ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 19 ਜਨਵਰੀ: ਚੋਣ ਕਮਿਸ਼ਨ ਦੀਆਂ ਹਿਦਾਇਤਾਂ ਤੋਂ ਬਾਅਦ ਨਵੇਂ ਆਏ ਜ਼ਿਲ੍ਹੇ ਦੇ ਆਈ ਪੀ ਐਸ ਸ਼੍ਰੀਮਤੀ ਅਮਨੀਤ ਕੋਡਲ ਨੇ ਅੱਜ ਇੱਥੇ ਪਹਿਲੀ ਮਹਿਲਾ ਐਸ ਐਸ ਪੀ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। ਮੌਜੂਦਾ ਸਮੇਂ ਸ਼੍ਰੀਮਤੀ ਅਮਨੀਤ ਕੋਡਲ ਡੀ.ਆਈ.ਜੀ ਜੇਲ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ, ਜਦਕਿ ਇਸ ਤੋ ਪਹਿਲਾਂ ਉਹ ਹੁਸ਼ਿਆਰਪੁਰ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਤੌਰ ਐਸ ਐਸ ਪੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦਾ ਇੱਥੋਂ ਦੇ ਲੇਕ ਵਿਊ ਹੋਟਲ ਵਿਖੇ ਪਹੁੰਚਣ ’ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਨਾਲ ਸਨਮਾਨ ਕੀਤਾ ਗਿਆ। ਇਸ ਉਪਰੰਤ ਐਸ ਐਸ ਪੀ ਸ਼੍ਰੀਮਤੀ ਅਮਨੀਤ ਕੋਡਲ ਵੱਲੋਂ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕਰਕੇ ਉਨ੍ਹਾਂ ਕੋਲੋਂ ਜ਼ਿਲ੍ਹੇ ਅੰਦਰ ਚੋਣਾਂ ਨਾਲ ਸਬੰਧਤ ਹੁਣ ਤੱਕ ਆਮ ਲੋਕਾਂ ਦੀ ਸੁਰੱਖਿਆ ਲਈ ਕੀਤੀਆਂ ਗਈਆਂ ਤਿਆਰੀਆਂ ਤੋਂ ਇਲਾਵਾ ਹੋਰ ਲੋੜੀਂਦੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤੋਂ ਇਲਾਵਾ ਜ਼ਿਲ੍ਹੇ ਅੰਦਰ ਲਾਅ ਐਂਡ ਆਰਡਰ ਮੈਨਟੇਨ ਰੱਖਣ ਦੇ ਵੀ ਆਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਅਪਣੀ ਪਲੇਠੀ ਪ੍ਰੈੱਸ ਮਿਲਣੀ ਦੌਰਾਨ ਮੀਡੀਆਂ ਕਰਮੀਆਂ ਕੋਲੋਂ ਵਿਸ਼ੇਸ਼ ਸਹਿਯੋਗ ਦੀ ਮੰਗ ਕਰਦਿਆਂ ਭਰੋਸਾ ਦਿਵਾਇਆ ਕਿ ਜ਼ਿਲੇ੍ਹ ਵਿਚ ਵਿਧਾਨ ਸਭਾ ਚੋਣਾਂ-2022 ਪੂਰੀ ਤਰ੍ਹਾਂ ਸੁਰੱਖਿਅਤ ਹੋਣਗੀਆਂ ਅਤੇ ਬਿਨ੍ਹਾਂ ਡਰ-ਭੈ ਦੇ ਕਰਵਾਈਆਂ ਜਾਣਗੀਆਂ।
ਬਠਿੰਡਾ ਦੀ ਪਹਿਲੀ ਮਹਿਲਾ ਐਸ ਐਸ ਪੀ ਵਜੋਂ ਸ੍ਰੀਮਤੀ ਅਮਨੀਤ ਕੋਡਲ ਨੇ ਸੰਭਾਲਿਆ ਚਾਰਜ
ਸੇਵਾਮੁਕਤ ਮੁਲਾਜਮਾਂ ਨੇ ਸਿਆਸੀ ਪਾਰਟੀਆਂ ਨੂੰ ਮੁਲਾਜਮਾਂ ਦੀਆਂ ਮੰਗਾਂ ਚੋਣ ਮਨੋਰਥ ਪੱਤਰ ’ਚ ਦਰਜ਼ ਕਰਨ ਦੀ ਕੀਤੀ ਅਪੀਲ
ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਦਸਿਆ ਮੁਲਾਜਮਾਂ ਦਾ ਦੁਸ਼ਮਣ
ਸੁਖਜਿੰਦਰ ਮਾਨ
ਬਠਿੰਡਾ, 19 ਜਨਵਰੀ: ਸੂਬੇ ਦੀਆਂ ਦਰਜ਼ਨਾਂ ਵੱਖ ਵੱਖ ਕਾਰਪੋਰੇਸ਼ਨਾਂ ਤੇ ਬੋਰਡਾਂ ਵਿਚੋਂ ਸੇਵਾ ਮੁਕਤ ਹੋਏ ਮੁਲਾਜਮ ਆਗੂਆਂ ਨੇ ਪੰਜਾਬ ਸਰਕਾਰ ’ਤੇ ਵਿਤਕਰੇਬਾਜ਼ੀ ਕਰਨ ਦਾ ਦੋਸ਼ ਲਗਾਉਂਦਿਆਂ ਆਗਾਮੀ ਚੋਣਾਂ ’ਚ ਸਿਆਸੀ ਪਾਰਟੀਆਂ ਨੂੰ ਮੁਲਾਜਮਾਂ ਦੀਆਂ ਮੰਗਾਂ ਅਪਣੇ ਚੋਣ ਮਨੋਰਥ ਪੱਤਰ ’ਚ ਦਰਜ਼ ਕਰਨ ਦੀ ਮੰਗ ਕੀਤੀ ਹੈ। ਅੱਜ ਸਥਾਨਕ ਪ੍ਰੈਸ ਕਲੱਬ ’ਚ ਇਕੱਠੇ ਹੋਏ ਸੇਵਾ ਮੁਕਤ ਮੁਲਾਜਮ ਆਗੂਆਂ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੌਰਾਨ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲਗਾਤਰ ਮੁਲਾਜਮ ਵਿਰੋਧੀ ਫੈਸਲੇ ਕਰਕੇ ਦੁਸਮਣੀ ਵਾਲਾ ਰਵੱਈਆ ਅਪਣਾਈ ਰੱਖਿਆ ਹੈ। ਮੁਲਾਜ਼ਮ ਆਗੂ ਬਲਜਿੰਦਰ ਸਿੰਘ ਬਰਾੜ, ਦੌਲਤ ਰਾਏ, ਕੁਲਦੀਪ ਸਿੰਘ, ਅਮਰਜੀਤ ਸਿੰਘ ਅਤੇ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਧੀਨ ਹੀ ਕੰਮ ਕਰ ਰਹੀਆਂ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਵਿਚੋਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਪੈਨਸ਼ਨ ਨਾ ਮਿਲਣ ਕਾਰਨ ਨਰਕ ਭਰੀ ਜ਼ਿੰਦਗੀ ਜਿਊਣੀ ਪੈ ਰਹੀ ਹੈ। ਉਨ੍ਹਾਂ ਦਸਿਆ ਕਿ ਕਰੀਬ ਤਿੰਨ ਦਰਜ਼ਨ ਤੋਂ ਵੱਧ ਬੋਰਡ ਤੇ ਕਾਰਪੋਰੇਸ਼ਨਾਂ ਵਿਚੋਂ ਸਿਰਫ਼ ਅੱਧੀ ਦਰਜ਼ਨ ਵਿਚੋਂ ਸੰਸਥਾਵਾਂ ਵਿਚੋਂ ਹੀ ਮੁਲਾਜਮਾਂ ਨੂੰ ਪੈਨਸ਼ਨ ਮਿਲ ਰਹੀ ਹੈ। ਮੁਲਾਜਮ ਆਗੂਆਂ ਨੇ ਦੁਖੀ ਮਨ ਨਾਲ ਦਸਿਆ ਕਿ ਉਹ ਲਗਾਤਾਰ 35- 40 ਵਿਭਾਗ ਵਿਚ ਕੰਮ ਕਰਨ ਤੋਂ ਬਾਅਦ ਸੇਵਾਮੁਕਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਪੈਨਸ਼ਨ ਨਹੀਂ ਮਿਲਦੀ ਜਦੋਂਕਿ ਇੱਕ ਸਿਆਸੀ ਆਗੂ ਇੱਕ ਵਾਰ ਪੰਜ ਸਾਲ ਜਾਂ ਉਸ ਤੋਂ ਵੀ ਘੱਟ ਸਮੇਂ ਲਈ ਵਿਧਾਇਕ ਰਹਿਣ ਦੇ ਬਾਵਜੂਦ ਲੱਖਾਂ ਰੁਪਏ ਪੈਨਸ਼ਨ ਦਾ ਹੱਕਦਾਰ ਹੋ ਜਾਂਦਾ ਹੈ। ਮੁਲਾਜਮ ਆਗੂਆਂ ਨੇ ਅਪਣੀਆਂ ਸਮੱਸਿਆਵਾਂ ਦਸਦਿਆਂ ਦਾਅਵਾ ਕੀਤਾ ਕਿ ਲਗਾਤਰ ਚੰਗੀਆਂ ਪੋਸਟਾਂ ’ਤੇ ਕੰਮ ਕਰਨ ਦੇ ਬਾਅਦ ਵੀ ਉਨ੍ਹਾਂ ਨੂੰ ਪੈਨਸ਼ਨ ਨਾ ਮਿਲਣ ਕਾਰਨ ਸੇਵਾਮੁਕਤੀ ਤੋਂ ਬਾਅਦ ਵੀ ਅਪਣੀ ਜਿੰਦਗੀ ਨੂੰ ਜਿਊਣ ਲਈ ਛੋਟੇ ਮੋਟੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇੰਨ੍ਹਾਂ ਮੁਲਾਜਮਾਂ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਪਣੇ ਵਲੋਂ ਜਾਰੀ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰਾਂ ਵਿਚ ਸੇਵਾ ਮੁਕਤ ਮੁਲਾਜ਼ਮਾਂ ਦੀ ਪੈਨਸ਼ਨ ਮੰਗ ਨੂੰ ਦਰਜ਼ ਕਰਕੇ ਸਰਕਾਰ ਬਣਨ ’ਤੇ ਲਾਗੂ ਕਰਨ।
ਬਠਿੰਡਾ ਦੇ ਉਘੇ ਉਦਯੋਗਪਤੀ ਰਾਜਿੰਦਰ ਮਿੱਤਲ ਦੇ ਮਾਤਾ ਵੇਦ ਕੁਮਾਰੀ ਮਿੱਤਲ ਹੋਏ ਸਵਰਗਵਾਸ
ਸੁਖਜਿੰਦਰ ਮਾਨ
ਬਠਿੰਡਾ, 19 ਜਨਵਰੀ: ਬਠਿੰਡਾ ਦੇ ਉਘੇ ਉਦਯੋਗਪ੍ਰਤੀ ਅਤੇ ਸਮਾਜ ਸੇਵੀ ਬੀਸੀਐੱਲ ਇੰਡਸਟ੍ਰੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਦੇ ਮਾਤਾ ਸ੍ਰੀਮਤੀ ਵੇਦ ਕੁਮਾਰੀ ਮਿੱਤਲ ਜੀ ਸਵਰਗਵਾਸ ਹੋ ਗਏ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਬੀਤੇ ਐਤਵਾਰ ਦੁਪਹਿਰ ਉਨ੍ਹਾਂ ਨੇ ਆਖ਼ਰੀ ਸਾਹ ਲਏ । ਉਨ੍ਹਾਂ ਦੇ ਅਚਾਨਕ ਚਲੇ ਜਾਣ ਕਾਰਨ ਪੂਰੇ ਮਿੱਤਲ ਪਰਿਵਾਰ ਅਤੇ ਹੋਰ ਨੇੜਲਿਆ ਨੂੰ ਗਹਿਰਾ ਸਦਮਾ ਲੱਗਾ ਹੈ। ਦੱਸਣਯੋਗ ਹੈ ਕਿ ਸਵਰਗਵਾਸੀ ਵੇਦ ਕੁਮਾਰੀ ਮਿੱਤਲ ਪਤਨੀ ਸਵਰਗੀ ਡੀ ਡੀ ਮਿੱਤਲ ਵੱਲੋਂ ਆਪਣੇ ਪੂਰੇ ਜੀਵਨ ਸਫ਼ਰ ਦੌਰਾਨ ਸਮਾਜ ਸੇਵੀ ਅਤੇ ਧਾਰਮਿਕ ਕੰਮਾਂ ਨੂੰ ਵੱਧ ਚੜ੍ਹ ਕੇ ਅੰਜਾਮ ਦਿੱਤਾ ਗਿਆ। ਸਵਰਗੀ ਵੇਦ ਕੁਮਾਰੀ ਮਿੱਤਲ ਆਪਣੇ ਪਿਛੇ ਤਿੰਨ ਪੁੱਤਰ ਰਾਜਿੰਦਰ ਮਿੱਤਲ, ਵਿਨੋਦ ਮਿੱਤਲ ਅਤੇ ਮਨੋਜ ਮਿੱਤਲ ਤੋਂ ਇਲਾਵਾ ਇਕ ਬੇਟੀ ਮਿੰਨੂ ਅਗਰਵਾਲ ਨੂੰ ਛੱਡ ਗਏ ਹਨ। ਉਧਰ ਇਸ ਦੁੱਖ ਦੀ ਘੜੀ ’ਚ ਬਠਿੰਡਾ ਸ਼ਹਿਰ ਦੀਆਂ ਸਮਾਜ ਸੇਵੀ, ਧਾਰਮਿਕ ਅਤੇ ਰਾਜਸੀ ਸਖ਼ਸੀਅਤਾਂ ਵੱਲੋਂ ਮਿੱਤਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।
ਕੇਂਦਰ ਵਲੋਂ ਸਾਲ 2021-22 ਦਾ ਪੋਸਟ ਮੈਟਿ੍ਕ ਦਾ 60% ਹਿੱਸਾ ਜਾਰੀ
ਜੈਕ ਨੇ ਪੰਜਾਬ ਸਰਕਾਰ ਨੂੰ 40% ਸ਼ੇਅਰ ਜਾਰੀ ਕਰਨ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 19 ਜਨਵਰੀ: ਕੇਂਦਰ ਸਰਕਾਰ ਨੇ ਸਾਲ 2021-2022 ਦੇ ਲਈ ਪੋਸਟ ਮੈਟਰਿਕ ਸਕਾਲਰਸਿਪ ਦੀ ਬਣਦੀ ਕੁੱਲ ਰਾਸ਼ੀ ਦਾ ਅਪਣਾ 60 ਫ਼ੀਸਦੀ ਹਿੱਸਾ ਜਾਰੀ ਕਰ ਦਿੱਤਾ ਹੈ। ਜਿਸਤੋਂ ਬਾਅਦ ਪ੍ਰਾਈਵੇਟ ਕਾਲਜ਼ਾਂ ਤੇ ਯੂਨੀਵਰਸਿਟੀਆਂ ਦੀ ਸੰਸਥਾ ਜੈਕ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਜ ਸਰਕਾਰ ਆਪਣਾ ਬਣਦਾ 40% ਹਿੱਸਾ ਵੀ ਵਿਦਿਆਰਥੀਆਂ ਨੂੰ ਤੁਰੰਤ ਜਾਰੀ ਕਰਨ ਤਾਂ ਜੋ ਉਹ ਕਾਲਜਾਂ ਵਿਚ ਆਪਣੀਆਂ ਫੀਸਾਂ ਜਮ੍ਹਾਂ ਕਰਵਾ ਸਕਣ। ਇੱਥੇ ਜਾਰੀ ਬਿਆਨ ਵਿਚ ਜੈਕ ਦੇ ਆਗੂ ਅੰਸੂ ਕਟਾਰੀਆ ਨੇ ਦਸਿਆ ਕਿ ਪੰਜਾਬ ਸਰਕਾਰ ਵੱਲ 2017-2018, 2018-2019 ਅਤੇ 2019-2020 ਦੇ ਪੋਸਟ ਮੈਟਿ੍ਰਕ ਸਕਾਲਰਸਿਪ ਦਾ 1850 ਕਰੋੜ ਰੁਪਏ ਦੀ ਰਾਸ਼ੀ ਬਕਾਇਆ ਹੈ, ਜਿਸ ਕਾਰਨ ਕਾਲਜਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੇ ਰਿਹਾ ਹੈ। ਜੈਕ ਨੇ ਮੰਗ ਕੀਤੀ ਹੈ ਕਿ ਮੰਤਰੀ ਮੰਡਲ ਦੁਆਰਾ ਇਹਨਾ ਤਿੰਨ ਸਾਲਾ ਲਈ ਪਾਸ 1850 ਕਰੋੜ ਰੁਪਏ ਦੀ ਰਕਮ ਵਿੱਚੋ ਰਾਜ ਸਰਕਾਰ ਨੂੰ ਵੀ ਆਪਣੇ ਵਚਨਬੱਧ 40% ਸੇਅਰ ਦੀ ਅਦਾਇਗੀ ਕਰਨੀ ਚਾਹਿਦੀ ਹੈ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਵਜੋਂ ਵਨੀਤ ਕੁਮਾਰ ਨੇ ਸੰਭਾਲਿਆ ਚਾਰਜ
ਚੋਣ ਗਤੀਵਿਧੀਆਂ ਤੇ ਕਰੋਨਾ ਵੈਕਸ਼ੀਨੇਸ਼ਨ ਦੀ ਕੀਤੀ ਸਮੀਖਿਆ
ਸੁਖਜਿੰਦਰ ਮਾਨ
ਬਠਿੰਡਾ, 19 ਜਨਵਰੀ: ਚੋਣ ਕਮਿਸ਼ਨ ਦੀਆਂ ਹਿਦਾਇਤਾਂ ਤੋਂ ਬਾਅਦ ਬਦਲ ਕੇ ਆਏ ਜ਼ਿਲ੍ਹੇ ਦੇ ਨਵੇਂ ਡਿਪਟੀ ਕਮਿਸ਼ਨਰ ਸ਼੍ਰੀ ਵਨੀਤ ਕੁਮਾਰ (ਆਈ.ਏ.ਐਸ) ਨੇ ਅੱਜ ਇੱਥੇ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਕਮਿਸ਼ਨਰ ਨਗਰ ਨਿਗਮ ਵਜੋਂ ਪਟਿਆਲਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਇੱਥੋਂ ਦੇ ਲੇਕ ਵਿਊ ਹੋਟਲ ਵਿਖੇ ਪਹੁੰਚਣ ’ਤੇ ਡਿਪਟੀ ਕਮਿਸ਼ਨਰ ਦਾ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਨੀਤ ਕੁਮਾਰ ਵੱਲੋਂ ਜ਼ਿਲ੍ਹੇ ਦੇ ਚੋਣਵੇਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵਿਧਾਨ ਸਭਾ ਚੋਣਾਂ-2022 ਸਬੰਧੀ ਚੱਲ ਰਹੇ ਕਾਰਜਾਂ ਤੋਂ ਇਲਾਵਾ ਕਰੋਨਾ ਮਹਾਂਮਾਰੀ ਦੀ ਰੋਕਥਾਮ ਸਬੰਧੀ ਜ਼ਿਲ੍ਹੇ ਅੰਦਰ ਕੀਤੇ ਜਾ ਰਹੇ ਕਰੋਨਾ ਵੈਕਸੀਨੇਸ਼ਨ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਚੱਲ ਰਹੀਆਂ ਚੋਣ ਸਰਗਰਮੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਇੰਨ੍ਹਾਂ ਚੋਣਾਂ ਨੂੰ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਏਡੀਸੀ ਜਨਰਲ ਵਰਿੰਦਰਪਾਲ ਸਿੰਘ ਬਾਜਵਾ, ਟ੍ਰੇਨਿੰਗ ਅਧੀਨ ਆਈ.ਏ.ਐਸ. ਅਧਿਕਾਰੀ ਨਿਕਾਸ ਕੁਮਾਰ, ਜ਼ਿਲ੍ਹਾ ਮਾਲ ਅਫ਼ਸਰ ਮੈਡਮ ਸਰੋਜ ਰਾਣੀ ਅਤੇ ਤਹਿਸੀਲਦਾਰ ਚੋਣਾਂ ਗੁਰਚਰਨ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।
ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋਵੇਗਾ ਭਗਵੰਤ ਮਾਨ
- ਹਰ ਪੰਜਾਬੀ ਨੂੰ ਮੇਰੇ ਛੋਟੇ ਵੀਰ ਭਗਵੰਤ ਮਾਨ ‘ਤੇ ਹੈ ਮਾਣ – ਅਰਵਿੰਦ ਕੇਜਰੀਵਾਲ
ਸੀਐੱਮ ਫੇਸ ‘ਤੇ ਲੋਕਾਂ ਦੀ ਰਾਏ ਜਾਣਨ ਲਈ 13 ਜਨਵਰੀ ਨੂੰ ਜਾਰੀ ਕੀਤਾ ਸੀ ਨੰਬਰ
21 ਲੱਖ 59 ਹਜ਼ਾਰ ਲੋਕਾਂ ਨੇ ਦਿੱਤੀ ਆਪਣੀ ਰਾਏ, ਲੋਕਾਂ ਦੀ ਪਹਿਲੀ ਪਸੰਦ ਬਣੇ ਭਗਵੰਤ ਮਾਨ, ਸਿਰਫ਼ ਸਾਢੇ ਤਿੰਨ ਫ਼ੀਸਦੀ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਚੁਣਿਆ
ਪੰਜਾਬ ਅਤੇ ਪੰਜਾਬੀਆਂ ਨੂੰ ਖ਼ੁਸ਼ਹਾਲ ਬਣਾਉਣਾ ਹੀ ਸਾਡਾ ਇੱਕੋ ਇੱਕ ਟੀਚਾ – ਭਗਵੰਤ ਮਾਨ
ਅਸੀਂ ਖ਼ੁਸ਼ੀ ਮਨਾਵਾਂਗੇ ਜਦੋਂ ਸਾਡਾ ਪੰਜਾਬ ਖ਼ੁਸ਼ਹਾਲ ਬਣੇਗਾ – ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ, 18 ਜਨਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਹੀ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋਣਗੇ। ਇਹ ਵੱਡਾ ਐਲਾਨ ਮੰਗਲਵਾਰ ਨੂੰ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਥੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਐਲਾਨ ਲਈ ਇੱਥੇ ਪ੍ਰਭਾਵਸ਼ਾਲੀ ਮੀਡੀਆ ਈਵੈਂਟ ਆਯੋਜਿਤ ਕੀਤਾ ਗਿਆ। ਜਿਸ ‘ਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ ਮੰਚ ‘ਤੇ ਮੌਜੂਦ ਸਨ, ਜਦਕਿ ਭਗਵੰਤ ਮਾਨ ਦੇ ਮਾਤਾ ਜੀ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਵੀ ਭਾਵੁਕ ਸੰਬੋਧਨ ਕੀਤਾ।
ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਨਾਮ ਦੀ ਰਸਮੀ ਘੋਸ਼ਣਾ ਕਰਦੇ ਹੋਏ ਦੱਸਿਆ ਕਿ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਹਿਰੇ ਲਈ ਪੰਜਾਬ ਦੇ ਲੋਕਾਂ ਦੀ ਰਾਇ/ਸੁਝਾਅ ਜਾਣਨ ਲਈ ਲੰਘੀ 13 ਜਨਵਰੀ ਨੂੰ ਇੱਕ ਨੰਬਰ ਜਾਰੀ ਕੀਤਾ ਸੀ, ਜਿਸ ‘ਤੇ 21 ਲੱਖ 59 ਹਜ਼ਾਰ 437 ਫ਼ੋਨ/ਮੈਸੇਜ ਦਰਜ ਹੋਏ, ਜਿੰਨਾ ‘ਚੋਂ 93.3 ਪ੍ਰਤੀਸ਼ਤ ਲੋਕਾਂ ਨੇ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੀ ਤਰਫ਼ੋਂ ਮੁੱਖ ਮੰਤਰੀ ਲਈ ਭਗਵੰਤ ਮਾਨ ਦੇ ਨਾਮ ‘ਤੇ ਮੋਹਰ ਲਗਾਈ। ਜਿਸ ਦੇ ਆਧਾਰ ‘ਤੇ ਪਾਰਟੀ ਵੱਜੋ ਮਾਣ ਨਾਲ ਭਗਵੰਤ ਮਾਨ ਦਾ ਨਾਮ ਮੁੱਖ ਮੰਤਰੀ ਵਜੋਂ ਪੇਸ਼ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ, ‘‘ਹਰ ਪੰਜਾਬੀ ਨੂੰ ਮੇਰੇ ਛੋਟੇ ਭਾਈ ਭਗਵੰਤ ਮਾਨ ਉੱਤੇ ਮਾਣ ਹੈ।‘‘
ਕੇਜਰੀਵਾਲ ਨੇ ਕਿਹਾ ਕਿ ਮੈਂ ਪਹਿਲਾਂ ਹੀ ਮੁੱਖ ਮੰਤਰੀ ਦੀ ਦੌੜ ਤੋਂ ਖ਼ੁਦ ਨੂੰ ਬਾਹਰ ਕਰ ਲਿਆ ਸੀ, ਲੇਕਿਨ ਕੁੱਝ ਲੋਕਾਂ ਨੇ ਫਿਰ ਵੀ ਮੇਰੇ ਨਾਮ ਦਾ ਸੁਝਾਅ ਦਿੱਤਾ। ਅਸੀਂ ਉਨਾਂ ਸਾਰੇ ਸੁਝਾਵਾਂ ਨੂੰ ਰੱਦ ਕਰ ਦਿੱਤਾ ਜਿਨਾਂ ਵਿੱਚ ਮੇਰਾ ਨਾਂ ਸੀ। ਉਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਅਕਸਰ ਆਪਣੇ ਬੇਟਾ-ਬੇਟੀ, ਭਾਈ-ਭਤੀਜੇ ਅਤੇ ਨੂੰਹ ਨੂੰ ਸੱਤਾ ਸੌਂਪਦੀਆਂ ਹਨ। ਭਗਵੰਤ ਮੇਰਾ ਛੋਟਾ ਭਰਾ ਹੈ, ਜੇਕਰ ਮੈਂ ਉਸ ਨੂੰ ਸਿੱਧੇ ਤੌਰ ‘ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰ ਦਿੱਤਾ ਹੁੰਦਾ ਤਾਂ ਲੋਕਾਂ ਨੇ ਕਹਿਣਾ ਸੀ ਕਿ ਅਸੀਂ ਆਪਣੇ ਭਰਾ ਨੂੰ ਬਣਾ ਦਿੱਤਾ ਹੈ। ਇਸ ਲਈ ਅਸੀਂ ਮੁੱਖ ਮੰਤਰੀ ਦਾ ਚਿਹਰਾ ਲੱਭਣ ਲਈ ਇੱਕ ਨਵੀਂ ਲੋਕਤਾਂਤਰਿਕ ਰਿਵਾਇਤ ਸ਼ੁਰੂ ਕੀਤੀ ਹੈ। ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਚਿਹਰੇ ਦੀ ਚੋਣ ਕੀਤੀ ਹੈ। ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਸਾਢੇ 3 ਪ੍ਰਤੀਸ਼ਤ ਲੋਕਾਂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੁਣਿਆ।
ਭਗਵੰਤ ਮਾਨ ਦੇ ਨਾਂ ਦਾ ਐਲਾਨ ਹੁੰਦੇ ਹੀ ਉੱਥੇ ਮੌਜੂਦ ‘ਆਪ‘ ਵਰਕਰਾਂ ‘ਤੇ ਆਗੂਆਂ ‘ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਢੋਲ ਨਗਾਰੇ ਵੱਜਣ ਲੱਗੇ। ਆਪਣੇ ਨਾਂ ਦਾ ਐਲਾਨ ਸੁਣ ਕੇ ਮਾਨ ਵੀ ਭਾਵੁਕ ਹੋ ਗਏ। ਕੇਜਰੀਵਾਲ ਨੇ ਭਗਵੰਤ ਮਾਨ ਨੂੰ ਜੱਫੀ ਪਾ ਕੇ ਪਿਆਰ ‘ਤੇ ਆਪਣੀਆਂ ਸੁਭ ਕਾਮਨਾਵਾਂ ਦਿੱਤੀਆਂ। ਕੇਜਰੀਵਾਲ ਭਗਵੰਤ ਮਾਨ ਲਈ ਖ਼ਾਸ ਤਿਆਰੀ ਕਰਕੇ ਆਏ ਸਨ। ਉਨਾਂ ਮਾਨ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ ਦੀ ਵੀਡੀਓ ਚਲਵਾਈ ਅਤੇ ਇਸ ਰਾਹੀਂ ਉਨਾਂ ਦੇ ਕੁੱਝ ਕਿੱਸੇ ਲੋਕਾਂ ਨੂੰ ਦੱਸੇ ਗਏ।
ਭਗਵੰਤ ਮਾਨ ਨੇ ਭਾਵੁਕ ਹੋ ਕੇ ਮੀਡੀਆ ਨੂੰ ਸੰਬੋਧਨ ਕੀਤਾ। ਉਸ ਦੇ ਚਿਹਰੇ ‘ਤੇ ਦਿ੍ਰੜ-ਸੰਕਲਪ ਦੀ ਭਾਵਨਾ ਸਾਫ਼ ਦਿਖਾਈ ਦੇ ਰਹੀ ਸੀ। ਮਾਨ ਨੇ ਕਿਹਾ ਕਿ ਪੰਜਾਬ ਆਪਣੇ ਪੈਰਾਂ ‘ਤੇ ਖੜਾ ਹੋਣਾ ਜਾਣਦਾ ਹੈ। ਪਹਿਲਾਂ ਧਾੜਵੀਆਂ, ਫਿਰ ਅੰਗਰੇਜਾਂ, ਫਿਰ ਭਿ੍ਰਸਟ ਅਤੇ ਮੌਕਾਪ੍ਰਸਤ ਆਗੂਆਂ ਕਾਰਨ ਪੰਜਾਬ ਕਈ ਵਾਰ ਡਿੱਗਿਆ ਪਰੰਤੂ ਪੰਜਾਬੀਆਂ ਨੇ ਕਦੇ ਹੌਂਸਲਾ ਨਹੀਂ ਹਾਰਿਆ ਅਤੇ ਪੰਜਾਬ ਵਾਰ-ਵਾਰ ਖੜਾ ਹੋਇਆ ਅਤੇ ਬੁਲੰਦੀਆਂ ਨੂੰ ਛੂਹਿਆ। ਅੱਜ ਫਿਰ ਪੰਜਾਬ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਪਰੰਤੂ ਪੰਜਾਬ ਅਤੇ ਪੰਜਾਬੀਆਂ ਨੂੰ ਮੁਸ਼ਕਲਾਂ-ਸੰਕਟਾਂ ‘ਚ ਕੱਢ ਕੇ ਖੁਸ਼ਹਾਲ ਬਣਾਉਣਾ ਹੀ ਸਾਡਾ ਮੁੱਖ ਮਕਸਦ ਹੈ। ਉਨਾਂ ਕਿਹਾ ਕਿ ਪਾਰਟੀ ਨੂੰ ਅਸੀਂ ਹਮੇਸ਼ਾ ਇੱਕ ਹੀ ਗੱਲ ਕੀਤੀ ਹੈ। ਬੇਸ਼ੱਕ ਸਾਨੂੰ ਪੋਸਟਰ ਚਿਪਕਾਉਣ ਦਾ ਕੰਮ ਦੇ ਦਿਓ, ਅਸੀਂ ਕਰਾਂਗੇ, ਬਸ਼ਰਤੇ ਕਿ ਸਾਡਾ ਪੰਜਾਬ ਠੀਕ ਕਰ ਦੇਣ।
ਮਾਨ ਨੇ ਕਿਹਾ ਕਿ ਅੱਜ ਦਾ ਦਿਨ ਮੇਰੇ ਅਤੇ ਆਮ ਆਦਮੀ ਪਾਰਟੀ ਲਈ ਇਤਿਹਾਸਕ ਦਿਨ ਹੈ। ਅੱਜ ਤੋਂ ਸਾਡੀ ਜ਼ਿੰਮੇਵਾਰੀ ਦੁੱਗਣੀ ਹੋ ਗਈ ਹੈ। ਪਰ ਸਾਨੂੰ ਅੱਜ ਖ਼ੁਸ਼ੀ ਨਹੀਂ ਮਨਾਉਣੀ ਹੈ। ਅਸੀਂ ਉਦੋਂ ਤੱਕ ਖ਼ੁਸ਼ੀ ਨਹੀਂ ਮਨਾਵਾਂਗੇ ਜਦੋਂ ਤੱਕ ਪੰਜਾਬ ਖ਼ੁਸ਼ਹਾਲ ਨਹੀਂ ਬਣ ਜਾਂਦਾ। ਪੰਜਾਬੀਆਂ ਦੇ ਜੀਵਨ ਨੂੰ ਖ਼ੁਸ਼ਹਾਲ ਬਣਾਉਣਾ ਹੀ ਸਾਡਾ ਟੀਚਾ ਹੈ। ਅਸੀਂ ਪੰਜਾਬ ਦੀ ਖ਼ੁਸ਼ਹਾਲੀ ਵਾਪਸ ਲਿਆਵਾਂਗੇ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆ ਦੀ ਦਲਦਲ ‘ਚੋਂ ਕੱਢਾਂਗੇ ਅਤੇ ਮਜਬੂਰ ਹੋਕੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਚੰਗੇ ਰੁਜ਼ਗਾਰ ਅਤੇ ਉੱਚ ਸਿੱਖਿਆ ਦੇ ਮੌਕੇ ਉਪਲਬਧ ਕਰਾਵਾਂਗੇ।
ਡਾ.ਏਪੀਜੇ ਅਬਦੁਲ ਕਲਾਮ ਦੇ ਮਸ਼ਹੂਰ ਕਥਨ (ਸੁਪਨੇ ਉਹ ਨਹੀਂ ਜੋ ਸੌਣ ਤੋਂ ਬਾਅਦ ਆਉਂਦੇ ਹਨ, ਸੁਪਨੇ ਉਹ ਹੁੰਦੇ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ) ਦਾ ਹਵਾਲਾ ਦਿੰਦਿਆਂ ਮਾਨ ਨੇ ਕਿਹਾ ਕਿ ਪੰਜਾਬ ਦੇ ਸੁਪਨੇ ਸਾਨੂੰ ਸੌਣ ਨਹੀਂ ਦਿੰਦੇ। ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਸੁਪਨੇ, ਪੰਜਾਬ ਦੀ ਕਿਸਾਨੀ ਅਤੇ ਕਿਸਾਨਾਂ ਨੂੰ ਖ਼ੁਸ਼ਹਾਲ ਬਣਾਉਣ ਦੇ ਸੁਪਨੇ, ਨੌਜਵਾਨਾਂ ਦੇ ਹੱਥਾਂ ਤੋਂ ਟੀਕੇ ਖੋਹ ਕੇ ਟਿਫ਼ਨ ਫੜਾਉਣ ਦੇ ਸੁਪਨੇ ਅਤੇ ਸਾਡੀਆਂ ਮਾਵਾਂ-ਭੈਣਾਂ ਨੂੰ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਦੇ ਸੁਪਨੇ ਸਾਨੂੰ ਸੌਣ ਨਹੀਂ ਦਿੰਦੇ। ਅਸੀਂ ਪੰਜਾਬ ਨੂੰ ਦੇਸ ਦਾ ਤਾਜ ਬਣਾਉਣਾ ਹੈ ਅਤੇ ਪੰਜਾਬ ਨੂੰ ਮੁੜ ਤੋਂ ਇੱਕ ਖ਼ੁਸ਼ਹਾਲ ਸੂਬਾ ਬਣਾਉਣਾ ਹੈ।
ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੀ ਖ਼ੁਸ਼ਹਾਲੀ ਅਤੇ ਸ਼ਾਨ ਨੂੰ ਵਾਪਸ ਲਿਆਉਣ ਲਈ ਹੀ ਰਾਜਨੀਤੀ ਵਿੱਚ ਆਏ ਹਾਂ। ਜਦੋਂ ਵੀ ਸਾਨੂੰ ਪੰਜਾਬ ਲਈ ਕੁੱਝ ਕਰਨ ਅਤੇ ਬੋਲਣ ਦਾ ਮੌਕਾ ਮਿਲਿਆ, ਅਸੀਂ ਪੂਰੀ ਲਗਨ ਅਤੇ ਮਿਹਨਤ ਨਾਲ ਕੀਤਾ। ਸੜਕ ਤੋਂ ਲੈ ਕੇ ਸੰਸਦ ਤੱਕ ਆਵਾਜ਼ ਬੁਲੰਦ ਕੀਤੀ। ਪੰਜਾਬ ਦੇ ਲੋਕਾਂ ਨੇ ਮੇਰੀ ਕਾਮੇਡੀ ਅਤੇ ਰਾਜਨੀਤੀ ਦੋਵਾਂ ਨੂੰ ਬਹੁਤ ਪਿਆਰ ਦਿੱਤਾ ਹੈ। ਮਾਨ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਬਣਨ ‘ਤੇ ਅਸੀਂ ਹਸਤਾਖ਼ਰ ਕਰਨ ਵਾਲੀ ਹਰੇ ਰੰਗ ਦੀ ਕਲਮ ਦਾ ਇਸਤੇਮਾਲ ਪੰਜਾਬ ਦੇ ਗ਼ਰੀਬ, ਦੱਬੇ-ਕੁਚਲੇ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨਾਂ ਦੇ ਹੱਕ ਅਤੇ ਅਧਿਕਾਰ ਦਿਵਾਉਣ ਲਈ ਕਰਾਂਗੇ।ਡੱਬੀ-
ਮਾਨ ਦੀ ਮਾਂ ਅਤੇ ਭੈਣ ਹੋ ਗਈਆਂ ਭਾਵੁਕ…
ਆਮ ਲੋਕਾਂ ਦਾ ਦੁਖ-ਦਰਦ ਚੰਗੀ ਤਰਾਂ ਸਮਝਦਾ ਹੈ ਮੇਰਾ ਭਾਈ-ਭੈਣ ਮਨਪ੍ਰੀਤ ਕੌਰ
ਮਾਂ ਨੇ ਕਿਹਾ, ਜਿਸ ਤਰਾਂ ਤੁਸੀਂ ਮੇਰੇ ਬੇਟੇ ਭਗਵੰਤ ਨੂੰ ਪਿਛਲੇ ਤੀਹ ਸਾਲਾਂ ਤੋਂ ਪਿਆਰ ਅਤੇ ਸਮਰਥਨ ਦਿੱਤਾ ਹੈ, ਹੁਣ ਉਸੀ ਤਰਾਂ ਫਿਰੋ ਤੋਂ ਸਮਰਥਨ ਕਰਨਾ ਪਏਗਾ। ਪ੍ਰਮਾਤਮਾ ਪੰਜਾਬ ‘ਤੇ ਕਿਰਪਾ ਬਣਾਈ ਰੱਖੇ ਅਤੇ ਹਮੇਸ਼ਾ ਖ਼ੁਸ਼ ਰੱਖੇ।
ਭਗਵੰਤ ਮਾਨ ਦੀ ਛੋਟੀ ਭੈਣ ਮਨਪ੍ਰੀਤ ਕੌਰ ਪਟਿਆਲਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਿਕਾ ਹੈ। ਮੁੱਖ ਮੰਤਰੀ ਲਈ ਉਸ ਦੇ ਭਰਾ ਦੇ ਨਾਂ ਦਾ ਐਲਾਨ ਹੋਣ ‘ਤੇ ਉਹ ਭਾਵੁਕ ਹੋ ਗਈ। ਉਨਾਂ ਕਿਹਾ ਕਿ ਅਸੀਂ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਵਿੱਚ ਪੈਦਾ ਹੋਏ ਅਤੇ ਪਾਲਣ ਪੋਸ਼ਣ ਹੋਇਆ ਹੈ। ਇਸੇ ਲਈ ਮੇਰਾ ਭਾਈ ਆਮ ਲੋਕਾਂ ਦੀਆਂ ਮੁਸ਼ਕਲਾਂ ਅਤੇ ਦੁੱਖ ਤਕਲੀਫ਼ਾਂ ਬਾਰੇ ਚੰਗੀ ਤਰਾਂ ਜਾਣੂ ਹੈ। ਭਾਈ ਸਾਹਿਬ ਨੇ ਆਪਣੀ ਕਾਮੇਡੀ ਵਿੱਚ ਵੀ ਸਮਾਜ ਦੀਆਂ ਸਮੱਸਿਆਵਾਂ ਨੂੰ ਉਭਾਰਿਆ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਘਰ ਵਿੱਚ ਹਮੇਸ਼ਾ ਬੋਲਦੇ ਸਨ ਕਿ ਹਾਸਾ ਉਦੋਂ ਹੀ ਆਉਂਦਾ ਹੈ ਜਦੋਂ ਢਿੱਡ ਭਰਿਆ ਹੁੰਦਾ ਹੈ। ਲੇਕਿਨ ਅੱਜ ਪੰਜਾਬ ਦਾ ਹਾਸਾ ਗ਼ਾਇਬ ਹੈ। ਇਸ ਲਈ ਲੋਕਾਂ ਨੂੰ ਹਸਾਉਣ ਲਈ ਸਾਨੂੰ ਰਾਜਨੀਤੀ ਵਿੱਚ ਆਉਣਾ ਪਵੇਗਾ। ਮੈਨੂੰ ਯਕੀਨ ਹੈ ਕਿ ਜਿਸ ਤਰਾਂ ਉਨਾਂ ਨੇ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਇਆ, ਉਸੇ ਤਰਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਚਿਹਰੇ ‘ਤੇ ਮੁਸਕਰਾਹਟ ਲਿਆਉਣਗੇ
ਲਾਈਨੋਂ ਪਾਰ ਇਲਾਕੇ ਵਿੱਚ ਸਿੰਗਲਾ ਪਰਿਵਾਰ ਨੂੰ ਮਿਲੀ ਵੱਡੀ ਤਾਕਤ ਬਾਬੇ ਕੇ ਪਰਿਵਾਰ ਨੇ ਫੜੀ ਤੱਕੜੀ
ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਅੱਗੇ ਕੋਈ ਨਹੀਂ ਟਿਕ ਸਕੇਗਾ: ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ:-ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੇ ਕਾਫਲੇ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਅੱਜ ਲਾਇਨੋਪਾਰ ਬਠਿੰਡਾ ਦੇ ਵਾਰਡ ਨੂੰ 42 ਚ ਕਾਂਗਰਸ ਪਾਰਟੀ ਨੂੰ ਝੱਟਕਾ ਦਿੰਦੇ ਹੋਏ ਚਰਨਜੀਤ ਸਿੰਘ ਸਿੱਧੂ ਬਾਬੇ ਕੇ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ ਅਕਾਲੀ ਦਲ ਚ ਸ਼ਾਮਿਲ ਹੋ ਗਏ ।ਜਿਨ੍ਹਾਂ ਨੂੰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸ਼ਾਮਿਲ ਕਰਦਿਆਂ ਜੀ ਆਇਆਂ ਨੂੰ ਕਿਹਾ ਅਤੇ ਪਾਰਟੀ ਵਿਚ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸ੍ਰੀ ਸਿੰਗਲਾ ਵੱਲੋਂ ਚਰਨਜੀਤ ਸਿੰਘ ਸਿੱਧੂ ਨੂੰ ਸ਼੍ਰੋਮਣੀ ਅਕਾਲੀ ਬਠਿੰਡਾ ਸ਼ਹਿਰੀ ਦਾ ਜਥੇਬੰਧਕ ਸਕੱਤਰ ਨਿੱਯੁਕਤ ਕੀਤਾ । ਇਸ ਮੌਕੇ ਚਮਕੌਰ ਸਿੰਘ ਮਾਨ ਪ੍ਰਧਾਨ ਅਕਾਲੀ ਦਲ ਕਿਸਾਨ ਵਿੰਗ ਜਿਲ੍ਹਾ ਬਠਿੰਡਾ ਸ਼ਹਿਰੀ ਸਰਕਲ ਪ੍ਰਧਾਨ ਸੁਖਦੇਵ ਸਿੰਘ ਗੁਰਥੜੀ ਸਾਬਕਾ ਕੌਂਸਲਰ ਬੰਤ ਸਿੱਧੂ ਯੂਥ ਅਕਾਲੀ ਆਗੂ ਮਨਦੀਪ ਸਿੰਘ ਲਾਡੀ ਸਾਬਕਾ ਕੌਂਸਲਰ ਦਰਸ਼ਨ ਬਜਾਜ ਸੁਖਬੀਰ ਮਾਨਸ਼ਾਈਆਂ ਆਜ਼ਾਦ ਸਿੰਘ ਲੱਡੂ ਰਾਜਦੀਪ ਢਿੱਲੋਂ ਬੌਰੀਆ ਸਿੰਘ ਬੀਬੀ ਮਨਜੀਤ ਕੌਰ ਚਾਹਿਲ ਪ੍ਰੀਤਮ ਗਾਰਡ ਮਲਕੀਤ ਕੌਰ ਅਤੇ ਵੱਡੀ ਗਿਣਤੀ ਚ ਨਗਰ ਨਿਵਾਸੀ ਹਾਜਰ ਸਨ।ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਪਰਿਵਾਰਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਲਹਿਰ ਚੱਲੀ ਹੋਈ ਹੈ ਜਿਸ ਅੱਗੇ ਕੋਈ ਨਹੀਂ ਟਿਕ ਸਕੇਗਾ, ਕਿਉਂਕਿ ਕਾਂਗਰਸ ਅਤੇ ਆਪ ਕੋਲ ਵੋਟ ਮੰਗਣ ਲਈ ਕੋਈ ਏਜੰਡਾ ਨਹੀਂ ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਖਾਸਕਰ ਖਜ਼ਾਨਾ ਮੰਤਰੀ ਦੀਆਂ ਨੀਤੀਆਂ ਤੋਂ ਹਰ ਵਰਗ ਤ੍ਰਾਹੀ ਤ੍ਰਾਹੀ ਕਰ ਰਿਹਾ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਸਕੀਮਾਂ ਉਲੀਕੀਆਂ ਤੇ ਇਸ ਸਰਕਾਰ ਨੇ ਉਹ ਸਕੀਮਾਂ ਵੀ ਬੰਦ ਕਰ ਦਿੱਤੀਆਂ । ਉਨ੍ਹਾਂ ਲਾਈਨੋ ਪਾਰ ਇਲਾਕੇ ਲੋਕਾਂ ਤੋਂ ਵੋਟ ਦੀ ਮੰਗ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਇਸ ਇਲਾਕੇ ਦੇ ਚਹੁੰਮੁਖੀ ਵਿਕਾਸ ਲਈ ਪਹਿਲਾਂ ਦੀ ਤਰ੍ਹਾਂ ਹਮੇਸ਼ਾਂ ਹੀ ਯਤਨਸ਼ੀਲ ਰਹਿਣਗੇ ਇਸ ਮੌਕੇ ਨਾ ਦੇਣਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਵੀ ਹਾਜ਼ਰ ਸਨ।
ਅਕਾਲੀ ਉਮੀਦਵਾਰ ਵੱਡਾ ਹੂੰਗਾਰਾ, ਦਰਜ਼ਨਾਂ ਕਾਂਗਰਸੀ ਅਕਾਲੀ ਦਲ ਵਿਚ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ: ਪਿੰਡ ਕਲਿਆਣ ਸੁੱਖਾ ਵਿੱਚ ਸ੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦ ਨੰਬਰਦਾਰ ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸਾਮਲ ਹੋਗਿ ਆ। ਇਸ ਮੌਕੇ ਬੇਅੰਤ ਸਿੰਘ, ਹਰਦੇਵ ਸਿੰਘ, ਸੁਖਮੰਦਰ ਸਿੰਘ, ਦੀਦਾਰ ਸਿੰਘ ਨੰਬਰਦਾਰ, ਤਰਸੇਮ ਸਿੰਘ ਤੇ ਟਹਿਲ ਸਿੰਘ ਨੇ ਪਰਿਵਾਰਾਂ ਸਮੇਤ ਸਿਰੋਪਾਓ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ । ਅਕਾਲੀ-ਬਸਪਾ ਉਮੀਦਵਾਰ ਦਰਸਨ ਸਿੰਘ ਕੋਟਫੱਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਸੀਰ ਸਿੰਘ ਕਲਿਆਣ ਨੇ ਇੰਨ੍ਹਾਂ ਆਗੂਆਂ ਜੀ ਆਇਆਂ ਨੂੰ ਕਹਿ ਕੇ ਕੀਤਾ ਸਵਾਗਤ ਅਤੇ ਪਾਰਟੀ ਵਿੱਚ ਵੱਡਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਗੁਰਲਾਭ ਸਿੰਘ ਢੇਲਵਾਂ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਗੁਰਭੇਜ ਸਿੰਘ ਜਥੇਦਾਰ ਸਰਕਲ ਨਥਾਣਾ, ਜਗਵੀਰ ਸਿੰਘ ਟਾਇਗਰ, ਹਰਪਾਲ ਸਿੰਘ ਸਾਬਕਾ ਸਰਪੰਚ, ਇਕਬਲਜੀਤ ਸਿੰਘ ਪੂਹਲੀ, ਅੰਮਿ੍ਰਤਪਾਲ ਸਿੰਘ ਪੰਚ, ਦਰਸਨ ਸਿੰਘ, ਬੂਟਾ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜਰ ਸਨ । ਇਸੇ ਤਰ੍ਹਾਂ ਨਥਾਣਾ ਵਿਖੇ ਕਾਂਗਰਸ ਪਾਰਟੀ ਦੇ ਆਗੂ ਬਿੱਲੂ ਸਿੰਘ ਪੁੱਤਰ ਬੁੱਧ ਸਿੰਘ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ।ਇਸੇ ਤਰਾਂ ਵਾਰਡ ਨੰਬਰ ਤਿੰਨ ਦੇ ਹੀ ਸ੍ਰ ਇਕਬਾਲ ਸਿੰਘ ਪੁੱਤਰ ਬੂਟਾ ਸਿੰਘ ਖਾਲਸਾ ਨਥਾਣਾ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ । ਸ੍ਰ ਦਰਸ਼ਨ ਸਿੰਘ ਕੋਟਫੱਤਾ ਤੇ ਜਗਸੀਰ ਸਿੰਘ ਕਲਿਆਣ ਨੇ ਧੰਨਵਾਦ ਕਰਦਿਆਂ ਇਹਨਾਂ ਪਰਿਵਾਰਾਂ ਨੂੰ ਪਾਰਟੀ ਵਿੱਚ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ । ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਹੋਏ ਵਿਕਾਸ ਦਾ ਜ਼ਿਕਰ ਕਰਦਿਆਂ ਵੋਟਰਾਂ ਨੂੰ ਖੁੱਲ ਕੇ ਅਪੀਲ ਕੀਤੀ । ਇਸ ਮੌਕੇ ਗੁਰਭੇਜ ਸਿੰਘ ਸਰਕਲ ਜਥੇਦਾਰ, ਗੁਰਲਾਭ ਸਿੰਘ ਢੇਲਵਾਂ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਇਕਬਲਜੀਤ ਸਿੰਘ ਪੂਹਲੀ, ਕੁਲਦੀਪ ਰਾਏ ਦੀਪਾ, ਸੁਰਜੀਤ ਸਿੰਘ ਕੱਦੂ ਐਮ ਸੀ, ਕਿਰਪਾਲ ਸਿੰਘ, ਸਿਮਰਨਜੀਤ ਕੌਰ ਐਮ ਸੀ, ਹਰਵਿੰਦਰ ਸਿੰਘ, ਲਾਭ ਸਿੰਘ ਸਿੱਧੂ, ਚਾਚਾ ਜੱਗਰ ਸਿੰਘ, ਕਾਲਾ ਨੰਬਰਦਾਰ ਆਦਿ ਹਾਜ਼ਰ ਸਨ ।
ਵਿੱਤ ਮੰਤਰੀ ਨੇ ਸਬਜੀ ਮੰਡੀ ਅਤੇ ਦਾਣਾ ਮੰਡੀ ਦੇ ਵਪਾਰੀਆਂ ਤੋਂ ਚੋਣਾਂ ਲਈ ਮੰਗਿਆ ਸਹਿਯੋਗ
ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਕਰਦੇ ਹੋਏ ਅੱਜ ਸ਼ਹਿਰ ਬਠਿੰਡਾ ਦੇ ਵੱਖ ਵੱਖ ਮੁਹੱਲਾ ਅਮਰਪੁਰਾ ਬਸਤੀ ,ਮਹਿਣਾ ਚੌਂਕ,ਚੰਦਸਰ ਬਸਤੀ ਸਮੇਤ ਕਈ ਇਲਾਕਿਆਂ ਦਾ ਦੌਰਾ ਕੀਤਾ ਅਤੇ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਵੱਲੋਂ ਪੰਜ ਸਾਲ ਵਿੱਚ ਕਰਵਾਏ ਸ਼ਹਿਰ ਦੇ ਰਿਕਾਰਡ ਵਿਕਾਸ ਦੇ ਨਾਮ ਤੇ ਵੋਟਾਂ ਦੀ ਮੰਗ ਕੀਤੀ। ਇਸ ਮੌਕੇ ਵਿੱਤ ਮੰਤਰੀ ਨੇ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਦਾ ਦੌਰਾ ਵੀ ਕੀਤਾ ਅਤੇ ਵਪਾਰੀਆਂ ਨਾਲ ਗੱਲਬਾਤ ਕੀਤੀ ।ਇਸ ਮੌਕੇ ਉਨ੍ਹਾਂ ਵਪਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਨੂੰ ਰਾਹਤ ਦੇਣ ਲਈ ਹਰ ਯਤਨ ਕੀਤੇ ਗਏ ਹਨ ਅਤੇ ਦੂਸਰੀ ਵਾਰ ਸਰਕਾਰ ਬਣਨ ਤੇ ਵਪਾਰੀਆਂ ਨੂੰ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 13 ਕਰੋੜ ਦੀ ਲਾਗਤ ਨਾਲ ਦਾਣਾ ਮੰਡੀ,ਸਬਜੀ ਮੰਡੀ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਜਿਸ ਕਰਕੇ ਵਪਾਰੀਆਂ ਵਿੱਚ ਖੁਸੀ ਦੀ ਲਹਿਰ ਹੈ। ਵਿੱਤ ਮੰਤਰੀ ਪੰਜਾਬ ਦਾ ਜਗ੍ਹਾ ਜਗ੍ਹਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਲੇ ਦੌਰ ਵਿੱਚ ਉਨ੍ਹਾਂ ਵੱਲੋਂ ਸ਼ਹਿਰੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਗਈ, ਗ਼ਰੀਬ ਅਤੇ ਲੋੜਵੰਦਾਂ ਲਈ ਰਾਸ਼ਨ ਆਟਾ, ਪੀਡਤ ਮਰੀਜਾਂ ਲਈ ਦਵਾਈਆਂ ਅਤੇ ਆਕਸੀਜਨ ਦੇ ਪ੍ਰਬੰਧ ਕਰਨ ਦੇ ਨਾਲ ਵੱਖਰੇ ਮੁਫਤ ਕੋਵਿਡ ਸੈਂਟਰ ਖੋਲ੍ਹ ਕੇ ਕੀਮਤੀ ਜਾਨਾਂ ਬਚਾਈਆਂ ਗਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਬਠਿੰਡਾ ਪਰਿਵਾਰ ਨੂੰ ਖੁਸ਼ਹਾਲ ਅਤੇ ਤਰੱਕੀ ਵੱਲ ਵਧਦਾ ਦੇਖਣਾ ਹੈ ਜਿਸ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਹੱਥ ਮਜਬੂਤ ਕੀਤੇ ਜਾਣ ਤਾਂ ਜੋ ਬਠਿੰਡਾ ਸ਼ਹਿਰ ਦੀ ਵਿਕਾਸ ਲਹਿਰ ਨਿਰੰਤਰ ਜਾਰੀ ਰਹਿ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
ਚੋਣ ਕਮਿਸ਼ਨ ਦਾ ਵੱਡਾ ਫੈਸਲਾ: 7 ਆਈ.ਜੀਜ਼, ਦੋ ਡੀਸੀ, 8 ਐਸਐਸਪੀ ਤੇ 19 ਡੀਐਸਪੀ ਬਦਲੇ
ਸੁਖਜਿੰਦਰ ਮਾਨ
ਚੰਡੀਗੜ, 18 ਜਨਵਰੀ: ਆਗਾਮੀ 20 ਫ਼ਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਸਖ਼ਤੀ ਕਰਦਿਆਂ ਅੱਜ ਚੋਣ ਕਮਿਸ਼ਨ ਨੇ ਕਾਂਗਰਸ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ 7 ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ), ਦੋ ਡੀਸੀ ਅਤੇ 8 ਐਸ.ਐਸ.ਪੀ ਸਹਿਤ 19 ਡੀਐਸਪੀ ਬਦਲ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਡਾ: ਐਸ ਕਰੁਣਾ ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਆਈ.ਜੀ.ਪੀ. ਗੁਰਿੰਦਰ ਸਿੰਘ ਢਿੱਲੋਂ, ਆਈ.ਜੀ.ਪੀ ਜਸਕਰਨ ਸਿੰਘ ਅਤੇ ਆਈ.ਜੀ.ਪੀ. ਮੁਖਵਿੰਦਰ ਸਿੰਘ ਛੀਨਾ ਦੇ ਤਬਾਦਲੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਕਰ ਦਿੱਤਾ ਹੈ। ਜਦੋਂ ਕਿ ਅਰੁਣ ਪਾਲ ਸਿੰਘ ਨੂੰ ਆਈਜੀਪੀ ਜਲੰਧਰ ਰੇਂਜ, ਸ਼ਿਵੇ ਕੁਮਾਰ ਵਰਮਾ ਨੂੰ ਆਈ.ਜੀ.ਪੀ ਬਠਿੰਡਾ ਰੇਂਜ, ਰਾਕੇਸ਼ ਅਗਰਵਾਲ ਨੂੰ ਆਈ.ਜੀ.ਪੀ. ਪਟਿਆਲਾ ਰੇਂਜ ਅਤੇ ਪਰਦੀਪ ਕੁਮਾਰ ਯਾਦਵ ਨੂੰ ਆਈ.ਜੀ.ਪੀ. ਫਰੀਦਕੋਟ ਰੇਂਜ ਵਜੋਂ ਨਿਯੁਕਤ ਕੀਤਾ ਗਿਆ ਹੈ।ਇਸੇ ਤਰਾਂ ਸੁਰਜੀਤ ਸਿੰਘ ਨੂੰ ਡੀ.ਆਈ.ਜੀ. ਵਿਜੀਲੈਂਸ ਬਿਊਰੋ ਅਤੇ ਕੁਲਜੀਤ ਸਿੰਘ ਨੂੰ ਏ.ਆਈ.ਜੀ. ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਲਾਇਆ ਗਿਆ ਹੈ। ਜਦ ਕਿ ਜੁਗਰਾਜ ਸਿੰਘ ਨੂੰ ਸਹਾਇਕ ਕਮਾਂਡੈਂਟ 75ਵੀਂ ਬਟਾਲੀਅਨ ਪੀ.ਏ.ਪੀ.ਜਲੰਧਰ ਤਾਇਨਾਤ ਕੀਤਾ ਗਿਆ ਹੈ। ਬਦਲੇ ਗਏ ਡਿਪਟੀ ਕਮਿਸ਼ਨਰਾਂ ਵਿਚ ਗਿਰੀਸ ਦਿਆਲਨ ਨੂੰ ਡੀ.ਸੀ.-ਕਮ-ਡੀ.ਈ.ਓ ਫਿਰੋਜਪੁਰ ਨਿਯੁਕਤ ਕੀਤਾ ਹੈ, ਜਦਕਿ ਵਿਨੀਤ ਕੁਮਾਰ ਬਠਿੰਡਾ ਦੇ ਨਵੇਂ ਡੀ.ਸੀ.-ਕਮ-ਡੀ.ਈ.ਓ. ਹੋਣਗੇ। ਇਸੇ ਤਰ੍ਹਾਂ ਚੋਣ ਕਮਿਸਨ ਨੇ ਹਰਜੀਤ ਸਿੰਘ ਨੂੰ ਐਸਐਸਪੀ ਐਸ.ਏ.ਐਸ ਨਗਰ, ਧਰੁਮਨ. ਐਚ ਨਿੰਬਲੇ ਨੂੰ ਐਸ.ਐਸ.ਪੀ ਹੁਇਸਆਰਪੁਰ, ਪਾਟਿਲ ਕੇਤਨ ਬਾਲੀਰਾਮ ਨੂੰ ਐਸਐਸਪੀ ਲੁਧਿਆਣਾ ਦਿਹਾਤੀ, ਦੀਪਕ ਹਿਲੋਰੀ ਨੂੰ ਐਸਐਸਪੀ ਅੰਮਿ੍ਰਤਸਰ ਦਿਹਾਤੀ, ਗੁਲਨੀਤ ਸਿੰਘ ਖੁਰਾਣਾ ਨੂੰ ਐਸਐਸਪੀ ਤਰਨਤਾਰਨ, ਅਮਨੀਤ ਕੌਂਡਲ ਨੂੰ ਐਸਐਸਪੀ ਬਠਿੰਡਾ, ਸੰਦੀਪ ਕੁਮਾਰ ਮਲਿਕ ਨੂੰ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਤੇ ਸਰਤਾਜ ਸਿੰਘ ਚਾਹਲ ਨੂੰ ਐਸਐਸਪੀ ਫਤਿਹਗੜ੍ਹ ਸਾਹਿਬ ਨਿਯੁਕਤ ਕੀਤਾ ਗਿਆ ਹੈ। ਡਾ: ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਡੀਐਸਪੀ ਰੈਂਕ ਦੇ 19 ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਹਨ।







