ਸੁਖਜਿੰਦਰ ਮਾਨ
ਜਲੰਧਰ,12 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਮਿਲਕੇ ਚੋਣ ਲੜਣ ਜਾ ਰਹੀ ਬਹੁਜਨ ਸਮਾਜ ਪਾਰਟੀ ਨੇ ਅੱਜ ਅਪਣੇ ਹਿੱਸੇ ਆਉਂਦੀਆਂ 20 ਸੀਟਾਂ ਵਿਚੋਂ ਤਿੰਨ ’ਤੇ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਜਿਸ ਵਿਚ ਵਿਧਾਨ ਸਭਾ ਜਲੰਧਰ ਉੱਤਰੀ ਖੇਤਰ ਤੋਂ ਕੁਲਦੀਪ ਸਿੰਘ ਲੁਬਾਣਾ, ਦੀਨਾਨਗਰ ਰਿਜਰਵ ਤੋਂ ਕਮਲਜੀਤ ਚਾਵਲਾ ਅਤੇ ਚਮਕੌਰ ਸਾਹਿਬ ਤੋਂ ਹਰਮੋਹਨ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ। ਪਾਰਟੀ ਦੀ ਅੱਜ ਇੱਥੇ ਹੋਈ ਸੂਬਾ ਕਾਰਜਕਾਰੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਦੇ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਪਾਰਟੀ 14 ਦਸੰਬਰ ਨੂੰ ਅਕਾਲੀ ਦਲ ਵਲੋਂ ਮੋਗਾ ਵਿਚ ਕਰਵਾਈ ਜਾ ਰਹੀ ਰੈਲੀ ਵਿਚ ਹੁੰਮਹੁੰਮਾ ਕੇ ਸ਼ਾਮਲ ਹੋਣਗੇ।
ਬਸਪਾ ਵਲੋਂ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ
ਸ਼ਹੀਦ ਜਵਾਨ ਗੁਰਸੇਵਕ ਸਿੰਘ ਦਾ ਪੂਰੇ ਫੌਜੀ ਸਨਮਾਨ ਨਾਲ ਸਸਕਾਰ
ਸੁਖਜਿੰਦਰ ਮਾਨ
ਤਰਨਤਾਰਨ,12 ਦਸੰਬਰ: ਤਿੰਨ ਦਿਨ ਪਹਿਲਾਂ ਤਾਮਿਲਨਾਡੂ ਸੂਬੇ ਦੇ ਕੁਨੂਰ ਪਹਾੜੀ ਇਲਾਕੇ ਨੇੜੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਹਾਦਸੇ ਵਿੱਚ ਚੀਫ਼ ਆਫ਼ ਡਿਫਂੈਸ ਜਨਰਲ ਬਿਪਤ ਰਾਵਤ ਨਾਲ ਸ਼ਹੀਦ ਹੋਏ ਜਿਲ੍ਹੇ ਵਿਚ ਪੈਂਦੇ ਪਿੰਡ ਦੋਦੇ ਸੋਢੀਆਂ ਦੇ ਜਵਾਨ ਗੁਰਸੇਵਕ ਸਿੰਘ ਨੂੰ ਅੱਜ ਪਿੰਡ ਲਿਆਂਦਾ ਗਿਆ। ਇਸ ਮੌਕੇ ਭਾਰਤੀ ਫ਼ੌਜ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਇਲਾਕੇ ਦੇ ਗਮਗੀਨ ਲੋਕਾਂ ਦੀ ਹਾਜ਼ਰੀ ਵਿਚ ਸ਼ਹੀਦ ਜਵਾਨ ਦਾ ਪੂਰੇ ਫੌਜੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ। ਦੁੱਖਦਾਈਕ ਇਸ ਘਟਨਾ ਵਿਚ ਜਾਨ ਗਵਾਉਣ ਵਾਲੇ ਇਸ ਜਵਾਨ ਦੀ ਚਿਖ਼ਾ ਨੂੰ ਅਗਨੀ ਉਸਦੇ ਤਿੰਨ ਸਾਲ ਮਾਸੂਸ ਪੁੱਤਰ ਫਤਹਿਦੀਪ ਸਿੰਘ ਨੇ ਦਿਖਾਈ। ਸ਼ਹੀਦ ਜਵਾਨ ਅਪਣੇ ਪਰਿਵਾਰ ਵਿੱਚ ਪਤਨੀ ਜਸਪ੍ਰੀਤ ਕੌਰ ਤੋਂ ਇਲਾਵਾ ਦੋ ਧੀਆਂ ਤੇ ਇੱਕ ਪੁੱਤਰ ਤੋਂ ਇਲਾਵਾ ਬਜੁਰਗ ਪਿਤਾ ਨੂੰ ਛੱਡ ਗਿਆ ਹੈ। ਦਸਣਾ ਬਣਦਾ ਹੈ ਕਿ ਜਨਰਲ ਬਿਪਨ ਰਾਵਤ ਨਾਲ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਜਵਾਨ ਗੁਰਸੇਵਕ ਸਿੰਘ ਦੀ ਲਾਸ਼ ਬੁਰੀ ਤਰ੍ਹਾਂ ਜਲ ਗਈ ਸੀ, ਜਿਸ ਕਾਰਨ ਉਸਦੀ ਪਹਿਚਾਣ ਲਈ ਉਸਦੇ ਪਿਤਾ ਕਾਬਲ ਸਿੰਘ ਦਾ ਡੀਐਨਏ ਸੈਂਪਲ ਲੈ ਕੇ ਕਰਵਾਈ ਗਈ।
ਚੰਡੀਗੜ੍ਹ ’ਚ ਵੀ ਓਮੀਕਰੋਨ ਦੀ ਦਸਤਕ, 20 ਸਾਲਾਂ ਨੌਜਵਾਨ ਪਾਜ਼ੀਟਿਵ ਮਿਲਿਆ
ਸੁਖਜਿੰਦਰ ਮਾਨ
ਚੰਡੀਗੜ੍ਹ,12 ਦਸੰਬਰ: ਦੇਸ ’ਚ ਕਰੋਨਾ ਮਹਾਂਮਾਰੀ ਦੀ ਸੰਭਾਵਿਤ ਆਉਣ ਵਾਲੀ ਤੀਜ਼ੀ ਲਹਿਰ ਲਈ ਜਿੰਮੇਵਾਰ ਮੰਨੇ ਜਾਣ ਵਾਲੇ ਕਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਨੇ ਹੁਣ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਵੀ ਦਸਤਕ ਦੇ ਦਿੱਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸਥਾਨਕ ਸ਼ਹਿਰ ‘ਚ ਰਹਿੰਦੇ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਇੱਕ 20 ਸਾਲਾ ਇਕ ਨੌਜਵਾਨ ਕੋਰੋਨਾ ਦੇ ਇਸ ਨਵੇਂ ਵੈਰੀਏਂਟ ਨਾਲ ਪਾਜੇਟਿਵ ਪਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਇਹ ਨੌਜਵਾਨ ਪਿਛਲੇ ਮਹੀਨੇ ਹੀ ਇਟਲੀ ਤੋਂ ਆਇਆ ਸੀ ਅਤੇ ਉਸਦੇ ਫ਼ਾਈਜ਼ਰ ਕੰਪਨੀ ਦੀਆਂ ਦੋਨੋ ਵੈਕਸੀਨ ਡੋਜ਼ ਵੀ ਲੱਗੀਆਂ ਹੋਈਆਂ ਹਨ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਨੌਜਵਾਨ ਨੂੰ ਕੋਈ ਲੱਛਣ ਵੀ ਜਿਆਦਾ ਨਹੀਂ ਸੀ। ਇਸ ਮਰੀਜ਼ ਕਾਰਨ ਚੰਡੀਗੜ੍ਹ ਦੇ ਲੋਕਾਂ ਵਿਚ ਚਿੰਤਾ ਵਧ ਗਈ ਹੈ। ਇਸਤੋਂ ਇਲਾਵਾ ਇਹ ਸ਼ਹਿਰ ਦੋ ਸੂਬਿਆਂ ਦੀ ਰਾਜਧਾਨੀ ਹੋਣ ਕਾਰਨ ਤੇ ਇਸਦੇ ਨਾਲ ਦੋ ਵੱਡੇ ਸ਼ਹਿਰ ਪੰਚਕੂਲਾ ਤੇ ਮੋਹਾਲੀ ਲੱਗਦੇ ਹੋਣ ਕਾਰਨ ਸਿਹਤ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਦਸਣਾ ਬਣਦਾ ਹੈ ਕਿ ਹੁਣ ਤਕ ਕਰੋਨਾ ਦੇ ਨਵੇਂ ਆਏ ਰੂਪਾਂ ਵਿਚੋਂ ਓਮੀਕ੍ਰੋਨ ਸਭ ਤੋਂ ਤੇਜੀ ਨਾਲ ਫੈਲਦਾ ਹੈ।
14 ਦਸੰਬਰ ਨੂੰ ਬਠਿੰਡਾ ਆਉਣਗੇ ਰਾਜਪਾਲ ਬਨਵਾਰੀਲਾਲ ਪੁਰੋਹਿਤ
ਸੁਖਜਿੰਦਰ ਮਾਨ
ਬਠਿੰਡਾ,12 ਦਸੰਬਰ: ਪੰਜਾਬ ਦੇ ਰਾਜ਼ਪਾਲ ਬਨਵਾਰੀ ਲਾਲ ਪੁਰੋਹਿਤ ਆਗਾਮੀ 14 ਦਸੰਬਰ ਨੂੰ ਇੱਕ ਰੋਜ਼ਾ ਬਠਿੰਡਾ ਦੌਰੇ ’ਤੇ ਪੁੱਜ ਰਹੇ ਹਨ। ਉਹ ਰਾਤ ਨੂੰ ਵੀ ਬਠਿੰਡਾ ਹੀ ਰਹਿਣਗੇ। ਪਤਾ ਚੱਲਿਆ ਹੈ ਕਿ ਰਾਜਪਾਲ ਇਸ ਦਿਨ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਇਤਿਹਾਸਕ ਮੰਦਿਰ ਮਾਈਸਰਖ਼ਾਨਾ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਗੇ। ਜਿਸਤੋਂ ਬਾਅਦ ਉਹ ਝੀਲਾਂ ਕੋਲ ਸਥਿਤ ਲੇਕ ਵਿਊ ਰੀਜੋਰਟ ਵਿਚ ਰਾਤ ਠਹਿਰਨ ਤੋਂ ਬਾਅਦ ਦੂਜੇ ਦਿਨ ਸ਼੍ਰੀ ਮੁਕਤਸਰ ਸਾਹਿਬ ਵੱਲ ਰਵਾਨਾ ਹੋ ਜਾਣਗੇ। ਇਹ ਵੀ ਪਤਾ ਚਲਿਆ ਹੈ ਕਿ ਬਠਿੰਡਾ ਆਉਣ ਤੋਂ ਪਹਿਲਾਂ ਉਨਾਂ ਵਲੋਂ ਮਾਨਸਾ ਵਿਖੇ ਵੀ ਪ੍ਰੋਗਰਾਮ ਰੱਖਿਆ ਹੋਇਆ ਹੈ। ਦਸਣਾ ਬਣਦਾ ਹੈ ਕਿ ਬਤੌਰ ਰਾਜਪਾਲ ਅਹੁੱਦਾ ਸੰਭਾਲਣ ਤੋਂ ਬਾਅਦ ਸ਼੍ਰੀ ਪੁਰੋਹਿਤ ਪਹਿਲੀ ਵਾਰ ਦੱਖਣੀ ਮਾਲਵਾ ਦੇ ਜ਼ਿਲ੍ਹਿਆਂ ਵਿਚ ਆ ਰਹੇ ਹਨ। ਉਧਰ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦਸਿਆ ਕਿ ਮਾਣਯੋਗ ਰਾਜਪਾਲ ਦੇ ਆਉਣ ਦੀ ਸੂਚਨਾ ਮਿਲੀ ਹੈ।
ਠੇਕਾ ਮੁਲਾਜਮਾਂ ਵਲੋਂ ਵਿਤ ਮੰਤਰੀ ਦਾ ਵਿਰੋਧ ਲਗਾਤਾਰ ਜਾਰੀ
ਦੂਜੇ ਦਿਨ ਵੀ ਪ੍ਰਦਰਸ਼ਨ ਕਰਦੇ ਠੇਕਾ ਕਾਮਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ
ਸੁਖਜਿੰਦਰ ਮਾਨ
ਬਠਿੰਡਾ,12 ਦਸੰਬਰ: ਠੇਕਾ ਮੁਲਾਜਮ ਸੰਘਰਸ਼ ਮੋਰਚੇ ਦੇ ਝੰਡੇ ਹੇਠ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜਮਾਂ ਵਲੋਂ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵਿਰੋਧ ਜਾਰੀ ਹੈ। ਪਿਛਲੇ ਦੋ ਦਿਨਾਂ ਤੋਂ ਬਠਿੰਡਾ ਦੇ ਦੌਰੇ ’ਤੇ ਚੱਲ ਰਹੇ ਸ: ਬਾਦਲ ਨੂੰ ਅੱਜ ਲਗਾਤਾਰ ਦੂਜੇ ਦਿਨ ਵੀ ਠੇਕਾ ਮੁਲਾਜਮਾਂ ਦਾ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ’ਚ ਰੱਖੇ ਸਮਾਗਮਾਂ ਦੌਰਾਨ ਜਦ ਵਿਤ ਮੰਤਰੀ ਗਰੀਨ ਸਿਟੀ ਨਜਦੀਕੀ ਇੱਕ ਪ੍ਰਾਈਵੇਟ ਸਪੋਰਟਸ ਕਲੱਬ ਵਲ ਜਾ ਰਹੇ ਸਨ ਤਾਂ ਰਾਸਤੇ ਵਿਚ ਪੈਟਰੋਲ ਪੰਪ ਕੋਲ ਥਰਮਲ ਪਲਾਂਟ ਤੇ ਸੀਐਚਟੀ ਜਥੇਬੰਦੀ ਨਾਲ ਸਬੰਧਤ ਇਕੱਠੇ ਹੋਏ ਠੇਕਾ ਮੁਲਾਜਮਾਂ ਨੇ ਉਨ੍ਹਾਂ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਪਹਿਲਾਂ ਹੀ ਕਿਸੇ ਅੰਦੇਸ਼ੇ ਦੇ ਚੱਲਦੇ ਚੌਕੰਨੀ ਦਿਖ਼ਾਈ ਦੇ ਰਹੀ ਪੁਲਿਸ ਨੇ ਤੁਰੰਤ ਐਕਸ਼ਨ ਕਰਦਿਆਂ ਠੇਕਾ ਮੁਲਾਜਮਾਂ ਨੂੰ ਬੀਤੇ ਕੱਲ ਦੀ ਤਰ੍ਹਾਂ ਧੂਹ ਘੜੀਸ ਕਰਦਿਆਂ ਚੁੱਕ ਚੁੱਕ ਕੇ ਬੱਸਾਂ ਵਿਚ ਸੁੱਟ ਦਿੱਤਾ। ਜਿਸਤੋਂ ਬਾਅਦ ਉਨ੍ਹਾਂ ਨੂੰ ਥਾਣਾ ਸਦਰ ਵਿਚ ਬੰਦ ਕਰ ਦਿੱਤਾ ਗਿਆ। ਠੇਕਾ ਮੁਲਾਜਮ ਆਗੂਆਂ ਜਗਸੀਰ ਸਿੰਘ, ਜਗਰੂਪ ਸਿੰਘ ਲਹਿਰਾ ਤੇ ਹਰਜਿੰਦਰ ਸਿੰਘ ਆਦਿ ਨੇ ਇਸ ਮੌਕੇ ਐਲਾਨ ਕੀਤਾ ਕਿ ਸਰਕਾਰ ਜਿੰਨ੍ਹੀ ਮਰਜ਼ੀ ਸਖ਼ਤੀ ਵਰਤ ਲਵੇ ਪ੍ਰੰਤੂ ਉਹ ਕਾਂਗਰਸ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤਹਿਤ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਅਪਣਾ ਸੰਘਰਸ਼ ਚੋਣ ਜਾਬਤੇ ਤੋਂ ਬਾਅਦ ਵੀ ਜਾਰੀ ਰੱਖਣਗੇ।
ਦਿੱਲੀ ਮੋਰਚਿਆਂ ਤੋਂ ਪਰਤੇ ਯੋਧਿਆਂ ਆਮ ਮੁਹਾਰੇ ਇਕੱਠੇ ਹੋਏ ਸ਼ਹਿਰੀਆਂ ਵਲੋਂ ਸ਼ਾਨਦਾਰ ਸਵਾਗਤ
ਢੋਲਾਂ ਦੇ ਡੱਗਿਆਂ ‘ਤੇ ਘੰਟਿਆਂ ਬੱਧੀ ਪੈਂਦਾ ਰਿਹਾ ਭੰਗੜਾ, ਗਿੱਧੇ ਦੀਆਂ ਬੋਲੀਆਂ ਨੂੰ ਚਾੜ੍ਹਿਆ ਕਿਸਾਨੀ ਰੰਗ
ਸੁਖਜਿੰਦਰ ਮਾਨ
ਬਠਿੰਡਾ,12 ਦਸੰਬਰ: ਦਿੱਲੀ ‘ਚ ਖੇਤੀ ਅੰਦੋਲਨ ਫਤਹਿ ਕਰਕੇ ਵਾਪਸ ਪਰਤੇ ਕਿਸਾਨਾਂ ਦਾ ਅੱਜ ਬਠਿੰਡਾ ਪੱਟੀ ’ਚ ਭਰਵਾਂ ਸਵਾਗਤ ਕੀਤਾ ਗਿਆ। ਸਥਾਨਕ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਆਮ ਮੁਹਾਰੇ ਇਕੱਠੇ ਹੋਏ ਸ਼ਹਿਰੀਆਂ ਨੇ ਕਿਸਾਨ ਯੋਧਿਆਂ ਦਾ ਢੋਲ-ਢਮੱਕੇ ਤੇ ਫੁੱਲਾਂ ਦੇ ਹਾਰਾਂ ਨਾਲ ਨੱਚ-ਗਾ ਕੇ ਜੀ ਆਇਆ ਕਿਹਾ। ਆਮ ਲੋਕਾਂ ਵਲੋਂ ਦਿੱਤੇ ਜਾ ਰਹੇ ਪਿਆਰ ਨੂੰ ਵੇਖਦਿਆਂ ਮੋਰਚੇ ’ਚ ਸ਼ਾਮਲ ਕਿਸਾਨ ਗਦਗਦ ਹੋ ਉੱਠੇ। ਸਥਾਨਕ ਸ਼ਹਿਰ ਵਿਚ ਹਾਜੀਰਤਨ ਚੌਕ, ਰਜਿੰਦਰਾ ਕਾਲਜ਼, ਬੱਸ ਅੱਡਾ, ਭਾਈ ਘਨੱਈਆ ਚੌਕ ਆਦਿ ਥਾਵਾਂ ’ਤੇ ਵੱਡੀ ਗਿਣਤੀ ਵਿਚ ਆਮ ਲੋਕ ਪੁੱਜੇ ਹੋਏ ਸਨ। ਇਸ ਮੌਕੇ ਇੰਨ੍ਹਾਂ ਵਲੋਂ ਡੀਜੇ, ਢੋਲਚੀ, ਮਿਠਾਈਆਂ ਤੇ ਫੁੱਲਾਂ ਦਾ ਇੰਤਜਾਮ ਵੀ ਵੱਡੇ ਪੱਧਰ ’ਤੇ ਕੀਤਾ ਹੋਇਆ ਸੀ। ਇਸ ਦੌਰਾਨ ਦਿੱਲੀ ਪਰਤਦਾ ਕੋਈ ਵੀ ਕਿਸਾਨ ਜਥਾ ਦਿਖ਼ਾਈ ਦਿੰਦਾ ਤਾਂ ਇਹ ਇਕੱਠ ਉਨ੍ਹਾਂ ਨੂੰ ਰੋਕ ਕੇ ਫੁੱਲਾਂ ਦੀ ਵਰਖ਼ਾ ਤੇ ਗਲਾਂ ’ਚ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕਰਦਾ। ਸੂਚਨਾ ਮੁਤਾਬਕ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ, ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਸਹਿਤ ਕਈ ਵੱਡੇ ਆਗੂ ਆਪੋ ਅਪਣੇ ਘਰਾਂ ’ਚ ਪਰਤੇ। ਇੰਨ੍ਹਾਂ ਆਗੂਆਂ ਨੇ ਵੱਖ ਵੱਖ ਥਾਵਾਂ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਹਾਲੇ ਅੰਦੋਲਨ ਖਤਮ ਨਹੀਂ ਕੀਤਾ ਗਿਆ, ਸਿਰਫ ਮੁਲਤਵੀ ਹੋਇਆ ਹੈ। ਜੇਕਰ ਸਰਕਾਰ ਨੇ ਬਾਕੀ ਮੰਗਾਂ ਬਾਰੇ ਕੋਈ ਹਾਂ- ਪੱਖੀ ਕਦਮ ਨਾ ਉਠਾਏ ਤਾਂ ਸੰਯੁਕਤ ਕਿਸਾਨ ਮੋਰਚੇ ਦੀ 15 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਅੰਦੋਲਨ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਕਿਸਾਨਾਂ ਤੇ ਆਮ ਲੋਕਾਂ ਨੂੰ ਖੇਤੀ ਨੂੰ ਲਾਹੇਬੰਦ ਕਿੱਤਾ ਬਣਾਉਣ ਲਈ ਹੋਰ ਵੀ ਲੰਬੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ। ਇਸੇ ਤਰ੍ਹਾਂ ਕਿਸਾਨ ਆਗੂਆਂ ਨੇ ਇਸ਼ਾਰਾ ਕੀਤਾ ਕਿ ਦਿਲੀ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਵਲੋਂ ਚੋਣਾਂ ’ਚ ਕਿਸਾਨਾਂ ਤੇ ਹੋਰਨਾਂ ਵਰਗਾਂ ਨਾਲ ਕੀਤੇ ਵਾਦਿਆਂ ਦਾ ਹਿਸਾਬ ਕਿਤਾਬ ਲਿਆ ਜਾਵੇਗਾ। ਕਿਸਾਨ ਆਗੂ ਬੂਟਾ ਸਿੰਘ ਬੁਰਜ਼ਗਿੱਲ ਨੇ ਪੰਜਾਬ ਪਰਦਿਆਂ ਕਿਹਾ ਕਿ 17 ਦਸੰਬਰ ਨੂੰ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਅਤੇ 32 ਕਿਸਾਨ-ਜਥੇਬੰਦੀਆਂ ਵਿਚਕਾਰ ਹੋਣ ਵਾਲੀ ਮੀਟਿੰਗ ਦੌਰਾਨ ਕਿਸਾਨਾਂ ਦੀ ਪੂਰਨ ਕਰਜ਼ਾ ਮੁਕਤੀ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ-ਮੈਨੀਫੈਸਟੋ ਰਾਹੀਂ ਕੀਤੇ ਵਾਅਦੇ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ, ਕਿਉਂਕਿ ਕਿ ਆਗਾਮੀ ਚੋਣਾਂ ਬਿਲਕੁਲ ਨੇੜੇ ਹਨ, ਪਰ ਕਿਸਾਨ ਕਰਜ਼ੇ ਦੇ ਭਾਰ ਹੇਠ ਦੱਬੇ ਜਾ ਰਹੇ ਹਨ।
ਬਠਿੰਡਾ ’ਚ ਸਸਤਾ ਰੇਤਾ ਉਪਲੱਬਧ ਕਰਾਉਣ ਲਈ ਰਿਟੇਲਰ ਹੋਲਸੇਲਰ ਰੇਟ ਕੀਤੇ ਫਿਕਸ : ਡੀਸੀ
ਨਿਰਧਾਰਿਤ ਰੇਟਾਂ ਤੋਂ ਵੱਧ ਰੇਤ ਵੇਚਦਾ ਪਾਇਆ ਤਾਂ ਹੋਵੇਗੀ ਸਖਤ ਕਾਨੂੰਨੀ ਕਾਰਵਾਈ
ਸ਼ਿਕਾਇਤ ਸਬੰਧੀ ਟੋਲ ਫ਼ਰੀ ਨੰਬਰ 1800-180-2422 ਕੀਤਾ ਜਾਵੇ ਸੰਪਰਕ
ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ: ਸੂਬੇ ’ਚ ਮਹਿੰਗੇ ਰੇਤ ਨੂੰ ਲੈ ਕੇ ਸਰਕਾਰ ਵਲੋਂ ਚੁੱਕੇ ਜਾ ਰਹੇ ਸਖ਼ਤ ਕਦਮਾਂ ਤਹਿਤ ਹੁਣ ਬਠਿੰਡਾ ’ਚ ਨਿਰਧਾਰਿਤ ਰੇਟਾਂ ਤੋਂ ਵੱਧ ਰੇਤ ਵੇਚਣ ਵਾਲਿਅ ਵਿਰੁਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਅੱਜ ਇੱਥੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਸਪੱਸ਼ਟ ਕੀਤਾ ਕਿ ਬਠਿੰਡਾ ਚ 30.92, ਰਾਮਪੁਰਾ ਫੂਲ 31.28, ਤਲਵੰਡੀ ਸਾਬੋ 32.35, ਮੌੜ 32.39, ਸੰਗਤ 31.76, ਨਥਾਣਾ 30.57, ਗੋਨਿਆਣਾ 30.41 ਅਤੇ ਭਗਤਾ ਭਾਈਕਾ ਵਿਖੇ 29.42 ਰੁਪਏ ਰਿਟੇਲਰ ਵਲੋਂ ਰੇਤਾ ਵੇਚਣ ਦਾ ਐਵਰੇਜ਼ ਰੇਟ (ਸਮੇਤ ਲੋਡਿੰਗ) ਪ੍ਰਤੀ ਕਿਊਬਿਕ ਫੁੱਟ ਤਹਿ ਕੀਤਾ ਗਿਆ ਹੈ। ਇਸੇ ਤਰ੍ਹਾਂ ਬਠਿੰਡਾ ਚ 73, ਰਾਮਪੁਰਾ ਫੂਲ 74, ਤਲਵੰਡੀ ਸਾਬੋ 76, ਮੌੜ 76, ਸੰਗਤ 75, ਨਥਾਣਾ 72, ਗੋਨਿਆਣਾ 72 ਅਤੇ ਭਗਤਾ ਭਾਈਕਾ ਵਿਖੇ 69 ਰੁਪਏ ਰਿਟੇਲਰ ਵਲੋਂ ਰੇਤਾ ਵੇਚਣ ਦਾ ਐਵਰੇਜ਼ ਰੇਟ (ਸਮੇਤ ਲੋਡਿੰਗ) ਪ੍ਰਤੀ ਕੁਇੰਟਲ ਤਹਿ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ. ਸੰਧੂ ਨੇ ਅੱਗੇ ਦੱਸਿਆ ਕਿ ਬਠਿੰਡਾ ਚ 3092, ਰਾਮਪੁਰਾ ਫੂਲ 3128, ਤਲਵੰਡੀ ਸਾਬੋ 3235, ਮੌੜ 3239, ਸੰਗਤ 3176, ਨਥਾਣਾ 3057, ਗੋਨਿਆਣਾ 3041 ਅਤੇ ਭਗਤਾ ਭਾਈਕਾ ਵਿਖੇ 2942 ਸਸਤਾ ਰੇਤਾ ਉਪਲੱਬਧ ਕਰਾਉਣ ਲਈ ਰੇਤੇ ਦੇ ਰਿਟੇਲਰ ਵਲੋਂ ਰੇਤਾ ਵੇਚਣ ਦਾ ਐਵਰੇਜ਼ ਰੇਟ (ਸਮੇਤ ਲੋਡਿੰਗ) ਟਰਾਲੀ ਦਾ ਰੇਟ (100 ਕਿਊਬਿਕ ਫੁੱਟ) ਤਹਿ ਕੀਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਚ ਜੇਕਰ ਕੋਈ ਵੀ ਰੇਤਾ ਰਿਟੇਲਰ ਜਾਂ ਹੋਲਸੇਲਰ ਨਿਰਧਾਰਿਤ ਰੇਟਾਂ ਤੋਂ ਵੱਧ ਚਾਰਜ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਪੁਲਿਸ ਵਿਭਾਗ ਜਾਂ ਮਾਈਨਿੰਗ ਵਿਭਾਗ ਦੇ ਟੋਲ ਫ਼ਰੀ ਨੰਬਰ 1800-180-2422 ਤੇ ਕੀਤੀ ਜਾ ਸਕਦੀ ਹੈ।
ਬਾਬਾ ਫ਼ਰੀਦ ਕਾਲਜ ’ਚ ਅੰਤਰ-ਵਿਭਾਗੀ ਪੇਸ਼ਕਾਰੀ ਮੁਕਾਬਲਾ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ: ਬਾਬਾ ਫ਼ਰੀਦ ਕਾਲਜ ਦੇ ਕਲਚਰਲ ਹਾਰਮਨੀ ਕਲੱਬ ਨੇ ਕਾਮਰਸ ਵਿਭਾਗ ਦੇ ਸਹਿਯੋਗ ਨਾਲ ਇੱਕ ਅੰਤਰ-ਵਿਭਾਗੀ ਪੇਸ਼ਕਾਰੀ ਮੁਕਾਬਲਾ ਕਰਵਾਇਆ। ਇਸ ਗਤੀਵਿਧੀ ਦਾ ਵਿਸ਼ਾ ਦੁਨੀਆ ਭਰ ਦੇ ਵੱਖ-ਵੱਖ ਸੱਭਿਆਚਾਰਾਂ ਵਿੱਚੋਂ ਕਿਸੇ ਇੱਕ ਸੱਭਿਆਚਾਰ ਨੂੰ ਪੇਸ਼ ਕਰਨਾ ਸੀ। ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਦਿਖਾਇਆ ਅਤੇ ਇਸ ਗਤੀਵਿਧੀ ਵਿੱਚ ਵੱਧ ਤੋਂ ਵੱਧ ਭਾਗ ਲਿਆ। ਹਾਜ਼ਰੀਨ ਨੂੰ ਵੱਖ-ਵੱਖ ਸੱਭਿਆਚਾਰਾਂ ਤੋਂ ਜਾਣੂ ਕਰਵਾਇਆ ਗਿਆ। ਬੀ.ਬੀ.ਏ. ਪਹਿਲਾ ਸਮੈਸਟਰ ਦੀ ਵਿਦਿਆਰਥਣ ਦੀਆ ਨੂੰ ਸਰਵੋਤਮ ਪੇਸ਼ਕਾਰ ਵਜੋਂ ਸਨਮਾਨਿਤ ਕੀਤਾ ਗਿਆ। ਕਲੱਬ ਦੀ ਕੋਆਰਡੀਨੇਟਰ ਅੰਮਿ੍ਰਤ ਕੌਰ ਤੱਗੜ ਨੇ ਰਸਮੀ ਤੌਰ ‘ਤੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਸ਼੍ਰੀਮਤੀ ਨੀਤੂ ਸਿੰਘ (ਡੀਨ, ਫੈਕਲਟੀ ਆਫ਼ ਮੈਨੇਜਮੈਂਟ ਐਂਡ ਕਾਮਰਸ) ਨੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਕਲਚਰਲ ਹਾਰਮਨੀ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਜੇਠੂਕੇ ਸਟੇਸਨ ‘ਤੇ ਮਜਦੂਰਾਂ ਦਾ ਚੱਕਾ ਜਾਮ
ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਜਦੂਰ ਜੱਥੇਬੰਦੀਆਂ ਨਾਲ ਹੋਈ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੀ ਕੀਤੀ ਵਾਅਦਾ ਖਿਲਾਫੀ ਵਿਰੁੱਧ ਅੱਜ ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੀ ਅਗਵਾਈ ਹੇਠ ਪਿੰਡ ਜੇਠੂਕੇ ਵਿੱਚ ਰੇਲਾਂ ਦਾ ਚੱਕਾ ਜਾਮ ਕਰਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਮਜਦੂਰਾਂ ਸਮੇਤ ਔਰਤਾਂ ਦੇ ਇਕੱਠ ਨੇ ਚੰਨੀ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਮਜਦੂਰ ਮੁਕਤੀ ਮੋਰਚਾ ਦੇ ਸੁਬਾਈ ਆਗੂ ਮੱਖਣ ਸਿੰਘ ਰਾਮਗੜ੍ਹ , ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ,ਦਿਹਾਤੀ ਮਜਦੂਰ ਸਭਾ ਦੇ ਆਗੂ ਸੁਖਦੇਵ ਸਿੰਘ ਨੇ ਸਬੋਧਨੀ ਭਾਸਣਾਂ ਵਿੱਚ ਸਰਕਾਰ ਦੀ ਤਿੱਖੇ ਸ਼ਬਦਾ ਵਿੱਚ ਅਲੋਚਨਾ ਕਰਦਿਆਂ ਕਿਹਾ ਕਿ ਮੰਗਾਂ ਮੰਨਣ ਦੇ ਬਾਵਜੂਦ ਸਬੰਧਤ ਮਹਿਕਮਿਆ ਨੂੰ ਲਿਖਤੀ ਹਦਾਇਤਾਂ ਜਾਰੀ ਨਾ ਹੋਣ ਕਾਰਨ ਮਜਦੂਰਾਂ ਦੇ ਕੁੱਝ ਵੀ ਪਿੜ-ਪੱਲੇ ਨਹੀਂ ਪੈ ਰਿਹਾ। ਸਰਕਾਰ ਦੀ ਇਸ ਡੰਗ ਟਪਾਉ ਨੀਤੀ ਨੂੰ ਮਜਦੂਰ ਹੁਣ ਬਰਦਾਸਤ ਨਹੀਂ ਕਰਨਗੇ । ਉਨਾਂ ਕਿਹਾ ਕਿ ਅਗਲੇ ਸੰਘਰਸ ਦੀ ਰੂਪ ਰੇਖਾ 15 ਦਸੰਬਰ ਦੀ ਮੀਟਿੰਗ ਵਿੱਚ ਉਲੀਕੀ ਜਾਵੇਗੀ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਤੀਰਥ ਸਿੰਘ ਕੋਠਾਗੁਰੂ,ਮਨਦੀਪ ਸਿੰਘ ਸਿਬੀਆਂ , ਰਾਣੀ ਕੌਰ ਕੁੱਬੇ,ਪਿ੍ਰਤਪਾਲ ਸਿੰਘ ਰਾਮਪੁਰਾ ,ਭਰਾਤਰੀ ਜੱਥੇਬੰਦੀ ਜਮਹੂਰੀ ਕਿਸਾਨ ਸਭਾ ਦੇ ਆਗੂ ਤਾਰਾ ਸਿੰਘ ,ਠੇਕਾ ਮੁਲਾਜਮ ਆਗੂ ਸਰਬਜੀਤ ਸਿੰਘ , ਤੇ ਜਗਸੀਰ ਸਿੰਘ ਭੰਗੂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂ ਨਿੱਕਾ ਸਿੰਘ ਜੇਠੂਕੇ,ਪ੍ਰਮਜੀਤ ਕੌਰ ਥਰਮਲ ਲਹਿਰਾ ਮੁਹੱਬਤ ਆਦਿ ਆਗੂਆਂ ਨੇ ਵੀ ਸਬੋਧਨ ਕੀਤਾ।
ਮੋਗਾ ਰੈਲੀ ਪੰਜਾਬ ਦੀ ਸਿਆਸੀ ਫ਼ਿਜਾ ਨੂੰ ਬਦਲੇਗੀ: ਬਲਕਾਰ ਬਰਾੜ
ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ: ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਲੋਂ 14 ਦਸੰਬਰ ਨੂੰ ਮੋਗਾ ਵਿਖੇ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ ਤੇ ਪੰਜਾਬ ਦੀ ਸਿਆਸੀ ਫ਼ਿਜਾ ਨੂੰ ਬਦਲ ਦੇਵੇਗੀ। ਇਹ ਦਾਅਵਾ ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਦਸਿਆ ਕਿ ਇਸ ਰੈਲੀ ਵਿਚ ਬਠਿੰਡਾ ਜ਼ਿਲ੍ਹੇ ਵਿੱਚੋਂ ਜਾਣ ਵਾਲੇ ਅਕਾਲੀ ਤੇ ਬਸਪਾ ਵਰਕਰਾਂ ਲਈ ਬੱਸਾਂ ਅਤੇ ਹੋਰ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫੀ ਤੇ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਲੋਕ ਆਪ ਮੁਹਾਰੇ ਰੈਲੀ ਵਿਚ ਸ਼ਾਮਲ ਹੋਣ ਦੀਆਂ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਬਸਪਾ ਦੀ ਕੌਮੀ ਪ੍ਰਧਾਨ ਭੈਣ ਮਾਇਆਵਤੀ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਤੋਂ ਇਲਾਵਾ ਕੌਮੀ ਪੱਧਰ ਦੇ ਵੱਡੇ ਰਾਜਨੀਤਕ ਆਗੂ ਸੰਬੋਧਨ ਕਰਨਗੇ।






