Tuesday, May 5, 2026
Home Blog Page 2645

ਵਿਧਾਨ ਸਭਾ ਚੋਣਾਂ-2022: ਐਸ.ਡੀ.ਐਮ. ਨੇ ਚੋਣ ਪ੍ਰਬੰਧਾਂ ਦਾ ਲਿਆ ਜਾਇਜ਼ਾ

0

ਸਮੁੱਚੇ ਚੋਣ ਪ੍ਰਬੰਧ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਨਿਰਪੱਖ
ਸੁਖਜਿੰਦਰ ਮਾਨ
ਬਠਿੰਡਾ, 12 ਜਨਵਰੀ: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਅੱਜ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਰਿਟਰਨਿੰਗ ਅਫਸਰ-ਕਮ- ਐਸ.ਡੀ.ਐਮ. ਕੰਵਰਜੀਤ ਸਿੰਘ ਨੇ ਸਥਾਨਕ ਭਾਰਤੀ ਹੋਟਲ ਮੈਨੇਜਮੈਂਟ ਸੰਸਥਾ ਵਿਖੇ ਹਲਕੇ ਨਾਲ ਸਬੰਧਤ ਸੈਕਟਰ ਅਫਸਰ, ਵੱਖ-ਵੱਖ ਟੀਮਾਂ ਦੇ ਨੋਡਲ ਅਫਸਰ, ਮਾਸਟਰ ਟਰੇਨਟਰਜ਼ ਤੇ ਹੋਰ ਚੋਣ ਅਮਲੇ ਨਾਲ ਮੀਟਿੰਗ ਕਰਕੇ ਸਮੁੱਚੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਚੋਣ ਅਮਲੇ ਨੂੰ ਹਦਾਇਤ ਕਰਦਿਆਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਚੋਣ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਕਰਵਾਉਣਾਂ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਸ ਵਾਰੀ ਬਠਿੰਡਾ ਸ਼ਹਿਰੀ ਹਲਕੇ ਵਿੱਚ 244 ਪੋਲਿੰਗ ਬੂਥ ਬਣਾਏ ਗਏ ਹਨ। ਚੋਣ ਅਮਲੇ ਦੀਆਂ ਰੀਹਰਸਲਾਂ, ਚੋਣ ਸਮੱਗਰੀ ਦੀ ਵੰਡ, ਵੋਟ ਮਸ਼ੀਨਾਂ ਦੀ ਸੰਭਾਲ ਅਤੇ ਵੋਟਾਂ ਦੀ ਗਿਣਤੀ ਭਾਰਤੀ ਹੋਟਲ ਮੈਨੇਜਮੈਂਟ ਸੰਸਥਾ, ਮਾਨਸਾ ਰੋਡ ਬਠਿੰਡਾ ਵਿਖੇ ਹੋਵੇਗੀ। ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਪੋਲਿੰਗ ਬੂਥਾਂ ਦੀ ਫਿਜੀਕਲ ਵੈਰੀਫਿਕੇਸ਼ਨ ਵੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਵੋਟਰ ਨੂੰ ਵੋਟਾਂ ਸਬੰਧੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਸਟਰਾਂਗ ਤੇ ਸਟੋਰੇਜ ਰੂਮ ਪੂਰੀ ਤਰਾਂ ਸੁਰੱਖਿਅਤ ਤੇ ਸਖਤ ਪ੍ਰਬੰਧਾਂ ਹੇਠ ਰਹਿਣਗੇ। ਉਨਾਂ ਵੀ ਦੱਸਿਆ ਕਿ ਚੋਣ ਅਮਲੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਬਾਕਸ
ਚੋਣਾਂ ਦੌਰਾਨ ਬੈਂਕ ਖਾਤਿਆਂ ਵਿੱਚ ਸ਼ੱਕੀ ਲੈਣ-ਦੇਣ ਕਰਨ ਵਾਲਿਆਂ ’ਤੇ ਰਹੇਗੀ ਨਜ਼ਰ
ਈਸੀਆਈ ਦੀਆਂ ਗਾਈਡ ਲਾਇਨਜ਼ ਦੀ ਪਾਲਣਾ ਬਣਾਈ ਜਾਵੇ ਯਕੀਨੀ: ਡੀਸੀ
ਬਠਿੰਡਾ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਮੌਜੂਦ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨੂੰ ਵਿਧਾਨ ਸਭਾ ਚੋਣਾਂ-2022 ਦੌਰਾਨ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਖਰਚ ਕੀਤੇ ਜਾਣ ਵਾਲੀ ਰਾਸ਼ੀ ਸਬੰਧੀ ਲੋਂੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।ੇ ਉਨ੍ਹਾਂ ਅਧਿਕਾਰੀਆਂ ਨੂੰ ਚੋਣ ਲੜਨ ਵਾਲੇ ਉਮੀਦਵਾਰਾਂ ਪ੍ਰਤੀ ਸੁਚੇਤ ਰਹਿਣ ਲਈ ਵੀ ਆਦੇਸ਼ ਦਿੱਤੇ ਤੇ ਨਾਲ ਹੀ ਚੋਣਾਂ ਦੌਰਾਨ ਈਸੀਆਈ ਦੀਆਂ ਗਾਈਡ ਲਾਇਨਜ਼ ਦੀ ਪਾਲਣਾ ਕਰਨੀ ਯਕੀਨੀ ਬਣਾਉਣ।

ਚੋਣਾਂ ਦੇ ਮੱਦੇਨਜ਼ਰ ਤਾਕਤ ਦਾ ਪ੍ਰਦਰਸ਼ਨ ਕਰਨ ਵਾਲੇ ਡੇਰਾ ਸਿਰਸਾ ਦੇ ਪ੍ਰਬੰਧਕ ਬੁਰੇ ਫ਼ਸੇ

0

ਚੋਣ ਕਮਿਸ਼ਨ ਤੇ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ’ਤੇ ਨੋਟਿਸ ਦਿੱਤੇ ਜਾਣ ਦੀ ਤਿਆਰੀ
ਇੱਕ ਦਰਜ਼ਨ ਦੇ ਕਰੀਬ ਸਿਆਸੀ ਆਗੂਆਂ ਨੇ ਵੀ ਲਿਆ ਸੀ ਅਸੀਰਵਾਦ
ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ: ਵਿਵਾਦਾਂ ’ਚ ਰਹੇ ਡੇਰਾ ਸਿਰਸਾ ਦੇ ਪ੍ਰਬੰਧਕਾਂ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਪਣੀ ਤਾਕਤ ਦਾ ਮੁਜ਼ਾਹਰਾ ਕਰਨ ਲਈ ਪਿਛਲੇ ਦਿਨੀਂ ਜ਼ਿਲ੍ਹੇ ਦੇ ਡੇਰਾ ਸਲਾਬਤਪੁਰਾ ਵਿਖੇ ਰੱਖੇ ਵੱਡੇ ਇਕੱਠ ਨੂੰ ਲੈ ਕੇ ਹੁਣ ਚੋਣ ਅਧਿਕਾਰੀਆਂ ਵਲੋਂ ਨੋਟਿਸ ਕੱਢੇ ਜਾਣ ਦੀ ਤਿਆਰੀ ਕਰ ਲਈ ਹੈ। ਸੂਚਨਾ ਮੁਤਾਬਕ ਪਹਿਲਾਂ ਇਹ ਇਕੱਠ ਕਰਨ ਲਈ ਡੇਰਾ ਪ੍ਰਬੰਧਕਾਂ ਨੇ ਜ਼ਿਲ੍ਹਾ ਮੈਜਿਸਟਰੇਟ ਤੋਂ ਮੰਨਜੂਰੀ ਮੰਗੀ ਸੀ ਪ੍ਰੰਤੂ ਮੈਜਿਸਟਰੇਟ ਦੇ ਦਫ਼ਤਰ ਵਲੋਂ ਇਹ ਮੰਨਜੂਰੀ ਨਹੀਂ ਦਿੱਤੀ ਗਈ। ਇਸਦੇ ਬਾਵਜੂਦ ਡੇਰੇ ਵਲੋਂ ਹਜ਼ਾਰਾਂ ਦੀ ਤਾਦਾਦ ’ਚ ਇਕੱਠ ਕਰਕੇ ਪਹਿਲੇ ਡੇਰਾ ਮੁਖੀ ਰਹੇ ਸ਼ਾਹ ਸਤਨਾਮ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਮਹੱਤਵਪੂਰਨ ਗੱਲ ਇਹ ਵੀ ਸੀ ਕਿ ਚੋਣਾਂ ਦੇ ਐਨ ਮੌਕੇ ਡੇਰਾ ਪ੍ਰੇਮੀਆਂ ਦੇ ਇਸ ਵੱਡੇ ਇਕੱਠ ਵਿਚ ਇੱਕ ਦਰਜ਼ਨ ਦੇ ਕਰੀਬ ਸਿਆਸੀ ਆਗੂ ਵੀ ਪੁੱਜੇ ਹੋਏ ਸਨ। ਜਿੰਨ੍ਹਾਂ ਨੂੰ ਵੀ ਹੁਣ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਤੋਂ ਬਾਅਦ ਨੋਟਿਸ ਕੱਢੇ ਜਾ ਸਕਦੇ ਹਨ। ਇਸਦੀ ਪੁਸਟੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਜ਼ਿਲ੍ਹਾ ਮੈਜਿਸਟਰੇਟ ਅਰਵਿੰਦਪਾਲ ਸਿੰਘ ਸੰਧੂ ਨੇ ਅੱਜ ਪੱਤਰਕਾਰਾਂ ਨੂੰ ਦਸਿਆ ਕਿ ‘‘ ਡੇਰਾ ਪ੍ਰਬੰਧਕਾਂ ਵਲੋਂ ਇਕੱਠ ਕਰਨ ਲਈ ਮੰਨਜੂਰੀ ਮੰਗੀ ਗਈ ਸੀ ਪ੍ਰੰਤੂ ਉਨ੍ਹਾਂ ਦੇ ਦਫ਼ਤਰ ਵਲੋਂ ਇਹ ਮੰਨਜੂਰੀ ਨਹੀਂ ਦਿੱਤੀ ਗਈ। ਇਸਦੇ ਬਾਵਜੂਦ ਡੇਰਾ ਸਲਾਬਤਪੁਰਾ ਵਿਖੇ ਵੱਡਾ ਇਕੱਠ ਕਰਨ ਦੀ ਸੂਚਨਾ ਮੰਗੀ ਗਈ ਸੀ। ’’ ਉਨ੍ਹਾਂ ਅੱਗੇ ਦਸਿਆ ਕਿ ਰਾਮਪੁਰਾ ਫ਼ੂਲ ਹਲਕੇ ਦੇ ਚੋਣ ਅਧਿਕਾਰੀ ਦੁਆਰਾ ਮੰਗੀ ਇਸ ਰੀਪੋਰਟ ਵਿਚ ਚੋਣ ਕਮਿਸ਼ਨ ਤੇ ਕਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ, ਜਿਸਦੇ ਚੱਲਦੇ ਡੇਰਾ ਪ੍ਰਬੰਧਕਾਂ ਤੇ ਹੋਰਨਾਂ ਵਿਰੁਧ ਕਾਰਵਾਈ ਲਈ ਚੋਣ ਕਮਿਸ਼ਨ ਦੀ ਮੰਨਜੂਰੀ ਲਈ ਲਿਖਿਆ ਗਿਆ ਹੈ ਤੇ ਮੰਨਜੂਰੀ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਕਾਂਗਰਸ ਦੀ ਚੋਣ ਮਨੋਰਥ ਪੱਤਰ ਕਮੇਟੀ ’ਚ ਬਠਿੰਡਾ ਦੇ ਤਿੰਨ ਕਾਂਗਰਸੀ ਆਗੂ ਕੀਤੇ ਸ਼ਾਮਲ

0

ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ: ਆਗਾਮੀ 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵਲੋਂ ਅਪਣਾ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਲੀ ਗਠਿਤ ਕੀਤੀ ਗਈ ਕਮੇਟੀ ਵਿਚ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਪਿਛਲੀ ਵਾਰ ਕਨਵੀਨਰ ਬਣਾਏ ਗਏ ਮੌਜੂਦਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇਸ ਵਾਰ ਉਪ ਚੇਅਰਮੈਨ ਬਣਾਇਆ ਗਿਆ ਹੈ ਪ੍ਰੰਤੂ ਉਨ੍ਹਾਂ ਦੇ ਨਾਲ ਇਸ ਕਮੇਟੀ ਵਿਚ ਮੋੜ ਹਲਕੇ ਤੋਂ ਸੰਭਾਵੀ ਉਮੀਦਵਾਰ ਮੰਜੂ ਬਾਂਸਲ ਤੇ ਬਠਿੰਡਾ ਸ਼ਹਿਰ ਦੇ ਸੀਨੀਅਰ ਆਗੂ ਕੇਕੇ ਅਗਰਵਾਲ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਚੇਅਰਮੈਨੀ ਹੇਠ ਬਣੀ ਇਸ ਕਮੇਟੀ ਵਿਚ ਕੁੱਲ 20 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਪੰਜ ਮੈਂਬਰਾਂ ਨੂੰ ਅਹੁੱਦੇ ਦੇ ਮੁਤਾਬਕ ਇੰਨਵਾਈਟੀ ਦੇ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ।

ਕਾਂਗਰਸੀਆਂ ਦੀ ਦਾਅਵੇਦਾਰੀ: ਤਲਵੰਡੀ ’ਚ ਜਟਾਣਾ ਤੇ ਜੱਸੀ ਵਿਚਕਾਰ ਸਿੰਗ ਫ਼ਸੇ

0

ਡਿਪਟੀ ਸਪੀਕਰ ਨੇ ਭੁੱਚੋਂ ਮੰਡੀ ਹਲਕੇ ’ਤੇ ਰੱਖੀ ਅੱਖ
ਬਠਿੰਡਾ ਤੇ ਫ਼ੂਲ ’ਚ ਮਨਪ੍ਰੀਤ ਬਾਦਲ ਤੇ ਗੁਰਪ੍ਰੀਤ ਕਾਂਗੜ੍ਹ ਦੀ ਸਰਦਾਰੀ ਨੂੰ ਨਹੀਂ ਕੋਈ ਖ਼ਤਰਾ
ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ: ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਟਿਕਟਾਂ ਦੀ ਵੰਡ ’ਚ ਪਿਛੜਦੀ ਨਜ਼ਰ ਆ ਰਹੀ ਕਾਂਗਰਸ ਪਾਰਟੀ ਦੀ ਉਮੀਦਵਾਰੀ ਨੂੰ ਲੈ ਕੇ ਜ਼ਿਲ੍ਹੇ ਵਿਚ ਕਈ ਥਾਂ ਕੁੰਡੀਆਂ ਦੇ ਸਿੰਗ ਫ਼ਸੇ ਹੋਏ ਨਜ਼ਰ ਆ ਰਹੇ ਹਨ। ਤਲਵੰਡੀ ਸਾਬੋ ਹਲਕੇ ’ਚ ਜਿੱਥੇ ਮੌਜੂਦਾ ਹਲਕਾ ਇੰਚਾਰਜ਼ ਖ਼ੁਸਬਾਜ਼ ਸਿੰਘ ਜਟਾਣਾ ਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਜੋਰਅਜਮਾਇਸ਼ ਕਰਦੇ ਨਜ਼ਰ ਆ ਰਹੇ ਹਨ, ਉਥੇ ਭੁੱਚੋਂ ਮੰਡੀ ਹਲਕੇ ’ਤੇ ਹੁਣ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਅੱਖ ਰੱਖ ਲਈ ਹੈ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ’ਚ ਮੌਜੂਦਾ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਦੀ ਟਿਕਟ ਕਟਵਾਉਣ ਲਈ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਡੀ-ਚੋਟੀ ਦਾ ਜੋਰ ਲਗਾ ਰਹੇ ਹਨ। ਜਦੋਂਕਿ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਤ ਮੰਤਰੀ ਸ: ਬਾਦਲ ਤੇ ਫ਼ੂਲ ਹਲਕੇ ਤੋਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਦੀ ਸਰਦਾਰੀ ਨੂੰ ਕੋਈ ਖ਼ਤਰਾ ਨਹੀਂ ਜਾਪ ਰਿਹਾ ਹੈ। ਸਪੋਕਸਮੈਨ ਦੇ ਇਸ ਪ੍ਰਤੀਨਿਧੀ ਵਲੋਂ ਕਾਂਗਰਸ ਪਾਰਟੀ ਦੇ ਉਚ ਸੂਤਰਾਂ ਤੋਂ ਹਾਸਲ ਕੀਤੀ ਜਾਣਕਾਰੀ ਮੁਤਾਬਕ ਬਠਿੰਡਾ ਅਤੇ ਤਲਵੰਡੀ ਸਾਬੋ ਹਲਕੇ ਲਈ ਸਭ ਤੋਂ ਘੱਟ ਤਿੰਨ-ਤਿੰਨ ਉਮੀਦਵਾਰਾਂ ਨੇ ਟਿਕਟ ਲਈ ਅਪਲਾਈ ਕੀਤਾ ਹੈ ਜਦੋਂਕਿ ਮੋੜ ਹਲਕੇ ’ਚ 28 ਦਾਅਵੇਦਾਰ ਬਣੇ ਹੋਏ ਹਨ। ਇਸੇ ਤਰ੍ਹਾਂ ਭੁੱਚੋਂ ਮੰਡੀ ਤੇ ਬਠਿੰਡਾ ਦਿਹਾਤੀ ਰਿਜ਼ਰਵ ਹਲਕਿਆਂ ਵਾਸਤੇ ਅੱਠ-ਅੱਠ ਜਣਿਆਂ ਨੇ ਟਿਕਟ ਲਈ ਅਪਲਾਈ ਕੀਤਾ ਹੈ ਜਦੋਂਕਿ ਫ਼ੂਲ ਹਲਕੇ ਤੋਂ ਕਾਂਗੜ੍ਹ ਸਹਿਤ ਕੁੱਲ 9 ਜਣਿਆਂ ਨੇ ਅਰਜੀਆਂ ਦਿੱਤੀਆਂ ਹਨ। ਸੂਚਨਾ ਮੁਤਾਬਕ ਬਠਿੰਡਾ ਸ਼ਹਿਰ ਹਲਕੇ ਤੋਂ ਜਿੱਥੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾਅਵੇਦਾਰ ਹਨ, ਉਥੇ ਉਨ੍ਹਾਂ ਦੇ ਮੁਕਾਬਲੇ ਕੋਂਸਲਰੀ ਦੀ ਟਿਕਟ ਨਾ ਮਿਲਣ ਵਾਲੇ ਸੰਜੀਵ ਬਬਲੀ ਮੈਦਾਨ ਵਿਚ ਨਿਤਰੇ ਹਨ ਜਦੋਂਕਿ ਤੀਜ਼ੇ ਦਾਅਵੇਦਾਰ ਰਾਜ਼ ਨੰਬਰਦਾਰ ਹੁਣ ਕਾਂਗਰਸ ਛੱਡ ਕੈਪਟਨ ਧੜੇ ਨਾਲ ਜਾ ਖ਼ੜੇ ਹੋਏ ਹਨ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਮਨਪ੍ਰੀਤ ਬਾਦਲ ਦੇ ‘ਪ੍ਰਤਾਪ ’ ਦੇ ਚੱਲਦਿਆਂ ਹਰ ਵਾਰ ਪੈਸੇ ਲੈ ਕੇ ਅਰਜ਼ੀਆਂ ਦੇਣ ਵਾਲੇ ਅੱਧੀ ਦਰਜ਼ਨ ਸ਼ਹਿਰ ਦੇ ਕਾਂਗਰਸੀਆਂ ਨੇ ਇਸ ਵਾਰ ਮੁਫ਼ਤ ’ਚ ਵੀ ਅਰਜੀ ਨਹੀਂ ਪਾਈ ਹੈ। ਜਿਸਦੀ ਸ਼ਹਿਰ ਵਿਚ ਕਾਫ਼ੀ ਚਰਚਾ ਹੈ। ਉਧਰ ਤਲਵੰਡੀ ਸਾਬੋ ਹਲਕੇ ’ਚ ਮੌਜੂਦਾ ਇੰਚਾਰਜ਼ ਖੁਸਬਾਜ ਸਿੰਘ ਜਟਾਣਾ ਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵਿਚਕਾਰ ਸਿੰਗ ਫ਼ਸੇ ਹੋਏ ਹਨ। ਜਟਾਣਾ ਨੇ ਇਸ ਹਲਕੇ ਵਿਚ ਪਿਛਲੀ ਵਾਰ ਚੋਣ ਲੜੀ ਸੀ ਜਦੋਂਕਿ ਜੱਸੀ ਪੁਰਾਣਾ ਹਲਕਾ ਹੋਣ ਦੇ ਨਾਤੇ ਇੱਥੇ ਅਪਣਾ ਹੱਕ ਜਤਾ ਰਹੇ ਹਨ। ਬਹਰਹਾਲ ਦੋਨਾਂ ਵਿਚੋਂ ਕਿਸੇ ਨੂੰ ਵੀ ਟਿਕਟ ਮਿਲੇ ਪਰ ਦੋਨਾਂ ਵਿਚਕਾਰ ਚੱਲ ਰਹੀ ਸਿਆਸੀ ਖ਼ਾਨਾਜੰਗੀ ਕਾਰਨ ਕਾਂਗਰਸ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਹਲਕੇ ਤੋਂ ਕਾਂਗਰਸ ਦੇ ਇੱਕ ਹੋਰ ਆਗੂ ਦਰਸ਼ਨ ਸਿੰਘ ਜੀਦਾ ਨੇ ਵੀ ਟਿਕਟ ਦੀ ਮੰਗ ਕੀਤੀ ਹੈ। ਭੁੱਚੋਂ ਮੰਡੀ ਹਲਕੇ ਤੋਂ ਜਿੱਥੇ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਮੁੱਖ ਦਾਅਵੇਦਾਰ ਹਨ, ਦੇ ਮੁਕਾਬਲੇ ਮਲੋਟ ਹਲਕੇ ਦੇ ਵਿਧਾਇਕ ਤੇ ਡਿਪਟੀ ਸਪੀਰਕ ਅਜਾਇਬ ਸਿੰਘ ਭੱਟੀ ਨੇ ਅਪਣੇ ਤੇ ਅਪਣੇ ਪੁੱਤਰ ਲਈ ਟਿਕਟ ਦੀ ਮੰਗ ਕੀਤੀ ਹੈ। ਇਸਤੋਂ ਇਲਾਵਾ ਇੱਥੋਂ ਗੰਭੀਰ ਉਮੀਦਵਾਰਾਂ ਵਿਚ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਾ ਸਿੰਘ ਤੂੰਗਵਾਲੀ ਨੇ ਵੀ ਅਪਣਾ ਹੱਕ ਜਤਾਇਆ ਹੈ। ਉਧਰ ਬਠਿੰਡਾ ਦਿਹਾਤੀ ਹਲਕਾ, ਜਿੱਥੇ ਵਿਤ ਮੰਤਰੀ ਦੀ ਇੱਜ਼ਤ ਵਕਾਰ ’ਤੇ ਲੱਗੀ ਹੋਈ ਹੈ, ਵਿਚ ਮੌਜੂਦਾ ਹਲਕਾ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਤੇ ਮਨਪ੍ਰੀਤ ਦਾ ਅਸ਼ੀਰਵਾਦ ਪ੍ਰਾਪਤ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਵਿਚ ਟਿਕਟ ਲੈਣ ਲਈ ਸਿਰਧੜ ਦੀ ਬਾਜ਼ੀ ਲੱਗੀ ਹੋਈ ਹੈ। ਉਜ ਚੱਲ ਰਹੀ ਚਰਚਾ ਮੁਤਾਬਕ ਇੱਥੋਂ ਲਾਡੀ ਨੂੰ ਹੀ ਟਿਕਟ ਮਿਲਣ ਦੀ ਸੰਭਾਵਨਾ ਹੈ, ਹਾਲਾਂਕਿ ਇੱਥੋਂ ਟਿਕਟ ਲੈਣ ਦੇ ਚਾਹਵਾਨ ਅੱਧੀ ਦਰਜ਼ਨ ਹੋਰਨਾਂ ਉਮੀਦਵਾਰਾਂ ਵਿਚ ਤਾਜ਼ਾ-ਤਾਜ਼ਾ ਕਾਂਗਰਸੀ ਬਣੇ ਕਿਰਨਜੀਤ ਗਹਿਰੀ, ਬਲਦੇਵ ਸਿੰਘ ਅਕਲੀਆ, ਗੁਚਰਨ ਸਿੰਘ, ਮੋਹਨ ਪ੍ਰਕਾਸ਼, ਹਰਬੰਸ ਸਿੰਘ ਤੇ ਰਜਨੀ ਬਾਲਾ ਨੇ ਵੀ ਟਿਕਟ ਲਈ ਅਪਲਾਈ ਕੀਤਾ ਹੈ। ਸਭ ਤੋਂ ਰੁਚੀਦਾਈਕ ਸਥਿਤੀ ਹਲਕਾ ਮੋੜ ਵਿਚ ਬਣੀ ਹੋਈ ਹੈ, ਜਿੱਥੇ 28 ਉਮੀਦਵਾਰਾਂ ਨੇ ਕਾਂਗਰਸ ਪਾਰਟੀ ਦੀ ਟਿਕਟ ਦੀ ਮੰਗ ਕੀਤੀ ਹੈ। ਸੂਤਰਾਂ ਅਨੁਸਾਰ ਹਾਈਕਮਾਂਡ ਵਲੋਂ ਮੌਜੂਦਾ ਹਲਕਾ ਇੰਚਾਰਜ਼ ਮੰਜੂ ਬਾਂਸਲ ਨੂੰ ਟਿਕਟ ਦੇਣ ਦੀ ਚਰਚਾ ਦੇ ਚੱਲਦੇ ਉਨ੍ਹਾਂ ਵਿਰੁਧ ਇੱਕ ਦਰਜ਼ਨ ਤੋਂ ਵੱਧ ਦਾਅਵੇਦਾਰ ਇਕੱਠੇ ਹੋ ਗਏ ਹਨ, ਜਿੰਨ੍ਹਾਂ ਵਿਚ ਆਪ ਛੱਡ ਕੇ ਕਾਂਗਰਸ ਵਿਚ ਆਉਣ ਵਾਲੇ ਮੌਜੂਦਾ ਵਿਧਾਇਕ ਜਗਦੇਵ ਸਿੰਘ ਕਮਾਲੂ ਵੀ ਸ਼ਾਮਲ ਹਨ। ਇਸਤੋਂ ਇਲਾਵਾ ਇੱਥੋਂ ਭੁਪਿੰਦਰ ਗੋਰਾ, ਅਵਤਾਰ ਗੋਨਿਆਣ, ਸਿੱਪੀ ਭਾਕਰ ਆਦਿ ਵੀ ਦਾਅਵੇਦਾਰਾਂ ਦੀ ਸੂਚੀ ਵਿਚ ਸ਼ਾਮਲ ਹਨ।

ਉਮੀਦਵਾਰਾਂ ਦੇ ਚੋਣ ਖਰਚੇ ’ਤੇ ਤਿਰਛੀ ਨਜ਼ਰ ਰੱਖਣ ਲਈ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਗਠਿਤ

0

ਇਲੈਕਟ੍ਰੋਨਿਕ ਮੀਡੀਆ ਉਤੇ ਇਸ਼ਤਹਾਰ ਦੇਣ ਤੋਂ ਪਹਿਲਾਂ ਕਮੇਟੀ ਦੀ ਪ੍ਰਵਾਨਗੀ ਲੈਣੀ ਜ਼ਰੂਰੀ
ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ: ਭਾਰਤੀ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ (90-ਰਾਮਪੁਰਾ ਫੂਲ, 91-ਭੁੱਚੋ ਮੰਡੀ (ਅ.ਜ.), 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ (ਅ.ਜ.), 94-ਤਲਵੰਡੀ ਸਾਬੋ ਅਤੇ 95-ਮੋੜ) ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਮੀਡੀਆ ਤੇ ਕੀਤੇ ਜਾਣ ਵਾਲੇ ਖਰਚ ਉਤੇ ਤਿਰਛੀ ਨਜ਼ਰ ਰੱਖਣ ਲਈ ਜ਼ਿਲ੍ਹਾ ਪੱਧਰ ’ਤੇ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ (ਐਮਸੀਐਮਸੀ) ਕਮੇਟੀ ਦਾ ਗਠਨ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਗਠਿਤ ਕੀਤੀ ਐਮਸੀਐਮਸੀ ਟੀਮ ਵਲੋਂ ਅਖਬਾਰ, ਰੇਡੀਓ, ਟੀ ਵੀ, ਈ-ਪੇਪਰ ਅਤੇ ਸੋਸ਼ਲ ਮੀਡੀਆ ਤੇ ਲਗਾਤਾਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਉਮੀਦਵਾਰ ਦਾ ਅਖਬਾਰ, ਰੇਡੀਓ, ਟੀ ਵੀ, ਈ-ਪੇਪਰ ਅਤੇ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਮਿਲਦਾ ਹੈ ਤਾਂ ਟੀਮ ਵਲੋਂ ਉਮੀਦਵਾਰ ਦੇ ਚੋਣ ਖਰਚੇ ਵਿਚ ਸ਼ਾਮਿਲ ਕਰਨ ਲਈ ਸਬੰਧਤ ਰਿਟਰਨਿੰਗ ਅਧਿਕਾਰੀ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਇਹ ਖਰਚਾ ਉਸਦੇ ਚੋਣ ਖਰਚੇ ਵਿਚ ਸ਼ਾਮਿਲ ਕੀਤਾ ਜਾ ਸਕੇ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਲੈਕਟ੍ਰੋਨਿਕ ਮੀਡੀਆ ਜਿਸ ਵਿਚ ਈ-ਪੇਪਰ ਤੇ ਸੋਸ਼ਲ ਮੀਡੀਆ ਵੀ ਸ਼ਾਮਿਲ ਹਨ, ਵਿਚ ਇਸ਼ਤਿਹਾਰ ਦੇਣ ਲਈ ਐਮਸੀਐਮਸੀ ਕੋਲੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਤੇ ਇਸ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਚ ਸਥਿਤ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਦੇ ਕਮਰਾ ਨੰਬਰ 310-ਜੇ ਵਿਚ ਪਹੁੰਚ ਕੀਤੀ ਜਾਵੇ। ਕਮੇਟੀ ਇਸ ਦੀ ਜਿੱਥੇ ਸਕਰਪਿਟ ਵੇਖੇਗੀ, ਉਥੇ ਇਸ਼ਤਿਹਾਰ ਬਨਾਉਣ ਤੇ ਲਗਾਉਣ ਉਤੇ ਆਏ ਖਰਚੇ ਦੀ ਜਾਣਕਾਰੀ ਲੈ ਕੇ ਇਹ ਆਗਿਆ ਦੇਵੇਗੀ। ਉਨਾਂ ਕਿਹਾ ਕਿ ਇਸ ਖਰਚੇ ਦੀ ਸਾਰੀ ਅਦਾਇਗੀ ਚੈੱਕ ਨਾਲ ਕੀਤੀ ਜਾਣੀ ਵੀ ਜ਼ਰੂਰੀ ਹੈ। ਉਨਾਂ ਕਿਹਾ ਕਿ ਜੇਕਰ ਕੋਈ ਅਦਾਰਾ ਉਮੀਦਵਾਰ ਦੀ ਲਿਖਤੀ ਆਗਿਆ ਤੇ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਇਸ਼ਤਿਹਾਰ ਲਗਾ ਦਿੰਦਾ ਹੈ ਤਾਂ ਉਸ ਵਿਰੁੱਧ 171 ਐਚ ਇੰਡੀਅਨ ਪੀਨਲ ਕੋਡ ਤਹਿਤ ਕੇਸ ਦਰਜ਼ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਚੋਣਾਂ ਤੋਂ ਦੋ ਦਿਨ ਪਹਿਲਾਂ ਪਿ੍ਰੰਟ ਮੀਡੀਆ ਵਿਚ ਲੱਗਣ ਵਾਲੇ ਇਸ਼ਤਿਹਾਰ ਵੀ ਉਕਤ ਕਮੇਟੀ ਤੋਂ ਪ੍ਰਵਾਨ ਕਰਵਾਉਣੇ ਜ਼ਰੂਰੀ ਹਨ। ਜੇਕਰ ਕੋਈ ਉਮੀਦਵਾਰ ਮੁੱਲ ਦੀ ਖਬਰ ਕਿਸੇ ਵੀ ਮੀਡੀਆ ਵਿਚ ਲਗਾਉਂਦਾ ਜਾਂ ਛਪਾਉਂਦਾ ਹੈ ਤਾਂ ਜਿੱਥੇ ਉਕਤ ਉਮੀਦਵਾਰ ਦੇ ਚੋਣ ਖਰਚੇ ਵਿਚ ਇਸ ਖਬਰ ਦਾ ਖਰਚਾ ਸ਼ਾਮਿਲ ਕੀਤਾ ਜਾਵੇਗਾ, ਉਥੇ ਚੋਣ ਕਮਿਸ਼ਨ ਦੀ ਵੈਬ-ਸਾਈਟ ਉਤੇ ਉਕਤ ਉਮੀਦਵਾਰ ਦਾ ਨਾਮ ਮੁੱਲ ਦੀਆਂ ਖਬਰਾਂ ਲਗਾਉਣ ਵਾਲੇ ਉਮੀਦਾਵਰਾਂ ਵਿਚ ਸ਼ਾਮਿਲ ਕਰਕੇ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਕਤ ਅਦਾਰੇ ਵਿਰੁੱਧ ਕਾਰਵਾਈ ਲਈ ਪ੍ਰੈਸ ਕੌਂਸਲ ਆਫ ਇੰਡੀਆ ਤੇ ਨੈਸ਼ਨਲ ਬਰਾਡਕਾਸਟਿੰਗ ਸਟੈਂਡਰ ਅਥਾਰਟੀ ਨੂੰ ਵੀ ਪੱਤਰ ਲਿਖਿਆ ਜਾਵੇਗਾ।

ਨਵੇਂ ਸਾਲ ਦੇ ਪਹਿਲੇ 11 ਦਿਨਾਂ ’ਚ ਕਰੋਨਾਂ ਮਰੀਜ਼ਾਂ ਦੀ ਗਿਣਤੀ ਹਜ਼ਾਰ ਤੋਂ ਟੱਪੀ, ਤਿੰਨ ਮੌਤਾਂ ਹੋਈਆਂ

0

ਪਿਛਲੇ 24 ਘੰਟਿਆਂ ਦੌਰਾਨ 1 ਮੌਤ ਤੇ 233 ਨਵੇਂ ਕੇਸ ਮਿਲੇ
ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ: ਤੀਜੀ ਲਹਿਰ ਦੌਰਾਨ ਬੇਕਾਬੂ ਹੁੰਦੇ ਜਾ ਰਹੇ ਕਰੋਨਾ ਕਾਰਨ ਸਾਲ 2022 ਦੇ ਪਹਿਲੇਂ 11 ਦਿਨਾਂ ‘ਚ ਨਾ ਸਿਰਫ਼ ਰਿਕਾਰਡਤੋੜ 830 ਮਰੀਜ਼ ਮਿਲੇ ਹਨ, ਬਲਕਿ ਤਿੰਨ ਮੌਤਾਂ ਵੀ ਹੋ ਚੁੱਕੀਆਂ ਹਨ। ਇਸਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 233 ਨਵੇਂ ਮਰੀਜ਼ ਤੇ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਕ ਜਨਵਰੀ ਮਹੀਨੇ ਵਿੱਚ ਹੁਣ ਤੱਕ 6843 ਵਿਅਕਤੀਆਂ ਦੀ ਕਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 830 ਵਿਅਕਤੀ ਕਰੋਨਾ ਪਾਜੀਟਿਵ ਪਾਏ ਗਏ। ਅੰਕੜਿਆਂ ਮੁਤਾਬਕ 1 ਜਨਵਰੀ ਨੂੰ ਲਏ ਗਏ 541 ਸੈਂਪਲਾਂ ਵਿੱਚੋਂ 32 ਵਿਅਕਤੀਆਂ, 2 ਜਨਵਰੀ ਨੂੰ ਲਏ ਗਏ 478 ਸੈਂਪਲਾਂ ਵਿੱਚੋਂ 7 ਵਿਅਕਤੀਆਂ, 3 ਜਨਵਰੀ ਨੂੰ ਲਏ ਗਏ 389 ਸੈਂਪਲਾਂ ਵਿੱਚੋਂ 16 ਵਿਅਕਤੀਆਂ, 4 ਜਨਵਰੀ ਨੂੰ ਲਏ ਗਏ 987 ਸੈਂਪਲਾਂ ਵਿੱਚੋਂ 31 ਵਿਅਕਤੀਆਂ, 5 ਜਨਵਰੀ ਨੂੰ ਲਏ ਗਏ 715 ਸੈਂਪਲਾਂ ਵਿੱਚੋਂ 24 ਵਿਅਕਤੀਆਂ, 6 ਜਨਵਰੀ ਨੂੰ ਲਏ ਗਏ 485 ਸੈਂਪਲਾਂ ਵਿੱਚੋਂ 131 ਵਿਅਕਤੀਆਂ, 7 ਜਨਵਰੀ ਨੂੰ ਲਏ ਗਏ 741 ਸੈਂਪਲਾਂ ਵਿੱਚੋਂ 63 ਵਿਅਕਤੀਆਂ, 8 ਜਨਵਰੀ ਨੂੰ ਲਏ ਗਏ 953 ਸੈਂਪਲਾਂ ਵਿੱਚੋਂ 119 ਵਿਅਕਤੀਆਂ, 9 ਜਨਵਰੀ ਨੂੰ ਲਏ ਗਏ 1079 ਸੈਂਪਲਾਂ ਵਿੱਚੋਂ 204 ਵਿਅਕਤੀਆਂ ਅਤੇ 10 ਜਨਵਰੀ ਨੂੰ ਲਏ ਗਏ 475 ਸੈਂਪਲਾਂ ਵਿੱਚੋਂ 203 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜੀਟਿਵ ਆਈ ਹੈ। ਇਸਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 1 ਕਰੋਨਾ ਪ੍ਰਭਾਵਿਤ ਵਿਅਕਤੀ ਦੀ ਮੌਤ ਹੋਈ ਹੈ ਅਤੇ 233 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ ਜ਼ਿਲੇ ਵਿੱਚ ਕੁੱਲ 1007 ਕੇਸ ਐਕਟਿਵ ਹਨ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 20 ਕਰੋਨਾ ਪ੍ਰਭਾਵਿਤ ਵਿਅਕਤੀ ਠੀਕ ਹੋਣ ਉਪਰੰਤ ਘਰ ਵਾਪਸ ਪਰਤ ਗਏ ਹਨ।
ਇੱਕ ਬਜੁਰਗ ਦੀ ਹੋਈ ਮੌਤ
ਬਠਿੰਡਾ: ਉਧਰ ਅੱਜ ਇੱਕ ਕਰੋਨਾ ਪਾਜੀਟਿਵ ਕਰਨੈਲ ਸਿੰਘ ਪੁੱਤਰ ਵਚਿਤਰ ਸਿੰਘ 65 ਵਾਸੀ ਕੋਟਲੀ ਖੁਰਦ ਤਹਿਸੀਲ ਮੌੜ ਦੀ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਕਰੋਨਾ ਵਾਰੀਅਰਜ ਟੀਮ ਨੇ ਮਿ੍ਰਤਕ ਦੇਹ ਨੂੰ ਪੀ.ਪੀ ਕਿੱਟਾਂ ਪਾ ਕੇ ਕੋਟਲੀ ਖੁਰਦ ਵਿਖੇ ਪਹੁੰਚਾਇਆ ਜਿੱਥੇ ਸਮਸਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਕਿਹਾ ਕਿ ਕਰੋਨਾ ਦੀ ਰਫਤਾਰ ਹੌਲੀ-ਹੌਲੀ ਵੱਧ ਰਹੀ ਹੈ, ਜਿਸਦੇ ਚੱਲਦੇ ਇਸਤੋਂ ਬਚਾਅ ਲਈ ਸਾਰਿਆਂ ਨੂੰ ਕਰੋਨਾ ਦੇ ਦਿਸਾ-ਨਿਰਦੇਸਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ।

ਜਗਸੀਰ ਸਿੰਘ ਕਲਿਆਣ ਅਕਾਲੀ ਦਲ ਕੌਮੀ ਮੀਤ ਪ੍ਰਧਾਨ ਨਿਯੁਕਤ

0

ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ: ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਸੀਰ ਸਿੰਘ ਜੱਗਾ ਕਲਿਆਣ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਪਣਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਪਿਛਲੇ ਲੰਮੇ ਸਮੇਂ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਜਦੀਕੀ ਵਜੋਂ ਵਿਚਰ ਰਹੇ ਜੱਗਾ ਕਲਿਆਣ ਭੁੱਚੋਂ ਹਲਕੇ ਦੀ ਕਮਾਂਡ ਸੰਭਾਲ ਰਹੇ ਹਨ। ਉਨ੍ਹਾਂ ਅਪਣੀ ਨਿਯੁਕਤੀ ਲਈ ਪਾਰਟੀ ਪ੍ਰਧਾਨ ਤੇ ਸਮੂਹ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਅਕਾਲੀ ਦਲ ਦੀ ਬਿਹਤਰੀ ਤੇ ਚੜ੍ਹਦੀ ਕਲਾਂ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ ਹੈ। ਉਧਰ ਜੱਗਾ ਕਲਿਆਣ ਦੀ ਨਿਯੁਕਤੀ ’ਤੇ ਉਨਾਂ੍ਹ ਨੂੰ ਵਧਾਈ ਦਿੰਦਿਆਂ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਤੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਦਾਸ ਸਿੰਘ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ ਆਦਿ ਸਹਿਤ ਦਰਜਨਾਂ ਆਗੂਆਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ।

ਚੋਣਾਂ ਦੇ ਮੱਦੇਨਜ਼ਰ: ਕੇਂਦਰੀ ਬਲਾਂ ਨੇ ਸ਼ਹਿਰ ’ਚ ਕੱਢਿਆ ਫਲੈਗ ਮਾਰਚ

0

ਬਠਿੰਡਾ ’ਚ ਸੀਆਰਪੀਐਫ਼ ਦੀਆਂ ਤਿੰਨ ਕੰਪਨੀਆਂ ਪੁੱਜੀਆਂ, 30 ਦੀ ਕੀਤੀ ਹੈ ਮੰਗ
ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ: ਆਗਾਮੀ 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ ਕੇਂਦਰੀ ਸੁਰੱਖਿਆ ਬਲਾਂ ਵਲੋਂ ਸਥਾਨਕ ਪੁਲਿਸ ਦੀ ਮੱਦਦ ਨਾਲ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ। ਐਸ.ਐਸ.ਪੀ ਅਜੈ ਮਲੂਜਾ ਦੀ ਅਗਵਾਈ ਹੇਠ ਸਥਾਨਕ ਪੁਲਿਸ ਲਾਈਨ ਤੋਂ ਸ਼ੁਰੂ ਹੋਇਆ ਇਹ ਫਲੈਗ ਮਾਰਚ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਤੇ ਖੇਤਰਾਂ ਵਿਚੋਂ ਹੁੰਦਾ ਹੋਇਆ ਗੋਲ ਡਿੱਗੀ ਤੱਕ ਪੁੱਜਿਆ। ਇਸ ਮੌਕੇ ਸਥਾਨਕ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਕੇਂਦਰੀ ਬਲਾਂ ਦੇ ਕਮਾਂਡੇਂਟ ਵੀ ਹਾਜ਼ਰ ਸਨ। ਇਸਤੋਂ ਇਲਾਵਾ ਪੁਲਿਸ ਵਲੋਂ ਕੇਂਦਰੀ ਬਲਾਂ ਦੀ ਮੱਦਦ ਨਾਲ ਅੱਜ ਸ਼ਹਿਰ ਦੇ ਦਰਜ਼ਨਾਂ ਥਾਵਾਂ ’ਤੇ ਵਿਸੇਸ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਚੋਣ ਜ਼ਾਬਤੇ ਨੂੰ ਲਾਗੂ ਕਰਵਾਉਣ ਅਤੇ ਗੈਰ ਸਮਾਜੀ ਅਨਸਰਾਂ ਦੀ ਰੋਕਥਾਮ ਲਈ ਹੁਣ ਵਿਸੇਸ ਨਾਕਾਬੰਦੀ ਤੇ ਚੈਕਿੰਗ ਮੁਹਿੰਮ ਜਾਰੀ ਰਹੇਗੀ। ਗੌਰਤਲਬ ਹੈ ਕਿ ਆਗਾਮੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੇਂਦਰੀ ਬਲਾਂ ਦੀਆਂ 30 ਕੰਪਨੀਆਂ ਦੀ ਮੰਗ ਰੱਖੀ ਗਈ ਹੈ, ਜਿਸ ਵਿਚੋਂ 3 ਕੰਪਨੀਆਂ ਬਠਿੰਡਾ ਪੁੱਜ ਚੁੱਕੀਆਂ ਹਨ। ਇਸਤੋਂ ਇਲਾਵਾ ਇੱਕ ਕੰਪਨੀ ਮਾਨਸਾ ਜ਼ਿਲ੍ਹੇ ਵਿਚ ਵੀ ਪੁੱਜੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸ਼ਹਿਰ ਵਿਚ ਨਾਕੇਬੰਦੀ ਤੋਂ ਇਲਾਵਾ ਜ਼ਿਲ੍ਹੇ ਦੀਆਂ ਦੂਜੇ ਰਾਜਾਂ ਨਾਲ ਲੱਗਦੀਆਂ ਸਰਹੱਦਾਂ ’ਤੇ ਵੀ ਨਾਕੇ ਲਗਾਏ ਜਾ ਰਹੇ ਹਨ। ਦਸਣਾ ਬਣਦਾ ਹੈ ਕਿ ਬਠਿੰਡਾ ਦੀ ਹੱਦ ਹਰਿਆਣਾ ਦੇ ਨਾਲ ਲੱਗਦੀ ਹੈ।

ਵਿੱਤ ਮੰਤਰੀ ਨੇ ਪਰਿਵਾਰਕ ਮਿਲਣੀ ਪ੍ਰੋਗਰਾਮਾਂ ਤਹਿਤ ਸ਼ਹਿਰ ’ਚ ਵਿੱਢੀ ਚੋਣ ਮੁਹਿੰਮ

0

ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ: ਸਥਾਨਕ ਵਿਧਾਇਕ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹੁਣ ਬਦਲੀਆਂ ਹੋਈਆਂ ਪ੍ਰਸਥਿਤੀਆਂ ਦੇ ਤਹਿਤ ਸ਼ਹਿਰ ਵਿਚ ਪ੍ਰਵਿਰਾਕ ਮਿਲਣੀਆਂ ਪ੍ਰੋਗਰਾਮਾਂ ਤਹਿਤ ਚੋਣ ਮੁਹਿੰਮ ਵਿੱਢ ਦਿੱਤੀ ਹੈ। ਵਖ ਵਖ ਵਾਰਡਾਂ ਦੇ ਕੋਂਸਲਰਾਂ ਨੂੰ ਨਾਲ ਲੈ ਕੇ ਉਨ੍ਹਾਂ ਕਰੋਨਾ ਨਿਯਮਾਂ ਤਹਿਤ ਘਰਾਂ ਵਿਚ ਪ੍ਰੋਗਰਾਮ ਰੱਖੇ। ਇਸ ਦੌਰਾਨ ਉਨ੍ਹਾਂ ਸ਼ਹਿਰੀਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਾਥ ਦੇਣ ਲਈ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਉਮੀਦ ਪੰਜ ਸਾਲ ਪਹਿਲਾਂ ਉਨ੍ਹਾਂ ’ਤੇ ਜਤਾਈ ਸੀ, ਉਹ ਉਸ ਉਮੀਦ ’ਤੇ ਉਹ ਪੂਰੀ ਤਰ੍ਹਾਂ ਖਰੇ ਉਤਰੇ ਹਨ ਅਤੇ ਸ਼ਹਿਰ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਹੈ, ਫੰਡ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਬਹੁਤ ਸਾਰੇ ਪ੍ਰੋਜੈਕਟ ਅਤੇ ਕੰਮ ਮੁਕੰਮਲ ਕੀਤੇ ਗਏ ਪਰ ਸਭ ਤੋਂ ਵੱਧ ਉਹਨਾਂ ਦੇ ਮਨ ਨੂੰ ਤਸੱਲੀ 15 ਸਰਕਾਰੀ ਸਕੂਲਾਂ ਦਾ ਅਧੁਨਿਕ ਨਵੀਨੀਕਰਨ ਕਰ ਕੇ ਹੋਇਆ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜਨ ਗਰਗ, ਮਾਸਟਰ ਹਰਮੰਦਰ ਸਿੰਘ, ਕੌਂਸਲਰ ਇੰਦਰਜੀਤ ਸਿੰਘ, ਕਾਂਗਰਸੀ ਆਗੂ ਜਗਪਾਲ ਸਿੰਘ ਗੋਰਾ, ਹਰਵਿੰਦਰ ਲੱਡੂ, ਰਾਜੂ ਸਰਾਂ, ਸੁਨੀਲ ਬਾਂਸਲ, ਟਹਿਲ ਸਿੰਘ ਬੁੱਟਰ ਅਤੇ ਹੋਰ ਕਾਂਗਰਸੀ ਆਗੂ ਆਦਿ ਹਾਜ਼ਰ ਸਨ।

ਅਕਾਲੀ ਦਲ ’ਚ ਕਈ ਆਗੂ ਹੋਏ ਸ਼ਾਮਲ

0

ਕਾਂਗਰਸ ਦੇ ਗੁੰਡਾ ਰਾਜ ਦਾ ਹੋਇਆ ਅੰਤ : ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ: ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਕੋਵਿਡ ਨਿਯਮਾਂ ਦੀ ਪਾਲਣਾ ਤਹਿਤ ਅੱਜ ਆਪਣੀ ਚੋਣ ਮੁਹਿੰਮ ਭਖਾਉਂਦਿਆਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ। ਇਸ ਮੌਕੇ ਕੀਤੀਆਂ ਪਰਿਵਾਰਕ ਮਿਲਣੀਆਂ ਦੌਰਾਨ ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਪਿਛਲੀ ਅਕਾਲੀ ਸਰਕਾਰ ਦੌਰਾਨ ਸ਼ਹਿਰ ਦੇ ਹੋਏ ਵਿਕਾਸ ਕੰਮਾਂ ਤੇ ਮੌਜੂਦਾ ਕਾਂਗਰਸ ਸਰਕਾਰ ਦੌਰਾਨ ਹੋਈਆਂ ਧੱਕੇਸ਼ਾਹੀਆਂ ਦਾ ਹਵਾਲਾ ਦਿੰਦਿਆਂ ਅਕਾਲੀ-ਬਸਪਾ ਗੱਠਜੋੜ ਦਾ ਸਥਾਣ ਦੇ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਜਾਬਤਾ ਲੱਗਣ ਕਾਰਨਸ਼ਹਿਰ ਵਿਚ ਕਾਂਗਰਸ ਦੇ ਗੁੰਡਾ ਰਾਜ਼ ਦਾ ਅੰਤ ਹੋ ਗਿਆ ਹੈ। ਇਸ ਮੌਕੇ ਕਈ ਪਰਿਵਾਰ ਕਾਂਗਰਸ ਅਤੇ ਆਪ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸਾਮਲ ਹੋਏ ਜਿਨ੍ਹਾਂ ਨੂੰ ਸਾਬਕਾ ਵਿਧਾਇਕ ਨੇ ਜੀ ਆਇਆਂ ਕਿਹਾ ਅਤੇ ਪਾਰਟੀ ਵਿਚ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ । ਸਿੰਗਲਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਕਹਿਰ ਵਧਣਾ ਚਿੰਤਾ ਦਾ ਵਿਸ਼ਾ ਹੈ ਜਿਸ ਕਰਕੇ ਉਨ੍ਹਾਂ ਦੀ ਟੀਮ ਵੱਲੋਂ ਨਿਯਮਾਂ ਦੀ ਪਾਲਣਾ ਕਰਦਿਆਂ ਪਰਿਵਾਰਕ ਮੁਲਾਕਾਤਾਂ ਰਾਹੀਂ ਚੋਣ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੀ ਤੰਦਰੁਸਤੀ ਦੀ ਅਰਦਾਸ ਤਹਿਤ ਚੋਣਾਂ ਹੋ ਸਕਣ।

Our Visitor

1895562