Wednesday, May 6, 2026
Home Blog Page 2630

ਭਗਵੰਤ ਮਾਨ ਨੇ ਹਲਕਾ ਧੂਰੀ ਤੋਂ ਨਾਮਜ਼ਦਗੀ ਪੱਤਰ ਭਰਿਆ

0

ਹਲਕਾ ਧੂਰੀ ਦੇ ਲੋਕਾਂ ਨੇ ਹਮੇਸ਼ਾਂ ਹੀ ਮੇਰੇ ਸਿਰ ‘ਤੇ ਹੱਥ ਰੱਖਿਆ: ਭਗਵੰਤ ਮਾਨ
ਮਾਤਾ ਹਰਪਾਲ ਕੌਰ ਅਤੇ ‘ਆਪ’ ਆਗੂਆਂ ਦੀ ਹਾਜ਼ਰੀ ਕੀਤਾ ਨਾਮਜ਼ਦਗੀ ਪੱਤਰ ਦਾਖਲ
ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਮਾਨ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਸੁਖਜਿੰਦਰ ਮਾਨ
ਧੂਰੀ (ਸੰਗਰੂਰ), 29 ਜਨਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਾਵਰ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਧੂਰੀ ਤੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਇਸ ਸਮੇਂ ਮਾਨ ਦੀ ਮਾਤਾ ਹਰਪਾਲ ਕੌਰ ਵੀ ਉਨਾਂ ਨਾਲ ਸਨ। ਇਸ ਤੋਂ ਪਹਿਲਾ ਭਗਵੰਤ ਮਾਨ ਨੂੰ ਉਨਾਂ ਦੀ ਮਾਤਾ ਨੇ ਘਰੋਂ ਮੂੰਹ ਮਿੱਠਾ ਕਰਵਾ ਕੇ ਤੋਰਿਆ। ਨਾਮਜ਼ਦਗੀ ਫਾਰਮ ਭਰਨ ਸਮੇਂ ਭਗਵੰਤ ਮਾਨ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਵੀ ਭਗਵੰਤ ਮਾਨ ਨੂੰ ਨਾਮਜ਼ਦਗੀ ਭਰਨ ਲਈ ਸ਼ੁਭਕਾਮਨਾਂ ਦਿੱਤੀਆਂ ਅਤੇ ਉਨਾਂ ਦੀ ਧੂਰੀ ਤੋਂ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹੋਣ ਦੀ ਕਾਮਨਾ ਕੀਤੀ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਮੌਜ਼ੂਦਾ ਸਮੇਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਇੱਕਲੌਤੇ ਲੋਕ ਸਭਾ ਮੈਂਬਰ ਹੋਣ ਦੇ ਨਾਲ- ਨਾਲ ਪਾਰਟੀ ਦੇ ਸੂਬਾ ਪ੍ਰਧਾਨ ਵੀ ਹਨ।
ਵਿਧਾਨ ਸਭਾ ਹਲਕਾ ਧੂਰੀ ਦੇ ਚੋਣ ਅਧਿਕਾਰੀ ਦੇ ਦਫ਼ਤਰ ਵਿੱਚ ਨਾਮਜ਼ਦਗੀ ਫਾਰਮ ਭਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਦਾਅਵਾ ਕੀਤਾ, ”ਹਲਕਾ ਧੂਰੀ ਦੇ ਲੋਕਾਂ ਨੇ ਹਮੇਸ਼ਾਂ ਹੀ ਮੇਰੇ ਸਿਰ ‘ਤੇ ਹੱਥ ਰੱਖਿਆ ਹੈ। ਜਿਵੇਂ ਉਹ ਪਹਿਲਾਂ ਪਿਆਰ ਦਿੰਦੇ ਰਹੇ ਹਨ, ਇਸੇ ਤਰਾਂ ਹੁਣ ਵੀ ਸਹਿਯੋਗ ਕਰਨਗੇ। ਮੈਨੂੰ ਉਮੀਦ ਹੈ ਕਿ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿਤਾਉਣਗੇ।”
ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਲੋਕ ਸਭਾ ਮੈਂਬਰ ਵਜੋਂ ਕੀਤੇ ਕੰਮਾਂ, ਖਰਚੇ ਪੈਸਿਆਂ ਅਤੇ ਸੰਸਦ ਵਿੱਚ ਕੀਤੇ ਕੰਮਾਂ ਦਾ ਹਿਸਾਬ ਲੋਕਾਂ ਦੀ ਕਚਿਹਰੀ ਵਿੱਚ ਰੱਖਣਗੇ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ ਐਮਪੀ ਕੋਟੇ ਵਿੱਚੋਂ ਧੂਰੀ ਖੇਤਰ ‘ਚ ਕਿੰਨੇ ਪੈਸੇ ਲੱਗੇ ਹਨ। ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਮਾਨ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਹੀ ਦੋਸ਼ ਲਾਉਣਾ ਹੁੰਦਾ ਹੈ।
ਭਗਵੰਤ ਮਾਨ ਨੇ ਟਵੀਟ ‘ਤੇ ਜਾਣਕਾਰੀ ਸਾਂਝੀ ਕਰਦਿਆ ਮਾਨ ਨੇ ਕਿਹਾ, ”ਨਾਮਜ਼ਦਗੀ ਫਾਰਮ ਭਰਨ ਸਮੇਂ ਸਤਿਗੁਰਾਂ ਦੀ ਕਿਰਪਾ ਅਤੇ ਮਾਤਾ ਜੀ ਦਾ ਅਸੀਰਵਾਦ ਲਿਆ… ਦੇਸ ਦੇ ਮਹਾਨ ਸਹੀਦਾਂ ਅਤੇ ਬਾਬਾ ਸਾਹਿਬ ਜੀ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਦੀ ਸੋਚ ਧਿਆਨ ਵਿੱਚ ਰੱਖਦੇ ਹੋਏ ਧੂਰੀ ਵਿਖੇ ਨਾਮਜਦਗੀ ਪੱਤਰ ਦਾਖਲ ਕੀਤਾ।”ਇਸ ਸਮੇਂ ਭਗਵੰਤ ਮਾਨ ਨਾਲ ‘ਆਪ’ ਆਗੂ ਅਸ਼ੋਕ ਕੁਮਾਰ ਲੱਖਾ, ਦਲਬੀਰ ਸਿੰਘ ਢਿੱਲੋਂ ਹਾਜ਼ਰ ਸਨ।

‘ਆਪ’ ਦੇ ਦੋਸ਼ ਕਿ ਪੰਜਾਬ ‘ਚ ਸਿਆਸਤਦਾਨਾਂ ਤੇ ਨਸ਼ਾ ਸਮੱਗਲਰਾਂ ਦਾ ਗੱਠਜੋੜ ਹੋਣ ਦੀ ਉਪ ਮੁੱਖ ਮੰਤਰੀ ਨੇ ਕੀਤੀ ਪ੍ਰੋੜਤਾ: ਹਰਪਾਲ ਸਿੰਘ ਚੀਮਾ

0

ਕੈਪਟਨ, ਬਾਦਲ, ਚੰਨੀ , ਸਿੱਧੂ ਅਤੇ ਰੰਧਾਵਾ ਹੁਣ ਪੰਜਾਬ ਦੀ ਚਿੰਤਾ ਕਰਨੀ ਛੱਡ ਦੇਣ, ‘ਆਪ’ ਦੀ ਸਰਕਾਰ ਹੀ ਤੋੜਗੇ ਨਸ਼ਾ ਸਮੱਗਲਰਾਂ ਦਾ ਗੱਠਜੋੜ: ਹਰਪਾਲ ਸਿੰਘ ਚੀਮਾ
ਕਾਂਗਰਸੀਆਂ ਨੇ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਖਾ ਕੇ ਨਾ ਨਸ਼ਾ ਸਮੱਗਲਰਾਂ ਦਾ ਲੱਕ ਤੋੜਿਆਂ ਅਤੇ ਨਾ ਹੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ: ਹਰਪਾਲ ਚੀਮਾ
ਸੁਖਜਿੰਦਰ ਮਾਨ
ਚੰਡੀਗੜ, 30 ਜਨਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਉਪ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਉਸ ਬਿਆਨ ਦਾ ਸਵਾਗਤ ਕੀਤਾ ਜਿਸ ਵਿੱਚ ਰੰਧਾਵਾ ਨੇ ਕਬੂਲ ਕੀਤਾ ਕਿ ਪੰਜਾਬ ਵਿੱਚ ਸਿਆਸਤਦਾਨਾਂ ਅਤੇ ਨਸ਼ਾ ਸਮੱਗਲਰਾਂ ਦਾ ਗਠਜੋੜ ਕੰਮ ਕਰ ਰਿਹਾ ਹੈ। ਚੀਮਾ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਕਾਂਗਰਸੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਹੁਣ ਪੰਜਾਬ ਦੇ ਮਾਮਲਿਆਂ ਦੀ ਚਿੰਤਾ ਕਰਨੀ ਛੱਡ ਦੇਣ, ਕਿਉਂਕਿ ਪੰਜਾਬ ਦੇ ਲੋਕਾਂ ਨਸ਼ਾ ਮਾਫ਼ੀਆ ਸਮੇਤ ਸਾਰੇ ਮਾਮਲਿਆਂ ਦਾ ਹੱਲ ਕਰਨ ਲਈ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਸੌਪਣ ਦਾ ਫ਼ੈਸਲਾ ਕਰ ਲਿਆ ਹੈ।
ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ,”ਆਮ ਆਦਮੀ ਪਾਰਟੀ ਲੰਮੇ ਸਮੇਂ ਤੋਂ ਦੋਸ਼ ਲਾਉਂਦੀ ਰਹੀ ਹੈ ਕਿ ਪੰਜਾਬ ‘ਤੇ ਰਾਜ ਕਰਨ ਵਾਲੀਆਂ ਪਾਰਟੀਆਂ ਦੇ ਆਗੂਆਂ ਦਾ ਨਸ਼ਾ ਸਮਗਲਰਾਂ ਨਾਲ ਆਪਸੀ ਗਠਜੋੜ ਹੈ ਅਤੇ ਸਰਕਾਰ ਵਿੱਚ ਬੈਠੇ ਮੰਤਰੀ, ਵਿਧਾਇਕ ਅਤੇ ਸੰਤਰੀ ਨਸ਼ਾ ਸਮੱਗਲਰਾਂ ਨੂੰ ਸੁਰੱਖਿਆ ਅਤੇ ਹੱਲਾਸ਼ੇਰੀ ਦੇ ਰਹੇ ਹਨ। ਇਸ ਕਰਕੇ ਪੰਜਾਬ ਵਿੱਚ ਨਸ਼ਿਆਂ ਦਾ ਜਾਲ ਫੈਲਦਾ ਜਾ ਰਿਹਾ ਹੈ ਅਤੇ ਹਰ ਦਿਨ ਨੌਜਵਾਨ ਨਸ਼ਿਆਂ ਦੀ ਭੇਟ ਚੜ ਰਹੇ ਹਨ।” ਚੀਮਾ ਨੇ ਕਿਹਾ ਕਿ ਸੂਬੇ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਿਆਸਦਾਨਾਂ ਦੇ ਨਸ਼ਾ ਸਮੱਗਲਰਾਂ ਨਾਲ ਗੱਠਜੋੜ ਹੋਣ ਦੀ ਗੱਲ ਸਵੀਕਾਰ ਕਰਨਾ ਆਮ ਆਦਮੀ ਪਾਰਟੀ ਦੇ ਦੋਸ਼ਾਂ ਦੀ ਪ੍ਰੋੜਤਾ ਕਰਦਾ ਹੈ। ਇਸ ਸਿਆਸੀ ਤੇ ਨਸ਼ਾ ਸਮੱਗਲਰਾਂ ਦੇ ਗੱਠਜੋੜ ਕਾਰਨ ਪੰਜਾਬ ਦੇ ਲੱਖਾਂ ਨੌਜਵਾਨ ਮੌਤ ਦੇ ਮੂੰਹ ਵਿੱਚ ਚਲੇ ਗਏ। ਲੱਖਾਂ ਘਰ ਉਜੜ ਗਏ। ਲੱਖਾਂ ਔਰਤਾਂ ਦੇ ਸਿਰ ਦੇ ਸਾਂਈ ਕਬਰੀਂ ਜਾ ਪਏ ਅਤੇ ਲੱਖਾਂ ਬੱਚਿਆਂ ਦੇ ਸਿਰਾਂ ਤੋਂ ਪਿਉ ਦਾ ਸਾਇਆ ਉਠ ਗਿਆ।
ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਸਿਆਸਤਦਾਨਾਂ ਤੇ ਨਸ਼ਾ ਸਮੱਗਲਰਾਂ ਦੇ ਗੱਠਜੋੜ ਲਈ ਕਾਂਗਰਸ ਸਰਕਾਰ, ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਜ਼ਿੰਮੇਵਾਰ ਹਨ। ਇਨਾਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੇ ਸੂਬੇ ਵਿੱਚ ਰਾਜ ਕੀਤਾ ਅਤੇ ਹਰ ਤਰਾਂ ਦੇ ਮਾਫੀਆ ਦੀ ਸਰਪ੍ਰਸਤੀ ਕੀਤੀ। ਉਨਾਂ ਕਿਹਾ ਕਿ ਲੰਮੇ ਸਮੇਂ ਤੋਂ ਪੰਜਾਬ ਵਿੱਚ ਨਸ਼ੇ ਸਮੱਗਲਰਾਂ ਨੇ ਪੈਰ ਪਸਾਰੇ ਹੋਏ ਹਨ, ਪਰ ਨਾ ਅਕਾਲੀ ਦਲ ਬਾਦਲ ਅਤੇ ਨਾ ਹੀ ਕਾਂਗਰਸ ਦੀਆਂ ਸਰਕਾਰਾਂ ਨੇ ਇਨਾਂ ਸਮੱਗਲਰਾਂ ਖਿਲ਼ਾਫ਼ ਕੋਈ ਕਾਰਵਾਈ ਕੀਤੀ, ਕਿਉਂਕਿ ਇਨਾਂ ਸਿਆਸੀ ਪਾਰਟੀਆਂ ਦੇ ਆਗੂ ਹੀ ਨਸ਼ਾ ਸਮੱਗਲਰਾਂ ਦੀ ਸਰਪ੍ਰਸਤੀ ਕਰਦੇ ਹਨ।
ਹਰਪਾਲ ਸਿੰਘ ਚੀਮਾ ਨੇ ਸੱਤਾਧਾਰੀ ਆਗੂਆਂ ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਾਇਆ ਕਿ ਇਨਾਂ ਕਾਂਗਰਸੀਆਂ ਨੇ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਖਾ ਕੇ ਨਾ ਤਾਂ ਨਸ਼ਾ ਸਮੱਗਲਰਾਂ ਦਾ ਲੱਕ ਤੋੜਿਆਂ ਅਤੇ ਨਾ ਹੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਤੇ ਸਾਜਿਸ਼ਕਾਰਾਂ ਨੂੰ ਕੋਈ ਸਜ਼ਾ ਦਿੱਤੀ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਨਸ਼ਾ ਸਮੱਗਲਰਾਂ ਦੇ ਸਿਆਸੀ ਸਰਪ੍ਰਸਤਾਂ ਨੂੰ ਚੰਗੀ ਤਰਾਂ ਜਾਣ ਚੁੱਕੇ ਹਨ ਅਤੇ ਲੋਕਾਂ ਨੇ ਸਿਆਸਤਦਾਨਾਂ ਅਤੇ ਨਸ਼ਾ ਸਮੱਗਲਰਾਂ ਦੇ ਗੱਠਜੋੜ ਨੂੰ ਤੋੜਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਫ਼ੈਸਲਾ ਕਰ ਲਿਆ ਹੈ, ਕਿਉਂਕਿ ਆਮ ਆਦਮੀ ਪਾਰਟੀ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਹੜੀ ਸੂਬੇ ਵਿਚੋਂ ਨਸ਼ਾ, ਰੇਤਾ, ਸ਼ਰਾਬ, ਟਰਾਂਸਪੋਰਟ,ਕੇਬਲ ਅਤੇ ਭੂ ਮਾਫੀਆ ਨੂੰ ਖ਼ਤਮ ਕਰ ਸਕਦੀ ਹੈ।

ਨੇਤਾਵਾਂ ਦੀਆਂ ਨਹੀਂ, ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੀਆਂ ਫੋਟੋਆਂ ਸਰਕਾਰੀ ਦਫਤਰਾਂ ਵਿੱਚ ਲੱਗਣਗੀਆਂ

0

-.’ਆਪ’ ਸਰਕਾਰ ਬਾਬਾ ਸਾਹਿਬ ਅਤੇ ਭਗਤ ਸਿੰਘ ਦੇ ਸਿਧਾਂਤਾਂ ਅਤੇ ਆਦਰਸ਼ਾਂ ‘ਤੇ ਚੱਲੇਗੀ, ਉਨ੍ਹਾਂ ਦੇ ਸੁਪਨਿਆਂ ਨੂੰ ਕਰੇਗੀ ਸਾਕਾਰ – ਅਰਵਿੰਦ ਕੇਜਰੀਵਾਲ
– ਬਾਬਾ ਸਾਹਿਬ ਅਤੇ ਭਗਤ ਸਿੰਘ, ਦੋਵਾਂ ਦਾ ਉਦੇਸ਼ ਇੱਕੋ ਸੀ, ਦੇਸ਼ ਆਜ਼ਾਦ ਹੋਵੇ, ਸਭ ਨੂੰ ਚੰਗੀ ਸਿੱਖਿਆ ਅਤੇ ਬਰਾਬਰੀ ਦਾ ਹੱਕ ਮਿਲੇ- ਅਰਵਿੰਦ ਕੇਜਰੀਵਾਲ
ਸੁਖਜਿੰਦਰ ਮਾਨ
ਅੰਮ੍ਰਿਤਸਰ, 30 ਜਨਵਰੀ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਸਾਰੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਅਤੇ ਨੇਤਾਵਾਂ ਦੀ ਥਾਂ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਲਗਾਈ ਜਾਵੇਗੀ। ਐਤਵਾਰ ਨੂੰ ਅੰਮ੍ਰਿਤਸਰ ‘ਚ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨਾਲ ਪ੍ਰੈੱਸ ਕਾਨਫਰੰਸ ‘ਚ ਕੇਜਰੀਵਾਲ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੇ ਸਿਧਾਂਤਾਂ ਅਤੇ ਆਦਰਸ਼ਾਂ ‘ਤੇ ਚੱਲ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰੇਗੀ।
ਕੇਜਰੀਵਾਲ ਨੇ ਕਿਹਾ, “ਲੰਬੇ ਸੰਘਰਸ਼ ਅਤੇ ਮਹਾਨ ਕੁਰਬਾਨੀਆਂ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ ਹੈ। ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ। ਪਰ ਅੱਜ ਅਸੀਂ ਉਨ੍ਹਾਂ ਦੇ ਮਨੋਰਥਾਂ ਅਤੇ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਹਾਂ। ਉਨ੍ਹਾਂ ਦੇ ਆਦਰਸ਼ਾਂ ਅਤੇ ਸਿਧਾਂਤਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਕੇਜਰੀਵਾਲ ਨੇ ਐਲਾਨ ਕੀਤਾ ਕਿ ਦੇਸ਼ ਦੇ ਦੋ ਮਹਾਨ ਆਜ਼ਾਦੀ ਘੁਲਾਟੀਆਂ, ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਕੁਰਬਾਨੀਆਂ, ਸਿਧਾਂਤਾਂ ਅਤੇ ਆਦਰਸ਼ਾਂ ਨੂੰ ਯਾਦ ਕਰਨ ਲਈ ਅਸੀਂ 26 ਜਨਵਰੀ ਨੂੰ ਦਿੱਲੀ ਵਿੱਚ ਐਲਾਨ ਕੀਤਾ ਸੀ ਕਿ ਦਿੱਲੀ ਦੇ ਸਾਰੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਅਤੇ ਨੇਤਾਵਾਂ ਦੀ ਥਾਂ ਬਾਬਾ ਸਾਹਿਬ ਦੀ ਤਸਵੀਰ ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਲਗੇਗੀ। ਪੰਜਾਬ ‘ਚ ਵੀ ‘ਆਪ’ ਸਰਕਾਰ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਦੀ ਤਸਵੀਰ ਹਟਾ ਕੇ ਬਾਬਾ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਈ ਜਾਵੇਗੀ, ਤਾਂ ਜੋ ਲੋਕ ਜਿੰਨੀ ਵਾਰ ਉਨ੍ਹਾਂ ਨੂੰ ਦੇਖਣ, ਉਨ੍ਹਾਂ ਦੇ ਸੰਘਰਸ਼, ਕੁਰਬਾਨੀਆਂ ਅਤੇ ਵਿਚਾਰਾਂ ਯਾਦ ਆਉਣ ਅਤੇ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਹੋ ਸਕਣ।
ਕੇਜਰੀਵਾਲ ਨੇ ਕਿਹਾ ਕਿ ਮੈਂ ਬਾਬਾ ਸਾਹਿਬ ਦਾ ਬਹੁਤ ਵੱਡਾ ਸ਼ਰਧਾਲੂ ਹਾਂ। ਉਨ੍ਹਾਂ ਦੀ ਹਰ ਰੋਜ਼ ਪੂਜਾ ਕਰਦਾ ਹਾਂ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਬਹੁਤ ਪ੍ਰੇਰਨਾ ਮਿਲਦੀ ਹੈ।ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਣ ਦੇ ਬਾਵਜੂਦ, ਉਨ੍ਹਾਂ ਨੇ ਅਮਰੀਕਾ ਤੋਂ ਦੋ-ਦੋ ਪੀਐਚਡੀ ਡਿਗਰੀਆਂ ਹਾਸਲ ਕੀਤੀਆਂ। ਆਪਣੇ ਇਲਾਹੀ ਗਿਆਨ, ਸੋਚ ਅਤੇ ਦੂਰਅੰਦੇਸ਼ੀ ਸਦਕਾ ਭਾਰਤ ਦਾ ਸੰਵਿਧਾਨ ਬਣਾਇਆ ਅਤੇ ਦੇਸ਼ ਦੇ ਲੋਕਾਂ ਨੂੰ ਜਮਹੂਰੀ ਹੱਕ ਦਿੱਤੇ। ਕੇਜਰੀਵਾਲ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੋਵਾਂ ਦੇ ਰਸਤੇ ਵੱਖ-ਵੱਖ ਸਨ, ਪਰ ਉਨ੍ਹਾਂ ਦੀ ਮੰਜ਼ਿਲ ਇੱਕ ਸੀ।
ਦੋਵਾਂ ਦੀ ਇੱਛਾ ਸੀ ਕਿ ਦੇਸ਼ ਜਲਦੀ ਤੋਂ ਜਲਦੀ ਆਜ਼ਾਦ ਹੋਵੇ ਅਤੇ ਆਜ਼ਾਦ ਦੇਸ਼ ਵਿਚ ਹਰ ਕਿਸੇ ਨੂੰ ਚੰਗੀ ਸਿੱਖਿਆ ਮਿਲੇ, ਚੰਗੀ ਡਾਕਟਰੀ ਸਹੂਲਤਾਂ ਮਿਲਣ ਅਤੇ ਦੇਸ਼ ਤਰੱਕੀ ਕਰੇ। ਦੋਵਾਂ ਦੀ ਇੱਛਾ ਸੀ ਕਿ ਸਮਾਜ ਵਿੱਚ ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲੇ ਅਤੇ ਜਾਤ-ਪਾਤ ਅਤੇ ਧਰਮ ਦੇ ਆਧਾਰ ‘ਤੇ ਵਿਤਕਰਾ ਖਤਮ ਹੋਵੇ। ਜਿਸ ਤਰ੍ਹਾਂ ਬਾਬਾ ਸਾਹਿਬ ਨੇ ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਲਈ ਸਾਰੀ ਉਮਰ ਸੰਘਰਸ਼ ਕੀਤਾ, ਉਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨੇ ਕੇਵਲ 23 ਸਾਲ ਦੀ ਉਮਰ ਵਿੱਚ ਆਪਣੇ ਲਈ ਕੁਝ ਕਰਨ ਦੀ ਬਜਾਏ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਲੇਕਿਨ ਉਨ੍ਹਾਂ ਦੇ ਸੁਪਨੇ ਅੱਜ ਤੱਕ ਪੂਰੇ ਨਹੀਂ ਹੋਏ। ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣ ਲਈ ਅੱਜ ਸਾਨੂੰ ਉਨ੍ਹਾਂ ਦੇ ਆਦਰਸ਼ਾਂ ਅਤੇ ਸਿਧਾਂਤਾਂ ‘ਤੇ ਚੱਲਣ ਦੀ ਲੋੜ ਹੈ।
ਕੇਜਰੀਵਾਲ ਨੇ ਵਿਸ਼ਵ ਪ੍ਰਸਿੱਧ ਵਿਗਿਆਨੀ ਆਈਨਸਟਾਈਨ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ, ”ਇਕ ਵਾਰ ਆਈਨਸਟਾਈਨ ਨੇ ਮਹਾਤਮਾ ਗਾਂਧੀ ਬਾਰੇ ਕਿਹਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਗੱਲ ‘ਤੇ ਵਿਸ਼ਵਾਸ ਨਹੀਂ ਕਰਨਗੀਆਂ ਕਿ ਮਹਾਤਮਾ ਗਾਂਧੀ ਵਰਗਾ ਵਿਅਕਤੀ ਇਸ ਧਰਤੀ ‘ਤੇ ਪੈਦਾ ਹੋਇਆ ਸੀ। ਅਸੀਂ ਆਈਨਸਟਾਈਨ ਦੇ ਇਸ ਕਥਨ ਨੂੰ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਲਈ ਕਹਿਣਾਂ ਚਾਹੁੰਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦਸਣਾ ਚਾਹੁੰਦੇ ਹਾਂ।
‘ਆਪ’ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਐਲਾਨ ਇਤਿਹਾਸਕ ਹੈ। ਇਸ ਨਾਲ ਨੌਜਵਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਦੇਸ਼ ਅਤੇ ਸੂਬੇ ਦਾ ਭਲਾ ਕਰਨ ਲਈ ਪ੍ਰੇਰਨਾ ਮਿਲੇਗੀ। ਮਾਨ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਕੋਈ ਬਜ਼ੁਰਗ ਸਾਨੂੰ ਕਹਿੰਦਾ ਹੈ ਕਿ ਅੱਜ ਦੇ ਲੀਡਰਾਂ ਨਾਲੋਂ ਅੰਗਰੇਜ਼ ਚੰਗਾ ਸੀ। ਭ੍ਰਿਸ਼ਟ ਅਤੇ ਸੁਆਰਥੀ ਨੇਤਾਵਾਂ ਨੇ ਦੇਸ਼ ਦੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਕਰ ਦਿੱਤਾ ਹੈ। ਜਿਸ ਤਰ੍ਹਾਂ ਅੱਜ ਸੱਤਾਧਾਰੀ ਨੇਤਾ ਦੇਸ਼ ਨੂੰ ਲੁੱਟ ਰਹੇ ਹਨ, ਇਨ੍ਹਾਂ ਦੀ ਲੁੱਟ-ਖਸੁੱਟ ਅਤੇ ਭ੍ਰਿਸ਼ਟਾਚਾਰ ਦੇਖ ਕੇ ਅੰਗਰੇਜ਼ ਵੀ ਸ਼ਰਮਸਾਰ ਹੋ ਜਾਵੇਗਾ। ਮਾਨ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਅੰਬੇਡਕਰ ਨੂੰ ਇਹ ਸ਼ੱਕ ਸੀ ਕਿ ਭ੍ਰਿਸ਼ਟ ਅਤੇ ਲੁਟੇਰੇ ਸੱਤਾ ‘ਤੇ ਕਾਬਜ਼ ਨਾ ਹੋ ਜਾਣ ਅਤੇ ਦੇਸ਼ ਦੇ ਲੋਕਾਂ ਨੂੰ ਸਹੀ ਅਰਥਾਂ ‘ਚ ਆਜ਼ਾਦੀ ਨਾ ਮਿਲ ਸਕੇ। ਅੱਜ ਉਨ੍ਹਾਂ ਦਾ ਸ਼ੱਕ ਸਹੀ ਸਾਬਤ ਹੋ ਰਿਹਾ ਹੈ।

ਪੰਜਾਬ ਦੇ ਮੁੱਖ ਚੋਣ ਕਮਿਸ਼ਨ ਨੂੰ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ ਬਣਾਉਣ ਲਈ ਦਿੱਤਾ ਮੰਗ ਪੱਤਰ

0

ਸੰਤ ਸੀਚੇਵਾਲ ਤੇ ਕਾਹਨ ਸਿੰਘ ਪੰਨੂ ਨੇ ਚੋਣ ਅਧਿਕਾਰੀ ਨਾਲ ਕੀਤੀ ਮੀਟਿੰਗ
ਸੁਖਜਿੰਦਰ ਮਾਨ
ਸੁਲਤਾਨਪੁਰ ਲੋਧੀ, 30 ਜਨਵਰੀ: ਪੰਜਾਬ ਵਾਤਾਵਰਨ ਲੋਕ ਚੇਤਨਾ ਲਹਿਰ ਦੀ ਅਗਵਾਈ ਕਰ ਰਹੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਕਨਵੀਨਰ ਸ. ਕਾਹਨ ਸਿੰਘ ਪੰਨੂ ਵੱਲੋਂ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਅਧਿਕਾਰੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ । ਇਸ ਮੰਗ ਪੱਤਰ ਵਿਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਚੋਣਾਂ ਦੌਰਾਨ ਜਾਰੀ ਕੀਤੇ ਜਾਂਦੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਅਪੀਲ ਕੀਤੀ। ਇਹ ਮੰਗ ਪੱਤਰ ਚੰਡੀਗੜ੍ਹ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਪੰਜਾਬ ਚੋਣ ਕਮਿਸ਼ਨ ਦੇ ਅਧਿਕਾਰੀ ਨੂੰ ਦਿੱਤਾ ਗਿਆ। ਇਸ ਮੌਕੇ ਪੰਜਾਬ ਦੇ ਚੋਣ ਕਮਿਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਉਹ ਇਸ ਮੰਗ ਪੱਤਰ ਨੂੰ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਤੱਕ ਪਹੁੰਚਣਗੇ ਤੇ ਇਸ ਮੰਗ ਪੱਤਰ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕਰਨਗੇ।
ਇਸ ਮੌਕੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ ਤੇ ਕੁਦਰਤ ਨੇ ਇਸ ਨੂੰ ਬੇਸ਼ੁਮਾਰ ਨਿਆਮਤਾਂ ਬਖ਼ਸ਼ੀਆਂ ਹਨ ਪਰ ਅੱਜ ਪੰਜਾਂ ਦਰਿਆਵਾਂ ਦੀ ਧਰਤੀ ਬੇਆਬ ਅਤੇ ਜ਼ਹਿਰਆਬ ਹੁੰਦੀ ਜਾ ਰਹੀ ਹੈ। ਸੋਨੇ ਦੀ ਚਿੜੀਆ ਦੇ ਨਾਮ ਨਾਲ ਜਾਣੇ ਜਾਂਦੇ ਪੰਜਾਬ ਵਿਚ ਅੱਜ ਸਾਡੀ ਹਵਾ, ਪਾਣੀ ਤੇ ਧਰਤੀ ਤਿੰਨੇ ਹੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਹਨ। ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਜਿਥੇ ਹਰ 5 ਸਾਲ ਬਾਅਦ ਲੋਕ ਆਪਣੀ ਵੋਟ ਦੀ ਤਾਕਤ ਨਾਲ ਸਰਕਾਰ ਦੀ ਚੋਣ ਕਰਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਹਰ ਵਾਰ ਲੋਕ ਸੇਵਾ ਦੇ ਨਾਮ ਤੇ ਰਾਜਨੀਤਿਕ ਪਾਰਟੀਆਂ ਸੱਤਾ ਤਾਂ ਹਾਸਿਲ ਕਰ ਲੈਂਦੀਆ ਹਨ, ਪਰ ਲੋਕਾਂ ਦੇ ਜੀਵਨ ਨਾਲ ਜੁੜੇ ਇਸ ਅਹਿਮ ਮੁੱਦੇ ਤੇ ਹਮੇਸ਼ਾ ਚੁੱਪ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਸਫ਼ਲਤਾ ਲਈ ਲੋਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਇਸੇ ਕਰਕੇ ਪੜ੍ਹਿਆ ਲਿਖਿਆ ਅਤੇ ਸੂਝਵਾਨ ਵਰਗ ਵੀ ਵੋਟਾਂ ਪ੍ਰਤੀ ਉਦਾਸੀਨ ਹੁੰਦਾ ਹੈ ਕਿਉਂਕਿ ਉਸ ਨੂੰ ਇਹੀ ਮਹਿਸੂਸ ਹੁੰਦਾ ਹੈ ਕਿ ਰਾਜਨੀਤਿਕ ਲੋਕਾਂ ਨੇ ਜੋ ਵਾਅਦੇ ਚੋਣ ਮੈਨੀਫੈਸਟੋ ਵਿਚ ਕੀਤੇ ਹਨ ਉਹ ਪੂਰੇ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਵਿੱਚ ਵੋਟ ਪਾਉਣਾ ਇੱਕ ਮਜਬੂਰੀ ਬਣ ਕੇ ਰਹਿ ਜਾਂਦਾ ਹੈ ਕਿਉਂਕਿ ਲੋਕਾਂ ਤਾਂ ਹੀ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨਗੇ ਜੇਕਰ ਇਸ ਲਈ ਢੁਕਵਾਂ ਮਾਹੌਲ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਹਰ ਵਾਰ ਵਾਤਾਵਰਣ, ਸਿੱਖਿਆ, ਸਿਹਤ, ਰੋਜ਼ਗਾਰ, ਖ਼ੁਦਕਸ਼ੀਆਂ ਕਰ ਰਹੇ ਕਿਸਾਨਾਂ ਦੇ ਹਾਲਾਤ ਸੁਧਾਰਨ ਲਈ ਢੁੱਕਵਾਂ ਅਤੇ ਠੋਸ ਹੱਲ ਚੋਣ ਮੈਨੀਫੈਸਟੋ ਦਾ ਹਿੱਸਾ ਨਹੀਂ ਹੁੰਦਾ ਤੇ ਜੇਕਰ ਹੁੰਦਾ ਹੈ ਤਾਂ ਸਰਕਾਰ ਬਣਨ ਤੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਂਦੇ ਹਨ।
ਪੰਜਾਬ ਵਿੱਚ ਲੋਕ ਚੇਤਨਾ ਲਹਿਰ ਦੇ ਕਨਵੀਨਰ ਸ. ਕਾਹਨ ਸਿੰਘ ਪਨੂੰ ਨੇ ਕਿਹਾ ਕਿ ਅੱਜ ਤੱਕ ਸਰਕਾਰਾਂ ਸਾਡਾ ਮੁੱਢਲਾ ਸੰਵਿਧਾਨਕ ਜਿਊਣ ਦਾ ਅਧਿਕਾਰ ਪ੍ਰਦਾਨ ਕਰਨ ਵਿੱਚ ਨਾਕਾਮ ਰਹੀਆਂ ਹਨ। ਇਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਵੋਟ ਪਾ ਕੇ ਠੱਗੇ ਜਾਣ ਦੀ ਪੀੜਾ ਜੋ ਅਸੀਂ ਮਹਿਸੂਸ ਕਰਦੇ ਹਾਂ ਉਹੀ ਪੀੜਾ ਪੂਰੇ ਪੰਜਾਬ ਦੇ ਲੋਕਾਂ ਦੀ ਹੈ। ਹੁਣ ਤਕ ਰਾਜਨੀਤਿਕ ਪਾਰਟੀਆਂ ਉਨ੍ਹਾਂ ਨੂੰ ਝੂਠੇ ਲੋਕ ਲੁਭਾਉਣੇ ਲਾਰੇ ਲਾ ਕੇ ਉਨ੍ਹਾਂ ਦਾ ਭਾਵਨਾਤਮਿਕ ਸ਼ੋਸ਼ਣ ਕਰਦੀਆਂ ਆ ਰਹੀਆਂ ਹਨ। ਹੁਣ ਇਸ ਵੇਲੇ ਚੋਣਾਂ ਦੌਰਾਨ ਮਜਬੂਰ ਤੇ ਲਾਚਾਰ ਲੋਕਾਂ ਨੂੰ ਪੈਸੇ, ਨਸ਼ੇ ਅਤੇ ਝੂਠੇ ਵਾਅਦਿਆਂ ਨਾਲ ਠੱਗਿਆ ਜਾਣਾ ਜ਼ਮੀਨੀ ਪੱਧਰ ਦੀ ਸਚਾਈ ਅਤੇ ਆਮ ਗੱਲ ਹੈ।
ਇਸ ਮੌਕੇ ਉਨ੍ਹਾਂ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਰਾਜਸੀ ਪਾਰਟੀਆਂ ਵੱਲੋਂ ਲਾਲਚ ਦੇ ਕੇ ਅਤੇ ਝੂਠੇ ਲੋਕ ਲੁਭਾਊ ਵਾਅਦਿਆਂ ਨਾਲ ਲੋਕਾਂ ਦੀ ਭਾਵਨਾਤਮਿਕ ਸ਼ੋਸ਼ਣ ਰੋਕਣ ਅਤੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਤਾਂ ਜੋ ਲੋਕ ਆਪਣੇ ਜਿਊਣ ਦੇ ਅਧਿਕਾਰ ਸ਼ੁੱਧ ਹਵਾ ਪਾਣੀ ਤੇ ਖੁਰਾਕ ਅਤੇ ਲੋਕ ਮਸਲਿਆਂ ਦੇ ਹੱਲ ਲਈ ਨਿਡਰ ਤੇ ਆਸਵੰਦ ਹੋ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।

ਸਾਬਕਾ ਅਕਾਲੀ ਵਿਧਾਇਕ ਦੇ ਪੁੱਤਰ ਸਹਿਤ ਅੱਧੀ ਦਰਜਨ ਨੌਜਵਾਨਾਂ ਵਿਰੁੱਧ ਪਰਚਾ ਦਰਜ 

0
ਮਾਮਲਾ ਕਾਂਗਰਸ ਦੇ ਪੋਸਟਰ ਲਗਾਉਣ ਦਾ  
ਸੁਖਜਿੰਦਰ ਮਾਨ
ਬਠਿੰਡਾ, 29 ਜਨਵਰੀ : ਸਥਾਨਕ ਥਾਣਾ ਕੈਂਟ ਦੀ ਪੁਲਸ ਨੇ ਸਾਬਕਾ ਅਕਾਲੀ ਵਿਧਾਇਕ ਤੇ ਮੌਜੂਦਾ ਉਮੀਦਵਾਰ ਸਰੂਪ ਚੰਦ ਸਿੰਗਲਾ ਦੇ ਪੁੱਤਰ ਦੀਨਵ ਸਿੰਗਲਾ ਸਹਿਤ ਅੱਧੀ ਦਰਜਨ ਵਿਅਕਤੀਆਂ ਵਿਰੁੱਧ ਇੱਕ ਗਰੀਬ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ਾ ਹੇਠ ਪਰਚਾ ਦਰਜ ਕੀਤਾ ਹੈ। ਇਸ ਸੰਬੰਧ ਵਿਚ ਪੁਲਸ ਕੋਲ ਬਾਬਾ ਫਰੀਦ ਨਗਰ ਦੇ ਦਵਿੰਦਰ ਕੁਮਾਰ ਨਾਂ ਦੇ ਨੌਜਵਾਨ ਨੇ ਸ਼ਿਕਾਇਤ ਕੀਤੀ ਸੀ , ਜਿਸ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਜੂਸ ਦੀ ਰੇਹੜੀ ਲਗਾਉਂਦਾ ਹੈ ਅਤੇ ਆਰਥਿਕ ਤੰਗੀ ਕਾਰਨ ਰਾਤ ਨੂੰ ਚੋਣਾਂ ਦੇ ਸੀਜ਼ਨ ਦੌਰਾਨ ਪੋਸਟਰ ਲਗਾਉਣ ਦਾ ਕੰਮ ਕਰਦਾ ਹੈ। ਦਵਿੰਦਰ ਮੁਤਾਬਕ ਬੀਤੀ ਰਾਤ ਉਹ ਸਥਾਨਕ ਬੀਬੀ ਵਾਲਾ ਰੋਡ ‘ਤੇ ਸਥਿਤ ਪਰਿੰਦਾ ਨਗਰ ਵਿਚ ਕਾਂਗਰਸ ਪਾਰਟੀ ਦੇ ਪੋਸਟਰ ਲਗਾ ਰਿਹਾ ਸੀ। ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਥੇ ਪੁੱਜੇ , ਜਿਨ੍ਹਾਂ ਕਾਂਗਰਸ ਦੇ ਪੋਸਟਰ ਲਗਾਉਣ ‘ਤੇ ਇਤਰਾਜ਼ ਕਰਦਿਆਂ ਫੋਨ ਕਰਕੇ ਮੌਕੇ ਉਪਰ ਦੀਨਵ ਨੂੰ ਬੁਲਾ ਲਿਆ । ਜਿਸਦੇ ਚੱਲਦੇ ਇਨੋਵਾ ਕਾਰ ‘ਤੇ ਅਪਣੇ ਕੁੱਝ ਸਾਥੀਆਂ ਨਾਲ ਦੀਨਵ ਵੀ ਉਥੇ ਪੁੱਜ ਗਿਆ ਤੇ ਆਉਂਦੇ ਸਾਰ ਹੀ ਉਸਦੀ ਕੁੱਟਮਾਰ ਸੁਰੂ ਕਰ ਦਿੱਤੀ ਅਤੇ ਦੂਜੇ ਨੌਜਵਾਨਾਂ ਨੇ ਵੀ ਉਸਦਾ ਸਾਥ ਦਿੱਤਾ। ਇਸ ਦੌਰਾਨ ਜਦ ਉਸਨੇ ਰੌਲਾ ਪਾਇਆ ਤਾਂ ਉਕਤ ਨੌਜਵਾਨ ਗੱਡੀ ਵਿੱਚ ਸਵਾਰ ਹੋ ਕੇ ਚਲੇ ਗਏ। ਉਧਰ ਕਾਗਰਸੀ ਆਗੂਆਂ ਨੇ ਇਸ ਮਾਮਲੇ ਵਿੱਚ ਸਾਬਕਾ ਵਿਧਾਇਕ ਨੂੰ ਘੇਰਦਿਆ ਦੋਸ ਲਗਾਇਆ ਕਿ ਇਸ ਘਟਨਾ ਤੋਂ ਬਾਅਦ ਸਹਿਰ ਵਾਸੀਆਂ ਨੂੰ ਪਤਾ ਚਲ ਗਿਆ ਹੈ ਕਿ ਗੁੰਡਾਗਰਦੀ ਕੌਣ ਕਰਦਾ ਹੈ। ਕੁੱਟਮਾਰ ਦਾ ਸਿਕਾਰ ਹੋਏ ਨੌਜਵਾਨ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਉਣ ਵਾਲੇ ਕਾਗਰਸੀ ਆਗੂ ਸੌਨਕ ਜੋਸ਼ੀ ਨੇ ਦਾਅਵਾ ਕੀਤਾ ਕਿ ਪੀੜਤ ਨੌਜਵਾਨ ਇੱਕ ਗਰੀਬ ਪ੍ਰਵਾਰ ਨਾਲ ਸਬੰਧਤ ਹੈ ਤੇ ਰੋਜ਼ੀ ਰੋਟੀ ਲਈ ਦਿਹਾੜੀ ਆਦਿ ਕਰਦਾ ਹੈ ਤੇ ਇਸਦਾ ਕਿਸੇ ਵੀ ਪਾਰਟੀ ਨਾਲ ਸਬੰਧ ਨਹੀਂ।

ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਲੱਡੂਆਂ ਨਾਲ ਤੋਲਿਆ

0

ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹੱਕ ਵਿੱਚ ਚੱਲੀ ਲਹਿਰ ਅੱਗੇ ਕੋਈ ਨਹੀਂ ਟਿਕੇਗਾ :ਸਰੂਪ ਚੰਦ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 29 ਜਨਵਰੀ: ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਅੱਜ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਕੀਤੀਆਂ ਨੁੱਕੜ ਮੀਟਿੰਗਾਂ ਦੌਰਾਨ ਕਈ ਥਾਈਂ ਲੱਡੂਆਂ ਨਾਲ ਤੋਲਿਆ ਗਿਆ ਅਤੇ ਸ਼ਹਿਰ ਦੇ ਉਮੜੇ ਹਜੂਮ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਜਿੱਤ ਲਈ ਪੂਰਨ ਤੌਰ ਤੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਬਠਿੰਡਾ ਸ਼ਹਿਰ ਦਾ ਵਿਕਾਸ ਅਤੇ ਹਰ ਵਰਗ ਦੀ ਖੁਸ਼ਹਾਲੀ ਹੈ ਜਿਸ ਲਈ ਉਨ੍ਹਾਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਅਤੇ ਇਲਾਕੇ ਨੂੰ ਵਿਕਾਸ ਦੀ ਰਾਹ ਤੇ ਤੋਰਿਆ ਜਦੋਂ ਕਿ ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਕੋਲ ਲੋਕਾਂ ਨੂੰ ਜਵਾਬ ਦੇਣ ਲਈ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਪੰਜ ਸਾਲ ਦਾ ਰਿਪੋਰਟ ਕਾਰਡ ਵਿਧਾਇਕ ਦੀ ਤਾਕਤ ਹੁੰਦਾ ਹੈ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਵੱਲੋਂ ਯੂਨੀਵਰਸਿਟੀਆਂ ਏਮਜ ਹਸਪਤਾਲ ਸੜਕਾਂ ਸਮੇਤ ਆਰ ਓ ਸਿਸਟਮ ਮੁਹੱਈਆ ਕਰਵਾਏ ਪਰ ਮਨਪ੍ਰੀਤ ਬਾਦਲ ਕੋਲ ਰਿਪੋਰਟ ਕਾਰਡ ਜ਼ੀਰੋ ਤੋਂ ਸਿਵਾਏ ਕੁਝ ਵੀ ਨਹੀਂ। ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬੀ ਟੀਮ ਕਰਾਰ ਦਿੱਤਾ ਤੇ ਕਿਹਾ ਕਿ ਧੱਕੇਸ਼ਾਹੀਆਂ ਵਿੱਚ ਹਿੱਸਾ ਪਾਉਣ ਵਾਲੇ ਅੱਜ ਬਰਾਬਰ ਲੜਾਈ ਲੜਦੇ ਚੰਗੇ ਨਹੀਂ ਲੱਗਦੇ ।ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹੱਕ ਵਿਚ ਲਹਿਰ ਚੱਲ ਰਹੀ ਹੈ ਤੇ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ।ਇਸ ਮੌਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਕਾਸ ਲਈ ਵੋਟ ਦੀ ਮੰਗ ਕੀਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ ।ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਵਰਕਰ ਹਾਜਰ ਸਨ

ਕੇਂਦਰ ਦੀ ਵਾਅਦਾਖਿਲਾਫ਼ੀ ਵਿਰੁਧ ਭਲਕੇ ਕਿਸਾਨ ਫ਼ੂਕਣਗੇ ਪੁਤਲੇ

0

ਸੁਖਜਿੰਦਰ ਮਾਨ

ਬਠਿੰਡਾ 29 ਜਨਵਰੀ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ, ਬਲਾਕ ਤੇ ਪਿੰਡ ਪੱਧਰ ਦੇ ਸਰਗਰਮ ਆਗੂ ਸ਼ਾਮਲ ਹੋਏ ।
ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਦਿੱਲੀ ਮੋਰਚੇ ਦੌਰਾਨ ਕੇਂਦਰ ਸਰਕਾਰ ਵਲੋਂ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਦੌਰਾਨ ਮੰਨੀਆਂ ਹੋਈਆਂ ਮੰਗਾਂ ਨਾ ਲਾਗੂ ਕਰਨ ਦੇ ਵਿਰੋਧ ਵਿੱਚ 31 ਜਨਵਰੀ ਨੂੰ ਵਿਸ਼ਵਾਸਘਾਤ ਦਿਵਸ ਵਜੋਂ ਮਨਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਵਿਰੁੱਧ ਮੋਰਚੇ ਦੌਰਾਨ ਸ਼ਹੀਦ ਹੋਏ ਵੱਖ ਵੱਖ ਰਾਜਾਂ ਦੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜ ਪੰਜ ਲੱਖ ਰੁਪਏ ਦਾ ਮੁਆਵਜ਼ਾ ਅਤੇ ਇਕ ਜੀਅ ਨੂੰ ਹਾਲੇ ਤੱਕ ਸਰਕਾਰੀ ਨੌਕਰੀ ਨਹੀਂ ਦਿੱਤੀ, ਦਿੱਲੀ ਸਮੇਤ ਦੂਸਰੇ ਰਾਜਾਂ ਦੇ ਕਿਸਾਨਾਂ ਉੱਪਰ ਦਰਜ ਕੀਤੇ ਪੁਲਸ ਕੇਸ ਰੱਦ ਨਹੀਂ ਕੀਤੇ ਗਏ , ਫ਼ਸਲਾਂ ਦੀ ਐੱਮਐੱਸਪੀ ਦਾ ਕਾਨੂੰਨ ਨਹੀਂ ਬਣਾਇਆ ਗਿਆ ਅਤੇ ਲਖੀਮਪੁਰ ਕਾਂਡ ਦੇ ਮੁੱਖ ਦੋਸ਼ੀ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਖ਼ਿਲਾਫ਼ ਬਣਦੀ ਕਾਰਵਾਈ ਨਾ ਕਰ ਕੇ ਇਸ ਦੇ ਉਲਟ ਕਿਸਾਨਾਂ ਖ਼ਿਲਾਫ਼ ਹੀ ਕਾਰਵਾਈ ਕੀਤੀ ਜਾ ਰਹੀ ਹੈ । ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਵਿਸ਼ਵਾਸਘਾਤ ਦੇ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 31 ਜਨਵਰੀ ਨੂੰ ਡਿਪਟੀ ਕਮਿਸਨਰ ਬਠਿੰਡਾ ਅੱਗੇ ਇਕੱਠੇ ਹੋ ਕੇ ਸ਼ਹਿਰ ਵਿੱਚ ਹਨੂੰਮਾਨ ਚੌਕ ਕੋਲ ਕੇਂਦਰ ਦੀ ਭਾਜਪਾ ਸਰਕਾਰ ਦੇ ਬੁੱਤ ਨੂੰ ਅੱਗ ਲਾਈ ਜਾਵੇਗੀ ।
ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਚੋਣਾਂ ਦੇ ਮਾਹੌਲ ਦੌਰਾਨ ਕਿਸਾਨਾਂ ਨੂੰ ਵੋਟਾਂ ਤੋਂ ਭਲੇ ਦੀ ਝਾਕ ਛੱਡ ਕੇ ਆਪਣੇ ਭਾਈਚਾਰਕ ਏਕੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਆਪਣੀਆਂ ਮੰਗਾਂ ਮਸਲਿਆਂ ਲਈ ਸੰਘਰਸ਼ਾਂ ਤੇ ਟੇਕ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ । ਉਨ੍ਹਾਂ ਜਥੇਬੰਦੀ ਵੱਲੋਂ ਸਭਨਾਂ ਵੋਟ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਵਾਲ ਕਰਨ ਅਤੇ ਅਤੇ ਇਸ ਦੀਆਂ ਵੱਡੀਆਂ ਫਲੈਕਸਾਂ ਲਾ ਕੇ ਪਿੰਡਾਂ ਵਿੱਚ ਲਾਉਣ ਲਈ ਤਿਆਰ ਸਵਾਲ ਨਾਵਾਂ ਮੀਟਿੰਗ ਵਿੱਚ ਵੰਡਿਆ ਗਿਆ । ਉਨ੍ਹਾਂ ਕਿਹਾ ਕਿ 15 ਫਰਵਰੀ ਨੂੰ ਜੇਠੂਕੇ ਦੇ ਕਿਰਾਇਆ ਘੋਲ ਅਤੇ ਜ਼ਮੀਨੀ ਘੋਲ ਦੇ ਸ਼ਹੀਦਾਂ ਦੀ ਬਰਸੀ ਜ਼ਿਲ੍ਹਾ ਪੱਧਰ ਤੇ ਮਨਾਈ ਜਾਵੇਗੀ ਜਿਸ ਵਿੱਚ ਵੱਧ ਤੋਂ ਵੱਧ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ ਅਤੇ ਹੋਰ ਸਭ ਕਿਰਤੀ ਲੋਕਾਂ ਨੂੰ ਪਹੁੰਚਣ ਲਈ ਅਪੀਲ ਕੀਤੀ ਗਈ । ਇਸ ਤੋਂ ਪਹਿਲਾਂ ਜ਼ਿਲ੍ਹਾ ਆਗੂਆਂ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਨਰਮੇ ਦੇ ਖਰਾਬੇ ਦਾ ਮੁਆਵਜ਼ਾ ਰੋਕੇ ਜਾਣ ਸਬੰਧੀ ਤੁਰੰਤ ਵੰਡਣ ਦੀਆਂ ਐੱਸਡੀਐੱਮਜ ਨੂੰ ਹਦਾਇਤਾਂ ਕੀਤੀਆਂ । ਪੁਲਸ ਕੇਸਾਂ ਦੀ ਵਾਪਸੀ ਸਬੰਧੀ ਐੱਸਐੱਸਪੀ ਬਠਿੰਡਾ ਨੇ ਸੋਮਵਾਰ ਤੱਕ ਦਾ ਸਮਾਂ ਦਿੱਤਾ ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਸਬੰਧੀ ਇਕ ਹਫ਼ਤੇ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ । ਕਿਸਾਨ ਆਗੂਆਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਕਿਸਾਨਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ । ਅੱਜ ਦੀ ਮੀਟਿੰਗ ਵਿੱਚ ਜਗਦੇਵ ਸਿੰਘ ਜੋਗੇਵਾਲਾ ,ਦਰਸ਼ਨ ਸਿੰਘ ਮਾਈਸਰਖਾਨਾ, ਬਸੰਤ ਸਿੰਘ ਕੋਠਾਗੁਰੂ ,ਸੁਖਦੇਵ ਸਿੰਘ ਰਾਮਪੁਰਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਗੁਰਤੇਜ ਸਿੰਘ ਗੁਰੂਸਰ, ਅਮਰੀਕ ਸਿੰਘ ਸਿਵੀਆਂ ,ਕੁਲਵੰਤ ਸ਼ਰਮਾ ,ਬਿੰਦਰ ਸਿੰਘ ਜੋਗੇਵਾਲਾ ,ਰਾਜਵਿੰਦਰ ਸਿੰਘ ਰਾਮਨਗਰ ਵੀ ਸ਼ਾਮਲ ਸਨ ।

ਜਲ ਸਪਲਾਈ ਦੇ ਠੇਕਾ ਕਾਮਿਆਂ ਦਾ ਰੋਸ ਧਰਨਾ ਚੌਥੇ ਦਿਨ ਵੀ ਲਗਾਤਾਰ ਜਾਰੀ

0

ਸੁਖਜਿੰਦਰ ਮਾਨ
ਬਠਿੰਡਾ, 29 ਜਨਵਰੀ- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਜਿਲ੍ਹਾ ਬਠਿੰਡਾ ਵਲੋਂ ਜ਼ਿਲ੍ਹਾ ਪੱਧਰ ’ਤੇ 27 ਜਨਵਰੀ ਤੋਂ ਚੱਲ ਰਿਹਾ ਦਿਨ ਰਾਤ ਦਾ ਰੋਸ਼ ਧਰਨਾ ਅੱਜ ਅੱਜ ਚੌਥੇ ਵੀ ਜਾਰੀ ਰਿਹਾ।ਇਸ ਮੌਕੇ ਸੂਬਾ ਮੀਤ ਪ੍ਰਧਾਨ ਤੇ ਜਿਲ੍ਹਾ ਪ੍ਰਧਾਨ ਸੰਦੀਪ ਖਾਨ ਬਾਲਿਆਵਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲ ਸਪਲਾਈ ਵਿਭਾਗ ਦੇ ਠੇਕਾ ਅਧਾਰਿਤ ਵਰਕਰਾਂ ਦੀਆਂ ਮੰਗਾਂ ਜਿਵੇਂ ਕਿ ਪਿਛਲੇ ਕਾਫੀ ਦਿਨਾਂ ਤੋਂ ਮਹਿੰਗਾਈ ਨੂੰ ਮੁੱਖ ਰੱਖ ਕੇ ਤਨਖਾਹਾਂ ਵਧਾਉਣ ਦੀ ਮੰਗ ਜਥੇਬੰਦੀ ਵਲੋਂ ਕੀਤੀ ਜਾ ਰਹੀ ਹੈ ।ਕਿਉਂਕਿ ਪੰਜਾਬ ਦੇ ਪਟਿਆਲਾ ਫਾਜ਼ਿਲਕਾ , ਅੰਮਿ੍ਰਤਸਰ, ਫਤਿਹਗਡ੍ਹ ਸਾਹਿਬ ਸਮੇਤ ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿਚ ਇਹ ਵਧੇ ਹੋਏ ਰੇਟ ਕਾਰਜਕਾਰੀ ਇੰਜਨੀਅਰਾਂ ਵੱਲੋਂ ਆਪਣੇ ਵਰਕਰਾਂ ਨੂੰ ਦਿੱਤੇ ਜਾ ਰਹੇ ਹਨ ਅਤੇ ਬਠਿੰਡਾ ਦੇ ਮੰਡਲ ਨੰਬਰ ਇੱਕ ਦੋ ਤੇ ਤਿੰਨ ਦੇ ਕਾਰਜਕਾਰੀ ਇੰਜੀਨੀਅਰਾਂ ਵੱਲੋਂ ਟਾਲਮਟੋਲ ਦੀ ਬਦਨੀਤੀ ਅਪਣਾਈ ਜਾ ਰਹੀ ਹੈ । ਇਸ ਸਬੰਧੀ ਕੱਲ੍ਹ ਮੀਟਿੰਗ ਦੌਰਾਨ ਮੰਡਲ ਨੰਬਰ 3 ਦੇ ਐਕਸੀਅਨ ਵਲੋਂ ਟਾਲਮਟੋਲ ਦੀ ਬਦਨੀਤੀ ਅਪਣਾਈ ਜਾ ਰਹੀ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਠੇਕਾ ਕਾਮਿਆਂ ਦੀਆਂ ਤਨਖਾਹਾਂ ਵਧਾਉਣ ਦੀ ਮੰਗ ਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਇਹ ਸੰਘਰਸ਼ ਇਸੇ ਤਰ੍ਹਾਂ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜਿੰਮੇਵਾਰੀ ਸਬੰਧਤ ਮੈਨੇਜਮੈਂਟ ਅਤੇ ਪ੍ਰਸ਼ਾਸਨ ਦੀ ਹੋਵੇਗੀ।ਇਸ ਤੋਂ ਇਲਾਵਾ ਧਰਨੇ ਨੂੰ ਸਾਥੀ ਸਤਨਾਮ ਸਿੰਘ ਖਿਆਲਾ, ਜਸਵਿੰਦਰ ਸਿੰਘ, ਅੰਮਿ੍ਰਤਪਲ ਸਿੰਘ,ਕਰਮਜੀਤ ਸਿੰਘ, ਅਮਿਤ ਬਾਂਸਲ ਹਰਵਿੰਦਰ ਸਿੰਘ, ਸੁਖਚੈਨ ਸਿੰਘ ਨੇ ਵੀ ਸੰਬੋਧਨ ਕੀਤਾ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਸ਼ਹਿਰੀ ਹਲਕੇ ਤੋਂ ਭਰੇ ਨਾਮਜਦਗੀ ਪੱਤਰ

0

ਬਠਿੰਡਾ ਦੀ ਤਰੱਕੀ ਲਈ ਕੀਤੀ ਜੀਅ ਤੋੜ ਮਿਹਨਤ ,ਚੋਣ ਜਿੱਤਣ ਦੇ ਨਾਲ ਦਿਲ ਵੀ ਜਿੱਤਣ ਦੀ ਕੀਤੀ ਕੋਸ਼ਿਸ਼ : ਮਨਪ੍ਰੀਤ ਬਾਦਲ
ਚਕੋਣਾ ਮੁਕਾਬਲਾ ਹੋਣ ਦਾ ਕਾਂਗਰਸ ਨੂੰ ਮਿਲੇਗਾ ਲਾਭ, ਬਣੇਗੀ ਸਰਕਾਰ
ਸੁਖਜਿੰਦਰ ਮਾਨ
ਬਠਿੰਡਾ, 29 ਜਨਵਰੀ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਹਲਕੇ ਤੋਂ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ । ਇਸ ਮੌਕੇ ਉਨ੍ਹਾਂ ਦੇ ਨਾਲ ਸਪੁੱਤਰ ਅਰਜਨ ਬਾਦਲ, ਸਪੁੱਤਰੀ ਰੀਆ ਬਾਦਲ,ਭਤੀਜੀ ਮਨੰਤ ਜੌਹਲ ਅਤੇ ਹੋਰ ਪਰਿਵਾਰਕ ਮੈਂਬਰ ਤੇ ਸੀਨੀਅਰ ਕਾਂਗਰਸ ਲੀਡਰ, ਵਕੀਲ ਸਾਹਿਬਾਨ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਸ਼ਹਿਰ ਵਾਸੀਆਂ ਵੱਲੋਂ ਜੋ ਉਮੀਦ ਨਾਲ ਉਨ੍ਹਾਂ ਨੂੰ ਵੋਟਾਂ ਪਾਈਆਂ ਸੀ ਉਸ ਤੇ ਪੂਰੀ ਦਿਲੋਂ ਮਿਹਨਤ ਕੀਤੀ ਗਈ ਹੈ ਤੇ ਬਠਿੰਡਾ ਦੇ ਪਰਿਵਾਰ ਨੂੰ ਤਰੱਕੀ ਵੱਲ ਲਿਜਾਣ ਲਈ ਹਰ ਯਤਨ ਕੀਤੇ ਗਏ ਹਨ ਪ੍ਰੰਤੂ ਉਨ੍ਹਾਂ ਵੱਲੋਂ ਦੋ ਕੰਮ ਬਠਿੰਡਾ ਦੇ ਬੱਸ ਸਟੈਂਡ ਨੂੰ ਨਵਾਂ ਬਣਾਉਣਾ ਅਤੇ ਕਚਰਾ ਪਲਾਂਟ ਨੂੰ ਬੰਦ ਕਰਵਾਉਣਾ ਪੂਰਾ ਨਹੀਂ ਹੋਇਆ , ਜਿਸ ਨੂੰ ਪੂਰਾ ਕਰਨ ਲਈ ਵੀ ਮਿਹਨਤ ਕੀਤੀ ਗਈ ਪਰ ਕਾਨੂੰਨੀ ਅੜਚਨਾ ਕਾਰਨ ਇਹ ਪ੍ਰਾਜੈਕਟ ਪੂਰੇ ਨਹੀਂ ਹੋ ਸਕੇ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਮਕਸਦ ਚੋਣ ਜਿੱਤਣ ਦੇ ਨਾਲ ਦਿਲ ਜਿੱਤਣਾ ਵੀ ਰਿਹਾ ਹੈ ਜਿਸ ਲਈ ਉਨ੍ਹਾਂ ਹਮੇਸ਼ਾਂ ਕੋਸ਼ਿਸ਼ ਕੀਤੀ ਤੇ ਹਰ ਵਰਗ ਲਈ ਸਹੂਲਤ ਮੁਹੱਈਆ ਕਰਵਾਉਣ ਦੇ ਨਾਲ ਸਮੱਸਿਆਵਾਂ ਦਾ ਵੀ ਸਮੇਂ ਸਿਰ ਨਿਪਟਾਰਾ ਕੀਤਾ। ਕੀ ਮਨਪ੍ਰੀਤ ਸਿੰਘ ਬਾਦਲ ਮੁੱਖ ਮੰਤਰੀ ਉਮੀਦਵਾਰ ਦਾ ਚਿਹਰਾ ਹਨ ਦੇ ਪੁੱਛੇ ਸਵਾਲ ਦੇ ਜਵਾਬ ਵਿੱਚ ਮਨਪ੍ਰੀਤ ਬਾਦਲ ਵਿੱਤ ਮੰਤਰੀ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ ਇਹ ਫੈਸਲਾ ਪਾਰਟੀ ਹਾਈ ਕਮਾਂਡ ਦੇ ਹੱਥ ਹੈ ਜਿਸ ਨੂੰ ਬਣਾਉਣਗੇ ਉਹ ਸਿਰ ਮੱਥੇ ਹੋਵੇਗਾ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ ਜਿਸ ਨੇ ਪੂਰੀ ਦੁਨੀਆਂ ਨੂੰ ਨਵੇਂ ਰਾਹ ਦਿਖਾਏ ਹਨ। ਬਠਿੰਡਾ ਸ਼ਹਿਰ ਵਿੱਚ ਆਪ ਦੇ ਉਮੀਦਵਾਰ ਅਤੇ ਭਾਜਪਾ ਦੇ ਉਮੀਦਵਾਰ ਬਾਗੀ ਕਾਂਗਰਸੀ ਹੋਣ ਕਰਕੇ ਨੁਕਸਾਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਆਪ ਕੋਲ ਆਮ ਆਦਮੀ ਨਹੀਂ ਬਲਕਿ ਦੂਜੀਆਂ ਪਾਰਟੀਆਂ ਦੇ ਲੀਡਰ ਹਨ ਜਿਨ੍ਹਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਗਿਆ ਹੈ ਤੇ ਚਾਰ ਕੋਣਾ ਮੁਕਾਬਲਾ ਹੋਣ ਦਾ ਕਾਂਗਰਸ ਨੂੰ ਸਿੱਧਾ ਲਾਭ ਮਿਲੇਗਾ। ਇਨ੍ਹਾਂ ਉਮੀਦਵਾਰਾਂ ਨਾਲ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਅਤੇ ਕਾਂਗਰਸ ਦੀ ਸਰਕਾਰ ਬਣੇਗੀ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਨੂੰ ਮੁੱਖ ਰੱਖ ਕੇ ਵੋਟ ਦਾ ਇਸਤੇਮਾਲ ਕਰਨ ਅਤੇ ਦੂਸਰੀ ਵਾਰ ਕੰਮ ਕਰਨ ਦਾ ਮੌਕਾ ਦੇਣ ਤਾਂ ਜੋ ਬਠਿੰਡਾ ਸ਼ਹਿਰ ਨੂੰ ਤਰੱਕੀ ਦੀ ਰਾਹ ਤੇ ਹੋਰ ਮਜਬੂਤ ਕੀਤਾ ਜਾ ਸਕੇ ।

ਦਿੱਲੀ ਮਾਡਲ ਦੀ ਮੰਗ ਕਰਦਿਆਂ ਨਾਰੀ ਸ਼ਕਤੀ ਆਪ ਉਮੀਦਵਾਰ ਦੇ ਹੱਕ ‘ਚ ਡਟੀਆਂ

0

ਨਾਰੀ ਸ਼ਕਤੀ ਨਿਭਾਏਗੀ ਵਿਧਾਨਸਭਾ ਚੋਣਾਂ ਵਿੱਚ ਅਹਿਮ ਰੋਲ-ਗਿੱਲ
ਸੁਖਜਿੰਦਰ ਮਾਨ
ਬਠਿੰਡਾ, 29 ਜਨਵਰੀ-ਅੱਜ ਇਥੇ ਸ਼ਹਿਰ ਦੀਆਂ ਵੱਡੀ ਗਿਣਤੀ ਔਰਤਾਂ ਨੇ ਦਿੱਲੀ ਮਾਡਲ ਦੇ ਆਧਾਰ ‘ਤੇ ਪੰਜਾਬ ਦਾ ਵਿਕਾਸ ਕਰਨ ਦੀ ਮੰਗ ਕਰਦਿਆਂ ਬਠਿੰਡਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਦੇ ਹੱਕ ਵਿਚ ਡਟਣ ਦਾ ਐਲਾਨ ਕਰ ਦਿੱਤਾ। ਨਾਰੀ ਸ਼ਕਤੀ ਦੇ ਪ੍ਰਦਰਸ਼ਨ ਦੀ ਸ਼ੁਰੂਆਤ ਵਾਰਡ ਨੰ. 45 ਪ੍ਰਤਾਪ ਨਗਰ ਤੋਂ ਹੋਈ, ਜੋ ਸ਼ਹਿਰ ਦੇ ਵੱਖ ਵੱਖ ਥਾਂਵਾਂ ‘ਤੇ ਜਾਰੀ ਹੈ।ਨਾਰੀ ਸ਼ਕਤੀ ਪ੍ਰਦਰਸ਼ਨ ਦੇ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਸ. ਗਿੱਲ ਨ ਕਿਹਾ ਕਿ ਕੋਈ ਸ਼ੱਕ ਨਹੀਂ ਕਿ ਆਪ ਸਰਕਾਰ ਬਨਣ ‘ਤੇ ਪੰਜਾਬ ਦਾ ਵਿਕਾਸ ਦਿੱਲੀ ਮਾਡਲ ਦੇ ਆਧਾਰ ‘ਤੇ ਹੀ ਹੋਵੇਗਾ। ਉਨ੍ਹਾਂ ਸਮੂਹ ਔਰਤਾਂ ਨੂੰ ਪਾਰਟੀ ਦੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਿਰਨਦੀਪ ਕੌਰ, ਨਵਜੀਤ ਕੌਰ ਤੇ ਹੋਰਨਾਂ ਨੇ ਕਿਹਾ ਕਿ ਉਹ ਸ. ਗਿੱਲ ਵਲੋਂ ਸ਼ਹਿਰ ਪ੍ਰਤੀ ਹੁਣ ਤੱਕ ਨਿਭਾਈਆਂ ਜਿੰਮੇਵਾਰੀਆਂ ਤੋਂ ਭਲੀਭਾਂਤ ਜਾਣੂ ਹਨ। ਮੀਟਿੰਗ ਵਿਚ ਸੁਰੇਸ਼ ਕੁਮਾਰ ਗਰਗ, ਰੁਪਿੰਦਰ ਸ਼ਰਮਾ, ਚੰਦਰ ਕਾਂਤਾ, ਕਿਰਨ ਪ੍ਰੀਤ , ਮਿੱਠੂ ਰਾਮ, ਵਿਜੈ ਕੁਮਾਰ ਸੇਤੀਆ, ਸਨੇਹਲਤਾ, ਪ੍ਰੀਤਿ ਗਰਗ, ਅੰਜਨਾ ਰਾਣੀ, ਬਿਮਲਾ ਦੇਵੀ, ਬੂਟਾ ਸਿੰਘ, ਪ੍ਰਕਾਸ਼ ਕੁਮਾਰ, ਜਯੋਤੀ, ਕਮਲੇਸ਼ ਰਾਣੀ, ਨਿਰਮਲ ਰਾਣੀ, ਮਨਜੀਤ ਕੌਰ, ਸੋਨੀਆ, ਕੁਲਜੀਤ ਕੌਰ, ਮਨੀਸ਼ਾ ਰਾਣੀ ਆਦਿ ਸਮੇਤ ਪਰਿਵਾਰ ਮੌਜੂਦ ਸਨ।

Our Visitor

1896385