Sunday, May 3, 2026
Home Blog Page 2689

ਮੇਰੀ ਸਰਕਾਰ ਦਾ ‘ਪੰਜਾਬ ਮਾਡਲ’ ਸਾਰਿਆਂ ਨੂੰ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ’ਤੇ ਅਧਾਰਿਤ- ਮੁੱਖ ਮੰਤਰੀ ਚੰਨੀ

0

ਉੱਘੀਆਂ ਸ਼ਖਸੀਅਤਾਂ ਦੇ ਜੀਵਨ ਅਤੇ ਦਰਸ਼ਨ ‘ਤੇ ਖੋਜ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜ ਚੇਅਰਾਂ ਮਾਨਵਤਾ ਨੂੰ ਸਮਰਪਿਤ
ਸੁਖਜਿੰਦਰ ਮਾਨ
ਅੰਮ੍ਰਿਤਸਰ, 6 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ‘ਪੰਜਾਬ ਮਾਡਲ’ ਸਾਰਿਆਂ ਲਈ ਮਿਆਰੀ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਯਕੀਨੀ ਬਣਾਉਣ ‘ਤੇ ਅਧਾਰਿਤ ਹੈ।ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਭਗਵਾਨ ਵਾਲਮੀਕਿ ਜੀ, ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ), ਭਗਤ ਕਬੀਰ ਜੀ, ਉੱਘੀ ਸ਼ਖਸੀਅਤ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਬੀ.ਆਰ. ਅੰਬੇਡਕਰ ਅਤੇ ਸਿੱਖ ਸ਼ਰਧਾਲੂ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਨਾਮ ਪੰਜ ਚੇਅਰਾਂ ਸਮਰਪਿਤ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਿੱਖਿਆ ਨੂੰ ਚੰਗੀ ਜੀਵਨ-ਜਾਚ ਲਈ ਬਹੁਤ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਗਰੀਬੀ ਤੋਂ ਛੁਟਕਾਰਾ ਪਾਉਣਾ ਸੰਭਵ ਨਹੀਂ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੁਫਤ ਸਿੱਖਿਆ ਦੀ ਬਜਾਏ ਮਿਆਰੀ ਅਤੇ ਸਸਤੀ ਸਿੱਖਿਆ ਨੂੰ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਬੱਤ ਦੀ ਭਲਾਈ ਵਾਲਾ ਸੂਬਾ ਹੈ ਅਤੇ ਮਿਆਰੀ ਸਿੱਖਿਆ ਅਤੇ ਸਿਹਤ ਤੱਕ ਸਾਰਿਆਂ ਦੀ ਬਰਾਬਰ ਪਹੁੰਚ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਅਤੇ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੀ ਲੋੜ ਹੈ ਕਿ ਸਮਾਜ ਦੇ ਹਰ ਵਰਗ ਦੇ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫਲਤਾ ਦੇ ਮੁਕਾਮ ਹਾਸਲ ਕਰਨ ਦਾ ਮੌਕਾ ਮਿਲੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਮ ਲੋਕਾਂ ਦੀ ਢੁਕਵੀਂ ਮਦਦ ਕਰਨ ਦੇ ਉਦੇਸ਼ ਪ੍ਰਤੀ ਪੂਰਨ ਤੌਰ ਉਤੇ ਵਚਨਬੱਧ ਹੈ।
ਸਿਲੇਬਸ ਵਿੱਚ ਲੋੜੀਂਦੀਆਂ ਸੋਧਾਂ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਸਮਾਜ ਦੀਆਂ ਮੌਜੂਦਾ ਜ਼ਰੂਰਤਾਂ ਮੁਤਾਬਕ ਢਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਯੂਨੀਵਰਸਿਟੀਆਂ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਸੰਸਥਾਵਾਂ ਉਚੇਰੀ ਸਿੱਖਿਆ ਦੇ ਮੰਦਰ ਹਨ ਅਤੇ ਇਸ ਲਈ ਫੀਸ ਢਾਂਚੇ ਨੂੰ ਤਰਕਸੰਗਤ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਿੱਖਿਆ ਨੂੰ ਸਾਰਿਆਂ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕੇ। ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਯੂਨੀਵਰਸਿਟੀਆਂ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ ਪਹਿਲਾਂ ਹੀ ਲੋੜੀਂਦੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਵੱਡੀ ਰਾਸ਼ੀ ਦੇ ਰੂਪ ਵਿਚ ਗਰਾਂਟ ਦਿੱਤੀ ਜਾ ਚੁੱਕੀ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੀ ਮਦਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਹਾਲਾਂਕਿ, ਮੁੱਖ ਮੰਤਰੀ ਚੰਨੀ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵੱਖ-ਵੱਖ ਕੋਰਸਾਂ ਦੀਆਂ ਫੀਸਾਂ ਘਟਾਉਣ ਲਈ ਵੀ ਢੁਕਵੀਂ ਯੋਜਨਾ ਉਲੀਕਣ ਲਈ ਕਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ, ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ), ਭਗਤ ਕਬੀਰ ਜੀ, ਡਾ: ਬੀ.ਆਰ. ਅੰਬੇਡਕਰ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਨਾਮ ‘ਤੇ ਸਥਾਪਤ ਕੀਤੀਆਂ ਚੇਅਰਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਉਨ੍ਹਾਂ ਦੇ ਮਹਾਨ ਜੀਵਨ ਅਤੇ ਫਲਸਫੇ ਦੇ ਪਾਸਾਰ ਲਈ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ, ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ), ਭਗਤ ਕਬੀਰ ਜੀ, ਡਾ: ਬੀ.ਆਰ. ਅੰਬੇਦਕਰ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਬਾਰੇ ਵਿਆਪਕ ਰੂਪ ਵਿਚ ਖੋਜ ਕਾਰਜ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਉਨ੍ਹਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਲਈ ਚਾਨਣ ਮੁਨਾਰੇ ਵਜੋਂ ਰਾਹ ਦਿਖਾਉਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਨਾਲ ਸ਼ਾਂਤਮਈ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਵਿੱਚ ਮਦਦ ਮਿਲੇਗੀ।

ਮੁੱਖ ਮੰਤਰੀ ਨੇ ਯੂਨੀਵਰਸਿਟੀ ਕੈਂਪਸ ਵਿੱਚ ਸੰਗੀਤ ਅਕੈਡਮੀ ਸਥਾਪਤ ਕਰਨ ਦਾ ਵੀ ਐਲਾਨ ਕੀਤਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਇਹ ਚੇਅਰਾਂ ਸਥਾਪਤ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਚੇਅਰਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਮਹਾਨ ਅਤੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਨਗੀਆਂ। ਸਿੱਧੂ ਨੇ ਕਿਹਾ ਕਿ ਇਹ ਚੇਅਰਾਂ ਸਿਰਫ਼ ਨਾਮ ਦੀਆਂ ਚੇਅਰਾਂ ਨਹੀਂ ਹਨ, ਸਗੋਂ ਇਹ ਆਪਣੇ-ਆਪ ਵਿੱਚ ਸੰਸਥਾਵਾਂ ਹਨ।ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਪਾਰਟੀ ਆਲ੍ਹਾ ਕਮਾਨ ਦੀ ਵੀ ਸ਼ਲਾਘਾ ਕੀਤੀ ਕਿਉਂਕਿ ਇਸ ਪਾਰਟੀ ਨੇ ਆਜ਼ਾਦੀ ਤੋਂ ਬਾਅਦ ਸੂਬੇ ਨੂੰ ਅਨੁਸੂਚਿਤ ਜਾਤੀ ਨਾਲ ਸਬੰਧਤ ਪਹਿਲਾ ਮੁੱਖ ਮੰਤਰੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਇਨਕਲਾਬੀ ਕਦਮ ਹੈ ਜੋ ਕਿ ਬਾਬਾ ਸਾਹਿਬ ਡਾ.ਬੀ.ਆਰ.ਅੰਬੇਦਕਰ ਵੱਲੋਂ ਸਮਾਜਵਾਦ ਦੇ ਟੀਚੇ ਨੂੰ ਸਹੀ ਅਰਥਾਂ ਵਿੱਚ ਪ੍ਰਾਪਤ ਕਰਨ ਲਈ ਤਿਆਰ ਕੀਤੇ ਗਏ ਸੰਵਿਧਾਨ ਦੇ ਅਨੁਕੂਲ ਹੈ। ਸਿੱਧੂ ਨੇ ਕਿਹਾ ਕਿ ਜੇਕਰ ਸਾਰਿਆਂ ਨੂੰ ਬਰਾਬਰ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਪੰਜਾਬ ਸਫਲਤਾ ਦੀ ਨਵੀਂ ਇਬਾਰਤ ਲਿਖੇਗਾ।
ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਗਰੀਬਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਗਰੀਬਾਂ ਦੇ ਬਿਜਲੀ ਅਤੇ ਪਾਣੀ ਦੇ ਬਿੱਲ ਮੁਆਫ ਕੀਤੇ ਗਏ ਹਨ, ਜਿਸ ਨਾਲ ਗਰੀਬ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।ਇਸ ਮੌਕੇ ਡਾ. ਐਚ.ਕੇ. ਪੁਰੀ ਨੇ ਡਾ. ਬੀ.ਆਰ. ਅੰਬੇਡਕਰ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਅਹਿਮ ਤਕਰੀਰੀ ਕੀਤੀ। ਡਾ: ਅਮਰਜੀਤ ਸਿੰਘ ਨੇ ਭਾਈ ਜੈਤਾ ਜੀ ਅਤੇ ਸੰਤ ਕਬੀਰ ਜੀ ਦੇ ਜੀਵਨ ਅਤੇ ਯੋਗਦਾਨ ‘ਤੇ ਚਾਨਣਾ ਪਾਇਆ | ਡਾ: ਸਰਬਜਿੰਦਰ ਸਿੰਘ ਨੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਇਤਿਹਾਸਕ ਤੱਥ ਪੇਸ਼ ਕੀਤੇ ਅਤੇ ਡਾ: ਸੁਧਾ ਜਤਿੰਦਰ ਨੇ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਚਾਨਣਾ ਪਾਇਆ।ਇਸ ਮੌਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਲੋਕ ਸਭਾ ਮੈਂਬਰ ਗੁਰਜੀਤ ਔਜਲਾ ਤੇ ਮੁਹੰਮਦ ਸਦੀਕ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਵਿਧਾਇਕ ਹਰਮਿੰਦਰ ਸਿੰਘ ਗਿੱਲ, ਇੰਦਰਬੀਰ ਬੁਲਾਰੀਆ, ਫਤਿਹਜੰਗ ਸਿੰਘ ਬਾਜਵਾ, ਗੁਰਪ੍ਰਤਾਪ ਸਿੰਘ ਅਜਨਾਲਾ, ਬਲਵਿੰਦਰ ਸਿੰਘ ਲਾਡੀ, ਤਰਸੇਮ ਸਿੰਘ ਡੀ.ਸੀ. ਤੋਂ ਇਲਾਵਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਤੇ ਹੋਰ ਵੀ ਹਾਜ਼ਰ ਸਨ।

ਹਰ ਘਰ ਦਸਤਕ ਮੁਹਿਮ : ਓ.ਪੀ. ਸੋਨੀ ਨੇ ਸੌ ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਵੈਨਾਂ ਨੂੰ ਦਿਖਾਈ ਹਰੀ ਝੰਡੀ

0

ਸੁਖਜਿੰਦਰ ਮਾਨ
ਚੰਡੀਗੜ੍ਹ, 06 ਦਸੰਬਰ: ਮੌਜੂਦਾ ਸਮੇਂ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਖਤਰੇ ਦੇ ਨਾਲ-ਨਾਲ ਕੋਵਿਡ ਦੀ ਤੀਜੀ ਲਹਿਰ ਦੀ ਕਿਸੇ ਵੀ ਸੰਭਾਵਨਾ ਨੂੰ ਟਾਲਣ ਦੇ ਮੱਦੇਨਜ਼ਰ, ਉਪ ਮੁੱਖ ਮੰਤਰੀ ਓ.ਪੀ. ਸੋਨੀ, ਜੋ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵੀ ਹਨ, ਨੇ ਪੰਜਾਬ ਵਿੱਚ ਸੌ ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਭਵਨ ਚੰਡੀਗੜ੍ਹ ਤੋਂ ਹਰੀ ਝੰਡੀ ਦੇ ਕੇ ਪੰਜ ਜਾਗਰੂਕਤਾ ਵੈਨਾਂ ਨੂੰ ਰਵਾਨਾ ਕੀਤਾ। ਇਹ ਜਾਗਰੂਕਤਾ ਮੁਹਿੰਮ ਹੋਰ ਵੀ ਵਧੇਰੇ ਮਹੱਤਵਪੂਰਣ ਹੋ ਜਾਂਦੀ ਹੈ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦਾ ਖ਼ਤਰਾ ਵੱਡੇ ਪੱਧਰ ‘ਤੇ ਮੰਡਰਾ ਰਿਹਾ ਹੈ ਅਤੇ ਲੋਕਾਂ ਨੂੰ ਕੋਵਿਡ ਦੇ ਪ੍ਰਕੋਪ ਤੋਂ ਬਚਾਉਣ ਦਾ ਟੀਕਾਕਰਨ ਹੀ ਸਥਾਈ ਤਰੀਕਾ ਹੈ।ਸੂਬੇ ਵਿਚ ਚੱਲ ਰਹੀ ਟੀਕਾਕਰਨ ਮੁਹਿੰਮ ਦਾ ਹਵਾਲਾ ਦਿੰਦਿਆਂ ਸ੍ਰੀ ਓ.ਪੀ.ਸੋਨੀ ਨੇ ਦੱਸਿਆ ਕਿ ਲਗਭਗ 1.66 ਕਰੋੜ (80 46%) ਵਿਅਕਤੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕਰ ਲਈ ਹੈ ਅਤੇ 79 ਲੱਖ ਲੋਕਾਂ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਅਤੇ ਹਰ ਘਰ ਤੱਕ ਪਹੁੰਚਣ ਦੇ ਮੰਤਵ ਨਾਲ ਨਵੰਬਰ ਦੇ ਪਹਿਲੇ ਹਫ਼ਤੇ ਸੂਬੇ ਵਿੱਚ “ਹਰ ਘਰ ਦਸਤਕ” ਕੋਵਿਡ-19 ਟੀਕਾਕਰਨ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਪਹਿਲੀ ਅਤੇ ਦੂਜੀ ਖੁਰਾਕ ਲਈ ਕ੍ਰਮਵਾਰ 312570 ਅਤੇ 412912 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ। 4788 ਪਿੰਡਾਂ ਵਿੱਚ ਕ੍ਰਮਵਾਰ ਪਹਿਲੀ ਡੋਜ਼ ਅਤੇ 1145 ਪਿੰਡਾਂ ਵਿੱਚ ਦੂਜੀ ਖੁਰਾਕ ਲਈ 100% ਟੀਕਾਕਰਨ ਹੋ ਚੁੱਕਾ ਹੈ।
ਕੋਰੋਨਾ ਟੀਕਾਕਰਨ ਵਿਚ ਹੋਰ ਤੇਜ਼ੀ ਲਿਆਉਣ ਦੇ ਮੰਤਵ ਨਾਲ਼ , ਇਹਨਾਂ ਆਈ.ਈ.ਸੀ. (ਸੂਚਨਾ ਸਿੱਖਿਆ ਸੰਚਾਰ) ਵੈਨਾਂ ਦੀ ਵਰਤੋਂ ਪਹਿਲੇ 15 ਦਿਨਾਂ ਤੱਕ ਘੱਟ ਕਾਰਗੁਜ਼ਾਰੀ ਵਾਲੇ ਜ਼ਿਲ੍ਹਿਆਂ (ਫਿਰੋਜ਼ਪੁਰ, ਮਾਨਸਾ, ਬਰਨਾਲਾ, ਬਠਿੰਡਾ, ਸੰਗਰੂਰ) ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਜਾਵੇਗੀ। ਜਿੱਥੇ ਟੀਕਾਕਰਨ ਪ੍ਰਤੀ ਵਿਰੋਧ ਅਤੇ ਸ਼ੰਕਿਆਂ ਨੂੰ ਇਨ੍ਹਾਂ ਵੈਨਾਂ ਰਾਹੀਂ ਜਾਗਰੂਕਤਾ ਪੈਦਾ ਕਰਕੇ ਵੈਕਸੀਨ ਲਗਵਾਉਣ ਬਾਰੇ ਹਿਚਕਚਾਹਟ ਨੂੰ ਦੂਰ ਕੀਤਾ ਜਾਵੇਗਾ। ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਇਸ ਜਾਗਰੂਕਤਾ ਮੁਹਿੰਮ ਨੂੰ ਚਲਾਉਣ ਲਈ ਸਿਹਤ ਵਿਭਾਗ ਦੇ ਮਾਸ ਐਜੂਕੇਸ਼ਨ ਅਤੇ ਮੀਡੀਆ ਵਿੰਗ ਦੇ ਬਲਾਕ ਐਕਸਟੈਂਸ਼ਨ ਐਜੂਕੇਟਰ ਤਾਇਨਾਤ ਕੀਤੇ ਜਾਣਗੇ।ਜਿਕਰਯੋਗ ਹੈ ਕਿ ਅੱਜ ਹਰੀ ਝੰਡੀ ਦੇ ਕੇ ਰਵਾਨਾ ਕੀਤੀਆਂ ਗਈਆਂ ਇਹ ਜਾਗਰੂਕਤਾ ਵੈਨਾਂ ਅਗਲੇ ਇੱਕ ਮਹੀਨੇ ਤੱਕ ਪਿੰਡ-ਪਿੰਡ ਜਾ ਕੇ ਇਸ ਮੁਹਿੰਮ ਸਬੰਧੀ ਜਾਗਰੂਕਤਾ ਪੈਦਾ ਕਰਨਗੀਆਂ, ਤਾਂ ਜੋ ਸੌ ਫੀਸਦੀ ਟੀਕਾਕਰਨ ਕਵਰੇਜ ਹਾਸਲ ਕੀਤੀ ਜਾ ਸਕੇ।ਇਸ ਤੋਂ ਬਾਅਦ ਸੂਬੇ ਭਰ ਦੇ ਹੋਰ ਜ਼ਿਲ੍ਹਿਆਂ ਨੂੰ ਵੀ ਕਵਰ ਕੀਤਾ ਜਾਵੇਗਾ। ਵਿਭਾਗ ਦਾ ਟੀਚਾ ਦਸੰਬਰ 2021 ਦੇ ਅੰਤ ਤੱਕ 100% ਪਹਿਲੀ ਖੁਰਾਕ ਅਤੇ ਦੂਜੀ ਖੁਰਾਕਦੀ ਰਹਿੰਦੀ ਕਵਰੇਜ ਨੂੰ ਪ੍ਰਾਪਤ ਕਰਨਾ ਹੈ।ਇਸ ਮੌਕੇ ਸਿਹਤ ਸਕੱਤਰ ਵਿਕਾਸ ਗਰਗ,ਮਿਸ਼ਨ ਡਾਇਰੈਕਟਰ ਐਨ.ਐਚ.ਐਮ. ਕੁਮਾਰ ਰਾਹੁਲ ਹਾਜਰ ਸਨ।

ਵਿਜੈ ਇੰਦਰ ਸਿੰਗਲਾ ਨੇ ਲੋਕ ਨਿਰਮਾਣ ਵਿਭਾਗ ‘ਚ ਨਵ-ਨਿਯੁਕਤ 20 ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

0

ਸੁਖਜਿੰਦਰ ਮਾਨ
ਚੰਡੀਗੜ੍ਹ, 6 ਦਸੰਬਰ: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਲੋਕ ਨਿਰਮਾਣ ਵਿਭਾਗ ਵਿੱਚ 20 ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਤਰਸ ਦੇ ਆਧਾਰ ‘ਤੇ ਵਿਭਾਗ ਵਿੱਚ ਵੱਖ-ਵੱਖ ਅਸਾਮੀਆਂ ‘ਤੇ ਭਰਤੀ ਕੀਤਾ ਗਿਆ ਹੈ, ਜਿਹਨਾਂ ਵਿੱਚ 2 ਕਲਰਕ, 17 ਚਪੜਾਸੀ ਅਤੇ ਇੱਕ ਚੌਕੀਦਾਰ ਸ਼ਾਮਲ ਹਨ।ਇਸ ਮੌਕੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਭਾਵੇਂ ਮ੍ਰਿਤਕ ਮੁਲਾਜ਼ਮਾਂ ਦੇ ਨੁਕਸਾਨ ਨੂੰ ਪੂਰਿਆ ਨਹੀਂ ਜਾ ਸਕਦਾ ਪਰ ਸਰਕਾਰ ਨੇ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੈਗੂਲਰ ਨਿਯੁਕਤੀਆਂ ਦੇ ਕੇ ਉਨ੍ਹਾਂ ਨੂੰ ਰੋਜ਼ੀ-ਰੋਟੀ ਦਾ ਸਨਮਾਨਜਨਕ ਸਾਧਨ ਮੁਹੱਈਆ ਕਰਵਾਉਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਉਹਨਾਂ ਆਸ ਪ੍ਰਗਟਾਈ ਕਿ ਇਹ ਨਵ-ਨਿਯੁਕਤ ਕਰਮਚਾਰੀ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਸਰਕਾਰ ਦੀਆਂ ਉਮੀਦਾਂ ‘ਤੇ ਖਰਾ ਉਤਰਨਗੇ।ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਨੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦੀਆਂ ਅਰਜ਼ੀਆਂ ‘ਤੇ ਤੇਜ਼ੀ ਨਾਲ ਕਾਰਵਾਈ ਕੀਤੀ ਹੈ।ਇਸ ਮੌਕੇ ‘ਤੇ ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਵਿਕਾਸ ਪ੍ਰਤਾਪ, ਸੀ.ਈ. ਅਰੁਣ ਕੁਮਾਰ, ਸੀ.ਈ. ਪਰਮਜਯੋਤੀ ਅਰੋੜਾ ਅਤੇ ਸੀ.ਈ. ਏ.ਐਸ. ਬਰਾੜ ਹਾਜ਼ਰ ਸਨ।

ਡਾਕਟਰ ਚਰਨਜੀਤ ਸਿੰਘ ਪਰੂਥੀ ਨੇ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ

0

ਸੁਖਜਿੰਦਰ ਮਾਨ
ਚੰਡੀਗੜ, 6 ਦਸੰਬਰ: ਉੱਤਰੀ ਭਾਰਤ ਦੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਚਰਨਜੀਤ ਸਿੰਘ ਪਰੂਥੀ ਨੇ ਅੱਜ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ।ਡਾਕਟਰੀ ਸਿੱਖਿਆ ਤੇ ਖੋਜ ਭਵਨ ਵਿਖੇ ਅਹੁਦਾ ਸੰਭਾਲਣ ਤੋਂ ਬਾਅਦ ਡਾ. ਪਰੂਥੀ ਨੇ ਇਹ ਜ਼ਿੰਮੇਵਾਰੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਉਹ ਮੈਡੀਕਲ ਖੇਤਰ ਵਿੱਚ ਹਾਸਲ ਕੀਤੇ ਤਜਰਬੇ ਨੂੰ ਮੈਡੀਕਲ ਕੌਂਸਲ ਦੇ ਕਾਰਜਾਂ ਨੂੰ ਅਮਲ ਵਿੱਚ ਲਿਆਉਣ ਲਈ ਵਰਤਣਗੇ ਅਤੇ ਇਹ ਨਵੀਂ ਜ਼ਿੰਮੇਵਾਰੀ ਇਮਾਨਦਾਰੀ ਅਤੇ ਪੂਰੇ ਸਮਰਪਨ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਉਹ ਡਾਕਟਰੀ ਪੇਸ਼ੇ ਵਿੱਚ ਉੱਚ ਕਦਰਾਂ-ਕੀਮਤਾ ਨੂੰ ਕਾਇਮ ਰੱਖਣ ਦੀ ਤਵੱਕੋ ਰੱਖਦੇ ਹਨ ਅਤੇ ਇਸ ਦਿਸ਼ਾ ਵੱਲ ਲਗਾਤਾਰ ਕੰਮ ਕਰਦੇ ਰਹਿਣਗੇ। ਉਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਸੌਂਪੀ ਇਸ ਨਵੀਂ ਜ਼ਿੰਮੇਂਵਾਰੀ ’ਤੇ ਖਰਾ ਉਤਰਣ ਦੀ ਹਰ ਕੋਸ਼ਿਸ਼ ਕਰਨਗੇ।
ਗੌਰਤਲਬ ਹੈ ਕਿ 2 ਦਸੰਬਰ 1953 ਨੂੰ ਲੁਧਿਆਣਾ ਜ਼ਿਲੇ ਦੇ ਜਗਰਾਉਂ ਵਿੱਚ ਜਨਮੇ ਡਾ. ਪਰੂਥੀ ਨੇ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਤੋਂ 1977 ਵਿੱਚ ਐਮ.ਬੀ.ਬੀ.ਐਸ. ਕਰਨ ਤੋਂ ਬਾਅਦ ਇਸੇ ਅਦਾਰੇ ਤੋਂ 1983 ਵਿੱਚ ਐਮ.ਡੀ. ਮੈਡੀਸਨ ਦੀ ਡਿਗਰੀ ਕੀਤੀ। ਉਨਾਂ ਨੇ ਕਾਰਡੀਓਲਾਜੀ ਵਿੱਚ ਫੈਲੋਸ਼ਿਪ ਵੀ ਹਾਸਲ ਕੀਤੀ। ਪੜਾਈ ਤੋਂ ਬਾਅਦ ਡਾ. ਪਰੂਥੀ ਨੇ ਵੱਖ ਵੱਖ ਮੈਡੀਕਲ ਸੰਸਥਾਵਾਂ ਵਿੱਚ ਜ਼ਿੰਮੇਂਵਾਰੀ ਨਿਭਾਈ ਅਤੇ ਇਸ ਖੇਤਰ ਵਿੱਚ ਵੱਡਾ ਨਾਮੜਾ ਖੱਟਿਆ। ਉਨਾਂ ਨੇ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਭਾਗ ਲਿਆ। 1995 ਵਿੱਚ ਉਨਾਂ ਨੇ ਬੀ.ਬੀ.ਸੀ. ਹਾਰਟ ਕੇਅਰ ਪਰੂਥੀ ਹਸਪਤਾਲ ਜਲੰਧਰ ਦੇ ਨਾਂ ਹੇਠ ਉੱਤਰੀ ਭਾਰਤ ਦਾ ਪਹਿਲਾ ਓਪਨ ਹਾਰਟ ਸਰਜਰੀ ਸੈਂਟਰ ਖੋਲਿਆ। ਉਹ ਇਸ ਦੇ ਚੇਅਰਮੈਨ-ਕਮ- ਡਾਇਰੈਕਟਰ ਹਨ। ਇਸ ਵੇਲੇ ਉਹ ਕੈਪੀਟੋਲ ਹਸਪਤਾਲ ਜਲੰਧਰ ਦੇ ਚੇਅਰਮੈਨ ਵੀ ਹਨ।
ਇਸ ਮੌਕੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਆਈ.ਐਮ.ਏ ਦੇ ਰਾਸ਼ਟਰੀ ਉਪ ਪ੍ਰਧਾਨ ਡਾ.ਨਵਜੋਤ ਦਹੀਆ, ਡਾ.ਅਵਨੀਸ਼ ਕੁਮਾਰ, ਡੀ.ਆਰ.ਐਮ.ਈ.ਪੰਜਾਬ ਅਤੇ ਹੋਰ ਪੀਐਸਸੀ ਮੈਂਬਰ ਜਿਨਾਂ ਵਿੱਚ ਡਾ.ਗਿਰੀਸ਼ ਸਾਹਨੀ, ਮੀਤ ਪ੍ਰਧਾਨ ਡਾ. ਮਨੋਜ ਕੁਮਾਰ ਸੋਬਤੀ, ਡਾ. ਜੈਸਮੀਨ ਕੌਰ, ਡਾ: ਸੁਰਿੰਦਰਪਾਲ ਸਿੰਘ, ਡਾ: ਵਿਜੈ ਕੁਮਾਰ, ਡਾ: ਕਰਮਵੀਰ ਗੋਇਲ, ਡਾ: ਅਮਰਬੀਰ ਸਿੰਘ, ਡਾ: ਪਿ੍ਰਤਪਾਲ ਸਿੰਘ, ਡਾ: ਭਗਵੰਤ ਸਿੰਘ, ਡਾ: ਅਸ਼ੋਕ ਉੱਪਲ, ਡਾ: ਅਕਾਸ਼ ਦੀਪ ਅਗਰਵਾਲ, ਰਜਿਸਟਰਾਰ, ਸ੍ਰੀ ਵਰਿੰਦਰ ਸੂਦ ਓ.ਐਸ.ਡੀ ਵਰਿੰਦਰ ਸੂਦ ਵੀ ਹਾਜ਼ਰ ਸਨ।ਪਰਿਵਾਰ ਅਤੇ ਦੋਸਤਾਂ ਤੋਂ ਇਲਾਵਾ ਡਾ: ਅਨੇਜਾ ( ਚਮੜੀ ਰੋਗਾਂ ਦੇ ਮਾਹਰ), ਡਾ: ਹਰਨੂਰ ਪਰੂਥੀ (ਕਾਰਡੀਓਲਾਜਿਸਟ ਅਤੇ ਡਾਇਰੈਕਟਰ ਕੈਪੀਟੋਲ ਹਸਪਤਾਲ), ਸ੍ਰੀ ਜੀ. ਐੱਸ. ਸਿਆਲ (ਸੀ. ਏ. ਅਤੇ ਟਰੱਸਟੀ ਅਜੀਤ ਸਮਾਚਾਰ) ਸ੍ਰੀ ਜਤਿੰਦਰ ਪਾਲ ਪਰੂਥੀ (ਚੇਅਰਮੈਨ ਗਲੈਕਸੀ ਆਟੋਜੋਨ) ਸ੍ਰੀ ਢੀਂਡਸਾ ਅਤੇ ਸ੍ਰੀ ਕਰਨ ਲਾਲੀ ਵੀ ਪ੍ਰਧਾਨ ਦੇ ਨਾਲ ਮੌਜੂਦ ਸਨ।

ਲੁਧਿਆਣਾ ਦੇ ਐਮਐਸਐਮਈ ਉਦਯੋਗ ਦਾ ਵਫ਼ਦ ਚੇਅਰਮੈਨ ਪਵਨ ਦੀਵਾਨ ਨੂੰ ਮਿਲਿਆ
ਇੰਡਸਟਰੀ ਦੀਆਂ ਮੰਗਾਂ ਸਬੰਧੀ ਦਿੱਤਾ ਮੰਗ ਪੱਤਰ

0

ਸੁਖਜਿੰਦਰ ਮਾਨ
ਚੰਡੀਗੜ੍ਹ,6 ਦਸੰਬਰ: ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਬੈਨਰ ਹੇਠ ਲੁਧਿਆਣਾ ਦੇ ਐਮਐਸਐਮਈ ਉਦਯੋਗ ਦੇ ਇੱਕ ਵਫ਼ਦ ਨੇ ਅੱਜ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ ਅਤੇ ਉਦਯੋਗਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ।
ਮੈਮੋਰੰਡਮ ਵਿੱਚ ਐਮਐਸਐਮਈ ਸੈਕਟਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਦੱਸਿਆ ਗਿਆ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਪੀ.ਐੱਸ.ਪੀ.ਸੀ.ਐੱਲ. ਪੀ.ਆਈ.ਯੂ ਅਤੇ 2 ਪਾਰਟ ਟੈਰਿਫ ਰਾਹੀਂ ਇੰਡਸਟਰੀ ‘ਤੇ ਭਾਰੀ ਜੁਰਮਾਨੇ ਕਰਦਾ ਹੈ। ਜਿਨ੍ਹਾਂ ਦੇ ਅਨੁਸਾਰ ਹਾਲ ਹੀ ਵਿੱਚ ਹੋਈ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 31 ਮਾਰਚ, 2019 ਤੱਕ ਲੁਧਿਆਣਾ ਵਿੱਚ ਇੱਕ ਲੱਖ ਦੇ ਕਰੀਬ ਐਮਐਸਐਮਈ ਉਦਯੋਗ ਸਨ ਅਤੇ ਇਨ੍ਹਾਂ ਉਦਯੋਗਾਂ ਉੱਤੇ 24.50 ਲੱਖ ਰੁਪਏ ਦਾ ਕ੍ਰੈਡਿਟ ਖੜ੍ਹਾ ਸੀ। ਜਿਸਦਾ ਅਸਰ ਹੋਇਆ ਅਤੇ ਹੁਣ MSME ਯੂਨਿਟ ਘੱਟ ਕੇ 90 ਹਜ਼ਾਰ ‘ਤੇ ਆ ਗਏ ਹਨ, ਜਦਕਿ ਕ੍ਰੈਡਿਟ ਵਧ ਕੇ ਕਰੀਬ 37 ਲੱਖ ਰੁਪਏ ਹੋ ਗਿਆ ਹੈ।
ਇਸ ਕ੍ਰਮ ਵਿੱਚ, ਉਸਨੇ ਪੀਐਸਪੀਸੀਐਲ ਤੋਂ ਕਲੀਅਰੈਂਸ ਲੈਣ ਲਈ ਐਮਐਸਐਮਈ ਉਦਯੋਗ ਨੂੰ ਸੰਵੇਦਨਸ਼ੀਲ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ ਅਤੇ ਪੀਐਸਪੀਸੀਐਲ ਨੂੰ ਇਸ ਜੁਰਮਾਨੇ ਦੀ ਰਕਮ ਨੂੰ ਮੁਆਫ ਕਰਨ ਦੀ ਮੰਗ ਕਰਦੇ ਹੋਏ ਪੀਆਈਐਲ ਨੂੰ 31 ਮਾਰਚ, 2022 ਤੱਕ ਵਧਾਉਣ ਦੀ ਅਪੀਲ ਕੀਤੀ ਹੈ। ਇਸੇ ਤਰ੍ਹਾਂ ਟੁ ਪਾਰਟ ਟੈਰਿਫ ਨੂੰ ਸਿੰਗਲ ਟੈਰਿਫ ਨਾਲ ਬਦਲਿਆ ਜਾਣਾ ਚਾਹੀਦਾ ਹੈ ਅਤੇ ਸਾਰੇ ਖਰਚਿਆਂ ਅਤੇ ਟੈਕਸਾਂ ਨੂੰ ਸ਼ਾਮਲ ਕਰਕੇ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲਣੀ ਚਾਹੀਦੀ ਹੈ।
ਚੇਅਰਮੈਨ ਪਵਨ ਦੀਵਾਨ ਨੇ ਉਦਯੋਗ ਦੇ ਨੁਮਾਇੰਦਿਆਂ ਵੱਲੋਂ ਉਠਾਈਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੇ ਹੱਲ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਉਦਯੋਗਾਂ ਨੂੰ ਪਹਿਲਾਂ ਹੀ ਬਹੁਤ ਸਾਰੀਆਂ ਰਿਆਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਜੋ ਵੀ ਕਮੀ ਰਹਿ ਗਈ ਹੈ, ਉਸਨੂੰ ਵੀ ਜਲਦੀ ਹੀ ਪੂਰਾ ਕੀਤਾ ਜਾਵੇਗਾ।
ਇਸ ਵਫ਼ਦ ਵਿੱਚ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਜੈਮਕੋ, ਮਨਜਿੰਦਰ ਸਿੰਘ ਸਚਦੇਵਾ, ਅਵਤਾਰ ਸਿੰਘ ਭੋਗਲ, ਇੰਦਰਜੀਤ ਸਿੰਘ ਨਵਯੁਗ ਸਾਬਕਾ ਪ੍ਰਧਾਨ ਅਤੇ ਰਵੀ ਵਰਮਾ ਵੀ ਹਾਜ਼ਰ ਸਨ

ਅਕਾਲੀ ਦਲ ਤੇ ਬਸਪਾ ਸਰਕਾਰ ਆਉਣ ’ਤੇ ਪੰਜਾਬ ਕਬੱਡੀ ਕੱਪ ਤੇ ਕਬੱਡੀ ਲੀਗ ਸ਼ੁਰੂ ਕਰਨ ਤੋਂ ਇਲਾਵਾ ਵਿਸ਼ਵ ਕਬੱਡੀ ਕੱਪ ਮੁੜ ਸ਼ੁਰੂ ਕਰ ਕੇ ਕਬੱਡੀ ਨੂੰ ਸੁਰਜੀਤ ਕੀਤਾ ਜਾਵੇਗਾ : ਸੁਖਬੀਰ ਸਿੰਘ ਬਾਦਲ

0

ਕਬੱਡੀ ਖਿਡਾਰੀਆਂ, ਕੋਚਾਂ ਤੇ ਵੱਖ ਵੱਖ ਐਸੋਸੀਏਸ਼ਨਾਂ ਵੱਲੋਂ ਅਕਾਲੀ ਦਲ ਨੁੰ ਹਮਾਇਤ ਦੇਣ ਦਾ ਐਲਾਨ
ਐਲਾਨ ਕੀਤਾ ਕਿ ਹਰ ਹਲਕੇ ਵਿਚ ਇਕ ਕਬੱਡੀ ਸਟੇਡੀਅਮ ਬਣਾਇਆ ਜਾਵੇਗਾ, ਖਿਡਾਰੀਆਂ ਲਈ 25 ਲੱਖ ਰੁਪਏ ਦਾ ਐਕਸੀਡੈਂਟਲ ਬੀਮਾ ਸ਼ੁਰੂ ਕੀਤਾ ਜਾਵੇਗਾ ਤੇ ਸਿਖਰਲੇ ਖਿਡਾਰੀਆਂ ਨੁੰ ਕੋਚਾਂ ਵਜੋਂ ਭਰਤੀ ਕੀਤਾ ਜਾਵੇਗਾ
ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਪੰਜਾਬ ਵਿਚ ਸੂਬਾ, ਕੌਮੀ ਤੇ ਕੌਮਾਂਤਰੀ ਪੱਧਰ ’ਤੇ ਕਬੱਡੀ ਨੁੰ ਸੁਰਜੀਤ ਕਰਨ ਲਈ ਕਬੱਡੀ ਕੱਪ ਤੇ ਕਬੱਡੀ ਲੀਗ ਸ਼ੁਰੂ ਕੀਤੀ ਜਾਵੇਗੀ ਤੇ ਵਰਲਡ ਕਬੱਡੀ ਕੱਪ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ।ਅਕਾਲੀ ਦਲ ਦੇ ਪ੍ਰਧਾਨ ਇਥੇ ਸੁਬੇ ਭਰ ਤੋਂ ਪਹੁੰਚੇ ਕੌਮਾਂਤਰੀ ਸਮੇਤ 400 ਖਿਡਾਰੀਆਂ ਤੋਂ ਇਲਾਵਾ ਕਬੱਡੀ ਐਸੋਸੀਏਸ਼ਨਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰ ਰਹੇ ਸਨ ਜਿਹਨਾਂ ਨੇ ਅਕਾਲੀ ਦਲ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਕਬੱਡੀ ਨੂੰ ਸੁਰਜੀਤ ਕਰਨ ਤੇ ਇਸਨੂੰ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਤੋਂ ਦੇ ਸਮੇਂ ਤੋਂ ਵੀ ਉੱਚਾ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਭਾਵੇਂ ਕਾਂਗਰਸ ਨੇ ਵਿਸ਼ਵ ਕਬੱਡੀ ਕੱਪ ਬੰਦ ਕਰਵਾ ਦਿੱਤਾ ਪਰ ਉਹਨਾਂ ਨੇ ਹੁਣ ਤਿੰਨ ਪੜਾਵੀ ਰਣਨੀਤੀ ਉਲੀਕੀ ਹੈ। ਉਹ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਮਲੂਕਾ ਸਮੇਤ ਕਬੱਡੀ ਖਿਡਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਅਸੀਂ ਪੰਜਾਬ ਕੱਪ ਸ਼ੁਰੂ ਕਰਾਂਗੇ ਜਿਸ ਵਿਚ ਸੂੁਬੇ ਦੇ ਸਾਰੇ ਜ਼ਿਲਿ੍ਹਆਂ ਦੀਆਂ ਟੀਮਾਂ ਭਾਗ ਲੈਣਗੇ ਤੇ ਇਸ ਵਿਚ ਇਨਾਮੀ ਰਾਸ਼ੀ 1 ਕਰੋੜ ਰੁਪਏ ਹੋਵੇਗੀ। ਉਹਨਾਂ ਕਿਹਾ ਕਿ ਦੇਸ਼ ਵਿਚ ਕਬੱਡੀ ਨੁੰ ਕੌਮੀ ਪੱਧਰ ’ਤੇ ਲਿਜਾਣ ਲਈ ਕਬੱਡੀ ਲੀਗ ਸ਼ੁਰੂ ਕੀਤੀ ਜਾਵੇਗੀ ਜੋ ਕ੍ਰਿਕਟ ਲੀਗ ਦੇ ਮੁਤਾਬਕ ਚਲਾਈ ਜਾਵੇਗੀ ਤੇ ਇਸ ਵਿਚ ਇਨਾਮੀ ਰਾਸ਼ੀ 2 ਕਰੋੜ ਰੁਪਏ ਹੋਵੇਗੀ। ਉਹਨਾ ਐਲਾਨ ਕੀਤਾ ਕਿ ਵਿਸ਼ਵ ਕਬੱਡੀ ਕੱਪ ਮੁੜ ਸ਼ੁਰੂ ਕੀਤਾ ਜਾਵੇਗਾ ਤੇ ਇਸ ਵਿਚ ਇਨਾਮੀ ਰਾਸ਼ੀ 5 ਕਰੋੜ ਰੁਪਏ ਹੋਵੇਗੀ।ਕਬੱਡੀ ਨੂੰ ਸੂਬੇ ਵਿਚ ਲੋਕਪ੍ਰਿਅ ਬਣਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਗੱਲ ਕਰਦਿਆਂ ਸ: ਬਾਦਲ ਨੇ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਵਿਚ ਕਬੱਡੀ ਮੈਚ ਕਰਵਾਏ ਜਾਣਗੇ ਜਿਸ ਵਾਸਤੇ ਸਟੇਡੀਅਮ ਬਣਾਇਆ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਕਬੱਡੀ ਪਲੇਅਰ ਦੀ ਗਰੇਡੇਸ਼ਨ ਕੀਤੀ ਜਾਵੇਗੀ ਅਤੇ ਉਹਨਾਂ ਦਾ 25 ਲੱਖ ਰੁਪਏ ਦਾ ਐਕਸਡੈਂਟਲ ਬੀਮਾ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਸਿਖਰਲੇ ਖਿਡਾਰੀ ਨੂੰ ਸੇਵਾ ਮੁਕਤੀ ਮਗਰੋਂ ਕੋਚਾਂ ਵਜੋਂ ਭਰਤੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਬੱਡੀ ਐਸੋਸੀਏਸ਼ਨਾ ਲਈ ਵੀ ਫੰਡ ਰੱਖੇ ਜਾਣਗੇ ਤਾਂ ਜੋ ਨਵੇਂ ਹੁਨਰ ਦੀ ਸ਼ਨਾਖ਼ਤ ਕੀਤੀ ਜਾਵੇ ਤੇ ਉਹਨਾਂ ਨੁੰ ਉਤਸ਼ਾਹਿਤ ਕੀਤਾ ਜਾ ਸਕੇ।ਸ: ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਕਬੱਡੀ ਤੋਂ ਇਲਾਵਾ 15 ਹੋਰ ਖਿਡਾਰੀਆਂ ਦੀ ਸ਼ਨਾਖ਼ਤ ਕਰ ਕੇ ਮਿਸ਼ਨ ਓਲੰਪਿਕ ਪ੍ਰੋਗਰਾਮ ਸ਼ੁਰੂ ਕਰੇਗੀ। ਉਹਨਾਂ ਕਿਹਾ ਕਿ ਸੂਬਾ ਅਪਾਣਾ ਧਿਆਨ ਇਹਨਾਂ ਪੰਦਰਾਂ ਖੇਡਾਂ ਵੱਲ ਲਗਾਏਗਾ ਤੇ ਇਸ ਵਾਸਤੇ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇਗਾ ਤੇ ਵਿਸ਼ਵ ਪੱਧਰ ਦੇ ਕੋਚ ਖਿਡਾਰੀਆਂ ਨੂੰ ਸਿਖਲਾਈ ਦੇਣ ਵਾਸਤੇ ਰੱਖੇ ਜਾਣਗੇ ਤਾਂ ਜੋ ਉਲੰਪਿਕ ਪੱਧਰ ’ਤੇ ਚੰਗਾ ਪ੍ਰਦਰਸ਼ਨ ਕੀਤਾ ਜਾ ਸਕੇ।ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਕਬੱਡੀ ਤੋਂ ਇਲਾਵਾ ਪੰਜਾਬੀਆਂ ਘੋੜੇ ਰੱਖਣ ਲੱਗ ਪਏ ਹਨ ਕਿਉਂਕਿ ਬੀਤੇ ਸਮੇਂ ਵਿਚ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਸਫਲਤਾ ਨਾਲ ਘੋੜਿਆਂ ਦੇ ਮੇਲੇ ਆਯੋਜਿਤ ਕੀਤੇ ਗਏ ਸਨ। ਉਹਨਾਂ ਕਿਹਾ ਕਿ ਅਸੀਂ ਇਸ ਲਹਿਰ ਨੁੰ ਅੱਗੇ ਲੈ ਕੇ ਜਾਵਾਂਗੇ ਤੇ ਵਿਸ਼ੇਸ਼ ਰੇਸ ਕੋਰਸ ਤਿਆਰ ਕਰਵਾ ਕੇ ਮਾਰਵਾੜੀ ਘੋੜਿਆਂ ਦੀ ਦੌੜ ਕਰਵਾਈ ਜਾਵੇਗੀ ਤੇ ਇਸ ਵਾਸਤੇ 1 ਕਰੋੜ ਰੁਪਏ ਦੇ ਇਨਾਮ ਰੱਖੇ ਜਾਣਗੇ।ਇਸ ਦੌਰਾਨ ਖਿਡਾਰੀਆਂ ਤੇ ਕੋਚਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਗੱਲਬਾਤ ਕਰਦਿਆਂ ਕਾਂਗਰਸ ਸਰਕਾਰ ਵੱਲੋਂ ਸਾਰੇ ਕਾਰਜਕਾਲ ਵੇਲੇ ਹੋਏ ਸਿਰਫ ਇਕ ਕਬੱਡੀ ਮੈਚ ਦੀ ਵੀ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਨਹੀਂ ਕੀਤੀ। ਇਹਨਾਂ ਖਿਡਾਰੀਆਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਛੇ ਵਿਸ਼ਵ ਕਬੱਡੀ ਕੱਪ ਕਰਵਾਏ ਤੇ ਕਬੱਡੀ ਨੂੰ ਹੁਲਾਰਾ ਦਿੱਤਾ। ਉਹਨਾਂ ਨੇ ਇਸ ਮੌਕੇ ਅਕਾਲੀ ਦਲ ਨੂੰ ਹਮਾਇਤ ਦੇਣ ਦਾ ਐਲਾਨ ਵੀ ਕੀਤਾ।ਇਸ ਮੌਕੇ ਸ: ਮਲੂਕਾ ਤੋਂ ਇਲਾਵਾ ਤੇਜਿੰਦਰ ਸਿੰਘ ਮਿੱਡੂਖੇੜਾ, ਬਲਕਾਰ ਸਿੰਘ ਬਰਾੜ ਜਿਲ੍ਹਾ ਪ੍ਰਧਾਨ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਤੇ ਦਰਸਨ ਸਿੰਘ ਕੋਟਫੱਤਾ, ਸੀਨੀਅਰ ਆਗੂ ਗਰਦੌਰ ਸਿੰਘ ਸੰਧੂ, ਮੋਹਿਤ ਗੁਪਤਾ, ਗੁਰਮੀਤ ਸਿੰਘ ਚੇਅਰਮੈਨ, ਵਿਕਰਮ ਲੱਕੀ, ਪਰਮਿੰਦਰ ਡੱਲਾ ਦੋਵੇਂ ਸੀਨੀਅਰ ਮੀਤ ਪ੍ਰਧਾਨ ਪੰਜਾ ਕਬੱਡੀ ਐਸੋਸੀਏਸ਼ਨ, ਪ੍ਰਮੁੱਖ ਕੋਚ ਸੁਰਿੰਦਰ ਕਲਖ ਤੇ ਹਰਪ੍ਰੀਤ ਸਿੰਘ ਬਾਬਾ, ਬੀਤੇ ਸਮੇਂ ਦੇ ਚੈਂਪੀਅਨ ਯਾਦਾ ਸੁਰਖਪੁਰ, ਅਰਸ਼ ਚੋਹਲਾ ਸਾਹਿਬ, ਮੱਖਣ ਮੱਖੀ, ਸੁਲਤਾਨ ਸੌਂਸਪੁਰ ਤੇ ਗੁਰਮੀਤ ਡਿਆਣੀਵੀ ਹਾਜ਼ਰ ਸਨ।

ਕਿਸਾਨਾਂ ਦੇ ਰੋਹ ਅੱਗੇ ਬਹਾਦਰਗਡ਼੍ਹ ਦਾ ਐਸ ਡੀ ਐਮ ਅਤੇ ਬਿਜਲੀ ਬੋਰਡ ਦੇ ਅਧਿਕਾਰੀ ਹੋਏ ਗੋਡਿਆਂ ਭਾਰ

ਸੁਖਜਿੰਦਰ ਮਾਨ
ਨਵੀਂ ਦਿੱਲੀ, 6 ਦਸੰਬਰ: ਬਹਾਦਰਗੜ੍ਹ ਦੇ ਕਿਸਾਨ ਬਲਜੀਤ ਸਿੰਘ ਵੱਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਦੇਣ ਲਈ ਆਪਣੇ ਨਿੱਜੀ ਟਿਊਬਵੈੱਲ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਕਿਸਾਨਾਂ ਵਾਸਤੇ ਚਾਲੂ ਕੀਤੀ ਹੋਈ ਹੈ ਤਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਭਾਜਪਾ ਆਗੂਆਂ ਦੇ ਇਸ਼ਾਰੇ ਤੇ ਬਦਲਾ ਖੋਰੀ ਦੀ ਭਾਵਨਾ ਨਾਲ ਬਿਜਲੀ ਚੋਰੀ ਦਾ ਕੇਸ ਪਾ ਕੇ 44000 ਰੁਪਏ ਦੇ ਕਰੀਬ ਜੁਰਮਾਨਾ ਪਾ ਦਿੱਤਾ । ਜੁਰਮਾਨੇ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਆਗੂਆਂ ਦਾ ਵਫ਼ਦ ਪਿਛਲੇ ਚਾਰ ਮਹੀਨਿਆਂ ਤੋਂ ਬਿਜਲੀ ਅਧਿਕਾਰੀਆਂ , ਐਸਡੀਐਮ ਅਤੇ ਡੀ ਸੀ ਨੂੰ ਕਈ ਵਾਰ ਮਿਲ ਚੁੱਕੇ ਸਨ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਤਾਂ ਅੱਜ ਮਜਬੂਰ ਹੋਏ ਕਿਸਾਨਾਂ ਨੇ ਐਸਡੀਐਮ ਬਹਾਦਰਗਡ਼੍ਹ ਦਾ ਦਫ਼ਤਰ ਘੇਰ ਲਿਆ । ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਐੱਸਡੀਐਮ ਬਹਾਦਰਗਡ਼੍ਹ ਨੇ ਇੱਕ ਘੰਟੇ ਅੰਦਰ ਅੰਦਰ ਕਿਸਾਨਾਂ ਦੇ ਧਰਨੇ ਵਿਚ ਆ ਕੇ ਕਿਸਾਨ ਬਲਜੀਤ ਸਿੰਘ ਤੇ ਪਾਏ ਹੋਏ ਜੁਰਮਾਨੇ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ । ਇਸ ਤੋਂ ਬਾਅਦ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਸਾਰੀ ਘਟਨਾ ਦੀ ਪਕੌੜਾ ਚੌਕ ਦੀ ਸਟੇਜ ਤੋਂ ਜਾਣਕਾਰੀ ਸਾਂਝੀ ਕੀਤੀ ਤਾਂ ਰੋਹ ਵਿੱਚ ਆਏ ਕਿਸਾਨਾਂ ਵੱਲੋਂ ਜਿੱਤ ਦੀ ਖੁਸ਼ੀ ਚ ਰੋਹ ਭਰਪੂਰ ਨਾਹਿਰਆਂ ਨਾਲ ਅਕਾਸ਼ ਗੂੰਜਣ ਲਾ ਦਿਤਾ। ਸੰਗਰੂਰ ਜਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਮੋਗਾ ਜ਼ਿਲ੍ਹੇ ਦੀ ਔਰਤ ਆਗੂ ਕੁਲਦੀਪ ਕੌਰ ਕੁੱਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਲੰਮੇ ਸੰਘਰਸ਼ ਨੇ ਕੇਂਦਰ ਦੀ ਹੰਕਾਰੀ ਹਕੂਮਤ ਨੂੰ ਆਪਣੇ ਸ਼ਾਂਤਮਈ ਅਤੇ ਦ੍ਰਿੜ੍ਹ ਇਰਾਦਿਆਂ ਨਾਲ ਲੜੇ ਸੰਘਰਸ਼ ਸਦਕਾ ਗੋਡਣੀਆਂ ਭਾਰ ਕੀਤਾ ਹੈ । ਖੇਤੀ ਕਾਨੂੰਨ ਰੱਦ ਕਰਨ ਦੇ ਨਾਲ ਨਾਲ ਦਿੱਲੀ ਮੋਰਚੇ ਦੌਰਾਨ ਰਹਿੰਦੀਆਂ ਮੰਗਾਂ ਵੀ ਮੰਨਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਸੰਯੁਕਤ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਮਨਵਾਉਣ ਲਈ ਇੱਕਮੁੱਠ ਹੋ ਕੇ ਅੱਗੇ ਵਧ ਰਿਹਾ ਹੈ । ਅੱਜ ਸਟੇਜ ਸਕੱਤਰ ਦੀ ਭੂਮਿਕਾ ਬਠਿੰਡੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਨਿਭਾਈ ਅਤੇ ਸਟੇਜ ਤੋਂ ਗੁਰਦੇਵ ਸਿੰਘ ਕਿਸ਼ਨਪੁਰਾ ਅਤੇ ਮੋਠੂ ਸਿੰਘ ਕੋਟੜਾ ਨੇ ਵੀ ਸੰਬੋਧਨ ਕੀਤਾ।

8 ਦਸੰਬਰ ਨੂੰ ਖਰੜ ਵਿਖੇ ਹੋਵੇਗੀ ਸਕੂਲ ਲੈਬ ਸਟਾਫ਼ ਯੂਨੀਅਨ ਦੀ ਰੈਲੀ

0

ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਨਬੀਰ ਸਿੰਘ ਗੁਰਾਇਆ, ਜਨਰਲ ਸਕੱਤਰ ਨਰੰਜਣਜੋਤ ਸਿੰਘ ਚਾਂਦਪੁਰੀ, ਸੂਬਾ ਮੀਤ ਪ੍ਰਧਾਨ ਗੁਰਵਿੰਦਰ ਸੰਧੂ ਅਤੇ ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਸਲਾਬਤਪੁਰਾ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੇ ਐਸ.ਐਲ.ਏ. ਕੇਡਰ ਦੀ 2011 ਵਿੱਚ ਤੋੜੀ ਗਈ ਪੇਅ ਪੈਰਿਟੀ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੀ ਜਥੇਬੰਦੀ ਵੱਲੋਂ 8 ਦਸੰਬਰ ਨੂੰ ਖਰੜ ਵਿਖੇ ਵੱਡੀ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਵੇਂ ਪੇਅ ਕਮਿਸ਼ਨ ਅਨੁਸਾਰ ਐਸ.ਐਲ.ਏ., ਪਟਵਾਰੀ, ਪੰਚਾਇਤ ਸਕੱਤਰ, ਕਲਰਕ ਆਦਿ ਬਿਲਕੁੱਲ ਬਰਾਬਰ ਤਨਖ਼ਾਹ ਪੱਧਰ ‘ਤੇ ਸਨ। ਪਰ 2011 ਵਿੱਚ ਉਨ੍ਹਾਂ ਦੇ ਬਰਾਬਰ ਦੀਆਂ ਕੈਟਾਗਿਰੀਆਂ ਦਾ ਗਰੇਡ ਪੇਅ 1900 ਤੋਂ ਵਧਾ ਕੇ 3200 ਕਰ ਦਿੱਤਾ ਗਿਆ ਹੈ ਜਦੋਂ ਕਿ ਐਸ.ਐਲ.ਏ. ਕੇਡਰ ਦਾ ਗਰੇਡ ਪੇਅ 1900 ਤੋਂ ਵਧਾ ਕੇ ਸਿਰਫ਼ 2400 ਹੀ ਕੀਤਾ ਗਿਆ। ਜਿਸ ਕਾਰਨ ਪਿਛਲੇ ਲਗਭਗ 30 ਸਾਲਾਂ ਤੋਂ ਚੱਲੀ ਆ ਰਹੀ ਪੇਅ ਪੈਰਿਟੀ ਟੁੱਟ ਗਈ ਅਤੇ ਐਸ.ਐਲ.ਏ. ਕੇਡਰ ਵੱਡੀ ਵਿੱਤੀ ਮਾਰ ਝੱਲਦੇ ਹੋਏ ਆਪਣੇ ਬਰਾਬਰ ਦੀਆਂ ਕੈਟਾਗਿਰੀਆਂ ਤੋਂ ਬਹੁਤ ਪੱਛੜ ਗਿਆ। ਉਕਤ ਆਗੂਆਂ ਨੇ ਕਿਹਾ ਕਿ 8 ਦਸੰਬਰ ਦੀ ਖਰੜ ਰੈਲੀ ਵਿੱਚ ਪੰਜਾਬ ਦੇ ਹਰ ਜਿਲ੍ਹੇ ਚੋਂ ਵੱਡੀ ਗਿਣਤੀ ਵਿੱਚ ਐਸ.ਐਲ.ਏ. ਸਾਥੀ ਸ਼ਮੂਲੀਅਤ ਕਰਨਗੇ। ਇਸ ਮੌਕੇ ‘ਤੇ ਜਿਲ੍ਹਾ ਜਨਰਲ ਸਕੱਤਰ ਜਸਪ੍ਰੀਤ ਸਿੰਘ ਸਿੱਧੂ, ਜਿਲ੍ਹਾ ਮੀਤ ਪ੍ਰਧਾਨ ਲਖਵਿੰਦਰ ਸਿੰਘ ਮੌੜ, ਜਿਲ੍ਹਾ ਸੰਯੁਕਤ ਸਕੱਤਰ ਗੁਰਦੀਪ ਸਿੰਘ ਰਾਮਪੁਰਾ, ਜਿਲ੍ਹਾ ਵਿੱਤ ਸਕੱਤਰ ਹਰਜੀਤ ਸਿੰਘ ਕੇਸਰ ਸਿੰਘ ਵਾਲਾ, ਜਿਲ੍ਹਾ ਪ੍ਰੈੱਸ ਸਕੱਤਰ ਹਰਿੰਦਰ ਸਿੰਘ ਮੱਲਕੇ ਅਤੇ ਜਿਲ੍ਹਾ ਜਥੇਬੰਦਕ ਸਕੱਤਰ ਰਾਜਵੰਤ ਸਿੰਘ ਬੇਗਾ ਹਾਜ਼ਰ ਸਨ।

ਹਰਸਿਮਰਤ ਬਾਦਲ ਦੇ ਅਖਤਿਆਰੀ ਕੋਟੇ ਵਿਚੋਂ ਮੰਦਿਰ ਮਾਇਸਰਖਾਨਾ ਨੂੰ 13 ਲੱਖ ਰੁਪਏ ਦੀ ਗਰਾਂਟ ਦਿੱਤੀ

0

ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਅੱਜ ਪ੍ਰਾਚੀਨ ਸ਼੍ਰੀ ਦੁਰਗਾ ਮੰਦਿਰ ਮਾਇਸਰਖਾਨਾ ਵਿਖੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਮੋਹਿਤ ਗੁਪਤਾ ਦੁਆਰਾ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਅਖਤਿਆਰੀ ਕੋਟੇ ਵਿਚੋਂ ਵੱਖ ਵੱਖ ਕਾਰਜਾਂ ਲਈ 13 ਲੱਖ ਰੁਪਏ ਦੀ ਗਰਾਂਟ ( ਜਿਸ ਵਿੱਚ ਪ੍ਰਾਚੀਨ ਸ਼੍ਰੀ ਦੁਰਗਾ ਮੰਦਿਰ , ਮਾਇਸਰਖਾਨਾ ਨੂੰ 11 ਲੱਖ ਰੁਪਏ ਅਤੇ ਗੁਰੂ ਤੇਗ ਬਹਾਦਰ ਗਊਸ਼ਾਲਾ , ਮਾਇਸਰਖਾਨਾ ਨੂੰ 2 ਲੱਖ ਰੁਪਏ ) ਦੇ ਮਨਜ਼ੂਰੀ ਪੱਤਰ ਦਿੱਤੇ । ਬੀਬਾ ਹਰਸਿਮਰਤ ਕੌਰ ਬਾਦਲ ਜਦ ਨਵਰਾਤੇ ਦੇ ਮੌਕੇ ‘ਤੇ ਦਰਸ਼ਨ ਕਰਨ ਸ਼੍ਰੀ ਦੁਰਗਾ ਮਾਤਾ ਮੰਦਿਰ ,ਮਾਇਸਰਖਾਨਾ ਵਿਖੇ ਆਏ ਸਨ, ਉਸ ਸਮੇਂ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਜੋ ਵੀ ਮਦਦ ਜਰੂਰੀ ਹੋਵੇਗੀ ਪਹਿਲ ਦੇ ਅਧਾਰ ‘ਤੇ ਕੀਤੀ ਜਾਵੇਗੀ । ਬੀਬਾ ਨੇ ਹੁਣ ਵੀ ਇਹ ਵਾਅਦਾ ਕੀਤਾ ਹੈ ਕਿ ਭਵਿੱਖ ਵਿੱਚ ਵੀ ਇਸ ਤੀਰਥ ਅਸਥਾਨ ਦੇ ਵਿਕਾਸ ਕਾਰਜਾਂ ਲਈ ਮਦਦ ਕਰਨਗੇ । ਇਸ ਮੌਕੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੱਕਤਰ ਅਤੇ ਬੁਲਾਰੇ ਮੋਹਿਤ ਗੁਪਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਰਿਹਾ ਹੈ ਅਤੇ ਇਹ ਹੀ ਸੁਨੇਹਾ ਦਿੰਦਾ ਰਹੂਗਾ । ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ” ਦੇ ਮਹਾਂਵਾਕ ਤੇ ਪਹਿਰਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਕਰਦਾ ਰਹੇਗਾ । ਬੀਬਾ ਦੇ ਇਸ ਕਾਰਜ ਲਈ ਪ੍ਰਾਚੀਨ ਸ਼੍ਰੀ ਦੁਰਗਾ ਮੰਦਿਰ ਮਾਇਸਰਖਾਨਾ ਕਮੇਟੀ (ਸੰਚਾਲਕ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਬੀਰ ਦਲ, ਬਠਿੰਡਾ) ਦੇ ਅਹੁਦੇਦਾਰਾਂ ਸ਼ੀਸ਼ਪਾਲ ਸਿੰਗਲਾ (ਪ੍ਰਧਾਨ) , ਰਾਮਪਾਲ ( ਵਾਈਸ ਪ੍ਰਧਾਨ ) , ਮਹਿੰਦਰਪਾਲ ( ਸੈਕਟਰੀ ) , ਅਮਰਜੀਤ ਗਿਰੀ ( ਸੰਯੁਕਤ ਸਕੱਤਰ) , ਅਸ਼ਵਨੀ ( ਸੀਨੀਅਰ ਮੈਂਬਰ) ,ਰਜਨੀਸ਼ ਕੁਮਾਰ ( ਸੀਨੀਅਰ ਮੈਂਬਰ) , ਕੇਵਲ ਕੁਮਾਰ ( ਜਿਲ੍ਹਾ ਕੈਪਟਨ) ਅਤੇ ਸਮੂਹ ਮੈਂਬਰਾਂ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।

ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਕੀਤੀ ਭੁੱਖ ਹੜਤਾਲ

0

ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਪੰਜਾਬ ’ਚ ਯੂ.ਜੀ.ਸੀ ਪੇ ਕਮਿਸ਼ਨ ਦੀ ਰੀਪੋਰਟ ਨੂੰ ਯੂਨੀਵਰਸਿਟੀਆਂ ਤੇ ਕਾਲਜ਼ਾਂ ਨਾਲੋਂ ਤੋੜਣ ਅਤੇ ਛੇਵੇਂ ਪੇ ਕਮਿਸ਼ਨ ਨੂੰ ਲਾਗੂ ਨਾ ਕਰਨ ਦੇ ਵਿਰੋਧ ’ਚ ਅੱਜ ਸਥਾਨਕ ਡੱਬਵਾਲੀ ਰੋਡ ‘ਤੇ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਜ ਕੇਂਦਰ, ਫ਼ਾਰਮ ਸਲਾਹਕਾਰ ਸੇਵਾ ਤੇ ਿਸ਼ੀ ਵਿਗਿਆਨ ਕੇਂਦਰ ਦੇ ਪ੍ਰੋਫੈਸਰਾਂ ਵਲੋਂ ਮੁੱਖ ਗੇਟ ’ਤੇ ਧਰਨਾ ਲਗਾਇਆ ਗਿਆ। ਇਸ ਮੌਕੇ ਅੱਜ ਪਹਿਲੇ ਦਿਨ ਤਿੰਨ ਪ੍ਰੋਫੈਸਰਾਂ ਵਲੋਂ ਭੁੱਖ ਹੜਤਾਲ ਕੀਤੀ ਗਈ। ਇਸ ਮੌਕੇ ਐਲਾਨ ਕੀਤਾ ਕਿ ਜਦ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸੰਘਰਸ਼ ਨੂੰ ਜਾਰੀ ਰਹੇਗਾ। ਦਸਣਾ ਬਣਦਾ ਹੈ ਕਿ ਇਸ ਸੰਘਰਸ ਤਹਿਤ ਪ੍ਰੋਫੈਸਰਾਂ ਵਲੋਂ ਸਿਰਫ਼ ਜਰੂਰੀ ਕੰਮ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਿਸ਼ੀ ਵਿਗਿਆਨ ਕੇਂਦਰ ਦੇ ਪ੍ਰੋਫੈਸਰ ਡਾ ਜੀ.ਐਸ. ਰੋਮਾਣਾ ਤੇ ਕਰਮਜੀਤ ਸਿੰਘ ਸੇਖੋ ਨੇ ਦਸਿਆ ਕਿ ਯੂ.ਜੀ.ਸੀ ਵਲੋਂ ਸਿਫ਼ਾਰਿਸ ਕੀਤੀਆਂ ਪ੍ਰੋਫੈਸਰਾਂ ਦੀਆਂ ਤਨਖ਼ਾਹਾਂ ਤੇ ਹੋਰਨਾਂ ਸਿਫ਼ਾਰਿਸਾਂ ਨੂੰ ਪਹਿਲੀ ਵਾਰ ਪੰਜਾਬ ਸਰਕਾਰ ਦੁਆਰਾ ਲਾਗੂ ਨਹੀਂ ਕੀਤਾ ਜਾ ਰਿਹਾ ਜਦੋਂਕਿ ਹੋਰਨਾਂ ਸੂਬਿਆਂ ’ਚ ਇਹ ਸਿਫ਼ਾਰਿਸਾਂ ਲਾਗੂ ਕਰ ਦਿੱਤੀਆਂ ਗਈਆਂ ਹਨ। ਇਸਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਜਾਣ ਵਾਲੇ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਵੀ ਲਾਗੂ ਕੀਤਾ ਗਿਆ ਅਤੇ ਨਾਲ ਹੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੋਂ ਇਲਾਵਾ ਨਵੇਂ ਭਰਤੀ ਹੋਣ ਵਾਲੇ ਅਧਿਆਪਕਾਂ ਨੂੰ ਪੂਰੀ ਤਨਖਾਹ ਦੇਣ ਦੀ ਮੰਗ ਕੀਤੀ ਗਈ। ਅੱਜ ਦੀ ਭੁੱਖ ਹੜਤਾਲ ਵਿਚ ਡਾ ਗੁਲਾਬ ਪਾਂਡਵ, ਡਾ ਨਵਜੋਤ ਗੁਪਤਾ ਤੇ ਡਾ ਅਪਾਰਜੀਤ ਕੌਰ ਬੈਠੇ ਅਤੇ ਭਲਕੇ ਤੋਂ ਵੀ ਇਹ ਹੜਤਾਲ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ ਗਈ।

Our Visitor

1894535