ਪੰਜਾਬ ਜੇਲ੍ਹ ਵਿਕਾਸ ਬੋਰਡ ਵੱਲੋਂ ਆਊਟਲੇਟ ਖੋਲ੍ਹਣ ਲਈ ਇੰਡੀਅਨ ਆਇਲ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਨਾਲ ਸਮਝੌਤਾ ਸਹੀਬੱਧ
ਸੁਖਜਿੰਦਰ ਮਾਨ
ਚੰਡੀਗੜ੍ਹ, 7 ਜਨਵਰੀ: ਜੇਲ੍ਹ ਕੈਦੀਆਂ ਦੇ ਸੁਧਾਰ ਦੇ ਉਦੇਸ਼ ਨਾਲ ਪੰਜਾਬ ਜੇਲ੍ਹ ਵਿਕਾਸ ਬੋਰਡ (ਪੀਪੀਡੀਬੀ) ਵੱਲੋਂ ਅੱਜ ਇੰਡੀਅਨ ਆਇਲ (ਆਈਓਸੀਐਲ) ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ (ਬੀਪੀਸੀਐਲ) ਨਾਲ 12 ਰਿਟੇਲ ਆਊਟਲੇਟ (ਆਰਓ) ਖੋਲ੍ਹਣ ਲਈ ਸਮਝੌਤਾ ਸਹੀਬੱਧ ਕੀਤਾ ਗਿਆ। ਇਹਨਾਂ ਰਿਟੇਲ ਆਊਟਲੇਟਾਂ ਦਾ ਪ੍ਰਬੰਧ ਸੂਬੇ ਭਰ ਦੇ ਜੇਲ੍ਹਾਂ ਕੈਦੀਆਂ ਵੱਲੋਂ ਕੀਤਾ ਜਾਵੇਗਾ। ਇਹ ਸਮਝੌਤਾ ਪੰਜਾਬ ਦੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਤਤਕਾਲ ਪ੍ਰਵਾਨਗੀ ਉਪਰੰਤ ਸਹੀਬੱਧ ਕੀਤਾ ਗਿਆ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਆਈਓਸੀਐਲ ਅਤੇ ਬੀਪੀਸੀਐਲ ਨਾਲ ਸਮਝੌਤਿਆਂ ਦੇ ਲਾਗੂਕਰਨ ਅਤੇ ਇਸ ਉਪਰੰਤ ਸਬੰਧਤ ਤੇਲ ਮਾਰਕੀਟਿੰਗ ਕੰਪਨੀਆਂ ਨਾਲ ਲੀਜ਼ ਡੀਡਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹਨਾਂ 12 ਰਿਟੇਲ ਆਊਟਲੇਟਾਂ ਵਿੱਚੋਂ 11 ਇੰਡੀਅਨ ਆਇਲ ਵੱਲੋਂ ਅਤੇ ਇੱਕ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਵੱਲੋਂ ਖੋਲ੍ਹਿਆ ਜਾਵੇਗਾ। ਇਹ ਸਮਝੌਤਾ ਪੰਜਾਬ ਜੇਲ੍ਹ ਵਿਕਾਸ ਬੋਰਡ ਦੀ ਤਰਫੋਂ ਬੋਰਡ ਦੇ ਵਧੀਕ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਕਮ ਮੈਂਬਰ ਸਕੱਤਰ ਸ੍ਰੀ ਪ੍ਰਵੀਨ ਕੁਮਾਰ ਸਿਨਹਾ ਵੱਲੋਂ ਜਦਕਿ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਤਰਫੋਂ ਸ੍ਰੀ ਅਮਰਿੰਦਰ ਕੁਮਾਰ ਵੱਲੋਂ ਸਹੀਬੱਧ ਕੀਤਾ ਗਿਆ। ਇਹ ਸਮਝੌਤਾ ਪ੍ਰਮੁੱਖ ਸਕੱਤਰ (ਜੇਲ੍ਹਾਂ) ਸ੍ਰੀ ਡੀ.ਕੇ. ਤਿਵਾੜੀ, ਇੰਡੀਅਨ ਆਇਲ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਸੁਜੋਏ ਚੌਧਰੀ, ਆਈਜੀ (ਜੇਲ੍ਹਾਂ) ਸ੍ਰੀ ਰੂਪ ਕੁਮਾਰ ਅਰੋੜਾ ਅਤੇ ਡੀਆਈਜੀਜ਼ ਸ੍ਰੀ ਐਸ.ਐਸ. ਸੈਣੀ ਅਤੇ ਸ੍ਰੀਮਤੀ ਅਮਨੀਤ ਕੌਂਡਲ ਦੀ ਮੌਜੂਦਗੀ ਵਿੱਚ ਸਹੀਬੱਧ ਕੀਤਾ ਗਿਆ। ਇਸ ਸਮਝੌਤਾ ਦੇ ਦਿਨ ਨੂੰ ਯਾਦਗਾਰ ਦੱਸਦਿਆਂ ਏ.ਡੀ.ਜੀ.ਪੀ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਸੁਧਾਰਵਾਦੀ ਨੀਤੀਆਂ ਦਾ ਹਿੱਸਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੇਲਾਂ ਵਿੱਚ ਬੰਦ ਕੈਦੀ ਜੋ ਮੁੜ ਲੀਹਾਂ ‘ਤੇ ਆਉਣਾ ਚਾਹੁੰਦੇ ਹਨ, ਨੂੰ ਲੋੜੀਂਦੇ ਮੌਕੇ ਦਿੱਤੇ ਜਾ ਸਕਣ। ਉਨ੍ਹਾਂ ਕਿਹਾ ਕਿ ਇਹ ਰਿਟੇਲ ਆਊਟਲੈੱਟ ਜੇਲ੍ਹ ਵਿਕਾਸ ਬੋਰਡ ਵੱਲੋਂ ਚਲਾਏ ਜਾਣਗੇ ਅਤੇ ਇਨ੍ਹਾਂ ਦਾ ਪ੍ਰਬੰਧਨ ਜੇਲ੍ਹਾਂ ਦੇ ਸਟਾਫ਼ ਦੇ ਨਾਲ-ਨਾਲ ਕੈਦੀਆਂ ਵੱਲੋਂ ਵੀ ਕੀਤਾ ਜਾਵੇਗਾ। ਸ੍ਰੀ ਸਿਨਹਾ ਨੇ ਕਿਹਾ ਕਿ ਰਿਟੇਲ ਆਉਟਲੈਟਾਂ ਦੇ ਸੰਚਾਲਨ ਨਾਲ ਬੋਰਡ ਲਈ ਮਾਲੀਆ ਪੈਦਾ ਹੋਵੇਗਾ ਅਤੇ ਕੈਦੀਆਂ ਨੂੰ ਹੁਨਰ ਵਿਕਾਸ, ਸੁਧਾਰ ਅਤੇ ਪੁਨਰਵਾਸ ਲਈ ਢੁਕਵੇਂ ਮੌਕੇ ਮੁਹੱਈਆ ਹੋਣਗੇ। ਉਹਨਾਂ ਕਿਹਾ, “ਇਹ ਪ੍ਰੋਜੈਕਟ ਜੇਲ ਵਿਭਾਗ ਅਤੇ ਜੇਲ ਕੈਦੀਆਂ ਦੇ ਨਾਲ-ਨਾਲ ਆਈਲ ਮਾਰਕੀਟਿੰਗ ਕੰਪਨੀਆਂ ਲਈ ਵੀ ਲਾਹੇਵੰਦ ਹੋਵੇਗਾ ਕਿਉਂਕਿ ਉਨ੍ਹਾਂ ਸਾਰਿਆਂ ਨੂੰ ਇਸ ਦਾ ਲਾਭ ਮਿਲੇਗਾ।”
ਜੇਲ੍ਹ ਕੈਦੀਆਂ ਵੱਲੋਂ ਸੂਬੇ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ 12 ਰਿਟੇਲ ਆਊਟਲੇਟ ਚਲਾਏ ਜਾਣਗੇ
ਭਾਰਤੀ ਚੋਣ ਕਮਿਸ਼ਨ ਨੇ ਅਦਾਕਾਰ ਸੋਨੂੰ ਸੂਦ ਦੀ ਸਟੇਟ ਆਈਕਨ ਪੰਜਾਬ ਦੀ ਨਿਯੁਕਤੀ ਵਾਪਸ ਲਈ
ਸੁਖਜਿੰਦਰ ਮਾਨ
ਚੰਡੀਗੜ, 7 ਜਨਵਰੀ: ਭਾਰਤੀ ਚੋਣ ਕਮਿਸ਼ਨ ਨੇ ਅਦਾਕਾਰ ਸੋਨੂੰ ਸੂਦ ਦੀ ਸਟੇਟ ਆਈਕਨ ਪੰਜਾਬ ਦੀ ਨਿਯੁਕਤੀ ਵਾਪਸ ਲੈ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐਸ.ਕਰੁਨਾ ਰਾਜੂ ਨੇ ਸਪੱਸ਼ਟ ਕੀਤਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ 4 ਜਨਵਰੀ,2022 ਨੂੰ ਅਦਾਕਾਰ ਸੋਨੂੰ ਸੂਦ ਨੂੰ ਸਟੇਟ ਆਈਕਨ ਪੰਜਾਬ ਵਜੋਂ ਕੀਤੀ ਨਿਯੁਕਤੀ ਵਾਪਸ ਲੈ ਲਈ ਗਈ ਹੈ।
ਪੰਜਾਬ ਸਰਕਾਰੀ ਸਿਖਲਾਈ ਸੰਸਥਾਵਾਂ ਰਾਹੀਂ ਆਈਲੈਟਸ ਦੀ ਸਿਖਲਾਈ ਦੇਣ ਵਾਲਾ ਪਹਿਲਾ ਸੂਬਾ ਬਣਿਆ
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਹਾਜ਼ਰੀ ਵਿੱਚ ਕੈਂਬਰਿਜ ਯੂਨੀਵਰਸਿਟੀ ਪ੍ਰੈਸ ਇੰਡੀਆ ਨਾਲ ਐਮਓਯੂ ਸਹੀਬੱਧ
ਸਰਕਾਰੀ ਤਕਨੀਕੀ ਸੰਸਥਾਵਾਂ ਵਿੱਚ ਲਗਭਗ 40000 ਚਾਹਵਾਨ ਨੌਜਵਾਨ ਨੂੰ ਦਿੱਤੀ ਜਾਵੇਗੀ ਸਿਖਲਾਈ
ਸੁਖਜਿੰਦਰ ਮਾਨ
ਚੰਡੀਗੜ, 7 ਜਨਵਰੀ: ਰਾਜ ਦੇ ਨੌਜਵਾਨਾਂ ਨੂੰ ਮਿਆਰੀ ਅਤੇ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕੈਂਬਰਿਜ਼ ਯੂਨੀਵਰਸਿਟੀ ਪ੍ਰੈਸ ਇੰਡੀਆ ਦੇ ਸਹਿਯੋਗ ਨਾਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਰਾਹੀਂ ਆਈਲੈਟਸ ਦੀ ਕੋਚਿੰਗ ਦੇਣ ਦਾ ਨਵਾਂ ਵਿਚਾਰ ਸ਼ੁਰੂ ਕੀਤਾ ਹੈ। ਕੈਮਬਿ੍ਰਜ਼ ਯੂਨੀਵਰਸਿਟੀ ਪ੍ਰੈਸ ਇੰਡੀਆ ਕੈਂਬਿ੍ਰਜ਼ ਯੂਨੀਵਰਸਿਟੀ ਪ੍ਰੈਸ ਯੂਕੇ ਦੀ ਇੱਕ ਸਹਾਇਕ ਕੰਪਨੀ ਹੈ, ਜੋ ਕਿ ਕੈਂਬਿ੍ਰਜ ਯੂਨੀਵਰਸਿਟੀ ਦਾ ਪ੍ਰਕਾਸ਼ਨ ਕਾਰੋਬਾਰ ਹੈ ਅਤੇ ਵਿਦਿਅਕ ਕੋਰਸਾਂ ਅਤੇ ਸਿੱਖਿਆ ਸਮੱਗਰੀ ਨੂੰ ਵਿਕਸਤ ਅਤੇ ਪ੍ਰਕਾਸ਼ਤ ਕਰਦੀ ਹੈ। ਯੂਨੀਵਰਸਿਟੀ ਨਾਲ ਸਮਝੌਤਾ (ਐਮਓਯੂ) ਸਹੀਬੱਧ ਕਰਨ ਲਈ ਅੱਜ ਇੱਥੇ ਹੋਏ ਸਮਾਗਮ ਦੌਰਾਨ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਹਰ ਸਾਲ ਲਗਭਗ 6 ਲੱਖ ਪੰਜਾਬੀ ਵਿਦਿਆਰਥੀ ਆਈਲੈਟਸ ਦੀ ਤਿਆਰੀ ਕਰਦੇ ਹਨ ਅਤੇ ਅਜਿਹੇ ਵਿਦਿਆਰਥੀਆਂ ਲਈ ਨਵੇਂ ਵਿਦਿਅਕ ਮੌਕੇ ਖੋਜਣਾ ਹੀ ਸਮੇਂ ਦੀ ਮੰਗ ਹੈ। ਉਨਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਸੂਬੇ ਵਿੱਚ ਇੱਕ ਅਜਿਹਾ ਮਾਹੌਲ ਸਿਰਜਣਾ ਹੈ ਜਿੱਥੇ ਸਾਡੇ ਵਿਦਿਆਰਥੀਆਂ ਦੀ ਸਮਰੱਥਾ ਨੂੰ ਵਿਸ਼ਵ ਪੱਧਰੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਜੇ ਪੂਰੇ ਵਿਸ਼ਵ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਨੌਜਵਾਨ ਆਬਾਦੀ ਸਭ ਤੋਂ ਵੱਧ ਹੈ ਅਤੇ ਇਸ ਨੂੰ ਵਿਲੱਖਣ ਸਿੱਖਿਆ ਦੀ ਲੋੜ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਵਿੱਚ ਇੱਕ ਅਧਿਕਾਰਤ ਪ੍ਰੀਖਿਆ ਕੇਂਦਰ ਰਾਹੀਂ ਟ੍ਰੇਨਰਾਂ ਲਈ ਇੱਕ ਅਧਿਆਪਕ ਸਿਖਲਾਈ ਪ੍ਰੋਗਰਾਮ ਸ਼ਾਮਲ ਹੈ ਅਤੇ ਯੂਨੀਵਰਸਿਟੀ ਵੱਲੋਂ ਟੀਚਿੰਗ ਮਾਡਿਊਲ ਦੇ ਨਾਲ-ਨਾਲ ਸਮੱਗਰੀ ਅਤੇ ਅਧਿਆਪਨ ਭਾਗੀਦਾਰਾਂ ਵੀ ਪ੍ਰਦਾਨ ਕੀਤੇ ਜਾਣਗੇ। ‘‘ਪੰਜਾਬ ਭਾਰਤ ਦਾ ਇੱਕ ਪ੍ਰਮੁੱਖ ਪ੍ਰਵਾਸ ਸੂਬਾ ਹੈ ਜਿੱਥੇ ਬਹੁਤ ਵਿਆਪਕ ਪ੍ਰਵਾਸੀ ਗਿਣਤੀ ਮੌਜਦੂ ਹੈ, ਜੋ ਆਪਣੀ ਮਿਹਨਤ ਅਤੇ ਉੱਦਮਤਾ ਲਈ ਜਾਣਿਆ ਜਾਂਦੇ ਹਨ। ਉਨਾਂ ਨੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ, ਜਿੱਥੇ ਰਹਿਣ, ਕੰਮ ਕਰਨ ਜਾਂ ਅਧਿਐਨ ਕਰਨ ਲਈ ਜਾਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਉਨਾਂ ਕਿਹਾ ਕਿ ਅਸੀਂ ਇਹ ਪਤਾ ਲਗਾਉਣਾ ਚਾਹੁੰਦੇ ਹਾਂ ਕਿ ਉਹਨਾਂ ਦੀ ਬਾਹਰ ਜਾਣ ਤੋਂ ਪਹਿਲਾਂ ਉਹਨਾਂ ਨੂੰ ਅੰਗਰੇਜ਼ੀ ਜਾਂ ਹੋਰ ਵਿਦੇਸ਼ੀ ਭਾਸ਼ਾਵਾਂ ਵਿੱਚ ਬਿਹਤਰ ਸਿਖਲਾਈ ਕਿਵੇਂ ਦਿੱਤੀ ਜਾ ਸਕੇ ਤਾਂ ਜੋ ਵਿਦੇਸ਼ ਜਾ ਕੇ ਉਹ ਆਸਾਨੀ ਨਾਲ ਨੌਕਰੀਆਂ ਪ੍ਰਾਪਤ ਕਰਨ ਦੇ ਯੋਗ ਹੋ ਸਕਣ। ਰਾਣਾ ਗੁਰਜੀਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਸਰਕਾਰ ਵਲੋਂ ਸਰਕਾਰੀ ਆਈ.ਟੀ.ਆਈਜ ਅਤੇ ਸਰਕਾਰਾਂ ਵਿੱਚ ਆਈਲੈਟਸ ਦੀ ਕੋਚਿੰਗ ਅਤੇ ਸਿਖਲਾਈ ਪ੍ਰਦਾਨ ਕਰਨ ਲਈ ਕੈਂਬਰਿਜ ਯੂਨੀਵਰਸਿਟੀ ਪ੍ਰੈਸ ਇੰਡੀਆ ਨਾਲ ਸਮਝੌਤਾ ਕਰਨਾ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ। ਪੰਜਾਬ ਭਰ ਵਿੱਚ ਪੋਲੀਟੈਕਨਿਕ ਕਾਲਜ ਅਸੀਂ ਜਿਲਾ ਰੋਜ਼ਗਾਰ ਅਤੇ ਉੱਦਮ ਬਿਊਰੋਜ (ਡੀਬੀਈਈਜ਼) ਦੀ ਇੱਕ ਬਹੁਤ ਹੀ ਮਜਬੂਤ ਪ੍ਰਣਾਲੀ ਰਾਹੀਂ ਕਾਨੂੰਨੀ ਰਾਹਾਂ ਰਾਹੀਂ ਵਿਦੇਸ਼ਾਂ ਵਿੱਚ ਨੌਜਵਾਨਾਂ ਦੇ ਪ੍ਰਵਾਸ ਦੀ ਸਹੂਲਤ ਲਈ ਪੰਜਾਬ ਵਿੱਚ ਵਿਦੇਸ਼ੀ ਅਧਿਐਨ ਅਤੇ ਪਲੇਸਮੈਂਟ ਸੈੱਲ ਦੀ ਸਥਾਪਨਾ ਕੀਤੀ ਹੈ। ਇਸ ਸਮਝੌਤਾ ਮੁਤਾਬਕ ਲਗਭਗ 40000 ਚਾਹਵਾਨ ਨੌਜਵਾਨਾਂ ਨੂੰ ਸਿੱਖਿਅਤ ਅਤੇ ਪ੍ਰਮਾਣਿਤ ਟ੍ਰੇਨਰਾਂ ਵਲੋਂ ਸਰਕਾਰੀ ਤਕਨੀਕੀ ਸੰਸਥਾਵਾਂ ਵਿੱਚ ਆਈਲੈਟਸ ਦੀ ਕੋਚਿੰਗ ਅਤੇ ਸਿਖਲਾਈ ਦਿੱਤੀ ਜਾਵੇਗੀ। ਕੈਂਬਰਿਜ ਯੂਨੀਵਰਸਿਟੀ ਸਰਕਾਰੀ ਆਈ.ਟੀ.ਆਈਜ ਅਤੇ ਪੌਲੀਟੈਕਨਿਕਾਂ ਵਿੱਚ ਅੰਗਰੇਜੀ ਦੇ ਸਾਰੇ ਅਧਿਆਪਕਾਂ ਲਈ ਆਈਲੈਟਸ ਟੈਸਟ ਕਰਵਾਏਗੀ ਅਤੇ ਜਿਹੜੇ ਉਮੀਦਵਾਰ ਆਈਲੈਟਸ ਪ੍ਰੀਖਿਆ ਵਿੱਚ 8 ਬੈਂਡ ਪ੍ਰਾਪਤ ਕਰਨਗੇ, ਉਨਾਂ ਨੂੰ ਆਈਲੈਟਸ ਕੋਚਿੰਗ ਲਈ ਨਾਮਜ਼ਦ ਕੀਤਾ ਜਾਵੇਗਾ। ਇਹ ਉਪਰਾਲਾ ਨੌਜਵਾਨਾਂ ਨੂੰ ਪ੍ਰਾਈਵੇਟ ਆਈਲੈਟਸ ਟ੍ਰੇਨਰਾਂ ਦੁਆਰਾ ਭਾਰੀ ਫੀਸਾਂ ਵਸੂਲਣ ਦੀ ਲੁੱਟ ਤੋਂ ਬਚਾਏਗਾ ਇਸ ਸਮਝੌਤੇ ਨੂੰ ਪੰਜਾਬ ਲਈ ਇਤਿਹਾਸਕ ਪਲ ਕਰਾਰ ਦਿੰਦਿਆਂ ਉਨਾਂ ਕਿਹਾ ਕਿ ਵਿਭਾਗ ਨੇ ਅੰਗਰੇਜ਼ੀ ਭਾਸ਼ਾ ਦੇ ਸਿਖਲਾਈ ਕੇਂਦਰਾਂ ਦੀ ਸਥਾਪਨਾ, ਮਾਨਤਾ ਅਤੇ ਪ੍ਰਬੰਧਨ ਲਈ ਸਾਰੇ ਪ੍ਰਾਈਵੇਟ ਆਈਲੈਟਸ ਕੇਂਦਰਾਂ ਲਈ ਇੱਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਦਾ ਖਰੜਾ ਤਿਆਰ ਕਰਨ ਦਾ ਵੀ ਫੈਸਲਾ ਕੀਤਾ ਹੈ। ਪੰਜਾਬ ਵਿੱਚ ਗੋਸਟ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਨਿਯਮਤ ਕਰਨ, ਜਾਅਲੀ ਵਿਆਹਾਂ ਨੂੰ ਰੋਕਣ ਅਤੇ ਬਾਇਓਮੀਟਿ੍ਰਕ ਅਪੁਆਇੰਟਮੈਂਟਸ ਦੇ ਮੁੱਦਿਆਂ ਨੂੰ ਕੰਟਰੋਲ ਕਰਨ ਲਈ ਐਸਓਪੀਜ ਬਣਾਉਣ ਦੀ ਲੋੜ ‘ਤੇ ਜੋਰ ਦਿੰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਇੱਕ ਕਾਨੂੰਨੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ ਹੈ । ਅਜਿਹੇ ਨਿਰਧਾਰਤ ਢੰਗ ਰਾਹੀਂ ਹੀ ਉਹ ਵਿਦੇਸ਼ ਜਾਣ। ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਕੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਕੇ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦੀ ਲੁੱਟ ਤੋਂ ਬਚਣ। ਜ਼ਿਕਰਯੋਗ ਹੈ ਕਿ ਕੈਂਬਿ੍ਰਜ ਯੂਨੀਵਰਸਿਟੀ ਪ੍ਰੈਸ ਅਤੇ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਿਚਕਾਰ ਰਣਨੀਤਕ ਭਾਈਵਾਲੀ ਦਾ ਉਦੇਸ਼ ਖੇਤਰ ਦੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜਾਈ ਜਾਂ ਕੰਮ ਲਈ ਅੰਗਰੇਜ਼ੀ ਵਿੱਚ ਮੁਹਾਰਤ ਸਾਬਤ ਕਰਨ ਅਤੇ ਸੁਧਾਰਨ ਵਿੱਚ ਮਦਦ ਕਰਨਾ ਹੈ। ਇਹ ਪਹਿਲਕਦਮੀ ਪੰਜਾਬ ਦੇ ਵਿਦਿਆਰਥੀਆਂ ਨੂੰ ਕੈਂਬਿ੍ਰਜ ਤੋਂ ਪਿ੍ਰੰਟ ਅਤੇ ਡਿਜੀਟਲ ਦੋਵਾਂ ਰੂਪਾਂ ਵਿੱਚ ਉੱਚ ਮਿਆਰ ਵਾਲੀ ਅਧਿਐਨ ਸਮੱਗਰੀ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਇਹ ਉਪਰਾਲਾ ਕੈਂਬਿ੍ਰਜ ਦੇ ਟ੍ਰੇਨਰਾਂ ਨੂੰ ਮਿਆਰੀ ਸਿਖਲਾਈ ਪ੍ਰੋਗਰਾਮਾਂ ਦੇ ਨਾਲ-ਨਾਲ ਟੀਚਿੰਗ ਸਰਟੀਫਿਕੇਸ਼ਨ ਦੀ ਪੇਸ਼ਕਸ਼ ਕਰੇਗਾ। ਇਸ ਮੌਕੇ ‘ਤੇ ਕੈਂਬਰਿਜ ਯੂਨੀਵਰਸਿਟੀ ਪ੍ਰੈਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਰੁਣ ਰਾਜਮਨੀ, ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ (ਹੁਨਰ ਵਿਕਾਸ ਅਤੇ ਤਕਨੀਕੀ ਸਿੱਖਿਆ) ਡਾ. ਸੰਦੀਪ ਸਿੰਘ ਕੌੜਾ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਸਕੱਤਰ ਵਿਕਾਸ ਗਰਗ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਡਾਇਰੈਕਟਰ ਪ੍ਰਦੀਪ ਕੁਮਾਰ ਅਗਰਵਾਲ, ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਕੈਂਬਰਿਜ਼ ਇੰਡੀਆ ਦੇ ਡੈਲੀਗੇਟ ਹਾਜ਼ਰ ਸਨ।
ਮੁੱਖ ਮੰਤਰੀ ਵਲੋਂ ਹਰੇਕ ਗਊਸ਼ਾਲਾ ਦੇ ਰੱਖ-ਰਖਾਵ ਲਈ 5-5 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨਾ ਸ਼ਲਾਘਾਯੋਗ ਫੈਸਲਾ- ਸਚਿਨ ਸ਼ਰਮਾ
‘ਹਰ ਪੰਜਾਬੀ ਨੂੰ ਗਊ ਵੰਸ਼ ਦੀ ਸੇਵਾ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ’
ਸੁਖਜਿੰਦਰ ਮਾਨ
ਚੰਡੀਗੜ: 7 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਵੱਲੋਂ ਹਰੇਕ ਗਊਸ਼ਾਲਾ ਦੇ ਰੱਖ-ਰਖਾਵ ਲਈ 5-5 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਨੂੰ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਇਕ ਸ਼ਲਾਘਾਯੋਗ ਕਦਮ ਦੱਸਿਆ ਹੈ ਅਤੇ ਇਸ ਫੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 457 ਗਊਸ਼ਾਲਾਵਾਂ ਦੇ ਰੱਖ-ਰਖਾਵ ਲਈ ਕੁੱਲ 22,85,00,000 ਦੀ ਰਾਸ਼ੀ ਦਿੱਤੇ ਜਾਣਾ ਇਕ ਹੋਰ ਇਤਿਹਾਸਕ ਫੈਸਲਾ ਦੱਸਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਪਿੱਛਲੇ ਦਿਨੀਂ ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਕਾਇਆ ਬਿਜਲੀ ਦੇ ਬਿਲ ਮੁਆਫ਼ ਕੀਤੇ ਗਏ ਹਨ। ਉਨਾਂ ਕਿਹਾ ਕਿ ਸੂਬੇ ਦੀ ਹਰੇਕ ਰਜਿਸਟਰਡ ਗਊਸ਼ਾਲਾ ਦੇ ਰੱਖ-ਰਖਾਵ ਲਈ 5-5 ਲੱਖ ਰੁਪਏ ਜਾਰੀ ਕੀਤੇ ਗਏ ਹਨ। ਹਰਾ ਚਾਰਾ, ਸਾਫ਼ ਪਾਣੀ, ਬਿਜਲੀ, ਸੈਡ ਅਤੇ ਗਊਆਂ ਦੇ ਬੀਮਾਰ ਤੋਂ ਇਲਾਜ ਦਾ ਪ੍ਰਬੰਧ ਕਰਨ ਲਈ ਗਊਸ਼ਾਲਾਵਾਂ ਲਈ ਫੰਡਜ਼ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਜੋ ਕਿ ਚੰਨੀ ਸਰਕਾਰ ਵਲੋਂ ਪੂਰੀ ਕਰਕੇ ਗਊ ਵੰਸ਼ ਦੀ ਭਲਾਈ ਲਈ ਅਹਿਮ ਕੰਮ ਕੀਤਾ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਗਊ ਵੰਸ਼ ਦੀ ਸੇਵਾ ਕਰਨਾ ਭਗਵਾਨ ਦੀ ਸੇਵਾ ਕਰਨ ਦੇ ਬਰਾਬਰ ਹੈ ਅਤੇ ਇਸਦਾ ਫਲ ਜ਼ਰੂਰ ਮਿਲਦਾ ਹੈ। ਸ੍ਰੀ ਸਚਿਨ ਸ਼ਰਮਾ ਨੇ ਅੱਗੇ ਕਿਹਾ ਕਿ ਗਊ ਮਾਤਾ, ਕੇਵਲ ਹਿੰਦੂ ਧਰਮ ਦੀ ਹੀ ਆਸਥਾ ਦਾ ਪ੍ਰਤੀਕ ਨਹੀਂ ਹੈ ਸਗੋਂ ਸਿੱਖਾਂ ਵਿੱਚ ਵੀ ਇਸ ਦੀ ਮਾਨਤਾ ਹੈ। ਉਹਨਾਂ ਕਿਹਾ ਕਿ ਗਊ ਸੇਵਾ ਕਮਿਸ਼ਨ ਹਮੇਸ਼ਾ ਹੀ ਗਊ ਵੰਸ਼ ਦੀ ਸੇਵਾ ਭਲਾਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦਾ ਰਹੇਗਾ।
ਸਾਬਕਾ ਕੋਂਸਲਰ ਨੇ ਨਕਲੀ ਸਿੱਧੂ ਬਣਕੇ ਸ਼ਹਿਰੀਆਂ ਨੂੰ ਵੰਡੀਆਂ ਸੋਗਾਤਾਂ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ: ਅਪਣੇ ਵਿਲੱਖਣ ਪ੍ਰਦਰਸ਼ਨਾਂ ਲਈ ਜਾਣੇ ਜਾਂਦੇ ਸਥਾਨਕ ਲਾਈਨੋ ਪਾਰ ਇਲਾਕੇ ਦੇ ਸਾਬਕਾ ਕੋਂਸਲਰ ਵਿਜੇ ਕੁਮਾਰ ਨੇ ਅੱਜ ਨਕਲੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਣਕੇ ਸ਼ਹਿਰੀਆਂ ਨੂੰ ਸੋਗਾਤਾਂ ਦੇ ਗੱਫ਼ੇ ਵੰਡੇ। ਸਥਾਨਕ ਪਰਸਰਾਮ ਚੌਕ ’ਚ ਕੀਤੇ ਪ੍ਰਦਰਸ਼ਨ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਹਰ ਔਰਤ ਨੂੰ ਪ੍ਰਤੀ ਮਹੀਨਾ 300 ਗੋਲ ਗੱਪੇ ਮੁਫ਼ਤ ਦਿੱਤੇ ਜਾਣਗੇ ਤੇ ਇਸਦੇ ਨਾਲ ਹੀ ਪਕੌੜੇ ਤੇ ਕੋਲਡ ਡਰਿੰਕ ਵੀ ਮੁਹੱਈਆਂ ਕਰਵਾਏ ਜਾਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੋਂਸਲਰ ਨੇ ਦੋਸ਼ ਲਗਾਇਆ ਕਿ ‘‘ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲੋਕਾਂ ਨਾਲ ਅਗਲੀ ਸਰਕਾਰ ਵਿਚ ਵਾਅਦੇ ਪੂਰੇ ਕਰਨ ਦੇ ਦਾਅਵੇ ਕਰ ਰਹੇ ਹਨ ਪਰ ਅੱਜ ਵੀ ਸੂੂਬੇ ਵਿਚ ਕਾਂਗਰਸ ਦੀ ਸਰਕਾਰ ਹੈ। ’’ ਉਨ੍ਹਾਂ ਕਿਹਾ ਕਿ 5 ਸਾਲ ਪਹਿਲਾਂ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਗਰਸ ਪਾਰਟੀ ਨੇ ਨਸ਼ਿਆਂ ਨੂੰ ਖ਼ਤਮ ਕਰਨ, ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ, ਸਮਾਰਟ ਫੋਨ, ਬੇਰੁਜ਼ਗਾਰੀ ਭੱਤਾ, ਆਟਾ ਦਾਲ ਨਾਲ ਘਿਓ, ਸਾਬਨ, ਚਾਹ ਪੱਤੀ ਵ ਆਦਿ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਇੰਨ੍ਹਾਂ ਪੰਜ ਸਾਲਾਂ ਵਿਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਾ ਸਕਿਆ। ਜਿਸਦੇ ਚੱਲਦੇ ਹੁਣ ਨਵਜੋਤ ਸਿੰਘ ਸਿੱਧੂ ਲੋਕਾਂ ਨੂੰ ਭਰਮਾਉਣ ਲੱਗੇ ਹੋਏ ਹਨ।
ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ
ਭਾਜਪਾ ਨੇ ਕਾਰਵਾਈ ਲਈ ਏ.ਡੀ.ਸੀ ਪ੍ਰਧਾਨ ਨੂੰ ਸੌਂਪਿਆ ਮੰਗ ਪੱਤਰ
ਗ੍ਰਹਿ ਮੰਤਰੀ ਅਤੇ ਡੀ.ਜੀ.ਪੀ ਦੀ ਬਰਖਾਸਤਗੀ ਦੀ ਮੰਗ ਕੀਤੀ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ: ਲੰਘੀ 5 ਜਨਵਰੀ ਨੂੰ ਫਿਰੋਜਪੁਰ ਵਿਖੇ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਢਿੱਲਮੱਠ ਦੇ ਸਬੰਧ ਵਿੱਚ ਅੱਜ ਜਿਲ੍ਹਾ ਭਾਜਪਾ ਦੀ ਤਰਫੋਂ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਤੇ ਡੀਜੀਪੀ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਏ.ਡੀ.ਸੀ. (ਜਨਰਲ) ਰਾਹੀਂ ਰਾਸਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਮੰਗ ਪੱਤਰ ਦੇਣ ਤੋਂ ਪਹਿਲਾਂ ਸਥਾਨਕ ਭੀਮ ਰਾਓ ਅੰਬਦੇਕਰ ਦੇ ਬੁੱਤ ਕੋਲ ਇਕੱਤਰ ਹੋਏ ਭਾਜਪਾਈਆਂ ਨੇ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਸੂਬਾ ਜਨਰਲ ਸਕੱਤਰ ਦਿਆਲ ਦਾਸ ਸੋਢੀ, ਸੂਬਾ ਸਕੱਤਰ ਸੁਖਪਾਲ ਸਰਾਂ, ਸੂਬਾ ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਸੀਨੀਅਰ ਆਗੂ ਅਸੋਕ ਭਾਰਤੀ, ਮੋਹਨ ਲਾਲ ਗਰਗ, ਰਾਜੇਸ ਨੋਨੀ, ਉਮੇਸ ਸਰਮਾ, ਮਹਿਲਾ ਮੋਰਚਾ ਦੀ ਵੀਨਾ ਗਰਗ, ਕੰਚਨ ਡਾ. ਜਿੰਦਲ, ਪਰਮਿੰਦਰ ਕੌਰ ਆਦਿ ਤੋਂ ਇਲਾਵਾ ਭਾਜਪਾ ਦੇ ਯੁਵਾ ਮੋਰਚਾ, ਮਹਿਲਾ ਮੋਰਚਾ, ਕਿਸਾਨ ਮੋਰਚਾ, ਐਸ.ਸੀ.ਬੀ.ਸੀ. ਮੋਰਚਾ ਦੇ ਅਹੁੱਦੇਦਾਰਾਂ ਨੇ ਦੋਸ਼ ਲਗਾਇਆ ਕਿ ਇਸ ਘਟਨਾ ਲਈ ਪੁਰੀ ਤਰ੍ਹਾਂ ਪੰਜਾਬ ਸਰਕਾਰ ਜਿੰਮੇਵਾਰ ਹੈ।
ਬਠਿੰਡਾ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ ਅਚਾਨਕ ਵਧਣ ਲੱਗੀ
24 ਘੰਟਿਆਂ ’ਚ ਰਿਕਾਰਡ ਤੋੜ 63 ਮਰੀਜ਼ ਮਿਲੇ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ: ਦੁਨੀਆਂ ਭਰ ’ਚ ਸ਼ੁਰੂ ਹੋਈ ਕਰੋਨਾ ਮਹਾਂਮਾਰੀ ਨੇ ਹੁਣ ਬਠਿੰਡਾ ਵਾਸੀਆਂ ਨੂੰ ਵੀ ਅਪਣੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹ੍ਹੇ ਵਿਚ 63 ਨਵੇਂ ਮਰੀਜ਼ ਮਿਲੇ ਹਨ। ਜਿਸਦੇ ਚੱਲਦੇ ਜ਼ਿਲ੍ਹੇ ਵਿਚ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਸਵਾ ਦੋ ਸੋ ਤੋਂ ਵੀ ਟੱਪ ਗਈ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਇਸ ਤੀਜ਼ੀ ਲਹਿਰ ਦੌਰਾਨ ਹਾਲੇ ਤੱਕ ਜ਼ਿਲ੍ਹੇ ਵਿਚ ਕੋਈ ਮੌਤ ਨਹੀਂ ਹੋਈ ਹੈ। ਸਿਹਤ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਜ਼ਿਲ੍ਹੇ ਭਰ ਵਿਚ ਪਿਛਲੇ 24 ਘੰਟਿਆਂ ਦੌਰਾਨ 741 ਕੋਰੋਨਾ ਟੈਸਟ ਕੀਤੇ ਗਏ, ਜਿੰਨਾਂ੍ਹ ‘ਚੋਂ 63 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਹੈ। ਉਨ੍ਹਾਂ ਦਸਿਆ ਕਿ ਇੰਨ੍ਹਾਂ ਟੈਸਟਾਂ ਵਿਚ 466 ਆਰਟੀਪੀਸੀਆਰ ਟੈਸਟ ਅਤੇ 275 ਰੈਪਿਡ ਟੈਸਟ ਕੀਤੇ ਗਏ ਸਨ। ਆਰਟੀਪੀਸੀਆਰ ਟੈਸਟਾਂ ਵਿਚੋਂ 47 ਅਤੇ ਰੈਪਿਡ ਟੈਸਟਾਂ ਦੀ ਰੀਪੋਰਟ ਵਿਚੋਂ 16 ਵਿਅਕਤੀ ਪਾਜ਼ੀਟਿਵ ਨਿਕਲੇ ਹਨ। ਸਿਹਤ ਅਧਿਕਾਰੀਆਂ ਮੁਤਾਬਕ ਕਰੋਨਾ ਤੋਂ ਬਚਣ ਲਈ ਜਿੱਥੇ ਦੋਨੋਂ ਟੀਕੇ ਲਗਵਾਉਣੇ ਜਰੂਰੀ ਹਨ, ਉਥੇ ਮਾਸਕ ਤੇ ਸਮਾਜਿਕ ਦੂਰੀ ਦੀ ਵੀ ਮਹੱਤਤਪੂਰਨ ਭੂਮਿਕਾ ਹੈ।
108 ਐਂਬੂਲੈਂਸ ਮੁਲਾਜਮਾਂ ਦੀ ਹੜਤਾਲ ਤੀਜ਼ੇ ਦਿਨ ਵੀ ਜਾਰੀ
ਕੰਪਨੀ ਪ੍ਰਬੰਧਕਾਂ ਨੇ ਪੁਲਿਸ ਦੀ ਮੱਦਦ ਨਾਲ ਹੜਤਾਲੀ ਕਾਮਿਆਂ ਤੋਂ ਐਂਬੂਲੈਂਸ ਦੀਆਂ ਚਾਬੀਆਂ ਲਈਆਂ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ: ਕੰਪਨੀ ਦੇ ਕਥਿਤ ਮਾੜੇ ਰਵੱਈਏ ਤੇ ਅਪਣੀਆਂ ਤਨਖ਼ਾਹਾਂ ਵਿਚ ਵਾਧੇ ਤੋਂ ਇਲਾਵਾ ਹੋਰਨਾਂ ਮੰਗਾਂ ਨੂੰ ਲੈ ਕੇ 108 ਐਂਬੂਲੈਂਸ ਕਾਮਿਆਂ ਵਲੋਂ ਸ਼ੁਰੂ ਕੀਤੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਹਾਲਾਂਕਿ ਬੀਤੀ ਦੇਰ ਸ਼ਾਮ ਕੰਪਨੀ ਪ੍ਰਬੰਧਕਾਂ ਨੇ ਪੁਲਿਸ ਮੁਲਾਜਮਾਂ ਦੀਆਂ ਮੱਦਦ ਨਾਲ ਹੜਤਾਲੀ ਕਾਮਿਆਂ ਕੋਲੋ ਦਸ ਐਂਬੂਲੈਂਸਾਂ ਦੀਆਂ ਚਾਬੀਆਂ ਹਾਸਲ ਕਰ ਲਈਆਂ ਸਨ। ਉਧਰ ਪ੍ਰਦਰਸ਼ਨ ਕਰ ਰਹੇ ਕਾਮਿਆਂ ਦੇ ਹੱਕ ਵਿਚ ਸਥਾਨਕ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਪੁੱਜ ਕੇ ਹਿਮਾਇਤ ਕਰਦਿਆਂ ਸਰਕਾਰ ਨੂੰ ਤੁਰੰਤ ਮਸਲੇ ਦੇ ਹੱਲ ਦੀ ਅਪੀਲ ਕੀਤੀ। ਦਸਣਾ ਬਣਦਾ ਹੈ ਕਿ ਇਸ ਹੜਤਾਲ ਕਾਰਨ ਬਠਿੰਡਾ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਵਿਚ ਵੀ ਸਰਕਾਰੀ ਐਂਬੂਲੈਂਸਾਂ ਰਾਹੀ ਮਰੀਜ਼ਾਂ ਨੂੰ ਇਧਰ ਉਧਰ ਲਿਜਾਣ ਦਾ ਕੰਮ ਰੁਕ ਗਿਆ ਹੈ। ਹੜਤਾਲੀ ਕਾਮਿਆਂ ਨੇ ਇਸ ਮੌਕੇ ਮੰਗ ਕਰਦੇ ਹੋਏ ਕਿਹਾ ਕਿ ਮੌਜੂਦਾ ਕੰਪਨੀ ਦੀ ਬਜਾਏ ਸਰਕਾਰ ਉਨ੍ਹਾਂ ਅਪਣੇ ਅਧੀਨ ਲਿਆਵੇ ਜਾਂ ਫਿਰ ਐਂਬੂਲੈਂਸਾਂ ਚਲਾਉਣ ਦਾ ਠੇਕਾ ਕਿਸੇ ਹੋਰ ਕੰਪਨੀ ਨੂੰ ਦਿੱਤਾ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਕੰਪਨੀ ਵੱਲੋਂ ਮੁਲਾਜਮਾਂ ਨੂੰ ਤਨਖ਼ਾਹ ਬਹੁਤ ਘੱਟ ਦਿੱਤੀ ਜਾਂਦੀ ਹੈ।
20 ਗ੍ਰਾਂਮ ਹੈਰੋਇਨ ਤੇ 10 ਗ੍ਰਾਂਮ ਸਥੈਟਿੰਗ ਡਰੱਗ ਸਹਿਤ ਤਿੰਨ ਕਾਬੂ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ: ਸਥਾਨਕ ਸੀਆਈਏ-2 ਸਟਾਫ਼ ਦੀ ਟੀਮ ਨੇ ਨਸ਼ਾ ਤਸਕਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਤਿੰਨ ਨੌਜਵਾਨਾਂ ਨੂੰ 20 ਗ੍ਰਾਂਮ ਹੈਰੋਇਨ ਤੇ 10 ਗ੍ਰਾਂਮ ਸਥੈਟਿੰਗ ਡਰੱਗ ਸਹਿਤ ਕਾਬੂ ਕੀਤਾ ਹੈ। ਇਸਤੋਂ ਇਲਾਵਾ ਕਾਬੂ ਕੀਤੇ ਕਥਿਤ ਦੋਸ਼ੀਆਂ ਕੋਲੋ 10 ਹਜ਼ਾਰ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਜੈ ਮਲੂਜਾ ਨੇ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਟੀਮ ਵਲੋਂ ਕੀਤੀ ਕਾਰਵਾਈ ਦੌਰਾਨ ਸਥਾਨਕ ਗਰੋਥ ਸੈਂਟਰ ਨੇੜੇ ਲਵ ਜਿੰਦਲ ਤੇ ਮਨਦੀਪ ਸਿੰਘ ਦੋਨੋਂ ਵਾਸੀ ਪੁਰਾਣਾ ਸਦਰ ਥਾਣਾ ਸਦਰ ਬਠਿੰਡਾ ਅਤੇ ਧਰਮ ਸਿੰਘ ਵਾਸੀ ਜੋਗੀ ਨਗਰ ਨੂੰ ਕਾਬੂ ਕੀਤਾ ਗਿਆ। ਇੰਨਾਂ ਦੀ ਤਲਾਸ਼ੀ ਦੌਰਾਨ 20 ਗ੍ਰਾਮ ਹੈਰੋਇਨ, 10 ਗ੍ਰਾਮ ਸਥੈਟਿਕ ਡਰੱਗ ਅਤੇ 10 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਤਿੰਨਾਂ ਮੁਲਜ਼ਮਾਂ ਵਿਰੁਧ ਨਸ਼ਾ ਰੋਕੂ ਐਕਟ ਤਹਿਤ ਥਾਣਾ ਸਦਰ ਵਿਖੇ ਪਰਚਾ ਦਰਜ਼ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਬਠਿੰਡਾ ਪੱਟੀ ’ਚ ਬਾਰਸ਼ ਜਾਰੀ, ਠੰਢ ’ਚ ਹੋਇਆ ਵਾਧਾ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ: ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਹਾਲਾਂਕਿ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਜਿਆਦਾ ਬਾਰਸ਼ ਨਹੀਂ ਹੋਈ, ਪ੍ਰੰਤੂ ਸਾਰਾ ਦਿਨ ਬੂੰਦਾਂ-ਬੂੰਦੀ ਜਾਰੀ ਰਹੀ। ਇਸ ਦੌਰਾਨ ਸੂਰਜ਼ ਦੇਵਤਾ ਦੇ ਵੀ ਦਰਸ਼ਨ ਬਹੁਤ ਘੱਟ ਹੋਏ। ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਬਠਿੰਡਾ ਤੇ ਆਸ ਪਾਸ 26. 4 ਮਿਲੀਮੀਟਰ ਵਰਖਾ ਦਰਜ ਕੀਤੀ ਗਈ। ਇਸੇ ਤਰ੍ਹਾਂ ਦਿਨ ਦਾ ਤਾਪਮਾਨ ਘੱਟ ਤੋਂ ਘੱਟ 3 .0 ਅਤੇ ਵੱਧ ਤੋਂ ਵੱਧ 10 .8 ਡਿਗਰੀ ਸੈਂਟੀਗ੍ਰੇਡ ਵਿਚਕਾਰ ਰਿਹਾ । ਜ਼ਿਕਰਯੋਗ ਹੈ ਮੌਸਮ ਵਿਭਾਗ ਨੇ ਪਹਿਲਾਂ ਹੀ 4ਜਨਵਰੀ ਤੋਂ 7 ਜਨਵਰੀ ਤਕ ਮੌਸਮ ਖਰਾਬ ਰਹਿਣ ਦੀ ਪੇਸੀਗਨੋਈ ਕੀਤੀ ਹੋਈ ਸੀ ਪਰ ਹੁਣ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਬਠਿੰਡਾ ਵੱਲੋਂ ਮੌਸਮ ਦੀ ਤਾਜਾ ਰਿਪੋਰਟ ਜਾਰੀ ਕਰਦਿਆਂ 8 ਤੋਂ 12 ਜਨਵਰੀ ਬਾਰਸ਼ ਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਜਤਾਈ ਹੈ । ਅੱਜ ਸਵੇਰ ਤੋਂ ਪੈ ਰਹੇ ਮੀਂਹ ਕਾਰਨ ਭਾਵੇਂ ਮੌਸਮ ਚ ਠੰਢਕ ਬਣੀ ਰਹੀ । ਬਠਿੰਡਾ ਵਾਸੀਆਂ ਨੁੰ ਜਿੱਥੇ ਖੁਸ਼ਕ ਠੰਢ ਤੋਂ ਛੁਟਕਾਰਾ ਮਿਲਿਆ ਉਥੇ ਬੁੱਢੇ ਅਤੇ ਬੱਚੇ ਘਰਾਂ ਅੰਦਰ ਰਜਾਈਆਂ ਵਿਚ ਵੜ੍ਹੇ ਰਹੇ। ਦੂਜੇ ਪਾਸੇ ਖੇਤੀਬਾੜੀ ਮਾਹਰਾਂ ਨੇ ਇਸ ਮੀਂਹ ਨੂੰ ਫਸਲਾਂ ਲਈ ਬੇਹੱਦ ਲਾਹੇਵੰਦ ਕਰਾਰ ਦਿੱਤਾ ਹੈ ਤੇ ਕਣਕ ਦੀ ਫਸਲ ਨੂੰ ਮੀਂਹ ਨੇ ਘਿਉ ਦਾ ਕੰਮ ਕੀਤਾ ਹੈ ਪਰ ਗੜੇਮਾਰੀ ਦੀ ਭਵਿੱਖਬਾਣੀ ਕਾਰਨ ਚਿੰਤਾ ਜ਼ਰੂਰ ਪ੍ਰਗਟ ਕੀਤੀ ਹੈ ।





