Monday, May 4, 2026
Home Blog Page 2677

ਵਿਧਾਇਕ ਪ੍ਰੀਤਮ ਕੋਟਭਾਈ ਨੇ ਇਤਿਹਾਸਕ ਸੜਕ ਦਾ ਨੀਂਹ ਪੱਥਰ ਰੱਖਿਆ

0

ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਹਲਕਾ ਭੁੱਚੋਂ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਅੱਜ ਅਪਣੇ ਹਲਕੇ ਵਿਚ ਨਥਾਣਾ ਤੋਂ ਕਲਿਆਣ ਤੱਕ ਵਾਇਆ ਨਾਥਪੁਰਾ ਤੱਕ ਪੈਂਦੀ ਇਤਿਹਾਸਕ ਰਾਸਤੇ ਦਾ ਨੀਂਹ ਪੱਥਰ ਰੱਖਿਆ। ਮੁਗਲ ਕਾਲ ’ਚ ਬਣੀ ਇਸ ਸੜਕ ਦੀ ਦੀ ਹਾਲਾਤ ਕਾਫ਼ੀ ਖ਼ਸਤਾ ਸੀ। ਇਸ ਸੜਕ ਨੂੰ ਗੁਰੁੂ ਨਾਨਕ ਦੇਵ ਮਾਰਗ ਦਾ ਨਾਂ ਵੀ ਦਿੱਤਾ ਹੋਇਆ ਹੈ। ਵਿਧਾਇਕ ਕੋਟਭਾਈ ਨੇ ਦਸਿਆ ਕਿ ਕਰੀਬ 11 ਕਿਲੋਮੀਟਰ ਲੰਮੀ ਇਸ ਸੜਕ ਉਪਰ ਸਵਾ ਤਿੰਨ ਕਰੋੜ ਆਵੇਗਾ ਤੇ ਇਸ ਸੜਕ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਕਾਗਰਸੀ ਆਗੂ ਹਾਜ਼ਰ ਸਨ।

ਐਸ ਡੀ ਐਮ ਦਾ ਰੀਡਰ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

0

ਸੁਖਜਿੰਦਰ ਮਾਨ
ਮਾਨਸਾ, 13 ਦਸੰਬਰ:ਵਿਜੀਲੈਂਸ ਬਿਊਰੋ ਬਠਿੰਡਾ ਵਲੋਂ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਮਾਨਸਾ ਦੀ ਸਬ ਡਿਵੀਜ਼ਨ ਬੁਢਲਾਡਾ ਵਿਖੇ ਐਸ.ਡੀ.ਐਮ ਦਫਤਰ ਦੇ ਰੀਡਰ ਰਣਜੀਤ ਸਿੰਘ ਨੂੰ 20, 000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਐਸ.ਐਸ.ਪੀ ਦੇਸ ਰਾਜ ਨੇ ਦਸਿਆ ਕਿ ਰਣਜੀਤ ਸਿੰਘ ਵਿਰੁਧ ਗੁਰਜੀਤ ਸਿੰਘ ਵਾਸੀ ਪਿੰਡ ਟਾਹਲੀਆਂ ਤਹਿਸੀਲ ਬੁਢਲਾਡਾ ਨੇ ਸ਼ਿਕਾਇਤ ਕੀਤੀ ਸੀ। ਜਿਸ ਵਿਚ ਉਸਨੇ ਦਸਿਆ ਸੀ ਕਿ ਦੁਕਾਨ ਦੀ ਜਗ੍ਹਾ ਦਾ ਮੁਆਵਜਾ ਦਿਵਾਉਣ ਬਦਲੇ ਉਕਤ ਰੀਡਰ ਨੇ ਇਹ ਰਿਸ਼ਵਤ ਦੀ ਮੰਗ ਉਕਤ ਮੁਲਾਜਮ ਵਲੋਂ ਕੀਤੀ ਜਾ ਰਹੀ ਸੀ। ਜਿਸਤੋਂ ਬਾਅਦ ਵਿਜੀਲੈਂਸ ਨੇ ਕਾਰਵਾਈ ਕਰਦਿਆਂ ਰੀਡਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 20, 000 ਰੁਪਏ ਲੈਂਦੇ ਹੋਏ ਗਿ੍ਰਫਤਾਰ ਕਰ ਲਿਆ। ਐਸਐਸਪੀ ਮੁਤਾਬਕ ਕਥਿਤ ਦੋਸ਼ੀ ਵਿਰੁਧ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਵਿਚ ਕੇਸ ਦਰਜ਼ ਕਰ ਲਿਆ ਗਿਆ ਹੈ।

ਸਾਬਕਾ ਅਕਾਲੀ ਵਿਧਾਇਕ ਦਾ ਪੁੱਤਰ ਕਾਂਗਰਸ ਪਾਰਟੀ ਵਿੱਚ ਸ਼ਾਮਲ

0

ਸੁਖਜਿੰਦਰ ਮਾਨ
ਚੰਡੀਗੜ੍ਹ, 13 ਦਸੰਬਰ: ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਦੇ ਸਪੁੱਤਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਆਈਏਟੀ ਹਰਦਿਆਲ ਸਿੰਘ ਰਾਜਲਾ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਰਾਜਲਾ ਦਾ ਪਾਰਟੀ ‘ਚ ਸਵਾਗਤ ਕੀਤਾ ਅਤੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੇ ਕਾਂਗਰਸ ‘ਚ ਸ਼ਾਮਲ ਹੋਣ ਨਾਲ ਪਾਰਟੀ ਹੇਠਲੇ ਪੱਧਰ ‘ਤੇ ਹੋਰ ਮਜਬੂਤ ਹੋਵੇਗੀ ਅਤੇ ਇਸ ਦੇ ਨਾਲ-ਨਾਲ ਪਾਰਟੀ ਦਾ ਦਰਜਾ ਵੀ ਹੋਰ ਮਜ਼ਬੂਤ ਹੋਵੇਗਾ।

ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਦੇ 28 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

0

ਸੁਖਜਿੰਦਰ ਮਾਨ
ਚੰਡੀਗੜ੍ਹ, 13 ਦਸੰਬਰ: ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਭੇਜੀ ਸੂਚੀ ਨੂੰ ਮੰਨਜੂਰੀ ਦਿੰਦਿਆਂ 28 ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਨਵੇਂ ਲਗਾਏ ਪ੍ਰਧਾਨਾਂ ਦੇ ਨਾ ਲ ਕਾਰਜ਼ਕਾਰੀ ਪ੍ਰਧਾਨ ਵੀ ਲਗਾਏ ਗਏ ਹਨ, ਜਿਸ ਉਪਰ ਸਿੱਧੂ ਵਿਸ਼ੇਸ ਜੋਰ ਦੇ ਰਹੇ ਸਨ। ਜਾਰੀ ਸੂਚੀ ਤਹਿਤ ਤਿੰਨ-ਚਾਰ ਪ੍ਰਧਾਨਾਂ ਨੂੰ ਛੱਡ ਪੁਰਾਣੇ ਸਾਰੇ ਪ੍ਰਧਾਨ ਬਦਲ ਦਿੱਤੇ ਗਏ ਹਨ। ਬਠਿੰਡਾ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ, ਮੁਕਤਸਰ ਦੇ ਹਰਚਰਨ ਸਿੰਘ ਸੋਥਾ ਤੇ ਸ਼੍ਰੀ ਅੰਮਿ੍ਰਤਸਰ ਸਾਹਿਬ ’ਚ ਪੁਰਾਣੇ ਪ੍ਰਧਾਨਾਂ ਨੂੰ ਮੁੜ ਜਿੰਮੇਵਾਰੀ ਦਿੱਤੀ ਗਈ ਹੈ।

900 ਏਕੜ ਸਰਕਾਰੀ ਜ਼ਮੀਨ ਦੱਬਣ ਵਾਲੇ ਸਾਬਕਾ ਮੁੱਖ ਮੰਤਰੀਆਂ ‘ਤੇ ਤੁਰੰਤ ਮੁਕੱਦਮਾ ਦਰਜ ਕਰੇ ਚੰਨੀ ਸਰਕਾਰ: ਭਗਵੰਤ ਮਾਨ

0

‘ਆਪ’ ਸੰਸਦ ਮੈਂਬਰ ਨੇ ਦੋਵੇਂ ਮੁੱਖ ਮੰਤਰੀਆਂ ਸਣੇ ਬਾਕੀ ਸਾਰੇ ਲੈਂਡ ਮਾਫ਼ੀਆ ਦੇ ਨਾਮ ਜਨਤਕ ਕਰਨ ਦੀ ਕੀਤੀ ਮੰਗ
ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਇਕੱਲੇ ਮੋਹਾਲੀ ਜ਼ਿਲ੍ਹੇ ‘ਚ 25000 ਏਕੜ ਸਰਕਾਰੀ ਜ਼ਮੀਨ ‘ਤੇ ਸਿਆਸਤਦਾਨਾਂ, ਉੱਚ ਅਧਿਕਾਰੀਆਂ ਅਤੇ ਰਸੂਖ਼ ਦਾਰਾ ਦਾ ਹੈ ਨਜਾਇਜ਼ ਕਬਜ਼ਾ
ਖਰਬਾਂ ਰੁਪਏ ਦੀ ਜ਼ਮੀਨ ਉਤਾਰ ਸਕਦੀ ਹੈ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਪੰਜਾਬ ਸਰਕਾਰ ਦਾ ਸਾਰਾ ਕਰਜ਼ਾ: ‘ਆਪ’
ਸੁਖਜਿੰਦਰ ਮਾਨ
ਚੰਡੀਗੜ੍ਹ, 13 ਦਸੰਬਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਰਾਜਧਾਨੀ (ਚੰਡੀਗੜ੍ਹ) ਨਾਲ ਲੱਗਦੇ ਜ਼ਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) ਦੇ ਇਲਾਕੇ ‘ਚ 900 ਏਕੜ ਸਰਕਾਰੀ ਤੇ ਸ਼ਾਮਲਾਤੀ ਜ਼ਮੀਨਾਂ ਉੱਤੇ ਦੋ ਸਾਬਕਾ ਮੁੱਖ ਮੰਤਰੀਆਂ ਦੇ ਨਜਾਇਜ਼ ਕਬਜ਼ੇ ਹੋਣ ਸੰਬੰਧੀ ਕੀਤੇ ਖ਼ੁਲਾਸੇ ਦਾ ਸਖ਼ਤ ਨੋਟਿਸ ਲਿਆ ਹੈ। ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਇਸ ਬਾਰੇ ਤੁਰੰਤ ਕਾਰਵਾਈ (ਐਕਸ਼ਨ) ਦੀ ਮੰਗ ਕਰਨ ਦੇ ਨਾਲ- ਨਾਲ ਸਵਾਲ ਕੀਤਾ ਕਿ ਸਰਕਾਰ ਦੱਸੇ ਕਿ 2 ਸਾਬਕਾ ਮੁੱਖ ਮੰਤਰੀ ਕਿਹੜੇ ਹਨ, ਜਿਨ੍ਹਾਂ ਨੇ ਸਿਰਫ਼ ਇੱਕ ਜ਼ਿਲ੍ਹੇ ‘ਚ ਹੀ ਡੇਢ ਲੱਖ ਕਰੋੜ ਰੁਪਏ ਦੀ ਸਰਕਾਰੀ ਤੇ ਸ਼ਾਮਲਾਤੀ ਜ਼ਮੀਨ ਦੱਬ ਰੱਖੀ ਹੈ? ਸਰਕਾਰ ਇਹ ਵੀ ਸਪੱਸ਼ਟ ਕਰੇ ਕਿ ਉਹ ਕਿਹੜੇ ਕਾਰਨ ਜਾਂ ਮਜਬੂਰੀਆਂ ਹਨ ਕਿ ਸਰਕਾਰ ਐਨੇ ਵੱਡੇ ਲੈਂਡ (ਜ਼ਮੀਨ) ਮਾਫ਼ੀਆ ਨੂੰ ਸਿੱਧਾ ਹੱਥ ਕਿਉਂ ਨਹੀਂ ਪਾ ਰਹੀ?
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਜਿਸ ਰਿਪੋਰਟ ਦੇ ਆਧਾਰ ‘ਤੇ ਦੱਸਿਆ ਹੈ ਕਿ ਡੇਢ ਲੱਖ ਕਰੋੜ ਰੁਪਏ ਦੀ ਕੀਮਤ ਵਾਲੀ 900 ਏਕੜ ਜ਼ਮੀਨ ਸਿਰਫ਼ 2 ਸਾਬਕਾ ਮੁੱਖ ਮੰਤਰੀਆਂ ਦੇ ਪਰਿਵਾਰਾਂ ਨੇ ਦੱਬੀ ਹੋਈ ਹੈ, ਉਸ ਰਿਪੋਰਟ ‘ਚ ਉਨ੍ਹਾਂ ਦੋਵਾਂ ਸਾਬਕਾ ਮੁੱਖ ਮੰਤਰੀਆਂ ਦੇ ਨਾਮ ਵੀ ਜ਼ਰੂਰ ਲਿਖੇ ਹੋਣਗੇ, ਫਿਰ ਇਹ ਨਾਮ ਜਨਤਕ ਕਰਨ ਤੋਂ ਕਾਂਗਰਸ ਪਾਰਟੀ ਅਤੇ ਕਾਂਗਰਸ ਸਰਕਾਰ ਕਿਉਂ ਟਲ਼ ਰਹੀ ਹੈ? ਨਵਜੋਤ ਸਿੰਘ ਸਿੱਧੂ ਵੀ ਸਪੱਸ਼ਟ ਕਰਨ ਕਿ ਦੋ ਨਾਮ ਜਨਤਕ ਕਰਨ ‘ਚ ਉਨ੍ਹਾਂ ਨੂੰ ਕਿਉਂ ਝਿਜਕ ਆ ਰਹੀ ਹੈ? ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਰਕਾਰਾਂ ‘ਚ ਹਿੰਮਤ ਹੋਵੇ ਤਾਂ ਉਪਰੋਕਤ 2 ਸਾਬਕਾ ਮੁੱਖ ਮੰਤਰੀਆਂ ਦੇ ਨਜਾਇਜ਼ ਕਬਜ਼ੇ ਹਟਾ ਕੇ ਪੰਜਾਬ ਦੇ ਸਾਰੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਦੀ ਮੁਕੰਮਲ ਮੁਆਫ਼ੀ ਹੋ ਸਕਦੀ ਹੈ, ਜੋ ਲਗਭਗ ਡੇਢ ਲੱਖ ਕਰੋੜ ਰੁਪਏ ਬਣਦੀ ਹੈ।ਮਾਨ ਨੇ ਕਿਹਾ ਕਿ ਚੰਡੀਗੜ੍ਹ ਦੇ ਆਲ਼ੇ ਦੁਆਲ਼ੇ ਦੀਆਂ ਸਰਕਾਰੀ ਅਤੇ ਸ਼ਾਮਲਾਤੀ ਜ਼ਮੀਨਾਂ ਉੱਤੇ ਸਿਆਸਤਦਾਨਾਂ, ਉੱਚ- ਅਧਿਕਾਰੀਆਂ ਅਤੇ ਹੋਰ ਰਸੂਖ਼ਵਾਨਾਂ ਦੇ ਨਜਾਇਜ਼ ਅਤੇ ਗ਼ਲਤ- ਮਲ਼ਤ ਤਰੀਕੇ ਨਾਲ ਕੀਤੇ ਕਬਜ਼ਿਆਂ ਬਾਰੇ ਗਠਿਤ ਹੋਏ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਨੇ 2013 ਨੂੰ ਆਪਣੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਹਵਾਲੇ ਕਰ ਦਿੱਤੀ ਸੀ, ਪ੍ਰੰਤੂ 8 ਸਾਲ ਬੀਤ ਜਾਣ ਦੇ ਬਾਵਜੂਦ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰਾਂ ਨੇ ਇਸ ਰਿਪੋਰਟ ਉੱਪਰ ਕਾਰਵਾਈ ਕਰਨ ਦੀ ਜੁਰਅਤ ਨਹੀਂ ਦਿਖਾਈ, ਕਿਉਂਕਿ ਸੱਤਾਧਾਰੀ ਖ਼ੁਦ ਹੀ ਤਾਂ ਕਾਬਜ਼ ਹਨ।ਭਗਵੰਤ ਮਾਨ ਨੇ ਕਿਹਾ ਕਿ ਜੇ ਨਾਮਵਰ ਸਿਆਸਤਦਾਨਾਂ ਅਤੇ ਚਰਚਿਤ ਅਧਿਕਾਰੀਆਂ ਸਮੇਤ ਵੱਡੇ ਲੋਕਾਂ ਵੱਲੋਂ ਇਕੱਲੇ ਐਸ.ਏ.ਐਸ ਨਗਰ (ਮੋਹਾਲੀ) ਦੀਆਂ ਸਰਕਾਰੀ ਅਤੇ ਸ਼ਾਮਲਾਤੀ ਜ਼ਮੀਨਾਂ ‘ਤੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਖ਼ਾਲੀ ਕਰਵਾ ਲਿਆ ਜਾਵੇ ਜਾਂ ਉਸ ਦਾ ਬਾਜ਼ਾਰੀ ਮੁੱਲ ਵਸੂਲ ਲਿਆ ਜਾਵੇ ਤਾਂ ਕਿਸਾਨਾਂ- ਮਜ਼ਦੂਰਾਂ ਅਤੇ ਸਾਰੇ ਦੁਕਾਨਦਾਰਾਂ ਸਮੇਤ ਪੰਜਾਬ ਸਰਕਾਰ ਸਿਰ ਖੜ੍ਹਾ ਸਾਢੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਵੀ ਉਤਾਰਿਆ ਜਾ ਸਕਦਾ ਹੈ, ਕਿਉਂਕਿ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਮੁਤਾਬਿਕ ਇਕੱਲੇ ਮੋਹਾਲੀ ਜ਼ਿਲ੍ਹੇ ‘ਚ 25000 ਏਕੜ ਸਰਕਾਰੀ ਤੇ ਸ਼ਾਮਲਾਤੀ ਜ਼ਮੀਨ ਉੱਪਰ ਜਾਂ ਤਾਂ ਨਜਾਇਜ਼ ਕਬਜ਼ੇ ਹੋਏ ਹਨ ਅਤੇ ਜਾਂ ਫਿਰ ਮਾਲ ਰਿਕਾਰਡ ‘ਚ ਫ਼ਰਜ਼ੀਵਾੜਾ ਕਰਕੇ ਗ਼ਲਤ ਤਰੀਕੇ ਨਾਲ ਜ਼ਮੀਨਾਂ ਆਪਣੇ ਨਾਂਅ ਚੜ੍ਹਾ ਲਈਆਂ ਗਈਆਂ ਹਨ। ਅਰਬਾਂ ਖਰਬਾਂ ਰੁਪਏ ਦੀਆਂ ਇਹਨਾਂ ਸੰਪਤੀਆਂ ਨੂੰ ਮੁੜ ਸਰਕਾਰੀ ਕਬਜ਼ੇ ਹੇਠ ਲਿਆਉਣ ਲਈ ਸਿਆਸੀ ਇਮਾਨਦਾਰੀ ਅਤੇ ਇੱਛਾ ਸ਼ਕਤੀ ਦਾ ਹੋਣਾ ਜ਼ਰੂਰੀ ਹੈ, ਜੋ ਨਾ ਕਾਂਗਰਸ ਕੋਲ ਹੈ ਅਤੇ ਨਾ ਹੀ ਬਾਦਲਾਂ ਅਤੇ ਭਾਜਪਾ ਕੋਲ ਸੀ।ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਉਠਾਇਆ ਗਿਆ ਇਹ ਮਾਮਲਾ ਖ਼ੁਦ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ- ਨਾਲ ਪੰਜਾਬ ਦੇ ਐਡਵੋਕੇਟ ਜਨਰਲ ਡੀ.ਐਸ. ਪਟਵਾਲੀਆ ਲਈ ਵੀ ਪਰਖ ਦੀ ਘੜੀ ਹੈ, ਕਿਉਂਕਿ ਡੀ.ਐਸ. ਪਟਵਾਲੀਆ ਜਸਟਿਸ ਕੁਲਦੀਪ ਸਿੰਘ ਦੇ ਪੁੱਤਰ ਹਨ।’ਆਪ’ ਆਗੂ ਨੇ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੱਤੀ ਕਿ ਉਹ ਨਜਾਇਜ਼ ਕਬਜ਼ਾਧਾਰੀ ਦੋਵੇਂ ਸਾਬਕਾ ਮੁੱਖ ਮੰਤਰੀਆਂ ਸਮੇਤ ਬਾਕੀ ਸਭ ਦੇ ਨਾਮ ਵੀ ਜਨਤਕ ਕਰਨ ਅਤੇ ਫ਼ੈਸਲਾਕੁੰਨ ਕਾਰਵਾਈ ਦੀ ਸਮਾਂ ਸੀਮਾ ਵੀ ਸੂਬੇ ਦੇ ਲੋਕਾਂ ਨੂੰ ਦੱਸਣ।ਮਾਨ ਨੇ ਕਿਹਾ ਕਿ ਜਿੰਨਾ ਚਿਰ ਦੋਨਾਂ ਸਾਬਕਾ ਮੁੱਖ ਮੰਤਰੀਆਂ ਦੇ ਨਾਮ ਲੋਕਾਂ ਨੂੰ ਨਹੀਂ ਦੱਸੇ ਜਾਂਦੇ ਓਨਾਂ ਚਿਰ ਗੋਪੀ ਭਾਰਗਵ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਕ ਦੇ ਸਾਰੇ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਵੀ ਇਨ੍ਹਾਂ ਗੰਭੀਰ ਦੋਸ਼ਾਂ ਦੇ ਘੇਰੇ ‘ਚੋਂ ਮੁਕਤ ਨਹੀਂ ਹੋ ਸਕਦੇ। ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀਆਂ ਦੇ ਸਾਰੇ ਸਾਫ਼- ਸੁਥਰੇ ਪਰਿਵਾਰਾਂ ਨੂੰ ਵੀ ਇਸ ਮੁੱਦੇ ‘ਤੇ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਕਿ ਲੋਕ ਉਨ੍ਹਾਂ ਨੂੰ ਜ਼ਮੀਨ (ਲੈਂਡ) ਮਾਫ਼ੀਆ ਵਜੋਂ ਨਾ ਦੇਖਣ। ਜ਼ਿਕਰਯੋਗ ਹੈ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦਾ ਗਠਨ 29 ਮਈ 2012 ਨੂੰ ਹਾਈਕੋਰਟ ਦੇ ਆਦੇਸ਼ਾਂ ‘ਤੇ ਹੋਇਆ ਸੀ, ਜਿਸ ਨੇ 1 ਮਾਰਚ 2013 ‘ਚ ਕਮਿਸ਼ਨ ਨੇ ਆਪਣੀ ਪਹਿਲੀ ਅਤੇ ਜੁਲਾਈ 2013 ਨੂੰ ਦੂਜੀ ਅਤੇ ਅੰਤਿਮ ਰਿਪੋਰਟ ਸੌਂਪ ਦਿੱਤੀ ਸੀ, ਪ੍ਰੰਤੂ ਸਰਕਾਰਾਂ ਦੇ ਪੱਧਰ ‘ਤੇ ਇਸ ਰਿਪੋਰਟ ਉੱਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ।

ਮੁੱਖ ਮੰਤਰੀ ਨੇ ਖਰੜ ਅਤੇ ਮੋਰਿੰਡਾ ਵਿੱਚ 100 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

0

ਮੋਰਿੰਡਾ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ 10 ਕਰੋੜ ਰੁਪਏ ਵਾਧੂ ਦੇਣ ਦਾ ਐਲਾਨ
ਸ੍ਰੀ ਚਮਕੌਰ ਸਾਹਿਬ ਹਲਕੇ ਦੇ 140 ਯੂਥ ਕਲੱਬਾਂ/ਵੈਲਫੇਅਰ ਸੁਸਾਇਟੀਆਂ ਨੂੰ 6.85 ਕਰੋੜ ਰੁਪਏ ਦੇ ਚੈੱਕ ਸੌਂਪੇ
ਸੁਖਜਿੰਦਰ ਮਾਨ
ਖਰੜ/ਮੋਰਿੰਡਾ, 13 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਖਰੜ ਅਤੇ ਮੋਰਿੰਡਾ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਮੋਰਿੰਡਾ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ 10 ਕਰੋੜ ਰੁਪਏ ਵਾਧੂ ਦੇਣ ਦਾ ਐਲਾਨ ਵੀ ਕੀਤਾ।ਖਰੜ ਦੇ ਪਿੰਡ ਤ੍ਰਿਪੜੀ ਵਿਖੇ 20 ਕਰੋੜ ਰੁਪਏ ਦੀ ਸਾਂਝੀ ਲਾਗਤ ਨਾਲ ਇੱਕ ਆਈ.ਟੀ.ਆਈ., ਇੱਕ ਆਡੀਟੋਰੀਅਮ ਸਮੇਤ ਇੱਕ ਇਨਡੋਰ ਸਪੋਰਟਸ ਹਾਲ ਅਤੇ ਇੱਕ ਫੁੱਟਬਾਲ ਮੈਦਾਨ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਨੇ ਪਿੰਡ ਤ੍ਰਿਪੜੀ ਵੱਲੋਂ 8 ਏਕੜ ਜ਼ਮੀਨ ਦਾਨ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇੱਥੇ ਸਥਾਪਤ ਕੀਤੀ ਜਾਣ ਆਈ.ਟੀ.ਆਈ. ਇਸ ਖੇਤਰ ਦੇ ਨੌਜਵਾਨਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਪ੍ਰਦਾਨ ਕਰਨ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇਸ ਦੇ ਨਾਲ ਹੀ ਇਨਡੋਰ ਸਪੋਰਟਸ ਹਾਲ ਵਿੱਚ ਜਿਮਨਾਸਟਿਕ, ਬਾਸਕਟਬਾਲ, ਵਾਲੀਬਾਲ ਅਤੇ ਹੋਰ ਖੇਡ ਸਹੂਲਤਾਂ ਸ਼ਾਮਲ ਹੋਣਗੀਆਂ ਜਿਸ ਨਾਲ ਖੇਡ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਮਿਲੇਗਾ। ਚੰਨੀ ਨੇ ਕਿਹਾ ਕਿ ਆਈ.ਟੀ.ਆਈ. ਦੀ ਇਮਾਰਤ ਜਨਵਰੀ, 2022 ਦੇ ਅੰਤ ਤੱਕ ਮੁਕੰਮਲ ਹੋ ਜਾਵੇਗੀ, ਜਦੋਂ ਕਿ ਇਨਡੋਰ ਸਪੋਰਟਸ ਹਾਲ ਅਗਸਤ 2022 ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਫੁੱਟਬਾਲ ਦਾ ਮੈਦਾਨ ਅਪ੍ਰੈਲ, 2022 ਤੱਕ ਮੁਕੰਮਲ ਹੋ ਜਾਵੇਗਾ।
ਇਸੇ ਤਰ੍ਹਾਂ ਮੋਰਿੰਡਾ ਵਿਖੇ ਮੁੱਖ ਮੰਤਰੀ ਨੇ 5 ਕਰੋੜ ਦੀ ਲਾਗਤ ਵਾਲੀ 2 ਏਕੜ ਰਕਬੇ ਵਿੱਚ ਫੈਲੀ ਐਸ.ਡੀ.ਐਮ ਦਫ਼ਤਰ ਦੀ ਨਵੀਂ ਇਮਾਰਤ ਤੋਂ ਇਲਾਵਾ 74.32 ਕਰੋੜ ਰੁਪਏ ਦੀ ਲਾਗਤ ਵਾਲੇ 100 ਫੀਸਦੀ ਵਾਟਰ ਸਪਲਾਈ, ਸੀਵਰੇਜ, ਨਹਿਰੀ ਪਾਣੀ ਦੀ ਸਪਲਾਈ ਅਤੇ ਹੋਰ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਜਲ ਸਪਲਾਈ ਪ੍ਰੋਜੈਕਟ ਕਜੌਲੀ ਵਾਟਰ ਵਰਕਸ ਤੋਂ ਮੋਰਿੰਡਾ ਅਤੇ ਖਰੜ ਕਸਬਿਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਏਗਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਰਾਘਵ ਚੱਢਾ ਵੱਲੋਂ ਉਨ੍ਹਾਂ ਦੇ ਚਾਰ ਕੈਬਨਿਟ ਮੰਤਰੀਆਂ ਦੇ `ਆਪ` ਵਿੱਚ ਸ਼ਾਮਲ ਹੋਣ ਦੀਆਂ ਝੂਠੀਆਂ ਅਫਵਾਹਾਂ ਫੈਲਾਉਣ `ਤੇ ਵਰ੍ਹਦਿਆਂ ਪਾਰਟੀ ਨੂੰ ਬੇਲੋੜਾ ਪ੍ਰਚਾਰ ਕਰਨ ਲਈ ਝੂਠ ਬੋਲਣ ਤੋਂ ਗੁਰੇਜ਼ ਕਰਨ ਦੀ ਚੇਤਾਵਨੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਆਪ ਸਿਰਫ ਗੁੰਮਰਾਹਕੁੰਨ ਅਤੇ ਝੂਠੀਆਂ ਗੱਲਾਂ ਨਾਲ ਲੋਕਾਂ ਨੂੰ ਭਟਕਾਉਣਾ ਚਾਹੁੰਦੀ ਹੈ ਪਰ ਇਹ ਚਾਲਾਂ ਉਹਨਾਂ `ਤੇ ਹੀ ਉਲਟੀਆਂ ਪੈਣਗੀਆਂ”।ਇਸ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਸ੍ਰੀ ਚਮਕੌਰ ਸਾਹਿਬ, ਰੂਪਨਗਰ ਅਤੇ ਮੋਰਿੰਡਾ ਬਲਾਕਾਂ ਦੇ 140 ਯੂਥ ਕਲੱਬਾਂ/ਵੈਲਫੇਅਰ ਸੁਸਾਇਟੀਆਂ ਨੂੰ 6.85 ਕਰੋੜ ਰੁਪਏ ਦੇ ਚੈੱਕ ਵੀ ਸੌਂਪੇ। ਇਨ੍ਹਾਂ ਵਿੱਚੋਂ 68 ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜਦਕਿ 72 ਸ਼ਹਿਰੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਈਸ਼ਾ ਕਾਲੀਆ, ਐਸਐਸਪੀ ਨਵਜੋਤ ਸਿੰਘ ਮਾਹਲ, ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਅਤੇ ਐਸਐਸਪੀ ਵਿਵੇਕ ਸ਼ੀਲ ਸੋਨੀ ਸ਼ਾਮਲ ਸਨ।

ਅਡਵਾਂਸ ਕੈਂਸਰ ਇੰਸਟੀਚਿਊਟ ਦਾ ਨਰਸਿੰਗ ਸਟਾਫ਼ ਵਲੋੋਂ ਵੀ ਹੜਤਾਲ ਸ਼ੁਰੂ

0
ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਪਿਛਲੇ ਕੁੱਝ ਦਿਨਾਂ ਤੋਂ ਸਥਾਨਕ ਸਿਵਲ ਹਸਪਤਾਲ ਦੇ ਨਰਸਿੰਗ ਸਟਾਫ਼ ਵਲੋਂ ਸ਼ੁਰੂ ਕੀਤੀ ਹੜਤਾਲ ਤੇ ਧਰਨੇ ਦੇ ਵਿਚ ਹੁਣ ਮਾਨਸਾ ਰੋਡ ’ਤੇ ਸਥਿਤ ਅਡਵਾਂਸ ਕੈਂਸਰ ਇੰਸਟੀਚਿਊਟ ਦਾ ਨਰਸਿੰਗ ਸਟਾਫ਼ ਵੀ ਹੜਤਾਲ ‘ਤੇ ਚਲਾ ਗਿਆ ਹੈ। ਨਰਸਿੰਗ ਸਟਾਫ਼ ਨੇ ਪੰਜਾਬ ਨਰਸਿੰਗ ਐਸੋਸੀਏਸ਼ਨ ਦੇ ਸੱਦੇ ’ਤੇ ਇੰਸਟੀਚਿਊਟ ਦੇ ਮੁੱਖ ਦਰਵਾਜ਼ੇ ’ਤੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਉਧਰ ਹੁਣ ਸਿਹਤ ਵਿਭਾਗ ਦਾ ਜ਼ਿਲ੍ਹੇ ਵਿਚ ਸਥਿਤ ਨਰਸਿੰਗ ਸਟਾਫ਼ ਵੀ ਹੜਤਾਲ ’ਤੇ ਆ ਗਿਆ ਹੈ। ਜਿਸ ਕਾਰਨ ਮਰੀਜ਼ਾਂ ਨੂੰ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਉਹ ਪੇ-ਪੈਰਿਟੀ ਦੀ ਬੇਨਿਯਮੀਆਂ ਨੂੰ ਦੂਰ ਕਰਨ, ਪੇ-ਕਮਿਸ਼ਨ ਦੌਰਾਨ ਕੱਟੇ ਗਏ ਭੱਤੇ ਬਹਾਲ ਕਰਵਾਉਣ, ਨਰਸਿੰਗ ਅਫ਼ਸਰ ਦੀਆਂ ਪੋਸਟਾਂ ਬਦਲਣ ਲਈ ਸਰਕਾਰ ਵਿਰੁਧ ਸੰਘਰਸ਼ ਨੂੰ ਜਾਰੀ ਰੱਖਣਗੇ। ਇਸ ਮੌਕੇ ਅਮਨਦੀਪ ਸਿੰਘ, ਅਮਨਪਾਲ ਕੌਰ, ਰੋਜ਼ਲੀਨ ਪੀਟਰ, ਰਮਨਦੀਪ ਕੌਰ, ਪਵਨਪਾਲ ਕੌਰ, ਮਨਪ੍ਰੀਤ ਕੌਰ, ਪਰਵਿੰਦਜੀਤ ਕੌਰ ਤੇ ਕਰਮਜੀਤ ਕੌਰ ਆਦਿ ਨੇ ਸੰਬੋਧਨ ਕੀਤਾ।

ਪੀ ਏ ਯੂ ਦੇ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਖਿਲਾਫ ਧਰਨਾ ਤੇ ਹੜਤਾਲ ਜਾਰੀ

0

ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜਿਜ ਟੀਚਰਜ਼ ਆਰਗੇਨਾਈਜੇਸ਼ਨ ਦੇ ਸੱਦੇ ‘ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਬੈਨਰ ਥੱਲੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ, ਕਿ੍ਰਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਸਮੁੱਚੇ ਵਿਗਿਆਨੀਆਂ ਵਲੋਂ ਪੰਜਾਬ ਸਰਕਾਰ ਵਿਰੋਧ ਰੋਸ਼ ਧਰਨਾ ਤੇ ਸ਼ੁਰੂ ਕੀਤੀ ਹੜਤਾਲ ਜਾਰੀ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਡਾ ਜੀ.ਐਸ. ਰੌਮਾਣਾ ਨੇ ਕਿਹਾ ਕਿ ਇਹ ਧਰਨਾ ਪੰਜਾਬ ਸਰਕਾਰ ਵਲੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਅਧਿਆਪਕ ਵਰਗ ਲਈ ਤਨਖਾਹ ਸਕੇਲ ਯੂ ਜੀ ਸੀ ਤਨਖਾਹ ਸਕੇਲਾਂ ਤੋਂ ਡੀ ਲਿੰਕ ਕਰਨ, ਨਵੀਂ ਪੈਨਸ਼ਨ ਸਕੀਮ ਅਤੇ ਨਵੇਂ ਭਰਤੀ ਹੋਏ ਵਿਗਿਆਨੀਆਂ ਨੂੰ ਪਿਛਲੇ ਇੱਕ ਸਾਲ ਤੋਂ ਤਨਖਾਹ ਦੇਣ ਵਿੱਚ ਕੀਤੀ ਜਾ ਰਹੀ ਟਾਲ-ਮਟੋਲ ਦੇ ਖਿਲਾਫ ਦਿੱਤਾ ਗਿਆ। ਇਸ ਮੌਕੇ ਡਾ. ਅਵਤਾਰ ਸਿੰਘ, ਪ੍ਰਮੁੱਖ ਵਿਗਿਆਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਤਹਿ ਕੀਤਾ ਗਿਆ ਯੂ.ਜੀ.ਸੀ ਪੇ ਸਕੇਲਾਂ ਤੋਂ ਵੱਖਰਾ ਤਨਖਾਹ ਸਕੇਲ, ਜੋ ਕਿ ਦੁਜੇ ਰਾਜਾਂ ਦੇ ਮੁਕਾਬਲੇ ਬਹੁਤ ਹੀ ਘੱਟ ਹੈ, ਪੰਜਾਬ ਦੇ ਸਮੁੱਚੇ ਸਿੱਖਿਆ ਢਾਂਚੇ ਲਈ ਤਬਾਹਕੁੰਨ ਹੋਵੇਗਾ। ਇਸ ਮੌਕੇ ਡਾ ਕਰਮਜੀਤ ਸਿੰਘ ਸੇਖੋ, ਡਾ ਅਨੁਰਾਗ ਮਲਿਕ, ਡਾ ਅਨੁਰੀਤ ਕੌਰ, ਡਾ ਚੇਤਕ ਬਿਸਨੋਈ, ਡਾ ਗੁਲਾਬ ਪਾਂਡਵ ਨੇ ਸੰਬੋਧਨ ਕੀਤਾ। ਜਦੋਂਕਿ ਲੜੀਵਾਰ ਭੁੱਖ ਹੜਤਾਲ ’ਤੇ ਡਾ ਨਵੀਨ ਗਰਗ, ਡਾ ਪਿ੍ਰਤਪਾਲ ਸਿੰਘ ਤੇ ਡਾ ਹਰਜੀਤ ਸਿੰਘ ਬੈਠੇ।

ਅਰੁਣ ਵਧਾਵਨ ਸ਼ਹਿਰੀ ਤੇ ਕੁਲਵਿੰਦਰ ਨਰੂਆਣਾ ਬਣੇ ਦਿਹਾਤੀ ਕਾਂਗਰਸ ਦੇ ਪ੍ਰਧਾਨ

0

ਟਿੰਕੂ ਗਰੋਵਰ, ਅਵਤਾਰ ਗੋਨਿਆਣਾ ਤੇ ਕਿਰਨਦੀਪ ਕੌਰ ਬਣੇ ਕਾਰਜ਼ਕਾਰੀ ਪ੍ਰਧਾਨ
ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਕਾਂਗਰਸ ਹਾਈਕਮਾਂਡ ਵਲੋਂ ਅੱਜ ਪੰਜਾਬ ਦੇ ਐਲਾਨੇ 28 ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਵਿਚ ਬਠਿੰਡਾ ਨੂੰ ਵੀ ਪੰਜ ਨਵੇਂ ਪ੍ਰਧਾਨ ਮਿਲੇ ਹਨ। ਜਾਰੀ ਸੂਚੀ ਮੁਤਾਬਕ ਬਠਿੰਡਾ ਸ਼ਹਿਰੀ ਦੀ ਪ੍ਰਧਾਨਗੀ ਮੁੜ ਵਿਤ ਮੰਤਰੀ ਦੇ ਨਜਦੀਕੀ ਅਰੁਣ ਵਧਾਵਨ ਨੂੰ ਦਿੱਤੀ ਗਈ ਹੈ ਜਦੋਂਕਿ ਉਨ੍ਹਾਂ ਨਾਲ ਕਾਰਜ਼ਕਾਰੀ ਪ੍ਰਧਾਨ ਵਜੋਂ ਸੀਨੀਅਰ ਕਾਂਗਰਸੀ ਆਗੂ ਟਿੰਕੂ ਗਰੋਵਰ ਨੂੰ ਨਿਯੁਕਤ ਕੀਤਾ ਗਿਆ। ਸ਼੍ਰੀ ਗਰੋਵਰ ਸੂਬੇ ਦੇ ਲੋਕ ਂਿਨਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਦੇ ਦਹਾਕਿਆਂ ਤੋਂ ਕਰੀਬੀ ਮੰਨੇ ਜਾਂਦੇ ਹਨ। ਉਧਰ ਬਠਿੰਡਾ ਦਿਹਾਤੀ ਦੀ ਪ੍ਰਧਾਨਗੀ ਲਈ ਕਾਂਗਰਸ ਪਾਰਟੀ ਨੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਦੀ ਰਾਏ ਨੂੰ ਮਹੱਤਤਾ ਦਿੰਦਿਆਂ ਉਨ੍ਹਾਂ ਦੇ ਨਜਦੀਕੀ ਕੁਲਵਿੰਦਰ ਸਿੰਘ ਨਰੂਆਣਾ ਨੂੰ ਪ੍ਰਧਾਨ ਬਣਾਇਆ ਹੈ। ਜਦੋਂਕਿ ਉਨ੍ਹਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਗੋਨਿਆਣਾ ਤੇ ਕਿਰਨਦੀਪ ਕੌਰ ਵਿਰਕ ਬੁਲਾਢੇਵਾਲਾ ਨੂੰ ਕਾਰਜ਼ਕਾਰੀ ਪ੍ਰਧਾਨ ਲਗਾਇਆ ਗਿਆ ਹੈ। ਕਿਰਨਦੀਪ ਕੌਰ ਦਾ ਪ੍ਰਵਾਰ ਵੀ ਲਾਡੀ ਦਾ ਨਜਦੀਕੀ ਹੈ ਤੇ ਕਾਂਗਰਸ ਨੇ ਉਨ੍ਹਾਂ ਨੂੰ ਅਹੁੱਦਾ ਦੇ ਕੇ ਔਰਤਾਂ ਨੂੰ ਨੁਮਾਇੰਦਗੀ ਦਿੱਤੀ ਹੈ। ਉਧਰ ਨਵਨਿਯੁਕਤ ਪ੍ਰਧਾਨਾਂ ਨੇ ਹਾਈਕਮਾਂਡ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਪਾਰਟੀ ਦੀ ਚੜ੍ਹਦੀ ਕਲਾਂ ਲਈ ਪੂਰੀ ਮਿਹਨਤ ਕਰਨਗੇ।

ਕਾਂਗਰਸ ਪ੍ਰਧਾਨ ਦੇ ਪਲੇਠੇ ਦੌਰੇ ਦੌਰਾਨ ਸ਼ਹਿਰ ਦੇ ਕਾਂਗਰਸੀਆਂ ਨੇ ਪਾਸਾ ਵੱਟਿਆ!

0

ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬਠਿੰਡਾ ’ਚ ਅੱਜ ਢਾਈ ਸਾਲਾਂ ਬਾਅਦ ਬਤੌਰ ਪ੍ਰਧਾਨ ਪਲੇਠੀ ਫ਼ੇਰੀ ਮਾਲਵਾ ਪੱਟੀ ’ਚ ਨਵੇਂ ਸਿਆਸੀ ਸਮੀਕਰਨ ਪੈਦਾ ਕਰ ਗਈ। ਇਸ ਦੌਰੇ ਦੌਰਾਨ ਸ: ਸਿੱਧੂ ਨਾ ਸਿਰਫ਼ ਵਿਤ ਮੰਤਰੀ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਹਰਵਿੰਦਰ ਲਾਡੀ ਦੀ ਪੂਰੀ ਤਰ੍ਹਾਂ ਪਿੱਠ ਥਾਪੜ ਕੇ ਗਏ ਬਲਕਿ ਪ੍ਰਧਾਨ ਦੇ ਦੌਰੇ ਦੌਰਾਨ ਬਠਿੰਡਾ ਸ਼ਹਿਰੀ ਹਲਕੇ ਦੇ ਕਾਂਗਰਸੀਆਂ ਨੇ ਦੂਰੀਆਂ ਬਣਾਈਆਂ ਰੱਖੀਆਂ। ਹਾਲਾਂਕਿ ਸ: ਸਿੱਧੂ ਅੱਜ ਬਠਿੰਡਾ ਦਿਹਾਤੀ ਹਲਕੇ ’ਚ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਸਨ ਪ੍ਰੰਤੂ ਉਹ ਇਸ ਦੌਰੇ ਦੌਰਾਨ ਕਰੀਫ਼ ਢਾਈ-ਤਿੰਨ ਘੰਟੇ ਬਠਿੰਡਾ ਸਹਿਰ ਵਿਚ ਰਹੇ ਤੇ ਇੱਥੇ ਹੀ ਉਨ੍ਹਾਂ ਬਰੇਕ ਫ਼ਾਸਟ ਤੇ ਲੰਚ ਕੀਤਾ ਤੇ ਨਾਲ ਹੀ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ ਪਰ ਇਸਦੇ ਬਾਵਜੂਦ ਬਠਿੰਡਾ ਸ਼ਹਿਰ ਦੇ ਜਿਆਦਾਤਰ ਕਾਂਗਰਸੀ ਗੈਰਹਾਜ਼ਰ ਰਹੇ। ਜਿਸਦੀ ਕਾਂਗਰਸੀ ਹਲਕਿਆਂ ਤੋਂ ਇਲਾਵਾ ਸ਼ਹਿਰ ਵਿਚ ਵੀ ਚਰਚਾ ਚੱਲਦੀ ਰਹੀ ਕਿ ਇਹ ਕਾਂਗਰਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਆਮਦ ਮੌਕੇ ਕਿਉਂ ‘ਲੁਪਤ’ ਰਹੇ। ਉਜ ਸੂਤਰਾਂ ਨੇ ਖ਼ੁਲਾਸਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਗੱਲ ਨੂੰ ਅਪਣੇ ਕੁੱਝ ਸਾਥੀਆਂ ਨਾਲ ਚਿਤਾਰਿਆ। ਇਸਤੋਂ ਇਲਾਵਾ ਮਨਪ੍ਰੀਤ ਧੜੇ ਨਾਲ ਜੁੜੇ ਬਠਿੰਡਾ ਦਿਹਾਤੀ ਹਲਕੇ ਦੇ ਕਈ ਕਾਂਗਰਸੀ ਆਗੂ ਰੈਲੀ ਵਿਚੋਂ ਗੈਰ ਹਾਜ਼ਰ ਰਹੇ। ੳੰੁਜ ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਸਿੱਧੂ ਦੇ ਦੌਰੇ ਦੌਰਾਨ ਸੀਨੀਅਰ ਆਗੂ ਰਾਜ ਨੰਬਰਦਾਰ, ਮਾਰਕਫ਼ੈਡ ਦੇ ਡਾਇਰੈਕਟਰ ਟਹਿਲ ਸਿੰਘ ਸੰਧੂ ਤੇ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਨਾਲ ਰਹੇ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੂੰ ਬੁਲਾ ਕੇ ਟਕਸਾਲੀ ਕਾਂਗਰਸੀਆਂ ਦੀ ਗੱਲ ਸੁਣਨ ਤੇ ਅਪਣੇ ਰੋਜ਼ਗਾਰ ਲਈ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ’ਤੇ ਹੱਥ ਨਾ ਚੁੱਕਣ ਦੇ ਆਦੇਸ਼ ਦਿੱਤੇ।

Our Visitor

1894656