Wednesday, May 6, 2026
Home Blog Page 2631

ਸਾਦਗੀ ਅਤੇ ਸਧਾਰਨ ਢੰਗ ਨਾਲ ਜਗਰੂਪ ਸਿੰਘ ਗਿੱਲ ਨੇ ਭਰੇ ਨਾਮਜਦਗੀ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 29 ਜਨਵਰੀ : ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਵਲੋਂ ਅੱਜ ਅਪਣੇ ਨਾਮਜਦਗੀ ਪੱਤਰ ਸਾਦਗੀ ਅਤੇ ਸਧਾਰਨ ਢੰਗ ਨਾਲ ਐਸਡੀਐਮ ਦਫਤਰ ’ਚ ਰਿਟਰਨਿੰਗ ਅਫਸਰ ਕੋਲ ਦਾਖਲ ਕੀਤੇ ਗਏ । ਕਵਰਿੰਗ ਉਮੀਦਵਾਰ ਵਜੋਂ ਉਹਨਾਂ ਦੇ ਭਾਣਜੇ ਸੁਖਦੀਪ ਸਿੰਘ ਢਿੱਲੋਂ ਵਲੋਂ ਨਾਮਜਦਗੀ ਪੱਤਰ ਭਰੇ ਗਏ ਸਨ। ਇਸ ਮੌਕੇ ਉਹਨਾਂ ਨਾਲ ਆਪ ਆਗੂ ਅੰਮਿ੍ਰਤ ਲਾਲ ਅਗਰਵਾਲ, ਦੀਪਕ ਬਾਂਸਲ, ਨਵਦੀਪ ਸਿੰਘ ਜੀਦਾ, ਅਨਿਲ ਠਾਕੁਰ, ਅਮਰਦੀਪ ਸਿੰਘ ਰਾਜਨ, ਮਨਜੀਤ ਸਿੰਘ ਲਹਿਰਾ, ਬਲਜਿੰਦਰ ਪਲਟਾ, ਰਾਜਬੀਰ ਸੰਧੂ ਸਮੇਤ ਨੇਤਾ ਅਤੇ ਵਰਕਰ ਮੌਜੂਦ ਸਨ। ਇਸ ਮੌਕੇ ਮਿੰਨੀ ਸਕੱਤਰੇਤ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿੱਲ ਨੇ ਕਿਹਾ ਕਿ ਮੈਨੂੰ ਬਠਿੰਡਾ ਨਿਵਾਸੀਆਂ ਤੇ ਯਕੀਨ ਹੈ ਕਿ ਇਸ ਬਾਰ ਉਹ ਰਿਵਾਇਤੀਆਂ ਪਾਰਟੀਆਂ ਤੋਂ ਪੂਰੀ ਤਰਾਂ ਦੂਰੀ ਬਣਾ ਕੇ ਆਮ ਆਦਮੀ ਪਾਰਟੀ ਨੂੰ ਚੁਣਨਗੇ। ਉਹਨਾਂ ਬਠਿੰਡਾ ਵਾਸੀਆਂ ਨੂੰ ਕਿਹਾ ਕਿ ਇਕ ਵਾਰ ਆਪ ਨੂੰ ਪੰਜਾਬ ਵਿੱਚ ਸਰਕਾਰ ਬਣਾ ਲੈਣ ਦਿਓ ਅਤੇ ਉਸਤੋਂ ਬਾਦ ਕਿਸੇ ਹੋਰ ਪਾਰਟੀ ਦੀ ਪੰਜਾਬ ਵਿੱਚ ਲੋੜ ਨਹੀਂ ਪੈਣੀ, ਕਿਉਕਿ ਦਿੱਲੀ ਵਿੱਚ ਵੀ ਅਪਣੇ ਵਿਕਾਸ ਕਾਰਜ ਨੂੰ ਲੈਕੇ ਤਿੰਨ ਵਾਰ ਲਗਾਤਾਰ ਸਰਕਾਰ ਬਣਾ ਕੇ ਆਮ ਆਦਮੀ ਪਾਰਟੀ ਨੇ ਅਪਣੇ ਆਪ ਚ ਇਕ ਇਤਿਹਾਸ ਬਣਾਇਆ ਹੈ। ਗਿੱਲ ਨੇ ਕਿਹਾ ਕਿ ਅਸੀਂ ਪੰਜਾਬ ਵਾਸੀਆਂ ਤੋਂ ਇਕ ਵਾਰ ਵੋਟ ਮੰਗ ਰਹੇ ਹਾਂ ਕਿਉਕਿ ਦੂਜੀ ਵਾਰ ਪੰਜਾਬ ਦੇ ਲੋਕ ਖੁਦ ਆਪ ਨੂੰ ਵੋਟਾਂ ਪਾਉਣਗੇ।

ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਅਕਾਲੀ ਬਸਪਾ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੇ ਭਰੇ ਨਾਮਜਦਗੀ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 29 ਜਨਵਰੀ:-ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੇ ਅੱਜ ਆਪਣੇ ਨਾਮਜਦਗੀ ਪੱਤਰ ਭਰੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹੱਕ ਵਿੱਚ ਚੱਲ ਰਹੀ ਲਹਿਰ ਅੱਗੇ ਕੋਈ ਨਹੀਂ ਟਿਕ ਸਕੇਗਾ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਮ ਤੇ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਉਨ੍ਹਾਂ ਨੂੰ ਵੱਡੀ ਸਫਲਤਾ ਮਿਲੇਗੀ। ਉਨ੍ਹਾਂ ਦੋਸ਼ ਲਾਏ ਕਿ ਕਾਂਗਰਸ ਸਰਕਾਰ ਨੇ ਪੰਜ ਸਾਲ ਬਰਬਾਦ ਕਰ ਕੇ ਰੱਖ ਦਿੱਤੇ ਕਿਸੇ ਵੀ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਕੋਲ ਅੱਜ ਆਪਣੇ ਵਰਕਰ ਨਹੀਂ ਬਲਕਿ ਦੂਜੀਆਂ ਪਾਰਟੀਆਂ ਵਿੱਚੋਂ ਕੱਢੇ ਹੋਏ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਪ ਦੀਆਂ ਕਾਰਗੁਜਾਰੀਆਂ ਤੋਂ ਲੋਕ ਭਲੀ ਭਾਂਤ ਜਾਣੂ ਹਨ ਤੇ ਮੂੰਹ ਨਹੀਂ ਲਾਉਣਗੇ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਤੇ ਜਤਾਈ ਉਮੀਦ ਤੇ ਪੂਰਾ ਪਹਿਰਾ ਦਿੱਤਾ ਜਾਵੇਗਾ ਤੇ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋਡ ਦੇ ਆਗੂ ਪੰਚ ਸਰਪੰਚ ਅਤੇ ਵਰਕਰ ਹਾਜ਼ਰ ਸਨ ।

ਐਮ.ਪੀ ਤੇ ਜ਼ਿਲ੍ਹਾ ਪ੍ਰਧਾਨ ਦੀ ਹਾਜ਼ਰੀ ’ਚ ਭਾਜਪਾ ਭੁੱਚੋ ਮੰਡੀ ਤੋਂ ਉਮੀਦਵਾਰ ਇੰਜ. ਰੁਪਿੰਦਰਜੀਤ ਸਿੰਘ ਨੇ ਭਰੇ ਨਾਮਜਦਗੀ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 29 ਜਨਵਰੀ:-ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਭਾਜਪਾ ਦੇ ਉਮੀਦਵਾਰ ਇੰਜਨੀਅਰ ਰੁਪਿੰਦਰਜੀਤ ਸਿੰਘ ਵੱਲੋਂ ਅੱਜ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਚਿਤੌਡਗੜ ਰਾਜਸਥਾਨ ਦੇ ਲੋਕ ਸਭਾ ਮੈਂਬਰ ਸੀ ਪੀ ਜੋਸ਼ੀ ਅਤੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਵਿਸ਼ੇਸ਼ ਤੌਰ ’ਤੇ ਸ਼ਾਮਲ ਰਹੇ। ਨਾਮਜਦਗੀ ਪੇਪਰ ਦਾਖ਼ਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਮੈਂਬਰ ਸੀ ਪੀ ਜੋਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਨਵਾਂ ਪੰਜਾਬ ਬਣਾਉਣ ਲਈ ਭਾਜਪਾ ਦੀ ਸਰਕਾਰ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਲਾਪਰਵਾਹੀ ਵਰਤ ਕੇ ਦੇਸ਼ ਵਿਰੋਧੀ ਹੋਣ ਦਾ ਸਬੂਤ ਦਿੱਤਾ। ਉਸ ਨਾਲ ਕੋਈ ਵੀ ਨਾਗਰਿਕ ਪੰਜਾਬ ਵਿਚ ਸੁਰੱਖਿਅਤ ਨਹੀ। ਇਸ ਮੌਕੇ ਇੰਜਨੀਅਰ ਰੁਪਿੰਦਰਜੀਤ ਸਿੰਘ ਨੇ ਪਾਰਟੀ ਹਾਈ ਕਮਾਂਡ ਦਾ ਉਮੀਦਵਾਰ ਬਣਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਹਿੱਤਾਂ ਤੇ ਪਹਿਰੇਦਾਰੀ ਕਰਦੇ ਹੋਏ ਇਹ ਸੀਟ ਜਿੱਤ ਕੇ ਝੋਲੀ ਪਾਈ ਜਾਵੇਗੀ ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸਾਨ ਮਜ਼ਦੂਰ ਵਪਾਰੀ ਸਮੇਤ ਹਰ ਵਰਗ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਤੇ ਉਨ੍ਹਾਂ ਦੇ ਕਾਫਲੇ ਚ ਲਗਾਤਾਰ ਲੋਕ ਜੁੜ ਰਹੇ ਹਨ ਕਿਉਂਕਿ ਉਹ ਹਮੇਸ਼ਾਂ ਹੀ ਲੋਕ ਹਿੱਤਾਂ ਤੇ ਪਹਿਰੇਦਾਰੀ ਕਰਦੇ ਰਹੇ ਹਨ ਅਤੇ ਹਰ ਵਰਗ ਦੇ ਲਈ ਕੰਮ ਕੀਤਾ ਹੈ ।

ਕਿਸਾਨਾਂ ਨੇ ਬਠਿੰਡਾ ਦਿਹਾਤੀ ਤੋਂ ਅਕਾਲੀ ਉਮੀਦਵਾਰ ਦੀ ਚੋਣ ਮੀਟਿੰਗ ’ਚ ਕੀਤੀ ਨਾਅਰੇਬਾਜ਼ੀ

0

ਸੁਖਜਿੰਦਰ ਮਾਨ
ਬਠਿੰਡਾ, 28 ਜਨਵਰੀ : ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੂੰ ਬੀਤੇ ਦਿਨ ਉਸ ਸਮੇਂ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦ ਕਿਸਾਨ ਉਨ੍ਹਾਂ ਦੀ ਚੋਣ ਮੀਟਿੰਗ ’ਚ ਪੁੱਜ ਕੇ ਭਾਰੀ ਨਾਅਰੇਬਾਜ਼ੀ ਕਰਨ ਲੱਗੇ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪਿੰਡ ਬੁਰਜ ਮਹਿਮਾ ਵਿਖੇ ਪ੍ਰਕਾਸ਼ ਸਿੰਘ ਭੱਟੀ ਅਪਣੀ ਟੀਮ ਨਾਲ ਚੋਣ ਪ੍ਰਚਾਰ ਕਰਨ ਗਏ ਹੋਏ ਸਨ। ਇਸ ਦੌਰਾਨ ਪਿੰਡ ਦੀ ਸਾਂਝੀ ਥਾਂ ’ਤੇ ਕੀਤੀ ਜਾ ਰਹੀ ਇਸ ਚੋਣ ਮੀਟਿੰਗ ਵਿਚ ਕਿਸਾਨ ਜਥੇਬੰਦੀ ਦੇ ਆਗੂ ਤੇ ਵਰਕਰ ਝੰਡੇ ਲੈ ਕੇ ਪੁੱਜ ਗਏ। ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਕਰਨ ਸਿੰਘ ਗੋਰਾ ਨੇ ਦਾਅਵਾ ਕੀਤਾ ਕਿ ਉਹ ਅਕਾਲੀ ਉਮੀਦਵਾਰ ਨੂੰ ਕੁੱਝ ਮੁੱਦਿਆਂ ’ਤੇ ਸਵਾਲ ਪੁੱਛਣ ਗਏ ਸਨ ਪ੍ਰੰਤੂ ਉਨ੍ਹਾਂ ਦਾ ਗੋਲ ਮੋਲ ਕਰਕੇ ਉਤਰ ਦਿੱਤਾ ਗਿਆ। ਜਿਸਦੇ ਕਾਰਨ ਜਥੇਬੰਦੀ ਵਲੋਂ ਉਨ੍ਹਾਂ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ ਹੈ। ਉਧਰ, ਅਕਾਲੀ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹਮੇਸ਼ਾ ਨਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਹਨ, ਜੋ ਜਾਣਬੁੱਝ ਕੇ ਅਜਿਹਾ ਕਰ ਰਹੇ ਸਨ।

ਪੰਜਾਬ ਵਿਧਾਨ ਸਭਾ ਚੋਣਾਂ 2022: ਤੀਸਰੇ ਦਿਨ ਦਾਖ਼ਲ ਹੋਈਆਂ 176 ਨਾਮਜ਼ਦਗੀਆਂ

0

ਸੁਖਜਿੰਦਰ ਮਾਨ
ਚੰਡੀਗੜ੍ਹ, 28 ਜਨਵਰੀ: ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਐਨਕੋਰ ਸਾਫਟਵੇਅਰ `ਤੇ ਉਪਲਬਧ ਅੰਕੜਿਆਂ ਅਨੁਸਾਰ ਤੀਸਰੇ ਦਿਨ ਸੂਬੇ ਵਿੱਚ ਸਿਰਫ਼ 176 ਨਾਮਜ਼ਦਗੀਆਂ ਹੀ ਦਾਖ਼ਲ ਹੋਈਆਂ ਹਨ।ਨਾਮਜ਼ਦਗੀ ਦੇ ਪਹਿਲੇ ਅਤੇ ਦੂਜੇ ਦਿਨ 126 ਨਾਮਜ਼ਦਗੀਆਂ ਦਾਖਲ ਹੋਣ ਦੇ ਨਾਲ, ਹੁਣ ਰਾਜ ਵਿੱਚ ਦਾਖਲ ਨਾਮਜ਼ਦਗੀਆਂ ਦੀ ਕੁੱਲ ਗਿਣਤੀ 302 ਹੋ ਗਈ ਹੈ।ਡਾ.ਰਾਜੂ ਨੇ ਕਿਹਾ ਕਿ ਮਿਤੀ 29 ਜਨਵਰੀ 2022 ਨੂੰ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਜਾਣਗੇ।ਡਾ: ਰਾਜੂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੋਬਾਈਲ ਐਪਲੀਕੇਸ਼ਨ `ਨੋਅ ਯੂਅਰ ਕੈਂਡੀਡੇਟ` ਦੀ ਵੱਧ ਤੋਂ ਵੱਧ ਵਰਤੋਂ ਕਰਨ, ਜਿਸ ਦੀ ਵਰਤੋਂ ਕਰਕੇ ਵੋਟਰ ਕਿਸੇ ਵੀ ਉਮੀਦਵਾਰ ਦੀ ਫੋਟੋ ਸਣੇ ਉਸਦੇ ਵੇਰਵੇ ਅਤੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜਾਂ ਬਾਰੇ ਵਿਆਪਕ ਪ੍ਰਚਾਰ ਅਤੇ ਵੱਧ ਤੋਂ ਵੱਧ ਜਾਗਰੂਕਤਾ ਪ੍ਰਦਾਨ ਕਰਨ ਲਈ ਮੋਬਾਈਲ ਐਪ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਲਿੰਕ ਕਮਿਸ਼ਨ ਦੀ ਵੈੱਬਸਾਈਟ `ਤੇ ਵੀ ਉਪਲਬਧ ਹੈ।

ਲੋਕਾਂ ਨੂੰ ਰੌਂਦਣ ਵਾਲੇ ਰਾਜਨੀਤਿਕ ਹਾਥੀ ਨੂੰ ਨਹੀਂ, ਆਮ ਆਦਮੀ ਨੂੰ ਚੁਣੇਗਾ ਪੰਜਾਬ: ਅਰਵਿੰਦ ਕੇਜਰੀਵਾਲ

0

ਪੰਜਾਬ ਨੂੰ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਇੱਕ ਇਮਾਨਦਾਰ ਸਰਕਾਰ ਦੀ ਹੈ, ਭਗਵੰਤ ਮਾਨ ਹੈ ਕੱਟੜ ਇਮਾਨਦਾਰ, ਅੱਠ ਸਾਲਾਂ ਤੋਂ ਸੰਸਦ ਮੈਂਬਰ ਹੋਣ ਦੇ ਬਾਵਜੂਦ ਕਿਰਾਏ ਦੇ ਘਰ ‘ਚ ਰਹਿੰਦਾ: ਅਰਵਿੰਦ ਕੇਜਰੀਵਾਲ
ਪਹਿਲਾਂ ਪੰਜਾਬ ਦੇ ਲੋਕਾਂ ਕੋਲ ਵਿਕਲਪ ਨਹੀਂ ਸੀ, ਇਸ ਵਾਰ ਭਗਵੰਤ ਮਾਨ ਦੇ ਰੂਪ ਵਿੱਚ ਉਨ੍ਹਾਂ ਨੂੰ ਇਮਾਨਦਾਰ ਵਿਕਲਪ ਮਿਲ ਗਿਆ: ਅਰਵਿੰਦ ਕੇਜਰੀਵਾਲ
ਬਾਬਾ ਸਾਹਿਬ ਦਾ ਸੁਫਨਾ ਸੀ ਕਿ ਦੇਸ਼ ਦੇ ਹਰ ਬੱਚੇ ਨੂੰ ਚੰਗੀ ਸਿੱਖਿਆ ਮਿਲੇ, ਅਸੀਂ ਉਨ੍ਹਾਂ ਦੇ ਅਧੂਰੇ ਸੁਫਨਿਆਂ ਨੂੰ ਪੂਰਾ ਕਰਨ ਦੀ ਕਸਮ ਖਾਧੀ: ਅਰਵਿੰਦ ਕੇਜਰੀਵਾਲ
‘ਆਪ’ ਸਰਕਾਰ ਵਿੱਚ ਮੰਡੀਆਂ ‘ਚ ਅਨਾਜ ਪਹੁੰਚਣ ‘ਤੇ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ, 24 ਘੰਟਿਆਂ ਦੇ ਅੰਦਰ ਕਿਸਾਨਾਂ ਨੂੰ ਫ਼ਸਲਾਂ ਦਾ ਹੋਵੇਗਾ ਪੂਰਾ ਭੁਗਤਾਨ: ਭਗਵੰਤ ਮਾਨ
ਸੁਖਜਿੰਦਰ ਮਾਨ
ਫਿਲੌਰ/ਆਦਮਪੁਰ (ਜਲੰਧਰ) , 28 ਜਨਵਰੀ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ”ਅੱਜ ਪੰਜਾਬ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਇਮਾਨਦਾਰ ਸਰਕਾਰ ਦੀ ਹੈ। ਇਮਾਨਦਾਰ ਸਰਕਾਰ ਹੀ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਖ਼ਤਮ ਕਰ ਸਕਦੀ ਹੈ ਅਤੇ ਸੂਬੇ ਨੂੰ ਅੱਗੇ ਲੈ ਕੇ ਜਾ ਸਕਦੀ ਹੈ। ਇਸ ਲਈ ਅਸੀਂ ਪੰਜਾਬ ਨੂੰ ਇੱਕ ਕੱਟੜ ਇਮਾਨਦਾਰ ਮੁੱਖ ਮੰਤਰੀ ਉਮੀਦਵਾਰ ਦਿੱਤਾ ਹੈ। ਅਸੀਂ ਚੁਣ- ਚੁਣ ਕੇ ਇਮਾਨਦਾਰ ਅਤੇ ਯੋਗ ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ। ਭਗਵੰਤ ਮਾਨ ਇੱਕ ਕੱਟੜ ਇਮਾਨਦਾਰ ਆਗੂ ਹੈ। ਅੱਠ ਸਾਲ ਸੰਸਦ ਮੈਂਬਰ ਰਹਿਣ ਦੇ ਬਾਵਜੂਦ ਕਿਰਾਏ ਦੇ ਘਰ ਵਿੱਚ ਰਹਿੰਦਾ ਹੈ। ਪੰਜਾਬ ਨੂੰ ਭਗਵੰਤ ਮਾਨ ਜਿਹਾ ਹੀ ਇਮਾਨਦਾਰ ਮੁੱਖ ਮੰਤਰੀ ਚਾਹੀਦਾ।”
ਸ਼ੁੱਕਰਵਾਰ ਨੂੰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਵਿੱਚ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਪਾਰਟੀ ਵੱਲੋਂ ਫਿਲੌਰ ਅਤੇ ਆਦਮਪੁਰ (ਜਲੰਧਰ) ਪ੍ਰੋਗਰਾਮ ‘ਲੋਕਾਂ ਨਾਲ ਵਿਚਾਰ ਵਟਾਂਦਰਾ’ ਵਿੱਚ ਸ਼ਾਮਲ ਹੋਏ। ਉਨ੍ਹਾਂ ਫਿਲੌਰ ਅਤੇ ਆਦਮਪੁਰ ਦੇ ਲੋਕਾਂ ਦੀ ਸਮੱਸਿਆਵਾਂ ਸੁਣੀਆਂ ਅਤੇ ਇਨ੍ਹਾਂ ਦੇ ਹੱਲ ਲਈ ਸੁਝਾਅ ਵੀ ਸਾਂਝੇ ਕੀਤੇ। ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ, ”ਇਸ ਵਾਰ ਜਦ ‘ਆਪ’ ਨੂੰ ਵੋਟ ਪਾਉਣ ਗਏ ਤਾਂ ਪਹਿਲਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਸਾਹਮਣੇ ਬੈਠ ਕੇ ਇੱਕ ਵਾਰ ਜ਼ਰੂਰ ਸੋਚਣਾ ਕਿ ਜੇ ਬਾਬਾ ਸਾਹਿਬ ਅੱਜ ਜਿੰਦਾ ਹੁੰਦੇ ਤਾਂ ਉਹ ਰੇਤ ਮਾਫ਼ੀਆ ਅਤੇ ਨਸ਼ਾ ਮਾਫ਼ੀਆ ਚਲਾਉਣ ਵਾਲਿਆਂ ਨੂੰ ਵੋਟ ਪਾਉਂਦੇ। ਕੀ ਉਹ ਬੇਈਮਾਨ ਅਤੇ ਭ੍ਰਿਸ਼ਟ ਆਗੂਆਂ ਨੂੰ ਵੋਟ ਦਿੰਦੇ? ਇਮਾਨਦਾਰ ਅਤੇ ਯੋਗ ਲੋਕਾਂ ਨੂੰ ਆਪਣਾ ਆਗੂ ਚੁਣਨਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।”
ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਅਧੂਰੇ ਸੁਫਨਿਆਂ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ, ”ਮੈਂ ਬਾਬਾ ਸਾਹਿਬ ਦਾ ਬਹੁਤ ਵੱਡਾ ਭਗਤ ਹਾਂ। ਉਨ੍ਹਾਂ ਦੀ ਰੋਜ਼ ਪੂਜਾ ਕਰਦਾ ਹਾਂ। ਬਾਬਾ ਸਾਹਿਬ ਦੀ ਇੱਛਾ ਸੀ ਕਿ ਦੇਸ਼ ਦਾ ਹਰ ਬੱਚਾ ਭਾਵੇਂ ਉਹ ਗ਼ਰੀਬ ਹੋਵੇ ਜਾਂ ਅਮੀਰ ਸਭ ਨੂੰ ਚੰਗੀ ਸਿੱਖਿਆ ਜ਼ਰੂਰ ਮਿਲੇ। ਪਰ 70 ਸਾਲਾਂ ਬਾਅਦ ਵੀ ਉਨ੍ਹਾਂ ਦਾ ਸੁਫਨਾ ਅੱਜ ਤੱਕ ਪੂਰਾ ਨਹੀਂ ਹੋਇਆ। ਅਸੀਂ ਬਾਬਾ ਸਾਹਿਬ ਦੇ ਸੁਫਨਿਆਂ ਨੂੰ ਪੂਰਾ ਕਰਨ ਦੀ ਕਸਮ ਖਾਧੀ ਹੈ। ਦਿੱਲੀ ਵਿੱਚ ਸਾਡੀ ਸਰਕਾਰ ਸਾਰੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਉਨ੍ਹਾਂ ਦੇ ਸੁਫਨੇ ਨੂੰ ਪੂਰਾ ਕਰ ਰਹੀ ਹੈ।”
ਕੇਜਰੀਵਾਲ ਨੇ ਵਿਸ਼ਵ ਪ੍ਰਸਿੱਧ ਵਿਗਿਆਨੀ ਆਇਨਸਟਾਈਨ ਦੇ ਕਥਨ ਦਾ ਜ਼ਿਕਰ ਕਰਦਿਆਂ ਕਿਹਾ, ”ਇੱਕ ਵਾਰ ਆਇਨਸਟਾਈਨ ਨੇ ਮਹਾਤਮਾ ਗਾਂਧੀ ਬਾਰੇ ਕਿਹਾ ਸੀ ਕਿ ਆਉਣ ਵਾਲੀ ਪੀੜੀ ਯਕੀਨ ਨਹੀਂ ਕਰੇਗੀ ਕਿ ਇਸ ਧਰਤੀ ‘ਤੇ ਮਹਾਤਮਾ ਗਾਂਧੀ ਜਿਹਾ ਵਿਅਕਤੀ ਵੀ ਪੈਦਾ ਹੋਇਆ ਸੀ। ਅਸੀਂ ਆਇਨਸਟਾਈਨ ਦੇ ਇਸ ਕਥਨ ਨੂੰ ਆਉਣ ਵਾਲੀਆਂ ਪੀੜੀਆਂ ਲਈ ਬਾਬਾ ਸਾਹਿਬ ਅੰਬੇਡਕਰ ਲਈ ਕਹਿਣਾ ਚਾਹੁੰਦੇ ਹਾਂ। ਇਸ ਲਈ ਅਸੀਂ 26 ਜਨਵਰੀ ਨੂੰ ਦਿੱਲੀ ਵਿੱਚ ਐਲਾਨ ਕੀਤਾ ਕਿ ਹੁਣ ਦਿੱਲੀ ਦੇ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਮੁੱਖ ਮੰਤਰੀ ਦੀ ਥਾਂ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਤਸਵੀਰ ਲੱਗੇਗੀ। ਅਗਲੇ ਕੁੱਝ ਦਿਨਾਂ ਵਿੱਚ ਅਸੀਂ ਭਗਵੰਤ ਮਾਨ ਨਾਲ ਪ੍ਰੈੱਸ ਕਾਨਫ਼ਰੰਸ ਕਰਕੇ ਪੰਜਾਬ ਲਈ ਵੀ ਅਜਿਹਾ ਐਲਾਨ ਕਰਾਂਗੇ।”
ਪੰਜਾਬ ਦੀ ਹੌਟ ਸੀਟ ਅੰਮ੍ਰਿਤਸਰ ਪੂਰਬੀ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਚੋਣ ਲੜਨ ਬਾਰੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਇਸ ਵਾਰ ਲੋਕਾਂ ਨੂੰ ਰੌਂਦਣ ਵਾਲੇ ਵੱਡੇ ਰਾਜਨੀਤਿਕ ਹਾਥੀ ਨੂੰ ਨਹੀਂ, ਆਮ ਆਦਮੀ ਨੂੰ ਚੁਣੇਗੀ। ਪਤਾ ਹੋਵੇ ਕਿ ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹਨ। ਜੀਵਨਜੋਤ ਕੌਰ ਸਾਧਾਰਨ ਪਰਿਵਾਰ ਵਿੱਚੋਂ ਹਨ। ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਰੇਤ ਮਾਫ਼ੀਆ ਦੇ ਦੋਸ਼ ਹਨ। ਅਕਾਲੀ ਦਲ ਦੇ ਆਗੂਆਂ ‘ਤੇ ਨਸ਼ਾ ਮਾਫ਼ੀਆ ਦੇ ਦੋਸ਼ ਹਨ। ਦੋਵੇਂ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਵਿੱਚ ਮਾਫ਼ੀਆ ਰਾਜ ਚਲਾਇਆ ਅਤੇ ਮਿਲ ਕੇ ਪੰਜਾਬ ਨੂੰ ਲੁੱਟਿਆ। ਪਹਿਲਾਂ ਪੰਜਾਬ ਦੇ ਲੋਕਾਂ ਕੋਲ ਚੰਗਾ ਵਿਕਲਪ ਨਹੀਂ ਸੀ। ਇਸ ਲਈ ਲੋਕ ਅਕਾਲੀ ਦਲ ਤੋਂ ਧੋਖਾ ਖਾ ਕੇ ਕਾਂਗਰਸ ਨੂੰ ਵੋਟ ਦਿੰਦੇ ਸਨ ਅਤੇ ਕਾਂਗਰਸ ਤੋਂ ਧੋਖਾ ਖਾ ਕੇ ਅਕਾਲੀ ਦਲ ਨੂੰ। ਇਸ ਵਾਰ ਭਗਵੰਤ ਮਾਨ ਦੇ ਰੂਪ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਵਿਕਲਪ ਮਿਲ ਗਿਆ ਹੈ। ਇੱਕ ਵਾਰ ਕੇਜਰੀਵਾਲ- ਭਗਵੰਤ ਮਾਨ ਦੀ ਜੋੜੀ ਨੂੰ ਜ਼ਰੂਰ ਮੌਕਾ ਦੇਵੋ। ਪੰਜਾਬ ਨੂੰ ਫਿਰ ਤੋਂ ਪਹਿਲਾ ਜਿਹਾ ਰੰਗਲਾ ਪੰਜਾਬ ਬਣਾਵਾਂਗੇ ਅਤੇ ਲੋਕਾਂ ਦੇ ਜੀਵਨ ਵਿੱਚ ਖ਼ੁਸ਼ਹਾਲੀ ਲਿਆਵਾਂਗੇ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਪੰਜਾਬ ਦੀ ਖੇਤੀ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਬੋਲਦਿਆਂ ਕਿਹਾ ਕਿ ‘ਆਪ’ ਕੋਲ ਕਿਸਾਨਾਂ ਲਈ ਯੋਜਨਾ ਤਿਆਰ ਹੈ। ‘ਆਪ’ ਸਰਕਾਰ ਪੰਜਾਬ ਦੇ ਸਾਰੇ ਤਰਾਂ ਦੇ ਖੇਤੀ ਮਾਫ਼ੀਆ ਨੂੰ ਖ਼ਤਮ ਕਰੇਗੀ। ਕਿਸਾਨਾਂ ਅਤੇ ਆੜ੍ਹਤੀਆਂ ਦੇ ਰਿਸ਼ਤੇ ਨੂੰ ਮਜ਼ਬੂਤ ਬਣਾ ਕੇ ਦੋਵਾਂ ਦੇ ਸ਼ੰਕੇ ਅਤੇ ਸਮੱਸਿਆਵਾਂ ਨੂੰ ਦੂਰ ਕਰੇਗੀ ਅਤੇ ਕਿਸਾਨਾਂ ਨੂੰ ਖੇਤੀ ਵਿੱਚ ਨੁਕਸਾਨ ਨਹੀਂ ਹੋਣ ਦੇਵੇਗੀ। ਮੰਡੀ ਅੰਦਰ ਟਰਾਲੀ ਪਹੁੰਚਣ ‘ਤੇ ਅਨਾਜ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਮੀਂਹ, ਹਨੇਰੀ ਜਾਂ ਕਿਸੇ ਹੋਰ ਕਾਰਨ ਕਰਕੇ ਜੇ ਅਨਾਜ ਨੂੰ ਮੰਡੀ ਵਿੱਚ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਪੈਸੇ ਸਰਕਾਰ ਦੇਵੇਗੀ ਅਤੇ ਮੰਡੀ ਵਿੱਚ ਅਨਾਜ ਪਹੁੰਚਣ ਦੇ 24 ਘੰਟਿਆਂ ਦੇ ਅੰਦਰ ਕਿਸਾਨਾਂ ਨੂੰ ਫ਼ਸਲ ਦਾ ਪੂਰਾ ਭੁਗਤਾਨ ਹੋਵੇਗਾ।

ਸ੍ਰੀ ਅੰਮ੍ਰਿਤਸਰ ਦੇ ਵੋਟਰਾਂ ਕੋਲ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਸਬਕ ਸਿਖਾਉਣ ਦਾ ਸੁਨਿਹਰੀ ਮੌਕਾ: ਹਰਪਾਲ ਸਿੰਘ ਚੀਮਾ

0

ਹਮੇਸ਼ਾਂ ਸੱਤਾ ਨਾਲ ਰਹੇ ਨਵਜੋਤ ਸਿੱਧੂ ਨੇ ਪੂਰਬੀ ਹਲਕੇ ਦੀਆਂ ਸਮੱਸਿਆਵਾਂ ਹੱਲ ਨਹੀਂ ਕੀਤੀਆਂ: ਹਰਪਾਲ ਸਿੰਘ ਚੀਮਾ
ਨਸ਼ਾ ਮਾਫੀਆ ਮਾਮਲੇ ‘ਚ ਕੇਸ ਦਰਜ ਹੋਣ ਉਪਰੰਤ ਹੁਣ ਕਿਸ ਮੂੰਹ ਨਾਲ ਲੋਕਾਂ ‘ਚ ਜਾਣਗੇ ਬਿਕਰਮ ਮਜੀਠੀਆ
ਸੁਖਜਿੰਦਰ ਮਾਨ
ਚੰਡੀਗੜ, 27 ਜਨਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਗੁਰੂ ਨਗਰ ਸ੍ਰੀ ਅੰਮ੍ਰਿਤਸਰ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਕੋਲ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆਂ ਨੂੰ ਹਰਾ ਕੇ ਸਬਕ ਸਿਖਾਉਣ ਦਾ ਸੁਨਿਹਰੀ ਮੌਕਾ ਹੈ, ਕਿਉਂਕਿ ਇਨਾਂ ਦੋਵੇਂ ਆਗੂਆਂ ਨੇ ਸੱਤਾ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਨਾਲ ਧੋਖ਼ੇ ਹੀ ਧੋਖ਼ੇ ਕੀਤੇ ਹਨ। ਜ਼ਿਕਰਯੋਗ ਹੈ ਕਿ ਸ੍ਰੀ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਵੱਲੋਂ ਅਤੇ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਬਾਦਲ ਵੱਲੋਂ ਚੋਣ ਲੜ ਰਹੇ ਹਨ, ਜਦੋਂ ਕਿ ਆਮ ਆਦਮੀ ਪਾਰਟੀ ਨੇ ਉਘੀ ਸਮਾਜ ਸੇਵਕਾ ਬੀਬੀ ਜੀਵਨਜੋਤ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਚੀਮਾ ਨੇ ਅੱਗੇ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਕੋਲ ਵੋਟ ਨਾਲ ਚੋਟ ਕਰਨ ਦਾ ਮੌਕਾ ਹੁੰਦਾ ਹੈ। ਇਸ ਲਈ ਪੂਰੇ ਪੰਜਾਬ ਸਮੇਤ ਸ੍ਰੀ ਅੰਿਮ੍ਰਤਸਰ ਪੂਰਬੀ ਦੇ ਲੋਕ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀਆਂ ਅਤੇ ਨਸ਼ਾ ਮਾਫੀਆ ਨੂੰ ਪੈਦਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ੍ਰੀ ਗੁੱਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਗੁਰਬਾਣੀ ਦੀ ਦੁਬਾਰਾ ਬੇਅਦਬੀ ਕਰਨ ਵਾਲੀ ਕਾਂਗਰਸ ਪਾਰਟੀ ਖ਼ਿਲਾਫ਼ ਵੋਟਾ ਪਾ ਕੇ ਸਾਰੇ ਲਾਰੇਬਾਜ਼ ਆਗੂਆਂ ਨੂੰ ਸਖ਼ਤ ਸੰਦੇਸ਼ ਦੇਣਗੇ।
ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ, ”ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਹਨ, ਪਰ ਉਨਾਂ ਨਾ ਤਾਂ ਆਪਣੇ ਵਿਧਾਨ ਸਭਾ ਹਲਕਾ ਦਾ ਵਿਕਾਸ ਕੀਤਾ ਅਤੇ ਨਾ ਲੋਕਾਂ ਦੀਆਂ ਸਾਂਝੀਆਂ ਸਮੱਸਿਆਵਾਂ ਦਾ ਹੱਲ ਕੀਤਾ।” ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਕਰੀਬ 15 ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੋਕ ਸਭਾ ਮੈਂਬਰ ਬਣਦੇ ਰਹੇ ਹਨ ਅਤੇ ਇਨਾਂ ਦੀ ਧਰਮਪਤਨੀ ਡਾ. ਨਵਜੋਤ ਕੌਰ ਸਿੱਧੂ ਅਕਾਲੀ- ਭਾਜਪਾ ਸਰਕਾਰ ਵੇਲੇ ਵਿਧਾਇਕ ਅਤੇ ਸੰਸਦੀ ਸਕੱਤਰ ਰਹੇ ਹਨ।
ਚੀਮਾ ਨੇ ਦੋਸ਼ ਲਾਇਆ ਕਿ ਹਮੇਸ਼ਾਂ ਸੱਤਾ ਨਾਲ ਰਹੇ ਸਿੱਧੂ ਪਰਿਵਾਰ ਨੇ ਸ੍ਰੀ ਅੰਮ੍ਰਿਤਸਰ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦੇ ਕੋਈ ਕਦਰ ਨਹੀਂ ਕੀਤੀ, ਸਗੋਂ ਆਪਣੇ ਹਿੱਤਾਂ ਨੂੰ ਹੀ ਪਹਿਲ ਦਿੱਤੀ ਹੈ। ਇੱਕ ਹੀ ਪਰਿਵਾਰ ਵਿਚੋਂ ਸੰਸਦ ਮੈਂਬਰ ਅਤੇ ਸੂਬਾ ਸਰਕਾਰ ਵਿੱਚ ਸੰਸਦੀ ਸਕੱਤਰ ਹੋਣ ਦੇ ਬਾਵਜੂਦ ਇਹ ਸਿੱਧੂ ਪਰਿਵਾਰ ਇੱਕ ਵੀ ਵੱਡਾ ਪ੍ਰੋਜੈਕਟ ਸ੍ਰੀ ਅੰਮਿਤਸਰ ਵਿੱਚ ਸਥਾਪਤ ਨਹੀਂ ਕਰ ਸਕਿਆ। ਹੋਰ ਤਾਂ ਹੋਰ ਸਿੱਧੂ ਪਰਿਵਾਰ ਨੇ ਦੁਸਹਿਰੇ ਮੌਕੇ ਰੇਲ ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ ਪਰਿਵਾਰਾਂ ਦੀ ਵੀ ਕੋਈ ਸਾਰ ਨਹੀਂ ਲਈ। ਉਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸ੍ਰੀ ਅੰਮ੍ਰਿਤਸਰ ਪੂਰਬੀ ਦੇ ਵੋਟਰਾਂ ਤੋਂ ਵੋਟਾਂ ਮੰਗਣ ਦਾ ਹੱਕ ਗੁਆ ਚੁੱਕੇ ਹਨ, ਜਿਸ ਕਰਕੇ ਵੋਟਰਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੋਟ ਨਾ ਪਾਉਣ ਫ਼ੈਸਲਾ ਕਰ ਲਿਆ ਹੈ।
ਅਕਾਲੀ ਆਗੂ ਬਿਰਕਮ ਮਜੀਠੀਆ ਵੱਲੋਂ ਹਲਕਾ ਪੂਰਬੀ ਤੋਂ ਚੋਣ ਲੜਨ ਬਾਰੇ ਹਰਪਾਲ ਸਿੰਘ ਚੀਮਾ ਨੇ ਕਿਹਾ, ”ਅਕਾਲੀ- ਭਾਜਪਾ ਸਰਕਾਰ ਵੇਲੇ ਬਿਰਕਮ ਮਜੀਠੀਆ ਕਰੀਬ 10 ਸਾਲ ਪੰਜਾਬ ਦਾ ਕੈਬਿਨਟ ਮੰਤਰੀ ਰਹੇ ਹਨ। ਪਰ ਮਜੀਠੀਆ ਨੇ ਵਿਕਾਸ ਦੀ ਥਾਂ ਪੰਜਾਬ ਅਤੇ ਪੰਜਾਬ ਦੀ ਜਵਾਨੀ ਦਾ ਵਿਨਾਸ਼ ਹੀ ਕੀਤਾ ਹੈ। ਅੱਜ ਨਸ਼ਾ ਮਾਫੀਆ ਮਾਮਲੇ ‘ਚ ਬਿਕਰਮ ਮਜੀਠੀਆ ‘ਤੇ ਕੇਸ ਦਰਜ ਹੋਣ ਨਾਲ ਮਾਝੇ ਦੇ ਨਾਂਅ ‘ਤੇ ਧੱਬਾ ਲਾ ਦਿੱਤਾ ਗਿਆ। ਮਜੀਠੀਆ ਨੇ ਇੱਥੋਂ ਦੇ ਉਦਯੋਗਾਂ ਨੂੰ ਬਰਬਾਦ ਕਰ ਦਿੱਤਾ ਅਤੇ ਲੋਕ ਬੇਰੁਜ਼ਗਾਰ ਹੋ ਗਏ।” ਉਨਾਂ ਸਵਾਲ ਕੀਤਾ ਕਿ ਨਸ਼ੇ ਤਸਕਰੀ ਮਾਮਲੇ ਵਿੱਚ ਪੁਲੀਸ ਕੇਸ ਵਿੱਚ ਸੁਪਰੀਮ ਕੋਰਟ ਦੀ ਸ਼ਰਨ ਪਿਆ ਬਿਕਰਮ ਮਜੀਠੀਆ ਕਿਸ ਮੂੰਹ ਨਾਲ ਪਵਿੱਤਰ ਸ਼ਹਿਰ ਦੇ ਲੋਕਾਂ ਕੋਲੋਂ ਵੋਟਾਂ ਮੰਗਣ ਜਾਣਗੇ।
‘ਆਪ’ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ, ਸਿੱਖਾਂ ਨੂੰ ਗੋਲੀ ਕਾਂਡ ‘ਚ ਮਾਰਨ ਅਤੇ ਕਿਸਾਨਾਂ ਖ਼ਿਲਾਫ਼ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਸਮਰਥਨ ਦੇ ਦੋਸ਼ਾਂ ਵਿੱਚ ਘਿਰਿਆ ਹੋਇਆ ਹੈ। ਪੰਜਾਬ ਦੇ ਕਿਸਾਨ, ਮਜ਼ਦੂਰ, ਔਰਤਾਂ ਅਤੇ ਵਿਦਿਆਰਥੀ ਅਕਾਲੀ ਸਰਕਾਰ ਦੇ ਜ਼ੁਲਮਾਂ ਨੂੰ ਅਜੇ ਤੱਕ ਭੁੱਲੇ ਨਹੀਂ ਹੈ। ਇਸ ਲਈ ਸੂਬੇ ਦੇ ਲੋਕਾਂ ਸਮੇਤ ਅੰਮ੍ਰਿਤਸਰ ਪੂਰਬੀ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਸੱਤਾ ਤੋਂ ਦੂਰ ਰੱਖਣ ਦਾ ਫ਼ੈਸਲਾ ਕਰ ਚੁੱਕੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਅਤੇ ਹਲਕਾ ਅੰਮ੍ਰਿਤਸਰ ਪੂਰਬੀ ਦੇ ਵੋਟਰਾਂ ਨੇ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ ਸਮੇਤ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਵੋਟਾਂ ਪਾ ਕੇ ਪਰਖ਼ ਲਿਆ ਹੈ ਅਤੇ ਇਹ ਆਗੂ ਲੋਕਾਂ ਦੀਆਂ ਭਾਵਨਵਾਂ ‘ਤੇ ਖ਼ਰੇ ਨਹੀਂ ਉਤਰੇ। ਚੀਮਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਪੂਰੇ ਪੰਜਾਬ ‘ਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਆਪਣੀ ਸਰਕਾਰ ਬਣਾਉਣ ਦਾ ਦ੍ਰਿੜ ਨਿਸ਼ਚਾ ਕਰ ਲਿਆ ਹੈ। ਇਸ ਲਈ ਹਲਕਾ ਅੰਮ੍ਰਿਤਸਰ ਪੂਰਬੀ ਦੇ ਵੋਟਰ ‘ਆਪ’ ਦੀ ਉਮੀਦਵਾਰ ਅਤੇ ਉਘੀ ਸਮਾਜ ਸੇਵਕਾ ਬੀਬਾ ਜੀਵਨਜੋਤ ਕੌਰ ਨੂੰ ਆਪਣਾ ਕੀਮਤੀ ਵੋਟ ਜ਼ਰੂਰ ਦੇਣ ਤਾਂ ਜੋ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਸਬਕ ਸਿਖਲਾਇਆ ਜਾਵੇ।

ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ’ਤੇ ਹੋਵੇਗੀ ਸਖਤ ਕਾਰਵਾਈ-ਜ਼ਿਲ੍ਹਾ ਚੋਣ ਅਫ਼ਸਰ

0

ਨਜ਼ਰਸਾਨੀ ਕਰ ਰਹੀਆਂ ਟੀਮਾਂ ਨੂੰ ਸਖਤੀ ਨਾਲ ਕੰਮ ਕਰਨ ਦੇ ਦਿੱਤੇ ਆਦੇਸ਼
ਸੁਖਜਿੰਦਰ ਮਾਨ
ਬਠਿੰਡਾ, 28 ਜਨਵਰੀ : ਵਿਧਾਨ ਸਭਾ ਚੋਣਾ-2022 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਆਰ.ਓਜ਼, ਏਆਰਓਜ਼, ਪੁਲਿਸ ਅਧਿਕਾਰੀਆਂ ਅਤੇ ਚੋਣਾਂ ਸਬੰਧੀ ਗਠਿਤ ਕੀਤੀਆਂ ਗਈਆਂ ਵੱਖ-ਵੱਖ ਜ਼ਿਲ੍ਹਾ ਪੱਧਰੀ ਟੀਮਾਂ ਨਾਲ ਮੀਟਿੰਗ ਕਰਦਿਆਂ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦੀਆਂ ਹਿਦਾਇਤਾਂ ਦਿੱਤੀਆਂ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਜ਼ਿਲ੍ਹੇ ਅੰਦਰ ਕੋਈ ਵੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਉਨ੍ਹਾਂ ਐਸ.ਐਸ.ਟੀ. ਅਤੇ ਐਸ.ਐਫ.ਟੀਮਾਂ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਚੈਕਿੰਗ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਨਿਰਧਾਰਿਤ ਕੀਤੀਆਂ ਗਈਆਂ ਟੀਮਾਂ ਨੂੰ ਆਦੇਸ਼ ਦਿੱਤੇ ਕਿ ਆਪਸੀ ਮਿਲਵਰਤਣ ਨਾਲ ਚੈਕਿੰਗ ਕੀਤੀ ਜਾਵੇ। ਉਨ੍ਹਾਂ ਆਰ.ਓਜ਼ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਚੋਣ ਗਤੀਵਿਧੀ ਨਾ ਹੋਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬਿਨ੍ਹਾਂ ਅਗਾਊਂ ਪ੍ਰਵਾਨਗੀ ਕੋਈ ਗਤੀਵਿਧੀ ਉਨ੍ਹਾਂ ਦੇ ਹਲਕਿਆਂ ਵਿੱਚ ਹੰੁਦੀ ਹੈ ਤਾਂ ਉਸ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਮੀਟਿੰਗ ਵਿਚ ਐਸ.ਐਸ.ਪੀ. ਸ੍ਰੀਮਤੀ ਅਮਨੀਤ ਕੋਡਲ, ਐਸ.ਡੀ.ਐਮ-ਕਮ-ਆਰਓ ਤਲਵੰਡੀ ਸਾਬੋ ਆਕਾਸ਼ ਬਾਂਸਲ, ਐਸਡੀਐਮ-ਕਮ-ਆਰਓ ਮੌੜ ਸ਼੍ਰੀਮਤੀ ਵੀਰਪਾਲ ਕੌਰ, ਆਰ.ਟੀ.ਏ-ਕਮ-ਆਰਓ ਭੁੱਚੋ ਮੰਡੀ ਬਲਵਿੰਦਰ ਸਿੰਘ, ਐਸ.ਡੀ.ਐਮ-ਕਮ-ਆਰਓ ਬਠਿੰਡਾ ਸ਼ਹਿਰੀ ਕੰਵਰਜੀਤ ਸਿੰਘ, ਆਰਓ ਬਠਿੰਡਾ ਦਿਹਾਤੀ ਆਰ.ਪੀ ਸਿੰਘ, ਜ਼ਿਲਾ ਟ੍ਰੇਨਿੰਗ ਕੁਆਰਡੀਨੇਟਰ ਗੁਰਦੀਪ ਸਿੰਘ ਮਾਨ, ਤਹਿਸੀਲਦਾਰ ਚੋਣਾਂ ਗੁਰਚਰਨ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਜ਼ਿਲ੍ਹਾ ਪੱਧਰੀ ਟੀਮਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।

ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਿੰਗਲਾ ਨੇ ਭਰੇ ਨਾਮਜਦਗੀ ਪੱਤਰ

0

ਸਾਫ ਸੁਥਰੀ ਸਿਆਸਤ ਅਤੇ ਵਿਕਾਸ ਦੇ ਨਾਮ ’ਤੇ ਕਰਾਂਗੇ ਜਿੱਤ ਹਾਸਲ : ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 28 ਜਨਵਰੀ:- ਅੱਜ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਦੀ ਹਾਜ਼ਰੀ ਵਿਚ ਘਰੋਂ ਚੱਲੇ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਅਪਣੇ ਨਾਮਜਦਗੀ ਕਾਗਜ਼ ਦਾਖ਼ਲ ਕੀਤੇ। ਇਸ ਮੌਕੇ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੇ ਸਪੁੱਤਰ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਦੀਨਵ ਸਿੰਗਲਾ ਵੱਲੋਂ ਪੱਤਰ ਦਾਖਲ ਕੀਤੇ ਗਏ ਹਨ। ਇਸ ਦੌਰਾਨ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਗ੍ਰਹਿ ਵਿਖੇ ਹਵਨ ਕਰਵਾਇਆ ਗਿਆ ਅਤੇ ਜਿੱਤ ਦੀ ਅਰਦਾਸ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਤੇ ਖਾਸ ਕਰ ਵਪਾਰੀਆਂ ਵੱਲੋਂ ਸਿੰਗਲਾ ਦਾ ਵਿਧਾਨ ਸਭਾ ਚੋਣਾਂ ਲਈ ਪੂਰਨ ਤੌਰ ਤੇ ਸਮਰਥਨ ਦੇਣ ਦਾ ਐਲਾਨ ਕੀਤਾ । ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਫ ਸੁਥਰੀ ਸਿਆਸਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਹੋਏ ਬਠਿੰਡਾ ਦੇ ਵਿਕਾਸ ਦੇ ਨਾਮ ਤੇ ਜਿੱਤ ਹਾਸਲ ਕਰਾਂਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਮੁਕਾਬਲਾ 3 ਕਾਂਗਰਸੀਆਂ ਨਾਲ ਹੈ ਤੇ ਉਹ ਵੱਡੀ ਜਿੱਤ ਪ੍ਰਾਪਤ ਕਰਨਗੇ ,ਕਿਉਂਕਿ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਪਹਿਲਾਂ ਮਨਪ੍ਰੀਤ ਬਾਦਲ ਦੀਆਂ ਧੱਕੇਸ਼ਾਹੀਆਂ ਵਿੱਚ ਸ਼ਾਮਲ ਰਿਹਾ ਹੈ ਤੇ ਹੁਣ ਜਦੋਂ ਮੇਅਰ ਦਾ ਅਹੁਦਾ ਨਾ ਮਿਲਿਆ ਤਾਂ ਵੱਖ ਹੋ ਕੇ ਆਪ ਦਾ ਉਮੀਦਵਾਰ ਬਣ ਗਿਆ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਕ ਪਾਸੇ ਸਾਫ਼ ਸੁਥਰੀ ਸਿਆਸਤ ਵਾਲੇ ਕਿਰਦਾਰ ਦੇ ਲੀਡਰ ਸਰੂਪ ਸਿੰਗਲਾ ਹਨ ਦੂਜੇ ਪਾਸੇ ਧੱਕੇਸ਼ਾਹੀਆਂ ਨਾਜਾਇਜ ਕਬਜੇ ਨਸ਼ਾ ਸਮੱਗਲਿੰਗ ਕਾਰੋਬਾਰ ਦੇ ਲੀਡਰ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਇੰਦਰਜੀਤ ਬਰਾੜ, ਮੋਹਿਤ ਗੁਪਤਾ, ਬਲਜੀਤ ਸਿੰਘ ਬੀੜ ਬਹਿਮਣ, ਰਾਜਵਿੰਦਰ ਸਿੰਘ, ਬਬਲੀ ਢਿੱਲੋਂ, ਨਿਰਮਲ ਸਿੰਘ ਸੰਧੂ,ਦਲਜੀਤ ਸਿੰਘ ਬਰਾੜ, ਹਰਪਾਲ ਸਿੰਘ ਢਿੱਲੋਂ, ਮੱਖਣ ਸਿੰਘ, ਜਗਦੀਪ ਸਿੰਘ ਗਹਿਰੀ ,ਅਮਰਜੀਤ ਵਿਰਦੀ, ਬਲਬੀਰ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਲੀਡਰਸ਼ਿਪ ਅਤੇ ਸਿੰਗਲਾ ਪਰਿਵਾਰ ਦੇ ਮੈਂਬਰ ਹਾਜ਼ਰ ਸਨ।

ਖਿਡਾਰੀਆਂ ਵਲੋਂ ਜਗਰੂਪ ਸਿੰਘ ਗਿੱਲ ਦਾ ਸਮਰਥਨ

0

ਕੈਂਟਰ ਯੂਨੀਅਨ ਵੱਲੋਂ ਸ. ਗਿੱਲ ਦਾ ਸਨਮਾਨ ਤੇ ਸਮਰਥਨ
ਸੁਖਜਿੰਦਰ ਮਾਨ
ਬਠਿੰਡਾ, 28 ਜਨਵਰੀ : ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਚਲਦਿਆਂ ਅੱਜ ਲਾਇਨਪਾਰ ਇਲਾਕੇ ਦੇ ਵੱਡੀ ਗਿਣਤੀ ਖਿਡਾਰੀਆਂ ਵਲੋਂ ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਦੇ ਸਮਰਥਨ ਦਾ ਐਲਾਨ ਕੀਤਾ ਗਿਆ। ਸ.ਗਿਲ ਨੇ ਸਮੂਹ ਖਿਡਾਰੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪ ਸਰਕਾਰ ਬਣਨ ਤੇ ਲਾਇਨ ਪਾਰ ਇਲਾਕੇ ਦੇ ਖਿਡਾਰੀਆਂ ਨੂੰ ਵਿਸ਼ੇਸ਼ ਸਹੂਲਤਾਂ ਦੇਣਗੇ। ਇਸ ਤੋਂ ਇਲਾਵਾ ਹਾਜੀ ਰਤਨ ਕੈਂਟਰ ਯੂਨੀਅਨ ਵਲੋਂ ਵੀ ਆਪ ਸ. ਗਿੱਲ ਦਾ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਕੀਤਾ ਇਸ ਮੌਕੇ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਰ ਵਰਗ ਲਈ ਸਕੀਮਾਂ ਬਣਾ ਰੱਖੀਆਂ ਹਨ, ਜੋ ਸਰਕਾਰ ਆਉਣ ਤੇ ਜਲਦ ਲਾਗੂ ਕੀਤੀਆਂ ਜਾਣਗੀਆਂ।ਇਸ ਦੌਰਾਨ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਨੇ ਵੀ ਜਗਰੂਪ ਸਿੰਘ ਗਿੱਲ ਨੂੰ ਸੁਭ-ਕਾਮਨਾਵਾਂ ਦਿੱਤੀਆਂ।

Our Visitor

1896381