ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ : ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਆਗਾਮੀ ਚੋਣਾਂ ’ਚ ਪਾਰਟੀ ਵਲੋਂ ਮੁੱਖ ਮੰਤਰੀ ਚੇਹਰਾ ਐਲਾਨਣ ’ਤੇ ਬਠਿੰਡਾ ’ਚ ਵਰਕਰਾਂ ਨੇ ਲੱਡੂ ਵੰਡ ਕੇ ਖ਼ੁਸੀ ਮਨਾਈ। ਸਥਾਨਕ ਪਾਰਟੀ ਦਫ਼ਤਰ ’ਚ ਆਪ ਆਗੂ ਜਗਰੂਪ ਸਿੰਘ ਗਿੱਲ ਦੀ ਅਗਵਾਈ ’ਚ ਇਕੱਠੇ ਹੋਏ ਸ਼ਹਿਰ ਦੇ ਆਪ ਆਗੂਆਂ ਤੇ ਵਰਕਰਾਂ ਨੇ ਇਸ ਮੌਕੇ ਢੋਲ ਦੀ ਤਾਲ ’ਤੇ ਭੰਗੜੇ ਵੀ ਪਾਏ। ਇਸ ਮੌਕੇ ਸੀਐਮ ਉਮੀਦਵਾਰ ਐਲਾਨੇ ਜਾਣ ਦਾ ਸਿੱਧਾ ਪ੍ਰਸਾਰਣ ਲਈ ਵੱਡੀ ਸਕਰੀਨ ’ਤੇ ਟੈਲੀਕਾਸਟ ਕੀਤਾ ਗਿਆ। ਇਸ ਮੌਕੇ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਅੱਜ ਪੰਜਾਬ ਦੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕੇ ਲੋਕਤੰਤਰ ਦੀ ਪਰੰਪਰਾ ਨੂੰ ਅੱਗੇ ਲੈ ਕੇ ਜਾਂਦੇ ਹੋਏ ਪੰਜਾਬ ਦੇ ਲੋਕਾਂ ਦੇ ਦਿੱਤੇ ਹੁੰਗਾਰੇ ਦੇ ਚਲਦੇ ਹਾਈ ਕਮਾਨ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਸੀਐਮ ਉਮੀਦਵਾਰ ਨਾਮ ਐਲਾਨਿਆ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਜਾਣ ਚੁਕੀ ਹੈ ਕੇ ਆਮ ਆਦਮੀ ਪਾਰਟੀ ਹੀ ਪੰਜਾਬ ਦੀ ਜਵਾਨੀ ਬਚਾਉਗੀ ਅਤੇ ਪੰਜਾਬ ਨੂੰ ਇਕ ਖੁਸ਼ਹਾਲ ਸੂਬਾ ਬਣਾਉਗੀ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਨ ਨਵਦੀਪ ਸਿੰਘ ਜੀਦਾ, ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ, ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਅਮਰਦੀਪ ਰਾਜਨ, ਵਪਾਰ ਵਿੰਗ ਦੇ ਆਗੂ ਅਨਿਲ ਠਾਕੁਰ, ਮਹਿੰਦਰ ਸਿੰਘ ਫ਼ੂੱਲੋਮਿੱਠੀ, ਬਲਕਾਰ ਸਿੰਘ ਬਰਾੜ, ਗੋਬਿੰਦਰ ਸਿੰਘ ਆਦਿ ਹਾਜ਼ਰ ਸਨ।
ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ’ਤੇ ਬਠਿੰਡਾ ’ਚ ਲੱਡੂ ਵੰਡੇ
ਚੋਣ ਕਮਿਸ਼ਨ ਨੇ ਬਠਿੰਡਾ ਦੇ ਆਈ.ਜੀ, ਡੀਸੀ ਤੇ ਐਸ.ਐਸ.ਪੀ ਨੂੰ ਬਦਲਿਆਂ
ਆਉਣ ਵਾਲੇ ਦਿਨਾਂ ’ਚ ਕਈ ਹੋਰ ਵੱਡੇ ਅਫ਼ਸਰਾਂ ‘ਤੇ ਗਾਜ਼ ਡਿੱਗਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ : ਸੂਬੇ ਦੀ ਦੂਜੀ ਸਿਆਸੀ ਰਾਜਧਾਨੀ ਮੰਨੇ ਜਾਣ ਵਾਲੇ ਬਠਿੰਡਾ ’ਚ ਅੱਜ ਕਾਂਗਰਸ ਸਰਕਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਚੋਣ ਕਮਿਸ਼ਨ ਨੇ ਬਠਿੰਡਾ ਜੋਨ ਦੇ ਆਈ.ਜੀ ਜਸਕਰਨ ਸਿੰਘ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਅਰਵਿੰਦਪਾਲ ਸੰਧੂ ਤੇ ਐਸ.ਐਸ.ਪੀ ਅਜੈ ਮਲੂਜਾ ਨੂੰ ਬਦਲ ਦਿੱਤਾ। ਇੰਨ੍ਹਾਂ ਅਧਿਕਾਰੀਆਂ ਵਿਰੁਧ ਸ਼੍ਰੋਮਣੀ ਅਕਾਲੀ ਦਲ ਤੇ ਆਪ ਵਲੋਂ ਸਿਕਾਇਤ ਕੀਤੀ ਜਾ ਰਹੀ ਸੀ। ਇਸਤੋਂ ਇਲਾਵਾ ਪ੍ਰਧਾਨ ਮੰਤਰੀ ਫ਼ੇਰੀ ਦੌਰਾਨ ਵੀ ਸੁਰੱਖਿਆ ’ਚ ਕੁਤਾਹੀ ਨੂੰ ਲੈ ਕੇ ਡੀਸੀ ਤੇ ਐਸਐਸਪੀ ਚਰਚਾ ਵਿਚ ਸਨ। ਚੋਣ ਕਮਿਸ਼ਨ ਦੀਆਂ ਹਿਦਾਇਤਾਂ ਤੋਂ ਬਾਅਦ ਆਈ.ਜੀ ਸਿਵ ਕੁਮਾਰ ਵਰਮਾ ਨੂੰ ਆਈ.ਜੀ, ਵਿਨੀਤ ਕੁਮਾਰ ਨੂੰ ਡਿਪਟੀ ਕਮਿਸ਼ਨਰ ਤੇ ਅਮਨੀਤ ਕੋਂਡਲ ਨੂੰ ਐਸ.ਐਸ.ਪੀ ਲਗਾਇਆ ਗਿਆ ਹੈ। ਇੱਥੇ ਦਸਣਾ ਬਣਦਾ ਹੈ ਕਿ ਕੁੱਝ ਮਹੀਨੇ ਪਹਿਲਾਂ ਡਿਪਟੀ ਕਮਿਸ਼ਨਰ ਵਜੋਂ ਅਰਵਿੰਦ ਪਾਲ ਸਿੰਘ ਸੰਧੂ ਨੂੰ ਬਠਿੰਡਾ ਵਿਖੇ ਤੈਨਾਤ ਕੀਤਾ ਗਿਆ ਸੀ। ਚਰਚਾ ਮੁਤਾਬਕ ਉਨ੍ਹਾਂ ਦੀ ਨਿਯੁਕਤੀ ਪਿੱਛੇ ਪੰਜਾਬ ਸਰਕਾਰ ਦੇ ਇੱਕ ਪ੍ਰਭਾਵਸ਼ਾਲੀ ਮੰਤਰੀ ਦਾ ਅਸ਼ੀਰਵਾਦ ਸੀ। ਆਪ ਆਗੂ ਅਮਰਜੀਤ ਮਹਿਤਾ ਨੇ 16 ਜਨਵਰੀ ਨੂੰ ਚੋਣ ਕਮਿਸ਼ਨ ਕੋਲ ਕੀਤੀ ਸਿਕਾਇਤ ਵਿਚ ਦਾਅਵਾ ਕੀਤਾ ਸੀ ਕਿ ਡੀਸੀ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਤੀ ਉਲਾਰ ਹਨ। ਇਸੇ ਤਰ੍ਹਾਂ ਆਈ.ਜੀ ਉਪਰ ਬੇਸ਼ੱਕ ਕੋਈ ਸਿੱਧੀ ਸਿਕਾਇਤ ਨਹੀਂ ਸੀ ਪ੍ਰੰਤੂ ਉਨ੍ਹਾਂ ਦੇ ਸੂਬੇ ਦੇ ਇੱਕ ਪ੍ਰਭਾਵਸ਼ਾਲੀ ਕਾਂਗਰਸੀ ਪ੍ਰਵਾਰ ਨਾਲ ਰਿਸ਼ਤੇਦਾਰੀ ਕਾਰਨ ਉਹ ਚੋਣ ਕਮਿਸ਼ਨ ’ਤੇ ਨਿਸ਼ਾਨੇ ਉਪਰ ਸਨ। ਜਦੋਂਕਿ ਐਸ.ਐਸ.ਪੀ ਅਜੈ ਮਲੂਜਾ ਵਿਰੁਧ ਵੀ ਵਿਰੋਧੀਆਂ ਨੇ ਸੱਤਾਧਿਰ ਦੇ ਇਸ਼ਾਰਿਆਂ ’ਤੇ ਕੰਮ ਕਰਨ ਦੇ ਦੋਸ ਲਗਾਏ ਗਏ ਸਨ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ’ਚ ਕਈ ਹੋਰ ਪੁਲਿਸ ਤੇ ਸਿਵਲ ਅਧਿਕਾਰੀਆਂ ਉਪਰ ਵੀ ਚੋਣ ਕਮਿਸ਼ਨ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ, ਜਿੰਨ੍ਹਾਂ ਉਪਰ ਵਿਰੋਧੀਆਂ ਵਲੋਂ ਸੱਤਾਧਾਰੀ ਧਿਰ ਦੇ ਚਹੇਤੇ ਹੋਣ ਦੇ ਦੋਸ਼ ਲੱਗਦੇ ਆ ਰਹੇ ਹਨ। ਇੰਨ੍ਹਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਤੈਨਾਤ ਚੱਲੇ ਆ ਰਹੇ ਦੋ ਪੁਲਿਸ ਅਧਿਕਾਰੀਆਂ ਦਾ ਨਾਮ ਵੀ ਦਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਜ਼ਿਲ੍ਹੇ ਵਿਚ ਕਈ ਐਸ.ਐਚ.ਓ ਵੀ ਵਿਰੋਧੀਆਂ ਦੇ ਨਿਸਾਨੇ ’ਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਸਿੰਗਲਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਵਿਤ ਮੰਤਰੀ ਦੀ ਵਰਕਰ ਬਣਕੇ ਮੱਦਦ ਕਰਨ ਵਾਲੇ ਅਧਿਕਾਰੀਆਂ ਦੀ ਲਿਸਟ ਤਿਆਰ ਕਰਕੇ ਚੋਣ ਕਮਿਸ਼ਨ ਨੂੰ ਸਬੂਤਾਂ ਸਹਿਤ ਭੇਜੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਨਗਰ ਨਿਗਮ ਤੇ ਪੁਲਿਸ ਵਿਭਾਗ ਦੇ ਕੁੱਝ ਅਧਿਕਾਰੀਆਂ ਦੀਆਂ ਸਿਕਾਇਤਾਂ ਮਿਲੀਆਂ ਹਨ, ਜਿੰਨ੍ਹਾਂ ਬਾਰੇ ਚੋਣ ਕਮਿਸ਼ਨ ਨੂੰ ਸਿਕਾਇਤ ਕੀਤੀ ਜਾ ਰਹੀ ਹੈ। ਬਠਿੰਡਾ ਤੋਂ ਭਾਜਪਾ ਤੇ ਲੋਕ ਕਾਂਗਰਸ ਦੇ ਸੰਭਾਵੀ ਉਮੀਦਵਾਰ ਰਾਜ ਨੰਬਰਦਾਰ ਨੇ ਇਸ ਪੱਤਰਕਾਰ ਨੂੰ ਦਸਿਆ ਕਿ ‘‘ ਉਸਦੇ ਕੋਲ ਨਿਗਮ ਦੇ ਇਕ ਚਰਚਿਤ ਅਧਿਕਾਰੀ ਸਹਿਤ ਕਾਂਗਰਸ ਦੇ ਵਰਕਰ ਬਣਕੇ ਕੰਮ ਕਰਨ ਵਾਲੇ ਕਈ ਅਧਿਕਾਰੀਆਂ ਦੇ ਕਾਰਨਾਮਿਆਂ ਦਾ ਵੱਡਾ ਚਿੱਠਾ ਹੈ, ਜਿਸਦੀ ਸਿਕਾਇਤ ਲਈ ਉਹ ਸੀਬੀਆਈ ਤੇ ਈਡੀ ਕੋਲ ਸਿਕਾਇਤ ਕਰਨਗੇ। ’’
ਬਾਕਸ
ਬਠਿੰਡਾ ’ਚ ਤੈਨਾਤ ਅਧਿਕਾਰੀਆਂ ਦਾ ਫ਼ਾਜਲਿਕਾ ਨਾਲ ਰਿਸ਼ਤੇ ਦੀ ਚਰਚਾ!
ਬਠਿੰਡਾ: ਪਿਛਲੇ ਕੁੱਝ ਮਹੀਨਿਆਂ ਤੋਂ ਬਠਿੰਡਾ ’ਚ ਤੈਨਾਤ ਕੀਤੇ ਨਵੇਂ ਅਧਿਕਾਰੀਆਂ ਤੇ ਇੱਥੋਂ ਬਦਲੇ ਕੁੱਝ ਅਧਿਕਾਰੀਆਂ ਦੇ ਫ਼ਾਜਲਿਕਾ ਨਾਲ ਸਬੰਧਾਂ ਨੂੰ ਲੈ ਕੇ ਵੀ ਸ਼ਹਿਰ ਵਿਚ ਚਰਚਾ ਹੈ। ਅੱਜ ਚੋਣ ਕਮਿਸ਼ਨ ਵਲੋਂ ਬਦਲੇ ਗਏ ਡਿਪਟੀ ਕਮਿਸ਼ਨ ਵੀ ਫ਼ਾਜਲਿਕਾ ਤੋਂ ਆਏ ਸਨ। ਇਸੇ ਤਰ੍ਹਾਂ ਏਡੀਸੀ ਵਿਕਾਸ ਕੋਲ ਵੀ ਫ਼ਾਜਲਿਕਾ ਦਾ ਚਾਰਜ਼ ਹੈ। ਐਸ.ਡੀ.ਐਮ ਬਠਿੰਡਾ ਕਮ ਆਰਓ ਬਠਿੰਡਾ ਸ਼ਹਿਰੀ ਦੀ ਤੈਨਾਤੀ ਵੀ ਇੱਥੋਂ ਆਉਣ ਤੋਂ ਪਹਿਲਾਂ ਫ਼ਾਜਲਿਕਾ ਰਹੀ ਸੀ। ਪੁੱਡਾ ਦੇ ਏਸੀਏ ਕਮ ਆਰਓ ਬਠਿੰਡਾ ਦਿਹਾਤੀ ਵੀ ਫ਼ਾਜਲਿਕਾ ਤੋਂ ਬਦਲ ਕੇ ਆੲੈ ਹਨ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਲੰਮਾ ਸਮਾਂ ਨਗਰ ਨਿਗਮ ਦੇ ਕਮਿਸ਼ਨਰ ਰਹਿਣ ਵਾਲੇ ਇੱਕ ਅਧਿਕਾਰੀ ਨੂੰ ਵੀ ਫ਼ਾਜਲਿਕਾ ਬਦਲਿਆਂ ਗਿਆ ਹੈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਸ਼ਹਿਰ ਦਾ ਦੌਰਾ
ਅਕਾਲੀ ਆਗੂ ਨੱਥੂ ਰਾਮ ਜਿੰਦਲ ਕਾਂਗਰਸ ਚ ਹੋਏ ਸ਼ਾਮਲ
ਆਪ ਦੇ ਵਾਰਡ ਇੰਚਾਰਜ ਸੰਤੋਸ਼ ਯਾਦਵ ਕਾਂਗਰਸ ਵਿਚ ਸ਼ਾਮਲ
ਕਾਂਗਰਸ ਦੀ ਸੋਚ ਸੂਬੇ ਦੀ ਤਰੱਕੀ : ਮਨਪ੍ਰੀਤ ਬਾਦਲ
ਸੁਖਜਿੰਦਰ ਮਾਨ
ਬਠਿੰਡਾ ,17 ਜਨਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ਬਠਿੰਡਾ ਦਾ ਦੌਰਾ ਕੀਤਾ ।ਇਸ ਮੌਕੇ ਉਨ੍ਹਾਂ ਵੀਰ ਕਲੋਨੀ, ਬਸੰਤ ਵਿਹਾਰ, ਚੰਦਸਰ ਬਸਤੀ, ਮਾਡਲ ਟਾਊਨ ਫੇਸ ਦੋ, ਦਾਣਾਮੰਡੀ ,, ਪੀ ਐਂਡ ਟੀ ਕਲੋਨੀ ਸਿਵਲ ਲਾਈਨ, ਜੱਸੀ ਪੌ ਵਾਲੀ ਸਮੇਤ ਵੱਖ ਵੱਖ ਵਾਰਡਾਂ ਵਿਚ ਪਰਿਵਾਰਕ ਮਿਲਣੀਆਂ ਕੀਤੀਆਂ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਿਆ ਜਦੋਂ ਅਕਾਲੀ ਆਗੂ ਨੱਥੂ ਰਾਮ ਜਿੰਦਲ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ ਦਾ ਝੰਡਾ ਗਲ ਵਿੱਚ ਪਾ ਕੇ ਜੀ ਆਇਆਂ ਕਿਹਾ ਤੇ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਜਦੋਂ ਸੰਤੋਸ਼ ਯਾਦਵ ਵਾਰਡ ਨੰਬਰ 11 ਦੇ ਇੰਚਾਰਜ ਕਾਂਗਰਸ ਵਿੱਚ ਸ਼ਾਮਲ ਹੋ ਗਏ । ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਰਿਵਾਰਕ ਮਿਲਣੀਆਂ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਸੋਚ ਸੂਬੇ ਦੀ ਤਰੱਕੀ ਅਤੇ ਆਰਥਿਕਤਾ ਮਜ਼ਬੂਤ ਕਰਨਾ ਹੈ ਜਿਸ ਲਈ ਉਨ੍ਹਾਂ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਅਤੇ ਸ਼ਹਿਰ ਬਠਿੰਡਾ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਅਤੇ ਹਰ ਪਰਿਵਾਰ ਨੂੰ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਪਹੁੰਚਾਇਆ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਜ਼ਿਸ਼ ਤਹਿਤ ਹਾਰ ਦੀ ਬੁਖਲਾਹਟ ਵਿੱਚ ਆ ਕੇ ਲੋਕਾਂ ਨੂੰ ਮਿਲ ਰਹੀਆਂ ਸਕੀਮਾਂ ਵਿੱਚ ਅੜਿੱਕਾ ਪਾ ਰਹੇ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਸ਼ਹਿਰ ਦੇ ਵਿਕਾਸ ਤੋਂ ਵਿਰੋਧੀ ਵੀ ਘਬਰਾਹਟ ਵਿੱਚ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਹਾਜ਼ਰ ਰਹੀ
ਬਠਿੰਡਾ ਚ ਪੰਜਾਬ ਹਰਿਆਣਾ ਅੰਤਰਰਾਜੀ ਸਰਹੱਦ ‘ਤੇ 24 ਲੱਖ ਦੀ ਰਾਸ਼ੀ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ ,17 ਜਨਵਰੀ: ਬਠਿੰਡਾ ਜ਼ਿਲ੍ਹੇ ਦੇ ਹਰਿਆਣਾ ਨਾਲ ਲੱਗਦੇ ਡੂਮਵਾਲੀ ਬੈਰੀਅਰ ਉਪਰ ਅੱਜ ਇਕ ਚੋਣ ਟੀਮ ਵੱਲੋਂ ਹਰਿਆਣਾ ਦੀ ਤਰਫੋਂ ਆ ਰਹੀ ਇੱਕ ਕਾਰ ‘ਚ ਸਵਾਰ ਚਾਰ ਵਿਅਕਤੀਆਂ ਕੋਲੋਂ ਚੌਵੀ ਲੱਖ ਰੁਪਏ ਦੀ ਨਕਦੀ ਬਰਾਮਦ ਕਰਨ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਵਿਚ ਬਠਿੰਡਾ ਦਿਹਾਤੀ ਹਲਕੇ ਦੇ ਚੋਣ ਅਧਿਕਾਰੀ ਆਰ ਪੀ ਸਿੰਘ ਨੇ ਕਾਨੂੰਨੀ ਕਾਰਵਾਈ ਕਰਦਿਆਂ ਆਮਦਨ ਕਰ ਵਿਭਾਗ ਅਤੇ ਪੁਲੀਸ ਪ੍ਰਸ਼ਾਸਨ ਨੂੰ ਇਸ ਦੀ ਅਗਲੇਰੀ ਕਾਰਵਾਈ ਲਈ ਲਿਖਤੀ ਸਿਕਾਇਤ ਕੀਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਆਰਪੀ ਸਿੰਘ ਨੇ ਸਪੋਕਸਮੈਨ ਨੂੰ ਦੱਸਿਆ ਕਿ ਡੂਮਵਾਲੀ ਬੈਰੀਅਰ ‘ਤੇ ਲੱਗੇ ਹੋਏ ਨਾਕੇ ਦੌਰਾਨ ਜਦ ਕਾਰ ਦੀ ਚੈਕਿੰਗ ਕੀਤੀ ਤਾਂ ਇਹ ਰਾਸ਼ੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਰ ਚ ਸਵਾਰ ਵਿਅਕਤੀ ਇਸ ਰਾਸ਼ੀ ਬਾਰੇ ਕੋਈ ਪੁਖ਼ਤਾ ਪਰੂਫ਼ ਪੇਸ਼ ਨਹੀਂ ਕਰ ਸਕੇ ਜਿਸ ਦੇ ਚਲਦੇ ਇਸ ਰਾਸ਼ੀ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਸੇ ਨਾਕੇ ਉਪਰ ਇਕ ਹੋਰ ਮਾਮਲੇ ਵਿਚ ਤਿੰਨ ਲੱਖ ਦੀ ਨਕਦੀ ਬਰਾਮਦ ਕੀਤੀ ਗਈ ਹੈ। ਦੱਸਣਾ ਬਣਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਨਿਯਮਾਂ ਮੁਤਾਬਕ ਕੋਈ ਵੀ ਵਿਅਕਤੀ ਦਸ ਹਜ਼ਾਰ ਤੋਂ ਵੱਧ ਦੀ ਨਕਦੀ ਰਾਸ਼ੀ ਆਪਣੇ ਨਾਲ ਏਧਰ ਓਧਰ ਨਹੀਂ ਲਿਆ ਸਕਦਾ ਹੈ। ਜੇਕਰ ਇਸ ਤੋਂ ਵੱਧ ਰਾਸ਼ੀ ਉਸ ਨੇ ਕਿਤੇ ਲਿਜਾਣੀ ਹੈ ਤਾਂ ਉਸਨੂੰ ਇਸਦੇ ਲਈ ਪੁਖ਼ਤਾ ਸੂਤ ਵੀ ਨਾਲ ਰੱਖਣਾ ਜ਼ਰੂਰੀ ਹੁੰਦੇ ਹਨ
ਕਿਰਤੀ ਕਿਸਾਨ ਯੂਨੀਅਨ ਵਲੋਂ ਚੋਣਾਂ ’ਚ ਕਿਸੇ ਵੀ ਪਾਰਟੀ ਦੀ ਹਿਮਾਇਤ ਨਾ ਕਰਨ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਦੱਸਿਆ ਕਿ ਅੱਜ ਸਥਾਨਕ ਟੀਚਰਜ਼ ਹੋਮ ਵਿੱਚ ਜਥੇਬੰਦੀ ਦੀ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਕਿਸਾਨੀ ਮਸਲੇ ਵਿਚਾਰੇ ਗਏ ਤੇ ਕਿਸਾਨੀ ਦੇ ਸਮੁੱਚੇ ਕਰਜਾ ਮੁਆਫੀ ਤੇ ਐੱਮਐੱਸਪੀ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਇਸਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਵਿਧਾਨ ਸਭਾ ਚੋਣਾਂ ਵਿੱਚ ਯੂਨੀਅਨ ਕਿਸੇ ਵੀ ਪਾਰਟੀ ਦੀ ਮੱਦਦ ਨਹੀਂ ਕਰੇਗੀ ਤੇ ਨਾ ਹੀ ਅਪਣਾ ਕੋਈ ਉਮੀਦਵਾਰ ਖੜਾ ਕਰੇਗੀ। ਜਥੇਬੰਦੀ ਨੇ ਪਾਰਟੀਆਂ ਤੋਂ ਝਾਕ ਛੱਡ ਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਵੀ ਦਿੱਤਾ। ਆਗੂਆਂ ਨੇ ਕਿਹਾ ਕਿ ਯੂਨੀਅਨ ਚੋਣਾਂ ਮੌਕੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੀ ਸੱਥ ਚ ਜਾਵੇਗੀ। ਮੀਟਿੰਗ ਦੌਰਾਨ ਜਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਸਕੱਤਰ ਸਵਰਨ ਸਿੰਘ, ਜ਼ਿਲ੍ਹਾ ਖਜਾਨਚੀ ਬਖਸ਼ੀਸ਼ ਸਿੰਘ ਖ਼ਾਲਸਾ ਬਣਾਇਆ ਗਿਆ। ਇਸ ਮੌਕੇ ਸੂਬਾ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਦਾ ਮੁਲਾਜਮ ਆਗੂਆਂ ਦਰਸ਼ਨ ਮੌੜ ਤੇ ਰਣਜੀਤ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਮੀਟਿੰਗ ਵਿਚ ਸੁਖਮੰਦਰ ਸਿੰਘ ਸਰਾਭਾ, ਬਾਵਾ ਸਿੰਘ, ਬਲਦੇਵ ਸਿੰਘ, ਮੀਤਾ ਸਿੰਘ, ਮਨਜੀਤ ਸਿੰਘ, ਰਘਵੀਰ ਸਿੰਘ, ਬੰਤ ਸਿੰਘ, ਗਿਆਨ ਸਿੰਘ , ਮਨਜੀਤ ਸਿੰਘ, ਬਲਤੇਜ ਸਿੰਘ, ਜਸਵੰਤ ਸਿੰਘ ਜ਼ੈਲਦਾਰ, ਜੀਤ ਸਿੰਘ, ਹੈਪੀ ਸਿੰਘ, ਬੱਬੂ ਸਿੰਘ, ਅਜਾਇਬ ਸਿੰਘ ਤੇ ਗੇਲਾ ਸਿੰਘ ਸੰਧੂ ਆਦਿ ਹਾਜ਼ਰ ਸਨ।
ਅਧਿਆਪਕ ਦੀ ਮੁਅੱਤਲੀ ਦੇ ਵਿਰੋਧ ’ਚ ਘੇਰਿਆ ਡੀ.ਈ.ਓ ਦਫਤਰ
ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਪਿਛਲੇ ਸਮੇਂ ਦੌਰਾਨ ਸ.ਹਾਈ ਸਕੂਲ ਸਰਦਾਰਗੜ ਦੇ ਐੱਸ ਐੱਸ ਮਾਸਟਰ ਕੁਲਦੀਪ ਸਿੰਘ ਦੀ ਬਿਨਾਂ ਕੋਈ ਪੜਤਾਲ ਕੀਤੇ ਮੁਅੱਤਲੀ ਵਿਰੁਧ ਅੱਜ ਅਧਿਆਪਕ ਜਥੇਬੰਦੀ ਡੀਟੀਐਫ਼ ਵਲੋਂ ਸਥਾਨਕ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਰੇਸਮ ਸਿੰਘ, ਸੂਬਾ ਆਗੂ ਜਸਵਿੰਦਰ ਸਿੰਘ ਤੇ ਨਵਚਰਨ ਪ੍ਰੀਤ ਕੌਰ ਨੇ ਦੋਸ਼ ਲਗਾਇਆ ਕਿ ਇਸ ਮੁੱਦੇ ’ਤੇ ਡੀ.ਈ.ਓ ਤੇ ਉਪ ਮੁੱਖੀ ਅਧਿਆਪਕਾਂ ਦੀ ਗੱਲ ਸੁਨਣ ਦੀ ਬਿਜਾਏ ਜਾਣਬੁੱਝ ਕੇ ਦਫਤਰ ਤੋਂ ਬਾਹਰ ਚਲੇ ਗਏ ਜਿਸ ਕਰਕੇ ਅੱਜ ਜੱਥੇਬੰਦੀ ਵੱਲੋਂ ਮਜਬੂਰਨ ਜ਼ਿਲ੍ਹਾ ਸਿੱਖਿਆ ਦਫਤਰ ਦਾ ਘਿਰਾਓ ਕਰਨਾ ਪਿਆ। ਓਹਨਾ ਦੋਸ਼ ਲਗਾਇਆ ਕਿ ਸਿੱਖਿਆ ਅਧਿਕਾਰੀ ਉਕਤ ਅਧਿਆਪਕ ਦੀ ਮੁਅੱਤਲੀ ਅਤੇ ਬਦਲੀ ਦੀ ਪੜਤਾਲ ਇਥੋਂ ਵਿਤ ਮੰਤਰੀ, ਸ਼ਹਿਰ ਦੀ ਇੱਕ ਰਾਜਨੀਤਕ ਆਗੂ ਤੇ ਇੱਕ ਮੰਤਰੀ ਦੇ ਰਿਸ਼ਤੇਦਾਰ ਦੇ ਇਸ਼ਾਰਿਆਂ ’ਤੇ ਲਮਕਾ ਰਹੇ ਹਨ । ਪਰ ਜੱਥੇਬੰਦੀ ਕਿਸੇ ਵੀ ਅਧਿਆਪਕ ਨਾਲ ਧੱਕੇਸ਼ਾਹੀ ਸਹਿਣ ਨਹੀ ਕਰੇਗੀ ।
ਪ੍ਰਸ਼ਾਸਨ ਦੇ ਰਵੱਈਏ ਤੋਂ ਦੁਖੀ ਕਿਸਾਨਾਂ ਨੇ ਅੱਜ ਮੁੜ ਘੇਰਿਆ ਡੀਸੀ ਦਾ ਦਫ਼ਤਰ
ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਨਰਮੇ ਦੀ ਫ਼ਸਲ ਦੇ ਖ਼ਰਾਬੇ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰਦੇ ਆ ਰਹੇ ਕਿਸਾਨਾਂ ਨੇ ਅੱਜ ਮੁੜ ਪ੍ਰਸ਼ਾਸ਼ਨ ਦੇ ਰਵੱਈਏ ਤੋਂ ਤੰਗ ਆ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕਰ ਲਿਆ। ਡਿਪਟੀ ਕਮਿਸ਼ਨਰ ਵਲੋਂ ਕਿਸਾਨ ਆਗੂਆਂ ਦੇ ਵਫਦ ਨੂੰ ਮਿਲਣ ਤੋਂ ਟਾਲਾ ਵਟਣ ਦੀਆਂ ਕੰਨਸੋਆ ਮਿਲਣ ’ਤੇ ਵੱਡੀ ਗਿਣਤੀ ਵਿਚ ਇਕੱਠੇ ਹੋੲੈ ਕਿਸਾਨਾਂ ਨੇ ਅੱਜ ਸਕੱਤਰੇਤ ਵਿਚ ਧਾਵਾਂ ਬੋਲਦਿਆਂ ਡਿਪਟੀ ਕਮਿਸ਼ਨਰ ਦੇ ਮੁੱਖ ਦਫਤਰ ਅੱਗੇ ਧਰਨਾ ਜੜ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇਂ ਜ਼ਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਦੇਵ ਸਿੰਘ ਜੋਗੇਵਾਲਾ ,ਬਸੰਤ ਸਿੰਘ ਕੋਠਾਗੁਰੂ ਪਰਮਜੀਤ ਕੌਰ ਪਿੱਥੋ ,ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ਦੀ ਅਗਵਾਈ ਵਿਚ ਕਿਸਾਨਾਂ ਦਾ ਇਹ ਵਫ਼ਦ ਕਿਸਾਨੀ ਮੰਗਾਂ ਸਬੰਧੀ ਡੀ ਸੀ ਨੂੰ ਮਿਲਣ ਪਹੁੰਚਿਆ ਹੋਇਆ ਸੀ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਡਿਪਟੀ ਕਮਿਸ਼ਨਰ ਵੱਲੋਂ ਲਗਾਤਾਰ ਕਿਸਾਨ ਆਗੂਆਂ ਨਾਲ ਮੀਟਿੰਗ ਕਰਨ ਤੋਂ ਵੱਟੇ ਜਾ ਰਹੇ ਟਾਲੇ ਦੇ ਵਿਰੋਧ ਵਿੱਚ ਕਿਸਾਨਾਂ ਨੂੰ ਇਹ ਕਦਮ ਚੁੱਕਣਾ ਪਿਆ। ਜਿਸਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਦੀ ਹਾਮੀ ਭਰੀ। ਮੀਟਿੰਗ ਦੌਰਾਨ ਨਰਮੇ ਦਾ ਮੁਆਵਜ਼ਾ ਵੰਡਣ ’ਚ ਕੀਤੀ ਜਾ ਰਹੀ ਦੇਰੀ ਅਤੇ ਤਹਿਸੀਲਦਾਰਾਂ ਵੱਲੋਂ ਕਿਸਾਨਾਂ ਨੂੰ ਚੈਕ ਦੇਣ ’ਤੇ ਚੋਣ ਕਮਿਸ਼ਨ ਵੱਲੋਂ ਰੋਕ ਲਗਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਝੁਠਲਾਉਂਦਿਆਂ ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਕੋਲ ਮਸਲਾ ਚੁੱਕਿਆ। ਸੂਚਨਾ ਮੁਤਾਬਕ ਡੀਸੀ ਨੇ ਵੀ ਇਹ ਗੱਲ ਮੰਨੀ ਕਿ ਚੋਣ ਕਮਿਸ਼ਨ ਵੱਲੋਂ ਕੋਈ ਰੋਕ ਨਹੀਂ ਲਗਾਈ ਗਈ ਪ੍ਰੰਤੂ ਉਹ ਖ਼ੁਦ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈ ਕੇ ਕੱਲ੍ਹ ਤੋਂ ਬਾਅਦ ਮੁਆਵਜ਼ਾ ਵੰਡਣਾ ਸ਼ੁਰੂ ਕਰ ਦੇਣਗੇ। ਇਸੇ ਤਰ੍ਹਾਂ ਬਾਕੀ ਰਹਿੰਦੀਆਂ ਮੰਗਾਂ ਬਾਰੇ ਭਲਕੇ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ।
ਜਸਪਾਲ ਮਾਨਖੇੜਾ ਬਣੇ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ
ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: 1978 ਤੋਂ ਸਰਗਰਮ ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਹੋਏ ਦੋ ਸਾਲਾ ਚੋਣ ਇਜਲਾਸ ਚੋਣ ਦੌਰਾਨ ਜਸਪਾਲ ਮਾਣਖੇੜਾ ਨੂੰ ਪ੍ਰਧਾਨ ਚੁਣ ਲਿਆ ਗਿਆ। ਦਮਜੀਤ ਦਰਸ਼ਨ ਦੀ ਨਿਗਰਾਨੀ ਹੋਏ ਇਯ ਚੋਣ ਇਜਲਾਸ ਵਿਚ ਪਿਛਲੇ ਦੋ ਸਾਲਾਂ ਦੀ ਵਿੱਤ ਰਿਪੋਰਟ ਪੇਸ ਕੀਤੀ ਗਈ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਦੌਰਾਨ ਰਣਜੀਤ ਗੌਰਵ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਜਦੋਂਕਿ ਹੋਰ ਅਹੁਦੇਦਾਰਾਂ ਵਿੱਚ ਗੁਰਦੇਵ ਖੋਖਰ ਸਰਪ੍ਰਸਤ, ਜੇ ਸੀ ਪਰਿੰਦਾ ਸਲਾਹਕਾਰ, ਡਾ. ਰਵਿੰਦਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਦਿਲਬਾਗ ਸਿੰਘ ਮੀਤ ਪ੍ਰਧਾਨ, ਆਗਾਜਬੀਰ ਸਕੱਤਰ, ਅਮਨ ਦਾਤੇਵਾਸੀਆ ਪ੍ਰਚਾਰ ਸਕੱਤਰ ਅਤੇ ਕਾ. ਜਰਨੈਲ ਭਾਈਰੂਪਾ ਵਿੱਤ ਸਕੱਤਰ ਚੁਣੇ ਗਏ।
ਕਰੋਨਾ ਮਹਾਂਮਾਰੀ: ਹਦਾਇਤਾਂ ’ਚ ਅਣਗਹਿਲੀ ਪਾਈ ਜਾਣ ’ਤੇ ਸਬੰਧਿਤ ਅਧਿਕਾਰੀ ਹੋਣਗੇ ਜ਼ਿੰਮੇਵਾਰ: ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਕਰੋਨਾ ਮਹਾਂਮਾਰੀ ਦੀ ਤੀਜੀ ਸੰਭਾਵੀਂ ਲਹਿਰ ਤੋਂ ਬਚਾਅ ਅਤੇ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਵਲੋਂ ਅੱਜ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਆਦੇਸ਼ ਦਿੱਤੇ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਵੈਕਸੀਨੇਸ਼ਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਵਿਭਾਗ ਦੇ ਕਰਮਚਾਰੀਆਂ ਦੀ ਵੈਕਸੀਨੇਸ਼ਨ ਕਰਾਉਣ ਲਈ ਜ਼ਿੰਮੇਵਾਰ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਜਿਹੜੇ ਖੇਤਰਾਂ ਵਿੱਚ ਆਮ ਲੋਕਾਂ ਦੇ ਘੱਟ ਵੈਕਸੀਨੇਸ਼ਨ ਹੋਈ ਹੈ, ਉਨ੍ਹਾਂ ਖੇਤਰਾਂ ਵਿੱਚ ਪਹਿਲ ਦੇ ਆਧਾਰ ’ਤੇ ਸਪੈਸ਼ਲ ਕੈਂਪ ਲਗਾ ਕੇ ਵੈਕਸੀਨੇਸ਼ਨ ਕਰਨੀ ਯਕੀਨੀ ਬਣਾਈ ਜਾਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਕਰੋਨਾ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਕਰੋਨਾ ਦੀ ਰੋਕਥਾਮ ਬਾਰੇ ਮੈਰਿਜ ਪੈਲੇਸਾਂ, ਕਲੱਬਾਂ ਅਤੇ ਜਿੰਮਾਂ ਆਦਿ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਲੰਘਣਾ ਜਾਂ ਅਣਗਹਿਲੀ ਪਾਈ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਿਤ ਅਧਿਕਾਰੀ ਦੀ ਹੋਵੇਗੀ।





