ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ: ਇੱਕ ਸਾਲ ਤੋਂ ਵੀ ਵੱਧ ਸਮੇਂ ਲਈ ਦਿੱਲੀ ’ਚ ਚੱਲੇ ਸੰਘਰਸ਼ ਦੌਰਾਨ 700 ਦੇ ਕਰੀਬ ਸ਼ਹੀਦ ਹੋਏ ਕਿਸਾਨਾਂ ਨੂੰ ਅੱਜ ਆਮ ਆਦਮੀ ਪਾਰਟੀ ਦੇ ਸਥਾਨਕ ਦਫਤਰ ਵਿੱਚ ਐਡਵੋਕੇਟ ਨਵਦੀਪ ਸਿੰਘ ਜੀਦਾ ਦੀ ਅਗਵਾਈ ਹੇਠ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੁਆਰਾ ਸ਼ਰਧਾਂਜਲੀ ਦਿੱਤੀ ਗਈ। ਇਸਤੋਂ ਇਲਾਵਾ ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ’ਤੇ ਵਧਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਜੇਕਰ ਦੇਸ਼ ਦਾ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਸਾਰਾ ਦੇਸ਼ ਖੁਸ਼ਹਾਲ ਹੋਵੇਗੇ। ਉਨਾਂ ਕਿਹਾ ਕਿ ਕਿਸਾਨਾਂ ਵਲੋਂ ਸਬਰ ਤੇ ਸੰਤੋਖ ਨਾਲ ਵਿੱਢੇ ਲੰਬੇ ਸੰਘਰਸ ਕਾਰਨ ਸਚਾਈ ਦੀ ਜਿੱਤ ਹੋਈ ਹੈ । ਉਨਾਂ ਕਿਹਾ ਕਿ ਅੱਜ ਸਾਰੇ ਦੇਸ ਅੰਦਰ ਖੁਸੀ ਦਾ ਮਾਹੌਲ ਹੈ ਤੇ ਦੀਵਾਲੀ ਵਾਂਗ ਪਟਾਕੇ ਚਲਾਏ ਜਾ ਰਹੇ ਹਨ ਅਤੇ ਜਗਾਂ ਜਗਾਂ ’ਤੇ ਦਿੱਲੀ ਤੋਂ ਆਉਣ ਵਾਲੇ ਕਿਸਾਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਬੀਸੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਰਾਮਗੜ੍ਹੀਆ, ਗੋਬਿੰਦਰ ਸਿੰਘ ਬਲਾਕ ਪ੍ਰਧਾਨ, ਜਨਾਰਧਨ ਮਾਹਿੳ, ਸੰਦੀਪ ਗੁਪਤਾ, ਦਵਿੰਦਰ ਸੰਧੂ ਆਦਿ ਸਾਮਿਲ ਸਨ।
ਆਪ ਨੇ ਦਿੱਲੀ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ
ਇੱਕ ਕਰੋੜ ਦੀ ਲਾਗਤ ਨਾਲ ਬਠਿੰਡਾ ਵਿਚ ਬਣੇਗਾ ਪਰਸ਼ੂਰਾਮ ਭਵਨ: ਮਨਪ੍ਰੀਤ ਬਾਦਲ
ਕਈ ਬਸਤੀਆਂ ਚ ਸੋਲਰ ਪੈਨਲ ਦੀ ਕੀਤੀ ਸ਼ੁਰੂਆਤ
ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਅਜੀਤ ਰੋਡ ਵਿਖੇ ਬ੍ਰਾਹਮਣ ਸਭਾ ਦੇ ਆਗੂਆਂ ਨਾਲ ਇਕ ਵਿਸ਼ੇਸ਼ ਬੈਠਕ ਕੀਤੀ। ਮੀਟਿੰਗ ਵਿੱਚ ਬ੍ਰਾਹਮਣ ਸਮਾਜ ਨੂੰ ਆਉਣ ਵਾਲੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬ੍ਰਾਹਮਣ ਸਮਾਜ ਦੀ ਲੰਬੇ ਸਮੇਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਦਿਆਂ ਬਠਿੰਡਾ ਸ਼ਹਿਰ ਅੰਦਰ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਪਰਸੂ ਰਾਮ ਭਵਨ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਇਸ ਮੌਕੇ ਦੱਸਿਆ ਕਿ ਪਰਸ਼ੂਰਾਮ ਭਵਨ ਲਈ ਜਗ੍ਹਾ ਮਿਲ ਗਈ ਹੈ ਅਤੇ ਭਵਨ ਦਾ ਕੰਮ ਇੱਕ ਹਫਤੇ ਵਿੱਚ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬ੍ਰਾਹਮਣ ਭਾਈਚਾਰੇ ਦਾ ਸਮਾਜ ਅਤੇ ਪੰਜਾਬ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਬ੍ਰਾਹਮਣ ਸਮਾਜ ਦੀਆਂ ਹੋਰ ਵੀ ਮੁਸ਼ਕਲਾਂ ਤੇ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਨਵੀਂ ਬਸਤੀ, ਬਾਲਮੀਕ ਨਗਰ, ਜੋਗੀ ਨਗਰ ਟਿੱਬਾ ਉਪਰ ਸੋਲਰ ਪੈਨਲ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਸੋਲਰ ਪੈਨਲ ਸਕੀਮ ਦਾ ਗਰੀਬ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਲਗਾਤਾਰ ਲੋਕ ਹਿੱਤ ਵਿੱਚ ਫ਼ੈਸਲੇ ਲੈ ਰਹੀ ਹੈ ਜਿਸ ਤੋਂ ਹਰ ਵਰਗ ਖੁਸ਼ ਨਜਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਬਿਜਲੀ ਦੇ ਰੇਟਾਂ ਵਿੱਚ ਕਮੀ ਕੀਤੀ ਉੱਥੇ ਹੀ ਦੋ ਕਿਲੋਵਾਟ ਤੱਕ ਦੇ ਕਰੋੜਾਂ ਰੁਪਏ ਦੇ ਬਕਾਏ ਵੀ ਮਾਫ ਕੀਤੇ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਚੰਨੀ ਸਰਕਾਰ ਇਕ ਆਮ ਲੋਕਾਂ ਦੀ ਸਰਕਾਰ ਹੈ ਜਿਹੜੀ ਲਗਾਤਾਰ ਇਤਹਾਸਿਕ ਫੈਸਲੇ ਲੈ ਕੇ ਪੰਜਾਬ ਦੀ ਭਲਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਚੌਵੀ ਘੰਟੇ ਲੋਕਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਮੁੜ ਤਰੱਕੀ ਅਤੇ ਖੁਸ਼ਹਾਲੀ ਦੀਆਂ ਲੀਹਾਂ ਤੇ ਚਡਿਆ ਹੈ ਅਤੇ ਇਸ ਨੂੰ ਬਰਕਰਾਰ ਰੱਖਣ ਲਈ ਮੁੜ ਕਾਂਗਰਸ ਦੀ ਸਰਕਾਰ ਬਣਾਉਣਾ ਜਰੂਰੀ ਹੈ।ਇਸ ਮੌਕੇ ਜੈਜੀਤ ਜੌਹਲ, ਮਾਸਟਰ ਹਰਮੰਦਰ, ਮਾਧੋ ਸ਼ਰਮਾ,ਸਾਜਨ ਸ਼ਰਮਾ,ਸ਼ੌਨਕ ਜੋਸ਼ੀ,ਪੰਕਜ ਭਾਰਦਵਾਜ, ਬਲਜਿੰਦਰ ਠੇਕੇਦਾਰ, ਬਲਰਾਜ ਪੱਕਾ ਆਦਿ ਵਰਕਰ ਹਾਜ਼ਰ ਸਨ
ਦੁਨੀਆਂ ਭਰ ਵਿੱਚ ਹੋਈ ਕਿਰਕਿਰੀ ਤੋਂ ਬਾਅਦ, ਪੰਜਾਬ ਸਰਕਾਰ ਵੱਲੋਂ ਮਾਨਸਾ ‘ਚ ਹੋਏ ਲਾਠੀਚਾਰਜ ਦੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ
ਮੁੱਖ ਮੰਤਰੀ ਨੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ 11 ਪਰਿਵਾਰਕ ਮੈਂਬਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਕਿਸਾਨੀ ਨੂੰ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਦੱਸਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 11 ਦਸੰਬਰ: ਲੋੜ ਵੇਲੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ ਵਚਨਬੱਧਤਾ `ਤੇ ਖਰਾ ਉਤਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਰਣਦੀਪ ਸਿੰਘ ਨਾਭਾ ਦੇ ਨਾਲ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ 11 ਪਰਿਵਾਰਕ ਮੈਂਬਰਾਂ ਨੂੰ ਕਲਰਕ ਵਜੋਂ ਨਿਯੁਕਤੀ ਦੇ ਪੱਤਰ ਸੌਂਪੇ। ਕਿਸਾਨਾਂ ਨੂੰ ਸੂਬੇ ਦੇ ਆਰਥਿਕ ਢਾਂਚੇ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੀੜਤ ਪਰਿਵਾਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹਮੇਸ਼ਾ ਹਰ ਸੰਭਵ ਕਦਮ ਚੁੱਕੇਗੀ।ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲਿਆਂ ਵਿੱਚ ਬੂਟਾ ਸਿੰਘ, ਮਨੀਸ਼ ਕੁਮਾਰ, ਅੰਮ੍ਰਿਤਪਾਲ ਕੌਰ, ਮਨਪ੍ਰੀਤ ਕੌਰ, ਕਮਲਪ੍ਰੀਤ ਸਿੰਘ, ਨਿਰਮਲ ਸਿੰਘ, ਗੁਰਵਿੰਦਰ ਕੌਰ, ਬਖਸ਼ੀਸ਼ ਸਿੰਘ, ਨਰਿੰਦਰ ਸਿੰਘ, ਦੀਕਸ਼ਾ ਅਤੇ ਗਗਨਦੀਪ ਕੌਰ ਸ਼ਾਮਲ ਸਨ।
ਸੁਖਬੀਰ ਬਾਦਲ ਵਲੋਂ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦੋ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ
ਇੱਕ ਬਸਪਾ ਵਿਚੋਂ ਐਸ.ਸੀ ਭਾਈਚਾਰੇ ਤੇ ਇੱਕ ਹਿੰਦੂ ਭਾਈਚਾਰੇ ਵਿਚੋਂ ਹੋਵੇਗਾ
ਬੀਬੀ ਜੰਗੀਰ ਕੌਰ ਨੂੰ ਵੀ ਪ੍ਰਭਾਵਸ਼ਾਲੀ ਮਹਿਕਮੇ ਦੀ ਵਜ਼ਾਰਤ ਦੇਣ ਦਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 11 ਦਸੰਬਰ: ਸੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵੱਡਾ ਐਲਾਨ ਕਰਦਿਆਂ ਦਾਅਵਾ ਕੀਤਾ ਹੈ ਕਿ ਜੇਕਰ ਸੂਬੇ ਵਿਚ ਅਕਾਲੀ-ਬਸਪਾ ਸਰਕਾਰ ਬਣਦੀ ਹੈ ਤਾਂ ਦੋ ਉਪ ਮੁੱਖ ਮੰਤਰੀ ਬਣਾਏ ਜਾਣਗੇ, ਜਿੰਨ੍ਹਾਂ ਵਿਚ ਇੱਕ ਬਸਪਾ ਵਿਚੋਂ ਐਸ.ਸੀ ਭਾਈਚਾਰੇ ਵਿਚੋਂ ਲਿਆ ਜਾਵੇਗਾ ਜਦੋਂਕਿ ਦੂਜਾ ਉਪ ਮੁੱਖ ਮੰਤਰੀ ਹਿੰਦੂ ਭਾਈਚਾਰੇ ਵਿਚੋਂ ਹੋਵੇਗਾ। ਅੱਜ ਦੁਆਬਾ ਵਿਚ ਬੰਗਾ ਤੋਂ ਉਮੀਦਵਾਰ ਡਾ ਸੁਖਵਿੰਦਰ ਕੁਮਾਰ ਤੇ ਭੁਲੱਥ ਤੋਂ ਬੀਬੀ ਜੰਗੀਰ ਕੌਰ ਦੇ ਹੱਕ ਵਿਚ ਰੱਖੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ਪੰਜਾਬ ਵਿਚ ਬਸਪਾ ਦੀ ਇੱਕ ਵੱਡੀ ਤਾਕਤ ਹੈ ਤੇ ਇਸ ਵਰਗ ਨੂੰ ਉਪ ਮੁੱਖ ਮੰਤਰੀ ਦਾ ਅਹੁੱਦਾ ਦੇਣਾ ਮਾਣ ਵਾਲੀ ਗੱਲ ਹੋਵੇਗੀ। ਇਸਦੇ ਨਾਲ ਹੀ ਉਨ੍ਹਾਂ ਬੀਬੀ ਜੰਗੀਰ ਕੌਰ ਨੂੰ ਵੀ ਅਕਾਲੀ ਸਰਕਾਰ ’ਚ ਪ੍ਰਭਾਵਸ਼ਾਲੀ ਵਜ਼ਾਰਤ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਤੇ ਆਪ ਦੇ ਹੱਥ ਇਸ ਵਾਰ ਨਿਰਾਸ਼ਾ ਲੱਗੇਗੀ ਤੇ ਪੰਜਾਬ ਦੇ ਲੋਕ ਪਿਛਲੀ ਅਕਾਲੀ ਸਰਕਾਰ ਦੌਰਾਨ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਮੁੜ ਅਕਾਲੀ-ਬਸਪਾ ਗਠਜੋੜ ਨੂੰ ਤਾਕਤ ਦੇਣ ਦੀ ਸੋਚ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿਚ ਕਾਂਗਰਸੀਆਂ ਦੀਆਂ ਜਮਾਨਤਾਂ ਜਬਤ ਹੋ ਜਾਣੀਆਂ ਹਨ ਅਤੇ ਕੇਜਰੀਵਾਲ ਪੰਜਾਬ ਵਿਚ ਨਜ਼ਰ ਨਹੀਂ ਆਉਣਾ ਹੈ। ਉਨ੍ਹਾਂ ਕਿਹਾ ਕਿ 5 ਸਾਲ ਅਸੀਂ ਵਨਵਾਸ ਕੱਟਿਆ ਹੈ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਵੱਲੋਂ ਬਾਬੂ ਕਾਂਸ਼ੀ ਰਾਮ ਦੇ ਨਾਂਅ ਯੂਨੀਵਰਸਿਟੀ ਅਤੇ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ।
ਖੇਤੀ ਬਿੱਲਾਂ ਦਾ ਸੰਘਰਸ਼ ਜਿੱਤ ਕੇ ਵਾਪਸ ਪਰਤਣ ਵਾਲੇ ਕਿਸਾਨਾਂ ਦਾ ਸ਼ਾਹੀ ਸਵਾਗਤ
ਬਠਿੰਡਾ ਦੀ ਸਰਹੱਦ ’ਚ ਪੁੱਜਣ ’ਤੇ ਕਾਫਲੇ ਉਪਰ ਫੁੱਲਾਂ ਦੀ ਵਰਖ਼ਾ
ਸੁਖਜਿੰਦਰ ਮਾਨ
ਡੱਬਵਾਲੀ(ਬਠਿੰਡਾ), 11 ਦਸੰਬਰ: ਇੱਕ ਸਾਲ ਤੋਂ ਵੀ ਵੱਧ ਸਮੇਂ ਲਈ ਦਿੱਲੀ ਵਿਖੇ ਤਿੰਨ ਖੇਤੀ ਬਿੱਲਾਂ ਦੀ ਵਾਪਸੀ ਨੂੰ ਲੈ ਕੇ ਚੱਲੇ ਸੰਘਰਸ਼ ਵਿਚ ਸਫ਼ਲ ਹੋ ਕੇ ਵਾਪਸ ਘਰਾਂ ਨੂੰ ਪਰਤੇ ਕਿਸਾਨਾਂ ਦਾ ਸ਼ਾਹੀ ਸਵਾਗਤ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਹਰਿਆਣਾ ਤੋਂ ਬਠਿੰਡਾ ਦੀ ਸਰਹੱਦ ਅੰਦਰ ਦਾਖ਼ਲ ਹੋਣ ਸਮੇਂ ਡੱਬਵਾਲੀ ਵਿਖੇ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਕਾਫ਼ਲੇ ਉਪਰ ਨਾ ਸਿਰਫ਼ ਫੁੱਲਾਂ ਦੀ ਵਰਖ਼ਾ ਕੀਤੀ ਗਈ, ਬਲਕਿ ਜਲੇਬੀਆਂ ਤੇ ਹੋਰ ਖਾਣਿਆਂ ਦੇ ਲੰਗਰ ਵੀ ਚਲਾਏ ਗਏ। ਇਸੇ ਤਰ੍ਹਾਂ ਕਿਸਾਨੀ ਤੇ ਲੋਕਪੱਖੀ ਗੀਤਾਂ ਨਾਲ ਢੋਲ ਦੀ ਥਾਪ ’ਤੇ ਨੱਚ ਕੇ ਜਿੱਤ ਦੀ ਖੁਸੀ ਪ੍ਰਗਟਾਈ ਗਈ। ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸੇਵੇਵਾਲਾ ਸਮੇਤ ਵੱਡੀ ਗਿਣਤੀ ਲੋਕ ਪੁੱਜੇ ਹੋਏ ਸਨ। ਕਿਸਾਨਾਂ ਦੀ ਆਮਦ ’ਤੇ ਰਲਮਿਲ ਕੇ ਭੰਗੜੇ-ਗਿੱਧੇ ਪਾਏ ਗਏ, ਜਿੱਥੇ ਔਰਤਾਂ ਤੇ ਮਰਦਾਂ ਨੇ ਪ੍ਰਵਾਰਾਂ ਸਮੇਤ ਖ਼ੁਸੀ ਪ੍ਰਗਟਾਈ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਟਰਾਲਿਆਂ ਤੇ ਟਰੈਕਟਰਾਂ ’ਤੇ ਵਾਪਸ ਮੁੜ ਰਹੇ ਇੰਨ੍ਹਾਂ ਜੇਤੂ ਕਾਫ਼ਲਿਆਂ ਵਲੋਂ ਦਿੱਲੀ ਦੀਆਂ ਯਾਦਾਂ ਨੂੰ ਵੀ ਨਾਲ ਹੀ ਲਿਆਂਦਾ ਜਾ ਰਿਹਾ ਸੀ, ਜਿਸ ਵਿਚ ਉਥੇ ਝੋਪੜੀ ਨੁਮਾ ਬਣਾਏ ਘਰਾਂ ਨੂੰ ਸਾਬਤ ਸੂਰਤ ਰੱਖਿਆ ਹੋਇਆ ਸੀ।
ਕੈਪਟਨ ਵਲੋਂ ਪੰਜਾਬ ਲੋਕ ਕਾਂਗਰਸ ਦੇ ਪਹਿਲੇ ਦਸ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ
ਬਠਿੰਡਾ ’ਚ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਨਿਯੁਕਤ
ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਵਲੋਂ ਗਠਿਤ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਅੱਜ ਪਹਿਲੇ ਦਸ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਨਵੇਂ ਦਸ ਪ੍ਰਧਾਨਾਂ ਵਿਚ ਦੋ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਤੇ ਸ਼ਹਿਰੀ ਦੇ ਵੀ ਬਣਾਏ ਗਏ ਹਨ। ਇਹ ਪੰਜਾਬ ਲੋਕ ਕਾਂਗਰਸ ਦੀਆਂ ਪਹਿਲੀਆਂ ਨਿਯੁਕਤੀਆਂ ਹਨ ਤੇ ਇਸਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਬਾਕੀ ਜ਼ਿਲ੍ਹਿਆਂ ਤੋਂ ਇਲਾਵਾ ਹੋਰਨਾਂ ਅਹੁੱਦੇਦਾਰਾਂ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ। ਦਸਣਾ ਬਣਦਾ ਹੈ ਕਿ ਮੁੱਖ ਮੰਤਰੀ ਦੇ ਅਹੁੱਦੇ ਤੋਂ ਹਟਾਉਣ ਦੇ ਚੱਲਦਿਆਂ ਅਮਰਿੰਦਰ ਸਿੰਘ ਨੇ ਕਾਂਗਰਸ ਨਾਲੋਂ ਨਾਤਾ ਤੋੜ ਕੇ ਅਪਣੀ ਨਵੀਂ ਪਾਰਟੀ ਬਣਾ ਕੇ ਭਾਜਪਾ ਨਾਲ ਮਿਲਕੇ ਚੋਣਾਂ ਲੜਣ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਹਾਲੇ ਤੱਕ ਕੈਪਟਨ ਦੇ ਨਾਂ ’ਤੇ ਮਲਾਈ ਖਾਣ ਵਾਲੇ ਵੱਡੇ ਆਗੂ ਕਾਂਗਰਸ ਵਿਚ ਵੀ ਡਟੇ ਹੋਏ ਹਨ ਪ੍ਰੰਤੂ ਸਾਬਕਾ ਮੁੱਖ ਮੰਤਰੀ ਦੇ ਨਜਦੀਕੀਆਂ ਦੇ ਦਾਅਵੇ ਮੁਤਾਬਕ ਚੋਣ ਜਾਬਤਾ ਲੱਗਣ ਤੋਂ ਬਾਅਦ ਵੱਡੀ ਹਿਲਜੁਲ ਹੋਣ ਜਾ ਰਹੀ ਹੈ। ਜਿਸ ਵਿਚ ਕਈ ਮੌਜੂਦਾ ਮੰਤਰੀ, ਵਿਧਾਇਕ ਤੇ ਐਮ.ਪੀਜ਼ ਸਹਿਤ ਹੋਰ ਆਗੂ ਕਾਂਗਰਸ ਛੱਡ ਪੰਜਾਬ ਲੋਕ ਕਾਂਗਰਸ ਦਾ ਪੱਲਾ ਫ਼ੜਣਗੇ। ਉਧਰ ਅੱਜ ਨਵੇਂ ਨਿਯੁਕਤ ਕੀਤੇ ਗਏ ਜ਼ਿਲ੍ਹਾ ਪ੍ਰਧਾਨਾਂ ਵਿਚ ਬਠਿੰਡਾ ਸ਼ਹਿਰੀ ਤੋਂ ਹਰਿੰਦਰ ਸਿੰਘ ਜੋੜਕੀਆ, ਬਠਿੰਡਾ ਦਿਹਾਤੀ ਤੋਂ ਭੁਪਿੰਦਰ ਸਿੰਘ ਖੁੱਡੀਆ, ਫ਼ਾਜਲਿਕਾ ਤੋਂ ਕੈਪਟਨ ਐਮ.ਐਸ.ਬੇਦੀ, ਫ਼ਰੀਦਕੋਟ ਤੋਂ ਸੰਦੀਪ ਸਿੰਘ ਬਰਾੜ, ਲੁਧਿਆਣਾ ਸਹਿਰੀ ਤੋਂ ਜਗਮੋਹਨ ਸ਼ਰਮਾ, ਲੁਧਿਆਣਾ ਦਿਹਾਤੀ ਤੋਂ ਸਤਿੰਦਰਪਾਲ ਸਿੰਘ ਸੋਥਾ, ਮਾਨਸਾ ਤੋਂ ਜੀਵਨ ਦਾਸ ਬਾਵਾ, ਪਟਿਆਲਾ ਸ਼ਹਿਰੀ ਤੋਂ ਕੇ.ਕੇ.ਮਲਹੋਤਰਾ, ਸੰਗਰੂਰ ਤੋਂ ਨਵਦੀਪ ਸਿੰਘ ਮੋਖਾ ਤੇ ਐਸ.ਬੀ.ਐਸ ਨਗਰ ਤੋਂ ਸਤਵੀਰ ਸਿੰਘ ਦਾ ਨਾਮ ਸ਼ਾਮਲ ਹੈ।
ਮਾਨਸਾ ਤੋਂ ਬਾਅਦ ਬਠਿੰਡਾ ’ਚ ਪੁਲਿਸ ਵਲੋਂ ਠੇਕਾ ਮੁਲਾਜਮਾਂ ਦੀ ਧੂਹ-ਘੜੀਸ
ਠੇਕਾ ਮੁਲਾਜਮਾਂ ਨੇ ਅਚਾਨਕ ਵਿਤ ਮੰਤਰੀ ਦੇ ਸਮਾਗਮ ਵਾਲੀ ਥਾਂ ‘ਪ੍ਰਗਟ’ ਹੋ ਕੇ ਕੀਤਾ ਹੱਕਾ-ਬੱਕਾ
ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਬੀਤੇ ਕੱਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮਾਨਸਾ ਰੈਲੀ ’ਚ ਨਾਅਰੇਬਾਜ਼ੀ ਕਰਨ ਵਾਲੇ ਠੇਕਾ ਮੁਲਾਜਮਾਂ ਦੀ ਪੁਲਿਸ ਵਲੋਂ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਅੱਜ ਦੇਰ ਸ਼ਾਮ ਬਠਿੰਡਾ ਪੁਲਿਸ ਵਲੋਂ ਵਿਤ ਮੰਤਰੀ ਨੂੰ ਸਵਾਲ ਪੁੱਛਣ ਚੱਲੇ ਠੇਕਾ ਮੁਲਾਜਮਾਂ ਦੀ ਧੂਹ-ਘੜੀਸ ਕੀਤੀ ਗਈ। ਇਹੀਂ ਨਹੀਂ ਪੁਲਿਸ ਨੇ ਇੰਨ੍ਹਾਂ ਠੇਕਾ ਮੁਲਾਜਮਾਂ ਨੂੰ ਜਬਰਦਸਤੀ ਚੁੱਕ ਕੇ ਗੱਡੀਆਂ ਵਿਚ ਸੁੱਟ ਦਿੱਤੀ। ਠੇਕਾ ਮੁਲਾਜਮਾਂ ਨੇ ਪੁਲਿਸ ਮੁਲਾਜਮਾਂ ਉਪਰ ਧੱਕੇਸਾਹੀ ਦੇ ਵੀ ਦੋਸ਼ ਲਗਾਏ। ਦਸਣਾ ਬਣਦਾ ਹੈ ਕਿ ਅੱਜ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ਼ਹਿਰ ਵਿਚ ਵੱਖ ਵੱਖ ਸਮਾਗਮਾਂ ਵਿਚ ਪੁੱਜੇ ਹੋਏ ਸਨ। ਇਸ ਦੌਰਾਨ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਥਰਮਲ ਦੇ ਠੇਕਾ ਮੁਲਾਜਮਾਂ ਵਲੋਂ ਅਪਣੇ ਪਹਿਲਾਂ ਕੀਤੇ ਐਲਾਨ ਦੇ ਤਹਿਤ ਵਿਤ ਮੰਤਰੀ ਦੇ ਵਿਰੋਧ ਲਈ ਸਥਾਨਕ ਕਮਲਾ ਨਹਿਰੂ ਕਲੌਨੀ ਵਿਚ ਪੁੱਜ ਗਏ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਗੁਪਤਚਾਰ ਵਿਭਾਗ ਵਲੋਂ ਦਿੱਤੀ ਸੂਚਨਾ ਦੇ ਬਾਵਜੂਦ ਸਿਟੀ ਪੁਲਿਸ ਠੇਕਾ ਮੁਲਾਜਮਾਂ ਦੇ ਐਕਸ਼ਨ ਨੂੰ ਜਾਣ ਨਹੀਂ ਪਾਈ। ਸੂਤਰਾਂ ਮੁਤਾਬਕ ਪੰਜ ਦਰਜ਼ਨ ਦੇ ਕਰੀਬ ਠੇਕਾ ਮੁਲਾਜਮ ਪੁਲਿਸ ਨੂੰ ਝਕਾਨੀ ਦੇ ਕੇ ਕਾਫ਼ੀ ਸਮਾਂ ਪਹਿਲਾਂ ਹੀ ਪ੍ਰੋਗਰਾਮ ਵਾਲੀ ਥਾਂ ਦੇ ਨਜਦੀਕ ਇੱਕ ਕੰਮ ਦੇ ਨਾਲ ਲੁਕ ਕੇ ਬੈਠ ਗਏ। ਪੁਲਿਸ ਆਸ ਪਾਸ ਨਾਕੇ ਲਗਾਉਂਦੀ ਰਹਿ ਗਈ। ਇਸ ਦੌਰਾਨ ਜਦ ਮਨਪ੍ਰੀਤ ਸਿੰਘ ਬਾਦਲ ਸਮਾਗਮ ਵਾਲੀ ਥਾਂ ’ਤੇ ਪੁੱਜ ਕੇ ਸੰਬੋਧਨ ਕਰਨ ਲੱਗੇ ਤਾਂ ਅਚਾਨਕ ਇੰਨ੍ਹਾਂ ਕਾਮਿਆਂ ਨੇ ਖ਼ੜੇ ਹੋ ਕੇ ਵਿਤ ਮੰਤਰੀ ਵਿਰੁਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸਤੋਂ ਬਾਅਦ ਸ਼ਹਿਰ ਦੇ ਡੀਐਸਪੀ ਦੀ ਅਗਵਾਈ ’ਚ ਵੱਡੀ ਗਿਣਤੀ ਵਿਚ ਮੌਜੂਦ ਪੁਲਿਸ ਹੱਕੀ-ਬੱਕੀ ਰਹਿ ਗਈ। ਪੁਲਿਸ ਨੇ ਸਥਿਤੀ ਨੂੰ ਸੰਭਾਲਣ ਲਈ ਤੁਰੰਤ ਇੰਨ੍ਹਾਂ ਕਾਮਿਆਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਪ੍ਰੰਤੂ ਇਸਦੇ ਬਾਵਜੂਦ ਠੇਕਾ ਮੁਲਾਜਮ ਕਰੀਬ 15 ਮਿੰਟ ਅਪਣੀ ਹਾਜ਼ਰੀ ਲਗਾਉਣ ਵਿਚ ਸਫ਼ਲ ਰਹੇ। ਬਾਅਦ ਵਿਚ ਇੰਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਥਾਣਾ ਥਰਮਲ ਵਿਚ ਬੰਦ ਕਰ ਦਿੱਤਾ। ਜਿੱਥੇ ਕਿਸਾਨ ਜਥੇਬੰਦੀਆਂ, ਪਨਬਸ ਮੁਲਾਜਮ ਤੇ ਹੋਰ ਠੇਕਾ ਕਾਮਿਆਂ ਨੇ ਪੁੱਜ ਕੇ ਧਰਨਾਂ ਸ਼ੁਰੂ ਕਰ ਦਿੱਤਾ, ਜਿਸਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ। ਠੇਕਾ ਮੁਲਾਜਮ ਆਗੂ ਜਗਸੀਰ ਸਿੰਘ, ਜਗਰੂਪ ਸਿੰਘ ਲਹਿਰਾ ਤੇ ਹਰਜਿੰਦਰ ਸਿੰਘ ਆਦਿ ਨੇ ਰਿਹਾਅ ਹੋਣ ਤੋਂ ਬਾਅਦ ਐਲਾਨ ਕੀਤਾ ਕਿ ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਕਾਂਗਰਸ ਸਰਕਾਰ ਵਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਤੱਕ ਅਪਣਾ ਸੰਘਰਸ਼ ਜਾਰੀ ਰੱਖਣਗੇ।
ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਿਲ੍ਹਾ ਬਠਿੰਡਾ ਦੇ ਅਹੁਦੇਦਾਰਾਂ ਦਾ ਐਲਾਨ
20 ਸੀਨੀਅਰ ਮੀਤ ਪ੍ਰਧਾਨ, 24 ਜਨਰਲ ਸਕੱਤਰ, 35 ਮੀਤ ਪ੍ਰਧਾਨ ਤੇ 26 ਸਕੱਤਰ ਬਣਾਏ
ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ ਨੇ ਪਾਰਟੀ ਹਾਈਕਮਾਂਡ ਦੇ ਸਲਾਹ ਮਸ਼ਵਰੇ ਬਾਅਦ ਜਿਲ੍ਹੇ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਢੇਲਵਾਂ ਨੇ ਦੱਸਿਆ ਕਿ ਪਾਰਟੀ ਦੇ ਵਫਾਦਾਰ ਤੇ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਹੁਦੇਦਾਰਾਂ ਦੀ ਸੂਚੀ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਹਲਕਾ ਤਲਵੰਡੀ ਸਾਬੋ ਤੋ ਜੀਤ ਮਹਿੰਦਰ ਸਿੰਘ ਸਿੱਧੂ, ਡੈਲੀਗੇਟ ਜਗਸੀਰ ਸਿੰਘ ਕਲਿਆਣ, ਦਰਸ਼ਨ ਸਿੰਘ ਕੋਟਫੱਤਾ, ਪ੍ਰਕਾਸ਼ ਸਿੰਘ ਭੱਟੀ ਹਲਕਾ ਬਠਿੰਡਾ ਦਿਹਾਤੀ ਦੀ ਸਹਿਮਤੀ ਨਾਲ ਬਣਾਈ ਗਈ। ਇਸ ਗਰਦੌਰ ਸਿੰਘ ਸੰਧੂ, ਸਵਰਨ ਸਿੰਘ ਅਕਾਲੀਆ ਪ੍ਰਧਾਨ ਕਿਸਾਨ ਵਿੰਗ, ਸੁਖਪਾਲ ਸਿੰਘ ਲਹਿਰਾ ਮੁਹੱਬਤ, ਅਮਰਜੀਤ ਸਿੰਘ ਜੰਡਾਂਵਾਲਾ, ਜਸਵਿੰਦਰ ਸਿੰਘ ਗੋਬਿਂਦਪੁਰਾ, ਰਾਜਵਿੰਦਰ ਸਿੰਘ ਨਹਿਰੂ, ਸੁਖਰਾਜ ਸਿੰਘ ਰਾਜੀ ਮਹਿਮਾ ਸਰਕਾਰੀ ਹਾਜਰ ਸਨ। ਨਵੇਂ ਅਹੁੱਦੇਦਾਰਾਂ ਦੀ ਸੂਚੀ ਵਿਚ ਗੁਰਮੀਤ ਸਿੰਘ ਬੁੱਟਰ ਬੰਗੀ ਨਿਹਾਲ ਸਿੰਘ, ਯਾਦਵਿੰਦਰ ਸਿੰਘ ਕੌਰੇਆਣਾ, ਮੇਜਰ ਸਿੰਘ ਮਿਰਜੇਆਣਾ, ਠਾਣਾ ਸਿੰਘ ਕਿਲੀ, ਪਰਮਿੰਦਰ ਸਿੰਘ ਲਹਿਰਾ ਮੁਹੱਬਤ, ਗੁਰਜੰਟ ਸਿੰਘ ਮਾਨ ਭੁੱਚੋ ਖੁਰਦ, ਦਰਸਨ ਸਿੰਘ ਗੰਗਾ, ਰੁਪਿੰਦਰਪਾਲ ਸਿੰਘ ਭੋਖੜਾ, ਬਖਸ਼ੀਸ਼ ਸਿੰਘ ਜੀਦਾ, ਮਨਜੀਤ ਸਿੰਘ ਬਿੱਟੂ ਸਾਬਕਾ ਸਰਪੰਚ ਕੋਠੇ ਚੇਤ ਸਿੰਘ, ਵਰਿੰਦਰਪਾਲ ਸਿੰਘ ਬੌਬੀ, ਜਗਮੀਤ ਸਿੰਘ ਸਰਪੰਚ ਹਰਰਾਏਪੁਰ, ਹਰਪਾਲ ਸਿੰਘ ਮਹਿਮਾ ਸਰਕਾਰੀ, ਰੇਸ਼ਮ ਸਿੰਘ ਬਰਾਡ, ਜਸਪ੍ਰੀਤ ਸਿੰਘ ਮਹਿਮਾ ਸਰਜਾ, ਜਸਬੀਰ ਸਿੰਘ ਗੋਬਿੰਦਪੁਰਾ, ਲਖਵਿੰਦਰ ਸਿੰਘ ਮਾਨ ਤੁੰਗਵਾਲੀ, ਰਣਦੀਪ ਸਿੰਘ ਦਾਨ ਸਿੰਘ ਵਾਲਾ, ਮਨਪ੍ਰੀਤ ਸਿੰਘ ਮਾਨ ਭੁੱਚੋ ਕਲਾਂ, ਜਸਕਰਨ ਸਿੰਘ ਨਥਾਣਾ, ਜਗਦੀਪ ਸਿੰਘ ਮਾਲਵਾ, ਪਰਮਿੰਦਰ ਸਿੰਘ ਨਥਾਣਾ, ਗੁਰਵਿੰਦਰ ਸਿੰਘ ਤੁੰਗਵਾਲੀ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਕੱਤਰ ਜਨਰਲ ਹਰਪ੍ਰੀਤ ਸਿੰਘ ਮਾਹਲ ਨੂੰ ਨਿਯੁਕਤ ਕੀਤਾ ਗਿਆ।
ਸਰਹਿੰਦ ਕਨਾਲ ਵਿੱਚ ਟਰੈਕਟਰ ਟਰਾਲੀ ਡਿੱਗਣ ਕਾਰਨ ਡਰਾਈਵਰ ਦੀ ਮੌਤ
ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਬੀਤੀ ਰਾਤ ਸਥਾਨਕ ਸਰਹਿੰਦ ਨਹਿਰ ਵਿਚ ਇੱਕ ਟਰੈਕਟਰ ਟਰਾਲੀ ਡਿੱਗਣ ਕਾਰਨ ਡਰਾਈਵਰ ਦੀ ਮੌਤ ਹੋਣ ਦੀ ਸੂਚਨਾ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਵਰਕਰ ਮੌਕੇ ’ਤੇ ਪੁੱਜੇ, ਜਿੰਨ੍ਹਾਂ ਲਾਸ਼ ਨੂੰ ਕੱਢ ਕੇ ਸਿਵਲ ਹਸਪਤਾਲ ਵਿਚ ਪਹੁੰਚਾਇਆ। ਸੂਚਨਾ ਅਨੁਸਾਰ ਇਹ ਦੁਰਘਟਨਾ ਬੀਤੀ ਰਾਤ ਪਿੰਡ ਪੂਹਲਾ ਨੇੜੇ ਦੇਰ ਰਾਤ 1 ਵਜੇ ਕਰੀਬ ਉਸ ਵੇਲੇ ਵਾਪਰੀ ਜਦੋਂ ਟਰੈਕਟਰ ਦਾ ਮੂਹਰਲਾ ਟਾਇਰ ਪੰਕਚਰ ਹੋਣ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ। ਮੌਕੇ ’ਤੇ ਪਿੰਡ ਦੇ ਲੋਕਾਂ ਅਤੇ ਬਠਿੰਡਾ ਤੋਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁਨਾਂ ਨੇ ਟਰੈਕਟਰ ਚਾਲਕ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਰਾਤ ਦਾ ਹਨੇਰਾ ਹੋਣ ਕਾਰਨ ਉਹ ਸਫਲ ਨਹੀਂ ਹੋ ਸਕੇ। ਸਵੇਰ ਹੁੰਦਿਆਂ ਹੀ ਵੱਡੇ ਹੈਡਰਾ ਮਸ਼ੀਨਾਂ ਨਾਲ ਉਕਤ ਟਰੈਕਟਰ ਟਰਾਲੀ ਨੂੰ ਬਾਹਰ ਕੱਢਿਆ ਤਾਂ ਚਾਲਕ ਮਿ੍ਰਤਕ ਪਾਇਆ ਗਿਆ। ਮਿ੍ਰਤਕ ਦੀ ਸ਼ਨਾਖਤ ਹਰਪਾਲ ਸਿੰਘ 23 ਪੁੱਤਰ ਕੁਲਵੰਤ ਸਿੰਘ ਵਾਸੀ ਤਲਵੰਡੀ ਸਾਬੋ ਵਜੋਂ ਹੋਈ ਹੈ। ਮਿ੍ਰਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਹਸਪਤਾਲ ਲਿਜਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਟਰੈਕਟਰ ਚਾਲਕ ਰਾਮਪੁਰਾ ਤੋਂ ਝੋਨੇ ਟਰਾਲੀ ਉਤਾਰ ਕੇ ਵਾਪਸ ਪਰਤ ਰਿਹਾ ਸੀ ।






