ਲੋਕਾਂ ਨੇ ਬਾਰਸ਼ ਵੇਲੇ ਪਾਣੀ ਨਿਕਾਸੀ ਦੀ ਸਮੱਸਿਆ ਬਾਰੇ ਕੀਤੀ ਗਿੱਲ ਨਾਲ ਗਲਬਾਤ
ਸਮਸਿਆ ਦਾ ਪਹਿਲ ਦੇ ਆਧਾਰ ਤੇ ਹਲ ਕਰਨ ਦਾ ਦਿੱਤਾ ਗਿੱਲ ਵਲੋਂ ਯਕੀਨ
ਸੁਖਜਿੰਦਰ ਮਾਨ
ਬਠਿੰਡਾ, 07 ਫਰਵਰੀ: ਅੱਜ ਜਗਰੂਪ ਸਿੰਘ ਗਿੱਲ ਵਲੋਂ ਪਰਸਰਾਮ ਨਗਰ ਮੇਨ ਰੋਡ ਤੇ ਸ਼ੋਪ ਟੂ ਸ਼ੋਪ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ, ਇਸ ਮੌਕੇ ਲੋਕਾਂ ਵਲੋਂ ਗਿੱਲ ਦਾ ਭਰਵਾ ਸੁਆਗਤ ਫੁੱਲਾਂ ਦੀਆ ਮਾਲਾਵਾਂ ਗੱਲ ਵਿਚ ਪਾ ਕੇ ਕੀਤਾ ਗਿਆ। ਉਨ੍ਹਾਂ ਵਪਾਰੀਆਂ ਨਾਲ ਮੁਲਾਕਾਤ ਕਰਦਿਆਂ ਵਿਧਾਨ ਸਭਾ ਚੌਣਾ ਲਈ ਵੋਟਾਂ ਮੰਗਿਆ । ਇਸ ਮੌਕੇ ਪਰਸਰਾਮ ਨਗਰ ਵਾਸੀਆਂ ਨੇ ਬਾਰਸ਼ ਵੇਲੇ ਪਾਣੀ ਦੀ ਆ ਰਹੀ ਸਮੱਸਿਆ ਬਾਰੇ ਗਿੱਲ ਨਾਲ ਗੱਲ ਬਾਤ ਕੀਤੀ ਤਾਂ ਗਿੱਲ ਨੇ ਉਹਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਇਕ ਵਾਰ ਪੰਜਾਬ ਚ ਆਪ ਦੀ ਸਰਕਾਰ ਬਣ ਲੈਣ ਦਿਓ ਇਹ ਕੰਮ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਆਪ ਆਗੂ ਅਮ੍ਰਤ ਲਾਲ ਅਗਰਵਾਲ, ਅਨਿਲ ਠਾਕੁਰ, ਗੁਰਲਾਭ ਸਿੰਘ, ਦਿਸ਼ਾ ਸੱਗੂ ਸਮੇਤ ਵਰਕਰ ਮੌਜੂਦ ਸਨ।
ਪਰਸਰਾਮ ਨਗਰ ਦੇ ਦੁਕਾਨਦਾਰਾਂ ਵਲੋਂ ਗਿੱਲ ਦਾ ਫੁੱਲਾਂ ਦੀਆ ਮਾਲਾਵਾਂ ਪਾ ਕੇ ਕੀਤਾ ਸੁਆਗਤ
ਸ਼ਹਿਰ ਵਾਸੀਆਂ ਦੀ ਜਿੱਤ ਨਾਲ ਬਦਲੇਗੀ ਬਠਿੰਡਾ ਦੀ ਤਸਵੀਰ :ਸਰੂਪ ਸਿੰਗਲਾ
ਸਾਬਕਾ ਵਿਧਾਇਕ ਨੂੰ ਲੱਡੂਆਂ ਨਾਲ ਤੋਲਿਆ
ਸੁਖਜਿੰਦਰ ਮਾਨ
ਬਠਿੰਡਾ, 7 ਫ਼ਰਵਰੀ: ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਸਾਬਕਾ ਵਿਧਾਇਕ ਤੇ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਅੱਜ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦਾ ਦੌਰਾ ਕਰਦਿਆਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਢਿਲੋਂ ਕਾਲੋਨੀ ਨਿਵਾਸੀਆਂ ਵੱਲੋਂ ਪਰਦੀਪ ਜੌਡਾ ਦੀ ਅਗਵਾਈ ਵਿੱਚ ਲੱਡੂਆਂ ਨਾਲ ਤੋਲਿਆ ਗਿਆ ਤੇ ਭਾਰੀ ਇਕੱਠ ਨੇ ਉਨ੍ਹਾਂ ਦੀ ਜਿੱਤ ਲਈ ਡਟ ਕੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ । ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਇੱਕ ਪਾਸੇ ਸ਼ਰਾਫ਼ਤ ਤੇ ਦੂਜੇ ਪਾਸੇ ਗੁੰਡਾ ਰਾਜ ਦੀ ਲੜਾਈ ਹੈ, ਤਿੰਨੇ ਕਾਂਗਰਸੀ ਰਲ ਕੇ ਸਰੂਪ ਚੰਦ ਸਿੰਗਲਾ ਨੂੰ ਹਰਾਉਣ ਲਈ ਇਕੱਠੇ ਹੋਏ ਹਨ, ਜਦੋਂ ਕਿ ਸਿੰਗਲਾ ਪਰਿਵਾਰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਚੋਣ ਮੈਦਾਨ ਵਿੱਚ ਹੈ ਤੇ ਸ਼ਹਿਰੀਆਂ ਦੀ ਜਿੱਤ ਨਾਲ ਬਠਿੰਡਾ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ ਅਤੇ ਸ਼ਹਿਰ ਵਿੱਚੋਂ ਗੁੰਡਾ ਰਾਜ ਖ਼ਤਮ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਸਿੰਗਲਾ ਪਰਿਵਾਰ ਦਾ ਮੁੱਖ ਮਕਸਦ ਹਰ ਵਰਗ ਦੀ ਖੁਸ਼ਹਾਲੀ ਸੂਬੇ ਦੀ ਤਰੱਕੀ ਅਤੇ ਬਠਿੰਡਾ ਦਾ ਵਿਕਾਸ ਹੈ ਜਿਸ ਲਈ ਹਮੇਸ਼ਾਂ ਯਤਨਸ਼ੀਲ ਰਹਾਂਗੇ। ਇਸ ਦੌਰਾਨਸਾਬਕਾ ਅਕਾਲੀ ਵਿਧਾਇਕ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਵਿਸ਼ਾਲ ਕੁਮਾਰ ਦੀ ਅਗਵਾਈ ਵਿਚ ਦਰਜਨਾਂ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਮੁੱਖ ਮੰਤਰੀ ਦੇ ਚਿਹਰੇ ਲਈ ਚੰਨੀ ਦਾ ਐਲਾਨ, ਕਾਂਗਰਸ ਵੱਡੀ ਜਿੱਤ ਦਰਜ ਕਰੇਗੀ: ਮਨਪ੍ਰੀਤ ਸਿੰਘ ਬਾਦਲ
ਕਾਂਗਰਸ ਦੇ ਵਿਕਾਸ ਰੱਥ ਨੂੰ ਹੋਰ ਤੇਜ਼ ਕਰਨ ਲਈ ਸ਼ਹਿਰ ਵਾਸੀ ਬਣਾਉਣ ਕਾਂਗਰਸ ਦੀ ਦੂਸਰੀ ਵਾਰ ਸਰਕਾਰ
ਸੁਖਜਿੰਦਰ ਮਾਨ
ਬਠਿੰਡਾ, 7 ਫਰਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰਦੇ ਹੋਏ ਅੱਜ ਸ਼ਹਿਰ ਦੇ ਅਜੀਤ ਰੋਡ, ਬਾਬਾ ਫਰੀਦ ਨਗਰ, ਕਰਤਾਰ ਬਸਤੀ, ਮਾਡਲ ਟਾਊਨ ਫੇਸ 2,ਭਾਈ ਕਾ ਮੁਹੱਲਾ, ਕਿਲਾ ਰੋਡ, ਨਵੀ ਬਸਤੀ ਵਿਚ ਮੀਟਿੰਗਾਂ ਨੂੰ ਸੰਬੋਧਨ ਕੀਤਾ ਤੇ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਐਲਾਨ ਕਰਨਾ ਕਾਂਗਰਸ ਦੀ ਹਰ ਵਰਗ ਦੀ ਤਰੱਕੀ ਵਾਲੀ ਸੋਚ ਦਾ ਫੈਸਲਾ ਹੈ, ਕਿਉਂਕਿ ਕਾਂਗਰਸ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਚੰਨੀ ਲੋਕ ਹਿੱਤ ਲੀਡਰ ਹਨ ਜਿਨ੍ਹਾਂ ਨੇ ਘੱਟ ਸਮੇਂ ਵਿੱਚ ਪੰਜਾਬ ਨੂੰ ਅਗਾਂਹ ਵੱਲ ਤੋਰਿਆ ਹੈ ਅਤੇ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਫੈਸਲੇ ਲਏ ਹਨ। ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਚਿਹਰਾ ਐਲਾਨਣ ਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਅਤੇ ਕਿਹਾ ਚੰਨੀ ਨਾਲ ਕਾਂਗਰਸ ਨੂੰ ਫਾਇਦਾ ਮਿਲੇਗਾ ਅਤੇ ਕਾਂਗਰਸ ਦੀ ਦੂਜੀ ਵਾਰ ਵੀ ਸਰਕਾਰ ਬਣੇਗੀ। ਇਸ ਮੌਕੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਵਿਕਾਸ ਰਥ ਨੂੰ ਹੋਰ ਤੇਜ਼ ਰਫਤਾਰ ਦੇਣ ਲਈ ਪੰਜਾਬ ਵਾਸੀ ਤੇ ਸ਼ਹਿਰ ਬਠਿੰਡਾ ਦੇ ਨਿਵਾਸੀ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣਗੇ ਕਿਉਂਕਿ ਕਾਂਗਰਸ ਨੇ ਪੰਜ ਸਾਲਾ ਵਿੱਚ ਸੂਬੇ ਦੀ ਆਰਥਿਕਤਾ ਨੂੰ ਮਜਬੂਤ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਹਰ ਵਰਗ ਨੂੰ ਰਾਹਤਾਂ ਦਿੱਤੀਆਂ। ਉਨ੍ਹਾਂ ਕਾਂਗਰਸ ਦੀ ਦੂਸਰੀ ਕਈ ਵਾਰ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸਿਪ ਕੌਂਸਲਰ ਅਤੇ ਵਰਕਰ ਹਾਜਰ ਸਨ ।
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਡਾਇਰੈਕਟਰ ਦੇ ਨਾਂ ਸੀ ਡੀ ਪੀ ੳ ਨੂੰ ਮੰਗ ਪੱਤਰ ਦਿੱਤਾ
ਮਾਮਲਾ ਪਿੰਡ ਬੱਲੂਆਣਾ ਦੀ ਹੈਲਪਰ ਦਲਜੀਤ ਕੌਰ ਦੀ ਕਰੋਨਾ ਨਾਲ ਹੋਈ ਮੌਤ ਦਾ –
ਸੁਖਜਿੰਦਰ ਮਾਨ
ਬਠਿੰਡਾ, 7 ਫਰਵਰੀ: ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਬਲਾਕ/ਜਿਲਾ ਬਠਿੰਡਾ ਵੱਲੋਂ ਅੱਜ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਸੀ ਡੀ ਪੀ ੳ ਊਸਾ ਰਾਣੀ ਨੂੰ ਵਿਭਾਗ ਦੇ ਡਾਇਰੈਕਟਰ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਪਿੰਡ ਬੱਲੂਆਣਾ ਦੀ ਜਿਸ ਆਂਗਣਵਾੜੀ ਹੈਲਪਰ ਦਲਜੀਤ ਕੌਰ ਪਤਨੀ ਮਨਜੀਤ ਸਿੰਘ ਬਲਾਕ ਅਬੋਹਰ ਜਿਲਾ ਫਾਜਲਿਕਾ ਦੀ ਕਰੋਨਾ ਟੀਕਾਕਰਨ ਕੈਂਪ ਦੌਰਾਨ ਡਿਊਟੀ ਕਰਦਿਆਂ ਮੌਤ ਹੋ ਗਈ ਹੈ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਬੀਮਾ ਦਿੱਤਾ ਜਾਵੇ । ਕਿਉਂਕਿ ਉਹ ਫਰੰਟ ਲਾਈਨ ਵਰਕਰ ਦੇ ਤੌਰ ’ਤੇ ਕੰਮ ਕਰਦੀ ਸੀ । ਇਹ ਹੈਲਪਰ ਵਿਧਵਾ ਹੈ ਤੇ ਛੋਟੇ ਛੋਟੇ ਬੱਚੇ ਹਨ। ਜਿੰਨਾ ਦੀ ਦੇਖ ਭਾਲ ਕਰਨ ਵਾਲਾ ਕੋਈ ਨਹੀਂ ਹੈ । ਆਗੂਆਂ ਨੇ ਮੰਗ ਕੀਤੀ ਕਿ ਅੱਗੇ ਤੋਂ ਸਾਰੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਫਰੰਟ ਲਾਈਨ ਵਰਕਰ ਮੰਨਦੇ ਹੋਏ 50 ਲੱਖ ਰੁਪਏ ਦਾ ਬੀਮਾ ਦਿੱਤਾ ਜਾਵੇ । ਇਸ ਮੌਕੇ ਬਲਾਕ ਪ੍ਰਧਾਨ ਅੰਮਿ੍ਰਤਪਾਲ ਕੌਰ ਬੱਲੂਆਣਾ ,ਜ?ਿਲਾ ਜਨਰਲ ਸਕੱਤਰ ਗੁਰਮੀਤ ਕੌਰ, ਵੀਰਪਾਲ ਕੌਰ ਨਹੀਆਂ ਵਾਲਾ,ਸੁਨੈਨਾ ਗੋਨਿਆਨਾ,ਸੁਖਵੀਰ ਕੌਰ ਬੱਲੂਆਣਾ,ਖੁਸਦੀਪ ਕੌਰ ਨਹੀਆਂ ਵਾਲਾ ਆਗੂ ਮੋਜੂਦ ਸਨ ।
ਜਮੀਨੀ ਸੁਧਾਰ ਕਾਨੂੰਨ ਲਾਗੂ ਕਰਨ ਤੇ ਨਿੱਜੀਕਰਨ ਦੀ ਨੀਤੀ ਬਾਰੇ ਪਾਰਟੀਆਂ ਚੁੱਪ: ਨਸਰਾਲੀ
ਸੁਖਜਿੰਦਰ ਮਾਨ
ਬਠਿੰਡਾ, 7 ਫਰਵਰੀ: ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਅੱਜ ਗੋਨਿਆਨਾ ਵਿਖੇ ਖੇਤ ਮਜਦੂਰਾਂ ਮਜਦੂਰਾਂ ਦੀ ਬਲਾਕ ਪੱਧਰੀ ਮੀਟਿੰਗ ਕੀਤੀ ਗਈ । ਜਿਸ ਵਿੱਚ ਮਜਦੂਰਾਂ ਨੂੰ ਸਮਾਜਿਕ ਤਬਦੀਲੀ ਦਾ ਅਧਾਰ ਬਣਦੇ ਬੁਨਿਆਦੀ ਮੁਦਿਆ ‘ਤੇ ਸੰਘਰਸ ਕਰਨ,ਵੋਟ ਪਾਰਟੀਆਂ ਤੋਂ ਭਲੇ ਦੀ ਝਾਕ ਛੱਡਕੇ ਲੁੱਟੇ ਜਾ ਰਹੇ ਲੋਕਾਂ ਦਾ ਵਿਸ਼ਾਲ ਏਕਾ ਉਸਾਰਨ ਲਈ ਵਿਚਾਰਾਂ ਕੀਤੀਆਂ ਗਈਆਂ । ਮੀਟਿੰਗ ਨੂੰ ਸਬੋਧਨ ਕਰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਮਨਦੀਪ ਸਿੰਘ ਸਿਬੀਆਂ ਨੇ ਕਿਹਾ ਕਿ ਵੋਟ ਪਾਰਟੀਆਂ ਲੋਕਾਂ ਨੂੰ ਮਾਮੂਲੀ ਰਿਆਇਤਾਂ ਦੇਣ ਦੇ ਵਾਅਦੇ ਤਾਂ ਕਰ ਰਹੀਆਂ ਹਨ। ਪਰ ਉਨਾਂ ਦੀ ਜਿੰਦਗੀ ਵਿੱਚ ਬੁਨਿਆਦੀ ਤਬਦੀਲੀ ਲਿਆਉਣ ਵਾਲੇ ਜਮੀਨੀ ਸੁਧਾਰ ਕਾਨੂੰਨ ਲਾਗੂ ਕਰਨ,ਰੁਜਗਾਰ ਦਾ ਉਜਾੜਾ ਕਰਦੀ ਨਿੱਜੀ ਕਰਨ ਦੀ ਨੀਤੀ ਨੂੰ ਬੰਦ ਕਰਨ, ਕਾਰਪੋਰੇਟ ਘਰਾਣਿਆਂ ‘ਤੇ ਟੈਕਸ ਲਾਉਣ ਅਤੇ ਕਿਸਾਨ ਮਜਦੂਰ ਪੱਖੀ ਕਰਜਾ ਨੀਤੀ ਬਨਾਉਣ ਆਦਿ ਮਸਲਿਆਂ ‘ਤੇ ਵੋਟ ਪਾਰਟੀਆਂ ਨੇ ਜਾਣਬੁੱਝ ਕੇ ਚੁੱਪ ਵੱਟ ਰੱਖੀ ਹੈ। ਇਹ ਪਾਰਟੀਆਂ ਜਾਤਾਂ,ਗੋਤਾਂ,ਬੋਲੀ ਤੇ ਧਰਮਾਂ ਦੇ ਨਾਂ ‘ਤੇ ਵੋਟਾਂ ਖਾਤਰ ਪ੍ਰਚਾਰ ਕਰਕੇ ਲੋਕਾਂ ਦੀ ਏਕਤਾ ਨੂੰ ਪਾੜਨ ਦਾ ਸਾਧਨ ਬਣ ਰਹੀਆਂ ਹਨ। ਉਨਾਂ ਕਿਹਾ ਕਿ 75 ਸਾਲਾਂ ਦੇ ਰਾਜ ਅੰਦਰ ਰੰਗ ਬਰੰਗੀਆਂ ਸਾਰੀਆਂ ਹੀ ਹਕੂਮਤੀ ਪਾਰਟੀਆਂ ਨੇ ਲੋਕਾਂ ਨੂੰ ਲੁੱਟਣ ਕੁੱਟਣ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ । ਉਨਾਂ ਕਿਹਾ ਕਿ ਦੇਸ ਦੇ ਵਿਕਾਸ ਦੇ ਨਾ ‘ਤੇ ਚੋਣ ਮੈਦਾਨ ਵਿੱਚ ਉਤਰੀਆਂ ਸਾਰੀਆਂ ਹੀ ਪਾਰਟੀਆਂ ਜਗੀਰਦਾਰਾਂ ਤੇ ਸਰਮਾਏਦਾਰਾਂ ਵੱਲੋਂ ਖੁਦ ਹੀ ਜੱਥੇਬੰਦ ਕੀਤੀਆਂ ਗਈਆਂ ਹਨ। ਜੋ ਜਿੱਤਣ ਮਗਰੋਂ ਸਾਮਰਾਜੀ ਮੁਲਕਾਂ ਤੇ ਉਨਾਂ ਦੀਆਂ ਧਨਾਢ ਕੰਪਨੀਆਂ ਨਾਲ ਦੇਸ ਵਿਰੋਧੀ ਤੇ ਲੋਕ ਵਿਰੋਧੀ ਸਮਝੌਤੇ ਕਰਨ ਰਾਹੀਂ ਉਨਾਂ ਨੂੰ ਲੁੱਟ -ਖਸੁੱਟ ਕਰਨ ਦੀਆਂ ਖੁੱਲਾਂ ਦੇਕੇ ਇਨਾਂ ਨੂੰ ਅੰਨੇ ਮੁਨਾਫੇ ਕਮਾਉਣ ਦੇ ਮੌਕੇ ਦਿੰਦੀਆਂ ਹਨ।ਉਨਾਂ ਮਜਦੂਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਮੀਨੀਂ ਸੁਧਾਰ ਕਾਨੂੰਨ ਲਾਗੂ ਕਰਨ,ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਆਉਣ , ਸਾਮਰਾਜੀ ਮੁਲਕਾਂ ਨਾਲ ਕੀਤੀਆਂ ਕੌਮ ਵਿਰੋਧੀ ਸੰਧੀਆਂ ਰੱਦ ਕਰਨ, ਰੁਜਗਾਰ ਦਾ ਪੱਕਾ ਪ੍ਰਬੰਧ ਕਰਨ ਤੇ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਨੀਤੀ ਰੱਦ ਕਰਵਾਉਣ ਆਦਿ ਮੰਗਾਂ ਲਾਗੂ ਕਰਵਾਉਣ ਲਈ ਮਜਬੂਤਥੇ ਵਿਸਾਲ ਏਕੇ ਕਰਕੇ ਆਰ-ਪਾਰ ਦੀ ਲੜਾਈ ਲਈ ਤਿਆਰੀ ਕਰਨ। ਹੋਰਨਾ ਤੋ ਇਲਾਵਾ ਮੀਟਿੰਗ ਵਿੱਚ ਰਣਜੀਤ ਕੌਰ,ਜਸਵੀਰ ਕੌਰ, ਬੇਅੰਤ ਕੌਰ, ਹੰਸਾਂ ਸਿੰਘ ,ਬੋਗੜ ਸਿੰਘ ,ਮਾੜਾ ਸਿੰਘ ,ਕਾਕਾ ਸਿੰਘ,ਮੇਜਰ ਸਿੰਘ,ਕੁਲਦੀਪ ਸਿੰਘ ਆਦਿ ਆਗੂ ਵੀ ਸਾਮਲ ਸਨ ।
ਚੰਨੀ ਨੁੰ ਚੇਹਰਾ ਐਲਾਨ ਕੇ ਰਾਹੁਲ ਗਾਂਧੀ ਨੇ ਉਹਨਾਂ ਦੇ ਭਿ੍ਰਸ਼ਟਾਚਾਰ ’ਤੇ ਮੋਹਰ ਲਗਾਈ : ਹਰਸਿਮਰਤ
ਸੁਖਜਿੰਦਰ ਮਾਨ
ਲੰਬੀ, 7 ਫਰਵਰੀ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਹਾਈ ਕਮਾਂਡ ਅਤੇ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦਾ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਐਲਾਨ ਕਰ ਕੇ ਉਹਨਾਂ ਦੀਆਂ ਭਿ੍ਰਸ਼ਟ ਗਤੀਵਿਧੀਆਂ ’ਤੇ ਪ੍ਰਵਾਨਗੀ ਦੀ ਮੋਹਰ ਲਗਾ ਦਿੱਤੀ ਹੈ। ਬੀਬੀ ਬਾਦਲ ਜੋ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ ਲੰਬੀ ਅਤੇ ਬੁਢਾਲਾਡਾ ਵਿਚ ਡਾ. ਨਿਸ਼ਾਨ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਸਨ, ਨੇ ਕਿਹਾ ਕਿ ਮੁੱਖ ਮੰਤਰੀ ਦੇ ਭਾਣਜੇ ਦੇ ਘਰੋਂ 10 ਕਰੋੜ ਰੁਪਏ ਬਰਾਮਦ ਹੋਏ ਹਨ ਤੇ ਉਸਨੇ ਇਹ ਵੀ ਕਬੂਲ ਲਿਆ ਹੈ ਕਿ ਇਹ ਪੈਸਾ ਰੇਤ ਮਾਫੀਆ ਤੇ ਤਾਇਨਾਤੀਆਂ ਤੇ ਤਬਾਦਲਿਆਂ ਦਾ ਲਿਆ ਪੈਸਾ ਹੈ, ਇਸਦੇ ਬਾਵਜੂਦ ਕਾਂਗਰਸ ਹਾਈ ਕਮਾਂਡ ਉਹਨਾਂ ਨਾਲ ਡੱਟ ਗਈ ਹੈ। ਉਹਨਾਂ ਕਿਹਾ ਕਿ ਇਸ ਤੋਂ ਹਾਈ ਕਮਾਂਡ ਦੇ ਨਾਲ ਨਾਲ ਗਾਂਧੀ ਪਰਿਵਾਰ ਦੀ ਇਮਾਨਦਾਰੀ ’ਤੇ ਵੀ ਸਵਾਰ ਖੜ੍ਹੇ ਹੋ ਗਏ ਹਨ ਜਿਸਨੇ ਇਕ ਭਿ੍ਰਸ਼ਟ ਮੁੱਖ ਮੰਤਰੀ ਦਾ ਸ਼ਰ੍ਹੇਆਮ ਸਾਥ ਦੇਣ ਦਾ ਫੈਸਲਾ ਕੀਤਾ ਹੈ।
ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਰੇਤ ਤੇ ਸ਼ਰਾਬ ਮਾਫੀਆ ਦੀ ਪ੍ਰਧਾਨਗੀ ਕੀਤੀ, ਦਲਿਤ ਵਿਦਿਆਰਥੀਆਂ ਲਈ ਐਸ ਸੀ ਸਕਾਲਰਸ਼ਿਪ ਬੰਦ ਕਰ ਦਿੱਤੀ, ਕੋਰੋਨਾ ਕਾਲ ਵਿਚ ਵੈਕਸੀਨਾਂ ਤੇ ਕੇਂਦਰੀ ਰਾਸ਼ਨ ਦੀ ਸਪਲਾਈ ਵਿਚ ਵੀ ਭਿ੍ਰਸ਼ਟਾਚਾਰ ਕੀਤਾ ਤੇ ਹੁਣ ਪਾਰਟੀ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਬਦਲ ਕੇ ਲੋਕਾਂ ਨੁੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਅਤੇ ਘਰ ਘਰ ਨੌਕਰੀ ਸਮੇਤ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਗਏ ਸਨ ਤੇ ਚਰਨਜੀਤ ਚੰਨੀ ਨੇ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਵਿਚ ਸਿਰਫ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਕੰਮ ਕੀਤਾ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਪੰਜ ਸਾਲਾਂ ਵਿਚ ਸੂਬੇ ਸਿਰਫ ਕਰਜ਼ਾ ਇਕ ਲੱਖ ਕਰੋੜ ਰੁਪਏ ਵਧਾ ਦਿੱਤਾ ਜਦੋਂ ਕਿ ਲੋਕਾਂ ਦੀ ਭਲਾਈ ਵਾਸਤੇ ਕੋਈ ਡੱਕਾ ਨਹੀਂ ਤੋੜਿਆ।
ਆਮ ਆਦਮੀ ਪਾਰਟੀ ਅਤੇ ਇਸਦੇ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਗੱਲ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਨਾਲੋਂ ਵੀ ਜ਼ਿਆਦਾ ਚਾਲਬਾਜ਼ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੀਆਂ ਸਾਰੀਆਂ ਮਹਿਲਾਵਾਂ ਨੁੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਾ ਵਾਅਦਾ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਉਣਾ ਚਾਹੁੰਦਾ ਹੈ ਜਦੋਂ ਕਿ ਪਿਛਲੇ 8 ਸਾਲਾਂ ਵਿਚ ਉਸਨੇ ਦਿੱਲੀ ਵਿਚ ਮਹਿਲਾਵਾਂ ਨੁੰ ਅਜਿਹੀ ਕੋਈ ਸਹੂਲਤ ਨਹੀਂ ਦਿੱਤੀ। ਉਹਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਫਿਰ ਕੇਜਰੀਵਾਲ ਦੀ ਨਿਗਰਾਨੀ ਹੇਠ ਪੰਜਾਬ ਦਾ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੁੰ ਦੇ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਅਹੁਦੇ ਲਈ ਡੰਮੀ ਉਮੀਦਵਾਰ ਹੈ। ਉਨ੍ਹਾਂ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਮਨਸੂਬਿਆਂ ਤੋਂ ਸੁਚੇਤ ਰਹਿਣ ਅਤੇ ਇਹ ਪਾਰਟੀ ਦਿੱਲੀ ਮਾਡਲ ਦੇ ਸੁਫਨੇ ਵਿਖਾ ਕੇ ਵੋਟਾਂ ਲੈਣਾ ਚਾਹੁੰਦੀ ਹੈ ਪਰ ਦਿੱਲੀ ਮਾਡਲ ਵਿਚ ਨਾ ਤਾਂ ਕਿਸਾਨਾਂ ਲਈ ਮੁਫਤ ਬਿਜਲੀ ਤੇ ਨਾ ਹੀ ਆਟਾ ਦਾਲ ਤੇ ਸ਼ਗਨ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਸ਼ਾਮਲ ਹਨ। ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਫਿਰ ਪੰਜਾਬੀਆਂ ਤੋਂ ਇਹ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਜਾਣਗੀਆਂ। ਉਹਨਾਂ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੁੰ ਹਮੇਸ਼ਾ ਲਈ ਠੁਕਰਾ ਦੇਣ।
ਨਵੀਂ ਪੀੜੀ ਨੂੰ ਮੌਕਾ ਦੇਣ ਦੀ ਥਾਂ ਸੱਤਾ ਦੇ ਲਾਲਚ ਵਿੱਚ ਪਏ ਹਨ ਵੱਡੇ ਬਾਦਲ: ਭਗਵੰਤ ਮਾਨ
ਬਾਦਲ ਪਰਿਵਾਰ ਨੇ ਖੁੱਡੀਆ ਪਰਿਵਾਰ ‘ਤੇ ਬਹੁਤ ਜ਼ੁਲਮ ਕੀਤੇ, ਇਸ ਵਾਰ ਸਿਖਾਵਾਂਗੇ ਸਬਕ
ਸੁਖਜਿੰਦਰ ਮਾਨ
ਮਲੋਟ (ਮੁਕਤਸਰ) 7 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਗੜ ਲੰਬੀ ਵਿੱਚ ਬਾਦਲ ਪਰਿਵਾਰ ‘ਤੇ ਤਿੱਖੇ ਹਮਲੇ ਕੀਤੇ। ਮਾਨ ਨੇ ਕਿਹਾ ਕਿ ਪੰਜਾਬ ਦੀ ਹਵਾ ਹੁਣ ਬਦਲ ਚੁੱਕੀ ਹੈ। ਇਸ ਵਾਰ ਬਾਦਲ ਪਰਿਵਾਰ ਦੀ ਰਾਜਨੀਤੀ ਦਾ ਅੰਤ ਹੋਣ ਵਾਲਾ ਹੈ। ਸੱਤਾ ਦੇ ਲਾਲਚ ਕਾਰਨ ਵੱਡੇ ਬਾਦਲ ਸੇਵਾ ਕਰਵਾਉਣ ਦੀ ਉਮਰ ਵਿੱਚ ਲੋਕਾਂ ਕੋਲੋਂ ਸੇਵਾ ਕਰਨ ਦਾ ਇੱਕ ਹੋਰ ਮੌਕਾ ਮੰਗ ਰਹੇ ਹਨ। 94 ਸਾਲ ਦੀ ਉਮਰ ਵਿੱਚ ਲੋਕ ਭਗਵਾਨ ਦਾ ਨਾਂਅ ਲੈਂਦੇ ਹਨ ਅਤੇ ਘਰ ਦੇ ਛੋਟੇ ਬੱਚਿਆਂ ਦੇ ਨਾਲ ਹੱਸਦੇ- ਖੇਡਦੇ ਹਨ। ਪਰ ਸੱਤਾ ਅਤੇ ਪਰਿਵਾਰ ਦੇ ਮੋਹ ਵਿੱਚ ਭਗਵਾਨ ਦਾ ਨਾਂਅ ਲੈਣ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਬੁਢਾਪੇ ਵਿੱਚ ਵੀ ਚੋਣ ਲੜ ਰਹੇ ਹਨ।
ਮਾਨ ਨੇ ਪ੍ਰਕਾਸ਼ ਸਿੰਘ ਬਾਦਲ ‘ਤੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੀਆਂ ਸਤਰਾਂ ਰਾਹੀਂ ਤੰਜ ਕਰਦਿਆਂ ਕਿਹਾ, ‘‘ਪਿੱਪਲ ਦੇ ਪੱਤਿਆ ਕਾਅਦੀ ਖੜ- ਖੜ ਲਾਈ ਹੈ, ਪੱਤ ਝੜ ਗਏ .. .. .. ਰੁੱਤ ਨਵਿਆਂ ਦੀ ਆਈ ਹੈ।‘‘ ਉਨਾਂ ਕਿਹਾ ਕਿ ਇਹ ਸਮਾਂ ਪੰਜਾਬ ਦੇ ਨੌਜਵਾਨਾਂ ਦਾ ਹੈ, ਪੰਜਾਬ ਦੀ ਨਵੀਂ ਪੀੜੀ ਦਾ ਹੈ। ਨੌਜਵਾਨ ਹੀ ਹੁਣ ਪੰਜਾਬ ਦਾ ਭਵਿੱਖ ਤੈਅ ਕਰਨਗੇ। ਪਰ ਨਵੇਂ ਲੋਕਾਂ ਨੂੰ ਮੌਕਾ ਦੇਣ ਦੀ ਥਾਂ ਵੱਡੇ ਬਾਦਲ ਪਿਛਲੇ ਤਿੰਨ ਚੋਣਾ ਤੋਂ ਆਖਰੀ ਬਾਰ ਬੋਲਕਾਰ ਚੋਣਾ ਲੜਦੇ ਆ ਰਹੇ ਹਨ। ਉਨਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਸੱਤਾ ਵਿੱਚ ਰਹਿੰਦਿਆਂ ‘ਆਪ‘ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਦੇ ਪਰਿਵਾਰ ‘ਤੇ ਬਹੁਤ ਜ਼ੁਲਮ ਕੀਤੇ ਸਨ। ਪਰ ਖੁੱਡੀਆ ਪਰਿਵਾਰ ਨੇ ਕਦੇ ਵੀ ਲੋਕਾਂ ਦਾ ਸਾਥ ਨਹੀਂ ਛੱਡਿਆ। ਹਮੇਸ਼ਾਂ ਲੋਕਾਂ ਦੇ ਨਾਲ ਖੜੇ ਰਹੇ। ਇਸ ਵਾਰ ਲੰਬੀ ਦੇ ਲੋਕ ਬਾਦਲ ਪਰਿਵਾਰ ਨੂੰ ਉਨਾਂ ਦੇ ਸਾਰੇ ਜ਼ੁਲਮਾਂ ਦਾ ਸਬਕ ਸਿਖਾਉਣਗੇ।
ਸੋਮਵਾਰ ਨੂੰ ਭਗਵੰਤ ਮਾਨ ਨੇ ਲੰਬੀ, ਗਿੱਦੜਬਾਹਾ ਅਤੇ ਮਲੋਟ ਵਿਧਾਨ ਸਭਾ ਖੇਤਰਾਂ ਦੇ ਵੱਖ- ਵੱਖ ਇਲਾਕਿਆਂ ਵਿੱਚ ‘ਆਪ‘ ਉਮੀਦਵਾਰਾਂ ਦੇ ਪੱਖ ਵਿੱਚ ਪ੍ਰਚਾਰ ਕੀਤਾ। ਇਸ ਦੌਰਾਨ ਉਨਾਂ ਲੋਕਾਂ ਨੂੰ ਲੰਬੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ, ਗਿੱਦੜਬਾਹਾ ਦੇ ਉਮੀਦਵਾਰ ਪ੍ਰੀਤਪਾਲ ਸ਼ਰਮਾ ਅਤੇ ਮਲੋਟ ਦੇ ਉਮੀਦਵਾਰ ਡਾ. ਬਲਜੀਤ ਕੌਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਚੋਣ ਪ੍ਰਚਾਰ ਦੌਰਾਨ ਮਾਨ ਨੇ ਕਈ ਥਾਵਾਂ ‘ਤੇ ਲੋਕਾਂ ਨੂੰ ਸੰਬੋਧਨ ਕੀਤਾ। ਲੋਕਾਂ ਵਿੱਚ ਮਾਨ ਦੇ ਪ੍ਰਤੀ ਭਾਰੀ ਉਤਸ਼ਾਹ ਸੀ। ਭਾਰੀ ਸੰਖਿਆਂ ਵਿੱਚ ਲੋਕ ਮਾਨ ਨੂੰ ਸੁਣਨ ਲਈ ਆਪਣੇ ਘਰਾਂ ਤੋਂ ਨਿਕਲੇ। ਥਾਂ -ਥਾਂ ਫੁੱਲ ਬਰਸਾ ਕੇ ਅਤੇ ਹਾਰ ਪਹਿਨਾ ਕੇ ਲੋਕਾਂ ਨੇ ਮਾਨ ਦਾ ਸਵਾਗਤ ਕੀਤਾ ਅਤੇ ਜਿੱਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਾਨ ਦੇ ਨਾਲ ਉਮੀਦਵਾਰਾਂ ਤੋਂ ਇਲਾਵਾ ਪਾਰਟੀ ਦੇ ਕਈ ਸੂਬਾ ਪੱਧਰੀ ਅਤੇ ਸਥਾਨਕ ਆਗੁ ਵੀ ਮੌਜ਼ੂਦ ਸਨ।
ਮਾਨ ਨੇ ਬਾਦਲ ਅਤੇ ਕਾਂਗਰਸ ਦੀ ਅਲੋਚਨਾ ਕਰਦਿਆਂ ਕਿਹਾ ਕਿ ਦੋਨਾਂ ਪਾਰਟੀਆਂ ਨੇ ਪੰਜਾਬ ਦੇ ਨੌਜਵਾਨਾਂ ਨਾਲ ਧੋਖ਼ਾ ਕੀਤਾ ਅਤੇ ਉਨਾਂ ਦੇ ਜੀਵਨ ਦੇ ਨਾਲ ਖਿਲਵਾੜ ਕੀਤਾ। ਪਿਛਲੇ ਇੱਕ ਦਸਕ ਤੋਂ ਪੰਜਾਬ ਦੇ ਨੌਜਵਾਨ ਰੋਜ਼ਗਾਰ ਲਈ ਸੜਕਾਂ ‘ਤੇ ਸੰਘਰਸ਼ ਕਰ ਰਹੇ ਹਨ। ਲੱਖਾਂ ਨੌਜਵਾਨਾਂ ਦੀ ਸਰਕਾਰੀ ਨੌਕਰੀ ਪਾਉਣ ਦੀ ਉਮਰ ਖ਼ਤਮ ਹੋ ਗਈ। ਪਰ ਨਾ ਤਾਂ ਬਾਦਲ, ਭਾਜਪਾ ਅਤੇ ਨਾ ਹੀ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕੋਈ ਠੋਸ ਕਦਮ ਚੁੱਕੇ। ਕਾਂਗਰਸ ਦੀ ਸਰਕਾਰ ਨੇ ਘਰ- ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਪੰਜ ਸਾਲਾਂ ਤੱਕ ਪੰਜਾਬ ਦੇ ਨੌਜਵਾਨਾਂ ‘ਤੇ ਪੁਲੀਸ ਦੀਆਂ ਡਾਂਗਾਂ ਚਲਾਈਆਂ ਅਤੇ ਰੋਜ਼ਗਾਰ ਦੇ ਝੂਠੇ ਮੇਲੇ ਲਗਾ ਕੇ ਨੌਜਵਾਨਾਂ ਨੂੰ ਬੇਵਕੂਫ਼ ਬਣਾਇਆ ਗਿਆ।
ਮਾਨ ਨੇ ਵਾਅਦਾ ਕੀਤਾ ਕਿ ਉਹ ਪੰਜਾਬ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਦੂਰ ਕਰਨਗੇ। ਬੇਰੁਜ਼ਗਾਰ ਨੌਜਵਾਨਾਂ ਨੂੰ ਚੰਗੀ ਨੌਕਰੀ ਦੇ ਮੌਕੇ ਪ੍ਰਦਾਨ ਕਰਨਗੇ ਅਤੇ ਖੁੱਦ ਦਾ ਵਪਾਰ ਕਰਨ ਲਈ ਸਰਕਾਰੀ ਮਦਦ ਦੇਣਗੇ। ਸਾਡਾ ਉਦੇਸ਼ ਬੇਰੁਜ਼ਗਾਰਾਂ ਨੂੰ ਸਿਰਫ਼ ਰੋਜ਼ਗਾਰ ਦੇਣਾ ਹੀ ਨਹੀਂ, ਉਨਾਂ ਨੂੰ ਰੋਜ਼ਗਾਰ ਦੇਣ ਵਾਲਾ ਬਣਾਉਣਾ ਹੈ। ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਕਿਰਿਆ ਨੂੰ ਰੋਕਾਂਗੇ ਅਤੇ ਉਨਾਂ ਨੂੰ ਪੰਜਾਬ ਵਿੱਚ ਹੀ ਭਰਪੂਰ ਮੌਕੇ ਅਤੇ ਸਾਧਨ ਪ੍ਰਦਾਨ ਕਰਨਗੇ। ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਸਭ ਨੇ ਮਿਲ ਕੇ ਪੰਜਾਬ ਦੀ ਕਿਸਮਤ ਬਦਲਣੀ ਹੈ। ਬੱਚਿਆਂ ਅਤੇ ਪੰਜਾਬ ਨੂੰ ਸੁਰੱਖਿਅਤ ਭਵਿੱਖ ਲਈ ਇਸ ਵਾਰ ਝਾੜੂ ਵਾਲਾ ਬਟਨ ਦੱਬ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇ।
ਕੀ ਨਵਜੋਤ ਸਿੱਧੂ ਹੁਣ ਮਾਫੀਆ ਨਾਲ ਖੜੇ ਹੋਣਗੇ? :ਹਰਪਾਲ ਚੀਮਾ
ਮਾਫੀਆ ਵਿੱਚ ਸ਼ਾਮਲ ਕਾਂਗਰਸੀ ਆਗੂਆਂ ਦੇ ਨਾਂ ਜਨਤਕ ਕਰਨ ਦੀ ਦਿੱਤੀ ਚੁਣੌਤੀ
ਸੁਖਜਿੰਦਰ ਮਾਨ
ਚੰਡੀਗੜ, 7 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਪੁੱਛਿਆ, ‘‘ਕੀ ਸਿੱਧੂ ਹੁਣ ਮਾਫੀਆ ਨਾਲ ਖੜੇ ਹੋਣਗੇ ਅਤੇ ਉਨਾਂ ਲਈ ਪ੍ਰਚਾਰ ਕਰਨਗੇ? ਕੀ ਉਹ ਪੰਜਾਬ ਦੇ ਲੋਕਾਂ ਨੂੰ ਮਾਫੀਆ ਨੂੰ ਵੋਟ ਦੇਣ ਲਈ ਕਹਿਣਗੇ? ਸਿੱਧੂ ਇਸ ਸੰਬੰਧੀ ਆਪਣਾ ਰੁੱਖ ਸਪੱਸ਼ਟ ਕਰਨ।‘‘ ਚੀਮਾ ਨੇ ਕਿਹਾ ਕਿ ਪੰਜਾਬ ਦਾ ਹਰ ਵਿਅਕਤੀ ਜਾਣਦਾ ਹੈ ਕਿ ਸਿੱਧੂ ਕਿਸੇ ਦੇ ਦੋਸਤ ਨਹੀਂ ਹਨ। ਉਹ ਹਮੇਸ਼ਾਂ ਸੱਤਾ ਦੇ ਹੱਕ ਵਿੱਚ ਰਹੇ ਹਨ ਅਤੇ ਹਰ ਪਾਰਟੀ ਦੀ ਸੱਤਾ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਰਹੇ ਹਨ। ਸਿੱਧੂ ਕਦੇ ਵੀ ਪੰਜਾਬ ਦੇ ਲੋਕਾਂ ਨਾਲ ਨਹੀਂ ਖੜੇ ਹੋਏ।
ਸੋਮਵਾਰ ਨੂੰ ਇੱਥੇ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ, ‘‘2004 ਤੋਂ 2016 ਤੱਕ ਨਵਜੋਤ ਸਿਧੂ ਭਾਰਤੀ ਜਨਤਾ ਪਾਰਟੀ ਦੇ ਆਗੂ ਸਨ ਅਤੇ ਪੰਜਾਬ ਵਿੱਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀ। ਉਸ ਤੋਂ ਬਾਅਦ 2017 ਤੋਂ ਬਾਅਦ ਉਹ ਕਾਂਗਰਸ ਦੇ ਵਿਧਾਇਕ ਹਨ ਅਤੇ ਕੈਪਟਨ ਸਰਕਾਰ ਵਿੱਚ ਮੰਤਰੀ ਬਣੇ। ਅੱਜ ਪੰਜਾਬ ਦੀ ਜਨਤਾ ਦੇ ਮਨ ਵਿੱਚ ਨਵਜੋਤ ਸਿੱਧੂ ਬਾਰੇ ਬੱਸ ਇੱਕ ਹੀ ਸਵਾਲ ਹੈ ਕਿ 15 ਸਾਲ ਸੱਤਾ ਵਿੱਚ ਰਹਿੰਦਿਆਂ ਉਨਾਂ ਪੰਜਾਬ, ਪੰਜਾਬ ਦੀ ਜਨਤਾ ਅਤੇ ਆਪਣੇ ਚੋਣ ਖੇਤਰ ਅੰਮਿ੍ਰਤਸਰ ਦੇ ਲੋਕਾਂ ਲਈ ਕੀ ਕੀਤਾ?
ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਦੇ ਗੈਰ ਜ਼ਿੰਮੇਵਾਰੀ ਵਾਲੇ ਸੁਭਾਅ ਤੋਂ ਚੰਗੀ ਤਰਾਂ ਵਾਕਿਫ਼ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਉਹ ਸਿਰਫ਼ ਗੱਲਾਂ ਹੀ ਕਰਦੇ ਹਨ। ਆਪਣੀ ਕਹੀ ਗੱਲ ‘ਤੇ ਕੋਈ ਅਮਲ ਨਹੀਂ ਕਰਦੇ। ਪਿਛਲੇ 15 ਸਾਲਾਂ ਤੋਂ ਸੱਤਾਧਾਰੀ ਸਰਕਾਰ ਦਾ ਹਿੱਸਾ ਹੋਣ ਦੇ ਬਾਵਜੂਦ ਵੀ ਉਨਾਂ ਸਿਰਫ ਗੱਲਾਂ ਹੀ ਕੀਤੀਆਂ ਹਨ। ਚੀਮਾ ਨੇ ਸਿੱਧੂ ਨੂੰ ਚੁਣੌਤੀ ਦਿੱਤੀ ਕਿ ਸਮੇਂ ਸਮੇਂ ‘ਤੇ ਉਨਾਂ ਮਾਫੀਆ ਵਿਰੋਧੀ, ਭਿ੍ਰਸ਼ਟਾਚਾਰ ਵਿਰੋਧੀ ਅਤੇ ਪੰਜਾਬ ਸਮਰਥਕ ਹੋਣ ਦਾ ਦਾਅਵਾ ਕੀਤਾ ਹੈ। ਜੇ ਉਹ ਸੱਚ ਵਿਚ ਪੰਜਾਬ ਵਿਚਲੇ ਮਾਫੀਆ ਅਤੇ ਭਿ੍ਰਸ਼ਟਾਚਾਰ ਵਿਰੋਧੀ ਹਨ ਤਾਂ ਮਾਫੀਆ ਨੂੰ ਸੁਰੱਖਿਆ ਦੇਣ ਵਾਲੇ ਅਤੇ ਚਲਾਉਣ ਵਾਲੇ ਕਾਂਗਰਸੀ ਮੰਤਰੀਆਂ ਦੇ ਨਾਂਅ ਜਨਤਕ ਕਰਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕ ਨਵਜੋਤ ਸਿੰਘ ਸਿੱਧੂ ‘ਤੇ ਇਸ ਲਈ ਭਰੋਸਾ ਨਹੀਂ ਕਰਦੇ, ਕਿਉਂਕਿ ਇੱਕ ਦਿਨ ਉਹ ਕਹਿੰਦੇ ਹਨ ਕਿ ਉਹ ਪੰਜਾਬ ਦੇ ਲੋਕਾਂ ਲਈ ਲੜਨਗੇ ਅਤੇ ਮਾਫੀਆ ਨੂੰ ਪੰਜਾਬ ਨੂੰ ਰਾਜ ਨਹੀਂ ਕਰਨ ਦੇਣਗੇ। ਅਗਲੇ ਦਿਨ ਉਹ ਭਿ੍ਰਸ਼ਟਾਚਾਰ ਤੇ ਮਾਫੀਆ ਦੇ ਦੋਸ਼ਾਂ ਨਾਲ ਘਿਰੇ ਕਾਂਗਰਸੀਆਂ ਨਾਲ ਸਟੇਜ ਸਾਂਝੀ ਕਰ ਰਹੇ ਹੁੰਦੇ ਹਨ ਅਤੇ ਉਸੇ ਮਾਫੀਆ ਲਈ ਪ੍ਰਸੰਸਾਂ ਦੇ ਗੀਤ ਗਾ ਰਹੇ ਹੁੰਦੇ ਹਨ। ਚੀਮਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਨਵਜੋਤ ਸਿੱਧੂ ਦੇ ਸਾਰੇ ਨਾਟਕਾਂ ਨੂੰ ਦੇਖ ਚੁੱਕੇ ਹਨ। ਲੋਕ ਹੁਣ ਸਿੱਧੂ ਅਤੇ ਕਾਂਗਰਸ ਲਈ ਆਪਣੀ ਕੀਮਤੀ ਵੋਟ ਬਰਬਾਦ ਨਹੀਂ ਕਰਨਗੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਭਿ੍ਰਸ਼ਟਾਚਾਰ ਅਤੇ ਮਾਫੀਆ ਮੁਕਤ ਸਰਕਾਰ ਬਣਾਏਗੀ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਤੋਂ ਮੁਕਤੀ ਦਿਵਾਏਗੀ। ਇਸ ਵਾਰ ਪੰਜਾਬ ਦੀ ਜਨਤਾ ਭਾਰੀ ਬਹੁਮਤ ਨਾਲ ‘ਆਪ‘ ਦੀ ਸਰਕਾਰ ਬਣਾਏਗੀ।
ਕਾਂਗਰਸ ਨੇ ਗ਼ਰੀਬ ਘਰ ਦਾ ਨਹੀਂ, ਮਾਫ਼ੀਆ ਮੁੱਖ ਮੰਤਰੀ ਚਿਹਰਾ ਚੁਣਿਆ: ਭਗਵੰਤ ਮਾਨ
ਗਾਂਧੀ ਪਰਿਵਾਰ ਦਾ ਕਮਾਊ ਪੁੱਤ ਉਹਨਾਂ ਲਈ ਹੀਰਾ ਹੋ ਸਕਦਾ, ਪਰ ਪੰਜਾਬ ਦੇ ਲੋਕਾਂ ਲਈ ਚੰਨੀ ਜ਼ੀਰੋ ਹੈ: ਭਗਵੰਤ ਮਾਨ
ਭਗਵੰਤ ਮਾਨ ਦਾ ਸਵਾਲ; ਕੀ ਹੁਣ ਮਾਫ਼ੀਏ ਨਾਲ ਖੜਨਗੇ ਨਵਜੋਤ ਸਿੱਧੂ?
ਗਾਂਧੀ ਪਰਿਵਾਰ ਤੱਕ ਪਹੁੰਚਦਾ ਹੈ ਮਾਫ਼ੀਏ ਦਾ ਪੈਸਾ: ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਫਰਵਰੀ: ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਘੋਸ਼ਿਤ ਕੀਤੇ ਜਾਣ ‘ਤੇ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ, “ਕਾਂਗਰਸ ਨੇ ਗ਼ਰੀਬ ਘਰ ਦਾ ਨਹੀਂ ਬਲਕਿ ਮਾਫ਼ੀਆ ਦਾ ਮੁੱਖ ਮੰਤਰੀ ਚਿਹਰਾ ਚੁਣ ਕੇ ਗਰੀਬਾਂ ਅਤੇ ਆਮ ਲੋਕਾਂ ਦਾ ਮਜ਼ਾਕ ਉਡਾਇਆ। ” ਮਾਨ ਨੇ ਕਿਹਾ ਕਿ ਕਾਂਗਰਸ ਦੇ ਇਸ ਫ਼ੈਸਲੇ ਨੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਪਹਿਲਾਂ ਵਾਂਗ ਹੀ ਪੰਜਾਬ ਨੂੰ ਲੁੱਟਣਾ ਅਤੇ ਕੁੱਟਣਾ ਚਾਹੁੰਦੀ ਹੈ, ਇਸੇ ਕਰਕੇ ਉਹਨਾਂ ਨੇ ਮੁੜ ਇੱਕ ਅਜਿਹੇ ਵਿਅਕਤੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨ ਕਰ ਦਿੱਤਾ ਜਿਸਦੇ ਅਕਸ ‘ਤੇ ਇੱਕ ਨਹੀਂ ਅਨੇਕਾਂ ਦਾਗ਼ ਹਨ। ਉਹਨਾਂ ਕਿਹਾ ਕਿ ਮਾਫੀਆ ਕਾਂਗਰਸ ਦੀ ਪਸੰਦ ਹੋ ਸਕਦਾ ਪਰ ਪੰਜਾਬ ਦੇ ਲੋਕਾਂ ਦੀ ਨਹੀਂ। ਮਾਨ ਨੇ ਕਿਹਾ ਕਿ ਕਾਂਗਰਸ ਪਤਾ ਨਹੀਂ ਕਿਸ ਮੂੰਹ ਨਾਲ ਚੰਨੀ ਨੂੰ ਗਰੀਬ ਮੁੱਖ ਮੰਤਰੀ ਕਹਿ ਰਹੀ ਹੈ। ਜਿਸਦੇ ਰਿਸ਼ਤੇਦਾਰਾਂ ਦੇ ਘਰੋਂ ਹਾਲ ਹੀ ‘ਚ ਈ.ਡੀ. ਰੇਡਾਂ ਦੌਰਾਨ ਮਾਫ਼ੀਆ ਅਤੇ ਟਰਾਂਸਫਰ-ਪੋਸਟਿੰਗ ਦੇ ਭ੍ਰਿਸ਼ਟਾਚਾਰ ਨਾਲ ਜੁੜੇ ਨੋਟਾਂ ਦੀਆਂ ਢੇਰੀਆਂ ਮਿਲੀਆਂ ਹਨ, ਜਿਸਦੇ ਪੁੱਤ ਭਾਣਜੇ ਕਰੋੜਾਂ ਦੀਆਂ ਲਗਜ਼ਰੀ ਕਾਰਾਂ ਵਿੱਚ ਘੁੰਮਦੇ ਹਨ। ਮਾਨ ਨੇ ਕਿਹਾ ਕਾਂਗਰਸ ਨੂੰ ਲੋਕਾਂ ਨੇ ਬਹੁਤ ਵਾਰ ਮੌਕਾ ਦਿੱਤਾ ਹੈ ਪਰ ਇਹਨਾਂ ਦੇ ਰਾਜ ਵਿੱਚ ਪੰਜਾਬ ਕਰਜ਼ਈ ਅਤੇ ਗਰੀਬ ਲੋਕ ਹੋਰ ਗਰੀਬ ਹੋਏ ਹਨ ਪਰ ਇਹਨਾਂ ਦੇ ਆਪਣੇ ਆਗੂ ਅਮੀਰ ਹੁੰਦੇ ਗਏ, ਕਿਉਂਕਿ ਕਾਂਗਰਸ ਨੇ ਗਰੀਬਾਂ ਅਤੇ ਦਲਿਤਾਂ ਦੀਆ ਵੋਟਾਂ ਲਈ ਉਹਨਾਂ ਦਾ ਰਾਜਨੀਤਿਕ ਲਾਭ ਤਾਂ ਉਠਾਇਆ, ਪਰ ਉਹਨਾਂ ਦੇ ਵਿਕਾਸ ਲਈ ਕਦੇ ਕੋਈ ਕਦਮ ਨਹੀਂ ਚੱਕਿਆ। ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦਿਆਂ ਭਗਵੰਤ ਮਾਨ ਨੇ ਕਿਹਾ, “ਅੱਜ ਰਾਹੁਲ ਗਾਂਧੀ ਨੇ ਸਾਬਿਤ ਕਰ ਦਿੱਤਾ ਕਿ ਮਾਫ਼ੀਆ ਕੈਪਟਨ ਜਾਂ ਚੰਨੀ ਦੀ ਅਗਵਾਈ ਵਿੱਚ ਨਹੀਂ ਸਗੋਂ ਗਾਂਧੀ ਪਰਿਵਾਰ ਦੀ ਅਗਵਾਈ ਵਿੱਚ ਚਲ ਰਿਹਾ ਹੈ। ਇਸੇ ਲਈ ਉਹਨਾਂ ਨੇ ਗਾਂਧੀ ਪਰਿਵਾਰ ਦੇ ਕਮਾਊ ਪੁੱਤ ਨੂੰ ਫਿਰ ਅੱਗੇ ਲਾ ਦਿੱਤਾ। ਪਰ ਪੰਜਾਬ ਦੇ ਲੋਕ ਜਾਣਦੇ ਹਨ ਕਿ ਜਿੰਨ੍ਹਾਂ ਨੂੰ ਕਾਂਗਰਸ ਹੀਰੇ ਕਹਿ ਰਹੀ ਹੈ, ਇਹ ਪੰਜਾਬ ਲਈ ਅਤੇ ਪੰਜਾਬ ਦੇ ਲੋਕਾਂ ਲਈ ਜ਼ੀਰੋ ਹਨ।” ਉਹਨਾਂ ਅੱਗੇ ਕਿਹਾ ਕਿ ਕਾਂਗਰਸ ਕਦੇ ਗਰੀਬਾਂ ਨਾਲ ਨਹੀਂ ਖੜੀ ਅਤੇ ਨਾਂ ਹੀ ਰਾਹੁਲ ਗਾਂਧੀ ਜਾਂ ਕਿਸੇ ਹੋਰ ਕਾਂਗਰਸੀ ਆਗੂ ਨੇ ਗਰੀਬਾਂ ਦੀ ਲੜਾਈ ਲੜੀ ਹੈ। ਕਾਂਗਰਸ ਅਤੇ ਕਾਂਗਰਸੀਆਂ ਦੀ ਲੜਾਈ ਹਮੇਸ਼ਾ ਬਸ ਕੁਰਸੀ ਲਈ ਹੀ ਰਹੀ ਹੈ। ਰਾਹੁਲ ਗਾਂਧੀ ਨੇ ਸਹੀ ਕਿਹਾ ਕਿ ਰਾਜਨੀਤੀ ਹੁਣ ਆਸਾਨ ਨਹੀਂ ਕਿਉਂਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਗਰੂਕ ਹੋ ਗਏ ਹਨ ਅਤੇ ਮਾਫ਼ੀਆ ਨੂੰ ਸਰਪ੍ਰਸਤੀ ਦੇਣ ਵਾਲਿਆਂ ਨੂੰ ਪੰਜਾਬ ਦੀ ਮੁੜ ਵਾਗਡੋਰ ਨਾ ਦੇਣ ਦਾ ਪੱਕਾ ਮਨ ਬਣਾ ਚੁੱਕੇ ਹਨ। ਉਹਨਾਂ ਕਿਹਾ ਕਿ ਪਿਛਲੇ 75 ਸਾਲਾਂ ਤੋਂ ਕਾਂਗਰਸੀਆਂ ਅਤੇ ਦੂਜੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਵਾਰੀ ਬੰਨ੍ਹ ਕੇ ਲੁੱਟਿਆ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਚਰਨਜੀਤ ਚੰਨੀ ਦੇ ਮੂੰਹੋਂ ਰੇਤ ਮਾਫ਼ੀਆ ਬਾਰੇ ਕੁੱਝ ਵੀ ਸੁਣਨਾ ਹਾਸੋਹੀਣਾ ਲਗਦਾ ਹੈ, ਕਿਉਂਕਿ ਚੰਨੀ ਦੇ ਆਪਣੇ ਦਾਮਨ ‘ਤੇ ਭ੍ਰਿਸ਼ਟਾਚਾਰ ਅਤੇ ਰੇਤ ਮਾਫ਼ੀਆ ਤੋਂ ਲੈ ਕੇ ਚਰਿਤਰਹੀਣ ਹੋਣ ਤੱਕ ਦੇ ਦਾਗ਼ ਹਨ, ਜਿਸਦੀ ਪੁਸ਼ਟੀ ਚੰਨੀ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ ਹੈ। ਚੰਨੀ ਦੇ ਮੁੱਖ ਮੰਤਰੀ ਰਹਿੰਦਿਆਂ ਨਸ਼ਾ ਜਿਉਂ ਦਾ ਤਿਉਂ ਦਾ ਵਿਕਿਆ, ਬਿਕਰਮ ਮਜੀਠੀਆ ਆਜ਼ਾਦ ਘੁੰਮ ਰਿਹਾ ਹੈ, ਟ੍ਰਾੰਸਪੋਰਟ ਮਾਫ਼ੀਆ ‘ਤੇ ਕਾਰਵਾਈ ਫੋਟੋ ਸ਼ੂਟ ਸਟੰਟ ਬਣ ਕੇ ਰਹਿ ਗਈ ਅਤੇ ਰੇਤ ਮਾਫ਼ੀਆ ਵਿਚ ਚਰਨਜੀਤ ਚੰਨੀ ਦਾ ਆਪਣਾ ਨਾਮ ਬੋਲਦਾ ਹੈ। ਭਗਵੰਤ ਮਾਨ ਨੇ ਕਿਹਾ’ “ਚੰਨੀ ਕਹਿੰਦੇ ਹਨ ਕਿ ਉਹ 3 ਮਹੀਨਿਆਂ ਦੇ ਮੁੱਖ ਮੰਤਰੀ ਸੀ ਅਤੇ ਉਸਦੀ ਕਾਰਗੁਜ਼ਾਰੀ ‘ਤੇ ਵੋਟਾਂ ਮਿਲਣਗੀਆਂ। ਚੰਨੀ ਯਾਦ ਰੱਖਣ ਕਿ ਉਹ ਕਾਂਗਰਸ ਦੀ 59 ਮਹੀਨਿਆਂ ਦੀ ਸਰਕਾਰ ਦੇ ਮੁੱਖ ਮੰਤਰੀ ਸੀ ਅਤੇ ਕੈਪਟਨ ਦੀ ਕੈਬਿਨਟ ‘ਚ ਇਹ ਸਾਰੇ ਕਾਂਗਰਸੀ ਆਗੂ ਮੰਤਰੀ ਸਨ। ਅਲੀ ਬਾਬਾ ਬਦਲ ਕੇ ਚੋਰਾਂ ਨੂੰ ਨਵੇਂ ਵਿਭਾਗ ਦੇ ਕੇ ਕਾਂਗਰਸ ਸਰਕਾਰ ਜਵਾਬਦੇਹੀ ਤੋਂ ਭੱਜ ਨਹੀਂ ਸਕਦੀ।” ਮਾਨ ਨੇ ਨਾਲ ਈ ਕਿਹਾ ਕਿ ਚੰਨੀ ਨੇ 111 ਦਿਨਾਂ ਦੀ ਸਰਕਾਰ ‘ਚ ਕਰੋੜਾਂ ਅਰਬਾਂ ਰੁਪਏ ਲੁੱਟ ਲਏ ਹਨ, ਪ੍ਰੰਤੂ ਅੰਨ੍ਹੇ ਵਾਹ ਕੀਤੇ ਐਲਾਨਾਂ ‘ਚੋਂ ਇੱਕ ‘ਤੇ ਵੀ ਅਮਲ ਨਹੀਂ ਕੀਤਾ ਜਿਸ ਕਾਰਨ ਚੰਨੀ ਦਾ ਸੱਥਾਂ ‘ਚ ਖੋਖਲੇ ਐਲਾਨ ਕਰਨ ਵਾਲੇ ਐਲਾਨਜੀਤ ਸਿੰਘ ਵੱਜੋਂ ਮਜ਼ਾਕ ਉੱਡ ਰਿਹਾ ਹੈ। ਭਗਵੰਤ ਮਾਨ ਨੇ ਚੰਨੀ ਦੇ ਆਪਣੇ ਅਤੇ ਆਪਣੀ ਪਤਨੀ ਦੇ ਨਾਮ ‘ਤੇ ਕੋਈ ਜਾਇਦਾਦ ਨਾ ਰੱਖਣ ਦੇ ਬਿਆਨ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਸਾਰਾ ਕੁੱਝ ਆਪਣੇ ਪੁੱਤ, ਭਤੀਜੇ ਅਤੇ ਭਾਣਜਿਆਂ ਨੂੰ ਦੇ ਕੇ ਕਿਸ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਚੰਨੀ। ਉਹਨਾਂ ਡਰਾਮਿਆਂ ਦੇ ਮਾਮਲੇ ‘ਚ ਚੰਨੀ ਦੀ ਤੁਲਨਾ ਮੋਦੀ ਨਾਲ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਲੋਕ ਹਰ ਡਰਾਮੇ ਨੂੰ ਪਿੱਛਲੇ 4 ਮਹੀਨਿਆਂ ਵਿੱਚ ਦੇਖ ਚੁੱਕੇ ਹਨ, ਚੰਨੀ ਨੇ ਐਲਾਨ ਕੀਤੇ ਅਤੇ ਹੋਰਡਿੰਗ ਲਗਵਾਏ ਜਦਕਿ ਇੱਕ ਵੀ ਐਲਾਨ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ। ਭਗਵੰਤ ਮਾਨ ਨੇ ਨਵਜੋਤ ਸਿੱਧੂ ਲਈ ਇਸ ਨੂੰ ਪਰਖ ਦੀ ਘੜੀ ਕਿਹਾ ਅਤੇ ਪੁੱਛਿਆ, “ਕੀ ਹੁਣ ਨਵਜੋਤ ਸਿੱਧੂ ਮਾਫ਼ੀਆ ਨਾਲ ਖੜੇ ਹੋਣਗੇ? ਨਾਲੇ ਹੁਣ ਸਿੱਧੂ ਨੂੰ ਕਿਹੜਾ ਘੋੜਾ ਮੰਨੀਏ ਇਹ ਉਹ ਆਪ ਈ ਦੱਸ ਦੇਣ।”
ਪੰਜਾਬ ਯੂ ਟੀ ਮੁਲਾਜਮ ਤੇ ਪੈਨਸਨਰ ਫਰੰਟ ਵਲੋਂ 11 ਨੂੰ ਵਿੱਤ ਮੰਤਰੀ ਦੇ ਹਲਕੇ ’ਚ ਝੰਡਾ ਮਾਰਚ
ਸੁਖਜਿੰਦਰ ਮਾਨ
ਬਠਿੰਡਾ 6 ਫਰਵਰੀ: ਪਿਛਲੇ ਪੰਜ ਸਾਲਾਂ ਦੌਰਾਨ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੁਲਾਜਮਾਂ ਪ੍ਰਤੀ ਕਾਰਜ਼ਸੈਲੀ ਤੋਂ ਡਾਢੇ ਨਰਾਜ਼ ਦਿਖ਼ਾਈ ਦੇ ਰਹੇ ਮੁਲਾਜਮਾਂ ਤੇ ਪੈਨਸ਼ਨਰਾਂ ਨੇ ਹੁਣ ਚੋਣ ਜਾਬਤਾ ਲੱਗਣ ਦੇ ਬਾਅਦ ਵੀ ਵਿਤ ਮੰਤਰੀ ਨੂੰ ਘੇਰਣ ਲਈ ਵੱਡੀ ਰਣਨੀਤੀ ਵਿੱਢੀ ਹੋਈ ਹੈ। ਇਸ ਰਣਨੀਤੀ ਤਹਿਤ ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸਨਰ ਸਾਂਝਾ ਫਰੰਟ ਪੰਜਾਬ ਵਲੋਂ ਆਗਾਮੀ 11 ਫਰਵਰੀ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਵਿਚ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਸ ਮਾਰਚ ਦੌਰਾਨ ਕੱਚੇ ਤੇ ਪੱਕੇ ਮੁਲਾਜਮਾਂ ਤੋਂ ਇਲਾਵਾ ਪੈਨਸ਼ਨਰਾਂ ਨਾਲ ਹੋਏ ਕਥਿਤ ਧੱਕੇ ਦੇ ਵਿਰੋਧ ’ਚ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇਗਾ। ਗੌਰਤਲਬ ਹੈ ਕਿ ਮਾਲਵਾ ਪੱਟੀ ’ਚ ਸਭ ਤੋਂ ਵੱਡੀ ਗਿਣਤੀ ਮੁਲਾਜਮਾਂ ਨੇ ਬਠਿੰਡਾ ਸ਼ਹਿਰ ਨੂੰ ਅਪਣੀ ਰਿਹਾਇਸ਼ ਬਣਾਇਆ ਹੋਇਆ ਹੈ ਤੇ ਮੁਲਾਜਮਾਂ ਦੀਆਂ ਵੋਟਾਂ ਕਿਸੇ ਵੀ ਉਮੀਦਵਾਰ ਦੇ ਸਿਆਸੀ ਗਣਿਤ ਨੂੰ ਵਿਗਾੜਣ ਦੀ ਸਮਰੱਥਾ ਰੱਖਦੀਆਂ ਹਨ। ਉਧਰ ਇਸ ਝੰਡਾ ਮਾਰਚ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਨ ਤੋਂ ਬਾਅਦ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਵਾਅਦਾ ਵੀ ਵਫ਼ਾ ਨਹੀਂ ਹੋ ਸਕਿਆ। ਇਸਤੋਂ ਇਲਾਵਾ ਵਿਤ ਮੰਤਰੀ ਦੀ ਅਗਵਾਈ ਹੇਠ ਵੱਖ ਵੱਖ ਵਿਭਾਗਾਂ ਅਤੇ ਕੈਟਾਗਿਰੀਆਂ ਵਿੱਚ ਕੰਮ ਕਰਦੇ ਮੁਲਾਜਮਾਂ ਦੇ 37 ਭੱਤੇ ਬੰਦ ਕਰ ਦਿੱਤੇ ਗਏ ਹਨ ਜਦਕਿ ਪੈਨਸਨਰਾਂ ਨਾਲ ਵੱਡਾ ਧੱਕਾ ਕਰਦਿਆਂ ਤਨਖਾਹ ਕਮਿਸਨ ਦੀਆਂ ਸਿਫਾਰਸਾਂ ਦੇ ਬਾਵਜੂਦ ਪੈਨਸਨਰਾਂ ਨੂੰ ਤਨਖਾਹ ਦੁਹਰਾਈ ਤੇ ਉਹਨਾਂ ਦਾ ਬਣਦਾ 2.59 ਦਾ ਗੁਣਾਂਕ ਵੀ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਮਾਣ ਭੱਤਾ/ਇਨਸੈਟਿਵ ’ਤੇ ਕੰਮ ਕਰਦੇ ਕਾਮਿਆਂ ਤੇ ਘੱਟੋ ਘਟ ਉਜਰਤ ਕਾਨੂੰਨ ਲਾਗੂ ਨਹੀ ਕੀਤਾ ਗਿਆ,ਪੁਰਾਣੀ ਪੈਨਸਨ ਬਹਾਲ ਕਰਨ ਲਈ ਬਣਾਈ ਕਮੇਟੀ ਉਠ ਦੇ ਬੁੱਲ੍ਹ ਵਾਂਗ ਸਾਬਿਤ ਹੋ ਰਹੀ ਹੈ,ਪ੍ਰਬੇਸਨ ਪੀਰੀਅਡ ਦੀ ਸਰਤ ਖਤਮ ਨਾ ਕਰਨਾ, ਨਵੀਂ ਭਰਤੀ ਨੂੰ ਕੇਂਦਰੀ ਪੈਟਰਨ ਤੇ ਜੋੜਨਾ, ਤਨਖਾਹ ਦੁਹਰਾਈ ਤੇ 1.1.2016ਨੂੰ ਬਣਦਾ ਮਹਿੰਗਾਈ ਭੱਤਾ 125% ਨੂੰ ਅਧਾਰ ਬਣਾਉਣ ਦੀ ਥਾਂ 113% ਨੂੰ ਅਧਾਰ ਬਣਾ ਕੇ ਬਲਦੀ ਤੇ ਤੇਲ ਪਾਇਆ ਹੈ।ਜਿਸ ਕਰਕੇ ਕੱਚੇ ਮੁਲਾਜਮਾਂ, ਮੁਲਾਜਮਾਂ, ਪੈਨਸਨਰਾਂ ਅਤੇ ਮਾਣ ਭੱਤਾ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਅੱਜ ਦੀ ਇਸ ਮੀਟਿੰਗ ਵਿੱਚ ਦਰਸਨ ਸਿੰਘ ਮੌੜ ਪੈਨਸਨਰ ਐਸੋਸੀਏਸਨ,ਮੱਖਣ ਸਿੰਘ ਖਣਗਣਵਾਲ ਪ ਸ ਸ ਫ (ਰਾਣਾ), ਗਗਨਦੀਪ ਸਿੰਘ ਪ ਸ ਸ ਫ (ਵਿਗਿਆਨਕ), ਮਨਜੀਤ ਸਿੰਘ ਧੰਜਲ ਪੀ ਐਸ ਪੀ ਸੀ ਐਲ ਪੈਨਸਨਰ,ਸਿਕੰਦਰ ਸਿੰਘ ਧਾਲੀਵਾਲ ਡੀ ਐਮ ਐਫ, ਬਲਜਿੰਦਰ ਸਿੰਘ ਡੀ ਟੀ ਐਫ,ਨੈਬ ਸਿੰਘ ਥਰਮਲ ਪੈਨਸਨਰ,ਰਾਜਵੀਰ ਸਿੰਘ ਮਾਨ ਪੀ ਐਸ ਐਮ ਐਸ ਯੂ,ਮੋਹਨ ਲਾਲ ਪੀ ਐਸ ਪੀ ਸੀ ਐਲ, ਭੁਪਿੰਦਰ ਸੰਧੂ ਟੀ ਐਸ ਯੂ,ਅਮਰਜੀਤ ਸਿੰਘ ਹੋਮ ਗਾਰਡ ਐਸੋਸੀਏਸਨ,ਐਸ ਐਸ ਯਾਦਵ ਕਲਾਸ ਫੋਰ ਯੂਨੀਅਨ, ਗੁਰਦਰਸਨ ਸਿੰਘ, ਸੁਖਚੈਨ ਸਿੰਘ, ਜਗਪਾਲ ਸਿੰਘ ਬੰਗੀ, ਕਿਸੋਰ ਚੰਦ ਗਾਜ, ਜਵਾਹਰ ਲਾਲ, ਸੰਜੀਵ ਕੁਮਾਰ, ਗੁਰਤੇਜ ਸਿੰਘ, ਸਾਮ ਸਰੂਪ, ਦਰਸਨ ਰਾਮ ਸਰਮਾ ਸੁਰਜੀਤ ਸਿੰਘ ਅਤੇ ਪਿ੍ਰੰਸੀਪਲ ਰਣਜੀਤ ਸਿੰਘ ਆਦਿ ਆਗੂਆਂ ਨੇ ਭਾਗ ਲਿਆ।







