ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਰਾਠੌਰ ਬਿਰਾਦਰੀ ਦੇ ਵੱਡੇ ਚਿਹਰੇ ਗੁਰਮੀਤ ਸਿੰਘ ਰਾਠੌਰ ਅਤੇ ਪੋਲੀਟੀਕਲ ਪਲਾਨਿੰਗ ਸੈੱਲ ਦੇ ਸਾਬਕਾ ਵਾਈਸ ਚੇਅਰਮੈਨ ਗੁਰਮੀਤ ਸਿੰਘ ਸਿੱਧੂ ਕਾਂਗਰਸ ਪਾਰਟੀ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ। ਇਸ ਮੌਕੇ ਉਹਨਾਂ ਨੂੰ ਜਗਰੂਪ ਸਿੰਘ ਗਿੱਲ ਵਲੋਂ ਜੀ ਆਇਆਂ ਨੂੰ ਆਖਦੇ ਪਾਰਟੀ ਵਲੋਂ ਸਵਾਗਤ ਕੀਤਾ ਅਤੇ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਗੁਰਮੀਤ ਸਿੰਘ ਰਾਠੌਰ ਅਤੇ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਜਗਰੂਪ ਸਿੰਘ ਗਿੱਲ ਜਿਹੇ ਸਾਫ ਸੁਥਰੀ ਛਵੀ ਵਾਲੇ ਲੀਡਰ ਹੀ ਬਦਲਾਵ ਲਿਆ ਸਕਦੇ ਹਨ ਅਤੇ ਹਰ ਵਰਗ ਦਾ ਖਿਆਲ ਰੱਖਦੇ ਹੋਏ ਵਿਕਾਸ ਕਾਰਜ ਨੂੰ ਨੇਪੜੇ ਚ੍ਹਾੜਦੇ ਅਪਣੇ ਸ਼ਹਿਰ ਦਾ ਸਹੀ ਵਿਕਾਸ ਕਰ ਸਕਦੇ ਹਨ। ਇਸ ਮੌਕੇ ਜਗਰੂਪ ਸਿੰਘ ਗਿੱਲ ਨੇ ਉਹਨਾਂ ਨੂੰ ਜੀ ਆਇਆਂ ਕਹਿੰਦਿਆਂ ਪਾਰਟੀ ਵਿਚ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਰਾਠੌਰ ਬਿਰਾਦਰੀ ਦੇ ਵੱਡੇ ਚਿਹਰੇ ਗੁਰਮੀਤ ਸਿੰਘ ਰਾਠੌਰ ਅਤੇ ਚੇਅਰਮੈਨ ਗੁਰਮੀਤ ਸਿੰਘ ਸਿੱਧੂ ਹੋਏ ਆਪ ’ਚ ਸ਼ਾਮਲ
ਅਕਾਲੀ ਦਲ ਵਾਅਦੇ ਪੂਰੇ ਕਰਨ ਵਾਲੀ ਪਾਰਟੀ,ਜੋ ਕਹਾਂਗੇ ਕਰਕੇ ਵਿਖਾਵਾਂਗੇ : ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਪਾਰਟੀ ਦੇ ਟਕਸਾਲੀ ਅਕਾਲੀਆਂ ਵੱਲੋਂ ਚੋਣ ਮੁਹਿੰਮ ਆਪਣੇ ਹੱਥਾਂ ਵਿਚ ਲੈਂਦੇ ਹੋਏ ਉਮੀਦਵਾਰ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ। ਇਸ ਮੌਕੇ ਸਰੂਪ ਸਿੰਗਲਾ ਨੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਾਅਦੇ ਪੂਰੇ ਕਰਨ ਵਾਲੀ ਪਾਰਟੀ ਹੈ ਜੋ ਕਿਹਾ ਕਰ ਕੇ ਵਿਖਾਇਆ ਜੋ ਕਹਾਂਗੇ ਕਰਕੇ ਵਿਖਾਵਾਂਗੇ। ਉਨ੍ਹਾਂ ਕਿਹਾ ਕਿ ਆਟਾ ਦਾਲ ਸਕੀਮ, ਸ਼ਗਨ ਸਕੀਮ, ਪੈਨਸ਼ਨਾਂ, ਦਸਵੀਂ ਤੇ ਗਿਆਰ੍ਹਵੀਂ ਕਲਾਸ ਵਾਲੀਆਂ ਲੜਕੀਆਂ ਨੂੰ ਸਾਇਕਲ, ਹੁਸ਼ਿਆਰ ਬੱਚਿਆਂ ਨੂੰ ਵਜੀਫੇ , ਸਾਫ਼ ਪੀਣ ਵਾਲੇ ਪਾਣੀ ਲਈ ਆਰ ਓ ਸਿਸਟਮ, ਵਧੀਆ ਸੀਵਰੇਜ ਸਿਸਟਮ, ਸੇਵਾ ਕੇਂਦਰ, ਗ਼ਰੀਬ ਅਤੇ ਹੁਸ਼ਿਆਰ ਬੱਚਿਆਂ ਲਈ ਆਦਰਸ਼ ਸਕੂਲ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹਨ ਜਿਨ੍ਹਾਂ ਨੇ ਸੂਬੇ ਦੀ ਤਸਵੀਰ ਬਦਲ ਕੇ ਰੱਖ ਦਿੱਤੀ, ਜਦੋਂ ਕਿ ਅੱਜ ਦੇ ਹਾਲਾਤ ਵਿੱਚ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਲ ਬਠਿੰਡਾ ਨੂੰ ਦੇਣ ਲਈ ਕੁਝ ਵੀ ਨਹੀਂ, ਪਰ ਮਨਪ੍ਰੀਤ ਬਾਦਲ ਦੀ ਟੀਮ ਕੋਲ ਥਰਮਲ ਪਲਾਂਟ ਬੰਦ ਕਰਨ, ਜ਼ਮੀਨ ਨੂੰ ਕੌਡੀਆਂ ਦੇ ਭਾਅ ਵੇਚਣ, ਧੱਕੇਸ਼ਾਹੀ ਕਰਨ, ਨਾਜਾਇਜ਼ ਜੂਏ ਦੇ ਅੱਡੇ,, ਕਸੀਨੋ ਚਲਾਉਣ ਦੇ ਬਹੁਤ ਕੰਮ ਹਨ। ਉਨ੍ਹਾਂ ਅਕਾਲੀ ਬਸਪਾ ਗੱਠਜੋੜ ਲਈ ਵੋਟ ਦੀ ਮੰਗ ਕਰਦਿਆਂ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਹਰ ਵਰਗ ਦੀ ਖੁਸ਼ਹਾਲੀ ਲਈ ਕੰਮ ਹੋਣਗੇ ,ਵਪਾਰੀਆਂ ਨੂੰ ਰਾਹਤ ਦੇਣ ਦੇ ਯਤਨ ਕਰਾਂਗੇ , ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਲ ਸ਼ਕੀਮ ਬਹਾਲ ਕਰਨ, ਪੱਕੀ ਭਰਤੀ ਦੇ ਰਾਹ ਖੋਲ੍ਹੇ ਜਾਣਗੇ । ਇਸ ਮੌਕੇ ਵੱਖ ਵੱਖ ਵਰਗਾਂ ਵੱਲੋਂ ਸਰੂਪ ਸਿੰਗਲਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਉਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜਰ ਸਨ ।
ਬਠਿੰਡਾ ਚ ਝਾੜੂ ਨੂੰ ਝਟਕਾ, ਵਿੱਤ ਮੰਤਰੀ ਦੀ ਮੌਜੂਦਗੀ ਵਿੱਚ ਆਪ ਵਰਕਰ ਹੋਏ ਕਾਂਗਰਸ ਵਿਚ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਬਠਿੰਡਾ ਸ਼ਹਿਰ ਵਿੱਚ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਈ ਸੀਨੀਅਰ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ , ਜਿਨ੍ਹਾਂ ਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ ਦਾ ਝੰਡਾ ਗਲ ਵਿੱਚ ਪਾ ਕੇ ਜੀ ਆਇਆਂ ਕਿਹਾ ਤੇ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਵਾਰਡ ਨੰਬਰ 39 ਦੇ ਇੰਚਾਰਜ ਰਿੰਕੂ ਬਦੂਰੀ ਅਤੇ ਉਨ੍ਹਾਂ ਦੇ ਪਤੀ ਵਰਿੰਦਰ ਕੁਮਾਰ ਸਮੇਤ ਸਾਥੀਆਂ ਨੇ ਕਿਹਾ ਕਿ ਪਾਰਟੀ ਵਿੱਚ ਡਿਕਟੇਟਰਸ਼ਿਪ ਭਾਰੂ ਹੈ, ਦੂਜੀਆਂ ਪਾਰਟੀਆਂ ਵਿੱਚੋਂ ਆਏ ਮਤਲਬਖੋਰ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਜਿਸ ਕਰਕੇ ਵਰਕਰਾਂ ਦਾ ਮਨੋਬਲ ਟੁੱਟਿਆ ਅਤੇ ਦੂਜੇ ਪਾਸੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਰਵਾਏ ਵਿਕਾਸ ਕਾਰਜ ਮੂੰਹੋਂ ਬੋਲਦੇ ਹਨ, ਜਿਸ ਕਰਕੇ ਉਹ ਕਾਂਗਰਸ ਵਿੱਚ ਸਾਮਲ ਹੋਏ । ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਦੀ ਸੋਚ ਨਾਲ ਤਾਂ ਉਸ ਦੇ ਵਿਧਾਇਕ ਵੀ ਸਹਿਮਤ ਨਹੀਂ ਹੁਣ ਤਕ 11 ਵਿਧਾਇਕ ਪਾਰਟੀ ਦਾ ਸਾਥ ਛੱਡ ਚੁੱਕੇ ਹਨ ਤੇ ਸ਼ਹਿਰ ਵਿੱਚ ਵੀ ਸੀਨੀਅਰ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ਸਰਬੱਤ ਦਾ ਭਲਾ ਹੈ ਜਿਸ ਲਈ ਹਮੇਸ਼ਾਂ ਪਾਰਟੀ ਦਿਨ ਰਾਤ ਕੰਮ ਕਰਦੀ ਹੈ ਇਸੇ ਸੋਚ ਨਾਲ ਪੰਜਾਬ ਅਤੇ ਬਠਿੰਡਾ ਸ਼ਹਿਰ ਨੂੰ ਤਰੱਕੀ ਵੱਲ ਤੋਰਨ ਦੇ ਯਤਨ ਹੋਏ, ਜਿਸ ਕਰਕੇ ਅੱਜ ਹਰ ਵਰਗ ਕਾਂਗਰਸ ਤੋਂ ਸੰਤੁਸ਼ਟ ਹੈ ।ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਿੱਚ ਵੱਡੇ ਧਮਾਕੇ ਹੋਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਆਪ ਦੇ ਕਈ ਸੀਨੀਅਰ ਆਗੂ ਵੀ ਕਾਂਗਰਸ ਵਿੱਚ ਸਾਮਲ ਹੋਣਗੇ। ਉਨ੍ਹਾਂ ਦੂਸਰੀ ਵਾਰ ਕਾਂਗਰਸ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਜੋ ਕਹਾਂਗੇ ਉਸ ਨੂੰ ਪੂਰਾ ਕਰਕੇ ਵਿਖਾਵਾਂਗੇ ਅਤੇ ਸ਼ਹਿਰ ਬਠਿੰਡਾ ਨੂੰ ਇੱਕ ਨੰਬਰ ਦਾ ਸ਼ਹਿਰ ਬਣਾਵਾਂਗੇ, ਜਿਸ ਲਈ ਸ਼ਹਿਰੀਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਆਪ ਕੋਲ ਵੋਟ ਮੰਗਣ ਲਈ ਕੋਈ ਏਜੰਡਾ ਨਹੀਂ, ਕਿਉਂਕਿ ਕਾਂਗਰਸ ਨੇ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਕੌਂਸਲਰ ਲੀਡਰ ਅਤੇ ਵਰਕਰ ਤੇ ਸ਼ਹਿਰ ਵਾਸੀ ਹਾਜਰ ਸਨ ।
ਭਾਜਪਾ ਉਮੀਦਵਾਰ ਰਵੀਪ੍ਰੀਤ ਸਿੰਘ ਸਿੱਧੂ ਨੂੰ ਲੱਡੂਆਂ ਨਾਲ ਤੋਲਿਆ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਉਮੀਦਵਾਰ ਰਵੀਪਰੀਤ ਸਿੰਘ ਸਿੱਧੂ ਨੂੰ ਅੱਜ ਰਾਮਾ /ਸੰਗਤ ਰੋਡ ‘ਤੇ ਰਹਿ ਰਹੇ 120 ਸਿਰਕਬੰਦ ਭਾਈਚਾਰੇ ਦੇ ਪਰਿਵਾਰਾਂ ਨੇ ਮਾਣ ਸਤਿਕਾਰ ਦਿੰਦਿਆਂ ਲੱਡੂਆਂ ਨਾਲ ਤੋਲਿਆ । ਇਸ ਮੌਕੇ ਇਕੱਤਰ ਹੋਏ ਇਸ ਸਮੁੱਚੇ ਪਰਿਵਾਰਾਂ ਨੇ ਸ੍ਰ ਸਿੱਧੂ ਦਾ ਦਿਲੋਂ ਸਾਥ ਦੇਣ ਦਾ ਵਾਅਦਾ ਕੀਤਾ। ਬਲਕੌਰ ਸਿੰਘ ਲੇਲੇਵਾਲਾ ਦੀ ਅਗਵਾਈ ਹੇਠ ਸ਼ਿਕੰਦਰ ਕਬਾੜੀਆ ਦੇ ਗ੍ਰਹਿ ਵਿਖੇ ਜੁੜੇ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਰਵੀਪਰੀਤ ਸਿੰਘ ਸਿੱਧੂ ਨੇ ਕਿਹਾ ਕਿ ਇਹਨਾਂ ਪਰਿਵਾਰਾਂ ਦਾ ਮੈਂ ਕਾਇਲ ਹੋ ਗਿਆ ਹਾਂ, ਅਗਰ ਇਹ ਕਦੇ ਮੈਨੂੰ ਅੱਧੀ ਰਾਤ ਨੂੰ ਵੀ ਆਵਾਜ਼ ਮਾਰਣਗੇ ਤਾਂ ਮੈਂ ਇਹਨਾਂ ਦੀਆਂ ਸੇਵਾਵਾਂ ਲਈ ਪੈਂਰੀ ਜੁੱਤੀ ਪਾਏ ਬਿਨਾਂ ਭੱਜਿਆ ਆਵਾਂਗਾ। ਉਨ੍ਹਾਂ ਕਿਹਾ ਕਿ ਇਹਨਾਂ ਦਾ ਕੋਈ ਵੀ ਮਸਲਾ ਹੋਵੇਗਾ, ਉਸ ਨੂੰ ਤੁਰੰਤ ਹੱਲ ਕੀਤਾ ਜਾਵੇਗਾ।
ਅੱਜ ਮੋਕੇ ਸ਼ਿਕੰਦਰ ਕਬਾੜੀਆ,ਰਿਖੀ ਰਾਮ, ਸ਼ੁਰੇਸ਼ ਕੁਮਾਰ, ਅਕਾਸ਼ ਸ਼ਰਮਾ ,ਪੱਪੀ ਸ਼ਰਮਾ, ਅਕਸ਼ੈ ਕੁਮਾਰ, ਹਰਗੋਬਿੰਦ ਸਿੰਘ, ਅਮਿਤ ਕੁਮਾਰ, ਕਾਲਾ ਸਿੰਘ, ਕੁਲਵਿੰਦਰ ਸਿੰਘ ਅਤੇ ਅਨਿਲ ਕੁਮਾਰ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਭਾਰਤ ਭੂਸ਼ਨ ਜਿਲ੍ਹਾ ਦਿਹਾਤੀ ਪ੍ਰਧਾਨ ਭਾਜਪਾ ਬਠਿੰਡਾ,ਜੋਰਾਵਰ ਸਿੰਘ, ਕਸ਼ਮੀਰ ਸਿੰਘ ਜਿਲ੍ਹਾ ਆਗੂ,ਰਿਸ਼ੂ ਗਰਗ ਰਾਮਾਂ ਮੰਡੀ, ਗੁਰਪ੍ਰੀਤ ਸਿੰਘ ਤਲਵੰਡੀ, ਹਰਿੰਦਰ ਸੇਖੂ ਨਿੱਜੀ ਸਹਾਇਕ, ਸਰਪੰਚ ਸੋਨੀ ਸਿੰਘ ਕੋਟ ਬਖਤੂ,ਕੁਲਵਿੰਦਰ ਸਿੰਘ ਗਾਟਵਾਲੀ,ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ, ਗੋਲਡੀ ਮਹੇਸ਼ਵਰੀ, ਰਿਸ਼ੂ ਰਾਮਾਂ ਮੰਡੀ, ਦਵਿੰਦਰ ਸਿੰਘ ਖਾਲਸਾ, ਲਾਡੀ ਜਗਾ ਰਾਮ ਤੀਰਥ, ਠੇਕੇਦਾਰ ਮਨਜੀਤ ਸਿੰਘ ਜਗਾ ਰਾਮ ਤੀਰਥ, ਬਰਕੌਰ ਸਿੰਘ ਲੇਲੇਵਾਲਾ, ਬਲਵਾਨ ਵਰਮਾ, ਮਨਜੀਤ ਸਿੰਘ ਭਾਗੀਵਾਂਦਰ, ਦੇਬੂ ਕਬਾੜੀਆ, ਜਸਪ੍ਰੀਤ ਸਿੰਘ ਲੇਲੇਵਾਲਾ, ਬਲਕਾਰ ਨਵਾਂ ਪਿੰਡ, ਰਾਜਪਾਲ ਸਿੰਘ ਸਰਨਾ,ਅਮਨ ਸਿੰਘ ਤਲਵੰਡੀ, ਦਵਿੰਦਰ ਜੈਨ, ਸ਼ਿੰਦਰ ਸਿੰਘ ਸਰਾਂ ਪੱਕਾ ਕਲਾਂ, ਮੱਖਣ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਮਾਹੀਨੰਗਲ, ਗੁਰਤੇਜ ਸਿੰਘ ਚੱਕੀ ਵਾਲਾ, ਹਰਪਾਲ ਥਾਈਵਾਲਾ, ਗੁਰਮੀਤ ਸਿੰਘ ਭਾਗੀਵਾਂਦਰ ਆਦਿ ਸਮੇਤ ਵੱਡੀ ਗਿਣਤੀ ਭਾਜਪਾ ਵਰਕਰ ਅਤੇ ਸਮਰਥਕ ਵੀ ਉਨ੍ਹਾਂ ਦੇ ਨਾਲ ਸਨ।
ਬਠਿੰਡਾ ਦੇ ਸਾਬਕਾ ਅਕਾਲੀ ਮੇਅਰ ਹੋਏ ਕਾਂਗਰਸ ’ਚ ਸ਼ਾਮਲ
ਜੈਤੋ ਜਾਂ ਭਦੋੜ ਹਲਕੇ ਤੋਂ ਟਿਕਟ ਮਿਲਣ ਦੀ ਸੰਭਾਵਨਾ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਸਥਾਨਕ ਨਗਰ ਨਿਗਮ ਦੇ ਲਗਾਤਾਰ ਪੰਜ ਸਾਲ ਮੇਅਰ ਰਹੇ ਬਲਵੰਤ ਰਾਏ ਨਾਥ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਅੱਜ ਚੰਡੀਗੜ੍ਹ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪਾਰਟੀ ਵਿਚ ਸਮੂਲੀਅਤ ਕੀਤੀ। ਚਰਚਾ ਮੁਤਾਬਕ ਪਾਰਟੀ ਉਨ੍ਹਾਂ ਨੂੰ ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ’ਚ ਰਿਜ਼ਰਵ ਹਲਕਾ ਜੈਤੋ ਜਾਂ ਫ਼ਿਰ ਭਦੋੜ ਤੋਂ ਉਮੀਦਵਾਰ ਬਣਾ ਸਕਦੀ ਹੈ। ਦਸਣਾ ਬਣਦਾ ਹੈ ਕਿ ਮੇਅਰ ਨਾਥ ਪਿਛਲੇ ਕਰੀਬ ਇੱਕ ਸਾਲ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਨਰਾਜ਼ ਚੱਲ ਰਹੇ ਸਨ। ਉਹ ਅਕਾਲੀ ਵਲੋਂ ਬਠਿੰਡਾ ਦਿਹਾਤੀ ਜਾਂ ਭੁੱਚੋਂ ਮੰਡੀ ਹਲਕੇ ਤੋਂ ਚੋਣ ਲੜਣ ਦੇ ਚਾਹਵਾਨ ਸਨ ਪ੍ਰੰਤੂ ਪਾਰਟੀ ਨੇ ਉਨ੍ਹਾਂ ਨੂੰ ਕੋਂਸਲਰ ਦੀ ਚੋਣ ਲੜਣ ਲਈ ਕਹਿ ਦਿੱਤਾ ਪਰ ਉਨ੍ਹਾਂ ਇਸਤੋਂ ਜਵਾਬ ਦੇ ਦਿੱਤਾ ਸੀ। ਜਿਸਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਦੂਰੀਆਂ ਬਣੀਆਂ ਹੋਈਆਂ ਸਨ। ਉਹ ਬਠਿੰਡਾ ਸ਼ਹਿਰੀ ਹਲਕੇ ਤੋਂ ਅਕਾਲੀ-ਬਸਪਾ ਉਮੀਦਵਾਰ ਦੇ ਹੱਕ ਵਿਚ ਵੀ ਨਹੀਂ ਚੱਲ ਰਹੇ ਸਨ, ਜਿਸਦੇ ਚੱਲਦੇ ਉਨ੍ਹਾਂ ਦੇ ਪਾਰਟੀ ਛੱਡਣ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਸੀ।
ਪੈਸੇ ਲੈ ਕੇ ਨਸ਼ਾ ਤਸਕਰ ਨੂੰ ਛੱਡਣ ਵਾਲਾ ਥਾਣੇਦਾਰ ਤਿੰਨ ਮਹੀਨਿਆਂ ਬਾਅਦ ਕਾਬੂ
ਇੰਸਪੈਕਟਰ ਰਜਿੰਦਰ ਕੁਮਾਰ ਹਾਲੇ ਵੀ ਫ਼ਰਾਰ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਪਿਛਲੇ ਸਾਲ ਦੇ ਅਕਤੂਬਰ ਮਹੀਨੇ ਦੀ ਸ਼ੁਰੂਆਤ ’ਚ ਕਥਿਤ ਤੌਰ ’ਤੇ ਪੈਸੇ ਲੈ ਕੇ ਨਸ਼ਾ ਤਸਕਰ ਨੂੰ ਛੱਡਣ ਵਾਲੇ ਸਪੈਸ਼ਲ ਸਟਾਫ਼ ਦੇ ਭਗੋੜੇ ਥਾਣੇਦਾਰ ਨੂੰ ਸਪੈਸ਼ਲ ਟਾਸਕ ਫੋਰਸ ਵੱਲੋਂ ਗਿ੍ਰਫਤਾਰ ਕਰ ਲਿਆ ਗਿਆ ਹੈ ਜਦੋਂਕਿ ਇਸ ਮਾਮਲੇ ਦਾ ਕਥਿਤ ਮੁੱਖ ਦੋਸ਼ੀ ਇੰਸਪੈਕਟਰ ਰਜਿੰਦਰ ਕੁਮਾਰ ਹਾਲੇ ਤੱਕ ਫ਼ਰਾਰ ਹੈ। ਪੁਲਿਸ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਸ ਮਾਮਲੇ ਵਿਚ ਕਈ ਵੱਡੇ ‘ਪੁਲਿਸ ਅਧਿਕਾਰੀਆਂ’ ਦੇ ਫ਼ਸਣ ਦੇ ਡਰ ਕਾਰਨ ਢਿੱਲ ਵਰਤੀ ਜਾ ਰਹੀ ਹੈ ਤਾਂ ਕਿ ਉਕਤ ਇੰਸਪੈਕਟਰ ਦੀ ਜਮਾਨਤ ਹੋ ਸਕੇ। ਦਸਣਾ ਬਣਦਾ ਹੈ ਕਿ ਸਥਾਨਕ ਸਪੈਸ਼ਲ ਸਟਾਫ਼ ਦੇ ਇੰਚਾਰਜ਼ ਅਤੇ ਉਸਦੇ ਸਹਾਇਕ ਏਐੱਸਆਈ ਜਰਨੈਲ ਸਿੰਘ ਆਦਿ ਵਿਰੁਧ ਐਸਟੀਐਫ਼ ਵਲੋਂ 14 ਅਕਤੂਬਰ 2021 ਨੂੰ ਭਿ੍ਰਸਟਾਚਾਰ ਤੇ ਹੋਰਨਾਂ ਦੋਸ਼ਾਂ ਹੇਠ ਕੇਸ ਦਰਜ਼ ਕੀਤਾ ਸੀ। ਇੰਨ੍ਹਾਂ ਵਿਰੁਧ ਦੋਸ਼ ਸਨ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਸੀ ਪ੍ਰੰਤੂ ਬਾਅਦ ਵਿਚ ਲੱਖਾਂ ਰੁਪਏ ਲੈ ਕੇ ਅਤੇ ਨਾਲ ਹੀ ਉਨਾਂ੍ਹ ਕੋਲੋ ਬਰਾਮਦ ਨਸ਼ਾ ਅਪਣੇ ਕੋਲ ਰੱਖ ਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਉਕਤ ਪੁਲਿਸ ਅਧਿਕਾਰੀਆਂ ਦੀ ਮਾੜੀ ਕਿਸਮਤ ਨੂੰ ਉਕਤ ਕਥਿਤ ਨਸ਼ਾ ਤਸਕਰ ਮੁੜ ਐਸ.ਟੀ.ਐਫ਼ ਦੀ ਟੀਮ ਵਲੋਂ ਕਾਬੂ ਕਰ ਲਏ ਗਏ, ਜਿੰਨ੍ਹਾਂ ਪੁਛਗਿਛ ਦੌਰਾਨ ਬਠਿੰਡਾ ਦੇ ਪੁਲਿਸ ਅਧਿਕਾਰੀਆਂ ਦੇ ਕਾਰਨਾਮਿਆਂ ਦਾ ਖ਼ੁਲਾਸਾ ਕਰ ਦਿੱਤਾ। ਇਸਤੋਂ ਪਹਿਲਾਂ ਐਸਟੀਐਫ਼ ਦੋਨਾਂ ਪੁਲਿਸ ਵਾਲਿਆਂ ਨੂੰ ਕਾਬੂ ਕਰਦੀ, ਵਿਭਾਗ ਵਿਚ ਮੌਜੂਦ ਕਾਲੀਆਂ ਭੇਡਾਂ ਨੇ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ, ਜਿਸਤੋਂ ਬਾਅਦ ਦੋਨੋਂ ਫ਼ਰਾਰ ਹੋ ਗਏ ਸਨ। ਐੱਸਟੀਐੱਫ ਦੇ ਡੀਐੱਸਪੀ ਸਰਬਜੀਤ ਸਿੰਘ ਨੇ ਹੁਣ ਥਾਣੇਦਾਰ ਜਰਨੈਲ ਸਿੰਘ ਦੀ ਗਿ੍ਰਫਤਾਰੀ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਵੀ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ।
ਗਣਤੰਤਰਾ ਦਿਵਸ ਤੇ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦਸਤਿਆਂ ਨੇ ਸ਼ਹਿਰ ਕੀਤਾ ਫਲੈਗ ਮਾਰਚ
ਬੱਸ ਸਟੈਂਡ, ਪੈਟਰੋਲ ਪੰਪ ਤੇ ਹੋਰਨਾਂ ਥਾਵਾਂ ਦੀ ਕੀਤੀ ਚੈਕਿੰਗ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਗਣਤੰਤਰ ਦਿਵਸ ਤੇ ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਸਥਾਨਕ ਪੁਲਿਸ ਤੇ ਕੇਂਦਰੀ ਸੁਰੱਖਿਆ ਬਲਾਂ ਦੁਆਰਾ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ। ਇਸਤੋਂ ਇਲਾਵਾ ਗਣਤੰਤਰਾ ਦਿਵਸ ਵਾਲੀ ਥਾਂ ਸਰਕਾਰੀ ਰਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ਤੋਂ ਇਲਾਵਾ ਬੱਸ ਸਟੈਂਡ ਤੇ ਪੈਟਰੋਲ ਪੰਪ ਆਦਿ ਜਨਤਕ ਥਾਵਾਂ ਦੀ ਚੈਕਿੰਗ ਵੀ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗੈਰ ਸਮਾਜੀ ਅਨਸਰਾਂ ਨੂੰ ਕਾਬੂ ਕਰਨ ਤੇ ਕੋਈ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਹ ਮੁਹਿੰਮ ਚਲਾਈ ਗਈ ਹੈ, ਜਿਹੜੀ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ। ਗੌਰਤਲਬ ਹੈ ਕਿ ਆਗਾਮੀ ਗਣਤੰਤਰਾ ਦਿਵਸ ’ਚ ਕੌਮੀ ਝੰਡਾ ਲਹਿਰਾਉਣ ਲਈ ਸੂਬ ਦੇ ਉਪ ਮੁੱਖ ਮੰਤਰੀ ਓ ਪੀ ਸੋਨੀ ਪੁੱਜ ਰਹੇ ਹਨ। ਇਸ ਤੋਂ ਇਲਾਵਾ ਵੱਖ ਵੱਖ ਥਾਵਾਂ ‘ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਜਾਂਚ ਪੜਤਾਲ ਵੀ ਕੀਤੀ ਗਈ।
ਬਠਿੰਡਾ ਸ਼ਹਿਰੀ ਹਲਕੇ ’ਚ ਮੁਕਾਬਲਾ ਕਾਂਗਰਸੀ ਬਨਾਮ ਸਾਬਕਾ ਕਾਂਗਰਸੀ ਬਣਨ ਲੱਗਿਆ!
ਮਨਪ੍ਰੀਤ ਬਾਦਲ ਦੇ ਮੁਕਾਬਲੇ ’ਤੇ ਸਾਬਕਾ ਕਾਂਗਰਸੀ ਜਗਰੂਪ ਗਿੱਲ ਆਪ ਤੇ ਰਾਜ ਨੰਬਰਦਾਰ ਭਾਜਪਾ ਤੋਂ ਬਣੇ ਉਮੀਦਵਾਰ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਸੂਬੇ ਦੇ ਚਰਚਿਤ ਵਿਧਾਨ ਸਭਾ ਹਲਕੇ ਬਠਿੰਡਾ ਸ਼ਹਿਰੀ ’ਚ ਕੈਪਟਨ-ਭਾਜਪਾ ਗਠਜੋੜ ਵਲੋਂ ਅਪਣਾ ਉਮੀਦਵਾਰ ਐਲਾਨਣ ਤੋਂ ਬਾਅਦ ਮੁਕਾਬਲਾ ਚਹੁੰ ਕੌਣਾ ਹੋ ਗਿਆ ਹੈ। ਇਸ ਹਲਕੇ ’ਚ ਮਜਬੂਤ ਅਕਾਲੀ ਧਿਰ ਦੇ ਨਾਲ-ਨਾਲ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹੁਣ ਦੋ ਹੋਰ ਸਾਬਕਾ ਕਾਂਗਰਸੀਆਂ ਨਾਲ ਟੱਕਰ ਲੈਣੀ ਪੈ ਰਹੀ ਹੈ। ਦਸਣਾ ਬਣਦਾ ਹੈ ਕਿ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਵਲੋਂ ਐਲਾਨੇ ਗਏ ਸਾਂਝੇ ਉਮੀਦਵਾਰ ਰਾਜ ਨੰਬਰਦਾਰ ਟਕਸਾਲੀ ਕਾਂਗਰਸੀ ਰਹਿ ਚੁੱਕੇ ਹਨ। ਉਹ ਬਠਿੰਡਾ ਸ਼ਹਿਰੀ ਹਲਕੇ ਤੋਂ ਪਿਛਲੇ ਕਈ ਸਾਲਾਂ ਤੋਂ ਟਿਕਟ ਦੇ ਦਾਅਵੇਦਾਰ ਰਹੇ ਹਨ ਪ੍ਰੰਤੂ ਹੁਣ ਮੁੜ ਉਨ੍ਹਾਂ ਨੂੰ ਟਿਕਟ ਨਾ ਮਿਲਣ ਕਾਰਨ ਉਹ ਦੂਜੇ ਪਾਸੇ ਚਲੇ ਗਏ ਹਨ। ਇਸੇ ਤਰ੍ਹਾਂ ਨਗਰ ਨਿਗਮ ਦੀ ਮੇਅਰਸ਼ਿਪ ਅਹੁੱਦੇ ਦੇ ਦਾਅਵੇਦਾਰ ਰਹੇ ਸ: ਗਿੱਲ ਨੂੰ ਆਮ ਆਦਮੀ ਪਾਰਟੀ ਨੇ ਇਸ ਹਲਕੇ ਤੋਂ ਟਿਕਟ ਦੇ ਕੇ ਨਿਵਾਜ਼ਿਆ ਹੈ। ਸ: ਗਿੱਲ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੋਂ ਇਲਾਵਾ ਕਈ ਹੋਰ ਅਹੁੱਦਿਆਂ ’ਤੇ ਵੀ ਰਹਿ ਚੁੱਕੇ ਹਨ। ਇਸੇ ਤਰ੍ਹਾਂ ਅਜਿਹੀ ਹਾਲਾਤ ’ਚ ਉਕਤ ਦੋਨੋਂ ਸਾਬਕਾ ਕਾਂਗਰਸੀ ਆਗੂ ਵੀ ਅਪਣੀ ਪਿੱਤਰੀ ਪਾਰਟੀ ਵਿਚੋਂ ਸਮਰਥਨ ਜਟਾਉਣ ਦੀ ਕੋਸ਼ਿਸ਼ ਕਰਨਗੇ। ਜਿਸਦੇ ਚੱਲਦੇ ਵਿਤ ਮੰਤਰੀ ਨੂੰ ਸਿਆਸੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਉਨ੍ਹਾਂ ਕੋਲ ਮਜਬੂਤ ਕਾਂਗਰਸੀ ਕੋਂਸਲਰਾਂ ਤੇ ਆਗੂਆਂ ਦੀ ਟੀਮ ਵੀ ਮੌਜੂਦ ਹੈ।
ਕੈਪਟਨ ਨੇ ਬਠਿੰਡਾ ’ਚ ਤਿੰਨ ਸਾਬਕਾ ਕਾਂਗਰਸੀਆਂ ਦੇ ਹੱਥ ਫ਼ੜਾਈ ਖਿੱਦੋ-ਖੁੰਡੀ
ਬਠਿੰਡਾ ਸਹਿਰੀ ਤੋਂ ਰਾਜ ਨੰਬਰਦਾਰ, ਬਠਿੰਡਾ ਦਿਹਾਤੀ ਤੋਂ ਸਵੇਰਾ ਸਿੰਘ ਤੇ ਰਾਮਪੁਰਾ ਤੋਂ ਅਮਰਜੀਤ ਸ਼ਰਮਾ ਨੂੰ ਦਿੱਤੀ ਟਿਕਟ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਨੇ ਅੱਜ ਬਠਿੰਡਾ ਜ਼ਿਲੇ੍ਹ ਵਿਚ ਅਪਣੇ ਹਿੱਸੇ ਆਈਆਂ ਤਿੰਨ ਸੀਟਾਂ ਤੋਂ ਸਾਬਕਾ ਕਾਂਗਰਸੀਆਂ ਨੂੰ ਤਰਜ਼ੀਹ ਦਿੰਦਿਆਂ ਉਨ੍ਹਾਂ ਦੇ ਹੱਥ ਖਿੱਦੋ-ਖੂੰਡੀ ਫ਼ੜਾ ਦਿੱਤੀ ਹੈ। ਬਠਿੰਡਾ ਸ਼ਹਿਰੀ ਹਲਕੇ ਤੋਂ ਟਕਸਾਲੀ ਕਾਂਗਰਸੀ ਰਹੇ ਰਾਜ ਨੰਬਰਦਾਰ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਗਿਆ ਹੈ। ਸ਼੍ਰੀ ਨੰਬਰਦਾਰ ਦਾ ਬਠਿੰਡਾ ਸ਼ਹਿਰ ਵਿਚ ਚੰਗਾ ਆਧਾਰ ਹੈ ਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂਆਂ ਨਾਲ ਕਾਫ਼ੀ ਨੇੜਤਾ ਹੈ। ਇਸਤੋਂ ਇਲਾਵਾ ਭਾਜਪਾ ਦੇ ਆਗੂਆਂ ਨੇ ਵੀ ਉਨ੍ਹਾਂ ਦਾ ਖੁੱਲੇ ਮਨ ਨਾਲ ਸਵਾਗਤ ਕੀਤਾ ਹੈ। ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਰਾਜ ਨੰਬਰਦਾਰ ਨੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪੰਜਾਬ ਲੋਕ ਕਾਂਗਰਸ ਵਿਚ ਸਮੂਲੀਅਤ ਕਰ ਲਈ ਸੀ। ਉਨ੍ਹਾਂ ਦੇ ਪਿਤਾ ਦੇਵਰਾਜ ਨੰਬਰਦਾਰ ਵੀ 1985 ਵਿਚ ਕਾਂਗਰਸ ਦੀ ਟਿਕਟ ‘ਤੇ ਬਠਿੰਡਾ ਤੋਂ ਚੋਣ ਲੜ ਚੁੱਕੇ ਹਨ। ਜਦੋਂਕਿ ਉਨ੍ਹਾਂ ਦਾ ਪੁੱਤਰ ਵਿੱਕੀ ਨੰਬਰਦਾਰ ਵੀ ਕਾਂਗਰਸ ਦਾ ਮੌਜੂਦਾ ਕੌਂਸਲਰ ਹੈ। ਉਧਰ ਬਠਿੰਡਾ ਦਿਹਾਤੀ ਹਲਕੇ ਤੋਂ ਕੈਪਟਨ ਨੇ ਅਪਣੇ ਮਹਰੂਮ ਸਾਥੀ ਕਾਮਰੇਡ ਮੱਖਣ ਸਿੰਘ ਦੇ ਪੁੱਤਰ ਸਵੇਰਾ ਸਿੰਘ ਨੂੰ ਟਿਕਟ ਦਿੱਤੀ ਹੈ। ਮੌਜੂਦਾ ਕਾਂਗਰਸ ਸਰਕਾਰ ਵਿਚ ਮੁੱਖ ਮੰਤਰੀ ਹੁੰਦਿਆਂ ਕੈਪਟਨ ਨੇ ਸਵੇਰਾ ਸਿੰਘ ਨੂੰ ਜਲ ਬੋਰਡ ਦਾ ਉਪ ਚੇਅਰਮੈਨ ਵੀ ਲਗਾਇਆ ਸੀ। ਮਹਿਰੂਮ ਮੱਖਣ ਸਿੰਘ ਦਾ ਹਲਕੇ ਵਿਚ ਕਾਫ਼ੀ ਸਤਿਕਾਰ ਰਿਹਾ ਹੈ। ਇਸੇ ਤਰ੍ਹਾਂ ਅਪਣੇ ਪੁਰਖਿਆਂ ਦੇ ਜੱਦੀ ਪਿੰਡ ਮਹਿਰਾਜ ਨਾਲ ਸਬੰਧਤ ਵਿਧਾਨ ਸਭਾ ਹਲਕਾ ਰਾਮਪੁਰਾ ਫ਼ੂਲ ਤੋਂ ਪਾਰਟੀ ਨੇ ਡਾ ਅਮਰਜੀਤ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ।
ਵਿਧਾਨ ਸਭਾ ਚੋਣਾਂ: ਬਠਿੰਡਾ ’ਚ 7160 ਚੋਣ ਅਮਲੇ ਨੂੰ ਦੋ ਸ਼ਿਫ਼ਟਾਂ ਚ ਦਿੱਤੀ ਸਿਖਲਾਈ
ਪੋਲਿੰਗ ਪਾਰਟੀਆਂ ਦੀ ਰਿਹਰਸਲ ਦਾ ਜ਼ਿਲ੍ਹਾ ਚੋਣ ਅਫ਼ਸਰ ਨੇ ਲਿਆ ਜਾਇਜ਼ਾ
ਸੁਖਜਿੰਦਰ ਮਾਨ
ਬਠਿੰਡਾ, 22 ਜਨਵਰੀ: ਜ਼ਿਲ੍ਹੇ ਅਧੀਨ ਪੈਂਦੇ 6 ਵਿਧਾਨ ਸਭਾ ਹਲਕਿਆਂ (90-ਰਾਮਪੁਰਾ ਫੂਲ, 91-ਭੁੱਚੋ ਮੰਡੀ (ਅ.ਜ.), 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ (ਅ.ਜ.), 94-ਤਲਵੰਡੀ ਸਾਬੋ ਅਤੇ 95-ਮੋੜ) ਚ ਵੱਖ-ਵੱਖ ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਈ, ਜਿਸ ਦਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਨੀਤ ਵਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਚੋਣ ਅਮਲੇ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਆਪੋਂ-ਆਪਣੀਆਂ ਡਿਊਟੀਆਂ ਪੂਰੀ ਤਨਦੇਹੀ, ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਉਣਾ ਯਕੀਨੀ ਬਣਾਉਣ ਤਾਂ ਜੋ ਵਿਧਾਨ ਸਭਾ ਚੋਣਾਂ ਨੂੰ ਸ਼ਾਂਤੀਪੂਰਵਕ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਇਆ ਜਾ ਸਕੇ। ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਚੋਣ ਅਮਲੇ ਨੂੰ ਵੱਖ-ਵੱਖ ਆਰਓਜ਼ ਦੀ ਪ੍ਰਧਾਨਗੀ ਹੇਠ ਅਸੈਂਬਲੀ ਲੈਬਲ ਮਾਸਟਰ ਟ੍ਰੇਨਰਾਂ ਵਲੋਂ ਸਿਖਲਾਈ ਕੋਵਿਡ-19 ਦੀਆਂ ਹਦਾਇਤਾਂ ਦੇ ਮੱਦੇਨਜ਼ਰ ਦੋ ਸ਼ਿਫ਼ਟਾਂ ਵਿਚ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਧਾਨ ਸਭਾ ਹਲਕਾ ਪੱਧਰ ਤੇ ਵੱਖ-ਵੱਖ ਸਥਾਨਾਂ ਤੇ ਹੋਈ ਇਸ ਸਿਖਲਾਈ ਦੌਰਾਨ 1790 ਪ੍ਰੋਜਾਇਡਿੰਗ ਅਫ਼ਸਰਾਂ, 1790 ਸਹਾਇਕ ਪ੍ਰੋਜਾਇਡਿੰਗ ਅਫ਼ਸਰਾਂ ਅਤੇ 3580 ਪੋਲਿੰਗ ਅਫ਼ਸਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਨੀਤ ਕੁਮਾਰ ਨੇ ਸਬੰਧਤ ਆਰਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੋਲਿੰਗ ਸਮੇਂ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਦੇ ਨਾਲ-ਨਾਲ ਹਰੇਕ ਪੋਲਿੰਗ ਬੂਥ ਉੱਤੇ 6-6 ਫੁੱਟ ਦੀ ਦੂਰੀ ਉੱਤੇ ਨਿਸ਼ਾਨਦੇਹੀ ਅਤੇ ਸੈਨੇਟਾਈਜ਼ਰ ਤੇ ਮਾਸਕ ਦਾ ਖਾਸ ਪ੍ਰਬੰਧ ਕੀਤਾ ਜਾਵੇ।





