ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਵਿਖੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ 100 ਫ਼ੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਕਰੋਨਾ ਕਾਲ ਤੋਂ ਬਾਅਦ ਨੌਕਰੀ ਦੇ ਬਾਜ਼ਾਰ ਅਤੇ ਸਿੱਖਿਆ ਦੇ ਬਦਲਦੇ ਸਰੂਪ ਦੁਆਰਾ ਪੈਦਾ ਚੁਨੌਤੀਆਂ ਅਤੇ ਭਿੰਨਤਾਵਾਂ ਦੇ ਬਾਵਜੂਦ ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਸਮੇਂ ਸਮੇਂ ‘ਤੇ ਵੱਖ-ਵੱਖ ਪ੍ਰਸਿੱਧ ਕੰਪਨੀਆਂ ਦੀ ਪਲੇਸਮੈਂਟ ਡਰਾਈਵ ਆਯੋਜਿਤ ਕਰਵਾ ਕੇ ਵਿਦਿਆਰਥੀਆਂ ਨੂੰ ਨੌਕਰੀ ਪ੍ਰਾਪਤ ਕਰਨ ਦੇ ਭਰਪੂਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਅਜਿਹੇ ਸਾਰਥਿਕ ਯਤਨਾਂ ਦੀ ਬਦੌਲਤ ਹਾਲ ਹੀ ਵਿੱਚ ਵੱਖ-ਵੱਖ ਨਾਮਵਰ ਕੰਪਨੀਆਂ ਜਿਵੇਂ ਲਰਨਿੰਗ ਰੂਟਸ ਪ੍ਰਾ. ਲਿਮ., ਅਕੈਡਮੀਆ ਗੁਰੂ ਡਾਟ ਕਾਮ ਅਤੇ ਮੋਹਰੀ ਸਾਫ਼ਟਵੇਅਰ ਡਿਵੈਲਪਮੈਂਟ ਕੰਪਨੀ ‘ਮੇਹਰਸਾਫ਼ਟ ਟੈਕਨਾਲੋਜੀਜ਼ ਪ੍ਰਾ. ਲਿਮ.’ ਦੀ ਪਲੇਸਮੈਂਟ ਡਰਾਈਵ ਦੌਰਾਨ ਬਾਬਾ ਫ਼ਰੀਦ ਕਾਲਜ ਦੇ 5 ਵਿਦਿਆਰਥੀ ਨੌਕਰੀ ਲਈ ਚੁਣੇ ਗਏ।
ਵੱਖ-ਵੱਖ ਕੰਪਨੀਆਂ ਦੇ ਅਧਿਕਾਰੀਆਂ ਨੇ ਐਪਟੀਚਿਊਡ ਟੈੱਸਟ, ਗਰੁੱਪ ਡਿਸਕਸ਼ਨ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਵਿਦਿਆਰਥੀਆਂ ਦੀ ਆਨਲਾਈਨ/ਆਫ਼ਲਾਈਨ ਨਿੱਜੀ ਇੰਟਰਵਿਊ ਕੀਤੀ। ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਇੰਟਰਵਿਊ ਦਿੱਤੀ। ਵਿਦਿਆਰਥੀਆਂ ਦੇ ਤਕਨੀਕੀ ਗਿਆਨ ਅਤੇ ਕਾਰਪੋਰੇਟ ਜਗਤ ਨਾਲ ਸਬੰਧਿਤ ਸਮਝ ਅਤੇ ਜਾਣਕਾਰੀ ਤੋਂ ਕੰਪਨੀ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ। ਵਿਦਿਆਰਥੀਆਂ ਦੀ ਵਧੀਆ ਸੰਚਾਰ ਭਾਸ਼ਾ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਸਿੱਖਿਆ ਸੇਵਾ ਖੇਤਰ ਦੀ ਮੋਹਰੀ ਕੰਪਨੀ ਲਰਨਿੰਗ ਰੂਟਸ ਪ੍ਰਾ. ਲਿਮ ਦੇ ਅਧਿਕਾਰੀਆਂ ਨੇ ਬਾਬਾ ਫ਼ਰੀਦ ਕਾਲਜ ਦੇ ਬੀ.ਸੀ.ਏ. ਪੰਜਵਾਂ ਸਮੈਸਟਰ (ਬੈਚ 2019-22) ਦੀ ਵਿਦਿਆਰਥਣ ਦਿਵਿਆ ਨੂੰ 5.34 ਲੱਖ ਦੇ ਸਾਲਾਨਾ ਪੈਕੇਜ ‘ਤੇ ਸੇਲਜ਼ ਐਸੋਸੀਏਟ ਵਜੋਂ ਨੌਕਰੀ ਲਈ ਚੁਣਿਆ ਹੈ। ਇਸੇ ਤਰ੍ਹਾਂ ਅਕੈਡਮੀਆ ਗੁਰੂ ਡਾਟ ਕਾਮ ਕੰਪਨੀ ਦੇ ਅਧਿਕਾਰੀਆਂ ਨੇ ਬੀ.ਸੀ.ਏ. ਪੰਜਵਾਂ ਸਮੈਸਟਰ (ਬੈਚ 2019-22) ਦੇ ਅਰੀਵ ਅਰੋੜਾ ਨੂੰ ਬਿਜ਼ਨਸ ਡਿਵੈਲਪਮੈਂਟ ਐਗਜ਼ੈਕਟਿਵ ਅਤੇ ਰੰਜੁਲ ਗਰੋਵਰ ਨੂੰ ਸ਼ਾਨਦਾਰ ਪੈਕੇਜ ‘ਤੇ ਮਾਰਕੀਟ ਐਗਜ਼ੈਕਟਿਵ ਵਜੋਂ ਨੌਕਰੀ ਲਈ ਚੁਣਿਆ ਹੈ ਜਦੋਂ ਕਿ ‘ਮੇਹਰਸਾਫ਼ਟ ਟੈਕਨਾਲੋਜੀਜ਼ ਪ੍ਰਾ. ਲਿਮ. ਦੇ ਅਧਿਕਾਰੀਆਂ ਵੱਲੋਂ ਬੀ.ਸੀ.ਏ. ਪੰਜਵਾਂ ਸਮੈਸਟਰ (ਬੈਚ 2019-22) ਦੇ ਵਿਦਿਆਰਥੀ ਆਕਾਸ਼ ਪਾਲਸਨ ਅਤੇ ਤਰਨ ਕੁਮਾਰ ਨੂੰ ਜੂਨੀਅਰ ਸਾਫ਼ਟਵੇਅਰ ਡਿਵੈਲਪਰ ਦੇ ਤੌਰ ‘ਤੇ ਨੌਕਰੀ ਲਈ ਚੁਣ ਲਿਆ ਗਿਆ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਦੀ ਇਸ ਅਹਿਮ ਪ੍ਰਾਪਤੀ ‘ਤੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਇੰਡਸਟਰੀ ਅਤੇ ਕਾਰਪੋਰੇਟ ਜਗਤ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਸਿੱਖਿਆ, ਸਿਖਲਾਈ ਅਤੇ ਹੁਨਰ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਬਾਬਾ ਫ਼ਰੀਦ ਕਾਲਜ ਦੇ ਮਿਹਨਤੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਪਾਏ ਜਾ ਰਹੇ ਯੋਗ ਦਾਨ ਦੀ ਪ੍ਰਸੰਸਾ ਕਰਦਿਆਂ ਹੋਣਹਾਰ ਵਿਦਿਆਰਥੀਆਂ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ ।
ਬੀ.ਐਫ.ਜੀ.ਆਈ. ਦੇ 5 ਵਿਦਿਆਰਥੀ ਨੌਕਰੀ ਲਈ ਚੁਣੇ ਗਏ
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਕਾਂਗਰਸ ਵਿਚ ਸ਼ਾਮਲ
ਮੋਗਾ ਹਲਕੇ ਤੋਂ ਟਿਕਟ ਨੂੰ ਲੈ ਕੇ ਮੱਚਿਆ ਘਮਾਸਾਨ
ਸਿਟਿੰਗ ਵਿਧਾਇਕ ਹਰਜੌਤ ਕਮਲ ਨੇ ਪਾਰਟੀ ਤੋਂ ਮੰਗਿਆ ਇਨਸਾਫ਼
ਸੁਖਜਿੰਦਰ ਮਾਨ
ਮੋਗਾ, 10 ਜਨਵਰੀ : ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀਆਂ ਚਰਚਾਵਾਂ ਨੂੰ ਸੱਚ ਕਰਦਿਆਂ ਅੱਜ ਉਘੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਪਾਰਟੀ ‘ਚ ਸਾਮਲ ਹੋ ਗਈ ਹੈ। ਇਸ ਮੌਕੇ ਵਿਸੇਸ ਤੌਰ ’ਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁੱਜੇ ਹੋਏ ਸਨ। ਸੂਚਨਾ ਮੁਤਾਬਕ ਪਾਰਟੀ ਵਲੋਂ ਉਨ੍ਹਾਂ ਨੂੰ ਮੋਗਾ ਹਲਕੇ ਤੋਂ ਟਿਕਟ ਦਿੱਤੀ ਜਾ ਸਕਦੀ ਹੈ। ਜਿਸਦੇ ਚੱਲਦੇ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਿੰਟਿਗ ਵਿਧਾਇਕ ਹਰਜੋਤ ਕਮਲ ਦੇ ਖੇਮੇ ਵਿਚ ਹਲਚਲ ਮਚ ਗਈ ਹੈ। ਪਤਾ ਲੱਗਿਆ ਹੈ ਕਿ ਵਿਧਾਇਕ ਨੇ ਵੀ ਅਪਣੇ ਸਮਰਥਕਾਂ ਨੂੰ ਇਕੱਠਾ ਕਰਕੇ ਅਗਲੇ ਐਕਸ਼ਨ ਦੀ ਤਿਆਰੀ ਵਿੱਢ ਦਿੱਤੀ ਹੈ। ਉਨ੍ਹਾਂ ਅਪਣੇ ਘਰ ਕਾਂਗਰਸੀ ਕੌਂਸਲਰਾਂ ਅਤੇ ਸਰਪੰਚਾਂ ਨੂੰ ਇਕੱਠਾ ਕਰਕੇ ਇੱਕ ਤਰ੍ਹਾਂ ਨਾਲ ਕਾਂਗਰਸ ਹਾਈਕਮਾਂਡ ਨੂੰ ਇਸ਼ਾਰਾ ਕਰ ਦਿੱਤਾ ਹੈ ਕਿ ਜੇਕਰ ਉਸਨੂੰ ਟਿਕਟ ਨਾ ਮਿਲੀ ਤਾਂ ਉਹ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਦੂਜੇ ਪਾਸੇ ਵਿਧਾਇਕ ਵਿਰੋਧੀ ਖੇਮੇ ’ਚ ਮਾਲਵਿਕਾ ਸੂਦ ਨੂੰ ਕਾਂਗਰਸ ਵਿਚ ਸਾਮਲ ਕਰਨ ’ਤੇ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਪੰਜਾਬ ਪੁਲਿਸ ਨੇ ਆਈ.ਐਸ.ਵਾਈ.ਐਫ. ਦੀ ਹਮਾਇਤ ਵਾਲੇ ਅੱਤਵਾਦੀ ਗਿਰੋਹ ਦਾ ਕੀਤਾ ਪਰਦਾਫਾਸ਼
ਪਠਾਨਕੋਟ ਆਰਮੀ ਕੈਂਪ ’ਤੇ ਹੋਏ ਗਰਨੇਡ ਹਮਲੇ ਦੀ ਗੁੱਥੀ ਸੁਲਝਾਈ
ਪੁਲਿਸ ਵਲੋਂ 6 ਹੱਥਗੋਲੇ, ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ 6 ਵਿਅਕਤੀ ਗਿ੍ਰਫਤਾਰ
ਇਨਾਂ ਅੱਤਵਾਦੀ ਹਮਲਿਆਂ ਪਿੱਛੇ ਪਾਕਿ ਅਧਾਰਤ ਆਈਐਸਵਾਈਐਫ ਦੇ ਮੁਖੀ ਲਖਬੀਰ ਸਿੰਘ ਰੋਡੇ ਅਤੇ ਗ੍ਰੀਸ ਅਧਾਰਤ ਸੁਖਪ੍ਰੀਤ ਉਰਫ ਸੁੱਖ ਦਾ ਹੱਥ: ਡੀਜੀਪੀ ਪੰਜਾਬ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਜਨਵਰੀ :ਪੰਜਾਬ ਪੁਲਿਸ ਨੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਗਰੁੱਪ ਵੱਲੋਂ ਹਮਾਇਤ ਪ੍ਰਾਪਤ ਅੱਤਵਾਦੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਿਰੋਹ ਦੇ 6 ਕਾਰਕੁਨਾਂ ਨੂੰ ਗਿ੍ਰਫਤਾਰ ਕਰਕੇ, ਪਠਾਨਕੋਟ ਆਰਮੀ ਕੈਂਪ ‘ਤੇ ਹੋਏ ਹਮਲੇ ਸਮੇਤ ਹੈਂਡ ਗ੍ਰੇਨੇਡ ਹਮਲਿਆਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ।ਇਸ ਸਬੰਧੀ ਇੱਥੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਵੀ.ਕੇ ਭਾਵਰਾ ਨੇ ਦੱਸਿਆ ਕਿ ਐਸ.ਬੀ.ਐਸ. ਨਗਰ ਪੁਲਿਸ ਨੇ ਉਨਾਂ ਦੇ ਕਬਜ਼ੇ ਵਿੱਚੋਂ ਛੇ ਹੈਂਡ ਗਰਨੇਡ (86 ਪੀ), ਇੱਕ ਪਿਸਤੌਲ (9 ਐਮਐਮ), ਇੱਕ ਰਾਈਫਲ (.30 ਬੋਰ) ਦੇ ਨਾਲ-ਨਾਲ ਜਿੰਦਾ ਕਾਰਤੂਸ ਅਤੇ ਮੈਗਜ਼ੀਨਾਂ ਵੀ ਬਰਾਮਦ ਕੀਤੀਆਂ ਹਨ।ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਦਾਸਪੁਰ ਦੇ ਪਿੰਡ ਲਖਨਪਾਲ ਦੇ ਅਮਨਦੀਪ ਉਰਫ ਮੰਤਰੀ, ਗੁਰਦਾਸਪੁਰ ਦੇ ਪਿੰਡ ਖਰਲ ਦੇ ਗੁਰਵਿੰਦਰ ਸਿੰਘ ਉਰਫ ਗਿੰਦੀ, ਗੁਰਦਾਸਪੁਰ ਦੇ ਪਿੰਡ ਖਰਲ ਦੇ ਪਰਮਿੰਦਰ ਕੁਮਾਰ ਉਰਫ ਰੋਹਿਤ ਉਰਫ ਰੋਹਤਾ, ਗੁਰਦਾਸਪੁਰ ਦੇ ਪਿੰਡ ਗੁੰਨੂਪੁਰ ਦੇ ਰਜਿੰਦਰ ਸਿੰਘ ਉਰਫ ਮੱਲੀ ਉਰਫ ਨਿੱਕੂ, ਗੁਰਦਾਸਪੁਰ ਦੇ ਪਿੰਡ ਗੋਤਪੋਕਰ ਦੇ ਹਰਪ੍ਰੀਤ ਸਿੰਘ ਉਰਫ ਢੋਲਕੀ ਅਤੇ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ ਰਮਨ ਕੁਮਾਰ ਵਜੋਂ ਹੋਈ ਹੈ। ।ਇਸ ਸਬੰਧੀ ਪ੍ਰਾਪਤਕ ਜਾਣਕਾਰੀ ਮੁਤਾਬਕ, ਦੋ ਮਾਮਲਿਆਂ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਪਠਾਨਕੋਟ ਵਿਖੇ ਹੈਂਡ ਗ੍ਰਨੇਡ ਸੁੱਟੇ ਸਨ- ਪਹਿਲਾ ਹਮਲਾ 11 ਨਵੰਬਰ, 2021 ਨੂੰ ਰਾਤ 9:30 ਵਜੇ ਚੱਕੀ ਪੁੱਲ ਨੇੜੇ, ਜਦੋਂ ਕਿ ਦੂਜਾ ਗ੍ਰਨੇਡ ਹਮਲਾ ਫੌਜ ਦੇ 21 ਉਪ ਖੇਤਰ ਤਿ੍ਰਵੇਣੀ ਦੁਆਰ ਦੇ ਬਾਹਰ ਪਠਾਨਕੋਟ ਵਿਖੇ 21 ਨਵੰਬਰ, 2021 ਨੂੰ ਰਾਤ 9 ਵਜੇ ਦੇ ਕਰੀਬ ਹੋਇਆ। । ਇਸ ਸਬੰਧੀ ਪੁਲਿਸ ਸਟੇਸ਼ਨ ਪਠਾਨਕੋਟ ਡਿਵੀਜਨ 2 ਅਤੇ ਡਿਵੀਜਨ 1 ਵਿੱਚ ਕ੍ਰਮਵਾਰ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਲਈ ਉਹ ਆਈ.ਐਸ.ਵਾਈ.ਐਫ (ਰੋਡੇ) ਦੇ ਸਵੈ-ਘੋਸ਼ਿਤ ਮੁਖੀ ਲਖਬੀਰ ਸਿੰਘ ਰੋਡੇ ਅਤੇ ਉਸ ਦੇ ਨਜਦੀਕੀ ਸਾਥੀਆਂ ਸੁਖਮੀਤਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ ਅਤੇ ਸੁਖਪ੍ਰੀਤ ਉਰਫ ਸੁੱਖ ਦੇ ਸਿੱਧੇ ਸੰਪਰਕ ਵਿੱਚ ਸਨ। ਉਨਾਂ ਕਿਹਾ “ ਬਰਾਮਦ ਕੀਤੇ ਗਏ ਹੈਂਡ ਗ੍ਰਨੇਡ, ਹਥਿਆਰ ਅਤੇ ਗੋਲਾ ਬਾਰੂਦ ਦੀ ਸਾਰੀ ਖੇਪ ਲਖਬੀਰ ਰੋਡੇ ਵੱਲੋਂ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਇੱਧਰ ਲਿਆਂਦੀ ਗਈ ਸੀ ਅਤੇ ਗਿ੍ਰਫਤਾਰ ਕੀਤੇ ਗਏ ਦੋਸ਼ੀਆਂ ਨੂੰ ਪਹਿਲਾਂ ਤੋਂ ਮਿੱਥੇ ਗਏ ਟੀਚੇ ,ਜਿਸ ਵਿੱਚ ਮੁੱਖ ਤੌਰ ‘ਤੇ ਪੁਲਿਸ ਅਤੇ ਰੱਖਿਆ ਸੰਸਥਾਵਾਂ, ਧਾਰਮਿਕ ਸਥਾਨਾਂ ਆਦਿ ਸ਼ਾਮਲ ਹਨ, ‘ਤੇ ਹੋਰ ਹਮਲੇ ਕਰਨ ਲਈ ਕੰਮ ਸੌਂਪਿਆ ਗਿਆ ਸੀ।“ ਉਨਾਂ ਕਿਹਾ ਕਿ ਮੁਲਜਮਾਂ ਨੇ ਪਠਾਨਕੋਟ ਵਿੱਚ ਦੋ ਵਾਰ ਹੱਥਗੋਲੇ ਸੁੱਟਣ ਦੀ ਗੱਲ ਵੀ ਕਬੂਲੀ ਹੈ।ਐਸ.ਬੀ.ਐਸ ਨਗਰ ਦੀ ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਐਸਬੀਐਸ ਨਗਰ ਪੁਲਿਸ ਨੇ ਯੂਏ(ਪੀ) ਐਕਟ ਦੀ ਧਾਰਾ 16,17,18 ਅਤੇ 20, ਵਿਸਫੋਟਕ ਪਦਾਰਥ ਐਕਟ ਦੀ ਧਾਰਾ 4 ਅਤੇ 5 ਅਤੇ ਆਰਮਜ ਐਕਟ ਦੀ ਧਾਰਾ 25 ਤਹਿਤ ਮਿਤੀ 07-01-2022 ਨੂੰ ਥਾਣਾ ਸਿਟੀ ਨਵਾਂਸਹਿਰ ਵਿਖੇ ਐਫ.ਆਈ.ਆਰ ਦਰਜ ਕੀਤੀ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਜਿਕਰਯੋਗ ਹੈ ਕਿ ਲਖਬੀਰ ਰੋਡੇ ਦੀ ਭੂਮਿਕਾ 16 ਅਕਤੂਬਰ 2020 ਨੂੰ ਭਿੱਖੀਵਿੰਡ ਵਿਖੇ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਤੋਂ ਇਲਾਵਾ ਅਗਸਤ 2021 ਵਿੱਚ ਜਲੰਧਰ ਤੋਂ ਉਸਦੇ ਰਿਸ਼ਤੇਦਾਰ ਗੁਰਮੁਖ ਸਿੰਘ ਰੋਡੇ ਤੋਂ ਟਿਫਿਨ ਆਈ.ਈ.ਡੀ., ਆਰ.ਡੀ.ਐਕਸ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਵਿੱਚ ਵੀ ਪਾਈ ਗਈ ਸੀ। ਸੁਖਮੀਤਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ, ਜੋ ਕਿ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਅਤੇ 10 ਫਰਵਰੀ, 2020 ਨੂੰ ਧਾਰੀਵਾਲ ਵਿਖੇ ਹਨੀ ਮਹਾਜਨ ‘ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਵੀ ਸ਼ਾਮਲ ਹੋਣ ਕਰਕੇ , ਇਸ ਸਮੇਂ ਤਿਹਾੜ ਜੇਲ, ਦਿੱਲੀ ਵਿੱਚ ਬੰਦ ਹੈ । ਉਸਨੂੰ ਦਸੰਬਰ, 2020 ਵਿੱਚ ਦੁਬਈ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਭਿਖਾਰੀਵਾਲ ਨੇ ਇਹਨਾਂ ਜੁਰਮਾਂ ਨੂੰ ਅੰਜਾਮ ਦੇਣ ਲਈ ਪੈਦਲ ਸਿਪਾਹੀ, ਹਥਿਆਰ ਅਤੇ ਗੋਲਾ ਬਾਰੂਦ, ਲੌਜਿਸਟਿਕਸ, ਫੰਡ ਆਦਿ ਪ੍ਰਦਾਨ ਕੀਤੇ ਸਨ।
ਸਾਬਕਾ ਮੰਤਰੀ ਬਿਕਰਮ ਮਜੀਠਿਆ ਨੂੰ ਮਿਲੀ ਜਮਾਨਤ
ਜਾਂਚ ’ਚ ਹੋਣਾ ਪਏਗਾ ਸ਼ਾਮਲ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਜਨਵਰੀ : ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਕੇਸ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆਂ ਅੰਤਿਮ ਜਮਾਨਤ ਦੇ ਦਿੱਤੀ ਹੈ। ਹਾਲਾਂਕਿ ਅਦਾਲਤ ਨੇ ਸ: ਮਜੀਠਿਆ ਨੂੰ ਪੁਲਿਸ ਵਲੋਂ ਪੁਛਗਿਛ ਲਈ ਬੁੱਧਵਾਰ ਨੂੰ ਹਾਜ਼ਰ ਹੋਣ ਦੀਆਂ ਵੀ ਹਿਦਾਇਤਾਂ ਦਿੱਤੀਆਂ ਹਨ। ਉਜ ਅਦਾਲਤ ਨੇ ਪੁਲਿਸ ਨੂੰ ਇਹ ਵੀ ਹਿਦਾਇਤ ਦਿੱਤੀ ਹੈ ਕਿ ਉਹ ਪੁੱਛਗਿੱਛ ਦੌਰਾਨ ਮਜੀਠੀਆ ਨੂੰ ਗਿ੍ਰਫਤਾਰ ਨਾ ਕਰੇ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਮਜੀਠਿਆ ਨੇ ਅਪਣੇ ਵਕੀਲਾਂ ਰਾਹੀਂ ਜ਼ਿਲ੍ਹਾ ਤੇ ਸੈਸ਼ਨ ਕੋਰਟ ਮੋਹਾਲੀ ਵਿਚ ਅਗਾਓ ਜਮਾਨਤ ਦੀ ਅਰਜੀ ਲਗਾਈ ਸੀ ਪੰ੍ਰਤੂ ਉਹ ਰੱਦ ਹੋ ਗਈ ਸੀ। ਜਿਸਤੋਂ ਬਾਅਦ ਉਨ੍ਹਾਂ ਹਾਈਕੋਰਟ ਦਾ ਰੁੱਖ ਕੀਤਾ ਸੀ। ਹਾਈਕੋਰਟ ਨੇ 5 ਜਨਵਰੀ ਨੂੰ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਸੀ। ਜਿਸ ‘ਚ ਉਨ੍ਹਾਂ ਨੂੰ ਮਜੀਠੀਆ ਦੀ ਪਟੀਸਨ ‘ਤੇ ਨੋਟਿਸ ਭੇਜ ਕੇ 8 ਜਨਵਰੀ ਤੱਕ ਜਵਾਬ ਦੇਣ ਲਈ ਕਿਹਾ ਗਿਆ ਸੀ। ਇਸ ਦੌਰਾਨ ਅੱਜ ਜਮਾਨਤ ਦੀ ਅਰਜੀ ਨੂੰ ਲੈ ਕੇ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੀ ਤਰਫੋਂ ਪੇਸ਼ ਹੋਏ ਸੀਨੀਅਰ ਵਕੀਲ ਪੀ ਚਿਦੰਬਰਮ ਅਤੇ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਮੁਕੁਲ ਰੋਹਤਗੀ ਵਿਚਕਾਰ ਕਾਫ਼ੀ ਤਿੱਖੀ ਬਹਿਸ ਹੋਈ।
6 ਮਹੀਨਿਆਂ ਬਾਅਦ ਮੁੜ ਬਠਿੰਡਾ ’ਚ ਵਧਿਆ ਕਰੋਨਾ ਦਾ ਕਹਿਰ
ਡੀਸੀ ਦੇ ਭਰਾ ਸਹਿਤ ਮੁੜ ਇੱਕ ਦਿਨ ’ਚ 203 ਕੇਸ ਮਿਲੇ
ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ :ਪਿਛਲੇ ਕੁੱਝ ਦਿਨਾਂ ਤੋਂ ਰਫ਼ਤਾਰ ਫ਼ੜਦੀ ਜਾ ਰਹੀ ਕਰੋਨਾ ਮਹਾਂਮਾਰੀ ਕਾਰਨ ਮੁੜ ਕੇਸਾਂ ਦੀ ਗਿਣਤੀ ਇਕਦਮ ਵਧ ਗਈ ਹੈ। ਬੀਤੇ ਕੱਲ ਜ਼ਿਲ੍ਹੇ ’ਚ 164 ਮਰੀਜ਼ ਮਿਲਣ ਤੋਂ ਬਾਅਦ ਅੱਜ ਇੰਨ੍ਹਾਂ ਦੀ ਗਿਣਤੀ ਵਧਕੇ 203 ਹੋ ਗਈ ਹੈ। ਅੱਜ ਨਵੇਂ ਮਿਲੇ ਮਰੀਜਾਂ ਵਿਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਭਰਾ ਵੀ ਦਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਫ਼ੌਜੀ ਛਾਉਣੀ, ਆਈ.ਜੀ. ਤੇ ਵੱਖ ਵੱਖ ਥਾਣਿਆਂ ਦੇ ਮੁਲਾਜਮਾਂ ਤੋਂ ਇਲਾਵਾ ਰਾਮਾ ਮੰਡੀ ਸਥਿਤ ਰਿਫ਼ਾਈਨਰੀ ਅਤੇ ਆਮ ਸ਼ਹਿਰੀ ਇਸਦੀ ਚਪੇਟ ਵਿਚ ਆ ਰਹੇ ਹਨ। ਉਧਰ ਸਿਹਤ ਵਿਭਾਗ ਨੇ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਕਰੋਨਾ ਟੈਸਟਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਕਰੋਨਾ ਮਰੀਜ਼ਾਂ ਦੀ ਗਿਣਤੀ ਅਚਾਨਕ ਵਧਣ ਕਾਰਨ ਆਮ ਲੋਕ ਸ਼ੱਕ ਪੈਣ ’ਤੇ ਨਾ ਸਿਰਫ਼ ਟੈਸਟ ਕਰਵਾਉਣ ਲਈ ਆ ਰਹੇ ਹਨ, ਬਲਕਿ ਜਿੰਨ੍ਹਾਂ ਦੇ ਕਰੋਨਾ ਟੀਕਾ ਨਹੀਂ ਲੱਗਿਆ, ਉਹ ਟੀਕਾਕਰਨ ਕੇਂਦਰਾਂ ਵਿਚ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ। ਸੂਚਨਾ ਮੁਤਾਬਕ ਕਰੋਨਾ ਦੇ ਵਧਦੇ ਕੇਸਾਂ ਕਾਰਨ ਹੁਣ ਕਰੋਨਾ ਸੈਂਪਲਾਂ ਦੀਆਂ ਰੀਪੋਰਟਾਂ ਵੀ ਲੇਟ ਹੋਣ ਲੱਗੀਆਂ ਹਨ। ਲੈਬਾਂ ’ਤੇ ਵਧਦੇ ਦਬਾਅ ਕਾਰਨ ਸਿਹਤ ਵਿਭਾਗ ਵਲੋਂ ਹੋਰ ਇੰਤਜਾਮ ਕੀਤੇ ਜਾ ਰਹੇ ਹਨ।ਇੱਥੇ ਜਿਕਰ ਕਰਨਾ ਬਣਦਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਸ਼ੁਰੂ ਹੋਈ ਕਰੋਨਾ ਮਹਾਂਮਾਰੀ ਦੀ ਤੇਜ਼ੀ ਲਹਿਰ ਪਿਛਲੀਆਂ ਦੋ ਲਹਿਰਾਂ ਦੇ ਮੁਕਾਬਲੇ ਕਾਫ਼ੀ ਤੇਜੀ ਨਾਲ ਫ਼ੈਲ ਰਹੀ ਹੈ। ਮਾਹਰਾਂ ਨੇ ਦਸਿਆ ਕਿ ਪਹਿਲਾਂ ਦੋਨਾਂ ਲਹਿਰਾਂ ਵਿਚ ਕਰੋਨਾਂ ਦੇ ਇੰਨ੍ਹੇਂ ਕੇਸਾਂ ਦੇ ਵਧਣ ਵਿਚ ਕਾਫ਼ੀ ਸਮਾਂ ਲੱਗਿਆ ਸੀ ਪ੍ਰੰਤੂ ਹੁਣ ਇੱਕ ਤਿਹਾਈ ਕੇਸ ਪਾਜ਼ੀਟਿਵ ਆਉਣ ਲੱਗੇ ਹਨ। ਉਧਰ ਹੁਣ ਜ਼ਿਲ੍ਹੈ ਵਿਚ 800 ਦੇ ਕਰੀਬ ਕਰੋਨਾ ਪਾਜ਼ੀਟਿਵ ਦੇ ਗਤੀਸ਼ੀਲ ਕੇਸ ਹੋ ਗਏ ਹਨ। ਹਾਲਾਂਕਿ ਅੱਜ ਕਰੋਨਾ ਕਾਰਨ ਮੌਤ ਹੋਣ ਤੋਂ ਬਚਾਅ ਰਿਹਾ ਪ੍ਰੰਤੂ ਬੀਤੇ ਕੱਲ ਇਸਦੇ ਕਾਰਨ ਦੋ ਮੌਤਾਂ ਹੋ ਗਈਆਂ ਸਨ। ਉਜ ਰਾਹਤ ਦੀ ਗੱਲ ਇਹ ਵੀ ਹੈ ਕਿ ਜਿਆਦਾਤਰ ਕਰੋਨਾ ਮਰੀਜ਼ ਹਾਲੇ ਤਕ ਘਰਾਂ ਵਿਚ ਹੀ ਏਕਾਂਤਵਸ ਹਨ ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਦੀ ਜਰੂਰਤ ਨਹੀਂ ਪੈ ਰਹੀ ਹੈ।
ਅਕਾਲੀ ਤੇ ਆਪ ਦੇ ਉਮੀਦਵਾਰਾਂ ਨੇ ਬਠਿੰਡਾ ’ਚ ਸੰਭਾਲੇ ਮੋਰਚੇ
ਦੋਨਾਂ ਧਿਰਾਂ ’ਚ ਵੱਡੀ ਬਗਾਵਤ ਤੋਂ ਬਚਾਅ ਪਰ ਅੰਦਰਖ਼ਾਤੇ ਰੋਸ਼ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ : ਹਰ ਵਾਰ ਦੀ ਤਰ੍ਹਾਂ ਉਮੀਦਵਾਰ ਐਲਾਨਣ ਵਿਚ ਪਹਿਲਕਦਮੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਦੂਜੀ ਅਜਿਹੀ ਪਾਰਟੀ ਹੈ, ਜਿਸਨੇ ਸੂਬੇ ਦੀ ਦੂਜੀ ਸਿਆਸੀ ਰਾਜਧਾਨੀ ਮੰਨੇ ਜਾਣ ਵਾਲੇ ਬਠਿੰਡਾ ਜ਼ਿਲ੍ਹੈ ਦੇ ਸਮੂਹ ਵਿਧਾਨ ਸਭਾ ਹਲਕਿਆਂ ਤੋਂ ਅਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਹਨ। ਜਦੋਂਕਿ ਕਾਂਗਰਸ ਤੇ ਭਾਜਪਾ ਗਠਜੋੜ ਹਾਲੇ ਤੱਕ ਇੱਕ ਵੀ ਉਮੀਦਵਾਰ ਦਾ ਐਲਾਨ ਨਹੀਂ ਕਰ ਸਕਿਆ ਹੈ। ਜ਼ਿਲ੍ਹੇ ਵਿਚ ਪੈਂਦੇ 6 ਵਿਧਾਨ ਸਭਾ ਹਲਕਿਆਂ ਵਿਚ ਬੇਸੱਕ ਦੋਨਾਂ ਧਿਰਾਂ ਵਲੋਂ ਉਤਾਰੇ ਉਮੀਦਵਾਰਾਂ ਨੂੰ ਲੈ ਕੇ ਸਭ ਕੁੱਝ ਸ਼ਾਂਤ ਵਿਖਾਈ ਦਿੰਦਾ ਹੈ ਪ੍ਰੰਤੂ ਅੰਦਰਖ਼ਾਤੇ ਟਿਕਟਾਂ ਦੇ ਚਾਹਵਾਨਾਂ ਵਿਚ ਨਰਾਜ਼ਗੀ ਜਰੂਰ ਪਾਈ ਜਾ ਰਹੀ ਹੈ। ਜੇਕਰ ਬਠਿੰਡਾ ਸ਼ਹਿਰੀ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਸਰੂਪ ਸਿੰਗਲਾ ’ਤੇ ਮੁੜ ਤੀਜ਼ੀ ਵਾਰ ਦਾਅ ਖੇਡਿਆ ਹੈ। ਇਸ ਹਲਕੇ ਤੋਂ ਟਿਕਟ ਲੈਣ ਲਈ ਕਾਂਗਰਸ ਵਿਚੋਂ ਅਕਾਲੀ ਦਲ ’ਚ ਆਏ ਬਬਲੀ ਢਿੱਲੋਂ ਤੇ ਸਾਬਕਾ ਭਾਜਪਾ ਆਗੂ ਮੋਹਿਤ ਗੁਪਤਾ ਵੀ ਵੱਡੇ ਦਾਅਵੇਦਾਰ ਸਨ। ਇਸੇ ਤਰ੍ਹਾਂ ਆਪ ਦੀ ਟਿਕਟ ਜਗਰੂਪ ਗਿੱਲ ਦੇ ਖ਼ਾਤੇ ਵਿਚ ਗਈ ਹੈ। ਇਸ ਪਾਰਟੀ ਦੇ ਵੀ ਟਿਕਟ ਦੇ ਅੱਧੀ ਦਰਜ਼ਨ ਦਾਅਵੇਦਾਰ ਸਨ, ਜਿੰਨ੍ਹਾਂ ਵਿਚ ਨਵਦੀਪ ਸਿੰਘ ਜੀਦਾ, ਅੰਮਿ੍ਰਤ ਲਾਲ ਅਗਰਵਾਲ, ਨੀਲ ਗਰਗ, ਮਨਦੀਪ ਕੌਰ ਰਾਮਗੜ੍ਹੀਆ ਆਦਿ ਸ਼ਾਮਲ ਹਨ। ਉਧਰ ਫ਼ੂਲ ਹਲਕੇ ’ਚ ਅਕਾਲੀ ਦਲ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਟਿਕਟ ਦਿੱਤੀ ਹੈ। ਉਹ ਇਸ ਵਾਰ ਦੋ ਟਿਕਟਾਂ ਦੀ ਮੰਗ ਕਰ ਰਹੇ ਸਨ ਪ੍ਰੰਤੂ ਅਕਾਲੀ ਹਾਈਕਮਾਂਡ ਨੇ ਉਨਾਂ ਨੂੰ ਇੱਕ ਟਿਕਟ ਦੇ ਕੇ ਉਨ੍ਹਾਂ ਦੀ ਸਿਆਸੀ ਹਸਤੀ ਨੂੰ ਛੋਟਾ ਕਰ ਦਿੱਤਾ ਹੈ। ਮਲੂਕਾ ਦੇ ਨੇੜਲਿਆਂ ਮੁਤਾਬਕ ਬੇਸ਼ੱਕ ਉਨ੍ਹਾਂ ਦਾ ਆਗੂ ਵਕਤੀ ਤੌਰ ‘ਤੇ ਚੁੱਪ ਹੋ ਗਿਆ ਹੈ ਪ੍ਰੰਤੂੁ ਲੰਮੇ ਸਮੇਂ ਤੱਕ ‘ਦਿਲ’ ’ਤੇ ਲੱਗੀਆਂ ਚੋਟਾਂ ਨੂੰ ਯਾਦ ਰੱਖਣ ਵਾਲੇ ਇਸ ਸਾਬਕਾ ਮੰਤਰੀ ਦੀ ਬਾਦਲ ਪ੍ਰਵਾਰ ਨਾਲ ਦਹਾਕਿਆਂ ਤੋਂ ਨੇੜਤਾ ਵਿਚ ਫਰਕ ਪਿਆ ਜਰੂਰ ਦਿਖ਼ਾਈ ਦਿੰਦਾ ਹੈ। ਦੁੂਜੇ ਪਾਸੇ ਇਸ ਹਲਕੇ ਤੋਂ ਆਪ ਨੇ ਉਘੇ ਗਾਇਕ ਬਲਕਾਰ ਸਿੱਧੂ ਨੂੰ ਟਿਕਟ ਦਿੱਤੀ ਹੈ। ਹਾਲਾਂਕਿ ਇਸ ਹਲਕੇ ਤੋਂ ਪਿਛਲੀਆਂ ਚੋਣਾਂ ਲੜਣ ਵਾਲੇ ਮਨਜੀਤ ਸਿੰਘ ਬਿੱਟੀ ਤੇ ਬੈਂਸਾਂ ਦੀ ਪਾਰਟੀ ਵਿਚੋਂ ਆਏ ਜਤਿੰਦਰ ਭੱਲਾ ਵੀ ਦਾਅਵੇਦਾਰ ਬਣੇ ਹੋਏ ਸਨ। ਇਹ ਦੋਨੋਂ ਆਗੂ ਹਾਲੇ ਉਪਰ ਸ਼ਾਂਤ ਹਨ ਪ੍ਰੰਤੂ ਚੋਣਾਂ ਦੇ ਦਿਨ ਤੱਕ ਇੰਨ੍ਹਾਂ ਦੀਆਂ ਗਤੀਵਿਧੀਆਂ ਆਪ ਉਮੀਦਵਾਰ ਦੇ ਦਿਲ ਦੀਆਂ ਧੜਕਣਾਂ ਜਰੂਰ ਵਧਾਈ ਰੱਖਣਗੀਆਂ। ਤਲਵੰਡੀ ਸਾਬੋ ਹਲਕੇ ਵਿਚ ਮੌਜੂਦਾ ਵਿਧਾਇਕ ਬਲਜਿੰਦਰ ਕੌਰ ਮੁੜ ਉਮੀਦਵਾਰ ਬਣੇ ਹਨ ਪ੍ਰੰਤੂ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਆਪ ਦੇ ਕਈ ਆਗੂ ਉਨ੍ਹਾਂ ਤੋਂ ਦੂਰੀ ਬਣਾਈ ਖੜੇ ਹਨ। ਉਜ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਬੀਬੀ ਇਸ ਹਲਕੇ ਤੋਂ ਪੰਜ ਅੰਕਾਂ ਦਾ ਅੰਕੜਾ ਹਾਸਲ ਕਰਨ ਤੋਂ ਵੀ ਅਸਫ਼ਲ ਰਹੀ ਸੀ। ਦੂਜੇ ਪਾਸੇ ਅਕਾਲੀ ਦਲ ਨੇ ਇੱਥੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਉਮੀਦਵਾਰ ਬਣਾਇਆ ਹੈ। ਸਿੱਧੂ ਕਾਂਗਰਸ ਵਿਚ ਜਾਣ ਤੋਂ ਬਾਅਦ ਮੁੜ ਅਕਾਲੀ ਦਲ ਵਿਚ ਆਏ ਹਨ। ਬੇਸ਼ੱਕ ਉਨ੍ਹਾਂ ਨੂੰ ਕੱਦਾਵਾਰ ਲੀਡਰ ਮੰਨਿਆ ਜਾਂਦਾ ਹੈ ਪ੍ਰੰਤੂ ਸੀਨੀਅਰ ਆਗੂ ਅਮਰਜੀਤ ਸਿੰਘ ਖ਼ਾਨਾ ਦਾ ਖੇਮਾ ਹਾਲੇ ਤੱਕ ਵੀ ਉਨ੍ਹਾਂ ਨਾਲ ਜੁੜ ਨਹੀਂ ਸਕਿਆ ਹੈ। ਯੂਥ ਆਗੂ ਰਵੀਪ੍ਰੀਤ ਸਿੰਘ ਸਿੱਧੂ ਵੀ ਅਕਾਲੀ ਦਲ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਜਿਸਦਾ ਨੁਕਸਾਨ ਜਰੂਰ ਅਕਾਲੀ ਉਮੀਦਵਾਰ ਨੂੰ ਹੋ ਸਕਦਾ ਹੈ। ਹਲਕਾ ਭੁੱਚੋਂ ਮੰਡੀ ਵਿਚ ਅਕਾਲੀ ਦਲ ਨੇ ਮੁੜ ਬਾਹਰਲਾ ਉਮੀਦਵਾਰ ਲਿਆਉਣ ਦਾ ਤਜਰਬਾ ਕੀਤਾ ਹੈ। ਪਿਛਲੀ ਵਾਰ ਮਲੋਟ ਹਲਕੇ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ ਉਮੀਦਵਾਰ ਬਣਾਇਆ ਸੀ ਜਦੋਂਕਿ ਉਸਤੋਂ ਪਹਿਲਾਂ ਮੌਜੂਦਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ’ਤੇ ਦਾਅ ਖੇਡਿਆ ਸੀ ਪ੍ਰੰਤੂ ਦੋਨੋਂ ਵਾਰ ਹੀ ਮੂੰਹ ਦੀ ਖ਼ਾਣੀ ਪਈ। ਇਸ ਵਾਰ ਵੀ ਬਠਿੰਡਾ ਦਿਹਾਤੀ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਦਰਸਨ ਸਿੰਘ ਕੋਟਫੱਤਾ ਨੂੰ ਇੱਥੋਂ ਉਮੀਦਵਾਰ ਬਣਾਇਆ ਹੈ। ਇਸ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਦੇ ਕਈ ਦਾਅਵੇਦਾਰ ਸਨ, ਜਿੰਨ੍ਹਾਂ ਵਿਚ ਟਿਕਟ ਨਾ ਮਿਲਣ ਕਾਰਨ ਮਾਯੂਸੀ ਪਾਈ ਜਾ ਰਹੀ ਹੈ। ਇਸੇ ਤਰ੍ਹਾਂ ਆਪ ਵਲੋਂ ਉਨ੍ਹਾਂ ਦੇ ਮੁਕਾਬਲੇ ਪਿਛਲੇ ਉਮੀਦਵਾਰ ਜਗਸੀਰ ਸਿੰਘ ’ਤੇ ਮੁੜ ਵਿਸਵਾਸ ਜਤਾਇਆ ਹੈ। ਬੇਸ਼ੱਕ ਪਿਛਲੀਆਂ ਚੋਣਾਂ ਸਮੇਂ ਆਪ ਦੇ ਹੱਕ ਵਿਚ ਚੱਲੀ ਹਨੇਰੀ ਕਾਰਨ ਉਕਤ ਉਮੀਦਵਾਰ ਜਿੱਤਦੇ ਜਿੱਤਦੇ ਹਾਰੇ ਸਨ ਪ੍ਰੰਤੂ ਇਸ ਵਾਰ ਹਾਲਾਤ ਬਦਲੇ ਹੋਏ ਨਜ਼ਰ ਆ ਰਹੇ ਹਨ। ਨਾ ਹੀ ਆਪ ਦੇ ਹੱਕ ਵਿਚ ਹਨੇਰੀ ਚੱਲਦੀ ਦਿਖ਼ਾਈ ਦੇ ਰਹੀ ਹੈ ਤੇ ਨਾ ਹੀ ਸਮੂਹ ਆਪ ਆਗੂ ਇਕਜੁਟ ਹੁੰਦੇ ਦਿਸ ਰਹੇ ਹਨ। ਇਸ ਹਲਕੇ ਤੋਂ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵੀਆ ਵੀ ਮਜਬੂਤ ਉਮੀਦਵਾਰ ਮੰਨੇ ਜਾਂਦੇ ਸਨ, ਜਿਹੜੇ ਟਿਕਟ ਨਾ ਮਿਲਣ ਕਾਰਨ ਅੰਦਰੋ-ਅੰਦਰ ਨਿਰਾਸ ਦਿਖਾਈ ਦੇ ਰਹੇ ਹਨ। ਉਧਰ ਬਠਿੰਡਾ ਦਿਹਾਤੀ ਹਲਕੇ ਤੋਂ ਆਪ ਨੇ ਸਾਬਕਾ ਅਕਾਲੀ ਆਗੂ ਅਮਿਤ ਰਤਨ ਨੂੰ ਅਪਣਾ ਉਮੀਦਵਾਰ ਬਣਾਇਆ ਹੈ। ਇਸ ਹਲਕੇ ਤੋਂ ਜੇਤੂ ਰਹੀ ਰੁਪਿੰਦਰ ਕੌਰ ਰੂਬੀ ਵਲੋਂ ਪਾਰਟੀ ਛੱਡਣ ਤੋਂ ਬਾਅਦ ਕਈ ਆਗੂ ਟਿਕਟ ਲਈ ਮੈਦਾਨ ਵਿਚ ਨਿੱਤਰੇ ਹੋਏ ਸਨ, ਜਿੰਨ੍ਹਾਂ ਦਾ ਰਵੱਈਆ ਆਉਣ ਵਾਲੇ ਸਮੇਂ ਵਿਚ ਮਹੱਤਵਪੂਰਨ ਰਹੇਗਾ। ਅਕਾਲੀ ਦਲ ਨੇ ਇਸ ਹਲਕੇ ਤੋਂ ਵੀ ਬਾਹਰਲੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੂੰ ‘ਪੈਰਾਸੂਟ’ ਰਾਹੀਂ ਲਿਆਂਦਾ ਹੈ। ਜੇਕਰ ਮੋੜ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਅਕਾਲੀ ਦਲ ਨੇ ਜਗਮੀਤ ਸਿੰਘ ਬਰਾੜ ਨੂੰ ਉਮੀਦਵਾਰ ਬਣਾਇਆ ਹੈ, ਜਿਸਦਾ ਮਲੂਕਾ ਧੜੇ ਵਲੋਂ ਡਟਕੇ ਵਿਰੋਧ ਕੀਤਾ ਗਿਆ ਸੀ। ਹਾਲਾਂਕਿ ਹੁਣ ਸਾਰਾ ਕੁੱਝ ਉਪਰੋਂ ਸ਼ਾਂਤ ਵਿਖਾਈ ਦਿੰਦਾ ਹੈ ਪ੍ਰੰਤੂ ਆਉਣ ਵਾਲੇ ਦਿਨਾਂ ’ਚ ਮਲੂਕਾ ਧੜੇ ਦੀਆਂ ਗਤੀਵਿਧੀਆਂ ਅਕਾਲੀ ਉਮੀਦਵਾਰ ਦੀ ਜਿੱਤ ਹਾਰ ’ਤੇ ਜਰੂਰ ਅਸਰ ਪਾਉਣਗੀਆਂ। ਇਸ ਹਲਕੇ ਤੋਂ ਆਪ ਨੇ ਸੁਖਬੀਰ ਮਾਈਸਰਖ਼ਾਨਾ ’ਤੇ ਦਾਅ ਖੇਡਿਆ ਹੈ, ਜਦੋਂਕਿ ਇਸ ਹਲਕੇ ਤੋਂ ਕਈ ਹੋਰ ਮਜਬੂਤ ਉਮੀਦਵਾਰ ਵੀ ਮੌਜੂਦ ਸਨ।
ਐਨ.ਐਚ.ਐਮ ਕਾਮਿਆਂ ਨੇ ਤਨਖ਼ਾਹਾਂ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਕੰਮਛੋੜ ਹੜਤਾਲ
ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ : ਪਿਛਲੇ ਕਰੀਬ ਡੇਢ ਮਹੀਨੇ ਤੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਨ ਵਾਲੇ ਰਾਸਟਰੀ ਸਿਹਤ ਮਿਸ਼ਨ ਦੇ ਕਾਮਿਆਂ ਨੇ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਹੁਣ ਤਨਖ਼ਾਹਾਂ ਜਾਰੀ ਨਾ ਹੋਣ ਨੂੰ ਲੈ ਕੇ ਮੋਰਚਾ ਖੋਲ ਦਿੱਤਾ ਹੈ। ਇੰਨ੍ਹਾਂ ਕਾਮਿਆਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਹਾਲੇ ਤੱਕ ਦਸੰਬਰ ਮਹੀਨੇ ਦੀ ਤਨਖ਼ਾਹ ਜਾਰੀ ਨਹੀਂ ਕੀਤੀ, ਜਿਸ ਕਾਰਨ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਨ ਵਾਲੇ ਐਨ.ਐਚ.ਐਮ ਕਾਮੇ ਅਪਣਾ ਚੁੱਲਾ ਜਗਦਾ ਰੱਖਣ ਤੋਂ ਬਾਅਦ ਔਖੇ ਹੋਏ ਪਏ ਹਨ। ਜਿਸਦੇ ਚੱਲਦੇ ਉਨ੍ਹਾਂ ਵਲੋਂ ਕੰਮਛੋੜ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜਥੇਬੰਦੀ ਦੇ ਆਗੂਆਂ ਨੇ ਦਸਿਆ ਕਿ ਪਿਛਲੇ ਕਈ-ਕਈ ਸਾਲਾਂ ਤੋਂ ਸਿਹਤ ਵਿਭਾਗ ਨੂੰ ਚਲਾਉਣ ਵਾਲੇ ਐਨ.ਐਚ.ਐਮ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਵਾਅਦਾ ਕਰਕੇ ਪੱਕਾ ਨਹੀਂ ਕੀਤਾ। ਉਨ੍ਹਾਂ ਦਸਿਆ ਕਿ ਹੁਣ ਚੋਣ ਜਾਬਤਾ ਲੱਗਣ ਤੋਂ ਬਾਅਦ ਅੱਜ ਉਨ੍ਹਾਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਵਿੱਢਿਆ ਸੰਘਰਸ਼ ਅੱਜ ਸਮਾਪਤ ਕਰ ਦਿੱਤਾ ਸੀ ਪ੍ਰੰਤੂ ਸਰਕਾਰ ਨੇ ਹਾਲੇ ਤੱਕ ਦਸੰਬਰ ਮਹੀਨੇ ਦੀ ਤਨਖ਼ਾਹ ਵੀ ਜਾਰੀ ਨਹੀਂ ਕੀਤੀ। ਇਸ ਮੌਕੇ ਉਨ੍ਹਾਂ ਸਿਵਲ ਸਰਜਨ ਅੱਗੇ ਇਕੱਠੇ ਹੋਏ ਸਰਕਾਰ ਤੇ ਵਿਭਾਗ ਵਿਰੁਧ ਨਾਅਰੇਬਾਜ਼ੀ ਵੀ ਕੀਤੀ।
ਚੋਣ ਜਾਬਤਾ ਲੱਗਣ ਤੋਂ ਬਾਅਦ : ਸੱਤਾਧਿਰ ਦੇ ‘ਚਹੇਤੇ’ ਮੰਨੇ ਜਾਣ ਵਾਲੇ ਅਧਿਕਾਰੀ ਆਏ ਵਿਰੋਧੀਆਂ ਦੀ ਹਿੱਟ ਲਿਸਟ ’ਤੇ!
ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੋ ਦਿਨ ਪਹਿਲਾਂ ਚੋਣ ਕਮਿਸ਼ਨ ਵਲੋਂ ਸੂਬੇ ’ਚ ਚੋਣ ਜਾਬਤਾ ਲਾਗੂ ਕਰਨ ਤੋਂ ਬਾਅਦ ਸੱਤਾਧਾਰੀ ਧਿਰ ਦੇ ਚਹੇਤੇ ਮੰਨੇ ਜਾਂਦੇ ਬਠਿੰਡਾ ’ਚ ਤੈਨਾਤ ਕਈ ਅਧਿਕਾਰੀ ਤੇ ਕਰਮਚਾਰੀ ਵਿਰੋਧੀਆਂ ਦੀ ਹਿੱਟ ਲਿਸਟ ’ਤੇ ਆ ਗਏ ਹਨ। ਪਿਛਲੇ ਸਮੇਂ ਦੌਰਾਨ ਚਰਚਾ ਵਿਚ ਰਹੇ ਇੰਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਗਤੀਵਿਧੀਆਂ ’ਤੇ ਹੁਣ ਵਿਰੋਧੀਆਂ ਨੇ ਤਿੱਖੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਵਿਰੋਧੀ ਧਿਰਾਂ ਵਲੋਂ ਅਜਿਹੇ ਅਧਿਕਾਰੀਆਂ ਦੀ ਲਿਸਟ ਤੇ ਉਨ੍ਹਾਂ ਦੀ ਕੁੱਝ ਸਿਆਸੀ ਆਗੂਆਂ ਨਾਲ ਨੇੜਤਾ ਦੇ ਸਬੂਤ ਇਕੱਤਰ ਕੀਤੇ ਜਾ ਰਹੇ ਹਨ। ਇਸਦੀ ਪੁਸ਼ਟੀ ਕਰਦਿਆਂ ਸੋ੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦਾਅਵਾ ਕੀਤਾ ਕਿ ‘‘ਨਗਰ ਨਿਗਮ ਤੇ ਪੁਲਿਸ ਵਿਭਾਗ ਦੇ ਕੁੱਝ ਅਧਿਕਾਰੀ ਹਾਕਮ ਧਿਰ ਦੇ ਕੁੱਝ ਆਗੂਆਂ ਨਾਲ ਘਿਊ-ਖਿਚੜੀ ਹੋ ਕੇ ਕੰਮ ਕਰ ਰਹੇ ਹਨ ਜਦੋਂਕਿ ਉਨ੍ਹਾਂ ਨੂੰ ਸੰਵਿਧਾਨ ਮੁਤਾਬਕ ਕੰਮ ਕਰਨਾ ਚਾਹੀਦਾ ਹੈ। ’’ ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਅਜਿਹੇ ਅਧਿਕਾਰੀਆਂ ਤੇ ਮੁਲਾਜਮਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਜੇਕਰ ਉਹ ਹੁਣ ਵੀ ਇੱਕ ਪਾਰਟੀ ਦੇ ਵਰਕਰ ਬਣਕੇ ਕੰਮ ਕਰਦੇ ਰਹੇ ਤਾਂ ਸਬੂਤਾਂ ਸਹਿਤ ਉਨ੍ਹਾਂ ਵਿਰੁਧ ਚੋਣ ਕਮਿਸ਼ਨ ਕੋਲ ਸਿਕਾਇਤ ਕੀਤੀ ਜਾਵੇਗੀ। ਉਧਰ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ‘‘ ਚੋਣਾਂ ਇੱਕ ਪਵਿੱਤਰ ਤਿਊਹਾਰ ਹਨ, ਜਿਸ ਵਿਚ ਹਰੇਕ ਅਧਿਕਾਰੀ ਤੇ ਕਰਮਚਾਰੀ ਵਲੋਂ ਨਿਰਪੱਖ ਹੋ ਕੇ ਭੂਮਿਕਾ ਨਿਭਾਉਣ ਦੀ ਉਮੀਦ ਕੀਤੀ ਜਾ ਰਹੀ ਹੈ ਪ੍ਰੰਤੂ ਬਠਿੰਡਾ ਵਿਚ ਕੁੱਝ ਅਧਿਕਾਰੀ ਤੇ ਕਰਚਮਾਰੀ ਅਜਿਹੇ ਵੀ ਹਨ, ਜਿੰਨ੍ਹਾਂ ਦੀ ਪਿਛਲੇ ਸਮੇਂ ਦੌਰਾਨ ਪੱਖਪਾਤੀ ਭੂਮਿਕਾ ਰਹੀ ਹੈ ਤੇ ਅਜਿਹੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁਧ ਯਕੀਨੀ ਤੌਰ ’ਤੇ ਚੋਣ ਕਮਿਸ਼ਨ ਕੋਲ ਸਿਕਾਇਤ ਕੀਤੀ ਜਾਵੇਗੀ। ’’ ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ਇੰਨ੍ਹਾਂ ਅਧਿਕਾਰੀਆਂ ਵਿਚ ਅੱਧੀ ਦਰਜ਼ਨ ਦੇ ਕਰੀਬ ਪੁਲਿਸ ਅਧਿਕਾਰੀ ਵੀ ਸਾਮਲ ਹਨ, ਜਿਹੜੇ ਪੰਜਾਬ ਸਰਕਾਰ ਦੇ ਇੱਕ ਪ੍ਰਭਾਵਸ਼ਾਲੀ ਮੰਤਰੀ ਦੇ ਇਲਾਕੇ ’ਚ ਪਿਛਲੇ ਲੰਮੇ ਸਮੇਂ ਤੋਂ ਤੈਨਾਤ ਹਨ, ਜਿੰਨ੍ਹਾਂ ਵਿਚ ਤਿੰਨ ਗਜਟਿਡ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਦੱਸੇ ਜਾ ਰਹੇ ਹਨ। ਇਸੇ ਤਰ੍ਹਾਂ ਬਠਿੰਡਾ ਨਗਰ ਨਿਗਮ ਵਿਚ ਤੈਨਾਤ ਕੁੱਝ ਅਧਿਕਾਰੀਆਂ ਦੇ ਨਾਮ ਵੀ ਲਏ ਜਾ ਰਹੇ ਹਨ, ਜਿੰਨ੍ਹਾਂ ਵਿਚ ਇੱਕ ਵਿਤ ਮੰਤਰੀ ਦੇ ਨਜਦੀਕੀ ਦਾ ‘ਅੱਖਾਂ ਦਾ ਤਾਰਾ’ ਮੰਨਿਆਂ ਜਾਂਦਾ ਰਿਹਾ ਹੈ। ਇਸਤੋਂ ਇਲਾਵਾ ਸਰਕਾਰ ਦੀ ‘ਅੱਖ ਤੇ ਕੰਨ’ ਮੰਨੇ ਜਾਣ ਵਾਲੇ ਵਿਭਾਗ ਵਿਚ ਤੈਨਾਤ ਇੱਕ ਮੁਲਾਜਮ ਦੀਆਂ ਸੱਤਾਧਾਰੀ ਧਿਰ ਦੇ ਇੱਕ ਆਗੂ ਨਾਲ ਪਿਛਲੇ ਦੋ ਸਾਲਾਂ ਦੀਆਂ ਫ਼ੋਟੋਆਂ ਦੇ ਸਕਰੀਨ ਸ਼ਾਟ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਇੱਕ ਨਜਦੀਕੀ ਵਲੋਂ ਸੰਭਾਲ ਕੇ ਰੱਖੇ ਹੋਏ ਹਨ। ਸੂਤਰਾਂ ਨੇ ਤਾਂ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਐਕਸਾਈਜ਼ ਮਹਿਕਮੇ ਦੇ ਇੱਕ ਅਧਿਕਾਰੀ ਦੀ ‘ਕੁੰਡਲੀ’ ਵੀ ਬਣਾਈ ਜਾ ਰਹੀ ਹੈ। ਇਸੇ ਤਰ੍ਹਾਂ ਪਾਵਰਕਾਮ ਤੇ ਲੋਕ ਨਿਰਮਾਣ ਵਿਭਾਗ ਦੇ ਕੁੱਝ ਅਧਿਕਾਰੀ ਤੇ ਮੁਲਾਜਮਾਂ ’ਤੇ ਵਿਰੋਧੀਆਂ ਵਲੋਂ ਉਗਲ ਚੁੱਕੀ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਨੇ ਇੰਨ੍ਹਾਂ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ‘‘ ਕਾਂਗਰਸ ਪਾਰਟੀ ਨੇ ਕਦੇ ਵੀ ਚੋਣਾਂ ਜਿੱਤਣ ਲਈ ਗਲਤ ਤਰੀਕਾ ਨਹੀਂ ਵਰਤਿਆਂ ਤੇ ਪ੍ਰਸ਼ਾਸਨਿਕ ਅਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਿਹਾ ਹੈ। ’’
ਬਾਕਸ
ਚੋਣ ਅਮਲਾ ਪੂਰੀ ਤਰ੍ਹਾਂ ਨਿਰਪੱਖਤਾ ਨਾਲ ਅਪਣੀ ਭੂਮਿਕਾ ਨਿਭਾਏ: ਡੀਸੀ
ਬਠਿੰਡਾ: ਉਧਰ ਇਸ ਮੁੱਦੇ ’ਤੇ ਗਲ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਹਰੇਕ ਅਧਿਕਾਰੀ ਤੇ ਕਰਮਚਾਰੀ ਨੂੰ ਹਿਦਾਇਤ ਹੈ ਕਿ ਉਹ ਅਪਣੀ ਭੂਮਿਕਾ ਨਿਰਪੱਖ ਤਰੀਕੇ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਿਕਾਇਤ ਹੋਵੇ ਤਾਂ ਉਹ ਕਰ ਸਕਦਾ ਹੈ।
ਚੋਣਾਂ ਸਬੰਧੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦੀ ਅਗਵਾਈ ਹੇਠ ਅਧਿਕਾਰੀਆਂ ਦੀ ਹੋਈ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ ਨੇ ਵਿਧਾਨ ਸਭਾ ਚੋਣਾਂ-2022 ਮੱਦੇਨਜ਼ਰ ਚੋਣ ਬੂਥਾਂ ਤੋਂ ਕੋਵਿਡ-19 ਸਬੰਧੀ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਸਬੰਧੀ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਬਾਜਵਾ ਨੇ ਚੋਣ ਬੂਥਾਂ ਤੋਂ ਬਾਇਓ ਮੈਡੀਕਲ ਵੇਸਟ ਨੂੰ ਨੇੜਲੇ ਵੇਸਟ ਕੁਲੈਕਸਨ ਸੈਂਟਰ (ਪੀ.ਐਚ.ਸੀ.) ਤੱਕ ਸਮੇਂ-ਸਿਰ ਪਹੁੰਚਾਉਣ ਲਈ ਸਿਹਤ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਦਾਇਤਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਜਲ੍ਹਿਾ ਪੱਧਰੀ ਤੇ ਚੋਣ ਬੂਥ ਪੱਧਰ ਤੇ ਨੋਡਲ ਅਫਸਰ (ਆਸਾ ਵਰਕਰ) ਦੀਆਂ ਡਿਊਟੀਆਂ ਨਿਸਚਿਤ ਕਰਨ ਦੀ ਹਦਾਇਤ ਵੀ ਕੀਤੀ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਬਾਜਵਾ ਨੇ ਪੰਜਾਬ ਪ੍ਰਦੂਸਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਬਾਇਓ ਮੈਡੀਕਲ ਵੇਸਟ ਕੁਲੈਕਸਨ ਸੈਂਟਰਾਂ ਤੋਂ ਇਕੱਤਰ ਕਰਨ ਲਈ ਲੋੜੀਂਦੇ ਵਹੀਕਲਾਂ ਦੀ ਗਿਣਤੀ ਤੇ ਕੂੜਾ ਚੁੱਕਣ ਦੀ ਸਮਰੱਥਾ ਅਨੁਸਾਰ ਕਿਸਮ ਨਿਸਚਿਤ ਕਰਨ ਲਈ ਵੀ ਹਦਾਇਤ ਕੀਤੀ। ਬਾਇਓ ਮੈਡੀਕਲ ਵੇਸਟ ਦੀ ਟਰਾਂਸਪੋਟੇਸਨ ਦੌਰਾਨ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਦੀ ਪਾਲਣਾ ਕਰਨੀ ਯਕੀਨੀ ਬਣਾਉਣ। ਕੋਵਿਡ-19 ਨਿਯਮਾਂ ਦੀ ਪਾਲਣਾ ਕਰਦੇ ਹੋਏ (ਬੀ.ਐਮ.ਡਬਲਿਯੂ) ਰੂਲ 2016 ਅਧੀਨ ਵਿਧਾਨ ਸਭਾ ਚੋਣਾਂ ਦੌਰਾਨ ਇਕੱਠੇ ਹੋਏ ਬਾਇਓ ਮੈਡੀਕਲ ਵੇਸਟ ਦੇ ਪੂਰਨ ਨਿਪਟਾਰੇ ਦੇ ਹੁਕਮ ਜਾਰੀ ਕੀਤੇ ਗਏ। ਇਸ ਮੌਕੇ ਉਨ੍ਹਾਂ ਲਾਲ ਤੇ ਪੀਲੇ ਰੰਗ ਦੇ ਕੂੜੇਦਾਨ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਬੈਠਕ ਦੌਰਾਨ ਪੰਜਾਬ ਪ੍ਰਦੂਸਨ ਕੰਟਰੋਲ ਬੋਰਡ ਦੇ ਅਧਿਕਾਰੀ ਸ੍ਰੀ ਰਵੀ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਚੋਣ ਬੂਥਾਂ ਨੇੜਲੇ ਕੁਲੈਕਸਨ ਸੈਂਟਰਾਂ ਦੇ ਰੂਟਾਂ ਦੀ ਪਹਿਚਾਣ ਕਰ ਲਈ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀ ਡਾ. ਰਮਨਦੀਪ ਸਿੰਗਲਾ ਨੇ ਦੱਸਿਆ ਕਿ ਚੋਣ ਬੂਥ ਨੋਡਲ ਅਫਸਰ ਲਗਾਉਣ ਲਈ ਲੋੜੀਂਦਾ ਸਟਾਫ ਉਪਲੱਬਧ ਹੈ ਤੇ ਲੋੜ ਅਨੁਸਾਰ ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਜਾਣਗੀਆਂ।ਇਸ ਮੌਕੇ ਤਹਿਸੀਲਦਾਰ ਚੋਣਾਂ ਸ਼੍ਰੀ ਗੁਰਚਰਨ ਸਿੰਘ, ਜ਼ਿਲ੍ਹਾ ਟ੍ਰੇਨਿੰਗ ਕੁਆਰਡੀਨੇਟਰ ਸ. ਗੁਰਦੀਪ ਸਿੰਘ ਮਾਨ ਤੋਂ ਇਲਾਵਾ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਚੰਡੀਗੜ੍ਹ ਮੇਅਰ ਦੀ ਚੋਣ ‘ਚ ਭਾਜਪਾ ਨੇ ਕੀਤੀ ਲੋਕਤੰਤਰ ਦੀ ਹੱਤਿਆ: ਜਰਨੈਲ ਸਿੰਘ
-ਕਿਹਾ, ਭਾਜਪਾ ਨੇ ‘ਆਪ’ ਦੀ ਇੱਕ ਵੋਟ ਨੂੰ ਜ਼ਬਰਦਸਤੀ ਰੱਦ ਕਰਕੇ ਆਪਣੀ ਪਾਰਟੀ ਦਾ ਮੇਅਰ ਬਣਾ ਕੇ ਜਨਤਾ ਦੇ ‘ਫਤਵੇ’ ਦਾ ਕੀਤਾ ਅਪਮਾਨ
– ਭਾਜਪਾ-ਕਾਂਗਰਸ ਵਿਚਾਲੇ ‘ਗੁਪਤ ਸਮਝੌਤਾ’, ਭਾਜਪਾ ਦਾ ਮੇਅਰ ਬਣਾਉਣ ਲਈ ਜਾਣਬੁੱਝ ਕੇ ਵੋਟਿੰਗ ਤੋਂ ਦੂਰ ਰਹੇ ਕਾਂਗਰਸੀ ਕੌਂਸਲਰ : ਰਾਘਵ ਚੱਢਾ
– ‘ਆਪ’ ਆਗੂ ਨੇ ਪੰਜਾਬ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀਆਂ ਦੇ ‘ਗੁਪਤ ਸਮਝੌਤੇ’ ਤੋਂ ਸੁਚੇਤ ਰਹਿਣ ਦੀ ਵੀ ਕੀਤੀ ਅਪੀਲ
ਸੁਖਜਿੰਦਰ ਮਾਨ
ਚੰਡੀਗੜ੍ਹ, 8 ਜਨਵਰੀ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਅਤੇ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਭਾਜਪਾ ’ਤੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਸ਼ਹਿਰ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ 14 ਸੀਟਾਂ ’ਤੇ ਜੇਤੂ ਬਣਾਇਆ ਸੀ। ਮੇਅਰ ਦੀ ਚੋਣ ਵਿੱਚ ‘ਆਪ’ ਦੀ ਜਿੱਤ ਯਕੀਨੀ ਸੀ, ਪਰ ਭਾਜਪਾ ਨੇ ਜਾਣਬੁੱਝ ਕੇ ਜਨਤਾ ਦੇ ‘ਫਤਵੇ’ ਦਾ ਅਪਮਾਨ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਇੱਕ ਵੋਟ ਰੱਦ ਕਰਵਾ ਕੇ ਧੱਕੇ ਨਾਲ ਆਪਣਾ ਮੇਅਰ ਐਲਾਨ ਦਿੱਤਾ। ਅੱਜ ਇੱਥੇ ਪਾਰਟੀ ਹੈੱਡਕੁਆਰਟਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਜਰਨੈਲ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਦੇ ਮੇਅਰ ਲਈ ਹੋਈਆਂ ਚੋਣਾਂ ਤੋਂ ਸਾਫ਼ ਜ਼ਾਹਰ ਹੋ ਗਿਆ ਹੈ ਕਿ ਮੇਅਰ ਚੋਣਾਂ ਵਿੱਚ ‘ਆਪ’ ਨੂੰ ਹਰਾਉਣ ਲਈ ਭਾਜਪਾ ਅਤੇ ਕਾਂਗਰਸ ਵਿਚਾਲੇ ਅੰਦਰੂਨੀ ਸਮਝੌਤਾ ਹੋਇਆ ਹੈ। ਨਿਗਮ ਚੋਣਾਂ ਵਿੱਚ ਸਿਰਫ਼ 12 ਸੀਟਾਂ ਜਿੱਤਣ ਤੋਂ ਬਾਅਦ ਭਾਜਪਾ ਨੇ ਕਾਂਗਰਸ ਪਾਰਟੀ ਦੇ ਇੱਕ ਕੌਂਸਲਰ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ। ਸੰਸਦ ਮੈਂਬਰ ਦੀ ਇੱਕ ਵੋਟ ਸ਼ਾਮਲ ਕਰਕੇ ਭਾਜਪਾ ਦੀ ਵੋਟ ਦਾ ਅੰਕੜਾ 14 ਤੱਕ ਪਹੁੰਚ ਗਿਆ ਅਤੇ ਇਹਨਾਂ 14 ਵੋਟਾਂ ਨਾਲ ‘ਆਪ’ ਦੀਆਂ 14 ਵੋਟਾਂ ਦੀ ਬਰਾਬਰੀ ਕਰ ਲਈ। ਪਰ ਭਾਜਪਾ ਨੇ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਜ਼ਬਰਦਸਤੀ ਆਪਣੇ ਉਮੀਦਵਾਰ ਨੂੰ ਮੇਅਰ ਬਣਾ ਦਿੱਤਾ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਮੇਅਰ ਦੀ ਚੋਣ ਵਿੱਚ ਲੋਕਤੰਤਰ ਦੀ ਮਰਿਆਦਾ ਨੂੰ ਢਾਹ ਲਾ ਕੇ ਬਹੁਤ ਹੀ ਸ਼ਰਮਨਾਕ ਕਾਰਾ ਕੀਤਾ ਹੈ। ਉਨ੍ਹਾਂ ਚੰਡੀਗੜ੍ਹ ਦੇ ਅਧਿਕਾਰੀਆਂ ’ਤੇ ਭਾਜਪਾ ਦੀ ਮਦਦ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮੇਅਰ ਦੀ ਚੋਣ ਦੀ ਨਿਰਪੱਖਤਾ ਨੂੰ ਬਰਕਰਾਰ ਰੱਖਣ ਲਈ ਵੋਟਾਂ ਦੀ ਮੁੜ ਗਿਣਤੀ ਕਰਵਾਈ ਜਾਵੇ ਅਤੇ ਮੇਅਰ ਦੀ ਮੁੜ ਚੋਣ ਕਰਵਾਈ ਜਾਵੇ। ਜੇਕਰ ਅਜਿਹਾ ਨਾ ਹੋਇਆ ਤਾਂ ਆਮ ਆਦਮੀ ਪਾਰਟੀ ਕਾਨੂੰਨੀ ਕਾਰਵਾਈ ਕਰੇਗੀ।
ਇਸ ਮੌਕੇ ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਦਿੱਲੀ ਤੋਂ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਅੱਜ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਨੇ ਮੇਅਰ ਦੀ ਚੋਣ ਭਾਜਪਾ ਅਤੇ ਕਾਂਗਰਸ ਦੇ ‘ਗੁਪਤ ਗਠਜੋੜ’ ਦੇ ਆਧਾਰ ‘ਤੇ ਲੜੀ ਸੀ। ਦੋਵਾਂ ਪਾਰਟੀਆਂ ਨੇ ‘ਆਪ’ ਨੂੰ ਮੇਅਰ ਦੀ ਦੌੜ ‘ਚੋਂ ਬਾਹਰ ਰੱਖਣ ਲਈ ‘ਗੁਪਤ ਸਮਝੌਤਾ’ ਕੀਤਾ ਅਤੇ ਜਾਣਬੁੱਝ ਕੇ ‘ਆਪ’ ਦੇ ਇਕ ਕੌਂਸਲਰ ਦੀ ਵੋਟ ਰੱਦ ਕਰਵਾ ਕੇ ਭਾਜਪਾ ਨੇ ਆਪਣਾ ਮੇਅਰ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਨੂੰ ‘ਆਪ’ ਦਾ ਮੇਅਰ ਬਣਨਾ ਬਰਦਾਸ਼ਤ ਨਹੀਂ ਸੀ। ਇਸੇ ਲਈ ‘ਗੁਪਤ ਸਮਝੌਤੇ’ ਤਹਿਤ ਕਾਂਗਰਸ ਨੂੰ ਮੇਅਰ ਚੋਣਾਂ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਕੌਂਸਲਰਾਂ ਨੂੰ ਇਤਰਾਜ਼ ਉਠਾਉਣ ਲਈ ਬੋਲਣ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜਿਸ ਵਿਅਕਤੀ ਨੂੰ ਮੇਅਰ ਦੀ ਚੋਣ ਲਈ ਪ੍ਰੀਜ਼ਾਈਡਿੰਗ ਅਫ਼ਸਰ ਬਣਾਇਆ ਗਿਆ ਸੀ, ਉਹ ਭਾਜਪਾ ਦਾ ਹੀ ਕੌਂਸਲਰ ਸੀ। ਇਸ ਦੇ ਨਾਲ ਹੀ ਮੇਅਰ ਦੀ ਚੋਣ ਦੀ ਨਿਗਰਾਨੀ ਕਰ ਰਹੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੀ ਭਾਜਪਾ ਨੂੰ ਮੇਅਰ ਬਣਾਉਣ ਲਈ ਪੂਰੀ ਵਾਹ ਲਾ ਰਹੇ ਸਨ ਅਤੇ ਭਾਜਪਾ ਦੀ ਮਦਦ ਕਰ ਰਹੇ ਸਨ। ‘ਆਪ’ ਆਗੂਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਸਿਆਸੀ ਪਾਰਟੀਆਂ ‘ਆਪ’ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਰੋਕਣ ਲਈ ਇਸੇ ਤਰ੍ਹਾਂ ਦਾ ‘ਗੁਪਤ ਸਮਝੌਤਾ’ ਕਰ ਸਕਦੀਆਂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵੀ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਇਸੇ ਤਰ੍ਹਾਂ ‘ਗੁਪਤ ਸਮਝੌਤੇ’ ਤਹਿਤ ‘ਆਪ’ ਨੂੰ ਸਰਕਾਰ ਬਣਾਉਣ ਤੋਂ ਰੋਕਣ ਦੀ ਨਾਕਾਮ ਕੋਸ਼ਿਸ਼ ਕਰ ਸਕਦੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਸਮਝਦਾਰੀ ਨਾਲ ਪਾਉਣ, ਕਿਉਂਕਿ ਕਾਂਗਰਸ ਨੂੰ ਮਿਲੀ ਵੋਟ ਭਾਜਪਾ ਦੇ ਖਾਤੇ ਵਿੱਚ ਜਾਵੇਗੀ ਅਤੇ ਇਸ ਦਾ ਲਾਭ ਭਾਜਪਾ ਨੂੰ ਹੀ ਹੋਵੇਗਾ। ‘ਆਪ’ ਭ੍ਰਿਸ਼ਟਾਚਾਰ ਅਤੇ ਧੱਕੇਸ਼ਾਹੀ ਵਿਰੁੱਧ ਆਪਣੀ ਲੜਾਈ ਸੜਕ ਤੋਂ ਲੈਕੇ ਸਦਨ ਤੱਕ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਮੇਅਰ ਦੇ ਮਾਮਲੇ ਵਿੱਚ ਅਦਾਲਤ ਦਾ ਬੂਹਾ ਖੜਕਾ ਕੇ ਕਾਨੂੰਨੀ ਲੜਾਈ ਲੜੀ ਜਾਵੇਗੀ। ਇਸ ਮੌਕੇ ‘ਆਪ’ ਦੇ ਦਿੱਲੀ ਤੋਂ ਵਿਧਾਇਕ ਵਿਨੈ ਮਿਸ਼ਰਾ ਵੀ ਮੌਜੂਦ ਸਨ।





