹਿਲਾਂ ਲਏ ਗਏ ਪੰਜਾਬ ਵਿਰੋਧੀ ਸਾਰੇ ਫ਼ੈਸਲਿਆਂ ‘ਤੇ ਨਜ਼ਰਸਾਨੀ ਕਰਨ ਅਤੇ ਪੰਜਾਬ ਦੇ ਹੱਕ-ਹਕੂਕ ਬਹਾਲ ਕਰਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੀ.ਬੀ.ਐੱਮ.ਬੀ. ਦੇ ਪ੍ਰਬੰਧਨ ‘ਚ ਪੰਜਾਬ ਦੀ ਨੁਮਾਇੰਦਗੀ ਘਟਾਉਣ ਲਈ ਸਿਰਫ਼ ਕੇਂਦਰ ਦੀਆਂ ਭਾਜਪਾ ਅਤੇ ਕਾਂਗਰਸੀ ਸਰਕਾਰਾਂ ਹੀ ਇੱਕਲੀਆਂ ਜ਼ਿੰਮੇਵਾਰ ਨਹੀਂ, ਇਸ ਲਈ ਪੰਜਾਬ ਦੀ ਸੱਤਾ ਭੋਗਦੀਆਂ ਆ ਰਹੀਆਂ ਕਾਂਗਰਸ-ਕੈਪਟਨ ਅਤੇ ਬਾਦਲ-ਭਾਜਪਾ ਵਾਲੀਆਂ ਸੂਬਾ ਸਰਕਾਰਾਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ, ਜਿਨਾਂ ਨੇ ਪੰਜਾਬ ਦੇ ਹੱਕਾਂ ‘ਤੇ ਵੱਜਦੇ ਡਾਕਿਆਂ ਵਿਰੁੱਧ ਕਦੇ ਆਵਾਜ਼ ਬੁਲੰਦ ਹੀ ਨਹੀਂ ਕੀਤੀ, ਕਿਉਂਕਿ ਇਹਨਾਂ ਨੂੰ ਪੰਜਾਬ ਅਤੇ ਪੰਜਾਬੀਆਂ ਨਾਲੋਂ ਆਪਣੇ ਨਿੱਜੀ ਮੁਫ਼ਾਦ ਹਮੇਸ਼ਾ ਵੱਧ ਪਿਆਰੇ ਰਹੇ, ਜਿਸਦਾ ਖਮਿਆਜ਼ਾ ਅੱਜ ਪੰਜਾਬ ਅਤੇ ਪੰਜਾਬੀ ਭੁਗਤ ਰਹੇ ਹਨ।

ਝੋਪੜੀ ’ਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ

0

ਸੁਖਜਿੰਦਰ ਮਾਨ
ਬਠਿੰਡਾ, 02 ਮਾਰਚ: ਜ਼ਿਲ੍ਹੇ ਦੇ ਕਸਬਾ ਮੌੜ ਮੰਡੀ ’ਚ ਬੀਤੀ ਰਾਤ ਇੱਕ ਝੁੱਗੀ ਨੂੰ ਅੱਗ ਲੱਗਣ ਕਾਰਨ ਇੱਥੇ ਰਹਿਣ ਵਾਲੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਹੈ। ਹਾਲਾਂਕਿ ਲਾਸ਼ ਦੇ ਬੁਰੀ ਤਰ੍ਹਾਂ ਸੜਣ ਕਾਰਨ ਇਸ ਗੱਲ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋ ਸਕੀ ਕਿ ਮਰਨ ਵਾਲਾ ਪੁਰਸ਼ ਸੀ ਜਾਂ ਔਰਤ। ਥਾਣਾ ਮੋੜ ਦੇ ਮੁਖੀ ਇੰਸਪੈਕਟਰ ਹਰਜੀਤ ਸਿੰਘ ਮਾਨ ਨੇ ਦਸਿਆ ਕਿ ਲਾਸ਼ ਨੂੰ ਸਿਨਾਖ਼ਤ ਲਈ 72 ਘੰਟੇ ਵਾਸਤੇ ਤਲਵੰਡੀ ਸਾਬੋ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ, ਜਿਸਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ। ਮਿਲੀ ਸੂਚਨਾ ਮੁਤਾਬਕ ਮੋੜ ਮੰਡੀ ਸ਼ਹਿਰ ਵਿਚਕਾਰ ਗੁਜ਼ਰਦੀ ਰੇਲਵੇ ਲਾਈਨ ਦੇ ਨੇੜੇ ਇੱਕ ਦਿਵਿਆਂਗ ਗਰੀਬ ਵਿਅਕਤੀ ਰਹਿੰਦਾ ਸੀ। ਇੱਥੇ ਹੀ ਉਸਦੇ ਨਾਲ ਇੱਕ ਔਰਤ ਵੀ ਰਹਿੰਦੀ ਸੀ। ਪਤਾ ਲੱਗਿਆ ਹੈ ਕਿ ਉਕਤ ਜੋੜਾ ਭੀਖ ਮੰਗ ਕੇ ਆਪਣੇ ਗੁਜਾਰਾ ਕਰਦਾ ਸੀ। ਕੁੱਝ ਸਮਾਂ ਪਹਿਲਾਂ ਸ਼ਹਿਰ ਦੇ ਹੀ ਕੁੱਝ ਦੁਕਾਨਦਾਰਾਂ ਨੇ ਇਸ ਵਿਅਕਤੀ ਨੂੰ ਠੰਡ ਤੋਂ ਬਚਣ ਲਈ ਝੋਪੜੀ ਪਾ ਕੇ ਦਿੱਤੀ ਸੀ। ਮੁਢਲੀ ਸੂਚਨਾ ਮੁਤਾਬਕ ਬੀਤੀ ਰਾਤ ਝੋਪੜੀ ਨੂੰ ਅੱਗ ਲੱਗ ਗਈ ਤੇ ਇੱਥੇ ਰਹਿਣ ਵਾਲੇ ਇਸ ਜੋੜੇ ਵਿਚੋਂ ਇੱਕ ਜੀਅ ਦੀ ਵੀ ਅੱਗ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਇਸ ਘਟਨਾ ਦਾ ਪਤਾ ਆਸਪਾਸ ਦੇ ਲੋਕਾਂ ਨੂੰ ਅੱਜ ਸਵੇਰ ਸਮੇਂ ਹੀ ਲੱਗਿਆ।

ਪਿੰਡ ‘ਚ ਵਿਰੋਧ ਹੋਣ ’ਤੇ ਸ਼ਹਿਰ ਵਿਚ ਆਕੇ ਚਿੱਟਾ ਵੇਚਣ ਵਾਲੇ ਦੋ ਕਾਬੂ

0

ਮੁੱਖ ਸਪਲਾਈਰ ਫ਼ਰਾਰ
ਸੁਖਜਿੰਦਰ ਮਾਨ
ਬਠਿੰਡਾ, 02 ਮਾਰਚ: ਬਠਿੰਡਾ ਪੱਟੀ ’ਚ ਚਿੱਟੇ ਦੇ ਦਿਨੋਂ-ਦਿਨ ਵਧ ਰਹੇ ਪ੍ਰਕੋਪ ਤੋਂ ਦੁਖੀ ਹੋ ਕੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਖੋਲੇ ਮੋਰਚੇ ਤੋਂ ਬਾਅਦ ਤਸਕਰਾਂ ਦੁਆਰਾ ਅਪਣੇ ਠਿਕਾਣੇ ਬਦਲਣ ਦੀ ਸੂਚਨਾ ਹੈ। ਅਜਿਹੇ ਹੀ ਇੱਕ ਮਾਮਲੇ ਵਿਚ ਸਥਾਨਕ ਸੀਆਈਏ ਸਟਾਫ -1 ਦੀ ਟੀਮ ਵਲੋਂ ਦੋ ਅਜਿਹੇ ਨੌਜਵਾਨਾਂ ਨੂੰ ਚਿੱਟੇ ਸਹਿਤ ਕਾਬੂ ਕੀਤਾ ਹੈ, ਜਿੰਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਪਿੰਡ ਦੇ ਲੋਕਾਂ ਵਲੋਂ ਵਿਰੋਧ ਕਰਨ ‘ਤੇ ਸ਼ਹਿਰ ਵਿਚ ਟਿਕਾਣਾ ਕਰ ਲਿਆ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿੰਗ ਦੇ ਸਬ ਇੰਸਪੈਕਟਰ ਹਰਜੀਵਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਜਸਵੰਤ ਸਿੰਘ ਵਾਸੀ ਸਮਾਲਸਰ ਜ਼ਿਲ੍ਹਾ ਮੋਗਾ ਅਤੇ ਸੁਖਪਾਲ ਸਿੰਘ ਵਾਸੀ ਹਰਰਾਏਪੁਰ ਵਜੋਂ ਹੋਈ ਹੈ। ਇੰਨ੍ਹਾਂ ਤੋਂ 22 ਗ੍ਰਾਮ ਹੈਰੋਇਨ ਅਤੇ 81 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਅਸਲ ਵਿਚ ਇਲਾਕੇ ਵਿਚ ਹੈਰੋਇਨ ਤੇ ਚਿੱਟੇ ਦੀ ਸਪਲਾਈ ਕਰਨ ਵਾਲਾ ਮੁੱਖ ਕਿੰਗਪਿੰਨ ਰਮਨਦੀਪ ਉਰਫ਼ ਹੈਰੀ ਵਾਸੀ ਹਰਰਾਏਪੁਰ ਹੈ, ਜਿਸਦੇ ਵਿਰੁਧ ਪਹਿਲਾਂ ਵੀ ਪਰਚੇ ਦਰਜ਼ ਹਨ। ਜਸਵੰਤ ਸਿੰਘ ਉਕਤ ਹੈਰੀ ਦਾ ਰਿਸ਼ਤੇਦਾਰ ਹੈ ਤੇ ਸੁਖਪਾਲ ਹੈਰੀ ਦਾ ਦੋਸਤ ਹੈ। ਮੁਢਲੀ ਪੜਤਾਲ ਮੁਤਾਬਕ ਹੈਰੀ ਹੀ ਬਾਹਰੋਂ ਹੈਰੋਇਨ ਤੇ ਚਿੱਟਾ ਲੈ ਕੇ ਆਉਂਦਾ ਸੀ ਤੇ ਸੁਖਪਾਲ ਤੇ ਜਸਵੰਤ ਅੱਗੇ ਉਸਦੀ ਸਪਲਾਈ ਕਰਦੇ ਸਨ। ਪਿੰਡ ’ਚ ਵਿਰੋਧ ਹੋਣ ਤੋਂ ਬਾਅਦ ਹੁਣ ਇੰਨ੍ਹਾਂ ਨੇ ਅਪਣਾ ਟਿਕਾਣਾ ਜੁਝਾਰ ਸਿੰਘ ਨਗਰ ਬਠਿੰਡਾ ਵਿਖੇ ਬਣਾਇਆ ਹੋਇਆ ਸੀ। ਗੌਰਤਲਬ ਹੈ ਕਿ ਹਰਰਾਏਪੁਰ ਦੀ ਪੰਚਾਇਤ ਵਲੋਂ ਕੁੱਝ ਦਿਨ ਪਹਿਲਾਂ ਨਸ਼ਾ ਤਸਕਰਾਂ ਵਿਰੁਧ ਮਤਾ ਪਾਸ ਕੀਤਾ ਗਿਆ ਸੀ ਤੇ ਨਾਲ ਹੀ ਪਿੰਡ ਦੇ ਕਲੱਬ ਦੀ ਸਹਾਇਤਾ ਨਾਲ ਮਾਰਚ ਵੀ ਕੱਢਿਆ ਗਿਆ ਹੈ।

ਤਸਕਰਾਂ ਦੇ ਹੋਸਲੇ ਬੁਲੰਦ, ਸੂਏ ਕੇ ਕੰਢੇ ’ਤੇ ਨੱਪੀ ਲਾਹਣ

0

ਐਕਸਾਈਜ਼ ਤੇ ਪੁਲਿਸ ਵਿਭਾਗ ਵਲੋਂ 2500 ਲੀਟਰ ਦੇ ਕਰੀਬ ਲਾਹਣ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 02 ਮਾਰਚ: ਨਸ਼ਾ ਤਸਕਰੀ ਦੇ ਧੰਦੇ ’ਚ ਲੱਗੇ ਤਸਕਰਾਂ ਦੇ ਹੋਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਸੂਏ ਦੀ ਪਟੜੀ ’ਤੇ ਹੀ ਦੇਸੀ ਦਾਰੂ ਬਣਾਉਣ ਲਈ ਲਾਹਣ ਦੱਬ ਦਿੱਤੀ। ਗੁਪਤ ਸੂਚਨਾ ਦੇ ਆਧਾਰ ’ਤੇ ਐਕਸਾਈਜ਼ ਅਤੇ ਪੁਲਿਸ ਵਿਭਾਗ ਵਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਕਰੀਬ 2500 ਲੀਟਰ ਕੱਚੀ ਲਾਹਨ ਅਤੇ ਤਿਆਰ ਦੇਸੀ ਸ਼ਰਾਬ ਬਰਾਮਦ ਹੋਈ ਹੈ। ਹਾਲਾਂਕਿ ਇਸ ਮਾਮਲੇ ਵਿਚ ਫ਼ਿਲਹਾਲ ਥਾਣਾ ਥਰਮਲ ਦੀ ਪੁਲਿਸ ਨੇ ਲਾਹਨ ਤੇ ਸ਼ਰਾਬ ਅਪਣੇ ਕਬਜ਼ੇ ਵਿਚ ਲੈ ਕੇ ਅਗਿਆਤ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ ਪ੍ਰੰਤੂ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਸ਼ੱਕ ਦੀ ਸੂਈ ਸ਼ਹਿਰ ਦੇ ਨਾਲ ਲੱਗਦੇ ਸਰਾਬ ਤਸਕਰੀ ਵਿਚ ਲੱਗੇ ਇੱਕ ਚਰਚਿਤ ਪਿੰਡ ਵੱਲ ਜਾ ਰਹੀ ਹੈ। ਸੂਚਨਾ ਮੁਤਾਬਕ ਐਕਸਾਈਜ਼ ਤੇ ਪੁਲਿਸ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਲੋਟ ਰੋਡ ’ਤੇ ਸਥਿਤ ਕਿੰਗਫ਼ਿਸਰ ਰੀਜੋਰਟ ਦੇ ਨਜਦੀਕ ਲੰਘਦੇ ਇੱਕ ਸੂਏ ਦੀ ਪਟੜੀ ਉਪਰ ਦੇੇਸ਼ੀ ਸਰਾਬ ਤਿਆਰ ਕਰਨ ਲਈ ਵੱਡੀ ਮਾਤਰਾ ’ਚ ਲਾਹਣ ਪਾਈ ਹੋ ਸਕਦੀ ਹੈ। ਥਾਣਾ ਥਰਮਲ ਦੇ ਐਸਐਚਓ ਬਲਵਿੰਦਰ ਸਿੰਘ ਅਤੇ ਐਕਸਾਈਜ ਇੰਸਪੈਕਟਰ ਜਸਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਕੇ ’ਤੇ ਪੁੱਜੀ ਟੀਮ ਵਲੋਂ ਧਰਤੀ ਹੇਠਾਂ ਦੱਬੇ 5 ਡਰੰਮ ਲਾਹਣ ਅਤੇ 20 ਲਿਟਰ ਸ਼ਰਾਬ ਦੀ ਕੈਨੀ ਬਰਾਮਦ ਕੀਤੀ ਗਈ ਹੈ। ਥਾਣਾ ਥਰਮਲ ਦੇ ਮੁਖੀ ਬਲਵਿੰਦਰ ਸਿੰਘ ਨੇ ਦਸਿਆ ਕਿ ਅਗਿਆਤ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰਕੇ ਪੜਤਾਲ ਕੀਤੀ ਜਾ ਰਹੀ ਹੈ।

ਡੀ.ਏ.ਵੀ. ਕਾਲਜ ਬਠਿੰਡਾ ਵਿੱਚ ਰਾਸਟਰੀ ਵਿਗਿਆਨ ਦਿਵਸ ਮਨਾਇਆ ਗਿਆ

0

ਸੁਖਜਿੰਦਰ ਮਾਨ
ਬਠਿੰਡਾ, 02 ਮਾਰਚ: ਸਥਾਨਕ ਡੀਏਵੀ ਕਾਲਜ ਦੇ ਸਾਇੰਸ ਵਿਭਾਗਾਂ (ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਬਨਸਪਤੀ ਅਤੇ ਜੁਆਲੋਜੀ) ਨੇ “ਟਿਕਾਊ ਭਵਿੱਖ ਲਈ ਵਿਗਿਆਨ ਅਤੇ ਤਕਨਾਲੋਜੀ ਵਿੱਚ ਏਕੀਕਿ੍ਰਤ ਪਹੁੰਚ“ ਵਿਸੇ ’ਤੇ ਰਾਸਟਰੀ ਵਿਗਿਆਨ ਦਿਵਸ ਮਨਾਇਆ। ਇਸ ਪ੍ਰੋਗਰਾਮ ਲਈ ਵਿੱਤੀ ਸਹਾਇਤਾ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੌਜੀ ਕੌਂਸਲ (ਪੀਐਸਸੀਐਸਟੀ), ਨੈਸਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸਨ (ਐਨਸੀਟੀਐਸਸੀ) ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐਸਟੀ) ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ। ਇਸ ਮੌਕੇ ਲੈਕਚਰ, ਸਲਾਈਡ ਸੋਅ, ਕੁਇਜ ਮੁਕਾਬਲੇ ਅਤੇ ਪੋਸਟਰ ਮੁਕਾਬਲੇ ਆਦਿ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਅਤੇ ਪ੍ਰਮੁੱਖ ਪ੍ਰਵਕਤਾ ਡਾ. ਰਾਜੀਵ ਕੁਮਾਰ ਅੰਸਵਾਲ, ਵਾਤਾਵਰਨ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਸਨ। ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ, ਪ੍ਰੋ: ਪਰਵੀਨ ਕੁਮਾਰ ਗਰਗ (ਮੁਖੀ, ਕਾਮਰਸ ਵਿਭਾਗ), ਡਾ: ਗੁਰਪ੍ਰੀਤ ਸਿੰਘ (ਮੁਖੀ, ਭੌਤਿਕ ਵਿਗਿਆਨ ਵਿਭਾਗ), ਪ੍ਰੋ: ਮੀਤੂ ਐਸ. ਵਧਵਾ (ਮੁਖੀ, ਕੈਮਿਸਟਰੀ ਵਿਭਾਗ), ਡਾ. ਕਿ੍ਰਤੀ ਗੁਪਤਾ (ਮੁਖੀ, ਬਾਟਨੀ ਵਿਭਾਗ) ਅਤੇਡਾ. ਅਮਰ ਸੰਤੋਸ ਸਿੰਘ (ਮੁਖੀ, ਜੁਆਲੋਜੀ ਵਿਭਾਗ) ਦੁਆਰਾ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਸਮਾਗਮ ਦੀ ਸੁਰੂਆਤ ਦੀਪ ਜਗਾ ਕੇ ਅਤੇ ਗਾਇਤਰੀ ਮੰਤਰ ਦੇ ਜਾਪ ਨਾਲ ਹੋਈ। ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ ਨੇ ਇਸ ਵਿਗਿਆਨ ਸਮਾਗਮ ਦਾ ਹਿੱਸਾ ਬਣਨ ਦੇ ਸੱਦੇ ਨੂੰ ਪ੍ਰਵਾਨ ਕਰਨ ਲਈ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਲੌਕਡਾਊਨ ਤੋਂ ਬਾਅਦ ਵਿਦਿਆਰਥੀਆਂ ਦੀ ਉਤਸਾਹੀ ਭਾਗੀਦਾਰੀ ਦੇਖ ਕੇ ਵੀ ਬੇਹੱਦ ਖੁਸੀ ਜਾਹਿਰ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂਉਨ੍ਹਾਂ ਕਿਹਾ ਕਿ ਵਿਗਿਆਨ ਦਿਵਸ ਨੋਬਲ ਪੁਰਸਕਾਰ ਜੇਤੂ ਸਰ ਸੀ.ਵੀ. ਦੁਆਰਾ “ਰਮਨ ਪ੍ਰਭਾਵ ਦੀ ਖੋਜ“ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਡੀ.ਏ.ਵੀ. ਕਾਲਜ ਬਠਿੰਡਾ ਦੇ ਇਸ ਦਿਸਾ ਵਿੱਚ ਯਤਨ, ਨੌਜਵਾਨਾਂ ਵਿੱਚ ਵਿਗਿਆਨਕ ਪ੍ਰਵਿਰਤੀ ਪੈਦਾ ਕਰਨਾ ਹੈ। ਉਨ੍ਹਾਂ ਇਸ ਸਮਾਗਮ ਦੇ ਆਯੋਜਨ ਲਈ ਕਾਲਜ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਪੀ.ਐਸ.ਸੀ.ਐਸ.ਟੀ., ਐਨ.ਸੀ.ਟੀ.ਐਸ.ਸੀ. ਅਤੇ ਡੀ.ਐਸ.ਟੀ. ਭਾਰਤ ਸਰਕਾਰ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਡਾ: ਨੇਹਾ ਜਿੰਦਲ ਅਤੇ ਪ੍ਰੋ: ਹਰਪ੍ਰੀਤ ਕੌਰ ਬਰਾੜ ਨੇ ਕੀਤਾ। ਪ੍ਰੋ: ਮੀਤੂ ਐਸ. ਵਧਵਾ ਨੇ ਡਾ. ਰਾਜੀਵ ਕੁਮਾਰ ਅੰਸਵਾਲ ਬਾਰੇ ਸੰਖੇਪ ਜਾਣਕਾਰੀ ਦਿੱਤੀ। ਡਾ. ਰਾਜੀਵ ਵਾਤਾਵਰਣ ਦੇ ਖੇਤਰ ਵਿੱਚ ਇੱਕ ਪ੍ਰਸਿੱਧ ਖੋਜਕਾਰ ਹਨ ਅਤੇ ਉਹਨਾਂ ਦੇ ਪੇਟੈਂਟ ਅਤੇ ਪ੍ਰੋਜੈਕਟਾਂ ਨੂੰ ਯੂਜੀਸੀ ਅਤੇ ਐਮਐਚਆਰਡੀ ਦੁਆਰਾ ਫੰਡ ਦਿੱਤਾ ਗਿਆ ਹੈ।ਡਾ. ਰਾਜੀਵ ਕੁਮਾਰ ਅੰਸਵਾਲ ਨੇ “ਟਿਕਾਊ ਭਵਿੱਖ ਲਈ ਵਿਗਿਆਨ ਅਤੇ ਤਕਨਾਲੋਜੀ ਵਿੱਚ ਏਕੀਕਿ੍ਰਤ ਪਹੁੰਚ“ ’ਤੇ ਭਾਸਣ ਦਿੱਤਾ। ਉਹਨਾਂ ਨੇ ਸਾਡੇ ਰੋਜਾਨਾ ਜੀਵਨ ਵਿੱਚ ਜੈਨੋਬਾਇਟਿਕਸ ਦੇ ਪ੍ਰਭਾਵ ਬਾਰੇ ਦੱਸਦਿਆਂ ਕਿਹਾ ਕਿ ਕਿਵੇਂ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਦੇ ਨਾਲ, ਮਨੁੱਖਾਂ ਨੂੰ ਜੈਨੋਬਾਇਟਿਕਸ ਦੇ ਭਾਰੀ ਦਖਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇਜੈਨੋਬਾਇਟਿਕਸਮਿਸਰਣਾਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ ਦਾ ਨੂਰਪੁਰ ਜ?ਿਲ੍ਹਾ ਉਨ੍ਹਾਂ ਖੇਤਰਾਂ ਵਿੱਚੋਂ ਇੱਕ ਹੈ ਜਿੱਥੋਂ ਜੇਨੋਬਾਇਟਿਕਸ ਨੂੰ ਨਸਟ ਕਰਨ ਲਈ ਉੱਲੀ ਨੂੰ ਅਲੱਗ ਕੀਤਾ ਜਾ ਸਕਦਾ ਹੈ। ਉਹਨਾਂ ਨੇ ਆਪਣੇ ਸੰਵਾਦਾਤਮਕ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਵਿਗਿਆਨਕ ਪ੍ਰਵਿਰਤੀ ਪੈਦਾ ਕਰਨ ਅਤੇ ਸੰਸਥਾ ਅਤੇ ਦੇਸ ਦੀ ਤਰੱਕੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ।ਸਲਾਈਡ ਸੋ ਪੇਸਕਾਰੀ ਅਤੇ ਪੋਸਟਰ ਮੁਕਾਬਲੇ ਦੇ ਥੀਮ ਕੋਵਿਡ-19 ਐਂਟੀਜਨ ਟੈਸਟ, ਨਿਊਕਲੀਅਰ ਅਤੇ ਸਪੇਸ ਟੈਕਨਾਲੋਜੀ, ਬਾਇਓਪਲਾਸਟਿਕਸ-ਬੂਨ ਅਤੇ ਬੇਨ, ਟਿਕਾਊ ਵਿਕਾਸ ਲਈ ਗ੍ਰੀਨ ਕੈਮਿਸਟਰੀ ਦੀਆਂ ਐਪਲੀਕੇਸਨਾਂ, ਸੈਮੀਕੰਡਕਟਰ ਤੇ ਇਸਦੇ ਉਪਯੋਗ ਅਤੇ ਪਰਾਲੀ ਸਾੜਨ ਨੂੰ ਰੋਕਨ ਲਈ ਉਪਾਅ ਸਨ।ਲੈਕਚਰ ਤੋਂ ਬਾਅਦ ਇੱਕ ਸਲਾਈਡ ਸੋ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਅਸਵਨੀ ਡੀ ਨਈਅਰ (ਬੀ.ਐਸ.ਸੀ.) ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਪਵਨਪ੍ਰੀਤ ਤੇ ਸੰਦੀਪ (ਐਮ.ਐਸ.ਸੀ.) ਨੇ ਪ੍ਰਾਪਤ ਕੀਤਾ ਅਤੇ ਤੀਜਾ ਸਥਾਨ ਸ੍ਰੇਆ ਤੇ ਅਹਾਨਾ (ਬੀ.ਐਸ.ਸੀ.) ਨੂੰ ਦਿੱਤਾ ਗਿਆ। ਸਮਾਗਮ ਦੇ ਜੱਜ ਡਾ: ਗੁਰਪ੍ਰੀਤ ਸਿੰਘ, ਪ੍ਰੋ: ਅਮਨ ਮਲਹੋਤਰਾ ਅਤੇ ਪ੍ਰੋ: ਰਾਜੇਸ ਬੱਤਰਾ ਸਨ।ਪੋਸਟਰ ਮੁਕਾਬਲੇ ਲਈ ਦੋ ਸ੍ਰੇਣੀਆਂ ਅੰਤਰ-ਸਕੂਲ ਅਤੇ ਅੰਤਰ-ਕਾਲਜ ਸਨ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੋਸਟਰ ਮੁਕਾਬਲੇ ਵਿੱਚ ਭਾਗ ਲਿਆ। ਪਹਿਲਾ ਸਥਾਨ ਖੁਸਪ੍ਰੀਤ ਨੇ, ਦੂਜਾ ਸਥਾਨ ਅੰਸੀ ਮਿਸਰਾ ਅਤੇ ਤੀਜਾ ਸਥਾਨ ਨਿਤਿਕਾ ਨੇ ਹਾਸਲ ਕੀਤਾ। ਅੰਤਰ ਕਾਲਜ ਵਰਗ ਵਿੱਚ ਪਹਿਲਾ ਸਥਾਨ ਸੁਮਨਪ੍ਰੀਤ ਕੌਰ ਤੇ ਜਸਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਹਰਪ੍ਰੀਤ ਸਿੰਘ, ਸੰਦੀਪ ਸਿੰਘ ਤੇ ਅਮਨਦੀਪ ਸਿੰਘ ਨੇ ਅਤੇ ਤੀਜਾ ਸਥਾਨ ਪ੍ਰੀਤੀ ਯਾਦਵ ਤੇ ਨਵਜੋਤ ਕੌਰ ਨੇ ਹਾਸਲ ਕੀਤਾ। ਇਸ ਮੁਕਾਬਲੇ ਦੀ ਜੱਜਮੈਂਟ ਡਾ: ਰਾਜੀਵ ਕੁਮਾਰ ਅੰਸਵਾਲ, ਪ੍ਰੋ: ਮੀਤੂ ਐੱਸ. ਵਧਵਾ ਅਤੇ ਪ੍ਰੋ: ਜਸਵਿੰਦਰ ਸਿੰਗਲਾ ਨੇ ਕੀਤੀ। ਕੁਇਜ ਮੁਕਾਬਲੇ ਵਿਚ ਸਕੂਲ ਵਰਗ ਵਿੱਚ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਸਥਾਨ “ਅਰਥਵਰਮ”, “ਬਾਇਓ ਬੌਸ”, “ਗੋਲਡਨ ਕੋਮੇਟਸ” ਅਤੇ “ਸਪਰਿੰਗਫੀਲਡ ਆਈਸੋਟੋਪਸ” ਨੇ ਜਿੱਤਿਆ। ਕਾਲਜ ਵਰਗ ਵਿੱਚ ਟੀਮ “ਕ੍ਰੇਜੀ ਕ੍ਰੇਟਰਜ” ਨੇ ਪਹਿਲਾ ਸਥਾਨ, ਦੂਸਰਾ ਸਥਾਨ“ਗਲੈਕਸੀ ਬਲਾਸਟਰਜ” ਨੇ ਜਿੱਤਿਆ, ਤੀਸਰਾ ਸਥਾਨ “ਗੁੱਡ ਜੀਨਸ” ਅਤੇ ਚੌਥਾ ਸਥਾਨ “ਗਲੋਵਰਮਜ” ਨੇ ਹਾਸਲ ਕੀਤਾ। ਕੁਇਜ ਦਾ ਸੰਚਾਲਨ ਡਾ: ਰਣਜੀਤ ਸਿੰਘ ਨੇ ਕੀਤਾ। ਇਸ ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਲਗਭਗ 165 ਵਿਦਿਆਰਥੀਆਂ ਨੇ ਭਾਗ ਲਿਆ। ਅੰਤ ਵਿਚ ਡਾ: ਗੁਰਪ੍ਰੀਤ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਪਿ੍ਰੰਸੀਪਲ ਸਾਹਿਬ ਵੱਲੋਂ ਦਿੱਤੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਾਇੰਸ ਵਿਭਾਗ ਦੇ ਫੈਕਲਟੀ ਮੈਂਬਰਾਂਪ੍ਰੋ: ਮੀਤੂ ਐਸ. ਵਧਵਾ, ਪ੍ਰੋ: ਅਮਨ ਮਲਹੋਤਰਾ, ਡਾ: ਪਰਵੀਨ ਬਾਲਾ, ਡਾ: ਕੁਲਵਿੰਦਰ ਸਿੰਘ ਮਾਨ, ਡਾ: ਪਰਮਜੀਤ ਕੌਰ, ਡਾ: ਕਿ੍ਰਤੀ ਗੁਪਤਾ, ਡਾ: ਅਮਰ ਸੰਤੋਸ ਸਿੰਘ, ਡਾ: ਨੇਹਾ ਜਿੰਦਲ, ਪ੍ਰੋ: ਹਰਪ੍ਰੀਤ ਕੌਰ ਬਰਾੜ, ਡਾ: ਵਿਕਾਸ ਦੁੱਗਲ, ਡਾ: ਰਣਜੀਤ ਸਿੰਘ, ਡਾ: ਅਮਨਦੀਪ ਕੌਰ, ਡਾ: ਪੂਜਾ ਰਾਣੀ, ਪ੍ਰੋ. ਆਂਚਲ, ਪ੍ਰੋ: ਅਮਨਦੀਪ ਕੌਰ ਅਤੇ ਪ੍ਰੋ: ਅਮਰਿੰਦਰ ਸਿੰਘ ਪਨੇਸਰ ਵੱਲੋਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਉਹਨਾਂ ਦਾਤਹਿ ਦਿਲੋਂ ਧੰਨਵਾਦ ਕੀਤਾ।

ਪ੍ਰੋ ਰਜਿੰਦਰ ਉੱਪਲ ਐਮਟੀਸੀ ਗਲੋਬਲ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

0

ਸੁਖਜਿੰਦਰ ਮਾਨ
ਬਠਿੰਡਾ, 02 ਮਾਰਚ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਪ੍ਰੋ. ਰਜਿੰਦਰ ਕੁਮਾਰ ਉੱਪਲ ਨੂੰ ਗਲੋਬਲ ਲਾਈਫ਼ਟਾਈਮ ਅਚੀਵਮੈਂਟ ਐਵਾਰਡ-2022 ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰੋ. ਉੱਪਲ ਨੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ ਅਤੇ ਰਸਾਲਿਆਂ ਵਿੱਚ ਵੱਖ-ਵੱਖ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ। ਉਨ੍ਹਾਂ ਦੀ ਰਹਿਨੁਮਾਈ ਹੇਠ ਕਈ ਵਿਦਿਆਰਥੀ ਉਚੇਰੀ ਵਿੱਦਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਕਿਤਾਬਾਂ ਅਤੇ ਲੇਖ ਵੀ ਲਿਖੇ ਹਨ। ਉਨ੍ਹਾਂ ਕੋਲ 27 ਸਾਲਾਂ ਦਾ ਤਜਰਬਾ ਹੈ ਅਤੇ ਬੈਂਕਿੰਗ ਖੇਤਰ ਵਿੱਚ ਵੱਡੀ ਮੁਹਾਰਤ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

ਪੀਆਰਟੀਸੀ ਦੇ ਠੇਕਾ ਕਾਮਿਆਂ ਨੇ ਕੀਤੀ ਜੀਐਮ ਨਾਲ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 02 ਮਾਰਚ: ਪੰਜਾਬ ਰੋਡਵੇਜ/ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਵਲੋਂ ਅੱਜ ਸੂਬਾ ਆਗੂ ਕੁਲਵੰਤ ਸਿੰਘ ਮਨੇਸ ਦੀ ਅਗਵਾਈ ਹੇਠ ਡਿੱਪੂ ਦੇ ਜਨਰਲ ਮੈਨੇਜ਼ਰ ਰਮਨ ਸ਼ਰਮਾ ਨਾਲ ਅਪਣੇ ਮੁੱਦੇ ਲੈ ਕੇ ਮੀਟਿੰਗ ਕੀਤੀ ਗਈ। ਆਗੂਆਂ ਨੇ ਦਸਿਆ ਕਿ ਮੀਟਿੰਗ ਵਿਚ ਵਰਕਰਾਂ ਦੇ ਭਖਦੇ ਮਸਲਿਆ ’ਤੇ ਵਿਚਾਰ ਚਰਚਾ ਕੀਤੀ ਗਈ। ਇੰਨ੍ਹਾਂ ਮਸਲਿਆਂ ਵਿਚ ਡੀਪੂ ’ਤੇ ਆਉਣ ਵਾਲੀਆਂ ਨਵੀਆਂ ਬੱਸਾਂ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਵਧੀਆ ਕੇ,ਐਮ,ਪੀ,ਐਲ ਦੇਣ ਵਾਲੇ ਡਰਾਈਵਰਾਂ ਦੇ ਨਾਂਮ ’ਤੇ ਅਲਾਟ ਕਰਨ, ਓਵਰਟਾਈਮ ਦੇਣ, 15 ਦਿਨਾਂ ਦਾ ਏਰੀਅਰ ਅਤੇ ਐਕਸੀਡੈਂਟ ਕਲੇਮ ਡਰਾਈਵਰਾਂ ਨੂੰ ਨਾ ਪਾਉਣ ਆਦਿ ਮੰਗਾਂ ਵੀ ਰੱਖੀਆਂ ਗਈਆਂ। ਇਸ ਮੌਕੇ ਡੀਪੂ ਪ੍ਰਧਾਨ ਗੁਰਸਕਿੰਦਰ ਸਿੰਘ, ਮੀਤ ਪ੍ਰਧਾਨ ਗੁਰਦੀਪ ਝੁਨੀਰ, ਚੇਅਰਮੈਨ ਸਰਬਜੀਤ ਸਿੰਘ, ਸੈਕਟਰੀ ਹਰਤਾਰ ਸਰਮਾ, ਰਵਿੰਦਰ ਸਿੰਘ ਕੈਸੀਅਰ, ਕੁਲਦੀਪ ਸਿੰਘ ਬਾਦਲ ,ਮਨਪ੍ਰੀਤ ਸਿੰਘ ਆਦਿ ਹਾਜਰ ਸਨ। ਮੀਟਿੰਗ ਤੋ ਬਾਅਦ ਜਨਰਲ ਮੈਨੇਜਰ ਨੇ ਯੂਨੀਅਨ ਆਗੂਆਂ ਦੇ ਮਸਲਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ।

ਪ੍ਰਸਾਸਨਿਕ ਅਧਿਕਾਰੀਆਂ ਨੇ ਯੁਕਰੇਨ ਚ ਫਸੇ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ

0

ਜਿਲ੍ਹੇ ਦੇ ਯੁਕਰੇਨ ਚ ਪੜ੍ਹਦੇ 18 ਵਿਚੋਂ 12 ਵਿਦਿਆਰਥੀ ਪਹੁੰਚੇ ਘਰ: ਡਿਪਟੀ ਕਮਿਸ਼ਨਰ
ਡਿਪਟੀ ਕਮਿਸਨਰ ਨੇ ਹੋਰ ਨਾਗਰਿਕਾਂ ਨੂੰ ਵੀ ਹੈਲਪ ਲਾਈਨ ਉੱਤੇ ਸੂਚਨਾ ਦੇਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 02 ਮਾਰਚ: ਯੂਕਰੇਨ ’ਚ ਪੜ੍ਹਣ ਗਏ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਵਿਦਿਆਰਥੀਆਂ ਦੇ ਪ੍ਰਵਾਰਾਂ ਦਾ ਹੌਸਲਾ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਲਾਕਾਤਾਂ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੁਕਰੇਨ ਵਿੱਚ ਫਸੇ ਹੋਏ ਜਿਲ੍ਹੇ ਦੇ ਵਿਦਿਆਰਥੀਆਂ ਸਮੇਤ ਹੋਰ ਨਾਗਰਿਕਾਂ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਜਾਰੀ ਕੀਤੇ ਹੈਲਪ ਲਾਈਨ ਨੰਬਰ ਅਤੇ ਈ-ਮੇਲ ਆਈਡੀ ਉਤੇ ਹੁਣ ਤੱਕ 18 ਵਿਦਿਆਰਥੀਆਂ ਬਾਰੇ ਸੂਚਨਾ ਪ੍ਰਾਪਤ ਹੋਈ ਹੈ ਜਿਨ੍ਹਾਂ ਵਿਚੋਂ 12 ਵਿਦਿਆਰਥੀ ਬਠਿੰਡਾ ਪਰਤ ਆਏ ਹਨ। ਇਸਤੋਂ ਇਲਾਵਾ ਬਾਕੀ ਰਹਿੰਦੇ 6 ਵਿਦਿਆਰਥੀਆਂ ਵਿਚੋਂ 2 ਵਿਦਿਆਰਥੀ ਸਹੀ ਸਲਾਮਤ ਯੁਕਰੇਨ ਤੋਂ ਰਮਾਣੀਆ ਪਹੁੰਚ ਗਏ ਹਨ ਅਤੇ ਬਾਕੀ ਸਬ ਡਵੀਜ਼ਨ ਰਾਮਪੁਰਾ ਫੂਲ ਨਾਲ ਸਬੰਧਤ 4 ਵਿਦਿਆਰਥੀ ਹਾਲੇ ਯੁਕਰੇਨ ਵਿਚ ਹੀ ਹਨ ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਦੇ ਅਧਿਕਾਰੀਆਂ ਵਲੋਂ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਹੋਇਆ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜ਼ਿਲ੍ਹੇ ਨਾਲ ਸਬੰਧਤ ਜਿਹੜੇ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਯੁਕਰੇਨ ਵਿੱਚ ਫਸੇ ਹਨ ਉਹ ਉਨ੍ਹਾਂ ਦੀ ਸੂਚਨਾ ਹੈਲਪਲਾਈਨ ਨੰਬਰ 1100 ਤੇ ਭਾਰਤ ਤੋਂ ਬਾਹਰ ਰਹਿਣ ਵਾਲੇ ਵਿਅਕਤੀ 01724111905 ਤੋਂ ਇਲਾਵਾ ਵਿਦੇਸ ਮੰਤਰਾਲਾ, ਭਾਰਤ ਸਰਕਾਰ ਵੱਲੋਂ 1800118797, +91-11-23012113, +91-11-23014104, +91-11-23017905 ਤੇ ਐਮਬੈਸੀ ਆਫ਼ ਇੰਡੀਆ, ਯੁਕਰੇਨ ਵੱਲੋਂ +38 0997300428, +38 0997300423, +38 0933980327, +38 0635917881, +38 0935046170 ਜਾਰੀ ਕੀਤੇ ਹੈਲਪਲਾਈਨ ਨੰਬਰਾਂ ਤੇ ਸੰਪਰਕ ਕਰਕੇ ਯੂਕਰੇਨ ਚ ਫਸੇ ਆਪਣੇ ਰਿਸ਼ਤੇਦਾਰਾਂ ਸਬੰਧੀ ਜਾਣਕਾਰੀ ਸਾਂਝੀ ਕਰ ਸਕਦੇ ਹਨ।

Our Visitor

1897956