Tuesday, May 5, 2026
Home Blog Page 2648

ਵੀਰੇਸ਼ ਕੁਮਾਰ ਭਾਵਰਾ ਬਣੇ ਪੰਜਾਬ ਦੇ ਨਵੇਂ ਡੀਜੀਪੀ

0

ਸੁਖਜਿੰਦਰ ਮਾਨ
ਚੰਡੀਗੜ, 8 ਜਨਵਰੀ: 1987 ਬੈਚ ਦੇ ਆਈਪੀਐਸ ਅਫ਼ਸਰ ਵੀਰੇਸ਼ ਕੁਮਾਰ ਭਾਵਰਾ ਨੇ ਅੱਜ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਮੌਜੂਦਾ ਡੀਜੀਪੀ ਐਸ. ਚੱਟੋਅਪਧਾਇ ਤੋਂ ਇਹ ਚਾਰਜ਼ ਲਿਆ ਹੈ। ਪਿਛਲੇ ਦਿਨੀਂ ਕੇਂਦਰੀ ਲੋਕ ਸੇਵਾ ਕਮਿਸ਼ਨ ਪੈਨਲ ਵਲੋਂ ਭੇਜੇ ਪੈਨਲ ਦੇ ਮੁਤਾਬਕ ਪੰਜਾਬ ਸਰਕਾਰ ਨੇ ਸ਼੍ਰੀ ਭਾਵਰਾ ਨੂੰ ਇਹ ਜਿੰਮੇਵਾਰੀ ਸੋਂਪੀ ਹੈ। ਉਜ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਡੀਜੀਪੀ ਲਗਾਉਣ ਦਾ ਫੈਸਲਾ ਚੋਣ ਜਾਬਤਾ ਲੱਗਣ ਤੋਂ ਮਹਿਜ਼ ਕੁੱਝ ਸਮਾਂ ਪਹਿਲਾਂ ਕੀਤਾ ਹੈ। ਹਾਲਾਂਕਿ ਦੋ ਦਿਨ ਪਹਿਲਾਂ ਕੇਂਦਰੀ ਕਮਿਸ਼ਨ ਨੇ ਸ਼੍ਰੀ ਭਾਵਰਾ ਸਹਿਤ ਤਿੰਨ ਅਧਿਕਾਰੀਆਂ ਦੇ ਨਾਵਾਂ ਵਾਲਾ ਪੈਨਲ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਸੀ। ਇਸ ਪੈਨਲ ਵਿਚ ਨਵੇਂ ਡੀਜੀਪੀ ਤੋਂ ਇਲਾਵਾ ਸਾਬਕਾ ਡੀਜੀਪੀ ਦਿਨਕਰ ਗੁਪਤਾ ਅਤੇ ਪ੍ਰਬੋਧ ਕੁਮਾਰ ਦਾ ਨਾਮ ਸ਼ਾਮਲ ਸੀ। ਦਿਨਕਰ ਗੁਪਤਾ ਜਿੱਥੇ ਡੀਜੀਪੀ ਦੇ ਅਹੁੱਦੇ ਤੋਂ ਹਟਾਉਣ ਬਾਅਦ ਦਿੱਲੀ ਜਾ ਰਹੇ ਹਨ, ਉਥੇ ਪ੍ਰਬੋਧ ਕੁਮਾਰ ਪਹਿਲਾਂ ਹੀ ਡੈਪੂਟੇਸ਼ਨ ਉਪਰ ਹਨ। ਜਿਸਦੇ ਚੱਲਦੇ ਸ਼੍ਰੀ ਭਾਵੜਾ ਹੀ ਪੰਜਾਬ ਸਰਕਾਰ ਦੀ ਪਸੰਦ ਬਚੇ ਹਨ। ਹਾਲਾਂਕਿ ਪੰਜਾਬ ਸਰਕਾਰ ਨੇ ਚੱਟੋਅੱਪਧਾਇ ਨੂੰ ਡੀਜੀਪੀ ਵਜੋਂ ਬਰਕਰਾਰ ਰੱਖਣ ਲਈ ਕਾਫ਼ੀ ਜੋਰ ਲਗਾਇਆ ਹੋਇਆ ਸੀ। ਉਧਰ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਨਵ-ਨਿਯੁਕਤ ਡੀ.ਜੀ.ਪੀ. ਪੰਜਾਬ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ- 2022 ਨੇੜੇ ਹਨ ਅਤੇ ਪੰਜਾਬ ਪੁਲਿਸ ਵਲੋਂ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।ਡੀਜੀਪੀ ਵੀਰੇਸ਼ ਭਾਵਰਾ ਨੇ ਕਿਹਾ ਕਿ ਨਿਰਵਿਘਨ ਤੇ ਸੁਚਾਰੂ ਰੂਪ ’ਚ ਚੋਣਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਉਨਾਂ ਦਾ ਧਿਆਨ ਸੂਬੇ ਵਿੱਚੋਂ ਨਸ਼ਾਖੋਰੀ ਅਤੇ ਅੱਤਵਾਦ ਨੂੰ ਠੱਲ ਪਾਉਣ ‘ਤੇ ਹੋਵੇਗਾ। ਉਨਾਂ ਅੱਗੇ ਕਿਹਾ ਕਿ ਲੋਕ ਕੇਂਦਰਤ ਪੁਲੀਸ ਸੇਵਾਵਾਂ ਅਤੇ ਪਬਲਿਕ ਸਰਵਿਸ ਡਿਲੀਵਰੀ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਹਨ।ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਖ-ਵੱਖ ਅਪਰਾਧਾਂ ਦੀ ਜਾਂਚ ਲਈ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰੇਗੀ। ਜ਼ਿਕਰਯੋਗ ਹੈ ਕਿ ਸ੍ਰੀ ਵੀਰੇਸ਼ ਭਾਵਰਾ ਜੋ ਕਿ ਪੁਲਿਸ ਮੈਡਲ ਮੈਰੀਟੋਰੀਅਸ ਸਰਵਿਸ ਅਤੇ ਡਿਸਟਿੰਗੁਜ਼ਿਟ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਦੇ ਐਵਾਰਡੀ ਹਨ,ਨੇ ਪੰਜਾਬ, ਅਸਾਮ ਅਤੇ ਇੰਟੈਲੀਜੈਂਸ ਬਿਊਰੋ, ਭਾਰਤ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ । ਉਹ ਐਸਐਸਪੀ ਮਾਨਸਾ, ਡੀਆਈਜੀ ਪਟਿਆਲਾ ਰੇਂਜ ਅਤੇ ਆਈਜੀਪੀ/ਬਠਿੰਡਾ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ ਡੀਜੀਪੀ/ਏਡੀਜੀਪੀ – ਇੰਟੈਲੀਜੈਂਸ, ਪ੍ਰੋਵੀਜਨਿੰਗ ਅਤੇ ਆਧੁਨਿਕੀਕਰਨ, ਸੂਚਨਾ ਤਕਨਾਲੋਜੀ ਅਤੇ ਦੂਰਸੰਚਾਰ, ਬਿਊਰੋ ਆਫ ਇਨਵੈਸਟੀਗੇਸ਼ਨ, ਅੰਦਰੂਨੀ ਚੌਕਸੀ ਅਤੇ ਮਨੁੱਖੀ ਅਧਿਕਾਰ, ਅਤੇ ਭਲਾਈ ਦੇ ਤੌਰ ‘ਤੇ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਦੇ ਮੁਖੀ ਵਜੋਂ ਕੰਮ ਕਰ ਚੁੱਕੇ ਹਨ । ਉਨਾਂ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਬਿਊਰੋ ਦੇ ਪਹਿਲੇ ਨਿਰਦੇਸ਼ਕ ਵਜੋਂ ਵੀ ਤਾਇਨਾਤ ਰਹੇ ਹਨ। ਆਈਟੀ ਐਂਡ ਟੀ ਵਿੰਗ ਵਿੱਚ ਆਪਣੀ ਤਾਇਨਾਤੀ ਦੌਰਾਨ, ਉਨਾਂ ਨੇ ਸੀ.ਸੀ.ਟੀਐਨਐਸ ਪ੍ਰੋਜੈਕਟ ਨੂੰ ਲਾਗੂ ਕਰਨ ਅਤੇ ਪੰਜਾਬ ਪੁਲਿਸ ਦੁਆਰਾ ਸੋਸਲ ਮੀਡੀਆ ਦੀ ਕਿਰਿਆਸ਼ੀਲ ਵਰਤੋਂ ਦੀ ਅਗਵਾਈ ਕੀਤੀ।

ਡੀਜੀਪੀ ਚਟੋਪਾਧਿਆ ਵੀ ਕੇਂਦਰ ਦੇ ਰਾਡਰ ’ਤੇ
ਚੰਡੀਗੜ੍ਹ: ਉਧਰ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਲੱਗੇ ਸੰਨ ਤੋਂ ਬਾਅਦ ਅੱਜ ਦੁਪਿਹਰ ਤੱਕ ਪੁਲਿਸ ਦੇ ਮੁਖੀ ਰਹੇ ਐਸ.ਚਟੋਪਾਧਿਆ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼੍ਰੀ ਚਟੋਪਾਧਿਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਅੱਜ ਸ਼ਾਮ ਪੰਜ ਵਜੇ ਤਕ ਜਵਾਬ ਮੰਗਿਆ ਸੀ। ਸਖ਼ਤ ਪੱਤਰ ਵਿਚ ਚਟੋਪਾਧਿਆ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਪੁਛਿਆ ਗਿਆ ਹੈ ਕਿ ਸੁਰੱਖਿਆ ਖਾਮੀਆਂ ਕਾਰਨ ਉਨ੍ਹਾਂ ਖਿਲਾਫ ਆਲ ਇੰਡੀਆ ਸਰਵਿਸ ਰੂਲਜ਼ ਤਹਿਤ ਕਾਰਵਾਈ ਕਿਉਂ ਨਾ ਕੀਤੀ ਜਾਵੇ। ਨੋਟਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਸਪੈਸ਼ਲ ਪ੍ਰੋਟੈਕਸ਼ਨ ਗੁਰੱਪ ਐਕਟ ਤਹਿਤ ਆਪਣੀ ਕਾਨੂੰਨੀ ਜ਼ਿੰਮੇਵਾਰੀ ਦਾ ਪਾਲਣ ਨਹੀਂ ਕੀਤਾ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਗ੍ਰਹਿ ਵਿਭਾਗ ਵਲੋਂ ਬਠਿੰਡਾ ਦੇ ਐਸਐਸਪੀ ਅਜੈ ਮਲੂਜਾ ਤੇ ਕੁੱਝ ਹੋਰਨਾਂ ਅਧਿਕਾਰੀਆਂ ਨੂੰ ਵੀ ਇਹ ਨੋਟਿਸ ਜਾਰੀ ਕੀਤਾ ਜਾ ਚੁੱਕਿਆ ਹੈ।

ਪੰਜਾਬ ਚ 14 ਫਰਵਰੀ ਨੂੰ ਹੋਣਗੀਆਂ ਚੋਣਾਂ,10 ਨੂੰ ਆਉਣਗੇ ਨਤੀਜੇ

0
  • 21 ਜਨਵਰੀ ਤੋਂ ਸੁਰੂ ਹੋਣਗੀਆਂ ਨਾਮਜਦਗੀਆਂ, 15 ਜਨਵਰੀ ਤੱਕ ਨਹੀਂ ਹੋ ਸਕੇਗੀ ਕੋਈ ਚੋਣ ਰੈਲੀ ਜਾ ਰੋਡ ਸੋਅ 
ਸੁਖਜਿੰਦਰ ਮਾਨ
ਚੰਡੀਗੜ੍ਹ, 7 ਜਨਵਰੀ: ਪਿਛਲੇ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਅੱਜ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ । ਕੀਤੇ ਗਏ ਐਲਾਨ ਮੁਤਾਬਕ ਪੰਜਾਬ ਵਿੱਚ ਸਿਰਫ਼ ਇੱਕ ਗੇੜ ਵਿੱਚ 14 ਫਰਵਰੀ ਨੂੰ ਵੋਟਾਂ ਪੈਣਗੀਆਂ ਜਦੋਂ ਕਿ ਨਤੀਜਾ 10 ਮਾਰਚ ਨੂੰ ਸਾਹਮਣੇ ਆਵੇਗਾ। ਇਨ੍ਹਾਂ ਚੋਣਾਂ ਲਈ ਇੱਕੀ ਜਨਵਰੀ ਤੋਂ ਨਾਮਜ਼ਦਗੀਆਂ ਦਾ ਕੰਮ ਸ਼ੁਰੂ ਹੋਵੇਗਾ ਜਿਹੜਾ ਕਿ 28 ਜਨਵਰੀ ਤੱਕ ਜਾਰੀ ਰਹੇਗਾ। ਇਨ੍ਹਾਂ ਚੋਣਾਂ ਵਿੱਚ ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਸਾਹਮਣੇ ਇਹ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਇਸ ਵਾਰ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਕੋਈ ਵੀ ਚੋਣ ਰੈਲੀ ਨੁੱਕੜ ਮੀਟਿੰਗ ਜਾਂ ਰੋਡ ਸ਼ੋਅ ਆਦਿ  ਨਹੀਂ ਕਰ ਸਕਣਗੇ।

ਚੰਡੀਗਡ਼੍ਹ ਨਗਰ ਨਿਗਮ ‘ਚ ਖਿੜਿਆ ਕਮਲ ਦਾ ਫੁੱਲ

0
ਭਾਜਪਾ ਦੀ ਸਰਬਜੀਤ ਕੌਰ ਮੇਅਰ ਤੇ ਦਲੀਪ ਕੁਮਾਰ ਬਣੇ ਸੀਨੀਅਰ ਡਿਪਟੀ ਮੇਅਰ 
ਸੁਖਜਿੰਦਰ ਮਾਨ
ਚੰਡੀਗੜ੍ਹ, 7 ਜਨਵਰੀ: ਪਿਛਲੇ ਦਿਨੀਂ ਨਗਰ ਨਿਗਮ ਚੰਡੀਗੜ੍ਹ ਦੀਆਂ ਹੋਈਆਂ ਚੋਣਾਂ ‘ਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੇ ਬਾਵਜੂਦ ਆਮ ਆਦਮੀ ਪਾਰਟੀ ਇੱਥੇ ਆਪਣਾ ਮੇਅਰ ਬਣਾਉਣ ਵਿਚ ਅਸਫਲ ਰਹੀ ਹੈ। ਅੱਜ ਇੱਥੇ ਨਗਰ ਨਿਗਮ ਦੇ ਮੇਅਰ ਅਤੇ ਹੋਰਨਾਂ ਅਹੁਦੇਦਾਰਾਂ ਲਈ ਹੋਈ ਵੋਟਿੰਗ ਦੇ ਸਾਹਮਣੇ ਆਏ ਨਤੀਜਿਆਂ ਮੁਤਾਬਕ  ਦੂਜੇ ਨੰਬਰ ‘ਤੇ ਰਹੀ ਭਾਰਤੀ ਜਨਤਾ ਪਾਰਟੀ ਦੀ ਸਰਬਜੀਤ ਕੌਰ ਮੇਅਰ ਅਤੇ ਦਿਲੀਪ ਕੁਮਾਰ ਸੀਨੀਅਰ ਡਿਪਟੀ ਮੇਅਰ ਚੁਣੇ ਗਏ। ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਗੁਪਤ ਵੋਟਿੰਗ ਵਿੱਚ ਆਪ ਦਾ ਇੱਕ ਕੌਂਸਲਰ ਭਾਜਪਾ ਦੇ ਹੱਕ ਵਿੱਚ ਭੁਗਤਿਆ ਹੈ। ਜਦੋਂਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਇਕ ਇੱਕ ਕੌਂਸਲਰ ਨੇ ਇਸ ਚੋਣ ਵਿੱਚ ਹਿੱਸਾ ਨਹੀਂ ਲਿਆ।

ਪੰਜਾਬ ਵਿਧਾਨ ਸਭਾ ਚੋਣਾਂ 2022: ‘ਸੋਸ਼ਲ ਮੀਡੀਆ ਮੋਨੀਟਰਿੰਗ’ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ

0

ਸੀ.ਈ.ਓ. ਪੰਜਾਬ ਵੱਲੋਂ ਡੀ.ਪੀ.ਆਰ.ਓਜ਼ ਨੂੰ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੇ ਨਿਰਦੇਸ਼
ਸਹਾਇਕ ਪ੍ਰੋਫ਼ੈਸਰ ਡਾ. ਰੁਬਲ ਕਨੌਜੀਆ ਨੇ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਣ, ਜਾਅਲੀ ਖ਼ਬਰਾਂ ਨੂੰ ਰੋਕਣ ਲਈ ਨੁਕਤੇ ਕੀਤੇ ਸਾਂਝੇ
ਸੁਖਜਿੰਦਰ ਮਾਨ
ਚੰਡੀਗੜ੍ਹ, 7 ਜਨਵਰੀ: ਸੋਸ਼ਲ ਮੀਡੀਆ ਦੇ ਨਵੀਂ ਚੁਣੌਤੀ ਵਜੋਂ ਉਭਰਨ ਦੇ ਨਾਲ, ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਅੱਜ ਸਾਰੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀਆਂ (ਡੀਪੀਆਰਓਜ਼) ਲਈ ‘ਸੋਸ਼ਲ ਮੀਡੀਆ ਮੋਨੀਟਰਿੰਗ’ ਵਿਸ਼ੇ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਤਾਂ ਜੋ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2022 ਦੌਰਾਨ ਜਾਅਲੀ ਖ਼ਬਰਾਂ ਨੂੰ ਰੋਕਣ ਅਤੇ ਪੇਡ ਨਿਊਜ਼ ਦੀ ਪਛਾਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਸਹਾਇਕ ਪ੍ਰੋਫੈਸਰ ਡਾ. ਰੂਬਲ ਕਨੌਜੀਆ, ਜੋ ਕਿ ਗਲਤ ਸੂਚਨਾਵਾਂ ਅਤੇ ਝੂਠੀਆਂ ਖ਼ਬਰਾਂ ਦੇ ਖੋਜਕਰਤਾ ਹੋਣ ਦੇ ਨਾਲ ਨਾਲ ਸੋਸ਼ਲ ਮੀਡੀਆ ਵਿਸ਼ਲੇਸ਼ਕ ਵੀ ਹਨ, ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਸਨ। ਸੀ.ਈ.ਓ ਡਾ. ਰਾਜੂ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਡੀ.ਪੀ.ਆਰ.ਓਜ਼ ਨਾਲ ਉਹਨਾਂ ਦੇ ਸਬੰਧਤ ਜ਼ਿਲ੍ਹਿਆਂ ਵਿੱਚ ਚੱਲ ਰਹੀਆਂ ਸਵੀਪ ਗਤੀਵਿਧੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਡੀ.ਪੀ.ਆਰ.ਓਜ਼ ਨੂੰ ਇਹ ਵੀ ਕਿਹਾ ਕਿ ਉਹ ਨਾ ਸਿਰਫ਼ ਰਵਾਇਤੀ ਮੀਡੀਆ ਜਿਵੇਂ ਕਿ ਇਨਡੋਰ ਅਤੇ ਆਊਟਡੋਰ ਇਸ਼ਤਿਹਾਰਾਂ ਅਤੇ ਪ੍ਰੈਸ ਨੋਟਾਂ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ, ਸਗੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਵੀ ਕਿਹਾ। ਡਾ. ਰੂਬਲ ਕਨੌਜੀਆ ਨੇ ਬਾਅਦ ਵਿੱਚ ਡੀ.ਪੀ.ਆਰ.ਓਜ਼ ਨੂੰ ਵੱਖ-ਵੱਖ ਸੋਸ਼ਲ ਮੀਡੀਆ ਟਿਪਸ ਅਤੇ ਟੂਲਜ਼ ਬਾਰੇ ਜਾਣਕਾਰੀ ਦਿੱਤੀ, ਜੋ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋਣ ਵਾਲੀਆਂ ਜਾਅਲੀ ਖ਼ਬਰਾਂ, ਵਾਇਰਲ ਖ਼ਬਰਾਂ ਅਤੇ ਪੇਡ ਨਿਊਜ਼ ‘ਤੇ ਨਜ਼ਰ ਰੱਖਣ ਵਿੱਚ ਡੀਪੀਆਰਓਜ਼ ਦੀ ਮਦਦ ਕਰਨਗੇ। ਜ਼ਿਕਰਯੋਗ ਹੈ ਕਿ ਚੋਣਾਂ ਦੌਰਾਨ ਅਖਬਾਰਾਂ, ਇਲੈਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਦੀਆਂ ਖਬਰਾਂ ‘ਤੇ ਨਜ਼ਰ ਰੱਖਣ ਲਈ ਗਠਿਤ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀਜ਼ (ਐਮਸੀਐਮਸੀ) ਵਿੱਚ ਡੀਪੀਆਰਓਜ਼ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।

ਦਿਹਾਤੀ ਮਜ਼ਦੂਰ ਸਭਾ ਸਿਹਤ ਵਿਭਾਗ ਦੇ ਹੜਤਾਲੀ ਕਾਮਿਆਂ ਦੇ ਹੱਕ ਵਿੱਚ ਨਿੱਤਰੀ

0

ਸੁਖਜਿੰਦਰ ਮਾਨ
ਬਠਿੰਡਾ ; 7 ਜਨਵਰੀ: ਸਿਹਤ ਵਿਭਾਗ ਦੇ ਹੜਤਾਲੀ ਕਰਮਚਾਰੀਆਂ ਦੇ ਹੱਕੀ ਸੰਘਰਸ਼ ਨੂੰ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਬਠਿੰਡਾ ਜਿਲ੍ਹਾ ਕਮੇਟੀ ਵੱਲੋਂ ਹਰ ਪੱਖ ਤੋਂ ਡਟਵਾਂ ਸਹਿਯੋਗ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।ਸਭਾ ਦੇ ਕਾਰਕੁੰਨਾਂ ਦਾ ਵੱਡੇ ਜੱਥੇ ਨੇ ਅੱਜ ਰੋਹ ਭਰਪੂਰ ਨਾਹਰੇ ਮਾਰਦਿਆਂ ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਅਤੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ ਦੀ ਅਗਵਾਈ ਵਿੱਚ ਸੰਘਰਸ਼ਸ਼ੀਲ ਕਰਮਚਾਰੀਆਂ ਦੀ ਸਥਾਨਕ ਸਿਵਲ ਹਸਪਤਾਲ ਵਿਖੇ ਹੋਈ ਰੈਲੀ ਵਿੱਚ ਸ਼ਮੂਲੀਅਤ ਕੀਤੀ।ਇਸ ਮੌਕੇ ਸਿਹਤ ਕਾਮਿਆਂ ਅਤੇ ਜਨ ਸੰਗਠਨਾਂ ਦੀ ਸਾਂਝੀ ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂਆਂ ਨੇ ਕਿਹਾ ਜਨਤਕ ਸਿਹਤ ਸੇਵਾਵਾਂ ਦੇ ਢਾਂਚੇ ਦੀ ਰਾਖੀ ਅਤੇ ਮਜ਼ਬੂਤੀ ਦਾ ਸੰਘਰਸ਼ ਕੇਵਲ ਸਿਹਤ ਵਿਭਾਗ ਦੇ ਕਾਮਿਆਂ ਦਾ ਨਹੀਂ ਬਲਕਿ ਸਮੁੱਚੇ ਮਿਹਨਤੀ ਤਬਕਿਆਂ ਦਾ ਸਾਂਝਾ ਸੰਗਰਾਮ ਹੈ।ਉਨ੍ਹਾਂ ਪੰਜਾਬ ਵਾਸੀਆਂ ਨੂੰ ਸਿਹਤ ਕਾਮਿਆਂ ਦੇ ਹੱਕੀ ਘੋਲ ਦੇ ਹੱਕ ਵਿੱਚ ਨਿੱਤਰਣ ਦੀ ਅਪੀਲ ਕੀਤੀ।

ਪੰਜਾਬ ਨਵੀਂ ਕਹਾਣੀ, ਨਵੀਆਂ ਪੈੜਾਂ ਅਤੇ ਨਵੀਆਂ ਮੰਜ਼ਿਲਾਂ ਲਈ ਤਿਆਰ : ਭਗਵੰਤ ਮਾਨ

0

-ਬੋਹਾ ‘ਚ ਪ੍ਰਿੰਸੀਪਲ ਬੁੱਧ ਰਾਮ ਅਤੇ ਮਾਨਸਾ ‘ਚ ਡਾ. ਵਿਜੈ ਸਿੰਗਲਾ ਦੇ ਹੱਕ ‘ਚ ਗਰਜੇ ‘ਆਪ’ ਸੰਸਦ
-ਮਾਨ ਨੇ ਪੁੱਛਿਆ; ਲੋਕ ਲਗਾਤਾਰ ਟੈਕਸ ਦੇ ਰਹੇ ਹਨ ਤਾਂ ਪੰਜਾਬ ਦਾ ਖਜ਼ਾਨਾ ਖ਼ਾਲੀ ਕਿਵੇਂ ਹੋ ਗਿਆ ?
-‘ਆਪ’ ਦੀ ਸਰਕਾਰ ਪੰਜਾਬ ਦਾ ਖਜ਼ਾਨਾ ਵੀ ਭਰੇਗੀ ਅਤੇ ਮੁਫ਼ਤ ਸਹੂਲਤਾਂ ਵੀ ਦੇਵੇਗੀ: ਭਗਵੰਤ ਮਾਨ
-ਕਿਹਾ, ਕਾਂਗਰਸ ਸਰਕਾਰ ਨੇ ਪੰਜਾਬ ਨੂੰ ਧਰਨਿਆਂ ਦੀ ਧਰਤੀ ਬਣਾ ਦਿੱਤਾ, ਅੱਜ ਹਰ ਵਰਗ ਆਪਣੇ ਹੱਕਾਂ ਲਈ ਧਰਨੇ ‘ਤੇ ਬੈਠਾ ਹੈ
-ਮਾਨ ਦੀ ਅਪੀਲ; ਇੱਕ ਵਾਰ ‘ਆਪ’ ਨੂੰ ਮੌਕਾ ਦੇ ਕੇ ਦੇਖੋ, ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ
-ਕਿਹਾ, ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਖੇਤੀਬਾੜੀ ਮਜ਼ਬੂਰੀ ਦਾ ਨਹੀਂ ਸਗੋਂ ਨਫ਼ੇ ਦਾ ਧੰਦਾ ਹੋਵੇਗਾ
ਸੁਖਜਿੰਦਰ ਮਾਨ
ਬੁਢਲਾਡਾ/ਮਾਨਸਾ, 7 ਜਨਵਰੀ: ਆਮ ਆਦਮੀ ਪਾਰਟੀ (ਆਪ) ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇੱਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 2022 ਵਿੱਚ ਬਣਨ ਵਾਲੀ ‘ਆਪ’ ਸਰਕਾਰ ਮਾਫ਼ੀਆ ਰਾਜ ਨੂੰ ਖ਼ਤਮ ਕਰ, ਪੰਜਾਬ ਦਾ ਖਾਲੀ ਖਜ਼ਾਨਾ ਵੀ ਭਰੇਗੀ ਅਤੇ ਲੋਕਾਂ ਨੂੰ ਮੁਫ਼ਤ ਅਤੇ ਚੰਗੀ ਸਿੱਖਿਆ, ਸਿਹਤ ਸੁਵਿਧਾਵਾਂ ਦੇ ਨਾਲ-ਨਾਲ ਸਾਰੀਆਂ ਸਹੂਲਤਾਂ ਦੇਵੇਗੀ। ਅੱਜ, ਬੋਹਾ (ਬੁਢਲਾਡਾ) ਵਿੱਚ ਪ੍ਰਿੰਸੀਪਲ ਬੁੱਧ ਰਾਮ ਅਤੇ ਮਾਨਸਾ ਵਿੱਚ ਡਾ. ਵਿਜੈ ਸਿੰਗਲਾ ਦੇ ਹੱਕ ਵਿੱਚ, ਦੋ ਜ਼ਬਰਦਸਤ ਜਨਸਭਾਵਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਇੱਕ ਵਾਰ ਫਿਰ ਸੂਬੇ ਦੀ ਕਾਂਗਰਸ ਸਰਕਾਰ ਸਮੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ ਅਤੇ ਬਾਦਲ ਪਰਿਵਾਰ ਨੂੰ ਆੜੇ ਹੱਥੀਂ ਲਿਆ। ਭਗਵੰਤ ਮਾਨ ਨੇ ਪੁੱਛਿਆ ਕਿ ਜਦੋਂ ਪੰਜਾਬ ਵਿੱਚ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਤਰਸਯੋਗ ਹੈ, ਬਿਜਲੀ ਪੂਰੇ ਦੇਸ਼ ਨਾਲੋਂ ਮਹਿੰਗੀ ਹੈ ਅਤੇ ਸੜਕਾਂ ਲਈ ਹਰ ਪਾਸੇ ਟੋਲ ਪਲਾਜ਼ੇ ਲੱਗੇ ਹਨ, ਫਿਰ ਪੰਜਾਬ ਦਾ ਖ਼ਜ਼ਾਨਾ ਖਾਲੀ ਕਿਵੇਂ ਹੋ ਗਿਆ? ਨਾਲੇ ਪੰਜਾਬ ਦੇ ਲੋਕ ਤਾਂ ਲਗਾਤਾਰ ਟੈਕਸ ਭਰ ਰਹੇ ਹਨ, ਫਿਰ ਟੈਕਸ ਦਾ ਸਾਰਾ ਪੈਸੇ ਜਾਂਦਾ ਕਿੱਥੇ ਹੈ ? ਮਾਨ ਨੇ ਕਿਹਾ, “ਲੋਕ ਟੈਕਸ ਭਰਦੇ ਰਹੇ, ਅਤੇ ਖ਼ਜ਼ਾਨਾ ਖ਼ਾਲੀ ਹੀ ਰਿਹਾ, ਕਿਉਂਕਿ ਕੈਪਟਨ ਤੇ ਬਾਦਲ ਸਿਸਵਾਂ ‘ਚ ਆਪਣੀਆਂ ਪ੍ਰਾਪਰਟੀਆਂ ਬਣਾਉਣ ‘ਚ ਹੀ ਲੱਗੇ ਰਹੇ। ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਸਹੂਲਤਾਂ ਵੀ ਦਿੰਦੀ ਆ ਰਹੀ ਆ, ਤਾਂ ਵੀ ਦਿੱਲੀ ‘ਤੇ ਅੱਜ ਇੱਕ ਰੁਪਏ ਦਾ ਕਰਜ਼ਾ ਨਹੀਂ। ਇੱਥੇ ਕਾਂਗਰਸ ਸਰਕਾਰ ਨੇ ਕੋਈ ਸਕੂਲ ਨੀ ਬਣਾਏ, ਸਰਕਾਰੀ ਹਸਪਤਾਲਾਂ ‘ਚ ਲੋਕ ਸਿਰਫ਼ ਮਜ਼ਬੂਰੀ ‘ਚ ਜਾਂਦੇ ਨੇ, ਨੌਕਰੀਆਂ ਨਹੀਂ ਦਿੱਤੀਆਂ, ਪਿੰਡਾਂ ਨੂੰ ਜਾਂਦੀਆਂ ਸੜਕਾਂ ਦੀ ਹਾਲਤ ਮਾੜੀ ਆ, ਪਰ ਖਜ਼ਾਨਾ ਖ਼ਾਲੀ ਹੋ ਗਿਆ ਤੇ ਨਾਲੇ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਵੀ ਚੜ ਗਿਆ। ” ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਅਗਾਮੀ ਚੋਣਾਂ ਲਈ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਦੇ ਹੱਕ ਵਿੱਚ ਬੋਲਦਿਆਂ ਮਾਨ ਨੇ ਕਿਹਾ, “ਬੁਢਲਾਡਾ ਨੂੰ ਪੰਜਾਬ ਦਾ ਪਛੜਿਆ ਇਲਾਕਾ ਕਹਿ ਦਿੰਦੇ ਹਨ। ਪਰ ਮੈਂ ਇੱਥੋਂ ਦੇ ਲੋਕਾਂ ਨੂੰ ਵਧਾਈ ਦਿੰਦਾ ਜਿੰਨਾ ਨੇ ਪੰਜਾਬ ਦਾ ਸਭ ਤੋਂ ਵੱਧ ਪੜਿਆ ਲਿਖਿਆ ਐੱਮ.ਐੱਲ.ਏ ਚੁਣ ਕੇ ਭੇਜਿਆ। ਮੈਂ ਅੱਜ ਬੁਢਲਾਡਾ ਦੇ ਲੋਕਾਂ ਨੂੰ ਵਾਅਦਾ ਕਰਦਾ ਹਾਂ ਕਿ ਆਪ ਦੀ ਸਰਕਾਰ ਆਉਣ ਤੇ ਇਸ ਇਲਾਕੇ ਨੂੰ ਟੇਲ (ਪੂੰਛ) ਨਹੀਂ ਮੰਨਿਆ ਜਾਵੇਗਾ ਸਗੋਂ ਵਿਕਾਸ ਕਾਰਜਾਂ ਵਿੱਚ ਤਰਜੀਹ ਦਿੱਤੀ ਜਾਵੇਗੀ।” ਮਾਨ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਖੇਤੀਬਾੜੀ ਮਜ਼ਬੂਰੀ ਦਾ ਨਹੀਂ ਸਗੋਂ ਨਫ਼ੇ ਦਾ ਧੰਦਾ ਹੋਵੇਗਾ। ਉਹਨਾਂ ਦੀ ਸਰਕਾਰ ਸੂਬੇ ਵਿੱਚ ਖੇਤੀਬਾੜੀ ਮਾਹਿਰਾਂ ਦੀਆਂ ਭਰਤੀਆਂ ਕਰੇਗੀ ਜੋ ਕਿਸਾਨਾਂ ਨੂੰ ਆਧੁਨਿਕ ਢੰਗ ਨਾਲ ਖੇਤੀਬਾੜੀ ਕਰਨ ਅਤੇ ਉਹਨਾਂ ਦੀ ਆਮਦਨੀ ਵਧਾਉਣ ਵਿੱਚ ਮਦਦ ਕਰਨਗੇ। ਮਾਨ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮਹਿਲਾਵਾਂ ਨੂੰ 2000 ਰੁਪਏ ਮਹੀਨਾ ਦੇਣ ਅਤੇ 8 ਮੁਫ਼ਤ ਸਿਲੰਡਰਾਂ ਦੇ ਬਿਆਨ ‘ਤੇ ਤੰਜ ਕਸਦਿਆਂ ਕਿਹਾ ਕਿ ਪਹਿਲਾਂ ਤਾਂ ਜਦੋਂ ਆਪ ਨੇ ਮਹਿਲਾਵਾਂ ਦੀ ਆਰਥਿਕ ਸਹਾਇਤਾ ਲਈ 1000 ਰੁਪਏ ਮਹੀਨਾ ਐਲਾਨ ਕੀਤੇ ਸੀ ਤਾਂ ਨਵਜੋਤ ਸਿੱਧੂ ਕਹਿੰਦੇ ਸੀ ਕਿ ਪੰਜਾਬ ਦੀਆਂ ਮਹਿਲਾਵਾਂ ਭਿਖਾਰੀ ਨਹੀਂ, ਹੁਣ ਆਪ 5 ਸਾਲ ਖਜ਼ਾਨਾ ਖਾਲੀ ਕਹਿ ਕੇ ਡੰਗ ਟਪਾਉਣ ਵਾਲੇ ਪੰਜਵੀ ਪਾਸ ਨੂੰ 5000, ਦਸਵੀਂ ਪਾਸ ਨੂੰ 15000, ਬਾਰਵੀਂ ਪਾਸ ਨੂੰ 20000 ਅਤੇ ਸਕੂਟਰੀਆਂ ਦੇ ਵਾਅਦੇ ਕਰ ਰਹੇ ਹਨ। ਮਾਨ ਨੇ ਕਿਹਾ ਕਿ ਕਾਂਗਰਸ ਕੋਲ ਕੋਈ ਮੁੱਦਾ ਨਹੀਂ ਅਤੇ ਇਹ ਪਹਿਲੀ ਸਰਕਾਰ ਹੈ ਜਿਹੜੀ ਆਖਰੀ 100 ਦਿਨ ਦਾ ਹਿਸਾਬ ਦੇ ਰਹੀ ਆ, ਅਤੇ ਪੌਣੇ ਪੰਜ ਸਾਲ ਇਹਨਾਂ ਸਾਰਿਆਂ ਨੇ ਮੰਤਰੀ ਰਹਿੰਦਿਆਂ ਜੋ ਮਾਫ਼ੀਆ ਨੂੰ ਸਰਪ੍ਰਸਤੀ ਦਿੱਤੀ ਹੈ ਅਤੇ ਹੁਣ ਵੀ ਇਹਨਾਂ ਦੀ ਮਿਹਰਬਾਨੀ ਨਾਲ ਹਰ ਮਾਫੀਆ ਜਿਓਂ ਦਾ ਤਿਓਂ ਚਲ ਰਿਹਾ ਉਸਦਾ ਕੋਈ ਜ਼ਿਕਰ ਹੀ ਨਹੀਂ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਸੱਤਾ ਭ੍ਰਿਸ਼ਟ ਆਗੂਆਂ ਤੇ ਪਾਰਟੀਆਂ ਦੇ ਹੱਥ ਨਾਂ ਦੇ ਕੇ ਪੰਜਾਬ ਦੇ ਲੋਕ ਇੱਕ ਇਮਾਨਦਾਰ ਅਤੇ ਕੰਮ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਉਣ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਮੁੱਖ ਮੁੱਦੇ ਸਿੱਖਿਆ, ਸਿਹਤ, ਬਿਜਲੀ, ਰੁਜ਼ਗਾਰ ਹਨ, ਅਤੇ ਆਪ ਦੀ ਸਰਕਾਰ ਆਉਣ ‘ਤੇ ਇਹਨਾਂ ਸਾਰੇ ਮੁੱਦਿਆਂ ਨੂੰ ਬਣਦੀ ਅਹਿਮੀਅਤ ਦਿੱਤੀ ਜਾਵੇਗੀ ਅਤੇ ਪੰਜਾਬ ਵਿੱਚ ਮਾਪਿਆਂ ਨੂੰ ਮਜ਼ਬੂਰਨ ਆਪਣੇ ਬੱਚਿਆਂ ਨੂੰ ਪੜਨ ਤੇ ਨੌਕਰੀਆਂ ਕਰਨ ਲਈ ਵਿਦੇਸ਼ ਨਹੀਂ ਭੇਜਣਾ ਪਵੇਗਾ। ਭਗਵੰਤ ਮਾਨ ਤੋਂ ਪਹਿਲਾਂ ਬੋਹਾ ਵਿੱਚ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਮਾਨਸਾ ਜਨਸਭਾ ਨੂੰ ਡਾ. ਵਿਜੈ ਸਿੰਗਲਾ ਨੇ ਵੀ ਸੰਬੋਧਿਤ ਕੀਤਾ। ਇਹਨਾਂ ਜਨਸਭਾਵਾਂ ਦੌਰਾਨ ਮਾਨਸਾ ਦੇ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਅੱਕਾਵਾਲੀ, ਸਰਦੂਲਗੜ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਬਨਾਵਾਲੀ, ਲੋਕ ਸਭ ਪ੍ਰਭਾਰੀ ਰਾਕੇਸ਼ ਪੁਰੀ, ਗੁਰਜੰਟ ਸਿੰਘ, ਪਰਮਿੰਦਰ ਕੌਰ ਸਮਾਘ, ਦਰਸ਼ਨ ਘਾਰੂ, ਸੁਖਜਿੰਦਰ ਸਿੰਘ ਸੁੱਖਾ, ਸੁਖਪਾਲ ਸਿੰਘ, ਕਰਮ ਸਿੰਘ ਫੌਜੀ, ਕੁਲਵੰਤ ਸਿੰਘ, ਬਿੰਦੂ ਸ਼ਰਮਾ ਆਦਿ ਨੇਤਾ ਹਾਜਰ ਸਨ।
ਬਾਕਸ ਲਈ
ਸੰਯੁਕਤ ਅਕਾਲੀ ਦਲ ਦੇ ਆਗ ਅਤੇ ਹੋਰ ਸਮਾਜ ਸੇਵੀਆਂ ਨੇ ਕੀਤੀ ‘ਆਪ’ ‘ਚ ਸ਼ਮੂਲੀਅਤ
ਬੋਹਾ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗੰਵਤ ਮਾਨ ਦੀ ਬੋਹਾ ‘ਚ ਵਿਸ਼ਾਲ ਜਨਸਭਾ ਦੌਰਾਨ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 3 ਪ੍ਰਮੁੱਖ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਸਮਾਜ ਸੇਵੀ ਅਤੇ ਸੇਵਾ ਮੁਕਤ ਅਧਿਕਾਰੀ ਕਰਮਚਾਰੀਆਂ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ‘ਆਪ’ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਸੰਯੁਕਤ ਅਕਾਲੀ ਦਲ ਦੇ ਆਗੂ ਸੋਹਣ ਸਿੰਘ ਕਲੀਪੁਰ, ਹੰਸਾ ਸਿੰਘ ਸੇਵਾ ਮੁਕਤ ਬੀਪੀਓ ਅਤੇ ਬੂਟਾ ਸਿੰਘ ਕਲਾਣਾ ਆਪਣੇ ਦਰਜਨਾਂ ਸਾਥੀਆਂ ਸਮੇਤ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਨਾਂ ਤੋਂ ਇਲਾਵਾ ਇਲਾਕਿਆਂ ਦੀਆਂ ਜਾਣੀਆਂ ਪਹਿਚਾਣੀਆਂ ਸਖਸ਼ੀਅਤਾਂ ਡਾ. ਪਰਮਜੀਤ ਸਿੰਘ, ਜਗਦੀਸ਼ ਸਿੰਘ ਪਟਵਾਰੀ, ਕੇਵਲ ਸਿੰਘਲ ਸੰਘਰੇੜੀ, ਹਰਮੇਲ ਸਿੰਘ ਦਾਤੇਵਾਸ, ਕੁਲਵੀਰ ਸਿੰਘ ਮਾਹਲ, ਨਰੋਤਮ ਸਿੰਘ ਧਾਲੀਵਾਲ ਸੈਂਕੜੇ ਸਾਥੀਆਂ ਸਮੇਤ ‘ਆਪ’ ਦਾ ਝਾੜੂ ਚੁੱਕ ਲਿਆ।

ਯੂਥ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ, ਸੀਨੀਅਰ ਅਕਾਲੀ ਆਗੂ ਤੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ‘ਆਪ’ ਵਿੱਚ ਹੋਏ ਸ਼ਾਮਲ

0

– ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪਾਰਟੀ ‘ਚ ਕਰਾਇਆ ਸ਼ਾਮਲ, ਕੀਤਾ ਸਵਾਗਤ
– ਪੰਜਾਬ ਦੇ ਹਿੱਤ ਚਾਹੁੰਦੇ ਸਾਰੇ ਚੰਗੇ ਲੋਕਾਂ ਦਾ ਪਾਰਟੀ ਵਿੱਚ ਸੁਆਗਤ- ਰਾਘਵ ਚੱਢਾ
– ਕਿਹਾ, ਦਿਨੋਂ ਦਿਨ ਵਧਦਾ ਕਾਫ਼ਲਾ ਦੱਸਦਾ ਹੈ ਕਿ ਇਸ ਵਾਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਲਈ ਪੂਰੀ ਤਰਾਂ ਨਾਲ ਦ੍ਰਿੜ
ਸੁਖਜਿੰਦਰ ਮਾਨ
ਜਲੰਧਰ, 7 ਜਨਵਰੀ 2022: ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕਾਫ਼ਲਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਹਰ ਜ਼ਿਲ੍ਹੇ ਤੋਂ ਹਰਮਨ ਪਿਆਰੇ ਅਤੇ ਉੱਘੇ ਚਿਹਰੇ ਲਗਾਤਾਰ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਸ਼ੁੱਕਰਵਾਰ ਨੂੰ ਪੰਜਾਬ ਵਿੱਚ ਪਾਰਟੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਯੂਥ ਕਾਂਗਰਸ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਦਿਨੇਸ਼ ਡੱਲ, ਉੱਘੇ ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੀਨੀਅਰ ਆਗੂ ਅਮਿਤ ਰਤਨ ਅਤੇ ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਵਾਲੀਆ ਦੇ ਛੋਟੇ ਭਰਾ ਅਤੇ ਸਾਬਕਾ ਪੰਜਾਬ ਪ੍ਰਸ਼ਾਸਨਿਕ ਸੇਵਾ ਦੇ ਸਾਬਕਾ ਅਧਿਕਾਰੀ ਡੀਪੀਐਸ ਵਾਲੀਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹ ਸਾਰੇ ਆਗੂ ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ, ਵਿਧਾਇਕ ਮੀਤ ਹੇਅਰ ਅਤੇ ਪਾਰਟੀ ਦੇ ਸੀਨੀਅਰ ਆਗੂ ਹਰਗੋਬਿੰਦ ਸਿੰਘ ਬੱਗਾ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। ਦਿਨੇਸ਼ ਡੱਲ ਪਿਛਲੇ ਦਿਨੀਂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ। ਉਹ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਰਹੇ ਅਤੇ ਕਈ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਅਮਿਤ ਰਤਨ ਇੱਕ ਨਾਮਵਰ ਸਮਾਜ ਸੇਵਕ ਹਨ। ਉਹ ਬਠਿੰਡਾ ਅਤੇ ਪਟਿਆਲਾ ਵਿੱਚ ਐਨ.ਜੀ.ਓਜ਼ ਰਾਹੀਂ ਕਈ ਤਰ੍ਹਾਂ ਦੇ ਸਮਾਜਿਕ ਕੰਮ ਕਰਦੇ ਹਨ। ਰਤਨ ਸ਼੍ਰੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਦੇ ਜੁਆਇੰਟ ਸਕੱਤਰ ਰਹਿ ਚੁੱਕੇ ਹਨ ਅਤੇ ਅਕਾਲੀ ਦਲ ਦੇ ਕਈ ਵੱਡੇ ਅਹੁਦਿਆਂ ’ਤੇ ਰਹਿ ਚੁੱਕੇ ਹਨ। ਡੀਪੀਐਸ ਵਾਲੀਆ ਸਾਬਕਾ ਵਿਕਾਸ ਕਮਿਸ਼ਨਰ ਹਨ ਅਤੇ ਪੰਜਾਬ ਸਰਕਾਰ ਦੇ ਕਈ ਵਿਭਾਗਾਂ ਵਿੱਚ ਵੱਡੇ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਇਹ ਸਾਰੇ ਆਗੂ ਸ਼ੁੱਕਰਵਾਰ ਨੂੰ ਆਪਣੇ ਦਰਜਨਾਂ ਸਾਥੀਆਂ ਅਤੇ ਸਹਿਯੋਗੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਰਾਘਵ ਚੱਢਾ ਨੇ ਸਾਰੇ ਆਗੂਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਅਸੀਂ ਪਾਰਟੀ ਵਿੱਚ ਪੰਜਾਬ ਦੇ ਹਿੱਤ ਚਾਹੁਣ ਵਾਲੇ ਸਾਰੇ ਚੰਗੇ ਲੋਕਾਂ ਦਾ ਸਵਾਗਤ ਕਰਦੇ ਹਾਂ। ‘ਆਪ’ ਦਾ ਦਿਨੋ-ਦਿਨ ਵਧਦਾ ਜਾ ਰਿਹਾ ਕਾਫ਼ਲਾ ਦੱਸਦਾ ਹੈ ਕਿ ਇਸ ਵਾਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਲਈ ਪੂਰੀ ਤਰ੍ਹਾਂ ਦ੍ਰਿੜ ਹਨ। ਆਮ ਆਦਮੀ ਪਾਰਟੀ ਪੰਜਾਬ ਵਿੱਚ ਇਮਾਨਦਾਰ ਅਤੇ ਸਥਿਰ ਸਰਕਾਰ ਬਣਾਕੇ ਪੰਜਾਬ ਨੂੰ ਮੁੜ ਸ਼ਾਂਤਮਈ ਅਤੇ ਖੁਸ਼ਹਾਲ ਸੂਬਾ ਬਣਾਏਗੀ।

ਡਾ. ਨਵਜੋਤ ਦਹੀਆ ਨੇ ਮੁੱਖ ਮੰਤਰੀ ਚੰਨੀ ਦੀ ਮੌਜੂਦਗੀ ਵਿੱਚ ਜਨਰਲ ਵਰਗ ਲਈ ਗਠਿਤ ਸੂਬਾਈ ਕਮਿਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

0

ਸੁਖਜਿੰਦਰ ਮਾਨ
ਚੰਡੀਗੜ੍ਹ, 7 ਜਨਵਰੀ: ਡਾ. ਨਵਜੋਤ ਦਹੀਆ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿੱਚ ਨਵੇਂ ਬਣੇ ਪੰਜਾਬ ਸਟੇਟ ਕਮਿਸ਼ਨ ਫਾਰ ਜਨਰਲ ਕੈਟਾਗਰੀ (ਪੀ.ਐਸ.ਸੀ.ਜੀ.ਸੀ.) ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ।
ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਕਮਿਸ਼ਨ ਗੈਰ-ਰਾਖਵੇਂ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਨਾਲ-ਨਾਲ ਗੈਰ-ਰਾਖਵੇਂ ਵਰਗਾਂ ਦੇ ਗਰੀਬਾਂ ਦੇ ਲਾਭ ਲਈ ਵੱਖ-ਵੱਖ ਭਲਾਈ ਸਕੀਮਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਵਿਚ ਸਹਾਈ ਹੋਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਪਰਗਟ ਸਿੰਘ ਅਤੇ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੀ ਹਾਜ਼ਰ ਸਨ।ਗੌਰਤਲਬ ਹੈ ਕਿ ਜਲੰਧਰ ਤੋਂ ਹੱਡੀਆਂ ਦੇ ਇਲਾਜ ਦੇ ਉੱਘੇ ਮਾਹਿਰ ਅਤੇ ਜੋੜਾਂ ਦੇ ਪ੍ਰਸਿੱਧ ਸਰਜਨ ਡਾ. ਨਵਜੋਤ ਦਹੀਆ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੇ ਕੌਮੀ ਉਪ-ਪ੍ਰਧਾਨ ਹੋਣ ਦੇ ਨਾਲ-ਨਾਲ ਆਈ.ਐਮ.ਏ. ਪੰਜਾਬ ਦੇ ਪ੍ਰਧਾਨ ਵੀ ਰਹੇ ਹਨ।ਗੌਰਤਲਬ ਹੈ ਕਿ 23 ਦਸੰਬਰ, 2021 ਨੂੰ ਮੰਤਰੀ ਮੰਡਲ ਨੇ ਆਮ ਵਰਗਾਂ ਲਈ ਪੰਜਾਬ ਰਾਜ ਕਮਿਸ਼ਨ ਦੇ ਗਠਨ ਦਾ ਫੈਸਲਾ ਲਿਆ ਸੀ ਅਤੇ ਇਸ ਤੋਂ ਬਾਅਦ 29 ਦਸੰਬਰ ਨੂੰ ਡਾ. ਨਵਜੋਤ ਦਹੀਆ ਨੂੰ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਇਹ ਫੈਸਲਾ ਜਨਰਲ ਕੈਟਾਗਰੀਆਂ (ਗੈਰ-ਰਾਖਵਾਂ ਵਰਗ) ਨਾਲ ਸਬੰਧਤ ਮੁਲਾਜ਼ਮਾਂ ਦੀ ਚਿਰੋਕਣੀ ਮੰਗ ਨੂੰ ਪ੍ਰਵਾਨ ਕਰਦਿਆਂ ਲਿਆ ਸੀ ਕਿ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ ਜਾ ਰਹੀ ਹੈ ਜਿਸ ਕਰਕੇ ਸੂਬਾ ਸਰਕਾਰ ਨੂੰ ਕਮਿਸ਼ਨ ਗਠਿਤ ਕਰਨ ਦੀ ਅਪੀਲ ਕੀਤੀ ਸੀ।

ਅਨੁਸੂਚਿਤ ਜਾਤੀ ਤੇ ਪਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਵਾਸਤੇ ਅਪਲਾਈ ਕਰਨ ਲਈ ਵੀ ਪੋਰਟਲ ਮੁੜ ਖੁਲਿਆ

0

ਸੁਖਜਿੰਦਰ ਮਾਨ
ਚੰਡੀਗੜ, 7 ਜਨਵਰੀ: ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਰਾਜ ਕੁਮਰ ਵੇਰਕਾ ਦੀਆਂ ਹਦਾਇਤਾਂ ’ਤੇ ਸਮਾਜਿਕ ਨਿਆਂ ਵਿਭਾਗ ਨੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ (2021-22) ਵਾਸਤੇ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ਮੁੜ ਖੋਲ ਦਿੱਤਾ ਹੈ ਤਾਂ ਜੋ ਵਿਦਿਆਰਥੀ ਦਾ ਵਜੀਫੇ ਦਾ ਕੇਸ ਭੇਜ ਭੇਜਿਆ ਜਾ ਸਕੇ।ਇਸ ਦੀ ਜਾਣਕਾਰੀ ਦਿੰਦੇ ਹੋਏੇ ਅੱਜ ਏਥੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਦਿਅਕ ਅਦਾਰਿਆਂ ਨੂੰ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ੍ਰੇਣੀਆਂ ਦੇ ਯੋਗ ਵਿਦਿਆਰਥੀਆਂ ਦੇ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਕੇਸ ਤਿਆਰ ਕਰਕੇ 31 ਜਨਵਰੀ ਤੱਕ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ’ਤੇ ਭੇਜਣ ਲਈ ਕਿਹਾ ਗਿਆ ਹੈ। ਅਰਜ਼ੀਆਂ ਮਨਜ਼ੂਰ ਕਰਨ ਵਾਲੀ ਅਥਾਰਟੀ 10 ਫਰਵਰੀ ਤੱਕ ਇਹ ਪ੍ਰਸਤਾਵ ਸੈਂਕਸ਼ਨਿੰਗ ਅਥਾਰਟੀ ਨੂੰ ਭੇਜੇਗੀ, ਜਿਸ ਵਾਸਤੇ ਇਹ ਪ੍ਰਸਤਾਵ ਭਲਾਈ ਵਿਭਾਗ ਨੂੰ ਆਨ ਲਾਈਨ ਭੇਜਣ ਲਈ 15 ਫਰਵਰੀ ਨਿਰਧਾਰਤ ਕੀਤੀ ਗਈ ਹੈ।ਬੁਲਾਰੇ ਅਨੁਸਾਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਹੇਠ ਹੁਣ ਤੱਕ 1.50 ਲੱਖ ਵਿਦਿਆਰਥੀਆਂ ਦੇ ਕੇਸ ਭੇਜੇ ਗਏ ਹਨ।

ਸੋਨੀ ਵਲੋ ਵੀਡੀਓ ਕਾਨਫਰੰਸ ਰਾਹੀਂ ਜਿਲ੍ਹਾ ਹਸਪਤਾਲ ਪਟਿਆਲਾ, ਸੰਗਰੂਰ ਅਤੇ ਬਰਨਾਲਾ ਵਿਖੇ ਰੇਡੀਓ ਡਾਇਗਨੋਸੋਟਿਕ ਅਤੇ ਲੈਬੋਰੋਟਰੀ ਸੈਂਟਰਾਂ ਦਾ ਉਦਘਟਨ

0

ਸੁਖਜਿੰਦਰ ਮਾਨ
ਚੰਡੀਗੜ੍ਹ, 7 ਜਨਵਰੀ: ਸ੍ਰੀ ਓ,ਪੀ. ਸੋਨੀ, ਉਪ – ਮੁੱਖ ਮੰਤਰੀ, ਪੰਜਾਬ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਜਿਲ੍ਹਾ ਹਸਪਤਾਲ ਪਟਿਆਲਾ, ਸੰਗਰੂਰ ਅਤੇ ਬਰਨਾਲਾ ਦੇ ਰੇਡੀਓ ਡਾਇਗਨੋਸੋਟਿਕ ਅਤੇ ਲੈਬੋਰੋਟਰੀ ਸੈਂਟਰਾਂ ਦਾ ਉਦਘਟਨ ਕੀਤਾ। ਇਸ ਮੌਕੇ ਬੋਲਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਇਸ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਉਪਰਾਲੇ ਸਦਕਾ ਕ੍ਰਿਸ਼ਨਾ ਡਾਇਗਨੋਸਟਿਕ ਨਾਲ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅਧੀਨ ਇਹ ਕੰਮ ਸ਼ੁਰੂ ਕੀਤਾ ਗਿਆ ਹੈ । ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਰੇਡੀਓਲਜੀ ਅਤੇ ਲੈਬੋਰਟਰੀ ਦੀਆਂ ਸਸਤੀਆਂ ਸਹੂਲਤਾਂ ਦੇਣ ਦਾ ਇੱਕ ਚੰਗਾ ਉਪਰਾਲਾ ਕੀਤਾ ਗਿਆ ਹੈ। ਇਹ ਸਾਰੇ ਪੰਜਾਬ ਦੇ ਵਿੱਚ ਹਰ ਵਰਗ ਦੇ ਲੋਕਾਂ ਲਈ ਉਪਲਬੱਧ ਹੋਣਗੀਆਂ । ਆਮ ਲੋਕਾਂ ਨੂੰ ਚੰਗੇ ਡਾਇਗਨੋਸਟਿਕ ਟੈਸਟ ਕਰਵਾਉਣ ਲਈ ਵੱਡਿਆ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਅਤੇ ਕਾਫੀ ਖਰਚਾ ਆਉਂਦਾ ਅਤੇ ਸਮਾਂ ਵੀ ਬਰਬਾਦ ਹੁੰਦਾ ਸੀ । ਕੋਵਿਡ-19 ਮਹਾਂਮਾਰੀ ਦੌਰਾਨ ਅਜਿਹੀਆਂ ਸੇਵਾਵਾਂ ਦੀ ਜ਼ਿਆਦਾ ਜ਼ਰੂਰਤ ਮਹਿਸੂਸ ਹੋਈ ਸੀ । ਡਿਪਟੀ ਮੁੱਖ ਮੰਤਰੀ ਨੇ ਦੱਸਿਆ ਕਿ ਅੱਜ ਸ਼ੁਰੂ ਕੀਤੀਆਂ ਗਈਆਂ ਸੇਵਾਵਾਂ ਵਿਚ ਰੇਡਿਓਲਜੀ ਡਾਇਗਨੋਸਟਿਕ ਪ੍ਰੋਜੈਕਟਸ ਪੰਜਾਬ ਦੇ ਸਾਰੇ 22 ਜਿਲ੍ਹਿਆਂ ਅਤੇ 3 ਸਬ ਡਵੀਜਨਲ ਹਸਪਤਾਲ ਖੰਨਾ, ਫਗਵਾੜਾ ਅਤੇ ਰਾਜਪੁਰਾ ਵਿੱਚ ਖੋਲ੍ਹੇ ਜਾ ਰਹੇ ਹਨ ।
ਇਸ ਪ੍ਰੋਜੈਕਟ ਵਿੱਚ 25 ਸੀ ਟੀ ਸਕੈਨ ਅਤੇ 6 ਐੱਮ.ਆਰ.ਆਈ ਮਸ਼ੀਨਾਂ ਲਗਾਈਆਂ ਜਾਣਗੀਆਂ।
ਰੇਡੀਓ ਡਾਇਗਨੋਸੋਟਿਕ ਸੈਂਟਰਾਂ ਦੀ ਉਸਾਰੀ ਦੀ ਲਾਗਤ 100 ਕਰੋੜ ਰੁਪਏ ਹੈ । ਉਨ੍ਹਾਂ ਦੱਸਿਆ ਕਿ ਇਹ ਹਿੰਦੋਸਤਾਨ ਦਾ ਸਭ ਤੋਂ ਵੱਡਾ ਪੀ.ਪੀ.ਪੀ ਆਧਾਰ ਦਾ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਅਧੀਨ ਹੋਣ ਵਾਲੇ ਟੈਸਟ ਮਾਰਕਿਟ ਰੇਟ ਤੋਂ 65 ਤੋਂ 70 ਪ੍ਰਤੀਸ਼ਤ ਤੱਕ ਘੱਟ ਰੇਟਾਂ ਤੇ ਕੀਤੇ ਜਾਣਗੇ ਅਤੇ ਗਰੀਬ ਅਤੇ ਕਮਜੋਰ ਮਰੀਜਾਂ ਦਾ ਟੈਸਟ ਫ੍ਰੀ ਕੀਤਾ ਜਾਵੇਗਾ। ਇਸੇ ਤਰ੍ਹਾਂ ਲੈਬੋਰਟਰੀ ਡੈਗਨੋਸਟਿਕ ਪ੍ਰੋਜੈਕਟਸ ਅਧੀਨ ਪੂਰੇ ਪੰਜਾਬ ਰਾਜ ਵਿੱਚ 30 ਅਤਿ – ਆਧੁਨਿਕ ਲੈਬੋਰਟਰੀਜ਼ ਅਤੇ ਇੱਕ ਸਟੇਟ ਰੈਫਰੈਂਸ ਲੋਬੋਰਟਰੀ ਅਤੇ 95 ਕਲੈਕਸ਼ਨ ਸੈਂਟਰਾਂ ਦੀ ਸਥਾਪਨਾ ਕੀਤੀ ਰਹੀ।
ਇਹਨਾ ਲੈਬੋਰਟਰੀ ਡਾਇਗਨੋਸੋਟਿਕ ਸੈਂਟਰਾਂ ਦੀ ਉਸਾਰੀ ਦੀ ਲਾਗਤ 25 ਕਰੋੜ ਰੁਪਏ ਹੈ ।
ਇਹਨਾਂ ਲੈਬੋਰਟਰੀਆਂ ਵਿੱਚ 5% ਗਰੀਬ ਅਤੇ ਕਮਜੋਰ ਮਰੀਜਾਂ ਦਾ ਟੈਸਟ ਫ੍ਰੀ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੇ ਰੇਡਿਓ ਡਾਇਗਨੋਸਟਿਕ ਸੈਂਟਰ – ਮੋਹਾਲੀ, ਰੋਪੜ, ਸ੍ਰੀ ਫਤਿਹਗੜ ਸਾਹਿਬ, ਰਾਜਪੁਰਾ ਅਤੇ ਅੰਮ੍ਰਿਤਸਰ ਵਿਖੇ ਪਹਿਲਾਂ ਹੀ ਲੋਕਾਂ ਦੀ ਸਹੂਲਤ ਲਈ ਖੋਲੇ ਜਾ ਚੁੱਕੇ ਹਨ, ਪਟਿਆਲਾ (ਸੀ ਟੀ ਸਕੈਨ /ਐਮ ਆਰ ਆਈ/ਲੈਬੋਰਟਰੀ) ਸੰਗਰੂਰ (ਸੀ ਟੀ ਸਕੈਨ) ਅਤੇ ਬਰਨਾਲਾ (ਸੀ ਟੀ ਸਕੈਨ) ਸੈੰਟਰਾਂ ਦਾ ਉਦਘਾਟਨ ਅੱਜ ਕੀਤਾ ਗਿਆ ਹੈ ਅਤੇ ਬਾਕੀ ਰਹਿੰਦੇ ਸਾਰੇ ਸੈਂਟਰ 31 ਮਾਰਚ 2022 ਤੱਕ ਖੋਲ ਦਿੱਤੇ ਜਾਣਗੇ। ਲੈਬੋਰਟਰੀ ਡਾਇਗਨੋਸਟਿਕ ਸੈਂਟਰ – ਮੋਹਾਲੀ, ਬਟਾਲਾ ਅਤੇ ਅੰਮ੍ਰਿਤਸਰ ਵਿਖੇ ਪਹਿਲਾਂ ਹੀ ਲੋਕਾਂ ਦੀ ਸਹੂਲਤ ਲਈ ਖੋਲੇ ਜਾ ਚੁੱਕੇ ਹਨ, ਪਟਿਆਲਾ ਸੈਂਟਰ ਦਾ ਉਦਘਾਟਨ ਅੱਜ ਕੀਤਾ ਜਾ ਰਿਹਾ ਹੈ ਅਤੇ ਬਾਕੀ ਰਹਿੰਦੇ ਸਾਰੇ ਸੈਂਟਰ 31 ਮਾਰਚ 2022 ਤੱਕ ਖੋਲ ਦਿੱਤੇ ਜਾਣਗੇ। ਸ਼੍ਰੀ ਸੋਨੀ ਨੇ ਦੱਸਿਆ ਕਿ ਕਾਰਡਿਅਕ ਕੇਅਰ ਸੈਂਟਰ ਪ੍ਰੋਜੈਕਟ ਅਧੀਨ ਰਾਜ ਦੇ 4 ਜਿਲ੍ਹਿਆਂ ਦੇ ਸਿਵਲ ਹਸਪਤਾਲਾਂ ਜਲੰਧਰ, ਲੁਧਿਆਣਾ, ਸੰਗਰੂਰ ਅਤੇ ਬਠਿੰਡਾ ਵਿਖੇ ਪੀ.ਪੀ.ਪੀ ਅਧਾਰ ਤੇ ਕਾਰਡਿਅਕ ਕੇਅਰ ਸੈਂਟਰਾਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੀ ਲਾਗਤ ਪ੍ਰਤੀ ਸੈਂਟਰ ਲਾਗਤ 15 ਕਰੋੜ ਰੁਪਏ ਹੋਵੇਗੀ । ਇਹਨਾਂ ਸੈਂਟਰਾਂ ਨੂੰ ਬਣਾਉਣ ਦੀ ਪ੍ਰਕਿਰਿਆ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ।

Our Visitor

1895497