ਸੁਖਜਿੰਦਰ ਮਾਨ
ਬਠਿੰਡਾ, 15 ਨਵੰਬਰ: ਯੂ.ਪੀ. ਦੇ ਗੌਂਡਾ ਵਿਖੇ ਆਯੋਜਿਤ ਆਲ-ਇੰਡੀਆ ਸੀਨੀਅਰ ਰੈਸਲਿੰਗ ਚੈਂਪੀਅਨਸ਼ਿਪ ਵਿਚ ਸਥਾਨਕ ਡੀ.ਏ.ਵੀ. ਕਾਲਜ ਦੇ ਵਿਦਿਆਰਥੀਆਂ ਸੰਦੀਪ ਸਿੰਘ, ਵਿਕਾਸ ਅਤੇ ਸ਼ਰਵਣ ਨੇ ਸੋਨ ਅਤੇ ਚਾਂਦੀ ਦਾ ਤਗਮਾ ਜਿੱਤਿਆ ਹੈ। ਬੁਰਜ ਰਾਠੀ ਪਿੰਡ ਦੇ ਸੰਦੀਪ ਸਿੰਘ ਨੇ ਫ੍ਰੀ ਸਟਾਈਲ 86 ਕਿਲੋਗ੍ਰਾਮ ਭਾਰ ਪ੍ਰਤੀਯੋਗਤਾ ਵਿਚ ਲਗਾਤਾਰ ਤੀਜੀ ਵਾਰ ਸੋਨ ਤਗਮਾ ਜਿੱਤਿਆ ਹੈ। ਜਦਂੋਕਿ ਵਿਕਾਸ ਅਤੇ ਸ਼ਰਵਣ ਨੇ ਕ੍ਰਮਵਾਰ 60 ਅਤੇ 55 ਕਿਲੋਗ੍ਰਾਮ ਭਾਰ ਵਰਗ ਵਿਚ ਭਾਗ ਲੈ ਕੇ ਚਾਂਦੀ ਦਾ ਤਗਮਾ ਜਿੱਤਿਆ। ਵਿਕਾਸ ਦੀ ਚੌਣ ਸਾਊਥ ਅਫ਼ਰੀਕਾ ਵਿਖੇ ਆਯੋਜਿਤ ਕਾਮਨਵੈਲਥ ਚੈਂਪੀਅਨਸ਼ਿਪ ਲਈ ਹੋਈ ਹੈ। ਕਾਲਜ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾਂ , ਵਾਈਸ-ਪਿ੍ਰੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ, ਪ੍ਰੋ. ਕੁਲਦੀਪ ਸਿੰਘ ਅਤੇ ਪ੍ਰੋ. ਨਿਰਮਲ ਸਿੰਘ ਨੇ ਵਿਦਿਆਰਥੀਆਂ ਦੇ ਨਾਲ ਨਾਲ ਕੋਚ ਸੁਖਮੰਦਰ ਸਿੰਘ ਨੂੰ ਵੀ ਵਧਾਈ ਦਿੱਤੀ ਹੈ।
ਡੀ.ਏ.ਵੀ. ਕਾਲਜ ਦੇ ਵਿਦਿਆਰਥੀਆਂ ਦਾ ਰੈਸਲਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ
ਪੰਘੂੜੇ ਚ ਮਿਲੀ ਨਵਜੰਮੀ ਬੱਚੀ
ਸੁਖਜਿੰਦਰ ਮਾਨ
ਬਠਿੰਡਾ, 15 ਨਵੰਬਰ: ਸਥਾਨਕ ਰੈੱਡ ਕਰਾਸ ਸੁਸਾਇਟੀ ਵਲੋਂ ਲਗਾਏ ਪੰਘੂੜੇ ’ਚ ਇੱਕ ਬੱਚੀ ਮਿਲੀ ਹੈ। ਪਤਾ ਲੱਗਦਿਆਂ ਹੀ ਬੱਚੀ ਨੂੰ ਮੈਡੀਕਲ ਸਹਾਇਤਾ ਲਈ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤੇ ਡਾਕਟਰੀ ਜਾਂਚ ਸ਼ੁਰੂ ਕੀਤੀ ਗਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇਸ ਬੱਚੀ ਦੀ ਉਮਰ 2-3 ਦਿਨ ਲੱਗਦੀ ਹੈ ਤੇ ਇਸ ਸਬੰਧੀ ਥਾਣਾ ਥਰਮਲ ਵਿਖੇ ਡੀ.ਡੀ.ਆਰ ਦਰਜ ਕਰਵਾਈ ਗਈ। ਸਿਵਲ ਹਸਪਤਾਲ ਵਿਚ ਬੱਚੀ ਸਿਹਤਕ ਤੌਰ ’ਤੇ ਫਿੱਟ ਪਾਏ ਜਾਣ ਤੋਂ ਬਾਅਦ ਡਿਸਚਾਰਜ ਕਰ ਦਿੱਤੀ ਗਈ ਹੈ। ਜਿਸਤੋਂ ਬਾਅਦ ਬਾਲ ਭਲਾਈ ਕਮੇਟੀ ਨੇੇ ਅਗਲੇ ਹੁਕਮਾਂ ਤੱਕ ਬੱਚੀ ਨੂੰ ਸ੍ਰੀ ਆਨੰਤ ਅਨਾਥ ਆਸ਼ਰਮ ਸਿਫਟ ਕਰ ਦਿੱਤਾ ਹੈ।
ਵੀਨੂੰ ਗੋਇਲ ਦਰਜ਼ਨਾਂ ਪ੍ਰਵਾਰਾਂ ਸਹਿਤ ਭਾਜਪਾ ਵਿਚ ਹੋਈ ਸ਼ਾਮਲ
ਕਿਸਾਨਾਂ ਦੇ ਵਿਰੋਧ ਤੋਂ ਬਾਅਦ ਸ਼ਹਿਰ ’ਚ ਰੱਖਿਆ ਸੀ ਸਮਾਗਮ
ਸੁਖਜਿੰਦਰ ਮਾਨ
ਬਠਿੰਡਾ, 15 ਨਵੰਬਰ: ਪਿਛਲੇ ਲੰਮੇ ਸਮੇਂ ਤੋਂ ਲੁਕਵੇਂ ਤੌਰ ’ਤੇ ਭਾਜਪਾ ਨਾਲ ਮਿਲਕੇ ਚੱਲ ਰਹੀ ਸਮਾਜ ਸੇਵਿਕਾ ਵੀਨੂੰ ਗੋਇਲ ਨੇ ਹੁਣ ਖੁੱਲੇ ਤੌਰ ’ਤੇ ਪਾਰਟੀ ਦਾ ਪੱਲਾ ਫ਼ੜ ਲਿਆ ਹੈ। ਬੀਤੇ ਕੱਲ ਅਪਣੇ ਸਹਿਤ ਦਰਜ਼ਨਾਂ ਪ੍ਰਵਾਰਾਂ ਨੂੰ ਭਾਜਪਾ ’ਚ ਸਮੂਲੀਅਤ ਕਰਵਾਉਣ ਲਈ ਇੱਕ ਪੈਲੇਸ ’ਚ ਰੱਖੇ ਪ੍ਰੋਗਰਾਮ ਦਾ ਕਿਸਾਨਾਂ ਵਲੋਂ ਵਿਰੋਧ ਕਰਨ ਤੋਂ ਬਾਅਦ ਭਾਜਪਾਈਆਂ ਵਲੋਂ ਗੁਪਤ ਤੌਰ ’ਤੇ ਇੱਕ ਘਰ ਵਿਚ ਪ੍ਰੋਗਰਾਮ ਰੱਖਿਆ ਗਿਆ। ਜਿਸ ਵਿਚ ਗੋਇਲ ਤੋਂ ਇਲਾਵਾ ਕਰੀਬ ਤਿੰਨ ਦਰਜ਼ਨ ਹੋਰਨਾਂ ਪ੍ਰਵਾਰਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਕਤ ਪ੍ਰੋਗ੍ਰਾਮ ਵਿੱਚ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਜਸਵੰਤ ਸਿੰਘ ਧਨੌਲਾ, ਮਹਿਲਾ ਮੋਰਚਾ ਦੇ ਪੰਜਾਬ ਪ੍ਰਧਾਨ ਮੋਨਾ ਜੈਸਵਾਲ, ਭਾਜਪਾ ਪੰਜਾਬ ਸਪੋਕਸਪਰਸਨ ਅਸ਼ੋਕ ਭਾਰਤੀ, ਜਿਲ੍ਹਾ ਪ੍ਰਧਾਨ ਭਾਜਪਾ ਬਠਿੰਡਾ ਵਿਨੋਦ ਬਿੰਟਾ, ਐਡਵੋਕੇਟ ਸ਼ਾਮ ਲਾਲ ਬਾਂਸਲ, ਉਮੇਸ਼ ਸ਼ਰਮਾ ਜਿਲ੍ਹਾ ਸਕੱਤਰ, ਰਾਜੇਸ਼ ਨੋਨੀ, ਨੀਰਜ ਅਰੋੜਾ, ਪਰਮਿੰਦਰ ਕੌਰ, ਕੰਚਨ ਜਿੰਦਲ, ਨਰਿੰਦਰ ਮਿੱਤਲ ਵਿਸ਼ੇਸ਼ ਤੌਰ ’ਤੇ ਪੁੱਜੇ ਸਨ।
ਬਲਜਿੰਦਰ ਕੌਰ ਦੇ ਐਲਾਨ ਤੋਂ ਬਾਅਦ ਤਲਵੰਡੀ ਸਾਬੋ ਹਲਕੇ ’ਚ ਬਹੁਕੌਣੇ ਮੁਕਾਬਲੇ ਹੋਣ ਦੀ ਸੰਭਾਵਨਾ
ਸੁਖਜਿੰਦਰ ਮਾਨ
ਬਠਿੰਡਾ, 15 ਨਵੰਬਰ: ਆਮ ਆਦਮੀ ਪਾਰਟੀ ਵਲੋਂ ਆਗਾਮੀ ਵਿਧਾਨ ਸਭਾ ਲਈ ਜਾਰੀ ਦਸ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚ ਪਾਰਟੀ ਦੀ ਸੀਨੀਅਰ ਆਗੂ ਤੇ ਵਿਧਾਇਕਾ ਬਲਜਿੰਦਰ ਕੌਰ ਨੂੰ ਮੁੜ ਤਲਵੰਡੀ ਸਾਬੋ ਹਲਕੇ ਤੋਂ ਉਮੀਦਵਾਰ ਐਲਾਨਣ ਤੋਂ ਬਾਅਦ ਇਸ ਹਲਕੇ ਵਿਚ ਬਹੁਕੌਣਾ ਮੁਕਾਬਲਾ ਹੋਣ ਦੀ ਸੰਭਾਵਨਾ ਬਣ ਗਈ ਹੈ। ਬਲਜਿੰਦਰ ਕੌਰ ਜ਼ਿਲ੍ਹੇ ਵਿਚ ਮੌਜੂਦਾ ਸਮੇਂ ਇਕਲੌਤੀ ਵਿਧਾਇਕਾ ਬਚੀ ਸੀ ਜੋ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਜਿੱਤਣ ਤੋਂ ਬਾਅਦ ਹਾਲੇ ਤੱਕ ਪਾਰਟੀ ਨਾਲ ਖੜੀ ਹੋਈ ਹੈ। ਜਦੋਂਕਿ ਉਨ੍ਹਾਂ ਨਾਲ ਸਾਲ 2017 ਵਿਚ ਜਿੱਤੇ ਦੋ ਹੋਰ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਰੁਪਿੰਦਰ ਕੌਰ ਰੂਬੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਬਲਜਿੰਦਰ ਕੌਰ ਦੀ ਤਲਵੰਡੀ ਸਾਬੋ ਹਲਕੇ ਤੋਂ ਇਹ ਤੀਜ਼ੀ ਚੋਣ ਹੋਵੇਗੀ, ਜਦੋਂਕਿ ਇਸਤੋਂ ਪਹਿਲਾਂ 2017 ਤੋਂ ਇਲਾਵਾ 2014 ਵਿਚ ਹੋਈ ਜਿਮਨੀ ਚੋਣ ਵਿਚ ਵੀ ਅਪਣੀ ਕਿਸਮਤ ਅਜਮਾ ਚੁੱਕੇ ਹਨ। ਇਸਤੋਂ ਇਲਾਵਾ ਪਿਛਲੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਨੇ ਬਲਜਿੰਦਰ ਕੌਰ ਨੂੰ ਬਠਿੰਡਾ ਹਲਕੇ ਤੋਂ ਅਪਣਾ ਉਮੀਦਵਾਰ ਬਣਾਇਆ ਸੀ ਪ੍ਰੰਤੂ ਉਹ ਤੀਜ਼ੇ ਸਥਾਨ ’ਤੇ ਰਹੇ ਸਨ। ਮਹੱਤਵਪੂਰਨ ਗੱਲ ਇਹ ਵੀ ਰਹੀ ਸੀ ਕਿ ਵਿਧਾਇਕਾ ਦੀ ਅਪਣੇ ਜੱਦੀ ਵਿਧਾਨ ਸਭਾ ਹਲਕੇ ਤਲਵੰਡੀ ਸਾਬੋ ਤੋਂ ਜਮਾਨਤ ਜਬਤ ਹੋ ਗਈ ਸੀ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਪਹਿਲਾਂ ਹੀ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੂੰ ਅਪਣਾ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ ਜਦੋਂਕਿ ਕਾਂਗਰਸ ਪਾਰਟੀ ਵਲੋਂ ਸਾਬਕਾ ਉਮੀਦਵਾਰ ਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਰਹੇ ਖ਼ੁਸਬਾਜ ਸਿੰਘ ਜਟਾਣਾ ’ਤੇ ਦਾਅ ਖੇਡਣ ਦੀ ਸੰਭਾਵਨਾ ਹੈ। ਹਾਲਾਂਕਿ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵੀ ਇਸ ਹਲਕੇ ਤੋਂ ਮਜਬੂਤ ਉਮੀਦਵਾਰ ਹਨ ਪ੍ਰੰਤੂ ਪਿਛਲੇ ਦਿਨਾਂ ’ਚ ਪੰਜਾਬ ਦੀ ਸਿਆਸਤ ਵਿਚ ਹੋਏ ਫ਼ੇਰਬਦਲ ਤੋਂ ਬਾਅਦ ਜਟਾਣਾ ਦਾ ਹੱਥ ਮਜਬੂਤ ਹੋਇਆ ਦਸਿਆ ਜਾ ਰਿਹਾ ਹੈ ਕਿਉਂਕਿ ਪਿਛਲੀ ਵਾਰ ਉਨ੍ਹਾਂ ਨੂੰ ਟਿਕਟ ਦਿਵਾਉਣ ਵਾਲੇ ਹਰੀਸ ਚੌਧਰੀ ਮੁੜ ਪੰਜਾਬ ਕਾਂਗਰਸ ਦੇ ਇੰਚਾਰਜ਼ ਬਣ ਗਏ ਹਨ। ਉਧਰ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਤੋਂ ਅਲੱਗ ਹੋ ਕੇ ਅਪਣੀ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਇਲਾਕੇ ਦੀ ਮਸ਼ਹੂਰ ਹਸਤੀ ਬਲਵੀਰ ਸਿੰਘ ਸਰਦਾਰ ਉਨ੍ਹਾਂ ਦੇ ਧੜੇ ਵਲੋਂ ਉਮੀਦਵਾਰ ਹੋਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ। ਉਜ ਇੱਕ ਹੋਰ ਯੂਥ ਅਕਾਲੀ ਆਗੂ ਰਵੀਪ੍ਰੀਤ ਸਿੰਘ ਸਿੱਧੂ ਦੇ ਵੀ ਕਿਸੇ ਨਾ ਕਿਸੇ ਧਿਰ ਵਲੋਂ ਚੋਣ ਮੈਦਾਨ ਵਿਚ ਆਉਣ ਦੀ ਚਰਚਾ ਹੈ।
ਬਠਿੰਡਾ ’ਚ ਨਰਮੇ ਦੇ ਖ਼ਰਾਬੇ ਵਜੋਂ ਸਰਕਾਰ ਨੇ ਜਾਰੀ ਕੀਤੇ 226 ਕਰੋੜ
ਜਲਦ ਹੀ ਚੈਕ ਕੱਟਣਗੇ ਪਟਵਾਰੀ, ਤਲਵੰਡੀ ਸਾਬੋ ਹਲਕੇ ’ਚ ਹੋਇਆ ਵਧ ਨੁਕਸਾਨ
1,89 ਹਜ਼ਾਰ ਏਕੜ ਹੋਇਆ ਨਰਮਾ ਖ਼ਰਾਬ
ਸੁਖਜਿੰਦਰ ਮਾਨ
ਬਠਿੰਡਾ, 15 ਨਵੰਬਰ: ਪਿਛਲੇ ਸਮੇਂ ਦੌਰਾਨ ਨਰਮਾ ਪੱਟੀ ’ਚ ਗੁਲਾਬੀ ਸੁੰਡੀ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ ਪੰਜਾਬ ਸਰਕਾਰ ਨੇ ਬਠਿੰਡਾ ਦੇ ਕਿਸਾਨਾਂ ਲਈ 226 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਸ ਰਾਸ਼ੀ ਵਿਚੋਂ ਕਰੀਬ 102 ਕਰੋੜ ਕੇਂਦਰ ਅਤੇ 124 ਕਰੋੜ ਦੇ ਕਰੀਬ ਪੰਜਾਬ ਸਰਕਾਰ ਨੇ ਹਿੱਸਾ ਪਾਇਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਜਲਦੀ ਹੀ ਇਹ ਰਾਸ਼ੀ ਕਿਸਾਨਾਂ ਨੂੰ ਚੈਕਾਂ ਦੇ ਰਾਹੀਂ ਪੁੱਜਦੀ ਕਰ ਦਿੱਤੀ ਜਾਵੇਗੀ। ਅੰਕੜਿਆਂ ਮੁਤਾਬਕ ਨਰਮੇ ਦੀ ਫ਼ਸਲ ਦਾ ਸਭ ਤੋਂ ਵੱਧ ਨੁਕਸਾਨ ਤਲਵੰਡੀ ਸਾਬੋ ਸਬ ਡਿਵੀਜ਼ਨ ਵਿਚ ਹੋਇਆ ਹੈ। ਜਦੋਂਕਿ ਇਸਤੋਂ ਬਾਅਦ ਬਠਿੰਡਾ ਸਬ ਡਿਵੀਜ਼ਨ ਦੇ ਕਿਸਾਨ ਗੁਲਾਬੀ ਸੁੰਡੀ ਦੀ ਚਪੇਟ ਵਿਚ ਆਏ ਹਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਿਰਫ਼ ਹਜ਼ਾਰ ਕੁ ਏਕੜ ਨੂੰ ਛੱਡ ਜਿਆਦਾਤਰ ਰਕਬੇ ਵਿਚ 76 ਤੋਂ 100 ਫ਼ੀਸਦੀ ਤੱਕ ਫ਼ਸਲ ਦਾ ਨੁਕਸਾਨ ਹੋਇਆ ਹੈ। ਜਿਸਦੇ ਚੱਲਦੇ ਇੰਨ੍ਹਾਂ ਕਿਸਾਨਾਂ ਨੂੰ ਪ੍ਰਤੀ ਏਕੜ 12 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਇਸ ਰਾਸ਼ੀ ਵਿਚੋਂ 5400 ਰੁਪਏ ਕੇਂਦਰ ਅਤੇ 6600 ਰੁਪਏ ਪੰਜਾਬ ਸਰਕਾਰ ਦਾ ਹਿੱਸਾ ਹੈ। ਗੌਰਤਲਬ ਹੈ ਕਿ 32 ਫ਼ੀਸਦੀ ਤੋਂ ਘੱਟ ਖ਼ਰਾਬੇ ਵਾਲੇ ਰਕਬੇ ਲਈ ਪ੍ਰਤੀ ਏਕੜ 2000 ਅਤੇ 75 ਫ਼ੀਸਦੀ ਤੋਂ ਘੱਟ ਖ਼ਰਾਬੇ ਵਾਲੀ ਫ਼ਸਲ ਦੇ ਨੁਕਸਾਨ ਵਜੋਂ 5400 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੇ ਜਾਣੇ ਹਨ। ਦੂਜੇ ਪਾਸੇ ਕਿਸਾਨ ਪ੍ਰਤੀ ਏਕੜ 60 ਹਜ਼ਾਰ ਰੁਪਏ ਦਾ ਮੁਆਵਜ਼ਾ ਮੰਗ ਰਹੇ ਹਨ। ਇਸ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਮਾਲਵਾ ਪੱਟੀ ਦੇ ਕਿਸਾਨਾਂ ਵਲੋਂ ਵੱਡਾ ਸੰਘਰਸ਼ ਵੀ ਲੜਿਆ ਗਿਆ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ’ਚ ਸਰਕਾਰ ਕਿਸਾਨਾਂ ਨੂੰ ਹੋਰ ਰਾਹਤ ਵੀ ਦੇ ਸਕਦੀ ਹੈ। ਦਸਣਾ ਬਣਦਾ ਹੈ ਕਿ ਨਰਮੇ ਦੀ ਫ਼ਸਲ ਦੇ ਹੋਏ ਖ਼ਰਾਬੇ ਦੇ ਮਾਮਲੇ ਵਿਚ ਜਿੱਥੇ ਵਿਰੋਧੀ ਧਿਰਾਂ ਨੇ ਵੱਡੇ ਸਵਾਲ ਚੁੱਕੇ ਸਨ, ਉਥੇ ਖੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ 26 ਸਤੰਬਰ ਨੂੰ ਬਠਿੰਡਾ ਦੇ ਖੇਤਾਂ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੁੱਜੇ ਸਨ। ਜਿਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਸੀ। ਸੂਚਨਾ ਮੁਤਾਬਕ ਇਸਤੋਂ ਬਾਅਦ ਮਾਲ ਵਿਭਾਗ ਵਲੋਂ ਖੇਤੀਬਾੜੀ ਵਿਭਾਗ ਤੇ ਕਿਸਾਨਾਂ ਨੂੰ ਨਾਲ ਲੈ ਕੇ ਕੀਤੀ ਗਈ ਵਿਸੇਸ ਗਿਰਦਾਵਰੀ ਵਿਚ ਜ਼ਿਲ੍ਹੇ ਵਿਚ ਸਿਰਫ਼ 683 ਏਕੜ ਰਕਬਾ ਹੀ ਅਜਿਹਾ ਮਿਲਿਆ ਹੈ, ਜਿੱਥੇ 32 ਫ਼ੀਸਦੀ ਤੋਂ ਘੱਟ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ 33 ਤੋਂ 75 ਫ਼ੀਸਦੀ ਖ਼ਰਾਬੇ ਵਿਚ ਸਾਢੇ 85 ਏਕੜ ਹੀ ਫ਼ਸਲ ਆਈ ਹੈ। ਜਦੋਂਕਿ ਜ਼ਿਲ੍ਹੇ ਵਿਚ ਨਰਮੇ ਦੀ ਕੁੱਲ ਬੀਜਾਂਦ ਦਾ 95 ਫ਼ੀਸਦੀ ਤੋਂ ਵੱਧ ਰਕਬਾ ਪੂਰੇ ਦਾ ਪੂਰਾ ਗੁਲਾਬੀ ਸੁੰਡੀ ਕਾਰਨ ਤਬਾਹ ਹੋ ਗਿਆ। ਵਿਸੇਸ ਗਿਰਦਾਵਰੀ ਦੀ ਰੀਪੋਰਟ ਮੁਤਾਬਕ ਤਲਵੰਡੀ ਸਾਬੋ ਹਲਕੇ ਵਿਚ82,868 ਏਕੜ, ਬਠਿੰਡਾ ਵਿਚ80809, ਮੋੜ ਵਿਚ 24285 ਅਤੇ ਰਾਮਪੁਰਾ ਵਿਚ 1025 ਏਕੜ ਨਰਮੇ ਦੀ ਫ਼ਸਲ ਖ਼ਰਾਬ ਹੋਈ ਹੈ। ਖ਼ਰਾਬੇ ਮੁਤਾਬਕ ਤਲਵੰਡੀ ਸਾਬੋ ਬਲਾਕ ਦੇ ਕਿਸਾਨਾਂ ਲਈ 44 ਕਰੋੜ 75 ਲੱਖ, ਬਠਿੰਡਾ ਲਈ 43 ਕਰੋੜ 31 ਲੱਖ, ਮੋੜ ਲਈ 13 ਕਰੋੜ 11 ਲੱਖ ਦੇ ਕਰੀਬ ਰਾਸ਼ੀ ਐਸ.ਡੀ.ਐਮਜ਼ ਨੂੰ ਭੇਜੀ ਗਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਹ ਮੁਆਵਜ਼ਾ ਰਾਸੀ ਦੇ ਚੈਕ ਕੱਟ ਕੇ ਕਿਸਾਨਾਂ ਨੂੰ ਵੰਡੇ ਜਾਣਗੇ।
ਚੰਨੀ ਸਰਕਾਰ ਕਰ ਰਹੀ ਹੈ ਕਿਸਾਨਾਂ ਨਾਲ ਮਜ਼ਾਕ: ਸਿੰਗਾਰਾ ਸਿੰਘ
ਬਠਿੰਡਾ: ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਸੂਬਾ ਜਨਰਲ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨਾਂ ਦੇ ਜਖ਼ਮਾਂ ’ਤੇ ਲੂਣ ਛਿੜਕਣ ਵਾਲਾ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਕਿਸਾਨਾਂ ਵਲੋਂ ਵਿੱਢੇ ਸੰਘਰਸ਼ ਦੌਰਾਨ ਉਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਖੇਤੀਬਾੜੀ ਵਿਭਾਗ ਤੇ ਯੂਨੀਵਰਸਿਟੀ ਦੇ ਮਾਹਰਾਂ ਨੇ ਇਹ ਗੱਲ ਮੰਨੀ ਹੈ ਕਿ ਨਰਮੇ ਦੀ ਫ਼ਸਲ ਦੇ ਪਾਲਣ ਪੋਸ਼ਣ ’ਤੇ 25 ਹਜ਼ਾਰ ਰੁਪਏ ਖ਼ਰਚ ਆਇਆ ਹੈ। ਜਿਸਦੇ ਚੱਲਦੇ ਚੰਨੀ ਸਰਕਾਰ ਨੇ ਕਿਸਾਨਾਂ ਵਲੋਂ ਕੀਤੇ ਹੋਏ ਖ਼ਰਚ ਵਿਚੋਂ ਅੱਧੀ ਰਾਸ਼ੀ ਵੀ ਨਹੀਂ ਦਿੱਤੀ ਹੈ। ਕਿਸਾਨ ਆਗੂ ਮੁਤਾਬਕ ਮਾਲਵਾ ਪੱਟੀ ’ਚ ਨਰਮੇ ਦੀ ਖੇਤੀ ਕਰਨ ਵਾਲਾ ਜਿਆਦਾਤਰ ਕਿਸਾਨ ਤਬਕਾ ਠੇਕੇ ’ਤੇ ਜਮੀਨ ਲੈ ਕੇ ਫ਼ਸਲਾਂ ਬੀਜਦਾ ਹੈ, ਜਿਸਦੇ ਕਾਰਨ ਠੇਕਾ ਅਲੱਗ ਤੋਂ ਸਿਰ ਟੁੱਟ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦਾ ਸਬਰ ਨਾ ਪਰਖ਼ੇ ਬਲਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ।
ਪੰਜਾਬ ਸਰਕਾਰ ਦੇ ਇਤਿਹਾਸਕ ਫੈਸਲਿਆਂ ਨੇ ਬਦਲੀ ਸੂਬੇ ਦੀ ਤਸਵੀਰ : ਜਟਾਣਾ
ਸੁਖਜਿੰਦਰ ਮਾਨ
ਬਠਿੰਡਾ, 15 ਨਵੰਬਰ: ਕਾਂਗਰਸ ਪਾਰਟੀ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਕੀਤੇ ਇਤਿਹਾਸਕ ਫੈਸਲਿਆਂ ਨੇ ਸੂਬੇ ਦੀ ਤਕਦੀਰ ਬਦਲ ਦਿੱਤੀ ਹੈ। ਅੱਜ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਜਟਾਣਾ ਨੇ ਹਲਕੇ ਦੀ ਤਰੱਕੀ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਦੇ ਪਿਛਲੇ ਬਕਾਏ ਮੁਆਫ ਕਰਨ, ਕਿਸਾਨੀ ਅੰਦੋਲਨ ਦੇ ਪੀੜਤ ਕਿਸਾਨਾਂ ਨੂੰ ਦੋ ਦੋ ਲੱਖ ਰੁਪਏ ਸਹਾਇਤਾ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ, ਡੀਜ਼ਲ ਅਤੇ ਪੈਟਰੋਲ ਵਿੱਚ ਵੱਡੀ ਰਾਹਤ, ਬਿਜਲੀ ਦਰਾਂ ਵਿਚ ਤਿੱਨ ਰੁਪਏ ਪ੍ਰਤੀ ਯੂਨਿਟ ਦੀ ਕਟੌਤੀ,ਮਕਾਨਾਂ ਦੇ ਮਾਲਕੀ ਹੱਕ ਦੇਣ ਵਰਗੇ ਇਤਿਹਾਸਕ ਫੈਸਲਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਖੁਸ਼ਹਾਲੀ ਆਏਗੀ। ਉਨ੍ਹਾਂ ਕਿਹਾ ਕਿ ਆਉਂਦੀਆਂ 2022 ਵਿਧਾਨ ਸਭਾ ਚੋਣਾਂ ਲਈ ਤਿਆਰ ਬਰ ਤਿਆਰ ਹਨ ਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਲੋਕਾਂ ਦੇ ਸਹਿਯੋਗ ਅਤੇ ਪਿਆਰ ਸਦਕਾ ਜਿੱਤ ਦੇ ਝੰਡੇ ਗੱਡੇ ਜਾਣਗੇ ,ਕਿਉਂਕਿ ਵਿਰੋਧੀਆਂ ਕੋਲ ਕਾਂਗਰਸ ਦਾ ਮੁਕਾਬਲਾ ਕਰਨ ਲਈ ਕੋਈ ਏਜੰਡਾ ਨਹੀ। ਇਸ ਮੌਕੇ ਉਨ੍ਹਾਂ ਦੇ ਨਾਲ ਯੂਥ ਕਾਂਗਰਸ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਕੀ , ਨਿੱਜੀ ਸਕੱਤਰ ਰਣਜੀਤ ਸਿੰਘ ਸੰਧੂ, ਸ਼ਹਿਰੀ ਯੂਥ ਕਾਂਗਰਸ ਦੇ ਪ੍ਰਧਾਨ ਚਿੰਟੂ ਜਿੰਦਲ, ਕਾਂਗਰਸੀ ਆਗੂ ਕਿ੍ਰਸ਼ਨ ਸਿੰਘ ਭਾਗੀਵਾਂਦਰ ,ਦਿਲਪ੍ਰੀਤ ਸਿੰਘ ਅਤੇ ਨਗਰ ਕੌਂਸਲ ਤਲਵੰਡੀ ਸਾਬੋ ਦੇ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜਰ ਸਨ ।
ਵੋਟਰ ਜਾਗਰੂਕਤਾ ਸਬੰਧੀ ਸੈਮੀਨਾਰ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 15 ਨਵੰਬਰ: ਆਗਾਮੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਨਵੇਂ ਵੋਟਰਾਂ ਨੂੰ ਰਜਿਸਟਰ ਕਰਨ ਤੇ ਵੋਟਰਾਂ ਨੂੰ 100 ਫ਼ੀਸਦੀ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾ ਤਹਿਤ ਸਵੀਪ ਟੀਮ ਬਠਿੰਡਾ ਸ਼ਹਿਰੀ-092 ਦੇ ਨੋਡਲ ਅਫਸਰ ਡਿਪਟੀ ਡੀ.ਈ.ੳ ਸ੍ਰੀਮਤੀ ਭੁਪਿੰਦਰ ਕੌਰ ਅਗਵਾਈ ਵਿੱਚ ਸਥਾਨਕ ਐਮ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਚ ਪਿ੍ਰੰਸੀਪਲ ਸ੍ਰੀ ਸੂਰਜ ਸੇਤੀਆ ਦੀ ਰਹਿਨੁਮਾਈ ਹੇਠ ਵੋਟਰ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੌਰਾਨ ਸੈਮੀਨਾਰ ਦੇ ਮੁੱਖ ਵਕਤਾ ਸ੍ਰੀ ਬਲਜੀਤ ਸਿੰਘ ਵੱਲੋ ਵਿਦਿਆਰਥੀਆਂ ਨੂੰ ਵੋਟ ਬਣਾਉਣ ਤੇ ਇਸ ਦੀ ਯੋਗ ਢੰਗ ਨਾਲ ਵਰਤੋਂ ਕਰਦੇ ਹੋਏ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਵੋਟ ਦੀ ਸਹੀ ਵਰਤੋਂ ਹੀ ਦੇਸ ਨੂੰ ਤਰੱਕੀ ਦੇ ਸਕਦੀ ਹੈ। ਇਸ ਤੋਂ ਬਾਅਦ ਸਵੀਪ ਟੀਮ ਮੈਬਰਜ਼ ਸੁਮਿਤ ਗੋਇਲ ਤੇ ਰਾਮ ਉਜਾਗਰ ਵੱਲੋਂ ਵਿਦਿਆਰਥੀਆਂ ਨੂੰ ਵੋਟਰ ਹੈਲਪਲਾਈਨ ਐਪ, ਸੀ. ਵਿਜਿਲ ਐਪ ਅਤੇ ਐਨ.ਵੀ.ਐਸ.ਪੀ ਐਪ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਈ.ਐਲ.ਸੀ ਇੰਚਾਰਜ ਮੈਡਮ ਜੋਤੀ ਗੁਪਤਾ ਵਲੋਂ ਸਵੀਪ ਟੀਮ ਮੈਬਰਜ਼ ਦਾ ਸਵਾਗਤ ਕਰਦੇ ਹੋਏ ਵਿਦਿਆਰਥੀਆਂ ਨੂੰ ਵੋਟ ਬਣਾਉਣ ਤੇ ਇਸ ਦੀ ਨੈਤਿਕ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਖਾਸ ਤੌਰ ਤੇ 1 ਜਨਵਰੀ 2022 ਤੱਕ ਦੇ 18 ਸਾਲ ਦੇ ਨੌਜਵਾਨ ਵਿਦਿਆਰਥੀਆਂ ਨੂੰ ਨਵੀਂ ਵੋਟ ਬਣਾਉਣ ਲਈ ਉਤਸਾਹਿਤ ਕੀਤਾ ਤੇ ਵੋਟ ਦੀ ਮੱਹਤਤਾ ਬਾਰੇ ਦੱਸਿਆ ਗਿਆ। ਇਸ ਦੌਰਾਨ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਚ ਵੋਟ ਦੀ ਮੱਹਤਤਾ ਸਬੰਧੀ ਪੋਸਟਰ ਮੇਕਿੰਗ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚੋਂ ਭਾਸ਼ਣ ਮੁਕਾਬਲਿਆਂ ਵਿੱਚੋ ਗਿਆਰਵੀਂ ਜਮਾਤ ਦੀ ਤਾਨੀਆ ਨੇ ਪਹਿਲਾ, ਗਿਆਰਵੀ ਜਮਾਤ ਦੇ ਲੋਕੇਸ਼ ਨੇ ਦੂਜਾ ਅਤੇ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀ ਵਨਸ਼ਿਕਾ ਤੇ ਲਲਿਤ ਮਿੱਤਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਿਆਂ ਵਿਚੋਂ ਬਾਰਵੀਂ ਜਮਾਤ ਦੀ ਵਨਸ਼ਿਕਾ ਨੇ ਪਹਿਲਾ, ਗਿਆਰਵੀਂ ਜਮਾਤ ਦੀ ਵਿਦਿਆਰਥਨ ਨੇਹਾ ਨੇ ਦੂਜਾ ਤੇ ਗਿਆਰਵੀਂ ਜਮਾਤ ਦਾ ਵਿਦਿਆਰਥੀ ਗੁਰਪ੍ਰਤੀਕ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਮੈਡਮ ਸੋਨੀਆ ਸ਼ਰਮਾ ਵੱਲੋ ਸਵੀਪ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ 100 ਫੀਸਦੀ ਵੋਟ ਰਜਿਸਟਰੇਸ਼ਨ ਕਰਵਾਉਣ ਲਈ ਖਾਸ ਅਪੀਲ ਵੀ ਕੀਤੀ।
ਸਾਹਿਤ ਇਕ ਕਲਾ ਹੈ, ਜਿਸ ਨੂੰ ਹਰ ਮਨੁੱਖ ਵੱਲੋਂ ਆਪਣੇ ਮਨ ਚ ਜਿੰਦਾ ਰੱਖਣਾ ਚਾਹੀਦਾ ਹੈ : ਬਲਦੇਵ ਸਿੰਘ ਸੜਕਨਾਮਾ
ਸੁਖਜਿੰਦਰ ਮਾਨ
ਬਠਿੰਡਾ, 15 ਨਵੰਬਰ: ਸੂਬਾ ਸਰਕਾਰ ਵੱਲੋਂ ਭਾਸ਼ਾ ਵਿਭਾਗ ਰਾਹੀਂ ਮਨਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਐੱਸ.ਐੱਸ.ਡੀ ਕਾਲਜ (ਲੜਕੀਆਂ) ਵਿਖੇ ਰਾਜ ਪੱਧਰੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਜ਼ਿਲ੍ਹਾ ਪੱਧਰ ਤੋਂ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਬਲਦੇਵ ਸਿੰਘ ਸੜਕਨਾਮਾ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਨੇ ਕਿਹਾ ਕਿ ਸਾਹਿਤ ਇਕ ਕਲਾ ਹੈ, ਜਿਸ ਨੂੰ ਹਰ ਮਨੁੱਖ ਵੱਲੋਂ ਆਪਣੇ ਮਨ ਵਿੱਚ ਜਿੰਦਾ ਰੱਖਣਾ ਚਾਹੀਦਾ ਹੈ। ਹਮੇਸ਼ਾ ਮਨੁੱਖੀ ਵਲਵਲੇ ਅਤੇ ਚੰਗਾ ਸਾਹਿਤ ਪੜ੍ਹਨਾ ਸਾਹਿਤ ਸਿਰਜਨਾ ਵਿੱਚ ਸਹਾਈ ਹੁੰਦਾ ਹੈ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਮੁਕਾਬਲੇ ਵਿੱਚ ਸ਼ਾਮਿਲ ਹੋਣ ਲਈ ਮੁਬਾਰਕਬਾਦ ਵੀ ਦਿੱਤੀ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਪਹੁੰਚੇ ਦਰਸ਼ਨ ਸਿੰਘ ਬੁੱਟਰ ਸ਼੍ਰੋਮਣੀ ਪੰਜਾਬੀ ਕਵੀ ਵੱਲੋਂ ਭਾਸ਼ਾ ਵਿਭਾਗ ਦੁਆਰਾ ਕਰਵਾਏ ਜਾ ਰਹੇ ਸਮਾਗਮਾਂ ਦੀ ਸ਼ਲਾਘਾ ਕਰਦੇ ਹੋਏ ਬੱਚਿਆਂ ਨੂੰ ਚੰਗਾ ਸਾਹਿਤ ਪੜ੍ਹਨ ਵੱਲ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਹ ਬੱਚੇ ਕੱਲ ਦੇ ਵੱਡੇ ਸਾਹਿਤਕਾਰ ਅਤੇ ਲੇਖਕ ਬਨਣਗੇ। ਉਨ੍ਹਾਂ ਬੱਚਿਆਂ ਵੱਲੋਂ ਕਵਿਤਾ ਗਾਇਨ ਦੀ ਪੇਸ਼ਕਾਰੀ ਦੀ ਵੀ ਸ਼ਲਾਘਾ ਕੀਤੀ ਗਈ। ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ. ਵੀਰਪਾਲ ਕੌਰ ਨੇ ਸਵਾਗਤੀ ਸ਼ਬਦ ਕਹਿੰਦੇ ਹੋਏ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਆਪਣੇ ਸਾਹਿਤ ਅਤੇ ਸਭਿਆਚਾਰ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਦਾ ਬੌਧਿਕ ਵਿਕਾਸ ਕਰਨ ਲਈ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਿਆਂ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐਸ.ਐਸ.ਡੀ ਕਾਲਜ (ਲੜਕੀਆਂ) ਦੇ ਪਿ੍ਰੰਸੀਪਲ ਡਾ. ਪਰਮਿੰਦਰ ਕੌਰ ਵੱਲੋਂ ਤਕਨੀਕੀ ਯੁਗ ਵਿੱਚ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਦੇ ਭਾਸ਼ਾ ਵਿਭਾਗ ਦੇ ਉਪਰਾਲੇ ਲਈ ਸ਼ਲਾਘਾ ਕੀਤੀ। ਸ਼੍ਰੀ ਸੁਰਿੰਦਰਜੀਤ ਸਿੰਘ ਘਣੀਆ ਵੱਲੋਂ ਵੀ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋ ਕੇ ਭਾਸ਼ਾ ਵਿਭਾਗ ਨਾਲ ਜੁੜੀਆਂ ਆਪਣੀਆਂ ਸਾਂਝਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ।
ਇਸ ਮੌਕੇ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਜ਼ਿਲ੍ਹਾ ਪੱਧਰ ਤੋਂ ਜੇਤੂ ਵਿਦਿਆਰਥੀਆਂ ਹੀ ਸ਼ਾਮਿਲ ਹੋਏ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਸਾਹਿਤ ਸਿਰਜਣ ਦੇ ਲੇਖ ਵੰਨਗੀ ਵਿੱਚ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਘਰਾਚੋਂ ਦੀ ਵਿਦਿਆਰਥਣ ਮਨਦੀਪ ਕੌਰ ਨੇ ਪਹਿਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਹੁਸ਼ਿਆਰਪੁਰ ਦੀ ਵਿਦਿਆਰਥਣ ਗੋਲਡੀ ਨੇ ਦੂਜਾ, ਸਰਕਾਰੀ ਹਾਈ ਸਕੂਲ ਦੁਲਚੀ ਕੇ (ਫ਼ਿਰੋਜ਼ਪੁਰ) ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਵਿਤਾ ਲੇਖਣ ਵੰਨਗੀ ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ (ਹੁਸ਼ਿਆਰਪੁਰ) ਦਾ ਕਰੁਣਾ ਜਸਵਾਲ ਨੇ ਪਹਿਲਾ, ਸਰਕਾਰੀ ਹਾਈ ਸਕੂਲ ਦੁਲਚੀ ਕੇ (ਫ਼ਿਰੋਜ਼ਪੁਰ) ਦੀ ਵਿਦਿਆਰਥਣ ਮਨਜੋਤ ਕੌਰ ਨੇ ਦੂਜਾ, ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ (ਫ਼ਰੀਦਕੋਟ) ਦੇ ਗੌਤਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਹਾਣੀ ਰਚਨਾ ਵੰਨਗੀ ਵਿੱਚ ਦੋਆਬਾ ਖਾਲਸਾ ਸਕੂਲ (ਜਲੰਧਰ) ਦੀ ਵਿਦਿਆਰਥਣ ਜਸਅੰਮਿ੍ਰਤ ਕੌਰ ਨੇ ਪਹਿਲਾ, ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਿਸ਼ਨਗੜ੍ਹ (ਮਾਨਸਾ) ਦੀ ਵਿਦਿਆਰਥਣ ਸੁਖਵਿੰਦਰ ਕੌਰ ਨੇ ਦੂਜਾ ਅਤੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ (ਲੁਧਿਆਣਾ) ਦੇ ਵਿਦਿਆਰਥੀ ਅਰੁਨ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਗਾਇਨ ਵੰਨਗੀ ਵਿੱਚ ਸ਼੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਾਟੀਵਿੰਡ ਗੇਟ ਸ਼੍ਰੀ ਅੰਮਿ੍ਰਤਸਰ ਸਾਹਿਬ ਦੇ ਵਿਦਿਆਰਥੀ ਜੈਪਾਲ ਸਿੰਘ ਨੇ ਪਹਿਲਾ, ਸਰਕਾਰੀ ਹਾਈ ਸਕੂਲ ਫੁਗਲਾਣਾ (ਹੁਸ਼ਿਆਰਪੁਰ) ਦੀ ਵਿਦਿਆਰਥਣ ਸੁਰੀਤਾ ਕੁਮਾਰੀ ਨੇ ਦੂਜਾ, ਜਲੰਧਰ ਮਾਡਲ ਸਕੂਲ, ਜਲੰਧਰ ਦੀ ਵਿਦਿਆਰਥਣ ਕੋਮਲ ਕਾਲੀਆ ਅਤੇ ਸ਼ਹੀਦ ਸੰਦੀਪ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਠਿੰਡਾ ਦੀ ਵਿਦਿਆਰਥਣ ਸ਼ਿਵਾਨੀ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਹਾਇਕ ਡਾਇਰੈਕਟਰ ਕੰਵਲਜੀਤ ਕੌਰ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਸਾਹਿਤਕਾਰਾਂ ਵਿੱਚੋਂ ਮੰਗਤ ਕੁਲਜਿੰਦ ਪ੍ਰਵਾਸੀ, ਅਮਰਜੀਤ ਜੀਤ, ਸੁਖਦਰਸ਼ਨ ਗਰਗ, ਗੁਰਦੇਵ ਖੋਖਰ, ਕਾਮਰੇਡ ਮੇਘਰਾਜ ਫੌਜੀ, ਬੰਤ ਰਾਮਪੁਰੀ, ਰਮੇਸ਼ ਗਰਗ, ਗੁਰਵਿੰਦਰ ਸਿੱਧੂ, ਅਮਰਜੀਤ ਕੌਰ ਹਰੜ, ਸਾਹਿਤ ਸਿਰਜਣ ਅਤੇ ਕਵਿਤਾ ਮੁਕਾਬਲਿਆਂ ਲਈ ਬਤੌਰ ਜੱਜ ਬਲਵਿੰਦਰ ਸਿੰਘ ਸੰਧੂ, ਰਾਮ ਦਿਆਲ ਸਿੰਘ ਸੇਖੋਂ, ਤਰਸੇਮ, ਇਕਬਾਲ ਸਿੰਘ ਅਤੇ ਮੰਚ ਸੰਚਾਲਨ ਤੇਜਿੰਦਰ ਸਿੰਘ ਗਿੱਲ ਵਲੋਂ ਕੀਤਾ ਗਿਆ। ਇਸ ਮੌਕੇ ਗੁਰਜੀਤ ਸਿੰਘ, ਭਗਵਾਨ ਸਿੰਘ, ਜਗਦੇਵ ਸਿੰਘ ਅਤੇ ਸੁਖਮਨੀ ਆਦਿ ਹਾਜ਼ਰ ਸਨ।
ਪੇਂਡੂ ਤੇ ਸ਼ਹਿਰੀ ਇਲਾਕਿਆਂ ਦੇ ਵਾਸੀਆਂ ਨੂੰ ਵੱਡਾ ਤੋਹਫਾ : ਡਿਪਟੀ ਕਮਿਸ਼ਨਰ
ਜਲ ਸਕੀਮਾਂ ਦੀਆਂ ਸੇਵਾ ਦਰਾਂ ਕਟੌਤੀ ਹੋਣ ਨਾਲ ਮਿਲੇਗੀ ਰਾਹਤ
125 ਗਜ਼ ਤੋਂ ਵੱਧ ਦੇ ਪਲਾਟ ਵਾਲੇ ਸਾਰੇ ਵਰਗਾਂ ਦੇ ਘਰੇਲੂ ਕੁਨੈਕਸ਼ਨ ਧਾਰਕਾਂ ਨੂੰ ਮਿਲੇਗਾ ਲਾਹਾ
ਸੁਖਜਿੰਦਰ ਮਾਨ
ਬਠਿੰਡਾ,15 ਨਵੰਬਰ: ਪਿਛਲੇ ਦਿਨੀਂ ਸੂਬੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੰਤਰੀ ਮੰਡਲ ਵਲੋਂ ਪੇਂਡੂ ਜਲ ਸਪਲਾਈ ਸਕੀਮਾਂ ਲਈ ਇਕ ਅਕਤੂਬਰ, 2021 ਤੋਂ ਮੁਫਤ ਬਿਜਲੀ ਮੁਹੱਈਆ ਕਰਵਾਉਣ ਅਤੇ ਸ਼ਹਿਰੀ ਇਲਾਕਿਆਂ ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਵਿਚ 125 ਗਜ਼ ਤੋਂ ਵੱਧ ਦੇ ਪਲਾਟ ਵਾਲੇ ਸਾਰੇ ਵਰਗਾਂ ਦੇ ਘਰੇਲੂ ਕੁਨੈਕਸ਼ਨਾਂ ਲਈ ਪਾਣੀ ਦੀ ਵਰਤੋਂ ਦਰ ਘਟਾ ਕੇ 50 ਰੁਪਏ ਪ੍ਰਤੀ ਮਹੀਨਾ ਕਰਨ ਦਾ ਫੈਸਲਾ ਕੀਤਾ ਸੀ। ਜਿਸ ਨਾਲ ਜ਼ਿਲ੍ਹੇ ਦੇ ਪਿੰਡਾਂ ‘ਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਚਲਾਈ ਜਾ ਰਹੀ ਸਕੀਮ ਤਹਿਤ ਆਮ ਲੋਕਾਂ ਨੂੰ ਲਾਭ ਮਿਲੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਹਰ ਵਰਗ ਨੂੰ ਭਲਾਈ ਸਕੀਮਾਂ ਦੇਣ ਲਈ ਵਚਨਬੱਧ ਹੈ। ਸੂਬਾ ਸਰਕਾਰ ਨੇ ਜਲ ਸਪਲਾਈ ਦੀਆਂ ਦਰਾਂ ਘਟਾ ਕੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਲੋਕ ਭਲਾਈ ਦੇ ਲਏ ਫੈਸਲਿਆਂ ਨੂੰ ਅਮਲੀ ਰੂਪ ਦੇਣ ਲਈ ਜਲ੍ਹਿਾ ਪ੍ਰਸ਼ਾਸਨ ਤਤਪਰ ਉਪਰਾਲੇ ਕਰ ਰਿਹਾ ਹੈ। ਮੰਤਰੀ ਮੰਡਲ ਵਲੋਂ ਪੇਂਡੂ ਜਲ ਸਕੀਮਾਂ ਦੀਆਂ ਸੇਵਾ ਦਰਾਂ ਵਿਚ 70 ਫੀਸਦੀ ਕਟੌਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਜ਼ਿਲ੍ਹੇ ਦੇ ਪਿੰਡਾਂ ਵਿਚ ਹਰੇਕ ਘਰ ਲਈ ਇਹ ਦਰ ਪ੍ਰਤੀ ਮਹੀਨਾ 166 ਰੁਪਏ ਤੋਂ ਘਟਾ ਕੇ 50 ਰੁਪਏ ਹੋ ਜਾਵੇਗੀ। ਪਿੰਡਾਂ ਵਿੱਚ ਗ੍ਰਾਮ ਪੰਚਾਇਤ ਅਤੇ ਜਲ ਸਪਲਾਈ ਅਤੇ ਸੈਨੀਟੇਸਨ ਕਮੇਟੀਆਂ ਰਾਹੀਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਖੁੱਲ੍ਹੀ ਛੋਟ ਦਿੱਤੀ ਕਿ ਉਹ ਇਸ ਤਰਜ ਤੇ ਕਾਰਵਾਈ ਕਰ ਸਕਦੀਆਂ ਹਨ। ਇਸ ਸਕੀਮ ਦੇ ਅਮਲੀ ਰੂਪ ਵਿੱਚ ਲਾਗੂ ਹੋਣ ਨਾਲ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਲਾਹਾ ਮਿਲੇਗਾ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਹਿਰੀ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ ਜਿਸ ਤਹਿਤ ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਵਿਚ 125 ਗਜ਼ ਤੋਂ ਵੱਧ ਦੇ ਪਲਾਟ ਵਾਲੇ ਸਾਰੇ ਵਰਗਾਂ ਦੇ ਘਰੇਲੂ ਕੁਨੈਕਸ਼ਨਾਂ ਲਈ ਪਾਣੀ ਦੀ ਵਰਤੋਂ ਦਰ ਘਟਾ ਕੇ 50 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ। ਜਕਿਰ ਯੋਗ ਹੈ ਕਿ ਸ਼ਹਿਰੀ ਇਲਾਕਿਆਂ ਵਿਚ 125 ਗਜ਼ ਤੱਕ ਦੇ ਪਲਾਟ ਵਾਲਿਆਂ ਨੂੰ ਪਾਣੀ ਅਤੇ ਸੀਵਰੇਜ ਦੀਆਂ ਦਰਾਂ ਦੀ ਅਦਾਇਗੀ ਕਰਨ ਤੋਂ ਪਹਿਲਾਂ ਹੀ ਛੋਟ ਦੇ ਕੇ ਰਾਹਤ ਦਿੱਤੀ ਗਈ ਸੀ। ਇਸ ਰਿਆਇਤਾਂ ਨਾਲ ਜ਼ਿਲ੍ਹੇ ਦੇ ਸ਼ਹਿਰੀ ਇਲਾਕਿਆਂ ‘ਚ ਵੀ ਲਾਹਾ ਮਿਲੇਗਾ।
ਸਿੱਖਿਆ ਮੰਤਰੀ ਨੇ ਕਿੱਤਾ ਮੁਖੀ ਅਗਵਾਈ ਲਈ ਪੰਜਾਬ ਕਰੀਅਰ ਪੋਰਟਲ ਕੀਤਾ ਲੋਕ ਅਰਪਣ
10 ਲੱਖ ਵਿਦਿਆਰਥੀ ਨੂੰ ਕਰੀਅਰ ਕਾਊਂਸਲਿੰਗ, ਕੋਰਸਾਂ, ਸਕਾਲਰਸ਼ਿਪ ਆਦਿ ਖੇਤਰਾਂ ਬਾਰੇ ਘਰ ਬੈਠਿਆ ਮਿਲੇਗੀ ਜਾਣਕਾਰੀ- ਪਰਗਟ ਸਿੰਘ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਨਵੰਬਰ: ਸਿੱਖਿਆ ਤੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸੋਮਵਾਰ ਨੂੰ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਅਗਵਾਈ ਦੇਣ ਲਈ ਲਈ ਪੰਜਾਬ ਕਰੀਅਰ ਪੋਰਟਲ ਦਾ ਲੋਕ ਅਰਪਣ ਕੀਤਾ।
ਅੱਜ ਇਥੇ ਪੰਜਾਬ ਭਵਨ ਵਿਖੇ ਹੋਏ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਸ. ਪਰਗਟ ਸਿੰਘ ਨੇ ਕਿਹਾ ਕਿ ਬੇਰੋਜਗਾਰੀ ਦੀ ਸਮੱਸਿਆ ਪਿੱਛੇ ਇਕ ਕਾਰਨ ਸਹੀ ਕਰੀਅਰ ਦੀ ਚੋਣ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੂੰ ਜੇਕਰ ਸਹੀ ਸਮੇਂ ਉਤੇ ਕਰੀਅਰ ਦੀ ਚੋਣ ਦੀ ਸੇਧ ਮਿਲ ਜਾਵੇ ਤਾਂ ਉਹ ਆਪਣੀ ਸਹੀ ਸਮਰੱਥਾ ਨਾਲ ਆਪਣੇ ਪਸੰਦ ਦੇ ਖੇਤਰ ਵਿੱਚ ਬਿਹਤਰ ਨਤੀਜੇ ਦੇ ਸਕਦਾ ਹੈ। ਉਨ੍ਹਾਂ ਆਪਣੀ ਨਿੱਜੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਉਹ ਹਾਕੀ ਖੇਡ ਦੀ ਬਜਾਏ ਕੋਈ ਹੋਰ ਖੇਡ ਅਪਣਾਉਂਦੇ ਤਾਂ ਸ਼ਾਇਦ ਇੰਨਾ ਵਧੀਆ ਨਾ ਖੇਡ ਸਕਦੇ।
ਸ. ਪਰਗਟ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਕਿੱਤਾ ਅਗਵਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿੱਚ ਬੱਚਿਆਂ ਨੂੰ ਆਨ-ਲਾਈਨ ਵੱਖ-ਵੱਖ ਕੋਰਸਾਂ, ਵਜੀਫਿਆਂ ਅਤੇ ਕਿੱਤਿਆਂ ਬਾਰੇ ਕਾਊਂਸਲਿੰਗ ਕਰਨ ਲਈ ਜਾਣਕਾਰੀ ਦੇਣ ਲਈ ਪੰਜਾਬ ਕਰੀਅਰ ਪੋਰਟਲ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਉਨ੍ਹਾਂ ਕਿਹਾ ਕਿ 10 ਲੱਖ ਵਿਦਿਆਰਥੀ ਨੂੰ ਕਰੀਅਰ ਕਾਊਂਸਲਿੰਗ, ਕੋਰਸਾਂ, ਸਕਾਲਰਸ਼ਿਪ ਆਦਿ ਖੇਤਰਾਂ ਬਾਰੇ ਘਰ ਬੈਠਿਆ ਹੀ ਜਾਣਕਾਰੀ ਮਿਲੇਗੀ।ਸਕੱਤਰ ਸਕੂਲ ਸਿੱਖਿਆ ਸ੍ਰੀ ਅਜੋਏ ਸਰਮਾ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਵਿਦਿਆਰਥੀਆਂ ਨੂੰ ਕਿਹੜੇ ਕਿੱਤੇ ਲਈ ਕਿਹੜੀਆਂ-ਕਿਹੜੀਆਂ ਵਿੱਦਿਅਕ ਯੋਗਤਾਵਾਂ ਅਤੇ ਕੌਸਲਾਂ ਦੀ ਲੋੜ ਹੈ, ਉਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਪੋਰਟਲ ਬੱਚੇ ਦੇ ਜੀਵਨ ਦੇ ਨਾਲ ਜੁੜਿਆ ਹੋਵੇਗਾ ਅਤੇ ਉਸਦੇ ਮਿੱਥੇ ਉਦੇਸ ਦੀ ਪ੍ਰਾਪਤੀ ਲਈ ਸਹਾਇਕ ਵੀ ਹੋਵੇਗਾ। ਇਸ ਪੋਰਟਲ ਨੂੰ ਸੋਸਲ ਮੀਡੀਆ ਰਾਹੀਂ ਵੀ ਵੱਧ ਤੋਂ ਵੱਧ ਪ੍ਰਚਾਰਿਆ ਜਾਵੇਗਾ ਤਾਂ ਜੋ ਇਸਦੀ ਮੁੱਢਲੀ ਸੂਚਨਾਂ ਵੱਧ ਤੋਂ ਵੱਧ ਬੱਚਿਆਂ ਅਤੇ ਮਾਪਿਆਂ ਤੱਕ ਪਹੁੰਚਾਈ ਜਾ ਸਕੇ।
ਡੀ.ਜੀ.ਐੱਸ.ਈ. ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦਾ ਇਹ ਨਿਵੇਕਲਾ ਉਪਰਾਲਾ ਹੈ ਜਿਸ ਵਿੱਚ ਵਿਦਿਆਰਥੀਆਂ ਦੀਆਂ ਕਿੱਤੇ ਸਬੰਧੀ ਚੋਣ ਦੀਆਂ ਪੈਦਾ ਹੋ ਰਹੀਆਂ ਸਮੱਸਿਆਵਾਂ ਨੂੰ ਇੱਕ ਸਾਂਝੇ ਪਲੇਟਫਾਰਮ ਦੁਆਰਾ ਹੱਲ ਕੀਤਾ ਜਾ ਸਕੇਗਾ।ਯੂਨੀਸੈਫ ਇੰਡੀਆ ਤੋਂ ਕਿੱਤਾ ਅਗਵਾਈ ਮਾਹਿਰ ਲਲਿਤਾ ਸਚਦੇਵਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕ ਜਮਾਨੇ ਦੇ ਨਵੀਨਤਮ ਕਿੱਤਿਆਂ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਪੋਰਟਲ ਰਾਹੀਂ ਪੰਜਾਬ ਦੇ ਬੱਚਿਆਂ ਦੀਆਂ ਭਵਿੱਖ ਸਬੰਧੀ ਸੋਚ ਬਾਰੇ ਜਾਣਿਆ ਜਾਵੇਗਾ ਅਤੇ ਉਹਨਾਂ ਦੀਆਂ ਸਮੱਸਿਆਂਵਾਂ ਨੂੰ ਸਾਂਝੇ ਤੌਰ ਵਿਚਾਰਿਆ ਵੀ ਜਾਵੇਗਾ। ਉਨ੍ਹਾਂ ਨੂੰ ਖੁਸੀ ਹੈ ਕਿ ਇਹ ਪੰਜਾਬ ਕਰੀਅਰ ਪੋਰਟਲ ਇਨ੍ਹਾਂ ਸੰਭਾਵਨਵਾਂ ਲਈ ਮੌਕੇ ਪ੍ਰਦਾਨ ਕਰੇਗਾ।
ਆਸਮਾਂ ਫਾਊਂਡੇਸਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਯੁਸ਼ ਬਾਂਸਲ ਨੇ ਪੰਜਾਬ ਕਰੀਅਰ ਪੋਰਟਲ ਦੀ ਪ੍ਰਕਿਰਿਆ, ਵਰਤੋਂ ਅਤੇ ਇਸ ਦੀਆਂ ਵੱਖ-ਵੱਖ ਵਿਸੇਸਤਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਪੋਰਟਲ ਰਾਹੀਂ ਵਿਦਿਆਰਥੀਆਂ ਦੇ ਕੌਸਲਾਂ ਅਤੇ ਵਿੱਦਿਅਕ ਯੋਗਤਾਵਾਂ ਬਾਰੇ ਜਾਣਕਾਰੀ ਮਿਲੇਗੀ। ਵਿਦਿਆਰਥੀ ਇਸ ਰਾਹੀਂ ਆਪਣੀ ਉਚੇਰੀ ਸਿੱਖਿਆ ਨੂੰ ਜਾਰੀ ਰੱਖਣ ਲਈ ਵੱਖ-ਵੱਖ ਵਿੱਦਿਅਕ ਸੰਸਥਾਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਣਗੇ।ਟਾਟਾ ਪਾਵਰ ਲਿਮਿਟਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਪਰਬੀਰ ਸਿਨਹਾ ਨੇ ਕਿਹਾ ਕਿ ਇਹਨਾਂ ਕਿੱਤਾ ਮੁਖੀ ਅਗਵਾਈ ਕੋਰਸਾਂ ਲਈ ਵਿਦਿਆਰਥੀਆਂ ਸਮਾਜਿਕ ਸਹਿਯੋਗ ਦੀ ਵੀ ਲੋੜ ਪੈਂਦੀ ਹੈ ਜਿਸ ਲਈ ਵੱਖ-ਵੱਖ ਉਦਯੋਗਿਕ ਖੇਤਰਾਂ ਦੀਆਂ ਸੀ.ਐੱਸ.ਆਰ. ਪਾਲਿਸੀ ਇਨ੍ਹਾਂ ਪ੍ਰਾਜੈਕਟਾਂ ਲਈ ਲਾਹੇਵੰਦ ਹੋ ਸਕਦੀ ਹੈ।ਪੰਜਾਬ ਸੀ.ਐੱਸ.ਆਰ. ਅਥਾਰਟੀ ਦੇ ਸਲਾਹਕਾਰ ਐੱਸ.ਐੱਮ. ਗੋਇਲ ਨੇ ਕਿਹਾ ਕਿ ਪੰਜਾਬ ਸੀ.ਐੱਸ.ਆਰ ਅਥਾਰਟੀ ਵੱਲੋਂ ਲਗਾਤਾਰ ਵੱਖ-ਵੱਖ ਸਹਾਇਕ ਸੰਸਥਾਵਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ ਅਤੇ ਇਹ ਸੰਸਥਾਵਾਂ ਵਧ ਚੜ੍ਹ ਕੇ ਸਹਿਯੋਗ ਵੀ ਦੇ ਰਹੀਆਂ ਹਨ। ਉਹਨਾਂ ਕਿਹਾ ਸੀ.ਐੱਸ.ਆਰ. ਅਥਾਰਟੀ ਇਸ ਪੋਰਟਲ ਰਾਹੀਂ ਵੱਧ ਤੋਂ ਵੱਧ ਬੱਚਿਆਂ ਨੂੰ ਸੂਚਨਾ ਦਾ ਲਾਭਪਾਤਰੀ ਬਣਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੀ ਕਾਮਨਾ ਹੈ ਕਿ ਇਸ ਪੋਰਟਲ ਰਾਹੀਂ ਵੱਧ ਤੋਂ ਵੱਧ ਵਿਦਿਆਰਥੀ ਆਪਣੇ ਕਿੱਤੇ ਦੇ ਟੀਚੇ ਤੱਕ ਪਹੁੰਚ ਸਕਣ।ਅੰਤ ਵਿੱਚ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸੁਖਜੀਤ ਪਾਲ ਸਿੰਘ ਨੇ ਇਸ ਪੰਜਾਬ ਕਰੀਅਰ ਪੋਰਟਲ ਦੇ ਲੋਕ ਅਰਪਣ ਸਮਾਗਮ ਵਿੱਚ ਭਾਗ ਲੈਣ ਵਾਲੀਆਂ ਮਾਣਮੱਤੀਆਂ ਸਖਸੀਅਤਾਂ ਦਾ ਧੰਨਵਾਦ ਕੀਤਾ।ਇਸ ਸਮਾਗਮ ਵਿੱਚ ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਮਨੋਜ ਕੁਮਾਰ, ਅਮਰਦੀਪ ਸਿੰਘ ਬਾਠ ਅਤੇ ਵੱਖ-ਵੱਖ ਜਿਿਲ੍ਹਆਂ ਤੋਂ ਜਲ੍ਹਿਾ ਸਿੱਖਿਆ ਅਫਸਰ, ਸਕੂਲਾਂ ਦੇ ਮੁਖੀ, ਅਧਿਆਪਕ ਅਤੇ ਵਿਦਿਆਰਥੀ ਆਨਲਾਈਨ ਹਾਜ਼ਰ ਸਨ।





