ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਸ਼ਹਿਰ ਦੇ ਇੱਕ ਵੱਡੇ ਕਾਂਗਰਸੀ ਆਗੂ ਨੇ ਹਲਕੇ ’ਤੇ ਅਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਪਿਛਲੇ ਲੰਮੇ ਸਮੇਂ ਤੋਂ ਵਿਧਾਨ ਸਭਾ ਚੋਣ ਲੜਣ ਲਈ ਤਤਪਰ ਰਹਿਣ ਵਾਲੇ ਇਸ ਆਗੂ ਦੇ ਅਚਾਨਕ ਸ਼ਹਿਰ ਵਿਚ ਹੋਰਡਿੰਗ ਤੇ ਬੋਰਡਾਂ ਦੀ ਭਰਮਾਰ ਹੋ ਗਈ ਹੈ। ਪ੍ਰੰਤੂ ਕਾਂਗਰਸ ਦੇ ਝੰਡੇ ਦੇ ਰੰਗ ਦੇ ਪਿਛੋਕੜ ਵਾਲੀਆਂ ਇੰਨ੍ਹਾਂ ਹੋਰਡਿੰਗਾਂ ’ਤੇ ਕਾਂਗਰਸ ਦੇ ਕਿਸੇ ਹੋਰ ਆਗੂਆਂ ਦੀਆਂ ਫ਼ੋਟੋਆਂ ਨਾ ਹੋਣ ਕਾਰਨ ਕਈ ਤਰ੍ਹਾਂ ਦੇ ਸਿਆਸੀ ਚਰਚੇ ਸ਼ੁਰੂ ਹੋ ਗਏ ਹਨ। ਹਾਲਾਂਕਿ ਇਸ ਸਬੰਧ ਵਿਚ ਸੰਪਰਕ ਕਰਨ ‘ਤੇ ਟਿੱਪਣੀ ਕਰਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਰਾਜ ਨੰਬਰਦਾਰ ਨੇ ਦਾਅਵਾ ਕੀਤਾ ਕਿ ਉਹ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਜਰੂਰ ਲੜਣਗੇ ਪ੍ਰੰਤੂ ਵਿਸਥਾਰ ਵਿਚ ਖ਼ੁਲਾਸਾ ਆਉਣ ਵਾਲੇ ਸਮੇਂ ਵਿਚ ਕਰਨਗੇ। ਦਸਣਾ ਬਣਦਾ ਹੈ ਕਿ ਇਲਾਕੇ ਦੇ ਨਾਮਵਾਰ ਪ੍ਰਵਾਰ ਮੰਨਿਆ ਜਾਣ ਵਾਲਾ ਨੰਬਰਦਾਰ ਪ੍ਰਵਾਰ 1928 ਤੋਂ ਕਾਂਗਰਸ ਨਾਲ ਜੁੜਿਆ ਚੱਲਿਆ ਆ ਰਿਹਾ ਹੈ। ਰਾਜ ਨੰਬਰਦਾਰ ਦੇ ਦਾਅਵੇ ਮੁਤਾਬਕ ਸਭ ਤੋਂ ਪਹਿਲਾਂ 1928 ਵਿਚ ਉਸਦੇ ਦਾਦਾ ਸੇਠ ਮਿਲਖ਼ੀ ਰਾਮ ਨੇ ਕਾਂਗਰਸ ਦਾ ਝੰਡਾ ਚੁੱਕਿਆ ਸੀ ਤੇ ਬਾਅਦ ਵਿਚ ਉਸਦੇ ਪਿਤਾ ਦੇਵ ਰਾਜ ਨੰਬਰਦਾਰ ਨੇ 1985 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਵਲੋਂ ਬਠਿੰਡਾ ਹਲਕੇ ਤੋਂ ਚੋਣ ਲੜੀ ਸੀ ਪ੍ਰੰਤੂ ਬਹੁਤ ਘੱਟ ਵੋਟਾਂ ਨਾਲ ਹਾਰ ਗਏ ਸਨ। ਮੌਜੂਦਾ ਸਮੇਂ ਰਾਜ ਨੰਬਰਦਾਰ ਖ਼ੁਦ ਪੰਜਾਬ ਕਾਂਗਰਸ ਦੇ ਵੱਡੇ ਆਗੂ ਹਨ ਤੇ ਉਨ੍ਹਾਂ ਦਾ ਪੁੱਤਰ ਵਿੱਕੀ ਨੰਬਰਦਾਰ ਸਥਾਨਕ ਨਗਰ ਨਿਗਮ ਦਾ ਵਾਰਡ ਨੰਬਰ 14 ਤੋਂ ਕੋਂਸਲਰ ਹੈ। ਇੱਥੇ ਦਸਣਾ ਬਣਦਾ ਹੈ ਕਿ ਅਗਰਵਾਲ ਭਾਈਚਾਰੇ ਨਾਲ ਸਬੰਧਤ ਰਾਜ ਨੰਬਰਦਾਰ ਦੀ ਕਾਂਗਰਸ ਤੋਂ ਬਾਗੀ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਚੰਗੀ ਨੇੜਤਾ ਹੈ। ਉਨ੍ਹਾਂ ਪਿਛਲੀਆਂ ਤੇ ਉਸਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਬਠਿੰਡਾ ਹਲਕੇ ਤੋਂ ਟਿਕਟ ਦੀ ਮੰਗ ਕੀਤੀ ਸੀ ਪ੍ਰੰਤੂ ਪਹਿਲਾਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਤੇ ਮੁੜ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਟਿਕਟ ਲੈਣ ਵਿਚ ਕਾਮਯਾਬ ਰਹੇ। ਅਜਿਹੇ ਹਾਲਾਤ ’ਚ ਹੁਣ ਜਦ ਵਿਧਾਨ ਸਭਾ ਚੋਣਾਂ ਵਿਚ ਕਾਫ਼ੀ ਥੋੜਾ ਸਮਾਂ ਬਾਕੀ ਰਹਿ ਗਿਆ ਹੈ ਤੇ ਅਚਾਨਕ ਸ਼੍ਰੀ ਨੰਬਰਦਾਰ ਦੇ ਅਚਾਨਕ ਸਰਗਰਮ ਹੋਣ ਨਾਲ ਸ਼ਹਿਰ ਵਿਚ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ। ਸਿਆਸੀ ਮਾਹਰਾਂ ਮੁਤਾਬਕ ਜੇਕਰ ਨੰਬਰਦਾਰ ਕਾਂਗਰਸ ਨੂੰ ਛੱਡ ਕਿਸੇ ਹੋਰ ਪਾਰਟੀ ਤੋਂ ਵੀ ਉਮੀਦਵਾਰ ਬਣਦੇ ਹਨ ਤਾਂ ਕਾਂਗਰਸ ਦੇ ਅਧਿਕਾਰਤ ਉਮੀਦਵਾਰ ਨੂੰ ਇਸਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਕਾਂਗਰਸ ਦੀ ਮੰਨੀ ਜਾਣ ਵਾਲੀ ਹਿੰਦੂ ਵੋਟ ਉਪਰ ਉਕਤ ਆਗੂ ਦਾ ਕਾਫ਼ੀ ਪ੍ਰਭਾਵ ਹੈ। ਉਧਰ ਸੰਪਰਕ ਕਰਨ ’ਤੇ ਰਾਜ ਨੰਬਰਦਾਰ ਨੇ ਮੰਨਿਆ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਲਈ ਮਜਬੂਤ ਉਮੀਦਵਾਰ ਹਨ, ਜਿਸਦੇ ਚੱਲਦੇ ਉਨ੍ਹਾਂ ਵਲੋਂ ਸ਼ਹਿਰ ਵਿਚ 500 ਦੇ ਕਰੀਬ ਹੋਰਡਿੰਗ ਲਗਾਏ ਹਨ। ਉਨ੍ਹਾਂ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਤੋਂ ਉਮੀਦਵਾਰ ਬਣਨ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ ਜਲਦੀ ਹੀ ਸਭ ਕੁੱਝ ਕਲੀਅਰ ਹੋ ਜਾਵੇਗਾ, ਕਿਉਂਕਿ ਟਕਸਾਲੀ ਕਾਂਗਰਸੀ ਹੋਣ ਕਾਰਨ ਉਨ੍ਹਾਂ ਦਾ ਇਸ ਹਲਕੇ ਤੋਂ ਹੱਕ ਬਣਦਾ ਹੈ। ਇਸਦੇ ਇਲਾਵਾ ਰਾਜ ਨੰਬਰਦਾਰ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਸ਼ਹਿਰ ਦੇ ਲੋਕ ਉਨ੍ਹਾਂ ਨੂੰ ਚੁਣਦੇ ਹਨ ਤਾਂ ਉਹ ਵਿਧਾਇਕ ਵਜੋਂ ਸਿਰਫ਼ ਇੱਕ ਰੁਪਇਆ ਤਨਖ਼ਾਹ ਲੈਣਗੇ ਅਤੇ ਨਾ ਹੀ ਸਰਕਾਰੀ ਗੱਡੀ ਤੇ ਕੋਈ ਹੋਰ ਸਹੂਲਤ ਲੈਣਗੇ। ਇੱਥੇ ਦਸਣਾ ਬਣਦਾ ਹੈ ਕਿ ਉਕਤ ਆਗੂ ਦੇ ਕੋਂਸਲਰ ਪੁੱਤਰ ਵਿੱਕੀ ਨੰਬਰਦਾਰ ਵਲੋਂ ਵੀ ਬਤੌਰ ਕੋਂਸਲਰ ਮਿਲਦੀ ਤਨਖ਼ਾਹ ਅਪਣੇ ਵਾਰਡ ਵਿਚ ਪੈਂਦੇ ਗੁਰਦੂਆਰਾ ਭਾਈ ਮਤੀ ਦਾਸ ਨਗਰ, ਗੁਰਦੂਆਰਾ ਸ਼੍ਰੀ ਜੀਵਨ ਪ੍ਰਕਾਸ਼ ਮਾਡਲ ਟਾਊਨ ਤੇ ਦੁਰਗਾ ਮੰਦਰ ਮਾਡਲ ਟਾਊਨ ’ਚ ਹਰ ਮਹੀਨੇ ਬਰਾਬਰ ਵੰਡੀ ਜਾਂਦੀ ਹੈ।
ਕਾਂਗਰਸੀ ਆਗੂ ਰਾਜ ਨੰਬਰਦਾਰ ਨੇ ਠੋਕੀ ਬਠਿੰਡਾ ਸ਼ਹਿਰੀ ਹਲਕੇ ’ਤੇ ਦਾਅਵੇਦਾਰੀ
ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਪੰਜਾਬ ਸਰਕਾਰ ਵਿਰੁਧ ਧਰਨਾ ਜਾਰੀ
ਰਜਿੰਦਰਾ ਕਾਲਜ ਦੇ ਗੇਟ ਅੱਗੇ ਕੀਤੀ ਨਾਅਰੇਬਾਜ਼ੀ
ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਪਿਛਲੇ ਲੰਮੇ ਸਮੇਂ ਤੋਂ ਸੂਬੇ ਦੇ ਵਖ ਵਖ ਸਰਕਾਰੀ ਕਾਲਜ਼ਾਂ ’ਚ ਨਿਗੂਣੀਆਂ ਤਨਖ਼ਾਹਾਂ ’ਤੇ ਪੜ੍ਹਾ ਰਹੇ ਗੈਸਟ ਫ਼ੈਕਲਟੀ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਵਿਰੁਧ ਜਾਰੀ ਧਰਨੇ ਦੌਰਾਨ ਅੱਜ ਸਥਾਨਕ ਰਜਿੰਦਰਾ ਕਾਲਜ਼ ਅੱਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਗੈਸਟ ਫੈਕਲਟੀ ਐਸੋਸੀਏਸ਼ਨ ਦੀ ਪ੍ਰਧਾਨ ਰੀਟਾ ਅਗਰਵਾਲ ਨੇ ਸਰਕਾਰ ’ਤੇ ਦੋਸ਼ ਲਗਾਇਆ ਕਿ ‘‘ ਲੋਕਹਿੱਤ ਦੀ ਰੱਖਿਆ ਕਰਨ ਵਾਲੀ ਸੂਬਾ ਸਰਕਾਰ ਹਾਈਕੋਰਟ ਦੇ ਪਾਬੰਦੀ ਵਾਲੇ ਹੁਕਮਾਂ ਦੇ ਬਾਵਜੂਦ ਪ੍ਰੋਫੈਸਰਾਂ ਦੀ ਭਰਤੀ ਲਈ ਕਾਹਲੀ ਪਈ ਹੋਈ ਹੈ। ’’ ਗੈਸਟ ਫੈਕਲਟੀ ਯੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਐਲਾਨ ਕੀਤਾ ਜੇਕਰ ਸਰਕਾਰ ਲਿਖਤੀ ਰੂਪ ਵਿਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆ ਨੌਕਰੀਆ ਸੁਰੱਖਿਅਤ ਨਹੀ ਕਰਦੀ ਤਾਂ ਉਨ੍ਹਾਂ ਵਲੋਂ ਵਿੱਢੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆਂ ਵਿਭਾਗ ’ਚ ਕੰਮ ਕਰਦੇ ਗੈਸਟ-ਫੈਕਲਟੀ/ਪਾਰਟ -ਟਾਇਮ/ ਕੰਟਰੈਕਟ ਅਧਿਆਪਕਾਂ ਵਲੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਿਛਲੇ 35 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਮੌਕੇ ਪ੍ਰੋ ਸਰਬਜੀਤ ਸਿੰਘ , ਕਮਲਜੀਤ ਸਿੰਘ,ਰਿੰਪੀ ਗਰਗ, ਨਿੰਦਿਆ ਸਰਮਾ, ਰਾਜਵਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਪ੍ਰੋਫੈਸਰ ਰਾਸਟਰੀ ਇੰਜੀਨੀਅਰ ਐਵਾਰਡ ਨਾਲ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਇੰਸਟੀਚਿਊਟ ਆਫ ਇੰਜੀਨੀਅਰਜ ਨੇ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਸਾਬਕਾ ਡੀਨ ਪ੍ਰੋਫੈਸਰ (ਡਾ.) ਸਵੀਨਾ ਬਾਂਸਲ ਦੀਆਂ ਇਲੈਕਟ੍ਰੋਨਿਕਸ ਅਤੇ ਦੂਰਸੰਚਾਰ ਇੰਜਨੀਅਰਿੰਗ ਦੇ ਪੇਸੇ ਵਿੱਚ ਸਾਨਦਾਰ ਪ੍ਰਾਪਤੀਆਂ ਅਤੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਵੱਕਾਰੀ ‘ਰਾਸਟਰੀ ਉੱਘੇ ਇੰਜੀਨੀਅਰ ਪੁਰਸਕਾਰ‘ ਨਾਲ ਸਨਮਾਨਿਤ ਕੀਤਾ ਹੈ। 36ਵੇਂ ਰਾਸਟਰੀ ਸੰਮੇਲਨ ਦੌਰਾਨ ਐਂਟੀਨਾ ਡਿਜਾਈਨ ‘ਤੇ 2 ਰੋਜਾ ਰਾਸਟਰੀ ਸੈਮੀਨਾਰ ਵੀ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਡਾ: ਸਵੀਨਾ ਬਾਂਸਲ ਪੰਜਾਬ ਇੰਜਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਦੇ 1988 ਬੈਚ ਨਾਲ ਸਬੰਧਿਤ ਹਨ। ਇਸ ਤੋਂ ਪਹਿਲਾਂ ਉਹਨਾਂ ਨੇ 1984 ਵਿੱਚ ਗੁਰੂ ਗੋਬਿੰਦ ਸਿੰਘ ਕਾਲਜ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ.ਐਸ.ਸੀ ਦੀ ਡਿਗਰੀ ਕੀਤੀ ਸੀ। ਉਧਰ ਡਾ ਸਵੀਨਾ ਦੀ ਇਸ ਪ੍ਰਾਪਤੀ ’ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ ਬੂਟਾ ਸਿੰਘ ਸਿੱਧੂ ਤੇ ਹੋਰਨਾਂ ਨੇ ਵਧਾਈ ਦਿੱਤੀ ਹੈ।
ਆਪ ਆਗੂ ਵਲੋਂ ਪੁਲਿਸ ਅਧਿਕਾਰੀ ਵਿਰੁਧ ਨਸ਼ਾ ਤਸਕਰ ਦੁਆਰਾ ਲਗਾਏ ਦੋਸ਼ਾਂ ਦੀ ਉਚ ਪੱਧਰੀ ਜਾਂਚ ਦੀ ਮੰਗ
ਐਸ.ਟੀ.ਐਫ਼ ਦੇ ਮੁਖੀ ਨੂੰ ਲਿਖਿਆ ਪੱਤਰ, ਹਾਈਕੋਰਟ ਨੂੰ ਵੀ ਸਵੈ ਨੋਟਿਸ ਲੈਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ:- ਬੀਤੇ ਕੱਲ ਬਠਿੰਡਾ ’ਚ ਇੱਕ ਨਸ਼ਾ ਤਸਕਰ ਵਲੋਂ ਥਾਣਾ ਮੁਖੀ ਉਪਰ ਤਸਕਰੀ ਕਰਵਾਉਣ ਦੇ ਲਗਾਏ ਦੋਸ਼ਾਂ ਤੋਂ ਬਾਅਦ ਹਲਕੇ ’ਚ ਸਿਆਸੀ ਤਰਥੱਲੀ ਮੱਚ ਗਈ ਹੈ। ਇਸ ਸਬੰਧ ਵਿਚ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਜਗਰੂਪ ਸਿੰਘ ਗਿੱਲ ਵਲੋਂ ਜ਼ਿਲ੍ਹਾ ਕਾਰਜ਼ਕਾਰੀ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ,ਉਪ-ਪ੍ਰਧਾਨ ਵਪਾਰ ਵਿੰਗ ਅਨਿਲ ਠਾਕੁਰ, ਸਿਕੰਦਰ ਸਿੰਘ ਗਿੱਲ, ਸ਼ਿਵ ਕੁਮਾਰ ਜੋਸ਼ੀ ਦੀ ਹਾਜ਼ਰੀ ਵਿਚ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਸਦੇ ਇਲਾਵਾ ਐਸ.ਟੀ.ਐਫ਼ ਦੇ ਮੁਖੀ ਨੂੰ ਵੀ ਪੱਤਰ ਲਿਖਿਆ ਗਿਆ ਹੈ ਤੇ ਨਾਲ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਮਾਮਲੇ ਦੀ ਗੰਭੀਰਤਾ ਦੇਖਦਿਆਂ ਸਵੈ ਨੋਟਿਸ ਲੈ ਕੇ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਸਥਾਨਕ ਦਫ਼ਤਰ ’ਚ ਕੀਤੀ ਪ੍ਰੈਸ ਕਾਨਫਰੰਸ ਵਿਚ ਆਪ ਆਗੂਆਂ ਨੇ ਦੋਸ਼ ਲਗਾਇਆ ਕਿ ‘‘ ਸੂਬੇ ’ਚ ਚਾਰ ਹਫ਼ਤਿਆਂ ਵਿਚ ਨਸ਼ਾ ਤਸਕਰੀ ਖ਼ਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਕਾਂਗਰਸ ਪਾਰਟੀ ਦੇ ਚਹੇਤੇ ਪੁਲਿਸ ਅਫ਼ਸਰਾਂ ਉਪਰ ਨਸ਼ਾ ਵਿਕਵਾਉਣ ਦੇ ਲੱਗਣ ਵਾਲੇ ਦੋਸ਼ ਗੰਭੀਰ ਹਨ। ’’ ਜਗਰੂਪ ਗਿੱਲ ਨੇ ਦਾਅਵਾ ਕੀਤਾ ਕਿ ਬਠਿੰਡਾ ਹਲਕੇ ’ਚ ਜਿਸ ਤਰ੍ਹਾਂ ਤਸਕਰਾਂ ਨੇ ਆਪਣੀਆਂ ਜੜ੍ਹਾਂ ਫੈਲਾ ਲਈਆਂ ਹਨ, ਉਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਦੀ ਸਰਪ੍ਰਸਤੀ ਹੇਠਾਂ ਕੰਮ ਕਰ ਰਹੇ ਤਸਕਰਾਂ ਦੀ ਸੋਚੀ-ਸਮਝੀ ਸਾਜਿਸ਼ ਤਹਿਤ ਇਹ ਕੰਮ ਕੀਤਾ ਜਾ ਰਿਹਾ। ਹਲਕਾ ਇੰਚਾਰਜ ਸ ਗਿੱਲ ਨੇ ਅਕਾਲੀ ਦਲ ਨੂੰ ਵੀ ਵਲੇਟੇ ਵਿਚ ਲੈਂਦਿਆਂ ਕਿਹਾ ਕਿ ਨਸ਼ਾ ਤਸਕਰੀ ਦੇ ਮਾਮਲੇ ’ਤੇ ਮਗਰਮੱਛ ਦੇ ਹੰਝੂ ਵਹਾਉਣ ਵਾਲਿਆਂ ਨੂੰ ਅਪਣੀ ਪੀੜੀ ਹੇਠ ਸੋਟਾਂ ਮਾਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਾਜ਼ ਦੌਰਾਨ ਨਸ਼ਾ ਕਿਸ ਤਰ੍ਹਾਂ ਵਿਕਦਾ ਰਿਹਾ। ਇੱਥੇ ਦਸਣਾ ਬਣਦਾ ਹੈ ਕਿ ਬੀਤੇ ਕੱਲ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਇਸ ਮਾਮਲੇ ਨੂੰ ਚੁੱਕਦਿਆਂ ਨਸਾ ਤਸਕਰ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਸੀ।
ਬਠਿੰਡਾ ’ਚ ਮੈਗਾ ਸਵੈ ਰੋਜ਼ਗਾਰ ਮੇਲਾ ਅੱਜ
ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਸੂਬਾ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਲਗਾਏ ਜਾ ਰਹੇ ਸਵੈ-ਰੋਜਗ਼ਾਰ ਮੇਲਿਆਂ ਦੀ ਲੜੀ ਤਹਿਤ ਭਲਕੇ ਮੰਗਲਵਾਰ ਨੂੰ ਸਥਾਨਕ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਮੈਗਾ ਸਵੈ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ ਚੇਅਰਮੈਨ-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਰਵਿੰਦ ਪਾਲ ਸਿੰਘ ਸੰਧੂ ਤੇ ਡਿਪਟੀ ਸੀ.ਈ.ਓ ਤੀਰਥਪਾਲ ਸਿੰਘ ਨੇ ਦੱਸਿਆ ਕਿ ਆਪਣਾ ਕੰਮ ਸ਼ੁਰੂ ਕਰਨ ਦੇ ਚਾਹਵਾਨ ਪ੍ਰਾਰਥੀਆਂ ਨੂੰ ਸਵੈ ਰੋਜ਼ਗਾਰ ਸ਼ੂਰੂ ਕਰਨ ਲਈ ਮੁੱਢਲੀ ਜਾਣਕਾਰੀ ਬਾਰੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਵਿਖੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਪਹੁੰਚ ਰਹੇ ਹਨ। ਜਿਨ੍ਹਾਂ ਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਐਸ.ਸੀ. ਕਾਰਪੋਰੇਸ਼ਨ, ਜ਼ਿਲ੍ਹਾ ਉਦਯੋਗ ਕੇਂਦਰ, ਡੇਅਰੀ ਤੇ ਮੱਛੀ ਪਾਲਣ ਵਿਭਾਗ, ਐਨ.ਯੂ.ਐਲ.ਐੱਮ., ਕਿ੍ਰਸ਼ੀ ਵਿਗਿਆਨ ਕੇਂਦਰ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਸਰਕਾਰੀ ਤੇ ਪ੍ਰਾਈਵੇਟ ਬੈਂਕ ਪਹੁੰਚ ਰਹੇ ਹਨ, ਜੋ ਕਿ ਪ੍ਰਾਰਥੀਆਂ ਨੂੰ ਸਵੈ-ਰੋਜ਼ਗਾਰ ਸਬੰਧੀ ਲੋਨ ਪ੍ਰਾਪਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਗੇ। ਉਨ੍ਹਾਂ ਪ੍ਰਾਰਥੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਨੇੜੇ ਚਿਲਡਰਨ ਪਾਰਕ, ਸਿਵਲ ਲਾਇਨ, ਬਠਿੰਡਾ ਵਿਖੇ ਸੰਪਰਕ ਕਰ ਸਕਦੇ ਹਨ।
ਬਠਿੰਡਾ ’ਚ ਪਤੀ-ਪਤਨੀ ਦੀ ਰਹੱਸਮਈ ਹਾਲਾਤਾਂ ’ਚ ਮੌਤ, ਪੁੱਤਰ ਦੀ ਹਾਲਾਤ ਗੰਭੀਰ
ਸੁਖਜਿੰਦਰ ਮਾਨ
ਬਠਿੰਡਾ, 5 ਦਸੰਬਰ: ਬੀਤੀ ਰਾਤ ਜਿਲ੍ਹੇ ਦੇ ਪਿੰਡ ਚਨਾਰਥਲ ਵਿਖੇ ਇੱਕ ਪਤੀ-ਪਤਨੀ ਦੀ ਰਹੱਸਮਈ ਹਾਲਾਤਾਂ ’ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਿ੍ਰਤਕ ਜੋੜੀ ਦਾ ਨੌਜਵਾਨ ਪੁੱਤਰ ਗੰਭੀਰ ਹਾਲਾਤ ’ਚ ਹਸਪਤਾਲ ਵਿਖੇ ਇਲਾਜ਼ ਅਧੀਨ ਹੈ। ਪਿੰਡ ਵਾਲਿਆਂ ਮੁਤਾਬਕ ਮਿ੍ਰਤਕ ਜੋੜੇ ਤੇ ਉਸਦੇ ਪੁੱਤਰ ਨੇ ਸਰੋ ਦੇ ਸਾਗ ਨਾਲ ਰੋਟੀ ਖ਼ਾਧੀ ਸੀ, ਜਿਸਤੋਂ ਬਾਅਦ ਉਨ੍ਹਾਂ ਦੀ ਇਹ ਹਾਲਾਤ ਹੋਈ ਹੈ। ਪੁਲਿਸ ਨੇ ਫ਼ਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਹੈ ਪ੍ਰੰਤੂ ਪੋਸਟਮਾਰਟਮ ਦੀ ਰੀਪੋਰਟ ਤੋਂ ਬਾਅਦ ਹੀ ਕੁੱਝ ਸਾਹਮਣੇ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਅੱਜ ਇੱਥੇ ਹਸਪਤਾਲ ਵਿਚ ਜਾਣਕਾਰੀ ਦਿੰਦਿਆਂ ਪਿੰਡ ਦੇ ਲੋਕਾਂ ਨੇ ਦਸਿਆ ਕਿ ਬੀਤੀ ਸ਼ਾਮ ਮਿ੍ਰਤਕ ਸੁਰਜੀਤ ਸਿੰਘ(52) ਦੇ ਘਰ ਸਰੋ ਦਾ ਸਾਗ ਬਣਿਆ ਸੀ। ਸੁਰਜੀਤ ਸਿੰਘ ਦੀ ਪਤਨੀ ਚਰਨਜੀਤ ਕੌਰ( 51) ਦੀ ਸਾਗ ਨਾਲ ਰੋਟੀ ਖਾਣ ਤੋਂ ਬਾਅਦ ਹਾਲਾਤ ਵਿਗੜ ਗਈ, ਜਿਸਨੂੰ ਪਿੰਡ ਦੇ ਲੋਕਾਂ ਨੇ ਮੋੜ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਕੁੱਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਇਸ ਦੌਰਾਨ ਉਨ੍ਹਾਂ ਦੇ ਲੜਕੇ ਹਰਪ੍ਰੀਤ ਸਿੰਘ ( 22) ਦੀ ਵੀ ਸਿਹਤ ਵਿਗੜ ਗਈ ਤੇ ਉਸਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ। ਪਤਨੀ ਦੀ ਮੌਤ ਤੋਂ ਬਾਅਦ ਘਰ ਬੈਠੇ ਸੁਰਜੀਤ ਸਿੰਘ ਨੇ ਉਸੇ ਸਾਗ ਨਾਲ ਕੁੱਝ ਰੋਟੀ ਖਾਧੀ ਤੇ ਉਸਦੀ ਵੀ ਮੌਤ ਹੋ ਗਈ। ਜਿਸਦੇ ਚੱਲਦੇ ਪਿੰਡ ਵਾਲਿਆਂ ਨੂੰ ਸ਼ੱਕ ਹੈ ਕਿ ਸਾਗ ਵਿਚ ਹੀ ਕੁੱਝ ਵਸਤੂ ਮਿਲੀ ਹੋ ਸਕਦੀ ਹੈ। ਹਾਲਾਂਕਿ ਡਾਕਟਰਾਂ ਦਾ ਮੰਨਣਾ ਹੈ ਕਿ ਸਰੋ ਦਾ ਸਾਗ ਜਹਿਰੀਲਾ ਨਹੀਂ ਹੁੰਦਾ, ਬਲਕਿ ਉਸਦੇ ਵਿਚ ਜਾ ਤਾਂ ਕੁੱਝ ਜਹਿਰੀਲੀ ਵਸਤੂ ਡਿੱਗ ਪਈ ਜਾਂ ਫ਼ਿਰ ਕੋਈ ਜਹਿਰੀਲੀ ਜੜੀ ਬੂਟੀ ਮਿਲ ਗਈ। ਜਿਸਦਾ ਖ਼ੁਲਾਸਾ ਪੋਸਟਮਾਰਟਮ ਦੀ ਰੀਪੋਰਟ ਆਉਣ ਤੋਂ ਬਾਅਦ ਹੀ ਹੋ ਸਕਦਾ ਹੈ।
ਅੱਜ ਤੇ ਭਲਕ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਮੁਲਾਜਮ ਲੈਣਗੇ ਸਮੂਹਿਕ ਛੁੱਟੀ
ਸੁਖਜਿੰਦਰ ਮਾਨ
ਬਠਿੰਡਾ, 5 ਦਸੰਬਰ: ਸੂਬੇ ਦੇ ਮਾਲ ਅਫ਼ਸਰਾਂ ਵਲੋਂ ਸ਼ੁਰੂ ਕੀਤੀ ਹੜਤਾਲ ਦੀ ਹਿਮਾਇਤ ਕਰਦਿਆਂ ਪੰਜਾਬ ਰਾਜ ਜਿਲ੍ਹਾ ਦਫਤਰ ਕਰਮਚਾਰੀ ਯੂਨੀਅਨ ਨੇ ਵੀ ਸੋਮਵਾਰ ਤੇ ਮੰਗਲਵਾਰ ਸਮੂਹਿਕ ਛੁੱਟੀ ਲੈ ਕੇ ਫ਼ਰੀਦਕੋਟ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇੱਥੇ ਜਾਰੀ ਬਿਆਨ ਵਿਚ ਭਲਕੇ ਸੋਮਵਾਰ ਨੂੰ ਫਿਰੋਜਪੁਰ ਤੇ ਫਰੀਦਕੋਟ ਡਵੀਜਨਾਂ ਦੇ ਜਿਲ੍ਹਿਆਂ ( ਫਰੀਦਕੋਟ, ਫਰਿੋਜਪੁਰ, ਮੋਗਾ,ਸ੍ਰੀ ਮੁਕਤਸਰ ਸਾਹਿਬ, ਫਾਜਲਿਕਾ,ਬਠਿੰਡਾ ਅਤੇ ਮਾਨਸਾ ਦੇ ਨਾਲ ਨਾਲ ਬਰਨਾਲਾ) ਜਿਲ੍ਹੇ ਦੇ ਸਾਥੀ ਵੱਡੀ ਗਿਣਤੀ ਵਿੱਚ ਫਰੀਦਕੋਟ ਵਿਖੇ ਧਰਨਾ ਦੇਣਗੇ। ਪਟਿਆਲਾ ਤੇ ਰੋਪੜ ਡਵੀਜਨਾਂ ਦੇ ਜਿਲ੍ਹਿਆਂ ਵਿੱਚ ਸਾਮਲ (ਸ਼ਹੀਦ ਭਗਤ ਸਿੰਘ ਨਗਰ,ਰੋਪੜ, ਮੁਹਾਲੀ, ਫਤਹਿਗੜ੍ਹ ਸਾਹਿਬ, ਲੁਧਿਆਣਾ, ਪਟਿਆਲਾ, ਮਲੇਰਕੋਟਲਾ ਅਤੇ ਸੰਗਰੂਰ ਦੇ ਸਾਥੀ ਰੋਪੜ ਵਿਖੇ ਮੰਡਲ ਦਫਤਰ ਸਾਹਮਣੇ ਧਰਨਾ ਦੇਣਗੇ ਅਤੇ ਜਲੰਧਰ ਡਵੀਜਨ ਦੇ ਜਿਲ੍ਹੇ ਸਾਰੇ ਜਿਲਿਆਂ ਦੇ ਕਾਮੇ ਜਲੰਧਰ ਵਿਖੇ ਇਕੱਠੇ ਹੋ ਕੇ ਮੰਡਲ ਦਫਤਰ ਸਾਹਮਣੇ 11:00 ਤੋਂ 2:00 ਵਜੇ ਤੱਕ ਮਾਲ ਅਫਸਰਾਂ ਵੱਲੋਂ ਦਿੱਤੇ ਜਾਣ ਵਾਲੇ ਧਰਨੇ ਵਿਚ ਸ਼ਮੂਲੀਅਤ ਕਰਨਗੇ। ਇਹ ਵੀ ਜ਼ਿਕਰਯੋਗ ਹੈ ਕਿ ਮਾਲ ਵਿਭਾਗ ਦੇ ਪਟਵਾਰੀਆਂ ਅਤੇ ਕਾਨੂੰਗੋ ਸਹਿਬਾਨਾਂ ਵੱਲੋਂ ਵੀ ਇਸ ਵਿੱਚ ਸ਼ਮੂਲੀਅਤ ਕੀਤੇ ਜਾਣ ਦਾ ਫੈਸਲਾ ਕੀਤਾ ਹੋਇਆ ਹੈ। ਜਲੰਧਰ ਡਿਵੀਜਨ ਵਿੱਚ ਡੀਸੀ ਦਫਤਰ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਸੰਧੂ ਤਰਨਤਾਰਨ, ਸਤਬੀਰ ਸਿੰਘ ਚੰਦੀ ਤੇ ਤੇਜਵੰਤ ਸਿੰਘ ਆਹਲੂਵਾਲੀਆ ਕਪੂਰਥਲਾ, ਵਿਕਰਮ ਆਦੀਆ ਹੁਸ਼ਿਆਰਪੁਰ, ਪਿ੍ਤਪਾਲ ਸਿੰਘ ਬਿੱਟਾ ਅਤੇ ਅਸ਼ਨੀਲ ਸ਼ਰਮਾ ਸ੍ਰੀ ਅੰਮਿ੍ਰਤਸਰ ਸਾਹਿਬ, ਜਤਿੰਦਰ ਕੁਮਾਰ ਸ਼ਰਮਾ ਪਠਾਨਕੋਟ ਅਤੇ ਲਖਵਿੰਦਰ ਸਿੰਘ ਗੋਰਾਇਆ ਗੁਰਦਾਸਪੁਰ ਸਾਡੇ ਸਾਥੀਆਂ ਦੀ ਅਗਵਾਈ ਕਰਨਗੇ। ਇਸ ਤੋਂ ਇਲਾਵਾ ਰੋਪੜ ਵਿਖੇ ਰੋਪੜ ਅਤੇ ਪਟਿਆਲਾ ਡਿਵੀਜਨ ਦੇ ਜਿਿਲ੍ਹਆਂ ਵਿੱਚੋਂ ਸ੍ਰੀ ਓਮ ਪ੍ਰਕਾਸ਼ ਸਿੰਘ ਅਤੇ ਰਣਇੰਦਰ ਸਿੰਘ ਮੋਹਾਲੀ, ਕਿ੍ਰਸ਼ਨ ਸਿੰਘ ਰੋਪੜ, ਮਨੋਹਰ ਲਾਲ ਸ਼ਹੀਦ ਭਗਤ ਸਿੰਘ ਨਗਰ, ਅੰਮਿ੍ਰਤਪਾਲ ਸਿੰਘ ਪੰਨੂ ਮਲੇਰਕੋਟਲਾ, ਅਸ਼ਵਨੀ ਕੁਮਾਰ ਸੰਗਰੂਰ, ਕੇਸਰ ਸਿੰਘ ਪਟਿਆਲਾ, ਮੈਡਮ ਗੁਰਵਿੰਦਰ ਕੌਰ ਫਤਿਹਗਡ੍ਹ ਸਾਹਿਬ ਅਤੇ ਵਿਕਾਸ ਕੁਮਾਰ ਜੁਨੇਜਾ ਲੁਧਿਆਣਾ ਸਾਡੇ ਸਾਥੀਆਂ ਦੀ ਅਗਵਾਈ ਕਰਨਗੇ ਅਤੇ ਮਾਲ ਵਿਭਾਗ ਦੀਆਂ ਜਥੇਬੰਦੀਆਂ ਨਾਲ ਸਹਿਯੋਗ ਕਰਨਗੇ। ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਡਿਵੀਜ਼ਨ ਵਿੱਚ ਪੈਂਦੇ ਜ਼ਿਲ੍ਹਿਆਂ ਦੇ ਆਗੂ ਗੁਰਨਾਮ ਸਿੰਘ ਵਿਰਕ ਤੇ ਬਲਬੀਰ ਸਿੰਘ ਫ਼ਰੀਦਕੋਟ ਜੋਗਿੰਦਰ ਕੁਮਾਰ ਜ਼ੀਰਾ, ਮਨੋਹਰ ਲਾਲ ਅਤੇ ਸੰਦੀਪ ਸਿੰਘ ਫਰਿੋਜਪੁਰ, ਵੀਰੇਂਦਰ ਕੁਮਾਰ ਢੋਸੀਵਾਲ ਤੇ ਹਰਜਿੰਦਰ ਸਿੰਘ ਸਿੱਧੂ ਸ੍ਰੀ ਮੁਕਤਸਰ ਸਾਹਿਬ, ਜਗਜੀਤ ਸਿੰਘ ਫਾਜ਼ਿਲਕਾ, ਮੇਘ ਸਿੰਘ ਸਿੱਧੂ ਤੇ ਕੁਲਦੀਪ ਸ਼ਰਮਾ ਬਠਿੰਡਾ, ਜਗਸੀਰ ਸਿੰਘ ਮਾਨਸਾ ਹਰਮੀਤ ਸਿੰਘ ਗਿੱਲ ਮੋਗਾ ਅਤੇ ਰੇਸ਼ਮ ਸਿੰਘ ਬਰਨਾਲਾ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਝੂਠਾ ਪਰਚਾ ਕੈਂਸਲ ਕਰਕੇ ਵਿਜੀਲੈਂਸ ਬਿਉਰੋ ਦੇ ਸਬੰਧਤ ਅਧਿਕਾਰੀਆਂ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਸੱਤ ਦਸੰਬਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਫ਼ੈਸਲਾ ਲੈਣ ਉਪਰੰਤ ਮੁੱਖ ਮੰਤਰੀ ਦੀ ਰਿਹਾਇਸ਼ ਜਾਂ ਵਿਜੀਲੈਂਸ ਬਿਊਰੋ ਦੇ ਹੈੱਡਕੁਆਰਟਰ ਮੋਹਾਲੀ ਸਥਿਤ ਦਫਤਰ ਦਾ ਘਿਰਾਓ ਕਰਨ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ।
ਰਾਘਵ ਚੱਢਾ ਦੇ ਦੌਰੇ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਬੜੀ ਹਵੇਲੀ ਵਿਖੇ ਮਾਈਨਿੰਗ ਸਾਈਟ ਦਾ ਕੀਤਾ ਦੌਰਾ
ਕੀਤਾ ਦਾਅਵਾ ਸਭ ਕੁਝ ਚੱਲ ਰਿਹਾ ਹੈ ਕਾਨੂੰਨ ਮੁਤਾਬਕ, 5.50 ਰੁਪਏ ’ਤੇ ਵਿਕ ਰਿਹਾ ਹੈ ਰੇਤਾ
ਬਾਹਰੀ ਅਨਸਰਾਂ ਨੂੰ ਕੀਤਾ ਸੁਚੇਤ; ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਨਹੀਂ ਦਿੱਤੀ ਜਾਵੇਗੀ ਇਜਾਜ਼ਤ
ਕਿਸੇ ਵੀ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਸਾਹਮਣੇ ਲਿਆਉਣ ਲਈ ਪੰਜਾਬ ਦੇ ‘ਆਪ’ ਆਗੂਆਂ ਦਾ ਹੋਵੇਗਾ ਸਵਾਗਤ
ਸੁਖਜਿੰਦਰ ਮਾਨ
ਰੂਪਨਗਰ, 5 ਦਸੰਬਰ: ਬੀਤੇ ਕੱਲ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂ ਰਾਘਵ ਚੱਢਾ ਵੱਲੋਂ ਮੁੱਖ ਮੰਤਰੀ ਦੇ ਹਲਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਕੀਤੇ ਦਾਅਵਿਆਂ ਨੂੰ ਮੁੱਢੋਂ ਰੱਦ ਕਰਦਿਆਂ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਈਨਿੰਗ ਵਾਲੀਆਂ ਥਾਵਾਂ ਦਾ ਦੌਰਾ ਕੀਤਾ, ਜਿੱਥੇ ਉਨਾਂ ਸਭ ਕੁੱਝ ਕਾਨੂੰਨ ਮੁਤਾਬਕ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਇੱਥੇ ਕੁੱਝ ਵੀ ਗੈਰ ਕਾਨੂੰਨੀ ਨਹੀਂ ਮਿਲਿਆ, ਸਗੋਂ ੳੱੁਥੇ ਰਾਜ ਸਰਕਾਰ ਵੱਲੋਂ ਨਿਰਧਾਰਤ 5.50 ਪ੍ਰਤੀ ਕਿਊਸਿਕ ਕੀਮਤਾਂ ਮੁਤਾਬਕ ਰੇਤਾ ਵੇਚਿਆ ਜਾ ਰਿਹਾ ਹੈ।ਦਿੱਲੀ ਤੋਂ ਸੂਬੇ ਵਿੱਚ ਲੈਂਡ ਕੀਤੇ ‘ਆਪ’ ਆਗੂਆਂ ਨੂੰ ਸਖਤ ਚੇਤਾਵਨੀ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਕਿਸੇ ਵੀ ਬਾਹਰੀ ਵਿਅਕਤੀ ਨੂੰ ਮਹਿਜ਼ ਆਪਣੇ ਸਿਆਸੀ ਹਿੱਤਾਂ ਲਈ ਬੇਬੁਨਿਆਦ ਰੌਲਾ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸਰਕਾਰ ਭਵਿੱਖ ਵਿੱਚ ਸਿਆਸੀ ਮੁਫ਼ਾਦਾਂ ਲਈ ਅਜਿਹੀਆਂ ਗਤੀਵਿਧੀਆਂ ਕਰਨ ਵਾਲੇ ਅਨਸਰਾਂ ਵਿਰੁੱਧ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗੀ। ਮੁੱਖ ਮੰਤਰੀ ਚੰਨੀ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਸਣੇ ਬੜੀ ਹਵੇਲੀ ਮਾਈਨਿੰਗ ਵਾਲੀ ਥਾਂ ਦਾ ਦੌਰਾ ਕੀਤਾ, ਜਿੱਥੇ ਸਰਕਾਰੀ ਮਸ਼ੀਨਰੀ ਨਾਲ ਡੀ-ਸਿਲਟਿੰਗ ਦਾ ਕੰਮ ਚੱਲ ਰਿਹਾ ਹੈ। ਮੁੱਖ ਮੰਤਰੀ ਨੇ ਟਰੱਕਾਂ ਵਿੱਚ ਰੇਤਾ ਲੋਡ ਕਰਵਾ ਰਹੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਵੱਲੋਂ ਅਦਾ ਕੀਤੇ ਜਾ ਰਹੇ ਭਾਅ ਬਾਰੇ ਪੁੱਛਿਆ। ਸਾਰੇ ਡਰਾਈਵਰਾਂ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਲਾਗੂ ਕੀਤੀ ਗਈ ਪਾਲਿਸੀ ਤਹਿਤ 5.50 ਰੁਪਏ ਕੀਮਤ ਮੁਤਾਬਕ ਭਰਾਈ ਹੋ ਰਹੀ ਹੈ। ਇਸੇ ਤਰਾਂ ਮਾਈਨਿੰਗ ਦੇ ਸਾਰੇ ਦਸਤਾਵੇਜ਼ ਸਹੀ ਪਾਏ ਗਏ, ਜੋ ‘ਆਪ’ ਦੇ ਦਿੱਲੀ ਆਗੂਆਂ ਦੇ ਝੂਠੇ ਦਾਅਵਿਆਂ ਦੀ ਪੋਲ ਖੋਲਦੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਉਹ ਮਾਈਨਿੰਗ ਵਾਲੀਆਂ ਥਾਵਾਂ ‘ਤੇ ਮੁਫਤ ਰੇਤ ਮੁਹੱਈਆ ਕਰਵਾਉਣਾ ਚਾਹੁੰਦੇ ਹਨ ਪਰ ਪਿਛਲੇ ਸਮੇਂ ਦੌਰਾਨ ਹੋਏ ਸਮਝੌਤੇ ਕਾਰਨ ਉਹ ਅਜਿਹਾ ਕਰਨ ਤੋਂ ਅਸਮਰੱਥ ਹਨ। ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਉਕਤ ਠੇਕਾ 31 ਮਾਰਚ ਤੱਕ ਹੈ ਅਤੇ ਭਵਿੱਖ ਵਿੱਚ ਲੋਕਾਂ ਨੂੰ ਰੇਤਾ/ਬਜਰੀ ਹੋਰ ਵੀ ਸਸਤੀਆਂ ਕੀਮਤਾਂ ‘ਤੇ ਮਿਲਣਗੇ।
ਸਾਈਟ ‘ਤੇ ਕਾਨੂੰਨ ਮੁਤਾਬਕ ਚਲ ਰਹੀ ਮਾਈਨਿੰਗ ‘ਤੇ ਤਸੱਲੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਚੰਨੀ ਨੇ ਰੇਤ ਦੀਆਂ ਕੀਮਤਾਂ ਬਾਰੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨ ਲਈ ‘ਆਪ’ ਆਗੂਆਂ ਰਾਘਵ ਚੱਢਾ ਅਤੇ ਹੋਰਾਂ ਨੂੰ ਕਰੜੇ ਹੱਥੀਂ ਲਿਆ। ਉਨਾਂ ਕਿਹਾ ਕਿ ਚੱਢਾ ਅਤੇ ਹੋਰ ਬਾਹਰੀ ਆਗੂਆਂ ਨੂੰ ਬੇਬੁਨਿਆਦ ਮੁੱਦੇ ਛੇੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਿਨਾਂ ਨਾਲ ਸੂਬੇ ਦੇ ਸੁਚਾਰੂ ਕੰਮਕਾਜ ਵਿੱਚ ਵਿਘਨ ਪੈਂਦਾ ਹੋਵੇ। ਉਨਾਂ ਕਿਹਾ ਕਿ ਚੱਢਾ ਅਤੇ ਕੁਝ ਦਿਨ ਪਹਿਲਾਂ ਇੱਕ ਸਕੂਲ ਵਿੱਚ ਦਾਖਲ ਹੋਣ ਵਾਲੇ ਮਨੀਸ਼ ਸਿਸੋਦੀਆ ਸਣੇ ਦਿੱਲੀ ਦੇ ਹੋਰ ‘ਆਪ’ ਆਗੂਆਂ ਵਿਰੁੱਧ ਭਵਿੱਖ ਵਿੱਚ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੂਜੇ ਪਾਸੇ ਮੁੱਖ ਮੰਤਰੀ ਚੰਨੀ ਨੇ ਪੰਜਾਬ ਆਧਾਰਿਤ ‘ਆਪ’ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਦਾ ਸਵਾਗਤ ਕੀਤਾ ਕਿ ਉਹ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਲੋੜੀਂਦੇ ਕਦਮ ਚੁੱਕਣਾ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ, “ਮਾਈਨਿੰਗ ਵਾਲੀਆਂ ਥਾਵਾਂ ‘ਤੇ ਸਰਗਰਮੀਆਂ ਸ਼ਰੇਆਮ ਚੱਲ ਕੀਤੀਆਂ ਹਨ। ਕੋਈ ਵੀ ਪੰਜਾਬੀ, ਪੰਜਾਬ ਅਧਾਰਤ ‘ਆਪ’ ਆਗੂ/ਵਰਕਰ ਵੀਡੀਓ ਬਣਾ ਸਕਦਾ ਹੈ ਪਰ ਅਸੀਂ ਕਿਸੇ ਵੀ ਬਾਹਰੀ ਵਿਅਕਤੀ ਨੂੰ ਅਜਿਹੀਆਂ ਝੂਠੀਆਂ ਕਾਰਵਾਈਆਂ ਦੀ ਇਜਾਜ਼ਤ ਨਹੀਂ ਦੇਵਾਂਗੇ।’’ ਵਣ ਰੇਂਜ ਅਧਿਕਾਰੀ ਦੇ ਤਬਾਦਲੇ ਸਬੰਧੀ ਪੱਤਰ ਬਾਰੇ ਪੁੱਛੇ ਸਵਾਲ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੋਈ ਵੀ ਉਨਾਂ ਨੂੰ ਪੁੱਛ ਸਕਦਾ ਹੈ ਕਿ ਉਸ ਨੇ ਆਪਣਾ ਤਬਾਦਲਾ ਖੁਦ ਕਰਵਾਇਆ ਹੈ ਜਾਂ ਸਰਕਾਰ ਵੱਲੋਂ ਤਬਾਦਲਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਦਰਿਆ ਦੇ ਵਹਾਅ ਦਰਮਿਆਨ ਰੇਤ ਦਾ ਇੱਕ ਵੱਡਾ ਟਿੱਲਾ ਮੌਜੂਦ ਹੈ ਅਤੇ ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਇਸ ਟਿੱਲੇ ਨੂੰ ਹਟਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਰੇਤ ਦੇ ਟਿੱਲਿਆਂ ਨੂੰ ਹਟਾਉਣਾ ਜਰੂਰੀ ਹੈ ਕਿਉਂਕਿ ਇਹ ਪਾਣੀ ਦੇ ਵਹਾਅ ਵਿੱਚ ਰੁਕਾਵਟ ਬਣਦੇ ਹਨ ਜਿਸ ਨਾਲ ਪਾਣੀ ਦੇ ਓਵਰਫਲੋਅ ਕਰਕੇ ਚਮਕੌਰ ਸਾਹਿਬ ਖੇਤਰ ਵਿੱਚ ਪੈਂਦੇ ਪਿੰਡਾਂ ਦਾ ਕਾਫੀ ਨੁਕਸਾਨ ਹੁੰਦਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਇਸ ਦਰਿਆਈ ਪਾਣੀ ਦੇ ਵਹਾਅ ਨੂੰ ਚੈਨਲਾਈਜ਼ ਕਰਨ ਨੂੰ ਯਕੀਨੀ ਬਣਾਉਣ ਲਈ ਦਰਿਆ ਵਿੱਚ ਡੀਸਿਲਟਿੰਗ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਰਾਘਵ ਚੱਢਾ ਵੱਲੋਂ ਲਗਾਏ ਗਏ ਦੋਸ਼ਾਂ ਦੇ ਸੱਚ ਦਾ ਪਤਾ ਲਗਾਉਣ ਲਈ ਮੁੱਖ ਮੰਤਰੀ ਹਲਕੇ ਦੀਆਂ ਮਾਈਨਿੰਗ ਸਾਈਟਾਂ ਦਾ ਦੌਰਾ ਕਰ ਰਹੇ ਸਨ ਤਾਂ ਜੋ ਮਾਈਨਿੰਗ ਸਬੰਧੀ ਅਸਲ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ । ਸ੍ਰੀ ਚੰਨੀ ਨੇ ਕਿਹਾ ਕਿ ‘ਆਪ’ ਨੇਤਾਵਾਂ ਦੀਆਂ ਝੂਠੀਆਂ ਤੇ ਗੁਮਰਾਹਕੰੁਨ ਬਿਆਨਬਾਜ਼ੀਆਂ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈ ਅਤੇ ਸੂਬਾ ਸਰਕਾਰ ਵਲੋਂ ਨਿਰਧਾਰਤ ਕੀਤੇ ਰੇਟਾਂ ਅਨੁਸਾਰ ਹੀ ਰੇਤ ਦੀ ਖੁਦਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ‘ਆਪ’ ਆਗੂਆਂ ਨੂੰ ਕਿਹਾ ਕਿ ਪੰਜਾਬ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਥਾਂ ‘ਆਪ ’ ਨੂੰ ਆਪਣੀ ਊਰਜਾ ਦਿੱਲੀ ਦੇ ਲੋਕਾਂ ਦੀ ਬਿਹਤਰੀ ‘ਤੇ ਕੇਂਦਰਿਤ ਕਰਨੀ ਚਾਹੀਦੀ ਹੈ।ਇਸਦੇ ਨਾਲ ਹੀ ਪੰਜਾਬ ਦੇ ਸਕੂਲਾਂ ਦੇ ਅਚਨਚੇਤ ਦੌਰੇ ਕਰ ਰਹੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਇਸ ਨੂੰ ‘ਆਪ’ ਆਗੂਆਂ ਵੱਲੋਂ ਪੰਜਾਬ ਵਿੱਚ ਸਿਆਸੀ ਧਰਾਤਲ ਤਲਾਸ਼ਣ ਦੇ ਨਾਪਾਕ ਮਨਸੂਬਿਆਂ ਦੀ ਇੱਕ ਹੋਰ ਉਦਾਹਰਣ ਦੱਸਿਆ ਅਤੇ ਉਨਾਂ ਨੂੰ ਦਿੱਲੀ ਵਿੱਚ ਆਪਣੀ ਸਰਕਾਰ ਬਚਾਉਣ ਦੀ ਸਲਾਹ ਦਿੱਤੀ।
8 ਦਸੰਬਰ ਨੂੰ ਚਰਨਜੀਤ ਸਿੰਘ ਚੰਨੀ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਣਗੇ ਨਤਮਸਤਕ
ਸੁਖਜਿੰਦਰ ਮਾਨ
ਬਠਿੰਡਾ, 5 ਦਸੰਬਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 8 ਦਸੰਬਰ ਨੂੰ ਜ਼ਿਲ੍ਹੇ ਚ ਪੈਂਦੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਰਾਮਾਂ ਮੰਡੀ ਵਿਖੇ ਆਮਦ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀ ਵਿਕਾਸ ਕਾਰਜਾਂ ਸਬੰਧੀ ਆਪੋਂ-ਆਪਣਾ ਰਿਕਾਰਡ ਮੁਕੰਮਲ ਰੱਖਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਖਾਸ ਹਦਾਇਤ ਕੀਤੀ ਕਿ ਪਿਛਲੇ 4 ਸਾਲਾਂ ਦੌਰਾਨ ਮੁਕੰਮਲ ਹੋਏ ਤੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਸਾਰੀਆਂ ਰਿਪੋਰਟਾਂ ਤਿਆਰ ਰੱਖਣਾ ਯਕੀਨੀ ਬਣਾਉਣ।
ਬੈਠਕ ਦੌਰਾਨ ਸ. ਸੰਧੂ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਰੂਟ ਪਲਾਨ ਤਿਆਰ ਕਰਕੇ ਸੁਰੱਖਿਅਤ ਪ੍ਰਬੰਧ ਕਰਨੇ ਯਕੀਨੀ ਬਣਾਉਣ। ਉਨ੍ਹਾਂ ਟ੍ਰੈਫ਼ਿਕ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਆਮ ਲੋਕਾਂ ਲਈ ਪਾਰਕਿੰਗ ਅਤੇ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜ ਅਨੁਸਾਰ ਟ੍ਰੈਫ਼ਿਕ ਕਰਮਚਾਰੀ ਤਾਇਨਾਤ ਕੀਤੇ ਜਾਣ। ਇਸ ਮੌਕੇ ਉਨ੍ਹਾਂ ਸਿਵਲ ਸਰਜਨ ਨੂੰ ਆਦੇਸ਼ ਦਿੰਦਿਆਂ ਕਿ ਉਹ ਡਾਕਟਰੀ ਟੀਮਾਂ ਅਤੇ ਐਂਬੂਲੈਂਸ ਗੱਡੀਆਂ ਦਾ ਪ੍ਰਬੰਧ ਕਰਨਾ ਯਕੀਨੀ ਬਣਾਉਣ।
ਇਸ ਮੌਕੇ ਸ. ਸੰਧੂ ਨੇ ਈਓ ਤਲਵੰਡੀ ਸਾਬੋ ਅਤੇ ਈਓ ਰਾਮਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਤਲਵੰਡੀ ਸਾਬੋ ਅਤੇ ਰਾਮਾਂ ਦੀ ਹਦੂਦ ਅੰਦਰ ਅਤੇ ਬਾਹਰ ਸਾਫ਼-ਸਫ਼ਾਈ, ਪਾਣੀ ਦਾ ਛਿੜਕਾੳ ਕਰਨਾ ਯਕੀਨੀ ਬਣਾਉਣ। ਉਨ੍ਹਾਂ ਜ਼ਿਲ੍ਹਾ ਵਣ ਅਫ਼ਸਰ ਨੂੰ ਕਿਹਾ ਕਿ ਉਹ ਸਮਾਰੋਹ ਵਾਲੀ ਥਾਂ ਨੀਵੇਂ ਦਰਖੱਤਾਂ, ਬੂਟਿਆਂ ਦੀ ਕਾਂਟ-ਛਾਂਟ ਕਰਨਾ ਲਾਜ਼ਮੀ ਬਣਾਉਣ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਤਲਵੰਡੀ ਸਾਬੋ ਅਤੇ ਰਾਮਾਂ ਵਿਖੇ ਸਮਾਰੋਹ ਵਾਲੀ ਜਗ੍ਹਾ ਤੇ ਬਿਜਲੀ ਕੁਨੇਕਸ਼ਨ ਦੇਣ ਅਤੇ ਜਨਰੇਟਰ ਦਾ ਲੋੜੀਂਦਾ ਪ੍ਰਬੰਧ ਕਰਨਾ, ਲੂਜ਼ ਕੁਨੇਕਸ਼ਨਾਂ, ਰਸਤੇ ਵਿਚੋਂ ਆਉਂਦੀਆਂ ਤਾਰਾਂ ਤੋਂ ਇਲਾਵਾ ਨਿਰਵਿਘਨ ਬਿਜਲੀ ਸਪਲਾਈ ਸੁਨਿਸਚਿਤ ਕਰਨਾ ਯਕੀਨੀ ਬਣਾਉਣਗੇ। ਇਸ ਮੌਕੇ ਉਨ੍ਹਾਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਆਮ ਲੋਕਾਂ ਲਈ ਲੋੜ ਅਨੁਸਾਰ ਜਨਾਨਾ ਅਤੇ ਮਰਦਾਨਾ ਪਖਾਨੇ ਬਣਾਉਣ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸਡੀਐਮ ਤਲਵੰਡੀ ਸਾਬੋ ਸ਼੍ਰੀ ਅਕਾਸ਼ ਬਾਂਸਲ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਸ਼ਾਮਲ ਸਨ।
14 ਦਸੰਬਰ ਦੀ ਮੋਗਾ ਰੈਲੀ ਲਈ ਯੂਥ ਅਕਾਲੀ ਦਲ ਦੀ ਮੀਟਿੰਗ ਅੱਜ ,ਪਰਮਬੰਸ ਸਿੰਘ ਬੰਟੀ ਰੋਮਾਣਾ ਕਰਨਗੇ ਸੰਬੋਧਨ: ਢੇਲਵਾਂ
ਮੁੱਖ ਦਫ਼ਤਰ ਸ਼ਹਿਰੀ ਬਠਿੰਡਾ ਵਿਖੇ ਹੋਵੇਗੀ ਦੁਪਹਿਰ 2 ਵਜੇ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ 5 ਦਸੰਬਰ:-ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 14 ਦਸੰਬਰ ਨੂੰ ਮੋਗਾ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਲਈ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ 6 ਦਸੰਬਰ ਦੁਪਹਿਰ 2 ਵਜੇ ਬੀਬੀਵਾਲਾ ਰੋਡ ਮੁੱਖ ਦਫਤਰ ਸਾਬਕਾ ਵਿਧਾਇਕ ਸ੍ਰੀ ਸਰੂਪ ਚੰਦ ਸਿੰਗਲਾ ਸ਼ਹਿਰੀ ਬਠਿੰਡਾ ਵਿਖੇ ਪਹੁੰਚ ਰਹੇ ਹਨ। ਇਹ ਜਾਣਕਾਰੀ ਯੂਥ ਅਕਾਲੀ ਦਲ ਬਠਿੰਡਾ ਦੇ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ ਨੇ ਦਿੰਦੇ ਹੋਏ ਯੂਥ ਅਕਾਲੀ ਦਲ ਦੇ ਸਮੂਹ ਜ਼ਿਲ੍ਹਾ ਪ੍ਰਧਾਨ ਸਰਕਲ ਪ੍ਰਧਾਨ ਅਹੁਦੇਦਾਰ ਸਾਹਿਬਾਨ ਨੂੰ ਸਮੇਂ ਸਿਰ ਹਦਾਇਤ ਕੀਤੀ ਹੈ । ਗੁਰਲਾਭ ਸਿੰਘ ਢੇਲਵਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਦੇ ਸਮੂਹ ਅਹੁਦੇਦਾਰ ਸਾਹਿਬਾਨ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ । ਗੁਰਲਾਭ ਸਿੰਘ ਢੇਲਵਾਂ, ਸੰਦੀਪ ਸਿੰਘ ਬਾਠ ਅਤੇ ਹਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦਾ ਬਠਿੰਡਾ ਪਹੁੰਚਣ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 14 ਦਸੰਬਰ ਦੀ ਰੈਲੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਦਾ ਮੁੱਢ ਬੰਨ੍ਹੇਗੀ ਜਿਸ ਲਈ ਹਰ ਵਰਗ ਵਿੱਚ ਭਾਰੀ ਉਤਸ਼ਾਹ ਹੈ ।







